ਇਸ ਲੰਬੀ ਵਾਰਤਾਲਾਪ ਨੂੰ ਸਤਿਕਾਰਯੋਗ ਹਰਬਖਸ਼ ਮਕਸੂਦਪੁਰੀ ਜੀ ਨਾਲ ਤਕਰੀਬਨ ਦੋ ਸਾਲ ਦਾ ਸਮਾਂ ਲੱਗਾ।
ਮੈਂ ਸਵਾਲ ਲਿਖ ਕੇ ਭੇਜ ਦੇਂਦੀ ਤੇ ਉਹ ਆਪਣੇ ਸਮੇਂ ਤੇ ਸਿਹਤ ਮੁਤਾਬਿਕ ਜਵਾਬ ਲਿਖ ਭੇਜ ਦੇਂਦੇ। ਉਨ੍ਹਾਂ ਦੀ ਇੱਛਾ ਸੀ ਕਿ ਇਹ ਵਾਰਤਾਲਾਪ ਕਿਤਾਬੀ ਰੂਪ 'ਚ ਪੇਸ਼ ਹੋਵੇ। 70 ਵੇਂ ਸਵਾਲ ਦੇ ਜਵਾਬ ਤੋਂ ਬਾਅਦ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ, ਨਜ਼ਰ ਘੱਟ ਗਈ ਤੇ ਮੇਰੇ ਬਾਕੀ ਦੇ ਸਵਾਲ ਬੇ-ਜਵਾਬ ਰਹਿ ਗਏ। ਏਸ ਵਾਰਤਾਲਾਪ ਦੌਰਾਨ ਮੈਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ। ਹੁਣ 'ਲਿਖਾਰੀ' ਮਾਧਿਅਮ ਰਾਹੀਂ ਇਹ ਵਾਰਤਾਲਾਪ ਪਹਿਲੀ ਵਾਰ ਪਾਠਕਾਂ ਸਾਹਵੇਂ ਪੇਸ਼ ਹੈ। ਉਮੀਦ ਹੈ ਪਾਠਕ ਵੀ ਮੇਰੇ ਵਾਂਗ ਬੜਾ ਕੁਝ ਆਪਣੀ ਚੋਣ ਮੁਤਾਬਿਕ ਜੋ ਜੀ ਆਇਆ ਸਾਂਭ ਲੈਣਗੇ।ਦਲਵੀਰ ਕੌਰ [ ਵੁਲਵਰਹੈਂਪਟਨ ] Tweet
‘ਜਿਹੜਾ ਬੰਦਾ ਆਪਣੇ ਆਪ ਤੋਂ ਬਾਹਰ ਬ੍ਰਹਮ ਨੂੰ ਲੱਭਦਾ ਹੈ ਉਹ ਊਤ ਹੀ ਹੋ ਸਕਦਾ ਹੈ’.ਇਹ ਤੁਸੀਂ ਇਨ੍ਹਾਂ ਸਤਰਾਂ ਦਾ ਸਾਰ ਲਿਆ ਹੈ। ਤੁਹਾਡੇ ਮੁਤਾਬਿਕ ਇਹ ਗੱਲ ਆਮ ਇਨਸਾਨ ਦੀ ਪਕੜ 'ਚ ਆ ਜਾਣ ਵਾਲੀ ਹੈ ਤੇ ਕਿੰਨੀ ਕੁ ਉਮਰ ਤੱਕ ਇੰਨੀ ਕੁ ਸਮਝ ਬੰਦੇ ਨੂੰ ਆ ਜਾਣੀ ਚਾਹੀਦੀ ਹੈ?
ਮੈਂ ਤਾਂ ਤੇਰੇ ਦਿੱਤੇ ਸਲੋਕ ਦੀ ਵਿਆਖਿਆ ਹੀ ਕੀਤੀ ਹੈ। ਇਹਤੋਂ ਵੱਧ ਹੋਰ ਕੀ ਕਿਹਾ ਜਾ ਸਕਦਾ ਹੈ? ਆਮ ਇਨਸਾਨ ਨਾ ਅਜਿਹੇ ਗੂੜ੍ਹ ਗਿਆਨ ਦੀ ਥਾਹ ਪਾਉਣੀ ਚਾਹੁੰਦਾ ਹੈ ਨਾ ਉਹ ਇਹਦੀ ਲੋੜ ਸਮਝਦਾ ਹੈ। ਕਿੰਨੇ ਕੁ ਬੰਦੇ ਹਨ ਜਿਹੜੇ ਗੁਰੂ ਨਾਨਕ ਦੇ ਮੂਲ ਮੰਤਰ ਨੂੰ ਸਮਝ ਸਕਦੇ ਹਨ ਜਾਂ ਸਮਝਣ ਦੀ ਲੋੜ ਸਮਝਦੇ ਹਨ? ਹਾਂ ਹਰ ਰੋਜ਼ ਪਾਠ ਕਰਨ ਵਾਲੇ ਲੱਖਾਂ ਮਿਲ ਜਾਣਗੇ।
ਮੈਂ ਤਾਂ ਤੇਰੇ ਦਿੱਤੇ ਸਲੋਕ ਦੀ ਵਿਆਖਿਆ ਹੀ ਕੀਤੀ ਹੈ। ਇਹਤੋਂ ਵੱਧ ਹੋਰ ਕੀ ਕਿਹਾ ਜਾ ਸਕਦਾ ਹੈ? ਆਮ ਇਨਸਾਨ ਨਾ ਅਜਿਹੇ ਗੂੜ੍ਹ ਗਿਆਨ ਦੀ ਥਾਹ ਪਾਉਣੀ ਚਾਹੁੰਦਾ ਹੈ ਨਾ ਉਹ ਇਹਦੀ ਲੋੜ ਸਮਝਦਾ ਹੈ। ਕਿੰਨੇ ਕੁ ਬੰਦੇ ਹਨ ਜਿਹੜੇ ਗੁਰੂ ਨਾਨਕ ਦੇ ਮੂਲ ਮੰਤਰ ਨੂੰ ਸਮਝ ਸਕਦੇ ਹਨ ਜਾਂ ਸਮਝਣ ਦੀ ਲੋੜ ਸਮਝਦੇ ਹਨ? ਹਾਂ ਹਰ ਰੋਜ਼ ਪਾਠ ਕਰਨ ਵਾਲੇ ਲੱਖਾਂ ਮਿਲ ਜਾਣਗੇ। ਇਹ ਸ਼ਲੋਕ ਮਨੁੱਖੀ ਆਤਮਾ ਦੀ ਗੱਲ ਕਰਦਾ ਹੈ ਤੇ ਆਤਮਾ ਤੇ ਪ੍ਰਮਾਤਮਾ ਦੀ ਏਕਤਾ ‘ਤੇ ਜ਼ੋਰ ਦਿੰਦਾ ਹੈ। ਮੈਂ ਆਤਮਾ ਨੂੰ ਸਰੀਰ ਤੋਂ ਵੱਖ ਨਹੀਂ ਸਮਝਦਾ। ਇਹ ਤਾਂ ਮਨੁੱਖ ਦੀ ਸੋਚ ਸਮਝ ਤੇ ਅਨੁਭਵਾਂ ਦਾ ਕੁਲ ਜੋੜ ਹੋਣ ਤੋਂ ਬਿਨਾ ਹੋਰ ਕੁਝ ਨਹੀਂ ਹੁੰਦੀ ਤੇ ਸਰੀਰ ਨਾਲ ਹੀ ਖਤਮ ਹੋ ਜਾਂਦੀ ਹੈ।
ਹਾਂ ਇੱਕ ਗੱਲ ਵਿਚ ਮੇਰਾ ਯਕੀਨ ਹੈ ਕਿ ਹਰ ਇਕ ਜੀਵ ਸਰਬ ਸ੍ਰਿਸ਼ਟੀ ਦਾ ਹੀ ਅਨਿੱਖੜ ਅੰਗ ਹੈ। ਇਸ ਲਈ ਇਹਦੀ ਹੋਣੀ ਸਰਬ ਸ੍ਰਿਸ਼ਟੀ ਦੀ ਹੋਣੀ ਨਾਲ ਜੁੜੀ ਹੋਈ ਹੈ।
ਤੁਸੀਂ ਇਸਤ੍ਰੀ ਦੀ ਆਜ਼ਾਦੀ ਦਾ ਸਮੁੱਚੇ ਤੌਰ ‘ਤੇ ਕੀ ਅਰਥ ਲੈਂਦੇ ਹੋ?
ਬਚਪਨ ਵਿਚ ਕੁੜੀ ਨਾਲ ਉਹਦੇ ਭਰਾਵਾਂ ਦੇ ਐਨ ਬਰਾਬਰ ਦਾ ਸਲੂਕ ਹੋਵੇ, ਉਹ ਆਪਣੇ ਭਰਾਵਾਂ ਵਾਂਗ ਹੀ ਆਪਣੇ ਮਾਪਿਆਂ ਦੀ ਸੰਪਤੀ ਦੀ ਬਰਾਬਰ ਦੀ ਹੱਕਦਾਰ ਹੋਵੇ, ਉਹਨੂੰ ਹੱਕ ਹੋਵੇ ਉਹ ਵਿਆਹ ਕਰਾਵੇ ਜਾਂ ਨਾ, ਵਿਆਹ ਪਿੱਛੋਂ ਵੀ ਉਹਨੂੰ ਹੱਕ ਹੋਵੇ ਕਿ ਉਹ ਆਪਣੇ ਭਰਾਵਾਂ ਵਾਂਗ ਹੀ ਮਾਪਿਆ ਤੋਂ ਮਿਲੀ ਜਾਇਦਾਦ ਦੀ ਮਾਲਕ ਰਹੇ। ਉਸਨੂੰ ਹੱਕ ਹੋਵੇ ਕਿ ਉਹ ਆਪਣੇ ਚੁਣੇ ਜੀਵਨ ਸਾਥੀ ਨਾਲ ਆਪਣੇ ਮਾਪਿਆਂ ਕੋਲ ਜਾਂ ਉਨ੍ਹਾਂ ਤੋਂ ਮਿਲੀ ਜਾਇਦਾਦ ਵਿਚ ਰਹਿ ਸਕੇ। ਉਹ ਜਦ ਵੀ ਚਾਹੇ ਆਪਣੇ ਜੀਵਨ ਸਾਥੀ ਤੋਂ ਵੱਖ ਹੋ ਕੇ ਰਹਿਣ ਲਈ ਆਜ਼ਾਦ ਹੋਵੇ। ਉਹਦਾ ਜੀਵਨ ਸਾਥੀ ਤੇ ਉਹ ਇਕੱਠੇ ਰਹਿੰਦਿਆਂ ਜਿਹੜੀ ਵੀ ਤੇ ਜਿੰਨੀ ਵੀ ਸੰਪਤੀ ਬਣਾਉਣ ਉਸ ਵਿਚ ਉਹਦਾ ਪੂਰਾ ਹੱਕ ਹੋਵੇ। ਉਹ ਹਰ ਗੱਲ ਵਿਚ ਆਦਮੀ ਦੇ ਬਰਾਬਰ ਹੋਵੇ। ਉਹਦੇ ਨਾਲ ਕਿਤੇ ਵੀ, ਕਿਸੇ ਤਰ੍ਹਾਂ ਵੀ ਆਦਮੀ ਨਾਲੋਂ ਵੱਖਰਾ ਸਲੂਕ ਨਾ ਹੋਵੇ। ਪਰ ਇਹੋ ਜਿਹੀ ਬਰਾਬਰੀ ਤੇ ਸੁਤੰਤਰਤਾ ਮਨੁਖੀ ਸਮਾਜ ਦੇ ਉਸ ਯੁਗ ਵਿਚ ਸੀ ਜਿਹਨੂੰ ਆਦਿ ਸਾਮਯਵਾਦ ਕਿਹਾ ਜਾਂਦਾ ਹੈ ਤੇ ਬੇਜਮਾਤ ਸਮਾਜ ਯਾਨੀ ਕਿ ਆਧੁਨਕ ਸਾਮਯਵਾਦ ਵਿਚ ਹੀ ਸੰਭਵ ਹੋ ਸਕਦੀ ਹੈ।
ਇਸਤ੍ਰੀ ਦੀ ਸੁਤੰਤਰਤਾ ਦਾ ਪ੍ਰਸ਼ਨ ਕਦੋਂ ਤੇ ਕਿਵੇਂ ਪੈਦਾ ਹੋਇਆ?
ਇਹ ਪ੍ਰਸ਼ਨ ਤਾਂ ਉਦੋਂ ਹੀ ਪੈਦਾ ਹੋ ਗਿਆ ਸੀ ਜਦ ਪਹਿਲੀ ਵਾਰ ਇਸਤ੍ਰੀ ਤੋਂ ਬਰਾਬਰੀ ਖੋਹਣ ਦਾ ਯਤਨ ਕੀਤਾ ਗਿਆ ਸੀ। ਹਰ ਸਮੇਂ ਤੇ ਹਰ ਸਮਾਜ ਵਿਚ ਇਸ ਦੀਆਂ ਉਦਾਹਰਣਾਂ ਮਿਲ ਜਾਂਦੀਆਂ ਹਨ। ਸਾਡੇ ਪੰਜਾਬ ਵਿਚ ਹੀਰ ਦੇ ਇਸ਼ਕ ਦੀ ਕਹਾਣੀ ਤੇ ਨਾਲ ਹੀ ਉਹਦੀ ਨਣਦ ਸਹਿਤੀ ਦੀ ਕਹਾਣੀ, ਦੋਵੇਂ ਹੀ ਆਪਣੀ ਮਰਜ਼ੀ ਅਨੁਸਾਰ ਚੋਣ ਦੀ ਆਜ਼ਾਦੀ ਲਈ ਲੜਨ ਦੀਆਂ ਮਿਸਾਲਾਂ ਹੀ ਤਾਂ ਹਨ। ਪਰ ਕਾਬਜ਼ ਸਮਾਜਜ ਪ੍ਰਬੰਧ ਦੀਆਂ ਬੰਦਸ਼ਾਂ ਤੋੜ ਕੇ ਆਜ਼ਾਦ ਚੋਣ ਦਾ ਹੱਕ ਪ੍ਰਾਪਤ ਕਰਨ ਲਈ ਲੜਨਾ ਆਮ ਤੌਰ ਤੇ ਦੁਖਾਂਤ ਦਾ ਕਾਰਨ ਬਣਦਾ ਰਿਹਾ ਹੈ ਤੇ ਸਾਡੇ ਦੇਸ਼ ਵਿਚ ਹੁਣ ਵੀ ਬਣਦਾ ਹੈ। ਇਸਤ੍ਰੀ ਦੀ ਸੁਤੰਤਰਤਾ ਲਈ ਬਹੁਤਾ ਜ਼ੋਰ ਪੂੰਜੀਵਾਦੀ ਕਦਰਾਂ ਕੀਮਤਾਂ ਫੈਲਣ ਨਾਲ ਹੀ ਅਰੰਭ ਹੋਇਆ ਤੇ ਵਧਿਆ ਹੈ। ਕਿਉਂਕਿ ਇਸ ਸਮਾਜ ਦੀਆਂ ਕਦਰਾਂ ਕੀਮਤਾਂ ਵਿਅਕਤੀਗਤ ਆਜ਼ਾਦੀ ਦੇ ਅਸੂਲ ਤੇ ਅਧਾਰਤ ਹਨ। ਇਸਤ੍ਰੀ ਹੀ ਨਹੀਂ ਆਦਮੀ ਵੀ ਇਸ ਸਮਾਜ ਵਿਚ ਆਪਣੀ ਚੋਣ ਲਈ ਆਜ਼ਾਦ ਹੈ। ਪਰ ਇਸ ਆਜ਼ਾਦੀ ਨੂੰ ਮਾਣ ਉਹੀ ਸਕਦਾ ਹੈ ਜਿਹੜਾ ਸੰਪਤੀ ਦੀ ਮਾਲਕ ਸ਼੍ਰੇਣੀ ਵਿਚੋਂ ਹੋਵੇ। ਇਸ ਸਮਾਜ ਵਿਚ ਬਹੁਤੀਆਂ ਤੀਵੀਆਂ ਦੀ ਆਜ਼ਾਦੀ ਮਾਣਨ ਦੀ ਇੱਛਾ ਉਨ੍ਹਾਂ ਦੇ ਮੰਡੀ ਦਾ ਮਾਲ ਬਣਨ ਵਿਚ ਜਾ ਮੁਕਦੀ ਹੈ।
ਇਸ ਸਭ ਕਾਸੇ ਪਿੱਛੇ ਕੀ ਪ੍ਰਵਿਰਤੀ ਸੀ ਕਿਹੜੀਆਂ ਅਪੂਰਨ ਲੋੜਾਂ ਸਨ ਇਸਤ੍ਰੀ ਦੀਆਂ? ਕੀ ਤਵੱਕੋ ਸੀ ਉਹਨੂੰ ਸਮਾਜ, ਘਰ ਤੇ ਪ੍ਰਧਾਨ ਤਬਕੇ ਤੋਂ?
ਨਿਮਨ ਵਰਗ ਦੇ ਹਰ ਇਨਸਾਨ ਦੀ ਇਛਾ ਉਹ ਸੁੱਖ ਪ੍ਰਾਪਤ ਕਰਨ ਦੀ ਹੁੰਦੀ ਹੈ, ਜਿਹੜਾ ਉੱਚ ਵਰਗ ਦੇ ਬੰਦਿਆਂ ਨੂੰ ਪ੍ਰਾਪਤ ਹੁੰਦਾ ਹੈ। ਜਦ ਉਹ ਸੁਖ ਉਹਨੂੰ ਨਹੀਂ ਮਿਲਦਾ ਤਾਂ ਉਹ ਹਰ ਕਾਨੂੰਨੀ ਜਾਂ ਗੈਰ ਕਾਨੂੰਨੀ ਢੰਗ ਵਰਤਦਾ ਹੈ ਜਿਹੜੇ ਸੁੱਖ ਪ੍ਰਾਪਤ ਕਰਨ ਦੀ ਉੱਚ ਵਰਗ ਨੇ ਉਹਦੇ ਲਈ ਮਨਾਹੀ ਕੀਤੀ ਹੋਈ ਹੁੰਦੀ ਹੈ। ਆਦਮੀਆਂ ਦੇ ਮੁਕਾਬਲੇ ਵਿਚ ਔਰਤਾਂ ਵੀ ਦਮਤ ਵਰਗ ਹੁੰਦੀਆਂ ਹਨ, ਭਾਵੇਂ ਆਦਮੀ ਆਪ ਵੀ ਉਚ ਵਰਗ ਦਾ ਦਮਨ ਹੰਢਾ ਰਿਹਾ ਹੁੰਦਾ ਹੈ। ਉਹ ਆਪਣਾ ਸਾਰਾ ਅਕ੍ਰੋਸ਼ ਇਸਤ੍ਰੀ ‘ਤੇ ਕਢਦਾ ਹੈ ਤੇ ਇਸਤ੍ਰੀ ਆਪਣਾ ਅਕ੍ਰੋਸ਼ ਆਪਣੇ ਬੱਚਿਆਂ ‘ਤੇ ਕੱਢਦੀ ਹੈ ਜਾਂ ਆਪਣੇ ਵਰਗੀਆ ਹੋਰ ਇੱਸਤ੍ਰੀਆਂ ‘ਤੇ, ਜਿਸਤਰ੍ਹਾਂ ਕਿ ਸੱਸ ਨੋਂਹ ‘ਤੇ ਅਤੇ ਨਣਾਦ ਭਰਜਾਈ’ਤੇ ਕਢਦੀ ਹੈ। ਉਚ ਜਾਤੀ ਦੀਆਂ ਇਸਤ੍ਰੀਆਂ ਅਪਣਾ ਅਕ੍ਰੋਸ਼ ਨਿਮਨ ਜਾਤਾਂ ਦੀਆਂ ਇਸਤਰੀਆਂ ‘ਤੇ ਕਢਦੀਆਂ ਹਨ ਤੇ ਉਹ ਬੰਦੇ ਜਿਹੜੇ ਕਿਸੇ ਬੰਦੇ ਉਤੇ ਆਪਣਾ ਅਕ੍ਰੋਸ਼ ਨਹੀਂ ਕੱਢ ਸਕਦੇ ਉਹ ਜਾਨਵਰਾਂ ‘ਤੇ ਕੱਢਦੇ ਹਨ। ਆਸ ਤਾਂ ਹਰ ਬੰਦਾ ਇਹੀ ਰੱਖਦਾ ਹੈ ਕਿ ਉਹਦੇ ਨਾਲ ਬੇਇਨਸਾਫੀ ਨਾ ਹੋਵੇ ਤੇ ਇਸਤ੍ਰੀ ਵੀ ਸਮਾਜ ਵਿਚ ਮਾਣ ਵਾਲਾ ਸਥਾਨ ਪ੍ਰਾਪਤ ਕਰਨਾ ਚਾਹੁੰਦੀ ਹੈ। ਪਰ ਮਿਲਦਾ ਉਹਨੂੰ ਬਾਕੀ ਦੇ ਦਮਤ ਜੀਆਂ ਵਾਂਗ ਰਹਿੰਦ ਖੂੰਹਦ ਹੈ।
ਸਮਾਂ ਸਥਾਨ ਤੇ ਪ੍ਰਚਲਤ ਕਦਰਾਂ ਕੀਮਤਾਂ ਨੂੰ ਮੁੱਖ ਰੱਖ ਕੇ ਦਸੋ ਕਿ ਇਸਤ੍ਰੀ ਤੋਂ ਸਮੁੱਚੇ ਪ੍ਰਚਲਤ ਢਾਂਚੇ ਨੂੰ ਕੀ ਆਸਾਂ ਤੇ ਕੀ ਬਰਦਾਸ਼ਤ ਨਹੀਂ?
ਹਰ ਸਮੇਂ ਦਾ ਪ੍ਰਚਲਤ ਸਮਾਜਿਕ ਢਾਂਚਾ ਤੀਵੀਂ ਤੋਂ ਆਦਮੀ ਦੀ ਅਧੀਨਗੀ ਦੀ ਆਸ ਰੱਖਦਾ ਹੈ। ਉਹਨੂੰ ਇਹੀ ਦਸਿਆ ਜਾਂਦਾ ਹੈ ਕਿ ਆਪਣੇ ਪਤੀ ਨੂੰ ਜਿਵੇਂ ਉਹ ਚਾਹੇ ਖੁਸ਼ ਰੱਖਣਾ, ਉਹਦੇ ਲਈ ਸੰਤਾਨ ਪੈਦਾ ਕਰਨਾ ਤੇ ਪਾਲਣਾ, ਉਹਦੇ ਲਈ ਆਪਣੇ ਸੁੱਖਾਂ ਦਾ ਤਿਆਗ ਕਰਨਾ, ਉਹਦੀ ਸਦਾ ਸੁੱਖ ਮੰਗਣਾ ਤੇ ਲੋੜ ਪੈਣ ‘ਤੇ ਉਸ ਲਈ ਮਰ ਜਾਣਾ ਹੀ ਉਹਦਾ ਧਰਮ ਹੈ। ਪਤੀ, ਖਾਵਿੰਦ ਤੇ ਹਸਬੈਂਡ ਦਾ ਅਰਥ ਹੀ ਮਾਲਕ ਹੁੰਦਾ ਹੈ। ਪਤੀ ਹੋਰ ਵਸਤਾਂ ਪਸੂਆਂ ਤੇ ਜ਼ਮੀਨ ਵਾਂਗ ਹੀ ਪਤਨੀ ਦਾ ਵੀ ਮਾਲਕ ਹੁੰਦਾ ਹੈ। ਮਾਲਕ ਤੇ ਅਧੀਨ ਦਾ ਰਿਸ਼ਤਾ ਹੀ ਪ੍ਰਚਲਤ ਢਾਂਚੇ ਵਿਚ ਪ੍ਰਵਾਨ ਰਿਹਾ ਹੈ। ਸਮਾਜਕ ਤੇ ਆਰਥਕ ਪ੍ਰੀਵਰਤਨਾਂ ਨਾਲ ਆਦਮੀ ਤੀਵੀਂ ਦੇ ਸੰਬੰਧਾਂ ਵਿਚ ਫਰਕ ਉੰਨਾ ਹੀ ਪੈਂਦਾ ਸੀ/ਹੈ ਜਿੰਨਾ ਕੁ ਆਰਥਕ ਪ੍ਰਬੰਧ ‘ਤੇ ਕਾਬਜ਼ ਜਮਾਤ ਤੇ ਕਾਮਾ ਜਮਾਤ ਦੇ ਸੰਬੰਧਾਂ ਵਿਚ ਪੈਂਦਾ ਹੈ।
ਕਿਉਂ ਤੇ ਕਿਵੇਂ ਇਸ ਵਿਚਾਰ ਨੇ ਮੂਵਮੈਂਟ ਦਾ ਰੂਪ ਧਾਰਨ ਕੀਤਾਂ? ਬਲੈਕ ਸਿਸਟਰਜ਼ ਜਥੇਬੰਦੀ ਦਾ ਇਨ੍ਹਾਂ ਸਵਾਲਾਂ ਨਾਲ ਕਿੰਨਾ ਕੁ ਸੰਬੰਧ ਹੈ?
ਭਾਵੇਂ ਹਰ ਯੁਗ ਵਿਚ ਇਸਤ੍ਰੀ ਬਰਾਬਰੀ ਲਈ ਤਾਂਘਦੀ ਰਹੀ ਹੈ ਪਰ ਇਹ ਯਤਨ ਵਿਅਕਤੀਗਤ ਹੀ ਹੁੰਦੇ ਸਨ। ਸਮੁਚੇ ਤੌਰ ਤੇ ਇਸਤ੍ਰੀ ਆਦਮੀ ਨੂੰ ਪਤੀ(ਮਾਲਕ) ਪਰਮੇਸ਼ਰ ਮੰਨਣਾ ਆਪਣਾ ਧਰਮ ਸਮਝਦੀ ਰਹੀ ਹੈ। ਜਦ ਯੂਰਪ ਵਿਚ ਕਈ ਥਾਵੀਂ ਆਦਮੀਆਂ ਨੂੰ ਚੁਣਨ ਤੇ ਚੁਣੇ ਜਾਣ ਦਾ ਅਧਿਕਾਰ ਮਿਲ ਗਿਆ ਸੀ, ਉਸ ਵੇਲੇ ਵੀ ਇਸਤ੍ਰੀ ਨੂੰ ਚੁਣੇ ਜਾਣ ਤੇ ਚੁਣਨ ਦਾ ਅਧਿਕਾਰ ਨਹੀਂ ਸੀ। ਔਰਤਾਂ ਦੇ ਹੱਕਾਂ ਲਈ ਉਨ੍ਹੀਵੀਂ ਸਦੀ ਦੇ ਅੰਤ ਦੇ ਨੇੜੇ ਅਵਾਜ਼ ਉਠਾਈ ਜਾਣ ਲੱਗੀ ਸੀ। ਸਫਰੇਜ ਤੇ ਸਫਰਜੈਟ ਮੂਵਮੈਂਟ ਉਦੋਂ ਸਭ ਤੋਂ ਪਹਿਲਾਂ ਫਰਾਂਸ ਵਿਚ ਅਰੰਭ ਹੋਈ ਸੀ ਤੇ ੧੮੯੩ ਵਿਚ ਨਿਊਜ਼ੀਲੈਂਡ ਵਿਚ ਇਸਤ੍ਰੀਆਂ ਨੂੰ ਵੋਟ ਦਾ ਅਧਿਕਾਰ ਮਿਲਿਆ ਸੀ। ਉਸ ਵੇਲੇ ਤਾਂ ਦੁਨੀਆਂ ਦੇ ਬਹੁਤੇ ਮੁਲਕ ਹਾਲੀਂ ਸਣੇ ਭਾਰਤ ਸਾਮਰਾਜ ਦੀ ਗ਼ੁਲਾਮੀ ਹੰਢਾ ਰਹੇ ਸਨ।
ਬਲੈਕ ਸਿਸਟਰ ਆਰਗਨਾਈਜ਼ੇਸ਼ਨ ੧੯੭੯ ਵਿਚ ਸਾਊਥਾਲ ਦੀਆਂ ਏਸ਼ੀਅਨ ਔਰਤਾਂ ਵਲੋਂ ਨਸਲਵਾਦੀਆਂ ਦੇ ਹੱਥੋਂ ਬਲੇਅਰ ਪੀਚ ਦੀ ਮੌਤ ਨਾਲ ਨਸਲਵਾਦ ਵਿਰੋਧੀ ਗਰੁਪ ਦੇ ਰੂਪ ਵਿਚ ਸ਼ੁਰੂ ਹੋਈ ਸੀ ਪਰ ਬਾਅਦ ਵਿਚ ਇਸ ਨੇ ਏਸ਼ੀਅਨ ਔਰਤਾਂ ਦੇ ਮਨੁੱਖੀ ਹੱਕਾਂ ਲਈ ਤੇ ਘਰਾਂ ਵਿਚ ਹੁੰਦੇ ਏਸ਼ੀਅਨ ਔਰਤਾਂ ‘ਤੇ ਹੁੰਦੇ ਜਬਰ ਦੀ ਵਿਰੋਧਤਾ ਕਰਨ ਵਾਲੀ ਆਰਗਨਾਈਜੇਸ਼ਨ ਦਾ ਰੂਪ ਧਾਰਨ ਕਰ ਲਿਆ।
ਇਹ ਲਹਿਰ ਆਪਣੇ ਤੌਰ ‘ਤੇ ਚੰਗਾ ਕੰਮ ਕਰ ਰਹੀ ਹੈ. ਪਰ ਬਹੁਤਾ ਕੁਝ ਕਰ ਸਕਣਾ ਪ੍ਰਾਪਤ ਵਿਵਸਥਾ ਵਿਚ ਸੰਭਵ ਨਹੀਂ। ਇਸਤ੍ਰੀ ਦਾ ਪੂਰਨ ਤੌਰ ਤੇ ਸੁਤੰਤਰ ਤੇ ਆਦਮੀ ਦੇ ਬਰਾਬਰ ਦਾ ਦਰਜਾ ਪ੍ਰਾਪਤ ਕਰ ਲੈਣਾ ਹਾਲੀਂ ਸੰਭਵ ਨਹੀਂ। ਅੱਜ ਦੀ ਘਰੇਲੂ ਅਤੇ ਪ੍ਰੋਫੈਸ਼ਨਲ ਇਸਤ੍ਰੀ ਆਪਣੀ ਵਿਦਿਅਕ ਤੇ ਪੇਸ਼ਾਵਰ ਯੋਗਤਾ ਦੇ ਅਨੁਸਾਰ ਹੀ ਪ੍ਰਾਪਤ ਵਿਵਸਥਾ ਵਿਚ ਥੋੜਾ ਜਾਂ ਬਹੁਤਾ ਰੋਲ ਅਦਾ ਕਰ ਸਕਦੀ ਹੈ ਤੇ ਕਰ ਰਹੀ ਹੈ।
ਲੇਖਕ ਇਸਤ੍ਰੀ ਦਾ ਇਨ੍ਹਾਂ ਹਾਲਤਾਂ ਨੂੰ ਮੁੱਖ ਰੱਖ ਕੇ ਕੀ ਰੋਲ ਤੇ ਫਰਜ਼ ਰਿਹਾ ਹੈ ਤੇ ਹੁਣ ਹੈ?
ਲੇਖਕ ਇਸਤ੍ਰੀ ਹੀ ਨਹੀਂ ਲੇਖਕ ਮਰਦ ਵੀ ਇਨ੍ਹਾਂ ਹਾਲਤਾਂ ਵਿਚ ਪਾਠਕਾਂ ਨੂੰ ਸਮਾਜਕ ਪ੍ਰਸਥਿਤੀਆਂ ਤੋਂ ਜਾਣੂ ਕਰਵਾ ਕੇ ਕੁਝ ਨਾ ਕੁਝ ਰੋਲ ਆਦਾ ਕਰਦੇ ਹੀ ਰਹੇ ਹਨ ਤੇ ਕਰਦੇ ਵੀ ਰਹਿਣਗੇ ਪਰ ਮੁੱਖ ਕੰਮ ਇਨ੍ਹਾਂ ਪ੍ਰਸਿਥੀਆਂ ਨੂੰ ਬਦਲ ਕੇ ਨਵੀਂਆਂ ਪ੍ਰਸਥਿਤੀਆਂ ਸਿਰਜਣ ਦਾ ਹੈ। ਵਿਗਿਆਨਕ ਯੁਗ ਦੇ ਹਾਣੀ ਵਿਗਿਆਨਕ ਵਿਚਾਰਾਂ ਦੇ ਪਰਚਾਰ ਤੇ ਪਰਸਾਰ ਨਾਲ ਅੱਜ ਦੇ ਲੇਖਕ ਮਰਦ ਅਤੇ ਔਰਤ ਦੋਵੇ ਹੀ ਆਪਣਾ ਯੋਗਦਾਨ ਪਾ ਸਕਦੇ ਹਨ।
ਤੁਹਾਡੇ ਮੁਤਾਬਕ ਅੱਜ ਇਸਤ੍ਰੀ ਲੇਖਕ ਦੇ ਸਾਹਮਣੇ ਕਿਹੜੀਆਂ ਮੁਸ਼ਕਲਾਂ ਹਨ?
ਮੁਸ਼ਕਲਾਂ ਤਾਂ ਹਰ ਸਮੇਂ ਆਦਮੀ ਲੇਖਕਾਂ ਨੂੰ ਵੀ ਪੇਸ਼ ਆਉਂਦੀਆਂ ਹਨ ਪਰ ਇਸਤ੍ਰੀ ਨੂੰ ਇਸਤ੍ਰੀ ਹੋਣ ਕਰਕੇ ਕੁਝ ਵਧੇਰੇ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਾਹਿਤ ਲੇਖਕ ਦੇ ਅੰਦਰ ਦਾ ਸ਼ੀਸ਼ਾ ਹੁੰਦਾ ਹੈ ਤੇ ਸਤਿਯਮ ਉਹਦਾ ਬੁਨਿਆਦੀ ਗੁਣ। ਪਰ ਕੀ ਇਸਤ੍ਰੀ ਲੇਖਕ ਆਦਮੀ ਲੇਖਕ ਵਾਂਗ ਆਪਣੇ ਅੰਦਰ ਦੀ ਗੱਲ ਕਹਿ ਸਕਦੀ ਹੈ? ਆਪਣੇ ਬਾਰੇ ਤੇ ਆਪਣੇ ਚੌਗਿਰਦੇ ਬਾਰੇ ਜਿਸਤਰ੍ਹਾਂ ਖੁਲ੍ਹ ਕੇ ਆਦਮੀ ਗੱਲ ਕਰ ਸਕਦਾ ਹੈ ਜੇ ਐਨ ਉਸੇ ਤਰ੍ਹਾਂ ਇਸਤ੍ਰੀ ਲੇਖਕ ਕਰੇ ਤਾਂ ਉਹਦੇ ਖਿਲਾਫ ਧਰਮ ਤੇ ਸਮਾਜ ਦੇ ਠੇਕੇਦਾਰ ਤੁਫਾਨ ਖੜਾ ਕਰਨ ਤੱਕ ਜਾਂਦੇ ਹਨ।
ਇਸਤ੍ਰੀ ਲੇਖਕ ਨੇ ਜੇ ਸੱਚ ਮੁੱਚ ਲੇਖਕ ਬਣਨਾ ਹੈ ਤਾਂ ਉਹਨੂੰ ਮਰਦ ਲੇਖਕਾਂ ਵਾਂਗ ਬਹੁਤ ਕੁਝ ਦੇਖਣ ਪਰਖਣ ਸੁਣਨ ਤੇ ਸਮਝਣ ਦੀ ਲੋੜ ਹੁੰਦੀ ਹੈ। ਉਹਦੇ ਖੁਲ੍ਹ ਵਿਚਰਨ ਤੇ ਗੱਲ ਕਰਨ ਦਾ ਮਤਲਬ ਆਮ ਆਦਮੀ ਹੀ ਨਹੀਂ ਸਗੋਂ ਆਮ ਲੇਖਕ ਵੀ ਕੁਝ ਹੋਰ ਹੀ ਸਮਝ ਲੈਂਦੇ ਹਨ। ਜੇ ਜ਼ਰਾ ਖੁਲ੍ਹ ਕੇ ਗੱਲ ਕਰਦੀ ਹੈ ਤਾਂ ਮਰਦ ਲੇਖਕ ਉਹਨੂੰ ਵਰਤੋਂ ਦੀ ਚੀਜ਼ ਸਮਝ ਕੇ ਉਹਦੇ ਦੁਆਲੇ ਚੱਕਰ ਲਾਉਣੋ ਵੀ ਨਹੀਂ ਝਿਜਕਦੇ ਤੇ ਉਹਦੇ ਬਾਰੇ ਚਠਕਾਰੇ ਲੈ ਲੈ ਗੱਲਾਂ ਵੀ ਕਰਦੇ ਹਨ।
ਕੁਝ ਅਲੋਚਕ ਵੀ ਇਸਤ੍ਰੀ ਲੇਖਕਾ ਦੀ ਉਨਤੀ ਵਿਚ ਵਾਧਾ ਬਣ ਖਲੋਂਦੇ ਹਨ। ਉਹ ਦੀ ਖਾਹਮਖਾਹ ਚਾਅਪਲੋਸੀ ਕਰ ਕੇ ਜਾਂ ਫੇਰ ਜੇ ਉਹ ਉਨ੍ਹਾਂ ਦੀ ਪਰਵਾਹ ਨਹੀਂ ਕਰਦੀ ਤਾਂ ਉਹਦੀ ਖਾਹਮਖਾਹ ਨਿੰਦਾ ਕਰ ਕੇ ਉਹਦੀ ਕਲਾ ਕੌਸ਼ਲਤਾ ਨੂੰ ਨਕਾਰਨ ਦੀ ਕੋਸ਼ਿਸ਼ ਕਰਦੇ ਹਨ।
ਇਨਸਾਨ, ਈਮਾਨ ਤੇ ਸ਼ੈਤਾਨ ਸ਼ਬਦਾਂ ਦੀ ਆਪਸੀ ਸਾਂਝ ਕੀ ਹੈ?
ਇਨਸਾਨ ਈਮਾਨ ਤੇ ਸ਼ੈਤਾਨ ਵਿਚ ਸਵਾਏ ਅਨੁਪ੍ਰਾਸ ਦੇ ਹੋਰ ਕੋਈ ਸਾਂਝ ਨਹੀਂ ਦਿਸਦੀ । ਪਰ ਮਨੁੱਖੀ ਕਲਪਨਾ ਨੂੰ ਤਾਂ ਕੰਮ ਕਰਨੋ ਰੋਕਿਆ ਨਹੀਂ ਜਾ ਸਕਦਾ। ਉਸ ਅਨੁਸਾਰ ਸ਼ੈਤਾਨ ਇਨਸਾਨ ਦੇ ਈਮਾਨ ਦਾ ਵੈਰੀ ਹੈ। ਕਿਹਾ ਜਾਂਦਾ ਹੈ ਕਿ ਇਨਸਾਨ ਉਹੀ ਅਸਲ ਇਨਸਾਨ ਹੈ ਜਿਹਦਾ ਈਮਾਨ ਸ਼ੈਤਾਨ ਵੀ ਹਿਲਾ ਨਾ ਸਕੇ।
ਇਨਸਾਨ ਅਰਬੀ ਜ਼ਬਾਨ ਦਾ ਸ਼ਬਦ ਹੈ ਜਿਸ ਦੇ ਸਮਾਨਅਰਥੀ ਸ਼ਬਦ ਮਾਨਵ, ਮਨੁੱਖ, ਪੁਰਖ ਤੇ ਮਾਨਸ ਹਨ। ਈਮਾਨ ਵੀ ਅਰਬੀ ਜ਼ੁਬਾਨ ਦਾ ਸ਼ਬਦ ਹੈ। ਉੱਥੇ ਇਹ ਧਾਰਮਕ ਵਿਸ਼ਵਾਸ਼ ਲਈ ਵਰਤਿਆ ਜਾਂਦਾ ਹੈ। ਈਮਾਨ ਨੂੰ ਅਸੀਂ ਯਕੀਨ ਜਾਂ ਭਰੋਸੇ ਦੇ ਅਰਥਾਂ ਵਿਚ ਵੀ ਵਰਤਦੇ ਹਾਂ ।
ਸ਼ੈਤਾਨ ਯਹੂਦੀਆਂ ਈਸਾਈਆਂ ਤੇ ਮੁਸਲਮਾਨਾਂ ਦੇ ਅਕੀਦੇ ਅਨੁਸਾਰ ਉਹ ਫਰਿਸ਼ਤਾ ਸੀ ਜਿਹੜਾ ਰੱਬ ਦੇ ਹੁਕਮ ਤੋਂ ਬਾਗੀ ਹੋ ਗਿਆ ਸੀ ਤੇ ਇਸੇ ਕਾਰਣ ਹੁਣ ਤੱਕ ਵੀ ਇਨਸਾਨਾਂ ਨੂੰ ਕੁਰਾਹੇ ਪਾਉਣ ਦਾ ਕੰਮ ਕਰਦਾ ਹੈ। ਇਨ੍ਹਾਂ ਮੱਤਾਂ ਅਨੁਸਾਰ ਬੰਦਾ ਜੋ ਕੁਝ ਵੀ ਮਾੜਾ ਕਰਦਾ ਹੈ ਉਹ ਸ਼ੈਤਾਨ ਦਾ ਵਰਗਲਾਇਆ ਕਰਦਾ ਹੈ।
ਪਰ ਸਾਡੇ ਭਾਰਤੀ ਫਲਸਫੇ ਅਨੁਸਾਰ ਨਿਰਾਕਾਰ ਹੀ ਅਕਾਰ ਧਾਰਨ ਕਰਦਾ ਹੈ। ਉਹ ਹੀ ਹਰ ਚੰਗਿਆਈ ਦੇ ਵਿਰੋਧ ਵਿਚ ਬੁਰਾਈ ਪੈਦਾ ਕਰਦਾ ਹੈ। ਦੇਵਤੇ ਤੇ ਰਾਖਸ ਉਹਦੀ ਮਰਜ਼ੀ ਨਾਲ ਹੀ ਬਣੇ ਸਨ । ਚੰਗੇ ਜਾਂ ਮੰਦੇ ਸਾਰੇ ਉਹਦੇ ਹੁਕਮ ਅਨੁਸਾਰ ਚਲਦੇ ਹਨ।
ਪਰ ਵਿਗਿਆਨਕ ਮਤ ਅਨੁਸਾਰ ਪ੍ਰਕਿਰਤੀ ਦੇ ਵਿਰੋਧ ਵਿਕਾਸ਼ੀ ਗੁਣ ਦੇ ਕਾਰਨ ਹੀ ਸਭ ਕੁਝ ਹੁੰਦਾ ਤੇ ਵਾਪਰਦਾ ਹੈ ਅਰਥਾਤ ਕੁਦਰਤ ਵਿਚ ਜੋ ਕੁਝ ਵਾਪਰਦਾ ਹੈ ਉਹ ਪਦਾਰਥ ਦੇ ਸੰਜੋਗ ਵਿਯੋਗ ਦੇ ਗੁਣਾਂ ਕਾਰਨ ਹੀ ਵਾਪਰਦਾ ਹੈ। ਕੁਦਰਤ ਵਿਚ ਸੰਜੋਗ ਵਿਯੋਗ ਦਾ ਕਾਰਜ ਪਦਾਰਥ ਦੇ ਆਕਰਖ ਤੇ ਉਦਕਰਖ ਗੁਣਾਂ ਦੇ ਕਾਰਨ ਚਲਦਾ ਹੈ। ਉਪਤ ਖਪਤ ਦਾ ਚਕਰ ਪਦਾਰਥ ਦੇ ਇਨ੍ਹਾਂ ਗੁਣਾਂ ਤੇ ਹੀ ਨਿਰਭਰ ਹੈ। ਇਸ ਤੋਂ ਬਿਨਾ ਨਾ ਕੋਈ ਭਗਵਾਨ ਹੈ ਨਾ ਸ਼ੈਤਾਨ।
ਸ਼ੈਤਾਨ ਤੇ ਈਮਾਨ ਵੀ ਇਨਸਾਨ ਦੀ ਕਲਪਨਾ ਵਿਚੋਂ ਪੈਦਾ ਹੋਏ ਹਨ, ਹੋਰ ਕੁਝ ਨਹੀਂ।
ਕਵਿਤਾ ਅਤੇ ਅਲੋਚਨਾ ਦੇ ਖੇਤਰ ਵਿਚ ਅਹਿਮ ਹਸਤਾਖਰ ਹੋਣ ਦੇ ਨਾਤੇ ਹੁਣ ਤੱਕ ਕਿੰਨਾ ਕੁ ਅਨਕਿਹਾ ਰਹਿ ਗਿਆ ਹੈ?
ਅਹਿਮ ਹਸਤਾਖਰ ਹਾਂ ਕਿ ਨਹੀਂ, ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਮੈਂ ਤਾਂ ਇਸ ਕਥਨ ਦਾ ਵਿਸ਼ਵਾਸ਼ੀ ਰਿਹਾ ਹਾਂ:
“ਮੈਂ ਮੂਰਖ ਕੁਛ ਕਹਿਣ ਨਾ ਜਾਣਾ”
ਖੈਰ ਜਦ ਪੁੱਛ ਹੀ ਲਿਆ ਹੈ ਤਾਂ ਕੁਝ ਤਾਂ ਕਹਿਣਾ ਹੀ ਪਏਗਾ। ਅਲੋਚਨਾ ਦੇ ਮੈਦਾਨ ਵਿਚ ਸਾਹਿਤ ਦੇ ਅਰੰਭ ਤੇ ਵਿਕਾਸ਼ ਦੇ ਪੜਾਵਾਂ ਬਾਰੇ ਲਿਖਣ ਦੀ ਤਮੰਨਾ ਅਜੇ ਬਾਕੀ ਹੈ। ਕੁਝ ਆਪਣੇ ਪਸੰਦੀਦਾ ਲੇਖਕਾ ਬਾਰੇ ਲਿਖ ਨਹੀਂ ਸਕਿਆ, ਤਮੰਨਾ ਹੈ ਕਿ ਵਿਦਾਇਗੀ ਤੋਂ ਪਹਿਲਾਂ ਲਿਖ ਸਕਾਂ। ਬਹੁਤ ਕੁਝ ਅਨਕਿਹਾ ਪਿਆ ਹੈ। ਕਹਿ ਨਹੀਂ ਸਕਦਾ ਕਿੰਨਾ ਕੁ ਲਿਖ ਸਕਾਂਗਾ। ਇੱਕ ਨਾਵਲ, ਇੱਕ ਕਾਵਿ ਸੰਗ੍ਰਹਿ ਤੇ ਕੁਝ ਦਾਰਸ਼ਨਿਕ ਲੇਖ ਲਿਖ ਸਕਾਂ ਤਾਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਾਂਗਾ। ਦੇਖੋ! ਕਿੰਨ ਸਮਾਂ ਹੋਰ ਮਿਲਦਾ ਹੈ?
ਅਪਰੈਲ 2012 ਚ, ਭਾਰਤ ਦੇ ਇੱਕ ਵੱਡੇ ਪਾਰਕ ਵਿੱਚ ਰਾਖਿਆਂ ਦੀ ਅਣਗਹਿਲੀ ਕਾਰਣ ਬਹੁ-ਗਿਣਤੀ ‘ਚ ਹਿਰਨੀਆਂ ਜੋ ਗਰਭਵਤੀਆਂ ਸਨ ਜੰਗਲੀ ਕੁਤਿਆਂ ਨੇ ਮਾਰ ਦਿੱਤੀਆਂ ਤੇ ਕੁਝ ਗੰਭੀਰ ਜ਼ਖਮੀ ਕਰ ਦਿੱਤੀਆਂ, ਰਿਪੋਰਟਰ ਮੁਤਾਬਿਕ ਗਰਭਵਤੀ ਹੋਣ ਕਾਰਨ ਹਿਰਨੀਆਂ ਆਪਣੇ ਬਚਾਅ ਲਈ ਭੱਜ ਨਹੀਂ ਸਕੀਆਂ, ਮਾਹਿਰਾਂ ਦੇ ਮੁਆਇਨੇ ਮੁਤਾਬਿਕ ਕੁਝ ਹਿਰਨੀਆਂ ਸਦਮੇ ਕਾਰਣ ਹੀ ਮਰ ਗਈਆਂ। ਇਹ ਸਵਾਲ ਨਹੀਂ ਹੈ ਤੁਹਾਡੇ ਵਾਸਤੇ। ਬਸ ਐਨਾਂ ਦੱਸੋ ਕਿ 80 ਸਾਲ ਦੇ ਨਵੇਂ ਜਾਂ ਪੁਰਾਣੇ ਬੰਦੇ ਦਾ ਦਿਲ, ਦਿਮਾਗ, ਰੂਹ ਜਾਂ ਮਨ ਕਿਵੇਂ ਮਹਿਸੂਸ ਕਰ ਰਿਹੈ? ਇਹ ਪੜ੍ਹਨ ਤੋਂ ਬਾਅਦ, ਤੇ ਮੇਰੇ ਬਿਨਾਂ ਪੁਛਿਆਂ ਕੁਝ ਹੋਰ ਕਹਿਣ ਵਾਸਤੇ ਹੈ ਤਾਂ ਕਹੋ!
ਅਹਿਸਾਸ ਹੀ ਕਵਿਤਾ ਨੂੰ ਜਨਮ ਦਿੰਦੇ ਹਨ। ਇਸ ਘਟਨਾ ਦੇ ਅਹਿਸਾਸ ਹੇਠ ਬਹੁਤ ਹੀ ਖੂਬਸੂਤ ਕਵਿਤਾ ਲਿਖੀ ਜਾ ਸਕਦੀ ਹੈ। ਮੈਨੂੰ ਯਕੀਨ ਹੈ ਕਿ ਤੂੰ ਇਸ ਦੇ ਯੋਗ ਹੈਂ। ਅੱਜ ਜੋ ਕੁਝ ਸਾਡੇ ਦੇਸ ਵਿਚ ਇਸਤ੍ਰੀਆਂ ਨਾਲ ਹੋ ਰਿਹਾ ਹੈ ਉਸ ਸਭ ਕੁਝ ਨੂੰ ਹਰਨੀਆਂ ਦੇ ਪਰਤੀਕ ਨੂੰ ਵਰਤਕੇ ਬਹੁਤ ਹੀ ਉੱਚ ਪਾਏ ਦੀ ਕਵਿਤਾ ਲਿਖੀ ਜਾ ਸਕਦੀ ਹੈ।
ਇਹੋ ਜਿਹੀ ਘਿਨਾਉਣੀ ਵਾਰਦਾਤ ਜਦ ਪਹਿਲੀ ਵਾਰ ਸੁਣੀ ਪੜ੍ਹੀ ਜਾਂਦੀ ਹੈ ਤਾਂ ਅਹਿਸਾਸ ਦੀ ਸ਼ਿੱਦਤ ਵੀ ਇੰਤਹਾ ਦੀ ਹੁੰਦੀ ਹੇ ਪਰ ਜਦ ਅਜਿਹੀਆਂ ਵਾਰਦਾਤਾਂ ਨਿਤ ਹੋਵਣ ਤੇ ਪੜ੍ਹਨ ਸੁਣਨ ਵਿਚ ਆਉਣ ਤਾਂ ਉਨ੍ਹਾਂ ਦਾ ਅਸਰ ਘਟਦਾ ਜਾਂਦਾ ਹੈ। ਤੂੰ ਤਾਂ ਹਿਰਨੀਆਂ ਦੀ ਗੱਲ ਕੀਤੀ ਹੈ, ਸਾਡੇ ਦੇਸ ਦੀਆਂ ਅੱਖਬਾਰਾਂ ਵਿਚ ਤਾਂ ਨਿਤ ਅਵਾਰਾ ਕੁਤਿਆਂ ਦੇ ਛੋਟੇ ਛੋਟੇ ਬੱਚਿਆਂ ਤੇ ਇਕੱਲੇ ਦੁਕੱਲੇ ਅਪਾਹਜ ਬੰਦਿਆਂ ਨੂੰ ਘੇਰ ਕੇ ਚਬਾ ਜਾਣ ਦੀਆਂ ਖਬਰਾਂ ਨਿਤ ਛਪਦੀਆਂ ਰਹਿੰਦੀਆਂ ਹਰ। ਜੋ ਕੁਝ ਮਾਸੂਮ ਬੱਚੀਆਂ ਨਾਲ ਕੁੱਤਿਆ ਨਾਲੋਂ ਵੀ ਵਧੇਰੇ ਖੂਨਖਾਰ ਆਦਮੀ ਕਰਦੇ ਹਨ ਉਹ ਕੋਈ ਘਟ ਹਿਰਦੇਵੇਧਕ ਨਹੀਂ ਹੁੰਦਾ। ਚੰਗੇ ਭਲੇ ਦਿਸਦੇ ਧਰਮਾਂ ਦੇ ਪੈਰੋਕਾਰ ਮਾਪੇ ਜਦ ਆਪਣੀਆਂ ਹੀ ਬੱਚੀਆਂ ਨੂੰ ਕੁੱਖਾਂ ਵਿਚ ਹੀ ਕਤਲ ਕਰਦੇ ਹਨ ਤਾਂ ਨਾ ਕੋਈ ਧਰਮਾਂ ਦੇ ਗੁਰੂ .ਪੀਰ ਪਹੁੰਚਦੇ ਹਨ ਤੇ ਨਾ ਧਰਮਾਂ ਦੇ ਠੇਕੇਦਾਰ।
ਅਜਿਹੀਆਂ ਵਾਰਦਾਤਾਂ ‘ਤੇ ਹੰਝੂ ਵਹਾਇਆਂ ਕੁਝ ਨਹੀਂ ਬਣਨਾ। ਲੋੜ ਇਨ੍ਹਾਂ ਹੇਠ ਲੁਕੇ ਕਾਰਨਾਂ ਨੂੰ ਲਭਣ ਤੇ ਅਜਿਹਾ ਪ੍ਰਬੰਧ ਸਿਰਜਣ ਦੀ ਹੈ ਜਿਸ ਹੇਠ ਅਜਿਹਾ ਕੁਝ ਕਦੀ ਨਾ ਵਾਪਰੇ।
ਦਾਰਸ਼ਨਿਕ ਲੇਖਾਂ ਦੇ ਸੰਬੰਧ ਵਿਚ ਕਿਹੜੇ ਵਿਸ਼ੇ ਮਨ ਨੂੰ ਜ਼ਿਆਦਾ ਉਬਾਲ ਰਹੇ ਹਨ?
ਬ੍ਰਹਮੰਡ ਦੀ ਸਿਰਜਨਾ ਕਿਵੇਂ ਹੋਈ ? ਕਦ ਹੋਈ? ਕਿਸ ਨੇ ਕੀਤੀ? ਅਜਿਹੇ ਵਿਚਾਰ ਦਰਸ਼ਨ ਦੇ ਘੇਰੇ ਵਿਚ ਆਉਂਦੇ ਹਨ। ਇਹ ਵਿਚਾਰ ਉੰਨਾ ਚਿਰ ਹੀ ਦਰਸ਼ਨ ਹੁੰਦੇ ਹਨ ਜਦ ਤੱਕ ਇਨ੍ਹਾਂ ਨੂੰ ਨਿਰੀਖਸ਼ਣ ਜਾਂ ਤਜਰਬਿਆਂ ਦੁਆਰਾ ਸਹੀ ਨਹੀਂ ਸਾਬਤ ਕਰ ਦਿੱਤਾ ਜਾਂਦਾ। ਨਿਰੀਖਸ਼ਣ ਤੇ ਤਜਰਬੀਆਂ ਦੀ ਕਸਵਟੀ ਤੇ ਪੂਰੇ ਉਤਰਨ ਪਿਛੋਂ ਇਹ ਦਰਸ਼ਨ ਦੇ ਘੇਰੇ ਵਿਚੋਂ ਨਿਕਲ ਕੇ ਵਿਗਿਆਨ ਦੇ ਘੇਰੇ ਵਿਚ ਆ ਜਾਂਦੇ ਹਨ। ਅਜਿਹੇ ਵਿਚਾਰ ਸਦਾ ਮਨੁੱਖੀ ਮਨ ਵਿਚ ਉਠਦੇ ਰਹੇ ਹਨ ਤੇ ਉਠਦੇ ਰਹਿਣਗੇ। ਮੈਂ ਵੀ ਅਜਿਹੇ ਵਿਸ਼ਿਆ ਬਾਰੇ ਤੇ ਇਨ੍ਹਾਂ ਨਾਲ ਸੰਬੰਧਤ ਹੋਰ ਵਿਸ਼ਿਆਂ ਬਾਰੇ ਸੋਚਦਾ ਰਹਿੰਦਾ ਹਾਂ ਤੇ ਅਜਿਹੇ ਵਿਸ਼ਿਆਂ ਬਾਰੇ ਲਿਖਣ ਲਈ ਤਾਂਘਦਾ ਰਿਹਾ ਹਾਂ।
ਤੁਸੀਂ ਕਿਹੜੇ ਦਾਰਸ਼ਨਿਕਾਂ ਨੂੰ ਪੜ੍ਹਿਆ ਤੇ ਕਿੰਨਾ ਕੁ ਪ੍ਰਭਾਵਤ ਹੋਏ ਹੋ? ਕਿਹੜੀਆਂ ਬ੍ਰਹਿਮੰਡੀ ਨਿਆਮਤਾਂ ਨੂੰ ਤੁਸੀਂ ਨੇੜੇ ਹੋ ਕੇ ਦੇਖਣਾ ਚਾਹੁੰਦੇ ਹੋ? ਤੇ ਬ੍ਰਹਿਮੰਡ ਦੇ ਸੰਬੰਧ ‘ਚ ਤੁਹਾਡਾ ਆਪਣਾ ਫਲਸਫਾ ਕੀ ਹੈ?
ਪੜ੍ਹਿਆ ਕਿੰਨੇ ਕੁ ਦਾਰਸ਼ਨਿਕਾਂ ਨੂੰ ਹੈ? ਇਹ ਕਹਿਣਾ/ਦੱਸਣਾ ਤਾਂ ‘ਛੋਟਾ ਮੂੰਹ ਬੜੀ ਬਾਤ’ ਵਾਲੀ ਗੱਲ ਹੋਵੇਗੀ। ਉੰਝ ਇੰਨਾ ਕੁ ਹੀ ਕਹਿੰਦਾ ਹਾਂ ਕਿ ਕਪਿਲ ਦੇ ਸਾਂਖ ਸ਼ਾਸ਼ਤਰ, ਕਣਾਦ ਦੇ ਵਿਸ਼ੇਸ਼ਕ ਸ਼ਾਸ਼ਤਰ ਤੇ ਗੌਤਮ ਦੇ ਨਿਯਾਇ ਸ਼ਾਸ਼ਤਰ ਦੇ ਗਿਆਨ ਦਾ ਮੇਰੇ ਤੇ ਬਹੁਤ ਪ੍ਰਭਾਵ ਰਿਹਾ ਹੈ। ਉਪਨਿਸ਼ਦਾਂ ਦੇ ‘ਅਹੁੰ ਬ੍ਰਹਮ ਅਸਮੀ’ ਦਾ ਤਾਂ ਮੈਂ ਪੈਰੋਕਾਰ ਰਿਹਾ ਹਾਂ। ਦੇਵੀ ਪ੍ਰਸ਼ਾਦ ਚਟੋਪਾਧਯਾ ਦੀ ‘ਲੋਕਾਇਤ’ ਬਾਰੇ ਲਿਖੀ ਵੱਡ ਆਕਾਰੀ ਪੁਸਤੱਕ ਨੂੰ ਪੜ੍ਹ ਕੇ ਮੈਨੂੰ ਇਸ ਸ਼ਾਸ਼ਤਰ ਦੇ ਲੋਕ ਮੁਖੀ ਹੋਣ ਬਾਰੇ ਗਿਆਨ ਹੋਇਆ ਸੀ। ਗੀਤਾ ਦੇ ਕਰਮ ਸਿਧਾਂਤ ਦਾ ਵੀ ਮੇਰੇ ‘ਤੇ ਚੋਖਾ ਅਸਰ ਰਿਹਾ ਹੈ ਪਰ ਸਭ ਤੋਂ ਵੱਧ ਮਾਰਕਸ ਦੇ ‘ਦਵੰਦਵਾਦੀ ਪਦਾਰਥਵਾਦ’ ਦਾ ਮੇਰੇ ਖਿਆਲਾਂ ਤੇ ਪ੍ਰਭਾਵ ਹੈ। ਮੈਂ ਰਾਹੁਲ ਸਾਂਕ੍ਰਯਾਤਯਾਇਨ ਦੇ ‘ਦਰਸ਼ਨ ਦਿਗ ਦਰਸ਼ਨ’ ਦਾ ਨਿਠ ਕੇ ਅਧਿਅਨ ਕੀਤਾ ਹੈ। ਇਹ ਪੁਸਤਕ ਦੁਨੀਆ ਦੇ ਦਾਰਸ਼ਨਿਕ ਇਤਿਹਾਸ ਦਾ ਸਾਰ ਹੈ। ਗੁਰੂ ਨਾਨਕ ਦੇ ਦਰਸ਼ਨ ਨੂੰ ਪੜ੍ਹਦਾ ਸਮਝਦਾ ਤਾਂ ਮੈਂ ਜਵਾਨ ਹੋਇਆ ਸਾਂ। ਨਾਨਕ ਦਰਸ਼ਨ ਤੇ ਉਪਨਿਸ਼ਦਾਂ ਦਾ ਪ੍ਰਭਾਵ ਪ੍ਰਤਖ ਦਿਸਦਾ ਹੈ।
ਬ੍ਰਹਮੰਡਕ ਨਿਆਤਮਾਂ ਨੂੰ ਨੇੜੇ ਹੋ ਕੇ ਹੋਰ ਕਿੰਨਾ ਦੇਖਿਆ ਜਾ ਸਕਦਾ ਹੈ? ਮੇਰਾ ਸਰੀਰ ਮੇਰਾ ਆਪਣਾ ਆਪ, ਮੇਰਾ ਆਲਾ ਦੁਆਲਾ, ਬਨਸਪਤ, ਪਸੂ ਪੰਛੀ, ਧਰਤ ਅਕਾਸ਼, ਅੰਤ੍ਰਿਕਸ਼ ਸਭ ਕੁਝ ਬ੍ਰਹਿਮੰਡ ਦਾ ਹੀ ਤਾਂ ਅਨਿਖੜ ਅੰਗ ਹਨ। ਮੇਰੀ ਅੰਤਮ ਤਮੰਨਾ ਇਹ ਹੈ ਕਿ ਸਮੁੱਚਾ ਜੀਵਨ ਬ੍ਰਹਿਮੰਡਕ ਅਰਥਾਤ ਕੁਦਰਤ ਦੇ ਸਦੀਵੀ ਕਾਨੂੰਨ ਨਾਲ ਇੱਕ ਸੁਰ ਹੋ ਜਾਵੇ ਤਾਂ ਮਜ਼ਹਬਾਂ, ਮੁਲਕਾਂ, ਜਾਤਾਂ ਤੇ ਜਮਾਤਾਂ ਦੇ ਸਾਰੇ ਫਰਕ ਮਿਟ ਜਾਣਗੇ ਤੇ ਇਹ ਦੁਨੀਆ ਜੀਣ/ ਥੀਣ ਯੋਗ ਬਣ ਜਾਵੇਗੀ।
ਇਸ ਵੇਲੇ ਮੇਰਾ ਵਿਸ਼ਵਾਸ਼ ਇਹ ਹੈ ਕਿ ਸਮੁੱਚਾ ਬ੍ਰਹਿਮੰਡ ਇੱਕ ਇਕਾਈ ਹੈ। ਇਸ ਵਿਚ ਵਸਦੇ, ਵਿਚਰਦੇ ਸਾਰੇ ਜੀਵ ਅਜੀਵ ਇਕ ਦੂਜੇ ਨਾਲ ਜੁੜੇ ਹੋਏ ਹਨ ਤੇ ਅਨਿਖੜ ਹਨ। ਸੂਰਜ, ਚੰਦ, ਧਰਤੀ ਤੇ ਹੋਰ ਸਾਰਾ ਤਾਰਾ ਮੰਡਲ ਇਕ ਦੂਜੇ ਦੇ ਸਹਾਰੇ ਹੀ ਹੋਂਦ ਵਿਚ ਹਨ ਤੇ ਕੁਝ ਵੀ ਸਮੁੱਚ ਤੋਂ ਵੱਖ ਨਹੀਂ ਹੈ। ਛੋਟੇ ਤੋਂ ਛੋਟੇ ਕਣ ਦੀ ਹੋਂਦ ਵੀ ਸਮੁਚੇ ਬ੍ਰਹਿਮੰਡ ਦੇ ਸਹਾਰੇ ਹੈ। ਸਮੁਚੇ ਬ੍ਰਹਿਮੰਡ ਨੂੰ ਪਦਾਰਥ ਦੇ ਆਕਰਸ਼ ਤੇ ਉਦਕਰਖ ਗੁਣ ਹੀ ਇੱਕਸੁਰ ਰੱਖਦੇ ਹਨ। ਸਾਡਾ ਆਪਣਾ ਸਰੀਰ ਵੀ ਛੋਟੇ ਛੋਟੇ ਕਣਾਂ ਦਾ ਬਣਿਆ ਹੋਇਆ ਹੈ। ਇਨ੍ਹਾਂ ਕਣਾਂ ਦਾ ਆਪਸੀ ਆਕਰਸ਼ਣ ਇਨ੍ਹਾਂ ਨੂੰ ਇੱਕ ਦੂਜੇ ਦੇ ਨਾਲ ਜੋੜੀ ਰੱਖਦਾ ਹੇ ਤੇ ਉਦਕਰਸ਼ਣ ਇਨ੍ਹਾਂ ਨੂੰ ਇਕ ਦੂਜੇ ਵਿਚ ਸਮਾਅ ਜਾਣ ਤੋਂ ਰੋਕੀ ਰਖਦਾ ਹੈ। ਮੇਰਾ ਵਿਸ਼ਵਾਸ਼ ਹੈ ਕਿ ਮੇਰਾ ਸਰੀਰ ਵੀ ਉਨ੍ਹਾਂ ਤੱਤਾਂ ਦਾ ਹੀ ਬਣਿਆ ਹੋਇਆ ਜਿਨ੍ਹਾਂ ਤੋਂ ਸਮੁੱਚਾ ਬ੍ਰਹਿਮੰਡ ਬਣਿਆ ਹੈ। ਗੁਰਬਾਣੀ ਦੇ ‘ਜੋ ਬ੍ਰਹਿਮੰਡੈ ਸੋਈ ਪਿੰਡੈ’ ਦਾ ਐਨ ਇਹੀ ਅਰਥ ਹੈ।
(ੳ) ਤੁਸਾਂ ਕਿਹਾ ਹੈ ਕਿ ਨਾਨਕ ਦਰਸ਼ਨ ‘ਤੇ ਉਪਨਿਸ਼ਦਾਂ ਦਾ ਪ੍ਰਭਾਵ ਪ੍ਰਤਖ ਦਿਸਦਾ ਹੈ। ਇਸ ਦਿਸਦੇ ਪ੍ਰਭਾਵ ਬਾਰੇ ਵਿਸਥਾਰ ਵਿਚ ਦੱਸੋ। (ਅ) ਕਣਾਦ ਦੇ ਵਿਸ਼ੇਸ਼ਕ ਸ਼ਾਸ਼ਤਰ ਤੇ ਕਪਿਲ ਦੇ ਸਾਂਖ ਸ਼ਾਸ਼ਤਰ ਤੇ ਗੁਰੂ ਗਰੰਥ ਵਿਚਕਾਰ ਕੀ ਵਿਚਾਰਧਾਰਕ ਸਾਂਝ ਹੈ ਤੇ ਕੀ ਵਖਰੇਵਾਂ ਹੈ?
(ੳ) ਉਪਨਿਸ਼ਦ ਬ੍ਰਾਹਮਣਾਂ ਤੋਂ ਤੰਗ ਆਏ ਕੁਸ਼ਤਰੀਆਂ ਦੇ ਦਿਮਾਗ ਦੀ ਪੈਦਾਵਾਰ ਸਨ। ਬ੍ਰਾਹਮਣਾਂ ਕੁਸ਼ਤਰੀਆਂ ਵਿਚ ਜਮਾਤੀ ਟੱਕਰ ਰਿਗ ਵੇਦ ਦੇ ਸਮੇਂ ਤੋਂ ਹੀ ਚਲਦੀ ਆ ਰਹੀ ਸੀ। ਜਦ ਬ੍ਰਾਹਮਣੀ ਕਰਮ ਕਾਡਾਂ ਤੇ ਲੰਮਾਂ ਸਮਾਂ ਚਲਣ ਵਾਲੇ ਯਗ ਅਨੁਸ਼ਠਾਨਾਂ ਵਿਚ ਬ੍ਰਾਹਮਣਾਂ ਹੱਥੋਂ ਹੋ ਰਹੀ ਅੰਨ੍ਹੀ ਲੁੱਟ ਤੋਂ ਕੁਸ਼ਤਰੀ ਤੰਗ ਆ ਗਏ ਤਾਂ ਉਨ੍ਹਾਂ ਨੇ ਬ੍ਰਾਹਮਣਾਂ ਦੇ ਯਗ ਅਨੁਸ਼ਠਾਨਾਂ ਦੀ ਸਮਗਰੀ ਦੇ ਭੁੱਖੇ ਦੇਵੀ ਦੇਵਤਿਆਂ ਦੇ ਵਿਰੋਧ ਵਿਚ ਨਿਰਾਕਾਰ ਅਮੂਰਤ ਬ੍ਰਹਮ ਦੀ ਕਲਪਨਾ ਕੀਤੀ। ਅਸ਼ਵਪਤੀ, ਪ੍ਰਵਹਣ ਜਵਾਲਿ, ਅਜਾਤਾਸ਼ਤਰੂ ਤੇ ਜਨਕ ਸਾਰੇ ਕੁਸ਼ਤਰੀ ਸਨ ਤੇ ਅਮੂਰਤ ਬ੍ਰਹਮ ਦਾ ਪਰਚਾਰ ਕਰਦੇ ਸਨ। ਕਿਉਂਕਿ ਅਮੂਰਤ ਬ੍ਰਹਮ ਸਰੀਰ ਰਹਿਤ ਸੀ ਇਸ ਲਈ ਉਹਨੂੰ ਭੁਖ ਵੀ ਨਹੀਂ ਲਗ ਸਕਦੀ ਸੀ ਤੇ ਉਹਨੂੰ ਯਗ ਅਨੁਸਠਾਨਾਂ ਵਿਚ ਵਰਤੀ ਜਾਂਦੀ ਸਮਗਰੀ ਦੀ ਲੋੜ ਨਹੀਂ ਸੀ।
ਉਪਨਿਸ਼ਦਾਂ ਦੇ ਕਥਨ ‘ਅਹੁਮ ਬ੍ਰਹਮ ਅਸਮੀ’ ਅਰਥਾਤ ਮੈਂ ਬ੍ਰਹਮ ਹਾਂ’ ਤੇ ਛਾਂਦੋਗਿਯ ਉਪਨਿਸ਼ਦ ਦਾ ਕਥਨ ਹੈ-‘ਏਕਮੇਵਾਦ੍ਵਿਤੀਯੰ’’ ਅਰਥਾਤ ਬ੍ਰਹਮ ਇੱਕ ਹੈ, ਉਸਤੋਂ ਬਿਨਾ ਹੋਰ ਕੁਝ ਵੀ ਨਹੀਂ, ਇਸੇ ਅਮੂਰਤ ਬ੍ਰਹਮ ਦੀ ਗੱਲ ਕਰਦੇ ਹਨ। ਬ੍ਰਹਮ ਕੀ ਹੈ? ਪ੍ਰਸ਼ਨ ਦੇ ਉੱਤਰ ਵਿਚ ਤੈੱਤਿਰੀਯ ਉਪਨਿਸ਼ਦ ਦਾ ਕਥਨ ਹੈ:- ‘ਉਹ ਜਿਸ ਵਿਚੋਂ ਭੂਤ ਜਾਂ ਪ੍ਰਾਣੀ ਪੈਦਾ ਹੁੰਦੇ ਹਨ, ਜਿਸ ਦੇ ਅਧਾਰ ਤੇ ਜੀਂਦੇ ਹਨ ਤੇ ਅੰਤ ਵਿਚ ਜਿਸ ਵਿਚ ਸਮਾਅ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਦੀ ਰਚਨਾ ‘ਅਕਾਲ ਉਸਤਤ’ ਵਿਚ ‘ਤਾਹੀ ਤੇ ਉਪਜ ਸਭੈ ਤਾਹੀ ਮਹਿੰ ਸਮਾਹਿੰਗੇ’ ਦਾ ਕਥਨ ਐਨ ਇਸੇ ਸ਼ਲੋਕ ਦਾ ਇੱਕ ਰੂਪ ਹੈ। ਨਾਨਕ ਬਾਣੀ ਵਿਚ ਇਨ੍ਹਾਂ ਕਥਨਾਂ ਦਾ ਝਲਕਾਰਾ ਸਪਸ਼ਟ ਨਜ਼ਰ ਆਉਂਦਾ ਹੈ। ਗੁਰੂ ਨਾਨਕ ਦਾ ਮੂਲ ਮੰਤਰ ਉਸੇ ਨਿਰਾਕਾਰ ਅਮੂਰਤ ਬ੍ਰਹਮ ਦੀ ਪ੍ਰੀਭਾਸ਼ਾ ਪੇਸ਼ ਕਰਦਾ ਹੈ। ਬ੍ਰਹਮ ਇਕ ਹੈ, ਸਤਿ ਹੈ, ਕਰਤਾ ਹੈ, ਨਿਰਵੈਰ ਹੈ ਨਿਰਭਉ ਹੈ, ਨਾ ਜੰਮਦਾ ਹੈ ਨਾ ਮਰਦਾ ਹੈ। ਉਹ ਕੁਦਰਤ ਵਿਚ ਆਪ ਹੀ ਵਸਿਆ ਹੋਇਆ ਹੈ:-
ਬਲਿਹਾਰੀ ਕੁਦਰਤ ਵਸਿਆ
ਤੇਰਾ ਅੰਤ ਨਾ ਜਾਈ ਲਖਿਆ— ਰਹਿਰਾਸ ਮਹਲਾ ੧
ਉਹ ਆਪ ਹੀ ਤ੍ਰੈਭਵਨ(ਧਰਤ ਆਕਾਸ਼ ਪਾਤਾਲ) ਵਿਚ ਸਮਾਇਆ ਹੋਇਆ ਹੈ:-
ਓਨਮ ਅੱਖਰ ਤ੍ਰੈ ਭਵਨ ਸਾਰ——ਸਿਧ ਗੋਸ਼ਟਿ ਮਹਲਾ ੧
ਸਾਰੇ ਜੀਵਾਂ ਅਜੀਵਾਂ ਵਿਚ ਉਹ ਆਪ ਹੀ ਹੈ:-
ਸਭਿ ਮਹਿ ਜੋਤਿ ਜੋਤਿ ਹੈ ਸੋਏ—– ਰਾਗ ਧਨਾਸਰੀ ਮਹਲਾ ੧
ਉਸ ਅਮੂਰਤ ਬ੍ਰਹਮ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ:-
‘ਮੰਦਾ ਕਿਸਨੂੰ ਆਖੀਐ ਜਾਂ ਸਭ ਮਹਿੰ ਸੱਚਾ ਸੋਇ
‘ਨਾ ਕੋ ਵੈਰੀ ਨਾਹਿੰ ਬਿਗਾਨਾ
ਸਗਲ ਸਮ ਹਮ ਕੋ ਬਨ ਆਈ’
ਭਗਵਦ ਗੀਤਾ ਵੀ ਉਪਨਿਸ਼ਦ ਹੀ ਹੈ। ਗੀਤਾ ਵਿਚ ਭਗਵਾਨ ਦੇ ਮੂੰਹੋ ਕਹਾਇਆ ਗਿਆ ਹੈ:-
‘ਹਾਥੀ ਵੀ ਮੈਂ ਹਾਂ ਤੇ ਮੁਹਾਬਤ ਵੀ ਮੈਂ ਹੀ ਹਾਂ। ਕੁੱਤਾ ਵੀ
ਮੈਂ ਹਾਂ ਤੇ ਕੁੱਤੇ ਨੂੰ ਖਾ ਜਾਣ ਵਾਲਾ ਚੰਡਾਲ ਵੀ ਮੈਂ ਹੀ ਹਾਂ’
(ਅ.) ਕਪਿਲ ਦੇ ਸਾਂਖ ਸ਼ਾਸ਼ਤਰ, ਭਾਰਦ੍ਵਾਜ (ਕਣਾਦ) ਦੇ ਵਿਸ਼ੇਸ਼ਕ ਸ਼ਾਸ਼ਤਰ ਤੇ ਗੋਤਮ ਦੇ ਨਿਆਇ ਸ਼ਾਸ਼ਤਰ ਦਾ ਕਈ ਕੁਝ ਗੁਰੂ ਗ੍ਰੰਥ ਨਾਲ ਮਿਲਦਾ ਹੈ। ਸਾਂਖ ਜੀਵਨ ਦੀ ਉਤਪਤੀ ਦਾ ਕਾਰਨ ਪੁਰਸ਼ ਤੇ ਪ੍ਰਕਿਰਤੀ ਦਾ ਮੇਲ ਦਸਦਾ ਹੈ। ਇਹ ਵਿਚਾਰ ਗੁਰੂ ਗ੍ਰੰਥ ਨਾਲ ਮੇਲ ਖਾਂਦਾ ਹੈ। ਪੁਰਸ਼ ਉਹੀ ਹੈ ਜਿਸਨੂੰ ਗੁਰੂ ਨਾਨਕ ਨੇ ਪੁਰਖ ਕਿਹਾ ਹੈ। ਇਹੀ ਪੁਰਖ ਉਦੋਂ ਕਰਤਾਪੁਰਖ ਹੁੰਦਾ ਹੈ ਜਦੋਂ ਇਹ ਪ੍ਰਕਿਰਤੀ ਅਰਥਾਤ ਕੁਦਰਤ ਵਿਚ ਮਿਲ ਕੇ ਉਸ ਵਿਚ ਜੀਵਨ ਪੈਦਾ ਕਰ ਦਿੰਦਾ ਹੈ।
‘ਏਕਾ ਮਾਈ ਜੁਗਤ ਬਿਆਈ ਤਿੰਨ ਚੇਲੇ ਪਰਵਾਣੁ
ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਵੈ ਦੀਵਾਨੁ —ਜਪੁਜੀ
ਇਸ ਤੁੱਕ ਵਿਚ ਏਕਾ ਮਾਈ ਪ੍ਰਕਿਰਤੀ ਹੈ। ਪ੍ਰਕਿਰਤੀ ਜੁਗਤ(ਪੁਰਖ ਦੇ ਮੇਲ) ਨਾਲ ਗਰਭਤੀ ਹੋ ਜਾਂਦੀ ਹੈ ਤਾ ਜੀਵਨ ਦਾ ਅਰੰਭ ਹੋ ਜਾਂਦਾ ਹੈ। ਜੀਵ ਵਿਚ ਤਿੰਨ ਗੁਣ ਹੁੰਦੇ ਹਨ:-ਸੰਸਾਰੀ(ਬੱਚੇ ਪੈਦਾ ਕਰਨੇ}, ਭੰਡਾਰੀ(ਖੁਰਾਕ ਲੱਭਣੀ) ਤੇ ਦੀਬਾਣਿ ਅਰਥਾਤ ਚੰਗੇ ਮੰਦੇ ਦੀ ਸੋਚ।
ਨਿਯਾਇ ਸ਼ਾਸ਼ਤਰ ਕਾਰਜ ਤੇ ਕਾਰਣ ਦੀ ਏਕਤਾ ‘ਤੇ ‘ਜ਼ੋਰ ਦਿੰਦਾ ਹੈ ਭਾਵ ਹਰ ਕਾਰਜ ਦਾ ਕੋਈ ਕਾਰਨ ਅਵੱਸ਼ ਹੁੰਦਾ ਹੈ ਤੇ ਕਾਰਨ ਦੇ ਪੈਦਾ ਹੋਣ ਨਾਲ ਹੀ ਕਾਰਜ ਹੋਂਦ ਵਿਚ ਆਉਂਦਾ ਹੈ। ਇਹ ਕਾਰਜ ਤੇ ਕਾਰਨ ਦੀ ਏਕਤਾ ਦਾ ਖਿਆਲ ਗੁਰੂ ਗ੍ਰੰਥ ਵਿਚ ਵੀ ਦੇਖਿਆ ਜਾ ਸਕਦਾ ਹੈ। ਜ਼ਰਾ ਗੁਰਬਾਣੀ ਦੀਆਂ ਇਹ ਤੁੱਕਾਂ ਪੜ੍ਹੋ:
‘ਜੇਹਾ ਬੀਜੈ ਸੋ ਲੁਣੇ ਕਰਮਾਂ ਸੰਦੜਾ ਖੇਤ’
‘ਲੋੜੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ
ਹੰਢੈ ਉਨ ਕਤਾਇਾ ਪਹਿੰਦਾ ਲੋੜੈ ਪੱਟ’
ਇਹੀ ਤਾਂ ਹੈ ਕਰਮ ਅਤੇ ਕਾਰਣ ਦੀ ਏਕਤਾ ਦਾ ਸਿਧਾਂਤ।
ਵਿਸ਼ੇਸ਼ਕ ਸ਼ਾਸ਼ਤਰ ਵਾਲੇ ਭਾਰਦ੍ਵਾਜ ਨੂੰ ਕਣਾਦਿ ਇਸ ਲਈ ਕਹਿੰਦੇ ਸਨ ਕਿਉਂਕਿ ਉਹ ਸ੍ਰਿਸ਼ਟੀ ਦੀ ਰਚਨਾ ਕਣਾਂ ਅਰਥਾਤ ਪ੍ਰਮਾਣੂਆਂ ਤੋਂ ਹੋਈ ਮੰਨਦਾ ਸੀ। ਉਹਦੇ ਕਹਿਣ ਅਨੁਸਾਰ ਕਣ ਪਦਾਰਥ ਦਾ ਉਹ ਛੋਟੇ ਤੋਂ ਛੋਟਾ ਰੂਪ ਹੁੰਦਾ ਹੈ ਜਿਸਨੂੰ ਹੋਰ ਵੰਡਿਆ ਨਾ ਜਾ ਸਕੇ। ਕੁਲ ਕਾਇਨਾਤ ਇਨ੍ਹਾਂ ਕਣਾਂ ਦਾ ਹੀ ਜੋੜ ਫਲ ਹੈ। ਇਹ ਕਣ ਜਾਂ ਐਟਮ ਆਪ ਵੀ ਉਹੀ ਕੁਝ ਹੁੰਦਾ ਹੈ ਜਿਸ ਤੋਂ ਸਾਰੀ ਕਾਇਨਾਤ ਬਣੀ ਹੋਈ ਹੁੰਦੀ ਹੈ। ਗੁਰਬਾਣੀ ਦੇ
‘ਜੋ ਬ੍ਰਹਿਮੰਡੈ ਸੋਈ ਪਿੰਡੈ’
ਜਾਂ
‘ਘਟ ਘਟ ਮੈਂ ਹਰਿ ਜੂ ਵਸੈ ਸੰਤਨ ਕਹਿਓ ਪੁਕਾਰ’
ਦਾ ਇਹੀ ਤਾਂ ਅਰਥ ਹੈ।
ਗੁਰਬਾਣੀ ਅਤੇ ਇਨ੍ਹਾਂ ਸ਼ਾਸ਼ਤਰਾਂ ਦੀ ਸਾਂਝ ਇਥੇ ਹੀ ਖਤਮ ਹੋ ਜਾਂਦੀ। ਇਹ ਤਿੰਨੇ ਸ਼ਾਸ਼ਤਰ ਅਨਈਸ਼ਵਰਵਾਦੀ ਹਨ। ਇਸ ਸਭ ਕੁਝ ਨੂੰ ਇਹ ਸ੍ਵਯਮ ਮੰਨਦੇ ਨ। ਇਂਨਾਂ ਦੇ ਪਿੱਛੇ ਕਿਸੇ ਹੋਰ ਸ਼ਕਤੀ ਤੋਂ ਉਹ ਇਨਕਾਰੀ ਹਨ ਜਾਂ ਇਸ ਬਾਰੇ ਚੁੱਪ ਹਨ ਪਰ ਗੁਰਬਾਣੀ ਈਸ਼ਵਰਵਾਦੀ ਹੈ ਭਾਵੇਂ ਇਹ ਉਪਨਿਸ਼ਦਾਂ ਵਾਂਗ ਈਸ਼ਵਰ ਜਾਂ ਬ੍ਰਹਮ ਨੂੰ ਅਮੂਰਤ ਜਾਂ ਨਿਰਾਕਾਰ ਮੰਨਦੀ ਹੈ ਤੇ ਇਸ ਬ੍ਰਹਮ ਨੂੰ ਹਰ ਜੀਵ ਹਰ ਵਸਤ ਵਿਚ ਸਮਾਇਆ ਮੰਨਦੀ ਹੈ। ਇਸ ਲਈ ਉਹ ਬ੍ਰਹਮ ਦੀ ਭਗਤੀ ਨੂੰ ਸਰਬ ਜੀਵਾਂ ਦੇ ਭਲੇ ਤੇ ਸੇਵਾ ਵਿਚ ਦੇਖਦੀ ਹੈ। ਗੁਰਬਾਣੀ ਇਸੇ ਕਾਰਣ ਸ਼ਾਸ਼ਤਰਾਂ ਨਾਲੋਂ ਵਧੇਰੇ ਲੋਕ ਮੁਖੀ ਹੈ।
ਦੇਵੀ ਪ੍ਰਸ਼ਾਦ ਚਟੋਪਾਧਯਾ ਦੀ ‘ਲੋਕਾਯਤ’ ਦੀ ਵਿਸ਼ੋਸ਼ਤਾ ਬਾਰੇ ਥੋੜਾ ਹੋਰ ਵਿਸਥਾਰ ਨਾਲ ਦੱਸੋ! ਰਾਹੁਲ ਸਾਂਕ੍ਰਤਯਾਇਨ ਦੇ ‘ਦਰਸ਼ਨ ਦਿਗ ਦਰਸ਼ਨ’ ਦਾ ਸਾਰ ਅੰਸ਼ ਕੀ ਹੌ?
‘ਜੋ ਬ੍ਰਹਿਮੰਡੈ ਸੋਈ ਪਿੰਡੈ’ ਦੀ ਸਮਝ ਰੱਖਣ ਵਾਲੇ ਵੀ ਜੀਵਨ ਬੇ-ਅਰਥ ਵਿਹਾਉਂਦੋ ਵੋਖੇ ਨੋ । ਸਰੀਰ ਤੋ ਪਦਾਰਥ ਤੋਂ ਅੱਗੋ ਦਾ ਅਨੁਭਵ ਸਾਂਝਾ ਕਰੋ।
ਉੱਤਰ:- ਰਾਹੁਲ ਸਾਂਕ੍ਰਤਯਾਇਨ (੧੮੯੩-੧੯੬੩) ਤੇ ਦੇਵੀ ਪ੍ਰਸ਼ਾਦ ਚਟੋਪਾਧੀਯਾ (੧੯੧੯-੧੯੯੩) ਦੋਵੇਂ ਹੀ ਵੇਦਾਂ ਸ਼ਾਂਸ਼ਤਰਾਂ ਤੇ ਸੰਸਕ੍ਰਿਤ ਸਾਹਿਤ ਦੇ ਮਹਾਂ ਪੰਡਤ ਸਨ ਤੇ ਦੋਵੇਂ ਹੀ ਮਾਰਕਸਵਾਦੀ ਸਨ।
ਦੇਵੀ ਪ੍ਰਸ਼ਾਦ ਨੇ ਭਾਰਤੀ ਦਰਸ਼ਨ ਵਿਚ ਭੌਤਕਵਾਦ ਬਾਰੇ ਡੂੰਘੀ ਖੋਜ ਕੀਤੀ ਤੇ ‘ਲੋਕਾਇਤ’ ਨਾਉਂ ਦੀ ਲੱਗ ਪੱਗ ੫੦੦ ਸਫੇ ਦੀ ਖੋਜ ਪੁਸਤਕ ਲਿਖੀ ਹੈ। ਇਸ ਪੁਸਤਕ ਵਿਚ ਛੇ ਸ਼ਾਸ਼ਤਰਾਂ ਤੇ ਉਪਨਿਸ਼ਦਾਂ ਦੀ ਪੁਣ ਛਾਣ ਕਰ ਕੇ ਉਸ ਸਮੇਂ ਦੇ ਭੌਤਕਵਾਦੀ ਦਰਸ਼ਨ ਦੀ ਖੋਜ ਪੇਸ਼ ਕੀਤੀ ਹੈ।
ਰਾਹੁਲ ਸ਼ੰਕਰਾਤਾਯਨ ਸੰਸਕ੍ਰਿਤ, ਪਾਲੀ ਅਤੇ ਅਨੇਕਾਂ ਹੋਰ ਸਨਾਤਨੀ ਬੋਲੀਆਂ ਤੇ ਸਾਹਿਤ ਦਾ ਮਹਾਪੰਡਤ ਸੀ। ਉਹ ਬਚਪਨ ਤੋਂ ਹੀ ਬਾਗ਼ੀ ਤੇ ਘੁਮੱਕੜ ਕਿਸਮ ਦਾ ਬੰਦਾ ਸੀ। ਸਨਾਤਨੀ ਹਿੰਦੂ ਘਰ ਵਿਚ ਜੰਮਿਆ ਪਲਿਆ ਤੇ ਆਪਣੀ ਖੋਜੀ ਬਿਰਤੀ ਅਨੁਸਾਰ ਹੀ ਤੁਰਦਾ ਹੋਇਆ ਇਸ ਧਰਮ ਦੇ ਬੰਧਨਾਂ ਤੋਂ ਮੁਕਤ ਹੋ ਕੇ ਆਪਣੇ ਖਿਆਲਾਂ ਦੇ ਵਿਕਾਸ਼ ਦੇ ਨਾਲ ਨਾਲ ਤੁਰਦਾ ਬੋਧੀ ਬਣ ਗਿਆ। ਪੁਰਾਣੇ ਬੋਧੀ ਸਾਹਿਤ ਦੀ ਖੋਜ ਕਰਦਾ ਕਰਦਾ ਅਨੇਕਾਂ ਸਥਾਨਾਂ ਤੋਂ ਵਿਚਰਦਾ ਹੋਇਆ ਉਹ ਤਿੱਬਤ ਵਿਚ ਵੀ ਜਾ ਪੁਜਾ ਤੇ ਉੱਥੋਂ ਉਹਨੇ ਬੁੱਧ ਬਾਰੇ ਅਨੇਕਾਂ ਹੱਥ ਲਿਖਤਾਂ ਇਕੱਠੀਆਂ ਕੀਤੀਆ ਤੇ ਅੰਤ ਵਿਚ ਉਹਨੇ ਮਾਰਕਸਵਾਦੀ ਦਰਸ਼ਨ ਨੂੰ ਘੋਖਿਆ ਤੇ ਅਪਣਾ ਲਿਆ।
ਉਹ ਬਹੁ-ਭਾਸ਼ੀ ਸੀ। ਉਹ ਜਰਮਨ, ਫਰੈਂਚ, ਇੰਗਲਿਸ਼, ਅਰਬੀ, ਫਾਰਸੀ ਤੇ ਸੰਸਕ੍ਰਿਤ ਬੋਲ ਵੀ ਸਕਦਾ ਸੀ ਤੇ ਲਿਖ ਵੀ ਸਕਦਾ ਸੀ। ਉਹਨੇ ਸਫਰਨਾਮੇ, ਕਹਾਣੀਆਂ, ਨਾਵਲ, ਜੀਵਨੀਆਂ ਹੀ ਨਹੀਂ ਲਿਖੇ ਬਲਕਿ ਉਹਨੇ ਅਨੇਕਾਂ ਭਾਸ਼ਾਵਾਂ ਬਾਰੇ ਵੀ ਲਿਖਿਆ।
ਉਹਦੀ ਪੁਸਤਕ ‘ਦਰਸ਼ਨ ਦਿਗਦਰਸ਼ਨ’ ਪੱਛਮੀ ਤੇ ਪੂਰਬੀ ਦੁਨੀਆਂ ਦੇ ਸਾਰੇ ਦਰਸ਼ਨਾਂ ਦਾ ਨਿਚੋੜ ਪੇਸ਼ ਕਰਦੀ ਹੈ। ਇਸਦੇ ਨਾਲ ਹੀ ਉਹਨੇ ਇਨ੍ਹਾਂ ਦਰਸ਼ਨਾਂ ਦੇ ਆਪਸੀ ਨਿਖੇੜ ਤੇ ਮੇਲ ਤੇ ਵੀ ਖੁਲ੍ਹ ਕੇ ਵਿਚਾਰ ਕੀਤੀ ਹੈ। ਉਹਦਾ ਖਿਆਲ ਹੈ ਕਿ ਕੋਈ ਵੀ ਦਰਸ਼ਨ ਦੂਜੇ ਦਰਸ਼ਨਾਂ ਦੇ ਪ੍ਰਭਾਵ ਤੋਂ ਬਚਿਆ ਹੋਇਆ ਨਹੀਂ ਹੁੰਦਾ। ਉਹ ਦਰਸ਼ਨ ਇਤਿਹਾਸ ਵਿਚ ਦੀ ਨਿਰੰਤਰਾ ਤੇ ਵਿਕਾਸ਼ ਨੂੰ ਦੇਖਦਾ ਹੈ।
‘ਜੋ ਬ੍ਰਹਿਮੰਡੈ ਸੋਈ ਪਿੰਡੈ’ ਇੱਕ ਖਿਆਲ ਸੀ। ਗੁਰੂਆਂ ਦੀ ਸੁਹਿਰਦ ਕਾਮਨਾ ਸੀ ਕਿ ਉਨ੍ਹਾਂ ਦੇ ਸਿੱਖ ਆਪਣੇ ਆਪ ਦੇ ਅੰਦਰ ਤੇ ਹੋਰ ਜੀਵਾਂ ਅੰਦਰ ਏਕੋ ਬ੍ਰਹਮ ਨੁੰ ਦੇਖਣ ਤੇ ਭਿੰਨ ਭੇਦਾ ਨੂੰ ਭੁਲ ਜਾਣ। ਇਹ ਸ਼ੁਭ ਕਾਮਨਾ ਤਾਂ ਸੀ ਪਰ ਉਸ ਸਮੇਂ ਦੇ ਸਮਾਜਕ ਆਰਥਕ ਪ੍ਰਬੰਧ ਵਿਚ ਇਹ ਸੰਭਵ ਨਹੀਂ ਸੀ।
ਮੇਰੇ ਖਿਆਲ ਅਨੁਸਾਰ ਬ੍ਰਹਿਮੰਡ ਹੀ ਸਭ ਕੁਝ ਹੈ ਤੇ ਇਹ ਅਵੰਡ ਹੈ, ਇਹ ਇੱਕ ਹੈ ਤੇ ਜੋ ਕੁਝ ਵੀ ਅਨੇਕ ਦਿਸਦਾ ਹੈ, ਉਹ ਸਭ ਕੁਝ ਆਪਸ ਵਿਚ ਜੁੜਿਆ ਹੋਇਆ।
‘ਜੋ ਬ੍ਰਹਿਮੰਡੈ ਸੋਈ ਪਿੰਡੈ’ ਦਾ ਅਰਥ ਇਹ ਵੀ ਤਾਂ ਹੈ ਕਿ ਸਾਡਾ ਸਰੀਰ ਉਸੇ ਪਦਾਰਥ ਤੋਂ ਬਣਿਆ ਹੋਇਆ ਹੈ ਜਿਸ ਤੋਂ ਬ੍ਰਹਿਮੰਡ’।
ਇੰਗਲੈਂਡ ਦੀ ਮਹਾਰਾਣੀ ਦੇ ਰਾਜ ਗੱਦੀ ਤੇ ਬੈਠਣ ਦੀ 60 ਵੀਂ ਵਰੇਗੰਢ (ਡਾਇਮੰਡ ਜੁਬਲੀ) ਪਿੱਛੇ ਜਹੇ ਮਨਾਈ ਗਈ ਸੀ ਜਿਸਦਾ ਜਸ਼ਨ ਚਾਰ ਦਿਨ ਚਲਦਾ ਰਿਹਾ ਸੀ। ਸਾਰੇ ਦੇਸ਼ ਦਾ ਮਹੌਲ ਪਹਿਲਾਂ ਵਾਂਗ ਹੀ ਖੁਸ਼ਗਵਾਰ ਸੀ ਤੇ ਇਹ ਵਰ੍ਹੇ-ਗੰਢ ਬੜੀ ਧੂਮ ਧਾਮ ਨਾਲ ਮਨਾਈ ਗਈ। ਉਪਰ ਲਿਖਿਆ ਸਭ ਕੁਝ ਵੇਖਦੇ ਹੋਏ ਓਸ ਭਾਰਤੀ ਪੰਜਾਬੀ ਇਨਸਾਨ ਦੇ ਮਨ ‘ਚ ਕੀ ਖਿਆਲ ਉੱਠ ਸਕਦੇ ਨੇ ਜਿਸਨੂੰ ਇਤਿਹਾਸ ਦਾ ਕੁਝ ਗਿਆਨ ਵੀ ਹੋਵੇ ਤੇ ਗੈਰਤ ਵੀ ਸੋਚ ਦਾ ਹਿੱਸਾ ਹੋਵੇ। ਇੱਕ ਆਮ ਆਇਰਿਸ਼ ਬੰਦਾ ਖੁੱਦ ਨੂੰ ਇਸ ਸਭ ਦਾ ਹਿੱਸਾ ਕਿਸ ਪੱਖ ਤੋਂ ਬਣਾਏਗਾ?
ਇਹੋ ਜਹੇ ਜਸ਼ਨ ਆਪਣੀ ਸਾਮਰਾਜੀ ਹੈਂਕੜ ਦੇ ਅਤੀਤ ਦੀ ਯਾਦ ਵਿਚ ਖਾਹਮਖਾਹ ਡੀਂਗਾਂ ਮਾਰਨ ਲਈ ਅਜਿਹੇ ਪਿਛੋਕੜ ਵਾਲੇ ਲੋਕ ਆਮ ਤੌਰ ਤੇ ਕਰਦੇ ਹੀ ਰਹਿੰਦੇ ਹਨ। ਇੰਗਲੈਂਡ ਦੀ ਮਹਾਰਾਣੀ ਨਾਉਂ ਦੀ ਹੀ ਮਹਾਰਾਣੀ ਰਹਿ ਗਈ ਹੈ। ਵਾਸਤਵ ਵਿਚ ਤਾਂ ਉਹ ਆਪਣੀ ਪਾਰਲੀਮੈਂਟ ਦੀ ਗ਼ੁਲਾਮ ਹੈ। ਬੱਸ ਇੱਕ ਦਿਖਾਵਾ ਆਪਣੇ ਸ਼ਾਨਦਾਰ ਅਤੀਤ ਦਾ ਇਹ ਜ਼ਾਹਰ ਕਰਨ ਲਈ ਕਿ ਹਾਲੀਂ ਇਸ ਕੌਮ ਦੀ ਦੁਨੀਆਂ ਵਿਚ ਚੋਖੀ ਪੁੱਛ ਗਿੱਛ ਹੈ, ਬਾਦਸ਼ਾਹਤ ਦੀ ਸੰਸਥਾ ਨੂੰ ਕਾਇਮ ਰੱਖਿਆ ਹੋਇਆ ਹੈ। ਮਹਾਰਾਣੀ ਕਾਮਨਵੈਲਥ ਦੀ ਮੁਖੀ ਹੈ ਤੇ ਕਨੇਡਾ ਆਸਟਰੇਲੀਆਂ ਵਰਗੇ ਕੁਝ ਦੇਸਾਂ ਦੀ ਮਹਾਰਣੀ ਵੀ ਮੰਨੀ ਜਾਂਦੀ ਹੈ ਤੇ ਉਨ੍ਹਾਂ ਦੇ ਝੰਡਿਆਂ ਤੇ ਬਰਤਾਨੀਆਂ ਦੇ ਝੰਡੇ ਦਾ ਚਿੰਨ ਵੀ ਹੈ।। ਇਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਹਾਂ ਇਹ ਕੌਮ ਫਾਕਲੈਂਡਜ਼ ‘ਤੇ ਹਾਲੀਂ ਵੀ ਕਬਜ਼ਾ ਜਮਾਈ ਬੈਠੀ ਹੈ ਤੇ ਆਪਣੇ ਸਾਮਰਾਜ ਦੇ ਕਾਇਮ ਰਹਿਣ ਦੀ ਡੀਂਘ ਮਾਰ ਸਕਦੀ ਹੈ । ਇਹੀ ਕਾਰਣ ਹਨ ਜਿਸ ਲਈ ਇਨ੍ਹਾਂ ਨੇ ਬਾਦਸ਼ਹਤ ਨੂੰ ਨਾਮ ਦੇ ਤੌਰ ‘ਤੇ ਕਾਇਮ ਰੱਖਿਆ ਹੋਇਆ ਹੈ।
ਆਾਇਰਸ਼ ਲੋਕਾਂ ਦੀ ਇਸ ਸਭ ਕੁਝ ਨਾਲ ਨਫਰਤ ਤਾਂ ਜੱਗ ਜਾਹਰ ਹੈ। ਹਰ ਅਣਖੀ ਹਿੰਦੋਸਤਾਨੀ ਅੰਗਰੇਜ਼ ਹਾਕਮਾਂ ਦੇ ਜ਼ੁਲਮ ਨੂੰ ਸਣੇ ਜਲ੍ਹਿਆਂ ਵਾਲੇ ਬਾਗ ਦੇ ਸਾਕੇ ਦੇ ਕਿਵੇਂ ਭੁਲ ਸਕਦਾ ਹੈ? ਪਰ ਉਨ੍ਹਾਂ ਕੁਝ ਕੁ ਭਾਰਤੀਆਂ ਦੀ ਅਣਖ ਬਾਰੇ ਕੀ ਕਹੀਏ ਜਿਹੜੇ ਅੰਗਰੇਜ਼ਾਂ ਨਾਲੋਂ ਵੀ ਵੱਧ ਅੰਗਰੇਜ਼ ਬਣ ਕੇ ਮਹਾਰਾਣੀ ਦੀ ਅਰਚਨਾ ਪੂਜਾ ਕਰਦੇ ਹਨ। ਅਜਿਹੇ ਲੋਕ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਦੇ ਵਾਰਸ ਕਹਾਉਣ ਦੇ ਕਦਾਚਿਤ ਹੱਕਦਾਰ ਨਹੀਂ ਹੋ ਸਕਦੇ।
ਅਮੂਰਤ ਬ੍ਰਹਮ ਤੇ ਦਿਸਦੀ ਪ੍ਰਕਿਰਤੀ ਵਿੱਚ ਕੀ ਸਾਂਝਾ ਤੇ ਕੀ ਭਿੰਨ ਹੈ? ਅਕਾਰ ਨਿਰਾਕਾਰ ਤੇ ਕੁਦਰਤ ਅੱਜ ਦੀ ਲਿਖੀ ਜਾ ਰਹੀ ਕਵਿਤਾ ਦੇ ਕਿੰਨਾ ਕੁ ਨੇੜੇ ਹਨ, ਤੇ ਕਿੰਨਾ ਕੁ ਦੂਰ!
2- ਉਪਨਿਸ਼ਦਾਂ ‘ਚ ਅੰਨ ਦੀ ਬਹੁਤ ਵੱਡੀ ਮਹੱਤਤਾ ਦੱਸੀ ਗਈ ਹੈ ਅੰਨ ਨੂੰ ਸਰਬ-ਔਸ਼ਧ ਕਿਹਾ ਗਿਆ ਹੈ। ਪਰ ਨਾਲ ਇਹ ਵੀ ਕਿਹਾ ਗਿਆ ਹੈ ਕਿ ਅੰਨ ਜੀਵਾਂ ਦੁਆਰਾ ਖਾਇਆ ਜਾਂਦਾ ਹੈ ਤੇ ਇਹ ਜੀਵਾਂ ਨੂੰ ਖਾ ਜਾਂਦਾ ਹੈ, ਤੁਹਾਡਾ ਇਸ ਕਥਨ ਬਾਰੇ ਕੀ ਖਿਆਲ ਹੈ?
3- ਵੇਦ-ਉਪਨਿਸ਼ਦ ਪੜ੍ਹਨ ਤੋਂ ਬਾਅਦ ਤੁਹਾਡੇ ਸ਼ਬਦਾਂ ‘ਚ ਪ੍ਰਾਣਾਂ ਦੀ ਵਿਆਖਿਆ ਕੀ ਹੈ
1-ਅਮੂਰਤ ਬ੍ਰਹਮ ਦਾ ਭਾਵ ਹੈ ਉਹ ਬ੍ਰਹਮ ਜਿਹੜਾ ਸਰੀਰ ਰਹਿਤ ਹੈ, ਜਿਹਦੀ ਕੋਈ ਸ਼ਕਲ ਸੂਰਤ ਨਹੀਂ, ਜਿਹੜਾ ਨਾ ਜੰਮਦਾ ਹੈ ਨਾ ਮਰਦਾ ਹੈ ਤੇ ਨਾ ਘਟਦਾ ਹੈ ਨਾ ਵਧਦਾ ਹੈ। ਅਰੰਭ ਵਿਚ ਉਹ ਜਿੰਨਾ ਸੀ ਹੁਣ ਵੀ ਉੰਨਾ ਹੀ ਹੈ। ਇਹ ਸਾਰੀਆਂ ਸਿਫਤਾਂ ਤਾਂ ਪਦਾਰਥ ਭਾਵ ਮਾਦਾ ਜਾਂ ਪ੍ਰਕਿਰਤੀ ਦੀਆਂ ਹਨ। ਉਪਨਿਸ਼ਦ ਤਾਂ ਇਹ ਹੀ ਕਹਿੰਦੇ ਹਨ ਕਿ ਅਮੂਰਤ ਬ੍ਰਹਮ ਕਣ ਕਣ ਵਿਚ ਸਮਾਇਆ ਹੋਇਆ ਹੈ। ਗੁਰੂ ਨਾਨਕ ਨੇ ਵੀ ਇਹੀ ਕਿਹਾ:-
‘ਬਲਿਹਾਰੀ ਕੁਦਰਤ ਵੱਸਿਆ’।
ਪ੍ਰਕਿਰਤੀ ਆਪ ਹੀ ਅਮੂਰਤ ਬ੍ਰਹਮ ਹੈ ਹੋਰ ਕੁਝ ਨਹੀਂ।
ਅਮੂਰਤ ਬ੍ਰਹਮ ਤੇ ਪ੍ਰਕਿਰਤੀ ਦੀ ਏਕਤਾ ਅਨੁਭਵ ਕੀਤੇ ਬਿਨਾ ਤੇ ਆਪਣੇ ਆਪ ਨੂੰ ਇਸ ਦਾ ਹੀ ਅੰਗ ਸਮਝੇ ਬਿਨਾ ਬੰਦਾ ਹਉਂ ਵਿਚ ਗੁਆਚ ਜਾਂਦਾ ਹੈ, ਅਜਿਹਾ ਬੰਦਾ ਕਵੀ ਤਾਂ ਕੀ ਬੰਦਾ ਵੀ ਨਹੀਂ ਬਣ ਸਕਦਾ। ਬੜy ਥੋਹੜੇ ਹੀ ਹਨ ਜੋ ਅਸਲ ਕਵੀ ਹਨ, ਬੜੀ ਥੋੜੀ ਕਵਿਤਾ ਹੈ ਜਿਹੜੀ ਇੱਥੋਂ ਤੱਕ ਪੁਜਦੀ ਹੈ।
2-. ਇਹ ਕਥਨ ਤੈੱਤਿਰੀਯ ਉਪਨਿਸ਼ਦ ਦਾ ਹੈ।
ਸਾਡਾ ਸਰੀਰ ਉਨ੍ਹਾਂ ਤੱਤਾਂ ਦਾ ਹੀ ਬਣਿਆ ਹੋਇਆ ਹੈ ਜਿਨ੍ਹਾਂ ਨਾਲ ਧਰਤੀ ਬਣੀ ਹੋਈ ਹੈ। ਪਸੂ ਪੰਛੀ ਤੇ ਬਨਸਪਤਿ ਸਾਰੇ ਹੀ ਇਨ੍ਹਾਂ ਤੱਤਾਂ ਤੋਂ ਹੀ ਬਣੇ ਹੋਏ ਹੁੰਦੇ ਹਨ। ਇਨ੍ਹਾਂ ਤੱਤਾਂ ਤੋਂ ਬਣੇ ਸਰੀਰ ਨੂੰ ਜੀਵਤ ਰਹਿਣ ਲਈ ਇਨ੍ਹਾਂ ਤੱਤਾਂ ਦੀ ਲੋੜ ਸਦਾ ਰਹਿੰਦੀ ਹੈ ਤੇ ਇਹ ਤੱਤ ਸਾਨੂੰ ਖਾਣ ਯੋਗ ਪਦਾਰਥ ਅਰਥਾਤ ਅੰਨ ਤੋਂ ਹੀ ਮਿਲ ਸਕਦੇ ਹਨ। ਅੰਨ ਤੋਂ ਬਿਨਾ ਨਾ ਸਰੀਰ ਤੇ ਨਾ ਜੀਵਨ ਦਾ ਹੋਣਾ ਸੰਭਵ ਹੈ। ਇਸ ਲਈ ਹੀ ਅੰਨ ਨੂੰ ਦੇਵਤਾ ਜਾਂ ਪ੍ਰਮੇਸ਼ਰ ਵੀ ਕਿਹਾ ਜਾਂਦਾ ਹੈ। ਅੰਨ ਨੂੰ ਜੀਵ ਖਾਂਦੇ ਹਨ ਤੇ ਅੰਤ ਵਿਚ ਅੰਨ ਹੀ ਜੀਵਾਂ ਨੂੰ ਖਾ ਜਾਂਦਾ ਹੈ; ਭਾਵ ਤੱਤ ਤੱਤਾਂ ਵਿਚ ਮਿਲ ਜਾਂਦੇ ਹਨ। ਕੁਦਰਤ ਵਿਚ ਰੀਸਾਈਕਲਿੰਗ (ਪੁਨਰਸਿਰਜਣਾ) ਸਦਾ ਚਲਦੀ ਰਹਿੰਦੀ ਹੈ। ਸਾਰੇ ਪਰਾਣੀ ਅੰਤ ਮਿੱਟੀ ਬਣ ਜਾਂਦੇ ਹਨ ਤੇ ਫੇਰ ਉਸੇ ਮਿੱਟੀ ਤੋਂ ਮੁੜ ਪੈਦਾ ਹੋ ਜਾਂਦੇ ਹਨ।
3- ਪ੍ਰਾਣਾਂ ਦਾ ਅਰਥ ਸਾਹ ਲੈਣ ਦੀ ਪ੍ਰਕਿਰਿਆ ਹੀ ਹੈ ਹੋਰ ਕੁਝ ਵੀ ਨਹੀਂ। ਇਸ ਪ੍ਰਕਿਰਿਆ ਨਾਲ ਹੀ ਸਾਡਾ ਖੂਨ ਸਾਫ ਹੁੰਦਾ ਹੈ ਤੇ ਸਰੀਰ ਦੇ ਸਾਰੇ ਅੰਗਾਂ ਨੂੰ ਪੁਜਦਾ ਹੈ। ਪ੍ਰਾਣਾਂ ਨਾਲ ਮਿਲੀ ਆਕਸੀਜਨ ਹੀ ਸਾਡੇ ਸਰੀਰ ਤੇ ਦਿਮਾਗ ਨੂੰ ਜੀਵਤ ਰਖਦੀ ਹੈ। ਕੁਝ ਚਿਰ ਲਈ ਸਾਹ ਬੰਦ ਰਹਿਣ ਨਾਲ ਦਿਮਾਗ ਅਕਸੀਜਨ ਨਾ ਮਿਲਣ ਕਰਕੇ ਕੰਮ ਕਰਨੋ ਹਟ ਜਾਂਦਾ ਹੈ। ਫਾਂਸੀ ਲੱਗਣ ਜਾਂ ਗਲ਼ ਘੁਟਣ ਨਾਲ ਮੌਤ ਹੋਣ ਦਾ ਕਾਰਨ ਸਾਹ ਦੇ ਬੰਦ ਹੋਣ ਨਾਲ ਦਿਮਾਗ ਨੂੰ ਆਕਸੀਜਨ ਨਾ ਮਿਲਣਾ ਹੀ ਹੁੰਦਾ ਹੈ। ਪ੍ਰਾਣ ਨਾ ਸਰੀਰ ਵਿਚ ਬਾਹਰੋਂ ਆਉਂਦੇ ਹਨ ਨਾ ਸਰੀਰ ਦੇ ਖਤਮ ਹੋ ਨਾਲ ਕਾਇਮ ਰਹਿੰਦੇ ਹਨ।
ਪਰਾਣਾਂ ਨੂੰ ਸਰੀਰ ਵਿਚ ਬਾਹਰੋਂ ਆਈ ਆਤਮਾ ਮੰਨਣਾ ਤੇ ਉਸ ਆਤਮਾ ਦਾ ਮੌਤ ਪਿੱਛੋ ਵੀ ਕਾਇਮ ਰਹਿਣ ਦਾ ਕਲਪਤ ਖਿਆਲ ਮਨੁੱਖ ਦਾ ਆਪਣੀ ਸੁਬਿਧਾ ਲਈ ਹੀ ਘੜਿਆ ਹੋਇਆ ਹੈ। ਸਰੀਰ ਦੀ ਨਾਸ਼ਮਾਨਤਾ ਤੋਂ ਡਰਿਆ ਬੰਦਾ ਅਜਿਹੇ ਢੰਕੌਂਸਲੇ ਰਚ ਲੈਂਦਾ ਹੈ।
ਵਿਦਿਅਕ ਜਾਣਕਾਰੀ, ਤਜਰਬੇ ਤੇ ਅਨੁਭਵਾਂ ਨੂੰ ਸਾਹਵੇਂ ਰੱਖ ਕੇ ਨਿੱਜ ਤੋਂ ਪਾਰ ਤੱਕ ਵਿਚਰਦਿਆਂ ਤੁਸਾਂ ਚੇਤਨ ਤੌਰ ਤੇ ਕਿੰਨਾ ਕੁਝ ਪੜ੍ਹਿਆ ਗੁੜ੍ਹਿਆ ਤੇ ਸਮੇਂ ਨੇ ਕਿੰਨਾਂ ਕੁ ਸਿਖਾਇਆ. ਵਿਸਥਾਰ ਨਾਲ ਦੱਸੋ।
ਬਚਪਨ ਤੋਂ ਹੀ ਜਗਿਆਸਾ ਸੀ ਸੁਣਨ, ਸਮਝਣ ਤੇ ਜਾਣਨ ਦੀ। ਜੀਵਨ ਦੇ ਲੰਮੇ ਪੈਂਡੇ ‘ਤੇ ਚਲਦਿਆਂ ਬਹੁਤ ਕੁਝ ਦੇਖਣ, ਸੁਣਨ, ਪੜ੍ਹਨ ਤੇ ਸਮਝਣ ਦਾ ਯਤਨ ਕਰਦਾ ਰਿਹਾ ਹਾਂ। ਸਮਾਂ ਮਹਾਨ ਅਧਿਆਪਕ ਹੈ। ਇਹ ਕਈ ਬਣੀਆਂ ਬਣਾਈਆਂ ਮਾਨਤਾਵਾਂ ਨੂੰ ਗਲਤ ਵੀ ਸਿਧ ਕਰ ਦਿੰਦਾ ਹੈ ਤੇ ਨਵੀਆਂ ਮਾਨਤਾਵਾਂ ਬਣਾਉਣ ਵਿਚ ਵੀ ਸਹਾਈ ਹੁੰਦਾ ਹੈ। ਮੈਂ ਕਿੰਨਾ ਕੁ ਸਿਖ ਸਮਝ ਸਕਿਆ ਹਾਂ? ਸੋਚਦਾ ਹਾਂ ਕਿ ਜੋ ਕੁਝ ਜਾਣ ਸਕਿਆ ਹਾਂ ਉਹ ਤਾਂ ਗਿਅਨ ਦੇ ਮਹਾਂ ਸਾਗਰ ਵਿਚੋਂ ਕੁਝ ਘੋਗੇ ਚੁਣ ਕੇ ਖੁਸ਼ ਹੋਣ ਵਾਲੀ ਗੱਲ ਹੈ। ਇੱਕ ਮਾਸੂਮ ਬੱਚੇ ਦੀ ਤਰ੍ਹਾਂ ਸਾਗਰ ਦੇ ਕੰਢੇ ਬੈਠਾ ਉਠਦੀਆ ਲਹਿਰਾਂ ਨੂੰ ਦੇਖ ਕੇ ਹੀ ਜੀਅ ਪਰਚਾਉਂਦਾ ਰਿਹਾ ਹਾਂ। ਅਥਾਹ ਗਿਆਨ ਸਾਗਰ ਦੀਆਂ ਤੈਹਾਂ ਅੰਦਰ ਲੁਕੇ ਅਨਮੋਲ ਰਤਨਾਂ ਦਾ ਅਨੁਭਵ ਤਾਂ ਸੀ ਤੇ ਉਨ੍ਹਾਂ ਤੱਕ ਪਹੁੰਚਣ ਦੀ ਤਮੰਨਾ ਵੀ। ਪਰ ਇਸ ਅਥਾਹ ਤੇ ਅਨੰਤ ਸਾਗਰ ਦਾ ਪਾਰ ਕੋਣ ਪਾ ਸਕਿਆ ਹੈ?
ਇਸਤ੍ਰੀ ਦੀ ਦਹਿਸ਼ਤ ਵਿੱਚ ਜੀਣਾ ਕਿੰਨਾਂ ਕੁ ਔਖਾ ਹੈ ਆਦਮੀ ਲਈ? ਕੀ ਆਦਮੀ ਵੀ ਇਸਤ੍ਰੀ ਦੁਆਰਾ ਲਾਏ ਗਏ ਤੋਹਮਤਾਂ ਇਲਜ਼ਾਮਾਂ ਨਾਲ ਓਨਾ ਹੀ ਅੰਦਰੋਂ ਟੁੱਟਦਾ ਮਰਦਾ ਹੈ ਜਿੰਨਾਂ ਕਿ ਇਸਤ੍ਰੀ?
ਆਦਮੀ ਹੋਵੇ ਜਾਂ ਇਸਤ੍ਰੀ ਦਹਿਸ਼ਤ ਦਾ ਪ੍ਰਭਾਵ ਘਟ ਜਾਂ ਵੱਧ ਸਾਰਿਆਂ ‘ਤੇ ਹੁੰਦਾ ਹੈ। ਜਿੰਨਾ ਕੋਈ ਵੱਧ ਕੋਮਲ ਚਿੱਤ ਹੁੰਦਾ ਹੈ ਉੰਨਾ ਹੀ ਵੱਧ ਮਹਿਸੂਸ ਕਰਦਾ ਹੈ ਤੇ ਜਿੰਨਾ ਕੋਈ ਘਟ ਕੋਮਲ ਚਿਤ ਹੁੰਦਾ ਹੇ ਉੰਨਾ ਹੀ ਘਟ। ਇਸਤ੍ਰੀ ਦੀ ਦਹਿਸ਼ਤ ਵਿਚ ਕੋਮਲ ਚਿੱਤ ਆਦਮੀ ਲਈ ਵੀ ਜੀਣਾ ਉੰਨਾ ਹੀ ਔਖਾ ਹੁੰਦਾ ਹੈ ਜਿੰਨਾ ਕੋਮਲ ਚਿਤ ਇਸਤ੍ਰੀ ਲਈ ਆਦਮੀ ਦੀ ਦਹਿਸ਼ਤ ਵਿਚ ਜੀਣਾ। ਝੂਠੇ ਤੇ ਬੇਬੁਨਿਆਦ ਇਲਜ਼ਾਮ ਤੇ ਤੋਹਮਤਾਂ ਆਦਮੀ ਨੂੰ ਵੀ ਉੰਨਾ ਹੀ ਅੰਦਰੋਂ ਤੋੜ੍ਹਦੀਆਂ ਤੇ ਮਾਰਦੀਆਂ ਹਨ ਜਿੰਨਾ ਕੁ ਇਸਤ੍ਰੀ ਨੂੰ। ਲੰਮਾਂ ਸਮਾਂ ਇੰਝ ਲੰਘਾਉਣ ਨਾਲ ਹਰ ਬੰਦਾ ਸਹੀਂਦੜ ਜਿਹਾ ਹੋ ਕੇ ਸਮੇਂ ਨਾਲ ਸਮਝੌਤਾ ਕਰ ਲੈਂਦਾ ਹੈ। ਦਰਦ ਤਾਂ ਫੇਰ ਵੀ ਰਹਿੰਦਾ ਹੈ ਪਰ ਮਹਿਸੂਸ ਘੱਟ ਹੁੰਦਾ ਹੈ।
ਤੁਹਾਡੀ ਜੀਵਨੀ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਤੁਸੀਂ ਖੁਦ ਨੂੰ ਕਾਫੀ ਬੇ-ਪਸੰਦ ਕਰਦੇ ਰਹੇ ਹੋ, ਹੁਣ ਵੀ ਓਹੀ ਹਾਲ ਹੈ ਜਾਂ ਕੁਝ ਫਰਕ ਪਿਆ ਹੈ?
ਮੈਂ ਆਪਣੇ ਆਪ ਨੂੰ ਕਦੀਂ ਵੀ ਬੇਪਸੰਦ ਨਹੀਂ ਕਰਦਾ ਸਾਂ। ਜੇ ਇੰਝ ਹੁੰਦਾ ਤਾਂ ਮੈਂ ਜੀਅ ਨਾ ਸਕਦਾ।
ਮੈਂ ਬਚਪਨ ਤੋਂ ਦੇਖਦਾ ਰਿਹਾ ਸਾਂ ਕਿ ਲੋਕੀਂ ਵਿਕਲੰਗ ਤੇ ਸਰੀਰਕ ਕੱਜ ਵਾਲੇ ਬੰਦਿਆਂ ਲਈ ਅਤਿ ਦੇ ਬੇਅਹਿਸਾਸ, ਬੇਤਰਸ ਤੇ ਕਠੋਰ ਬਣ ਜਾਂਦੇ ਹਨ। ਸਰੀਰਕ ਕੱਜ ਵਾਲੇ ਬੱਚਿਆਂ ਲਈ ਤਾਂ ਉਹਨਾਂ ਦੇ ਆਪਣੇ ਮਾਂ ਪਿਓ ਤੇ ਭੈਣ ਭਰਾਵਾਂ ਵਿਚ ਵੀ ਤਰਸ ਦੀ ਮਾਤਰਾ ਬਹੁਤ ਘਟ ਹੁੰਦੀ ਹੈ। ਉਹ ਅਜਿਹੇ ਬੱਚਿਆਂ ਅੰਦਰ ਹੀਣਤਾ ਦਾ ਅਹਿਸਾਸ ਭਰਨ ਵਿਚ ਕੋਈ ਕਸਰ ਬਾਕੀ ਨਹੀਂ ਛਡਦੇ। ਬਚਪਨ ਵਿਚ ਮੇਰੇ ਨਾਲ ਵੀ ਅਜਿਹਾ ਕੁਝ ਵਾਪਰਦਾ ਰਿਹਾ ਸੀ। ਅਜਿਹੇ ਵਰਤਾਉ ਦਾ ਪ੍ਰਭਾਵ ਵੀ ਮੇਰੇ ਬਾਲ ਮੰਨ ‘ਤੇ ਪੈਣਾ ਹੀ ਸੀ। ਇਸ ਪ੍ਰਭਾਵ ਨੇ ਮੈਨੂੰ ਲੁਕ-ਰਹਿਣਾ ਤੇ ਸੰਗਾਊ ਅਵੱਸ਼ ਬਣਾ ਦਿੱਤਾ ਸੀ। ਇਸਦਾ ਮੈਨੂੰ ਲਾਭ ਵੀ ਹੋਇਆ। ਅੰਤਰਮੁਖੀ ਹੋ ਜਾਣ ਨਾਲ ਮਨ ਨੂੰ ਇਕਾਗਰ ਰੱਖਣ ਦਾ ਗੁਣ ਆਪ ਹੀ ਪੈਦਾ ਹੋ ਗਿਆ। ਇਸ ਇਕਾਗਰਤਾ ਦੇ ਗੁਣ ਨਾਲ ਮੇਰੀ ਯਾਦ ਸ਼ਕਤੀ ਵਿਚ ਚੋਖਾ ਵਾਧਾ ਹੋ ਗਿਆ। ਉਹ ਵਿਦਿਆਰਥੀ ਜਿਹੜਾ ਆਪਣੀ ਜਮਾਤ ਵਿਚ ਸਦਾ ਅਗੇ ਤੋਂ ਅਗੇ ਰਿਹਾ ਹੋਵੇ ਉਹ ਆਪਣੇ ਆਪ ਨੂੰ ਬੇਪਸੰਦ ਕਿਵੇਂ ਕਰ ਸਕਦਾ ਹੈ? ਆਪਣੇ ਲੁਕ-ਰਹਿਣੇ ਤੇ ਸੰਗਾਊ ਸੁਭਾ ਲਈ ਮੈਂ ‘ਘਟੀਆਪਨ ਦਾ ਅਹਿਸਾਸ’ ਉਕਤੀ ਵਰਤੀ ਸੀ। ਹੁਣ ਮੈਂ ਮਹਿਸੂਸ ਕਰਦਾ ਹਾਂ ਕਿ ਇਹ ਉਕਤੀ ਮੇਰੀ ਉਸ ਵੇਲੇ ਦੀ ਮਾਨਸਕ ਦਸ਼ਾ ਲਈ ਐਨ ਠੀਕ ਨਹੀਂ ਸੀ। ‘ਘਟੀਆਪਨ ਦਾ ਅਹਿਸਾਸ’ ਤੇ ‘ਘਟੀਆ ਕਿਹਾ ਜਾਂਦਾ’ ਸੁਣਨ ਦੀ ਸ਼ਰਮ’ ਦੋਹਾਂ ਵਿਚ ਢੇਰ ਅੰਤਰ ਹੁੰਦਾ ਹੈ। ਮੈਂ ਘਟੀਆ ਕਿਹਾ ਜਾਂਦਾ ਸੁਣਨ ਤੋਂ ਅਵੱਸ਼ ਸ਼ਰਮਾਂਦਾ ਸਾਂ। ਪਰ ਆਪਣੇ ਆਪ ਨੂੰ ਬੇਪਸੰਦ ਨਹੀਂ ਕਰਦਾ ਸਾਂ। ਜਿਹੜਾ ਬੰਦਾ ਆਪਣੇ ਆਪ ਨੂੰ ਬੇਪਸੰਦ ਕਰਦਾ ਹੈ, ਉਹ ਤਾਂ ਆਪਣੀ ਹੋਂਦ ਨੂੰ ਹੀ ਨਿਕਾਰ ਦਿੰਦਾ ਹੈ ਤੇ ਜੀਵਨ ਵਿਚ ਕੁਝ ਵੀ ਕਰਨ ਦੇ ਯੋਗ ਹੀ ਨਹੀਂ ਰਹਿੰਦਾ। ਮੈਂ ਕਦੀਂ ਆਪਣੇ ਆਪ ਨੂੰ ਇੰਨਾ ਗਿਆ ਗੁਜ਼ਰਿਆ ਨਹੀਂ ਸਮਝਿਆ ਸੀ। ਆਪਣੀ ਦਿਮਾਗੀ ਚੇਤਨਾ ਤੇ ਚੰਗੀ ਯਾਦ ਸ਼ਕਤੀ ਦਾ ਤਾਂ ਮੈਨੂੰ ਬਚਪਨ ਵਿਚ ਹੀ ਅਹਿਸਾਸ ਹੋ ਗਿਆ ਸੀ।
(913)
ਦਲਵੀਰ ਕੌਰ
(ਸੀਨੀਅਰ ਕਲੀਨੀਕਲ ਪਰੈਕਟੀਸ਼ਨਰ, ਕਲੀਨੀਕਲ ਸੁਪਰਵਾਈਜ਼ਰ) ਨੈਸ਼ਨਲ ਹੈਲਥ ਸਰਵਿਸ Uk .
ਵਾਈਸ ਪ੍ਰਧਾਨ: ਪ੍ਰਗਤੀ ਸ਼ੀਲ ਲਿਖਾਰੀ ਸਭਾ ਵੁਲਵਰਹੈਮਪਟਨ
ਕਲਚਰਲ ਐਮਬੈਸਡਰ: Trained by Royal college of Nursing
ਇਗਜ਼ੈਕਟਿਵ ਮੈਂਬਰ: ਕੇਂਦਰੀ ਲਿਖਾਰੀ ਸਭਾ ਯੂਕੇ
ਚਾਰ ਕਾਵਿ-ਸੰਗ੍ਰਹਿ:
ਸੋਚ ਦੀ ਦਹਿਲੀਜ਼ ਤੇ
ਅਹਿਦ
ਹਾਸਿਲ
ਚੌਥੀ ਕਿਤਾਬ ‘ ਚਿੱਤਵਣੀ’
ਹੁਣੇ ਹੀ ਕਿਸਾਨ ਸੰਘਰਸ਼ ਤੇ ਕਿਤਾਬ ਸੰਪਾਦਿਤ ਕੀਤੀ ਹੈ: ‘ਕਿਸਾਨ ਸੰਘਰਸ਼ ਸਦੀ ਦਾ ਕਾਵਿ ਸ਼ਬਦ’
- ਦਲਵੀਰ ਕੌਰ, ਵੁਲਵਰਹੈਂਪਟਨhttps://likhari.net/author/%e0%a8%a6%e0%a8%b2%e0%a8%b5%e0%a9%80%e0%a8%b0-%e0%a8%95%e0%a9%8c%e0%a8%b0-%e0%a8%b5%e0%a9%81%e0%a8%b2%e0%a8%b5%e0%a8%b0%e0%a8%b9%e0%a9%88%e0%a8%82%e0%a8%aa%e0%a8%9f%e0%a8%a8/
- ਦਲਵੀਰ ਕੌਰ, ਵੁਲਵਰਹੈਂਪਟਨhttps://likhari.net/author/%e0%a8%a6%e0%a8%b2%e0%a8%b5%e0%a9%80%e0%a8%b0-%e0%a8%95%e0%a9%8c%e0%a8%b0-%e0%a8%b5%e0%a9%81%e0%a8%b2%e0%a8%b5%e0%a8%b0%e0%a8%b9%e0%a9%88%e0%a8%82%e0%a8%aa%e0%a8%9f%e0%a8%a8/
- ਦਲਵੀਰ ਕੌਰ, ਵੁਲਵਰਹੈਂਪਟਨhttps://likhari.net/author/%e0%a8%a6%e0%a8%b2%e0%a8%b5%e0%a9%80%e0%a8%b0-%e0%a8%95%e0%a9%8c%e0%a8%b0-%e0%a8%b5%e0%a9%81%e0%a8%b2%e0%a8%b5%e0%a8%b0%e0%a8%b9%e0%a9%88%e0%a8%82%e0%a8%aa%e0%a8%9f%e0%a8%a8/
- ਦਲਵੀਰ ਕੌਰ, ਵੁਲਵਰਹੈਂਪਟਨhttps://likhari.net/author/%e0%a8%a6%e0%a8%b2%e0%a8%b5%e0%a9%80%e0%a8%b0-%e0%a8%95%e0%a9%8c%e0%a8%b0-%e0%a8%b5%e0%a9%81%e0%a8%b2%e0%a8%b5%e0%a8%b0%e0%a8%b9%e0%a9%88%e0%a8%82%e0%a8%aa%e0%a8%9f%e0%a8%a8/
- ਦਲਵੀਰ ਕੌਰ, ਵੁਲਵਰਹੈਂਪਟਨhttps://likhari.net/author/%e0%a8%a6%e0%a8%b2%e0%a8%b5%e0%a9%80%e0%a8%b0-%e0%a8%95%e0%a9%8c%e0%a8%b0-%e0%a8%b5%e0%a9%81%e0%a8%b2%e0%a8%b5%e0%a8%b0%e0%a8%b9%e0%a9%88%e0%a8%82%e0%a8%aa%e0%a8%9f%e0%a8%a8/