25 April 2024

ਪਰਿਕਰਮਾ – ਸ਼ਾਮ ਸਿੰਘ ‘ਅੰਗ ਸੰਗ’

ਪਰਿਕਰਮਾ

ਸ਼ਾਮ ਸਿੰਘ ‘ਅੰਗ ਸੰਗ’

ਮਾਂ-ਬੋਲੀ ਜਾਨ ਨਾਲੋਂ ਵੀ ਪਿਆਰੀ। ਸ਼ਾਇਦ ਇਹ ਗੱਲ ਸਮਝ ਨਾ ਪੈਂਦੀ ਅਤੇ ਗਲ਼ੋਂ ਹੇਠਾਂ ਨਾ ਉੱਤਰਦੀ ਜੇ ਤਾਮਿਲ ਭਾਸ਼ਾ ਦੇ ਮਹਾਂ ਪ੍ਰੇਮੀਆਂ ਨੇ ਆਪਣੀ ਮਾਂ-ਬੋਲੀ ਲਈ ਜਾਨਾਂ ਨਾ ਵਾਰੀਆਂ ਹੁੰਦੀਆਂ। ਮਾਂ-ਬੋਲੀ ਸਭ ਨੂੰ ਪਿਆਰੀ ਹੁੰਦੀ ਹੈ ਪਰ ਇਹ ਜਾਨਾਂ ਵਾਰਨ ਤੱਕ ਪਿਆਰੀ ਹੋਵੇ ਇਹ ਗੱਲ ਸਾਰੀਆਂ ਭਾਸ਼ਾਵਾਂ ਦੇ ਪਿਆਰਿਆਂ ‘ਤੇ ਨਹੀਂ ਢੁੱਕਦੀ।

ਕੁਝ ਅਰਸਾ ਪਹਿਲਾਂ ਪ੍ਰੈੱਸ ਕਲੱਬ ਚੰਡੀਗੜ੍ਹ ਵਿਚ ਇਕ ਭਰਵਾਂ ਸਮਾਗਮ ਸੀ ਜੋ ਪੰਜਾਬੀ ਯੂਨੀਵਰਸਿਟੀ ਸਥਿਤ ਵਿਸ਼ਵ ਪੰਜਾਬੀ ਕੇਂਦਰ ਵੱਲੋਂ ਕਰਵਾਇਆ ਗਿਆ। ਸਰਕਾਰੀ ਅਧਿਕਾਰੀ ਮਨੋਜ ਕੁਮਾਰ ਦੇ ਹਿੰਦੀ ਨਾਵਲ ‘ਬੰਧਨ’ ਦੇ ਪੰਜਾਬੀ ਵਿਚ ਹੋਏ ਅਨੁਵਾਦ ਦੀ ਪੁਸਤਕ ਦਾ ਰਿਲੀਜ਼ ਸਮਾਗਮ ਹੋ ਰਿਹਾ ਸੀ ਜਿਸ ਵਿਚ ਪੰਜਾਬੀ ਦੇ ਤਿੰਨ ਬੁਲਾਰੇ ਬੋਲੇ। ਪਹਿਲਾਂ ਬੋਲੇ ਡਾ. ਰਘਬੀਰ ਸਿੰਘ ਸਿਰਜਣਾ ਨੇ ਆਖਿਆ ਕਿ ਉਸ ਨੇ ‘ਬੰਧਨ’ ਵਰਗੇ ਨਾਵਲ ਨੂੰ ਪੜ੍ਹ ਕੇ ਪੰਜਾਬੀ ਨਾਵਲ ‘ਤੇ ਨਜ਼ਰ ਦੌੜਾਈ ਤਾਂ ਕੋਈ ਮਨੋਵਿਗਿਆਨਕ ਨਾਵਲ ਨਹੀਂ ਦਿਸਿਆ। ਦੂਜਾ ਬੁਲਾਰਾ ਡਾ. ਸੁਤਿੰਦਰ ਸਿੰਘ ਨੂਰ ਸੀ ਜਿਸ ਨੇ ਵੀ ਬੜੇ ਦਾਅਵੇ ਨਾਲ ਕਿਹਾ ਕਿ ਉਸ ਦੇ ਪੜ੍ਹਨ ਵਿਚ ਵੀ ਕੋਈ ਪੰਜਾਬੀ ਨਾਵਲ ਨਹੀਂ ਆਇਆ ਜੋ ‘ਬੰਧਨ’ ਵਰਗਾ ਵਿਗਿਆਨਕ ਨਾਵਲ ਹੋਵੇ। ਉਹ ਦੋਵੇਂ ਕਾਫੀ ਦੇਰ ਬੋਲਦੇ ਰਹੇ ਅਤੇ ਨਾਵਲ ਦੀਆਂ ਸਿਫਤਾਂ ਦੇ ਪੁਲ਼ ਬੰਨ੍ਹਦੇ ਰਹੇ। ਤੀਜਾ ਬੁਲਾਰਾ ਨੌਜਵਾਨ ਡਾ. ਸਰਬਜੀਤ ਸਿੰਘ ਸੀ ਜਿਸ ਨੇ ਵੀ ਪਹਿਲੇ ਦੋਹਾਂ ਦੀ ਛੇੜੀ ਗੱਲ ਦੀ ਪ੍ਰੋੜਤਾ ਕੀਤੀ ਅਤੇ ਕਹਿ ਦਿੱਤਾ ਕਿ ਪੰਜਾਬੀ ਵਿਚ ਮਨੋਵਿਗਿਆਨਕ ਨਾਵਲ ਹੈ ਹੀ ਨਹੀਂ। ਸਰੋਤੇ ਹੈਰਾਨ ਸਨ ਕਿ ਇਹ ਬੁਲਾਰੇ ਕੀ ਕਹੀ ਜਾ ਰਹੇ ਹਨ, ਕਿਉਂ ਕਹੀ ਜਾ ਰਹੇ ਹਨ ਅਤੇ ਕਿਵੇਂ ਕਹੀ ਜਾ ਰਹੇ ਹਨ? ਕੀ ਇਹ ਪੰਜਾਬੀ ਵਿਚ ਲਿਖੇ ਨਾਵਲਾਂ ਬਾਰੇ ਸੱਚ ਬੋਲ ਰਹੇ ਹਨ ਜਾ ਕੇਵਲ ‘ਬੰਧਨ’ ਦਾ ਗੁੱਡਾ ਬੰਨ੍ਹਣ ਲਈ।

ਨਾਵਲ ਬਾਰੇ ਪੰਜਾਬੀ ਯੂਨੀਵਰਸਿਟੀ ਦਾ ਉਪ ਕੁਲਪਤੀ ਡਾ. ਜਸਪਾਲ ਸਿੰਘ ਵੀ ਬੋਲਿਆ ਪਰ ਉਸ ਨੇ ਅਜਿਹਾ ਕੋਈ ਦਾਅਵਾ ਨਹੀਂ ਕੀਤਾ ਕਿ ਪੰਜਾਬੀ ਵਿਚ ਅਜਿਹਾ ਕੋਈ ਨਾਵਲ ਨਹੀਂ। ਉਸ ਨੇ ਨਾਵਲ ਵਿਚਲੇ ਚੰਗੇ ਭਾਗਾਂ ਦੇ ਹਵਾਲੇ ਦੇਣ ਲਈ ਕਈ ਵਾਕ ਪੜ੍ਹ ਕੇ ਸੁਣਾਏ ਅਤੇ ਸਲਾਹੇ ਵੀ। ਉਸ ਨੇ ਪਟਿਆਲੇ ਵਿਚ ‘ਬੀਰ ਜੀ’ ਦੇ ਕੀਤੇ ਕੰਮ ਦੇ ਹਵਾਲੇ ਵੀ ਦਿੱਤੇ।

ਬੁਲਾਰਿਆਂ ਦੇ ਬਿਆਨਾਂ ‘ਤੇ ਕੋਈ ਬਹਿਸ ਨਾ ਕਰਵਾਈ ਗਈ। ਅਸੀਂ ਸੱਚ ਦੀ ਬਹਿਸ ਤੋਂ ਬਹੁਤ ਡਰਦੇ ਹਾਂ ਪਰ ਝੂਠ ਨੂੰ ਮਾਨਤਾ ਦੁਆਉਣ ‘ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੁੰਦਾ। ਸੋਚਣਾ ਪੈ ਗਿਆ ਕਿ ਕੀ ਪੰਜਾਬੀ ਵਿਚ ਕੋਈ ਮਨੋਵਿਗਿਆਨਕ ਨਾਵਲ ਨਹੀਂ। ਸਮਾਗਮ ਤੋਂ ਬਾਅਦ ਘੁਸਰ-ਮੁਸਰ ਹੁੰਦੀ ਰਹੀ ਪਰ ਬੁਲਾਰਿਆਂ ਦੀ ਗੱਲ ਬਾਰੇ ਜੁਅਰਤ ਕਰਕੇ ਕਿਸੇ ਨੇ ਵੀ ਬਹੁਤਾ ਕਿੰਤੂ-ਪ੍ਰੰਤੂ ਨਾ ਕੀਤਾ।

ਦੇਰ ਪਹਿਲਾਂ ਨਾਨਕ ਸਿੰਘ ਦਾ ਨਾਵਲ ‘ਨਾਸੂਰ’ ਪੜ੍ਹਿਆ ਸੀ ਜਿਸ ਦਾ ਮੰਗਤੂ ਚੇਤੇ ਆਇਆ। ਮਨੋਵਿਗਿਆਨਕ ਮਸਲਾ ਅਤੇ ਉਸ ਦਾ ਮਨੋਵਿਗਿਆਨਕ ਨਿਭਾਅ। ਡਾ. ਗੁਰਪਾਲ ਸੰਧੂ ਅਨੁਸਾਰ ਗੁਰਦੇਵ ਸਿੰਘ ਰੁਪਾਣਾ ਦਾ ਨਾਵਲ ‘ਗੋਰੀ’ ਵੀ ਮਨੋਵਿਗਿਆਨ ਦੇ ਵਿਸ਼ੇ ਦੀਆਂ ਪਰਤਾਂ ਫਰੋਲਦਾ ਹੈ। ਉਲਝਣ ਇਹ ਹੈ ਕਿ ਗੋਰੀ (ਮੇਮ) ਕਾਲੀ ਔਲਾਦ ਕਿਵੇਂ ਜੰਮੇ। ਉਲਝਣ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਦੇਖਿਆ ਜਾ ਸਕਦੈ। ਨਰਿੰਜਨ ਤਸਨੀਮ ਦੇ ਨਾਵਲ ‘ਪ੍ਰਛਾਵੇਂ’ ਅਤੇ ‘ਰੇਤ-ਛਲ’ ਮਨੋਵਿਗਿਆਨਕ ਨਾਵਲ ਹਨ, ਜਿਨ੍ਹਾਂ ਨੇ ਆਪਣੀ ਥਾਂ ਬਣਾਈ ਅਤੇ ਪੂਰੀ ਧਾਂਕ ਜਮਾਈ। ਦੇਵ ਭਾਰਦਵਾਜ ਮੁਤਾਬਕ ਨਰਿੰਦਰਪਾਲ ਸਿੰਘ ਦਾ ‘ਟਾਪੂ’ ਵੀ ਮਨੋਵਿਗਿਆਨਕ ਬਾਰੀਕੀਆਂ ਦਾ ਨਾਵਲ ਹੈ ਜਿਸ ਨੂੰ ਪੜ੍ਹਦਿਆਂ ਤੁਸੀਂ ਮਨੋਵਿਗਿਆਨ ਦੇ ਵਿਸ਼ਲੇਸ਼ਣ ਵਿਚ ਪੈ ਜਾਂਦੇ ਹੋ। ਨਾਟਕ ਦਾ ਮਹਾਂਰਥੀ ਸੰਜੀਵਨ ਸਿੰਘ ਦਾਅਵਾ ਕਰਦਾ ਹੈ ਕਿ ਸੰਤੋਖ ਸਿੰਘ ਧੀਰ ਦਾ ਨਾਵਲ ‘ਨਵਾਂ ਜਨਮ’ ਮਨੋਵਿਗਿਆਨਕ ਨਾਵਲ ਹੈ, ਜਿਸ ਨੂੰ ਪੜ੍ਹਦਿਆਂ/ਵਿਚਾਰਦਿਆਂ ਮਨੋਵਿਗਿਆਨ ਦੇ ਦਰਸ਼ਨ ਵੀ ਹੁੰਦੇ ਹਨ ਅਤੇ ਵਿਸ਼ਲੇਸ਼ਣ ਵੀ ਹੁੰਦਾ ਹੈ।

ਇਹ ਕੁਝ ਲਿਖਣ ਬਾਅਦ ਹੋਰ ਕਹਿਣ ਦੀ ਲੋੜ ਨਹੀਂ ਪਾਠਕ ਆਪ ਦੇਖਣ ਕਿ ਬੁਲਾਰੇ ਠੀਕ ਹਨ ਕਿ ਪੰਜਾਬੀ ਨਾਵਲ। ਇਹ ਵੀ ਠੀਕ ਨਹੀਂ ਕਿ ਭਾਸ਼ਾ/ਮਾਂ-ਬੋਲੀ ਦੀ ਐਵੇਂ ਹੀ ਤਾਰੀਫ ਕਰੀ ਜਾਉ, ਸਾਹਿਤ ਦੀ ਐਵੇਂ ਹੀ ਗੁੱਡੀ ਚੜ੍ਹਾਈ ਜਾਉ ਪਰ ਜੋ ਕੁਝ ਮਾਂ-ਬੋਲੀ ਕੋਲ ਹੈ ਉਸ ਨੂੰ ਭੁੱਲਣ ਦਾ ਕਿਸੇ ਨੂੰ ਕੋਈ ਹੱਕ ਨਹੀਂ, ਉਸ ਨੂੰ ਬਣਦੇ ਸਰਦੇ ਜ਼ਿਕਰ ਵਿਚੋਂ ਮਨਫੀ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ।

ਇਨਾਮ ਲਈ ਮੁਹਿੰਮ

ਰਚਨਾ ਹੋਵੇ ਨਾ ਹੋਵੇ ਇਨਾਮ ਬਿਨਾਂ ਨਹੀਂ ਸਰਦਾ। ਸਰੇ ਵੀ ਕਿਉਂ ਤੇ ਕਿਵੇਂ, ਜਦ ਪਿੱਛੋਂ ਆ ਕੇ ਇਨਾਮ ਲੈ ਗਏ। ਇਸ ਤਰ੍ਹਾਂ ਦੇ ਵਰਤਾਰੇ ਵਿਚ ਤਕਲੀਫ ਨਾ ਹੋਵੇ ਤਾਂ ਕੀ ਹੋਵੇ? ਇਨਾਮਾਂ ਵਿਚ ਕਮੇਟੀ ਦੇ ਮੈਂਬਰਾਂ ਨੇ ਤਾਂ ਦਖਲ ਦੇਣਾ ਹੀ ਦੇਣਾ ਹੈ, ਮੰਤਰੀ ਵੀ ਪੂਰੇ ਦਾ ਪੂਰਾ ਦਖਲ ਦੇਣ ਲੱਗ ਪਏ। ਉਹ ਰਚਨਾ ਨੂੰ ਨਹੀਂ ਆਪਣੇ ਚਹੇਤਿਆਂ ਨੂੰ ਇਨਾਮ ਦਿੰਦੇ ਹਨ, ਦੁਆਉਂਦੇ ਹਨ ਜੋ ਸਰਾਸਰ ਗਲਤ ਹੈ, ਠੀਕ ਨਹੀਂ। ਸਰਕਾਰ ਜਾਗਦੀ ਹੈ ਤਾਂ ਇਹ ਵਰਤਾਰਾ ਕਿਉਂ?ਕਈ ਸਾਲ ਹੋ ਗਏ। ਸਵੇਰੇ ਸਵੇਰੇ ਫੋਨ ਆਇਆ। ਮਨ ਬੜਾ ਸਾਫ ਸੀ ਤੇ ਪਾਕ-ਪਵਿੱਤਰ। ‘ਜੇ ਵੇਹਲ ਹੈ ਤਾਂ ਮੇਰੇ ਨਾਲ ਚੱਲੋ’ ਕਿੱਥੇ? ਕਾਹਦੇ ਲਈ? ‘ਇਨਾਮਾਂ ਬਾਰੇ ਅਗਲੇ ਹਫਤੇ ਸਲਾਹਕਾਰ ਕਮੇਟੀ ਦੀ ਮੀਟਿੰਗ ਹੈ, ਲੁਧਿਆਣੇ, ਜਲੰਧਰ ਹੋ ਆਈਏ, ਮੇਰੇ ਨਾਂ ਦੀ ਚਰਚਾ ਹੈ ਤੇ ਤੁਸੀਂ ਵੀ ਸਿਫਾਰਸ਼ ਕਰ ਦੇਣੀ।’ ਸੁਣ ਕੇ ਹੱਕਾ- ਬੱਕਾ ਰਹਿ ਗਿਆ। ਨਾ ਗੱਲ ਮੰਨਾ ਨਾ ਮੋੜਾਂ। ਦੋਹਾਂ ਜੋਗਾ ਹੀ ਨਹੀਂ। ਸਮਝਾਇਆ ਕਿ ਮੰਗ ਕੇ ਇਨਾਮ ਲੈਣ ਨਾਲ ਇਨਾਮ ਦੀ ਆਭਾ/ਸ਼ਾਨ/ਵੁੱਕਤ ਨਹੀਂ ਰਹਿੰਦੀ। ਇਨਾਮ ਭਾਵੇਂ ਇਕ ਪੈਸੇ ਦਾ ਹੋਵੇ, ਸ਼ਾਨ ਤਾਂ ਬਣਦੀ ਹੈ ਜੇ ਇਹ ਆਪਣੇ ਆਪ ਮਿਲੇ। ‘ਮਿਲਣ ਵਿਚ ਕੀ ਹਰਜ ਹੈ, ਦਰਸ਼ਨ ਦੇਵਾਂਗੇ, ਕਰਾਂਗੇ, ਚਾਹ ਪੀਵਾਂਗੇ ਗੱਲ ਕਰਾਂਗੇ ਅਤੇ ਮੁੜ ਆਵਾਂਗੇ।’ ਗੱਲ ਅੱਗੇ ਵਧੀ ਜਾ ਰਹੀ ਸੀ ਪਰ ਮੈ’ ਮੰਨਾ ਨਾ ਮੋੜਾਂ’ ਵਿਚ ਫਸਿਆ ਇਹ ਸੋਚ ਰਿਹਾ ਸਾਂ ਕਿ ਜੇ ਜਾਣਾ ਪੈ ਗਿਆ ਤਾਂ ਸਾਡੀ ਰਹੂ ਕੀ, ਅਤੇ ਉਨ੍ਹਾਂ ਦੇ ਮੁੱਖੜੇ ਕਿਹੋ ਜਿਹੇ ਹੋ ਜਾਣਗੇ ਜਿਨ੍ਹਾ ਕੋਲ ਜਾ ਕੇ ਅਜਿਹੀ ਗੱਲ ਕਰਾਂਗੇ। ਮਨ ਇਹ ਬਣਾ ਲਿਆ ਕਿ ਇਸ ਕੰਮ ਲਈ ਕਿਸੇ ਕੀਮਤ ‘ਤੇ ਨਹੀਂ ਜਾਣਾ।

ਇਸੇ ਸਬੰਧ ਵਿਚ ਕਈ ਸਾਲਾਂ ਤੋਂ ਸਲਾਹਕਾਰ ਕਮੇਟੀ ਦੇ ਇਕ ਮੈਂਬਰ ਦੀ ਸੁਣਾਈ ਵਾਰਤਾ ਯਾਦ ਆ ਗਈ। ਉਹ ਆਖੇ ਕਿ ਇਕ ਚਿੱਠੀ ਆਈ ਜਿਸ ‘ਤੇ ਲਿਖਿਆ ਸੀ ਕਿ ”ਫਲਾਂ ਪਰਚੇ ‘ਚ ਮੇਰੀਆਂ ਦੋ ਕਹਾਣੀਆਂ ਸੱਠਵਿਆਂ ਵਿਚ ਛਪੀਆਂ ਸਨ ਅਤੇ ਉਨ੍ਹਾ ਦੋਹਾਂ ਨੂੰ ਵੀਹ ਅਤੇ ਤੀਹ ਰੁਪਏ ਇਨਾਮ ਵੀ ਮਿਲੇ ਸਨ। ਹੁਣ ਇਹ ਤੁਹਾਡੀ ਸਲਾਹਕਾਰ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਤੁਸੀਂ ਦੇਖ ਲੈਣਾ ਕਿ ਮੇਰਾ ਨਾ ਪੈ ਜਾਵੇ ਇਨਾਮ ਲਈ। ਵੀਹ ਅਤੇ ਤੀਹ ਰੁਪਏ ਦੇ ਇਨਾਮਾਂ ਦਾ ਜ਼ਰੂਰ ਖਿਆਲ ਰੱਖ ਲੈਣਾ।” ਕਮੇਟੀ ਮੈਂਬਰ ਨੇ ਦੱਸਿਆ ਕਿ ਉਸ ਨੂੰ ਮੀਟਿੰਗ ਦਾ ਪਤਾ ਸਿਰਫ ਇਸ ਪੱਤਰ ਤੋਂ ਹੀ ਲੱਗਾ ਕਿਉਂਕਿ ਅਜੇ ਸਰਕਾਰੀ ਚਿੱਠੀ ਨਹੀਂ ਸੀ ਆਈ।

ਇਕ ਹੋਰ ਮੈਂਬਰ ਨੇ ਵੀ ਰੌਚਿਕ ਕਥਾ ਸੁਣਾਈ। ਦੇਖੋ ਇਹ ਮੀਟਿੰਗਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ ਅਤੇ ਹੁੰਦੀਆਂ ਹੀ ਰਹਿਣਗੀਆਂ। ਮੇਰਾ ਹਰ ਵਾਰ ਨਾਂ ਆਉਂਦਾ ਹੈ ਪਰ ਗੱਲ ਸਿਰੇ ਨਹੀਂ ਚੜ੍ਹਦੀ। ਤੁਸੀਂ ਮੇਰੀਆਂ ਰਚਨਾਵਾਂ ਨੂੰ ਛੱਡੋ, ਮੇਰੀ ਉਮਰ ਦਾ ਖਿਆਲ ਕਰੋ। ਮੈ ਪੰਜਾਹਵਿਆਂ ਤੋਂ ਲਿਖ ਰਿਹਾਂ। ਦੋ ਵਾਰ ਦਿਲ ਦਾ ਦੌਰਾ ਪੈ ਚੁੱਕਾ ਪਰ ਬਚ ਗਿਆ। ਜੇ ਇਸ ਵਾਰ ਇਨਾਮ ਮਿਲ ਜਾਏ ਤਾਂ ਸਿਹਤ ਨੌਂ-ਬਰ-ਨੌਂ ਹੋ ਸਕਦੀ ਹੈ ਜਿਸ ਲਈ ਤੁਹਾਡੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।” ਲਿਖਣ ਵਾਲਾ ਇਨਾਮ ਦਾ ਅਭਿਲਾਸ਼ੀ ਸੀ, ਕੋਈ ਦੂਸਰਾ ਨਹੀਂ।

ਇਸ ਤਰ੍ਹਾਂ ਦੇ ਇਨਾਮ ਲੈ ਕੇ ਅਸੀਂ ਕੀ ਕਰਾਂਗੇ। ਕੀ ਅੱਸੀ ਸਾਲ ਤੋਂ ਬਾਅਦ ਰੱਬ ਨੂੰ ਜਾ ਕੇ ਦੱਸਾਂਗੇ ਕਿ ਇਹ ਇਨਾਮ ਵੀ ਲਿਆ ਸੀ ਅਤੇ ਇਹ ਵੀ। ਕੀ ਇਹ ਭਾਸ਼ਾ ਅਤੇ ਆਪਣੇ ਸਾਹਿਤ ਨਾਲ ਅਨਿਆ ਨਹੀਂ ਕਿ ਸਾਹਿਤ ਦੀ ਥਾਂ, ਉੱਚੀ ਰਚਨਾ ਦੀ ਜਗ੍ਹਾ ਅਸੀਂ ਉਮਰ ਲਈ ਇਨਾਮ ਮੰਗੀਏ, ਰਚਨਾਕਾਰ ਦੀ ਥਾਂ ਭਿਖਾਰੀ ਬਣੀਏ। ਸਾਰੇ ਲੇਖਕ ਇਸ ਲਈ ਸਹਿਮਤ ਹੋਣਗੇ, ਜੇ ਨਹੀਂ ਵੀ ਤਾਂ ਵੀ ਹੋਣ ਕਿ ਸਾਹਿਤ ਦੇ ਖੇਤਰ ਵਿਚ ਨਾ ਕਿਸੇ ਦੀ ਸਿਫਾਰਸ਼ ਕਰੀਏ, ਨਾ ਮੰਨੀਏ ਸਗੋਂ ਸਾਹਿਤ ਦੀ ਉੱਚਤਾ ਦਾ ਧਿਆਨ ਧਰਦਿਆਂ ਹੀ ਰਚਨਾ ਨੂੰ ਇਨਾਮ ਦੇਈਏ, ਗਲਤ ਰਚਨਾ ਨੂੰ ਮਿਲੇ ਇਨਾਮ ਦੀ ਓਨੀ ਹੀ ਖੁਨਾਮੀ/ਬਦਨਾਮੀ/ਤੌਹੀਨ ਕਰੀਏ ਜਿੰਨੀ ਉਸ ਦੀ ਹੋਣੀ ਚਾਹੀਦੀ ਹੈ ਤਾਕਿ ਹਰ ਕੋਈ ਸਿਫਾਰਸ਼ ਨਾਲ ਇਨਾਮ ਹਾਸਲ ਕਰਨ ਤੋਂ ਡਰਨ ਲੱਗ ਪਵੇ।

ਸਨਮਾਨ ਕਿ ਅਪਮਾਨ

ਲੰਘੇ ਸਾਲ ਅਪਰੈਲ ਦਾ ਮਹੀਨਾ ਸੀ ਜਦ ਹਰਿਆਣਾ ਨਿਵਾਸ ਵਿਚ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਨੇ ਲੇਖਕਾਂ ਦਾ ਸਨਮਾਨ ਕਰਨ ਲਈ ਸਮਾਗਮ ਰਚਾਇਆ। ਹਰਿਆਣੇ ਦਾ ਮੁੱਖ ਮੰਤਰੀ ਵੀ ਆਇਆ ਅਤੇ ਹੋਰ ਮੰਤਰੀ ਅਧਿਕਾਰੀ ਵੀ। ਸਮੇਂ ਸਿਰ ਸ਼ੁਰੂ ਨਾ ਹੋਇਆ ਸਮਾਗਮ। ਅੱਕੇ ਬੈਠੇ ਸਰੋਤੇ ਉਡੀਕ ਕਰਦੇ ਰਹੇ ਕਿ ਸਮਾਗਮ ਕਦ ਸ਼ੁਰੂ ਹੋਵੇ। ਸ਼ੁਰੂ ਹੋਇਆ ਤਾਂ ਸਟੇਜ ਸਕੱਤਰ ਜੰਮ ਕੇ ਤਕਰੀਰ ਕਰਨ ਲੱਗ ਪਿਆ। ਉਹ ਮੰਚ ਉਤੇ ਬੈਠੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਕਾਂਗਰਸ ਪ੍ਰਧਾਨ ਅਤੇ ਹੋਰਨਾਂ ਦੀ ਜਾਣ-ਪਛਾਣ ਬਾਅਦ ਮੁੱਖ ਮੰਤਰੀ ਦਾ ਗੁੱਡਾ ਬੰਨ੍ਹਣ ਲੱਗ ਪਿਆ। ਸਰੋਤਿਆਂ ਨੂੰ ਸਹਿਣਾ ਹੀ ਔਖਾ ਹੋ ਗਿਆ। ਉਸ ਨੇ ਆਖਰ ਗੱਲ ਮੁਕਾਈ ਕਿ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਸਾਨੂੰ ਜੀਊਣ ਜੋਗੇ ਕਰ ਦਿੱਤਾ। ਤਾੜੀਆਂ ਵੱਜੀਆਂ ਕਿ ਉਹ ਬੋਲਣੋ ਹਟ ਜਾਵੇਗਾ ਪਰ ਨਹੀਂ ਉਸ ਨੇ ਤਾੜੀਆਂ ਦਾ ਅਰਥ ਹੀ ਗਲਤ ਸਮਝਿਆ ਫੇਰ ਹੋਰ ਵੀ ਜ਼ੋਰ ਨਾਲ ਬੋਲਣਾ ਜਾਰੀ ਰੱਖਿਆ। ਅਕਾਦਮੀ ਦੀਆਂ ਪ੍ਰਾਪਤੀਆਂ ਛੱਡ ਕੇ ਆਪਣੇ ਬਾਰੇ ਵੱਧ ਗੱਲਾਂ ਕੀਤੀਆਂ।

ਜਿਸ ਮਕਸਦ ਲਈ ਸਮਾਗਮ ਹੋ ਰਿਹਾ ਸੀ, ਲੇਖਕਾਂ ਨੂੰ ਇਨਾਮ/ਸਨਮਾਨ ਲੈਣ ਲਈ ਬੁਲਾਏ ਜਾਣ ਦੀ ਵਾਰੀ ਆ ਗਈ। ਸਭ ਤੋਂ ਪਹਿਲਾਂ ਪ੍ਰਿੰਸੀਪਲਜੋਗਿੰਦਰ ਸਿੰਘ ਨੂੰ ਬੁਲਾਇਆ ਗਿਆ। ਇਨਾਮ ਹਾਸਲ ਕਰਨ ਬਾਅਦ ਉਸ ਨੇ ਗਰਮਜੋਸ਼ੀ ਨਾਲ ਤਕਰੀਰ ਕੀਤੀ। ਕੰਮ ਦੀਆਂ ਗੱਲਾਂ ਸਨ ਕੰਮ ਦੇ ਨੁਕਤੇ। ਇਹ ਵੀ ਬੜੀ ਉਮੀਦ ਨਾਲ ਆਖ ਦਿੱਤਾ ਕਿ ਉਹ ਅਗਲਾ ਇਨਾਮ ਹਾਸਲ ਕਰਨ ਵਾਸਤੇ ਵੀ ਆਵੇਗਾ। ਉਸ ਨੂੰ ਹਰਿਆਣਾ ਪੰਜਾਬੀ ਗੌਰਵ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਜੋ 2009 ਲਈ ਦਿੱਤਾ ਗਿਆ। ਇਸ ਤੋਂ ਬਾਅਦ ਅਗਲੇ ਸਾਲ ਲਈ ਸੁਖਚੈਨ ਸਿੰਘ ਭੰਡਾਰੀ ਨੂੰ ਹਰਿਆਣਾ ਪੰਜਾਬੀ ਗੌਰਵ ਪੁਰਸਕਾਰ ਲਈ ਸੱਦਿਆ ਗਿਆ ਤਾਂ ਇਹ ਕਿਹਾ ਗਿਆ ਕਿ ਉਹ ਵੀ ਆਪਣਾ ਸਨਮਾਨ ਆ ਕੇ ਲੈ ਜਾਣ। ਬਾਕੀ ਹੋਰ ਜਿੰਨੇ ਵੀ ਇਨਾਮ ਦਿੱਤੇ ਗਏ ਉਨ੍ਹਾਂ ਨੂੰ ਵੀ ‘ਆ ਕੇ ਲੈ ਜਾਣ’ ਲਈ ਕਿਹਾ ਗਿਆ।

ਇਨਾਮਾਂ, ਸਨਮਾਨਾਂ ਵੇਲੇ ਜਿੰਨਾ ਬਣਦਾ ਸਤਿਕਾਰ ਲੇਖਕਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ, ਉਹ ਨਾ ਰੱਖਿਆ ਜਾਵੇ ਤਾਂ ਗੱਲ ਨਹੀਂ ਬਣਦੀ। ਇਹੋ ਜਿਹੇ ਮੌਕਿਆਂ ‘ਤੇ ਆਪਣੀ ਹੀ ਹਉਮੈ ਨੂੰ ਪੱਠੇ ਪਾਉਣੇ ਕਿਸੇ ਤਰ੍ਹਾਂ ਵੀ ਠੀਕ ਨਹੀਂ। ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਲੇਖਕਾਂ ਲਈ ਜੁੜੇ ਇਕੱਠ ਵਿਚ ਉਨ੍ਹਾਂ ਦਾ ਸਨਮਾਨ ਨਹੀਂ ਅਪਮਾਨ ਕਰਨ ਦਾ ਭਾਗੀ ਬਣਦਾ ਹੈ ਜਿਸ ਨੂੰ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

ਚੰਗਾ ਹੋਵੇ ਜੇ ਇਹੋ ਜਿਹੇ ਮੌਕਿਆ’ਤੇ ਲੇਖਕਾਂ ਨੂੰ ਸਿਰਮੌਰ ਮੰਨਿਆ ਜਾਵੇ, ਉਨ੍ਹਾਂ ਦਾ ਉਹ ਸਨਮਾਨ ਕੀਤਾ ਜਾਵੇ ਜਿਹੜਾ ਸਰੋਤਿਆਨੂੰ ਹੈਰਾਨ ਕਰ ਦੇਵੇ ਅਤੇ ਸਮਾਜ ਵਿਚ ਲੇਖਕਾਂ ਦਾ ਕੱਦ ਉੱਚੇ ਤੋਂ ਉੱਚਾ ਹੋ ਜਾਵੇ।

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2 ਫਰਵਰੀ 2011)
(ਦੂਜੀ ਵਾਰ 30 ਨਵੰਬਰ 2021)

***
524
***

About the author

ਸ਼ਾਮ ਸਿੰਘ
ਸ਼ਾਮ ਸਿੰਘ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸ਼ਾਮ ਸਿੰਘ (ਅੰਗ-ਸੰਗ)

ਸ਼ਾਮ ਸਿੰਘ

ਸ਼ਾਮ ਸਿੰਘ (ਅੰਗ-ਸੰਗ)

View all posts by ਸ਼ਾਮ ਸਿੰਘ →