6 December 2024

ਮੇਰੀ, ਸਮੇਂ ਦੀ ਢੇਰੀ – ਜਸਕਰਨ ਸੰਧੂ

ਮੇਰੀ, ਸਮੇਂ ਦੀ ਢੇਰੀ

ਜਸਕਰਨ ਸੰਧੂ

ਇੱਕ ਸਾਲ ਦੇ ਗੈਪ ਦੇ ਬਾਅਦ ਮੈਂ ਜਦ ਕਾਲਿਜ ਪਹੁੰਚਿਆ ਤਾਂ ਬਹੁਤੇ ਚਿਹਰੇ ਮੇਰੇ ਲਈ ਨਵੇਂ ਸਨ, ਪਰ ਸਭ ਤੋਂ ਖ਼ਾਸ ਜੋ ਮੇਰੇ ਲਈ ਗੱਲ ਸੀ ਉਹ ਇਹ ਸੀ ਕਿ ਸਾਡੇ ਕਾਲਿਜ ਦੀ ਕ੍ਰਿਕਟ ਦੀ ਟੀਮ ਬਣ ਗਈ ਸੀ ਜੋ ਕਿ ਪਹਿਲਾਂ ਨਹੀਂ ਸੀ। ਕਿਉਕਿ ਉਹ ਡੀ.ਏ.ਵੀ. ਕਾਲਿਜ ਫ਼ਿਲੌਰ ਦੇ ਸ਼ੁਰੁ ਦੇ ਦਿਨ ਸਨ। ਉਸ ਦੀ ਕਪਤਾਨੀ ਸਵਰਨ ਕਰ ਰਿਹਾ ਸੀ। ਸਰਕਾਰੀ ਹਾਇਰ ਸੈਕੰਡਰੀ ਸਕੂਲ ਫ਼ਿਲੌਰ ਵਿਚ ਕੇਸਧਾਰੀ ਸਵਰਨ ਮੇਰਾ, ਸਕੂਲ ਦੇ ਸਮੇਂ ਦਾ ਮੇਰੇ ਤੋਂ ਜੂਨੀਅਰ ਜਮਾਤ ਦਾ ਵਿਦਿਆਰਥੀ ਸੀ। ਉਦੋਂ ਉਸ ਨੂੰ ਕਿਸੇ ਨੇ ਵੀ ਟੀਮ ਵਿਚ ਨਹੀਂ ਚੁਣਿਆ ਸੀ, ਕਿਉਂਕਿ ਉਸ ਤੋਂ ਵਧੀਆ ਖੇਡਣ ਵਾਲੇ ਹੋਰ ਬਹੁਤ ਸਨ। ਨਿਰਛਲ ਭੋਲ਼ੇ ਜਿਹੇ ਸਵਰਨ ਨੂੰ ਜਦ ਪਤਾ ਲੱਗਾ ਕਿ ਉਹ ਟੀਮ ਵਿਚ ਨਹੀਂ ਚੁਣ ਹੋਇਆ ਤਾਂ ਉਸ ਦਾ ਚਿਹਰਾ ਹੋਰ ਵੀ ਜਿਆਦਾ ਮਸੂਮ ਭੋਲ਼ੂ ਜਿਹਾ ਹੋ ਗਿਆ। ਹਾਲਾਂਕਿ ਉਹ ਟੀਮ ਵਿਚ ਨਹੀਂ ਸੀ ਚੁਣਿਆ ਗਿਆ ਪਰ ਮੈਨੂੰ ਉਸ ਦਾ ਕਰੀਜ਼ ਦੇ ਅੰਦਰ ਖੜ ਕੇ ਖੇਡਣ ਦਾ ਅੰਦਾਜ਼ ਸੁਹਣਾ ਲੱਗਾ ਸੀ।

ਮੈਂ ਕ੍ਰਿਕਟ ਨੂੰ ਗਰਊਡ ਵਿਚ ਹਮੇਸ਼ਾਂ ਡਿਫੈਂਸਵ ਢੰਗ ਨਾਲ ਹੀ ਖੇਡਦਾ ਰਿਹਾ ਹਾਂ ਇਸ ਦੇ ਪਿੱਛੇ ਮੁਖ ਕਾਰਨ ਸਾਡੇ ਪਿੰਡ ਵਿਚ ਗਰਾਊਂਡ ਦਾ ਨਾ ਹੋਣਾ ਰਿਹਾ ਹੈ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਹੜੇ ਤੋਂ ਥੋੜਾ ਜਿਹਾ ਵੱਡੇ ਥਾਂ ਨੂੰ ਅਸੀਂ ਗਰਾਊਂਡ ਕਹਿੰਦੇ ਸੀ, ਜਿੱਥੇ ਕਿ ਵਾਲੀਵਾਲ ਦੀਆਂ ਦੋ ਗਰਾਊਡਾਂ ਦਾ ਥਾਂ ਵੀ ਪੂਰਾ ਨਹੀਂ ਸੀ, ਉਥੇ ਅਸੀਂ ਜੇ ਆਫ ਸਾਈਡ ਵਲ ਖ਼ੇਡਦੇ ਤਾਂ ਸਾਡੀ ਬੌਲ(ਗੇਂਦ) ਪਿੰਡ ਦੇ ਛੱਪੜ ਵਿਚ ਚਲੀ ਜਾਂਦੀ ਸੀ ਜਿਥੋਂ ਕਿ ਉਹ ਬਿਨਾਂ ਸੁੱਕੇ ਕਦੇ ਸਾਨੂੰ ਨਹੀ ਸੀ ਮਿਲਦੀ, ਬਹੁਤੀ ਵਾਰ ਤਾਂ ਮਿਲਦੀ ਹੀ ਨਹੀਂ ਸੀ, ਕਿਉਂਕਿ ਇਹ ਕਾਫ਼ੀ ਮਹਿੰਗੀ ਹੁੰਦੀ ਹੈ। ਇਸ ਲਈ ਛੱਪੜ ਦੇ ਪਾਣੀ ਵਿਚੋਂ ਛੇਤੀ ਤੋਂ ਛੇਤੀਂ ਕੱਢਣੀ ਪੈਂਦੀ ਸੀ ਨਹੀਂ ਤਾਂ ਇਸ ਵਿਚ ਪਾਣੀ ਪੈ ਜਾਣ ਬਾਅਦ ਇਹ ਛੇਤੀਂ ਹੀ ਖ਼ਰਾਬ ਹੋ ਜਾਂਦੀ ਸੀ। ਸਾਡੇ ਭਾਅ ਤਾਂ ਉਹ ਛੱਪੜ ਬੌਲਾਂ ਖਾਣ ਵਾਲੀ ਡੈਣ ਹੀ ਬਣਿਆ ਰਿਹਾ। ਜਦੋਂ ਹੀ ਬੌਲ ਛੱਪੜ ਦੇ ਪਾਣੀ ਵਿਚ ਡਿੱਗਦੀ ਉਦੋਂ…ਬੌਲ ਤਾਂ ਇੱਕ ਡਿੱਗਦੀ ਪਰ ਉਸ ਦੇ ਨਾਲ ਚਾਰ ਪੰਜ ਮੁੰਡੇ ਵੀ ਛੱਪੜ ਵਿਚ ਜਾ ਡਿੱਗਦੇ, ਪਾਣੀ ਵਿਚੋਂ ਡਿੱਗੀ ਬੌਲ ਲੱਭਣ ਲਈ। ਕੁੱਝ ਇੱਕ ਤਾਂ ਸਕੂਲ ਦੀ ਗਰਾਊੁਂਡ ਵਿਚ ਅਉਂਦੇ ਹੀ ਇਸ ਕਰਕੇ ਸੀ ਕਿ ਚਲੋ ਛੱਪੜ ਵਿਚੋਂ ਬੌਲ ਲੱਭਾਂਗੇ। ਉਹਨਾਂ ਵਿਚੋਂ ਇਕ ਨਾਮ ਮੈਨੂੰ ਯਾਦ ਹੈਗਰੀਬ ਦਾਸ ਜਿਹਨੂੰ ਕਿ ‘ਟੁੰਬ-ਟੋਹਲੂ’ ਦਾ ਖ਼ਿਤਾਬ ਮਿਲਿਆ ਹੋਇਆ ਸੀ। ਇਹ ਖ਼ਿਤਾਬ ਸਾਡੇ ਪਿੰਡ ਵਿੱਚ ਕ੍ਰਿਕਟ ਦੀ ਨੀਂਹ ਰੱਖਣ ਵਾਲੇ ਸਾਡੇ ਉਸ ਕਪਤਾਨ ਡਾਕਟਰ ਗੁਰਪਾਲ ਸਿੰਘ ਸੰਧੂ ਨੇ ਉਸ ਨੂੰ ਦਿੱਤਾ ਸੀ, ਜਿਸ ਕਪਤਾਨ ਦੀ ਬਦੌਲਤ ਅਸੀਂ ਇੱਕ ਨਿੱਕੇ ਜਿਹੇ ਪਿੰਡ (ਕੋਈ ਢਾਈ ਕੁ ਸੌ ਘਰਾਂ ਦੇ ਪਿੰਡ) ਤੋਂ ਬਾਹਰ ਵੱਡੇ ਸ਼ਹਿਰਾਂ ਵਿੱਚ ਖ਼ੇਡਣ ਗਏ, ਤੇ ਪਿੰਡ ਦਾ ਨਾਂ ਉੱਚਾ ਕੀਤਾ।

ਜੇ ਆਨ ਸਾਈਡ ਵਲ ਖ਼ੇਡਦੇ ਤਾਂ ਉਸ ਪਾਸੇ ਸਰਪੰਚ ਦਾ ਖੇਤ ਮੂਹਰੇ ਆ ਜਾਂਦਾ ਤੇ ਸਰਪੰਚ ਦੇ ਖੇਤ ਵਿਚ ਬੌਲ ਦਾ ਜਾਣਾ ਸਮਝੋ ਫ਼ਸਲ ਦਾ ਸੱਤਿਆਨਾਸ ਤੇ ਉਸ ਤੋਂ ਬਾਅਦ, ਸਾਡਾ ‘ਬੱਡੇ ਖਲਾੜੀਆਂ ਦਾ’। ਜੇ ਅਸੀਂ ਸਾਹਮਣੇ ਵਲ ਖੇਡਦੇ ਸਾਂ ਤਾਂ ਸਾਡੇ ਰਨ ਅੱਪ ਤੋਂ ਪਹਿਲਾਂ ਬਾਵਿਆਂ ਦੀਆਂ ਮੱਝਾਂ ਗਾਵਾਂ ਅਪਣੇ ਕਟੜੂਆਂ ਵਛੜੂਆਂ ਸਮੇਤ ਇਕ ਪਾਸੇ ਖੜ੍ਹੀਆਂ ਹੁੰਦੀਆਂ ਸਨ ਤੇ ਦੂਜੇ ਪਾਸੇ ਬਾਵਿਆਂ ਦੀਆਂ ਪਾਥੀਆਂ।

ਸਕੂਲ ਦੀ ਗਰਾਊਂਡ ਦੇ ਨਾਲ ਨਾਲ ਪਿੰਡ ਦਾ ਮੁੱਖ ਰਸਤਾ ਵੀ ਸੀ ਜਿਹੜਾ ਕਿ ਸਧਾਰਨ ਤੌਰ ਤੇ ਆਮ ਨਾਲੋਂ ਜਿਆਦਾ ਚਲਦਾ ਸੀ। ਜਿਸ ਕਰਕੇ ਸਾਡੀ ਬੌਲ ਦਾ ਸ਼ਿਕਾਰ ਕੋਈ ਨਾ ਕੋਈ ਰਾਹੀ ਬਣ ਜਾਂਦਾ। ਫਿਰ ਸਾਡੇ ਲਈ ਦੇਖਣ ਵਾਲੀ ਇਹ ਖ਼ਾਸ ਗੱਲ ਹੁੰਦੀ ਸੀ ਕਿ ਰਾਹੀ ਕੌਣ ਹੈ। ਜੇ ਕੋਈ ਆਮ ਹੁੰਦਾ ਸੀ ਤਾਂ ਸਾਡੀ ਗੇਮ ਚਲਦੀ ਰਹਿੰਦੀ ਸੀ, ਜਾਂ ਫਿਰ ਇਸ ਗੱਲ ਉਪਰ ਵੀ ਨਿਰਭਰ ਕਰਦਾ ਸੀ ਕਿ ਰਾਹੀ ਦੇ ਬਾਲ ਲੱਗੀ ਕਿੱਥੇ ਹੈ, ਕਿਵੇਂ ਲੱਗੀ ਹੈ ਸਿੱਧੀ ਕਿ ਜਾਂ ਜ਼ਮੀਨ ਉੱਪਰ ਟੱਪਾ ਪੈਣ ਤੋਂ ਬਾਅਦ। ਸ਼ੁਰੂ ਸ਼ੁਰੂ ਵਿੱਚ ਜਦੋਂ ਪਿੰਡ ਵਿਚ ਗੇਮ ਸ਼ੁਰੂ ਹੋਈ ਸੀ ਤਦ ਜੇ ਕਿਸੇ ਦੀਆਂ ਲੱਤਾਂ ਵਿੱਚ ਲਗਦੀ ਤਾਂ ਸਾਡੀ ਗੇਮ ਰੁਕ ਜਾਂਦੀ ਸੀ, ਪਰ ਬਾਅਦ ਵਿਚ ਸਾਨੂੰ ਕਦੇ ਲੱਗਿਆ ਈ ਨੀ ਕਿ ਗੇਮ ਰੋਕੀ ਜਾਏ। ਇਹ ਫਿਰ ਸਾਡੇ ਲਈ ਆਮ ਜਿਹੀ ਗੱਲ ਹੋ ਗਈ।

ਪਿੰਡ ਦੀ ਏਸ ਗਰਾਊਂਡ ਵਿੱਚ ਖ਼ੇਡਣ ਤੋਂ ਬਾਅਦ ਜਦੋਂ ਅਸੀਂ ਮੈਚ ਲਾਉਣ ਲਈ ਨਾਲ ਦੇ ਕਸਬੇ ਅੱਪਰੇ ਜਾਂਦੇ ਸੀ ਤਾਂ ਸਾਨੂੰ ਖੁੱਲ ਕੇ ਖ਼ੇਡਣ ਦੀ ਘਾਟ ਮਹਿਸੂਸ ਹੁੰਦੀ ਸੀ। ਫਿਰ ਅਸੀਂ ਪਿੰਡ ਤੋਂ ਹੋਰ ਬਾਹਰ ਨੂੰ ਕਰਕੇ ਇੱਕ ਥਾਂ ਚੁਣ ਲਿਆ। ਇਹ ਅਸਲ ਵਿੱਚ ਸਾਡੇ ਪਿੰਡ ਨੂੰ ਸਰਕਾਰੀ ਤੌਰ ਤੇ ਕਲੌਨੀ ਅਲਾਟ ਹੋਈ ਸੀ। ਪਰ ਸੀ ਪਿੰਡ ਤੋਂ ਥੋੜਾ ਦੂਰ ਇਸ ਲਈ ਕੋਈ ਇੱਥੇ ਆ ਕੇ ਰਹਿਣਾ ਨਹੀਂ ਸੀ ਚਾਹੁੰਦਾ। ਇਹ ਪੂਰੇ ਦਾ ਪੂਰਾ ਖ਼ੇਤ ਖਾਲੀ ਸੀ। ਸਾਨੂੰ ਹੁਣ ਹੋਰ ਵੱਡੀ ਗਰਾਊਂਡ ਮਿਲ ਗਈ ਸੀ। ਵੈਸੇ ਉਹੀ ਰਸਤਾ ਇਸਦੇ ਨਾਲ ਵੀ ਲੱਗਦਾ ਸੀ, ਪਰ ਇੱਥੇ ਉਸ ਤੋਂ ਘੱਟ ਖਤਰਾ ਸੀ। ਇਸ ਲਈ ਪਿੰਡ ਵਾਲਿਆਂ ਦੀਆਂ ਸ਼ਿਕਾਇਤਾਂ ਬਹੁਤ ਜ਼ਿਆਦਾ ਘਟ ਗਈਆਂ, ਤੇ ਸਾਡੇ ਵੀ ਖਿਡਾਰੀ ਖੁੱਲ ਕੇ ਖੇਡਣ ਲੱਗ ਪਏ। ਖਿਡਾਰੀ ਅਜੇ ਪੂਰੇ ਖੁੱਲੇ ਨਹੀ ਸੀ ਕਿ ਪਿੰਡ ਵਿੱਚ ਪਤਾ ਨਹੀਂ ਕਿਸ ਨੇ ਗੱਲ ਚਲਾ ਦਿੱਤੀ ਕਿ ਮੁੰਡਿਆਂ ਨੇ ਕਲੌਨੀ ਉੱਪਰ ਕਬਜ਼ਾ ਕਰ ਲੈਣਾ ਹੈ। ਬਸ ਫਿਰ ਕੀ ਸੀ ਦਿਨਾਂ ਦੇ ਵਿੱਚ ਹੀ ਥਾਂ ਦਿਆਂ ਕੁੱਝ ਕੁ ਮਾਲਕਾਂ ਨੇ ਆਪਣੇ ਆਪਣੇ ਥਾਵਾਂ ਨੂੰ ਦੋ-ਦੋ ਜਾਂ ਤਿੰਨ-ਤਿੰਨ ਫ਼ੁੱਟ ਉੱਚਾ ਇੱਟਾਂ ਦਾ ਵਗਲ਼ ਕਰ ਲਿਆ। ਸਾਡੀ ਗਰਾਊਡ ਫਿਰ ਛੋਟੀ ਹੋ ਗਈ। ਪਹਿਲਾਂ ਤਾਂ ਸਾਡੀ ਬੌਲ ਲੋਕਾਂ ਦੀਆਂ ਲੱਤਾਂ ਵਿੱਚ ਲੱਗਦੀ ਸੀ ਤੇ ਹੁਣ ਸਾਡੀਆਂ ਲੱਤਾਂ ਵਿੱਚ ਲੋਕਾਂ ਦੀਆਂ ਕੰਧਾਂ ਲਗਦੀਆਂ ਸਨ। ਓਧਰੋਂ ਸਾਡੀ ਬੌਲ ਦਾ ਪਾਣੀ ਨਾਲ ਰਿਸ਼ਤਾ ਉਵੇਂ ਹੀ ਰਿਹਾ ਕਿਉਂਕਿ ਇੱਥੇ ਚਾਰੋਂ ਪਾਸੇ ਖ਼ੇਤ ਸਨ ਤੇ ਕੋਈ ਨਾ ਕੋਈ ਖ਼ੇਤ ਸਿੰਜਿਆ ਹੁੰਦਾ ਸੀ। ਜੇ ਕਿਤੇ ਖ਼ੇਤ ਸੁੱਕੇ ਹੁੰਦੇ ਤਾਂ ਨਾਲ ਵਗਦਾ ਨਹਿਰੀ ਖ਼ਾਲ਼ਾ ਹੁੰਦਾ ਸੀ ਜਿਸ ਵਿੱਚੋਂ ਪਾਣੀ ਘੱਟ ਹੀ ਸੁੱਕਦਾ ਸੀ। ਜਿਸ ਦੀ ਬਦੌਲਤ ਆਏ ਗਏ ਕੋਈ ਨਾ ਕੋਈ ਸੱਪ ਵੀ ਗਰਾਊਂਡ ਵਿੱਚ ਆਇਆ ਰਹਿੰਦਾ। ਜਿਸ ਦਿਨ ਸੱਪ ਨਜ਼ਰੀਂ ਆ ਜਾਂਦਾ ਤਾਂ ਉਹ ਦਿਨ ਹੋਰ ਵੀ ਰੋਮਾਂਚਕ ਬਣ ਜਾਂਦਾ ਸੀ।

ਬੌਲ ਮਹਿੰਗੀ ਹੋਣ ਕਰਕੇ, ਆਪਣੀ ਗੇਮ ਠੀਕ ਖੇਡਣ ਦੀ ਬਜਾਏ, ਬਹੁਤਾ ਗੇਂਦ ਨੂੰ ਸੰਭਾਲਣ ਵਲ ਜਿਆਦਾ ਧਿਆਨ ਰੱਖਣਾ ਪੈਂਦਾ ਸੀ ਇਸ ਲਈ ਮੇਰੀ ਖੇਡ ਵੀ ਇਕ ਤਰਾਂ ਦੀ ਸੀਮਤ ਜਿਹੀ ਹੋ ਕੇ ਰਹਿ ਗਈ ਸੀ।

ਪਰ ਸਵਰਨ ਦੀ ਖੇਡ ਵਿਚ ਮੈਨੂੰ ਥੋੜਾ ਜਿਹਾ ਖੁਲਾ੍ਹਪਣ ਮਹਿਸੂਸ ਹੋਇਆ ਜਿਹੜਾ ਕਿ ਮੈਨੂੰ ਬੜਾ ਚੰਗਾ ਲੱਗਿਆ। ਪੰਜ ਸਾਲ ਪਹਿਲਾਂ ਹਾਇਰ ਸੈਕੰਡਰੀ ਸਕੂਲ ਵਿਚ ਨਾ ਚੁਣੇ ਜਾ ਸਕਣ ਕਰਕੇ ਮੈਨੂੰ ਉਸ ਨਾਲ ਹਮਦਰਦੀ ਹੋਈ ਤੇ ਮੈਂ ਉਸ ਨੂੰ ਕੁਝ ਕੁ ਗੱਲਾਂ ਦੱਸੀਆਂ ਜਿਹੜੀਆਂ ਕਿ ਮੈਨੂੰ ਉਸ ਲਈ ਠੀਕ ਲੱਗੀਆਂ। ਸਿੱਧੇ ਜਿਹੇ ਅਪਣੇ ਦੇਸੀ ਪੇਂਡੂ ਢੰਗ ਦੇ ਨਾਲ ਉਸਨੂੰ ਨੁਸਖੇ ਝਾੜ ਦਿੱਤੇ। ਤਦ ਉਹ ਮੇਰਾ ਜੂਨੀਅਰ ਹੋਣ ਦੇ ਨਾਤੇ ਮੇਰੀ ਸੁਣੀ ਵੀ ਗਿਆ…

…ਤੇ ਉਸ ਦਿਨ ਪੰਜਾਂ ਸਾਲਾਂ ਬਾਅਦ ਜਦੋਂ ਅਸੀਂ ਫਿਰ ਕਾਲਿਜ ਦੀ ਗਰਾਊਂਡ ਵਿਚ ਇਕੱਠੇ ਹੋਏ ਤਾਂ ਉਹ ਸਾਡੀ ਟੀਮ ਦਾ ਕਪਤਾਨ ਸੀ।

ਮੈਂ ਕਿਉਂਕਿ ਪਿਛਲੇ ਸਾਲ ਘਰ ਬੈਠ ਕੇ ਹੀ ਪੜ੍ਹਿਆ ਸੀ। ਪ੍ਰਾਈਵੇਟ ਪੇਪਰ ਦਿੱਤੇ ਸਨ ਇਸ ਲਈ ਹੁਣ ਕਾਲਿਜ ਦੇ ਵਿਚ ਮੈਂ ਸੀਨੀਅਰ ਕਲਾਸ ਵਿਚ ਬਹੁਤਿਆਂ ਲਈ ਨਵਾਂ ਸਾਂ। ਥੋੜੇ ਹੀ ਸਟੂਡੈਂਟ ਸਨ ਜੋ ਮੇਰੇ ਵਾਕਿਫ਼ ਸਨ। ਕਾਲਿਜ ਦੇ ਨੋਟਿਸ ਬੋਰਡ ਉੱਤੇ ਕ੍ਰਿਕਟ ਦੀ ਟੀਮ ਦੀ ਪ੍ਰੈਕਟਿਸ ਬਾਰੇ ਪੜ੍ਹ ਕੇ ਮੈਂ ਵੀ ਤਿਆਰ ਹੋ ਗਿਆ। ਪਰ ਘਰ ਦੇ ਕੰਮਾਂ ਨੂੰ ਤਰਤੀਬ ਸਿਰ ਕਰਦਿਆਂ ਮੈਨੂੰ ਤਿੰਨ ਕੁ ਦਿਨ ਲਗ ਗਏ।

ਅਸਲ ਵਿੱਚ ਮੈਂ ਉਨ੍ਹਾਂ ਦਿਨਾਂ ਵਿੱਚ ਕਾਫ਼ੀ ਝਮੇਲੇ ਸਹੇੜੇ ਹੋਏ ਸਨ। ਕਿਉਂਕਿ ਇਕ ਸਾਲ ਘਰ ਵਿੱਚ ਜਾਂ ਖ਼ੂਹ ਤੇ ਪਸ਼ੂਆਂ ਦੇ ਵਿਚ ਹੀ ਰਿਹਾ ਸੀ। ਇਸ ਲਈ ਜਦੋਂ ਹੀ ਕਾਲਿਜ ਪਹੁੰਚਿਆ ਤਾਂ ਮੈਨੂੰ ਜੋ ਵੀ ਗਤੀਵਿਧੀ ਮੇਰੇ ਅਨਕੂਲ ਮਿਲੀ, ਮੈਂ ਚੁਣਦਾ ਰਿਹਾ। ਪਿੰਡੋਂ ਬਾਹਰ ਮੈਂ ਖੂਹ ਉੱਤੇ ਡੰਗਰਾਂ ਦੇ ਕੋਲ ਹੀ ਸੌਂਦਾ ਸੀ। ਸਾਡਾ ਖੂਹ ਘਰ ਤੋਂ ਕੋਈ ਅੱਧਾ-ਪੌਣਾ ਕਿਲੋਮੀਟਰ ਪਿੰਡੋ ਬਾਹਰ ਹੈ(ਸਾਡੀ ਕਲੌਨੀ ਵਾਲੀ ਗਰਾਊਂਡ ਦੇ ਨੇੜੇ)। ਮੈਂ ਸਵੇਰ ਨੂੰ ਪੰਜ ਛੇ ਕੁ ਵਜੇ ਉਦੋਂ ਉਠਦਾ ਸੀ ਜਦੋਂ ਮੇਰੀ ਚਾਹ ਖੂਹ ਉੱਤੇ ਆ ਜਾਂਦੀ ਸੀ। ਉਸ ਸਮੇਂ ਕਿਉਕਿ ਮੈਂ ਦੋਧੀ ਦਾ ਕੰਮ ਕਰਦਾ ਸੀ, ਇਸ ਲਈ ਘਰ ਦੇ ਦੁੱਧ ਦੇਣ ਵਾਲੇ ਕੋਈ ਸੱਤ ਅੱਠ ਡੰਗਰ ਮੱਝਾਂ ਗਾਵਾਂ ਸਨ। ਕੁਦਰਤੀ ਗੱਲ ਹੈ ਕਿ ਮੱਝਾਂ ਗਾਵਾਂ ਦੇ ਨਾਲ ਕਟੜੂ ਵਛੜੂ ਵੀ ਹੋਣਗੇ, ਯਾਨੀ ਕਿ ਕੁੱਲ ਮਿਲਾ ਕੇ ਬਾਰਾਂ ਤੇਰਾਂ ਹੋਣਗੇ, ਸ਼ਾਇਦ ਏਸ ਤੋਂ ਵੀ ਵੱਧ। ਇਹਨਾਂ ਸਭ ਦਾ ਪੱਠਾ ਚਾਰਾ ਤਿਆਰ ਕਰਕੇ ਪਾ ਕੇ, ਧਾਰਾਂ ਚ੍ਹੋਅ ਕੇ ਫਿਰ ਮੈਂ ਆਪਣੇ ਦੁੱਧ ਦੇ ਡਰੰਮ ਲੈ ਕੇ ਇੱਕ ਦੋ ਪਿੰਡਾਂ ਤੋਂ ਦੁੱਧ ਇਕੱਠਾ ਕਰਕੇ ਅੱਪਰੇ ਦੁੱਧ-ਸੈਂਟਰ ਵਿੱਚ ਪਾ ਦਿੰਦਾ। ਫਿਰ ਉੱਥੋਂ ਹੀ ਕੁੱਝ ਦੁੱਧ ਲੈ ਕੇ ਮੈਂ ਸਾਈਕਲ ਤੇ ਹੀ ਡਰੰਮ ਸਾਫ ਕਰਕੇ ਕਾਲਿਜ ਚਲਾ ਜਾਂਦਾ। ਮੇਰੇ ਸਾਈਕਲ ਤੇ ਇਕ ਦਸ ਲੀਟਰ ਦੀ ਕੈਨੀ ਵੀ ਹੁੰਦੀ ਸੀ ਜਿਸ ਵਿਚ ਮੈਂ ਕਾਲਿਜ ਦੀ ਕੰਟੀਨ ਵਾਲੇ ਨੂੰ ਦੁੱਧ ਸਪਲਾਈ ਕਰਦਾ ਸਾਂ। ਆਮ ਤੌਰ ਤੇ ਮੇਰੀਆਂ ਕਿਤਾਬਾਂ ਹਮੇਸ਼ਾਂ ਮੇਰੇ ਨਾਲ ਹੀ ਹੁੰਦੀਆਂ ਸਨ। ਫਿਰ ਕਾਲਿਜ ਟਾਇਮ ਤੋਂ ਅੱਧਾ ਘੰਟਾ ਪਹਿਲਾਂ ਪਹੁੰਚਣਾ ਹੁੰਦਾ ਸੀ ਕਿਉਂਕੇ ਨਾਟਕ ਦੀ ਰਿਹਸਲ ਕਰਨੀ ਹੁੰਦੀ ਪਰ ਮੈਂ ਹਮੇਸ਼ਾਂ ਲੇਟ ਹੀ ਪਹੁੰਚਦਾ ਸੀ। ਨਰਿੰਦਰਪਾਲ ਸ਼ਰਮਾ(ਢੁੱਡੀਕੇ ਤੋਂ) ਸਾਡੇ ਨਾਟਕ ਦੀ ਤਿਆਰੀ ਕਰਵਾ ਰਹੇ ਸਨ। ਉਹਨਾਂ ਨੇ ਇੰਨੀ ਕੁ ਮੈਨੂੰ ਛੋਟ ਦਿੱਤੀ ਹੋਈ ਸੀ। ਇਹਨਾਂ ਸਾਰੇ ਕੰਮਾਂ ਨੂੰ ਤਰਤੀਬ ਦਿੰਦਿਆਂ ਮੈਨੂੰ ਤਿੰਨ ਕੁ ਦਿਨ ਲੱਗ ਗਏ।

ਚੌਥੇ ਦਿਨ ਸ਼ਾਮ ਦੇ ਸਮੇਂ ਜਦ ਅਸੀਂ ਗਰਾਉਂਡ ਵਿੱਚ ਪ੍ਰੈਕਟਿਸ ਲਈ ਇਕੱਠੇ ਹੋਏ ਤਾਂ ਮੈਂ ਦੇਖਿਆ ਕਿ ਮੇਰੇ ਲਈ ਸਭ ਨਵੇਂ ਸਨ, ਸਿਰਫ਼ ਇੱਕ ਸਵਰਨ ਨੂੰ ਛੱਡ ਕੇ। ਰੋਜ਼ਾਨਾ ਗਰਾਊਂਡ ਵਿਚ ਪਹਿਲਾਂ ਦੌੜ ਲਾਊਣਾ, ਫਿਰ ਕੈਚ ਪ੍ਰੈਕਟਸ ਕਰਨੀ ਫਿਰ ਫ਼ੀਲਡਿੰਗ ਕਰਨੀ, ਉਸ ਤੋਂ ਬਾਅਦ ਬਾਉਲਰਾਂ ਦਾ ਇਕ ਵਿਕਟ ਗੱਡ ਕੇ ਬਾਉਲਿੰਗ ਕਰਨੀ। ਏਸ ਸਬ ਕਾਸੇ ਤੋਂ ਬਾਅਦ ਬਾਉਲਰਾਂ ਨੂੰ ਇਕ ਪਾਸੇ ਬਾਉਲਿੰਗ ਕਰਨ ਤੇ ਦੂਜੇ ਪਾਸਿਉ ਬੈਟਸਮੈਨਾਂ ਨੇ ਬੈਟਿੰਗ ਕਰਨੀ ਹੁੰਦੀ ਸੀ।

ਜਿਸ ਦਿਨ ਮੇਰਾ ਪਹਿਲਾ ਦਿਨ ਸੀ, ਮੈਂ ਦੇਖਿਆ, ਸਵਰਨ ਸਭ ਨੂੰ ਅਦੇਸ਼ ਦੇ ਰਿਹਾ ਸੀ, “ਤੂੰ ਫਸਟ ਸਲਿਪ ਤੇ ਤੂੰ ਸੈਕਿੰਡ ਤੇ…ਤੁਸੀਂ ਭਾਜੀ ਲੌਂਗ ਆਨ ਤੇ ਚਲੇ ਜਾਓ….ਤੁਸੀਂ ਏਧਰ …ਤੂੰ ਓਧਰ…ਤੂੰ ਕੈਚ ਕਰ… ਤੂੰ ਫੀਲਡ ਕਰ..ਇਹ ਕਰ …ਔਹ ਕਰ।”…ਸੋ ਜਦੋਂ ਸਾਰੇ ਖਿਡਾਰੀ ਗਰਾਉਂਡ ਵਿਚ ਖਿਲਰੇ ਹੋਏ ਸਨ ਤਾਂ ਫਿਰ ਸਵਰਨ ਨੇ ਇਕ ਦਮ ਐਲਾਨ ਕੀਤਾ ਕਿ ਚਲੋ ਹੁਣ ਬੈਟਿੰਗ ਤੇ ਬਾਉਲਿੰਗ ਦੀ ਪ੍ਰੈਕਟਸ ਕਰੀਏ।

“ਸਾਰੇ ਫਾਸਟ ਬਾਉਲਰ ਏਧਰ ਆ ਜਾਓ, ਧਾਮੀ, ਰੋਹਨ, ਚੌਹਾਨ, ਰਾਣਾ ਤੁਸੀਂ ਸਾਰੇ ਆ ਜਾਓ, ਆਪਣੀ ਬੌਲ ਫੜੋ ਤੇ ਸ਼ੁਰੂ ਹੋ ਜਾਓ…ਓਏ ਵਿਕਟ ਕੀਪਰ ਕਿੱਥੇ ਆ …ਮਹਿੰਦਰ ਉੇਏ…”

“ਆਇਆ ਭਾਜੀ” ਪੈਡ ਠੀਕ ਕਰਦਾ ਮਹਿੰਦਰ ਵੀ ਆ ਗਿਆ।

“ਵਿਕਟਾਂ ਗੱਡੋ…ਗਜ਼ ਗਿਣੋਂ…ਨਹੀਂ ਯਾਰ ਮੀਟਰ ਨੀਂ…ਕੌਣ ਮਿਣੂ…ਠਹਿਰ ਮੈਂ ਹੀ ਮਿਣਦਾਂ ਆਪੇ।” ਉਸ ਨੇ ਗਜ਼ ਮਿਣੇ ਤੇ ਹੁਕਮ ਕੀਤਾ,” ਧਾਮੀ ਤੇ ਚੌਹਾਨ ਨੂੰ ਨਵੀਆਂ ਬਾਲਾਂ ਦਿਓ…ਤੇ ਰਾਣੇ ਤੁਸੀਂ ਕੱਲ੍ਹ ਵਾਲ਼ੀਆਂ ਹੀ ਵਰਤੋ।”

ਉਸ ਸਮੇਂ ਅਸੀਂ ਬਾਕੀ ਸਾਰੇ ਖਿਡਾਰੀ ਗਰਾਊਂਡ ਵਿਚ ਖਿਲਰੇ ਹੋਏ ਸਾਂ। ਹਰੀ ਹਰੀ ਘਾਹ ਸੀ ਸ਼ਾਮ ਦੇ ਸਮੇਂ ਜਿਹੜੀ ਕਿ ਖੇਡ ਦੇ ਮੈਦਾਨ ਵਿਚ ਹੋਰ ਜ਼ਿਆਦਾ ਮਨ ਨੂੰ ਸੋਹਣੀ ਲਗ ਰਹੀ ਸੀ। ਮੇਰੇ ਮਨ ਵਿਚ ਤਾਂ ਅੱਜ ਇਹੀ ਜ਼ਿਆਦਾ ਖ਼ੁਸ਼ੀ ਵਾਲੀ ਗਲ ਸੀ ਕਿ ਅੱਜ ਮੈਂ ਗਰਾਊਂਡ ਵਿਚ ਸਾਂ। ਮਜ਼ਬੂਰੀਆਂ ਕਰਕੇ ਕਾਲਿਜ ਦੀ ਗਰਾਉਂਡ ਤੋਂ ਕਈ ਸਾਲ ਦੂਰ ਹੀ ਰਹਿਣਾ ਪਿਆ। ਗਰਾਊੁਂਡ ਵਿੱਚ ਚਾਰ ਕੁ ਬੈਟ ਸਨ। ਪੰਜ ਛੇ ਕੁ ਜੋੜੀਆਂ ਪੈਡਾਂ ਦੀਆਂ, ਸੇਫ-ਗਾਰਡ, ਹੈਂਡ-ਗਲਾਵਜ਼, ਥਾਈਪੈਡ, ਹੈਲਮਟ ਸਭ ਕੁੱਝ ਇੱਕ ਥਾਂ ਪਿਆ ਹੋਇਆ ਸੀ। ਬੈਟਿੰਗ ਲਾਈਨ ਵਿੱਚ ਸਵਰਨ ਅਤੇ ਉਸ ਨਾਲ ਇੱਕ ਹੋਰ ਮੁੰਡਾ ਓਪਨਿੰਗ ਕਰਿਆ ਕਰਦੇ ਸਨ। ਪਰ ਅਜ ਸਵਰਨ ਨੇ ਪਹਿਲਾਂ ਪੈਡ ਨਹੀਂ ਬੰਨੇ ਸਨ, ਸਭ ਖਿਡਾਰੀ ਇਕ ਦੂਸਰੇ ਵਲ ਦੇਖ ਰਹੇ ਸਨ ਕਿ ਸ਼ਾਇਦ ਅੱਜ ਸਵਰਨ ਸ਼ਾਇਦ ਧਾਮੀ ਦੀ ਫ਼ਾਸਟ ਬਾਲ ਨੂੰ ਖੇਡਣ ਤੋਂ ਡਰ ਰਿਹਾ ਹੈ ਜਦ ਕਿ ਦੂਸਰਾ ਓਪਨਰ ਅਪਣੀ ਤਾਂ ਸਮਝਦਾ ਸੀ ਇਸ ਲਈ ਉਹ ਤਿਆਰ ਵੀ ਹੋ ਚੁੱਕਾ ਸੀ। ਸਭ ਕਪਤਾਨ ਵਲ ਦੇਖ ਰਹੇ ਸਨ, ਜਦੋਂ ਉਹ ਅੱਗੇ ਨਾ ਅਇਆ ਤਾਂ ਦੂਸਰੇ ਨੰਬਰ ਵਾਲੇ ਦੋਵੇ ਖਿਡਾਰੀ ਪੈਡ ਬੰਨਣ ਲਈ ਅੱਗੇ ਵਧੇ ਤਾਂ ਸਵਰਨ ਨੇ ਉਚੱੀ ਦੇਣੀ ਕਿਹਾ, “ਬੈਟਿੰਗ ਦੀ ਓਪਨਿੰਗ ਜਸਕਰਨ ਕਰੂਗਾ, ਜਸਕਰਨ ਪਾ ਲੈ ਪੈਡ ਤੇ ਕਰ ਓਪਨਿੰਗ।”

ਕਪਤਾਨ ਦੇ ਇੰਨ੍ਹਾਂ ਬੋਲਾਂ ਦੇ ਨਾਲ ਹੀ ਏਸ ਨਵੇਂ ਨਾਂ ਨੂੰ ਸਭ ਢੂੰਡਣ ਲਗ ਪਏ ਕਿ ਕੌਣ ਹੈ, ਮੈਂ ਤਾਂ ਓਸ ਵੇਲੇ ਇਕ ਅਜਨਬੀ ਜਿਹਾ ਸੀ। ਜਿਸ ਨੂੰ ਕਿ ਸਿਰਫ਼ ਏਸੇ ਹੀ ਗਲ ਦੀ ਬਹੁਤ ਖ਼ੁਸ਼ੀ ਸੀ ਕਿ ਮੈਨੂੰ ਵੀ ਅਜ ਗਰਾਉਂਡ ਵਿਚ ਖੜ੍ਹਨ ਦਾ ਮੌਕਾ ਮਿਲ ਗਿਆ ਹੈ। ਕੁਝ ਪਲ ਲਈ ਮੈਨੂੰ ਵੀ ਯਕੀਨ ਨਹੀਂ ਅਇਆ …ਤੇ ਕੁਝ ਪਲ ਕੋਈ ਵੀ ਨਾ ਹਿਲਿਆ। ਸਭ ਨੇ ਹੈਰਾਨੀ ਨਾਲ ਆਸੇ-ਪਾਸੇ ਦੇਖਿਆ। ਫਿਰ ਉਸੇ ਤਰਾਂ ਹੀ ਸਭ ਨੇ ਸਵਰਨ ਵਲ ਦੇਖਿਆ, ਤਾਂ ਉਸ ਨੇ ਮੇਰੇ ਵਲ ਇਸ਼ਾਰਾ ਕਰਦਿਆਂ ਮੈਂਨੂੰ ਕਿਹਾ,”ਜਸਕਰਨ ਤੂੰ ਪੈਡ ਬੰਨ ਤੇ ਬੈਟਿੰਗ ਦੀ ਓਪਨਿੰਗ ਕਰ।” ਉਸ ਸਮੇਂ ਮੈਂ ਕਿਹੋ ਜਿਹਾ ਮਹਿਸੂਸ ਕਰ ਰਿਹਾ ਸਾਂ ਬਸ ਮੈਂ ਹੀ ਜਾਣਦਾ ਹਾਂ।

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 1 ਜੁਲਾਈ 2005)
(ਦੂਜੀ ਵਾਰ ਸਤੰਬਰ 2021)

***
401
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ