19 March 2024

ਹਰਬਖਸ਼ ਮਕਸੂਦਪੁਰੀ ਨਾਲ ਆਖ਼ਰੀ ਮੁਲਾਕਾਤ – ਦਲਵੀਰ ਕੌਰ [ ਭਾਗ ਪਹਿਲਾ ]

ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਇੰਗਲੈਂਡ ਤੋਂ ਬਹੁਪੱਖੀ ਸ਼ਖ਼ਸੀਅਤ ਦੀ ਮਾਲਕ ਲੇਖਿਕਾ ਦਲਵੀਰ ਕੌਰ ਜੀ ਦੇ, ਜਿਨ੍ਹਾਂ ਨੇ ਪੰਜਾਬੀ ਦੇ ਮਹਾਨ ਸਾਹਿਤਕਾਰ, ਆਲੋਚਕ ਤੇ ਚਿੰਤਕ ਹਰਬਖਸ਼ ਮਕਸੂਦਪੁਰੀ ਜੀ ਨਾਲ ਉਹਨਾਂ ਦੇ ਜੀਵਨ ਦੇ ਆਖ਼ਰੀ ਦੋ ਵਰ੍ਹਿਆਂ ਦੌਰਾਨ ਕੀਤੀਆਂ ਮੁਲਾਕਾਤਾਂ ਵਿਚੋਂ ਗਿਆਨ ਦੀ ਪੰਡ ਬੰਨ੍ਹ ਪਹਿਲੀ ਵਾਰੀਂ ਸਿਰਫ਼ ਲਿਖਾਰੀ ਦੇ ਪਾਠਕਾਂ ਨਾਲ ਸਾਂਝੀ ਕੀਤੀ ਹੈ। ਉਮੀਦ ਹੈ ਕੇ ਲਿਖਾਰੀ ਦੇ ਪਾਠਕ ਇਨ੍ਹਾਂ ਸਵਾਲਾਂ ਜਵਾਬਾਂ ਨੂੰ ਧਿਆਨ ਨਾਲ ਪੜ੍ਹਨ ਤੇ ਵਿਚਾਰਨਗੇ।
ਲਿਖਾਰੀ

ਇਸ ਲੰਬੀ ਵਾਰਤਾਲਾਪ ਨੂੰ ਸਤਿਕਾਰਯੋਗ ਹਰਬਖਸ਼ ਮਕਸੂਦਪੁਰੀ ਜੀ ਨਾਲ ਤਕਰੀਬਨ ਦੋ ਸਾਲ ਦਾ ਸਮਾਂ ਲੱਗਾ।

ਮੈਂ ਸਵਾਲ ਲਿਖ ਕੇ ਭੇਜ ਦੇਂਦੀ ਤੇ ਉਹ ਆਪਣੇ ਸਮੇਂ ਤੇ ਸਿਹਤ ਮੁਤਾਬਿਕ ਜਵਾਬ ਲਿਖ ਭੇਜ ਦੇਂਦੇ। ਉਨ੍ਹਾਂ ਦੀ ਇੱਛਾ ਸੀ ਕਿ ਇਹ ਵਾਰਤਾਲਾਪ ਕਿਤਾਬੀ ਰੂਪ 'ਚ ਪੇਸ਼ ਹੋਵੇ।

70 ਵੇਂ ਸਵਾਲ ਦੇ ਜਵਾਬ ਤੋਂ ਬਾਅਦ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ, ਨਜ਼ਰ ਘੱਟ ਗਈ ਤੇ ਮੇਰੇ ਬਾਕੀ ਦੇ ਸਵਾਲ ਬੇ-ਜਵਾਬ ਰਹਿ ਗਏ। ਏਸ ਵਾਰਤਾਲਾਪ ਦੌਰਾਨ ਮੈਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ।

ਹੁਣ 'ਲਿਖਾਰੀ' ਮਾਧਿਅਮ ਰਾਹੀਂ ਇਹ ਵਾਰਤਾਲਾਪ ਪਹਿਲੀ ਵਾਰ ਪਾਠਕਾਂ ਸਾਹਵੇਂ ਪੇਸ਼ ਹੈ।

ਉਮੀਦ ਹੈ ਪਾਠਕ ਵੀ ਮੇਰੇ ਵਾਂਗ ਬੜਾ ਕੁਝ ਆਪਣੀ ਚੋਣ ਮੁਤਾਬਿਕ ਜੋ ਜੀ ਆਇਆ ਸਾਂਭ ਲੈਣਗੇ।

ਲੇਖਿਕਾ ਦਲਵੀਰ ਕੌਰ ਹਰਬਖ਼ਸ਼ ਮਕਸੂਦਪੁਰੀ ਨਾਲ ਕੇਅਰ ਹੋਮ ਵਿਚ ਉਹਨਾਂ ਦੀਆਂ ਕਿਤਾਬਾਂ ਦਾ ਕੋਲਾਜ ਭੇਂਟ ਕਰਦੇ ਹੋਏ।

ਇਹ ਗੱਲਬਾਤ ਦੇ ਸਿਲਸਿਲੇ ਦਾ ਮੁੱਢ - ਕੁਝ ਸ਼ਬਦ ਦਲਵੀਰ ਕੌਰ ਜੀ ਵੱਲੋਂ

ਮੈਂ ਚੈਨਲ ਪੰਜਾਬ ਤੇ ‘ਅਦਬੀ ਦਰਵਾਜ਼ਾ’ ਪੰਜਾਬੀ ਪ੍ਰੋਗਰਾਮ ਪੇਸ਼ ਕਰਦੀ ਹੁੰਦੀ ਸਾਂ ਤਕਰੀਬਨ 2007-8 ਦੇ ਸਾਲ ਸਨ, ਮੈਂ ਸਾਰਾ ਪ੍ਰੋਗਰਾਮ ਖ਼ੁਦ ਹੀ ਤਿਆਰ ਕਰਦੀ ਸਾਂ ਤੇ ਚੰਗੇ ਸਾਹਿਤਕਾਰ ਲੱਭਦੀ ਰਹਿੰਦੀ ਸਾਂ।ਮੈਨੂੰ ਹਰਬਖਸ਼ ਮਕਸੂਦਪੁਰੀ ਜੀ ਦਾ ਫ਼ੋਨ ਨੰਬਰ ਲੱਭਿਆ ਤੇ ਉਨ੍ਹਾਂ ਦੇ ਨਾਂਹ ਨੁੱਕਰ ਕਰਨ ਦੇ ਬਾਵਜੂਦ ਮੈਂ ਉਨ੍ਹਾਂ ਦੇ ਘਰ ਜਾ ਕੇ ਮਿਲਣ ਦਾ ਸਮਾਂ ਲੈ ਲਿਆ। ਦਰਵਾਜ਼ਾ ਖੜਕਾਉਣ ਉਪਰੰਤ ਉਨ੍ਹਾਂ ਦੀ ਧਰਮ ਪਤਨੀ ਨੇ ਦਰਵਾਜ਼ਾ ਖੋਲ੍ਹਦਿਆਂ, ਮੇਰੀ ਗੱਲ ਸੁਣਨ ਤੋਂ ਪਹਿਲਾਂ ਪੁੱਛ ਲਿਆ ਕਿ ਮੈਂ ਕੌਣ ਹਾਂ। ਮੈਂ ਦੱਸਿਆਂ ਮੈਂ ਦਲਵੀਰ ਕੌਰ ਹਾਂ, ਮਕਸੂਦਪੁਰੀ ਜੀ ਨੂੰ ਮਿਲਣਾ ਹੈ ਤੇ ਮੇਰੇ ਨਾਲ ਮੇਰੀ ਟੀਮ ਹੈ ਕੈਮਰੇ ਵਾਲੀ ਜੋ ਮੇਰੇ ਨਾਲ ਹੀ ਅੰਦਰ ਆਉਣਗੇ। ਉਨ੍ਹਾਂ ਦੀ ਪਤਨੀ ਨੇ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ ਤੇ ਨਾਲ ਹੀ ਮੈਨੂੰ ਦਹਿਲੀਜ਼ ਟੱਪਦਿਆਂ ਸਾਰ ਪੁੱਛ ਲਿਆ ਕਿ “ਤੇਰਾ ਵਿਆਹ ਹੋਇਆ ਹੈ? ਘਰ ਵਾਲਾ ਕੀ ਕਰਦਾ ਹੈ?। ਮੈਂ ਤੇ ਵਿਆਹੀ ਵੀ ਸਾਂ ਤੇ ਮਾਂ ਵੀ ਸਾਂ ਪਰ ਮੈਂ ਹੱਸ ਕੇ ਕਹਿ ਦਿੱਤਾ ਕਿ, ” ਆਂਟੀ ਜੀ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੀ ਤੁਸੀਂ ਆਪਣੇ ਹਸਬੈਂਡ ਦੇ ਨਾਲ ਬੈਠ ਜਾਣਾ ਮੈਨੂੰ ਕੈਮਰਾ ਸੈੱਟ ਕਰ ਲੈਣ ਦਿਓ”।

‘ਚੰਗਾ ਹਾਅ ਅੰਦਰ ਵਿੱਚ ਦੀ ਜਾ ਕੇ ਚੜ੍ਹ ਜਾ ਪੌੜੀ, ਉੱਤੇ ਉਹਦੇ ਕਮਰੇ ‘ਚ ਹੀ ਲੈ ਜਾ ਸਭ ਕੁਝ! ਮੇਰੇ ਨਾਲ ਇਸ ਤਰਾਂ ਪਹਿਲੀ ਵਾਰ ਹੋ ਰਿਹਾ ਸੀ ਤੇ ਮੈਂ ਕੈਮਰੇ ਵਾਲਿਆਂ ਨੂੰ ਲੈ ਕੇ ਪੌੜੀਆਂ ਚੜ੍ਹ ਗਈ। ਅੱਗੇ ਹਰਬਖਸ਼ ਮਕਸੂਦਪੁਰੀ ਜੀ 3 ਸੀਟਰ ਸੈਟੀ ਤੇ ਬੈਠੇ ਸਨ ਨੀਵੀਂ ਪਾਈ। ਤਕਰੀਬਨ ਸਾਰੀ ਗੱਲਬਾਤ ਦੌਰਾਨ ਉਨ੍ਹਾਂ ਨੀਵੀਂ ਪਾ ਕੇ ਹੀ ਮੇਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਕਦੇ ਕਦੇ ਉਨ੍ਹਾਂ ਦੀ ਨੀਵੀਂ ਅੱਖ ਚੋਂ ਪਾਣੀ ਛਲਕ ਬਾਹਰ ਆ ਜਾਂਦਾ। ਵਾਪਸ ਆ ਕੇ ਮੈਂ ਫ਼ੋਨ ਤੇ ਕੁਝ ਹੋਰ ਜਾਣਕਾਰੀ ਲਈ। ਮੇਰਾ ਕਿੱਤਾ ਮੈਂਟਲ ਹੈਲਥ ਨਾਲ ਸੰਬੰਧਿਤ ਹੋਣ ਕਾਰਨ ਮੈਂ ਉਨ੍ਹਾਂ ਨੂੰ ਸੁਣਨਾ ਤੇ ਹੌਸਲਾ ਦੇਣਾ ਸ਼ੁਰੂ ਕੀਤਾ। ਜ਼ਿੰਦਗੀ ਦੇ ਆਖ਼ਰੀ ਵਰ੍ਹਿਆਂ ਦੌਰਾਨ ਇੱਕ ਵਾਰ ਉਹ ਆਪਣੀ ਬੇਟੀ ਨੂੰ ਮਿਲਣ ਡਾਰਲੈਸਟੱਨ ਆਏ (ਜੋ ਕਿ ਮੇਰੇ ਸ਼ਹਿਰ ਦੇ ਨਜ਼ਦੀਕ ਹੈ) ਤੇ ਉਨ੍ਹਾਂ ਦੀ ਬੇਟੀ ਦਾ ਫ਼ੋਨ ਆਇਆ ਕਿ ਪਾਪਾ ਆਏ ਹੋਏ ਤੇ ਤੁਹਾਨੂੰ ਮਿਲਣਾ ਚਾਹੁੰਦੇ ਨੇ। ਮੈਂ ਮਿਲਣ ਗਈ, ਬਹੁਤ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਉਨ੍ਹਾਂ ਆਪਣੀ ਇੱਛਾ ਜ਼ਾਹਰ ਕੀਤੀ ਕਿ ਮੈਂ ਚਾਹੁੰਦਾ ਹਾਂ ਮੈਨੂੰ ਕੋਈ ਸਮਝਣ ਵਾਲਾ ਮੇਰੇ ਕੋਲੋਂ ਐਸੇ ਸਵਾਲ ਪੁੱਛੇ ਕਿ ਮੈਂ ਹੁਣ ਤੱਕ ਨਾ ਕਿਹਾ ਗਿਆ ਕਹਿ ਸਕਾਂ। ਮੈਂ ਹਾਂ ਕਰ ਦਿੱਤੀ, ਉਨ੍ਹਾਂ ਦੀਆਂ ਕਿਤਾਬਾਂ ਪੜ੍ਹੀਆਂ, ਤੇ ਹੌਲੀ ਹੌਲੀ ਆਪਣੀ ਬੁੱਧ ਮੁਤਾਬਿਕ ਸਵਾਲਾਂ ਦਾ ਸਿਲਸਿਲਾ ਸ਼ੁਰੂ ਕੀਤਾ। ਤੇ ਇਸੇ ਵਾਰਤਾਲਾਪ ਚੋਂ ਉਪਜੀ ਹੈ ਇਹ ਲਿਖਤ। 

ਤੁਹਾਡੇ ਲੰਬੇ ਤਜਰਬੇ ਮੁਤਾਬਿਕ ਸੰਸਾਰ ਕੀ ਹੈ?

ਜਿੰਨਾ ਕੁ ਗਿਆਨ ਮੈਨੂੰ ਆਪਣੇ ਜੀਵਨ ਦੇ ਲੰਮੇ ਤਜਰਬੇ ਵਿਚੋਂ ਮਿਲ ਸਕਿਆ ਹੈ ਉਸ ਅਨੁਸਾਰ ਮੈਂ ਇੰਨਾ ਕੁ ਹੀ ਕਹਿ ਸਕਦਾ ਹਾਂ ਕਿ ਜੋ ਕੁਝ ਵੀ ਹੈ ਇਹ ਸੰਸਾਰ ਹੀ ਹੈ, ਇਸ ਤੋਂ ਬਾਹਰ ਹੋਰ ਕੁਝ ਵੀ ਨਹੀਂ ਹੈ। ਚੰਗਾ ਮੰਦਾ ਸਭ ਕੁਝ ਇਹਦੇ ਅੰਦਰ ਹੀ ਵਾਪਰਦਾ ਹੈ।

 ਨਰਕ ਸੁਰਗ ਤੇ ਅਗਲਾ ਪਿਛਲਾ ਜਨਮ ਬੰਦੇ ਦੀ ਕਲਪਨਾ ਤੋਂ ਵਧ ਹੋਰ ਕੁਝ ਵੀ ਨਹੀਂ ਹੈ।  ਇਸ ਸੰਸਾਰ ਵਿਚ ਜੋ ਕੁਝ ਵੀ ਹੈ ਕੁਦਰਤ ਦੀ ਸਮੁੱਚਤਾ ਦਾ ਅਨਿੱਖੜ ਅੰਗ ਹੈ।  ਸੰਸਾਰ ਦੀ ਹਰ ਵਸਤ ਕਿਸੇ ਹੋਰ ਵਸਤ ਨਾਲ ਜੁੜੀ ਹੋਈ ਹੈ। ਹਰ ਵਸਤ, ਹਰ ਜੀਵ ਅਪੂਰਨ ਹੈ। ਉਸ ਤੋਂ ਬਾਹਰ ਦੀ ਵਸਤ ਜਾਂ ਜੀਵ  ਹੀ ਉਹਨੂੰ ਸੰਪੂਰਨ ਕਰਦੇ ਹਨ। 

ਸੂਰਜ ਚੰਦ ਤਾਰੇ ਸਭ ਇਕ ਦੂਜੇ ਦੇ ਸਹਾਰੇ ਹੀ ਹੋਂਦ ਵਿਚ ਹਨ।  ਕੁਦਰਤ ਦੇ ਆਕਰਸ਼ ਗੁਣ ਕਾਰਨ ਇਹ ਸਾਰੇ ਇਕ ਦੂਜੇ ਨਾਲ ਜੁੜੇ ਹੋਏ ਹਨ ਤੇ ਉਦਕਰਖ ਗੁਣ ਦੇ ਕਾਰਨ ਇਕ ਦੂਜੇ ਵਿਚ ਸਮਾ ਜਾਣ ਤੋਂ ਬਚੇ ਹੋਏ ਹਨ।

ਬੰਦੇ ਦੀ ਜ਼ਿੰਦਗੀ 'ਚ ਈਮਾਨ ਦਾ ਧੁਰਾ ਕੀ ਹੁੰਦਾ ਹੈ?

ਇਸ ਬਾਰੇ ਕੁਝ ਕਹਿਣ ਤੋਂ ਪਹਿਲਾ ਇਹ ਦੇਖਣਾ ਪਏਗਾ ਕਿ ਈਮਾਨ ਹੈ ਕੀ?  ਕਿਸੇ ਪਰਾਸਰੀਰਕ ਵਸਤੂ ਤੇ ਈਮਾਨ? ਕਿਸੇ ਅਜਿਹੀ  ਸ਼ਕਤੀ ਤੇ ਈਮਾਨ ਜਿਹੜੀ ਸਾਡੀ ਸਮਝ ਤੇ ਸਾਡੀ ਪਹੁੰਚ ਤੋਂ ਪਰੇ ਹੈ?  ਮੇਰੇ ਖ਼ਿਆਲ ਅਨੁਸਾਰ ਅਜੇਹੀ ਕੋਈ ਚੀਜ਼ ਨਹੀਂ ਨਾ ਅਜੇਹੀ ਸ਼ਕਤੀ ਦੀ ਹੋਂਦ ਦਾ ਕਿਸੇ ਨੂੰ ਕੁਝ ਪਤਾ ਹੈ। ਇਹ ਸਭ ਕੁਝ ਬੰਦੇ ਦੀ ਕਲਪਨਾ ਹੈ। ਕੋਈ ਬੰਦਾ ਕਲਪਿਤ ਸ਼ਕਤੀ ਦੀ ਗੱਲ ਤਾਂ ਕਰ ਸਕਦਾ ਹੈ ਤੇ ਉਹਦੇ ਭੈਅ ਵਿਚ ਵੀ ਵਿਚਰ ਸਕਦਾ ਹੈ, ਪਰ ਉਹ ਕਰਦਾ ਉਹ ਕੁਝ ਹੀ ਹੈ ਜਿਹੜਾ ਉਹਨੂੰ ਇਸ ਜੀਵਨ ਵਿਚ ਸਮਾਜਕ ਤੇ ਆਰਥਕ ਪੱਖ ਤੋਂ ਠੀਕ ਬੈਠਦਾ ਹੈ। 

ਹਰ ਜੀਵ ਨੂੰ ਦੁੱਖ ਲਗਦਾ ਹੈ ਤੇ ਹਰ ਜੀਵ ਸੁੱਖ ਵਿਚ ਰਹਿਣਾ ਚਾਹੁੰਦਾ ਹੈ, ਮੇਰਾ ਯਕੀਨ ਹੈ ਕਿ ਸੁੱਖ ਕਦੀ ਵੀ ਕਿਸੇ ਨੂੰ ਸਮੁੱਚੇ ਜੀਵਨ ਨਾਲੋਂ ਕੱਟ ਕੇ ਨਹੀਂ ਮਿਲ  ਸਕਦਾ। ਜੇ ਸਾਡੇ ਆਲ਼ੇ ਦੁਆਲੇ ਚੀਕਾਂ, ਪੁਕਾਰਾਂ ਹਨ ਤਾਂ ਅਸੀਂ ਇਸ ਸਭ ਕੁਝ ਤੋਂ ਅੱਖਾਂ ਮੀਟ ਕੇ ਖ਼ੁਸ਼ ਨਹੀਂ ਰਹਿ ਸਕਦੇ। ਜੇ ਸਾਡੇ ਆਲ਼ੇ ਦੁਆਲੇ ਗੰਦ ਹੈ ਤਾਂ ਉਸ ਗੰਦ ਦਾ ਹਿੱਸਾ ਸਾਨੂੰ ਵੀ ਅਵੱਸ਼ ਮਿਲਦਾ ਹੈ। ਜੇ ਪ੍ਰਸੰਨ ਰਹਿਣਾ ਹੈ ਤਾਂ ਆਪਣੇ ਆਲ਼ੇ ਦੁਆਲੇ ਪ੍ਰਸੰਨਤਾ ਦੇ ਬੀਜ ਬੀਜੋ। 

ਅਜੇਹਾ ਸਮਾਜ ਸਿਰਜਣ ਦੇ ਯਤਨਾਂ ਵਿਚ ਹਿੱਸਾ ਪਾਓ ਜਿਸ ਵਿਚ ਹਰ ਤਰ੍ਹਾਂ ਦੀ ਸਮਾਜਕ ਤੇ ਆਰਥਕ ਬਰਾਬਰੀ ਹੋਵੇ ਤੇ ਮਜ਼੍ਹਬਾਂ, ਜਾਤਾਂ ਤੇ ਜਮਾਤਾਂ ਦੀਆਂ ਵੰਡੀਆਂ ਨਾ ਹੋਣ।

ਉਮਰ ਦੇ ਇਸ ਪੜ੍ਹਾ ਤੇ ਪਹੁੰਚ ਕੇ ਤੁਹਾਡੇ ਵਾਸਤੇ ਅਣਮੁੱਲੀ ਚੀਜ਼ ਕੀ ਹੈ? ਕਿਹੜੀ ਚੀਜ਼ ਦੀ ਉਮਰ ਦੇ ਵਧਣ ਨਾਲ ਅਹਿਮੀਅਤ ਘੱਟਦੀ ਹੈ?

ਉਮਰ  ਦੇ ਇਸ ਪੜਾ ‘ਤੇ ਪੁੱਜ ਕੇ ਮੇਰੇ ਲਈ ਉਹ ਹੀ ਅਨਮੋਲ ਘੜੀਆਂ ਹਨ ਜਿਹੜੀਆਂ ਮੈਂ ਉਸ ਤਰ੍ਹਾਂ ਜੀਅ ਸਕਾਂ ਜਿਸ ਤਰ੍ਹਾਂ ਮੈਂ ਜੀਣਾ ਚਾਹਿਆ ਸੀ ਤੇ ਜੀਵਨ ਦੀ ਗਾੜ੍ਹ ਮਾਰ ਤੇ ਖਲਜਗਣ ਵਿਚ ਜੀਅ ਨਹੀਂ ਸਕਿਆ ਸਾਂ। ਉਮਰ ਦੇ ਵਧਣ ਨਾਲ ਧਨ ਦੌਲਤ ਦੀ ਅਹਿਮੀਅਤ ਘਟਦੀ ਹੈ ਤੇ ਚੰਗੀ ਸਿਹਤ ਦੀ ਅਹਿਮੀਅਤ ਵਧਦੀ ਹੈ।

ਝੂਠੇ ਜਾਂਦੇ ਜਿੱਤ ਇੱਥੇ ਸੱਚੇ ਜਾਂਦੇ ਹਾਰ,
ਸੱਚੇ ਖਾਂਦੇ ਵੇਖੇ ਨੇ ਫ਼ਰੇਬੀਆਂ ਤੋਂ ਮਾਰ।
ਇਸ ਪ੍ਰਤੀ ਤੁਹਾਡੇ ਅਨੁਭਵ ਹੈ?

ਝੂਠਿਆਂ ਦੀ ਜਿੱਤ ਵਕਤੀ ਹੁੰਦੀ ਹੈ। ਅੰਤ ਵਿਚ ਜਿੱਤ ਸੱਚ ਦੀ ਹੀ ਹੁੰਦੀ ਹੈ।  ਸੱਚ ਦਾ ਆਪਣਾ ਹੀ ਨਸ਼ਾ ਹੁੰਦਾ ਹੈ। ਸੱਚ ਵਾਲੇ ਸੁਕਰਾਤ ਵਾਂਗ ਹੱਸਦੇ ਹੱਸਦੇ ਜ਼ਹਿਰ ਪਿਆਲਾ ਵੀ ਪੀ ਲੈਂਦੇ ਹਨ।  ਸੱਚ ਨੂੰ ਅਸਹਿ ਕਸ਼ਟ ਵੀ ਝੱਲਣੇ ਪੈਂਦੇ ਹਨ। ਅੰਤ ਵਿਚ ਸੱਚ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਹਸਦਾ ਹੈ ਤੇ ਝੂਠ ਰੋਂਦਾ ਕੁਰਲਾਉਂਦਾ ਹੈ।

ਮੇਰੀ ਲੰਮੀ ਉਮਰ ਵਿਚ ਅਨੇਕਾਂ ਵੇਰ ਇੰਝ ਹੁੰਦਾ ਰਿਹਾ ਹੈ ਜਿਵੇਂ ਕਿ ਧੋਖੇਬਾਜ਼ ਜਿੱਤ ਗਏ ਹੋਣ ਤੇ ਮੈਂ ਹਾਰ ਗਿਆ ਹੋਵਾਂ, ਪਰ ਸੱਚ ਦੀ ਅੰਤਿਮ ਜਿੱਤ ਵਿਚ ਮੇਰਾ ਵਿਸ਼ਵਾਸ ਸਦਾ ਕਾਇਮ ਰਿਹਾ ਹੈ। ਧੋਖੇਬਾਜ਼ ਝੂਠ ਦੀ ਜਿੱਤ ਵਿਚ ਯਕੀਨ ਕਰ ਕੇ ਆਪਣੇ ਆਪ ਨੂੰ ਹੀ ਧੋਖਾ ਦਿੰਦੇ ਰਹੇ ਹਨ। ਅੰਤ ਉਹ ਆਪਣੇ ਵਿਛਾਏ ਝੂਠ ਦੇ ਜਾਲ ਵਿਚ ਆਪ ਹੀ ਫਸ ਜਾਂਦੇ ਰਹੇ ਹਨ। ਮੇਰਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਹੈ ਕਿ ਝੂਠ ਦੇ ਬੱਦਲ ਬਹੁਤੀ ਦੇਰ ਕਾਇਮ ਨਹੀਂ ਰਹਿ ਸਕਦੇ। ਰਾਤ ਭਾਵੇਂ ਕਿੰਨੀ ਕਾਲੀ ਤੇ ਭਿਆਨਕ ਹੋਵੇ, ਉਹਦਾ ਅੰਤ ਨਿਸ਼ਚਿਤ ਹੁੰਦਾ ਹੋ ਤੇ ਸਵੇਰ ਦੇ ਸੂਰਜ ਨੂੰ ਚੜ੍ਹਨੋਂ ਕੋਈ ਰੋਕ ਨਹੀਂ ਸਕਦਾ।

ਕਿਹੜੀ ਗੱਲ ਨੇ ਵੱਧ ਤੋਂ ਵੱਧ ਖ਼ੁਸ਼ੀ ਤੇ ਵੱਧ ਤੋਂ ਵੱਧ ਦੁੱਖ ਦਿੱਤਾ ਤੁਹਾਨੂੰ ਜ਼ਿੰਦਗੀ ‘ਚ?

ਦੁੱਖ ਅਤੇ ਸੁੱਖ ਦੋਵੇਂ ਹੀ ਇਕ ਦੂਜੇ ਦੇ ਪੂਰਕ ਹੁੰਦੇ ਹਨ। ਸੁੱਖ ਦਾ ਅਹਿਸਾਸ ਤਾਂ ਹੀ ਹੁੰਦਾ ਹੈ ਜੇ ਦੁਖ ਵੀ ਭੋਗਿਆ ਹੋਵੇ। ਸੁੱਖ ਦੀ ਪ੍ਰਾਪਤੀ ਦੁਖ ਦੇ ਅਹਿਸਾਸ ਵਿਚੋਂ ਹੀ ਪੈਦਾ ਹੁੰਦੀ ਹੈ। ਸੁੱਖ ਦੀ ਜਿਹੜੀ ਮਾਤਰਾ ਸੁਖੀ ਰਹੇ ਬੰਦੇ ਨੂੰ ਤੁੱਛ ਜਿਹੀ ਲਗਦੀ ਹੈ, ਉਹੀ ਮਾਤਰਾ ਸਦਾ ਦੁਖੀ ਰਹੇ ਬੰਦੇ ਨੂੰ ਵੱਡੀ ਲਗਦੀ ਹੈ। ਦੁੱਖ ਦੀ ਉਸੇ ਮਾਤਰਾ ਨੂੰ ਸਦਾ ਦੁਖੀ ਰਿਹਾ ਬੰਦਾ ਘੱਟ ਮਹਿਸੂਸ ਕਰਦਾ ਹੈ ਤੇ ਸਦਾ ਸੁਖੀ ਰਹੇ ਬੰਦੇ ਲਈ ਉਹੀ ਮਾਤਰਾਂ ਅਸਹਿਣਯੋਗ ਹੁੰਦੀ ਹੈ। ਮੇਰੇ ਜੀਵਨ ਵਿਚ ਵੀ ਅਨੇਕਾਂ ਦੁੱਖ ਆਏ ਪਰ ਮੇਰੇ ਉੱਤੇ ਉਨ੍ਹਾਂ ਦਾ ਅਸਰ ਨਾ ਮਾਤਰ ਹੀ ਹੋਇਆ ਕਿਉਂਕਿ ਮੈਂ ਗ਼ਰੀਬੀ ਤੇ ਤੰਗ-ਦਸਤੀ ਵਿਚ ਜੰਮਿਆ ਪਲਿਆ ਸਾਂ।

ਨਿੱਜੀ ਤੌਰ ਤੇ ਤਾਂ ਮੈਨੂੰ ਉਦੋਂ ਬਹੁਤ ਖ਼ੁਸ਼ੀ ਮਿਲੀ ਸੀ ਜਦੋਂ ਮੈਂ ੧੬ ਕੁ ਸਾਲ ਦੀ ਉਮਰ ਵਿਚ ‘ਪਹਿਲੀ ਕਿਰਨ ਪਿਆਰ ਦੀ’ ਦੇਖੀ ਸੀ। ਉਸ ਕੁੜੀ ਨਾਲ ਨਾ ਮੈਂ ਕੋਈ ਗੱਲ ਗੀਤੀ ਸੀ ਨਾ ਉਹਨੇ ਮੇਰੇ ਨਾਲ। ਬੱਸ ਉਹਦੀ ਪਿਆਰ ਦੀ ਇੱਕੋ ਤੱਕਣੀ ਨੇ ਮੇਰੇ ਸੁਪਨਿਆਂ ਨੂੰ ਸੁਨਹਿਰੇ ਬਣਾ ਦਿੱਤਾ ਸੀ। ਉਹ ਕੁੜੀ ਨਾ ਮੈਨੂੰ ਮੁੜ ਕਦੀ ਮਿਲੀ, ਨਾ ਮੈਂ ਹੀ ਉਹਨੂੰ ਲੱਭਣ ਦਾ ਯਤਨ ਕੀਤਾ। ਬੱਸ ਇਹੀ ਸੋਚ ਭਾਰੂ ਸੀ ਕਿ ਮੇਰੇ ਵਿਚ ਜ਼ਰੂਰ ਕੁਝ ਹੋਵੇਗਾ ਜਿਹੜਾ ਉਹਨੂੰ ਚੰਗਾ ਲੱਗ ਗਿਆ। ਮੈਨੂੰ ਆਪਣਾ ਆਪ ਚੰਗਾ ਲੱਗਣ ਲੱਗ ਪਿਆ। ਕੁਝ ਹੋਣ ਕੁਝ ਬਣਨ ਦੀ, ਕੁਝ ਕਰਨ ਦੀ ਲੋਚਾ ਮੇਰੇ ਜੀਵਨ ਦਾ ਧੁਰਾ ਬਣ ਗਈ।  

ਵੱਧ ਤੋਂ ਵੱਧ ਦੁੱਖ ਮੈਨੂੰ ਉਦੋਂ ਹੋਇਆ ਸੀ ਜਦ ਕੇਵਲ ਦੋ ਮਹੀਨੇ ਮੇਰੇ ਕੋਲ ਰਹਿ ਕੇ ਮੇਰੀ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ। ਉਹ ਦੁੱਖ ਚਿਰ- ਰਹਿਣਾ ਨਹੀਂ ਸੀ। ਗੁਰਬਾਣੀ, ਪ੍ਰੀਤ ਲੜੀ ਤੇ ਮਾਰਕਸੀ ਫ਼ਲਸਫ਼ੇ ਦੀ ਰੌਸ਼ਨੀ ਵਿਚ ਮੈਂ ਨਿੱਜ ਦੇ ਗ਼ਮ ਨੂੰ ਲੋਕਾਂ ਦੇ ਗ਼ਮ ਵਿਚ ਡੁਬਾਉਣਾ ਸਿੱਖ ਗਿਆ। ਕਰਕ ਕਲੇਜੇ ਵਿਚ ਤਾਂ ਰਹਿਣੀ ਸੀ ਤੇ ਉਹ ਹੁਣ ਵੀ ਕਾਇਮ ਹੈ।

ਤੁਹਾਡੇ ਵਾਸਤੇ ਰੱਬ ਜਾਂ ਪ੍ਰਮਾਤਮਾ ਦੇ ਕੀ ਅਰਥ ਨੇ? ਕੀ ਇਹਨਾਂ ਅਰਥਾਂ ਨੂੰ ਕਿਸੇ ਪਰਸਥਿਤੀ ਨੇ ਹਿਲਾਇਆ ਡੁਲ੍ਹਾਇਆ ਵੀ?

ਰੱਬ ਤਾਂ ਬੰਦੇ ਦੀ ਸੋਚ ਦੀ ਹੱਦ ਤੋਂ ਅੱਗੇ ਦੀ ਕਲਪਨਾ ਹੈ। ਜਿਨ੍ਹਾਂ ਪ੍ਰਸਿਥੀਆਂ ਜਾਂ ਘਟਨਾਵਾਂ ਦੇ ਕਾਰਣ ਬੰਦੇ ਨੂੰ ਲੱਭਦੇ ਨਹੀਂ ਉਨ੍ਹਾਂ ਨੂੰ ਉਹ ਕਿਸੇ ਪ੍ਰਾਸਰੀਰਕ ਹਸਤੀ ਦੀ ਦੇਣ ਮੰਨ ਲੈਂਦਾ ਹੈ। ਪ੍ਰਾਰੰਭਕ ਸਮਿਆਂ ਵਿਚ ਜਦੋਂ ਮਨੁੱਖ ਨੂੰ ਮੀਂਹ, ਅਨ੍ਹੇਰੀ, ਅੱਗ ਜਾਂ ਦਰਿਆਵਾਂ ਦੇ ਵਹਿਣ ਦੇ ਕਾਰਨਾਂ ਦਾ ਪਤਾ ਨਹੀਂ ਸੀ ਤਾਂ ਉਹ ਇਨ੍ਹਾਂ ਨੂੰ ਕਿਸੇ ਅਗੰਮੀ ਸ਼ਕਤੀ ਦੀ ਕਰੋਪੀ ਜਾਂ ਦੇਣ ਮੰਨ ਲੈਂਦਾ ਸੀ। ਅੱਜ ਦੇ ਸਮੇਂ ਵਿਗਿਆਨ ਨੇ ਜਦ ਬਹੁਤੀਆਂ ਅਜਿਹੀਆਂ ਗੱਲਾਂ ਦੇ ਕਾਰਣ ਲੱਭ ਲਏ ਹਨ ਤਾਂ ਮਨੁੱਖ ਦੀ ਸੋਚ ਇਨ੍ਹਾਂ ਤੋਂ ਉਪਰ ਉਠ ਗਈ ਹੈ। ਉਹ ਹੁਣ ਨਾ ਚੰਦ, ਸੂਰਜ ਤੇ ਤਾਰਿਆਂ ਨੂੰ ਦੇਵਤੇ ਮੰਨਦਾ ਹੈ ਤੇ ਨਾ ਉਹਦਾ ਕਿਸੇ ਪਰਾਸ੍ਰੀਰਕ ਸ਼ਕਤੀ ਤੇ ਵਿਸ਼ਵਾਸ਼ ਰਹਿ ਗਿਆ ਹੈ। ਉੰਝ ਅਨ੍ਹੇਰ ਢੋਣ ਵਾਲੇ ਹਾਲੀਂ ਵੀ ਵਥੇਰੇ ਮਿਲ ਜਾਂਦੇ ਹਨ।

ਮੈਂ ਬਚਪਨ ਵਿਚ ਤਾਂ ਕਿਸੇ ਅਜੇਹੇ ਰੱਬ ਦੀ ਕਲਪਨ ਕਰਦਾ ਸਾਂ ਜਿਹੜਾ ਸਰੀਰਕ ਹੋਂਦ ਵਾਲਾ ਸੀ ਤੇ ਸਭ ਸ਼ਕਤੀਆਂ ਦਾ ਮਾਲਕ ਸੀ। ਪਰ ਜਦ ਮੈਂ ਗੁਰਬਾਣੀ ਦੇ ਗੂੜ੍ਹ ਨੂੰ ਸਮਝਣ-ਯੋਗ ਹੋ ਗਿਆ ਤਾਂ ਮੈਂ ਰੱਬ ਜਾਂ ਪ੍ਰਮਾਤਮਾ ਨੂੰ ਸਰੀਰ ਰਹਿਤ, ਸ਼ਕਲ ਰਹਿਤ ਲਿੰਗ ਰਹਿਤ ਮੰਨਣ ਲੱਗ ਪਿਅ। ਸੋਚਦਾ ਸਾਂ, ਆਖਰ ਕੋਈ ਤਾਂ ਸ਼ਕਤੀ ਹੋਵੇਗੀ ਜਿਸਨੇ ਦ੍ਰਿਸ਼ਟ ਅਦ੍ਰਿਸ਼ਟ ਸਭ ਕੁਝ ਨੂੰ ਬਣਾਇਆ ਹੋਵੇਗਾ। ਹੌਲੀ ਹੌਲੀ ਇਹ ਸੋਚ ਵੀ ਬੇਅਰਥ ਲੱਗਣ ਲੱਗ ਪਈ। ਇਹ ਜਾਣ ਗਿਆ ਸਾਂ ਕਿ ਅਸੀਂ ਜਿਹੜੇ ਗੁਣ ਪ੍ਰਮਾਤਮਾਂ ਵਿਚ ਦੇਖਦੇ ਹਾਂ ਉਹ ਤਾਂ ਮਾਦੇ ਭਾਵ ਪਦਾਰਥ ਦੇ ਆਪਣੇ ਗੁਣ ਹਨ।  ਪਦਾਰਥ ਅਵਿਨਾਸ਼ੀ ਹੈ, ਅਨਾਦੀ ਹੈ, ਨਾ ਘਟਦਾ ਹੈ ਨਾ ਵਧਦਾ ਹੈ, ਕੇਵਲ ਸ਼ਕਲਾਂ ਬਦਲਦਾ ਹੈ। ਚੇਤਨਾ ਵੀ ਮਾਦੇ ਦੀ ਹਰਕਤ ਵਿਚੋਂ ਪੈਦਾ ਹੁੰਦੀ ਹੈ, ਮਾਦਾ ਚੇਤਨਾ ਵਿਚੋਂ ਪੈਦਾ ਨਹੀਂ ਹੁੰਦਾ। 

 ਕੁੱਲ ਕਾਇਨਾਤ ਦੀ ਏਕਤਾ ਵਿਚ ਮੇਰਾ ਅਟੱਲ ਯਕੀਨ ਹੈ। ਸੂਰਜ, ਧਰਤੀ, ਚੰਦ , ਤਾਰੇ ਸਾਰੇ ਇੱਕ ਦੂਜੇ ਦੀ ਹੋਂਦ ਦੇ ਸਹਾਰੇ ਕਾਇਮ ਹਨ, ਇੱਕ ਦੂਜੇ ਦੀ ਆਕਰਸ਼ਣ ਵਿਚ ਬੱਝੇ ਹੋਏ ਹਨ। ਕਿਸੇ ਇੱਕ ਦੀ ਵੀ ਸੁਤੰਤਰ ਹੋਂਦ ਨਹੀਂ ਹੈ। ਮੈਂ ਜੋ ਕੁਝ ਵੀ ਹਾਂ ਇਸ ਕੁੱਲ ਦਾ ਹਿੱਸਾ ਹਾਂ, ਇਹਦੇ ਵਿਚੋਂ ਹੀ ਪੈਦਾ ਹੋਇਆ ਹਾਂ ਤੇ ਇਹਦੇ ਵਿਚ ਅੰਤ ਸਮਾ ਜਾਵਾਂਗਾ। ਮੇਰੀ ਹੋਣੀ ਧਰਤੀ ਦੇ ਹਰ ਜੀਵ, ਅਜੀਵ ਬਣ ਤ੍ਰਿਣ ਨਾਲ ਜੁੜੀ ਹੋਈ ਹੈ। ਇਹੀ ਸਭ ਕੁੱਝ ਮੇਰਾ ਰੱਬ ਹੈ ਇਹਦੇ ਵਿਚ ਮੇਰਾ ਅਟੱਲ ਵਿਸ਼ਵਾਸ਼ ਹੈ।

ਰੱਬ ‘ਤੇ ਜਾਂ ਰੱਬ ਦੇ ਨਾਂ ‘ਤੇ ਹੱਕ ਜਿੰਨਾਂ ਸਾਧ ਰੱਖਦੇ ਨੇ ਓਨਾ ਹੀ ਚੋਰ ਵੀ ਰੱਖਦੇ ਨੇ, ਤੁਹਾਡਾ ਕੀ ਪ੍ਰਤੀਕਰਮ ਹੈ ਇਸ ਪ੍ਰਤੀ?

ਸਾਧ ਤੇ ਚੋਰ ਦੋਵੇਂ ਹੀ ਰੱਬ ਦੇ ਨਾਉਂ ਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਦੇ ਹਨ। ਜਿਹੋ ਜਿਹਾ ਕੋਈ ਆਪ ਹੁੰਦਾ ਹੈ ਉਹੋ ਜਿਹਾ ਉਹ ਰੱਬ ਨੂੰ ਚਿਤਵ ਲੈਂਦਾ ਹੈ। ਫਿਰਕੂ ਦੰਗੇ, ਫਸਾਦ ਕ਼ਤਲੋਗਾਰਤ ਤੇ ਗੁੰਡਾਗਰਦੀ ਸਭ ਰੱਬ ਦੇ ਨਾਉਂ ਹੇਠ ਚਲਦੇ ਹਨ। ਗੁਰਦੁਆਰਿਆਂ,ਮੰਦਰਾਂ ਤੇ ਮਸੀਤਾਂ ਵਿਚ ਕੀ ਕੀ ਉਪੱਦ੍ਰਭ ਨਹੀਂ ਹੁੰਦੇ? ਆਪ ਤਾਂ ਰੱਬ ਤੋਂ ਕੋਈ ਨਹੀਂ ਡਰਦਾ, ਸਿਰਫ ਦੂਜਿਆਂ ਨੂੰ ਡਰਾਉਣ ਲਈ ਰੱਬ ਦਾ ਹਊਆ ਖੜਾ ਕਰ ਦਿੰਦੇ ਹਨ।

ਸੰਵੇਦਨਸ਼ੀਲਤਾ ਦਾ ਇਨਸਾਨ ਦੀ ਨਿੱਜੀ ਜ਼ਿੰਦਗੀ ‘ਚ ਨੈਗੇਟਿਵ ਤੇ ਪੌਜਿ਼ਟਿਵ ਪੱਖ ਕੀ ਹੈ?

ਸੰਵੇਦਨਸ਼ੀਲ ਬੰਦਾ ਦੂਜੇ ਦੇ ਦੁਖ ਨੂੰ ਵੀ ਆਪਣੇ ਦੁੱਖ ਵਾਂਗ ਮਹਿਸੂਸ ਕਰਦਾ ਹੈ। ਸੰਵੇਦਨਾ ਰਹਿਤ ਬੰਦਾ ਆਪਣੇ ਦੁਖ ਨੂੰ ਤਾਂ ਵਧਾ ਕੇ ਪੇਸ਼ ਕਰਦਾ  ਹੈ ਤੇ ਦੂਜੇ ਦੇ ਦੁਖ ਨੂੰ ਦੁੱਖ ਹੀ ਨਹੀਂ ਮੰਨਦਾ। ਸੰਵੇਦਨਸ਼ੀਲ ਬੰਦਾ ਕਈ ਵੇਰ ਆਪਣੇ ਨਿੱਜੀ ਦੁੱਖ ਨੂੰ ਭੁੱਲ ਕੇ ਦੂਜਿਆਂ ਦੇ ਜ਼ਖਮਾਂ ਤੇ ਮਰਹਮ ਲਾਉਂਦਾ ਹੈ। ਇਹ ਸੰਵੇਦਨਾ ਹੀ ਬੰਦੇ ਨੂੰ ਬੰਦਾ ਬਣਾਉਂਦੀ ਹੈ, ਇਸ ਬਿਨਾ ਬੰਦਾ ਪਸੂ ਵੀ ਨਹੀਂ ਹੁੰਦਾ ਕਿਉਂਕਿ ਪਸੂਆਂ ਵਿਚ ਵੀ ਸੰਵੇਦਨਾ ਹੁੰਦੀ ਹੈ। ਸੰਵੇਦਨਸ਼ੀਲਤਾ ਦੀ ਵੀ ਇੱਕ ਹੱਦ ਹੁੰਦੀ ਹੈ। ਹੱਦੋਂ ਟੱਪੀ ਸੰਵੇਦਨਸ਼ੀਲਤਾ ਕਈ ਵੇਰ ਦੁਖਾਂਤ ਦਾ ਕਾਰਣ ਵੀ ਬਣ ਜਾਂਦੀ ਹੈ। ਕਿਸੇ ਦਾ ਇਸ ਲਈ ਮੌਤ ਨੂੰ ਗਲ਼ੇ ਲਾ ਲੈਣਾ ਕਿ ਉਸਦਾ ਕੋਈ ਅਤਿ ਪਿਆਰਾ ਬੰਦਾ ਮਰ ਗਿਆ ਹੈ ਜਾਂ ਉਸਨੂੰ ਕਿਸੇ ਅਤਿ ਇੱਛਤ ਵਸਤ ਦੀ ਪ੍ਰਾਪਤੀ ਨਹੀਂ ਹੋਈ, ਇਹ ਅਤਿ ਦੀ ਸੰਵੇਦਨਸ਼ੀਲਤਾ ਹੁੰਦੀ ਹੈ। 

ਤੁਹਾਡੇ ਖਿਆਲ ਮੁਤਾਬਿਕ ਅੱਜ ਦੇ ਦੌਰ 'ਚ ਇਨਸਾਨ ਝੂਠ ਨੂੰ ਰੋਜ਼ਾਨਾਂ ਜ਼ਿੰਦਗੀ 'ਚ ਕਿਸ ਕੁ ਹੱਦ ਤੱਕ ਵਰਤਦਾ ਹੈ? ਕੋਈ ਨਿੱਜੀ ਤਜਰਬਾ ਦੱਸੋ।

ਇਸ ਵੇਲੇ ਤਾਂ ‘ਕੂੜ ਫਿਰੇ ਪ੍ਰਧਾਨ ਵੇ ਲਾਲੋ’ ਵਾਲੀ ਗੱਲ ਹੈ। ਮੈਨੂੰ ਝੂਠ ਨਾਲ ਸਖ਼ਤ ਨਫ਼ਰਤ ਹੈ ਤੇ ਸੱਚ ਨਾਲ ਅਥਾਹ ਪਿਆਰ। ਪਰ ਉਹ ਝੂਠ ਝੂਠ ਨਹੀਂ ਹੁੰਦਾ ਜਿਹੜਾ ਸੱਚ ਲਈ ਬੋਲਿਆ ਜਾਵੇ, ਜਿਹੜਾ ਨਿਸ਼ਕਾਮ ਹੋਵੇ ਤੇ ਜਿਸ ਨਾਲ ਆਪਣਾ ਕੋਈ ਨਿੱਜੀ ਲਾਭ ਨਾ ਜੁੜਿਆ ਹੋਵੇ। ਪਰ ਕਿਸੇ ਵੇਲੇ ਅਜਿਹਾ ਸੱਚ ਵੀ  ਝੂਠ ਵਰਗਾ ਬਣ ਜਾਂਦਾ ਹੈ ਜਿਸ ਨਾਲ ਸੱਚ ਨੂੰ ਨੁਕਸਾਨ ਪੁੱਜਦਾ ਹੋਵੇ। 

ਨਿੱਜੀ ਤਜਰਬਾ ਕਿਹੜਾ ਦੱਸਾਂ? ਰੋਜ਼ ਤਾਂ ਝੂਠ ਨਾਲ ਵਾਹ ਪੈਂਦਾ ਹੈ। ਸੱਚੇ ਬੰਦੇ ਵਿਚ ਇਹ ਕਮਜ਼ੋਰੀ ਹੁੰਦੀ ਹੈ ਕਿ ਉਹ ਦੂਜਿਆਂ ਨੂੰ ਵੀ ਬਹੁਤੀ ਵੇਰ ਆਪਣੇ ਵਰਗਾ ਹੀ ਸਮਝ ਲੈਂਦਾ ਹੈ। ਮੈਂ ਵੀ ਇਸ ਕਮਜ਼ੋਰੀ ਦੇ ਸਿੱਟੇ ਕਈ ਵੇਰ ਭੁਗਤੇ ਹਨ।

Soul mate ਕੀ ਹੁੰਦਾ ਹੈ ਤੇ sole mate ਕੀ?

ਅੰਗਰੇਜ਼ੀ ਦੇ ਸ਼ਬਦ soul mate ਤੇ sole mate ਦੋਵੇਂ ਲੱਗਪੱਗ ਸਮਾਨਅਰਥੀ ਹਨ; ਮਨ ਦਾ ਮਿੱਤਰ, ਦਿਲੀ ਦੋਸਤ, ਆਤਮਕ ਆੜੀ ਜਾਂ ਕੇਵਲ ਇੱਕੋ ਇੱਕ ਮਿੱਤਰ, ਦੋਸਤ ਜਾਂ ਆੜੀ।

ਆਮ ਤੌਰ ‘ਤੇ ਤੁਸੀਂ ਹੱਸਦੇ/ਹਸਾਉਂਦੇ ਦਿਸਦੇ ਹੋ , ਕਿਉਂ?

ਮੈਂ ਸੋਚਦਾ ਹਾਂ ਹਰ ਬੰਦਾ ਜੰਮਦਾ ਤਾਂ ਰੋਂਦਾ ਹੀ ਹੈ, ਜੀਵਨ ਤਾਂ ਹੱਸਦਾ ਹੱਸਦਾ ਲੰਘਾਵੇ। ਜੀਵਨ ਹੈ ਕਿੰਨਾ ਕੁ, ਦੋ ਸਾਲ, ਦਸ ਸਾਲ ਜਾਂ ਵੀਹ ਸਾਲ? ਫੇਰ ਕਿਉਂ ਨਾ ਮਰੀਏ ਵੀ ਹੱਸਦੇ ਹੱਸਦੇ?  ਆਮ ਬੰਦੇ ਦੇ ਜੀਵਨ ਵਿਚ ਸੁੱਖ ਬਹੁਤ ਘਟ ਤੇ ਦੁੱਖ ਬਹੁਤ ਵੱਧ ਹਨ। ਮੈਂ ਸੋਚਦਾ ਹਾਂ ਜੇ ਦੁਖੀ ਬੰਦਿਆਂ ਨੂੰ ਕੁਝ ਪਲ ਹਸਾ ਲਈਏ ਤਾਂ ਇਹ ਵੀ ਚੰਗੀ ਗੱਲ ਹੈ। 

ਕੀ ਤੁਸੀਂ ਪੁਨਰ ਜਨਮ ਵਿਚ ਯਕੀਨ ਰੱਖਦੇ ਹੋ?

ਪੁਨਰ ਜਨਮ ਦਾ ਵਿਚਾਰ ਸਵਾਇ ਮਿੱਥ ਤੋਂ ਹੋਰ ਕੁਝ ਵੀ ਨਹੀਂ। ਪਹਿਲੀ ਵੇਰ ਇਸ ਵਿਚਾਰ ਦੀ ਖੁੱਲ੍ਹ ਕੇ ਵਿਆਖਿਆ ਸ੍ਰੀ ਕ੍ਰਿਸ਼ਨ ਨੇ ਅਰਜਨ ਨਾਲ ਸੰਵਾਦ ਵਿਚ ਕੀਤੀ ਸੀ। ਪੁਨਰ ਜਨਮ ਦੇ ਸਿਧਾਂਤ ਵਿਚ ਮੇਰਾ ਬਿਲਕੁਲ ਯਕੀਨ ਨਹੀਂ। ਆਮ ਲੋਕਾਂ ਦੇ ਪੁਨਰ ਜਨਮ ਦੇ ਵਿਚਾਰ ਨੂੰ ਅਪਣਾ ਲੈਣ ਦਾ ਮੁੱਖ ਤੇ ਵੱਡਾ ਕਾਰਨ ਮੌਤ ਦੇ ਡਰ ਨੂੰ ਭੁਲਾਉਣ ਦੀ ਮਾਨਸਿਕਤਾ ਹੈ। ਵਕਤੀ ਤੇ ਬਾਹਰਮੁਖੀ ਤੌਰ ‘ਤੇ ਭਾਵੇਂ ਇਸ ਦਾ ਕੁਝ ਲਾਭ ਹੁੰਦਾ ਹੋਵੇ ਪਰ ਹਰ ਬੰਦੇ ਦੇ ਧੁਰ ਅੰਦਰ ਤੱਕ  ਮੌਤ ਦਾ ਡਰ ਅੰਤਿਮ ਘੜੀਆਂ ਤੱਕ ਰਹਿੰਦਾ ਹੈ।

ਇਸ ਵਿਚਾਰ ਦਾ ਕੋਈ ਵੀ ਵਿਗਿਆਨਕ ਆਧਾਰ ਨਹੀਂ ਹੈ। ਫੇਰ ਵੀ ਕੋਈ ਨਾ ਕੋਈ ਇਸ ਵਿਚਾਰ ਤੋਂ ਨਿੱਜੀ ਲਾਭ ਪ੍ਰਾਪਤ ਕਰਨ ਲਈ ਆਪਣੇ ਪਿਛਲੇ ਜਨਮ ਦੀਆਂ ਯਾਦਾਂ ਦਾ ਐਲਾਨ ਕਰ ਕੇ ਆਮ ਭੋਲੇ ਭਾਲੇ ਲੋਕਾਂ ਦੀ ਅਗਿਆਨਤਾ ਤੋਂ ਲਾਭ ਪ੍ਰਾਪਤ ਕਰਨ ਦਾ ਯਤਨ ਕਰਦਾ ਹੀ ਰਹਿੰਦਾ ਹੈ। ਅਜਿਹੇ ਦਾਅਵੇ ਅੰਤ ਵਿਚ ਸਦਾ ਗ਼ਲਤ ਨਿਕਲਦੇ ਹਨ।

ਸੌਣ ਤੋਂ ਠੀਕ ਪਹਿਲਾਂ ਤੁਸੀਂ ਕੀ ਸੋਚਦੇ ਹੋ ਤੇ ਠੀਕ ਜਾਗਣ ਵੇਲੇ ਕੀ? ਇਸ ਬਾਰੇ ਆਪਣੇ ਖ਼ਿਆਲਾਂ ਦੀ ਸਹੀ ਤਸਵੀਰ ਦਿਓ।

ਬਚਪਨ ਵਿਚ ਸੌਣ ਤੋਂ ਪਹਿਲਾਂ “ਕੀਰਤਨ ਸੋਹਿਲੇ” ਦਾ ਪਾਠ ਕਰਦਾ ਹੁੰਦਾ ਸਾਂ ਤੇ ਜਾਗ ਕੇ ਪਹਿਲਾ ਕੰਮ “ਜਪੁਜੀ” ਦਾ ਪਾਠ। ਚੜ੍ਹਦੀ ਜਵਾਨੀ ਵਿਚ ਗੁਰਬਖਸ ਸਿੰਘ ਪ੍ਰੀਤਲੜੀ ਦੇ ਅਸਰ ਹੇਠ ਸੌਣ ਵੇਲੇ ਸੋਚਦਾ ਸਾਂ ਮੈਂ ਕੋਈ ਮਾੜਾ ਕੰਮ ਜਾਂ ਮਾੜਾ ਵਰਤਾਅ ਤਾਂ ਨਹੀਂ ਕੀਤਾ ਤੇ ਜਾਗ ਕੇ ਕਾਮਨਾ ਕਰਦਾ ਸਾਂ ਕਿ ਸਾਰਾ ਦਿਨ ਚੰਗਾ ਚੰਗਾ ਲੰਘੇ, ਨਾ ਮੰਦਾ ਕਹਾਂ ਨਾ ਮੰਦਾ ਕਰਾਂ। ਫੇਰ ਜ਼ਿੰਦਗੀ ਦੀ ਕੌੜੀ ਤੇ ਖਰਭੀ ਅਸਲੀਅਤ ਨੇ ਸਭ ਕੁਝ ਭੁਲਾ ਦਿੱਤਾ। ਹੁਣ ਸੌਣ ਵੇਲੇ ਝੂਰਦਾ ਹਾਂ ਕਿ ਬੱਸੋਂ ਬਾਹਰੇ ਹਾਲਾਤ ਨੇ ਅਜੇਹਾ ਕੁਝ ਕਰਨ ਨਹੀਂ ਦਿੱਤਾ ਜੋ ਕੁਝ ਮੈਂ ਕਰਨਾ ਚਾਹੁੰਦਾ ਸਾਂ ਤੇ ਜਾਗ ਕੇ ਕਾਮਨਾ ਕਰਦਾ ਹਾਂ ਕਿ ਸਾਰਾ ਦਿਨ ਇਸ ਤਰ੍ਹਾਂ ਲੰਘੇ ਕਿ ਨਾ ਮੈਂ ਕਿਸੇ ਨੂੰ ਮੰਦਾ ਬੋਲਾਂ ਨਾ ਕਿਸੇ ਨਾਲ ਮੰਦਾ ਕਰਾਂ ਨਾ ਮੈਨੂੰ ਕੋਈ ਮੈਨੂੰ ਮੰਦਾ ਬੋਲੇ ਨਾ ਮੇਰੇ ਨਾਲ ਮੰਦਾ ਕਰੇ। ਪਰ ਹੋ ਬਹੁਤਾ ਕੁਝ ਉਲਟ ਜਾਂਦਾ ਹੈ।

ਜਦ ਤੁਸੀਂ ਬਹੁਤ ਉਦਾਸ ਹੁੰਦੇ ਹੋ। ਉਸ ਹਾਲਤ ਤੁਸੀਂ ਕੀ ਕਰਦੇ ਹੋ?

ਅਸਾਵੇਂ ਸਮਾਜਕ ਅਤੇ ਆਰਥਕ ਪ੍ਰਬੰਧ ਨੇ ਜੀਵਨ ਵਿਚ ਦੁੱਖਾਂ ਤੋਂ ਬਿਨਾ ਹੋਰ ਕੁਝ ਘਟ ਹੀ ਰਹਿਣ ਦਿੱਤਾ ਹੈ। ਉਦਾਸੀ ਤਾਂ ਹੋਣੀ ਹੀ ਹੋਈ। ਨਾ ਦੁੱਖਾਂ ਤੋਂ ਛੁਟਕਾਰਾ ਮਿਲੇ ਨਾ ਉਦਾਸੀ ਹਟੇ। ਮੈਂ ਜਦ ਉਦਾਸ ਹੋਵਾਂ ਤਾਂ ਘਰੋਂ ਬਾਹਰ ਪਾਰਕ ਵਲ ਨਿਕਲ ਜਾਂਦਾ ਹਾਂ। ਕੁਦਰਤ ਦੀ ਸੁੰਦਰਤਾ ਦਾ ਅਨੰਦ ਮਾਣਦਾ ਸੋਚਦਾ ਹਾਂ, “ਇਹ ਪੰਛੀ, ਇਹ ਬੇਲ ਬੂਟੇ ਕਿਉਂ ਉਦਾਸ ਨਹੀਂ? ਮੈਂ ਕਿਉਂ ਉਦਾਸ ਹਾਂ? ਇਹ ਸਾਰੇ ਸੁਤੰਤਰ ਹਨ, ਨਾ ਇਨ੍ਹਾਂ ਦੇ ਰਿਸ਼ਤੇ ਹਨ ਨਾ ਨਾਤੇ ਹਨ, ਨਾ ਧੀਆਂ ਪੁੱਤਰ, ਨਾ ਕੋਈ ਪਤੀ ਹੈ ਨਾ ਪਤਨੀ, ਨਾ ਕੋਈ ਹੁਕਮ ਚਲਾਉਣ ਵਾਲਾ ਹੈ ਨਾ ਹੁਕਮ ਮੰਨਣ ਵਾਲਾ। ਸਾਰੇ ਕੁਦਰਤ ਵਿਚ ਸਹਿਜ ਵਿਚਰਦੇ ਹਨ। ਸਭ ਕੁਝ ਸਹਿਜ ਹੋ ਰਿਹਾ ਹੈ। ਇਹ ਸੋਚ ਕੇ ਆਪਣੇ ਆਪ ਹੀ ਚਿਹਰੇ ‘ਤੇ ਪ੍ਰਸੰਨਤਾ ਝਲਕ ਉਠਦੀ ਹੈ। ਸੋਚਦਾ ਹਾਂ:- ਚਿੰਤਾ ਦੀ ਕੀ ਲੋੜ ਹੈ? ਹਰ ਰਾਤ ਪਿੱਛੋਂ ਦਿਨ ਜ਼ਰੂਰ ਆਉਂਦਾ ਹੈ, ਕਾਲੇ ਤੋਂ ਕਾਲੇ ਬਦਲ ਪਿੱਛੇ ਵੀ ਕੋਈ ਨਾ ਕੋਈ ਚਾਨਣ ਦੀ ਕਿਰਨ ਅਵੱਸ਼ ਲੁਕੀ ਹੁੰਦੀ ਹੈ।  ਦੁੱਖ ਵੀ ਸੁੱਖਾ ਦਾ ਸੁਨੇਹਾ ਲੈ ਕੇ ਆਉਂਦੇ ਹਨ। ਅਸਲ ਵਿਚ ਸੁੱਖ ਦੀ ਕਦਰ ਹੀ ਨਹੀਂ ਹੁੰਦੀ ਜੇ ਦੁਖ ਨਾ ਹੋਵੇ ਤਾਂ। 

ਦੁਖ ਵੰਡਣ ਨਾਲ ਘਟਦੇ ਤੇ ਸੁੱਖ ਵੰਡਣ ਨਾਲ ਵਧਦੇ ਹਨ। ਇਸ ਲਈ ਸਦਾ ਦੂਜਿਆਂ ਨਾਲ ਦੁਖ ਸੁਖ ਦੋਵੇਂ ਸਾਂਝੇ ਕਰਦੇ ਰਹਿਣ ਨਾਲ ਹੀ ਸੁਖ ਦੀ ਪ੍ਰਾਪਤੀ ਹੁੰਦੀ ਹੈ।

ਤੁਸੀਂ ਕੁਝ ਸਮਾਂ ਪਹਿਲਾਂ ਮੌਤ ਦੇ ਨੇੜਿਓਂ ਗੁਜ਼ਰੇ ਹੋ, ਸੋਚ ਜਾਂ ਵਿਵਹਾਰ ‘ਚ ਕੋਈ ਤਬਦੀਲੀ ਐਕਸੀਡੈਂਟ ਤੋਂ ਬਾਅਦ?

ਮੌਤ ਤਾਂ ਪਰਛਾਵੇਂ ਵਾਂਗ ਸਦਾ ਆਪਣੇ ਨਾਲ ਹੀ ਤੁਰਦੀ ਰਹੀ ਹੈ। ਇਹ ਪਛਾਣ ਤਾਂ ਬਚਪਨ ਤੋਂ ਹੀ ਚਲੀ ਆ ਰਹੀ ਹੈ। ਅਜਿਹੇ ਮਾੜੇ ਮੋਟੇ ਐਕਸੀਡੈਂਟ ਤਾਂ ਕੇਵਲ ਮੌਤ ਦੀ ਅਟੱਲਤਾ ਦਾ ਚੇਤਾ ਹੀ ਕਰਾਉਂਦੇ ਹਨ। ਸਦਾ ਹੱਸਦਾ ਹਸਾਉਂਦਾ ਰਿਹਾ ਹਾਂ। ਇਸੇ ਤਰ੍ਹਾਂ ਹੱਸਦੇ ਹਸਾਉਂਦੇ ਤੁਰ ਜਾਣ ਦੀ ਤਮੰਨਾ ਹੋਰ ਵੀ ਪ੍ਰਬਲ ਹੋ ਗਈ ਹੈ।   

ਤੁਹਾਡਾ ਹੋਰ ਕਿੰਨੇ ਸਾਲ ਜੀਉਣ ਨਾਲ ਸਰ ਸਕਦਾ ਹੈ?

ਮੇਰਾ ਆਪਣਾ ਇਰਾਦਾ ਕਿਹਨੇ ਪੁੱਛਣਾ ਹੈ? ਮੌਤ ਨੇ ਜਦ ਆਉਣਾ ਤਾਂ ਆ ਹੀ ਜਾਣਾ। ਹੱਦ ਤਾਂ ਹਰ ਗੱਲ ਦੀ ਹੁੰਦੀ ਹੈ। ਕਿਵੇਂ ਤੇ ਕਦੋਂ ਦਾ ਕਿਸੇ ਨੂੰ ਕੀ ਪਤਾ? ਚੁੱਪ ਚੁਪੀਤੇ ਆ ਜਾਵੇ, ਸਦਾ ਤਿਆਰ ਬਰ ਤਿਆਰ ਹਾਂ। ਪਰ-ਅਧੀਨ ਅਤੇ ਮੁਹਤਾਜ ਹੋ ਕੇ ਜੀਣਾ ਨਾ ਪਵੇ। ਇਹੀ ਅਰਦਾਸ ਹੈ:- 

ਬਾਰਿ ਪਰਾਇ ਬੈਸਣਾ ਸਾਈਂ ਮੁਝੈ ਨਾ ਦੇਹ

ਜੇ ਤੂੰ ਐਵੇਂ ਰਖਸੀ ਜੀਉ ਸਰੀਰੋਂ ਲੇਹ

                              ‘ਬਾਬਾ ਫਰੀਦ’

ਚਲਦਾ ਫਿਰਦਾ, ਕੁਝ ਕਰਦਾ, ਕੁਝ ਕਹਿੰਦਾ ਜੀਵਾਂ ਤਾਂ ਹੱਦ ਨਹੀਂ, ਪਰ ਜੇ ਨਿਕੰਮਾ ਤੇ ਨਿਸਬੋਲ ਹੋ ਕੇ ਜੀਣਾ ਪਵੇ ਤਾਂ ਇੱਕ ਦਿਨ ਵੀ ਨਹੀਂ। 

ਬੇਸ਼ੱਕ ਜ਼ਿੰਦਗੀ ਤੇ ਮੌਤ ਬੰਦੇ ਦੇ ਵੱਸ 'ਚ ਨਹੀਂ ਪਰ ਇਨਸਾਨ ਹੋਣ ਦੇ ਨਾਤੇ ਸਾਡੇ ਮਨ ਦੀਆਂ ਇੱਛਾਵਾਂ ਹੁੰਦੀਆਂ ਹਨ। ਜਿਉਂਦੇ ਜੀਅ ਕਿਹੜੇ ਕੰਮ ਸੰਪੂਰਨਤਾ 'ਚ ਵੇਖਣਾ ਚਾਹੁੰਦੇ ਹੋ।

 ਬੰਦਾ ਭਾਵੇਂ ਜਾਣਦਾ ਹੀ ਹੈ ਕਿ ਮੌਤ ਕਦੀ ਵੀ ਆ ਸਕਦੀ ਹੈ ਫੇਰ ਵੀ ਇਹ ਕੁਦਰਤ ਦਾ ਵਿਧਾਨ ਹੀ ਸਮਝੋ ਕਿ ਉਹ ਬੰਦੇ {ਹਰ ਜੀਵ} ਅੰਦਰ ਹੋਰ ਜੀਣ ਦੀ ਇੱਛਾ ਮੁੱਕਣ ਨਹੀਂ ਦਿੰਦੀ। ਕੁਦਰਤ ਦੇ ਇਸੇ ਵਿਧਾਨ ਦੇ ਸਦਕੇ ਅਤਿਅੰਤ ਮਾਰੂ ਤੁਫ਼ਾਨਾਂ ਵਿਚ ਜਦੋਂ ਲਗਦਾ ਹੈ ਕਿ ਦੁਨੀਆ ਦਾ ਅੰਤ ਆ ਗਿਆ ਹੈ, ਤਾਂ ਵੀ ਜੀਵਨ ਦੀ ਧੜਕਣ ਮੁੜ ਅਰੰਭ ਹੋਣੋਂ ਰੁਕਦੀ ਨਹੀਂ। ਬੰਦੇ ਦੇ ਮਨ ਦੀਆਂ ਇੱਛਾਵਾਂ ਉਹਦੇ ਆਪਣੇ ਵੱਸ ਵਿਚ ਨਹੀਂ ਹੁੰਦੀਆਂ, ਉਹ ਤਾਂ ਕੁਦਰਤ ਦੇ ਇਸ ਵਿਧਾਨ ਦਾ ਲਾਜ਼ਮੀ ਸਿੱਟਾ ਹੁੰਦੀਆਂ ਹਨ। 

ਸੰਪੂਰਨਤਾ ਕੁਦਰਤ ਦਾ ਵਿਧਾਨ ਨਹੀਂ ਬਲਕਿ ਚਲਦੇ ਰਹਿਣਾ ਹੀ ਵਿਧਾਨ ਹੈ। ਬੜਾ ਕੁਝ ਕਰਨਾ ਚਾਹਿਆ ਸੀ। ਕੁਝ ਹੋ ਗਿਆ ਕੁਝ ਨਹੀਂ ਹੋਇਆ। ਚੜ੍ਹਦੀ ਜਵਾਨੀ ਦੀਆਂ ਬਰੂੰਹਾਂ ‘ਤੇ ਖੜ੍ਹ ਕੇ ਬੜੇ ਸੁਪਨੇ ਦੇਖੇ ਸਨ ਸਾਵੀਂ ਪੱਧਰੀ ਤੇ ਸੁਖਾਵੀਂ ਦੁਨੀਆ ਦੇਖਣ/ਸਿਰਜਣ ਦੇ। ਬਹੁਤੇ ਅਧੂਰੇ ਹੀ ਰਹਿ ਗਏ। ਬੱਸ ਆਪਣੇ ਅੰਤਿਮ ਸਮੇਂ ਤੱਕ ਯਤਨ ਜਾਰੀ ਰੱਖਾਂ ਤੇ ਚਲਦਾ ਰਹਾਂ, ਇਹੀ ਜੀਵਨ ਦਾ ਮਕਸਦ ਹੈ। 

‘ਚੜ੍ਹਦੀ ਜਵਾਨੀ ਦੀਆਂ ਬਰੂੰਹਾਂ ‘ਤੇ ਖੜ੍ਹ ਕੇ ਬੜੇ ਸੁਪਨੇ ਦੇਖੇ ਸਨ ਸਾਵੀ ਪੱਧਰੀ ਤੇ ਸੁਖਾਵੀਂ ਦੁਨੀਆ ਦੇਖਣ/ਸਿਰਜਣ ਦੇ। ਬਹੁਤੇ ਅਧੂਰੇ ਹੀ ਰਹਿ ਗਏ’। ਤੁਹਾਡੇ ਜਵਾਬ ਦੀ ਹੀ ਇਹ ਪੰਕਤੀ ਤੁਹਾਡੇ ਅੱਗੇ ਸਵਾਲੀਆ ਰੂਪ ‘ਚ ਹਾਜ਼ਰ ਹੈ। ਇਸ ਦੇ ਓਹਲੇ ਨੂੰ ਵਿਸਥਾਰ ਦਿਓ। ਇਹ ਵੀ ਦੱਸੋ ਕਿ ਆਪਣੀ ਗੱਲ ਕਹਿਣ ਲਈ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਬੋਲੀ ਕਿਉਂ ਬੋਲਣੀ ਪਈ?

ਚੜ੍ਹਦੀ ਜਵਾਨੀ ਸਮੇਂ ਕਿਸੇ ਵੇਲੇ ਗੁਰਬਾਣੀ ਦੇ ਪ੍ਰਭਾਵ ਹੇਠ ‘ਸੱਭੈ ਸਾਂਝੀਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ’ ਦੇ ਕੱਥਨ ਅਨੁਸਾਰ ਜਾਤਾਂ, ਧਰਮਾਂ, ਕੌਮਾਂ ਤੇ ਦੇਸਾਂ ਦੇ ਫਰਕਾਂ ਤੋਂ ਉਪਰ ਉੱਠ ਕੇ ਸਰਬ ਮਨੁੱਖਤਾ ਦੀ ਬਰਾਬਰੀ ਦਾ ਸੁਪਨਾ ਦੇਖਿਆ ਸੀ, ਜਿਸਦੀ ਪੂਰਤੀ ਮਾਰਕਸ ਨੂੰ ਪੜ੍ਹਨ ਉਪ੍ਰੰਤ ਸਮਾਜਵਾਦ ਅਤੇ ਸਾਮਯਵਾਦ ਵਿਚ ਦਿਸਣ ਲੱਗ ਪਈ ਸੀ। ਪਰ ਇਸ ਦਾ ਸਾਕਾਰ ਹੋਣਾ ਹੌਲੀ ਹੌਲੀ ਦੂਰ ਹੁੰਦਾ ਗਿਆ। 

ਗੁਰਬਖਸ਼ ਸਿੰਘ ਦੀ ਬੋਲੀ ਤੇ ਲੇਖਣੀ ਦਾ ਮੇਰੇ ਉੱਤੇ ਉਦੋ ਵੀ ਪ੍ਰਭਾਵ ਸੀ ਤੇ ਹੁਣ ਵੀ ਹੈ। ਸਾਵੀਂ ਪੱਧਰੀ ਜਿ਼ੰਦਗੀ ਜਾਂ ਸੁਖਾਵੀਂ ਸੁਧਰੀ ਜਿ਼ੰਦਗੀ ਗੁਰਬਖਸ਼ ਸਿੰਘ ਦੀ ਬੋਲੀ ਵਿਚ ਸਮਾਜਵਾਦ ਤੇ ਸਾਮਯਵਾਦ ਦਾ ਅਦਰਸ਼ਵਾਦੀ ਰੂਪ ਹੀ ਸੀ ਹੋਰ ਕੁਝ ਨਹੀਂ।

***

860

***

About the author

ਦਲਵੀਰ ਕੌਰ, ਵੁਲਵਰਹੈਂਪਟਨ
+447496267122 | learnxyz15@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਦਲਵੀਰ ਕੌਰ
(ਸੀਨੀਅਰ ਕਲੀਨੀਕਲ ਪਰੈਕਟੀਸ਼ਨਰ, ਕਲੀਨੀਕਲ ਸੁਪਰਵਾਈਜ਼ਰ) ਨੈਸ਼ਨਲ ਹੈਲਥ ਸਰਵਿਸ Uk .

ਵਾਈਸ ਪ੍ਰਧਾਨ: ਪ੍ਰਗਤੀ ਸ਼ੀਲ ਲਿਖਾਰੀ ਸਭਾ ਵੁਲਵਰਹੈਮਪਟਨ
ਕਲਚਰਲ ਐਮਬੈਸਡਰ: Trained by Royal college of Nursing
ਇਗਜ਼ੈਕਟਿਵ ਮੈਂਬਰ: ਕੇਂਦਰੀ ਲਿਖਾਰੀ ਸਭਾ ਯੂਕੇ

ਚਾਰ ਕਾਵਿ-ਸੰਗ੍ਰਹਿ:
ਸੋਚ ਦੀ ਦਹਿਲੀਜ਼ ਤੇ
ਅਹਿਦ
ਹਾਸਿਲ
ਚੌਥੀ ਕਿਤਾਬ ‘ ਚਿੱਤਵਣੀ
ਹੁਣੇ ਹੀ ਕਿਸਾਨ ਸੰਘਰਸ਼ ਤੇ ਕਿਤਾਬ ਸੰਪਾਦਿਤ ਕੀਤੀ ਹੈ: ‘ਕਿਸਾਨ ਸੰਘਰਸ਼ ਸਦੀ ਦਾ ਕਾਵਿ ਸ਼ਬਦ’

ਦਲਵੀਰ ਕੌਰ, ਵੁਲਵਰਹੈਂਪਟਨ

ਦਲਵੀਰ ਕੌਰ (ਸੀਨੀਅਰ ਕਲੀਨੀਕਲ ਪਰੈਕਟੀਸ਼ਨਰ, ਕਲੀਨੀਕਲ ਸੁਪਰਵਾਈਜ਼ਰ) ਨੈਸ਼ਨਲ ਹੈਲਥ ਸਰਵਿਸ Uk . ਵਾਈਸ ਪ੍ਰਧਾਨ: ਪ੍ਰਗਤੀ ਸ਼ੀਲ ਲਿਖਾਰੀ ਸਭਾ ਵੁਲਵਰਹੈਮਪਟਨ ਕਲਚਰਲ ਐਮਬੈਸਡਰ: Trained by Royal college of Nursing ਇਗਜ਼ੈਕਟਿਵ ਮੈਂਬਰ: ਕੇਂਦਰੀ ਲਿਖਾਰੀ ਸਭਾ ਯੂਕੇ ਚਾਰ ਕਾਵਿ-ਸੰਗ੍ਰਹਿ: ਸੋਚ ਦੀ ਦਹਿਲੀਜ਼ ਤੇ ਅਹਿਦ ਹਾਸਿਲ ਚੌਥੀ ਕਿਤਾਬ ‘ ਚਿੱਤਵਣੀ ਹੁਣੇ ਹੀ ਕਿਸਾਨ ਸੰਘਰਸ਼ ਤੇ ਕਿਤਾਬ ਸੰਪਾਦਿਤ ਕੀਤੀ ਹੈ: ‘ਕਿਸਾਨ ਸੰਘਰਸ਼ ਸਦੀ ਦਾ ਕਾਵਿ ਸ਼ਬਦ’

View all posts by ਦਲਵੀਰ ਕੌਰ, ਵੁਲਵਰਹੈਂਪਟਨ →