22 July 2024

ਅੰਮ੍ਰਿਤਾ ਦਾ ਇਮਰੋਜ਼ – ਹਰਸਿਮਰਨ ਸਿੰਘ ਰੰਧਾਵਾ (ਡਾ.)

ਅੰਮ੍ਰਿਤਾ ਦਾ ਇਮਰੋਜ਼
ਹਰਸਿਮਰਨ ਸਿੰਘ ਰੰਧਾਵਾ (ਡਾ.)

ਅੱਜਕਲ ਇਮਰੋਜ਼ ਚਰਚਾ ਵਿਚ ਹੈ। ਉਹ ਜਿੱਥੇ ਵੀ ਜਾਂਦਾ ਹੈ ਉੱਥੇ ਅੰਮ੍ਰਿਤਾ ਪ੍ਰੀਤਮ ਬਾਰੇ ਹੀ ਗੱਲ ਕਰਦਾ ਹੈ। ਅੰਮ੍ਰਿਤਾ ਦੇ ਜੀਉਂਦੇ ਜੀਅ ਇਮਰੋਜ਼ ਦੀ ਬਤੌਰ ਚਿੱਤਰਕਾਰ ਪਛਾਣ ਸੀ ਪਰ ਹੁਣ ਉਹ ਕਵੀ ਵੱਜੋਂ ਵੀ ਪਛਾਣ ਬਣਾ ਰਿਹਾ ਹੈ। ਉਸ ਦੇ ਹੁਣ ਤੱਕ ਦੋ ਕਾਵਿ ਸੰਗ੍ਰਹਿ ਛਪ ਚੁੱਕੇ ਹਨ ਜਿਨ੍ਹਾਂ ਵਿਚ ਉਸਨੇ ਅੰਮ੍ਰਿਤਾ ਪ੍ਰੀਤਮ ਬਾਰੇ ਵੀ ਕਵਿਤਾਵਾਂ ਲਿਖੀਆਂ ਹਨ ਅਤੇ ਅਜਿਹੇ ਅਨੁਭਵਾਂ ਨੂੰ ਵੀ ਸ਼ਬਦਾਂ ਵਿਚ ਉਸਾਰਿਆ ਹੈ ਜੋ ਉਸਨੇ ਬਤੌਰ ਕਲਾਕਾਰ ਮਹਿਸੂਸ ਕੀਤੇ।

ਜਦ ਤੱਕ ਅੰਮ੍ਰਿਤਾ ਪ੍ਰੀਤਮ ਸੀ ਤਾਂ ਉਹ ਹੀ ਬੋਲਦੀ ਸੀ। ਇਮਰੋਜ਼ ਦੇ ਹਿੱਸੇ ਦਾ ਵੀ ਉਹ ਬੋਲਦੀ ਸੀ। ਇਸੇ ਲਈ ਅੰਮ੍ਰਿਤਾ ਪ੍ਰੀਤਮ ਦੇ ਕੋਲ ਇਮਰੋਜ਼ ਦੇ ਆਉਣ ਨਾਲ ਉਸਦੀ ਪਛਾਣ ਅੰਮ੍ਰਿਤਾ ਪ੍ਰੀਤਮ ਦੀ ਬਜਾਇ ਅੰਮ੍ਰਿਤਾ ਇਮਰੋਜ਼ ਵੱਜੋਂ ਹੋਣ ਲੱਗ ਪਈ। ਬਾਕੀ ਸਭ ਪਿੱਛੇ ਰਹਿ ਗਏ। ਦੋਵਾਂ ਨੇ ਰਲ ਕੇ ਨਾਗਮਣੀ ਨੂੰ ਪੈਦਾ ਕੀਤਾ ਅਤੇ ਪਾਲਿਆ ਵੀ। ਪੰਜਾਬੀ ਦੁਨੀਆ ਵਿਚ ਨਾਗਮਣੀ ਦੀ ਪਛਾਣ ਇਕ ਅਜਿਹੇ ਰਸਾਲੇ ਵੱਜੋਂ ਬਣੀ ਜਿਸ ਵਿਚ ਅੱਖਰਕਾਰੀ ਅਤੇ ਚਿੱਤਰਕਾਰੀ ਇਕ ਮਿੱਕ ਹੋ ਗਏ। ਅੰਮ੍ਰਿਤਾ ਅੱਖਰਾਂ ਨੂੰ ਪੈਦਾ ਕਰਦੀ ਰਹੀ ਅਤੇ ਇਮਰੋਜ਼ ਉਨ੍ਹਾਂ ਅੱਖਰਾਂ ਨੂੰ ਰੰਗਾਂ ਅਤੇ ਚਿੱਤਰਾਂ ਨਾਲ ਪਾਲਦਾ ਰਿਹਾ। ਉਨ੍ਹਾਂ ਦਾ ਆਪਣਾ ਇਕ ਸੰਸਾਰ ਸੀ। ਸਾਰੀ ਦੁਨੀਆ ਤੋਂ ਵੱਖਰਾ : ਅੱਖਰਾਂ ਅਤੇ ਚਿੱਤਰਾਂ ਦਾ ਸੰਸਾਰ। ਇਸੇ ਸੰਸਾਰ ਵਿਚ ਉਹ ਖੁਸ਼ੀ ਵੱਸਦੇ ਸਨ। ਅੰਮ੍ਰਿਤਾ ਦੇ ਤੁਰ ਜਾਣ ਤੋਂ ਬਾਅਦ ਇਮਰੋਜ਼ ਨੇ ਉਹ ਸੰਸਾਰ ਛੱਡਿਆ ਨਹੀਂ, ਬਲਕਿ ਅੰਮ੍ਰਿਤਾ ਦੇ ਹਿੱਸੇ ਦਾ ਕੰਮ ਵੀ ਸੰਭਾਲ ਲਿਆ। ਹੁਣ ਉਹ ਅੱਖਰਾਂ ਨੂੰ ਪੈਦਾ ਵੀ ਕਰਦਾ ਹੈ ਅਤੇ ਉਨ੍ਹਾਂ ਨੂੰ ਰੰਗਾਂ ਅਤੇ ਚਿੱਤਰਾਂ ਨਾਲ ਪਾਲਦਾ ਵੀ ਹੈ। ਉਹ ਜਿਹੜੇ ਵੀ ਅੱਖਰ ਬੋਲਦਾ ਹੈ ਉਹ ਅੰਮ੍ਰਿਤਾ ਬਾਰੇ ਹੀ ਹੁੰਦੇ ਹਨ। ਉਨ੍ਹਾਂ ਵਿਚ ਖੁਸ਼ੀ ਅਤੇ ਗਮੀਂ ਰਲੀ ਮਿਲੀ ਹੁੰਦੀ ਹੈ। ਉਹ ਇਕੱਠੀ ਜੀਵੀ ਦੁਨੀਆ ਨੂੰ ਯਾਦ ਕਰਦਾ ਕਿਤੇ ਗੁਆਚ ਜਾਂਦਾ ਹੈ। ਫਿਰ ਉਸਨੂੰ ਅੰਮ੍ਰਿਤਾ ਦੇ ਨਾਲ ਤੁਰਦੇ, ਬੈਠੇ, ਹੱਸਦੇ ਖੇਡਦੇ ਦੇਖਿਆ ਜਾ ਸਕਦਾ ਹੈ। ਉਹ ਕੁਝ ਦੇਖਿਆ ਜਾ ਸਕਦਾ ਹੈ ਜੋ ਪਹਿਲਾਂ ਸਿਰਫ਼ ਸੁਣਿਆ ਹੀ ਹੁੰਦਾ ਹੈ।

ਇਮਰੋਜ਼ ਬਣਨਾ ਸੌਖਾ ਨਹੀਂ। ਇੰਦਰਜੀਤ ਹੀ ਇਮਰੋਜ਼ ਬਣ ਸਕਦਾ ਹੈ। ਅਸੀਂ ਸਾਰੇ ਇੰਦਰ ਦੀ ਹੀ ਜੂਨ ਭੋਗ ਕੇ ਤੁਰ ਜਾਂਦੇ ਹਾਂ। ਸਾਡੀ ਚੰਚਲਤਾ ਸਾਡੇ ਰਾਹਾਂ ਵਿਚ ਰੁਕਾਵਟਾਂ ਬਣੀ ਰਹਿੰਦੀ ਹੈ। ਸਾਡੇ ਉੱਦਮ ਬਹੁਤ ਘੱਟ ਹੁੰਦੇ ਹਨ ਅਤੇ ਚਾਹਤਾਂ ਬਹੁਤ ਜਿਆਦਾ ਹੁੰਦੀਆਂ ਹਨ। ਸਾਨੂੰ ਅੱਗੇ ਪਿੱਛੇ ਦੇ ਖ਼ਿਆਲ ਘੇਰੀ ਰੱਖਦੇ ਹਨ ਅਤੇ ਇਸੇ ਵਿਚ ਹੀ ਅਸੀਂ ਆਪਣੇ ਹੁਣ ਨੂੰ ਗਵਾ ਬੈਠਦੇ ਹਾਂ। ਪਰ ਜੋ ਇੰਦਰਜੀਤ ਹੋ ਜਾਂਦਾ ਹੈ ਉਹ ਸਾਰੇ ਫ਼ਿਕਰਾਂ ਤੋਂ ਉੱਪਰ ਉਠ ਜਾਂਦਾ ਹੈ। ਉਸ ਨੂੰ ਅੱਗੇ ਪਿੱਛੇ ਕੁਝ ਨਜ਼ਰ ਨਹੀਂ ਆਉਂਦਾ ਅਤੇ ਹੁਣ ਦਾ ਪੂਰਾ ਅਨੰਦ ਮਾਣਦਾ ਹੈ। ਇਹੀ ਤਾਂ ਇਮਰੋਜ਼ ਹੈ। ਉਸਨੇ ਹਰ ਪਲ ਜੀਵਿਆ ਹੈ ; ਅੰਮ੍ਰਿਤਾ ਦੇ ਨਾਲ ਵੀ ਅਤੇ ਅੰਮ੍ਰਿਤਾ ਤੋਂ ਬਾਅਦ ਵੀ। ਪਰ ਦੇਖਿਆ ਜਾਵੇ ਤਾਂ ਅੰਮ੍ਰਿਤਾ ਇਮਰੋਜ਼ ਤੋਂ ਅਲੱਗ ਅਜੇ ਵੀ ਨਹੀਂ। ਸਾਡੇ ਲਈ ਉਹ ਨਹੀਂ ਰਹੀ, ਪਰ ਇਮਰੋਜ਼ ਲਈ ਤਾਂ ਉਹ ਅਜੇ ਵੀ ਹੈ। ਅੰਮ੍ਰਿਤਾ ਨੇ ਜਾਣ ਤੋਂ ਪਹਿਲਾਂ ਇਹ ਕਿਹਾ ਸੀ ਕਿ ਮੈਂ ਤੈਨੂੰ ਫ਼ਿਰ ਮਿਲਾਂਗੀ , ਪਰ ਜੋ ਵੱਖ ਹੀ ਨਾ ਹੋ ਸਕੇ! ਉਸ ਨੂੰ ਫ਼ਿਰ ਮਿਲਣ ਲਈ ਕਹਿਣਾ ਦਰਦ ਦੇਣਾ ਹੈ। ਅੰਮ੍ਰਿਤਾ ਇਸ ਭਾਵ ਨੂੰ ਸਮਝਣ ਵਿਚ ਕਿਤੇ ਪਿੱਛੇ ਰਹਿ ਗਈ। ਕੀ ਅਹਿਸਾਸ ਸਿਰਫ਼ ਸਰੀਰ ਸਾਹਮਣੇ ਹੋਣ ਨਾਲ ਹੀ ਪੈਦਾ ਹੁੰਦੇ ਹਨ?

ਅਸੀਂ ਇਹ ਸਵਾਲ ਆਪਣੇ ਆਪ ਨੂੰ ਵੀ ਬਾਰ ਬਾਰ ਕਰਦੇ ਹਾਂ ਅਤੇ ਇਕ ਦੂਸਰੇ ਤੋਂ ਵੀ ਪੁੱਛਦੇ ਰਹਿੰਦੇ ਹਾਂ ਕਿ ਅੰਮ੍ਰਿਤਾ ਦਾ ਇਮਰੋਜ਼ ਨਾਲ ਕੀ ਰਿਸ਼ਤਾ ਸੀ। ਕੋਈ ਕੁਝ ਵੀ ਕਹੇ ਪਰ ਮਨ ਵਿਚ ਇਸਦਾ ਇਕ ਹੀ ਜਵਾਬ ਰਹਿੰਦਾ ਹੈ ਕਿ ਉਹੀ ਜੋ ਔਰਤ ਦਾ ਮਰਦ ਦੇ ਨਾਲ ਓਹਲੇ ਵਿਚ ਹੁੰਦਾ ਹੈ। ਕਿਉਂਕਿ ਔਰਤ ਮਰਦ ਦਾ ਇਸ ਤੋਂ ਵੱਖਰੇ ਮਿਆਰ ਵਾਲਾ ਰਿਸ਼ਤਾ ਸਮਾਜ ਨੇ ਕਦੇ ਤੈਅ ਕੀਤਾ ਹੀ ਨਹੀਂ। ਇਉਂ ਸਾਡਾ ਸਮਾਜ ਔਰਤ ਮਰਦ ਨੂੰ ਇਕ ਖ਼ਾਸ ਰਿਸ਼ਤੇ ਵਿਚ ਹੀ ਸਵੀਕਾਰ ਕਰਦਾ ਹੈ। ਇਹ ਤੈਅ ਵੀ ਸਮਾਜ ਵੱਲੋਂ ਹੀ ਕੀਤਾ ਗਿਆ ਹੈ। ਮਨੁੱਖ ਦੀ ਦੁਨੀਆ ਹੋਰ ਜੀਵਾਂ ਨਾਲੋਂ ਇਸ ਰਿਸ਼ਤੇ ਦੇ ਆਧਾਰ ‘ਤੇ ਵੱਖਰੀ ਹੋ ਜਾਂਦੀ ਹੈ। ਰਿਸ਼ਤੇ ਪਛਾਣ ਤਾਂ ਦਿੰਦੇ ਹਨ ਪਰ ਨਾਲ ਹੀ ਬੰਧਨ ਵਿਚ ਵੀ ਬੰਨ੍ਹ ਦਿੰਦੇ ਹਨ। ਇਨ੍ਹਾਂ ਦਾ ਉਲੰਘਣ ਕਰਨ ਵਾਲੇ ਮਨੁੱਖ ਨੂੰ ਸਮਾਜ ਵਿਚ ਮਨੁੱਖੀ ਕੀਮਤਾਂ ਤੋਂ ਹੇਠਾਂ ਡਿੱਗਿਆ ਕਿਹਾ ਜਾਂਦਾ ਹੈ।

ਅੰਮ੍ਰਿਤਾ ਦੇ ਇਮਰੋਜ਼ ਨਾਲ ਰਿਸ਼ਤੇ ਬਾਰੇ ਗੱਲ ਕਰਨ ਲੱਗਿਆਂ ਇਹ ਧਿਆਨ ਦੇਣਾ ਹੋਵੇਗਾ ਕਿ ਉਹ ਸਿਰਫ਼ ਔਰਤ ਮਰਦ ਹੀ ਨਹੀਂ ਹਨ। ਉਹ ਕਲਾਕਾਰ ਵੀ ਹਨ। ਉਨ੍ਹਾਂ ਦੇ ਖੂ:ਨ ਵਿਚ ਕਲਾ ਹੈ। ਉਹ ਕਲਾ ਤੋਂ ਪੈਦਾ ਹੋਏ ਹਨ। ਇਸ ਲਈ ਜੇ ਕਲਾ ਨੂੰ ਮਾਂ ਮੰਨ ਲਿਆ ਜਾਵੇ ਤਾਂ ਅੰਮ੍ਰਿਤਾ ਅਤੇ ਇਮਰੋਜ਼ ਇਸ ਦੀਆਂ ਦੋ ਧੀਆਂ ਹਨ : ਇਕ ਅੱਖਰ ਅਤੇ ਦੂਸਰੀ ਚਿੱਤਰ। ਇਕੋ ਮਾਂ ਜਾਈਆਂ। ਇਉਂ ਇਹ ਦੋਵੇਂ ਰਿਸ਼ਤੇ ਵਿਚ ਭੈਣਾਂ ਹੋਈਆਂ। ਅਜਿਹੀਆਂ ਭੈਣਾ ਜਿਨ੍ਹਾਂ ਦਾ ਆਪਸ ਵਿਚ ਗਹਿਰਾ ਪਿਆਰ ਹੈ। ਇਕ ਦੂਸਰੇ ਦਾ ਖ਼ਿਆਲ ਰੱਖਣ ਵਾਲੀਆਂ। ਅੰਮ੍ਰਿਤਾ ਵੱਡੀ ਅਤੇ ਇਮਰੋਜ਼ ਛੋਟੀ ਭੈਣ। ਛੋਟੀ ਨੇ ਛੋਟੀ ਹੋਣ ਦਾ ਧਰਮ ਪਾਲਿਆ। ਸਾਰੀ ਉਮਰ ਵੱਡੀ ਭੈਣ ਦੀ ਸੇਵਾ ਕੀਤੀ। ਉਸਦੇ ਇਸ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਵੀ ਉਹ ਉਸ ਦੀਆਂ ਯਾਦਾਂ ਨੂੰ ਹੀ ਬੋਲ ਦੇ ਰਹੀ ਹੈ।
ਇਮਰੋਜ਼ ਨੇ ਉਹ ਕੀਤਾ ਜੋ ਮਰਦ ਨਹੀਂ ਕਰ ਸਕਦਾ। ਮਰਦ ਹਮੇਸ਼ਾ ਆਪਣੇ ਆਪ ਨੂੰ ਉੱਤਮ ਹੀ ਮੰਨਦਾ ਹੈ। ਇਸੇ ਲਈ ਉਹ ਔਰਤ ਦਾ ਕਦੇ ਸਹੀ ਸਾਥ ਨਹੀਂ ਮਾਣ ਸਕਦਾ। ਹਰ ਥਾਂ ਟਕਰਾਅ ਰਹਿੰਦਾ ਹੈ। ਇਮਰੋਜ਼ ਨੇ ਆਪਣੇ ਮਰਦ ਹੋਣ ਦੇ ਅਹਿਸਾਸ ਨੂੰ ਨਾ ਸਿਰਫ਼ ਮਿਟਾਇਆ ਬਲਕਿ ਅੰਮ੍ਰਿਤਾ ਦੇ ਨਾਰੀ ਹੋਣ ਦੇ ਭਾਵ ਨੂੰ ਵੀ ਪਛਾਣਿਆ। ਇਸੇ ਲਈ ਤਾਂ ਇਹ ਰਿਸ਼ਤਾ ਸਦੀਵੀ ਬਣਿਆ। ਉਹ ਅੰਮ੍ਰਿਤਾ ਦੇ ਹਰ ਪਿਆਰ ਨੂੰ ਜਾਣਦਾ ਹੈ ਅਤੇ ਉਨ੍ਹਾਂ ਦੀ ਗੱਲ ਵੀ ਬੜੇ ਉਤਸ਼ਾਹ ਨਾਲ ਕਰਦਾ ਹੈ। ਇਸ ਰਿਸ਼ਤੇ ਨੂੰ ਕੀ ਨਾਂ ਦਿੱਤਾ ਜਾ ਸਕਦਾ ਹੈ। ਸਮਾਜਕ ਮਰਿਆਦਾ ਵਿਚ ਤਾਂ ਅਜਿਹਾ ਕੋਈ ਨਾਂ ਮਿਲਦਾ ਹੀ ਨਹੀਂ ਹੈ। ਇਹ ਰਿਸ਼ਤਾ ਪਿਆਰ ਦਾ ਹੈ ; ਪਰ ਦੁਨਿਆਵੀ ਪਿਆਰ ਤੋਂ ਵੱਖਰਾ। ਇਸ ਪਿਆਰ ਵਿਚ ਦਿਖਾਵਾ ਕਰਨ ਦੀ ਲੋੜ ਨਹੀਂ, ਬਸ ਸਮਝਣ ਦੀ, ਮਹਿਸੂਸ ਕਰਨ ਦੀ ਹੀ ਲੋੜ ਹੁੰਦੀ ਹੈ। ਇਹੀ ਪਿਆਰ ਸਦੀਵੀ ਹੁੰਦਾ ਹੈ। ਇਹ ਸਮੇਂ ਦੇ ਨਾਲ ਹੋਰ ਵੀ ਵੱਧਦਾ ਹੈ। ਇਉਂ ਸਮਾਂ ਵੀ ਇਸ ਅੱਗੇ ਹਾਰ ਜਾਂਦਾ ਹੈ।

ਵਾਰਸ ਸ਼ਾਹ ਨੇ ਆਪਣੇ ਕਿੱਸੇ ਵਿਚ ਹੀਰ ਤੇ ਰਾਂਝੇ ਨੂੰ ਰੂਹ ਅਤੇ ਕਲਬੂਤ ਕਿਹਾ ਸੀ। ਉਸ ਨੇ ਦੋਵਾਂ ਨੂੰ ਇਕ ਕਹਿਣ ਦੀ ਕੋਸ਼ਿਸ਼ ਕੀਤੀ। ਪਰ ਉਹ ਅਣਜਾਣੇ ਵਿਚ ਦੋਵਾਂ ਨੂੰ ਵੱਖ ਕਰ ਦਿੰਦਾ ਹੈ। ਇਸੇ ਲਈ ਹੀਰ ਦੇ ਮਰਨ ‘ਤੇ ਰਾਂਝੇ ਨੂੰ ਵੀ ਮਾਰਨਾ ਪਿਆ ; ਦੋਵਾਂ ਨੂੰ ਇਕ ਕਰਨ ਲਈ। ਅਸਲ ਤਾਂ ਰੂਹ ਹੀ ਹੁੰਦੀ ਹੈ ਅਤੇ ਕਲਬੂਤ ਮਿਟਦਾ ਰਹਿੰਦਾ ਹੈ। ਅੰਮ੍ਰਿਤਾ ਤੇ ਇਮਰੋਜ਼ ਨੂੰ ਰੂਹ ਤੇ ਕਲਬੂਤ ਵਿਚ ਵੰਡਿਆ ਨਹੀਂ ਜਾ ਸਕਦਾ। ਉਹ ਦੋ ਕਲਬੂਤ ਹਨ ਪਰ ਇਕ ਰੂਹ ਹਨ। ਇਸ ਲਈ ਇਕ ਕਲਬੂਤ ਦੇ ਮਿਟਣ ਨਾਲ ਰੂਹ ਕਿਤੇ ਗਈ ਨਹੀਂ। ਦੂਸਰੇ ਕਲਬੂਤ ਵਿਚ ਹੀ ਹੈ।

ਅਸੀਂ ਅੰਮ੍ਰਿਤਾ ਨੂੰ ਭੁੱਲਣ ਲੱਗ ਪਏ ਹਾਂ। ਨਵੀਂ ਪੀੜ੍ਹੀ ਤਾਂ ਨਵੀਂ ਦੁਨੀਆਂ ਵਿਚ ਹੀ ਗੁਆਚੀ ਪਈ ਹੈ। ਵਿਰਸਾ ਪਿੱਛੇ ਰਹਿ ਗਿਆ ਹੈ। ਪਰ ਜਦ ਤੱਕ ਇਮਰੋਜ਼ ਹੈ ਉਸਨੇ ਅੰਮ੍ਰਿਤਾ ਦੀ ਯਾਦ ਦਵਾਉਂਦੇ ਰਹਿਣਾ ਹੈ। ਉਸਨੇ ਇਸਨੂੰ ਭੁੱਲਣ ਨਹੀਂ ਦੇਣਾ। ਅੰਮ੍ਰਿਤਾ ਇਮਰੋਜ਼ ਨੇ ਬਣੀਆਂ ਬਣਾਈਆਂ ਕੀਮਤਾਂ ਅਨੁਸਾਰ ਜੀਵਨ ਨਹੀਂ ਜੀਵਿਆ। ਉਨ੍ਹਾਂ ਆਪਣੀਆਂ ਕੀਮਤਾਂ ਬਣਾਈਆਂ ਅਤੇ ਜੀਵੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਸੱਚੇ ਕਲਾਕਾਰ ਹਨ। ਜੋ ਨਵਾਂ ਘੜਦਾ ਹੈ ਉਹੀ ਸੱਚਾ ਕਲਾਕਾਰ ਹੁੰਦਾ ਹੈ। ਉਨ੍ਹਾਂ ਨੇ ਨਵਾਂ ਘੜਿਆ। ਉਨ੍ਹਾਂ ਦੋਵਾਂ ਨੇ ਜੋ ਨਵਾਂ ਘੜਿਆ ਉਹ ਅਜੇ ਵੀ ਬਹੁਤਿਆਂ ਲਈ ਨਵਾਂ ਹੀ ਹੈ। ਅੰਮ੍ਰਿਤਾ ਦਾ ਇਮਰੋਜ਼ ਇਸ ਸਮੇਂ ਜੋ ਹੋਕਾ ਦੇ ਰਿਹਾ ਹੈ-ਅੰਮ੍ਰਿਤਾ ਦੀਆਂ ਗੱਲਾਂ ਕਰਦਾ ਸਮਾਜ ਦੀਆ ਖੋਖਲੀਆਂ ਕੀਮਤਾਂ ਨੂੰ ਜਿਵੇਂ ਸਾਡੇ ਸਾਹਮਣੇ ਰੱਖਦਾ ਹੈ ਉਸ ਨੂੰ ਸੁਣ ਕਈ ਵਾਰ ਮਨ ਉਦਾਸ ਹੋ ਉੱਠਦਾ ਹੈ। ਇਮਰੋਜ਼ ਜਦੋਂ ਬੋਲ ਰਿਹਾ ਹੁੰਦਾ ਹੈ ਤਾਂ ਕਈ ਵਾਰ ਉਸਦੇ ਅਕਸ ਵਿਚ ਅੰਮ੍ਰਿਤਾ ਦਾ ਅਕਸ ਨਜ਼ਰ ਆਉਣ ਲੱਗ ਪੈਂਦਾ ਹੈ। ਆਖਰਕਾਰ ਉਹ ਅੰਮ੍ਰਿਤਾ ਦਾ ਇਮਰੋਜ਼ (ਹੁਣ/ਅੱਜ) ਹੀ ਤਾਂ ਹੈ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 19 ਅਕਤੂਬਰ 2010)
(ਦੂਜੀ ਵਾਰ 21 ਜਨਵਰੀ 2022)

***
587
***

ਪ੍ਰੋਫ਼ੈਸਰ, ਪੰਜਾਬੀ ਵਿਭਾਗ,
ਕੁਰੂਕੁਸ਼ੇਤਰ ਯੁਨੀਵਰਸਿਟੀ, ਕੁਰੂਕੁਸ਼ੇਤਰ।
ਮੋਬਾਈਲ +919416412585
e-mail:hssrkuk@yayoo.com

ਹਰਸਿਮਰਨ ਸਿੰਘ ਰੰਧਾਵਾ (ਡਾ.)

ਪ੍ਰੋਫ਼ੈਸਰ, ਪੰਜਾਬੀ ਵਿਭਾਗ, ਕੁਰੂਕੁਸ਼ੇਤਰ ਯੁਨੀਵਰਸਿਟੀ, ਕੁਰੂਕੁਸ਼ੇਤਰ। ਮੋਬਾਈਲ +919416412585 e-mail:hssrkuk@yayoo.com

View all posts by ਹਰਸਿਮਰਨ ਸਿੰਘ ਰੰਧਾਵਾ (ਡਾ.) →