25 July 2024

ਹਰਬਖਸ਼ ਮਕਸੂਦਪੁਰੀ ਨਾਲ ਆਖ਼ਰੀ ਮੁਲਾਕਾਤ – ਦਲਵੀਰ ਕੌਰ [ ਭਾਗ ਦੂਜਾ]

ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਇੰਗਲੈਂਡ ਤੋਂ ਬਹੁਪੱਖੀ ਸ਼ਖ਼ਸੀਅਤ ਦੀ ਮਾਲਕ ਲੇਖਿਕਾ ਦਲਵੀਰ ਕੌਰ ਜੀ ਦੇ, ਜਿਨ੍ਹਾਂ ਨੇ ਪੰਜਾਬੀ ਦੇ ਮਹਾਨ ਸਾਹਿਤਕਾਰ, ਆਲੋਚਕ ਤੇ ਚਿੰਤਕ ਹਰਬਖਸ਼ ਮਕਸੂਦਪੁਰੀ ਜੀ ਨਾਲ ਉਹਨਾਂ ਦੇ ਜੀਵਨ ਦੇ ਆਖ਼ਰੀ ਦੋ ਵਰ੍ਹਿਆਂ ਦੌਰਾਨ ਕੀਤੀਆਂ ਮੁਲਾਕਾਤਾਂ ਵਿਚੋਂ ਗਿਆਨ ਦੀ ਪੰਡ ਬੰਨ੍ਹ ਪਹਿਲੀ ਵਾਰੀਂ ਸਿਰਫ਼ ਲਿਖਾਰੀ ਦੇ ਪਾਠਕਾਂ ਨਾਲ ਸਾਂਝੀ ਕੀਤੀ ਹੈ। ਉਮੀਦ ਹੈ ਕੇ ਲਿਖਾਰੀ ਦੇ ਪਾਠਕ ਇਨ੍ਹਾਂ ਸਵਾਲਾਂ ਜਵਾਬਾਂ ਨੂੰ ਧਿਆਨ ਨਾਲ ਪੜ੍ਹਨ ਤੇ ਵਿਚਾਰਨਗੇ।
ਲਿਖਾਰੀ

ਇਸ ਲੰਬੀ ਵਾਰਤਾਲਾਪ ਨੂੰ ਸਤਿਕਾਰਯੋਗ ਹਰਬਖਸ਼ ਮਕਸੂਦਪੁਰੀ ਜੀ ਨਾਲ ਤਕਰੀਬਨ ਦੋ ਸਾਲ ਦਾ ਸਮਾਂ ਲੱਗਾ।

ਮੈਂ ਸਵਾਲ ਲਿਖ ਕੇ ਭੇਜ ਦੇਂਦੀ ਤੇ ਉਹ ਆਪਣੇ ਸਮੇਂ ਤੇ ਸਿਹਤ ਮੁਤਾਬਿਕ ਜਵਾਬ ਲਿਖ ਭੇਜ ਦੇਂਦੇ। ਉਨ੍ਹਾਂ ਦੀ ਇੱਛਾ ਸੀ ਕਿ ਇਹ ਵਾਰਤਾਲਾਪ ਕਿਤਾਬੀ ਰੂਪ 'ਚ ਪੇਸ਼ ਹੋਵੇ।

70 ਵੇਂ ਸਵਾਲ ਦੇ ਜਵਾਬ ਤੋਂ ਬਾਅਦ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ, ਨਜ਼ਰ ਘੱਟ ਗਈ ਤੇ ਮੇਰੇ ਬਾਕੀ ਦੇ ਸਵਾਲ ਬੇ-ਜਵਾਬ ਰਹਿ ਗਏ। ਏਸ ਵਾਰਤਾਲਾਪ ਦੌਰਾਨ ਮੈਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ।

ਹੁਣ 'ਲਿਖਾਰੀ' ਮਾਧਿਅਮ ਰਾਹੀਂ ਇਹ ਵਾਰਤਾਲਾਪ ਪਹਿਲੀ ਵਾਰ ਪਾਠਕਾਂ ਸਾਹਵੇਂ ਪੇਸ਼ ਹੈ।

ਉਮੀਦ ਹੈ ਪਾਠਕ ਵੀ ਮੇਰੇ ਵਾਂਗ ਬੜਾ ਕੁਝ ਆਪਣੀ ਚੋਣ ਮੁਤਾਬਿਕ ਜੋ ਜੀ ਆਇਆ ਸਾਂਭ ਲੈਣਗੇ।

ਲੇਖਿਕਾ ਦਲਵੀਰ ਕੌਰ ਹਰਬਖ਼ਸ਼ ਮਕਸੂਦਪੁਰੀ ਨਾਲ ਕੇਅਰ ਹੋਮ ਵਿਚ ਉਹਨਾਂ ਦੀਆਂ ਕਿਤਾਬਾਂ ਦਾ ਕੋਲਾਜ ਭੇਂਟ ਕਰਦੇ ਹੋਏ।

ਇਹ ਗੱਲਬਾਤ ਦੇ ਸਿਲਸਿਲੇ ਦਾ ਮੁੱਢ - ਕੁਝ ਸ਼ਬਦ ਦਲਵੀਰ ਕੌਰ ਜੀ ਵੱਲੋਂ

ਮੈਂ ਚੈਨਲ ਪੰਜਾਬ ਤੇ ‘ਅਦਬੀ ਦਰਵਾਜ਼ਾ’ ਪੰਜਾਬੀ ਪ੍ਰੋਗਰਾਮ ਪੇਸ਼ ਕਰਦੀ ਹੁੰਦੀ ਸਾਂ ਤਕਰੀਬਨ 2007-8 ਦੇ ਸਾਲ ਸਨ, ਮੈਂ ਸਾਰਾ ਪ੍ਰੋਗਰਾਮ ਖ਼ੁਦ ਹੀ ਤਿਆਰ ਕਰਦੀ ਸਾਂ ਤੇ ਚੰਗੇ ਸਾਹਿਤਕਾਰ ਲੱਭਦੀ ਰਹਿੰਦੀ ਸਾਂ।ਮੈਨੂੰ ਹਰਬਖਸ਼ ਮਕਸੂਦਪੁਰੀ ਜੀ ਦਾ ਫ਼ੋਨ ਨੰਬਰ ਲੱਭਿਆ ਤੇ ਉਨ੍ਹਾਂ ਦੇ ਨਾਂਹ ਨੁੱਕਰ ਕਰਨ ਦੇ ਬਾਵਜੂਦ ਮੈਂ ਉਨ੍ਹਾਂ ਦੇ ਘਰ ਜਾ ਕੇ ਮਿਲਣ ਦਾ ਸਮਾਂ ਲੈ ਲਿਆ। ਦਰਵਾਜ਼ਾ ਖੜਕਾਉਣ ਉਪਰੰਤ ਉਨ੍ਹਾਂ ਦੀ ਧਰਮ ਪਤਨੀ ਨੇ ਦਰਵਾਜ਼ਾ ਖੋਲ੍ਹਦਿਆਂ, ਮੇਰੀ ਗੱਲ ਸੁਣਨ ਤੋਂ ਪਹਿਲਾਂ ਪੁੱਛ ਲਿਆ ਕਿ ਮੈਂ ਕੌਣ ਹਾਂ। ਮੈਂ ਦੱਸਿਆਂ ਮੈਂ ਦਲਵੀਰ ਕੌਰ ਹਾਂ, ਮਕਸੂਦਪੁਰੀ ਜੀ ਨੂੰ ਮਿਲਣਾ ਹੈ ਤੇ ਮੇਰੇ ਨਾਲ ਮੇਰੀ ਟੀਮ ਹੈ ਕੈਮਰੇ ਵਾਲੀ ਜੋ ਮੇਰੇ ਨਾਲ ਹੀ ਅੰਦਰ ਆਉਣਗੇ। ਉਨ੍ਹਾਂ ਦੀ ਪਤਨੀ ਨੇ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ ਤੇ ਨਾਲ ਹੀ ਮੈਨੂੰ ਦਹਿਲੀਜ਼ ਟੱਪਦਿਆਂ ਸਾਰ ਪੁੱਛ ਲਿਆ ਕਿ “ਤੇਰਾ ਵਿਆਹ ਹੋਇਆ ਹੈ? ਘਰ ਵਾਲਾ ਕੀ ਕਰਦਾ ਹੈ?। ਮੈਂ ਤੇ ਵਿਆਹੀ ਵੀ ਸਾਂ ਤੇ ਮਾਂ ਵੀ ਸਾਂ ਪਰ ਮੈਂ ਹੱਸ ਕੇ ਕਹਿ ਦਿੱਤਾ ਕਿ, ” ਆਂਟੀ ਜੀ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੀ ਤੁਸੀਂ ਆਪਣੇ ਹਸਬੈਂਡ ਦੇ ਨਾਲ ਬੈਠ ਜਾਣਾ ਮੈਨੂੰ ਕੈਮਰਾ ਸੈੱਟ ਕਰ ਲੈਣ ਦਿਓ”।

‘ਚੰਗਾ ਹਾਅ ਅੰਦਰ ਵਿੱਚ ਦੀ ਜਾ ਕੇ ਚੜ੍ਹ ਜਾ ਪੌੜੀ, ਉੱਤੇ ਉਹਦੇ ਕਮਰੇ ‘ਚ ਹੀ ਲੈ ਜਾ ਸਭ ਕੁਝ! ਮੇਰੇ ਨਾਲ ਇਸ ਤਰਾਂ ਪਹਿਲੀ ਵਾਰ ਹੋ ਰਿਹਾ ਸੀ ਤੇ ਮੈਂ ਕੈਮਰੇ ਵਾਲਿਆਂ ਨੂੰ ਲੈ ਕੇ ਪੌੜੀਆਂ ਚੜ੍ਹ ਗਈ। ਅੱਗੇ ਹਰਬਖਸ਼ ਮਕਸੂਦਪੁਰੀ ਜੀ 3 ਸੀਟਰ ਸੈਟੀ ਤੇ ਬੈਠੇ ਸਨ ਨੀਵੀਂ ਪਾਈ। ਤਕਰੀਬਨ ਸਾਰੀ ਗੱਲਬਾਤ ਦੌਰਾਨ ਉਨ੍ਹਾਂ ਨੀਵੀਂ ਪਾ ਕੇ ਹੀ ਮੇਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਕਦੇ ਕਦੇ ਉਨ੍ਹਾਂ ਦੀ ਨੀਵੀਂ ਅੱਖ ਚੋਂ ਪਾਣੀ ਛਲਕ ਬਾਹਰ ਆ ਜਾਂਦਾ। ਵਾਪਸ ਆ ਕੇ ਮੈਂ ਫ਼ੋਨ ਤੇ ਕੁਝ ਹੋਰ ਜਾਣਕਾਰੀ ਲਈ। ਮੇਰਾ ਕਿੱਤਾ ਮੈਂਟਲ ਹੈਲਥ ਨਾਲ ਸੰਬੰਧਿਤ ਹੋਣ ਕਾਰਨ ਮੈਂ ਉਨ੍ਹਾਂ ਨੂੰ ਸੁਣਨਾ ਤੇ ਹੌਸਲਾ ਦੇਣਾ ਸ਼ੁਰੂ ਕੀਤਾ। ਜ਼ਿੰਦਗੀ ਦੇ ਆਖ਼ਰੀ ਵਰ੍ਹਿਆਂ ਦੌਰਾਨ ਇੱਕ ਵਾਰ ਉਹ ਆਪਣੀ ਬੇਟੀ ਨੂੰ ਮਿਲਣ ਡਾਰਲੈਸਟੱਨ ਆਏ (ਜੋ ਕਿ ਮੇਰੇ ਸ਼ਹਿਰ ਦੇ ਨਜ਼ਦੀਕ ਹੈ) ਤੇ ਉਨ੍ਹਾਂ ਦੀ ਬੇਟੀ ਦਾ ਫ਼ੋਨ ਆਇਆ ਕਿ ਪਾਪਾ ਆਏ ਹੋਏ ਤੇ ਤੁਹਾਨੂੰ ਮਿਲਣਾ ਚਾਹੁੰਦੇ ਨੇ। ਮੈਂ ਮਿਲਣ ਗਈ, ਬਹੁਤ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਉਨ੍ਹਾਂ ਆਪਣੀ ਇੱਛਾ ਜ਼ਾਹਰ ਕੀਤੀ ਕਿ ਮੈਂ ਚਾਹੁੰਦਾ ਹਾਂ ਮੈਨੂੰ ਕੋਈ ਸਮਝਣ ਵਾਲਾ ਮੇਰੇ ਕੋਲੋਂ ਐਸੇ ਸਵਾਲ ਪੁੱਛੇ ਕਿ ਮੈਂ ਹੁਣ ਤੱਕ ਨਾ ਕਿਹਾ ਗਿਆ ਕਹਿ ਸਕਾਂ। ਮੈਂ ਹਾਂ ਕਰ ਦਿੱਤੀ, ਉਨ੍ਹਾਂ ਦੀਆਂ ਕਿਤਾਬਾਂ ਪੜ੍ਹੀਆਂ, ਤੇ ਹੌਲੀ ਹੌਲੀ ਆਪਣੀ ਬੁੱਧ ਮੁਤਾਬਿਕ ਸਵਾਲਾਂ ਦਾ ਸਿਲਸਿਲਾ ਸ਼ੁਰੂ ਕੀਤਾ। ਤੇ ਇਸੇ ਵਾਰਤਾਲਾਪ ਚੋਂ ਉਪਜੀ ਹੈ ਇਹ ਲਿਖਤ। 

ਤੁਹਾਡੇ ਤਜਰਬੇ ਅਤੇ ਕਿਆਸ ਮੁਤਾਬਿਕ ਦੱਸੋ ਕਿ ਅੱਜ ਤੋਂ 40 ਸਾਲ ਬਾਅਦ ਦੁਨੀਆ ਕਿਹੋ-ਜਿਹੀ ਹੋਏਗੀ?

ਮੈਂ ਹੁਣ ਬਾਰੇ ਸੋਚਣ ਵਿਚ ਯਕੀਨ ਰੱਖਦਾ ਹਾਂ। ਕਿਉਂਕਿ ਜੋ ਬੀਤ ਗਿਆ ਹੈ ਉਹ ਤਾਂ ਬੀਤ ਗਿਆ, ਉਹਦੇ ਬਾਰੇ ਅਸੀਂ ਹੁਣ ਕੁਝ ਨਹੀਂ ਕਰ ਸਕਦੇ। ਜੋ ਹਾਲੀਂ ਆਉਣਾ ਹੈ, ਉਹਦਾ ਕੀ ਪਤਾ ਆਵੇ ਜਾਂ ਨਾ ਆਵੇ। ਇਸ ਲਈ ਹੁਣ ਦਾ ਪਲ ਹੀ ਅਨਮੋਲ ਹੈ। ਫੇਰ ਵੀ ਤੇਰੇ ਪ੍ਰਸ਼ਨ ਦਾ ਉੱਤਰ ਦੇਣ ਦਾ ਯਤਨ ਕਰਦਾ ਹਾਂ:-
ਭਵਿੱਖ ਦਾ ਅਨੁਮਾਨ ਕੇਵਲ ਭੂਤ ਕਾਲ ਵਿਚ ਪਰਿਵਰਤਨ ਦੀ ਰਫ਼ਤਾਰ ਤੋਂ ਹੀ ਲਾਇਆ ਜਾ ਸਕਦਾ ਹੈ। ਅੱਜ ਤੋਂ ਚਾਲੀ ਸਾਲ ਪਹਿਲਾਂ ਦੁਨੀਆ ਕਿਹੋ ਜਿਹੀ ਸੀ? 80 ਸਾਲ ਪਹਿਲਾਂ ਕਿਹੋ ਜਿਹੀ ਸੀ? 1000 ਸਾਲ ਪਹਿਲਾਂ ਕਿਹੋ ਜਿਹੀ ਸੀ? ਸੈਂਕੜੇ ਤੁਫ਼ਾਨ ਆਏ। ਕਈ ਵੇਰ ਅਜਿਹਾ ਵੀ ਲੱਗਿਆ ਕਿ ਦੁਨੀਆ ਦਾ ਅੰਤ ਆ ਗਿਆ ਹੈ। ਪਰ ਦੁਨੀਆ ਅੱਗੇ ਤੋਂ ਅੱਗੇ ਹੀ ਵਧਦੀ ਗਈ। ਇਹ ਤੋਂ ਤਾਂ ਇਹੀ ਸਿੱਟਾ ਨਿਕਲਦਾ ਹੈ ਕਿ ਇਸ ਦੁਨੀਆ ਨੂੰ ਕੁਝ ਨਹੀਂ ਹੋਣ ਲੱਗਾ, ਇਹਨੇ ਅੱਗੇ ਹੀ ਅੱਗੇ ਜਾਣਾ ਹੈ। ਪ੍ਰਗਤੀ ਕੁਦਰਤ ਦਾ ਅਟੱਲ ਨਿਯਮ ਹੈ।
ਜੇ ਚਾਲੀ ਸਾਲ ਪਹਿਲਾਂ ਦੀ ਦੁਨੀਆ ਦਾ ਹੁਣ ਨਾਲ ਮੁਕਾਬਲਾ ਕਰ ਕੇ ਦੇਖੀਏ ਤਾਂ ਅੰਦਾਜ਼ਾ ਇਹੀ ਬਣਦਾ ਹੈ ਸਾਡੀ ਦੁਨੀਆ ਅਗਲੇ ਚਾਲੀ ਸਾਲਾਂ ਵਿਚ ਪਿਛਲੇ ਚਾਲੀ ਸਾਲਾ ਨਾਲੋਂ ਕਈ ਗੁਣਾਂ ਅੱਗੇ ਲੰਘ ਜਾਵੇਗੀ।

40 ਸਾਲ ਪਿੱਛੋਂ ਇਨਸਾਨੀ ਰਿਸ਼ਤੇ ਕਿਹੋ ਜਿਹੇ ਹੋਣਗੇ? ਵਿਆਹੁਤਾ ਜੀਵਨ ਦਾ ਕੀ ਥਾਂ ਹੋਵੇਗਾ? ਜਿਊਣ ਦੇ ਮਕਸਦ ਕਿਹੋ ਜਿਹੇ ਹੋਣਗੇ?

ਪਿਛਲੇ ਕੁਝ ਸਾਲਾਂ ਵਿਚ ਜਿਸ ਤਰ੍ਹਾਂ ਵਿਗਿਆਨਕ ਉੱਨਤੀ ਨਾਲ ਸੰਚਾਰ, ਸੰਪਰਕ ਤੇ ਯਾਤਾਯਾਤ ਸਾਧਨਾਂ ਵਿਚ ਹੈਰਾਨਕੁਨ ਉੱਨਤੀ ਹੋਈ ਹੈ ਅਤੇ ਕੰਪਿਊਟਰ ਯੁੱਗ ਨੇ ਦੁਨੀਆ ਨੂੰ ਗਲੋਬਲ ਪਿੰਡ ਵਿਚ ਬਦਲ ਦਿੱਤਾ ਹੈ ਤੇ ਇਸ ਦੇ ਨਾਲ ਹੀ ਆਟੋਮੇਸ਼ਨ ਨਾਲ ਦਿਮਾਗ਼ੀ ਤੇ ਜਿਸਮਾਨੀ ਮਿਹਨਤ ਵਿਚ ਫ਼ਰਕ ਮਿਟਦਾ ਜਾ ਰਿਹਾ ਹੈ, ਉਸ ਦੇ ਸਿੱਟੇ ਵਜੋਂ ਪੂੰਜੀਵਾਦ ਵੀ ਹੌਲੀ ਹੌਲੀ ਆਪਣੀ ਪਹਿਲੀ ਸ਼ਕਲ ਗਵਾ ਰਿਹਾ ਹੈ। ਜ਼ਰਾ ਕਿਆਸ ਕਰੋ ਚਾਲੀ ਕੁ ਸਾਲ ਤੱਕ ਜਦ ਪੈਦਾਵਾਰ ਦੇ ਬਹੁਤੇ ਕੰਮ ਰੋਬੋਟਾਂ ਨਾਲ ਹੋਣ ਲੱਗ ਪੈਣਗੇ ਤਾਂ ਮਨੁੱਖ ਹੱਥੋਂ ਮਨੁੱਖ ਦੀ ਮਿਹਨਤ ਦੀ ਲੁੱਟ ਦੀ ਲੋੜ ਕਿੰਨੀ ਕੁ ਰਹਿ ਜਾਵੇਗੀ? ਜੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਹੋ ਗਈ ਤਾਂ ਕਿਹੋ ਜਿਹਾ ਸਮਾਜ ਹੋਂਦ ਵਿਚ ਆ ਜਾਵੇਗਾ? ਇਹ ਜਾਣ ਲੈਣਾ ਵੀ ਉਚਿਤ ਹੈ ਕਿ ਸਮਾਜਕ ਰਿਸ਼ਤੇ ਵੀ ਆਰਥਕ ਰਿਸ਼ਤਿਆਂ ਦਾ ਪਰਤੋਅ ਹੀ ਹੁੰਦੇ ਹਨ। ਜਦ ਆਰਥਕ ਰਿਸ਼ਤਿਆਂ ਵਿਚ ਨਿੱਜੀ ਮਾਲਕੀ ਨਾ ਰਹੀ ਤਾਂ ਸਮਾਜਕ ਰਿਸ਼ਤਿਆਂ ਵਿਚ ਵੀ ਨਹੀਂ ਰਹੇਗੀ। ਵਿਵਾਹਿਤ ਜੀਵਨ ਵਿਚ ਵੀ ਲੱਗ ਪੱਗ ਉਸੇ ਤਰ੍ਹਾਂ ਦਾ ਮਾਲਕ ਤੇ ਕਾਮੇ ਵਾਲਾ ਰਿਸ਼ਤਾ ਹੁੰਦਾ ਹੈ ਜਿਸ ਤਰ੍ਹਾਂ ਦਾ ਪ੍ਰਚਲਿਤ ਆਰਥਕ ਪ੍ਰਬੰਧ ਵਿਚ ਮਾਲਕ ਤੇ ਕਾਮੇ ਦਾ ਹੁੰਦਾ ਹੈ। ਜਦ ਆਰਥਕ ਪ੍ਰਬੰਧ ਵਿਚ ਇਹ ਰਿਸ਼ਤੇ ਨਾ ਰਹੇ ਤਾਂ ਸਮਾਜ ਵਿਚ ਵੀ ਨਹੀਂ ਰਹਿਣਗੇ। ਵਿਆਹ ਵਿਚ ਵੀ ਪਤੀ ਪਤਨੀ ਵਾਲਾ ਰਿਸ਼ਤਾ ਖ਼ਤਮ ਹੋ ਜਾਵੇਗਾ, ਇਹਦੀ ਥਾਂ ਹੌਲੀ ਹੌਲੀ ਸ੍ਵੈ ਇੱਛਾ ਤੇ ਅਧਾਰਿਤ ਲੰਮੀ ਮਿੱਤਰਤਾ ਦਾ ਰਿਸ਼ਤਾ ਪ੍ਰਵਾਨ ਹੋ ਜਾਵੇਗਾ।

ਯੂਨਾਨੀ ਫ਼ਿਲਾਸਫ਼ਰ ਸੁਕਰਾਤ ਕਹਿੰਦਾ ਹੈ ਕਿ ਨਾਸ਼ਮਾਨ ਬੰਦੇ ਕੋਲ ਸਿਆਣਪ ਸਿਰਫ਼ ਨਾਸ਼ਮਾਨ ਬੰਦੇ ਜਿੰਨੀ ਹੀ ਹੋ ਸਕਦੀ ਹੈ. ਤੁਸੀਂ ਇਕ ਸਦੀ ਦਾ ਪੌਣੇ ਤੋਂ ਵੀ ਵੱਧ ਸਮਾਂ ਜੀ ਲਿਆ ਹੋ, ਆਪਣੇ ਖੇਤਰ ‘ਤੇ ਖਲੋ ਕਿ ਦੱਸੋ ਕਿ ਹਿਊਮਨ ਵਿਜ਼ਡਮ ਦਾ ਘੇਰਾ ਕੀ ਹੈ?

ਸੁਕਰਾਤ ਨੇ ਜੋ ਕੁਝ ਵੀ ਕਿਹਾ ਸੀ ਉਹ ਉਹਦੇ ਸਮੇਂ ਦਾ ਸੱਚ ਸੀ। ਉਸ ਸਮੇਂ ਦੇ ਸਮਾਜਕ ਤੇ ਆਰਥਕ ਪ੍ਰਬੰਧ ਦੇ ਅੰਦਰ ਹੀ ਸੁਕਰਾਤ ਦੇ ਗਿਆਨ ਦੀ ਹੱਦ ਹੋ ਸਕਦੀ ਸੀ। ਪਰ ਜੇ ਕੋਈ ਪਰਾਭੌਤਿਕ ਗੱਲਾਂ ਕਰੇ ਤਾਂ ਉਹ ਗਿਆਨ ਤੋਂ ਬਾਹਰ ਦੀਆਂ ਕਲਪਨਾਵਾਂ ਹੀ ਹੁੰਦੀਆਂ ਹਨ। ਮੈਂ ਅੱਜ ਜਿਸ ਸਮੇਂ ਵਿਚ ਜੀਅ ਰਿਹਾ ਉਸ ਸਮੇਂ ਵਿਚ ਗਿਆਨ ਵਿਗਿਆਨ ਨੇ ਨਵੀਂਆਂ ਸਿਖ਼ਰਾਂ ਛੋਹ ਲਈਆਂ ਹਨ। ਮੇਰੀ ਸਮਝ ਅਨੁਸਾਰ ਦਾਨਾਈ ਅੱਜ ਦੇ ਗਿਆਨ ਵਿਗਿਆਨ ਦੇ ਹਾਣ ਦੀ ਹੋਣੀ ਹੀ ਸੰਭਵ ਹੈ। ਮੈਂ ਕਿਸੇ ਵੀ ਐਸੀ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਜਿਹਦੀ ਬੁਨਿਆਦ ਤਰਕਸ਼ੀਲਤਾ ਦੇ ਅਨੁਕੂਲ ਨਾ ਹੋਵੇ। ਅੱਜ ਦੇ ਸਮੇਂ ਵਿਚ ਦਾਨਾਈ ਕੌਮਾਂ ਧਰਮਾਂ ਤੇ ਦੇਸਾਂ ਦੀਆਂ ਵੰਡੀਆਂ ਤੋਂ ਉਪਰ ਉੱਠ ਕੇ ਸਰਬ ਮਨੁੱਖਤਾ ਦੇ ਸਾਂਝੇ ਭਾਈਚਾਰੇ ਦੀ ਉਸਾਰੀ ਵਿਚ ਹੀ ਹੈ।

ਤੁਹਾਡੇ ਇਸ ਜਵਾਬ ਦੀ ਰੌਸ਼ਨੀ ‘ਚ ਤਰਕ ਤੇ ਦਾਨਾਈ ਸਾਹਵੇਂ ਖਲੋ ਕਿ ਦੱਸੋ ਕਿ intellectual modesty ਕਿੰਨੀ ਕੁ ਹੈ ਅੱਜ ਦੇ ਲੋਕਾਂ ‘ਚ , Moral grounds/moral knowledge ਤੇ moral values ਦੇ ਪੱਖੋਂ ਕਿਥੇ ਖੜ੍ਹਾ ਅਜੋਕਾ ਆਮ ਤੇ ਖ਼ਾਸ ਇਨਸਾਨ।

ਮੇਰੀ ਸਮਝ ਅਨੁਸਾਰ ਤਰਕ ਤੇ ਦਾਨਾਈ ਪ੍ਰਾਪਤ ਗਿਆਨ ਅਤੇ ਆਰਥਕ ਉੱਨਤੀ ‘ਤੇ ਨਿਰਭਰ ਕਰਦੀ ਹੁੰਦੀ ਹੈ। ਕੋਈ ਭਾਵੇਂ ਕਿੰਨਾ ਵੀ ਤਰਕਸ਼ੀਲ ਤੇ ਦਾਨਾ ਹੋਵੇ, ਉਹ ਕੁਝ ਕਹਿਣ ਤੇ ਕਰਨ ਲੱਗਿਆਂ ਪ੍ਰਾਪਤ ਵਿਵਸਥਾ ਨੂੰ ਵੀ ਧਿਆਨ ਵਿਚ ਰੱਖਦਾ ਹੈ। ਜੇ ਪ੍ਰਾਪਤ ਵਿਵਸਥਾ ਉਹਦੀ ਦਾਨਾਈ ਤੇ ਤਰਕਸ਼ੀਲਤਾ ਨੂੰ ਬਰਦਾਸ਼ਤ ਕਰਨ ਲਈ ਤਿਆਰ ਹੀ ਨਾ ਹੋਵੇ ਤਾਂ ਵਿਵਸਥਾ ਵਿਚ ਸੁਧਾਰ ਆਉਣ ਤੱਕ ਉਹ ਚੁੱਪ ਰਹਿਣਾ ਹੀ ਯੋਗ ਸਮਝੇਗਾ ਪਰ ਜੇ ਉਹ ਵਿਵਸਥਾ ਦੇ ਵਿਰੋਧ ਵਿਚ ਤਰਕ ਤੇ ਦਾਨਾਈ ਨੂੰ ਵਰਤੇਗਾ ਤਾਂ ਉਹਨੂੰ ਵੀ ਸੁਕਰਾਤ ਵਾਂਗ ਜ਼ਹਿਰ ਦਾ ਪਿਆਲਾ ਪੀਣਾ ਪਏਗਾ। ਖ਼ੈਰ ਮੇਰੇ ਸਾਹਮਣੇ ਐਸ ਵੇਲੇ ਇਹੋ ਜਿਹੀ ਕੋਈ ਸਮੱਸਿਆ ਨਹੀਂ।
ਕਿਸੇ ਵੀ ਸਮੇਂ ਦੇ ਲੋਕਾਂ ਵਿਚ ਬੌਧਿਕ ਨਿਮਰਤਾ ਉਸ ਸਮੇਂ ਦੀ ਵਿਵਸਥਾ ਅਨੁਸਾਰ ਹੀ ਹੁੰਦੀ ਹੈ। ਇਕ ਤਰ੍ਹਾਂ ਦੇ ਵਰਤਾਰੇ ਵਿਚ ਜਿਹੜੇ ਲੋਕ ਬੌਧਿਕ ਨਿਮਰਤਾ ਨਾਲ ਪਰਨਾਏ ਦਿਸਦੇ ਹਨ ਉਹ ਕਿਸੇ ਹੋਰ ਤਰ੍ਹਾਂ ਦੇ ਵਰਤਾਰੇ ਵਿਚ ਨਾ ਬੌਧਿਕ ਰਹਿੰਦੇ ਹਨ ਨਾ ਨਿਮਰ। ਅੱਜ ਦਾ ਇਨਸਾਨ ਨੇਕ ਵਿਸ਼ਵਾਸ, ਨੇਕ ਗਿਆਨ ਤੇ ਨੇਕ ਕਦਰਾਂ ਦੇ ਪੱਖੋਂ ਉੱਥੇ ਹੀ ਖੜ੍ਹਾ ਹੈ ਜਿੱਥੇ ਉਹ ਪ੍ਰਾਪਤ ਵਿਵਸਥਾ ਵਿਚ ਖੜ ਸਕਦਾ ਹੈ।

ਏਸੇ ਜਵਾਬ ਨੂੰ ਅੱਗੇ ਤੋਰਦੇ ਹੋਏ ਮੌਜੂਦਾ ਪ੍ਰਾਪਤ ਵਿਵਸਥਾ ਤੇ ਨਿੱਜੀ ਤਜਰਬੇ ਪੱਖੋਂ ਟਿੱਪਣੀ ਕਰੋ। ਅਰਸਤੂ ਦਾ ਮੰਨਣਾ ਹੈ ਕਿ ਬੋਲੀ ਦੀ ਸ਼ਾਬਦਿਕ ਬਣਤਰ ਤੇ ਇਸ ਵਿੱਚ ਪ੍ਰਗਟਾਇਆ ਗਿਆ ਤਰਕ ਮੌਜੂਦਾ ਸਮੇਂ ਦੀ ਅਸਲੀਅਤ ਦਾ ਸ਼ੀਸ਼ਾ/ਪ੍ਰਤੀਬਿੰਬ ਹੁੰਦੇ ਨੇ, ਤੇ ਕਿਸੇ ਵੀ ਸਮੇਂ ਦੀ ਬੋਲੀ ਦੀ ਬਣਤਰ ਓਸ ਸਮੇਂ ਦਾ ਸੱਚ ਜਾਣਨ ਲਈ ਨਿਰਨਾਇਕ ਸਾਬਤ ਹੋ ਸਕਦੀ ਹੈ। ਤੁਸੀਂ ਆਲੋਚਕ ਤੇ ਲੇਖਕ ਹੋਣ ਨਾਤੇ ਏਸੇ ਗੱਲ ਨਾਲ ਕਿੰਨਾ ਕੁ ਸਹਿਮਤ ਹੋ? ਜਿਹੜੇ ਲੇਖਕ ਘੋੜ ਦੌੜ ਵਿੱਚ ਸ਼ਾਮਲ ਹੋ ਜਾਂਦੇ ਨੇ ਉਨ੍ਹਾਂ ਦਾ ਯੋਗਦਾਨ ਇਸ ਸੰਦਰਭ ‘ਚ ਕੀ ਹੋਵੇਗਾ?

ਇਸ ਸਮੇਂ ਦੀ ਆਰਥਕ ਤੇ ਸਮਾਜਕ ਵਿਵਸਥਾ ਬਹੁਤਿਆਂ ਦੀ ਮਿਹਨਤ ਦੀ ਲੁੱਟ ‘ਤੇ ਥੋੜ੍ਹਿਆਂ ਨੂੰ ਸੁਰੱਖਿਅਤ ਰੱਖਣ ਦੇ ਅਸੂਲ ‘ਤੇ ਉੱਸਰੀ ਹੋਈ ਹੈ। ਇਸ ਲਈ ਆਮ ਲੋਕਾਂ ਨੂੰ ਪੀੜਤ ਰੱਖ ਕੇ ਕੁਝ ਧਨ ਦੌਲਤ ਦੇ ਮਾਲਕ ਐਸ਼ ਉਡਾ ਰਹੇ ਹਨ।

ਅਰਸਤੂ ਸੱਚਮੁੱਚ ਹੀ ਆਪਣੇ ਸਮੇਂ ਦਾ ਬਹੁਤ ਹੀ ਸੂਝਵਾਨ ਪੁਰਸ਼ ਸੀ। ਉਹਦੀਆਂ ਬਹੁਤੀਆਂ ਗੱਲਾਂ ਅੱਜ ਵੀ ਉਤਨੀਆਂ ਹੀ ਠੀਕ ਹਨ। ਭਾਵੇਂ ਉਹਦੇ ਸਮੇਂ ਵਿਚ ਗ਼ੁਲਾਮਾਂ ਨੂੰ ਬੰਦੇ ਨਹੀਂ ਸਮਝਿਆ ਜਾਂਦਾ ਸੀ। ਉਹਦੇ ਗੁਰੂ ਅਫ਼ਲਾਤੂਨ ਦੇ ‘ਗਣਰਾਜ’ ਵਿਚ ਤਾਂ ਗ਼ੁਲਾਮਾਂ ਨੂੰ ਵੋਟ ਦਾ ਅਧਿਕਾਰ ਵੀ ਨਹੀਂ ਸੀ।
ਅਰਸਤੂ ਦਾ ਇਹ ਕਥਨ ਅੱਜ ਵੀ ਉਨ੍ਹਾਂ ਹੀ ਸੱਚ ਹੈ ਕਿ ਕਿਸੇ ਸਮੇਂ ਵਿਚ ਭਾਸ਼ਾ ਦੀ ਸ਼ਾਬਦਿਕ ਬਣਤਰ ਤੇ ਇਸ ਵਿਚ ਪ੍ਰਗਟਾਇਆ ਤਰਕ ਸਦਾ ਹੀ ਉਸ ਸਮੇਂ ਦਾ ਪ੍ਰਤੀਬਿੰਬ ਹੁੰਦਾ ਹੈ। ਜੇ ਅਸੀਂ ਗੁਰੂ ਨਾਨਕ ਦੀ ਭਾਸ਼ਾ ਦੀ ਬਣਤਰ ਤੇ ਤਰਕ ਨੂੰ ਸਮਝੀਏ ਤਾਂ ਉਸ ਸਮੇਂ ਦਾ ਸੱਚ ਆਪਣੇ ਆਪ ਹੀ ਉਸ ਵਿਚੋਂ ਦਿਸਣ ਲੱਗ ਪੈਂਦਾ ਹੈ। ਸਾਡੇ ਸਮੇਂ ਵਿਚ ਸਾਮਰਾਜ, ਪੂੰਜੀਵਾਦ, ਵਿਅਕਤੀਵਾਦ ਵਰਗੇ ਸ਼ਬਦਾਂ ਦਾ ਪ੍ਰਚੱਲਿਤ ਹੋਣਾ ਵੀ ਵਰਤਮਾਨ ਦਾ ਸ਼ੀਸ਼ਾ ਹੈ। ਮੋਟਰ, ਕਾਰ, ਹਵਾਈ ਜਹਾਜ਼, ਇੰਜਣ ਆਦਿ ਸ਼ਬਦ ਅੱਜ ਦੇ ਸਮੇਂ ਵਿਚ ਹੀ ਪ੍ਰਚਲਿਤ ਹੋ ਸਕਦੇ ਸਨ। ਸਮੇਂ ਤੇ ਸਥਾਨ ਦਾ ਪ੍ਰਭਾਵ ਵੀ ਭਾਸ਼ਾ ਤੇ ਪੈਣਾ ਕੁਦਰਤੀ ਹੈ। ਇੰਗਲੈਂਡ ਵਿਚ ਵੱਸਦੇ ਪੰਜਾਬੀਆਂ ਦੀ ਪੰਜਾਬੀ ਵਿਚ ਅੰਗਰੇਜ਼ੀ ਦਾ ਮਿਸ਼ਰਨ ਵੀ ਇਹੀ ਦਰਸਾਉਂਦਾ ਹੈ?
ਪਰ ਜਿਹੜੇ ਲੇਖਕ ਬਿਨਾਂ ਸੰਦਰਭ ਜਾਣੇ ਦੂਜਿਆਂ ਦੀ ਨਕਲ ਕਰਨ ਤੁਰ ਪੈਂਦੇ ਹਨ , ਉਹ ਬੰਦੇ ਨਹੀਂ ਸਿਰਫ ਗੰਗਾ ਰਾਮ ਹੁੰਦੇ ਹਨ ਤੇ ਗੰਗਾ ਰਾਮਾਂ ਦਾ ਇੰਨੀਆਂ ਗੰਭੀਰ ਗੱਲਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ।

ਤੁਸੀਂ ਆਪਣੀਆਂ ਤਸਵੀਰਾਂ ਨੂੰ ਕਿੰਨੀ ਕੁ ਹੈਰਾਨੀ ਨਾਲ ਵੇਖਦੇ ਹੋ। ਬਚਪਨ ਦੀਆਂ ਤਸਵੀਰਾਂ ਹੋਣ ਜਾਂ ਨਾ ਹੋਣ ਨਾਲ ਕੀ ਫ਼ਰਕ ਪੈਂਦਾ ਹੈ ਇਨਸਾਨ ਤੇ।

ਤਸਵੀਰ ਉਸ ਸਮੇਂ ਤੇ ਸਥਾਨ ਨੂੰ ਅੱਖਾਂ ਸਾਹਮਣੇ ਸਾਕਾਰ ਕਰ ਦਿੰਦੀ ਹੈ, ਜਿਸ ਸਮੇਂ ਤੇ ਸਥਾਨ ਵਿਚ ਉਹ ਬਣਾਈ ਗਈ ਹੋਵੇ। ਮੇਰੇ ਬਚਪਨ ਦੇ ਦਿਨਾਂ ਵਿਚ ਤਾਂ ਰੋਟੀ ਦਾ ਫ਼ਿਕਰ ਹੀ ਸਾਹ ਨਹੀਂ ਲੈਣ ਦਿੰਦਾ ਸੀ। ਤਸਵੀਰ ਕਿਸ ਨੇ ਖਿਚਵਾਉਣੀ ਸੀ। ਮੇਰੀ ਸਭ ਤੋਂ ਪੁਰਾਣੀ ਤਸਵੀਰ ਕੋਈ 13 ਕੁ ਸਾਲ ਦੀ ਉਮਰ ਦੀ ਹੈ। ਮੇਰੇ ਬਾਪ ਨੇ ਫਿਜ਼ੀ ਵਿਚੋਂ ਖ਼ਤ ਲਿਖ ਕੇ ਸਾਡੀ ਤਿੰਨਾਂ ਭਰਾਵਾਂ ਦੀ ਤਸਵੀਰ ਮੰਗੀ ਸੀ ਇਸ ਲਈ ਖਿਚਵਾਉਣੀ ਪਈ। ਉਸ ਤਸਵੀਰ ਵਿਚ ਅਸੀਂ ਤਿੰਨੇ ਭਰਾ ਆਪਣੇ ਤਾਏ ਨਾਲ ਹਾਜ਼ਰ ਹਾਂ। ਮੇਰੇ ਬਾਪ ਦੀ ਤੀਹ ਸਾਲ ਦੀ ਉਮਰ ਦੀ ਇਕ ਤਸਵੀਰ ਸਾਡੇ ਘਰ ਕੰਧ ‘ਤੇ ਲੱਗੀ ਹੁੰਦੀ ਸੀ। ਉਹ ਉਹਨੇ ਫਿਜ਼ੀ ਵਿਚ ਜਾ ਕੇ ਭੇਜੀ ਸੀ। ਸਾਡੀ ਯਾਦਦਾਸ਼ਤ ਵਿਚ ਤਸਵੀਰਾਂ ਬਿਨਾਂ ਹੀ ਬਹੁਤ ਕੁਝ ਟਿਕਿਆ ਰਹਿੰਦਾ ਹੈ। ਹੈਰਾਨੀ ਤਸਵੀਰ ਦੇਖ ਕੇ ਵੀ ਹੁੰਦੀ ਹੈ ਯਾਦਦਾਸ਼ਤ ਵਿਚੋਂ ਲੱਭ ਕੇ ਵੀ। ਮੇਰੇ ਪਾਸ ਮੇਰੀ ਪਹਿਲੀ ਪਤਨੀ ਦੀ ਇਕ ਛੋਟੀ ਜਿਹੀ ਤਸਵੀਰ ਹੈ, ਵਿਆਹ ਤੋਂ ਪਹਿਲਾਂ ਦੀ, ਉਦੋਂ ਉਹ ਕੋਈ ਚੌਦਾਂ ਸਾਲ ਦੀ ਉਮਰ ਦੀ ਸੀ। ਵਿਆਹ ਪਿੱਛੋਂ ਆਪਣੇ ਨਾਲ ਲੈ ਆਈ ਸੀ। ਉਹ ਤਾਂ ਵਿਆਹ ਦੇ ਪਿੱਛੋਂ ਚਾਰ ਕੁ ਮਹੀਨੇ ਵੀ ਜਿਊਂਦੀ ਨਾ ਰਹੀ ਪਰ ਉਹਦੀ ਤਸਵੀਰ ਮੈਂ ਸਾਂਭ ਕੇ ਰੱਖੀ ਹੋਈ ਹੈ। ਕਈ ਵੇਰ ਝੂਰਦਾ ਹਾਂ ਕਿ ਮੈਂ ਉਹਦੀ ਤਸਵੀਰ ਆਪਣੇ ਨਾਲ ਕਿਉਂ ਨਾ ਖਿਚਵਾਈ। ਪਿਛਲੀ ਵੇਰ ਜਦ ਮੈਂ ਦੇਸ ਗਿਆ ਸੀ ਤਾਂ ਉਹਦੀ ਤਸਵੀਰ ਕੰਪਿਊਟਰ ‘ਤੇ ਵੱਡੀ ਕਰਕੇ ਲੈ ਗਿਆ ਸਾਂ। ਉਹ ਤਸਵੀਰ ਮੈਂ ਆਪਣੀ ਸਵੈਜੀਵਨੀ ਸਮੇਤ ਉਹਦੇ ਭਾਣਜੇ ਨੂੰ ਦੇ ਆਇਆ। ਉਹਦੇ ਭਾਣਜੇ ਦੇ ਬੋਲ ਸਨ-“ਸ਼ੁਕਰ ਹੈ ਤੁਸੀਂ ਇਹ ਤਸਵੀਰ ਲੈ ਆਏ। ਸਾਡੀ ਮਾਂ ਦੀ ਕੋਈ ਤਸਵੀਰ ਸਾਡੇ ਪਾਸ ਹੈ ਨਹੀਂ। ਕਿਉਂ ਨਾ ਖਿਚਵਾਈ ਇਹ ਪਛਤਾਵਾ ਰਹਿੰਦਾ ਸੀ। ਹੁਣ ਮਾਸੀ ਦੀ ਤਸਵੀਰ ਦੇਖ ਕੇ ਦਿਲ ਨੂੰ ਧਰਵਾਸ ਦੇ ਲਿਆ ਕਰਾਂਗੇ।

ਤੁਸੀਂ ਛੇਵੀਂ ਗਿਆਨ ਇੰਦਰੀ (6th sense) ਵਿੱਚ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ? ਤੁਹਾਡੇ ਲਈ ਇਸ ਸ਼ਬਦ ਦੇ ਕੀ ਅਰਥ ਹਨ ?

 ਪੰਜ ਗਿਆਨ ਇੰਦਰੀਆਂ ਬਾਰੇ ਤਾਂ ਵੇਦਾਂ ਤੋਂ ਲੈ ਕੇ ਮਨੂ ਸਿਮ੍ਰਿਤੀ ਆਦਿ ਵਿਚ ਵੀ ਬਹੁਤ ਕੁਝ ਮਿਲ ਜਾਂਦਾ ਹੈ ਪਰ ਇਸ ਛੇਵੀਂ ਬਾਰੇ ਕਿਤੇ ਵੀ ਜ਼ਿਕਰ ਨਹੀਂ ਮਿਲਦਾ। ਦੇਖਣ, ਸੁਣਨ, ਸੁੰਘਣ , ਚੱਖਣ ਤੇ ਸਪਰਸ਼ ਨਾਲ ਹੀ ਬਾਹਰ ਦੀ ਦੁਨੀਆ ਦਾ ਸਾਨੂੰ ਗਿਆਨ ਹੁੰਦਾ ਹੈ। ਸਾਡੀ ਸੋਚ ਸਾਡੀ ਕਲਪਨਾ ਦਾ ਅਰੰਭ ਇਨ੍ਹਾਂ ਗਿਆਨ ਇੰਦਰੀਆਂ ਨਾਲ ਹੀ ਹੁੰਦਾ ਹੈ। ਬਹੁਤ ਕੁਝ ਅਜਿਹਾ ਸਾਡੇ ਅਚੇਤ ਮਨ ਵਿਚ ਇਨ੍ਹਾਂ ਗਿਆਨ ਇੰਦਰੀਆਂ ਰਾਹੀਂ ਜਮ੍ਹਾ ਹੁੰਦਾ ਰਹਿੰਦਾ ਹੈ ਜਿਹਦਾ ਸੁਚੇਤ ਤੌਰ ਤੇ ਸਾਨੂੰ ਪਤਾ ਨਹੀਂ ਹੁੰਦਾ। ਕਈ ਅਜਿਹੇ ਬੰਦੇ ਵੀ ਮਿਲ ਜਾਂਦੇ ਹਨ, ਜਿਹੜੇ ਦੇਖਣ, ਸੁਣਨ, ਸੁੰਘਣ, ਚੱਖਣ ਤੇ ਸਪਰਸ਼ ਸ਼ਕਤੀ ਦੀਆਂ ਕੁਝ ਘਾਟਾਂ ਕਰਕੇ ਅਸਾਧਾਰਨ ਹੁੰਦੇ ਹਨ। ਅਜਿਹੇ ਬੰਦਿਆਂ ਵਿਚ ਕਦੀ ਕਦੀ ਅਸਚਰਜ ਕਿਸਮ ਦੀ ਅਨੁਭਵ ਸ਼ਕਤੀ ਹੁੰਦੀ ਹੈ। ਕੋਈ ਕੋਈ ਬੰਦਾ ਅਜਿਹਾ ਵੀ ਮਿਲ ਪੈਂਦਾ ਹੈ ਜਿਹੜਾ ਆਪਣੇ ਪਿਛਲੇ ਜਨਮ ਦੀਆਂ ਗੱਲਾਂ ਦਸਦਾ ਹੈ। ਪਰ ਵਿਗਿਆਨਕ ਪੜਤਾਲ ਨਾਲ ਅਗਲੇ ਪਿਛਲੇ ਜਨਮਾਂ ਬਾਰੇ ਕੁਝ ਵੀ ਸਾਬਤ ਨਹੀਂ ਹੁੰਦਾ। ਮੇਰੀ ਸਮਝ ਅਨੁਸਾਰ ਅਜਿਹਾ ਬਹੁਤਾ ਕੁਝ ਸਾਡੇ ਅਚੇਤ ਮਨ ਵਿਚੋਂ ਆਉਂਦਾ ਹੈ। ਅਸਧਾਰਨ ਕਿਸਮ ਦੇ ਬੰਦਿਆਂ ਦਾ ਅਚੇਤ ਮਨ ਆਮ ਬੰਦਿਆਂ ਦੇ ਅਚੇਤ ਮਨ ਨਾਲੋਂ ਵਧੇਰੇ ਕਿਰਿਆਸ਼ੀਲ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਅਜਿਹੇ ਕੁਝ ਦੇ ਪਰਛਾਵੇਂ ਦਿਸਣ ਲੱਗ ਪੈਂਦੇ ਹਨ ਜਿਸ ਬਾਰੇ ਉਨ੍ਹਾਂ ਦੇ ਸੁਚੇਤ ਮਨ ਵਿਚ ਕੋਈ ਗਿਆਨ ਨਹੀਂ ਹੁੰਦਾ। ਉਹ ਇਨ੍ਹਾਂ ਪਰਛਾਵਿਆਂ ਨੂੰ ਕੋਈ ਅਗੰਮੀ ਗੱਲ ਸਮਝ ਲੈਂਦੇ ਹਨ।

ਤੁਹਾਡੇ ਮੁਤਾਬਿਕ 1.ਇਸ਼ਕ ਕੀ ਹੈ? 2. ਇਸ਼ਕ ਮਜਾਜ਼ੀ ਕੀ ਹੈ, 3. ਇਸ਼ਕ ਹਕੀਕੀ ਕੀ ਹੈ, 4. ਤੁਹਾਨੂੰ ਤਜਰਬਾ ਕਿਹੜੇ ਦਾ ਹੈ? ਕੋਈ ਸੰਬੰਧਿਤ ਘਟਨਾ ਨਾਲ ਜਵਾਬ ਦਿਓ।

1. ਇਸ਼ਕ, ਹੱਕ ਤੇ ਮਿਜ਼ਾਜ ਅਰਬੀ ਜ਼ੁਬਾਨ ਦੇ ਸ਼ਬਦ ਹਨ। ਇਸ਼ਕ ਦੇ ਸਮਾਨ ਅਰਥੀ ਪੰਜਾਬੀ ਸ਼ਬਦ ਪਿਆਰ, ਪ੍ਰੇਮ, ਲਗਨ, ਖਿੱਚ, ਚਾਹਤ, ਤੇਹ ਆਦਿ ਹਨ।
2. ਹੱਕ਼ ਪੰਜਾਬੀ ਦੇ ਸੱਚ ਜਾਂ ਸਤਿ ਦਾ ਸਮਾਨ ਅਰਥੀ ਹੈ। ਹੱਕ ਨੂੰ ਉਨ੍ਹਾਂ ਪਰਮਾਰਥਿਕ ਅਰਥਾਂ ਵਿਚ ਵੀ ਵਰਤਿਆਂ ਜਾਂਦਾ ਹੈ, ਜਿਨ੍ਹਾਂ ਅਰਥਾਂ ਵਿਚ ਗੁਰੂ ਨਾਨਕ ਨੇ ਸੱਚ ਜਾਂ ਸਤਿ ਨੂੰ ਵਰਤਿਆ ਹੈ। ‘ਆਦਿ ਸਚੁ ਜੁਗਾਦਿ ਸੱਚੁ ਹੈਭੀ ਸੱਚੁ ਨਾਨਕ ਹੋਸੀ ਵੀ ਸੱਚੁ’ ਵਿਚ ਸੱਚ ਦੇ ਉਹੀ ਅਰਥ ਹਨ ਜਿਹੜੇ ਫ਼ਾਰਸੀ ਸ਼ਬਦ ਹੱਕ਼ ਦੇ ਹਨ: ਅਰਥਾਤ ਸਦੀਵੀ ਸੱਚ। ਹੱਕ ਸ਼ਬਦ ਦਾ ਵਿਸ਼ੇਸ਼ਣ ਹੈ ਹਕੀਕੀ, ਜਿਹਦਾ ਮਤਲਬ ਹੈ-ਜੋ ਅਸਲ ਵਿਚ ਹੈ । ਇਸ ਲਈ ਇਸ਼ਕ ਹਕੀਕੀ ਦਾ ਅਰਥ ਹੈ ਸਦੀਵੀ ਸੱਚ ਨਾਲ ਪਿਆਰ।
3. ਮਿਜ਼ਾਜ ਦੇ ਪੰਜਾਬੀ ਵਿਚ ਸਮਾਨ ਅਰਥੀ ਸ਼ਬਦ ਮਨੁੱਖੀ ਸੁਭਾ, ਸਰੀਰਕ ਖਿੱਚ, ਮਨੁੱਖੀ ਪ੍ਰਵਿਰਤੀ ਆਦਿ ਬਣਦੇ ਹਨ। ਮਜਾਜ਼ੀ ਮਿਜ਼ਾਜ ਦਾ ਵਿਸ਼ੇਸ਼ਣ ਹੈ। ਪੰਜਾਬੀ ਵਿਚ ਇਹਦੇ ਸਮਾਨ ਅਰਥੀ ਸ਼ਬਦ: ਮਨੁੱਖੀ ਸੁਭਾ ਵਾਲਾ, ਸਰੀਰਕ ਜਾਂ ਦੁਨਿਆਵੀ ਬਣਦੇ ਹਨ। ਇਸ ਲਈ ਇਸ਼ਕ ਮਜਾਜ਼ੀ ਦਾ ਅਰਥ ਹੈ ਨਾਸ਼ਮਾਨ ਦੁਨਿਆਵੀ ਵਸਤਾਂ ਜਾਂ ਸਰੀਰਾਂ ਨਾਲ ਪਿਆਰ।
4. ਮੇਰੇ ਲਈ ਸਦੀਵੀ ਸੱਚ ਅਨਾਦੀ ਪ੍ਰਕਿਰਤੀ ਤੋਂ ਬਿਨਾ ਹੋਰ ਕੁਝ ਨਹੀਂ। ਇਹ ਪ੍ਰਕਿਰਤੀ ਸਦੀਵੀ ਨੇਮ ਦੇ ਅਨੁਸਾਰ ਕਾਇਮ ਹੈ ਤੇ ਚਲਦੀ ਹੈ। ਉਸੇ ਨੇਮ ਦੇ ਅਧੀਨ ਸਾਰੇ ਜੀਵ ਜੰਤੂ ਪ੍ਰਕਿਰਤੀ ਵਿਚ ਪੈਦਾ ਹੁੰਦੇ, ਜਿਉਂਦੇ ਤੇ ਅੰਤ ਇਸੇ ਵਿਚ ਸਮਾ ਜਾਂਦੇ ਹਨ। ਪੰਜ ਪ੍ਰਵਿਰਤੀਆਂ ਇਸੇ ਨੇਮ ਅਨੁਸਾਰ ਕੰਮ ਕਰਦੀਆਂ ਹਨ। ਨਰ ਨਾਰੀ ਇਸੇ ਨੇਮ ਦੀ ਪੈਦਾਵਾਰ ਹਨ ਤੇ ਇਸੇ ਨੇਮ ਵਿਚ ਵਧੇ ਇਕ ਦੂਜੇ ਵਲ ਖਿੱਚੇ ਜਾਂਦੇ ਹਨ ਤੇ ਇਸ ਖਿੱਚ(ਕਾਮ ਪ੍ਰਵਿਰਤੀ) ਦੇ ਬੱਝੇ ਆਪਣੀ ਨਸਲ ਨੂੰ ਅੱਗੇ ਤੋਰਦੇ ਹਨ। ਇਸੇ ਲਈ ਸਾਡੇ ਭਾਰਤੀ ਮਿਥਿਹਾਸ ਵਿਚ ਕਾਮ ਨੂੰ ਦੇਵਤਾ ਕਿਹਾ ਗਿਆ ਹੈ।
ਮੇਰੀ ਸਮਝ ਅਨੁਸਾਰ ਇਸ਼ਕ ਮਿਜ਼ਾਜ ਵੀ ਇਸ਼ਕ ਹਕੀਕੀ ਦਾ ਹੀ ਪ੍ਰਤੋਅ ਹੈ। ਮਿਜ਼ਾਜ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ, ਉਹ ਵੀ ਸਦੀਵੀ ਸੱਚ ਦੇ ਹੁਕਮ (ਕੁਦਰਤ ਦੇ ਬੁਨਿਆਦੀ ਕਾਨੂੰਨ ) ਤੋਂ ਬਾਹਰ ਚੱਲ ਹੀ ਨਹੀਂ ਸਕਦਾ। ਜਦ ਕੋਈ ਬੰਦਾ ਵਸਤਾਂ ਦੀ ਸੁੰਦਰਤਾ ਵਲ ਖਿੱਚ ਅਨੁਭਵ ਕਰਦਾ ਹੈ ਤਾਂ ਉਹ ਉਸ ਸਦੀਵੀ ਸੱਚ ਦੇ ਹੁਕਮ ਨੂੰ ਹੀ ਹੁੰਗਾਰਾ ਭਰਦਾ ਹੈ।
ਹਾਂ ਅਸੁਭਾਵਿਕ ਬੰਦਸ਼ਾਂ ਜਦ ਕਈ ਵੇਰ ਕੁਦਰਤੀ ਪ੍ਰਵਿਰਤੀਆਂ ਦੇ ਸੁਭਾਵਕ ਕੰਮ ਵਿਚ ਰੁਕਾਵਟ ਪਾਉਂਦੀਆਂ ਹਨ ਤਾਂ ਉਨ੍ਹਾਂ ਦਾ ਨਿਕਾਸ ਗ਼ੈਰ ਕੁਦਰਤੀ ਢੰਗ ਨਾਲ ਹੁੰਦਾ ਹੈ। ਇਹਦੇ ਨਾਲ ਹੀ ਸਾਰੇ ਵਿਕਾਰ ਪੈਦਾ ਹੁੰਦੇ ਹਨ।
ਮੈਂ ਹੁਣ ਆਪਣੇ ਬਾਰੇ ਕੀ ਕਹਾਂ? ਮੈਂ ਵੀ ਤਾਂ ਉਸੇ ਸਦੀਵੀ ਸੱਚ ਦੇ ਨੇਮ ਅਨੁਸਾਰ ਜੰਮਿਆ ਪਲਿਆ ਤੇ ਜੀਵਿਆਂ ਹਾਂ। ਬੰਦਾ ਜਿਸ ਚੰਗੇ ਜਾਂ ਮੰਦੇ ਸਮਾਜਕ ਤੇ ਆਰਥਕ ਪ੍ਰਬੰਧ ਵਿਚ ਰਹਿੰਦਾ ਹੈ ਉਹਦੇ ਅਨੁਸਾਰ ਹੀ ਉਹਨੂੰ ਤੁਰਨਾ ਪੈਂਦਾ ਹੈ। ਸਮਾਜਕ ਪ੍ਰਤੀ ਬੰਦਸ਼ਾਂ ਭਾਵੇਂ ਜਾਇਜ਼ ਹੋਣ ਜਾਂ ਨਾਜਾਇਜ਼ ਉਨ੍ਹਾਂ ਦੀ ਰਾਮ ਕਾਰ ਨੂੰ ਤੋੜ ਕੇ ਜੀਣਾ ਥੀਣਾ ਮੁਸੀਬਤਾਂ ਨੂੰ ਸੱਦਾ ਦੇਣ ਵਾਲੀ ਗੱਲ ਹੁੰਦੀ ਹੈ। ਕਈ ਬੰਦੇ ਦਬੰਗ ਕਿਸਮ ਦੇ ਹੁੰਦੇ ਹਨ। ਉਹ ਆਪਣੀਆਂ ਕੁਦਰਤੀ ਖ਼ਾਹਿਸ਼ਾਂ ਨੂੰ ਦਬਾਉਂਦੇ ਨਹੀਂ ਤੇ ਇਸ ਦੀ ਸਜ਼ਾ ਵੀ ਭੁਗਤੇ ਹਨ। ਮੈਂ ਕਦੀ ਅਜਿਹਾ ਨਹੀਂ ਬਣ ਸਕਿਆ। ਉਂਝ ਮੇਰੇ ਅੰਦਰ ਵੀ ਸਭ ਕੁਝ ਉਹੀ ਵਾਪਰਦਾ ਰਿਹਾ ਹੈ ਜਿਹੜਾ ਹਰ ਬੰਦੇ ਅੰਦਰ ਵਾਪਰਦਾ ਹੈ।
ਮੈਂ ਇਸ਼ਕ ਹਕੀਕੀ ਜਾਂ ਇਸ਼ਕ ਮਜਾਜ਼ੀ ਦੇ ਚੱਕਰ ਵਿਚ ਨਹੀਂ ਪਿਆ। ਜਿਹੜੀ ਵਸਤ ਦੀ ਪ੍ਰਾਪਤੀ ਸੰਭਵ ਨਾ ਦਿਸੇ, ਬੰਦਾ ਉਸ ਦੀ ਅਪ੍ਰਾਪਤੀ ਨੂੰ ਆਦਰਸ਼ਿਆ ਕੇ ਜੀਣ ਦਾ ਯਤਨ ਕਰਦਾ ਹੈ। ਜਿਵੇਂ ਬਾਬਾ ਫ਼ਰੀਦ ਨੇ ਕਿਹਾ ਹੈ:-
‘ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ
ਜਿਨ੍ਹਾਂ ਖਾਧੀ ਚੋਪੜੀ ਘਣੇ ਸਹਣਗੇ ਦੁੱਖ’
ਥੁੜਾਂ ਮਾਰੇ ਦੁਖਿਆਰੇ ਬੰਦੇ ਹੋਰ ਕਰ ਵੀ ਕੀ ਸਕਦੇ ਹੈ? ਮੈਂ ਵੀ ਜੀਵਨ ਦੇ ਲੰਮੇ ਪੈਂਡੇ ਵਿਚ ਇਹੀ ਕਰਦਾ ਰਿਹਾ ਹਾਂ। ਵਿਰੋਧੀ ਲਿੰਗ ਦੀ ਖਿਚ ਕੁਦਰਤ ਦਾ ਬੁਨਿਆਦੀ ਨਿਯਮ ਹੈ। ਇਸ ਤੋਂ ਕੋਈ ਬਚ ਨਹੀਂ ਸਕਦਾ। ਇਸ ਖਿਚ ਤੋਂ ਬਿਨਾ ਨਾ ਦੁਨੀਆ ਹੋਣੀ ਸੀ ਨਾ ਪਸੂ ਪੰਛੀ ਤੇ ਨਾ ਬਨਸਪਤੀ ।

ਜ਼ਿੰਦਗੀ 'ਚ ਆਮ ਤੇ ਅਹਿਮ ਫ਼ੈਸਲੇ ਲੈਣ ਵੇਲੇ ਤੁਸੀਂ ਜ਼ਿਆਦਾ ਦਿਲ ਦੀ ਵਰਤੋਂ ਕਰਦੇ ਹੋ ਜਾਂ ਦਿਮਾਗ਼ ਦੀ, ਜਾਂ ਫਿਰ ਜੋ ਹੋ ਗਿਆ ਸੋ ਹੋ ਹੋ ਗਿਆ।

ਭਾਵਕ ਮਾਮਲਿਆਂ ਵਿਚ ਦਿਲ ਦੀ ਤੇ ਚਿੰਤਨ ਦੇ ਮਾਮਲਿਆਂ ਵਿਚ ਦਿਮਾਗ਼ ਦੀ ਵਰਤੋਂ ਆਪਣੇ ਆਪ ਹੋ ਜਾਂਦੀ ਹੈ। ਪਰ ਆਮ ਤੇ ਅਹਿਮ ਫ਼ੈਸਲੇ ਕਰਦੇ ਸਮੇਂ ਨਾ ਦਿਲ ਦੀ ਗਲ ਚਲਦੀ ਹੈ ਨਾ ਦਿਮਾਗ਼ ਦੀ। ਸਮਾਜਕ ਤੇ ਆਰਥਕ ਮਜਬੂਰੀਆਂ ਬੰਦੇ ਤੋਂ ਉਹ ਕੁੱਝ ਕਰਵਾ ਲੈਂਦੀਆਂ ਹਨ, ਜੋ ਕੁਝ ਕਰਨ ਲਈ ਨਾ ਉਹਦਾ ਦਿਲ ਮੰਨਦਾ ਹੈ ਨਾ ਦਿਮਾਗ਼। ਜਿਹੋ ਜਿਹੀ ਦਸ਼ਾ ਵਿਚ ਮੈਨੂੰ ਜੀਣਾ ਥੀਣਾ ਪਿਆ ਹੈ, ਉਹੋ ਜਿਹੀ ਦਸ਼ਾ ਵਿਚ ਹੋਰ ਕੁਝ ਹੋ ਵੀ ਨਹੀਂ ਸਕਦਾ ਸੀ। ਵਿਪਰੀਤ ਦਸ਼ਾ ਵਿਚ ਜਿਹੜਾ ਵੀ ਕੋਈ ਦਿਲ ਤੇ ਦਿਮਾਗ਼ ਦੀ ਮਰਜ਼ੀ ਨਾਲ ਚਲਣ ਦਾ ਯਤਨ ਕਰਦਾ ਹੈ ਉਹ ਪ੍ਰਾਪਤ ਸਥਿਤੀ ਵਿਚ ਕੁਚਲਿਆ ਜਾਂਦਾ ਹੈ, ਜਿੱਤ ਨਹੀਂ ਸਕਦਾ।
ਫੇਰ ਵੀ ਦਿਲ ਤੇ ਦਿਮਾਗ਼ ਦੋਵੇਂ ਆਪਣਾ ਆਪਣਾ ਕੰਮ ਕਰਦੇ ਹੀ ਰਹਿੰਦੇ ਹਨ। ਜੇ ਕੋਈ ਤੁਹਾਨੂੰ ਚੰਗਾ ਲਗਦਾ ਹੈ ਉਹ ਚੰਗਾ ਲਗਦਾ ਹੀ ਰਹਿੰਦਾ ਹੈ। ਜਿਹੜੀ ਗੱਲ ਨੂੰ ਤੁਹਾਡਾ ਦਿਮਾਗ਼ ਠੀਕ ਮੰਨਦਾ ਹੈ ਉਹਨੂੰ ਦਿਮਾਗ਼ ਨੇ ਠੀਕ ਮੰਨਦੇ ਹੀ ਰਹਿਣਾ ਹੈ।
ਉਂਝ ਦਿਲ ਦਾ ਕੰਮ ਤਾਂ ਸਰੀਰ ਦੇ ਸਾਰੇ ਅੰਗਾਂ ਨੂੰ ਖ਼ੂਨ ਪਹੁੰਚਾਉਣਾ ਹੁੰਦਾ ਹੈ ਸੋਚਣਾ ਨਹੀਂ ਹੁੰਦਾ। ਦਿਮਾਗ਼ ਹੀ ਅਸਲ ਵਿਚ ਚੇਤਨਾ ਦਾ ਸਥਾਨ ਹੈ। ਫੇਰ ਵੀ ਭਾਵਕ ਮਾਮਲਿਆਂ ਦਾ ਕੇਂਦਰ ਦਿਲ ਨੂੰ ਸਮਝ ਲਿਆ ਜਾਂਦਾ ਹੈ।

ਜੈਨੀ, ਸਨਾਤਨ ਤੇ ਬੋਧੀ ਧਰਮ ਆਪਸ ਵਿਚ ਕੀ ਸਮਾਨਤਾ ਤੇ ਕੀ ਅੰਤਰ ਰੱਖਦੇ ਨੇ ਅਤੇ ਸਿੱਖ ਧਰਮ ਇਨ੍ਹਾਂ ਨਾਲੋਂ ਕਿਵੇਂ ਵੱਖਰਾ ਹੈ ਤੁਹਾਡੇ ਬੋਧ ਮੁਤਾਬਿਕ, ਜੋ ਲੋਕ ਰੋਜ਼ ਪਾਠ ਜਾਂ ਪ੍ਰਾਰਥਨਾਂ ਕਰਦੇ ਨੇ ਤੁਸੀਂ ਉਨ੍ਹਾਂ ਬਾਰੇ ਕੀ ਸੋਚਦੇ ਹੋ?

ਸਨਾਤਨ ਧਰਮ ਈਸ਼ਵਰਵਾਦੀ ਵੀ ਹੈ ਤੇ ਆਸਤਿਕ ਵੀ, ਬੋਧ ਤੇ ਜੈਨ ਧਰਮ ਦੋਵੇਂ ਅਨ ਈਸ਼ਵਰਵਾਦੀ ਤੇ ਨਾਸਤਿਕ ਹਨ। ਸਨਾਤਨ ਧਰਮ ਵਰਣ ਆਸ਼ਰਮ ਵਿਚ ਯਕੀਨ ਰੱਖਦਾ ਹੈ, ਅਵਤਾਰਵਾਦ ਦਾ ਪੈਰੋਕਾਰ ਹੈ ਤੇ ਵੇਦਾਂ ਨੂੰ ਅਨਾਦੀ ਮੰਨਦਾ ਹੈ। ਬੋਧ ਅਤੇ ਜੈਨ ਧਰਮ ਨਾ ਅਵਤਾਰਵਾਦ ਵਿਚ ਯਕੀਨ ਰੱਖਦੇ ਹਨ, ਨਾ ਵਰਣ ਆਸ਼ਰਮ ਵਿਚ ਤੇ ਨਾ ਵੇਦਾਂ ਨੂੰ ਅਨਾਦੀ ਮੰਨਦੇ ਹਨ। ਸਾਂਝ ਇਹ ਹੈ ਕਿ ਇਹ ਤਿੰਨੇ ਪੁਨਰ ਜਨਮ ਵਿਚ ਯਕੀਨ ਰੱਖਦੇ ਹਨ ਤੇ ਕਰਮਾਂ ਦੇ ਸਿਧਾਂਤ ਨੂੰ ਮੰਨਦੇ ਹਨ।
ਪਾਠ ਜਾਂ ਪ੍ਰਾਰਥਨਾ ਦੀ ਜੇ ਕੋਈ ਸਾਰਥਕਤਾ ਹੈ ਤਾਂ ਇੰਨੀ ਕੁ ਹੈ ਕਿ ਇਸ ਨਾਲ ਮਨੁੱਖ ਦੇ ‘ਜੇਹਾ ਸੇਵੈ ਤੇਹਾ ਹੋਵੈ’ ਦੀ ਸੰਭਾਵਨਾ ਬਣੀ ਰਹਿੰਦੀ ਹੈ। ਪਰ ਪ੍ਰਸ਼ਨ ਇਹ ਹੈ ਕਿ ਪ੍ਰਾਰਥਨਾ ਕਰਨ ਵਾਲਾ ਆਪਣੇ ਇਸ਼ਟ ਨੂੰ ਕਿਸ ਰੂਪ ਵਿਚ ਦੇਖਦਾ ਹੈ। ਜੇ ਉਹਦੀ ਕਲਪਨਾ ਆਪਣੇ ਇਸ਼ਟ ਨੂੰ ਮਿਹਰਬਾਨ ਤੇ ਹਰ ਜੀਵ ਵਿਚ ਚਿਤਵਦੀ ਹੈ ਤਾਂ ਉਹ ਆਪ ਵੀ ਮਿਹਰਬਾਨ ਤੇ ਹਰ ਜੀਵ ਦੀ ਸੇਵਾ ਕਰਨ ਵਾਲਾ ਬਣ ਜਾਵੇਗਾ ਪਰ ਜੇ ਉਹ ਆਪਣੇ ਇਸ਼ਟ ਨੂੰ ਕਹਾਰ(ਕਹਿਰ ਵਰਤਾਉਣ ਵਾਲਾ), ਜੱਬਾਰ(ਜਬਰ ਕਰਨ ਵਾਲਾ) ਤੇ ਬਦਲਾਖੋਰੀ ਚਿਤਵਦਾ ਹੈ ਤਾਂ ਉਹ ਆਪ ਵੀ ਅਜਿਹਾ ਹੀ ਬਣ ਜਾਵੇਗਾ।
ਸਿੱਖ ਧਰਮ, ਸਨਾਤਨ ਧਰਮ ਨਾਲੋਂ ਬੁਨਿਆਦੀ ਤੌਰ ਤੇ ਵਖਰਾ ਨਹੀਂ। ਦੋਵੇਂ ਹੀ ਈਸ਼ਵਰਵਾਦੀ ਹਨ, ਮਾਇਆ ਦੇ ਸਿਧਾਂਤ ਨੂੰ ਮੰਨਦੇ ਹਨ, ਪੁਨਰਜਨਮ ਵਿਚ ਯਕੀਨ ਰੱਖਦੇ ਹਨ ਪਰ ਸਿੱਖ ਦਰਸ਼ਨ ਦਾ ਧੁਰਾ ਬਹੁਤਾ ਉਪਨਿਸ਼ਦਾਂ ਦੀ ਸਿਖਿਆ ਦੇ ਮੁਤਾਬਿਕ ਹੈ। ਇਹ ਸਨਾਤਨ ਧਰਮ ਵਾਲੇ ਕਰਮ ਕਾਂਡਾਂ ਨੂੰ ਤਾਂ ਨਿੰਦਦਾ ਹੈ ਪਰ ਆਪ ਵੀ ਉਹੋ ਜਿਹੇ ਕਰਮ ਕਾਂਡਾਂ ਵਿਚ ਫਸਿਆ ਹੋਇਆ ਹੈ।

11 ਮਾਰਚ 2011 ਨੂੰ ਜਪਾਨ ਵਿਚ ਜੋ ਜਲ ਤੇ ਥਲ ਦੇ ਦੋਵੇਂ ਭੁਚਾਲ ਇਕੱਠੇ ਆਏ ਸਨ ਤੇ ਜਿਸ ਹੱਦ ਤੱਕ ਤਬਾਹੀ ਹੋਈ ਸੀ ਇਹ ਸਭ ਵੇਖ ਤੁਸੀਂ ਸਮੁੱਚੇ ਤੌਰ ਤੇ ਕੀ ਮਹਿਸੂਸ ਕੀਤਾ?

ਜਾਪਾਨ ਵਿਚ ਜੋ ਕੁਝ ਵੀ ਹੋਇਆ ਸੀ ਉਹਨੂੰ ਮਹਿਸੂਸ ਤਾਂ ਹਰ ਬੰਦਾ ਕਰਦਾ ਹੀ ਹੈ ਪਰ ਇਸ ਵਰਤਾਰੇ ਨੂੰ ਸਮਝਦੇ ਬਹੁਤ ਥੋੜ੍ਹੇ ਬੰਦੇ ਹਨ।
ਧਰਤੀ ਦੀਆ ਪਲੇਟਾਂ ਜਦ ਕਦੀ ਇੱਕ ਦੂਜੀ ਨਾਲ ਘਸਰ ਜਾਂਦੀਆਂ ਹਨ ਤਾਂ ਭੁਚਾਲ ਆਉਂਦੇ ਹਨ। ਭੁਚਾਲ ਦੀ ਮਾਤਰਾ ਇਸ ਘਸਰਾਅ ਦੇ ਵੱਧ ਜਾਂ ਘੱਟ ਹੋਣ ਉੱਤੇ ਨਿਰਭਰ ਹੁੰਦੀ ਹੈ। ਪਰ ਜਦੋਂ ਇਹ ਵਰਤਾਰਾ ਸਮੁੰਦਰ ਦੀਆਂ ਤੈਹਾਂ ਹੇਠ ਵਾਪਰਦਾ ਹੈ ਤਾਂ ਸਮੁੰਦਰ ਵਿਚ ਤੂਫ਼ਾਨੀ ਲਹਿਰਾਂ ਉੱਠਦੀਆਂ ਹਨ ਇਹਨਾਂ ਲਹਿਰਾਂ ਨੂੰ ਹੀ ਸੁਨਾਮੀ ਕਿਹਾ ਜਾਂਦਾ ਹੈ। ਇਹ ਪਹਾੜਾਂ ਵਰਗੀਆਂ ਲਹਿਰਾਂ ਜਦ ਕਿਸੇ ਮੁਲਕ ਦੇ ਤੱਟ ਨਾਲ ਆ ਟਕਰਾਉਂਦੀਆਂ ਹਨ ਤਾਂ ਇਹੋ ਜਿਹੀ ਭਿਅੰਕਰ ਤਬਾਹੀ ਦਾ ਕਾਰਨ ਬਣਦੀਆਂ ਹਨ ਜਿਹੋ ਜਿਹੀ ਤਬਾਹੀ ਜਾਪਾਨ ਵਿਚ ਹੋਈ ਸੀ। ਇਹੋ ਜਿਹਾ ਵਰਤਾਰਾ ਕੁਝ ਸਮਾਂ ਪਹਿਲਾਂ ਇੰਡੋਨੇਸ਼ੀਆ ਦੇ ਨੇੜੇ ਵੀ ਹੋਇਆ ਸੀ ਤੇ ਸੁਨਾਮੀ ਲਹਿਰਾਂ ਨੇ ਇੰਡੋਨੇਸ਼ੀਆ ਦੀ ਜਿਸ ਤਰ੍ਹਾਂ ਦੀ ਤਬਾਹੀ ਕੀਤੀ ਸੀ ਉਹ ਤਾਂ ਬਹੁਤ ਭਿਆਨਕ ਸੀ ਹੀ ਪਰ ਤਬਾਹੀ ਭਾਰਤ ਦੇ ਤੱਟਾਂ ਉਪਰ ਵੀ ਘੱਟ ਨਹੀਂ ਹੋਈ ਸੀ। ਇਹੋ ਕੁਝ ਸਦੀਆਂ ਤੋਂ ਵਾਪਰਦਾ ਆ ਰਿਹਾ ਹੈ। ਹਿਮਾਲਾ ਪਰਬਤ ਵਰਗੇ ਪਹਾੜ ਵੀ ਕਿਸੇ ਵੇਲੇ ਧਰਤੀ ਦੀਆਂ ਪਲੇਟਾਂ ਦੀ ਘਸਰ ਤੇ ਫੇਰ ਇੱਕ ਦੂਜੀ ਉਪਰ ਚੜ੍ਹ ਜਾਣ ਨਾਲ ਹੀ ਬਣੇ ਸਨ।
ਪਰ ਜੋ ਕੁਝ ਜਾਪਾਨ ਵਿਚ ਕੁਝ ਚਿਰ ਪਹਿਲਾਂ ਹੋਇਆ ਸੀ ਉਹਦਾ ਕਾਰਨ ਪੂੰਜੀਪਤੀਆਂ ਦੇ ਘਿਨਾਉਣੇ ਲਾਲਚ ਹਨ। ਬਿਨਾ ਮਨੁੱਖੀ ਨਸਲ ਦੇ ਭਵਿਖ ਦੀ ਚਿੰਤਾ ਕੀਤਿਆਂ ਕੁਦਰਤ ਦੇ ਪ੍ਰਬੰਧ ਵਿਚ ਦਖ਼ਲਅੰਦਾਜ਼ੀ ਕੀਤੀ ਜਾਂਦੀ ਹੈ। ਐਟਮੀ ਬਿਜਲੀ ਘਰ ਬਣਾਏ ਜਾਂਦੇ ਹਨ। ਇਹ ਸੋਚਿਆ ਹੀ ਨਹੀਂ ਜਾਂਦਾ ਕਿ ਜੇ ਕਿਸੇ ਹਾਦਸੇ ਨਾਲ ਇਹ ਰੀਐਕਟਰ ਫਟ ਜਾਣ ਤਾਂ ਕਿਹੋ ਜਿਹੀ ਤਬਾਹੀ ਦਾ ਕਾਰਨ ਬਣਨਗੇ? ਜਪਾਨ ਵਿਚ ਸੁਨਾਮੀ ਦੇ ਅਸਰ ਨਾਲ ਇਹੋ ਕੁਝ ਹੋਇਆ ਸੀ। ਤੇ ਫ਼ਿਕਰ ਪਿਆ ਹੋਇਆ ਸੀ ਕਿ ਪਤਾ ਨਹੀਂ ਕਿੰਨੇ ਲੋਕ ਐਟਮੀ ਕਰਨਾਹਟ ਦਾ ਸ਼ਿਕਾਰ ਹੋ ਜਾਣਗੇ। ਜੇ ਜਾਪਾਨ ਵਰਗਾ ਅਤਿ ਵਿਕਸਤ ਦੇਸ਼ ਕੁਝ ਨਹੀਂ ਕਰ ਸਕਿਆਂ ਤਾਂ ਭਾਰਤ ਦੇ ਮਹਾਰਥੀ ਜਿਹੜੇ ਇਸ ਵੇਲੇ ਅੰਨ੍ਹੇਵਾਹ ਐਟਮੀ ਰੀਐਕਟਰ ਲਾਉਣ ਵਲ ਤੁਰੇ ਹੋਏ ਹਨ ਅਜਿਹੇ ਵਰਤਾਰੇ ਦੇ ਵਰਤ ਜਾਣ ਪਿੱਛੋਂ ਕੀ ਕਰ ਲੈਣਗੇ?
ਸਮੁੱਚੇ ਤੌਰ ਤੇ ਅਹਿਸਾਸ ਇਹੀ ਬਣਦਾ ਹੈ ਕਿ ਜੇ ਲਾਲਚੀ ਬੰਦੇ ਇਸੇ ਤਰ੍ਹਾਂ ਹੀ ਕੁਦਰਤੀ ਵਰਤਾਰਿਆਂ ਵਿਚ ਦਖ਼ਲ ਅੰਦਾਜ਼ੀ ਕਰਦੇ ਰਹੇ ਤਾਂ ਇਸ ਦੁਨੀਆ ਦੇ ਭਵਿਖ ਨੂੰ ਖ਼ਤਰੇ ਵਿਚ ਪੈਣ ਤੋਂ ਕੋਈ ਵੀ ਨਹੀਂ ਬਚਾ ਸਕੇਗਾ।

ਇਸ ਕਥਨ ਬਾਰੇ ਤੁਹਾਡਾ ਕੀ ਵਿਚਾਰ ਬਣਦਾ ਹੈ? ਲਹਿਰ ਭਾਲੇ ਲਹਿਰੀ ਕੋ ਕਪੜਾ ਲੱਭੇ ਸੂਤ ਜੀਵ ਲੱਭੇ ਬ੍ਰਹਮ ਕੋ ਤੀਨੋਂ ਊਤ ਕੇ ਊਤ

ਇਹ ਬਚਨ ਕਬੀਰ ਵਰਗੇ ਕਿਸੇ ਬ੍ਰਹਮ-ਗਿਆਨੀ ਦੇ ਹੀ ਹੋ ਸਕਦੇ ਹਨ। ਉਪਨਿਸ਼ਦ ਦਾ ਕਥਨ ਹੈ:- ‘ਅਹੁਮ ਬ੍ਰਹਮ ਅਸਮੀ’ ਅਰਥਾਤ ‘ਮੈਂ ਬ੍ਰਹਮ ਹਾਂ’ ਜਾਂ ‘ਏਕੰ ਬ੍ਰਹਮ ਦੁਤੀਉ ਨਾਸਤੀ’ ਅਰਥਾਤ ਜੋ ਕੁਝ ਵੀ ਹੈ ਉਹ ਬ੍ਰਹਮ ਹੈ ਤੇ ਬ੍ਰਹਮ ਤੋਂ ਬਿਨਾਂ ਹੋਰ ਕੁਝ ਵੀ ਨਹੀਂ.
ਲਹਿਰ ਆਪ ਵੀ ਉਹੀ ਕੁਝ ਹੁੰਦੀ ਹੈ ਜਿਸ ਤੋਂ ਉਹ ਉਪਜਦੀ ਹੈ ਅਰਥਾਤ ਪਾਣੀ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦੀ। ਕੱਪੜਾ ਖ਼ੁਦ ਵੀ ਸੂਤ ਹੀ ਹੁੰਦਾ ਹੈ ਹੋਰ ਕੁਝ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਜੀਵ ਵੀ ਆਪ ਬ੍ਰਹਮ ਹੀ ਹੁੰਦਾ ਹੋਰ ਕੁਝ ਨਹੀਂ। ਫੇਰ ਜੇ ਲਹਿਰ ਨੂੰ ਸਮਝ ਨਹੀਂ ਕਿ ਉਹ ਵੀ ਪਾਣੀ ਹੈ ਤੇ ਕੱਪੜੇ ਨੂੰ ਪਤਾ ਨਹੀਂ ਕਿ ਉਹ ਆਪ ਵੀ ਸੂਤ ਹੀ ਹੈ ਤੇ ਜੀਵ ਨੂੰ ਪਤਾ ਨਹੀਂ ਕਿ ਉਹ ਆਪ ਵੀ ਬ੍ਰਹਮ ਹੀ ਹੈ ਤਾਂ ਤਿੰਨਾਂ ਨੂੰ ਬੇਸਮਝ ਹੀ ਕਿਹਾ ਜਾਵੇਗਾ। ਸਮਝ ਇਹ ਬਣਦੀ ਹੈ ਕਿ ਜਿਹੜੇ ਬੰਦੇ ਆਪਣੇ ਆਪ ਤੋਂ ਬਾਹਰ ਬ੍ਰਹਮ ਨੂੰ ਲੱਭਦੇ ਹਨ ਉਹ ਊਤ ਹੀ ਹੋ ਸਕਦੇ ਹਨ।

(891)

ਦਲਵੀਰ ਕੌਰ
(ਸੀਨੀਅਰ ਕਲੀਨੀਕਲ ਪਰੈਕਟੀਸ਼ਨਰ, ਕਲੀਨੀਕਲ ਸੁਪਰਵਾਈਜ਼ਰ) ਨੈਸ਼ਨਲ ਹੈਲਥ ਸਰਵਿਸ Uk .

ਵਾਈਸ ਪ੍ਰਧਾਨ: ਪ੍ਰਗਤੀ ਸ਼ੀਲ ਲਿਖਾਰੀ ਸਭਾ ਵੁਲਵਰਹੈਮਪਟਨ
ਕਲਚਰਲ ਐਮਬੈਸਡਰ: Trained by Royal college of Nursing
ਇਗਜ਼ੈਕਟਿਵ ਮੈਂਬਰ: ਕੇਂਦਰੀ ਲਿਖਾਰੀ ਸਭਾ ਯੂਕੇ

ਚਾਰ ਕਾਵਿ-ਸੰਗ੍ਰਹਿ:
ਸੋਚ ਦੀ ਦਹਿਲੀਜ਼ ਤੇ
ਅਹਿਦ
ਹਾਸਿਲ
ਚੌਥੀ ਕਿਤਾਬ ‘ ਚਿੱਤਵਣੀ
ਹੁਣੇ ਹੀ ਕਿਸਾਨ ਸੰਘਰਸ਼ ਤੇ ਕਿਤਾਬ ਸੰਪਾਦਿਤ ਕੀਤੀ ਹੈ: ‘ਕਿਸਾਨ ਸੰਘਰਸ਼ ਸਦੀ ਦਾ ਕਾਵਿ ਸ਼ਬਦ’

ਦਲਵੀਰ ਕੌਰ, ਵੁਲਵਰਹੈਂਪਟਨ

ਦਲਵੀਰ ਕੌਰ (ਸੀਨੀਅਰ ਕਲੀਨੀਕਲ ਪਰੈਕਟੀਸ਼ਨਰ, ਕਲੀਨੀਕਲ ਸੁਪਰਵਾਈਜ਼ਰ) ਨੈਸ਼ਨਲ ਹੈਲਥ ਸਰਵਿਸ Uk . ਵਾਈਸ ਪ੍ਰਧਾਨ: ਪ੍ਰਗਤੀ ਸ਼ੀਲ ਲਿਖਾਰੀ ਸਭਾ ਵੁਲਵਰਹੈਮਪਟਨ ਕਲਚਰਲ ਐਮਬੈਸਡਰ: Trained by Royal college of Nursing ਇਗਜ਼ੈਕਟਿਵ ਮੈਂਬਰ: ਕੇਂਦਰੀ ਲਿਖਾਰੀ ਸਭਾ ਯੂਕੇ ਚਾਰ ਕਾਵਿ-ਸੰਗ੍ਰਹਿ: ਸੋਚ ਦੀ ਦਹਿਲੀਜ਼ ਤੇ ਅਹਿਦ ਹਾਸਿਲ ਚੌਥੀ ਕਿਤਾਬ ‘ ਚਿੱਤਵਣੀ ਹੁਣੇ ਹੀ ਕਿਸਾਨ ਸੰਘਰਸ਼ ਤੇ ਕਿਤਾਬ ਸੰਪਾਦਿਤ ਕੀਤੀ ਹੈ: ‘ਕਿਸਾਨ ਸੰਘਰਸ਼ ਸਦੀ ਦਾ ਕਾਵਿ ਸ਼ਬਦ’

View all posts by ਦਲਵੀਰ ਕੌਰ, ਵੁਲਵਰਹੈਂਪਟਨ →