9 October 2024

ਭਾਈ ਵੀਰ ਸਿੰਘ : ਸ਼ਖ਼ਸੀਅਤ ਅਤੇ ਕਾਵਿ-ਰਚਨਾ — ਪ੍ਰੋ. ਨਵ ਸੰਗੀਤ ਸਿੰਘ

ਡਾ. ਭਾਈ ਵੀਰ ਸਿੰਘ ਆਧੁਨਿਕ ਕਾਲ ਦੇ ਵਿਖਿਆਤ ਪੰਜਾਬੀ ਕਵੀ ਅਤੇ ਯੁਗ-ਪੁਰਸ਼ ਹੋਏ ਹਨ, ਜਿਨ੍ਹਾਂ ਨੂੰ ਭਾਰਤ ਦੇ ਪ੍ਰਸਿੱਧ ਦਾਰਸ਼ਨਿਕ ਡਾ. ਰਾਧਾਕ੍ਰਿਸ਼ਨਨ ਨੇ ਭਾਰਤ ਦੀ ਸਨਾਤਨੀ ਵਿਦਵਤਾ ਦੇ ਪ੍ਰਤੀਨਿਧ ਕਿਹਾ ਹੈ। ਡਾ. ਮੁਲਕ ਰਾਜ ਆਨੰਦ ਨੇ ਭਾਈ ਸਾਹਿਬ ਲਈ ਸਿਰਜਣਾਤਮਕ ਵੇਗ ਨੂੰ ਜੀਵਨ ਅਤੇ ਵਿਸ਼ਵ ਦੇ ਸੰਤੁਲਨ ਦਾ ਆਧਾਰ ਮੰਨਣ ਵਾਲੇ ਵਿਅਕਤੀ ਦੀ ਸੰਗਿਆ ਦੀ ਵਰਤੋਂ ਕੀਤੀ ਹੈ। ਹਰਿੰਦਰ ਨਾਥ ਚਟੋਪਾਧਿਆਇ ਨੇ ਭਾਈ ਸਾਹਿਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਦੇ ਛੇਵੇਂ ਦਰਿਆ ਦੀ ਉਪਾਧੀ ਦਿੱਤੀ ਹੈ। ਡਾ. ਮੋਹਨ ਸਿੰਘ ਦੀਵਾਨਾ ਨੇ ਪੰਜਾਬੀ ਸਾਹਿਤ ਅਤੇ ਸੰਸਕ੍ਰਿਤੀ ਦੇ ਸੰਦਰਭ ਵਿਚ ਨਿਭਾਈ ਗਈ ਆਪ ਦੀ ਭੂਮਿਕਾ ਬਾਰੇ ਵਿਚਾਰ ਪ੍ਰਗਟ ਕਰਦਿਆਂ ਲਿਖਿਆ ਹੈ ਕਿ ਆਪ ਸਿੱਖ ਨਵ-ਚੇਤਨਤਾ ਦੇ ਅਜਿਹੇ ਸਤੰਭ ਸਨ, ਜਿਨ੍ਹਾਂ ਨੇ ਆਪਣੇ ਜੀਵਨ, ਕਵਿਤਾ, ਗਲਪ ਅਤੇ ਗੱਦ ਰਾਹੀਂ ਅਨੇਕਾਂ ਜਿੰਦੜੀਆਂ ਨੂੰ ਜੀਵਨ-ਛੁਹ ਲਾ ਕੇ ਉਤਸ਼ਾਹਿਤ ਕੀਤਾ ਅਤੇ ਪੰਜਾਬੀ ਸਾਹਿਤ ਵਿਚ ਅਭਿਵਿਅਕਤੀ ਦੇ ਨਵੀਨ ਧਰਾਤਲ ਸਿਰਜੇ। ਭਾਈ ਵੀਰ ਸਿੰਘ-ਕਾਵਿ ਦੇ ਵਿਵੇਚਨ-ਵਿਸ਼ਲੇਸ਼ਣ ਤੋਂ ਪਹਿਲਾਂ ਆਪ ਦੇ ਵਿਅਕਤਿਤਵ ਦੀ ਸੰਖਿਪਤ ਰੂਪ-ਰੇਖਾ ਬਾਰੇ ਜਾਣ ਲੈਣਾ ਪਰਮ-ਆਵੱਸ਼ਕ ਹੈ ਕਿਉਂਕਿ ਕਾਵਿ ਵਿਚ ਕਿਸੇ ਕਵੀ ਦਾ ਸੰਪੂਰਣ ਵਿਅਕਤਿਤਵ ਅਭਿਵਿਅਕਤ ਹੁੰਦਾ ਹੈ। ਕਿਸੇ ਕਵੀ ਦੀ ਆਲੋਚਨਾ ਕਰਨ ਵਿਚ ਉਸ ਦੀ ਰਚਨਾ ਦੀ ਆਲੋਚਨਾ ਤਾਂ ਮਹੱਤਵਪੂਰਨ ਹੈ ਹੀ, ਉਸ ਦੀ ਬੁੱਧੀ-ਪ੍ਰਕ੍ਰਿਆ, ਉਸ ਦੇ ਉਪਕਰਣ ਅਤੇ ਉਸ ਦੇ ਪੂਰੇ ਵਿਅਕਤਿਤਵ ਉਤੇ ਪ੍ਰਕਾਸ਼ ਪਾਉਣਾ ਵੀ ਜ਼ਰੂਰੀ ਹੈ। ਭਾਈ ਸਾਹਿਬ ਦੇ ਜੀਵਨ ਅਤੇ ਵਿਅਕਤਿਤਵ ਬਾਰੇ ਬਹੁਤ ਸਾਰੀਆਂ ਪੁਸਤਕਾਂ ਮਿਲਦੀਆਂ ਹਨ ਪਰ ਲੇਖਕ ਨੇ ਡਾ. ਬਲਬੀਰ ਸਿੰਘ ਰਚਿਤ ‘ਸ੍ਰੀ ਚਰਣ ਹਰਿ ਵਿਸਥਾਰ’, ‘ਭਾਈ ਵੀਰ ਸਿੰਘ ਅਭਿਨੰਦਨ ਗ੍ਰੰਥ’ (ਅਭਿਨੰਦਨ ਗ੍ਰੰਥ ਕਮੇਟੀ, ਨਵੀਂ ਦਿੱਲੀ), ‘ਭਾਈ ਵੀਰ ਸਿੰਘ ਸਿਮ੍ਰਿਤੀ ਗ੍ਰੰਥ’ (ਪੰਜਾਬੀ ਸਾਹਿਤ ਸਮੀਖਿਆ ਬੋਰਡ, ਜਲੰਧਰ) ਅਤੇ ‘ਭਾਈ ਵੀਰ ਸਿੰਘ : ਜੀਵਨ, ਸਮਾਂ ਤੇ ਰਚਨਾ’ (ਸੰਪਾ. ਡਾ. ਸੁਰਿੰਦਰ ਸਿੰਘ ਕੋਹਲੀ ਅਤੇ ਡਾ. ਹਰਨਾਮ ਸਿੰਘ ਸ਼ਾਨ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਨੂੰ ਆਧਾਰ-ਪੁਸਤਕਾਂ ਦੇ ਤੌਰ ਤੇ ਵਰਤਿਆ ਹੈ।

ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਦਿਨ ਵੀਰਵਾਰ ਨੂੰ ਅੰਮ੍ਰਿਤਸਰ ਸ਼ਹਿਰ ਦੇ ਕਟੜਾ ਗਰਬਾ ਸਿੰਘ ਵਿਚ ਡਾ. ਚਰਨ ਸਿੰਘ ਦੇ ਘਰ ਹੋਇਆ। ਆਪਣੇ ਜਨਮ ਕਰਕੇ ਹੀ ਭਾਈ ਸਾਹਿਬ ਨੂੰ ਪੰਜਾਬ ਦੇ ਪੂਰਵ-ਅੰਗ੍ਰੇਜ਼ੀ ਕਾਲ ਅਤੇ ਅੰਗ੍ਰੇਜ਼ੀ ਆਧੁਨਿਕ ਕਾਲ ਵਿਚ ਇਕ ਸੰਧੀਕਾਰੀ ਕੜੀ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ। ਭਾਈ ਸਾਹਿਬ ਨੂੰ ਆਪਣੇ ਪਰਿਵਾਰ ਦੀ ਇਤਿਹਾਸਕ ਅਤੇ ਗੌਰਵਮਈ ਪਰੰਪਰਾ ਦਾ ਅਨੁਭਵ ਮੁੱਢ ਤੋਂ ਹੀ ਸੀ। ਅਜਬ ਨਹੀਂ ਕਿ ਇਸ ਅਨੁਭਵ ਨੇ ਹੀ ਉਨ੍ਹਾਂ ਨੂੰ ਪੰਜਾਬੀ ਦਾ ਆਧੁਨਿਕ ਜਾਗ੍ਰਿਤੀ ਦਾ ਨੇਤਾ ਬਣਾਇਆ ਹੋਵੇ। ਆਪ ਦੀ ਵੰਸ਼ ਪਰੰਪਰਾ ਦਾ ਪਿਛੋਕੜ ਦੀਵਾਨ ਕੌੜਾ ਮੱਲ ਨਾਲ ਜਾ ਮਿਲਦਾ ਹੈ, ਜੋ ਅਠਾਰ੍ਹਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿਚ ਇਕ ਸਿਪਾਹੀ ਦੀ ਹੈਸੀਅਤ ਤੋਂ ਉਨਤੀ ਕਰਕੇ 1747 ਈ. ਵਿਚ ਲਾਹੌਰ ਦੇ ਦੀਵਾਨ ਅਤੇ 1750 ਈ. ਵਿਚ ਮੁਲਤਾਨ ਦੇ ਹਾਕਮ ਬਣੇ ਸਨ। ਦੀਵਾਨ ਸਾਹਿਬ ਨੇ ਸਿੱਖਾਂ ਤੇ ਹੋਰ ਰਹੇ ਮੁਗ਼ਲਾਂ ਵੱਲੋਂ ਜ਼ਬਰ ਨੂੰ ਘਟਾਉਣ ਵਿਚ ਬੜਾ ਹਿੱਸਾ ਪਾਇਆ ਸੀ ਅਤੇ ਇਸ ਹਾਰਦਿਕ ਹਮਦਰਦੀ ਕਾਰਨ ਸਿੰਘਾਂ ਨੇ ਉਨ੍ਹਾਂ ਦਾ ਨਾਮ ਕੌੜਾ ਮੱਲ ਦੀ ਥਾਂ ‘ਮਿੱਠਾ ਮੱਲ’ ਧਰਿਆ ਹੋਇਆ ਸੀ। ਦੀਵਾਨ ਕੌੜਾ ਮੱਲ ਦੇ ਸਪੁੱਤਰ ਦੀਵਾਨ ਹਰੀ ਸਿੰਘ, ਦੀਵਾਨ ਤੋਖਾ ਰਾਮ ਅਤੇ ਪੋਤਰਾ ਦੀਵਾਨ ਸਾਵਣ ਮੱਲ ਵੀ ਸਤਿਕਾਰਯੋਗ ਹਸਤੀਆਂ ਸਨ। ਦੀਵਾਨ ਸਾਵਣ ਮੱਲ ਦੇ ਸਪੁੱਤਰ ਹੀਰਾ ਚੰਦ, ਫਤਹਿ ਚੰਦ, ਥਾਰਿਆ ਮੱਲ ਅਤੇ ਪੋਤਰਾ ਰਾਮ ਚੰਦ ‘ਚੌਧਰੀ’ ਦੇ ਲਕਬ ਨਾਲ ਪ੍ਰਸਿੱਧ ਹੋਏ। ਚੌਧਰੀ ਰਾਮ ਚੰਦ ਦੇ ਸਪੁੱਤਰ ਬਾਬਾ ਕਾਹਨ ਸਿੰਘ ਜੀ ਸਨ, ਜੋ ਇਕ ਤਪੱਸਵੀ, ਵਿਰਕਤ ਅਤੇ ਪ੍ਰਵੀਣ ਬੁੱਧੀਮਾਨ ਵਿਅਕਤੀ ਸਨ। ਆਪ ਭਾਈ ਵੀਰ ਸਿੰਘ ਦੇ ਦਾਦਾ ਅਤੇ ਡਾ. ਚਰਨ ਸਿੰਘ ਦੇ ਪਿਤਾ ਸਨ।

ਬਾਬਾ ਕਾਹਨ ਸਿੰਘ (1788-1878) ਸੰਸਕ੍ਰਿਤ ਦੇ ਵਿਦਵਾਨ ਸਨ ਅਤੇ ਬ੍ਰਜ ਭਾਸ਼ਾ ਵਿਚ ਕਾਵਿ-ਰਚਨਾ ਕਰਦੇ ਸਨ। ਆਪ ਦੀ ਤਬੀਅਤ ਸ਼ੁਰੂ ਤੋਂ ਹੀ ਉਦਾਸੀ ਵਾਲੀ ਸੀ। ਉਹ 13 ਸਾਲ ਦੀ ਉਮਰ ਵਿਚ ਘਰੋਂ ਨਿਕਲ ਆਏ ਅਤੇ ਅੰਮ੍ਰਿਤਸਰ ਤੇ ਹਰਿਦੁਆਰ ਦੇ ਕਈ ਡੇਰਿਆਂ ਵਿਚ ਰਹਿ ਕੇ ਅਧਿਐਨ ਤੇ ਅਭਿਆਸ-ਕਰਮ ਰਾਹੀਂ ਆਤਮਿਕ ਗਿਆਨ ਨੂੰ ਸਮਝਣ ਵਿਚ ਮਗਨ ਰਹੇ। 1830 ਈ. ਵਿਚ ਉਨ੍ਹਾਂ ਦੀ ਮਾਤਾ ਨੇ ਜ਼ੋਰ ਦੇ ਕੇ ਆਪ ਦੀ ਸ਼ਾਦੀ ਕਰਵਾ ਦਿੱਤੀ। ਆਪ ਦੀ ਪਹਿਲੀ ਸੰਤਾਨ ਛੋਟੀ ਉਮਰ ਵਿਚ ਹੀ ਮ੍ਰਿਤੂ ਪ੍ਰਾਪਤ ਹੁੰਦੀ ਰਹੀ ਅਤੇ ਅੰਤ ਵਿਚ ਇਕ ਲੜਕੀ ਤੇ ਇਕ ਪੁੱਤਰ ਡਾ. ਚਰਨ ਸਿੰਘ ਹੀ ਚਿਰੰਜੀਵੀ ਰਹੇ। ਡਾ. ਚਰਨ ਸਿੰਘ ਆਪਣੇ ਪਿਤਾ ਦੀ ਸਭ ਤੋਂ ਪਿਛਲੀ ਸੰਤਾਨ, 7 ਮਾਰਚ 1853 ਦਿਨ ਮੰਗਲਵਾਰ ਨੂੰ ਜਨਮੇ, ਜਦੋਂ ਆਪ ਦੇ ਪਿਤਾ ਦੀ ਉਮਰ 60 ਸਾਲ ਤੋਂ ਟੱਪ ਚੁੱਕੀ ਸੀ।

ਭਾਈ ਵੀਰ ਸਿੰਘ ਦੇ ਪਿਤਾ ਡਾ. ਚਰਨ ਸਿੰਘ ਦੇ ਆਗਮਨ ਨਾਲ ਇਸ ਕੁਲ ਦਾ ਆਧੁਨਿਕ ਕਾਲ ਵਿਚ ਆਤਮਿਕ ਪ੍ਰਵੇਸ਼ ਹੁੰਦਾ ਹੈ। ਆਪ ਨਵੀਂ ਸੰਗਠਿਤ ਹੋਈ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚੋਂ ਸਨ ਅਤੇ ਅੰਮ੍ਰਿਤਸਰ ਸ਼ਹਿਰ ਵਿਚ ਆਪ ਨੇ ਲੋਕ ਸੇਵਾ ਅਤੇ ਵਿਦਿਆ ਪ੍ਰਚਾਰ ਦਾ ਚੋਖਾ ਕੰਮ ਕੀਤਾ। ਆਪ ਸੰਸਕ੍ਰਿਤ ਤੇ ਬ੍ਰਜ ਭਾਸ਼ਾ ਦੇ ਵਿਦਵਾਨ ਸਨ, ਅੰਗ੍ਰੇਜ਼ੀ ਅਤੇ ਫ਼ਾਰਸੀ ਦਾ ਵੀ ਕਾਫ਼ੀ ਗਿਆਨ ਸੀ। ਆਪ ਨੇ ਪੰਜਾਬੀ ਵਿਚ ‘ਜੰਗ ਮੜੋਲੀ’ ਅਤੇ ‘ਸ਼ਰਾਬ ਕੌਰ’ ਨਾਮ ਦੀਆਂ ਪ੍ਰਸਿੱਧ ਰਚਨਾਵਾਂ ਲਿਖੀਆਂ। ‘ਹੀਰ ਭਾਈ ਗੁਰਦਾਸ’ ਦਾ ਸੰਪਾਦਨ ਅਤੇ ‘ਸ਼ਕੁੰਤਲਾ’ ਨਾਟਕ ਦਾ ਅਨੁਵਾਦ ਆਪਦੀ ਸੰਪਾਦਨ ਅਤੇ ਅਨੁਵਾਦ-ਪ੍ਰਤਿਭਾ ਦੇ ਪ੍ਰਤੀਨਿਧ ਪ੍ਰਮਾਣ ਹਨ। ਇਨ੍ਹਾਂ ਤੋਂ ਬਿਨਾਂ ‘ਬਾਣੀ-ਬਿਉਰਾ’ ਅਤੇ ‘ਸ਼ਬਦ-ਬ੍ਰਿਤੀ ਪ੍ਰਕਾਸ਼’ ਆਦਿਕ ਪੁਸਤਕਾਂ ਵਿਚ ਆਪ ਨੇ ਸਿੱਖ ਧਰਮ ਅਤੇ ਦਰਸ਼ਨ ਦਾ ਬੜਾ ਡੂੰਘਾ ਅਧਿਐਨ ਪ੍ਰਸਤੁਤ ਕੀਤਾ ਹੈ।

ਡਾ. ਚਰਨ ਸਿੰਘ ਦਾ ਵਿਆਹ ਸੰਨ 1869 ਈ. ਵਿਚ ਅੰਮ੍ਰਿਤਸਰ ਦੇ ਗਿਆਨੀ ਹਜ਼ਾਰਾ ਸਿੰਘ ਦੀ ਸਪੁੱਤਰੀ ਬੀਬੀ ਉੱਤਮ ਕੌਰ ਨਾਲ ਹੋਇਆ। ਭਾਈ ਸਾਹਿਬ ਦੇ ਨਾਨਾ ਜੀ ਗਿਆਨੀ ਹਜ਼ਾਰਾ ਸਿੰਘ ਗੁਰਬਾਣੀ ਦੇ ਪ੍ਰਸਿੱਧ ਟੀਕਾਕਾਰ ਹੋਏ ਹਨ, ਜਿਨ੍ਹਾਂ ਦੀ ਰਚਨਾ ‘ਭਾਈ ਗੁਰਦਾਸ ਦੀਆਂ ਵਾਰਾਂ ਦਾ ਟੀਕਾ’ ਬਹੁਤ ਪ੍ਰਸਿੱਧ ਹੈ। ਇਸ ਤੋਂ ਇਲਾਵਾ ਗਿਆਨੀ ਜੀ ਨੇ ਪ੍ਰਸਿੱਧ ਕਵੀ ਸ਼ੇਖ਼ ਸਾਅਦੀ ਦੀ ਰਚਨਾ ‘ਗੁਲਿਸਤਾਂ’ ਅਤੇ ‘ਬੋਸਤਾਂ’ ਦਾ ਪੰਜਾਬੀ ਅਨੁਵਾਦ ਸਕੂਲਾਂ ਦੀ ਪੜ੍ਹਾਈ ਵਾਸਤੇ ਕੀਤਾ। ਕਿਹਾ ਜਾਂਦਾ ਹੈ ਕਿ ਭਾਈ ਵੀਰ ਸਿੰਘ ਜੀ ਅਨੁਵਾਦ ਦੇ ਕੰਮ ਵਿਚ ਗਿਆਨੀ ਜੀ ਦੀ ਸਹਾਇਤਾ ਕਰਿਆ ਕਰਦੇ ਸਨ ਪਰ ਭਾਈ ਸਾਹਿਬ ਨੂੰ ਇਹ ਕੰਮ ਤਸੱਲੀ ਦੇਣ ਵਾਲਾ ਨਹੀਂ ਸੀ ਪ੍ਰਤੀਤ ਹੁੰਦਾ। ਇਕ ਦਿਨ ਆਪ ਜੀ ਨੇ ਗਿਆਨੀ ਜੀ ਨੂੰ ਕਿਹਾ, “ਤੁਸੀਂ ਹੋਰਾਂ ਲੋਕਾਂ ਦੀਆਂ ਰਚਨਾਵਾਂ ਦੇ ਅਨੁਵਾਦ ਹੀ ਕਿਉਂ ਕਰਦੇ ਹੋ ? ਆਪਣੇ ਅੰਦਰੋਂ ਰਚਨਾ ਕਿਉਂ ਨਹੀਂ ਕਰਦੇ ?” ਇਸ ਦਾ ਉੱਤਰ ਗਿਆਨੀ ਜੀ ਨੇ ਹੱਸ ਕੇ ਇਹ ਦਿੱਤਾ, “ਬਰਖੁਰਦਾਰ, ਮੈਂ ਨਹੀਂ ਲਿਖ ਸਕਿਆ ਪਰ ਤੂੰ ਜ਼ਰੂਰ ਲਿਖੇਂਗਾ।” ਇਹ ਸੁਭਾਵਕ ਆਖਿਆ ਵਚਨ ਪਿਛੋਂ ਜਾ ਕੇ ਮਹੱਤਵਪੂਰਨ ਰੂਪ ਵਿਚ ਸੱਚਾ ਸਿੱਧ ਹੋਇਆ।

ਇਸ ਤਰ੍ਹਾਂ ਸਪਸ਼ਟ ਹੈ ਕਿ ਭਾਈ ਵੀਰ ਸਿੰਘ ਦੇ ਪਿਤਰੀ ਧਨ ਵਿਚ ਦੀਵਾਨ ਕੌੜਾ ਮੱਲ ਦੀ ਰਾਜਸੀ ਮਹੱਤਾ, ਬਾਬਾ ਕਾਹਨ ਸਿੰਘ ਦਾ ਸਾਧੂਤਵ, ਡਾ. ਚਰਨ ਸਿੰਘ ਦੀ ਪੁਰਾਤਨ-ਸਹ-ਆਧੁਨਿਕ ਬੁਧੀਜੀਵਤਾ ਅਤੇ ਗਿਆਨੀ ਹਜ਼ਾਰਾ ਸਿੰਘ ਦਾ ਪਰਮਾਰਥ ਗਿਆਨ ਬੜੇ ਪ੍ਰਧਾਨ ਅੰਸ਼ ਹਨ। ਸੰਤ ਸਿੰਘ ਸੇਖੋਂ ਦੇ ਮਤਿ ਅਨੁਸਾਰ :

“ਅਜਿਹੇ ਪਿਤਰੀ ਧਨ ਵਾਲਾ ਪੁਰਖ ਸਮਝੋ ਉਨ੍ਹੀਵੀਂ ਸਦੀ ਦੇ ਭਾਰਤੀ ਜਾਗ੍ਰਤੀ-ਆਤਮਕ ਵਾਤਾਵਰਣ ਵਿਚ ਕਿਸੇ ਮਹਾਨ ਕਾਰਜ ਲਈ ਹੀ ਜਨਮਿਆ ਹੁੰਦਾ ਹੈ ਤੇ ਭਾਈ ਵੀਰ ਸਿੰਘ ਦੇ ਭਾਗ ਵਿਚ ਇਹ ਮਹਾਨ ਕਾਰਜ ਨਿਸਚੇ ਹੀ ਅੰਕਿਤ ਹੋਇਆ।”

ਭਾਈ ਸਾਹਿਬ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਨਾਨਾ ਗਿਆਨੀ ਹਜ਼ਾਰਾ ਸਿੰਘ ਅਤੇ ਉਨ੍ਹਾਂ ਦੇ ਸਹਿਚਾਰੀਆਂ ਪਾਸੋਂ ਪ੍ਰਾਪਤ ਕੀਤੀ। ਅੱਠ ਸਾਲ ਦੀ ਉਮਰ ਤੱਕ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰ ਲਿਆ ਸੀ।” ਮਿਸ਼ਨ ਸਕੂਲ ਅੰਮ੍ਰਿਤਸਰ ਵਿਚੋਂ 1891 ਈ. ਵਿਚ ਐਂਟ੍ਰੈਂਸ ਦੀ ਪ੍ਰੀਖਿਆ ਪਾਸ ਕੀਤੀ। ਇਸ ਪ੍ਰੀਖਿਆ ਵਿਚ ਆਪ ਜ਼ਿਲ੍ਹੇ ਭਰ ਵਿਚੋਂ ਅੱਵਲ ਰਹੇ ਅਤੇ ਡਿਸਟ੍ਰਿਕਟ ਬੋਰਡ ਨੇ ਆਪ ਨੂੰ ਸੋਨੇ ਦਾ ਇਕ ਮੈਡਲ ਪ੍ਰਦਾਨ ਕੀਤਾ। ਐਂਟ੍ਰੈਂਸ ਦੀ ਪ੍ਰੀਖਿਆ ਪਾਸ ਕਰਨ ਤੋਂ ਦੋ ਸਾਲ ਪਹਿਲਾਂ 1889 ਈ. ਵਿਚ ਆਪ ਦਾ ਵਿਆਹ ਹੋ ਗਿਆ ਸੀ। ਐਂਟ੍ਰੈਂਸ ਤੋਂ ਪਿਛੋਂ ਆਪ ਨੇ ਸਰਕਾਰੀ ਨੌਕਰੀ ਦਾ ਸੰਕਲਪ ਨਾ ਕੀਤਾ ਕਿਉਂਕਿ ਆਪਣੇ ਪਿਤਾ ਡਾ. ਚਰਨ ਸਿੰਘ ਦੇ ਪ੍ਰਭਾਵ ਹੇਠਾਂ ਅਤੇ ਉਨ੍ਹਾਂ ਦੇ ਸਫ਼ਲ ਜੀਵਨ ਸਦਕਾ ਆਪ ਦੇ ਮਨ ਵਿਚ ਸਮਾਜ ਦੀ ਖੁੱਲ੍ਹੀ ਸੇਵਾ ਦੀ ਧੁਨ ਵੱਜ ਰਹੀ ਸੀ। ਸਾਹਿਤ ਵੱਲ ਆਪਦੀ ਰੁਚੀ ਪ੍ਰਬਲ ਸੀ ਅਤੇ ਇਸ ਦੇ ਅਨੁਸਾਰ ਹੀ ਆਪਨੇ ਆਪਣਾ ਵਿਵਹਾਰ ਵੀ ਚੁਣਿਆ। ਡਾ. ਚਰਨ ਸਿੰਘ ਦੇ ਇਕ ਸਹਿਚਾਰੀ ਭਾਈ ਵਜ਼ੀਰ ਸਿੰਘ ਨਾਲ ਮਿਲ ਕੇ ਇਕ ਛਾਪੇਖਾਨਾ ‘ਵਜ਼ੀਰ ਹਿੰਦ ਪ੍ਰੈਸ’ ਜਾਰੀ ਕੀਤਾ। ਛੇਤੀ ਹੀ ਇਹ ਪ੍ਰੈਸ ਅੰਮ੍ਰਿਤਸਰ ਦਾ ਇਕ ਕਾਫ਼ੀ ਵੱਡਾ ਪ੍ਰੈਸ ਗਿਣਿਆ ਜਾਣ ਲੱਗਾ, ਜੋ ਹੁਣ ਤੱਕ ਭਾਈ ਲਖਵੀਰ ਸਿੰਘ ਦੀ ਸੰਤਾਨ ਦੇ ਪ੍ਰਬੰਧ ਵਿਚ ਚੱਲ ਰਿਹਾ ਹੈ।

ਆਪਣੇ ਜੀਵਨ ਕਰਮ ਦੇ ਇਸ ਆਰੰਭ ਦੇ ਨਾਲ ਹੀ ਭਾਈ ਵੀਰ ਸਿੰਘ ਨੇ ਆਪਣੇ ਇਕ ਮਹਾਨ ਭਾਵੀ ਮਿੱਤਰ ਸਰਦਾਰ ਕੌਰ ਸਿੰਘ ਧੂਪੀਏ ਨਾਲ ਮਿਲ ਕੇ ‘ਖ਼ਾਲਸਾ ਟ੍ਰੈਕਟ ਸੁਸਾਇਟੀ’ ਦੀ ਨੀਂਹ ਰੱਖੀ, ਜਿਸ ਦਾ ਕਾਰਜ ਪੰਜਾਬੀ ਵਿਚ ਸਿੱਖੀ ਪ੍ਰਚਾਰ ਅਤੇ ਸਮਾਜ ਸੁਧਾਰ ਲਈ ਟ੍ਰੈਕਟ ਪ੍ਰਕਾਸ਼ਿਤ ਕਰਨਾ ਸੀ। ਇਸ ਤੋਂ ਬਾਦ ਨਵੰਬਰ 1899 ਈ. ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਦਿਨ ਆਪ ਨੇ ਸਪਤਾਹਿਕ ‘ਖ਼ਾਲਸਾ ਸਮਾਚਾਰ’ ਆਰੰਭ ਕੀਤਾ। ਜਿਸ ਦੁਆਰਾ ਪੰਥਕ ਸਮਾਚਾਰ ਪ੍ਰਸਾਰਿਤ ਕਰਨ ਦੇ ਨਾਲ ਸਿੱਖੀ ਅਸੂਲਾਂ ਦਾ ਪ੍ਰਤਿਪਾਦਨ, ਗੁਰਬਾਣੀ ਤੇ ਗੁਰਮਤਿ ਦੀ ਸਿੱਖਿਆ ਪ੍ਰਚਾਰਨ ਦਾ ਕਾਰਜ ਅਰੰਭਿਆ। 1901 ਈ. ਵਿਚ ਚੀਫ਼ ਖਾਲਸਾ ਦੀਵਾਨ ਦੀ ਸਥਾਪਨਾ ਵਿਚ ਆਪ ਦਾ ਵੱਡਾ ਹੱਥ ਸੀ। 1902 ਈ. ਵਿਚ ਖਾਲਸਾ ਕਾਲਜ, ਅੰਮ੍ਰਿਤਸਰ ਨੂੰ ਪੰਥਕ ਪ੍ਰਬੰਧ ਹੇਠ ਲਿਆਉਣ ਵਿਚ ਆਪ ਨੇ ਉੱਘਾ ਹਿੱਸਾ ਲਿਆ। 1904 ਈ. ਵਿਚ ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ ਅਤੇ 1908 ਈ. ਵਿਚ ਪੰਜਾਬ ਐਂਡ ਸਿੰਧ ਬੈਂਕ ਜਾਰੀ ਕੀਤੇ ਗਏ। 1908 ਈ. ਵਿਚ ਸਿੱਖ ਐਜੂਕੇਸ਼ਨਲ ਕਮੇਟੀ ਅਤੇ ਸੈਂਟਰਲ ਖਾਲਸਾ ਪ੍ਰਚਾਰਕ ਵਿਦਿਆਲਾ, ਤਰਨ ਤਾਰਨ ਦੀ ਸਥਾਪਨਾ ਕੀਤੀ ਗਈ। ਭਾਈ ਸਾਹਿਬ ਦੀ ਅਗਵਾਈ ਵਿਚ ‘ਆਨੰਦ ਮੈਰਿਜ ਐਕਟ’ 1909 ਈ. ਵਿਚ ਪਾਸ ਹੋਇਆ। 1925 ਈ. ਵਿਚ ਸਿੱਖਾਂ ਵਿਚ ਜੋ ਹਰੀਜਨ ਸੁਧਾਰ ਅਤੇ ਗੁਰਦੁਆਰਾ ਸੁਧਾਰ ਲਹਿਰਾਂ ਸ਼ੁਰੂ ਹੋਈਆਂ, ਉਹ ਬਹੁਤਾ ਕਰਕੇ ਆਪ ਦੀਆਂ ਰਚਨਾਵਾਂ ਤੋਂ ਪੰਥ ਵਿਚ ਆਈ ਜਾਗ੍ਰਿਤੀ ਦਾ ਹੀ ਨਤੀਜਾ ਸਨ।

ਸਾਹਿਤ ਦੇ ਖੇਤਰ ਵਿਚ ਭਾਈ ਸਾਹਿਬ ਨੇ ਬਹੁ-ਪੱਖੀ ਹਿੱਸਾ ਪਾਇਆ ਹੈ। ਕਾਵਿ ਤੋਂ ਬਿਨਾਂ ਆਪ ਨੇ ਪੰਜਾਬੀ ਨਾਵਲ, ਨਾਟਕ, ਵਾਰਤਕ, ਸੰਪਾਦਨ, ਸਟੀਕ ਰਚਨਾ ਦੇ ਖੇਤਰ ਵਿਚ ਵੀ ਕਾਫ਼ੀ ਗੰਭੀਰ ਅਤੇ ਵਿਦਵਤਾ-ਪੂਰਨ ਰਚਨਾਵਾਂ ਦੇ ਕੇ ਨਵੀਆਂ ਲੀਹਾਂ ਪਾਈਆਂ ਹਨ। ਭਾਈ ਸਾਹਿਬ ਦੇ ਸਾਹਿਤਕ ਸੰਬੰਧ ਆਪਣੇ ਸਮੇਂ ਦੇ ਬਹੁਤ ਸਾਰੇ ਵਿਦਵਾਨਾਂ ਤੇ ਕਵੀਆਂ ਨਾਲ ਸਨ। ਆਧੁਨਿਕ ਕਾਲ ਦੇ ਮੁੱਢਲੇ ਪੰਜਾਬੀ ਕਵੀਆਂ ਮੌਲਾ ਬਖ਼ਸ਼ ਕੁਸ਼ਤਾ, ਚਰਨ ਸਿੰਘ ਸ਼ਹੀਦ, ਪ੍ਰੋ. ਪੂਰਨ ਸਿੰਘ ਅਤੇ ਲਾਲਾ ਧਨੀ ਰਾਮ ਚਾਤ੍ਰਿਕ ਦੀ ਰਚਨਾਤਮਕ ਪ੍ਰਤਿਭਾ ਨੂੰ ਚਮਕਾਉਣ ਵਿਚ ਆਪਦਾ ਵਿਸ਼ੇਸ਼ ਯੋਗਦਾਨ ਹੈ। ਪ੍ਰੋ. ਪੂਰਨ ਸਿੰਘ ਭਾਈ ਸਾਹਿਬ ਦੇ ਇਸ ਯੋਗਦਾਨ ਨੂੰ ਸਵੀਕਾਰ ਕਰਦਾ ਹੋਇਆ ਲਿਖਦਾ ਹੈ :

“ਉਸ ਸੁਭਾਗ ਘੜੀ ਗੁਰੂ ਜੀ ਦੇ ਦਰ ਤੇ ਇਕ ਮਹਾਂਪੁਰਖ (ਭਾਈ ਵੀਰ ਸਿੰਘ) ਦੇ ਦੀਦਾਰ ਹੋਏ ਅਰ ਆਪ ਦੇ ਕਿਰਪਾ ਕਟਾਖਯ ਨਾਲ ਪੰਜਾਬੀ ਸਾਹਿਤਯ ਦਾ ਸਾਰਾ ਬੋਧ ਤੇ ਗਿਆਨ ਦੀ ਉਡਾਰੀ ਆਈ। ਕਵਿਤਾ ਵੀ ਮਿਲੀ ਤੇ ਉਸੀ ਮਿਹਰ ਦੀ ਨਜ਼ਰ ਵਿਚ ਮਿੱਠੇ ਸਾਧ ਵਚਨ ਵਿਚ ਮੈਨੂੰ ਪੰਜਾਬੀ ਆਪਮੁਹਾਰੀ ਆਈ।”

ਭਾਈ ਸਾਹਿਬ ਨੇ ਆਪਣੀਆਂ ਰਚਨਾਵਾਂ ਦੇ ਮਾਧਿਅਮ ਦੁਆਰਾ ਲੋਕਾਂ ਵਿਚ ਜਾਗ੍ਰਿਤੀ ਪੈਦਾ ਕੀਤੀ ਅਤੇ ਪੰਜਾਬ ਦੇ ਵਾਸੀਆਂ ਨੇ ਵੀ ਆਪ ਦੀ ਕਲਮੀ ਸੇਵਾ ਦਾ ਕਾਫ਼ੀ ਸਨਮਾਨ ਕੀਤਾ। 1949 ਵਿਚ ਆਪ ਨੂੰ ‘ਡਾਕਟਰ ਆਫ਼ ਓਰੀਐਂਟਲ ਲਰਨਿੰਗ’ ਦੀ ਡਿਗਰੀ ਪ੍ਰਦਾਨ ਕੀਤੀ ਗਈ। ਸੁਤੰਤਰ ਭਾਰਤ ਦੀ ਗਣਰਾਜ ਸਥਾਪਨਾ ਤੋਂ ਬਾਦ ਪੰਜਾਬ ਦੇ ਰਾਜਪਾਲ ਸ੍ਰੀ ਚੰਦੂ ਲਾਲ ਤ੍ਰਿਵੇਦੀ ਨੇ ਭਾਈ ਸਾਹਿਬ ਨੂੰ ਪੰਜਾਬ ਵਿਧਾਨ ਪਰਿਸ਼ਦ ਦਾ ਮੈਂਬਰ ਨਾਮਜ਼ਦ ਕੀਤਾ। ਭਾਰਤ ਸਰਕਾਰ ਨੇ ਆਪ ਨੂੰ 1954 ਵਿਚ ਸਾਹਿਤ ਅਕਾਦਮੀ ਦਾ ਮੈਂਬਰ ਨਿਯੁਕਤ ਕੀਤਾ। ਇਸੇ ਸਾਲ 25 ਦਸੰਬਰ ਨੂੰ ਬੰਬਈ ਵਿਚ ਹੋਈ ਸਿੱਖ ਵਿਦਿਅਕ ਕਾਨਫਰੰਸ ਵਿਚ ਆਪ ਨੂੰ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ। 1953 ਈ. ਵਿਚ ਭਾਰਤੀ ਸਾਹਿਤ ਅਕਾਦਮੀ ਵਲੋਂ ਆਪ ਦੀ ਪੁਸਤਕ ‘ਮੇਰੇ ਸਾਈਆਂ ਜੀਓ ਨੂੰ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ। 1956 ਈ. ਵਿਚ ਭਾਰਤ ਸਰਕਾਰ ਵਲੋਂ ਭਾਈ ਸਾਹਿਬ ਨੂੰ ‘ਪਦਮ ਭੂਸ਼ਣ ਦਾ ਸਨਮਾਨ ਦਿੱਤਾ ਗਿਆ, ਜਿਸ ਦਾ ਪ੍ਰਮਾਣ-ਪੱਤਰ ਆਪ ਦੇ ਗ੍ਰਹਿ ਅੰਮ੍ਰਿਤਸਰ ਵਿਚ ਭੇਟ ਕੀਤਾ ਗਿਆ।

1957 ਸਾਲ ਦੇ ਸ਼ੁਰੂ ਤੋਂ ਹੀ ਭਾਈ ਸਾਹਿਬ ਸਰੀਰਕ ਕਮਜ਼ੋਰੀ ਮਹਿਸੂਸ ਕਰ ਰਹੇ ਸਨ। ਇਸ ਲਈ ਡਾਕਟਰਾਂ ਨੇ ਪੂਰੀ ਤਰ੍ਹਾਂ ਆਰਾਮ ਕਰਨ ਲਈ ਪ੍ਰੇਰਨਾ ਕੀਤੀ ਪਰ ਭਾਈ ਸਾਹਿਬ ਲਈ ਮੁਕੰਮਲ ਆਰਾਮ ਕਰਨਾ ਮੁਸ਼ਕਿਲ ਸੀ। ਪਹਿਲੀ ਜੂਨ ਨੂੰ ਆਪ ਨੂੰ ਬੁਖ਼ਾਰ ਹੋ ਗਿਆ ਜੋ 10 ਦਿਨ ਤੱਕ ਲਗਾਤਾਰ ਚਲਦਾ ਰਿਹਾ। ਅੰਤ 10 ਜੂਨ 1957 ਸੋਮਵਾਰ ਦੀ ਸ਼ਾਮ ਨੂੰ 4 ਵੱਜ ਕੇ 25 ਮਿੰਟ ਤੇ ਆਪ ਅਕਾਲ ਚਲਾਣਾ ਕਰ ਗਏ। ਪਰ ਉਹ ਆਪਣੇ ਪਿਛੇ ਆਪਣੇ ਵਿਅਕਤਿਤਵ ਅਤੇ ਰਚਨਾਵਾਂ ਦਾ ਅਜਿਹਾ ਗੌਰਵ ਛੱਡ ਗਏ ਜੋ ਯੁਗਾਂ ਤੱਕ ਆਉਣ ਵਾਲੀ ਮਾਨਵਤਾ ਦਾ ਪਥ-ਪ੍ਰਦਰਸ਼ਨ ਕਰਦਾ ਰਹੇਗਾ।

ਭਾਈ ਸਾਹਿਬ ਦੇ ਜੀਵਨ ਤੇ ਵਿਅਕਤਿਤਵ ਨੂੰ ਵੇਖਣ ਤੋਂ ਬਾਦ ਆਪ ਦੀਆਂ ਕਾਵਿ-ਰਚਨਾਵਾਂ ਦਾ ਸੰਖਿਪਤ ਪਰਿਚੈ ਪ੍ਰਾਪਤ ਕਰਕੇ ਉਨ੍ਹਾਂ ਦੇ ਕਾਵਿ-ਵਿਕਾਸ ਦੀਆਂ ਵਿਭਿੰਨ ਸਥਿਤੀਆਂ ਨੂੰ ਜਾਂਚਣਾ ਵੀ ਜਰੂਰੀ ਹੈ। ਭਾਈ ਸਾਹਿਬ ਦੀਆਂ ਕਾਵਿ-ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ :

1. ਨਿਨਾਣ ਭਰਜਾਈ : ਭਾਈ ਸਾਹਿਬ ਦੀ ਸਭ ਤੋਂ ਪਹਿਲੀ ਕਾਵਿ-ਰਚਨਾ ‘ਨਿਨਾਣ ਭਰਜਾਈ ਦਾ ਸਿੱਖਿਆਦਾਇਕ ਵਾਰਤਾਲਾਪ’ (1900 ਈ.) ਸਮਾਜ ਸੁਧਾਰ ਦੇ ਆਸ਼ੇ ਨੂੰ ਮੁੱਖ ਰੱਖਦਿਆਂ ਪੋਥੀ ਰੂਪ ਵਿਚ ਪ੍ਰਕਾਸ਼ਿਤ ਹੋਈ ਮਿਲਦੀ ਹੈ।

2. ਰਾਣਾ ਸੂਰਤ ਸਿੰਘ : ਭਾਈ ਸਾਹਿਬ ਦੀ ਕਾਵਿ-ਪ੍ਰਤਿਭਾ ਦਾ ਪ੍ਰਕਾਸ਼ ‘ਰਾਣਾ ਸੂਰਤ ਸਿੰਘ’ ਦੇ ਪ੍ਰਕਾਸ਼ਿਤ ਹੋਣ ਨਾਲ ਪ੍ਰਗਟ ਹੁੰਦਾ ਹੈ, ਜੋ ਪਹਿਲੀ ਵਾਰ 1905 ਈ. ਵਿਚ ਟ੍ਰੈਕਟਾਂ ਦੇ ਰੂਪ ਵਿਚ ਪ੍ਰਕਾਸ਼ਿਤ ਕੀਤਾ ਗਿਆ, ਦੂਜੀ ਵਾਰ 1919 ਈ. ਵਿਚ ਪੁਸਤਕ ਆਕਾਰ ਵਿਚ ਪ੍ਰਕਾਸ਼ਿਤ ਕੀਤਾ ਗਿਆ। ਇਸ ਮਹਾਂਕਾਵਿ ਦੀ ਰਚਨਾ ਸਿਰਖੰਡੀ ਛੰਦ ਵਿਚ ਕੀਤੀ ਗਈ ਹੈ।

3. ਲਹਿਰਾਂ ਦੇ ਹਾਰ : ਭਾਈ ਸਾਹਿਬ ਦੀ ਰਚਨਾ ‘ਲਹਿਰਾਂ ਦੇ ਹਾਰ’ ਮਾਰਚ 1928 ਈ. ਵਿਚ ਪ੍ਰਕਾਸ਼ਿਤ ਹੋਈ। ਇਸ ਵਿਚ ਤ੍ਰੇਲ ਤੁਪਕੇ (1921) ਦੀਆਂ ਤੁਰਿਆਈਆਂ, ਦਿਲ ਤਰੰਗ ਅਤੇ ਪੰਜ ਲੰਮੇਰੀਆਂ ਕਵਿਤਾਵਾਂ—ਜੀਵਨ ਕੀ ਹੈ ?, ਬੁਲਬੁਲ ਤੇ ਰਾਹੀ, ਪੁਸ਼ਪਾਵਤੀ ਤੇ ਚੰਦਰਾਵਤ, ਬਿਸਮਿਲ ਮੋਰ, ਫੁੰਡਿਆ ਤੋਤਾ ਅਤੇ ਇਕ ਗੀਤ—ਗੋਦਾਵਰੀ ਦਾ ਗੀਤ ਸੰਗ੍ਰਹਿਤ ਹੈ।

4. ਮਟਕ ਹੁਲਾਰੇ : ‘ਮਟਕ ਹੁਲਾਰੇ’ (1925) ਵਿਚ ਭਾਈ ਸਾਹਿਬ ਨੇ ਪਹਿਲੀ ਵੇਰ ਕਸ਼ਮੀਰ (1922) ਜਾਣ ਸਮੇਂ ਫੁਰੀਆਂ ਅਤੇ ਤਿੰਨ ਵਰ੍ਹਿਆਂ ਵਿਚ ਰਚੀਆਂ ਕਵਿਤਾਵਾਂ ਸੰਕਲਿਤ ਕੀਤੀਆਂ ਹਨ। ਇਸ ਦੇ ਪਹਿਲੇ ਭਾਗ ‘ਰਸ ਰੰਗ ਛੁਹ’ ਤੋਂ ਬਿਨਾਂ ਸਾਰੀਆਂ ਕਵਿਤਾਵਾਂ ਕਸ਼ਮੀਰ ਦੀ ਸੁੰਦਰਤਾ ਅਤੇ ਉਸ ਦੇ ਸਾਂਸਕ੍ਰਿਤਕ ਇਤਿਹਾਸ ਨਾਲ ਸੰਬੰਧਿਤ ਹਨ।

5. ਬਿਜਲੀਆਂ ਦੇ ਹਾਰ (1927) : ਇਸ ਪੁਸਤਕ ਦੇ ਆਰੰਭਕ ਸ਼ਬਦਾਂ ਵਿਚ ਭਾਈ ਸਾਹਿਬ ਨੇ ਲਿਖਿਆ ਸੀ : “ਇਹ ਚਿਰਾਂ ਤੋਂ ਹੁਣ ਤਾਈਂ ਕਦੇ ਕਦੇ ਦੇ ਲਿਖੇ ਗਏ ਖ਼ਯਾਲ ਹਨ, ਜੋ ਇਸ ਸੰਚੇ ਵਿਚ ਪ੍ਰਕਾਸ਼ਤ ਹੁੰਦੇ ਹਨ। ਕੋਈ ਸਿਲਸਿਲੇ ਦਾ ਪ੍ਰਸੰਗ ਸਾਰੀ ਪੋਥੀ ਦਾ ਵਿਸ਼ਾ ਨਹੀਂ, ਪਰ ਵਿਕੋਲਿੱਤ੍ਰੇ ਖ਼ਯਾਲ ਆਪਣੇ ਆਪ ਵਿਚ ਸਮਾਪਤ ਹਨ, ਚਾਹੇ ਨਿੱਕੀਆਂ ਕਵਿਤਾਵਾਂ ਹਨ ਤੇ ਚਾਹੇ ਲੰਮੇਰੀਆਂ। ਇਸ ਸੰਗ੍ਰਹਿ ਵਿਚ ਛੋਟੀਆਂ ਕਵਿਤਾਵਾਂ ਤੋਂ ਬਿਨਾਂ ਲੰਮੇਰੀਆਂ ਕਵਿਤਾਵਾਂ ਅਟਕ, ਮਰਦ ਦਾ ਕੁੱਤਾ, ਕੁਤਬ ਦੀ ਲਾਠ, ਬੇਲਾ ਭਵਾਨੀ, ਪਿਆਰ ਤੇ ਫਰਜ਼ ਦੀਆਂ ਦੇਵੀਆਂ ਦਾ ਸੰਬਾਦ, ਪਦਮ ਬ੍ਰਿਛ ਦੀ ਬਹਾਰ ਅਤੇ ਗੰਗਾ ਰਾਮ ਮਿਲਦੀਆਂ ਹਨ।

6. ਪ੍ਰੀਤ ਵੀਣਾ (1929) : ਇਹ ਇਕ ਲੰਮੇਰੀ ਕਵਿਤਾ ਹੈ, ਜਿਸ ਨੂੰ ਭਾਈ ਸਾਹਿਬ ਨੇ ਗੁਲਮਰਗ ਵਿਖੇ ਰਚਿਆ। ਇਸ ਵਿਚ ‘ਬ੍ਰਿਹੋਂ-ਦੁਖ ਤੇ ਸੁਹਾਗ ਸੰਜੋਗ’ ਰਾਹੀਂ ਆਤਮਾ-ਪਰਮਾਤਮਾ ਅਤੇ ਵਿਛੋੜੇ ਤੇ ਮਿਲਾਪ ਨੂੰ ਉਲੀਕਿਆ ਹੈ।

7. ਕੰਬਦੀ ਕਲਾਈ (1933) : ਭਾਈ ਸਾਹਿਬ ਦਾ ਸਾਹਿਤਿਕ ਖੇਤਰ ਵਿਚ ਪ੍ਰਵੇਸ਼ ਕਰਨ ਸਮੇਂ ਤੋਂ ਇਹ ਨਿਯਮ ਰਿਹਾ ਸੀ ਕਿ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵਾਂ ਉੱਤੇ ਸ਼ਰਧਾ ਦੇ ਫੁੱਲਾਂ ਵਜੋਂ ਉਨ੍ਹਾਂ ਸੰਬੰਧੀ ਰਚੇ ਟ੍ਰੈਕਟਾਂ ਦੇ ਅੰਤ ਵਿਚ ਅਤੇ ਖਾਲਸਾ ਸਮਾਚਾਰ ਸਪਤਾਹਿਕ ਵਿਚ ਗੀਤਾਂ ਦੇ ਰੂਪ ਵਿਚ ਸ਼ਰਧਾਂਜਲੀ ਅਰਪਿਤ ਕਰਦੇ ਸਨ। ਇਨ੍ਹਾਂ ਧਾਰਮਿਕ ਗੀਤਾਂ ਦੀ ਸੰਭਾਲ ਲਈ 1933 ਈ. ਤੱਕ ਦੇ ਰਚੇ ਚੋਣਵੇਂ ਗੀਤਾਂ ਨੂੰ ‘ਕੰਬਦੀ ਕਲਾਈ’ ਸੰਗ੍ਰਹਿ ਵਿਚ ਪ੍ਰਕਾਸ਼ਿਤ ਕੀਤਾ। ਸਮੇਂ ਸਮੇਂ 1938, 1950 ਅਤੇ 1968 ਵਿਚ ਇਸ ਪੁਸਤਕ ਵਿਚ ਹੋਰ ਵੀ ਗੀਤ, ਜੋ ਬਾਦ ਵਿਚ ਲਿਖੇ ਗਏ, ਸੰਕਲਿਤ ਕੀਤੇ ਗਏ।

8. ਕੰਤ ਮਹੇਲੀ ਦਾ ਬਾਰਾਂਮਾਹ : ਬਾਰਾਂਮਾਹ ਦੇ ਰੂਪ ਵਿਚ ਲਿਖੀ ਇਹ ਲੰਮੇਰੀ ਕਵਿਤਾ ਭਾਈ ਸਾਹਿਬ ਨੇ 1952 ਈ. ਵਿਚ ਪ੍ਰਕਾਸ਼ਿਤ ਕੀਤੀ ਸੀ ਜਿਸ ਵਿਚ ਪਰੰਪਰਿਕ ਅਤੇ ਪ੍ਰਚੱਲਿਤ ਕਾਵਿ-ਰੂਪ ‘ਬਾਰਾਂਮਾਹ’ ਦੇ ਮਾਧਿਅਮ ਦੁਆਰਾ ਆਤਮਾ-ਪਰਮਾਤਮਾ ਦੇ ਵਿਛੋੜੇ ਦੇ ਦੁਖ ਨੂੰ ਉਲੀਕਿਆ ਗਿਆ ਹੈ।

9. ਮੇਰੇ ਸਾਈਆਂ ਜੀਓ : ‘ਮੇਰੇ ਸਾਈਆਂ ਜੀਓ ਵਿਚ 72 ਕਵਿਤਾਵਾਂ ਹਨ। ਇਹ ਰਚਨਾ ਜੁਲਾਈ 1953 ਵਿਚ ਪ੍ਰਕਾਸ਼ਿਤ ਹੋਈ। ਇਸ ਵਿਚ 11 ਰੁਬਾਈਆਂ ਤੋਂ ਛੁੱਟ ਬਾਕੀ ਦੀਆਂ ਕਵਿਤਾਵਾਂ ਛੰਦਾਬੰਦੀ ਦੇ ਬੰਧਨ ਤੋਂ ਸੁਤੰਤਰ, ਮੁਕਤ-ਛੰਦ ਵਿਚ ਲਿਖੀਆਂ ਗਈਆਂ ਹਨ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਨਿੱਜੀ ਅਨੁਭਵ ਤੇ ਅਹਿਸਾਸਾਂ ਨੂੰ ਅਭਿਵਿਅਕਤੀ ਮਿਲੀ ਹੈ। ਇਸ ਰਚਨਾ ਦੀ ਵਿਸ਼ਿਸ਼ਟਤਾ ਇਹ ਹੈ ਕਿ ਇਸ ਵਿਚ ਭਾਈ ਸਾਹਿਬ ਨੇ ਖੁੱਲ੍ਹੀਆਂ ਕਵਿਤਾਵਾਂ ਦੇ ਪ੍ਰਯੋਗ ਵੀ ਕੀਤੇ ਹਨ।

10. ਖਾਲਸਾ ਸਮਾਚਾਰ ਵਿਚ ਪ੍ਰਕਾਸ਼ਿਤ ਅਤੇ ਅਸੰਕਲਿਤ ਕਵਿਤਾਵਾਂ : ਭਾਈ ਸਾਹਿਬ ਦੀਆਂ ਲਗਪਗ 354 ਕਵਿਤਾਵਾਂ ਉਨ੍ਹਾਂ ਦੇ ਸਪਤਾਹਿਕ ‘ਖਾਲਸਾ ਸਮਾਚਾਰ’ ਵਿਚ ਪ੍ਰਕਾਸ਼ਿਤ ਪਰ ਅਜੇ ਤੱਕ ਅਸੰਕਲਿਤ ਰੂਪ ਵਿਚ ਪ੍ਰਾਪਤ ਹੁੰਦੀਆਂ ਹਨ। ਇਨ੍ਹਾਂ ਤੋਂ ਛੁੱਟ ਭਾਈ ਸਾਹਿਬ ਦੀਆਂ ਕੁਝ ਕਵਿਤਾਵਾਂ 20 ਨਜ਼ਦੀਕੀ ਮਿੱਤਰਾਂ ਦੇ ਅੰਤਿਮ ਵਿਛੋੜੇ ਸਮੇਂ ਸ਼ਰਧਾਂਜਲੀ ਵਜੋਂ ‘ਖਾਲਸਾ ਸਮਾਚਾਰ’ ਵਿਚ ਪ੍ਰਕਾਸ਼ਿਤ ਮਿਲਦੀਆਂ ਹਨ। ਜਿਵੇਂ ਪ੍ਰੋ. ਪੂਰਨ ਸਿੰਘ, ਸ. ਹਰਬੰਸ ਸਿੰਘ ਅਟਾਰੀ ਵਾਲੇ, ਸਰਦਾਰ ਸੁੰਦਰ ਸਿੰਘ ਮਜੀਠੀਆ, ਸਰਦਾਰ ਤਰਲੋਚਨ ਸਿੰਘ ਦੀ ਯਾਦ ਵਿਚ ਲਿਖੀਆਂ ਕਵਿਤਾਵਾਂ।

ਭਾਈ ਸਾਹਿਬ ਦੀਆਂ ਕੁਝ ਕਵਿਤਾਵਾਂ ਉਨ੍ਹਾਂ ਦੇ ਅਕਾਲ ਚਲਾਣੇ ਤੱਕ ਅਪ੍ਰਕਾਸਿਤ ਰਹਿ ਗਈਆਂ ਸਨ, ਜਿਨ੍ਹਾਂ ਨੂੰ ‘ਖਾਲਸਾ ਸਮਾਚਾਰ’ ਵਿਚ ਵੀ ਪ੍ਰਕਾਸ਼ਿਤ ਨਹੀਂ ਸੀ ਕੀਤਾ ਜਾ ਸਕਿਆ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਕਵਿਤਾਵਾਂ 15.8.1957 ਤੋਂ ਲੈ ਕੇ 21.12.1967 ਤੱਕ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਸਨ। ਇਨ੍ਹਾਂ ਵਿਚ ਛੋਟੀਆਂ ਕਵਿਤਾਵਾਂ ਤੋਂ ਛੁੱਟ 9 ਲੰਮੇਰੀਆਂ ਕਵਿਤਾਵਾਂ—ਮਿੱਠੀਆਂ ਉਡੀਕਾਂ, ਅਰਦਾਸ, ਬਿਹਬਲ ਹਿਰਨੀ ਤੇ ਕੋਇਲ, ਫਰਿਆਦ, ਦੁਮੇਲ ਦੇ ਪਾਣੀਆਂ ਦਾ ਨਾਦ, ਸੌਦਾਗਰੀ ਬੀਸਾ, ਇਹ ਨੈਣ ਬਿਦੋਸੇ, ਆਗਤ ਪਤਿਕਾ ਅਤੇ ਢੋਲਣ ਆਇਆ ਪ੍ਰਾਪਤ ਹੁੰਦੀਆਂ ਹਨ।

ਭਾਈ ਸਾਹਿਬ ਦੀਆਂ ਕਾਵਿ-ਰਚਨਾਵਾਂ ਦੀ ਪ੍ਰਕਾਸ਼ਨਾ ਵਿਚ ਕਈ-ਕਈ ਸਾਲਾਂ ਦਾ ਵਕਫ਼ਾ ਮਿਲਦਾ ਹੈ। ਇਸ ਵਕਫ਼ੇ ਸੰਬੰਧੀ ਟਿੱਪਣੀ ਕਰਦਿਆਂ ਹੋਇਆਂ ਡਾ. ਗੁਰਚਰਨ ਸਿੰਘ ਮਹਿਤਾ ਲਿਖਦਾ ਹੈ ਕਿ ਭਾਈ ਸਾਹਿਬ ਨਿਰੰਤਰ ਲਿਖਦੇ ਤਾਂ ਰਹਿੰਦੇ ਸਨ ਪਰ ਉਨ੍ਹਾਂ ਨੂੰ ਰਚਨਾਵਾਂ ਪ੍ਰਕਾਸ਼ਿਤ ਕਰਵਾਉਣ ਦੀ ਕਾਹਲ ਨਹੀਂ ਸੀ ਹੁੰਦੀ। ਉਨ੍ਹਾਂ ਦਾ ਵਿਚਾਰ ਸੀ ਕਿ ਰਚਨਾ ਨੂੰ ਲਿਖ ਕੇ ਇਕ ਪਾਸੇ ਰੱਖ ਦੇਣਾ ਚਾਹੀਦਾ ਹੈ ਤੇ ਪਿਛੋਂ ਕੁਝ ਦੇਰ ਬਾਦ ਉਸ ਨੂੰ ਸੋਧ ਕੇ ਪਾਠਕਾਂ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। ਉਹ ਸਮਝਦੇ ਸਨ ਕਿ ਕਲਾਕਾਰ ਨੂੰ ਰਚਨਾ ਕਰਨ ਵੇਲੇ ਜੋ ਅੰਦਰੂਨੀ ਰਸ ਪ੍ਰਾਪਤ ਹੁੰਦਾ ਹੈ, ਉਸੇ ਲਈ ਕਲਾਕਾਰ ਨੂੰ ਲਿਖਣਾ ਚਾਹੀਦਾ ਹੈ। ਇਥੋਂ ਸਿੱਧ ਹੁੰਦਾ ਹੈ ਕਿ ਭਾਈ ਸਾਹਿਬ ਕਾਵਿ-ਕਲਾ ਨੂੰ ਕਈ ਦੁਜੈਲਾ ਜਾਂ ਗੌਣ ਦਰਜਾ ਨਹੀਂ ਦਿੰਦੇ ਸਨ, ਸਗੋਂ ਪ੍ਰਾਥਮਿਕ ਅਤੇ ਮਹੱਤਵਪੂਰਨ ਸਥਾਨ ਪ੍ਰਦਾਨ ਕਰਦੇ ਸਨ।

ਡਾ. ਗੁਰਚਰਨ ਸਿੰਘ ਮਹਿਤਾ ਨੇ ਭਾਈ ਵੀਰ ਸਿੰਘ ਦੀ ਕਾਵਿ-ਸਾਧਨਾ ਨੂੰ ਤਿੰਨ ਵਿਕਾਸ-ਸਥਿਤੀਆਂ ਵਿਚ ਵਿਭਾਜਤ ਕਰਕੇ ਦੇਖਿਆ ਹੈ। ਉਸ ਅਨੁਸਾਰ 1890 ਤੋਂ ਲੈ ਕੇ 1901 ਈ. ਤੱਕ ਭਾਈ ਸਾਹਿਬ ਦੀ ਕਾਵਿ-ਸਾਧਨਾ ਦੀ ਪਹਿਲੀ ਵਿਕਾਸ ਸਥਿਤੀ ਹੈ। ਇਸ ਨੂੰ ਉਸ ਨੇ ‘ਕਾਵਿ-ਅਭਿਆਸ ਕਾਲ’ ਵੀ ਕਿਹਾ ਹੈ। ਇਸ ਸਮੇਂ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਧਾਰਮਿਕ ਪੁਨਰ ਉੱਥਾਨ, ਵਿਅਕਤੀ ਅਤੇ ਸਮਾਜ ਦੇ ਸੁਧਾਰ ਦੀ ਪ੍ਰਵਿਰਤੀ ਦਾ ਜ਼ੋਰ ਸੀ। ਇਸ ਪ੍ਰਭਾਵ ਅਧੀਨ ਭਾਈ ਸਾਹਿਬ ਨੇ ਗੁਰੂ-ਉਪਾਸ਼ਨਾ ਦੇ ਗੀਤ ਲਿਖਣੇ ਸ਼ੁਰੂ ਕੀਤੇ ਜੋ ਗੁਰਪੁਰਬ ਦੇ ਮੌਕਿਆਂ ਤੇ ਛਪਦੇ ਸਨ। ਇਨ੍ਹਾਂ ਗੀਤਾਂ ਵਿਚ ਉਪਭਾਵੁਕਤਾ ਪ੍ਰਧਾਨ ਹੈ, ਪਰੰਤੂ ਨਿਰਮਲ ਜਜ਼ਬੇ ਅਤੇ ਸਚਾਈ ਦੇ ਜ਼ੋਰ ਕਾਰਨ ਇਨ੍ਹਾਂ ਵਿਚ ਪਾਠਕਾਂ ਨੂੰ ਟੁੰਬਣ ਦੀ ਸ਼ਕਤੀ ਹੈ।

ਭਾਈ ਸਾਹਿਬ ਦੇ ਕਾਵਿ-ਵਿਕਾਸ ਦਾ ਦੂਜਾ ਚਰਣ 1902 ਤੋਂ 1905 ਈ. ਤੱਕ ਚਲਦਾ ਹੈ। ਇਸ ਨੂੰ ‘ਨਿਰਮਾਣ ਕਲਾ’ ਦਾ ਨਾਮ ਦਿੱਤਾ ਜਾ ਸਕਦਾ ਹੈ। ਕਾਵਿ-ਵਿਕਾਸ ਦੇ ਇਸ ਦੂਜੇ ਚਰਣ ਵਿਚ ਭਾਈ ਸਾਹਿਬ ਨੇ ‘ਰਾਣਾ ਸੂਰਤ ਸਿੰਘ’ ਦੀ ਸਿਰਜਣਾ ਕੀਤੀ। ਇਹ ਰਚਨਾ ਸਮੁੱਚੇ ਪੰਜਾਬੀ ਕਾਵਿ ਵਿਚ ਇਕ ਮੀਲ-ਪੱਥਰ ਹੈ। ਰਾਣਾ ਸੂਰਤ ਸਿੰਘ ਦਾ ਕੇਂਦਰੀ ਬਿੰਦੂ ਸੁਨਿਸ਼ਚਿਤ ਵਿਅਕਤੀ ਦੀ ਅਟੁੱਟ ਮਾਨਸਿਕ ਵੇਦਨਾ ਅਤੇ ਅਨੰਤ ਦੀ ਭਾਲ ਹੈ। ਇਸ ਦਾ ਆਧਾਰ ਭਾਈ ਸਾਹਿਬ ਦਾ ਗੰਭੀਰ ਜੀਵਨ ਦਰਸ਼ਨ ਹੈ, ਜਿਸ ਵਿਚ ਸਿੱਖ ਅਧਿਆਤਮਕਤਾ ਦੇ ਤੱਤ ਵਿਸ਼ੇਸ਼ ਰੂਪ ਵਿਚ ਸਮਾਏ ਹੋਏ ਹਨ। ਇਸ ਰਚਨਾ ਵਿਚ ਭਾਈ ਸਾਹਿਬ ਦੀ ਕਲਾ ਤੇ ਸ਼ੈਲੀ ਵੀ ਨਿੱਖਰਨ ਲੱਗਦੀ ਹੈ। ਇਸ ਮਹਾਂਕਾਵਿ ਦਾ ਵਾਹਣ ਸਿਰਖੰਡੀ ਛੰਦ ਹੈ, ਜਿਸ ਦੇ ਪ੍ਰਬੰਧ ਵਿਚ ਆਇਆ ਹਰ ਸ਼ਬਦ ਵਿਸਮਾਦ ਪੈਦਾ ਕਰਕੇ ਟਿਕਾਓ ਦੀ ਸਥਿਤੀ ਉਤਪੰਨ ਕਰਦਾ ਹੈ। ਸਮੁੱਚੀ ਰਚਨਾ ਨੂੰ ਇਕੋ ਰਸ ਅਤੇ ਇਕੋ ਭਾਵਨਾਤਮਕ ਪੱਧਰ ਤੇ ਨਿਭਾਉਣ ਦਾ ਯਤਨ ਕੀਤਾ ਗਿਆ ਹੈ।

ਭਾਈ ਵੀਰ ਸਿੰਘ-ਕਾਵਿ ਦੇ ਵਿਕਾਸ ਦੀ ਤੀਜੀ ਸਥਿਤੀ 1906 ਤੋਂ 1956 ਈ. ਤੱਕ ਚਲਦੀ ਹੈ। ਇਸ ਨੂੰ ਭਾਈ ਸਾਹਿਬ ਦੀ ਕਾਵਿ-ਸਾਧਨਾ ਦਾ ‘ਪ੍ਰੌਢ ਕਾਲ’ ਅਥਵਾ ‘ਉਤਕਰਸ਼ ਕਾਲ’ ਕਿਹਾ ਜਾ ਸਕਦਾ ਹੈ। ਇਸ ਕਾਲ ਵਿਚ ਭਾਈ ਸਾਹਿਬ ਨੇ ਪੰਜ ਕਾਵਿ-ਕਿਰਤਾਂ ‘ਲਹਿਰਾਂ ਦੇ ਹਾਰ’, ‘ਮਟਕ ਹੁਲਾਰੇ’, ‘ਬਿਜਲੀਆਂ ਦੇ ਹਾਰ, ਕੰਬਦੀ ਕਲਾਈ, ‘ਮੇਰੇ ਸਾਈਆਂ ਜੀਓ ਅਤੇ ਦੋ ਲੰਮੇਰੀਆਂ ਕਵਿਤਾਵਾਂ ‘ਪ੍ਰੀਤ ਵੀਣਾ’ ਅਤੇ ‘ਕੰਤ ਮਹੇਲੀ’ ਪੰਜਾਬੀ ਪਾਠਕਾਂ ਨੂੰ ਪ੍ਰਦਾਨ ਕੀਤੀਆਂ। ਇਨ੍ਹਾਂ ਰਚਨਾਵਾਂ ਵਿਚ ਭਾਈ ਵੀਰ ਸਿੰਘ ਜੀਵਨ-ਰਹੱਸ ਨੂੰ ਸਮਝਣ ਦਾ, ਜੀਵਨ ਜੀਣ ਦੇ ਰਹੱਸ ਨੂੰ ਸਮਝਾਉਣ ਦਾ ਅਤੇ ਜੀਵਨ ਰਹੱਸ ਨੂੰ ਕਲਾ-ਰਹੱਸ ਨਾਲ ਇੱਕਮਿੱਕ ਕਰਨ ਦਾ ਯਤਨ ਕਰਦੇ ਹਨ। ਇਨ੍ਹਾਂ ਕਵਿਤਾਵਾਂ ਵਿਚ ਉਹ ਸਪਸ਼ਟ ਕਰਦੇ ਹਨ ਕਿ ਜੀਵਨ ਆਦਰਸ਼ ‘ਖੇੜਾ’ ਹੈ। ਇਸ ਦੀ ਪ੍ਰਾਪਤੀ ਦਾ ਸਾਧਨ ਵਿਸਮਾਦ ਅਤੇ ਮਸਤੀ ਹੈ। ਇਸ ਪ੍ਰੇਮ ਦਾ ਮੂਲ ਰੂਪ ਆਨੰਦ ਨੂੰ ਯਾਦ ਰੱਖਦਿਆਂ ਕੁਦਰਤ ਤੇ ਮਨੁੱਖ ਨਾਲ ਕੋਮਲਤਾ ਭਰਪੂਰ ਸਾਂਝ ਅਤੇ ਵਤੀਰਾ ਹਨ। ਇਨ੍ਹਾਂ ਰੇਖਾਵਾਂ ਨੂੰ ਲੈ ਕੇ ਭਾਈ ਸਾਹਿਬ ਅਧਿਆਤਮਕ ਅਨੁਭਵ ਦੀਆਂ ਡੂੰਘਾਈਆਂ ਵਿਚ ਉਤਰਨ ਲੱਗਦੇ ਹਨ ਅਤੇ ਆਦਰਸ਼ ਦੇ ਸੁਪਨੇ ਉਲੀਕਣੇ ਸ਼ੁਰੂ ਕਰ ਦਿੰਦੇ ਹਨ। ਇਸ ਪੜਾਅ ਤੋਂ ਹੀ ਭਾਈ ਸਾਹਿਬ ਦੀ ਕਵਿਤਾ ਸਥੂਲ ਤੋਂ ਸੂਖਮ ਵੱਲ, ਦ੍ਰਿਸ਼ਟ ਤੋਂ ਅਦ੍ਰਿਸ਼ਟ ਵੱਲ ਅਤੇ ਗੋਚਰ ਤੋਂ ਅਗੋਚਰ ਵੱਲ ਵਧਦੀ ਹੈ।

ਇਨ੍ਹਾਂ ਕਵਿਤਾਵਾਂ ਦੀ ਰਚਨਾਤਮਕ ਪ੍ਰਕ੍ਰਿਆ ਦੇ ਦੌਰਾਨ ਆਪ ਦੇ ਮਨ-ਮਸਤਕ ਵਿਚ ਸਿੱਖ ਦਰਸ਼ਨ, ਗੁਰੂ ਬਾਣੀ ਅਤੇ ਭਾਰਤੀ ਰਹੱਸਵਾਦ ਵਿਸ਼ੇਸ਼ ਰੂਪ ਵਿਚ ਮੌਜੂਦ ਰਹੇ ਹਨ। ਇਸੇ ਲਈ ਇਸ ਕਾਲ ਦੇ ਦੌਰਾਨ ਆਪ ਵਲੋਂ ਰਚੀ ਗਈ ਹਰ ਕਵਿਤਾ ਅਨੁਭਵ ਦੀਆਂ ਇਨ੍ਹਾਂ ਪ੍ਰਣਾਲੀਆਂ ਦੇ ਖੇਤਰ ਵਿਚ ਆ ਟਿਕਦੀ ਹੈ। ਆਪਣੇ ਯੁੱਗ ਦੇ ਪਰੰਪਰਿਕ ਕਵੀਆਂ ਵਾਂਗ ਭਾਈ ਸਾਹਿਬ ਨੇ ਅਚੇਤ ਤੌਰ ਤੇ ਹੀ ਇਨ੍ਹਾਂ ਅਨੁਭਵ-ਪ੍ਰਣਾਲੀਆਂ ਨੂੰ ਆਪਣੀ ਅਭਿਵਿਅਕਤੀ ਦਾ ਪ੍ਰੇਰਨਾ-ਸਰੋਤ ਨਹੀਂ ਬਣਾਇਆ, ਸਗੋਂ ਬੜੇ ਸੁਚੇਤ ਰੂਪ ਵਿਚ ਆਪ ਨੇ ਭੌਤਿਕ ਅਤੇ ਅਧਿਆਤਮਕ ਜੀਵਨ ਦੇ ਪ੍ਰਸੰਗ ਵਿਚ ਆਪਣੀਆਂ ਪ੍ਰਤੀਕ੍ਰਿਆਵਾਂ ਨੂੰ ਉਕਤ-ਕਥਿਤ ਅਨੁਭਵ ਪ੍ਰਣਾਲੀਆਂ ਨਾਲ ਜੋੜਿਆ ਹੈ। ਜੋੜਨ ਦੀ ਇਸ ਪ੍ਰਕ੍ਰਿਆ ਵਿਚ ਕੇਵਲ ਅਨੁਕਰਣ ਜਾਂ ਅਨੁਸਰਣ ਦੇ ਭਾਵ ਹੀ ਪ੍ਰਮੁੱਖ ਨਹੀਂ ਰਹੇ, ਸਗੋਂ ਵਿਸ਼ਲੇਸ਼ਣ, ਵਿਵੇਚਨ ਅਤੇ ਤੁਲਨਾਤਮਕ ਅਧਿਐਨ ਦੁਆਰਾ ਭਾਈ ਵੀਰ ਸਿੰਘ ਨੇ ਆਪਣੇ ਅਨੁਭਵ ਅਤੇ ਅਭਿਵਿਅਕਤੀ ਨੂੰ ਆਪਣੇ ਵਿਅਕਤਿਤਵ ਦੀ ਪ੍ਰਮਾਣਿਕਤਾ ਅਤੇ ਯੁੱਗ ਦੀ ਪ੍ਰਾਸੰਗਕਤਾ ਪ੍ਰਦਾਨ ਕੀਤੀ ਹੈ। ਇਹ ਸਭ ਕੁਝ ਕਰਨ ਵਿਚ ਭਾਈ ਸਾਹਿਬ ਨੇ ਇਕ ਸਮਰੱਥ ਅਤੇ ਪ੍ਰਤਿਭਾ-ਸੰਪੰਨ ਕਲਾ-ਸ਼ਾਸਤਰੀ ਹੋਣ ਦਾ ਪਰਿਚੈ ਦਿੱਤਾ ਹੈ। ਕਾਵਿ ਦੀ ਆਤਮਾ, ਇਸ ਦੇ ਸੌਂਦਰਯ ਅਤੇ ਇਸ ਦੇ ਹੋਰ ਨਿਰਮਾਣਕਾਰੀ ਤੱਤਾਂ ਬਾਰੇ ਬੜੇ ਮੌਲਿਕ ਅਤੇ ਮਹੱਤਵਪੂਰਨ ਸਿਧਾਂਤ ਪ੍ਰਸਤੁਤ ਕੀਤੇ ਹਨ। ਇਨ੍ਹਾਂ ਸਿਧਾਂਤਾਂ ਨੂੰ ਅਸੀਂ ਪੱਛਮੀ ਅਤੇ ਭਾਰਤੀ ਕਾਵਿ-ਸਿਧਾਂਤਾਂ ਨਾਲ ਤੁਲਨਾ ਦਾ ਵਿਸ਼ਾ ਵੀ ਬਣਾ ਸਕਦੇ ਹਾਂ। ਇਨ੍ਹਾਂ ਵਿਚ ਕੁਝ ਸਮਾਨਤਾਵਾਂ ਤੇ ਵਿਰੋਧ ਲੱਭੇ ਜਾ ਸਕਦੇ ਹਨ ਪਰ ਪ੍ਰਮੁੱਖ ਤੌਰ ਤੇ ਇਹੀ ਸਪਸ਼ਟ ਹੁੰਦਾ ਹੈ ਕਿ ਭਾਈ ਸਾਹਿਬ ਦੇ ਕਾਵਿ-ਸਿਧਾਂਤ ਭੌਤਿਕ ਅਤੇ ਅਧਿਆਤਮਕ ਜਗਤ ਪ੍ਰਤੀ ਆਪਣੀ ਨਿਵੇਕਲੀ ਅਤੇ ਵਿਲੱਖਣ ਪਹੁੰਚ ਦੇ ਪਰਿਚਾਇਕ ਅਥਵਾ ਲਖਾਇਕ ਹਨ।
*****
# ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302
(ਬਠਿੰਡਾ)
9417692015.

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1239
***

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →