ਆਪਣਾ ਮੂਲ ਪਛਾਣ – ਗੁਰਸ਼ਰਨ ਸਿੰਘ ਕੁਮਾਰ |
ਪੰਡਿਤ ਕਹਿੰਦੇ ਹਨ ਮਨੁੱਖ ਦੀ ਕਿਸਮਤ ਉਸ ਦੇ ਹੱਥਾਂ ‘ਤੇ ਲਿਖੀ ਹੁੰਦੀ ਹੈ। ਹਸਤ-ਰੇਖਾ ਤੇ ਹਜ਼ਾਰਾਂ ਕਿਤਾਬਾਂ ਲਿਖੀਆਂ ਗਈਆਂ ਹਨ ਜੋ ਅਲੱਗ ਰੇਖਾ ਦਾ ਅਲੱਗ-ਅਲੱਗ ਭਵਿੱਖ ਦੱਸਦੀਆਂ ਹਨ। ਹਸਤ ਰੇਖਾ ਦੇ ਜੋਤਿਸ਼ ਦਵਾਰਾ ਹੀ ਭਾਰਤ ਵਿੱਚ ਅਨੇਕਾਂ ਕੱਚ ਘਰੜ ਪੰਡਿਤਾਂ ਦੀ ਦਾਲ ਰੋਟੀ ਅਤੇ ਹਲਵੇ ਮੰਡੇ ਚਲਦੇ ਹਨ। ਪਰ ਅਸੀਂ ਇਸ ਨੂੰ ਨਹੀਂ ਮੰਨਦੇ। ਇੱਕ ਕਵੀ ਲਿਖਦਾ ਹੈ :
ਜਿਨਕੇ ਹਾਥ ਨਹੀਂ ਹੋਤੇ ਇਸੇ ਵਿਚਾਰ ਨੂੰ ਲੈ ਕੇ ਪੰਜਾਬੀ ਦੇ ਇੱਕ ਸ਼ਾਇਰ ਨੇ ਕਿਸਾਨ ਅਤੇ ਮਜ਼ਦੂਰ ਦੀ ਜ਼ਿੰਦਗੀ ਬਾਰੇ ਬੜਾ ਸੋਹਣਾ ਲਿਖਿਆ ਹੈ, ਇਸ ਦੇ ਹੱਥਾਂ ਦੀਆਂ ਲਕੀਰਾਂ ਦੇਖ ਘਸੀਆਂ ਕਹਿੰਦਾ ਸੀ ਟੇਵੇ ਬਣਾਉਣ ਵਾਲਾ ਇਸ ਦੀ ਆਪਣੀ ਕਿਸਮਤ ਦਾ ਤਾਂ ਪਤਾ ਹੈ ਨਹੀਂ ਪਰ ਇਹ ਹੈ ਦੇਸ਼ ਦੀ ਕਿਸਮਤ ਬਣਾਉਣ ਵਾਲਾ। ਸੋ ਦੋਸਤੋ ਵਹਿਮਾਂ ਭਰਮਾਂ ਵਿਚ ਪੈਣ ਦੀ ਕੋਈ ਲੋੜ ਨਹੀਂ। ਗੈਰ ਵਿਗਿਆਨਕ ਗੱਲਾਂ ਨੂੰ ਮੰਨਕੇ ਦਿਲ ਥੋੜ੍ਹਾ ਕਰਨ ਦੀ ਜਾਂ ਡਰਨ ਦੀ ਕੋਈ ਲੋੜ ਨਹੀਂ। ਇਨਸਾਨ ਆਪਣੀ ਕਿਸਮਤ ਨੂੰ ਖੁਦ ਘੜਦਾ ਹੈ। ਜ਼ਰੂਰਤ ਹੈ ਕਿ ਅਸੀਂ ਦ੍ਰਿੜ ਇਰਾਦੇ ਨਾਲ ਆਪਣੀ ਜ਼ਿੰਦਗੀ ਦੇ ਪੱਥਰ ਤੇ ਕਲਾਤਿਮਕ ਤਰੀਕੇ ਨਾਲ ਇਸ ਨੂੰ ਸੋਹਣੀ ਦਿਖ ਦਈਏ। ਪ੍ਰਮਾਤਮਾ ਨੇ ਸਾਨੂੰ ਇਸ ਧਰਤੀ ‘ਤੇ ਜਨਮ ਦਿੱਤਾ ਹੈ। ਕੁਦਰਤ ਸਾਨੂੰ ਵੱਧਣ ਫੁੱਲਣ ਅਤੇ ਆਪਣੀ ਸ਼ਖ਼ਸੀਅਤ ਨੂੰ ਵਿਕਸਤ ਕਰਨ ਦਾ ਮੌਕਾ ਦਿੰਦੀ ਹੈ। ਜੇ ਸਾਡੀ ਦਿਖ ਦੁਨੀਆ ਸਾਹਮਣੇ ਕੁਝ ਚੰਗੀ ਨਹੀਂ ਤਾਂ ਇਸ ਵਿਚ ਜ਼ਰੂਰ ਕਿੱਧਰੇ ਸਾਡੇ ਵਿਚ ਹੀ ਕੁਝ ਕਮੀ ਰਹਿ ਗਈ ਹੋਵੇਗੀ। ਸਾਡੇ ਕੰਮ ਬੇਤਰਤੀਬੇ ਰਹਿ ਗਏ ਹੋਣਗੇ ਜਾਂ ਸਾਡੇ ਬੋਲਚਾਲ, ਵਿਉਹਾਰ ਜਾਂ ਸਲੀਕੇ ਵਿਚ ਕਮੀ ਰਹਿ ਗਈ ਹੋਵੇਗੀ, ਜਿਸ ਕਾਰਨ ਅਸੀਂ ਕਦਰਦਾਨਾਂ ਦੀਆਂ ਨਜ਼ਰਾਂ ਵਿਚ ਨਹੀਂ ਚੜ੍ਹ ਸਕੇ। ਅਸੀਂ ਆਪਣਾ ਮੁੱਲ ਇਸ ਚੀਜ਼ ਤੋਂ ਆਂਕਦੇ ਹਾਂ ਕਿ ਅਸੀਂ ਕੀ ਕਰ ਸਕਦੇ ਹਾਂ, ਪਰ ਦੋਸਤੋ ਲੋਕ ਸਾਡਾ ਮੁੱਲ ਇਸ ਤੋਂ ਆਂਕਦੇ ਹਨ ਕਿ ਅਸੀਂ ਦੁਨੀਆਂ ਨੂੰ ਕੀ ਕਰਕੇ ਦਿਖਾਇਆ ਹੈ। ਸਾਨੂੰ ਐਵੇਂ ਆਪਣੀ ਕਾਬਲੀਅਤ ਅਤੇ ਵਿਉਹਾਰ ਦੀਆਂ ਫੋਕੀਆਂ ਡੀਂਗਾਂ ਨਹੀਂ ਮਾਰਨੀਆਂ ਚਾਹੀਦੀਆਂ। ਆਪਣੇ ਗੁਣਾਂ ਨੂੰ ਪਹਿਚਾਣੋ। ਦੁਨੀਆਂ ਨੂੰ ਆਪਣੀ ਪੂਰੀ ਕਾਬਲੀਅਤ ਅਤੇ ਸਲੀਕੇ ਨਾਲ ਕੁਝ ਠੋਸ ਅਤੇ ਸੋਹਣਾ ਕਰਕੇ ਦਿਖਾਉ। ਫਿਰ ਦੇਖੋ ਤੁਹਾਡੀ ਕਦਰ ਪੈਂਦੀ। ਪ੍ਰੋ. ਮੋਹਨ ਸਿੰਘ ਨੇ ਆਪਣੀ ਕਵਿਤਾ ‘ਸਾਵੇ ਪੱਤਰ’ ਵਿਚ ਕਿੰਨਾ ਸੋਹਣਾ ਲਿਖਿਆ ਹੈ:- ਅਸੀਂ ਨਿਮਾਣੇ ਸਾਵੇ ਪੱਤਰ, ਸਾਨੂੰ ਕੌਣ ਖਿਆਲੇ। ਜੇ ਪੱਤਿਆਂ ਦੀ ਫੁੱਲਾਂ ਜਿੰਨੀ ਕਦਰ ਪੈ ਸਕਦੀ ਹੈ ਤਾਂ ਕੋਈ ਕਾਰਨ ਨਹੀਂ ਕਿ ਤੁਹਾਡੇ ਗੁਣਾਂ ਦੀ ਕਦਰ ਨਾ ਪਵੇ। ਸੋ ਵਿਸ਼ਵਾਸ ਅਤੇ ਸਲੀਕੇ ਨਾਲ ਆਪਣੀ ਦਿਖ ਸੋਹਣੀ ਬਣਾਵੋ। ਕਈ ਵਾਰ ਸਾਨੂੰ ਸ਼ਿਕਾਇਤ ਰਹਿੰਦੀ ਹੈ ਕਿ ਸਾਨੂੰ ਵੱਧਣ ਦਾ ਸਹੀ ਮਾਹੌਲ ਨਹੀਂ ਮਿਲਿਆ ਇਸ ਲਈ ਅਸੀਂ ਜ਼ਿਆਦਾ ਤਰੱਕੀ ਨਹੀਂ ਕਰ ਸਕੇ। ਇਹ ਵਿਚਾਰ ਕੁਝ ਹੱਦ ਤੱਕ ਤਾਂ ਠੀਕ ਹੋ ਸਕਦੇ ਹਨ ਪਰ ਇਨ੍ਹਾਂ ਵਿਚਾਰਾਂ ਨੂੰ ਆਪਣੀ ਸ਼ਖਸੀਅਤ ਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ। ਜੇ ਕੁਦਰਤ ਨੇ ਤੁਹਾਡੀ ਕਿਸਮਤ ਵਿਚ ਕੋਈ ਕਮੀ ਰੱਖੀ ਹੈ ਤਾਂ ਉਸ ਨੇ ਆਪ ਜੀ ਨੂੰ ਕੋਈ ਐਸੀ ਸ਼ਕਤੀ ਵੀ ਦਿੱਤੀ ਹੋਵੇਗੀ ਜਿਸ ਨਾਲ ਤੁਸੀਂ ਆਪਣੀਆਂ ਸਾਰੀਆਂ ਕਮੀਆਂ ਨੂੰ ਢੱਕ ਸਕੋ ਅਤੇ ਆਪਣੇ ਸੋਹਣੇ ਪੱਖ ਨੂੰ ਉਭਾਰ ਸਕੋ। ਚਿਹਰੇ ਤੇ ਮੁਰਦੇਹਾਣੀ ਛਾਈ ਹੋਈ, ਸੁਸਤ ਅਤੇ ਢਿੱਲੜ ਜਿਹਾ ਬੰਦਾ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਹਮੇਸ਼ਾ ਚਿਹਰੇ ‘ਤੇ ਮੁਸਕਰਾਹਟ ਰੱਖੋ ਅਤੇ ਪੂਰੇ ਆਤਮ ਵਿਸ਼ਵਾਸ ਨਾਲ ਦੂਸਰੇ ਨਾਲ ਗੱਲ ਕਰੋ। ਫਿਰ ਦੇਖੋ ਤੁਹਾਨੂੰ ਹਰ ਕੋਈ ਪਸੰਦ ਕਰੇਗਾ। ਤੁਹਾਡੀ ਪੂਰੀ ਕਦਰ ਪਵੇਗੀ। ਅਸੀਂ ਕਿਸੇ ਬਗੀਚੇ ਵਿਚ ਜਾਂਦੇ ਹਾਂ ਤਾਂ ਦੇਖਦੇ ਹਾਂ ਕਿਵੇਂ ਫੁੱਲ ਸਿਰੀਆਂ ਚੁੱਕ ਚੁੱਕ ਕੇ ਟਹਿਕ ਰਹੇ ਹਨ। ਉਹ ਸਾਡੇ ਨਾਲ ਗੱਲਾਂ ਕਰਦੇ ਜਾਪਦੇ ਹਨ। ਸਾਨੂੰ ਸੋਹਣੀ ਤਰ੍ਹਾਂ ਖਿਲਣ ਅਤੇ ਮੁਸਕਰਾਉਣ ਦਾ ਸੁਨੇਹਾ ਦਿੰਦੇ ਹਨ। ਇਨ੍ਹਾਂ ਨੂੰ ਮਾਲੀ ਨੇ ਖਾਦ ਪਾ ਕੇ ਸੋਹਣੀ ਤਰ੍ਹਾਂ ਸਿੰਜ ਕੇ ਤਰਤੀਬ ਨਾਲ ਲਾਇਆ ਹੁੰਦਾ ਹੈ। ਇਸੇ ਤਰ੍ਹਾਂ ਜਦ ਅਸੀਂ ਖੇਤਾਂ ‘ਚ ਚੱਕਰ ਮਾਰਦੇ ਹਾਂ ਤਾਂ ਕਿਸਾਨ ਦੁਆਰਾ ਬੀਜੀਆਂ ਫਸਲਾਂ, ਸਬਜ਼ੀਆਂ ਅਤੇ ਫਸਲਾਂ ਦੇ ਬੂਟੇ ਸਾਨੂੰ ਸੋਹਣੇ ਲੱਗਦੇ ਹਨ ਅਤੇ ਖਿੱਚ ਪਾਉਂਦੇ ਹਨ। ਕਈ ਵਾਰੀ ਅਸੀਂ ਆਪਣੀ ਜ਼ਿੰਦਗੀ ‘ਚ ਝਾਤ ਮਾਰਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਸਾਨੂੰ ਕੋਈ ਅਜਿਹਾ ਮਾਲੀ ਨਹੀਂ ਮਿਲਿਆ ਜੋ ਸਾਡੀ ਜ਼ਿੰਦਗੀ ਨੂੰ ਸਵਾਰ ਸਕਦਾ। ਦੋਸਤੋ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਢੇਰੀ ਢਾਹ ਕੇ ਬੈਠ ਜਾਈਏ। ਸਾਨੂੰ ਚਾਹੀਦਾ ਹੈ ਕਿ ਅਸੀਂ ਪੂਰਾ ਤਾਣ ਲਾ ਕੇ ਉਪਰ ਉਠੀਏ ਅਤੇ ਆਪਣੀ ਹੋਂਦ ਨੂੰ ਪ੍ਰਗਟ ਕਰੀਏ। ਜ਼ਰਾ ਥੋਹਰ ਵੱਲ ਦੇਖੋ ਉਹ ਉਜਾੜ ਵਿਚ ਆਪੇ ਪੈਦਾ ਹੁੰਦੀ ਹੈ ਤਾਂ ਵੀ ਫੁੱਲ ਖਿੜਾਉਂਦੀ ਹੈ। ਹੋਰ ਤਾਂ ਹੋਰ ਇਕ ‘ਤਿੜ’ (ਬਿਨਾਂ ਫੁੱਲ ਅਤੇ ਪੱਤਿਆਂ ਤੋਂ) ਕਿਸੇ ਮਾਲੀ ਜਾਂ ਵਾਤਾਵਰਨ ਤੋਂ ਬਿਨਾਂ ਪੱਥਰ ਵਿਚੋਂ ਵੀ ਨਿਕਲਕੇ ਸਿਰ ਚੁੱਕ ਕੇ ਦੁਨੀਆਂ ‘ਚ ਆਪਣੀ ਹੋਂਦ ਪ੍ਰਗਟ ਕਰਦੀ ਹੈ। ਫਿਰ ਤੁਸੀਂ ਤਾਂ ਇਨਸਾਨ ਹੋ। ਤੁਸੀਂ ਕੀ ਨਹੀਂ ਕਰ ਸਕਦੇ? ਸਵੇਰੇ ਨਹਾ ਧੋ ਕੇ ਸਲੀਕੇ ਨਾਲ ਕੱਪੜੇ ਪਾਵੋ। ਸ਼ੀਸ਼ੇ ਵਿਚ ਆਪਣਾ ਚਿਹਰਾ ਦੇਖੋ। ਮੂੰਹ ‘ਤੇ ਮੁਸਕਰਾਹਟ ਲਿਆਵੋ ਤਾਂ ਕਿ ਤੁਸੀਂ ਹਰ ਇਕ ਨੂੰ ਖਿੜੇ ਮੱਥੇ ਮਿਲੋ। ਅਸੀਂ ਸਾਰੀ ਉਮਰ ਸ਼ਿਕਵੇ ਸ਼ਿਕਾਇਤਾਂ ਵਿਚ ਹੀ ਗੁਜ਼ਾਰ ਦਿੰਦੇ ਹਾਂ। ਜੋ ਕੁਝ ਸਾਡੇ ਪਾਸ ਹੈ ਉਸ ਦਾ ਸ਼ੁਕਰਾਨਾ ਨਹੀਂ ਕਰਦੇ। ਸਾਨੂੰ ਆਪਣੇ ਤੋਂ ਉਪਰਲਿਆਂ ਦੀਆਂ ਸੁੱਖ ਸਹੂਲਤਾਂ ਦਿਸਦੀਆਂ ਹਨ ਪਰ ਅਸੀਂ ਆਪਣੇ ਤੋਂ ਥੱਲੇ ਨਜ਼ਰ ਮਾਰਨ ਦੀ ਕੋਸ਼ਿਸ਼ ਨਹੀਂ ਕਰਦੇ। ਜਦੋਂ ਸਾਡਾ ਕੁਝ ਖੁਸ ਜਾਂਦਾ ਹੈ ਤਾਂ ਅਸੀਂ ਰੋਂਦੇ ਕੁਰਲਾਂਦੇ ਹਾਂ। ਕੀ ਹੋਇਆ ਜੇ ਸਾਡੇ ਕੋਲ ਪੈਰਾਂ ‘ਚ ਪਾਉਣ ਲਈ ਚੰਗੇ ਬੂਟ ਨਹੀਂ। ਜ਼ਰਾ ਉਨ੍ਹਾਂ ਦਾ ਵੀ ਸੋਚੋ ਜਿਨ੍ਹਾਂ ਦੇ ਪੈਰ ਨਹੀਂ। ਅਸੀਂ ਹਰ ਸਮੇਂ ਖ਼ੁਸ਼ੀ ਦੀ ਤਲਾਸ਼ ‘ਚ ਇੱਧਰ-ਉੱਧਰ ਦੌੜੇ ਫ਼ਿਰਦੇ ਹਾਂ ਪਰ ਖ਼ੁਸ਼ੀ ਨਹੀਂ ਮਿਲਦੀ। ਅਸੀਂ ਨਿਰਾਸ਼ ਹੋ ਜਾਂਦੇ ਹਾਂ ਪਰ ਦੋਸਤੋ ਕਿਸੇ ਚੀਜ਼ ਨੂੰ ਪਾਉਣ ਲਈ ਕੁਝ ਤਿਆਗ ਵੀ ਕਰਨਾ ਪੈਂਦਾ ਹੈ। ਕਿਸੇ ਸ਼ਾਇਰ ਨੇ ਠੀਕ ਲਿਖਿਆ ਹੈ: ਹਜ਼ਾਰੋਂ ਚਾਂਦ ਸਿਤਾਰੋਂ ਕਾ ਕਤਲ ਹੋਤਾ ਹੈ ਤਬ ਏਕ ਹਸੀਨ ਸੁਬਾਹ ਖਿਜਾਂ ਮੇਂ ਮੁਸਕਰਾਤੀ ਹੈ। ਖੁਸ਼ੀ ਇਤਨੀ ਸਸਤੀ ਨਹੀਂ ਕਿ ਬਾਜ਼ਾਰ ਗਏ ਅਤੇ ਜਾ ਕੇ ਖ਼ੁਸ਼ੀ ਖਰੀਦ ਲਿਆਂਦੀ। ਬਾਜ਼ਾਰ ਵਿਚੋਂ ਮਨਪ੍ਰਚਾਵੇ ਦੀ ਚੀਜ਼ ਤਾਂ ਖਰੀਦੀ ਜਾ ਸਕਦੀ ਹੈ ਜੋ ਥੋੜ੍ਹੀ ਦੇਰ ਲਈ ਤਾਂ ਸਾਨੂੰ ਖ਼ੁਸ਼ੀ ਦੇ ਸਕਦੀ ਹੈ। ਬੱਚੇ ਦੀ ਤਰ੍ਹਾਂ ਜਲਦੀ ਹੀ ਅਜਿਹੀ ਖੁਸ਼ੀ ਸਾਡੀ ਬੇਰੁਖੀ ਦਾ ਕਾਰਨ ਬਣਾ ਜਾਂਦੀ ਹੈ। ਅਸੀਂ ਨਿਰਾਸ਼ਾ ਵਿਚ ਘਿਰ ਜਾਂਦੇ ਹਾਂ। ਖ਼ੁਸ਼ੀ ਹਾਸਲ ਕਰਨ ਲਈ ਕੁਝ ਮੁਸ਼ੱਕਤ ਕਰਨੀ ਪੈਂਦੀ ਹੈ। ਕੁਝ ਸੁਹਿਰਦ ਕੰਮ ਕਰਨੇ ਪੈਂਦੇ ਹਨ ਤਾਂ ਜਾ ਕੇ ਖੁਸ਼ੀ ਮਿਲਦੀ ਹੈ। ਜ਼ਿੰਦਗੀ ਵਿਚ ਕਈ ਵਾਰੀ ਹਾਦਸੇ ਵਪਰਦੇ ਹਨ। ਇਹ ਕੁਦਰਤ ਦਾ ਨਿਯਮ ਹੈ, ਅਸੀਂ ਇਨ੍ਹਾਂ ਨੂੰ ਟਾਲ ਨਹੀਂ ਸਕਦੇ। ਕਈ ਵਾਰੀ ਸਾਡੀ ਸਾਰੀ ਉਮਰ ਦੀ ਮਿਹਨਤ ਦੀ ਕਮਾਈ ਇੱਕ ਦਮ ਲੁੱਟੀ ਜਾਂਦੀ ਹੈ। ਸਾਡੇ ਨਾਲ ਕੋਈ ਧੋਖਾ ਹੋ ਜਾਂਦਾ ਹੈ। ਸਾਡੇ ਕਰੀਬੀ ਹੀ ਸਾਡੇ ਨਾਲ ਵਿਸ਼ਵਾਸਘਾਤ ਕਰ ਜਾਂਦੇ ਹਨ ਜਾਂ ਅਸੀਂ ਕਿਸੇ ਗੰਭੀਰ ਬਿਮਾਰੀ ਦੀ ਪਕੜ ਵਿਚ ਆ ਜਾਂਦੇ ਹਾਂ ਜਾਂ ਸਾਡੇ ਕਿਸੇ ਅਤਿ ਪਿਆਰੇ ਦੋਸਤ ਮਿੱਤਰ ਜਾਂ ਸਨੇਹੀ ਨਾਲੋਂ ਵਿਛੋੜਾ ਹੋ ਜਾਂਦਾ ਹੈ। ਅਸੀਂ ਘਬਰਾ ਜਾਂਦੇ ਹਾਂ। ਸਾਨੂੰ ਆਸੇ-ਪਾਸੇ ਹਨੇਰਾ ਨਜ਼ਰ ਆਉਂਦਾ ਹੈ। ਜਿਉਣ ਦਾ ਕੋਈ ਉਤਸ਼ਾਹ ਨਹੀਂ ਰਹਿੰਦਾ। ਅਜਿਹੀ ਸਥਿਤੀ ਘੋਰ ਨਿਰਾਸ਼ਾ ਦੀ ਹੁੰਦੀ ਹੈ। ਅਸੀਂ ਅਜਿਹੀ ਅਣਹੋਣੀ ਨੂੰ ਟਾਲ ਨਹੀਂ ਸਕਦੇ। ਇਹ ਚੀਜ਼ਾਂ ਸਾਡੇ ਵਸੋਂ ਬਾਹਰ ਹੁੰਦੀਆਂ ਹਨ। ਕਿਸੇ ਸਿਆਣੇ ਨੇ ਠੀਕ ਹੀ ਕਿਹਾ ਹੈ ਜਿਸ ਅੱਗੇ ਕੋਈ ਚਾਰਾ ਨਹੀਂ ਉਸ ਨੂੰ ਸਹਿਣਾ ਹੀ ਪੈਂਦਾ ਹੈ, ਭਾਣੇ ਨੂੰ ਮੰਨਣਾ ਹੀ ਪੈਂਦਾ ਹੈ। ਬੇਸ਼ਕ ਅਜਿਹਾ ਬਹੁਤ ਮੁਸ਼ਕਲ ਹੈ, ਫਿਰ ਵੀ ਸਾਨੂੰ ਆਪਣੀ ਸਾਰੀ ਸਮਰੱਥਾ ਇਕੱਠੀ ਕਰਕੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨੀ ਚਾਹੀਦੀ ਹੈ। ਜਦੋਂ ਜ਼ਿੰਦਗੀ ਦਾ ਸਭ ਕੁਝ ਖੁੱਸ ਜਾਵੇ ਤਾਂ ਵੀ ਭਵਿੱਖ ਬਾਕੀ ਰਹਿੰਦਾ ਹੀ ਹੈ। (ਪਹਿਲੀ ਵਾਰ ਛਪਿਆ 27 ਜੁਲਾਈ, 2010) *** |