24 April 2024

ਸੜਕ ਕੰਢੇ ਉੱਠਿਆ ਹੋਇਆ ਹੱਥ – ਐਡਵੋਕੇਟ ਬੀ.ਐਸ. ਢਿੱਲੋਂ ਚੰਡੀਗੜ੍ਹ

ਸੜਕ ਕੰਢੇ ਉੱਠਿਆ ਹੋਇਆ ਹੱਥ

ਐਡਵੋਕੇਟ ਬੀ.ਐਸ. ਢਿੱਲੋਂ ਚੰਡੀਗੜ੍ਹ

ਸਰਦਾਰ ਬਰਿੰਦਰ ਸਿੰਘ ਢਿੱਲੋਂ, ਹਾਈਕੋਰਟ ਦੇ ਐਡਵੋਕੇਟ ਹੋਣ ਦੇ ਨਾਲ ਨਾਲ, ਪੰਜਾਬੀ ਸਾਹਿਤਕ ਜਗਤ ਵਿੱਚ ਵੀ ਇੱਕ ਜਾਣੇ-ਪਹਿਚਾਣੇ ਲੇਖਕ ਹਨ। ਪੰਜਾਬੀ ਟ੍ਰਿਬੀਊਨ ਅਤੇ ਦੇਸ਼ ਸੇਵਕ ਵਿੱਚ ਉਹਨਾਂ ਦੇ ਦੋ ਸੌ ਤੋਂ ਵੀ ਵੱਧ ਲੇਖ ਪ੍ਰਕਾਸਿ਼ਤ ਹੋ ਚੁੱਕੇ ਹਨ। ਉਹਨਾਂ ਦੇ ਦੋ ਨਾਵਲ: (1) ਵਾਵਰੋਲੇ, ਅਤੇ (2) ਬਾਜ਼ ਛੱਪਣ ਉਪਰੰਤ ਬਹੁਤ ਸਲਾਹੇ ਗਏ। 1986 ਤੋਂ ਹੀ ਉਹ ਕੇਂਦਰੀ ਲੇਖਕ ਸਭਾ ਚੰਡੀਗੜ੍ਹ ਦੀਆਂ ਸਾਹਿਤਕ ਅਤੇ ਕਾਨੂੰਨੀ ਗਤਿਵਿੱਧੀਆਂ ਨਾਲ ਜੁੜੇ ਆ ਰਹੇ ਹਨ। ‘ਸਮਾਜ ਦੀ ਭਲਾਈ ਅਤੇ ਸਰਬਤ ਨਾਲ ਨਿਆਂ’ ਢਿੱਲੋਂ ਸਾਹਿਬ ਦੀ ਸੱਧਰ ਹੈ।
‘ਲਿਖਾਰੀ’ ਦੇ ਪਾਠਕਾਂ ਲਈ ਉਹਨਾਂ ਦਾ ਇੱਕ ਹੋਰ ਲੇਖ ਹਾਜ਼ਰ ਕਰਦਿਆਂ ਅਸੀਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।—–‘ਲਿਖਾਰੀ’

ਹਰ ਰੋਜ਼ ਪੰਜਾਬ ਭਰ ਵਿੱਚ ਸੜਕਾਂ `ਤੇ ਹੁੰਦੇ ਹਾਦਸੇ ਦਰਜਨਾਂ ਵਿਅਕਤੀ ਨਿਗਲ ਜਾਂਦੇ ਹਨ।ਪੰਜਾਬ ਵਿੱਚ ਰੋਜਾਨਾ ਸਾਰੇ ਦੇ ਟੱਬਰ ਮਰ ਰਹੇ ਹਨ। ਦਿਲਚਸਪ ਤੱਥ ਇਹ ਹਨ ਕਿ ਭਾਰਤ ਵਿੱਚ ਸਾਰੇ ਸੰਸਾਰ ਦੇ ਇੱਕ ਫੀ ਸਦੀ ਵਾਹਣ ਹਨ ਪਰ ਹਾਦਸਿਆਂ ਦੀ ਗਿਣਤੀ ਸੱਤ ਫੀ ਸਦੀ ਹੈ। ਹਰ ਸਾਲ ਤਕਰੀਬਨ 65000 ਲੋਕੀ ਮਰਦੇ ਤੇ 350,000 ਅੰਗਹੀਨ ਹੋ ਜਾਂਦੇ ਹਨ। ਸੜਕਾਂ ਟੱੁਟੀਆਂ,ਵਾਹਨ ਖੱਟਾਰਾ,ਜਾਅਲੀ ਡਰਾਇਵਿੰਗ ਲਾਇਸੰਸ,ਟ੍ਰੈਫਿਕ ਨਿਯਮਾਂ ਦੀ ਘੋਰ ਉਲੰਘਣਾ ਆਦਿ ਅਨੇਕਾਂ ਕਾਰਨ ਹਨ।90% ਮੌਤਾਂ ਸਿਰ ਦੀ ਸੱਟ ਨਾਲ ਹੁੰਦੀਆਂ,ਪਰ ਸਿੱਖ ਲੀਡਰ ਸਿਰਫ ਲੀਡਰੀ ਚਮਕਾਉਣ ਲਈ ਔਰਤਾਂ ਦੇ ਹੈਲਮਿੱਟ ਪਾਉਣ ਦਾ ਵਿਰੋਧ ਕਰ ਰਹੇ ਹਨ ਜਦੋਂ ਕਿ ਤਕਰੀਬਨ ਸਾਰੀਆਂ ਨੇ ਸਿਹਲੀਆਂ ਮੁੰਨਕੇ ,ਵਾਲ ਕੱਟਕੇ,ਵੰਨ ਸਵੰਨੀ ਮੇਕਅੱਪ ਕਰਕੇ ਤੇ ਹੋਰ ਕੁਰਹਿਤਾਂ ਕਰਕੇ ਪਹਿਲਾਂ ਹੀ ਸਿੱਖੀ ਨੂੰ ਅਲਵਿਦਾ ਕਹਿ ਰੱਖੀ ਹੈ। ਚੱਲਦੀ ਗੱਡੀ ਵਿੱਚ ਮੋਬਾਇਲ ਫੋਨ ਸੁਨਣ ਤੇ ਸੜਕਾ ਤੇ ਅਵਾਰਾ ਗਊਆਂ ਦੇ ਝੁੰਡਾਂ ਕਾਰਨ ਹਾਦਸਿਆਂ ਵਿੱਚ 33% ਵਾਧਾ ਹੋਇਆ ਹੈ।

ਸ਼ਹਿਰਾਂ ਵਿਚ ਹਾਦਸੇ ਦੇ ਸਿ਼ਕਾਰਾਂ ਨੂੰ ਡਾਕਟਰੀ ਸਹਾਇਤਾ ਮਿਲਣ ਦੀ ਸੰਭਾਵਨਾ ਕਾਫੀ ਹੈ ਤੇ ਲੋਕੀਂ ਜ਼ਖਮੀਆਂ ਨੂੰ ਚੁੱਕ ਵੀ ਲੈਂਦੇ ਹਨ ਪਰ ਮੁੱਖ ਸੜਕਾਂ ਅਤੇ ਸ਼ੁੰਨੀਆਂ ਥਾਵਾਂ `ਤੇ ਡਿੱਗੇ ਪਏ ਲੋਕਾਂ ਨੂੰ ਜਨਤਾ ਅਕਸਰ ਅਣਦੇਖਿਆ ਕਰ ਜਾਂਦੀ ਹੈ। ਜੇ ਕੋਈ ਵੱਡਾ ਹਾਦਸਾ ਹੋਵੇ ਤੇ ਟ੍ਰੈਫਿਕ ਵਿਚ ਵਿਘਨ ਪੈਂਦਾ ਹੋਵੇ ਤਾਂ ਫੱਟੜਾਂ ਦੀ ਸਾਂਭ-ਸੰਭਾਲ ਹੋ ਜਾਂਦੀ ਹੈ।ਸਾਡਾ ਸਾਰਾ ਪ੍ਰਬੰਧਕੀ ਢਾਂਚਾ ਹੀ ਨੀਰਸ ਹੈ। ਇਸੇ ਲਈ ਅਨੇਕਾਂ ਵਾਰ ਸੁਪਰੀਮ ਕੋਰਟ ਕਹਿ ਚੁੱਕੀ ਹੈ ਕਿ ਕਾਨੂੰਨੀ ਕਾਰਵਾਈ ਕਰਨ ਤੋਂ ਪਹਿਲਾਂ ਜਖਮੀਆਂ ਨੂੰ ਤਰੰਤ ਡਾਕਟਰੀ ਸਹਾਇਤਾ ਦਿੱਤੀ ਜਾਵੇ। ਆਪਣੇ ਤਜਰਬਿਆਂ ਤੋਂ ਇਲਾਵਾ ਮੈਂ ਦਰਜਨ ਵਿਅਕਤੀਆਂ ਦੇ ਅਨੁਭਵ ਜਾਣੇ ਹਨ। ਹਰ ਤਲਖ ਤਜਰਬਾ ਅਸਲੀਅਤ ਦਿਖਾਉਂਦਾ ਹੈ। ਆਮ ਰਾਏ ਇਹੀ ਮਹਿਸੂਸ ਹੋਈ ਕਿ ‘ਇਹੋ ਜਿਹੇ ਪੰਗੇ `ਚ ਪੈਣਾ ਨਹੀਂ ਚਾਹੀਦਾ।` ਇਹ ਮੰਦਭਾਗਾ ਰੁਝਾਨ ਹੈ।

ਕੋਈ ਡੇਢ ਕੁ ਦਹਾਕਾ ਪਹਿਲਾਂ ਜਦੋਂ ਰਾਤਾਂ ਜ਼ਹਿਰੀਲੀਆਂ ਹੋ ਗਈਆਂ ਸਨ ਤੇ ਕਾਲੀਆਂ ਸੜਕਾਂ ਨਾਗਾਂ ਦੀ ਢੂਹੀ ਬਣ ਗਈਆਂ ਸਨ ਤਾਂ ਸੂਰਜ ਦੇ ਲੋਈ ਲੈਂਦਿਆਂ ਹੀ ਲੋਕੀਂ ਇਨ੍ਹਾਂ ਸੜਕਾਂ `ਤੇ ਚਲਣੋਂ ਡਰਦੇ ਸਨ। ਅਸੀਂ ਚਾਰ ਜਣੇ ਦਸੂਹੇ ਤੋਂ ਚੰਡੀਗੜ੍ਹ ਆ ਰਹੇ ਸੀ। ਹੁਸਿ਼ਆਰਪੁਰ ਕੋਲ ਸਾਡੇ ਅੱਗੇ ਜਾ ਰਹੇ ਟਰੱਕ ਨੇ ਦੋਧੀ ਨੂੰ ਫੇਟ ਮਾਰੀ ਤੇ ਸਾਈਕਲ ਸਵਾਰ ਬੁੜ੍ਹਕ ਕੇ ਪਾਸੇ ਜਾ ਡਿੱਗਾ। ਟਰੱਕ ਰੁਕਣ ਦੀ ਥਾਂ ਹੋਰ ਤੇਜ ਹੋ ਗਿਆ। ਅਸੀਂ ਰੁਕ ਤਾਂ ਨਹੀਂ ਸੀ ਸਕਦੇ ਪਰ ਗੱਡੀ ਤੇਜ਼ ਕਰਕੇ ਟਰੱਕ ਦਾ ਨੰਬਰ ਨੋਟ ਕਰ ਲਿਆ। ਅਗਲੇ ਸ਼ਹਿਰ ਸੜਕ ਕੰਢੇ ਬਣੀ ਪੁਲੀਸ ਚੌਕੀ ਰੁਕ ਕੇ ਟਰੱਕ ਨੂੰ ਰੋਕਣ ਦੀ ਬੇਨਤੀ ਕੀਤੀ। ਸਾਰੀ ਗੱਲ ਸੁਣ ਕੇ ਮੁ਼ਨਸ਼ੀ ਬੋਲਿਆ ‘ਤੁਸੀਂ ਸ਼ਰਾਬ ਪੀਤੀ ਹੋਈ ਹੈ?` ਸਾਡੇ `ਚੋਂ ਇਕ ਬੋਲਿਆ ‘ਹਾਂ ਪੀਤੀ ਹੈ ਪਰ ਸਾਡਾ ਡਰਾਈਵਰ ਸੂਫੀ ਹੈ।` ਉਹਨੇ ਬੈਂਚ ਵਲ ਇਸ਼ਾਰਾ ਕਰਕੇ ਕਿਹਾ ‘ਉਥੇ ਬੈਠ ਜਾE ਇੰਚਾਰਜ ਆਏ ਤੋਂ ਗੱਲ ਕਰਦੇ ਹਾਂ।` ਸਾਡੇ ਵਾਰ-ਵਾਰ ਟਰੱਕ ਨੂੰ ਰੋਕਣ ਲਈ ਅਗਲੇ ਨਾਕੇ `ਤੇ ਇਤਲਾਹ ਦੇਣ ਲਈ ਕਹਿਣ `ਤੇ ਉਹ ਰੁੱਖਾ ਜਿਹਾ ਬੋਲਿਆ, ‘ਸਾਨੂੰ ਸਭ ਪਤਾ ਹੁੰੰਦਾ। ਤੁਸੀਂ ਬੰਦਾ ਖੁਦ ਮਾਰਕੇ ਆਏ ਹੋ ਤੇ ਪਿੱਛੋਂ ਸਾਰੇ ਇਉਂ ਹੀ ਕਹਿੰਦੇ ਹੁੰਦੇ ਹਨ।` ਅਸੀਂ ਖੁਦ ਤੇ ਖਿਝ ਰਹੇ ਸੀ। ਕੀ ਲੈਣਾ ਸੀ ਇਹੋ ਜਿਹੀ ਸਮਾਜ ਸੇਵਾ ਤੋਂ। ਖੈਰ ਇਕ ਘੰਟ ਦੀ ਉਡੀਕ ਪਿੱਛੋ ਚੌਕੀ ਇੰਚਾਰਜ ਆ ਗਿਆ। ਉਹਨੇ ਸਾਰੀ ਗੱਲ ਸੁਣਕੇ ਸਾਡੇ ਪਛਾਣ ਪੱਤਰ ਵੇਖੇ, ਗੱਡੀ ਦਾ ਨੰਬਰ ਲਿਖਿਆ ਤੇ ਸ਼ਹਿਰ ਦੇ ਦੋ ਤਿੰਨ ਮੋਹਤਬਰ ਬੰਦਿਆਂ ਦੇ ਨਾਂ ਦੱਸਣ `ਤੇ ਉਹਦੀ ਤਸੱਲੀ ਹੋ ਗਈ ਤੇ ਫਿੱਕਾ ਜਿਹਾ ਅਫਸੋਸ ਕਰਕੇ ਸਾਨੂੰ ਤੋਰ ਦਿੱਤਾ। ਉਦੋਂ ਤਕ ਟਰੱਕ ਵਾਲਾ ਆਪਣੇ ਟਿਕਾਣੇ ਜਾ ਲੱਗਾ ਹੋਣਾ। ਉਂਜ ਕਾਨੂੰਨ ਕਹਿੰਦਾ ਹੈ ਕਿ ਜਿਹੜਾ ਵਿਅਕਤੀ ਹਾਦਸਾ ਕਰਕੇ ਦੌੜ ਜਾਂਦਾ ਹੈ ਉਹ ਕਿਸੇ ਹਮਦਰਦੀ ਜਾਂ ਰਹਿਮ ਦਾ ਹੱਕਦਾਰ ਨਹੀਂ ਹੁੰਦਾ।

ਮੇਰਾ ਇੱਕ ਦੋਸਤ ਜੀਪ `ਤੇ ਮੁਕਤਸਰ ਤੋਂ ਪਿੰਡ ਜਾ ਰਿਹਾ ਸੀ। ਵੇਲਾ ਅੱਧੀ ਰਾਤ ਦਾ ਸੀ। ਸ਼ਹਿਰ ਦੇ ਬਾਹਰਲੇ ਚੌਕ `ਤੇ ਇਕ ਮੁੰਡਾ ਸੜਕ `ਤੇ ਡਿੱਗਿਆ ਪਿਆ ਸੀ। ਪੱਗ ਉਹਦੀ ਪਰ੍ਹਾਂ ਡਿੱਗੀ ਪਈ ਸੀ ਤੇ ਸਿਰ ਦੇ ਖੁੱਲ੍ਹੇ ਵਾਲਾਂ ਨਾਲ ਉਹਦਾ ਮੂੰਹ ਲਹੂ-ਲੁਹਾਣ ਸੀ। ਪਤਾ ਨਹੀਂ ਕਿੰਨੇ ਚਿਰ ਦਾ ਪਿਆ ਸੀ। ਉਹਨੇ ਮੰੁਡੇ ਨੂੰ ਚੁੱਕ ਕੇ ਹਸਪਤਾਲ ਪਹੁੰਚਾ ਦਿੱਤਾ ਤੇ ਡਾਕਟਰ ਦੇ ਰੁੱਕੇ `ਤੇ ਗਸ਼ਤ ਕਰਦੀ ਪੁਲੀਸ ਪਾਰਟੀ ਪਹੁੰਚ ਗਈ। ਉਦੋਂ ਤਕ ਮੁੰਡੇ ਨੇ ਅੱਖਾਂ ਪੁੱਟ ਲਈਆਂ ਸਨ ਤੇ ਆਪਣਾ ਪਤਾ ਟਿਕਾਣਾ ਦੱਸ ਦਿੱਤਾ ਸੀ। ਥਾਣੇਦਾਰ ਨੇ ਮੁੰਡੇ ਨੂੰ ਵੇਖ ਕੇ ਹਾਦਸੇ ਬਾਰੇ ਜਾਨਣ ਦੀ ਥਾਂ ਉਹਨੂੰ ਸਿੱਧਾ ਸਵਾਲ ਕੀਤਾ ‘ਤੁਸੀਂ ਇਹਨੂੰ ਕਿਵੇਂ ਜਾਣਦੇ ਹੋਏ?` ‘ਜਾਣਦਾ ਤਾਂ ਮੈਂ ਨਹੀਂ ਹਾਂ ਬੱਸ ਇਨਸਾਨੀਅਤ ਦੇ ਨਾਤੇ ਚੁੱਕ ਲਿਆਇਆਂ। ਇਹਨੇ ਰਾਤ ਨੂੰ ਮਰ ਜਾਣਾ ਸੀ। ਹਾਦਸਾ ਕਿਸੇ ਨਾਲ ਵੀ ਹੋ ਸਕਦਾ।` ਇਹ ਬੇਰਾ ਨਹ ਬੂਝੀਐ ਜਉ ਆਇ ਪਰੈ ਜਮ ਫੰਧ॥ ਪਰ ਥਾਣੇਦਾਰ ਕੁਝ ਹੋਰ ਹੀ ਸੋਚ ਰਿਹਾ ਸੀ। ਬੋਲਿਆ, ‘ਇਹ ਤੁਹਾਨੂੰ ਜਾਣਦਾ ਹੈ। ਤੁਹਾਡਾ ਨਾਂ ਵੀ ਲੈਂਦਾ ਹੈ। ਇਹ ਫਲਾਣੇ ਮਾਸਟਰ ਦਾ ਅੱਤਵਾਦੀ ਮੁੰਡਾ ਹੈ।` ਹੁਣ ਉਹ ਚੌਕੰਨਾ ਹੋ ਗਿਆ। ਥਾਣੇਦਾਰ ਉਹਨੂੰ ਉਲਝਾਉਣਾ ਚਾਹੁੰਦਾ ਸੀ। ਉਹ ਥੋੜ੍ਹੀ ਕਰੜੀ ਆਵਾਜ਼ ਵਿੱਚ ਬੋਲਿਆ, ‘ਜੇ ਇਹ ਮੈਨੂੰ ਜਾਣਦਾ ਹੈ ਤਾ ਕੀ ਹੋਇਆ? ਮੈਨੂੰ ਤਾਂ ਤੇਰੇ ਅਫਸਰ ਵੀ ਜਾਣਦੇ ਹਨ। ਮੈਂ ਸਿਆਸੀ ਆਦਮੀ ਹਾਂ। ਮੈਂ ਇਸ ਜਿਲ੍ਹੇ ਦੀਆਂ ਕਈ ਚੋਣਾਂ ‘ਚ ਸਰਗਰਮੀ ਨਾਲ ਹਿੱਸਾ ਲਿਆ ਹੈ। ਹਲਕੇ ਦੇ ਸੈਂਕੜੇ ਬੰਦੇ ਮੇਰਾ ਨਾਮ ਜਾਣਦੇ ਆ। ਇਹ ਵੀ ਜਾਣਦਾ ਹੋਣਾ। ਪਰ ਮੈਂ ਇਹਨੂੰ ਨਹੀਂ ਜਾਣਦਾ।` ਥਾਣੇਦਾਰ ਚੁੱਪ ਹੋ ਗਿਆ। ਜੇ ਕੋਈ ਗੁੰਮਨਾਮ ਆਦਮੀ ਹੁੰਦਾ ਤਾਂ ਉਹ ਉਲਝ ਗਿਆ ਸੀ।

ਮੇਰਾ ਇੱਕ ਮਿੱਤਰ ਸੰਧੂ ਹੋਰੀਂ ਇਕ ਸ਼ਾਮ ਜੀ.ਟੀ. ਰੋਡ ਤੇ ਲੁਧਿਆਣੇ ਤੋਂ ਰਾਜਪੁਰੇ ਜਾ ਰਹੇ ਸਨ। ਅਜੇ ਲਾਈਟਾਂ ਜਗਣੀਆਂ ਸ਼ੁਰੂ ਹੋਈਆਂ ਸਨ। ਸੜਕ ਵਿਚਕਾਰ ਇਕ ਬੰਦਾ ਕਿਸੇ ਗੱਡੀ ਦਾ ਕੁਚਲਿਆ ਮਰਿਆ ਪਿਆ ਸੀ। ਸਾਰੇ ਪਾਸੇ ਦੀ ਹੋ ਕੇ ਲੰਘ ਰਹੇ ਸਨ। ਅਗਲੀ ਸਵੇਰ ਜਦੋਂ ਉਹ ਰਾਜਪੁਰੇ ਤੋਂ ਵਾਪਸ ਮੁੜ ਰਹੇ ਸਨ ਤਾਂ ਉਨ੍ਹਾਂ ਵੇਖਿਆ ਰਾਤ ਭਰ ਚੱਲਦੇ ਟਰੱਕਾਂ ਨੇ ਉਹਨੂੰ ਕੱੁਝ ਇਸ ਤਰ੍ਹਾਂ ਕੁਚਲ ਕੇ ਸੜਕ ਨਾਲ ਚਿਪਕਾ ਦਿੱਤਾ ਸੀ ਕਿ ਸਿਰਫ ਗਿੱਠ ਕੁ ਉੱਚੇ ਉੱਠੇ ਹੱਥ ਤੋਂ ਹੀ ਪਤਾ ਚੱਲਦਾ ਸੀ ਕਿ ‘ਮਰਨ ਵਾਲਾ ਇਨਸਾਨ ਦੀ ਔਲਾਦ ਸੀ।`
ਮੇਰੇ ਇੱਕ ਐਸ.ਡੀ.E ਦੋਸਤ ਨੇ ਨਵੀਂ ਜ਼ੈੱਨ ਖਰੀਦੀ ਸੀ। ਇਕ ਚੌਕ ਲਾਗੇ ਤਾਜ਼ੇ ਹੋਏ ਸੜਕ ਹਾਦਸੇ ਵਿਚ ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਤੇ ਬੇਹੋਸ਼ ਪਏ ਸਨ। ਇਥੱਠੀ ਹੋਈ ਤਮਾਸ਼ਬੀਨ ਭੀੜ ਉੱਲਰ-ਉੱਲਰ ਕੇ ਵੇਖ ਰਹੀ ਸੀ ਪਰ ਚੁੱਕ ਕੋਈ ਨਹੀਂ ਸੀ ਰਿਹਾ। ਲੋਕਾਂ ਨੇ ਉਹਦੀ ਗੱਡੀ ਰੋਕ ਕੇ ਮੱਲੋ-ਮੱਲੀ ਦੋਵੇਂ ਆਦਮੀ ਉਹਦੀ ਗੱਡੀ ਵਿੱਚ ਸੁੱਟ ਦਿੱਤੇ ਪਰ ਨਾਲ ਜਾਣ ਲਈ ਕੋਈ ਨਹੀਂ ਤਿਆਰ ਹੋਇਆ। ਹਰ ਕਿਸੇ ਨੂੰ ਆਪਣੇ ਕੰਮਾਂ ਦੀ ਕਾਹਲੀ ਸੀ। ਭੀੜ ਖਿੱਲਰ ਗਈ। ਅਜੇ ਉਹ ਥੋੜ੍ਹੀ ਦੂਰ ਹੀ ਗਿਆ ਸੀ ਕਿ ਜ਼ਖਮੀਆਂ `ਚੋਂ ਨੀਮ ਬੋਹੋਸ਼ ਹੋਇਆ ਹੂੰਗਾਰ ਮਾਰ ਰਿਹਾ ਬੰਦਾ ਬੋਲਿਆ, ‘ਮੈਨੂੰ ਤਾਂ ਕੁਝ ਯਾਦ ਨਹੀਂ, ਭਾਅ ਜੀ ਤੁਸੀਂ ਸਾਡੇ `ਚੇ ਵੱਜੇ ਕਿਵੇਂ ਸੀ?` ਉਹਨੂੰ ਪਸੀਨਾ ਆ ਗਿਆ। ਪੈਰ ਤੋਂ ਹੀ ਗੱਡੀ ਮੋੜ ਕੇ ਉਹ ਘਟਨਾ ਸਥਾਨ `ਤੇ ਚਲਾ ਗਿਆ। ਅਜੇ ਤਿੰਨ ਚਾਰ ਆਦਮੀ ਉਥੇ ਖਲੋਤੇ ਬੱਸ ਦੀ ਉਡੀਕ ਕਰ ਰਹੇ ਸਨ। ਉਹਨੇ ਤੁਰੰਤ ਜ਼ਖਮੀਆਂ ਨੂੰ ਉਤਾਰ ਲੈਣ ਲਈ ਕਿਹਾ ਜਾਂ ਇੱਕ ਆਦਮੀ ਉਹਦੇ ਨਾਲ ਜਾਵੇ। ਅਖੀਰ ਇਕ ਆਦਮੀ ਉਸ ਨਾਲ ਬੈਠ ਗਿਆ। ਐਮਰਜੈਂਸੀ ਵਿਚ ਜ਼ਖਮੀਆਂ ਨੂੰ ਉਤਾਰਦਾ ਹੀ ਉਹ ਡਾਕਟਰ ਨੂੰ ਕਹਿ ਨੱਸ ਤੁਰਿਆ। ਵਾਰਸਸ਼ਾਹ ਜਾਂ ਨਾਥ ਨੇ ਹੁਕਮ ਕੀਤਾ ਟਿੱਲਿਉਂ ਉੱਤਰਦਾ ਪੱਤਰਾ ਹੋਇਆ ਈ। ਬਿਹਾਰ ਉੜੀਸਾ ਵਿਚ ਵੱਡੇ ਰੇਲ ਹਾਦਸੇ ਹੋਣ ਦੀ ਸੂਰਤ ਵਿਚ ਪਾਸਿਆਂ ਤੋਂ ਇਕੱਠੀ ਹੋਈ ਭੀੜ ਫੱਟੜਾਂ ਤੇ ਮ੍ਰਿਤਕਾਂ ਦੇ ਛਾਪਾਂ, ਕੜੇ, ਘੜੀਆਂ ਆਦਿ ਲਾਹੁਣ ਲੱਗ ਪੈਂਦੀ ਹੈ।

ਰਾਜ ਕੁਮਾਰ ‘ਜੱਟ-ਬਾਣੀਆ’ ਸੀ। ਅੱਖਾਂ ਸਾਹਮਣੇ ਹੋਏ ਸੜਕ ਹਾਦਸੇ ਵਿਚ ਉਹ ਤੈਸ਼ ਵਿਚ ਆਇਆ ਚਸ਼ਮਦੀਦ ਗਵਾਹ ਬਣ ਗਿਆ। ਪਿੱਛੋਂ ਛੇ ਵਾਰ ਜਦੋਂ ਗਵਾਹੀ ਦੇਣ ਲਈ ਦੂਸਰੇ ਸ਼ਹਿਰ ਜਾਣਾ ਪਿਆ ਤਾਂ ਅਖੀਰ ਉਹਨੇ ਕਚਚਿਰੀ `ਚ ਗਵਾਹੀ ਮੁਕਰਨ ਦੀ ਧਮਕੀ ਦੇ ਕੇ ਆਪਣੀ ਗਵਾਹੀ ਕਟਾਈ। ਦੋ ਸਾਲ ਜਦੋਂ ਵੀ ਮਿਲਦਾ ਇਸੇ ਕੇਸ ਦੇ ਰੋਣੇ ਰੋਂਦਾ ਰਿਹਾ। ਪਹਿਲਾਂ ਇਕ ਵਾਰੀ ਉਹਦਾ ਤਜਰਬਾ ਬੜਾ ਠੀਕ ਰਿਹਾ ਸੀ। ਜਿਸ ਹਾਦਸਾਗ੍ਰਸਤ ਬੰਦੇ ਦੀ ਉਹਨੇ ਮਦਦ ਕੀਤੀ ਸੀ ਉਹ ਉਹਦਾ ਪਰਿਵਾਰਕ ਮਿੱਤਰ ਹੀ ਨਹੀਂ ਬਣਿਆ ਬਲਕਿ ਇਕ ਦੋ ਵਾਰੀ ਕੰਮ ਵੀ ਆਇਆ ਸੀ।ਅਜਿਹਾ ਕਿਉਂ ਹੁੰਦਾ ਹੈ? ਇਸ ਸਭ ਕੁਝ ਲਈ ਸਾਡਾ ਕਾਨੂੰਨੀ ਢਾਂਚਾ, ਗੁੰਝਲਦਾਰ ਕਚਹਿਰੀ ਦੇ ਚੱਕਰ, ਸ਼ੱਕੀ ਮਾਨਸਿਕਤਾ, ਲੋਕਾਂ ਦੀ ‘ਮੈਂ ਕੀ ਲੈਣਾ` ਵਾਲੀ ਸੋਚ, ਵਾਰਸਸ਼ਾਹ ਜਹਾਨ ਤੇ ਗਰਜ ਮਿੱਠੀ ਆਪੋ-ਆਪਣੀ ਜੋਗ ਨੂੰ ਗੇੜਦੇ ਨੀ, ਜਿ਼ੰਮੇਵਾਰ ਹਨ। ਹਸਪਤਾਲ ਵਿਚ ਡਾਕਟਰਾਂ ਤੇ ਹੇਠਲੇ ਕਰਮਚਾਰੀਆਂ ਦਾ ਵਤੀਰਾ ਨਾਂਹ-ਪੱਖੀ ਹੰਦਾ। ਕਚਹਿਰੀ `ਚੋਂ ਲੋਕ ਉਂਜ ਹੀ ਤੋਬਾ-ਤੋਬਾ ਕਰਕੇ ਨਿਕਲਦੇ ਹਨ। ਲੋੜ ਇਸ ਸਭ ਕੁਝ ਨੂੰ ਬਦਲਣ ਦੀ ਹੈ। ਅਣਗਹਿਲੀ ਜਾਂ ਗੈਰਜਿ਼ੰਮੇਵਾਰੀ ਦੀ ਸੂਰਤ ਵਿਚ ਸਖਤ ਸਜ਼ਾ ਜਾਂ ਮ੍ਰਿਤਕਾਂ ਨੂੰ ਚੁੱਕਣ ਵਾਲੇ ਵਿਅਕਤੀਆਂ ਨੂੰ ‘ਤਫਤੀਸ਼` `ਚ ਸ਼ਾਮਲ ਕਰਕੇ ਤੰਗ ਕਰਨ ਦੀ ਥਾਂ ਧੰਨਵਾਦ ਦੇਣਾ ਚਾਹੀਦਾ।

ਅਖੀਰ ਹਾਦਸਾ ਮੈਂ ਪਿਛਲੇ ਸਾਲ ਵੇਖਿਆ ਸੀ। ਉਂਜ ਹੁਣ ਚੁੱਪ ਕਰਕੇ ਲੰਘ ਜਾਈਦਾ। ਬਰਸਾਤ ਦੇ ਉਸ ਦਿਨ ਜੋਰ ਨਾਲ ਵਰ੍ਹ ਰਹੇ ਮੀਂਹ ਵਿੱਚਇਕ ਵਿਅਕਤੀ ਸੜਕ ਕੰਢੇ ਡਿੱਗਿਆ ਪਿਆ ਸੀ। ਪਾਸੇ `ਤੇ ਮੋਟਰਸਾਈਕਲ ਡਿੱਗਾ ਪਿਆ ਸੀ। ਉਹਦੀ ਨਵੀਂ ਵਿਆਹੀ ਪਤਨੀ ਰੋਂਦੀ-ਰੋਂਦੀ ਚੂੜੇ ਵਾਲੀ ਬਾਂਹ ਚੁੱਕ ਕੇ ਲੰਘ ਰਹੇ ਵਾਹਨਾਂ ਨੂੰ ਰੁਕਣ ਲਈ ਇਸ਼ਾਰੇ ਕਰ ਰਹੀ ਸੀ। ਪਰ ਕੋਈ ਨਹੀਂ ਸੀ ਰੁਕਿਆ। ਉਂਜ ਤਾਂ ਵਿਸ਼ਵਾਸ ਮਰ ਜਾਣ ਪਿੱਛੋਂ ਇਨਸਾਨੀਅਤ ਵੀ ਮਰ ਜਾਂਦੀ ਹੈ। ਪਰ ਮੈਂ ਲੰਘਦਾ-ਲੰਘਦਾ ਰੁਕ ਗਿਆ। ਇਕ ਜਾ ਰਹੇ ਟੈਂਪੂ ਨੂੰ ਰੋਕ ਕੇ ਮੈਂ ਉਨ੍ਹਾਂ ਨੂੰ ਹਸਪਤਾਲ ਤੋਰ ਦਿੱਤਾ। ਉਸ ਔਰਤ ਨੇ ਦੱਸਿਆ ਕਿ ਪਿਛਲੇ ਅੱਧੇ ਘੰਟੇ ਤੋਂ ਕੋਈ ਨਹੀਂ ਰੁਕਿਆ। ਉਸ ਸ਼ਾਮ ਦੇਰ ਤਕ ਮੈਨੂੰ ਸੜਕ ਕੰਢੇ ਉੱਠਿਆ ਹੋਇਆ ਉਹ ਹੱਥ ਦਿੱਸਦਾ ਰਿਹਾ।

ਪੱਛਮੀ ਵਿਕਸਤ ਮੁਲਕਾਂ ਵਿਚ ਲੋਕੀਂ ਅਕਸਰ ਮਦਦ ਵੀ ਕਰਦੇ ਹਨ ਤੇ ਸਰਕਾਰੀ ਪ੍ਰਬੰਧ ਵੀ ਠੀਕ ਹੁੰਦੇ ਹਨ। ਸਦੀਆਂ ਦੀ ਗੁਲਾਮੀ ਕਾਰਨ ਸਾਡੀ ਮਾਨਸਿਕਤਾ ਸ਼ੱਕੀ, ਚਾਪਲੂਸ ਤੇ ਅੱਤ ਦੀ ਖੁਦਗਰਜ਼ੀ ਦੀ ਸਿ਼ਕਾਰ ਹੋ ਗਈ ਹੈ। ਬੇਸ਼ੱਕ ਆਰਥਿਕ ਤਰੱਕੀ ਅਸੀਂ ਕਾਫੀ ਕਰ ਲਈ ਹੈ। ਫਿਰ ਵੀ ਸੋਚ ਦੇ ਅਮਲ ਵਿਚ ਪਰਿਵਰਤਨ ਹੋਣ ਲਈ ਅਜੇ ਦਹਾਕੇ ਲੱਗਣਗੇ। ਸਰਕਾਰ ਅਤੇ ਸਮਾਜਕ ਸੰਸਥਾਵਾਂ ਵਲੋਂ ਸਮੇਂ ਸਮੇ ਸੈਮੀਨਾਰ ਕਰਕੇ ਜਨਸਾਧਾਰਨ ਨੂੰ ਉਨ੍ਹਾਂ ਦੇ ਫਰਜ਼ਾਂ ਅਤੇ ਅਧਿਕਾਰਾਂ ਤੋਂ ਜਾਂਣੂ ਕਰਾਉਣ ਦੀ ਲੋੜ ਹੈ।
ਉਪਰੋਕਤ ਜਿ਼ਕਰ ਕੀਤੇ ਹਾਦਸੇ ਦੀ ਅਗਲੀ ਸਵੇਰ ਮੈਂ ਅਖਬਾਰਾਂ `ਚ ਖਬਰ ਪੜ੍ਹੀ ਸੀ। ਜ਼ਖਮੀ ਬੰਦਾ ਹਸਪਤਾਲ ਪਹੁੰਚ ਕੇ ਦਮ ਤੋੜ ਗਿਆ ਸੀ। ਮੈਨੂੰ ਇੱਟ ਵਰਗਾ ਪੱਕਾ ਯਕੀਨ ਹੈ ਕਿ ਜੇ ਵੇਲੇ ਸਿਰ ਉਸ ਨੂੰ ਕੋਈ ਹਸਪਤਾਲ ਪਹੁੰਚਾ ਦਿੰਦਾ ਤਾਂ ਉਹ ਜ਼ਰੂਰ ਬਚ ਜਾਂਦਾ।

‘ਸਿਤਾਰੋਂ ਕੋ ਸ਼ਾਇਦ ਖਬਰ ਹੀ ਨਹੀਂ,
ਮੁਸਾਫਿਰ ਨੇ ਜਾਨੇ ਕਹਾਂ ਰਾਤ ਕੀ।’
*************************

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2001-2007 ਵਿਚਕਾਰ )
(ਦੂਜੀ ਵਾਰ 26 ਅਕਤੂਬਰ 2021)

***
462
***

About the author

ਬੀ.ਐਸ.ਢਿੱਲੋਂ, ਐਡਵੋਕੇਟ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

146, ਐਡਵੋਕੇਟ ਸੋਸਾਇਟੀ, ਸੈਕਟਰ 49–ਏ.
ਚੰਡੀਗੜ੍ਹ – 160047
ਫੋਨ: 0172–631684

ਬੀ.ਐਸ.ਢਿੱਲੋਂ, ਐਡਵੋਕੇਟ

146, ਐਡਵੋਕੇਟ ਸੋਸਾਇਟੀ, ਸੈਕਟਰ 49–ਏ. ਚੰਡੀਗੜ੍ਹ – 160047 ਫੋਨ: 0172–631684

View all posts by ਬੀ.ਐਸ.ਢਿੱਲੋਂ, ਐਡਵੋਕੇਟ →