ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵੱਲੋਂ ਸਾਹਿਤ ਸਭਾ ਦਾ ਆਯੋਜਨ – ਚਿੰਤਨ, ਕਾਵਿ ਤੇ ਕਾਤਿਬ ਦੀ ਕਲ੍ਹਾ |
ਪੰਜਾਬੀ ਬੋਲੀ ਤੇ ਸੱਭਿਆਚਾਰ ਨੂੰ ਨੌਂ-ਬਰ-ਨੌਂ ਰੱਖਣ ਲਈ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਹਮੇਸ਼ਾ ਤਤਪਰ ਰਹਿੰਦੇ ਹਨ। ਪੰਜਾਬੀ ਦਾ ਥੰਮ੍ਹ ਜਾਣੇ ਜਾਂਦੇ ਇੰਗਲੈਂਡ ਦੇ ਇੱਕ ਛੋਟੇ ਜਿਹੇ ਕਸਬੇ ਸਾਊਥਾਲ ਤੋਂ ਦੁਨੀਆ ਭਰ ਵਿਚ ਰਹਿੰਦਾ ਹਰ ਪੰਜਾਬੀ ਵਾਕਫ਼ ਹੈ, ਵਾਕਫ਼ ਹੋਵੇ ਵੀ ਕਿਉਂ ਨਾ? ਕਿਉਂਕਿ ਏਥੋਂ ਹੀ ਪੰਜਾਬੀਆਂ ਨੇ ਇੰਗਲੈਂਡ ਵਿੱਚ ਆ ਆਪਣੀ ਜੜ੍ਹ ਲਾਈ। ਸਾਊਥਾਲ ਵਿਚ ਲੱਗੀ ਇਹ ਜੜ੍ਹ ਨੂੰ ਮਜ਼ਬੂਤ ਕਰਦਿਆਂ ਦਹਾਕੇ ਲੱਗੇ, ਪਹਿਲਾਂ ਪਹਿਲ ਨਵੀਂ ਧਰਤ ਤੇ ਆ ਵਸੇ ਪੰਜਾਬੀਆਂ ਲਈ ਨਵੀਂ ਦੁਨੀਆ ਨੂੰ ਆਪਣੀ ਬਣਾਉਂਦਿਆਂ, ਤੇ ਉਹਨਾਂ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਆਪਣੀ ਪਹਿਚਾਣ ਲੱਭਦਿਆਂ ਬੜੀ ਉਪਰਾਮਤਾ ਸਹਿਣੀ ਪਈ। ਪਰ ਪੰਜਾਬੀ ਵੀ ਸਿਰੜੀ ਨੇ, ਉਹ ਮਹਿਜ਼ ਸਾਊਥਾਲ ਵਿੱਚ ਆਪਣੀਆਂ ਜੜ੍ਹਾਂ ਲਾਉਣ ਵਿੱਚ ਹੀ ਕਾਮਯਾਬ ਹੀ ਨਹੀਂ ਹੋਏ ਇਸ ਘਣੇ ਬੋਹੜ ਦੇ ਸਹਾਰੇ ਪੰਜਾਬੀਆਂ ਨੇ ਇੰਗਲੈਂਡ ਭਰ ਵਿੱਚ ਇੱਕ ਵਿਲੱਖਣ ਪਹਿਚਾਣ ਬਣਾਈ। ਸਾਊਥਾਲ ਪੰਜਾਬੀਆਂ ਦੇ ਆਵਾਸ ਤੇ ਪ੍ਰਵਾਸ ਨੂੰ ਸੁਮੇਲਦਾ ਇਕ ਇਤਿਹਾਸਿਕ ਸਥਾਨ ਹੈ ਜਿੱਥੋਂ ਲੱਖਾਂ ਪੰਜਾਬੀਆਂ ਨੇ ਇੱਥੇ ਆ ਆਪਣੇ ਪੈਰ ਲਾਏ ਤੇ ਲੱਖਾਂ ਨੇ ਇੰਗਲੈਂਡ ਦੇ ਦੂਜੇ ਭਾਗਾਂ ਵਿਚ ਏਥੋਂ ਜਾ ਆਪਣੇ ਪੈਰ ਪਸਾਰੇ। ਸਾਊਥਾਲ ਨਾਲ ਜੁੜਿਆ ਹਰ ਪੰਜਾਬੀ ਕਿਸੇ ਨਾ ਕਿਸੇ ਤਰ੍ਹਾਂ ਪੰਜਾਬੀ ਭਾਸ਼ਾ ਨਾਲ ਜੁੜੇ ਹੋਣ ਦੀ ਨਿਸ਼ਾਨਦੇਹੀ ਕਰਦਾ। ਇੱਥੇ ਗੁਰਦੁਆਰਿਆਂ, ਮੰਦਰਾਂ, ਮਸੀਤਾਂ, ਪੰਜਾਬੀ ਰੇਡੀਓ ਤੇ ਟੀ ਵੀ ਚੈਨਲਾਂ ਦੇ ਨਾਲ ਨਾਲ ਪੰਜਾਬੀ ਨੂੰ ਸਮਰਪਿਤ ਕਈ ਪੰਜਾਬੀ ਸਾਹਿਤ ਸਭਾਵਾਂ ਵੀ ਨੇ। ਪਿਛਲੇ ਦਿਨੀਂ ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵੱਲੋਂ ਸਾਊਥਾਲ ਵਿਖੇ ਆਯੋਜਿਤ ਇਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ। ਸਮਾਗਮ ਦੋ ਮੁੱਖ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ – ਜਸਵਿੰਦਰ ਰੱਤੀਆਂ ਦੇ ਨਾਵਲ ਕੰਡਿਆਲੇ ਸਾਕ ਸੰਬੰਧੀ ਵਿਚਾਰ ਚਰਚਾ ਅਤੇ ਕਵੀ ਦਰਬਾਰ। ਹੋਇਆ ਇੰਜ ਕੇ ਸ਼ਨੀਵਾਰ ਦਾ ਦਿਨ ਸੀ ਤੇ ਮੌਸਮ ਰਮਣੀਕ – ਨਾ ਬਹੁਤੀ ਗਰਮੀ ਤੇ ਨਾ ਠੰਢ। ਦੋ ਕੁ ਘੰਟੇ ਵੀ ਸੂਰਜ ਨਿਕਲ ਆਵੇ ਤਾਂ ਸਮਝੋ ਇੰਗਲੈਂਡ ਵਿੱਚ ਦਿਨ ਚੰਗਾ ਹੀ ਹੁੰਦਾ, ਹਰ ਕੋਈ ਚੰਗੇ ਮੌਸਮ ਦੀਆਂ ਗੱਲਾਂ ਕਰਦਾ ਨਹੀਂ ਥੱਕਦਾ। ਮੈਂ ਪਿਛਲੇ ਦੋ ਕੁ ਹਫ਼ਤਿਆਂ ਤੋਂ ਜਸਵਿੰਦਰ ਰੱਤੀਆਂ ਦੇ ਲਿਖੇ ‘ਕੰਡਿਆਲੇ ਸਾਕ’ ਨਾਵਲ ਨੂੰ ਪੜ੍ਹ ਰਿਹਾ ਸੀ ਤੇ ਪਿਛਲੀ ਰਾਤ ਦੇਰ ਰਾਤ ਤੱਕ ਨਾਵਲ ਦੀ ਸਮੀਖਿਆ ਪੂਰੀ ਕਰ ਕੇ ਸੁੱਤਾ, ਸਵੇਰੇ ਦੇਰ ਨਾਲ ਉੱਠਣਾ ਸੁਭਾਵਿਕ ਹੀ ਸੀ। ਉੱਠਦਿਆਂ ਸਾਰ ਘਰ ਦੇ ਕੰਮਾਂ ਕਾਜਾਂ ਵਿੱਚ ਵਿਅਸਤ ਹੋ ਗਿਆ। ਅੱਧੇ ਕੁ ਦਿਨ ਅਜੇ ਆਪਣੇ ਛੋਟੇ ਲੜਕੇ ਨਾਲ ਬਾਕੀ ਦਿਨ ਦੀਆਂ ਸਕੀਮਾਂ ਘੜ ਰਿਹਾ ਸੀ ਕਿ ਮਿੱਤਰ ਬਲਵਿੰਦਰ ਚਾਹਲ ਦਾ ਫ਼ੋਨ ਵੱਜਿਆ “ ਹਾਂ ਜੀ ਵੀਰ, ਕਿਵੇਂ ਆ ਰਹੇ ਹੋ ਪ੍ਰੋਗਰਾਮ ਤੇ?” ਉਨ੍ਹਾਂ ਪ੍ਰੋਗਰਾਮ ਦਾ ਥੋੜ੍ਹਾ ਹੋਰ ਜ਼ਿਕਰ ਕੀਤਾ ਤੇ ਦੱਸਿਆ ਕਿ ਉਹ ਤੇ ਮਿਡਲੈਂਡ ਤੋਂ ਕੁਝ ਹੋਰ ਸਾਥੀ ਬੱਸ ਪਹੁੰਚਣ ਵਾਲੇ ਨੇ। ਮੈਂ ਢਿੱਲਾ ਜਿਹਾ ਜਵਾਬ ਦਿੱਤਾ ਕਿ “ਦੇਖ ਦਾਂ … ਜੇ ਸਮਾਂ ਲੱਗਿਆ ਤਾਂ ਜ਼ਰੂਰ ਆਉਣਾ।” ਫ਼ੋਨ ਰੱਖਦਿਆਂ ਮੈਨੂੰ ਲੱਗਿਆ ਕਿ ਇਹ ਐਨੀ ਵਾਟ ਤੋਂ ਆ ਰਹੇ ਨੇ ਤੇ ਮੈਨੂੰ ਕੁਝ ਮੀਲ ਤੋਂ ਜ਼ਰੂਰ ਜਾਣਾ ਚਾਹੀਦਾ ਤੇ ਨਾਲ ਹੀ ਮੈਨੂੰ ਕੁਲਵੰਤ ਕੌਰ ਢਿੱਲੋਂ ਜੀ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਕੀਤਾ ਵਾਅਦਾ ਯਾਦ ਆਇਆ। ਚੜ੍ਹੀ ਧੁੱਪ ਦੇਖ ਕੇ, ਮੋਟਰਸਾਈਕਲ ਤੇ ਮਾਰੀ ਟਾਕੀ ਤੇ ਪਾ ਲਏ ਚਾਲੇ ਸਾਊਥਾਲ ਵੱਲ ਨੂੰ। ਪ੍ਰੋਗਰਾਮ ਵਿੱਚ ਪਹੁੰਚਿਆ ਹੀ ਸੀ ਕਿ ਡਾ ਦਵਿੰਦਰ ਕੌਰ ਜੀ ਨੇ ਜਸਵਿੰਦਰ ਰੱਤੀਆਂ ਦੇ ਨਾਵਲ ਕੰਡਿਆਲੇ ਸਾਕ ਬਾਰੇ ਆਪਣਾ ਪਰਚਾ ਪੜ੍ਹਨਾ ਸ਼ੁਰੂ ਕੀਤਾ। ਅਜੇ ਤਾਜ਼ਾ-ਤਾਜ਼ਾ ਨਾਵਲ ਪੜ੍ਹਿਆ ਹੋਣ ਕਰਕੇ ਪਰਚਾ ਵਧੀਆ ਲੱਗਾ ਅਤੇ ਖ਼ਾਸ ਤੌਰ ਤੇ ਜਦੋਂ ਤੁਸੀਂ ਜਾਣਨਾ ਚਾਹੁੰਦੇ ਹੋਵੋ ਕਿ ਦੂਜੇ ਪਾਠਕ ਕਿਸੇ ਰਚਨਾ ਨੂੰ ਕਿਵੇਂ ਵਿਚਾਰਦੇ ਹਨ। ਫੇਰ ਹੋਈ ਚਰਚਾ ਸ਼ੁਰੂ ਨਾਵਲ ਤੇ ਪਰਚੇ ਬਾਰੇ – ਅਸਲ ਵਿੱਚ ਚਰਚਾ ਤਾਂ ਪਰਚੇ ਬਾਰੇ ਹੀ ਸੀ ਪਰ ਬਹੁਤਿਆਂ ਨਾਵਲ ਦੇ ਸੰਦਰਭ ਵਿੱਚ ਬੋਲਿਆ। ਸਮਾਗਮ ਦੀ ਪ੍ਰਧਾਨਗੀ ਡਾ: ਮਹਿੰਦਰ ਗਿੱਲ, ਮਹਿੰਦਰਪਾਲ ਸਿੰਘ ਧਾਲੀਵਾਲ, ਕੁਲਵੰਤ ਕੌਰ ਢਿੱਲੋਂ, ਜਸਵਿੰਦਰ ਰੱਤੀਆਂ, ਅਮੀਨ ਕੁੰਜਾਹੀ ਕਰ ਰਹੇ ਸਨ। ਪਿਛਾਂਹ ਜਿਹੇ ਕੁਰਸੀਆਂ ਤੇ ਬੈਠਾ ਜਦੋਂ ਮੈਂ ਸਟੇਜ ਤੋਂ ਮਹਿੰਦਰਪਾਲ ਧਾਲੀਵਾਲ ਜੀ ਦੀ ਨਿਗ੍ਹਾ ਪਿਆ ਤਾਂ ਫ਼ੋਨ ਤੇ ਮਿਸ ਕਾਲ ਵੱਜੀ! ਤੇ ਨਾਲ ਹੀ ਇਸ਼ਾਰਾ ਹੋਇਆ ਕਿ ਮੈਂ ਸਟੇਜ ਤੇ ਆ ਕੇ ਚਰਚਾ ਵਿੱਚ ਭਾਗ ਲਵਾਂ, ਮੈਂ ਹੱਥ ਜਿਹਾ ਖੜ੍ਹਾ ਕਰਕੇ ਨਾਂਹ ਨੁੱਕਰ ਜਿਹੀ ਕੀਤੀ, ਪਰ ਓਦੋਂ ਤੱਕ ਮੇਰਾ ਨਾਂ ਸਟੇਜ ਸੈਕਟਰੀ ਮਨਜੀਤ ਪੱਡਾ ਜੀ ਤੱਕ ਪਹੁੰਚ ਚੱਕਿਆਂ ਸੀ, ਧਾਲੀਵਾਲ ਸਾਹਿਬ ਨੇ ਸ਼ਾਇਦ ਸਵੇਰੇ ਮੇਰੇ ਦੁਆਰਾ ਕੀਤੀ ਨਾਵਲ ਦੀ ਸਮੀਖਿਆ ਨੂੰ ਪੜ੍ਹ ਲਿਆ ਸੀ। ਓਧਰੋਂ ਹੀ ਅਜ਼ੀਮ ਸ਼ੇਖਰ ਜੀ ਨੇ ਸਟੇਜ ਤੇ ਜਾ ਕੇ ਵਿਚਾਰ ਸਾਂਝੇ ਕਰਨ ਦੀ ਹੱਲਾਸ਼ੇਰੀ ਦਿੱਤੀ। ਮੈਨੂੰ ਆ ਗਈ ਸਮਝ “ਬਈ, ਹੁਣ ਬਚਣਾ ਮੁਸ਼ਕਲ ਹੈ, ਤੇ ਭੱਜਣ ਦਾ ਕੋਈ ਚਾਰਾ ਨਹੀਂ।” ਚਲੋ ਜੀ ਕਰਦਾ ਕਰਾਉਂਦਾ ਪਹੁੰਚ ਗਿਆ ਮੈਂ ਸਟੇਜ ਤੇ ਕੰਬਦੀਆਂ ਲੱਤਾਂ ਨਾਲ ਆਪਣੀ ਲਿਖੀ ਸਮੀਖਿਆ ਵਿੱਚੋਂ ਕੁਝ ਸਤਰਾਂ ਪੰਜ ਸੱਤ ਮਿੰਟ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ, ਇਹ ਪਹਿਲੀ ਵਾਰੀ ਸੀ ਜਦੋਂ ਮੈਂ ਇੰਗਲੈਂਡ ਵਿੱਚ ਕਿਸੇ ਪੰਜਾਬੀ ਸਾਹਿਤਕ ਸਮਾਗਮ ਦੀਆਂ ਪੌੜੀਆਂ ਚੜ੍ਹਿਆ ਹੋਵਾਂ। ਇਸੇ ਤਰ੍ਹਾਂ ਹੀ ਕਵੀ ਦਰਬਾਰ ਦੌਰਾਨ ਅਜ਼ੀਮ ਜੀ ਨੇ ਪਤਾ ਨਹੀਂ ਕਿਧਰੋਂ ਮੇਰਾ ਨਾਂ ਬੋਲ ਦਿੱਤਾ ਤੇ ਸਾਨੂੰ ਫੇਰ ਬਣ ਗਈ ਭਾਅ ਦੀ। ਮੈਂ ਹੌਸਲਾ ਜਿਹਾ ਕਰਕੇ ਕਿਸਾਨੀ ਅੰਦੋਲਨ ਵੇਲੇ ਦੀ ਇੱਕ ਖੁੱਲ੍ਹੀ ਕਵਿਤਾ ਸਾਂਝੀ ਕੀਤੀ, ਵੈਸੇ ਕਵੀ ਦਰਬਾਰ ਦਾ ਨਜ਼ਾਰਾ ਵੱਖਰਾ ਹੁੰਦਾ ਜਦੋਂ ਦਰਸ਼ਕਾਂ ਵਿੱਚੋਂ ਕੋਈ “ਵਾਹ ਕਮਾਲ ਆ ਕਹਿ ਦੇ ਤਾਂ ਬੰਦਾ ਨਾ ਚਾਹੁੰਦਾ ਵੀ ਹਵਾ ਚ ਹੋ ਜਾਂਦਾ।” ਕੁੱਲ ਮਿਲਾ ਕੇ ਸਟੇਜ ਤੇ ਤਾਂ ਦੋਵੇਂ ਵਾਰੀ ਡਰਦਿਆਂ ਡਰਦਿਆਂ ਚੜ੍ਹਿਆ ਪਰ ਲੇਖਕ ਦੋਸਤਾਂ ਨੇ ਹੌਸਲੇ ਵਿੱਚ ਕਰ ਦਿੱਤਾ। ਕੁਲਵੰਤ ਜੀ, ਅਜ਼ੀਮ ਸ਼ੇਖਰ ਤੇ ਮਨਪ੍ਰੀਤ ਬੱਧਨੀ ਤੇ ਹੋਰ ਇਸ ਪ੍ਰੋਗਰਾਮ ਨੂੰ ਮੋਹਰੀ ਹੋ ਕੇ ਨਿਪਟਾਉਣ ਲਈ ਵਾਕਿਆ ਹੀ ਵਧਾਈ ਦੇ ਹੱਕਦਾਰ ਨੇ। ਪ੍ਰੋਗਰਾਮ ਵਿੱਚ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਤੇ ਬੀਬੀਆਂ ਦੀ ਬਰਾਬਰ ਦੀ ਸ਼ਮੂਲੀਅਤ ਦੇਖ ਕੇ ਬਹੁਤ ਪ੍ਰਸੰਨਤਾ ਹੋਈ ਕਿ ਪੰਜਾਬੀਆਂ ਦਾ ਹਰ ਵਰਗ ਪੰਜਾਬੀ ਸਾਹਿਤ ਨਾਲ ਮੋਹ ਰੱਖਦਾ। ਨੌਜਵਾਨ ਬੱਚਿਆਂ ਵੱਲੋਂ ਹਿੱਸਾ ਲਿਆ ਜਾਣਾ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਖ਼ਾਸ ਤੌਰ ਤੇ ਨੌਜਵਾਨ ਦਵਿੰਦਰਜੀਤ ਸਿੰਘ ਨੂੰ ਪੰਜਾਬੀ ਦੇ ਏ ਲੈਵਲ (ਬਾਰ੍ਹਵੀਂ ਦੇ ਬਰਾਬਰ) ਦੀ ਪੜ੍ਹਾਈ ਕਰ ਪੰਜਾਬੀ ਨਾਲ ਜੁੜੇ ਰਹਿਣ ਲਈ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਦੌਰਾਨ ਇੰਗਲੈਂਡ ਦੀ ਜੰਮੀ ਸ਼ਰਨ ਕੌਰ ਪੱਡਾ ਨੇ ਆਪਣੇ ਮਾਂ ਤੇ ਨਾਨੇ ਵਾਂਗ ਪੰਜਾਬੀ ਲੇਖਣੀ ਨੂੰ ਪ੍ਰਫੁੱਲਿਤ ਕਰਨ ਦੀ ਹਾਮੀ ਭਰੀ। ਇਸ ਸਮਾਗਮ ਦੌਰਾਨ ਪੰਜਾਬੀ ਸਾਹਿਤ ਕਲਾ ਕੇਂਦਰ ਵੱਲੋਂ ਉੱਘੇ ਸ਼ਾਇਰ ਦਰਸ਼ਨ ਬੁਲੰਦਵੀ ਨੂੰ ਪੰਜਾਬੀ ਸਾਹਿਤ ਅਤੇ ਜਸਵੰਤ ਕੌਰ ਬੋਲਾ ਨੂੰ ਪੰਜਾਬੀ ਗੀਤ ਸੰਗੀਤ ਨੂੰ ਪ੍ਰਫੁੱਲਿਤ ਕਰਨ ਵਿਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਕਵੀ ਦਰਬਾਰ ਦੀ ਪ੍ਰਧਾਨਗੀ ਡਾ: ਦਵਿੰਦਰ ਕੌਰ, ਦਲਵੀਰ ਸੁੰਮਨ ਹਲਵਾਰਵੀ, ਨੁਜ਼ਹਤ ਅੱਬਾਸ, ਪ੍ਰਕਾਸ਼ ਸੋਹਲ, ਸੁਭਾਸ਼ ਭਾਸਕਰ ਅਤੇ ਸੰਤੋਖ ਹੇਅਰ ਨੇ ਕੀਤੀ। ਕਵੀਆਂ ਨੇ ਬਹੁਤ ਹੀ ਦਿਲਚਸਪ ਤੇ ਪਿਆਰੀਆਂ ਰਚਨਾਵਾਂ ਨਾਲ ਮਹਿਫ਼ਲ ਸਜਾਈ ਰੱਖੀ। ਕੁਝ ਪੰਜਾਬੀ ਲਿਖਾਰੀਆਂ ਨਾਲ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਬਾਰੇ ਵੀ ਗੱਲ-ਬਾਤ ਹੋਈ ਤੇ ਇਸ ਵਿਸ਼ੇ ਤੇ ਅਗਾਂਹ ਵਾਲੇ ਪ੍ਰੋਗਰਾਮ ਉਲੀਕਣ ਦੀ ਤਾਕੀਦ। ਕੁੱਲ ਮਿਲਾ ਕੇ ਇਹ ਦਿਨ ਪੰਜਾਬੀ ਤੇ ਪੰਜਾਬੀ ਦੇ ਆਸਵੰਦ ਚਿਹਰਿਆਂ ਲਈ ਚੜ੍ਹਦੀ ਕਲ੍ਹਾ ਵਾਲਾ ਸੀ। -ਕੰਵਰ ਬਰਾੜ |
*** 794 *** |