21 April 2024

ਅਦੀਬ ਸਮੁੰਦਰੋਂ ਪਾਰ ਦੇ: ਭਾਵੁਕ ਛੋਹਾਂ ਰਾਹੀਂ ਕਥਾ ਰਸ ਪੈਦਾ ਕਰਨ ਵਾਲੀ ਕਹਾਣੀਕਾਰਾ ਮਿੰਨੀ ਗਰੇਵਾਲ— ਹਰਮੀਤ ਸਿੰਘ ਅਟਵਾਲ

ਭਾਵੁਕ ਛੋਹਾਂ ਰਾਹੀਂ ਕਥਾ ਰਸ ਪੈਦਾ ਕਰਨ ਵਾਲੀ ਕਹਾਣੀਕਾਰਾ ਮਿੰਨੀ ਗਰੇਵਾਲ

-ਹਰਮੀਤ ਸਿੰਘ ਅਟਵਾਲ-

ਹਰਮੀਤ ਸਿੰਘ ਅਟਵਾਲ
+9198155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (9 ਜਨਵਰੀ 2022 ਨੂੰ) 69ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਭਾਵੁਕ ਛੋਹਾਂ ਰਾਹੀਂ ਕਥਾ ਰਸ ਪੈਦਾ ਕਰਨ ਵਾਲੀ ਕਹਾਣੀਕਾਰਾ ਮਿੰਨੀ ਗਰੇਵਾਲ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਕਹਾਣੀਕਾਰਾ ਮਿੰਨੀ ਗਰੇਵਾਲ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਇਸਦੇ ਨਾਲ ਹੀ ਸਾਨੂੰ ਇਹ ਦੱਸਦਿਅਾਂ ਵੀ ਬੇਹੱਦ ਪਰਸੰਂਨਤਾ ਹੋ ਰਹੀ ਹੈ ਕਿ ਬਹੁ-ਚਰਚਿਤ ਅਤੇ ਸਥਾਪਿਤ ਕਹਾਣੀਕਾਰ ‘ਮਿੰਨੀ ਗਰੇਵਾਲ’ ਇਕੱ ਲੰਮੇ ਸਮੇਂ ਤੋਂ ‘ਲਿਖਾਰੀ’ ਨਾਲ ਵੀ ਜੁੜੇ ਰਹੇ ਹਨ ਅਤੇ ਉਹਨਾਂ ਦੀਅਾਂ ਕਹਾਣੀਅਾਂ ਸਮੇਂ ਸਮੇਂ ਸਿਰ ‘ਲਿਖਾਰੀ’ ਵੈੱਬਸਾਈਟ ਦੇ ਪੰਨਿਅਾਂ ਦਾ ਸ਼ਿੰਗਾਰ ਬਣਦੀਅਾਂ ਰਹੀਅਾਂ ਹਨ। ਕੁਝ ਕੁ ਕਹਾਣੀਅਾਂ ਜਿਵੇਂ ਕਿ ‘ਵਹਿੰਦੇ ਪਾਣੀ ਦੇ ਪਰਛਾਵੇਂ(12 ਅਕਤੂਬਰ 2004), ਇੰਤਜ਼ਾਰ ਦੇ ਮੀਲ, ਦੋ ਅਸਮਾਨ, ਚਾਂਦੀ ਦਾ ਗੇਟ, ਮੇਹਰਬਾਨੀਅਾਂ, ਬਰਫ ਦੀ ਚੁੱਪ ਆਦਿ ਪਾਠਕਾਂ ਨੇ ਬਹੁਤ ਪਸੰਦ ਕੀਤੀਅਾਂ। ੳੁੱਘੇ ਆਲੋਚਕ/ਸਾਹਿਤਕਾਰ ਸ. ਹਰਮੀਤ ਸਿੰਘ ਅਟਵਾਲ ਜੀ ਨੇ ਕਹਾਣੀਕਾਰ ਮਿੰਨੀ ਗਰੇਵਾਲ ਦੀਅਾਂ ਸਾਹਿਤਕ ਉਪਲੱਭਦੀਅਾਂ ਸਬੰਧੀ ਬਹੁਤ ਹੀ ਸੁੰਦਰ ਅਤੇ ਆਪਣੇ ਨਿਵੇਕਲੇ ਅੰਦਾਜ਼ ਵਿੱਚ ਚਾਨਣਾ ਪਾਇਆ ਹੈ। ਅਟਵਾਲ ਜੀ ਅਤੇ ਮਿੰਨੀ ਗਰੇਵਾਲ ਨੂੰ ਹਾਰਦਿਕ ਵਧਾਈ ਪੇਸ਼ ਕਰਦਿਅਾਂ ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਅਦੀਬ ਸਮੁੰਦਰੋਂ ਪਾਰ ਦੇ: ਭਾਵੁਕ ਛੋਹਾਂ ਰਾਹੀਂ ਕਥਾ ਰਸ ਪੈਦਾ ਕਰਨ ਵਾਲੀ ਕਹਾਣੀਕਾਰਾ ਮਿੰਨੀ ਗਰੇਵਾਲ— ਹਰਮੀਤ ਸਿੰਘ ਅਟਵਾਲ

‘ਮਕਬੂਲ’ ਸ਼ਬਦ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ ਜਿਸ ਦੇ ਅਰਥ ਹਨ ਕਬੂਲ ਕੀਤਾ ਗਿਆ, ਪਿਆਰਾ, ਮਨਜ਼ੂਰ, ਲੋਕਪ੍ਰਿਯ, ਪਰਵਾਨ, ਮੰਨਿਆ ਗਿਆ ਤੇ ਪਸੰਦੀਦਾ। ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਹੋਰਾਂ ਇਕ ਵਾਰ ਆਖਿਆ ਸੀ ਕਿ ਸਹੁਰੇ ਘਰ ਵਿਚ ਉਸੇ ਧੀ-ਧਿਆਣੀ ਦੀ ਪ੍ਰਵਾਨਗੀ ਹੁੰਦੀ ਹੈ ਜਿਸ ਵਿਚ ਗੁਣ ਹੋਵੇ। ਸਾਹਿਤਕ ਰਚਨਾਵਾਂ ਵੀ ਧੀਆਂ ਧਿਆਣੀਆਂ ਹੀ ਹੁੰਦੀਆਂ ਹਨ। ਪਾਠਕ ਵਰਗ ਇਨ੍ਹਾਂ ਦਾ ਸਹੁਰਾ ਘਰ ਹੁੰਦਾ ਹੈ। ਪਾਠਕਾਂ ਵਿਚ ਉਹੀ ਰਚਨਾ ਪ੍ਰਵਾਨ ਹੁੰਦੀ ਹੈ ਜਿਸ ਵਿਚ ਸਾਹਿਤਕਤਾ ਹੋਵੇ, ਗੁਣ ਹੋਵੇ। ਜਦੋਂ ਰਚਨਾ ਪ੍ਰਵਾਨ ਹੋ ਜਾਵੇ, ਮਕਬੂਲ ਹੋ ਜਾਵੇ ਤਾਂ ਰਚਨਾਕਾਰ ਸੁਤੇ ਸਿੱਧ ਹੀ ਮਕਬੂਲ ਹੋ ਜਾਂਦਾ ਹੈ। ਅਜਿਹੀ ਮਕਬੂਲੀਅਤ, ਪਰਵਾਨਗੀ ਤੇ ਲੋਕ ਪ੍ਰਿਯਤਾ ਕੈਨੇਡਾ ਵੱਸਦੀ ਸਾਡੀ ਪੰਜਾਬੀ ਦੀ ਵਸੀਹ ਅਨੁਭਵ ਵਾਲੀ ਕਹਾਣੀਕਾਰ ਮਿੰਨੀ ਗਰੇਵਾਲ ਨੂੰ ਕਈ ਦਹਾਕਿਆਂ ਤੋਂ ਪ੍ਰਾਪਤ ਹੈ ਜਿਸ ਨੇ ਸਿਰਫ਼ ਕਹਾਣੀਆਂ ਹੀ ਨਹੀਂ ਕਵਿਤਾਵਾਂ ਵੀ ਲਿਖੀਆਂ ਹਨ ਤੇ ਸਫ਼ਰਨਾਮਾ ਵੀ।

ਮਿੰਨੀ ਗਰੇਵਾਲ ਦਾ ਜਨਮ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਪਿਤਾ ਲੈਫਟੀਨੈਂਟ ਕਰਨਲ ਸੰਪੂਰਨ ਬਚਨ ਸਿੰਘ ਗਰੇਵਾਲ ਤੇ ਰਾਜਿੰਦਰ ਕੌਰ ਗਰੇਵਾਲ ਦੇ ਘਰ ਲੁਧਿਆਣਾ ਵਿਖੇ ਹੋਇਆ। ਮਿੰਨੀ ਦੇ ਆਪਣੇ ਸ਼ਬਦਾਂ ਅਨੁਸਾਰ :-

* ਮੇਰਾ ਜਨਮ ਤੇਰਾਂ ਜਨਵਰੀ ਲੋਹੜੀ ਵਾਲੀ ਸ਼ਾਮ ਨੂੰ ਲੁਦਿਹਾਣੇ ਵਿਚ ਹੋਇਆ। ਦੂਜੇ ਮਹਾਂ ਯੁੱਧ ਦਾ ਵੇਲਾ। ਗੌਰਮਿੰਟ ਕਾਲਜ ਲੁਦਿਹਾਣਾ ਪੜ੍ਹੀ। ਫਿਰ ਪੰਜਾਬੀ ਯੂਨੀਵਰਸਿਟੀ ਤੋਂ ਬੀਏ ਕੀਤੀ। ਮੇਰੇ ਪਿਤਾ ਜੀ ਆਰਮੀ ਵਿਚ ਲੈਫਟੀਨੈਂਟ ਕਰਨਲ ਸਨ। ਉਨ੍ਹਾਂ ਦੀ ਬਦਲੀ ਜਦੋਂ ਹੁੰਦੀ ਸੀ ਤਾਂ ਮੇਰੇ ਸਕੂਲ ਵੀ ਬਦਲ ਜਾਂਦੇ ਸਨ। ਇਸੇ ਤਰ੍ਹਾਂ ਸਾਰਾ ਹਿੰਦੁਸਤਾਨ ਦੇਖ ਲਿਆ। 19 ਸਾਲ ਦੀ ਉਮਰ ਵਿਚ ਹੀ ਮੈਂ ਨੌਕਰੀ ਕਰ ਲਈ। ਇਹ ਨੌਕਰੀ ਸੀ ਦਿੱਲੀ ਵਿਚ ‘ਇਨਫ਼ਰਮੇਸ਼ਨ ਡਿਪਾਰਟਮੈਂਟ ਆਫ ਸੋਵੀਅਤ ਅੰਬੈਸੀ’। ਇਨ੍ਹਾਂ ਦਾ ਰੋਜ਼ਾਨਾ ਦਾ ਬੁਲੇਟਿਨ ਅੰਗਰੇਜ਼ੀ ਵਿਚ ਛਪਦਾ ਹੁੰਦਾ ਸੀ। ਉਸ ਦੀ ਪਰੂਫ ਰੀਡਿੰਗ ਮੈਂ ਕਰਦੀ ਹੁੰਦੀ ਸੀ। ਫਿਰ ਮੈਂ ਬੰਬਈ ਦੇ ਆਫ਼ਿਸ ਚਲੀ ਗਈ। ਹੌਲੀ-ਹੌਲੀ ਤਰੱਕੀ ਕਰਦੀ ਰਹੀ ਤੇ ਅਖੀਰ ਉਨ੍ਹਾਂ ਦੇ ‘ਸੋਵੀਅਤ ਲੈਂਡ’ ਮੈਗਜ਼ੀਨ ਜੋ ਦੋ ਹਫ਼ਤੇ ਬਾਅਦ ਛਪਦਾ ਸੀ ਉਸ ਦੀ ਸੀਨੀਅਰ ਟੈਕਨੀਕਲ ਐਡੀਟਰ ਦਾ ਕੰਮ ਕਰਦੀ ਰਹੀ। ਮੁੰਬਈ ਯੂਨੀਵਰਸਿਟੀ ਤੋਂ ਮੈਂ ਡਿਪਲੋਮਾ ਇਨ ਜਰਨਲਿਜ਼ਮ ਵੀ ਕੀਤਾ। ਮੇਰਾ ਛੋਟਾ ਭਰਾ ਕੈਨੇਡਾ ਆ ਚੱੁਕਾ ਸੀ। ਮੈਨੂੰ ਦੁਨੀਆ ਦੇਖਣ ਦਾ ਬਹੁਤ ਸ਼ੌਕ ਹੈ ਜੋ ਕਿ ਹਿੰਦੁਸਤਾਨ ਰਹਿ ਕੇ ਪੂਰਾ ਨਹੀਂ ਹੋ ਸਕਦਾ ਸੀ। ਸੋ ਮੈਂ ਨੌਕਰੀ ਤੋਂ ਅਸਤੀਫ਼ਾ ਦਿੱਤਾ ਅਤੇ ਕੈਨੇਡਾ ਦੇ ਵੀਜ਼ੇ ਲਈ ਕੈਨੇਡੀਅਨ ਅੰਬੈਸੀ ’ਚ ਅਰਜ਼ੀ ਦੇ ਦਿੱਤੀ ਜੋ ਕਿ ਮਨਜ਼ੂਰ ਹੋ ਗਈ। ਤਦ ਮੇਰੇ ਦੋ ਬੱਚੇ ਅਤੇ ਮੈਂ, ਅਸੀਂ ਟੋਰਾਂਟੋ ਪਹੁੰਚ ਗਏ।

ਮਿੰਨੀ ਗਰੇਵਾਲ ਦੀਆਂ ਜਿਹੜੀਆਂ ਪੁਸਤਕਾਂ ਪਾਠਕਾਂ ਕੋਲ ਪੁਜੀਆਂ ਹਨ ਉਹ ਹਨ ‘ਕੈਕਟਸ ਦੇ ਫੁੱਲ’ (ਕਹਾਣੀਆਂ), ‘ਚਾਂਦੀ ਦਾ ਗੇਟ’ (ਕਹਾਣੀਆਂ), ‘ਫੁੱਲ ਪੱਤੀਆਂ’ (ਕਵਿਤਾਵਾਂ), ‘ਫ਼ਾਨੂਸ’ (ਕਹਾਣੀਆਂ), ‘ਦੋ ਆਸਮਾਨ’ (ਹਿੰਦੀ ਕਹਾਣੀਆਂ), ‘ਅਣਜਾਣੀਆਂ ਧਰਤੀਆਂ’ (ਸਫ਼ਰਨਾਮਾ) ਤੇ ‘ਕੱਚ ਦੀਆਂ ਕੰਧਾਂ’ (ਕਹਾਣੀਆਂ)।

ਮਿੰਨੀ ਗਰੇਵਾਲ ਭਾਵੇਂ ਕਹਾਣੀਕਾਰ ਦੇ ਤੌਰ ’ਤੇ ਮਕਬੂਲ ਹੈ ਪਰ ਉਸ ਦੀਆਂ ਕਵਿਤਾਵਾਂ ਵੀ ਕਮਾਲ ਦੀਆਂ ਹਨ। 119 ਸਫ਼ਿਆਂ ਦਾ ਉਸ ਦਾ ਕਾਵਿ-ਸੰਗ੍ਰਹਿ ‘ਫੁੱਲ ਪੱਤੀਆਂ’ ਇਸ ਗੱਲ ਦਾ ਗਵਾਹ ਹੈ। ਇਸ ਵਿਚਲੀਆਂ ਕੁਲ 44 ਕਵਿਤਾਵਾਂ ਨੂੰ ਮਿੰਨੀ ਗਰੇਵਾਲ ਨੇ ‘ਖ਼ਿਆਲਾਂ ਦੇ ਫੁੱਲ’ ਆਖਿਆ ਹੈ। ਪ੍ਰਸਿੱਧ ਆਲੋਚਕ ਤੇ ਕਵੀ ਹਰਿਭਜਨ ਸਿੰਘ ਨੇ ਇਨ੍ਹਾਂ ਕਵਿਤਾਵਾਂ ਦੀ ਅੰਤਰਾਤਮਾ ਬਾਰੇ ਆਖਿਆ ਹੈ ਕਿ ‘ਏਨਾ ਦਰਦ, ਇੰਨੀ ਮਾਰਮਿਕਤਾ, ਮਾਨੋ ਸ੍ਰਿਸ਼ਟੀ ਦੀਆਂ ਸਾਰੀਆਂ ਵਿਜੋਗਾਤਮਕ ਬਿਰਹਣੀਆਂ ਦੀਆਂ ਕੂਕਾਂ ਤੇ ਵਿਲਕਣੀਆਂ ਮਿੰਨੀ ਗਰੇਵਾਲ ਦੀਆਂ ਕਾਵਿਆਤਮਕ ਭਾਵਾਂ ਵਿਚ ਸਮਾ ਗਈਆਂ ਹੋਣ।’ ਦਰਅਸਲ ਮਿੰਨੀ ਗਰੇਵਾਲ ਦੀਆਂ ਇਨ੍ਹਾਂ ਕਵਿਤਾਵਾਂ ਅੰਦਰ ਇਕ ਵਿਸ਼ੇਸ਼ ਕਿਸਮ ਦਾ ਕਰੁਣਾ ਰਸ ਕਾਰਜਸ਼ੀਲ ਹੈ। ‘ਸੁਪਨਾ ਰਾਤੀਂ’ ਨਾਂ ਦੀ ਕਵਿਤਾ ਵੰਨਗੀ ਵਜੋਂ ਇਥੇ ਹਾਜ਼ਰ ਹੈ:-

ਸੁਪਨਾ ਰਾਤੀਂ ਇਕ ਮੈਂ ਤੱਕਿਆ
ਉਮਰ ਜਿੰਨਾ ਲੰਮਾ
ਕਾਸ਼! ਉਮਰ ਹੁੰਦੀ ਉਹ ਸੁਪਨਾ
ਪਿਆਰਾ, ਨਿੱਘਾ, ਸੁਹਣਾ।
ਦਿਲ ਦੇ ਇਕ ਜਖ਼ਮ ਤੋਂ,
ਸੀਨੇ ਦੇ ਇਕ ਦਾਗ਼ ਤੋਂ
ਕਦ ਤੋਂ ਮੁਨਕਰ ਸਾਂ ਮੈਂ,
ਅੱਜ ਹਾਰ ਮੰਨ ਬੈਠੀ ਹਾਂ। (ਪੰਨਾ-21)

ਮਿੰਨੀ ਗਰੇਵਾਲ ਨੇ ਇਕ ਸਫ਼ਰਨਾਮਾ ਵੀ ਲਿਖਿਆ ਹੈ ‘ਅਣਜਾਣੀਆਂ ਧਰਤੀਆਂ’ ਨਾਂ ਦਾ। ਇਹ ਸਫ਼ਰਨਾਮਾ ਮੂਲ ਰੂਪ ਵਿਚ ਰੂਸ ਦਾ ਹੈ। ਇਕ ਚੈਪਟਰ ਚੀਨ ਦੇ ਸ਼ਹਿਰ ਬੀਜਿੰਗ ਦਾ ਵੀ ਹੈ। ਇਸ ਸਫ਼ਰਨਾਮੇ ਵਿਚ ਰਚਨਾਕਾਰ ਦੀ ਵਿਲੱਖਣ ਸ਼ੈਲੀ ਤੇ ਚੀਜ਼ਾਂ/ਥਾਵਾਂ ਨੂੰ ਵਾਚਣ ਦੀ ਵਿਧੀ ਆਪਣਾ ਮਹੱਤਵਪੂਰਨ ਰੰਗ ਵਿਖਾਉਦੀ ਹੈ।

ਜਿਵੇਂ ਕਿ ਉੱਪਰ ਜ਼ਿਕਰ ਹੋਇਆ ਹੈ, ਮਿੰਨੀ ਗਰੇਵਾਲ ਇਕ ਕਹਾਣੀਕਾਰ ਦੇ ਤੌਰ ’ਤੇ ਵੱਧ ਪ੍ਰਸਿੱਧ ਹੈ। ਉਸ ਦੀਆਂ ਕਹਾਣੀਆਂ ਬਾਰੇ ਹੋਰ ਵਿਸਤ੍ਰਿਤ ਗੱਲ ਕਰਨ ਤੋਂ ਪਹਿਲਾਂ ਡਾ. ਬਲਦੇਵ ਸਿੰਘ ਧਾਲੀਵਾਲ ਦਾ ਇਹ ਕਥਨ ਵਿਚਾਰਨਯੋਗ ਹੈ:-

* ‘‘ਮਿੰਨੀ ਗਰੇਵਾਲ ਦੀਆਂ ਕਹਾਣੀਆਂ ਦਾ ਵਿਸ਼ਾ ਵਸਤੂ ਆਮ ਕਰਕੇ ਪਰਵਾਸੀਆਂ ਦੇ ਸੱਭਿਆਚਾਰਕ ਸੰਕਟਾਂ ਨਾਲ ਸਬੰਧਤ ਹੁੰਦਾ ਹੈ। ਭਾਵੁਕ ਛੋਹਾਂ ਰਾਹੀਂ ਕਥਾ ਰਸ ਪੈਦਾ ਕਰਨਾ ਉਸ ਦੀ ਪ੍ਰਮੁੱਖ ਕਥਾ ਜੁਗਤ ਕਹੀ ਜਾ ਸਕਦੀ ਹੈ।
ਇਸ ਭਾਵੁਕ ਛੋਹ ਵਾਲੀ ਕਥਾ ਜੁਗਤ ਦੀ ਇਕ ਉਦਾਹਰਣ ਮਿੰਨੀ ਗਰੇਵਾਲ ਦੀ ਕਹਾਣੀ ‘ਮੋਤੀਆਂ ਵਾਲੀ ਕਾਲੀ ਗੁਰਗਾਬੀ’ ਵਿੱਚੋਂ ਇੱਥੇ ਸਾਂਝੀ ਕੀਤੀ ਜਾਂਦੀ ਹੈ:-

 ‘‘ਅੰਜੁਮਨ ਨੂੰ ਲੱਗਾ ਜਿਵੇਂ ਉਹਦਾ ਪ੍ਰੇਮੀ ਉਹਦੇ ਸਰੀਰ ਉਤੇ ਪਿਆਰ ਨਾਲ ਉਂਗਲਾਂ ਫੇਰ ਉਹਨੂੰ ਬੇਹੋਸ਼ੀ ਦੇ ਦੇਸ਼ ਲਿਜਾ ਰਿਹਾ ਹੋਵੇ। ਸਰੀਰ ਉੱਤੇ ਫਿਰਦੀਆਂ ਉਂਗਲਾਂ ਦਾ ਦਬਾਅ ਜਦ ਭਾਰਾ ਹੋ ਜਾਂਦਾ, ਤਾਂ ਸਰੀਰ ਦੇ ਉਸ ਟੋਟੇ ਨੂੰ ਉਂਗਲਾਂ ਆਪੇ ਜਕੜ ਲੈਂਦੀਆਂ ਅਤੇ ਉਹਦਾ ਦਿਲ ਕਹਿ ਉਠਦਾ ਆਪਣੇ ਪ੍ਰੇਮੀ ਨੂੰ ਕਿ ‘‘ਤੋੜਦੇ ਭੰਨਦੇ ਇਸ ਸਰੀਰ ਨੂੰ ਤੇ ਇਸ ਦੇ ਵੱਖ-ਵੱਖ ਟੁਕੜਿਆਂ ਨੂੰ।’’ ਫਿਰ ਉਂਗਲਾਂ ਦਾ ਭਾਰ ਹਲਕਾ ਹੋ ਜਾਂਦਾ। ਜਿਸਮ ਦੀ ਅੱਗ ਮੱਧਮ ਪੈ ਜਾਂਦੀ। ਉਹ ਪੋਲੇ-ਪੋਲੇ ਹੱਥਾਂ ਨਾਲ ਆਪਣੇ ਗਲੇ ਨੂੰ ਸਹਿਲਾਉਣ ਲਗਦੀ। ਸਰਕਦਾ-ਸਰਕਦਾ ਹੱਥ ਉਹਦੀ ਛਾਤੀ ’ਤੇ ਜਾ ਪੈਂਦਾ। ਸਰੀਰ ਰੇਸ਼ਮ ਵਿਚ ਮਿੱਧਿਆ ਜਾਂਦਾ। ਹੱਥ ਵਿਚ ਫੜੀ ਮੋਤੀਆਂ ਵਾਲੀ ਕਾਲੀ ਗੁਰਗਾਬੀ ਨੂੰ ਬੇਧਿਆਨੇ ਹੀ ਉਹ ਸਹਿਲਾਉਣ ਲਗਦੀ।’’ (‘ਚਾਂਦੀ ਦਾ ਗੇਟ’ -ਪੰਨਾ-132)

ਮਿੰਨੀ ਗਰੇਵਾਲ ਦੇ ਕਹਾਣੀ ਸੰਗ੍ਰਹਿ ‘ਚਾਂਦੀ ਦਾ ਗੇਟ’ ਵਿਚ ਕੁਲ 11 ਕਹਾਣੀਆਂ ਹਨ। ਇਸ ਕਿਤਾਬ ਬਾਰੇ ਹਰਭਜਨ ਸਿੰਘ ਦੀ ਇਹ ਗੱਲ ਬਿਲਕੁਲ ਸਹੀ ਹੈ ਕਿ ਇਨ੍ਹਾਂ ਕਹਾਣੀਆਂ ਵਿਚ ਜ਼ਿਆਦਾਤਰ ਉਨ੍ਹਾਂ ਪਰਵਾਸੀ ਔਰਤਾਂ ਦੀਆਂ ਮਾਨਸਿਕ ਤੇ ਮਨੋਵਿਗਿਆਨਕ ਦਸ਼ਾ ਦਾ ਦਰਦਨਾਕ ਚਿਤਰਣ ਹੈ ਜੋ ਆਪਣੇ ਵਤਨ ਪੰਜਾਬ ਤੋਂ ਆਪਣੇ ਪਰਿਵਾਰਾਂ ਨਾਲ ਜਾਂ ’ਕੱਲੀਆਂ ਦੂਰ ਕੈਨੇਡਾ ਜਾ ਵਸੀਆਂ ਨੇ। …ਭਵਿੱਖ ਵਿਚ ਵਿਦੇਸ਼ ਖ਼ਾਸ ਕਰ ਕੈਨੇਡਾ ਜਾਣ ਵਾਲੀ ਔਰਤਜਾਤ ਲਈ ਇਕ ਗੁਰੂ, ਗਾਈਡ ਤੇ ਮੁੱਖ ਸਲਾਹਕਾਰ ਦਾ ਸ਼ਾਹਕਾਰ ਰੂਪ ਹੈ। ਕੈਲਗਰੀ ਦੀ ਕਹਾਣੀਕਾਰ ਬਲਵਿੰਦਰ ਕੌਰ ਬਰਾੜ ਨੇ ਵੀ ਇਨ੍ਹਾਂ ਕਹਾਣੀਆਂ ਬਾਰੇ ਬੜਾ ਭਾਵਪੂਰਤ ਲਿਖਿਆ ਹੈ। ਮਿੰਨੀ ਗਰੇਵਾਲ ਦਾ ਕਹਾਣੀ ਸੰਗ੍ਰਹਿ ‘ਕੱਚ ਦੀਆਂ ਕੰਧਾਂ’ ਵਿਚ ਕੁਲ 7 ਕਹਾਣੀਆਂ ਹਨ। ਇਨ੍ਹਾਂ ਵਿੱਚੋਂ ਜੇ ‘ਕੱਚ ਦੀਆਂ ਕੰਧਾਂ’ ਕਹਾਣੀ ਹੀ ਪੜ੍ਹ ਲਈ ਜਾਵੇ ਤਾਂ ਪਾਠਕ ਮਿੰਨੀ ਗਰੇਵਾਲ ਦੀਆਂ ਰਚਨਾਵਾਂ ਦਾ ਪੱਕਾ ਪਾਠਕ ਬਣ ਸਕਦਾ ਹੈ। ਉਂਜ ‘ਸ਼ਹਿਰੀ ਬੰਦੇ’, ‘ਹਾਦਸਾ’, ‘ਬਰਫ਼ ਚੱੁਪ ਰਹੀ’, ‘ਆਗਿਆਕਾਰੀ’ ਆਦਿ ਕਹਾਣੀਆਂ ਵੀ ਮਿੰਨੀ ਦੀ ਕਲਮ ਦਾ ਕਮਾਲ ਵਿਖਾਉਦੀਆਂ ਹਨ। ਡਾ. ਕੁਲਦੀਪ ਕੌਰ ਪਾਹਵਾ ਦੀ ਇਨ੍ਹਾਂ ਕਹਾਣੀਆਂ ਬਾਰੇ ਕਹੀ ਗੱਲ ’ਚ ਪੂਰਾ ਵਜ਼ਨ ਹੈ ਕਿ ‘ਅਨੁਭਵ ਦੀ ਮੌਲਿਕਤਾ ਅਤੇ ਵਿਸ਼ਿਆਂ ਦੀ ਤਾਜ਼ਗੀ ਕਰ ਕੇ ਕਥਾ-ਵਸਤੂ ਵਧੇਰੇ ਯਥਾਰਥਵਾਦੀ ਹੋ ਨਿਬੜਿਆ ਹੈ।

ਮਿੰਨੀ ਗਰੇਵਾਲ ਦਾ ਵਾਸਾ ਇਸ ਵਕਤ ਕੈਨੇਡਾ ਦੇ ਓਨਟਾਰੀਓ ਸੂਬੇ ਦੇ ਲੋਰੈਟੋ ਸ਼ਹਿਰ ਵਿਚ ਹੈ। ਉਸ ਨਾਲ ਹੋਏ ਵਿਚਾਰ-ਵਟਾਂਦਰਾ ’ਚੋਂ ਉਸ ਵਲੋਂ ਕੁਝ ਅੰਸ਼ ਇਥੇ ਸਾਂਝੇ ਕੀਤੇ ਜਾਂਦੇ ਹਨ:-

* ਮੇਰੇ ਆਲੇ-ਦੁਆਲੇ ਜੋ ਵਾਪਰਦਾ ਹੈ, ਜੋ ਅਖ਼ਬਾਰਾਂ ਵਿਚ ਖ਼ਬਰਾਂ ਛਪਦੀਆਂ ਹਨ, ਉਹ ਕਹਾਣੀਆਂ ਬਣ ਜਾਂਦੀਆਂ ਹਨ।
* ਇਨਾਮ-ਸਨਮਾਨ ਮਿਲਣ ਤਦ ਵੀ ਚੰਗਾ। ਨਾ ਮਿਲਣ ਤਦ ਵੀ ਚੰਗਾ। ਲਿਖਾਰੀ ਬਸ ਲਿਖਦਾ ਹੀ ਰਹੇ। ਇਨਾਮ ਹੈ।
* ਮੇਰੇ ਸ਼ੌਕ ਹਨ ਪੜ੍ਹਨਾ ਲਿਖਣਾ, ਪੇਂਟ ਕਰਨਾ ਅਤੇ ਦੁਨੀਆ ਦੇਖਣੀ। ਕਾਫ਼ੀ ਦੇਖ ਚੱੁਕੀ ਹਾਂ, ਕਾਫ਼ੀ ਦੇਖਣੀ ਬਾਕੀ ਹੈ। ਸਫ਼ਰ ਵੇਲੇ ਤਸਵੀਰਾਂ ਲੈਂਦੀ ਹਾਂ।
***

(9 ਜਨਵਰੀ 2022)

***
572
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ