ਭਾਈ ਕਾਨ੍ਹ ਸਿੰਘ ਨਾਭਾ ਦੀਆਂ ਬੌਧਿਕ ਲਿਖਤਾਂ ਨੇ ਸਿੱਖ ਭਾਈਚਾਰੇ ਦੀ ਨਵੇਕਲੀ ਹੋਂਦ ਉਸਾਰਨ ਵਿੱਚ ਪਾਇਆ ਵੱਡਾ ਹਿੱਸਾ |
ਚੰਡੀਗੜ੍ਹ, 22ਮਈ (2022) ਸਿੰਘ ਸਭਾ ਵੱਲੋਂ ਉਠਾਈ ਇਸ ਪੁਨਰ ਸੁਰਜੀਤੀ ਦੀ ਲਹਿਰ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਬੌਧਿਕ ਲਿਖਤਾਂ ਨੇ ਵੱਡਾ ਹਿੱਸਾ ਪਾਇਆ ਅਤੇ ਸਿੱਖ ਸਿਧਾਂਤ ਅਤੇ ਫਲਸਫੇ ਦੀ ਅੱਡਰੀ ਮਕੁੰਮਲ ਹਸਤੀ ਨੂੰ ਨਿਖਾਰੇਕੇ ਪੇਸ਼ ਕੀਤੀ। ਇਹ ਵਿਚਾਰ ਪ੍ਰੋ ਕੁਲਵੰਤ ਸਿੰਘ ਨੇ ਭਾਈ ਕਾਨ੍ਹ ਸਿੰਘ ਨਾਭਾ ਦੇ “ਸਿੱਖ ਧਰਮ, ਸਾਹਿਤ ਨੂੰ ਦੇਣ” ਵਿਸ਼ੇ ਉੱਤੇ ਆਪਣਾ ਪੇਪਰ ਪੇਸ਼ ਕਰਦਿਆਂ ਕਹੇ। 19ਵੀਂ ਸਦੀ ਅੱਧ (1861) ਵਿੱਚ ਜਨਮੇ ਭਾਈ ਸਾਹਿਬ ਉੱਚ ਦਰਜੇ ਦੇ ਰੋਸ਼ਨ ਦਿਮਾਗ ਵਿਦਵਾਨ ਸਨ ਜਿੰਨ੍ਹਾਂ ਨੇ ਸਿੱਖ ਧਰਮ ਨੂੰ ਵੱਡੇ ਹਿੰਦੂ ਧਰਮ ਦਾ ਸੁਧਰਿਆਂ ਰੂਪ ਪੇਸ਼ ਕਰਨ ਵਾਲੇ ਭਾਰਤੀ ਵਿਦਵਾਨਾਂ ਨੂੰ ਬਾਦਲੀਲ ਰੱਦ ਕੀਤਾ। ਇਸ ਸਬੰਧ ਵਿੱਚ “ਹਮ ਹਿੰਦੂ ਨਹੀਂ” ਕਿਤਾਬ ਲਿਖਕੇ, ਭਾਈ ਸਾਹਿਬ ਸਿੱਧ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਵੇਦਾਂ, ਪੁਰਾਣਾਂ ਦੀ ਨਕਲ ਨਹੀਂ ਬਲਕਿ ਸਿੱਖ ਧਰਮ ਜ਼ਿੰਦਗੀ ਦੀ ਮੌਲਿਖ ਸਮਝ ਅਤੇ ਜੀਵਨ-ਜਾਂਚ ਦੁਨੀਆਂ ਨੂੰ ਪੇਸ਼ ਕਰਦੀ ਹੈ। ਸਿੱਖ ਗੁਰੂਆਂ ਨੇ ਸਾਰੇ ਹਿੰਦੂ ਰਸਮੋਂ ਰਿਵਾਜ ਅਤੇ ਦੁਨਿਆਵੀ ਨਜ਼ਰੀਏ ਨੂੰ ਨਕਾਰ ਕੇ ਕਰਮ-ਕਾਂਡ ਰਹਿਤ ਸੱਚੀ ਕਿਰਤ ਭਰਪੂਰ ਜ਼ਿੰਦਗੀ ਨੂੰ ਪਹਿਲ ਦਿੱਤੀ। ਭਾਈ ਸਾਹਿਬ ਨਾਭਾ ਦੀਆਂ ਲਿਖਤਾਂ ਨੇ ਜ਼ੋਰ ਨਾਲ ਉਭਾਰਿਆ ਹੈ ਗੁਰੂਆਂ ਵੱਲੋਂ ਦਰਸਾਏ ਸਿੱਖ ਸਿਧਾਂਤ ਨੇ ਬ੍ਰਹਮਣਵਾਦੀ ਜਾਤ-ਪਾਤ ਨੂੰ ਮੁੱਢੋਂ ਰੱਦ ਕਰਦਿਆਂ ਬਰਾਬਰੀ ਵਾਲੇ ਅਤੇ ਲੁੱਟ-ਘਸੁੱਟ ਤੋਂ ਰਹਿਤ ਸਮਾਜ ਅਤੇ ਰਾਜ ਵਿਵਸਥਾ ਦੀ ਵਕਾਲਤ ਕੀਤੀ ਹੈ। ਇੰਸਟੀਚਿਊਟ ਆਫ ਸਿੱਖ ਸੱਟਡੀਜ਼, ਚੰਡੀਗੜ੍ਹ ਦੇ ਬਾਨੀ ਮੈਂਬਰ ਡਾ. ਖੜਕ ਸਿੰਘ ਦੀ ਯਾਦ ਵਿੱਚ ਇੱਥੇ ਕਰਵਾਏ ਗਏ ਭਾਸ਼ਨ ਵਿੱਚ ਪ੍ਰੋ. ਕੁਲਵੰਤ ਸਿੰਘ ਨੇ ਕਿਹਾ “ਭਾਈ ਕਾਨ੍ਹ ਸਿੰਘ ਵੱਲੋਂ ਉਠਾਏ ਗਏ ਮੁੱਦੇ ਅੱਜ ਵੀ ਉਨ੍ਹੇ ਸਾਰਥਕ ਹਨ ਜਿੰਨ੍ਹੇ ਅੱਜ ਸੌ ਸਾਲ ਪਹਿਲਾਂ ਸਨ। ਅੱਜ ਦੇ ਸਮੇਂ ਵਿੱਚ ਰਾਜ ਸੱਤਾ ਉੱਤੇ ਕਾਬਜ਼ ਤਾਕਤਾਂ ਬਹੁ-ਗਿਣਤੀਵਾਦ ਅਧਾਰਤ ਰਾਜ ਪ੍ਰਬੰਧ ਕਾਇਮ ਕਰਕੇ ਹਿੰਦੂ-ਰਾਸ਼ਟਰ ਖੜ੍ਹਾ ਕਰਨ ਦੀ ਹੋੜ੍ਹ ਵਿੱਚ ਹੈ ਜਿਸ ਕਰਕੇ, ਘੱਟ-ਗਿਣਤੀਆਂ ਦੇ ਸੰਵਿਧਾਨਕ ਅਤੇ ਬਰਾਬਰ ਨਾਗਰਿਕਤਾਂ ਵਾਲੇ ਹੱਕ ਕੁਚਲੇ ਜਾ ਰਹੇ ਹਨ।” ਉਹਨਾਂ ਨੇ ਕਿਹਾ ਕਿ “ਸਿੱਖ ਧਰਮ, ਹੁਣ ਦੁਨੀਆਂ ਵਿੱਚ ਆਪਣੀ ਵਿਲੱਖਣ ਧਾਰਮਿਕ ਪਹਿਚਾਣ ਕਾਇਮ ਕਰਨ ਵਿੱਚ ਸਫਲ ਹੋ ਗਿਆ ਹੈ। ਸਿੱਖ ਧਰਮ ਦਾ ਦੁਨੀਆਂ ਦੇ ਮੁੱਖ ਧਰਮਾਂ ਵਿੱਚ ਪੰਜਵੇ ਦਰਜ਼ੇ ਤੇ ਪਹੁੰਚ ਜਾਣਾ ਭਾਈ ਕਾਨ੍ਹ ਸਿੰਘ ਨਾਭਾ ਦੀ ਭਵਿੱਖ ਬਾਣੀ ਕਿ “ਹਮ ਹਿੰਦੂ ਨਹੀਂ” ਦੀ ਪ੍ਰੋੜਤਾ ਕਰਦਾ ਹੈ।” ਲਗਾਤਾਰ ਪੰਦਰਾਂ ਸਾਲਾਂ ਦੀ ਮਿਹਨਤ ਪਿੱਛੋਂ ਬਰਟੈਨਿਕਾ ਇੰਸੈਕਲੋਪੀਡੀਆ (Britannica Encyclopedia) ਦੀ ਤਰਜ਼ ਉੱਤੇ “ਮਹਾਨ ਕੋਸ਼” ਦੀ ਸਿਰਜਨਾ ਕਰਨਾ ਭਾਈ ਕਾਨ੍ਹ ਸਿੰਘ ਨਾਭਾ ਦੀ ਪੰਜਾਬੀਆਂ ਨੂੰ ਅਦੱਤੀ ਦੇਣ ਹੈ। ਮਹਾਨ ਕੋਸ਼ ਵਿੱਚ 65,000 ਵੱਖ ਵੱਖ ਸ਼ਬਦਾਂ/ਲੋਕ ਬੋਲਾਂ, ਪੰਛੀਆਂ ਅਤੇ ਬਨਸਪਤੀ ਦੀਆਂ ਭਰਪੂਰ ਵਿਆਖਿਆਂ ਕੀਤੀ ਗਈ ਹੈ। ਸਿੱਖਾਂ ਦੀ ਨਿਵੇਕਲੀ ਧਾਰਮਿਕ ਹਸਤੀ ਖੜ੍ਹੀ ਕਰਨ ਦੇ ਪ੍ਰਸੰਗ ਵਿੱਚ ਹੀ ਪ੍ਰੋ. ਕੁਲਵੰਤ ਸਿੰਘ ਨੇ ਕਿਹਾ ਭਾਈ ਸਾਹਿਬ ਨਾਭਾ ਨੇ 1909 ਦੇ ਆਨੰਦ ਕਾਰਜ ਐਕਟ ਦੀ ਖਰੜਾ ਵੀ ਤਿਆਰ ਕੀਤਾ ਸੀ ਅਤੇ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਰਕਰਮਾ ਵਿੱਚ ਹਿੰਦੂ-ਦੇਵੀ-ਦੇਵਤਿਆਂ ਦੀ ਮੂਰਤੀ ਚਕਾਉਣ ਲਈ ਪੰਜਾਬ ਗਵਰਨਰ ਨਾਲ ਚਿੱਠੀ ਪੱਤਰ ਕੀਤਾ ਸੀ ਜਿਸ ਕਰਕੇ ਉਹਨਾਂ ਨੂੰ ਨਾਭਾ ਰਿਆਸਤ ਵਿੱਚ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਸਨ। ਡੂੰਘੇ ਅਧਿਆਨ ਤੋਂ ਬਾਅਦ ਲਿਖੇ ਇਸ ਪੇਪਰ ਵਿੱਚ ਪ੍ਰੋ. ਕੁਲਵੰਤ ਸਿੰਘ ਨੇ ਕਿਹਾ ਭਾਈ ਸਾਹਿਬ ਨਾਭਾ ਨੇ ਕੋਈ ਵੀ ਸਕੂਲੀ ਵਿਦਿਆ ਪ੍ਰਾਪਤ ਨਹੀਂ ਕੀਤੀ ਸੀ। ਉਹ ਖੁਦ ਮਿਹਨਤ ਨਾਲ ਸੰਸਕ੍ਰਿਤ, ਅਰਬੀ, ਫਾਰਸੀ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾ ਦੀ ਵਿਦਵਾਨ ਬਣ ਗਏ ਸਨ। ਉਹ ਪੂਰਨ ਸਿੱਖ, ਸਮਾਜ ਸੁਧਾਰਕ ਅਤੇ ਨਿਪੁੰਨ ਕੂਟੀਨਿਤਕ ਸਲਾਹਕਾਰ ਸਨ। ਸਿੱਖਾਂ ਦੀ ਵੱਖਰੀ ਹੋਂਦ ਅਤੇ ਸਿਧਾਂਤ ਬਾਰੇ ਆਰਥਰ ਮੈਕਾਲਿਫ ਵੱਲੋਂ ਲਿਖੀ ਹਿਸਟਰੀ ਪਿੱਛੇ ਵੀ ਭਾਈ ਸਾਹਿਬ ਨਾਭਾ ਦੀ ਵੱਡੀ ਦੇਣ ਸੀ। ਪ੍ਰੋ. ਕੁਲਵੰਤ ਸਿੰਘ ਨੇ ਭਾਈ ਸਾਹਿਬ ਨਾਭਾ ਦੀ ਲਿਖਤਾਂ ਨੂੰ ਚਾਰ ਮੁੱਖ ਸ੍ਰੈਣੀਆਂ ਵੰਡਿਆਂ ਜਾ ਸਕਦਾ ਹੈ। ਜਿਵੇਂ ਸਿੱਖ ਧਰਮ ਤੇ ਸਿੱਖ ਪਹਿਚਾਣ ਬਾਰੇ, ਪੁਰਾਤਨ ਪ੍ਰੌਰਾਨਿਕ ਰਚਨਾਵਾਂ ਸਬੰਧੀ, ਗੁਰਮੁਖੀ ਤੇ ਕਾਵਮਈ ਸਹਿਤ ਅਤੇ ਸਮਾਜਿਕ/ਰਾਜਨੀਤਿਕ ਵਿਸ਼ਿਆ ਬਾਰੇ। ਗੁਰਮਤ ਪ੍ਰਭਾਕਰ, ਗੁਰਮਤ ਸੁਧਾਕਰ, ਗੁਰਗੀਰਾ ਕਸੌਟੀ ਅਤੇ ਗੁਰਮਤ ਮਾਰਤੰਡ ਆਦਿ ਭਾਈ ਸਾਹਿਬ ਦੀਆਂ ਮੁੱਖ ਕ੍ਰਿਤਾਂ ਹਨ। ਇਸ ਮੌਕੇ ਉੱਤੇ ਭਾਈ ਸਾਹਿਬ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਅਤੇ ਸਾਬਕਾ ਭਾਰਤੀ ਰਾਜਦੂਤ ਪਰੀਪੂਰਨ ਸਿੰਘ ਵੀ ਹਾਜ਼ਰ ਸਨ। ਮੇਜਰ ਏ.ਪੀ. ਸਿੰਘ ਨੇ ਦੱਸਿਆ ਕਿ ਭਾਈ ਸਾਹਿਬ ਨਾਭਾ ਘਰੋਂ ਚੋਰੀ ਦੌੜ ਕੇ ਦਿੱਲੀ ਤੇ ਲਖਨਊ ਦੇ ਆਲਮ-ਫਾਜ਼ਲ ਵਿਆਕਤੀਆ ਕੋਲ ਚਾਰ ਸਾਲ ਰਹਿ ਕੇ ਫਾਰਸੀ ਸਿੱਖੀ ਸੀ। ਭਾਈ ਕਾਨ੍ਹ ਸਿੰਘ ਨਾਭਾ ਬਾਰੇ ਪੀ.ਐਚ.ਡੀ ਕਰਨ ਵਾਲੇ ਵਿਦਵਾਨ ਡਾ.ਜਗਮੇਲ ਸਿੰਘ ਭਾਠੂਆਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਇੰਸਟੀਚਿਊਟ ਦੇ ਪ੍ਰਧਾਨ ਜਨਰਲ ਆਰ ਐਸ ਸੁਜਲਾਨਾ, ਸੈਕਟਰੀ ਡਾ. ਪਰਮਜੀਤ ਸਿੰਘ, ਪ੍ਰਿੰਸੀਪਲ ਪ੍ਰਭਜੋਤ ਕੌਰ ,ਭਾਈ ਅਸ਼ੋਕ ਸਿੰਘ ਬਾਗੜੀਆਂ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ,ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਤੇ ਇਲਾਵਾਂ ਸਿੱਖ ਬੁੱਧੀਜੀਵੀ/ਚਿੰਤਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਜਸਵੰਤ ਸਿੰਘ, ਇੰਸਟੀਚਿਊਟ ਆਫ ਸਿੱਖ ਸੱਟਡੀਜ਼, ਚੰਡੀਗੜ੍ਹ
|
*** 793*** |
ਇੰਸਟੀਚਿਊਟ ਆਫ ਸਿੱਖ ਸੱਟਡੀਜ਼, ਚੰਡੀਗੜ੍ਹ
ਸ਼ੰਪਰਕ-9915861422,