![]() ** |
ਅਦੀਬ ਸਮੁੰਦਰੋਂ ਪਾਰ ਦੇ:
ਡਾ. ਦੇਵਿੰਦਰ ਕੌਰ ਦਾ ਜਨਮ ਪਿਤਾ ਵੱਸਣ ਸਿੰਘ ਤੇ ਮਾਤਾ ਜਸਵੰਤ ਕੌਰ ਦੇ ਘਰ ਪਿੰਡ ਕਾਂਜਲੀ ਜ਼ਿਲ੍ਹਾ ਕਪੂਰਥਲਾ ਵਿਖੇ 20 ਅਕਤੂਬਰ 1948 ਈ: ਨੂੰ ਹੋਇਆ। ਆਪਣੀ ਵਿੱਦਿਆ ਤੇ ਪਰਵਾਸ ਬਾਰੇ ਡਾ. ਦੇਵਿੰਦਰ ਕੌਰ ਦਾ ਆਖਣਾ ਹੈ ਕਿ :- ‘‘ਮੈਂ ਅੰਗਰੇਜ਼ੀ ਅਤੇ ਪੰਜਾਬੀ ਵਿਚ ਐੱਮ.ਏ. ਕਰਨ ਤੋਂ ਬਾਅਦ 1982 ਵਿਚ ਭਾਈ ਵੀਰ ਸਿੰਘ ਦੇ ਕਾਵਿ ਉੱਪਰ ਰੂਪ ਵਿਗਿਆਨਕ ਦ੍ਰਿਸ਼ਟੀ ਤੋਂ ਪੀਐੱਚਡੀ ਕੀਤੀ ਤੇ ਦਿੱਲੀ ਯੂਨੀਵਰਸਿਟੀ ਦੇ ਮੈਤ੍ਰੇਰਈ ਕਾਲਜ ਵਿਚ 24 ਸਾਲ ਪੰਜਾਬੀ ਅਧਿਆਪਕ, ਰੀਡਰ ਤਕ ਦੇ ਪਦ ਦੀ ਨੌਕਰੀ ਕੀਤੀ ਤੇ ਸਵਰਨ ਚੰਦਨ ਦੀ ਪਹਿਲੀ ਪਤਨੀ ਦੇ ਇੰਤਕਾਲ ਮਗਰੋਂ 1989 ਵਿਚ ਉਸ ਨਾਲ ਵਿਆਹ ਕਰਾ ਕੇ ਇੰਗਲੈਂਡ ਪਹੁੰਚ ਗਈ।’’ ਭਾਵੇਂ ਡਾ. ਦੇਵਿੰਦਰ ਕੌਰ ਦਾ ਪੰਜਾਬੀ ਸਾਹਿਤ ਸਮੀਖਿਆ ਦੇ ਖੇਤਰ ’ਚ ਵਿਸ਼ੇਸ਼ ਨਾਂ ਹੈ ਪਰ ਉਸਨੇ ਕਵਿਤਾ ਵੀ ਰਚੀ ਹੈ ਤੇ ਵਾਰਤਕ ਵੀ। ਇਸ ਪਾਸੇ ਹੋਏ ਰੁਝਾਨ ਦਾ ਜ਼ਿਕਰ ਉਸ ਇੰਜ ਕੀਤਾ ਹੈ:- ਕਵਿਤਾ ਦੇ ਖੇਤਰ ਵੱਲ ਮੁੜਨਾ ਮੇਰਾ ਕੋਈ ਮਕਸਦ ਨਹੀਂ ਸੀ ਪਰ ਕਵਿਤਾ ਬਾਰੇ ਪੜ੍ਹਦਿਆਂ ਲਿਖਦਿਆਂ ਮੇਰਾ ਕਵਿਤਾ ਨਾਲ ਪ੍ਰੇਮ ਹੋ ਗਿਆ ਜਿਸ ਨਾਲ ਮੈਨੂੰ ਇਹ ਫ਼ਾਇਦਾ ਹੋਇਆ ਕਿ ਜ਼ਿੰਦਗੀ ਵਿਚ ਮੇਰੇ ਨਾਲ ਕੁਝ ਦਰਦਨਾਕ ਹਾਦਸੇ ਵਾਪਰੇ, ਜਿਵੇਂ ਮੇਰੇ ਪਿਤਾ ਜੀ ਦਾ ਛੋਟੀ ਉਮਰ ਵਿਚ ਚਲੇ ਜਾਣਾ, ਫਿਰ ਪਰਦੇਸ ਜਾਣਾ ਤੇ ਵਿਆਹੁਤਾ ਜ਼ਿੰਦਗੀ ਵਿਚ ਮਿਲੇ ਕੌੜੇ ਤਜਰਬਿਆਂ ਨੇ ਮੈਨੂੰ ਕਲਮ ਚੱੁਕਣ ਲਈ ਮਜਬੂਰ ਕੀਤਾ ਤੇ ਮੈਂ ਕਵਿਤਾ ਪੜ੍ਹਦੀ-ਪੜ੍ਹਦੀ ਉਸ ਬਾਰੇ ਲਿਖਦੀ-ਲਿਖਦੀ ਆਪ ਕਵਿਤਾ ਲਿਖਣ ਲਗ ਪਈ। ਵਾਰਤਕ ਲਿਖਣ ਲਈ ਮੈਨੂੰ ਰਾਜਿੰਦਰ ਭਾਟੀਆ, ਕੌਮੀ ਏਕਤਾ ਦੇ ਮਾਲਕ ਨੇ ਪੇਸ਼ਕਸ਼ ਕੀਤੀ ਅਤੇ ਔਰਤਾਂ ਦੇ ਮਸਲਿਆਂ ਬਾਰੇ ਇਕ ਕਾਲਮ ਲਿਖਣ ਲਈ ਕਿਹਾ ਜੋ ਮੈਂ ਸਵੀਕਾਰ ਕਰ ਲਈ ਤੇ ‘ਔਰਤ ਨਾਮਾ’ ਸਿਰਲੇਖ ਹੇਠ ਲਗਾਤਾਰ ਕਾਲਮ ਲਿਖਣਾ ਸ਼ੁਰੂ ਕੀਤਾ ਜਿਸ ਨਾਲ ਮੈਂ ਵਾਰਤਕ ਦੇ ਖੇਤਰ ਵਿਚ ਪ੍ਰਵੇਸ਼ ਕਰ ਲਿਆ। ਡਾ. ਦੇਵਿੰਦਰ ਕੌਰ ਨੇ ਉੱਘੇ ਚਿੰਤਕ ਤੇ ਦਿੱਲੀ ਯੂਨੀਵਰਸਿਟੀ ਦੇ ਵਿਦਵਾਨ ਅਧਿਆਪਕ ਡਾ. ਹਰਿਭਜਨ ਸਿੰਘ ਦੀ ਸਾਹਿਤਕ ਸੰਗਤ ਮਾਣੀ ਹੈ। ਡਾ. ਹਰਿਭਜਨ ਸਿੰਘ ਤੋਂ ਪ੍ਰਭਾਵਤ ਡਾ. ਦੇਵਿੰਦਰ ਕੌਰ ਦਾ ਮੰਨਣਾ ਹੈ ਕਿ ‘ਡਾ. ਹਰਿਭਜਨ ਸਿੰਘ ਕੋਲੋਂ ਮਿਲੇ ਤਜਰਬੇ ਨੇ ਮੇਰੀ ਜ਼ਿੰਦਗੀ ਵਿਚ ਵਿਦਿਆਰਥੀ ਅਤੇ ਅਧਿਆਪਕ ਦੇ ਤੌਰ ’ਤੇ ਐਸਾ ਵਿਸ਼ਵਾਸ ਪੈਦਾ ਕੀਤਾ ਕਿ ਮੈਂ ਹਰ ਤਰ੍ਹਾਂ ਦੀ ਸਥਿਤੀ ਵਿੱਚੋਂ ਪੂਰੇ ਭਰੋਸੇ ਨਾਲ ਨਿਕਲ ਜਾਂਦੀ ਰਹੀ। ਪਰੋਖ ਰੂਪ ਵਿਚ ਵੀ ਮੈਂ ਡਾ. ਸਾਹਿਬ ਦੇ ਪੜ੍ਹਾਉਣ ਦੇ ਤਰੀਕੇ ਨੂੰ ਸਹਿਜੇ ਹੀ ਗ੍ਰਹਿਣ ਕਰ ਲਿਆ ਜਿਸ ਨੇ ਮੇਰਾ ਮੇਰੇ ਵਿਦਿਆਰਥੀਆਂ ਨਾਲ ਮੋਹ ਦਾ ਰਿਸ਼ਤਾ ਜੋੜ ਲਿਆ। ਡਾ. ਸਾਹਿਬ ਕਦੇ ਵੀ ਆਪਣੇ ਵਿਦਿਆਰਥੀਆਂ ਉੱਪਰ ਰੋਅਬ ਨਹੀਂ ਪਾਉਦੇ ਸਨ। ਸਵਾਲ ਕਰਨ ਵਾਲੇ ਵਿਦਿਆਰਥੀਆਂ ਤੋਂ ਉਹ ਬਹੁਤ ਖ਼ੁਸ਼ ਹੁੰਦੇ। ਇਨ੍ਹਾਂ ਸਾਰੀਆਂ ਗੱਲਾਂ ਨੇ ਮੇਰੀ ਜ਼ਿੰਦਗੀ ਨੂੰ ਇਕ ਮਕਸਦ ਦੇ ਦਿੱਤਾ ਜਿਸ ਨਾਲ ਮੈਂ ਤਾ-ਉਮਰ ਸਾਹਿਤ ਨਾਲ ਜੁੜੀ ਰਹੀ ਹਾਂ।’ ਡਾ. ਦੇਵਿੰਦਰ ਕੌਰ ਦੀਆਂ ਸਮੀਖਿਆ ਦੀਆਂ ਹੁਣ ਤੱਕ ਗਿਆਰਾਂ ਪੁਸਤਕਾਂ ਪਾਠਕਾਂ ਕੋਲ ਪੱੁਜੀਆਂ ਹਨ। ‘ਕਿਰਿਆ ਪ੍ਰਤੀਕਿਰਿਆ’, ‘ਪੰਜਵਾਂ ਚਿਰਾਗ਼’, ‘ਵੀਰ ਸਿੰਘ ਕਾਵਿ ਦਾ ਰੂਪ-ਵਿਗਿਆਨਕ ਅਧਿਐਨ’, ‘ਵਿਵਿਧਾ’, ‘ਯੂਕਲਿਪਟਸ ਅਤੇ ਹੈਮਿੰਗਵੇ’, ‘ਅੰਮ੍ਰਿਤਾ ਪ੍ਰੀਤਮ ਦੀ ਗਲਪ ਅਤੇ ਕਾਵਿ-ਚੇਤਨਾ’, ‘ਬਰਤਾਨਵੀ ਪੰਜਾਬੀ ਸਾਹਿਤ ਦੇ ਮਸਲੇ’, ‘ਦੇਵ, ਸ਼ਬਦ ਤੇ ਸਿਰਜਣਾ’, ‘ਬਰਤਾਨੀਆ ਵਿਚ ਲਿਖੀ ਜਾ ਰਹੀ ਪੰਜਾਬੀ ਕਵਿਤਾ-ਇਕ ਇਤਿਹਾਸ, ਪਰਿਪੇਖ’, ‘ਸ਼ਬਦਾਂ ਦੇ ਆਰ-ਪਾਰ’ ਤੇ ‘ਕਾਵਿ-ਪ੍ਰਵਚਨਾਂ ਦੇ ਆਰ ਪਾਰ।’ ਇਨ੍ਹਾਂ ਸਾਰੀਆਂ ਪੁਸਤਕਾਂ ਵਿਚ ਸਾਹਿਤ ਦੇ ਭਿੰਨ-ਭਿੰਨ ਕਾਵਿ-ਰੂਪਾਂ ਦਾ ਵਿਹਾਰਕ ਅਧਿਐਨ ਪੇਸ਼ ਕੀਤਾ ਗਿਆ ਹੈ ਜਿਸ ਵਿਚ ਦਿੱਲੀ, ਪੰਜਾਬ, ਇੰਗਲੈਂਡ, ਅਮਰੀਕਾ, ਕੈਨੇਡਾ ਆਦਿ ਵਿਚ ਵੱਸਦੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਅਧਿਐਨ ਦਾ ਆਧਾਰ ਬਣਾਇਆ ਗਿਆ ਸੀ। ਇਨ੍ਹਾਂ ਪੁਸਤਕਾਂ ’ਚ ਪੁਰਾਣੇ ਤੋਂ ਲੈ ਕੇ ਨਵੇਂ ਲੇਖਕਾਂ ਦੀਆਂ ਰਚਨਾਵਾਂ ਦੀ ਸਮੀਖਿਆ ਸ਼ਾਮਲ ਹੈ। ਇਨ੍ਹਾਂ ਰਚਨਾਵਾਂ ਵਿਚਲੇ ਵਿਸ਼ੇ ਤਕਰੀਬਨ ਜ਼ਿੰਦਗੀ ਦੇ ਹਰ ਖੇਤਰ ਨਾਲ ਸਬੰਧਿਤ ਹਨ। ਇਨ੍ਹਾਂ ਸਾਰੇ ਵਿਸ਼ਿਆਂ ਦੀ ਸਾਹਿਤਕ ਦ੍ਰਿਸ਼ਟੀ ਤੋਂ ਸਮੀਖਿਆ ਕੀਤੀ ਗਈ ਹੈ। ਇਸ ਸਮੀਖਿਆ ਵਿੱਚੋਂ ਡਾ. ਦੇਵਿੰਦਰ ਕੌਰ ਦੇ ਸਮੀਖਿਆਤਮਕ ਵਿਚਾਰਾਂ ਦੀ ਸਪੱਸ਼ਟਤਾ ਪਾਠਕ ਨੂੰ ਬਹੁਤ ਪ੍ਰਭਾਵਤ ਕਰਦੀ ਹੈ। ‘ਇਸ ਤੋਂ ਪਹਿਲਾਂ ਕਿ,’ ‘ਨੰਗੀਆਂ ਸੜਕਾਂ ਦੀ ਦਾਸਤਾਨ’, ‘ਅਗਨ ਚੋਲਾ’, ‘ਸਫ਼ਰ’, ‘ਤੇਰੇ ਬਗੈਰ’ ਤੇ ‘ਕਿਤਾਬ ਬੋਲਦੀ ਹੈ’ ਡਾ. ਦੇਵਿੰਦਰ ਕੌਰ ਦੀਆਂ ਕਾਵਿ-ਪੁਸਤਕਾਂ ਹਨ। ਡਾ. ਦੇਵਿੰਦਰ ਕੌਰ ਦੀ ਕਵਿਤਾ ਦੀ ਸ਼ੁਰੂਆਤ ਤਾਂ ਨਾਰੀ ਵਾਦੀ ਦ੍ਰਿਸ਼ਟੀ ਤੋਂ ਹੁੰਦੀ ਹੈ ਜਿਸ ਵਿਚ ਬਗਾਵਤੀ ਅੰਸ਼ ਵੀ ਵੇਖਣ ਨੂੰ ਮਿਲਦੇ ਹਨ। ‘ਇਸ ਤੋਂ ਪਹਿਲਾਂ ਕਿ’ ਵਿਚਲੀਆਂ ਬਹੁਤੀਆਂ ਕਵਿਤਾਵਾਂ ਸੀਮੋਨ ਦੀ ਬੁਆ ਦੀ ਕਿਤਾਬ ‘ਦ ਸੈਕਿੰਡ ਸੈਕਸ’ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ ਗਈਆਂ ਹਨ। ‘ਨੰਗੀਆਂ ਸੜਕਾਂ ਦੀ ਦਾਸਤਾਨ’ ਵਿਚ ਔਰਤ-ਮਰਦ ਦੇ ਰਿਸ਼ਤਿਆਂ ਨੂੰ ਮਨੋਵਿਗਿਆਨਕ ਨਜ਼ਰੀਏ ਤੋਂ ਪੇਸ਼ ਕੀਤਾ ਗਿਆ ਹੈ। ‘ਅਗਨ ਚੋਲਾ’ ਵਿਚ ਅੰਤਰ ਰਾਸ਼ਟਰੀ ਮਸਲੇ ਹਨ। ‘ਸਫ਼ਰ’ ਵਿਚ ਪਰਵਾਸ ਧਾਰਨ ਕਰਨ ਵਾਲੇ ਲੋਕਾਂ ਦੀ ਸਥਿਤੀ ਜ਼ਿੰਦਗੀ ਦੇ ਸਵੈ ਸਫ਼ਰ ਵਿੱਚੋਂ ਮਿਲੇ ਅਨੁਭਵਾਂ-ਅਹਿਸਾਸਾਂ ਦਾ ਲੇਖਾ-ਜੋਖਾ ਹੈ। ‘ਤੇਰੇ ਬਗੈਰ’ ਵਿਚ ਇਕਲਾਪੇ ਦਾ ਕਾਵਿ-ਕਰਨ ਹੈ। ਇਸ ਪੁਸਤਕ ਵਿਚ ‘ਮਹਾਂਦੇਵੀ’ ਨਾਂ ਦੀ ਇਕ ਲੰਬੀ ਨਜ਼ਮ ਹੈ ਜਿਸ ਵਿਚ ਭਰੂਣ ਹੱਤਿਆ ਅਤੇ ਔਰਤ ਦੇ ਸਵੈਮਾਨ ਦੇ ਮਸਲਿਆਂ ਨੂੰ ਭਾਰਤੀ ਦੇਵੀਆਂ ਦੀ ਮਿੱਥ ਦੇ ਪਿਛੋਕੜ ਵਿਚ ਪੇਸ਼ ਕੀਤਾ ਗਿਆ ਹੈ। ਛੇਵੀਂ ਕਾਵਿ ਪੁਸਤਕ ‘ਕਿਤਾਬ ਬੋਲਦੀ ਹੈ’ ਵਿਚ ਤੱਤਕਾਲੀਨ ਮਸਲਿਆਂ ਜਿਹਾ ਕਿ ਕਿਸਾਨੀ ਸੰਘਰਸ਼, ਕਰੋਨਾ ਕਾਲ ਵਿਚ ਸਤਾਏ ਗਏ ਲੋਕਾਂ ਦਾ ਦਰਦ ਤੇ ਰਾਜਨੀਤਕ ਚਾਲਾਂ ਵਿਚ ਦਰੜੇ ਜਾ ਰਹੇ ਮਨੁੱਖ ਦੀ ਦਾਸਤਾਂ ਆਦਿ ਮਸਲੇ ਇਸ ਪੁਸਤਕ ਦਾ ਵਿਸ਼ਾ ਵਸਤੂ ਬਣੇ ਹਨ। ਡਾ. ਦੇਵਿੰਦਰ ਕੌਰ ਦੀਆਂ ਵਾਰਤਕ ਦੀਆਂ 2 ਪੁਸਤਕਾਂ ‘ਔਰਤਨਾਮਾ’ ਤੇ ‘ਪੋਲੈਂਡ ਵਿਚ ਵੱਸਦੀ ਅੱਨਾ ਪੰਜਾਬਣ’ ਵੀ ਕਮਾਲ ਦੀਆਂ ਹਨ। ਉਪਰੋਕਤ ਤੋਂ ਇਲਾਵਾ ਡਾ. ਦੇਵਿੰਦਰ ਕੌਰ ਨੇ ਕਈ ਪੁਸਤਕਾਂ ਦੀ ਸੰਪਾਦਨਾ ਕੀਤੀ ਹੈ ਤੇ ਕਈ ਸਾਹਿਤਕ ਰਸਾਲਿਆਂ ਨੂੰ ਵੀ ਸੰਪਾਦਿਤ ਕੀਤਾ ਹੈ। ਇਥੇ ਉਸ ਦੀ ਸਵੈ-ਜੀਵਨੀ ‘ਵਹੀ ਖਾਤਾ’ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਜਿਸ ਨੂੰ ਪੜ੍ਹਦਿਆਂ ਡਾ. ਦੇਵਿੰਦਰ ਕੌਰ ਇਕ ਪਰਪੱਕ ਗਲਪਕਾਰ ਵਜੋਂ ਵੀ ਨਜ਼ਰ ਆਉਦੀ ਹੈ। ਇਸ ਸਵੈ-ਜੀਵਨੀ ਵਿਚ ਕਰੁਣਾ ਰਸ ਪ੍ਰਧਾਨ ਹੈ ਤੇ ਸ਼ੈਲੀ ਬਹੁਤ ਟੁੰਬਵੀਂ ਹੈ। ਸੱਚ ਨੂੰ ਬਹੁਤ ਦਲੇਰੀ ਨਾਲ ਲਿਖਿਆ ਗਿਆ ਹੈ। ਇਸ ਸਵੈ-ਜੀਵਨੀ ਬਾਰੇ ਡਾ. ਦੇਵਿੰਦਰ ਕੌਰ ਦਾ ਕਹਿਣਾ ਹੈ ਕਿ ‘ਇਹ ਪੁਸਤਕ ਮੇਰੀ ਜ਼ਿੰਦਗੀ ਵਿਚ ਮੇਰੇ ਵੱਲੋਂ ਕੀਤੀਆਂ ਗਈਆਂ ਨਾਦਾਨੀਆਂ, ਗ਼ਲਤੀਆਂ, ਮੇਰੇ ਨਾਲ ਵਾਪਰਨ ਵਾਲੇ ਹਾਦਸੇ, ਮੇਰੀ ਜ਼ਿੰਦਗੀ ਵਿਚ ਆਏ ਰਿਸ਼ਤੇ ਤੇ ਉਨ੍ਹਾਂ ’ਚੋਂ ਮਿਲੇ ਕੌੜੇ-ਮਿੱਠੇ ਤਜਰਬੇ ਸਭ ਸ਼ਾਮਲ ਹਨ।’ ‘ਵਹੀ ਖਾਤਾ’ ਵਿਚੋਂ ਕੁਝ ਅੰਸ਼ ਪੜ੍ਹੋ:- * ‘‘ਚੰਦਨ ਸਾਹਿਬ ਨੇ ਬਾਹਰ ਵੇਸਵਾਵਾਂ ਕੋਲ ਜਾਣਾ ਸ਼ੁਰੂ ਕਰ ਦਿੱਤਾ। ਇਥੇ ਹੀ ਬਸ ਨਹੀਂ, ਵੇਸਵਾਵਾਂ ਕੋਲ ਜੋ ਵੀ ਹੋਇਆ ਹੁੰਦਾ ਉਹ ਸਭ ਘਰ ਆ ਕੇ ਮੈਨੂੰ ਸੁਣਾਉਣ ਲੱਗਦੇ। ਮੇਰੇ ਉੱਪਰ ਇਸ ਦਾ ਹੋਰ ਵੀ ਭੈੜਾ ਅਸਰ ਹੋਣ ਲੱਗਦਾ। ਉਹ ਵੇਸਵਾਵਾਂ ਉੱਪਰ ਕਾਫ਼ੀ ਸਾਰੇ ਪੈਸੇ ਲੁਟਾਉਦੇ ਸਨ। ਕਈ ਵਾਰ ਉਹ ਇਨ੍ਹਾਂ ਨੂੰ ਲੱੁਟ ਵੀ ਲੈਂਦੀਆਂ। ਆਪਣੀਆਂ ਚੀਜ਼ਾਂ ਉੱਥੇ ਗੁਆ ਵੀ ਆਉਂਦੇ। ਜਦ ਵੀ ਮੇਰੀ ਸਿਹਤ ਜ਼ਰਾ ਕੁ ਠੀਕ ਹੁੰਦੀ ਤਾਂ ਮੇਰੇ ਵੱਲ ਵੀ ਵੱਧਦੇ। ਮੈਨੂੰ ਇਹ ਵੀ ਡਰ ਰਹਿੰਦਾ ਕਿ ਗੰਦੀਆਂ ਜਗ੍ਹਾਵਾਂ ਤੋਂ ਕੋਈ ਬਿਮਾਰੀ ਹੀ ਨਾ ਲੈ ਆਉਣ ਤੇ ਮੈਨੂੰ ਲਗਾ ਦੇਣ।’ (ਪੰਨਾ-140) ਪਿਛਲੇ ਅਰਸੇ ਦੌਰਾਨ ਡਾ. ਦੇਵਿੰਦਰ ਕੌਰ ਨਾਲ ਹੋਏ ਸਾਹਿਤਕ-ਸਮੀਖਿਆਤਮਕ ਵਿਚਾਰ-ਵਿਮਰਸ਼ ’ਚੋਂ ਕੁਝ ਅੰਸ਼ ਡਾ. ਸਾਹਿਬਾ ਵਲੋਂ ਇਥੇ ਸਾਂਝੇ ਕੀਤੇ ਜਾਂਦੇ ਹਨ:- * ਮੈਂ ਆਲੋਚਨਾ ਦੀ ਥਾਂ ਸਮੀਖਿਆ ਸ਼ਬਦ ਦੀ ਵਰਤੋਂ ਕਰਦੀ ਹਾਂ। ਕਾਰਨ ਇਹ ਹੈ ਕਿ ਆਲੋਚਨਾ ਸ਼ਬਦ ਖੰਡਣੀ-ਮੰਡਣੀ ਰੁਚੀ ਵਾਲਾ ਹੈ। ਸਮੀਖਿਆ ਦੇ ਅੰਤਰਗਤ ਰਚਨਾ ਨੂੰ ਕੇਂਦਰ ਵਿਚ ਰੱਖ ਕੇ ਉਸ ਦੀ ਪੜ੍ਹਤ ਕੀਤੀ ਜਾਂਦੀ ਹੈ ਤੇ ਕਾਰਜਸ਼ੀਲ ਸਾਹਿਤਕ ਨੇਮਾਂ ਦੀ ਪਛਾਣ ਕੀਤੀ ਜਾਂਦੀ ਹੈ। * ਸਮੀਖਿਆ ਦੀ ਕਿਸੇ ਕਿਤਾਬ ਵਿਚ ਜੇਕਰ ਸਮੀਖਿਆਕਾਰ ਕੋਲ ਵਿਚਾਰਾਂ ਦੀ ਸਪੱਸ਼ਟਤਾ ਹੋਵੇਗੀ ਤਾਂ ਆਪੇ ਹੀ ਭਾਸ਼ਾ ਸੌਖੀ ਹੋ ਜਾਵੇਗੀ। * ਵਿਦੇਸ਼ਾਂ ਵਿਚ ਪੰਜਾਬੀ ਸਾਹਿਤ ਰਚਿਆ ਤਾਂ ਬਹੁਤ ਜਾ ਰਿਹਾ ਹੈ ਲੇਕਿਨ ਆਲੋਚਕਾਂ ਦਾ ਮੈਦਾਨ ਲਗਪਗ ਖ਼ਾਲੀ ਪਿਆ ਹੈ। * ਮੈਂ ਇਕ ਨਾਵਲਿਟ ਸ਼ੁਰੂ ਕੀਤਾ ਹੋਇਆ ਹੈ ਜਿਸ ਵਿਚ ਇਕ ਐਸੀ ਕੁੜੀ ਦੀ ਕਹਾਣੀ ਹੈ ਜੋ ਸਮਾਜ ਵਿਚ ਇਕ ਆਜ਼ਾਦ ਰੂਹ ਵਾਂਗ ਜੀਣਾ ਚਾਹੁੰਦੀ ਹੈ। * ਬਰਤਾਨੀਆ ਵਿਚ ਅੱਜ ਕੱਲ੍ਹ ਸਿਰਫ਼ ਦੋ ਆਲੋਚਕ ਹਨ। ਡਾ. ਪ੍ਰੀਤਮ ਸਿੰਘ ਕੈਂਬੋ ਤੇ ਮੈਂ। ਬਰਤਾਨੀਆ ਵਿਚ ਜਦੋਂ ਵੀ ਕੋਈ ਪੁਸਤਕ ਆਉਦੀ ਹੈ ਤਾਂ ਉਸ ਬਾਰੇ ਚਰਚਾ ਕਰਨ ਲਈ ਮੈਨੂੰ ਹੁਕਮ ਹੁੰਦਾ ਹੈ। ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੇਰੇ ਕੋਲੋਂ ਸਮੀਖਿਆ ਕਰਵਾ ਲਈ ਜਾਂਦੀ ਹੈ ਤੇ ਮੇਰੀ ਬਦਕਿਸਮਤੀ ਹੈ ਕਿ ਮੇਰੀਆਂ ਰਚਨਾਵਾਂ ਬਾਰੇ ਕੁਝ ਕਹਿਣ ਲਈ ਕੋਈ ਮੌਜੂਦ ਨਹੀਂ ਹੁੰਦਾ। ਸ਼ਾਇਦ ਇਸੇ ਕਰਕੇ ਮੇਰੀਆਂ ਸਾਹਿਤਕ ਰਚਨਾਵਾਂ ਅਣਗੌਲੀਆਂ ਰਹਿ ਜਾਂਦੀਆਂ ਹਨ। * ਵਲੈਤ ਵਿਚ ਹਰ ਇਲਾਕੇ ਦੀਆਂ ਆਪਣੀਆਂ ਸਾਹਿਤ-ਸਭਾਵਾਂ ਹਨ ਜਿਨ੍ਹਾਂ ਦੀ ਤਕਰੀਬਨ ਦਰਜਨ ਤੋਂ ਉੱਪਰ ਗਿਣਤੀ ਕੀਤੀ ਜਾ ਸਕਦੀ ਹੈ। ਇਹ ਸਾਹਿਤ ਸਭਾਵਾਂ ਨਵੀਆਂ ਆਈਆਂ ਰਚਨਾਵਾਂ ਉੱਪਰ ਪ੍ਰੋਗਰਾਮ ਕਰਵਾਉਣ ਤਕ ਹੀ ਸੀਮਤ ਹਨ ਜਿਸ ਦਾ ਸਿੱਟਾ ਇਹ ਹੈ ਕਿ ਬਰਤਾਨੀਆ ਦੀ ਨੌਜਵਾਨ ਪੀੜ੍ਹੀ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਲ ਨਹੀਂ ਹੁੰਦੀ। * ਲੇਖਕ ਨੂੰ ਨੱਬੇ ਪ੍ਰਤੀਸ਼ਤ ਪੜ੍ਹਨਾ ਤੇ ਦਸ ਪ੍ਰਤੀਸ਼ਤ ਲਿਖਣਾ ਚਾਹੀਦਾ ਹੈ। ਨਿਰਸੰਦੇਹ ਵਲੈਤ ਦੇ ਵੁਲਵਰਹੈਂਪਟਨ ਵਿਚ ਵੱਸਦੀ ਡਾ. ਦੇਵਿੰਦਰ ਕੌਰ ਸਮਰੱਥ ਸਮੀਖਿਆਕਾਰ ਤੇ ਸਾਹਿਤ ਸਿਰਜਣਹਾਰ ਹੈ। ਉਸਦਾ ਇਹ ਕਾਰਜ ਕਈ ਦਹਾਕਿਆਂ ਤੋਂ ਪਾਠਕਾਂ ਕੋਲ ਪੱੁਜ ਰਿਹਾ ਹੈ। ਉਸ ਦੀ ਕਲਮ ਵਿਚ ਅੰਤਾਂ ਦੀ ਤਾਕਤ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* *** |