19 June 2024

ਮਨ ਦੀਆਂ ਅੱਖਾਂ ਜੇ ਖੁੱਲ੍ਹ ਜਾਵਣ ਦਿਸ ਪੈਣ ਵਚਿੱਤਰ ਝਲਕਾਂ – ਸ਼ਾਮ ਸਿੰਘ (ਅੰਗ-ਸੰਗ)

ਮਨ ਦੀਆਂ ਅੱਖਾਂ ਜੇ ਖੁੱਲ੍ਹ ਜਾਵਣ ਦਿਸ ਪੈਣ ਵਚਿੱਤਰ ਝਲਕਾਂ

– ਸ਼ਾਮ ਸਿੰਘ (ਅੰਗ-ਸੰਗ), ਚੰਡੀਗੜ੍ਹ, ਪੰਜਾਬ-

ਤਨ ਵਿਚ ਟਿਕਿਆ ਹੋਇਆ ਹੈ ਮਨ, ਪਰ ਹੈ ਬੜਾ ਸ਼ਕਤੀਸ਼ਾਲੀ। ਤਨ ਆਪਣੇ ਆਪ ਨਹੀਂ ਭੱਜਦਾ, ਏਹੀ ਭਜਾਈ ਫਿਰਦਾ। ਜਿਸ ਨੂੰ ਕਾਬੂ ’ਚ ਕਰਨ ਵਾਲਾ ਆਪ ਕਾਬੂ ’ਚ ਨਹੀਂ ਆਉਂਦਾ। ਆ ਵੀ ਨਹੀਂ ਸਕਦਾ ਕਿਉਂਕਿ ਉਸ ਦੀ ਸੀਮਾ ਹੀ ਕੋਈ ਨਹੀਂ। ਉੱਨਾ ਹੀ ਅਸੀਮ ਹੈ ਜਿੰਨਾ ਕੁਦਰਤ ਦਾ ਸੋਮਾ ਤੇ ਬ੍ਰਹਿਮੰਡ ਦਾ ਅਧਾਰ।

ਮਨ ਹਰ ਪਲ ਹਰਕਤ ’ਚ ਰਹਿੰਦਾ। ਦੌੜਿਆ ਰਹਿੰਦਾ ਸਾਰੀਆਂ ਦਿਸ਼ਾਵਾਂ ਵਲ। ਹਰ ਪਲ ਦੌੜੇ ਰਹਿਣ ਕਾਰਨ ਤਨ ਨੂੰ ਫਸਾਈ ਰਖਦਾ, ਭੰਬਲ਼ਭੂਸੇ ’ਚ ਪਾਈ ਰਖਦਾ। ਟਿਕਾਅ ਦੀ ਅਣਹੋਂਦ ਕਾਰਨ ਤਨ ਬੇਚੈਨੀ ਦੇ ਆਲਮ ’ਚ ਅਜਿਹਾ ਘਿਰਦਾ ਹੈ ਕਿ ਉਸ ਨੂੰ ਚੈਨ ਹੀ ਨਸੀਬ ਹੀ ਨਹੀਂ ਹੁੰਦਾ।

ਮਨ ਦੀਆਂ ਤਣਾਵਾਂ ਕੱਸਣੀਆਂ ਸੌਖਾ ਕੰਮ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਆਪਣੀਆਂ ਤਣਾਵਾਂ ਕਿਸੇ ਦੇ ਹੱਥ ਜਾਣ ਹੀ ਨਹੀਂ ਦਿੰਦਾ। ਜੇ ਚਲੀਆਂ ਹੀ ਜਾਣ ਤਾਂ ਵਾਪਸ ਆਪਣੇ ਹੱਥ ਲਿਆਉਣ ਲਈ ਦੇਰ ਨਹੀਂ ਲਾਉਂਦਾ। ਏਹੀ ਕਾਰਨ ਹੈ ਕਿ ਤਨ ਭਟਕਿਆ ਹੀ ਰਹਿੰਦਾ, ਇਹ ਹੀ ਭਟਕਾਈ ਫਿਰਦਾ। ਇਹ ਹੀ ਹਸਾਈ ਫਿਰਦਾ , ਇਹ ਹੀ ਰੁਆਈ ਫਿਰਦਾ।

ਜਿਹੜਾ ਸ਼ਖਸ ਤਨ ਤੇ ਮਨ ਦੀਆਂ ਪਰਤਾਂ ਵਿਚ ਵਿਚਰ ਕੇ ਇਨ੍ਹਾਂ ਦਾ ਅਧਿਅਨ ਕਰਦਾ, ਉਹ ਕਿਸੇ ਨਾ ਕਿਸੇ ਨਤੀਜੇ ’ਤੇ ਪਹੁੰਚਣ ਵਿਚ ਜ਼ਰੂਰ ਸਫਲ ਹੋ ਜਾਂਦਾ। ਅਜਿਹਾ ਸੋਚਵਾਨ, ਸਾਧਨਾ ਤੇ ਸਮਾਧੀ ਵਾਲਾ ਸ਼ਖਸ ਮਨ ਨੂੰ ਟਿਕਾਅ ਵਿਚ ਲਿਆ ਕੇ ਗਹਿਰ-ਗੰਭੀਰ ਯਤਨ ਕਰਦਾ ਹੈ ਕਿ ਉਸ ਦੀਆਂ ਅੱਖਾਂ ਖੁੱਲ੍ਹ ਜਾਣ ਤੇ ਖੁੱਲੀਆਂ ਹੀ ਰਹਿਣ।

ਜੇ ਮਨ ਦੀਆਂ ਅੱਖਾਂ ਖੁੱਲ੍ਹ ਜਾਣ ਤਾਂ ਬੁੱਧ, ਬਿਬੇਕ ਦੇ ਏਨੇ ਬੂਹੇ ਖੁੱਲ੍ਹ ਜਾਂਦੇ ਹਨ ਕਿ ਬੰਦਾ ਹੈਰਾਨ ਹੀ ਰਹਿ ਜਾਂਦਾ। ਸਾਰਾ ਸੰਸਾਰ ਉਸ ਦੀ ਬੁੱਕਲ਼ ਵਿਚ ਆ ਜਾਂਦਾ ਹੈ ਅਤੇ ਕੁੱਝ ਵੀ ਤਾਂ ਬੇਗਾਨਾ ਨਹੀਂ ਲਗਦਾ। ਮਾਨਵ ’ਚ ਪਾਏ ਹਰ ਤਰ੍ਹਾਂ ਦੇ ਵਿੰਗ-ਵਲ਼ੇਵੇਂ ਤੇ ਵਖਰੇਵੇਂ ਸ਼ਰਾਰਤੀਆਂ ਦੀ ਸ਼ਰਾਰਤ ਤੋਂ ਵੱਧ ਕੁੱਝ ਨਹੀਂ ਲਗਦੇ।

ਜਿਸ ਸ਼ਖਸ ਦੇ ਮਨ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ ਉਹ ਮੋਹ-ਮਾਇਆ ਤੋਂ ਉੱਪਰ ਉੱਠਣ ਵਿਚ ਵਿਚਰ ਰਹੇ ਸੱਚ ਤੇ ਝੂਠ ਵਿਚਲਾ ਫਰਕ ਸਮਝ ਲੈਂਦਾ। ਸਮਾਜ ਵਿਚ ਹੋ ਰਹੀਆਂ ਤਬਦੀਲੀਆਂ ਉਸ ਦੀ ਨਜ਼ਰ ਤੇ ਪਹੁੰਚ ਤੋਂ ਦੂਰ ਨਹੀਂ ਰਹਿੰਦੀਆਂ। ਉਹ ਆਪਣੇ ਆਪ ਅੰਦਰ ਹੀ ਜਾਗ ਪੈਂਦਾ ਤੇ ਫੇਰ ਜਾਗਿਆ ਹੀ ਰਹਿੰਦਾ।

ਮਨ ਦੀਆਂ ਅੱਖਾਂ ਖੁੱਲ੍ਹਣ ਨਾਲ ਅਜਿਹੀਆਂ ਵਚਿੱਤਰ ਤੇ ਵਿਲੱਖਣ ਝਲਕਾਂ ਦੇ ਦੀਦਾਰ ਹੁੰਦੇ ਹਨ, ਜਿਹੜੀਆਂ ਕਦੇ ਚਿੱਤ ਚੇਤੇ ਨਹੀਂ ਹੁੰਦੀਆਂ, ਜਿਹੜੀਆਂ ਕਦੇ ਸੁਪਨੇ ਵਿਚ ਵੀ ਨਹੀਂ ਦੇਖੀਆਂ ਹੁੰਦੀਆਂ। ਮਨ ਦੀਆਂ ਖੁੱਲ੍ਹੀਆ ਅੱਖਾਂ ਵਾਲਾ, ਮਾਨਵ ਦੀਆਂ ਪਰਤਾਂ ਵਿਚ ਹੁੰਦੇ ਕੌਤਕਾਂ ’ਚੋਂ ਲੰਘਦਿਆਂ ਉਹ ਕੁੱਝ ਦੇਖਦਾ ਤੇ ਮਹਿਸੂਸਦਾ ਹੈ ਜਿਹੜਾ ਹੋਰ ਕਿਸੇ ਦੇ ਨਸੀਬ ਵਿਚ ਨਹੀਂ ਹੁੰਦਾ। ਉਸ ਨੂੰ ਸਮਾਜਾਂ ਦੀ ਸਤਹੀ ਜਹੀ ਲੀਲਾ ਹੀ ਸਮਝ ਨਹੀਂ ਪੈਂਦੀ ਸਗੋਂ ਇਨ੍ਹਾਂ ਵਿਚ ਹੁੰਦੇ ਜ਼ੁਲਮ, ਵਿਤਕਰੇ ਤੇ ਬੇਇਨਸਾਫੀਆ ਵੀ ਸਾਫ ਦਿਸਣ ਲੱਗ ਪੈਂਦੀਆਂ ਹਨ, ਜਿਸ ਕਾਰਨ ਉਹ ਆਪਣੀਆਂ ਅੱਖਾਂ ਮੀਚ ਕੇ ਨਹੀਂ ਵਿਚਰ ਸਕਦਾ। ਫੇਰ ਉਹ ਤਰੀਕੇ ਨਾਲ ਸਰਗਰਮੀ ਕਰਦਾ ਹੈ ਕਿਸੇ ਲੱਠਮਾਰ ਨੀਤੀ ਨਾਲ ਨਹੀਂ।

ਇਸ ਦੁਨੀਆਂ ਦੇ ਮੇਲੇ ਤੱਕ ਹੀ ਨਹੀਂ ਸੋਚਦਾ ਖੁੱਲ੍ਹੀਆ ਅੱਖਾਂ ਵਾਲਾ ਸਗੋਂ ਇਸਦੀ ਪਿੱਠ ਭੂਮੀ ਦੇ ਝਮੇਲੇ ਦੀ ਵਚਿੱਤਰਤਾ ਨੂੰ ਬੁੱਝਣ, ਸਮਝਣ ਤੇ ਮਹਿਸੂਸਣ ਦਾ ਯਤਨ ਕਰਦਾ ਹੋਇਆ ਉਹ ਅਜਿਹੀਆਂ ਝਲਕਾਂ ਦੇ ਬੂਹੇ ਖੋਲ੍ਹ ਲੈਂਦਾ ਹੈ ਜਿਨ੍ਹਾਂ ਦੇ ਅੰਦਰ ਹਰ ਤਰ੍ਹਾਂ ਦੇ ਪ੍ਰਕਾਸ਼ ਦੀ ਘਾਟ ਨਹੀਂ ਰਹਿੰਦੀ।

ਬਸ, ਇੱਥੋਂ ਹੀ ਸ਼ੁਰੂ ਹੁੰਦੀ ਹੈ ਉਹ ਯਾਤਰਾ ਜਿਹੜੀ ਹੋਰ ਜਹਾਨਾਂ ਵਲ ਜਾਂਦੀ ਹੈ ਤੇ ਹੋਰ ਬ੍ਰਹਿਮੰਡਾਂ ਵਲ ਵੀ। ਇਸ ਦੁਨੀਆਂ ਦੇ ਝੂਠ, ਅਡੰਬਰ ਤੇ ਫੋਕੀ ਹਊਮੈ ਤੋਂ ਮੁਕਤ ਹੁੰਦਿਆਂ ਉਹ ਭਵਿੱਖ ਦੀ ਦੁਨੀਆਂ ਨੂੰ ਸੋਨ-ਸੁਨਿਹਰਾ ਮਨਾਉਣ ਲਈ ਸੱਚ ਦਾ ਹੋਕਾ ਦਿੰਦਾ ਹੈ ਤੇ ਹੁੰਦੇ ਜ਼ੁਲਮਾਂ ਵਲ ਧਿਆਨ ਧਰਦਿਆਂ ਬਗਾਵਤ ਕਰਨ ਲਈ ਕਹਿਣ ਤੋਂ ਵੀ ਨਹੀਂ ਘਬਰਾਂਦਾ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 13 ਦਸੰਬਰ 2006)
(ਦੂਜੀ ਵਾਰ 25 ਨਵੰਬਰ 2021)

***
515
***

ਸ਼ਾਮ ਸਿੰਘ

ਸ਼ਾਮ ਸਿੰਘ (ਅੰਗ-ਸੰਗ)

View all posts by ਸ਼ਾਮ ਸਿੰਘ →