13 June 2024
ਪਂਜਾਬੀ ਕਲਮਾ ਦਾ ਕਾਫਲਾ

ਕਾਫ਼ਲੇ ਵੱਲੋਂ ਨਵੇਂ ਸੰਚਾਲਕਾਂ ਦੀ ਚੋਣ ਹੋਈ ਅਤੇ ‘ਟੁੱਟੇ ਸਿਤਾਰੇ ਚੁਗਦਿਆਂ ਰਲੀਜ਼ ਕੀਤੀ ਗਈ—ਪਰਮਜੀਤ ਦਿਓਲ

ਬਰੈਂਪਟਨ:- (ਪਰਮਜੀਤ ਦਿਓਲ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ 7 ਮਈ ਨੂੰ ਕੁਲਵਿੰਦਰ ਖਹਿਰਾ, ਮਨਮੋਹਨ ਸਿੰਘ ਗੁਲਾਟੀ, ਅਤੇ ਪਰਮਜੀਤ ਦਿਓਲ ਦੀ ਸੰਚਾਲਨਾ ਹੇਠ ਹੋਈ ਮੀਟਿੰਗ ਵਿੱਚ ਜਿੱਥੇ ਨਵੇਂ ਸੰਚਾਲਕਾਂ ਦੀ ਚੋਣ ਕੀਤੀ ਗਈ ਓਥੇ ਰਾਜਵੰਤ ਰਾਜ ਦੇ ਗ਼ਜ਼ਲ ਸੰਗਹ੍ਰਿ ‘ਟੁੱਟੇ ਸਿਤਾਰੇ ਚੁਗਦਿਆਂ’ ਨੂੰ ਰਲੀਜ਼ ਕਰਕੇ ਪੇਪਰ ਪੜ੍ਹੇ ਗਏ ਜਦ ਕਿ ਪ੍ਰਭਜੋਤ ਸੋਹੀ ਦੀ ਕਿਤਾਬ ‘ਸੰਦਲੀ ਬਾਗ਼’ ਵੀ ਲੋਕ ਅਰਪਣ ਕੀਤੀ ਗਈ। ਰਾਜਵੰਤ ਦੀ ਕਿਤਾਬ ਬਾਰੇ ਬੋਲਦਿਆਂ ਭੁਪਿੰਦਰ ਦੁਲੈ ਨੇ ਕਿਹਾ ਕਿ ਇਸ ਕਿਤਾਬ ਵਿੱਚ ਅਜਿਹੀ ਆਨੰਦਮਈ ਖਿੱਚ ਹੈ ਜੋ ਪੜ੍ਹਨ ਲਈ ਉਤੇਜਤ ਕਰਦੀ ਹੈ। ਉਨਾਂ ਕਿਹਾ ਕਿ ਰਾਜਵੰਤ ਦੀ ਗ਼ਜ਼ਲ ਦਾ ਰੰਗ ਸਿਰਫ ਰਾਜਵੰਤ ਦਾ ਹੀ ਰੰਗ ਹੈ, ਅਜਿਹਾ ਵਰਤਾਰਾ ਹੁੰਦਾ ਤਾਂ ਹੈ ਪਰ ਬਹੁਤ ਘੱਟ ਹੁੰਦਾ ਹੈ। ਭੁਪਿੰਦਰ ਦੇ ਕਹਿਣ ਅਨੁਸਾਰ ਰਾਜਵੰਤ ਬਹੁਤ ਸਾਰੇ ਅਜਿਹੇ ਸ਼ਬਦ ਵਰਤਦਾ ਹੈ ਜੋ ਜਾਂ ਤਾਂ ਅਲੋਪ ਹੋ ਚੁੱਕੇ ਹਨ ਜਾਂ ਸ਼ਾਇਰੀ ਵਿੱਚ ਬਹੁਤ ਘੱਟ ਵਰਤੇ ਗਏ ਹਨ। ਉਨ੍ਹਾਂ ਕਿਹਾ ਕਿ ਰਾਜਵੰਤ ਦੀਆਂ ਗ਼ਜ਼ਲਾਂ ਵਿੱਚ ‘ਸ਼ੋਰ ਨਹੀਂ ਸਗੋਂ ਇੱਕ ਵਿਸ਼ੇਸ਼ ਕਿਸਮ ਦਾ ਸ਼ਾਂਤਪਨ ਹੈ, ਸਮੁੰਦਰ ਦੇ ਧਰੁਵ ਦੀ ਗਹਿਰਾਈ ਦੇ ਬਾਵਜੂਦ ਸਰਲਤਾ ਹੈ, ਧੁੰਦ ਵਿਚਲੀ ਅਸਪਸ਼ਟਤਾ ਨਹੀਂ ਸਗੋਂ ਤ੍ਰੇਲ ਦੇ ਤੁਪਕਿਆਂ ਵਿਚਲੀ ਸ਼ੁੱਧਤਾ ਹੈ।’

ਤਲਵਿੰਦਰ ਮੰਡ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਰਾਜਵੰਤ ਦੇ ਕੁਝ ਸ਼ੇਅਰ ਏਨੇ ਭਾਵਪੂਰਤ ਹਨ ਕਿ ਇੱਕ ਇੱਕ ਸ਼ੇਅਰ ਨਾਲ ਹੀ ਪੂਰੀ ਗ਼ਜ਼ਲ ਇੱਕ ਮੁਕਾਂਮ ਹਾਸਲ ਕਰਨ ਦੀ ਸਮਰੱਥਾ ਰੱਖਦੀ ਹੈ।
ਬਲਰਾਜ ਧਾਲੀਵਾਲ ਵੱਲੋਂ ਪ੍ਰਭਜੋਤ ਸੋਹੀ ਦੀ ਕਿਤਾਬ ‘ਸੰਦਲੀ ਬਾਗ਼’ ਬਾਰੇ ਸਖੇੇਪ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਕੁਲਜੀਤ ਮਾਨ ਵੱਲੋਂ ‘ਪੰਜਾਬੀ ਹੈਰੀਟੇਜ ਫ਼ਾਊਂਡੇਸ਼ਨ ਔਫ ਕੈਨੇਡਾ’ ਵੱਲੋਂ ਸੰਪਾਦਤ ਕੀਤੀ ਗਈ ਕਿਤਾਬ ‘ਸੰਸਾਰ ਦੇ ਪ੍ਰਸੰਗ ਵਿੱਚ ਗੁਰੁ ਨਾਨਕ ਦੇਵ ਜੀ ਦਾ ਸੰਦੇਸ਼’ ਕਾਫ਼ਲੇ ਨੂੰ ਭੇਂਟ ਕੀਤੀ ਗਈ।

ਇਸ ਮੀਟਿੰਗ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਪੇਸ਼ ਹੋਏ ਡਾ. ਕੰਵਲਜੀਤ ਕੌਰ ਗਿੱਲ ਅਤੇ ਡਾ. ਸੁੱਚਾ ਸਿੰਘ ਗਿੱਲ ਹੁਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਹ ਪੁੱਛੇ ਜਾਣ `ਤੇ ਕਿ ਇਹ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆ ਰਹੀ ਹੈ ਕਿ ਯੂਨੀਵਰਸਿਟੀਆਂ `ਚ ਬੈਠੇ ਕੁਝ ਲੋਕ ਆਪਣੇ ਹਿਤਾਂ ਲਈ ਪੱਖਪਾਤੀ ਹੋ ਕੇ ਸਾਹਿਤ ਨੂੰ ਉਭਾਰ ਰਹੇ ਨੇ ਜਿਸ ਨਾਲ਼ ਪਾਠਕਾਂ ਅਤੇ ਲੇਖਿਕਾਂ ਦਾ ਨੁਕਸਾਨ ਹੋਣ ਦੇ ਨਾਲ਼ ਨਾਲ਼ ਪੰਜਾਬੀ ਸਾਹਿਤ ਦੇ ਮਿਆਰ ਨੂੰ ਵੀ ਸੱਟ ਲੱਗ ਰਹੀ ਹੈ, ਇਸ ਬਾਰੇ ਉਨ੍ਹਾਂ ਦੇ ਕੀ ਵਿਚਾਰ ਨੇ? ਡਾ. ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਯੂਨੀਵਰਸਿਟੀਆਂ ਵਿੱਚ ਕੰਮ ਕਰਨ ਵਾਲਿ਼ਆਂ ਦੇ ਆਪਣੇ ਬਾਇਸ ਹੁੰਦੇ ਨੇ ਜਿਸ ਅਧੀਨ ਉਹ ਫ਼ੈਸਲੇ ਕਰਦੇ ਨੇ ਕਿ ਆਪਣੇ ਕਿਹੜੇ ਦੋਸਤ ਦੀ ਕਿਤਾਬ ਨੂੰ ਸਿਲੇਬਸ ਵਿੱਚ ਲਵਾ ਕੇ ਉਸਦੀ ਕਿਤਾਬ ਦੀ ਵਿੱਕਰੀ ਵਧਾਉਣੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਵਕਤੀ ਤੌਰ `ਤੇ ਤਾਂ ਕਿਸੇ ਨੂੰ ਉਭਾਰ ਸਕਦੇ ਹਨ ਪਰ ਇਤਿਹਾਸ ਕਦੀ ਵੀ ਸਾਹਿਤ ਦਾ ਨਿਰਣਾ ਇਨ੍ਹਾਂ ਪੱਖਪਾਤੀ ਲੋਕਾਂ ਦੇ ਨਜ਼ਰੀਏ ਨਾਲ਼ ਨਹੀਂ ਕਰਦਾ ਸਗੋਂ ਅਸਲੀ ਸਾਹਿਤ ਨੂੰ ਨਿਤਾਰ ਕੇ ਸਾਹਮਣੇ ਲੈ ਆਉਂਦਾ ਹੈ। ਡਾ. ਕੰਵਲਜੀਤ ਗਿੱਲ ਨੇ ਕਿਹਾ ਕਿ ਸਾਹਿਤ ਸਮਾਜ ਨਾਲ਼ ਜੁੜਿਆ ਹੋਇਆ ਹੋਣਾ ਚਾਹੀਦਾ ਹੈ ਅਤੇ ਸਮਾਜ ਨੂੰ ਮੌਜੂਦਾ ਲੈਵਲ ਤੋਂ ਅੱਗੇ ਲਿਜਾਣ ਵਾਲ਼ਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਦਾ ਮਿਆਰ ਅਸੀਂ ਹੀ ਮਿਥਣਾ ਹੁੰਦਾ ਹੈ।

ਜਰਨੈਲ ਸਿੰਘ ਨੇ ਕਿਹਾ ਕਿ ਅੱਜ ਦਾ ਦੁਖਾਂਤ ਇਹ ਵੀ ਹੈ ਕਿ ਲੇਖਕ ਖੁਦ ਵੀ ਜ਼ਿਆਦਾ ਨਹੀਂ ਪੜ੍ਹਦੇ, ਏਥੋਂ ਤੱਕ ਕਿ ਜਿਸ ਵਿਧਾ `ਚ ਲਿਖਦੇ ਹਨ, ਉਸ ਵਿਧਾ ਦੇ ਸਾਹਿਤ ਨੂੰ ਵੀ ਬਹੁਤਾ ਨਹੀਂ ਪੜ੍ਹਦੇ ਪਰ ਛੇਤੀ ਛੇਤੀ ਪ੍ਰਸਿੱਧੀ ਪਉੁਣਾ ਚਾਹੁੰਦੇ ਹਨ। ਉਨ੍ਹਾਂ ਇਸ ਗੱਲ `ਤੇ ਅਫ਼ਸੋਸ ਪ੍ਰਗਟ ਕੀਤਾ ਕਿ ਅੱਜ ਆਲੋਚਕ ਪੱਖਪਾਤੀ ਹੋ ਕੇ ਕੰਮ ਕਰ ਰਹੇ ਹਨ ਤੇ ਆਪਣੇ ਹਿਤਾਂ ਨੂੰ ਮੁੱਖ ਰੱਖ ਕੇ ਖ਼ਾਸ ਲੇਖਕਾਂ ਦੀਆਂ ਲਿਖਤਾਂ ਅਤੇ ਕਿਤਾਬਾਂ ਨੂੰ ਉਭਾਰ ਰਹੇ ਹਨ। ਇਸ ਲਈ ਕਾਫ਼ਲੇ ਨੂੰ ਖੁਦ ਵਿਚਾਰ-ਵਟਾਂਦਰਾ ਅਤੇ ਆਲੋਚਨਾ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਬਲਬੀਰ ਕੌਰ ਸੰਘੇੜਾ ਨੇ ਕਾਫ਼ਲੇ ਦੀ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਨੂੰ ਸਿਖਾਂਦਰੂ ਲੇਖਕਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਅਤੇ ਨਿਰਪੱਖ ਹੋ ਕੇ ਸਾਹਿਤਕ ਪ੍ਰਚੋਲ ਕਰਨੀ ਚਾਹੀਦੀ ਹੈ। ਉਨ੍ਹਾਂ ਇਸ ਗੱਲ `ਤੇ ਵੀ ਅਫ਼ਸੋਸ ਜ਼ਾਹਿਰ ਕੀਤਾ ਕਿ ਬੜੀ ਮੁਸ਼ਕਲ ਨਾਲ਼ ਪਰਵਾਸੀ ਪੰਜਾਬੀ ਸਾਹਿਤ ਤੋਂ ‘ਡਾਲਰਾਂ ਪੌਂਡਾਂ ਸਹਾਰੇ ਛਪਣ ਵਾਲ਼ਾ ਸਾਹਿਤ’ ਦਾ ਲੇਬਲ ਲਾਹਿਆ ਗਿਆ ਸੀ ਪਰ ਕੁਝ ਲੋਕਾਂ ਵੱਲੋਂ ਇਹ ਰੁਝਾਨ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ।

ਜਰਨੈਲ ਸਿੰਘ ਵੱਲੋਂ ਭੁਪਿੰਦਰ ਦੁਲੈ ਦਾ ਨਾਂ ਅਗਲੇ ਮੁੱਖ ਸੰਚਾਲਕ ਵਜੋਂ ਪੇਸ਼ ਕੀਤਾ ਗਿਆ ਜਿਸਨੂੰ ਸਰਬਸਮਤੀ ਨਾਲ਼ ਮਨਜ਼ੂਰ ਕਰ ਲਿਆ ਗਿਆ। ਇਸੇ ਤਰ੍ਹਾਂ ਹੀ ਜਤਿੰਦਰ ਕੌਰ ਰੰਧਾਵਾ ਅਤੇ ਬਲਰਾਜ ਧਾਲੀਵਾਲ ਨੂੰ ਇਹ ਜ਼ਿੰਮੇਂਵਾਰੀਆਂ ਸੌਂਪੀਆਂ ਗਈਆਂ।

ਮੀਟਿੰਗ ਵਿੱਚ ਜਿੱਥੇ ਇਕਬਾਲ ਬਰਾੜ ਜੀ ਨੇ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਸ਼ਿਵ ਬਟਾਲਵੀ ਦੇ ਇੱਕ ਗੀਤ ਨਾਲ਼ ਸ਼ਿਵ ਨੂੰ ਸ਼ਰਧਾਂਜਲੀ ਭੇਂਟ ਕੀਤੀ ਓਥੇ ਰਿੰਟੂ ਭਾਟੀਆ ਜੀ ਨੇ ਰਾਜਵੰਤ ਰਾਜ ਦੀ ਇੱਕ ਗ਼ਜ਼ਲ ਨੂੰ ਬਾਕਮਾਲ ਅੰਦਾਜ਼ ਵਿੱਚ ਪੇਸ਼ ਕਰਕੇ ਸਰੋਤਿਆਂ ਦੀ ਸ਼ਾਬਾਸ਼ ਖੱਟੀ। ਭੁਪਿੰਦਰ ਦੁਲੈ, ਤਲਵਿੰਦਰ ਮੰਡ, ਸੁਖਚਰਨਜੀਤ ਕੌਰ ਗਿੱਲ, ਪਰਮਜੀਤ ਢਿੱਲੋਂ, ਕੁਲਵਿੰਦਰ ਖਹਿਰਾ, ਅਤੇ ਪਰਮਜੀਤ ਦਿਓਲ ਨੇ ਆਪਣੀ ਸ਼ਾਇਰੀ ਨਾਲ਼ ਹਾਜ਼ਰੀ ਲਵਾਈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਜੀਤ ਧਾਲੀਵਾਲ, ਪਰਵਿੰਦਰ ਗੋਗੀ, ਡਾ. ਬਲਜਿੰਦਰ ਸੇਖੋਂ, ਬਲਦੇਵ ਰਹਿਪਾ, ਦਵਿੰਦਰ ਲੱਧੜ, ਬਲਦੇਵ ਦੂਹੜੇ, ਗੁਰਦਿਆਲ ਬੱਲ, ਹਰਿੰਦਰ ਸਿੱਧੂ, ਜਸਵਿੰਦਰ ਸੰਧੂ ਅਤੇ ਸੁਪ੍ਰੀਤ ਕੌਰ ਗਿੱਲ ਵੀ ਸ਼ਾਮਲ ਹੋਏ।
***
786

About the author

kulwinder Khera
ਕੁਲਵਿੰਦਰ ਖਹਿਰਾ
kulwinderkhera@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ