9 October 2024

ਕੈਨੇਡੀਅਨ ਪੰਜਾਬੀ ਗਲਪ ਦੀ ਗੁਣਵਾਨ ਗਲਪਕਾਰ ਅਨਮੋਲ ਕੌਰ—ਹਰਮੀਤ ਸਿੰਘ ਅਟਵਾਲ

 

ਗੁਣ ਤੇ ਗਿਣਤੀ ਦੋਵੇਂ ਨਾਲ-ਨਾਲ ਚੱਲਦੇ ਹਨ। ਪਰ ਗੁਣ ਅਕਸਰ ਗਿਣਤੀ ਨਾਲੋਂ ਘੱਟ ਹੁੰਦਾ ਹੈ। ਗੁਣ ਸਦਕਾ ਹੀ ਗੁਣਵੱਤਾ ਜਾਂ ਗੁਣਾਤਮਿਕਤਾ ਹੋਂਦ ਵਿਚ ਆਉਂਦੀ ਹੈ। ਜਿਸ ਅੰਦਰ ਕੋਈ ਗੁਣ ਹੁੰਦਾ ਹੈ, ਉਸੇ ਨੂੰ ਹੀ ਗੁਣਵਾਨ ਕਿਹਾ ਜਾਂਦਾ ਹੈ। ਕਾਰਜ ਖੇਤਰ ਭਾਵੇਂ ਕੋਈ ਵੀ ਹੋਵੇ ਗੁਣੀ ਬੰਦਾ ਧਿਆਨ ਖਿੱਚ ਹੀ ਲੈਂਦਾ ਹੈ। ਜੇਕਰ ਉਹ ਗਲਪਕਾਰ/ਸਾਹਿਤਕਾਰ ਹੋਵੇ ਤਾਂ ਉਸ ਦੀਆਂ ਗਲਪੀ ਰਚਨਾਵਾਂ ਪਾਠਕਾਂ ਦੀ ਪ੍ਰਵਾਨਗੀ ਸਹਿਜੇ ਹੀ ਪ੍ਰਾਪਤ ਕਰ ਲੈਂਦੀਆਂ ਹਨ ਤੇ ਸਬੰਧਿਤ ਗਲਪਕਾਰ ਦੀ ਪ੍ਰਸਿੱਧੀ ਦਾ ਸਬੱਬ ਵੀ ਬਣਦੀਆਂ ਹਨ। ਅਜਿਹੀ ਹੀ ਪ੍ਰਸਿੱਧੀ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰਿਚਮੰਡ ਵਿਚ ਵਸਦੀ ਗੁਣਵਾਨ ਗਲਪਕਾਰ ਅਨਮੋਲ ਕੌਰ ਨੂੰ ਵੀ ਪ੍ਰਾਪਤ ਹੋਈ ਹੈ ਜਿਸਦੀਆਂ ਗਲਪੀ ਕਿਰਤਾਂ ਬਾਰੇ ਗਰੰਟੀ ਨਾਲ ਕਿਹਾ ਜਾ ਸਕਦਾ ਹੈ ਕਿ ਇਕ ਵਾਰ ਪੜ੍ਹਨਾ ਸ਼ੁਰੂ ਕਰ ਦੇਵੋ, ਫਿਰ ਨਿਰੰਤਰਤਾ ਅੱਗੇ ਆਪੇ ਹੀ ਬਣਦੀ ਜਾਂਦੀ ਹੈ ਕਿਉਂਕਿ ਅਨਮੋਲ ਕੌਰ ਦੀ ਨਾਵਲੀ ਸ਼ੈਲੀ ਬੜੀ ਦਿਲਚਸਪ ਹੈ ਤੇ ਵਾਰਤਾਲਾਪ ਅੰਦਾਜ਼ ਵਿਚ, ਕਿਸੇ ਦਕਦਕੇ ਤੋਂ ਮੁਕਤ ਵੱਡੀਆਂ-ਵੱਡੀਆਂ ਗੱਲਾਂ ਛੋਟੇ-ਛੋਟੇ ਵਾਕਾਂ ਵਿਚ ਪਾਠਕਾਂ ‘ਤੇ ਪ੍ਰਭਾਵ ਛੱਡਦੀਆਂ ਹੋਈਆਂ ਨਾਵਲੀ ਨਕਾਵਤ ਤੇ ਹਲਾਵਤ ਨੂੰ ਵੀ ਕਾਇਮ ਰੱਖਦੀਆਂ ਹਨ।

ਹਰਮੀਤ ਸਿੰਘ ਅਟਵਾਲ
+91 98155-05287

ਏਥੇ ਜ਼ਿਕਰਯੋਗ ਹੈ ਕਿ ਡਾ. ਰਤਨ ਸਿੰਘ ਜੱਗੀ ਮੁਤਾਬਕ ਗਲਪ ਦੇ ਅੰਤਰਗਤ ਪ੍ਰਮੁੱਖ ਤੌਰ ‘ਤੇ ਨਾਵਲ, ਨਾਵਲਿਟ, ਕਹਾਣੀ, ਮਿੰਨੀ ਕਹਾਣੀ ਆਦਿ ਨੂੰ ਸ਼ਾਮਲ ਕੀਤਾ ਜਾਂਦਾ ਹੈ। ਨਾਵਲਾਂ ਦੇ ਨਾਲ-ਨਾਲ ਅਨਮੋਲ ਕੌਰ ਨੇ ਕਹਾਣੀਆਂ, ਕਵਿਤਾਵਾਂ ਤੇ ਨਾਟਕ ਵੀ ਲਿਖੇ ਹਨ। ਪਰ ਉਸ ਦੀ ਸਾਹਿਤ ਜਗਤ ਅੰਦਰ ਸਥਾਪਤੀ ਇਕ ਸਮਰੱਥ ਨਾਵਲਕਾਰ ਜਾਂ ਕਹਿ ਲਓ ਗੁਣਵਾਨ ਗਲਪਕਾਰ ਵੱਜੋਂ ਹੀ ਹੋਈ ਹੈ।

ਅਨਮੋਲ ਕੌਰ ਦਾ ਜਨਮ ਪਿਤਾ ਸੁਰਿੰਦਰ ਸਿੰਘ ਸ਼ਾਹੀ ਤੇ ਮਾਤਾ ਕੁੰਦਨ ਕੌਰ ਸ਼ਾਹੀ ਦੇ ਘਰ ਨਾਨਕਿਆਂ ਦੇ ਕਪੂਰਥਲਾ ਵਿਖੇ ਹੋਇਆ। ਅਨਮੋਲ ਕੌਰ ਦੀ ਵਿੱਦਿਅਕ ਯੋਗਤਾ ਐੱਮ.ਏ. ਪੰਜਾਬੀ ਹੈ। ਪਿਛਲੇ ਕਈ ਸਾਲਾਂ ਤੋਂ ਉਸ ਦਾ ਵਾਸਾ ਕੈਨੇਡਾ ਵਿਚ ਹੈ। ‘ਕੌੜਾ ਸੱਚ’, ‘ਦੁੱਖ ਪੰਜਾਬ ਦੇ‘ ਅਤੇ ‘ਜ਼ਮੀਰ‘ ਉਸ ਦੇ ਕਹਾਣੀ ਸੰਗ੍ਰਹਿ ਹਨ। ‘ਰਿਸ਼ਤੇ’ ਨਾਂ ਦਾ ਉਸ ਦਾ ਨਾਟਕ 2008-2009 ਵਿਚ ਪੰਜਾਬ ਦੀਆਂ ਲਗਪਗ ਸਾਰੀਆਂ ਯੂਨੀਵਰਸਿਟੀਆਂ ਵਿਚ ਖੇਡਿਆ ਗਿਆ। ਉਸ ਦੀ ਇਕ ਕਹਾਣੀ ‘ਉਸੇ ਪੈਂਡੇ’ ਉੱਪਰ ਇਕ ਲਘੂ ਫਿਲਮ ਵੀ ਬਣੀ ਹੈ। ਅਨਮੋਲ ਕੌਰ ਦੀਆਂ ਉਪਰੋਕਤ ਪੁਸਤਕਾਂ ਤੋਂ ਇਲਾਵਾ ਹੁਣ ਤਕ ਤਿੰਨ ਨਾਵਲ ਵੀ ਆਏ ਹਨ ਜਿਨ੍ਹਾਂ ਨੇ ਅਨਮੋਲ ਕੌਰ ਨੂੰ ਇਕ ਪਰਪੱਕ ਕਲਮਕਾਰ ਵਾਲੀ ਪੱਕੀ ਪਛਾਣ ਦਿੱਤੀ ਹੈ। ਇਹ ਨਾਵਲ ਹਨ: ‘ਹੱਕ ਲਈ ਲੜਿਆ ਸੱਚ’, ‘ਕੁੜੀ ਕੈਨੇਡਾ ਦੀ’ ਤੇ ‘ਇਬਾਦਤ‘।

ਅਨਮੋਲ ਕੌਰ ਦੇ ਇਨ੍ਹਾਂ ਨਾਵਲਾਂ ਦੀ ਅੰਤਰਝਾਤ ਤੋਂ ਪਹਿਲਾਂ ਡਾ. ਧਨਵੰਤ ਕੌਰ ਦੀ ਨਾਵਲ ਬਾਰੇ ਇਸ ਧਾਰਨਾ ਦਾ ਜ਼ਿਕਰ ਏਥੇ ਕਰਨਾ ਸਹੀ ਲੱਗਦਾ ਹੈ ਕਿ ਨਾਵਲ ਹੀ ਇਕ ਅਜਿਹੀ ਸ਼ਕਤੀਸ਼ਾਲੀ ਵਿਧਾ ਹੈ ਜਿਹੜੀ ਆਪਣੇ ਬਿਰਤਾਂਤਕ ਵੇਰਵਿਆਂ ਵਿਚ ਸਮਾਜਿਕ ਸ਼ਕਤੀ ਅਤੇ ਦਾਰਸ਼ਨਿਕ ਤਾਸੀਰ ਦਾ ਦਮ ਭਰਦੀ ਹੈ ਅਤੇ ਆਧੁਨਿਕ ਪੰਜਾਬੀ ਸਮਾਜ ਦੀਆਂ ਆਰਥਿਕ, ਬੌਧਿਕ ਸਮੀਕਰਣਾਂ ਅਤੇ ਸੱਭਿਆਚਾਰਕ ਰੂਪਾਂਤਰਨਾ ਦਾ ਗਾਡੀਰਾਹ ਪੰਜਾਬੀ ਨਾਵਲ ਵਿਚ ਉਤਾਰੇ ਗਏ ਯਥਾਰਥ ਵਿਚ ਪਿਆ ਹੈ।

ਇਸ ਦੇ ਨਾਲ-ਨਾਲ ਜੇ ਕੋਈ ਨਾਵਲਕਾਰ ਵਿਧੀ ਅਤੇ ਵਸਤੂ ਦਾ ਸੁੰਦਰ ਸੰਯੋਗ ਕਰਨ ਦੀ ਸਮਰੱਥਾ ਰੱਖਦਾ ਹੋਵੇ ਤਾਂ ਗਲਪੀ ਕਿਰਤ ਦਾ ਸੌਂਦਰਯ ਭਰਪੂਰ ਹੋ ਜਾਣਾ ਸੁਭਾਵਕ ਹੁੰਦਾ ਹੈ। ਅਨਮੋਲ ਕੌਰ ਦੀਆਂ ਗਲਪੀ ਕਿਰਤਾਂ ਵੱਲ ਸੰਖਿਪਤ ਨਜ਼ਰ ਮਾਰੀਏ ਤਾਂ ਇਹ ਗੁਣ ਉਸ ਦੀ ਸਿਰਜਣਾ ‘ਚ ਮੌਜੂਦ ਹਨ। ਵਿਸ਼ਾ ਵਸਤੂ ਪੱਖੋਂ ਉਸ ਦੇ ਤਿੰਨ ਨਾਵਲ ਮਾਨਵੀ ਸਰੋਕਾਰਾਂ ਨਾਲ ਸਿੱਧੇ ਜੁੜਦੇ ਹਨ।

‘ਕੁੜੀ ਕੈਨੇਡਾ ਦੀ’ ਨਾਵਲ ਨੂੰ ਪੜ੍ਹੋ ਤਾਂ ਪਤਾ ਲੱਗਦਾ ਹੈ ਕਿ ਕਿਵੇਂ ਅਸੀਂ ਕੈਨੇਡਾ ਭਾਵ ਵਿਦੇਸ਼ਾ ਵਿਚ ਜਾਣ ਲਈ ਤਨੋ-ਮਨੋ ਕਾਹਲੇ ਹਾਂ। ਹਰ ਹੀਲੇ ਜਹਾਜ਼ੇ ਚੜ੍ਹ ਜਾਣ ਲਈ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਰਿਸ਼ਤਿਆਂ ਦਾ ਵੀ ਕਈ ਵਾਰੀ ਮਾਣ-ਤਾਣ ਛਿੱਕੇ ਟੰਗ ਦਿੱਤਾ ਜਾਂਦਾ ਹੈ। ਨਾਵਲ ਦੀ ਨਾਇਕਾ ਹਰਨੀਤ ਤੇ ਨਾਇਕ ਮਨਮੀਤ ਰਾਹੀਂ ਅਜੋਕੀ ਨੌਜਵਾਨ ਪੀੜ੍ਹੀ ਦੀ ਮਨੋਦਸ਼ਾ ਬਾਖੂਬੀ ਚਿਤਰੀ ਗਈ ਹੈ। ਨਾਵਲ ਵਿੱਚੋਂ ਦੋਹਰੇ ਸੱਭਿਆਚਾਰ ਵਿਚ ਪਲ੍ਹੇ ਬੱਚਿਆਂ ਦਾ ਦੁਖਾਂਤ ਵੀ ਉਜਾਗਰ ਹੁੰਦਾ ਹੈ। ਕੈਨੇਡਾ ਵਿਚ ਜੰਮੇ ਬੱਚਿਆਂ ਦੇ ਸੁਭਾਅ ਤੇ ਪੰਜਾਬ ਵਿਚ ਜੰਮੇ ਬੱਚਿਆਂ ਦੇ ਸੁਭਾਅ ਵਿਚਲਾ ਜ਼ਮੀਨ-ਅਸਮਾਨ ਵਾਲਾ ਅੰਤਰ ਵੀ ਬਿਹਤਰ ਸਮਝਿਆ ਜਾ ਸਕਦਾ ਹੈ ਇਸ ਨਾਵਲ ਵਿੱਚੋਂ।

‘ਹੱਕ ਲਈ ਲੜਿਆ ਸੱਚ’ ਅਨਮੋਲ ਕੌਰ ਦਾ ਇਕ ਹੋਰ ਮਹੱਤਵਪੂਰਨ ਨਾਵਲ ਹੈ ਜਿਸ ਦੇ 286 ਪੰਨੇ 74 ਕਾਂਡਾਂ ਵਿਚ ਇਕ ਆਮ ਜੱਟ ਮੁਖਤਿਆਰ ਸਿੰਘ ਤੇ ਉਸ ਦੇ ਪਰਿਵਾਰ ਦੇ ਮਾਧਿਅਮ ਰਾਹੀਂ ਬੜੇ ਟੁੰਬਵੇਂ ਕਥਾਨਕ ਨੂੰ ਸਿਰੇ ਲਾਉਂਦੇ ਹਨ। ਇਹ ਨਾਵਲ ਪੰਜਾਬ ਦੇ ਮਾੜੇ ਦਿਨਾਂ ਵਿਚ ਪੰਜਾਬੀਆਂ ਨਾਲ ਹੋਈਆਂ ਵਧੀਕੀਆਂ ਅਤੇ ਬੇਇਨਸਾਫ਼ੀਆਂ ਦੇ ਅਸਲੀ ਕਾਰਨਾਂ ਨੂੰ ਬਿਰਤਾਂਤਕ ਰੂਪ ‘ਚ ਇਸ ਕਦਰ ਪੇਸ਼ ਕਰਦਾ ਹੈ ਕਿ ਇਕ ਪਰਿਵਾਰ ਦੀ ਕਹਾਣੀ, ਸਾਰੇ ਪੰਜਾਬ ਦੀ ਕਹਾਣੀ ਬਣਕੇ ਸਾਹਮਣੇ ਆਉਂਦੀ ਹੈ ਤੇ ਪੜ੍ਹਦਾ-ਪੜ੍ਹਦਾ ਪਾਠਕ ਚਿੰਤਨ ਵਾਲੀ ਅਵਸਥਾ ਵਿਚ ਪਹੁੰਚ ਜਾਂਦਾ ਹੈ। ਕੁਲ 76 ਕਾਂਡਾਂ ਤੇ 288 ਪੰਨਿਆਂ ਵਿਚ ਸੰਪੂਰਨ ਕੀਤਾ ਗਿਆ ਅਨਮੋਲ ਕੌਰ ਦਾ ਨਾਵਲ ‘ਇਬਾਦਤ’ ਸਾਂਝੀਵਾਲਤਾ ਦੀ ਸਾਰਥਿਕਤਾ ਨੂੰ ਸਾਹਿਤਕ ਰੂਪ ਦਿੰਦਾ ਹੈ। ਇਸ ਬਾਬਤ ਕੋਈ ਦੋ ਰਾਵਾਂ ਨਹੀਂ ਹਨ ਕਿ ਸਾਰੀਆਂ ਕੌਮਾਂ ਵਿਚ ਚੰਗੇ-ਮੰਦੇ ਬੰਦੇ ਹੁੰਦੇ ਹਨ ਪਰ ਜੋ ਮੁੱਲ ਭਾਈਚਾਰਕ ਸਾਂਝ ਦਾ ਹੈ, ਉਹ ਸਚਮੁੱਚ ਅਨਮੋਲ ਹੈ। ਇਹ ਨਾਵਲ ਇਸੇ ਵਿਚਾਰ ਦਾ ਵਾਹਕ ਹੈ। ਅਨਮੋਲ ਕੌਰ ਦੇ ਨਾਵਲਾਂ ਦੀ ਸ਼ੈਲੀ ਬੜੀ ਸਰਲ, ਸਪੱਸ਼ਟ, ਬਿਰਤਾਂਤਕ ਤੇ ਦਿਲਚਸਪ ਹੈ।

– ਸਫ਼ਰ ਦਾ ਰਸਤਾ ਪਿਆਰ ਨਾਲ ਭਿੱਜਿਆ ਹੋਵੇ ਤਾਂ ਜ਼ਿੰਦਗੀ ਜਿਊਣ ਦਾ ਵੀ ਹੋਰ ਵੀ ਆਨੰਦ ਆਉਂਦਾ ਹੈ।

– ਅਸਲੀ ਪਿਆਰ ਦੇ ਅਹਿਸਾਸ ਦਾ ਤਾਂ ਜੁਦਾਈ ਤੋਂ ਬਾਅਦ ਹੀ ਪਤਾ ਲਗਦਾ ਹੈ।

– ਦੁਨੀਆ ਚੰਦ ‘ਤੇ ਪਹੁੰਚ ਗਈ… ਸਾਡੇ ਪਿੰਡ ਦੇ ਲੋਕੀਂ ਅਜੇ ਭੂਤਾਂ-ਚੜੇਲਾਂ ਵਿੱਚੋਂ ਹੀ ਨਹੀਂ ਨਿਕਲੇ। ਨਾਮਵਰ ਨਾਵਲਕਾਰ ਰਾਮ ਸਰੂਪ ਅਣਖੀ ਦਾ ਸਾਡੇ ਪਿੰਡ ਆਮ ਆਉਣ ਜਾਣ ਹੋਇਆ ਕਰਦਾ ਸੀ। ਉਹ ਅਕਸਰ ਕਿਹਾ ਕਰਦੇ ਸਨ ਕਿ ਨਾਵਲ ਦੀ ਕਹਾਣੀ ਨਾਵਲ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਜਿੰਨੀ ਇਹ ਹੱਡੀ ਮਜ਼ਬੂਤ ਹੋਵੇਗੀ, ਓਨਾ ਨਾਵਲ ਵਧੀਆ ਹੋਵੇਗਾ। ਨਿਰਸੰਦੇਹ ਇਸ ਖ਼ਿਆਲ ਦੇ ਮੱਦੇਨਜ਼ਰ ਅਨਮੋਲ ਕੌਰ ਦੇ ਨਾਵਲਾਂ ਦੀ ਰੀੜ੍ਹ ਦੀ ਹੱਡੀ ਬਹੁਤ ਮਜ਼ਬੂਤ ਹੈ। ਇਸ ਲਈ ਵੀ ਅਸਾਂ ਉਸ ਨੂੰ ਗੁਣਵਾਨ ਗਲਪਕਾਰ ਆਖਿਆ ਹੈ।

ਕਿਸੇ ਵੇਲੇ ਅਨਮੋਲ ਕੌਰ ਨੇ ਪੰਜਾਬ ਦੇ ਨੌਜਵਾਨ ਨਾਮਵਰ ਮਰਹੂਮ ਗਾਇਕ ਇਸ਼ਮੀਤ ਬਾਰੇ ਵੀ ਬੜੀ ਟੁੰਬਵੀਂ ਕਵਿਤਾ ਲਿਖੀ ਸੀ ਜਿਸ ਨੂੰ ਪਾਠਕਾਂ ਵੱਲੋਂ ਬੜੀ ਸੰਜੀਦਗੀ ਨਾਲ ਪੜ੍ਹਿਆ ਗਿਆ ਸੀ। ਅਨਮੋਲ ਕੌਰ ਨੇ ਪੰਜਾਬੀ ਸਾਹਿਤ ਅੰਦਰ ਆਪਣੇ ਪ੍ਰਵੇਸ਼, ਸਿਰਜਣਾਤਮਕ ਵਿਕਾਸ ਅਤੇ ਕੈਨੇਡਾ ਅੰਦਰ ਪੰਜਾਬੀ ਸਾਹਿਤ ਬਾਰੇ ਖੁੱਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਜਿਨ੍ਹਾਂ ‘ਚੋਂ ਕੁਝ ਅੰਸ਼ ਇੰਨ-ਬਿੰਨ ਆਪਦੀ ਨਜ਼ਰ ਹਨ:-

– ਨੌਵੀਂ ਕਲਾਸ ਵਿਚ ਮੈਂ ਪਹਿਲੀ ਕਵਿਤਾ ਲਿਖੀ ਸੀ। ਦਸਵੀਂ ਵਿਚ ਕਵਿਤਾਵਾਂ ਅਤੇ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਆਪਣੀ ਭੂਆ ਜੀ ਕੋਲੇ ਪੜ੍ਹਦੀ ਸਾਂ ਤਲਵਾੜਾ ਟਾਊਨਸ਼ਿਪ ਵਿਚ। ਉਨ੍ਹਾਂ ਮੇਰਾ ਲਿਖਣਾ ਬੰਦ ਕਰਵਾ ਦਿੱਤਾ ਕਿ ਤੂੰ ਦਸਵੀਂ ਵਿੱਚੋਂ ਫੇਲ੍ਹ ਹੋ ਜਾਣਾ ਅਤੇ ਲੇਖਕ ਭੁੱਖੇ ਮਰਦੇ ਆ। ਇਸ ਤੋਂ ਬਾਅਦ ਮੇਰਾ ਲਿਖਣਾ ਬੰਦ ਹੋ ਗਿਆ। 1987 ਵਿਚ ਮੇਰਾ ਵਿਆਹ ਇਕਬਾਲ ਸਿੰਘ ਨਾਲ ਹੋਇਆ। 2000 ਵਿਚ ਘਰ ਕੰਪਿਊਟਰ ਆ ਗਿਆ।

ਆਪਣੇ ਪਤੀ ਸ. ਇਕਬਾਲ ਸਿੰਘ ਦੀ ਸਹਾਇਤਾ ਅਤੇ ਹੌਸਲਾ ਅਫ਼ਜਾਈ ਨਾਲ ਪਹਿਲੀ ਕਹਾਣੀ ‘ਦੋਸ਼ੀ ਕੌਣ’ ਲਿਖੀ। ਇਕ ਸਾਈਟ ਨੇ ਛਾਪੀ ਤੇ ਫਿਰ ਲਿਖਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਵੱਖ-ਵੱਖ ਸਾਈਟਾਂ ‘ਤੇ ਮੇਰੀਆਂ ਰਚਨਾਵਾਂ ਛਪਣੀਆਂ ਸ਼ੁਰੂ ਹੋ ਗਈਆਂ। ਰੇਡੀਓ ਪ੍ਰੋਗਰਾਮਾਂ ਉੱਪਰ ਵੀ ਜਾਂਦੀ ਰਹੀ।

ਵੀਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਹਰ ਬੁੱਧਵਾਰ ਮੈਨੂੰ ਬੁਲਾਉਂਦੇ। ਮੈਂ ਕਹਾਣੀ ਪੜ੍ਹਦੀ। ਹੌਲੀ-ਹੌਲੀ ਕਹਾਣੀਆਂ ਨਾਵਲਾਂ ਵਿਚ ਤਬਦੀਲ ਹੋਣ ਲੱਗੀਆਂ। ਬਿਨਾਂ ਸ਼ੱਕ ਅਨਮੋਲ ਕੌਰ ਦੀਆਂ ਗੱਲਾਂ ਡੂੰਘੇ ਅਰਥ ਰੱਖਦੀਆਂ ਹਨ। ਸੱਚੀਆਂ ਹਨ। ਉਸ ਦੀਆਂ ਗਲਪੀ ਰਚਨਾਵਾਂ ਵੀ ਪ੍ਰਾਣੀ ਮਾਤਰ ਦੇ ਜੀਵਨ ਪ੍ਰਵਾਹ ਅੰਦਰਲੀਆਂ ਬੇਤਰਤੀਬੀਆਂ, ਵਿਖੰਡਨਾਵਾਂ ਤੇ ਵਿਕ੍ਰਿਤੀਆਂ ਦਾ ਸਜੀਵ ਰੂਪ ਪਾਠਕਾਂ ਦੇ ਸਨਮੁਖ ਕਰਦੀਆਂ ਹਨ। ਜ਼ਿੰਦਗੀ ਦੀ ਗੁਣਵੱਤਾ ਨੂੰ ਵੀ ਉੱਚਾ ਥਾਂ ਦਿੰਦੀਆਂ ਹਨ ਤੇ ਅਨਮੋਲ ਕੌਰ ਨੂੰ ਵੀ ਗੁਣਵਾਨ ਗਲਪਕਾਰ ਸਿੱਧ ਕਰਦੀਆਂ ਹਨ ਜਿਸ ਨੇ ਕੈਨੇਡੀਅਨ ਪੰਜਾਬੀ ਨਾਵਲਕਾਰੀ/ਸਾਹਿਤਕਾਰੀ ਅੰਦਰ ਆਪਣੀ ਵਿਸ਼ੇਸ਼ ਥਾਂ ਕਈ ਵਰ੍ਹਿਆਂ ਤੋਂ ਬਣਾਈ ਹੋਈ ਹੈ। ਐਸੀ ਹਿੰਮਤੀ ਤੇ ਹਰਕਤ ‘ਚ ਰਹਿਣ ਵਾਲੀ ਕਲਮ ਨੂੰ ਸਲਾਮ।

(ਅਦੀਬ ਸਮੁੰਦਰੋਂ ਪਾਰ ਦੇ)
***
317
***

ਨੋਟ: ‘ਲਿਖਾਰੀ’ ਵੈੱਬਸਾਈਟ ‘ਤੇ ਬੀਬੀ ਅਨਮੋਲ ਕੌਰ ਜੀ ਦੀਅਾਂ 12 ਕਹਾਣੀਅਾਂ (2001 ਤੋ 2017 ਦੇ ‘ਲਿਖਾਰੀ’) ਸਮੇਂ ਸਮੇਂ ਤੇ ਛਪੀਅਾਂ ਸਨ। ‘ਲਿਖਾਰੀ’ ਇਹਨਾਂ ਕਹਾਣੀਅਾਂ ਨੂੰ ਮੁੜਕੇ ਲੜੀਵਾਰ ਛਾਪ ਰਿਹਾ ਹੈ। ਇਸ ਲੇਖ ਦੇ ਨਾਲ ਹੀ ਲੇਖਕਾ ਦੀ ਇੱਕ ਕਹਾਣੀ ‘ਦੋਸ਼ੀ’ ਹੂ-ਬ-ਹੂ ਹਾਜ਼ਰ ਕਰਨ ਦੀ ਖੁਸ਼ੀ ਲੈ ਰਹੇ ਹਾਂ। ਆਸ ਹੈ ਪਾਠਕ ਪਸੰਦ ਕਰਨਗੇ।

ਦੋ ਸ਼ਬਦ ਲੇਖਕਾ ਬਾਰੇ:

ਅਨਮੋਲ ਕੌਰ, ਕੈਨੇਡਾਅਨਮੋਲ ਕੌਰ (ਕੈਨੇਡਾ) ਪੰਜਾਬੀ ਦੀ ਐਮ.ਏ. ਹਨ। ਉਂਝ ਲਿਖਣਾ ਤਾਂ ਭਾਵੇਂ ਉਹਨਾਂ ਨੇ ਦਸਵੀਂ ਜਮਾਤ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਸਨ ਪਰ ਕੁਝ ‘ਕਾਰਨਾਂ ਕਰਕੇ’ ਲਿਖਣਾ ਜਾਰੀ ਨਾ ਰਹਿ ਸਕਿਆ। ਹੁਣ ਸਾਲ ਭਰ ਤੋਂ ਹੀ ਮੁੜ ਉਹਨਾਂ ਨੇ ਆਪਣੇ ਪਤੀ ਸ: ਇਕਬਾਲ ਸਿੰਘ ਦੇ ਸਹਿਯੋਗ ਨਾਲ, ਪੰਜਾਬੀ ਵਿੱਚ ਲਿਖਣਾ ਆਰੰਭ ਕੀਤਾ ਹੈ। ਹੁਣ ਤੱਕ ਉਹਨਾਂ ਦੀਆਂ ਅੱਠ ਕਹਾਣੀਆਂ ਸਥਾਨਕ ਪਰਚਿਆਂ ਅਤੇ ਇੰਟਰਨੈੱਟ ਮੈਗ਼ਜ਼ੀਨਾਂ ਵਿੱਚ ਛੱਪ ਚੁੱਕੀਆਂ ਹਨ। ਉਹਨਾਂ ਦੀ ਚਾਹ ਅਤੇ ਕੋਸ਼ਿਸ਼ ਹੈ ਕਿ ਉਹ ਚੰਗੀਆਂ ਕਹਾਣੀਆਂ ਲਿੱਖ ਸਕਣ।
‘ਲਿਖਾਰੀ’ ਲੇਖਕਾ ਦੀ ਪੰਜਾਬੀ ਸਾਹਿਤਕ ਜਗਤ ਵਿੱਚ ਆਮਦ ਨੂੰ ਜੀ ਆਇਆਂ ਕਹਿੰਦਿਆਂ ਉਹਨਾਂ ਦੀ ਇੱਕ ਹੋਰ ਕਹਾਣੀ ‘ਲਿਖਾਰੀ’ ਦੇ ਪਾਠਕਾਂ ਲਈ ਹਾਜ਼ਰ ਕਰਨ ਦੀ ਪਰਸੰਨਤਾ ਲੈ ਰਿਹਾ ਹੈ। ਆਸ ਹੈ ਕਿ ਉਹ ਆਪਣਾ ਲਿਖਣ ਸਫ਼ਰ ਨਿਰੰਤਰ ਜਾਰੀ ਰੱਖਦਿਆਂ ਸਾਹਿਤਕ ਜਗਤ ਵਿੱਚ ਆਪਣੀ ਇੱਕ ਪਹਿਚਾਣ ਬਣਾਉਣ ਦਾ ਯਤਨ ਕਰਨਗੇ।–‘ਲਿਖਾਰੀ’

***

ਦੋਸ਼ੀ ਕੌਣ

ਸਾਰੇ ਪਿੰਡ ਵਿਚ ਰੋਲਾ ਪਿਆ ਹੋਇਆ ਸੀ ਕਿ ਲੰਬੜਾਂ ਨੇ ਆਪਣੀ ਫੁੱਲ ਵਰਗੀ ਕੁੜੀ ਕੈਨੇਡਾ ਤੋ ਆਏ ਇਕ ਵੱਡੀ ਉਮਰ ਦੇ ਬਦਸੂਰਤ ਮੁੰਡੇ ਨਾਲ ਵਿਆਹ ਦਿਤੀ ਹੈ। ਲੋਕਾਂ ਨੂੰ ਸਮਝ ਨਹੀ ਆ ਰਹੀ ਸੀ ਕਿ ਲੰਬੜਾਂ ਨੇ ਇਸ ਤ੍ਹਰਾਂ ਕਿਉਂ ਕੀਤਾ? ਰੂਪੀ ਤਾਂ ਬੁਹਤ ਹੀ ਸੁੰਦਰ ਸੀ। ਜੋ ਪ੍ਹੜਨ ਲਿਖਣ ਵਿਚ ਹੁਸ਼ਿਆਰ ਅਤੇ ਖੇਡਾਂ ਵਿਚ ਸਭ ਤੋਂ ਅੱਗੇ। ਕਾਲਜ ਦੇ ਗਿੱਧੇ ਟੀਮ ਦੀ ਕੈਪਟਨ ਰੂਪੀ ਦਾ ਵਿਆਹ ਦੋ ਹਫ਼ਤਿਆਂ ਦੇ ਅੰਦਰ ਹੀ ਹੋ ਗਿਆ ਸੀ। ਉਹ ਪੰਦਰਾਂ ਦਿਨ ਰੂਪੀ ਨੇ ਰਿਸ਼ਤੇਦਾਰਾਂ ਦੀਆਂ ਮਿੰਨਤਾਂ ਕਰਦੀ ਨੇ ਰੋ ਰੋ ਕੇ ਕੱਢੇ ਸਨ, ਤਾਂ ਜੋ ਕੋਈ ਸਕਾ ਸਬੰਧੀ ਇਹ ਵਿਆਹ ਹੋਣ ਤੋਂ ਰੁਕਾ ਦੇਵੇ। ਪਰ ਰੂਪੀ ਦੀ ਤਰਸ ਯੋਗ ਹਾਲਾਤ ਉੱਪਰ ਕਿਸੇ ਰਿਸ਼ਤੇਦਾਰ ਜਾਂ ਪਿੰਡ ਦੇ ਬੰਦੇ ਨੇ ਤਰਸ ਨਾ ਖਾਧਾ।ਸਾਰਿਆਂ ਦੀ ਇਕ ਹੀ ਸਾਂਝੀ ਸੋਚ ਸੀ ਕਿ ਉਹਨਾਂ ਨੂੰ ਕੀ ਲੋੜ ਪਈ ਕਿਸੇ ਦੇ ਘਰ ਵਿਚ ਦਖਲ ਅੰਦਾਜ਼ੀ ਕਰਨ ਦੀ ਅਤੇ ਲੰਬੜਾਂ ਨਾਲ ਬਣੀ ਹੋਈ ਵਿਗਾੜਣ ਦੀ। ਪਰ ਰੂਪੀ ਨੇ ਵਿਆਹ ਦੇ ਦਿਨ ਤੱਕ ਕੋਸ਼ਿਸ਼ ਕੀਤੀ ਇਸ ਨੂੰ ਰੋਕਣ ਲਈ। ਵਿਆਹ ਤੋਂ ਇਕ ਦਿਨ ਪਹਿਲਾਂ ਜਦੋਂ ਮਾਮਾ ਚੂੜਾ ਪਾਉਣ ਲੱਗਾ, ਰੂਪੀ ਧਾਹਾਂ ਮਾਰਦੀ ਹੋਈ ਫਿਰ ਯਤਨ ਕਰਨ ਲੱਗ ਪਈ, “ਮਾਮਾ ਜੀ, ਮੈ ਚੂੜਾ ਨਹੀ ਪਾਉਣਾ, ਤੁਸੀਂ ਕਿਸੇ ਤਰਾਂ ਵਿਆਹ ‘ਕੈਂਸਲ’ ਕਰਵਾ ਦਿਉ, ਮੈਂ ਸਾਰੀ ਉਮਰ ਤੁਹਾਡਾ ਅਹਿਸਾਨ ਮੰਨਾਗੀ।”

“ਧੀਏ, ਮੈ ਕੁਝ ਨਹੀ ਕਰ ਸਕਦਾ।” ਇਹ ਕਹਿੰਦਾ ਹੋਇਆ ਮਾਮਾ ਰੂਪੀ ਦੇ ਗਲ ਲੱਗ ਕੇ ਰੋ ਪਿਆ। ਦੂਸਰੇ ਦਿਨ ਲਾਵਾਂ ਵੇਲੇ ਰੂਪੀ ਨੇ ਪੱਲਾ ਫੜਨ ਤੋਂ ਇਨਕਾਰ ਕਰਕੇ ਆਪਣੇ ਪਿਉ ਲੰਬੜ ਨੂੰ ਪਰੇਸ਼ਾਨੀ ਵਿਚ ਪਾ ਦਿੱਤਾ। ਪਿੱਛੇ ਬੈਠੀ ਮਾਮੀ ਨੇ ਗੱਲ ਸੰਭਾਲੀ ਛੇਤੀ ਨਾਲ ਪੱਲਾ ਫੜ ਕੇ ਰੂਪੀ ਦੇ ਕੜੇ ਨਾਲ ਬੰਨ ਦਿੱਤਾ। ਲੰਬੜ ਨੇ ਵੀ ਰੂਪੀ ਦੇ ਕੰਨ ਵਿਚ ਫੂਕ ਮਾਰ ਦਿੱਤੀ, “ਪੁੱਤ, ਹੁਣ ਮੇਰੀ ਰੱਖ ਲੈ, ਕੈਨੇਡਾ ਜਾ ਕੇ ਆਪਣੀ ਮਰਜ਼ੀ ਕਰੀਂ।” ਕੋਲ ਬੈਠਾ ਲਾੜਾ ਸਭ ਕੁੱਝ ਦੇਖਣ ਦੇ ਬਾਵਜੂਦ ਵੀ ਕਿਸੇ ਉਮੀਦ ਵਿਚ ਚੁੱਪ ਸੀ। ਰੋਂਦੀ ਕੁਰਲਾਉਂਦੀ ਰੂਪੀ ਦੀਆਂ ਲਾਵਾਂ ਪੂਰੀਆਂ ਕਰਵਾ ਕੇ ਭਰਾਵਾਂ ਨੇ ਸਹੁਰੇ ਤੋਰਨ ਲਈ ਉਸ ਨੂੰ ਡੋਲੀ (ਕਾਰ) ਵਿਚ ਬੈਠਾ ਦਿੱਤਾ। ਕਾਰ ਵਿਚ ਬੈਠੀ ਨੂੰ ਜਿਹੜੇ ਰਿਸ਼ਤੇਦਾਰ ਮਿਲਣ ਵੀ ਗਏ, ਉਹਨਾਂ ਦੇ ਗਲੇ ਨਾਲ ਚੰਬੜੀ ਹੋਈ ਆਖੀ ਗਈ ਅਜੇ ਵੀ ਕੋਈ ਉਸ ਨੂੰ ਕਾਰ ਵਿਚੋਂ ਉਤਾਰ ਲਏ। ਪਰ ਕੋਈ ਵੀ ਮਾਈ ਦਾ ਲਾਲ ਅੱਗੇ ਨਾ ਆਇਆ।

ਸੌਹਰਿਆਂ ਤੋਂ ਮੁੜ ਕੇ ਆਈ ਰੂਪੀ ਨੂੰ ਸਹੇਲੀ ਨੇ ਦੱਸਿਆ, “ਤੇਰੇ ਕਾਲਜ ਵਿਚੋਂ ਜਾਣ ਦਾ ਉਸ ਡਾਕਟਰ ਦੇ ਮੁੰਡੇ ਪਿੰਦੇ ਨੂੰ ਬਹੁਤ ਦੁੱਖ ਲੱਗਾ।”

“ਕਿਉਂ?” ਰੂਪੀ ਨੇ ਹੈਰਾਨੀ ਨਾਲ ਪੁੱਛਿਆ।

“ਉਹ ਤੈਨੂੰ ਬਹੁਤ ਪੰਸਦ ਕਰਦਾ ਸੀ, ਭਾਵੇਂ ਤੂੰ ਉਸ ਵੱਲ ਕਦੇ ਧਿਆਨ ਨਹੀ ਸੀ ਦਿੱਤਾ।”

ਹੁਣ ਅਜਿਹੀਆਂ ਗੱਲਾਂ ਦਾ ਕੀ ਮਤਲਬ, ਇਹ ਸੋਚਦੀ ਰੂਪੀ ਚੁੱਪ ਰਹੀ ਅਤੇ ਸਾਲ ਦੇ ਅੰਦਰ ਹੀ ਕੈਨੇਡਾ ਵੀ ਪੁੰਹਚ ਗਈ। ਰੂਪੀ ਨੇ ਆਪਣੇ ਮਨ ਨੂੰ ਸਮਝਾ ਲਿਆ। ਜੋ ਹੋਣਾ ਸੀ ਸੋ ਹੋ ਗਿਆ ਅਤੇ ਆਪਣੇ ਪਤੀ ਨਾਲ ਹੀ ਸਾਰੀ ਜ਼ਿੰਦਗੀ ਕੱਟਣ ਦਾ ਫੈਂਸਲਾ ਕੀਤਾ। ਪਰ ਉਸ ਪਤੀ ਦਾ ਸੁਭਾਅ ਹੀ ਵੱਖਰੀ ਕਿਸਮ ਦਾ ਸੀ, ਉਹ ਤਾਂ ਆਪਣੇ ਆਪ ਨੂੰ ਬੁਹਤ ਹੀ ਸੋਹਣਾ ਸਮਝਦਾ ਹੋਇਆ ਆਕੜ ਵੀ ਕਰਦਾ। ਪਰ ਉਸ ਵਿਚ ਇੱਕ ਗੱਲ ਚੰਗੀ ਨਿਕਲੀ ਕਿ ਉਸ ਨੇ ਰੂਪੀ ਦੇ ਪੇਕੇ ਪਰਿਵਾਰ ਨੂੰ ਕੈਨੇਡਾ ਮੰਗਵਾ ਲਿਆ। ਹੌਲੀ ਹੌਲੀ ਆਪਣੇ ਅਸਲੀ ਰੂਪ ਵਿਚ ਆ ਗਿਆ ਅਤੇ ਰੂਪੀ ਂਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿਤਾ। ਉਹ ਰੂਪੀ ਨੂੰ ਕੁੱਟਦਾ ਗੁੱਸੇ ਵਿਚ ਬੋਲਦਾ, “ਅਵਾਜ਼ ਮਾਰ ਆਪਣੇ ਪਿਉ ਅਤੇ ਭਰਾਵਾਂ ਨੂੰ, ਤੈਨੂੰ ਆ ਕੇ ਛਡਾਵਉਣ।” ਰੂਪੀ ਦੇ ਮਾਪੇ ਜੋ ਉਹਨਾਂ ਦੀ ਬੇਸਮਿੰਟ ਵਿਚ ਹੀ ਰਹਿੰਦੇ ਸਨ ਸਭ ਕੁਝ ਸੁਣੀ ਜਾਂਦੇ। ਪਰ ਆਪਣੇ ਜਵਾਈ ਦਾ ਕੈਨੇਡਾ ਲੰਘਉਣ ਦਾ ਅਹਿਸਾਨ ਮੰਨਦੇ ਹੋਏ ਚੁੱਪ ਰਹਿੰਦੇ। ਆਪਣੇ ਪਤੀ ਦੇ ਜ਼ੁਲਮਾਂ ਤੋਂ ਤੰਗ ਹੋਈ ਰੂਪੀ ਦਾ ਧਿਆਨ ਪਿੰਦੇ ਵੱਲ ਨੂੰ ਜਾਣ ਲੱਗਾ, ਜੋ ਅਜੇ ਤੱਕ ਵੀ ਕੁਆਰਾ ਹੀ ਸੀ। ਰੂਪੀ ਪੰਜਾਬ ਨੂੰ ਗਈ ਪਿੰਦੇ ਨੂੰ ਮਿਲ ਵੀ ਆਈ। ਹੁਣ ਉਸਦੀ ਆਪਣੇ ਘਰ ਵਾਲੇ ਨਾਲ ਬੁਹਤੀ ਨਾ ਬਣਦੀ, ਪਰ ਉਸਦੇ ਮਾਪਿਆਂ ਦੀ ਜਾਵਈ ਨਾਲ ਬੁਹਤ ਬਣੀ ਜਾਂਦੀ। ਜਦੋਂ ਰੂਪੀ ਦੇ ਭਰਾ ਪੰਜਾਬ ਤੋਂ ਆਏ ਸਨ ਤਾਂ ਉਹਨਾਂ ਦੇ ਸਿਰਾਂ ਤੇ ਕੇਸ ਸਨ। ਇਕ ਦਿਨ ਜਦ ਉਹ ਕੰਮ ਤੋਂ ਵਾਪਸ ਆਏ ਤਾਂ ਉਹਨਾਂ ਦੇ ਸਿਰ ਦੇ ਕੇਸ ਕਤਲ ਹੋਏ ਦੇਖ ਕੇ ਮਾਂ ਹੱਕੀ ਬੱਕੀ ਰਹਿ ਗਈ। ਫਿਰ ਉਸ ਨੂੰ ਪਤਾ ਲੱਗਾ ਕੇ ਜਵਾਈ ਨੂੰ ਉਹਨਾਂ ਦੇ ਵਾਲ ਚੰਗੇ ਨਹੀ ਸਨ ਲੱਗਦੇ। ਸੱਸ ਨੇ ਮਾੜਾ ਮੋਟਾ ਪੁੱਛਿਆ ਤਾਂ ਕਹਿਣ ਲੱਗਾ, “ਬੀਬੀ ਵਾਲਾਂ ਨੂੰ ਕਿਹੜੇ ਅੰਬ ਲੱਗਣੇ ਹਨ।” ਪਰ ਜਿਸ ਮਾਂ ਨੇ ਵਾਹ ਵਾਹ ਕੇ ਲੰਮੇ ਕੀਤੇ ਸਨ। ਇਹ ਤਾਂ ਉਹੀ ਜਾਣਦੀ ਸੀ ਕੇ ਉਸ ਦੇ ਦਿਲ ਵਿਚ ਕੀ ਬੀਤ ਰਹੀ ਹੈ, ਪਰ ਜਵਾਈ ਤੋਂ ਡਰਦੀ ਕੁਝ ਨਾਂ ਬੋਲੀ।

ਰੂਪੀ ਨੇ ਵੀ ਆਪਣਾ ਰੰਗ ਢੰਗ ਬਦਲ ਲਿਆ। ਵਾਲ ਛੋਟੇ ਕਰਵਾ ਕੇ ਪਤੀ ਨਾਲ ਪਾਰਟੀਆਂ ਤੇ ਆਣ ਜਾਣ ਲੱਗੀ, ਪੰਜਾਬ ਵਿਚ ਸਵੇਰੇ ਉੱਠ ਕੇ ਪਾਠ ਕਰਨ ਵਾਲੀ ਹੁਣ ਪਤੀ ਦੇ ਕਹਿਣ ਤੇ ਸ਼ਰਾਬ ਵੀ ਪੀਣ ਲਗੀ। ਘਰ ਵਿਚ ਪਾਰਟੀਆਂ ਹੋਣ ਲੱਗੀਆਂ ਅਤੇ ਰਾਤ ਨੂੰ ਦੇਰ ਤਕ ਨਾਚ ਗਾਣਾ ਹੁੰਦਾ। ਰੂਪੀ ਨੇ ਉੱਧਰ ਪੰਜਾਬ ਵਿਚ ਪਿੰਦੇ ਨਾਲ ਵੀ ਦੋਸਤੀ ਜਾਰੀ ਰੱਖੀ। ਉਸਦੀ ਵੱਡੀ ਬੱਚੀ ਅਜੇ ਸਾਲ ਦੀ ਹੋਈ ਸੀ ਕਿ ਉਹ ਮੁੜ ਗਰਭਵਤੀ ਹੋ ਗਈ। ਉਸ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਕਿ ਮੁੜ ਮਾਂ ਨਾ ਬਣੇ, ਪਰ ਫਿਰ ਵੀ ਉਸਨੇ ਦੂਸਰੀ ਲੜਕੀ ਨੂੰ ਜਨਮ ਦਿੱਤਾ। ਪਤੀ ਪਤਨੀ ਦੇ ਲੜਾਈ ਝਗੜੇ ਵਿਚ ਹੀ ਬੱਚੇ ਵੱਡੇ ਹੋਣ ਲੱਗੇ। ਭਾਂਵੇ ਰੂਪੀ ਕੋਲੋਂ ਹੁਣ ਪਾਠ ਨਾ ਹੁੰਦਾ, ਪਰ ਉਸ ਨੇ ਆਪਣੀਆਂ ਬੱਚੀਆਂ ਨੂੰ ਜੁਪਜੀ ਸਾਹਿਬ ਦੀ ਪਹਿਲੀ ਪਉੜੀ ਦਾ ਪਾਠ ਸਿਖਾ ਦਿਤਾ। ਪਤਾ ਨਹੀ ਕਿਉਂ ਉਸਦਾ ਪਤੀ ਪਾਠ ਨੂੰ ਟਿਚਰਾਂ ਹੀ ਕਰਦਾ ਰਹਿੰਦਾਂ ਰੂਪੀ ਦੇ ਧਾਰਮਿਕ ਕੰਮਾਂ ਦਾ ਸਤਿਕਾਰ ਨਾ ਕਰਦਾ।

ਹੁਣ ਉਹਨਾਂ ਪਾਸ ਕਾਫੀ ਵੱਡਾ ਘਰ ਸੀ। ਹੋਟਲ ਚੰਗਾਂ ਚਲਣ ਨਾਲ ਘਰ ਵਧੀਆ ਵਧੀਆ ਸਮਾਨ ਨਾਲ ਭਰਿਆ ਪਿਆ ਸੀ। ਪਰ ਘਰ ਵਿਚ ਸੁਖ, ਸ਼ਾਤੀ ਤੇ ਸੰਤੋਖ ਨਹੀ ਸੀ। ਦੋਹਾਂ ਵਿਚ ਲੜਾਈ ਇਥੋਂ ਤੱਕ ਵੱਧ ਗਈ ਕਿ ਉਹਨਾਂ ਦਾ ਇਕ ਦੂਜੇ ਨਾਲ ਰਹਿਣਾ ਮੁਸ਼ਕਲ ਹੋ ਗਿਆ।ਅਲੱਗ ਅਲੱਗ ਹੋਣ ਤੋਂ ਮਗਰੋਂ ਰੂਪੀ ਪੰਜਾਬ ਨੂੰ ਗਈ ਅਤੇ ੳੁਦੋ ਹੀ ਪਤਾ ਲੱਗਾ ਜਦੋ ਉਸ ਨੇ ਉਥੇ ਜਾ ਕੇ ਪਿੰਦੇ ਨਾਲ ਵਿਆਹ ਵੀ ਕਰਵਾ ਲਿਆ। ਮੁੜ ਆ ਕੇ ਕਨੈਡਾ ਦੇ ਕਿਸੇ ਹੋਰ ਸ਼ਹਿਰ ਵਿਚ ਕੰਮ ਲੱਭ ਲਿਆ। ਬੱਚੀਆਂ ਕਦੀ ਉਸ ਕੋਲ ਹੁੰਦੀਆਂ, ਕਦੀ ਪਿਉ ਕੋਲ ਤੇ ਕਦੀ ਕਿਸੇ ਰਿਸ਼ਤੇਦਾਰ ਕੋਲ।

ਕੁੱਝ ਸਮੇਂ ਬਾਅਦ ਪਿੰਦਾ ਵੀ ਪੰਜਾਬ ਤੋ ਆ ਗਿਆ। ਦੋਨੋਂ ਅਰਾਮ ਨਾਲ ਰਹਿ ਰਿਹੇ ਸਨ। ਪਰ ਅਚਾਨਕ ਇਕ ਦਿਨ ਪਿੰਦੇ ਉੱਪਰ ਗੋਲੀਆਂ ਨਾਲ ਹਮਲਾ ਹੋ ਗਿਆ। ਬਚਣ ਦੀ ਕੋਈ ਉਮੀਦ ਨਹੀ ਸੀ। ਕਾਫੀ ਦਿਨ ਹਸਪਤਾਲ ਵਿਚ ਬੇਹੋਸ਼ ਪਿਆ ਰਿਹਾ। ਰੂਪੀ ਪ੍ਰਮਾਤਮਾ ਵਿਚ ਯਕੀਨ ਰੱਖਦੀ ਹੋਈ ਉਸ ਦੇ ਸਿਰਹਾਣੇ ਬੈਠ ਕੇ ਪਾਠ ਕਰੀ ਗਈ। ਪ੍ਰਮਾਤਮਾ ਦੀ ਕਰਨੀ ਪਿੰਦਾ ਠੀਕ ਹੋਣ ਲਗ ਪਿਆ। ਇਕ ਮਹੀਨੇ ਦੇ ਵਿਚ ਉਹ ਬਿਲਕੁਲ ਠੀਕ ਹੋ ਗਿਆ। ਹੁਣ ਦੋਨੋਂ ਕਿਸੇ ਹੋਰ ਥਾਂ ਬੇਸਮਿੰਟ ਕਿਰਾਏ ਤੇ ਲੈਕੇ ਰਹਿਣ ਲਗ ਪਏ।

ਰੂਪੀ ਦੇ ਰਿਸ਼ਤੇਦਾਰ ਉਸ ਦੇ ਘੱਟ ਵੱਧ ਹੀ ਆਉਦੇ ਜਾਦੇਂ। ਇਕ ਸਾਲ ਉਹ ਇਸੇ ਤਰਾਂ ਦੋਨੋਂ ਠੀਕ ਠਾਕ ਰਹਿੰਦੇ ਰਿਹੇ। ਇਕ ਦਿਨ ਜਦੋਂ ਰੂਪੀ ਕੰਮ ਤੋ ਆਈ ਤਾਂ ਉਸ ਨੇ ਦੇਖਿਆ ਕੇ ਪਿੰਦਾ ਘਰ ਵਿਚ ਨਹੀ ਸੀ ਨਾਲ ਘਰ ਦਾ ਕੁਝ ਕੀਮਤੀ ਸਮਾਨ ਵੀ ਨਹੀਂ ਸੀ। ਰੂਪੀ ਉਸ ਨੂੰ ਇੱਧਰ-ਉਧੱਰ ਲੱਭਦੀ ਰਹੀ ਪਰ ਉਸ ਨੂੰ ਕੁਝ ਵੀ ਪਤਾ ਨਾ ਲੱਗਾ, ਕਿ ਪਿੰਦਾ ਕਿੱਥੇ ਚਲਾ ਗਿਆ। ਲੋਕੀਂ ਭਾਂਤ ਭਾਂਤ ਦੀਆਂ ਗੱਲਾ ਕਰਨ ਲੱਗ ਪਏ, ਕਈ ਕਹਿਣ ਕਿ ਉਸ ਨੂੰ ਰੂਪੀ ਦੇ ਪਹਿਲੇ ਘਰਵਾਲੇ ਨੇ ਮਰਵਾ ਦਿਤਾ ਹੋਵੇਗਾ। ਕੋਈ ਕਹੇ ਕਿ ਉਹ ਮਤਲਬੀ ਸੀ, ਜਿੰਨੇ ਮੂੰਹ ਉਂਨੀਆ ਗੱਲਾਂ। ਫਿਰ ਇਕ ਦਿਨ ਰੂਪੀ ਨੂੰ ਕਿਸੇ ਕੋਲੋਂ ਪਤਾ ਲੱਗਾ ਕਿ ਪਿੰਦਾਂ ਵਾਪਸ ਪੰਜਾਬ ਚਲਾ ਗਿਆ ਹੈ। ਉਥੇ ਉਸ ਨੇ ਜਾਕੇ ਵਿਆਹ ਵੀ ਕਰਵਾ ਲਿਆ ਹੈ।

ਰੂਪੀ ਆਪਣੀਆਂ ਕੁੜੀਆਂ ਲੈ ਕੇ ਕਿਸੇ ਹੋਰ ਸ਼ਹਿਰ ਚਲੀ ਗਈ ਤੇ ਆਪਣੀਅਾਂ ਧੀਆਂ ਦਾ ਪਾਲਣ ਪੋਸ਼ਣ ਕਰਨ ਲਗੀ। ਹੁਣ ਉਸ ਨੇ ਫੈਸਲਾ ਕਰ ਲਿਆ ਕੇ ਕੁੜੀਆਂ ਨੂੰ ਪੜ੍ਹਾਉਣਾ ਲਿਖਉਣਾ ਹੀ ਉਸ ਦੀ ਜਿੰਦਗੀ ਦਾ ਮਕਸਦ ਰਹਿ ਗਿਆ ਹੈ। ਹੁਣ ਦੋਨੋਂ ਕੁੜੀਆਂ ਵੀ ਜਵਾਨ ਹੋ ਚੁਕੀਆਂ ਸਨ। ਆਪਣੀ ਮਰਜ਼ੀ ਨਾਲ ਘੁੰਮਦੀਆਂ ਫਿਰਦੀਆ ਅਤੇ ਰੂਪੀ ਨੂੰ ਤਾਂ ਕੁਝ ਸਮਝਦੀਆ ਹੀ ਨਹੀ ਸਨ। ਜਦੋਂ ਕਦੇ ਰੂਪੀ ਉਹਨਾਂ ਨੂੰ ਕੁਝ ਸਮਾਝਉਣ ਦੀ ਕੋਸ਼ਿਸ਼ ਕਰਦੀ ਤਾਂ ਉਹ ਝੱਟ ਕਹਿ ਦਿੰਦੀਆਂ, “ ਹੂ ਕੇਅਰ, ਆਈ ਡੋਂਟ ਨੋ।” ਰੂਪੀ ਕੁੜੀਆਂ ਵੱਲ ਦੇਖਦੀ ਹੋਈ ਆਪਣੀ ਜ਼ਿੰਦਗੀ ਬਾਰੇ ਸੋਚਦੀ ਤਾ ਬੁਹਤ ਉਦਾਸ ਹੋ ਜਾਂਦੀ। ਉਸ ਨੂੰ ਪਤਾ ਨਹੀ ਲੱਗਦਾ ਕਿ ਉਹ ਕੀ ਕਰੇ ? ਪਰ ਉਸ ਨੂੰ ਅਜੇ ਤੱਕ ਇਹ ਸਮਝ ਨਹੀ ਸੀ ਆਉਂਦੀ ਕਿ ਉਸਦੀ ਜ਼ਿੰਦਗੀ ਨੂੰ ਤਬਾਹ ਕਰਨ ਵਿਚ ਦੋਸ਼ੀ ਕੌਣ ਹੈ, ਉਹ ਆਪ, ਪਿੰਦਾਂ ਕਿ ਉਸ ਦਾ ਪਤੀ ਜਾਂ ਫਿਰ ਉਸਦੇ ਮਾਪੇ?
***
317
***
(2001-204)

ਹਰਮੀਤ ਸਿੰਘ ਅਟਵਾਲ