4 December 2022

‘ਆਸ਼ਾ ਅਤੇ ਨਿਰਾਸ਼ਾ’ ਤੋਂ ਰਹਿਤ ਲੇਖਕ – ਡਾ. ਗੁਰਦਿਆਲ ਸਿੰਘ ਰਾਏ

‘ਆਸ਼ਾ ਅਤੇ ਨਿਰਾਸ਼ਾ’ ਤੋਂ ਰਹਿਤ ਲੇਖਕ

ਡਾ. ਗੁਰਦਿਆਲ ਸਿੰਘ ਰਾਏ

ਮੈਂ ਡਾ. ਗੁਰਦਿਆਲ ਸਿੰਘ ਰਾਏ ਜੀ ਨੂੰ ਕੁਝ ਕੁ ਮਹੀਨਿਆ ਤੋਂ ਟੈਲੀਫੋਨ ਰਾਹੀਂ ਮਿਲਿਆਂ। ਇੰਝ ਲੱਗਦਾ ਜਿਵੇਂ ਚਿਰਾਂ ਦੀ ਸਾਂਝ ਹੋਵੇ।

ਹਰ ਵਾਰ ਗੱਲ ਕਰਦਿਆਂ ਜਾਂ ਉਹਨਾਂ ਦੀਆਂ ਲਿਖਤਾਂ ਪੜ੍ਹਦਿਆਂ ਇਹ ਪ੍ਰਤੱਖ ਹੁੰਦਾ ਹੈ ਕੇ ਇਹ ਠਰੰਮਾ, ਇਹ ਵਿਦਵਤਾ, ਇਹ ਆਲੋਚਨਾ ਤੋਂ ਪਾਰ ਦੀ ਦ੍ਰਿਸ਼ਟੀ, ਇਹ ਜਿੰਦਗੀ ਦੇ ਅਸਹਿ ਨੂੰ ਸਹਿ ਸਕਣ ਦੀ ਤਾਕਤ, ਇਹ ਵਾਕਾਂ ਦੇ ਹਰ ਸ਼ਬਦ ਵਿਚੋਂ ਝਲਕਦੀ ਬਰਾਬਰਤਾ ਤੇ ਸੰਪੂਰਨਤਾ ਦੀ ਸਤਹਿ ਹੇਠ ਕੋਈ ਵਿਸ਼ਾਲ ਵਿਚਾਰਾਂ ਦਾ ਦਰਿਆ ਵਗਦਾ ਜਿਸ ਨੂੰ ਪਹਾੜਾਂ ਦੀ ਉਚਾਣ ਨਿਵਾਣ ਵਿੱਚੋ ਆਪਣੇ ਰਸਤੇ ਆਪ ਖੋਜਣੇ ਪਏ।

ਅੱਜ ਕੁਦਰਤੀ, ਲਿਖਾਰੀ ਦੀਆਂ ਪੁਰਾਣੀਆਂ ਲਿਖਤਾਂ ਵਿੱਚੋ ਰਾਏ ਜੀ ਦਾ ਖਿਆਲਾਂ ਨੂੰ ਨਵਿਆਉਂਦਾ ਆਹ ਸਵੈ ਕਥਨ ‘ਆਸ਼ਾ ਅਤੇ ਨਿਰਾਸ਼ਾ’ ਤੋਂ ਰਹਿਤ ਲੇਖਕ ਮਿਲਿਆ ਜੋ ਉਪਰਲੇ ਵਿਚਾਰ ਦੇ ਹੱਕ ਵਿਚ ਹਾਕਾਂ ਮਾਰ ਮਾਰ ਹਾਮੀ ਭਰਦਾ।

ਇਸ ਲਿਖਤ ਨੂੰ ਦੁਬਾਰਾ ਲਿਖਾਰੀ ਤੇ ਛਾਪਣ ਵਿਚ ਆਨੰਦ ਆ ਰਿਹਾ – ਕੰਵਰ

***

ਲੇਖਕ ਬਣਨ ਦਾ ਢੋਂਗ ਕਰਨਾ ਹੋਰ ਗੱਲ ਹੈ ਪਰ ਸਹੀ ਅਰਥਾਂ ਵਿੱਚ ਲੇਖਕ ਬਣਨਾ ਹੋਰ ਗੱਲ ਹੈ। ਲਿਖਣਾ, ਰਚਨਾ ਕਰਨੀ, ਸੁਖਾਲਾ ਕਾਰਜ ਨਹੀਂ। ਕੋਈ ਮੰਨੇ ਜਾਂ ਨਾ ਮੰਨੇ, ਪਰ ਲਿਖਣਾ ਬਹੁਤ ਹੀ ਔਖਾ ਅਤੇ ਤਰੱਦਦ ਦਾ ਕੰਮ ਹੈ। ਲਿਖਣਾ, ਤਾਂ ਹੀ ਸੰਭਵ ਹੈ ਜੇਕਰ ਲੇਖਕ ਪੂਰੀ ਈਮਾਨਦਾਰੀ ਨਾਲ ਜਾਗਿਆ ਹੋਇਆ ਹੋਵੇ ਅਤੇ ਮਿਹਨਤ ਕਰਨ ਲਈ ਤਿਆਰ ਹੋਵੇ।

ਹੁਣ ਰਹੀ ਗੱਲ ਆਪਣੇ ਸਬੰਧੀ ਕੁਝ ਲਿਖਣ ਦੀ। ਆਪਣੇ ਬਾਰੇ ਪੂਰੇ ਇਨਸਾਫ਼ ਨਾਲ ਸਹੀ ਗੱਲ ਲਿਖਣੀ ਬਹੁਤ ਕਠਿਨ ਹੁੰਦੀ ਹੈ। ਆਪਣੇ ਬਾਰੇ ਲਿਖਦੇ ਸਮੇਂ ਸਦਾ ਹੀ ਇਹ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਆਪਣੇ ਬਾਰੇ ਕੋਈ ਝੂਠੀ, ਬਨਾਵਟੀ ਅਤੇ ਬੜਬੋਲੇ ਢੰਗ ਦੀ ਊਟਪਟਾਂਗ ਗੱਲ ਨਾ ਲਿੱਖ ਦਿੱਤੀ ਜਾਵੇ। ਇੱਕ ਲੇਖਕ ਲਈ ਇਸ ਤੋਂ ਵੱਧ ਅਪਮਾਨਜਨਕ ਹੋਰ ਕੀ ਹੋ ਸਕਦਾ ਹੈ ਕਿ ਉਸ ਦੇ ਪਾਠਕ, ਉਸ ਨੂੰ ਝੂਠਾ ਅਤੇ ਮੱਕਾਰ ਦੇਖਣ।

ਲੇਖਕ ਦਾ ਪਹਿਲਾ ਧਰਮ ਹੈ: ਸੱਚਾਈ ਪ੍ਰਤੀ ਉਸਦੀ ਦਰਿੜ੍ਹਤਾ ਅਤੇ ਬਨਾਵਟ ਤੋਂ ਦੂਰੀ। ਇੱਕ ਲੇਖਕ ਨੂੰ ਬਨਾਵਟ ਕਦੇ ਵੀ, ਕਿਸੇ ਥਾਂ ਵੀ ਅਤੇ ਕਿਸੇ ਰੂਪ ਵਿੱਚ ਵੀ ਨਹੀਂ ਸੱਜਦੀ, ਨਹੀਂ ਸ਼ੋਭਦੀ।

ਤੁਸੀਂ ਯਕੀਨ ਕਰਨਾ ‘ਰਾਲਫ਼ ਮੂਡੀ’ ਦੀ ਤਰ੍ਹਾਂ ਮੈਂ ਕਦੇ ਕੋਈ ਅਜਿਹਾ ਸੁਪਨਾ ਨਹੀਂ ਸੀ ਲਿਆ ਕਿ ਬਹੁਤ ਹੀ ਛੋਟੀ ਉਮਰ ਵਿੱਚ ਹੀ ਲਿਖਣਾ ਆਰੰਭ ਕਰਾਂਗਾ। ਬਚਪਨ ਵਿੱਚ ਤਾਂ—ਜਦੋਂ ਥੋੜ੍ਹੀ ਸੂਝ ਆਈ—ਮੈਂ ਸੋਚਿਆ ਕਰਦਾ ਸਾਂ ਕਿ ‘ਕੁੱਝ-ਲਿਖਣ ਛਪਣ ਵਾਲੇ ਲੋਕੀਂ’ ਬਹੁਤ ਹੀ ਪੜ੍ਹੇ ਲਿਖੇ ਅਤੇ ਵਿਸ਼ੇਸ਼ ਤਰ੍ਹਾਂ ਦੇ ਅਕਲਮੰਦ ਹੁੰਦੇ ਹੋਣਗੇ। ਪਰ – ਖਿ਼ਮਾਂ ਚਾਹੁੰਦਾ ਹਾਂ—ਜਿਵੇਂ ਹੀ ਕੁੱਝ ਹੋਰ ਸੋਝ੍ਹੀ ਪਈ ਤਾਂ ਇਹ ਦੇਖ ਕੇ ਬੇਹੱਦ ਹੈਰਾਨੀ ਹੋਈ ਕਿ ਲੇਖਕ ਲਈ ਨਾ ਤਾਂ ‘ਅਕਾਦਮਿਕ’ ਡਿਗਰੀਆਂ ਦੀ ਹੀ ਲੋੜ ਹੁੰਦੀ ਹੈ ਅਤੇ ਨਾ ਹੀ ਕੋਈ ਬਹੁਤੀ ਅਸਾਧਾਰਨ ਅਕਲ ਦੀ ਹੀ। ਬਸ, ਨਾਂ ਮਾਤਰ ਅਕਲਮੰਦੀ ਅਤੇ ਲਿਖਣ ਲਈ ਇਕ ਵਿਸ਼ੇਸ਼ ਕਿਸਮ ਦੀ ਅੱਗ ਨੂੰ ਬਰਾਬਰ ਹਵਾ ਦੇਣ ਵਾਲਾ ਦਿੱਲ-ਦਿਮਾਗ ਚਾਹੀਦਾ ਹੈ। ਪਰ ਜੇਕਰ ਚੰਗੇ ਭਾਗੀਂ, ਕੋਈ ਬਹੁਤ ‘ਪੜ੍ਹਨ-ਲਿਖਣ’, ਡਿਗਰੀਆਂ ਪ੍ਰਾਪਤ ਕਰਨ ਅਤੇ ਅਕਲਮੰਦ ਹੋਣ ਵਿੱਚ ਵੀ ਸਫਲ ਹੋ ਜਾਵੇ ਤਾਂ ਤੇ ਫਿਰ ਕਹਿਣਾ ਹੀ ਕੀ? ਬੱਸ, ‘ਸੋਨੇ ‘ਤੇ ਸੁਹਾਗੇ’ ਵਾਲੀ ਗੱਲ ਹੀ ਹੁੰਦੀ ਹੈ।

ਮੈਂ ਸੋਲਾਂ ਵਰਿੵਆਂ ਦੀ ਉਮਰ ਤੋਂ ਲਿਖਣਾ ਆਰੰਭ ਕੀਤਾ। ਆਰੰਭ ਡਾਇਰੀ ਲਿੱਖ ਕੇ ਕੀਤਾ। ਸਾਰੇ ਦਿਨ ਭਰ ਦੀਆਂ ਗੱਲਾਂ, ਘਟਨਾਵਾਂ, ਦੁਰਘਟਨਾਵਾਂ ਏਕਾਂਤ ਵਿੱਚ ਬਹਿ ਕੇ ਲਿਖਦਾ ਸਾਂ। ਫਿਰ ਜਦੋਂ ਕਦੇ ਵੀ ਮੁੜ ਸਮਾਂ ਮਿਲਦਾ ਤਾਂ ਇਹਨਾਂ ਨੂੰ ਪੜ੍ਹਦਾ ਵੀ। ਪਰ ਨਿਯਮ ਪੂਰਵਕ ਛਪਿਆ ਮੈ ਅਠਾਰਾਂ ਵਰਿੵਆਂ ਦੀ ਉਮਰ ਵਿੱਚ ਹੀ। ਡਾਇਰੀ (ਕਦੇ ਘੱਟ, ਕਦੇ ਵੱਧ), ਅੱਜ ਵੀ ਲਿੱਖਦਾ ਹਾਂ ਪਰ ਹੁਣ ਬਹੁਤ ਹੀ ਨਿਯਮ ਨਾਲ ਬਾਕਾਇਦਾ ਨਹੀ ਲਿੱਖ ਪਾ ਰਿਹਾ। ਉਂਝ ਡਾਇਰੀ ਲਿਖਣ ਦੀ ਆਦਤ ਬਹੁਤ ਚੰਗੀ ਹੈ। ਘੱਟੋ-ਘੱਟ ਮੇਰੇ ਲਈ ਅਤੇ ਹੋਰ ਵੀ ਬਹੁਤ ਸਾਰਿਆਂ ਲਈ ਤਾਂ ਚੰਗੀ ਹੀ ਰਹੀ ਹੈ। ਇਸੇ ਆਦਤ ਕਾਰਨ ਹੀ ਮੈਂ ਅੱਜ ਤੱਕ ਚੰਗਾ-ਮਾੜਾ ਲਿਖੀ ਜਾ ਰਿਹਾ ਹਾਂ।

ਉਂਝ ਲਿਖਣ ਤੋਂ ਵੀ ਪਹਿਲਾਂ ਜਦ ਮੈਂ ਪੜ੍ਹਨਾ ਆਰੰਭ ਕੀਤਾ ਤਾਂ ਆਪਣੇ ਆਪ ਨੂੰ ‘ਕਾਂਜੀਖੂਆ’ ਪਿੰਡ ਦੇ ਇੱਕ ਆਸਾਮੀ-ਬੰਗਾਲੀ ਸਕੂਲ ਵਿੱਚ ਦੇਖਿਆ। ਕੇਵਲ ਇੱਕ ਵਰੵੇ ਦੀ ਉਮਰ ਵਿੱਚ ਹੀ ਆਸਾਮ ਤੋਂ ਪੰਜਾਬ ਅਤੇ ਫਿਰ ਮੁੜਕੇ ਆਸਾਮ ਆ ਪਹੁੰਚੇ। ਮੁੜ ਕੇ ਆਏ ਤਾਂ ਪ੍ਰਾਇਮਰੀ ਸਕੂਲ ਜਾ ਪੁੱਜਿਆ। ਜ਼ਰਾ ਹੋਸ਼ ਸੰਭਾਲਣ ਤੇ ਪਤਾ ਲੱਗਿਆ ਕਿ ਘਰ ਵਿੱਚ ਮਾਤਾ-ਪਿਤਾ ਨਾਲ ਪੰਜਾਬੀ ਬੋਲਾਂ ਦੀ ਸਾਂਝ ਪੈ ਰਹੀ ਸੀ—ਪਰ ਬਾਹਰ ਸਾਰਾ ਦਿਨ ਹੀ ਹਿੰਦੀ ਜਾਂ ਹਿੰਦੁਸਤਾਨੀ ਮਿਸ਼ਰਤ ਆਸਾਮੀ-ਬੰਗਾਲੀ ਚਲਦੀ ਸੀ। ਪ੍ਰਾਇਮਰੀ ਸਕੂਲ ਤੋਂ ਨਿਕਲ ਕੇ ਡਿਬਰੂਗੜ੍ਹ ਦੇ ‘ਮਾਰਵਾੜੀ ਹਿੰਦੀ ਇੰਗਲਿਸ਼’ ਸਕੂਲ ਵਿੱਚ ਹਿੰਦੀ-ਸੰਸਕ੍ਰਿਤ ਨਾਲ ਵਾਹ ਪਿਆ। ਬੱਸ, ਪਾਠਕ ਇਹੋ ਹੀ ਸਮਝ ਲੈਣ ਕਿ ਅਸੀੰ (ਮੈਂ) ‘ਹਰ ਫ਼ਨ ਮੌਲਾ’ ਹੋ ਗਏ ਅਤੇ ਕਿਸੇ ਵੀ ‘ਕੰਮ’ ਦੇ ਨਾ ਰਹੇ। ਇੱਥੋਂ ਹੀ ‘ਹਿੰਦੀ ਸਾਹਿਤ’ ਨੂੰ ਪੜ੍ਹਨ ਦੀ ਭੈੜੀ ਬਿਮਾਰੀ ਲੱਗ ਗਈ। ਇਹੋ ਹੀ ਬਿਮਾਰੀ ਉਸ ਸਮੇਂ ਅਸਾਧ ਰੋਗ ਬਣ ਗਈ ਜਦੋਂ ‘ਪੰਜਾਬੀ ਸਾਹਿਤ’ ਵੀ ਆ ਚੁੰਬੜਿਆ। ਪਰ—

ਪਰ ਇਸ ਉਮਰ ਵਿੱਚ ਜਦ ਮੈਂ ਹਿੰਦੀ-ਪੰਜਾਬੀ ਦੀਆਂ ਪੁਸਤਕਾਂ ਧੜਾ-ਧੜ ਪੜ੍ਹ ਰਿਹਾ ਸਾਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਗ੍ਹਾਂ ਚੱਲ ਕੇ ਇਹੋ ਪੜ੍ਹਨਾ ਵੀ, ਲਿਖਣ ਦਾ, ਇੱਕ ਹੋਰ ਪ੍ਰੇਰਨਾ-ਸਰੋਤ ਬਣੇਗਾ। ਇਸ ਵੇਲੇ ਮੈਂ ਦਸਵੀੰ ਜਮਾਤ ਵਿੱਚ ਸਾਂ ਅਤੇ ਡਿਬਰੂਗੜ੍ਹ ਵਿੱਚ ਸਥਾਨਕ ਤੌਰ ਤੇ ‘ਹਿੰਦੀ-ਪੰਜਾਬੀ’ ਦੀਆਂ ਪੜ੍ਹਨ ਲਾਇਕ ਪੁਸਤਕਾਂ ਨਹੀਂ ਮਿਲਦੀਆਂ ਸਨ। ਸਕੂਲ ਦੀ ਲਾਇਬਰੇਰੀ ਵਿੱਚ ਹਿੰਦੀ ਦੀਆਂ ਕੁਝ ਨਾਮ-ਮਾਤਰ ਪੁਸਤਕਾਂ ਸਨ ਪਰ ਪੰਜਾਬੀ ਦੀਆਂ ਪੁਸਤਕਾਂ ਦਾ ਬਿਲਕੁਲ ਹੀ ਨਾਂ-ਨਿਸ਼ਾਨ ਨਹੀਂ ਸੀ ਹੁੰਦਾ। ਹਾਂ, ਪੰਜਾਬੀ ਦੇ ਗੁਰਬਾਣੀ ਦੇ ਗੁਟਕੇ ਜ਼ਰੂਰ ਮਿਲ ਜਾਂਦੇ ਸਨ ਅਤੇ ਕੁਝ ਕੁ ਧਾਰਮਕ ਪੁਸਤਕਾਂ। ਪਤਾ ਨਹੀਂ ਕਿਵੇਂ ਕੁਝ ਪੁਸਤਕਾਂ ਵਾਲਿਆਂ ਦੇ ਪਤੇ ਮੇਰੇ ਹੱਥ ਲੱਗੇ ਅਤੇ ਮੇਰੇ ਦਿਮਾਗ਼ ਵਿੱਚ ਕੀ ਫ਼ਤੂਰ ਆ ਵੜਿਆ ਕਿ ਕਲਕਤਾ ਦੇ ਇੱਕ ਪੁਸਤਕਾਂ ਵੇਚਣ ਵਾਲੇ ਤੋਂ ਅਤੇ ਅੰਮ੍ਰਿਤਸਰ ਦੇ ‘ਨਾਨਾਕ ਸਿੰਘ ਪੁਸਤਕਮਾਲਾ’ ਤੋਂ ਹਿੰਦੀ-ਪੰਜਾਬੀ ਦੀਆਂ ਪੁਸਤਕਾਂ ਵੀ.ਪੀ. ਰਾਹੀਂ ਮੰਗਵਾ ਮੰਗਵਾ ਕੇ ਪੜ੍ਹਨ ਲੱਗਾ। ਇਸ ਦੇ ਨਾਲ ਹੀ ਮੈਂ ਆਪਣੀ ਇੱਕ ਨਿੱਕੀ ਜਿਹੀ ਲਾਇਬਰੇਰੀ ਕਾਇਮ ਕਰਨ ਦੇ ਆਹਰ ਵਿੱਚ ਵੀ ਜੁੱਟ ਗਿਆ। ਮਾਤਾ-ਪਿਤਾ ਨੂੰ, ਮੈਂਨੂੰ ਲੱਗੀ ਏੇਸ ‘ਭੈੜੀ’ ਬਿਮਾਰੀ ਦਾ ਕੁਝ ਪਤਾ-ਥਹੁ ਨਹੀਂ ਸੀ। ਮਾਤਾ-ਪਿਤਾ ਤੋਂ ਦੂਰ ਡਿਬਰੂਗੜ੍ਹ ਵਿਖੇ ਹੀ ਰਹਿੰਦਾ-ਪੜ੍ਹਦਾ ਅਤੇ ਹਫ਼ਤੇ, ਦੋ ਹਫਤੇ ਬਾਅਦ ਹੀ ‘ਕਾਂਜੀਖੂਆ’ ਜਾਂਦਾ ਸੀ। ਆਈਆਂ ਪੁਸਤਕਾਂ ਦੀ ਵੀ.ਪੀ. ਡਿਬਰੂਗੜ੍ਹ ਹੀ ਛੁਡਾਉਂਦਾ ਸੀ। ਵੀ.ਪੀ. ਛੁਡਾਉਣ ਲਈ ਬਹੁਤੀ ਬਾਰ ਜੇਬ-ਖ਼ਰਚ ਲਈ ਮਿਲੇ ਪੈਸੇ ਹੀ ਵਰਤਣੇ ਪੈਂਦੇ। ਕਦੇ ਮਾਤਾ-ਪਿਤਾ ਪਾਸ ਵਾਧੂ ਖ਼ਰਚ ਦਾ ਬਹਾਨਾ ਕਰਦਾ। ਜਦੋਂ ਕੋਈ ਹੋਰ ਚਾਰਾ ਨਾ ਚਲਦਾ ਤਾਂ ਘਰੋਂ ਚੋਰੀ ਵੀ ਕਰ ਲੈਂਦਾ। ਪੁਸਤਕਾਂ ਮੰਗਵਾਉਣ ਅਤੇ ਪੜ੍ਹਨ ਦਾ ਪਾਗਲਪਨ ਸਿਰ ਸਵਾਰ ਸੀ, ਕੀ ਕਰਦਾ?

ਦਸਵੀਂ ਦੀ ਪਰੀਖਿਆ ਲਈ ‘ਗੁਹਾਟੀ ਯੂਨੀਵਰਸਿਟੀ’ ਨੂੰ ਦਾਖ਼ਲੇ ਭੇਜਣ ਸਬੰਧੀ ਟੈਸਟ ਹੋਏ। ਜੋ ਨਹੀਂ ਸੀ ਹੋਣਾ ਚਾਹੀਦਾ ਉਹੀ ਹੋ ਗਿਆ। ਅਰਥਾਤ ਮੈਂ ਹਿਸਾਬ (ਗਣਿਤ) ਵਿੱਚ ਬਹੁਤ ਹੀ ਬੁਰੀ ਤਰ੍ਹਾਂ ਫ਼ੇਲ੍ਹ ਹੋ ਗਿਆ। ਦਾਖ਼ਲਾ ਰੋਕ ਦਿੱਤਾ ਗਿਆ ਅਤੇ ਸਕੂਲ ਵਾਲਿਆਂ ਮੇਰੇ ਮਾਤਾ-ਪਿਤਾ ਤੱਕ ਖ਼ਬਰ ਪੁੱਜਦੀ ਕਰ ਦਿੱਤੀ। ਪਿਤਾ ਜੀ ਦਾ ਨਾਰਾਜ਼ ਹੋਣਾ ਕੁਦਰਤੀ ਹੀ ਸੀ। ਡਿਬਰੂਗੜ੍ਹ ਆ ਕੇ ਉਹਨਾਂ ਨੇ ਮੇਰੇ ਫੇਲ੍ਹ ਹੋ ਜਾਣ ਦੇ ਕਾਰਨਾਂ ਦੀ ਪੁਛ-ਪੜਤਾਲ ਅਤੇ ਛਾਣਬੀਣ ਕੀਤੀ ਤਾਂ ਉਹਨਾਂ ਨੂੰ ਮੇਰੀ ਹਿੰਦੀ-ਪੰਜਾਬੀ ਦੀ ਨਿੱਜੀ ਲਾਇਬਰੇਰੀ ਦਾ ਪਤਾ ਚੱਲਿਆ। ਪਿਤਾ ਜੀ ਇਹ ਸਭ ਵੇਖ ਕੇ ਗੁੱਸੇ ਵਿੱਚ ਆ ਗਏ ਕਿ ਉਹਨਾਂ ਦਾ ਲਾਡਲਾ ਵੱਡਾ ਪੁੱਤਰ ਗਣਿਤ ਦੀ ਥਾਂ ਮੁਨਸ਼ੀ ਪ੍ਰੇਮ ਚੰਦ, ਬੰਕਿਮ ਚੰਦਰ, ਟੈਗੋਰ ਅਤੇ ਨਾਨਕ ਸਿੰਘ ਦੀਆਂ ਲਿਖਤਾਂ ਪੜ੍ਹਨ ਵਿੱਚ ਦਿਲਚਸਪੀ ਲੈ ਰਿਹਾ ਹੈ। ਇਹ ਦੱਸਣ ਦੀ ਤਾਂ ਲੋੜ ਹੀ ਨਹੀਂ ਕਿ ਕਿੰਨੀ ਕੁ ਗਿੱਦੜ-ਕੁੱਟ ਪਈ। ਪਰ ਇਸ ਕੁੱਟ ਦੇ ਬਾਵਜ਼ੂਦ ਵੀ ਸਕੂਲ ਵਾਲਿਆਂ ਮੇਰਾ ‘ਦਸਵੀਂ’ ਦਾ ਦਾਖ਼ਲਾ ਨਾ ਭੇਜਣ ਦਿੱਤਾ। ਹਾਂ, ਇਸ ਕੁਟ-ਮਾਰ ਦਾ ਇਹ ਲਾਭ ਤਾਂ ਹੋਇਆ ਕਿ ਅਸਾਂ ਇਹ ਫ਼ੈਸਲਾ ਕਰ ਲਿਆ ਕਿ ਹਾਲ ਦੀ ਘੜੀ ਇੱਕ ਬਾਰ ਦਸਵੀਂ ਦੀ ਪਰੀਖਿਆ ਜ਼ਰੂਰ ਪਾਸ ਕਰ ਲਈ ਜਾਵੇ, ਫਿਰ ਪੜ੍ਹਾਂਗਾ ਵੀ ਬਹੁਤ ਅਤੇ ਲਿਖਾਂਗਾ ਵੀ।

ਪਰ ਸਮੇਂ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਅਗਲੇ ਵਰੵੇ ਦਸਵੀਂ ਦੀ ਪਰੀਖਿਆ ਤਾਂ ਸੈਕੰਡ ਡਵੀਜ਼ਨ ਵਿੱਚ ਪਾਸ ਕਰ ਲਈ ਪਰ ਪਰੀਖਿਆ ਪਾਸ ਕਰਨ ਅਤੇ ਪਰੀਖਿਆ ਦਾ ਨਤੀਜਾ ਆਉਣ ਤੱਕ ਸਭ ਕੁਝ ਬਦਲ ਗਿਆ। ਬੱਸ ਇੱਕ ਤਰ੍ਹਾਂ ਨਾਲ ਕਿਆਮਤ ਹੀ ਆ ਗਈ। ਕੱਚੇ-ਪੱਕੇ ਸਭ ਭਾਂਡੇ ਤਿੜਕ ਗਏ। ਰੂਹ ਕੁਰਲਾ ਉੱਠੀ। ਪੂਰਾ ਵੇਰਵਾ ਸ਼ਾਇਦ ਕਦੇ ਫੇਰ ਦੇ ਸਕਾਂ। ਮੈੰਨੂ ਆਪਣੀ ਮਾਤਾ, ਦੋ ਛੋਟੇ ਭਰਾਵਾਂ ਅਤੇ ਇੱਕ ਛੋਟੀ ਭੈਣ ਨਾਲ ਆਸਾਮ ਛੱਡ ਕੇ ਪੰਜਾਬ ਆਉਣਾ ਪਿਆ। ਜੱਦੀ ਪਿੰਡ ਤਾਂ ਭਾਵੇਂ ‘ਰਾਜਪੁਰ ਭਾਈਆਂ’ ਦੇ ਲਾਗੇ ਹੂਕੜਾਂ ਸੀ ਪਰ ਰਹੇ ਆ ਕੇ ਆਦਮਪੁਰ ਦੁਆਬਾ ਹੀ, ਆਪਣੇ ਦੋ ਖਾਨਿਆਂ ਵਾਲੇ ਘਰ ਵਿੱਚ। ਇੱਥੇ ਬਿਤਾਏ ਸਮੇਂ ਦੀ ਆਪਣੀ ਇੱਕ ਵੱਖਰੀ ਕਹਾਣੀ ਹੈ।

ਮੇਰੇ—ਸਾਡੇ—ਪਿਤਾ ਜੀ ਨੇ ਸਾਡਾ ਤਿਆਗ ਕਰ ਦਿੱਤਾ ਸੀ। ਸਹੀ ਅਰਥਾਂ ਵਿੱਚ ਇੱਥੋਂ ਹੀ ਆਰੰਭ ਹੁੰਦਾ ਹੈ ਮੇਰਾ ਜੀਵਨ ਸੰਘਰਸ਼ ਅਤੇ ਸਹੀ ਅਰਥਾਂ ਵਿੱਚ ਮੇਰਾ ਲਿਖਣ-ਪੱਥ, ਲਿਖਣ ਸਫ਼ਰ। ਇਹੋ ਹੀ ਉਹ ਸਮਾਂ ਸੀ ਜਦ ਇਸ ਗੱਲ ਦੀ ਸੋਝੀ ਆਰੰਭ ਹੋਈ ਕਿ ‘ਲਿਖਤਾਂ ਦੇ ਸੰਸਾਰ’ ਅਤੇ ‘ਯਥਾਰਥਕ ਸੰਸਾਰ’ ਵਿੱਚ ਕਿੰਨੀ ਕੁ ਸਮਾਨਤਾ ਅਤੇ ਅਸਮਾਨਤਾ ਹੁੰਦੀ ਹੈ।

ਮੇਰਾ ਬਹੁਤਾ ਸਮਾਂ ਸ਼ੋਕ, ਗੁੱਸੇ ਅਤੇ ਆਤਮਿਕ ਗਿਲਾਨੀ ਨਾਲ ਭਰਿਆ ਰਹਿੰਦਾ। ਕੋਈ ਰਾਹ ਦੱਸਣ ਵਾਲਾ ਨਹੀਂ ਸੀ। ਢਿੱਡ ਕਿਵੇਂ ਭਰਿਆ ਜਾਵੇ? ਖਾਧਾ ਕਿੱਥੋਂ ਜਾਵੇ? ਪੈਸੇ ਕਿੱਥੋਂ ਆਉਣ? ਮਾਤਾ, ਛੋਟੇ ਭਰਾਵਾਂ ਅਤੇ ਭੈਣ ਨੂੰ ਕਿਵੇਂ ਪਾਲਾਂ? ਸੋਲਾਂ ਵਰਿੵਆਂ ਤੋਂ ਵੀ ਘੱਟ ਉਮਰ ਦੇ ਦਸਵੀਂ ਪਾਸ ਛੋਕਰੇ ਨੂੰ ਕੀ ਕੰਮ ਮਿਲਦਾ? ਕੀ ਨੌਕਰੀ ਮਿਲਦੀ? ਮਜ਼ਦੂਰੀ ਕੀਤੀ। ਸੌਦਾ ਪਾਉਣ ਲਈ, ਰੱਦੀ ਅਖ਼ਬਾਰਾਂ ਦੇ ਲਫ਼ਾਫ਼ੇ ਬਣਾ ਬਣਾ, ਦੁਕਾਨਦਾਰਾਂ ਪਾਸ ਵੇਚੇ। ਬਿਨਾਂ ਕਿਸੇ ਤਜ਼ਰਬੇ ਦੇ ਛੋਟੇ ਛੋਟੇ ਬੱਚਿਆਂ ਨੂੰ ਪ੍ਰਾਈਵੇਟ ‘ਟੀਉਸ਼ਨਾਂ’ ਪੜਾਉਣੀਆਂ ਆਰੰਭ੍ਹ ਕੀਤੀਆਂ। ਠੀਕ ਢੰਗ ਨਾਲ ਪੰਜਾਬੀ ਬੋਲਣ ਅਤੇ ਲਿਖਣ ਦਾ ਤਜਰਬਾ ਨਹੀਂ ਸੀ। ਪੰਜਾਬੀ ਬੋਲੀ ਨੂੰ ਠੀਕ ਤਰ੍ਹਾਂ ਨਾਲ ਬੋਲਣਾ-ਪੜ੍ਹਨਾ ਸਿੱਖਿਆ। ਪੰਜਾਬ ਵਿੱਚ ਰਹਿਣ ਕਾਰਨ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਅਤੇ ਪੰਜਾਬੀ ਸਾਹਿਤ ਨਾਲ ਜੁੜਨ ਦਾ ਹੋਰ ਮੌਕਾ ਮਿਲਿਆ। ਬੜੀ ਇੱਛਾ ਸੀ ਕਿ ਡਾਕਟਰ ਬਣਾਂ, ਪੜ੍ਹਾਈ ਵੀ ਆਰੰਭੀ, ਪਰ ਸੰਭਵ ਨਾ ਹੋ ਸਕਿਆ। ਹਾਲਾਤ ਹੀ ਅਜਿਹੇ ਸਨ। ਪ੍ਰਾਈਵੇਟ ਪਰੀਖਿਆਵਾਂ ਦੇ ਦੇ ਕੇ ਵਿਦਿਅਕ ਯੋਗਤਾ (ਕਾਗ਼ਜ਼ੀ) ਪ੍ਰਾਪਤ ਕੀਤੀ। ਕੁਝ ਸਮਾਂ ਅਨਟਰੇਂਡ ਅਧਿਆਪਕ ਲੱਗਾ ਰਿਹਾ। ਕੌਲ (ਕਰਨਾਲ), ਸਹਾਰਨਪੁਰ, ਅਤੇ ਜਾਲੰਧਰ ਵਿਖੇ ਪੜ੍ਹਾਉਂਦਾ ਰਿਹਾ। ਆਦਮਪੁਰ ਤੋਂ ਹੀ ‘ਪੱਤਣ’ ਨਾਂ ਦਾ ਮਾਸਿਕ ਪੰਜਾਬੀ ਪੱਤਰ ਕੱਢਿਆ। ਰਾਹ-ਦਸੇਰੇ ਦੀ ਘਾਟ, ਬਹੁਤੀ ਚਾਹ ਅਤੇ ਬੁਰੀ ਕਿਸਮਤ (ਮੌਕਿਆ) ਕਾਰਨ ਸਾਲ ਤੋਂ ਵੱਧ ਨਾ ਚਲਾ ਸਕਿਆ। ਫਿਰ, ਵਲਾਇਤ ਆਉਣ ਤੋਂ ਪਹਿਲਾਂ, 1963 ਤੱਕ ਜਾਲੰਧਰ ਵਿਖੇ, ਰੋਜ਼ਾਨਾ ‘ਅਕਾਲੀ ਪੱਤ੍ਰਿਕਾ’ ਵਿੱਚ ਪੰਜ ਕੁ ਵਰੵੇ ਸਹਾਇਕ ਸੰਪਾਦਕ (ਨੀਉਜ਼ ਐਡੀਟਰ) ਦੇ ਤੌਰ ਤੇ ਕੰਮ ਕੀਤਾ। ਸਾਹਿਤੱਕ ਅੰਕਾਂ ਦੀ ਸੰਪਾਦਨਾ ਕੀਤੀ। ਪੰਜਾਬੀ ਅਤੇ ਹਿੰਦੀ ਨਾਲ ਜੁੜਿਆ ਰਿਹਾ। ਲਗਾਤਾਰ ਲਿੱਖਦਾ ਅਤੇ ਛੱਪਦਾ ਰਿਹਾਂ। ਇਸ ਸਮੇਂ ਹੀ ਹਿੰਦੀ/ਅੰਗਰੇਜੀ/ਉਰਦੂ ਤੋਂ ਪੰਜਾਬੀ ਵਿੱਚ ਅਨੁਵਾਦ ਦਾ ਕੰਮ ਵੀ ਚਲਦਾ ਰਿਹਾ।

ਆਪਣੇ ਪਰਿਵੇਸ਼ ਨਾਲ ਜੁੜੇ ਰਹਿਣ ਕਾਰਨ ਕੋਈ ਵੀ ਲੇਖਕ ਸੁਗਮਤਾ ਨਾਲ ਲਿੱਖ ਸਕਦਾ ਹੈ। ਪਰ ਮੈਂ ਤਾਂ ਪਹਿਲਾਂ 1953 ਵਿੱਚ ਆਸਾਮ ਤੋਂ ਟੁੱਟਿਆ ਅਤੇ ਫਿਰ 1963 ਵਿੱਚ ਪੰਜਾਬ ਤੋਂ ਟੁੱਟ ਕੇ ਹਜ਼ਾਰਾਂ ਮੀਲ ਦੂਰ, ਆਪਣੇ ਅਤੇ ਆਪਣੇ ਪਰਵਾਰ ਦੇ ਢਿੱਡ ਦੇ ਝੁਲਕਾਅ ਲਈ, ਬਹੁਤੇ ਹੋਰਾਂ ਵਾਂਗ ਹੀ, ਵਲਾਇਤ ਆ ਗਿਆ। ਤੁਸੀਂ ਇਹ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਮੇਰੇ ਮਨੋਬਲ ਉਤੇ ਇਸ ਸਭ ਦਾ ਕਿਹੋ ਜਿਹਾ ਪ੍ਰਭਾਵ ਪਿਆ। ਰੂਸੀ ਲੇਖਕ ‘ਡਾਕਟਰ ਜਿ਼ਵਾਗੋ’ ਦੇ ਲੇਖਕ, ਪਾਸਤਰਨਾਕ ਦਾ ਇੱਕ ਹਵਾਲਾ ਦੇਣਾ ਬਣਦਾ ਹੈ। ‘ਡਾਕਟਰ ਜਿ਼ਵਾਗੋ’ ਲਿਖਣ ਦੇ ਅਪਰਾਧ ਵਿੱਚ, ਪਾਸਤਰਾਕ ਨੂੰ ਰੂਸ (ਸੋਵੀਅਤ ਯੂਨੀਅਨ) ਤੋਂ ਨਿਕਲਣ ਲਈ ਮਜ਼ਬੂਰ ਹੋਣਾ ਪਿਆ। ਹਿੰਦੀ ਦੇ ਪ੍ਰਸਿੱਧ ਲੇਖਕ ਸ੍ਰੀ ਪਦਮ ਕਾਂਤ ਤ੍ਰਿਪਾਠੀ ਨੇ ਪਾਸਤਰਨਾਕ ਨਾਲ ਲਈ ਆਪਣੀ ਇੱਕ ਇੰਟਰਵੀਊ ਪੇਸ਼ ਕਰਦਿਆਂ ਕਿਹਾ ਸੀ:

ਜਦੋਂ ਕਿਸੇ ਲੇਖਕ ਦੀ ਸਾਹਿਤਕ ਹੱਤਿਆ ਕਰਨੀ ਹੋਵੇ ਤਾਂ ਉਸ ਨੂੰ ਉਸ ਦੇ ਕੁਦਰਤੀ ਅਤੇ ਜਨਮ-ਜਾਤਿ ਪਰਿਵੇਸ਼ (ਮਾਹੌਲ) ਤੋਂ ਉਖਾੜ ਸੁੱਟਣਾ ਚਾਹੀਦਾ ਹੈ। ਅਜਿਹਾ ਕਰਨ ‘ਤੇ ਲੇਖਕ, ਸਰੀਰਕ ਮੌਤ ਆਉਣ ਤੋਂ ਪਹਿਲਾਂ ਹੀ ਮਰ ਜਾਵੇਗਾ। ਉਹ ਕਦੇ ਮੁੜ ਕੇ ਪਹਿਲਾਂ ਵਾਲੀ ਸਰਲਤਾ, ਸੁਗਮਤਾ ਅਤੇ ਆਸਾਨੀ ਨਾਲ ਲਿੱਖ ਨਹੀਂ ਸਕੇਗਾ।’

ਪਾਸਤਰਾਕ ਨਾਲ ਇੰਝ ਹੀ ਹੋਇਆ। ਆਪਣੇ ਪਰਿਵੇਸ਼ ਨਾਲੋਂ ਦੋ-ਤਿੰਨ ਬਾਰ ਉਖੜਨ ਕਾਰਨ ਅਜਿਹਾ ਕੁਝ ਹੀ ਮੇਰੇ ਨਾਲ ਵੀ ਹੋਇਆ। ਹਰ ਬਾਰ ਗਵਾਈ ਪਹੁੰਚ ਨੂੰ ਮੁੜ ਪਰਾਪਤ ਕਰਨ ਲਈ ਬਹੁਤ ਮਿਹਨਤ ਅਤੇ ਕੋਸਿ਼ਸ਼ ਕਰਨੀ ਪਈ। ਕਿਸੇ ਨਾ ਕਿਸੇ ਤਰ੍ਹਾਂ ਬਹੁਤ ਹੀ ਧੀਮੀ ਗਤੀ ਨਾਲ ਕਲਮ ਚਲਾਉਂਦਾ ਆ ਰਿਹਾ ਹਾਂ। ਪਿਛਲੇ ਲਗਪਗ ਪੰਜਤਾਲੀ ਕੁ ਵਰਿੵਆਂ ਤੋਂ ਥੋੜਾ ਬਹੁਤ ਪੰਜਾਬੀ, ਹਿੰਦੀ, ਉਰਦੂ ਆਦਿ ਵਿੱਚ ਲਿਖਦਾ ਆ ਰਿਹਾ ਹਾਂ। ਦੂਜੀਆਂ ਬੋਲੀਆਂ ਤੋਂ ਅਨੁਵਾਦ ਵੀ ਕੀਤੇ ਹਨ। ਸਾਰਥਕ ਪ੍ਰਾਪਤੀ ਦੀ ਤਸੱਲੀ ਹੁਣ ਤੱਕ ਵੀ ਕਦੇ ਨਹੀਂ ਹੋਈ। ਮੇਰਾ ਖਿਆਲ ਹੈ ਮਨ ਨੂੰ ਤਸੱਲੀ ਕਦੇ ਹੋਣੀ ਵੀ ਨਹੀਂ ਚਾਹੀਦੀ। ਕਿਉਂਕਿ ਲਿਖਣਾ ਆਸਾਨ ਕਦੋਂ ਹੈ? ਇਹ ਤਾਂ ਸਖ਼ਤ ਤਪੱਸਿਆ ਹੈ।

ਦਰ-ਅਸਲ, ਲੇਖਕ ਵਿੱਚ ਆਪਣੇ ਪਰਿਵੇਸ਼ ਦੇ ਕਠੋਰ ਸੱਚ ਨੂੰ ਪਾਠਕ ਦੇ ਦਿੱਲ-ਦਿਮਾਗ਼ ਵਿੱਚ ਵਿਛਾ ਦੇਣ ਦੀ ਸਮਰਥਾ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ, ਇੱਕ ਲੇਖਕ ਪਾਸ ਬੇਇਨਸਾਫੀ ਪ੍ਰਤੀ ਗ਼ੁੱਸਾ ਤੇ ਲਲਕਾਰ ਅਤੇ ਮਾਨਵਤਾ ਪ੍ਰਤੀ ਤੜਪ ਦਰਕਾਰੀ ਹੈ। ਲੇਖਕ ਕਿਸੇ ਇੱਕ ਦਾ ਨਹੀਂ ਹੁੰਦਾ। ਲੇਖਕ ਸਭ ਦਾ ਅਤੇ ਸਭ ਲਈ ਬਰਾਬਰ ਦਾ ਹੁੰਦਾ ਹੈ। ਹੋਣਾ ਚਾਹੀਦਾ ਹੈ। ਪਰ ਮੈਂ ਵੇਖਿਆ ਕਿ ਅਕਸਰ ਸਾਡੇ ਭਰੋਸੇ ਡਗਮਗਾਉਂਦੇ ਹਨ। ਜੰਮਣ-ਭੋਇੰ ਯਾਦ ਆਉਂਦੀ ਹੈ। ਭੂ ਦਾ ਹੇਰਵਾ ਆਪਣੀ ਥਾਂ ਹੈ। ਕਹਿਣਾ ਕੁਥਾਂਹ ਅਤੇ ਅਸੰਗਤ ਨਹੀਂ ਹੋਵੇਗਾ ਕਿ ਆਪਣੀ ਜਨਮ ਭੂਮੀ ਤੋਂ ਵੱਖ ਹੋ ਕੇ, ਲੇਖਕ ਸਮੇਤ ਹੋਰ ਵੀ ਬਹੁਤ ਸਾਰੇ, ਵਲਾਇਤ (ਪੱਛਮ) ਵਿੱਚ ਇੱਕ ਤਰ੍ਹਾਂ ਦਾ ਬਨਵਾਸ ਕੱਟ ਰਹੇ ਹਾਂ। ਸਮਾਂ ਸ਼ਾਇਦ ਕਦੇ ਕੋਈ ਹੋਰ ਹੀ ਗਵਾਹੀ ਦੇਵੇ, ਪਰ ਪਹਿਲੀ ਪੀੜ੍ਹੀ ਦੇ ਪਰਵਾਸੀ ਦਾ ਦਿਲ-ਦਿਮਾਗ਼, ਪੰਜਾਬ-ਭਾਰਤ ਵਿੱਚ ਹੀ ਹੈ। ਪਰ ਫਿਰ ਵੀ, ਦੂਜੀ/ਤੀਜੀ ਪੀੜ੍ਹੀ ਦੇ ਬੱਚੇ ਤਾਂ ਇੱਕ ਪਾਸੇ ਰਹੇ, ਹੁਣ ਤਾਂ ਪਹਿਲੀ ਪੀੜ੍ਹੀ ਦੇ ਬੱਚਦੇ ਲੋਕੀਂ ਵੀ ਇਹ ਜਾਣਦੇ ਹਨ ਕਿ ਉਹ ਆਪਣੀਆਂ ਬਿਮਾਰੀਆਂ ਅਤੇ ਬੁਢੇਪੇ ਸੰਗ, ਭਾਰਤ ਵਿੱਚ ਕੁਝ ਦਿਨਾਂ ਲਈ ਸੈਰ-ਸਪਾਟਾ ਤਾਂ ਭਾਵੇਂ ਕਰ ਆਉਣ ਪਰ ਉਥੇ ਜਾ ਕੇ ਵੱਸ ਨਹੀਂ ਸਕਦੇ। ਫੇਰ ਵੀ ਉਹਨਾਂ ਦੇ ਦਿਲਾਂ ਵਿੱਚ ਇੱਕ ਤਰ੍ਹਾਂ ਦੀ ਤੜਪ ਹੈ।

ਅਜਿਹੀ ਦਸ਼ਾ ਵਿੱਚ, ਰਚੇ ਗਏ ਸਾਹਿਤ ਅੰਦਰ ਸ਼ਾਇਦ ਏਕਾਕੀਪਨ ਅਤੇ ਏਕਤਾ ਕਾਇਮ ਨਹੀਂ ਰੱਖੀ ਜਾ ਸਕਦੀ। ਵੈਸੇ ਵੀ ਕੋਈ ਲੋੇਖਕ, ਆਪਣੀ ਰਚਨਾ ਅੰਦਰ ਕਦੇ ਵੀ ਜੀਵਨ ਦੇ ਕੇਵਲ ਇੱਕ ਹੀ ਪਹਿਲੂ ਨੂੰ ਨਹੀਂ ਲੈ ਸਕਦਾ। ਫਿਰ ਇਸ ਲੇਖਕ ਦੀ ਤਰ੍ਹਾਂ ਬਾਰ ਬਾਰ ਮਰ ਚੁੱਕਿਆ ਲੇਖਕ ਕੀ ਕਰੇ? ਲੇਖਕ ਅਤੇ ਉਸ ਦੀ ਰਚਨਾ ਦੀ ਇੱਕ ਆਪਣੀ ਹੋਂਦ ਵੀ ਤਾਂ ਹੁੰਦੀ ਹੈ। ਮੈਂ ਇਹ ਸਮਝਦਾ ਹਾਂ ਕਿ ਮੈਂਨੂੰ ਆਪਣੀ ਰਚਨਾ ਵਿੱਚ ਸਹੀ ਗੱਲ ਹੀ ਕਹਿਣੀ ਪਵੇਗੀ। ਪਰ ਇਸ ਦੇ ਨਾਲ ਹੀ ਮੈਂ ਇਹ ਵੀ ਸਮਝਦਾ ਹਾਂ ਕਿ ਇਹ ਜ਼ਰੂਰੀ ਨਹੀਂ ਕਿ ਇੱਕ ਲੇਖਕ ਦਾ ਸੱਚ, ਦੂਜੇ ਲੇਖਕ ਜਾਂ ਪਾਠਕ ਦੇ ਸੱਚ ਦੇ ਮੇਚ ਆਵੇ। ਇਸ ਕਥਨ ‘ਤੇ ਬਿਨਾਂ ਸ਼ੱਕ ਕਿੰਤੂ-ਪ੍ਰੰਤੂ ਹੋ ਸਕਦੇ ਹਨ।

ਯਾਦ ਨਹੀਂ ਆ ਰਿਹਾ, ਮੈਂ ਕਿਤੇ ਪੜ੍ਹਿਆ ਸੀ ਕਿ ਜਦ ਜਦ ਲੇਖਕ, ਪਰਵਾਰਿਕ, ਆਰਥਿਕ, ਬੌਧਿਕ, ਆਤਮਿਕ, ਸਮਾਜਕ, ਮਨੋਵਿਗਿਆਨਿਕ ਅਤੇ ਰਾਜਨੀਤਕ ਪੱਧਰ ‘ਤੇ ਆਪਣੀਆਂ ਇੱਛਾਵਾਂ ਦੀ ਅਪੂਰਤੀ ਤੋਂ ਵਿਚਲਿਤ ਹੁੰਦਾ ਹੈ, ਤਾਂ ਲੇਖਕ ਵੀ ਇੱਕ ਸਾਧਾਰਨ ਮਨੁੱਖ-ਪਾਠਕ ਵਾਂਗ ਹੀ ਘਬਰਾ ਜਾਂਦਾ ਹੈ। ਮੈਂ ਝੂਠ ਨਹੀਂ ਬੋਲਾਂਗਾਂ, ਮੈਂ ਕਾਇਰ ਨਹੀਂ, ਪਰ ਬਿਨਾਂ ਸ਼ੱਕ ਅਜਿਹਾ ਬਹਾਦਰ ਵੀ ਨਹੀਂ ਕਿ ਕਦੇ ਮੁਸੀਬਤਾਂ ਜਾਂ ਰੁਕਾਵਟਾਂ ਤੋਂ ਘਬਰਾ ਕੇ ਰੋ ਨਾ ਪਿਆ ਹੋਵਾਂ। ਮੈਂ ਵੀ ਉਦਾਸ ਹੁੰਦਾ ਹਾਂ। ਨਿਰਾਸ਼ਾ ਵਿੱਚ ਖ਼ੂਨ ਦੇ ਹੰਝੂ ਵੀ ਰੋ ਲੈਂਦਾ ਹਾਂ। ਇਸ ਦੇ ਬਾਵਜ਼ੂਦ ਵੀ ਇੱਕ ਗੱਲ ਸਿੱਧ ਹੈ, ਜਾਂ ਸਿੱਧ ਹੋਣੀ ਚਾਹੀਦੀ ਹੈ ਇੱਕ ਲੇਖਕ—ਨਵਾਂ ਜਾਂ ਪੁਰਾਣਾ—ਜੇ ਕਰ ਉਹ ਸਹੀ ਅਰਥਾਂ ਵਿੱਚ ਲੇਖਕ ਹੈ ਤਾਂ ਕਦੇ ਵੀ ਘਬਰਾ ਕੇ ਸਮਾਜ ਵਿਰੋਧੀ ਕੰਮ ਨਹੀਂ ਕਰ ਸਕਦਾ।

‘ਸਮਾਜ ਵਿਰੋਧੀ’ ਅਤੇ ‘ਸਮਾਜ ਦੇ ਵਿਰੋਧ ਵਿੱਚ ਅੰਤਰ ਹੈ। ਉਦਾਹਰਣ ਲਈ: ਇੱਕ ਕਾਰ ਡਰਾਈਵਰ ਹੈ। ਉਹ ਆਪਣੀ ਇੱਛਾ ਨਾਲ, ਸੜਕ ਦੇ ਪ੍ਰਚਲਿਤ ਨਿਯਮਾਂ ਅਨੁਸਾਰ ਕਾਰ ਚਲਾ ਸਕਦਾ ਹੈ। ਉਸ ਡਰਾਈਵਰ ਨੇ ਕਿਤੇ ਕਾਰ ਖੜ੍ਹੀ ਕੀਤੀ ਹੋਈ ਹੇੈ ਤਾਂ ਕਿਸੇ ਨੇ ਉਸ ਦੀ ਕਾਰ ਦੇ ਬੋਨਿਟ ਉਤੇ ਰੰਗ ਦਾ ਡੱਬਾ ਡੋਲ੍ਹ ਦਿੱਤਾ ਹੈ। ਡਰਾਈਵਰ ਬਹੁਤ ਨਾਰਾਜ਼ ਹੈ। ਇਹ ਡਰਾਈਵਰ, ਇਸ ਰੰਗ ਡੋਲ੍ਹਣ ਦੇ ਅਪਰਾਧ ਕਾਰਨ ਅਪਰਾਧੀ (ਜੇਕਰ ਉਸ ਦੀ ਪੱਕੀ ਸ਼ਨਾਖਤ ਹੋ ਗਈ ਹੈ ਤਾਂ) ਵਿਰੁੱਧ ਕਈ ਕੁਝ ਕਰਨ ਦੀ ਸਮਰਥਾ ਰੱਖਦਾ ਹੈ। ਪਰ ਉਹ ਕੀ ਕਰੇਗਾ? ਇਹ ਡਰਾਈਵਰ ਹੋਰ ਜੋ ਮਰਜ਼ੀ ਪਿਆ ਕਰੇ ਪਰ ਇਸ ਡਰਾਈਵਰ ਨੂੰ ਤੇਜ਼ ਕਾਰ ਚਲਾ ਕੇ ਆਪਣੇ ਦੋਸ਼ੀ ਨੂੰ, ਵਿਰੋਧੀ ਨੂੰ, ਕਾਰ ਹੇਠ ਕੁਚਲ ਕੇ ਮਾਰ ਦੇਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਭਾਵੇਂ ਕਿ ਕਈ ਬਾਰ ਇਸ ਦੇ ਵਿਪਰੀਤ ਵੀ ਵੇਖਣ ਵਿੱਚ ਆ ਸਕਦਾ ਹੈ ਕਿ ਕਈ ਡਰਾਈਵਰਾਂ ਨੇ ਦੋਸ਼ੀਆਂ ਨੂੰ ਆਪੇ ਹੀ ਸਜ਼ਾ ਦੇ ਦਿੱਤੀ। ਪਰ ਅਸੂਲੀ ਤੌਰ ਤੇ ਇਹ ਗੱਲ ਗ਼ਲਤ ਹੋਵੇਗੀ। ਇਹੋ ਹੀ ਗੱਲ ਇੱਕ ਲੇਖਕ ਉਤੇ ਵੀ ਲਾਗੂ ਹੁੰਦੀ ਹੈ।

ਕ੍ਰਿਸਮਿਸ ਦਾ ਮੌਕਾ ਹੈ। ਅਮਰੀਕੀ ਲੇਖਕ ਰੇਮੰਡ ਕਾਰਵਰ ਨੇ ਅਜਿਹੇ ਮੌਕੇ ਤੇ ਹੋਣ ਵਾਲੀ ਪਾਰਟੀ ਸਮੇਂ ਆਪਣੇ ਪਿਤਾ ਸਾਹਮਣੇ ਇੱਕ ਐਲਾਨ ਕੀਤਾ (ਸੂਚਨਾ ਦਿੱਤੀ)—‘ਮੈਂ ਲੇਖਕ ਬਣਨ ਜਾ ਰਿਹਾ ਹਾਂ।’ ਐਲਾਨ ਸਭ ਨੇ ਸੁਣਿਆ। ਪਿਤਾ ਇੱਕ ਪੱਲ ਲਈ ਚੁੱਪ ਰਿਹਾ। ਫਿਰ ਉਸ ਪੁੱਛਿਆ: ‘ਰੇਮੰਡ! ਤੂੰ ਕੀ ਲਿਖਣ ਜਾ ਰਿਹਾ ਹੈ?’ ਰੇਮੰਡ ਹਾਲੇ ਕੁਝ ਉੱਤਰ ਦਿੰਦਾ ਕਿ ਇਸ ਤੋਂ ਪਹਿਲਾਂ ਹੀ ਪਿਤਾ ਨੇ ਰੇਮੰਡ ਦੇ ਉੱਤਰ ਦੀ ਉਡੀਕ ਕੀਤੇ ਬਿਨਾਂ ਹੀ ਸੁਝਾਅ ਦਿੱਤਾ: ‘ਉਹਨਾਂ ਚੀਜ਼ਾਂ ਬਾਰੇ ਲਿੱਖ ਜਿਹਨਾਂ ਦੇ ਸਬੰਧ ਵਿੱਚ ਤੂੰ ਜਾਣਦਾ ਹੈਂ। ਜਿਵੇਂ ਕਿ ਅਸੀਂ ਰੱਲ ਕੇ ਮੱਛੀਆਂ ਫੜਨ ਲਈ ਯਾਤਰਾਵਾਂ ਕੀਤੀਆਂ ਹਨ, ਉਹਨਾਂ ਬਾਰੇ ਲਿੱਖ।’

ਇੱਥੇ ਗੱਲ ਵਿਸ਼ੇ ਦੀ ਚੋਣ ਸਬੰਧੀ ਨਹੀਂ ਹੈ। ਗੱਲ ਹੈ ਕਿ ਕਾਸ਼! ਹਰ ਮਾਤਾ-ਪਿਤਾ ਆਪਣੀ ਸੰਤਾਨ ਨਾਲ ਇਸ ਪ੍ਰਕਾਰ ਦੇ ਸੁਝਾਵਾਂ ਦਾ ਆਦਾਨ-ਪ੍ਰਦਾਨ ਕਰ ਸਕਣ। ਪਰ ਕੀ ਦੇਸ਼ ਅਤੇ ਕੀ ਪ੍ਰਦੇਸ਼ ਦੇ, ਸਾਰੇ ਹੀ ਮਾਤਾ-ਪਿਤਾ, ਲੇਖਕਾਂ ਦੀ ਤਰ੍ਹਾਂ ਹੀ ਜਾਣਦੇ ਹਨ ਕਿ ਲਿਖਣ-ਕਲਾ ਨੂੰ ਇੱਕ ਕੰਮ ਦੇ ਰੂਪ ਵਿੱਚ ਫੱਲ ਲਗਣ ਵਿੱਚ ਬਹੁਤ ਸਮਾਂ ਲੱਗਦਾ ਹੈ। ਵਿਦੇਸ਼ੀ ਬੋਲੀਆਂ ਦੀ ਗੱਲ ਹੋਰ ਹੈ। ਭਾਰਤੀ ਬੋਲੀਆਂ ਵਿੱਚ ਵੀ ਹਿੰਦੀ ਤੋਂ ਬਿਨਾਂ, ਬਾਕੀ ਸਭ ਬੋਲੀਆਂ ਦੀ ਹਾਲਤ ਭੈੜੀ ਹੈ। ਪੰਜਾਬੀ ਦੀ ਹਾਲਤ ਤਾਂ ਬਹੁਤ ਹੀ ਭੈੜੀ ਹੈ। ਪੰਜਾਬੀ ਵਿੱਚ ਲਿੱਖਤਾਂ ਰਾਹੀਂ ‘ਰੋਟੀ, ਕਪੜਾ ਅਤੇ ਮਕਾਨ’ ਪਰਾਪਤ ਕਰ ਸਕਣ ਦੀ ਸਮਰੱਥਾ ਪੈਦਾ ਕਰਨ ਲਈ ਹਾਲਾਂ ਬਹੁਤ ਕੁਝ ਕਰਨਾ-ਹੋਣਾ ਬਾਕੀ ਹੈ। ਲਿਖਣ ਦੀ ਇੱਛਾ ਕਰਕੇ, ਲਿਖਣ ਦੀ ਕਲਾ ਨੂੰ ਪਾਲਣਾ-ਪੋਸਣਾ ਬਹੁਤ ਕਠਿਨ ਹੈ। ਅੰਗਰੇਜ਼ੀ ਬੋਲੀ ਵਿੱਚ ਛੱਪਣ ਦੀ ਗੱਲ ਹੀ ਕੁਝ ਹੋਰ ਹੈ। ‘ਰਚਨਾ-ਫਲ’ ਚੋਖਾ ਮਿਲਦਾ ਹੈ ਪਰ ਛੱਪਣਾ ਆਸਾਨ ਨਹੀਂ। ਹਿੰਦੀ ਬੋਲੀ ਵਿੱਚ ਵੀ ਲਿਖਤਾਂ ਰਾਹੀਂ ਰੋਟੀ ਕਮਾਉਣ ਦੇ ਕੁਝ ਕੁ ਸਾਧਨ ਹਨ ਪਰ ਮਿਹਨਤ ਕਰਨੀ ਪੈਂਦੀ ਹੈ। ਪਰ ਪੰਜਾਬੀ ਬੋਲੀ ਵਿੱਚ? ਇੱਕੇ-ਦੁੱਕੇ, ਟਾਵੇਂ ਟਾਵੇਂ ਜਿਹਨਾਂ ਦਾ ਨਾਂ ਹੈ ਜਾਂ ਜੋ ਬਹੁਤ ਮਿਹਨਤ ਕਰਦੇ ਹਨ, ਛੱਪਦੇ ਵੀ ਹਨ, ਪਰ ਬਹੁਤ ਥੋੜਾ ਨਾਂ-ਮਾਤਰ ‘ਸੇਵਾ-ਫਲ’ ਪਰਾਪਤ ਕਰਦੇ ਹਨ। ਬਾਕੀ ਪੰਜਾਬੀ ਵਿੱਚ ਛਾਪਣ ਵਾਲੇ ਤਾਂ ਲੇਖਕਾਂ ਤੋਂ ਹੀ ਖਰਚਾ ਕਰਵਾ ਕੇ ਪ੍ਰਕਾਸ਼ਤ ਕਰਨ ਦੇ ਇਛੁੱਕ ਹਨ। ਭਾਵੇਂ ਕਿ ਹੁਣ ਕੁਝ ਇੱਕ ਵਿਉਪਾਰਕ ਲੀਹਾਂ ‘ਤੇ ਚੱਲਣ ਵਾਲੇ ਪੰਜਾਬੀ ਪਰਚਿਆਂ ਨੇ ਨਾਂ-ਮਾਤਰ ਰਚਨਾ-ਫਲ ਦੇਣ ਦੀ ਪਿਰਤ ਵੀ ਪਾਈ ਹੈ ਪਰ ਯਕੀਨਨ ‘ਹਾਲਾਂ ਦਿੱਲੀ ਦੂਰ ਹੈ।’

ਹਾਂ, ਤੇ ਮੈਂ ਕਹਿ ਰਿਹਾ ਸਾਂ ਕਿ ਇੱਕ ਲੇਖਕ ਪਾਸ ਲਿਖਣ ਦੀ ਇੱਛਾ ਹੋਣੀ ਜ਼ਰੂਰੀ ਹੈ। ਲਿਖਣ ਦੀ ਇੱਛਾ ਦੇ ਨਾਲ ਨਾਲ ਉਸਨੂੰ ਮਿਹਨਤ ਤਾਂ ਕਰਨੀ ਹੀ ਪਵੇਗੀ ਪਰ ਉਸਨੂੰ ਥੋੜੀ ਜਿਹੀ ਕਿਸਮਤ (ਮੌਕੇ) ਵੀ ਦਰਕਾਰੀ ਹੈ। ਬਹੁਤੀ ਇੱਛਾ ਅਤੇ ਬੁਰੀ ਕਿਸਮਤ (ਮੌਕੇ) ਲੇਖਕ ਅਤੇ ਲੇਖਕ ਦੀ ਰਚਨਾ ਦੀ ਮੌਤ ਦਾ ਕਾਰਨ ਵੀ ਬਣਦੀ ਹੈ। ਮੈਂ ਤਾਂ ਸਦਾ ਹੀ ਬਹੁਤੀ ਇੱਛਾ ਤੋਂ ਦੂਰ ਹੀ ਰਹਿਣਾ ਪਸੰਦ ਕੀਤਾ ਹੈ।

ਇਹ ਸੰਸਾਰ ਸੋਹਣਾ ਹੈ, ਜਿਵੇਂ ਵੀ ਹੈ, ਆਪਣੀ ਥਾਂ ਹੈ। ਲੇਖਕ ਹੀ ਸੰਸਾਰ ਹੈ ਅਤੇ ਇਹ ਸੰਸਾਰ ਲੇਖਕ ਦਾ ਹੀ ਹੈ। ਇਹ ਸੰਸਾਰ ਕਿਉਂਕਿ ਲੇਖਕ ਦਾ ਹੈ, ਕੇਵਲ ਇਹ ਲੇਖਕ ਦੇ ਹੀ ਢੰਗ ਦਾ ਹੋ ਜਾਵੇ, ਇਹ ਹਰ ਲੇਖਕ ਦੀ ਚਾਹ ਤਾਂ ਹੋ ਸਕਦੀ ਹੈ ਪਰ ਇੰਝ ਹੋਣਾ ਸੰਭਵ ਨਹੀਂ। ਫਿਰ ਵੀ ਮੇਰੇ ਮਨ ਵਿੱਚ ਇਸ ਜਿਹੇ ਬਣਨ ਦੀ ਕੋਈ ਲਾਲਸਾ ਨਹੀਂ। ਹਰ ਲੇਖਕ ਅਜਿਹਾ ਹੀ ਹੁੰਦਾ ਹੈ, ਹੋਣਾ ਚਾਹੀਦਾ ਹੈ ਅਤੇ ਹੋ ਸਕਦਾ ਹੈ।

ਅਰਨਿਸਟ ਹੈਂਮਿੰਗਵੇ, ਯੁਰੂਸਲਾ ਹੋਲਡਨ, ਰੀਉਮਰ ਗੋਡਨ, ਬਰਨਰਡ ਐਸ਼ਲੇ ਅਤੇ ਹੋਰ ਬੇਅੰਤ ਦੇਸ਼ੀ-ਵਿਦੇਸ਼ੀ ਲੇਖਕਾਂ ਦੀਆਂ ਲਿਖਤਾਂ ਪੜ੍ਹ ਕੇ, ਉਹਨਾਂ ਦੇ ਸੰਪਰਕ ਵਿੱਚ ਰਹਿ ਕੇ ਲੇਖਕ ਇਸ ਨਤੀਜੇ ਤੇ ਪੁੱਜਿਆ ਹੈ ਕਿ ਹਰ ਲੇਖਕ ਨੂੰ ‘ਮੌਲਿਕ’ ਹੋਣਾ ਪਵੇਗਾ। ਕਿਸੇ ਲੇਖਕ ਦੀ ‘ਲਿਖਣ-ਕਲਾ’ ਦੀ ਨਕਲ ਕਰਕੇ ਕੋਈ ਵੀ ਲੇਖਕ ਬਣਨ ਦਾ ਸੁਪਨਾ ਸਾਕਾਰ ਨਹੀਂ ਕਰ ਸਕਦਾ। ਲੇਖਕ ਨੂੰ—ਹਰ ਲੇਖਕ ਨੂੰ—ਤਾਂ ਆਪਣੀ ਹੋਂਦ ਆਪਣੇ ਢੰਗ ਦੀ ਹੀ ਪੈਦਾ ਕਰਨੀ ਪੈਂਦੀ ਹੈ। ਪੈਦਾ ਕਰਨੀ ਚਾਹੀਦੀ ਹੈ। ਅਤੇ ਇਹ ਆਪਣੇ ਢੰਗ ਦੀ ਅਨੂਠੀ ਹੋਂਦ, ਕਦਾਚਿਤ ਇੱਕ ਦਿਨ ਵਿੱਚ ਤਾਂ ਕੀ, ਇੱਕ ਪੂਰੇ ਜਨਮ ਵਿੱਚ ਵੀ ਸ਼ਾਇਦ ਪੂਰੀ ਨਾ ਹੋ ਸਕੇ। ਲੇਖਕ, ਇਸ ਸਬੰਧੀ ਪੂਰੀ ਤਰ੍ਹਾਂ ਚੇਤੰਨ ਹੈ। ਇਸ ਲਈ ਹੀ, ਲੇਖਕ, ਸਾਰੀ ਉੱਮਰ ਈਜ਼ੈਕ ਡੀਨੇਸਨ ਦੀ ਤਰ੍ਹਾਂ ਅਗ੍ਹਾਂ ਦਿੱਤਾ ਮਾਟੋ ਸਾਹਮਣੇ ਰੱਖ ਕੇ ਕਲਮ ਚਲਾਉਂਦਾ ਰਹੇਗਾ। ਜੇਕਰ ਤੁਸੀਂ ਵੀ ਇੱਕ ਲੇਖਕ ਜਾਂ ਲੇਖਕ ਬਣਨ ਦੀ ਚਾਹ ਰੱਖਦੇ ਹੋ, ਤਾਂ ਲੇਖਕ ਵਾਂਗ ਹੀ ਆਪਣੇ ਟੇਬਲ ਦੇ ਸਾਹਮਣੇ ਲਿੱਖ ਕੇ ਰੱਖੋ:
‘ਪ੍ਰਤੀ ਦਿਨ ਲਿਖਣਾ ਹੈ, ਬਿਨਾਂ ਕਿਸੇ ਆਸ਼ਾ ਅਤੇ ਨਿਰਾਸ਼ਾ ਦੇ।’

(ਹਿੰਦੀ ਵਿੱਚ ਪ੍ਰਕਾਸਿ਼ਤ ਆਪਣੀ ਇਹ ਰਚਨਾ ‘ਵਿਵਿਧ ਲੇਖਨ ਯਾਤਰਾਏਂ’—ਸੰਪਾਦਕ ਸੈਨੀ ਅਸ਼ੇਸ਼, ਅਤੇ ‘ਨਇਆ ਆਕਾਸ਼’ ਜਨਵਰੀ-ਅਪਰੈਲ 1989 ‘ਚੋਂ ਧੰਨਵਾਦ ਸਹਿਤ)
ਪੁਸਤਕ: ‘ਗੁਆਚੇ ਪਲਾਂ ਦੀ ਤਲਾਸ਼’—(1992) ਲਿਟਰੇਚਰ ਹਾਉਸ, ਅੰਮ੍ਰਿਤਸਰ)

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2001)
(ਦੂਜੀ ਵਾਰ 29 ਜਨਵਰੀ 2022)

***
565
***

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ