ਇਸ ਲੰਬੀ ਵਾਰਤਾਲਾਪ ਨੂੰ ਸਤਿਕਾਰਯੋਗ ਹਰਬਖਸ਼ ਮਕਸੂਦਪੁਰੀ ਜੀ ਨਾਲ ਤਕਰੀਬਨ ਦੋ ਸਾਲ ਦਾ ਸਮਾਂ ਲੱਗਾ।
ਮੈਂ ਸਵਾਲ ਲਿਖ ਕੇ ਭੇਜ ਦੇਂਦੀ ਤੇ ਉਹ ਆਪਣੇ ਸਮੇਂ ਤੇ ਸਿਹਤ ਮੁਤਾਬਿਕ ਜਵਾਬ ਲਿਖ ਭੇਜ ਦੇਂਦੇ। ਉਨ੍ਹਾਂ ਦੀ ਇੱਛਾ ਸੀ ਕਿ ਇਹ ਵਾਰਤਾਲਾਪ ਕਿਤਾਬੀ ਰੂਪ ‘ਚ ਪੇਸ਼ ਹੋਵੇ।
70 ਵੇਂ ਸਵਾਲ ਦੇ ਜਵਾਬ ਤੋਂ ਬਾਅਦ ਉਨ੍ਹਾਂ ਦੀ ਸਿਹਤ ਜ਼ਿਆਦਾ ਖ਼ਰਾਬ ਹੋ ਗਈ, ਨਜ਼ਰ ਘੱਟ ਗਈ ਤੇ ਮੇਰੇ ਬਾਕੀ ਦੇ ਸਵਾਲ ਬੇ-ਜਵਾਬ ਰਹਿ ਗਏ। ਏਸ ਵਾਰਤਾਲਾਪ ਦੌਰਾਨ ਮੈਨੂੰ ਬਹੁਤ ਕੁਝ ਸਿੱਖਣ ਲਈ ਮਿਲਿਆ।
ਹੁਣ ‘ਲਿਖਾਰੀ’ ਮਾਧਿਅਮ ਰਾਹੀਂ ਇਹ ਵਾਰਤਾਲਾਪ ਪਹਿਲੀ ਵਾਰ ਪਾਠਕਾਂ ਸਾਹਵੇਂ ਪੇਸ਼ ਹੈ।
ਉਮੀਦ ਹੈ ਪਾਠਕ ਵੀ ਮੇਰੇ ਵਾਂਗ ਬੜਾ ਕੁਝ ਆਪਣੀ ਚੋਣ ਮੁਤਾਬਿਕ ਜੋ ਜੀ ਆਇਆ ਸਾਂਭ ਲੈਣਗੇ।
ਪ੍ਰਸ਼ਨ 51:-ਅ) ਸਮਰੱਥ ਅਲੋਚਕ ਹੋਣ ਦੇ ਨਾਤੇ ਅਲੋਚਨਾਂ ਦੇ ਪ੍ਰਚਲਤ ਤੇ ਸਹੀ ਮਾਪਦੰਡਾਂ ਬਾਰੇ ਕੁਝ ਕਹੋ! ਲੇਖਕ, ਰਚਨਾਂ ਤੇ ਅਲੋਚਕ ਵਿੱਚ ਕੀ ਸਮਾਨਤਾ ਤੇ ਅੰਤਰ ਲਾਜ਼ਮੀ ਹੈ।
ੲ) ਕੀ ਤੁਸੀ ਹੋਰਨਾਂ ਭਾਸ਼ਾਵਾਂ ਦੇ ਅਲੋਚਕਾਂ ਤੇ ਉਨਾਂ ਦੀ ਅਲੋਚਨਾਂ ਵਿਧੀ ਨੂੰ ਵੀ ਪੜ੍ਹਿਆ ਹੈ?
ਸ) ਤੁਸੀਂ ਕਿੰਨੇ ਕੁ ਲੇਖਕਾਂ ਤੇ ਕੰਮ ਕੀਤਾ ਹੈ?
ਹ) ਇਹ ਅਲੋਚਨਾਂ ਦਾ ਕੰਮ ਤੁਸੀ ਲੇਖਕ ਵੇਖ ਕੇ ਚੁਣਿਆਂ ਜਾਂ ਰਚਨਾਂ ਪੜ੍ਹਨ ਤੋਂ ਬਾਅਦ ਅਨੈਲਸਿਜ਼ ਕਰਨ ਦਾ ਮਨ ਬਣ ਗਿਆ ।
ਕ) ਕੀ ਤੁਹਾਡੀ ਕੋਈ ਕਵਿਤਾ ਜਾਂ ਅਲੋਚਨਾਂ ਦੀ ਕਿਤਾਬ ਕਿਸੇ ਕਾਲਜ ਜਾਂ ਯੁਨੀਵਰਸਟੀ ਦੇ ਸਿਲੇਬਸ ਵਿੱਚ ਵੀ ਪੜ੍ਹਾਈ ਗਈ ਹੈ?
ਖ) ਸਾਹਿਤਕ ਸ਼ੜਯੰਤਰਾਂ ਬਾਰੇ ਆਪਣਾ ਤਜਰਬਾ ਦੱਸੋ!
ਉੱਤਰ:- ਅ) ਮੈਂ ਸਮਰੱਥ ਅਲੋਚਕ ਹਾਂ ਜਾਂ ਨਹੀਂ? ਇਹ ਤਾਂ ਕਹਿ ਨਹੀਂ ਸਕਦਾ। ਅੱਜ ਅਲੋਚਨਾ ਦੇ ਅਨੇਕਾਂ ਸਿਧਾਂਤ ਤੇ ਮਾਪਦੰਡ ਪ੍ਰਚਲਤ ਹਨ। ਅਸਤਿਤਵਵਾਦ, ਸੰਰਚਨਾਵਾਦ, ਰੂਪਵਾਦ, ਆਧੁਨਕਵਾਦ ਤੇ ਉੱਤਰ-ਆਧੁਨਕਵਾਦ ਵਰਗੇ ਪੱਛਮੀ ਸੰਸਕ੍ਰਿਤੀ ਵਿਚ ਪੈਦਾ ਹੋਏ ਸਿਧਾਂਤਾਂ ਨੂੰ ਬਿਨਾਂ ਸੋਚੇ ਸਮਝੇ ਆਪਣੀ ਵਿਦਵਤਾ ਦਾ ਝੰਡਾ ਝਲਾਉਣ ਲਈ ਪੰਜਾਬੀ ਸਾਹਿਤ ‘ਤੇ ਬੇਸਿਰ ਪੈਰ ਲਾਗੂ ਕਰਨ ਦੇ ਯਤਨ ਕੀਤੇ ਜਾਂਦੇ ਹਨ। ਮੈਂ ਇਨ੍ਹਾਂ ਸਿਧਾਂਤਾਂ ਦੇ ਝਮੇਲੇ ਵਿਚ ਨਹੀਂ ਪੈਂਦਾ। ਰਚਨਾ ਦਾ ਮੂਲ ਪਾਠ ਹੀ ਮੇਰੇ ਲਈੌ ਮੁੱਖ ਗੱਲ ਹੁੰਦੀ ਹੈ। ਮੈਂ ਪਾਠ ਵਿਚੋਂ ਇਹ ਲਭਣ ਦਾ ਯਤਨ ਕਰਦਾ ਹਾਂ ਕਿ ਲੇਖਕ ਨੇ ਕੀ ਕਿਹਾ ਤੇ ਕਿਸਤਰ੍ਹਾਂ ਕਿਹਾ ਹੈ ਤੇ ‘ਉਸ ਕਹੇ ਗਏ’ ਦੀ ਕੀ ਸਾਰਥਕਤਾ ਹੈ? ‘ਕਿਸ ਤਰ੍ਹਾਂ ਕਿਹਾ ਗਿਆ ਹੈ’ ਵਿਚ ਹੀ ਮਿਆਰੀ ਕਲਾ ਹੁੰਦੀ ਹੈ। ਜੇ ਰਚਨਾ ਸੱਚ ਹੈ ਤੇ ਸੁੰਦਰ ਹੈ ਤਾਂ ਉਹ ਮਨੁੱਖੀ ਜੀਵਨ ਨੂੰ ਚੰਗੇਰਾ ਤੇ ਸੁਹਣੇਰਾ ਬਣਾਉਣ ਵਿਚ ਮਹੱਤਵ ਪੂਰਨ ਹਿੱਸਾ ਪਾਉਂਦੀ ਹੈ।
ਲੇਖਕ ਦਾ ਕੰਮ ਸਾਹਿਤ-ਰਚਨਾ ਹੈ, ਸਾਹਿਤ-ਰਚਨਾ ਦਾ ਕੰਮ ਪਾਠਕ ਨੂੰ ਸੁਹਜ ਸੁਆਦ ਦੇਣ ਦੇ ਨਾਲ ਨਾਲ ਉਸ ਅੰਦਰ ਸੱਚ ਤੇ ਸੂਝ ਦੇ ਬੀਜ ਬੀਜਣਾ ਹੈ ਤੇ ਅਲੋਚਕ ਦਾ ਕੰਮ ਸਾਹਿਤ-ਰਚਨਾ ਦੇ ਸੱਚ ਨੂੰ ਜਾਚਣਾ, ਤੋਲਣਾ ਤੇ ਪਰਖਣਾ ਹੈ ਤੇ ਇਸ ਦੇ ਨਾਲ ਹੀ ਸਾਹਿਤਕ ਮਾਪਦੰਡਾਂ ਨੂੰ ਨਿਰਧਾਰਤ ਕਰਨਾ ਹੈ। ਸਾਂਝ ਤਿੰਨਾਂ ਦੀ ਸਾਂਝੇ ਮਕਸਦ ਵਿਚ ਹੈ।
ੲ):-ਮੈਂ ਉਸ ਸਭ ਕੁਝ ਨੂੰ ਪੜ੍ਹਨ ਦੀ ਆਦਤ ਨਹੀਂ ਪਾ ਸਕਿਆ ਜਿਹਦੀ ਮੈਂ ਲੋੜ ਨਾ ਸਮਝਦਾ ਹੋਵਾਂ। ਫੇਰ ਵੀ ਮੈਂ ਪੱਛਮੀ ਸਾਹਿਤ ਸਿਧਾਂਤਾਂ ਨੂੰ ਸਮਝਣ ਦਾ ਯਤਨ ਅਵੱਸ਼ ਕਰਦਾ ਰਿਹਾ ਹਾਂ। ਮੈਂ ਅਲੋਚਨਾ ਵਿਚ ਕਦੀਂ ਵੀ ਇਨ੍ਹਾਂ ਸਿਧਾਂਤਾਂ ਨੂੰ ਵਰਤਣ ਦੀ ਲੋੜ ਨਹੀਂ ਸਮਝੀ।
ਸ):- ਮੈਂ ਅਲੋਚਨਾ ਨੂੰ ਇਸਤਰ੍ਹਾਂ ਨਹੀਂ ਅਪਣਾਇਆਂ ਕਿ ਮੈਂ ਆਪਣਾ ਨਾਉਂ ਵੱਡੇ ਅਲੋਚਕਾਂ ਵਿਚ ਗਿਣਵਾ ਸਕਾਂ। ਮੈਂ ਚਾਹੁੰਦਾ ਵੀ ਨਹੀਂ ਕਿ ਮੈਨੂੰ ਅਲੋਚਕਾਂ ਵਿਚ ਗਿਣਿਆ ਜਾਵੇ। ਨਾ ਹੀ ਅਲੋਚਨਾ ਮੇਰਾ ਮੁੱਖ ਸ਼ੌਕ ਕਦੀਂ ਬਣ ਸਕੀ ਹੈ। ਮੈਨੂੰ ਜਦ ਵੀ ਕਿਸੇ ਲੇਖਕ ਦੀ ਲਿਖਤ ਪ੍ਰਭਾਵਤ ਕਰ ਜਾਂਦੀ ਹੈ ਤਦ ਹੀ ਮੈਂ ਉਸ ‘ਤੇ ਲਿਖਣ ਲਈ ਉਤਸ਼ਾਹਤ ਹੁੰਦਾ ਹਾਂ। ਅਜਿਹੇ ਲੇਖਕ ਥੋੜੇ ਹੀ ਹਨ ਜਿਨ੍ਹਾਂ ਦੀ ਲਿਖਤ ਨੇ ਮੈਨੂੰ ਪ੍ਰਭਾਵਤ ਕੀਤਾ ਹੈ ਤੇ ਮੈਂ ਉਂਨ੍ਹਾਂ ‘ਤੇ ਲਿਖਣ ਲਈ ਕਲਮ ਚੁੱਕੀ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਜਿਨ੍ਹਾਂ ਲੇਖਕਾਂ ‘ਤੇ ਮੈਂ ਲਿਖਿਆ ਹੈ ਉਨ੍ਹਾਂ ਤੋਂ ਬਿਨਾਂ ਹੋਰ ਚੰਗੇ ਲੇਖਕ ਨਹੀਂ ਹਨ। ਕਈ ਅਜਿਹੇ ਲੇਖਕ ਹਨ, ਜਿਨ੍ਹਾਂ ਦੀਆਂ ਲਿਖਤਾਂ ਨੇ ਮੈਨੂੰ ਪ੍ਰਭਾਵਤ ਕੀਤਾ ਹੈ ਪਰ ਮੈਂ ਉਨ੍ਹਾਂ ‘ਤੇ ਲਿਖ ਨਹੀਂ ਸਕਿਆ।
ਹ) ਮੇਰੇ ਲਈ ਚੰਗੀ ਰਚਨਾ ਹੀ ਮੁੱਖ ਗੱਲ ਰਹੀ ਹੈ। ਜੇ ਮੈਨੂੰ ਕੋਈ ਲੇਖਕ ਚੰਗਾ ਲਗਿਆ ਹੈ ਤਾਂ ਉਹਦੀ ਚੰਗੀ ਰਚਨਾ ਕਰਕੇ। ਲੇਖਕ ਚੰਗਾ ਜਾਂ ਮਾੜਾ ਆਪਣੀ ਰਚਨਾ ਦੇ ਮਿਆਰ ਕਰਕੇ ਹੁੰਦਾ ਹੈ, ਆਪਣੇ ਕਦ ਕਾਠ, ਸੁਭਾ ਜਾਂ ਧਨ ਦੌਲਤ ਕਰਕੇ ਨਹੀਂ। ਰਚਨਾ ਪੜ੍ਹ ਕੇ ਤੇ ਉਸਦੇ ਗੁਣਾਂ ਨੂੰ ਜਾਣ/ਸਮਝ ਕੇ ਮੈਂ ਉਸ ‘ਤੇ ਲਿਖਣ ਦਾ ਮਨ ਬਣਾਉਂਦਾ ਹਾਂ।
ਕ):- ਮੈਂ ਇਸ ਗੱਲ ਨੂੰ ਮੁੱਖ ਰਖ ਕੇ ਕਦੀਂ ਨਹੀਂ ਲਿਖਿਆ ਕਿ ਮੇਰੀ ਕਿਤਾਬ ਕਾਲਜ ਜਾਂ ਯੂਨੀਵਰਸਟੀ ਵਿਚ ਪੜ੍ਹਾਈ ਜਾਵੇ। ਜਦ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੇ ਅੰਦਰ ਕੁਝ ਅਜਿਹਾ ਹੈ ਜਿਹੜਾ ਕਹਿਣ ਤੇ ਸੁਣਨ ਯੋਗ ਹੈ ਤਾਂ ਹੀ ਮੈਂ ਲਿਖਣ ਲਈ ਕਲਮ ਚੁਕਦਾ ਹਾਂ। ਮੈਂ ਲਿਖਿਆ ਵੀ ਕਿੰਨਾ ਕੁ ਹੈ? ਮੇਰੇ ਸਾਰੇ ਜੀਵਨ ਦੀ ਕਮਾਈ ਹੈ ਤਿੰਨ ਕਾਵਿ ਸੰਗ੍ਰਹਿ, ਦੋ ਸਮੀਖਿਆ ਪੁਸਤਕਾਂ, ਸ੍ਵੈਜੀਵਨੀ, ਇੱਕ ਲੇਖ ਸੰਗ੍ਰਹਿ ਤੇ ਇੱਕ ਪੁਸਤਕ ਪੰਜਾਬ ਦੀ ਸਿੱਖ ਰਾਜਨੀਤੀ ਤੇ ਇਤਿਹਾਸ ਬਾਰੇ।
ਖ):- ਮੈਂ ਸਾਹਿਤਕ ਸ਼ੜਜੰਤਰਾਂ ਬਾਰੇ ਸੁਣਦਾ ਪੜ੍ਹਦਾ ਰਿਹਾ ਹਾਂ। ਇਹ ਵੀ ਸੁਣਦਾ ਰਿਹਾ ਹਾਂ ਕਿ ਇਨਾਮ ਦੇਣ ਵਾਲੇ ਬਹੁਤੇ ਅਦਾਰੇ ਉਪਰ ਤੋਂ ਲੈ ਕੇ ਥੱਲੇ ਤੱਕ ਭ੍ਰਿਸ਼ਟ ਹੋ ਗਏ ਹਨ ਤੇ ਇਨਾਮ ਲੈਣ ਤੇ ਦੇਣ ਲਈ ਜੁਗਾੜ ਬਣਾਏ ਜਾਂਦੇ ਹਨ। ਇਹ ਅਦਾਰੇ ਇੰਨੇ ਬਦਨਾਮ ਹੋ ਗਏ ਹਨ ਕਿ ਜਦ ਵੀ ਕਿਸੇ ਨੂੰ ਇਨਾਮ ਮਿਲਦਾ ਹੈ ਤਾਂ ਜੋੜ ਤੋੜ ਦੀਆਂ ਕਹਾਣੀਆਂ ਨਾਲ ਹੀ ਅਰੰਭ ਹੋ ਜਾਂਦੀਆਂ ਹਨ। ਮੈਨੂੰ ਨਿੱਜੀ ਤੌਰ ‘ਤੇ ਇਨ੍ਹਾਂ ਇਨਾਮਾਂ ਦਾ ਕੋਈ ਤਜਰਬਾ ਨਹੀਂ। ਅੱਜ ਤੱਕ ਤਾਂ ਮੈਂ ਇਨ੍ਹਾਂ ਤੋਂ ਬਚਿਆ ਹੋਇਆ ਹਾਂ। ਡਰਦਾ ਵੀ ਹਾਂ ਕਿ ਜੇ ਗਲਤੀ ਨਾਲ ਵੀ ਕੋਈ ਇਨਾਮ ਮਿਲ ਗਿਆ ਤਾਂ ਸ਼ੜਜੰਤਰਕਾਰਾਂ ਦੀ ਕਤਾਰ ਵਿਚ ਮੈਨੂੰ ਵੀ ਸ਼ਾਮਲ ਕਰ ਲਿਆ ਜਾਵੇਗਾ।
ਪ੍ਰਸ਼ਨ 52:- ੳ) ਤੁਹਾਡੀ ਸ੍ਵੈਜੀਵਨੀ ਪੜ੍ਹਦਿਆਂ ਮੈਂ ਨੋਟ ਕੀਤਾ ਹੈ ਕਿ ਡਾਕਟਰ ਸੁਖਦੇਵ ਸਿਰਸਾ ਨੇ ਤੁਹਾਨੂੰ ‘ਮਾਰਕਸਵਾਦੀ ਚਿੰਤਕਾਂ’ ਦੇ ਵਰਗ ‘ਚ ਰੱਖ ਕੇ ਤੁਹਾਡੇ ਬਾਰੇ ਗੱਲ ਕੀਤੀ ਹੈ! ਤੁਸੀਂ ਇਸ ਨਾਲ ਸਹਿਮਤ ਹੋ? ਕਿਸੇ ਇਕ ਵਿਚਾਰਧਾਰਾ ਦੀ ਸਾਰੀ ਜ਼ਿੰਦਗੀ ਪ੍ਰੋੜਤਾ ਕਰਦੇ ਜਾਣਾ ਕਿੰਨਾਂ ਕੁ ਠੀਕ ਹੈ!
ਅ) ਗੌਤਮ ਬੁੱਧ ਮੁਤਾਬਿਕ’ ਸਭ ਤੋਂ ਵੱਡੀ ਸਚਾਈ ਹੈ ਪ੍ਰੀਵਰਤਨ। ਜਿੰਦਗੀ ਦੇ ਇਸ ਮੋੜ ਤੇ ਤੁਸੀਂ ਇਸ ਬਾਰੇ ਕੀ ਕਹੋਗੇ? ਨਿੱਜੀ ਜਿੰਦਗੀ ਦੇ ਨੇੜੇ ਤੁਰਦਾ ਜਵਾਬ ਦਿਓ!
ੲ) ਗੋਇਟੇ ਆਖਦਾ ਹੈ ਕਿ ‘ਰਚਨਾਂ ਦੀ ਯਾਤਰਾ ਇੱਕ ਜ਼ਖਮ ਤੋਂ ਦੂਸਰੇ ਜ਼ਖਮ ਤੱਕ ਦਾ ਸਫਰ ਹੁੰਦੀ ਹੈ! ਇਸ ਬਾਰੇ ‘ਚ ਤੁਹਾਡਾ ਕੀ ਅਨੁਭਵ ਹੈ?
ਸ) ਰਵਿੰਦਰ ਨਾਥ ਠਾਕੁਰ ਦਾ ਕਥਨ ਹੈ ਕਿ ਮੈਂ ਰਚਨਾਂ ਨੂੰ ਸਰਸਵਤੀ ਦਾ ਵਰਦਾਨ ਮੰਨਦਾ ਹਾਂ’। ਤੁਹਾਡੀ ਉਹ ਕਿਹੜੀ ਰਚਨਾਂ ਹੈ ਜੋ ਤੁਹਾਨੂੰ ਸਰਸਵਤੀ ਦੇ ਵਰਦਾਨ ਵਾਂਗ ਜਾਪੀ?
ਉੱਤਰ:- ੳ) ਮੈਂ ਬ੍ਰਹਿਮੰਡ ਦੀ ਸਿਰਜਣਾ ਕਿਸੇ ਪ੍ਰਾਸਰੀਰਕ ਸ਼ਕਤੀ ਦੇ ਹੁਕਮ ਨਾਲ ਹੋਈ ਨਹੀਂ ਮੰਨਦਾ ਬਲਕਿ ਪਦਾਰਥ ਦੇ ਉਦਕਰਖ ਤੇ ਆਕਰਖ ਗੁਣਾਂ ਕਰਕੇ ਮੰਨਦਾ ਹਾਂ। ਮੈਂ ਸਮੁਚੇ ਜੀਵਨ ਦੀ ਉਪਜ ਤੇ ਭਾਂਤ ਭਾਂਤ ਦੀਆਂ ਜੀਵਨ ਵੰਨਗੀਆਂ ਦੀ ਉਪਜ ਵਿਕਾਸ਼ ਤੋਂ ਹੋਈ ਮੰਨਦਾ ਹਾਂ। ਮੈਂ ਮੰਨਦਾ ਹਾਂ ਕਿ ਸਮਾਜ ਦਾ ਵਿਕਾਸ਼ ਇਸ ਵਿਚ ਪੈਦਾ ਹੋਈਆਂ ਸ਼੍ਰੇਣੀਆਂ ਦੇ ਆਪਸੀ ਘੋਲ ਨਾਲ ਹੋਇਆ ਹੈ। ਮੈਂ ਮੰਨਦਾ ਹਾਂ ਕਿ ਸਮਾਜ ਵਿਚ ਸਦਾ ਦੋ ਸ਼੍ਰੇਣੀਆਂ ਰਹੀਆਂ ਹਨ, ਇਕ ਸ਼ੋਸ਼ਕ ਸ਼੍ਰੇਣੀ ਤੇ ਦੂਜੀ ਸ਼ੋਸ਼ਤ ਸ਼੍ਰੇਣੀ। ਮੈਂ ਮੰਨਦਾ ਹਾਂ ਕਿ ‘ਨਾ ਕੋ ਵੈਰੀ ਨਾਹਿੰ ਵਿਗਾਨਾ ਸਗਲ ਸਮ ਹਮ ਕੋ ਬਣ ਆਈ’ ਵਾਲਾ ਸਮਾਜ ਸਿਰਫ ਸ਼੍ਰੇਣੀ ਰਹਿਤ ਸਮਾਜ ਹੀ ਹੋ ਸਕਦਾ ਹੈ। ਜੇ ਮੇਰੀਆਂ ਇਨ੍ਹਾਂ ਮਾਨਤਾਵਾਂ ਨੂੰ ਮਾਰਕਸਵਾਦ ਕਿਹਾ ਜਾ ਸਕਦਾ ਹੈ ਤਾਂ ਮੈਂ ਅਵੱਸ਼ ਮਾਰਕਸਵਾਦੀ ਹਾਂ।
ਮੇਰੀ ਸ੍ਵੈਜੀਵਨੀ ਮੇਰੇ ਜੀਵਨ ਅਤੇ ਮੇਰੀ ਸੋਚ ਵਿਚ ਆਏ ਪੜਾ ਦਰ ਪੜਾ ਪ੍ਰੀਵਰਤਨ ਦੀ ਕਹਾਣੀ ਹੈ। ਮੈਂ ਸਿੱਖ ਘਰ ਵਿਚ ਜੰਮਿਆਂ ਨਿਤ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਪੜ੍ਹਦਾ ਸਮਝਦਾ ਹੀ ਬਚਪਨ ਤੋਂ ਜਵਾਨੀ ਦੀਆਂ ਬਰੂਹਾਂ ਤੱਕ ਪੁੱਜਿਆ ਸਾਂ। ਚੜ੍ਹਦੀ ਜਵਾਨੀ ਦੀਆਂ ਬਰੂਹਾਂ ਤੇ ਪੁੱਜ ਕੇ ਮੈਂ ਇਸ ਸਿੱਟੇ ‘ਤੇ ਪੁੱਜ ਗਿਆ ਸਾਂ ਕਿ ਗੁਰੂਆਂ ਦਾ ‘ਨਾ ਕੋ ਵੈਰੀ ਨਾਹਿੰ ਵਿਗਾਨਾ’ ਦਾ ਅਸੂਲ ਸਿਰਫ ਸ਼ਰੇਣੀ ਰਹਿਤ ਸਮਾਜ ਵਿਚ ਹੀ ਲਾਗੂ ਹੋ ਸਕਦਾ ਹੈ। ਇਹ ਸਮਝ ਅਵੱਸ਼ ਮਾਰਕਸਵਾਦੀ ਸੋਚ ਦੀ ਦੇਣ ਹੈ। ਮਾਰਕਦਵਾਦ ਨੇ ਹੀ ਇਹ ਸਿਖਾਇਆ ਸੀ ਕਿ ਕੋਈ ਖਿਆਲ ਆਖਰੀ ਨਹੀਂ ਹੁੰਦਾ ਹੈ, ਕਿਉਂਕਿ ਕੁਦਰਤ ਦਾ ਸਦੀਵੀ ਨੇਮ ਵਿਕਾਸ਼ ਹੈ ਖੜੋਤ ਨਹੀਂ। ਇਸੇ ਲਈ ਮਾਰਕਸ ਨੇ ਆਪਣੇ ਖਿਆਲਾਂ ਨੂੰ ਡੌਗਮੇ (ਕੱਟੜ ਸਿਧਾਂਤ) ਦੇ ਤੌਰ ਤੇ ਅਪਨਾਉਣ ਦੇ ਖਿਲਾਫ ਸਖਤ ਵਾਰਨਿੰਗ ਦਿੱਤੀ ਸੀ। ਮੈਂ ਹਰ ਖਿਆਲ ਨੂੰ ਵਿਗਿਆਨਕ ਦਲੀਲ ਦੀ ਕਸਵਟੀ ‘ਤੇ ਪਰਖਣ ਦਾ ਆਦੀ ਰਿਹਾ ਹਾਂ ‘ਤੇ ਹੁਣ ਵੀ ਹਾਂ। ਮੈਂ ਹਰ ਤਰ੍ਹਾਂ ਦਾ ਗਿਆਨ ਪ੍ਰਾਪਤ ਕਰਨ ਲਈ ਮਨ ਦੇ ਦਰਵਾਜ਼ੇ ਸਦਾ ਖੁਲ੍ਹੇ ਰੱਖੇ ਹਨ। ਮੈਨੂੰ ਵਖੋ ਵਖਰੇ ਧਰਮਾਂ ਦੇ ਗ੍ਰੰਥਾਂ ਨੂੰ ਤੇ ਸਿਆਸੀ ਤੇ ਸਮਾਜਕ ਰੁਝਾਨਾਂ ਨੂੰ ਪੜ੍ਹਨ ਤੇ ਸਮਝਣ ਦਾ ਸ਼ੌਕ ਸਦਾ ਰਿਹਾ ਹੈ।
ਅ) ਮਹਾਤਾਮਾ ਬੁੱਧ ਨੇ ਠੀਕ ਹੀ ਕਿਹਾ ਸੀ ਕਿ ਜ਼ਿੰਦਗੀ ਦੀ ਸਭ ਤੋਂ ਵੱਡੀ ਸਚਾਈ ਪ੍ਰੀਵਰਤਨ ਹੈ। ਮਾਰਕਸ ਦੇ ਸਮੁੱਚੇ ਵਿਚਾਰ ਇਸੇ ਵਿਚਾਰ ਦੀ ਪ੍ਰੌੜ੍ਹਤਾ ਕਰਦੇ ਹਨ। ਵਾਸਤਵ ਵਿਚ ਕੁਦਰਤ ਦੀ ਕਾਰ ਵੀ ਪ੍ਰੀਵਰਤਨ ਦੇ ਸਿਧਾਂਤ ਅਨੁਸਾਰ ਹੀ ਚਲਦੀ ਹੈ, ਖੜੋਤ ਨਾਲ ਨਹੀ। ਮੈਂ ਬੁੱਧ ਤੇ ਮਾਰਕਸ ਦੇ ਇਸ ਖਿਆਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।
ੲ) ਗੋਇਟੇ ਨੇ ਠੀਕ ਹੀ ਕਿਹਾ ਹੈ। ਕਲਾ ਤਾਂ ਹੁੰਦੀ ਹੀ ਪੀੜ ਵਿਚੋਂ ਪੈਦਾ ਹੈ। ਹਰ ਚੰਗੀ ਰਚਨਾ ਕਰਨ ਲਈ ਰਚਨਾਕਾਰ ਨੂੰ ਇਸ ਪੀੜ ਵਿਚੋਂ ਮੁੜ ਗ਼ੁਜ਼ਰਨਾ ਪੈਂਦਾ ਹੈ। ਪਰ ਮਹਾਪੁਰਸ਼ ਸਦਾ ‘ਚੜ੍ਹਦੀ ਕਲਾ ਵਿਚ ਰਹਿਣ’ ਦਾ ਸੰਦੇਸ਼ ਦਿੰਦੇ ਰਹੇ ਹਨ। ਮੇਰਾ ਯਕੀਨ ਹੈ ਕਿ ਜੀਵਨ ਨੇ ਚੰਗੇਰੇ ਤੋਂ ਹੋਰ ਚੰਗੇਰਾ ਬਣਨ ਵਲ ਵਧਣਾ ਹੀ ਹੈ। ਇਸ ਲਈ ਰਚਨਾਕਾਰ ਦਾ ਕੰਮ ਆਸ਼ਾ ਦੇ ਦੀਪ ਨੂੰ ਜਗਾਈ ਰਖਣਾ ਵੀ ਹੈ।
ਸ) ਸ੍ਰਸਵਤੀ ਇਕ ਨਦੀ ਦਾ ਨਾਉਂ ਸੀ। ਰਿਗ ਵੇਦ ਵਿਚ ਇਸ ਨਦੀ ਦਾ ਜ਼ਿਕਰ ਮਿਲਦਾ ਹੈ। ਪਿੱਛੋਂ ਜਾ ਕੇ ਭਾਰਤੀ ਮਿਥਿਹਾਸ ਵਿਚ ਸ੍ਰਸਵਤੀ ਨੂੰ ਵਿੱਦਿਆ ਤੇ ਕਲਾਵਾਂ ਦੀ ਦੇਵੀ ਮੰਨ ਲਿਆ ਗਿਆ। ਕਿਹਾ ਜਾਣ ਲਗ ਪਿਆ ਕਿ ਵਿਦਵਾਨਾਂ ਤੇ ਕਲਾਕਾਰਾਂ ਨੂੰ ਸ੍ਰਸਵਤੀ ਦੇਵੀ ਦਾ ਵਰਦਾਨ ਹੁੰਦਾ ਹੈ। ਟੈਗੋਰ ਅਧਿਆਤਵਾਦੀ ਸੀ ਪਰ ਜਿਸ ਗੱਲ ਨੂੰ ਉਹ ਸ੍ਰਸਵਤੀ ਦਾ ਵਰਦਾਨ ਕਹਿੰਦਾ ਹੈ, ਉਹ ਤਾਂ ਕਿਸੇ ਬੰਦੇ ਦਾ ਸੰਵੇਦਨਸ਼ੇਲ ਹੋਣਾ ਤੇ ਇਸ ਕਾਰਨ ਹੀ ਉਹਦੇ ਉੱਤੇ ਉਹ ਛਿਣ ਆਉਣ ਦੀ ਅਵਸਥਾ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਸ਼ਬਦਾਂ ਵਿਚ ‘ਰਚਨਾਤਮਕ ਛਿਣ’ ਕਹਿ ਸਕਦੇ ਹਾਂ। ਇਹ ਰਚਨਾਤਮਕ ਛਿਣ ਹੀ ਰਚਨਾਕਾਰ ਨੂੰ ਰਚਨਾ ਕਰਨ ਲਈ ਮਜਬੂਰ ਕਰਦੇ ਹਨ। ਇਨ੍ਹਾਂ ਛਿਣਾਂ ਦੇ ਆਉਣ ਤੋਂ ਬਿਨਾਂ ਕੋਈ ਸਾਰਥਕ ਰਚਨਾ ਨਹੀਂ ਕੀਤੀ ਜਾ ਸਕਦੀ। ਮੇਰਾ ਵੀ ਇਹੀ ਤਜਰਬਾ ਹੈ ਕਿ ਇਨ੍ਹਾਂ ਛਿਣਾਂ ਦੇ ਆਉਣ ‘ਤੇ ਹੀ ਚੰਗੀ ਰਚਨਾ ਖਾਸ ਤੌਰ ਤੇ ਚੰਗੀ ਕਵਿਤਾ ਲਿਖੀ ਜਾ ਸਕਦੀ।
ਪ੍ਰਸ਼ਨ 53:-ਮਨੁੱਖੀ ਮਨ ਦੀ ਆਦਿ ਜੁਗਾਦੀ ਪਿਆਸ ਹੈ ‘ਪਿਆਰ, ਪਿਆਰਨਾ, ਪਿਆਰੇ ਜਾਣਾਂ ਜਾਂ ਕਿਸੇ ਮਨ ਦੀ ਥਾਹ ਪਾ ਲੈਣਾ। ਇਸ ਗੱਲ ਨੂੰ ਆਪਣੇ ਤੇ ਲਾਗੂ ਕਰ ਕੇ ਕੁਝ ਕਹੋ!
ਉੱਤਰ:- ਇਹ ਸੱਚ ਹੈ ਕਿ ਮਨੁੱਖੀ ਮਨ ਦੀ ਆਦਿ ਜੁਗਾਦੀ ਪਿਆਸ ‘ਪਿਆਰ’ ਹੈ। ਮਨੁੱਖ ਹੀ ਨਹੀਂ ਹਰ ਜੀਵ ਜੰਤੂ ਪਸੂ ਪੰਛੀ ਵੀ ਪਿਆਰ ਕਰਨਾ ਤੇ ਪਿਆਰਿਆ ਜਾਣਾ ਚਾਹੁੰਦਾ ਹੈ। ਇਹ ਤਾਂ ਕੁਦਰਤ ਦੇ ਕਿਸੇ ਵਡੇਰੇ ਵਿਧਾਨ ਦੀ ਦੇਣ ਹੈ। ਮੈਂ ਭਲਾ ਇਸ ਕੁਦਰਤ ਦੇ ਵਿਧਾਨ ਤੋਂ ਕਿਵੇਂ ਵੱਖ ਰਹਿ ਸਕਦਾ ਸਾਂ। ਪਰ ਪਿਆਰ ਕਰਨ ਤੇ ਪਿਆਰ ਪ੍ਰਾਪਤ ਕਰਨ ਵਿਚ ਤਾਂ ਸਦਾ ਪਾੜਾ ਰਿਹਾ ਹੈ। ਮੇਰੇ ਲਈ ਇਹ ਪਾੜਾ ਕੁਝ ਵਧੇਰੇ ਅਲੰਘ ਰਿਹਾ ਹੈ। ਇਹ ਤਮੰਨਾ ਸਦਾ ਰਹੀ ਹੈ ਕਿ ਕੋਈ ਮੈਨੂੰ ਸਮਝੇ, ਸਤਿਕਾਰੇ ਤੇ ਦਿਲੋਂ ਪਿਆਰ ਕਰੇ। ਬੰਦੇ ਦੇ ਬਸ ਤਾਂ ਤਮੰਨਾ ਕਰਨੀ ਹੋ ਸਕਦੀ ਹੈ, ਇਸ ਦਾ ਪੂਰਿਆਂ ਹੋਣਾ ਤਾਂ ਬੰਦੇ ਦੇ ਬਸ ਵਿਚ ਨਹੀਂ ਹੁੰਦਾ।
ਪ੍ਰਸ਼ਨ 54:-ਲੇਖਕ ਲਈ ਸਾਹਿਤ ਰਚਣਾ ਜਾਂ ਸਿਰਜਣਾ ਸਮਾਜਿਕ ਜਿੰਮੇਦਾਰੀ ਹੋਣੀ ਚਾਹੀਦੀ ਹੈ ਕਿ ਸ਼ੌਕੀਆ? ਵਿਹਾਰ ਅਤੇ ਲਿਖਤ ਦੀ ਆਪਸ ਵਿੱਚ ਕੀ ਸਾਂਝ ਹੈ? ਸੰਜੀਦਾ ਲੇਖਕ ਲਈ ਰੂਹ ਦਾ ਰੱਜ ਕਿਹੜੀ ਸ਼ੈਅ ਬਣਦੀ ਹੈ? ਤੇ ਤੁਸੀਂ ਰੂਹ ਕਿਸ ਚੀਜ਼ ਨਾਲ ਰਜਾਈ?
ਉੱਤਰ:-ਸਾਹਿਤ ਰਚਨਾ ਜਾਂ ਸਿਰਜਨਾ ਨਾ ਸ਼ੌਕੀਆ ਹੁੰਦੀ ਹੈ ਨਾ ਸਮਾਜਕ ਜ਼ਿੰਮੇਦਾਰੀ। ਇਹ ਤਾਂ ਤਾਂਹੀ ਹੁੰਦੀ ਹੇ ਜੇ ਅੰਦਰ ਕੋਈ ਸੇਕ ਹੋਵੇ, ਕੋਈ ਤੜਪ ਹੋਵੇ ਤੇ ਕੋਈ ਲਗਨ ਹੋਵੇ। ਸਾਹਿਤਕਾਰ ਵੀ ਤਾਂ ਸਮਾਜ ਵਿਚ ਰਹਿੰਦਾ ਹੈ, ਉਹਦੇ ਅੰਦਰ ਦੀ ਤੜਪ ਸੇਕ ਤੇ ਲਗਨ ਵੀ ਤਾਂ ਸਮਾਜ ਦੀ ਦੇਣ ਹੁੰਦੇ ਹਨ। ਜੇ ਉਹ ਆਪਣੇ ਅੰਦਰ ਦੀ ਤੜਪ, ਸੇਕ ਤੇ ਲਗਨ ਦਾ ਪ੍ਰਗਟਾ ਕਰੇਗਾ ਤਾਂ ਉਹ ਉਸ ਸਮਾਜ ਦਾ ਵੀ ਤਾਂ ਪ੍ਰਗਟਾ ਅਵੱਸ਼ ਹੋ ਜਾਵੇਗਾ , ਜਿਸ ਸਮਾਜ ਦੀ ਇਹ ਸਭ ਕੁਝ ਦੇਣ ਹੁੰਦੀ ਹੈ। ਹਰ ਦਰਦ ਤੇ ਹਰ ਅਹੁਰ ਦੇ ਕਾਰਣ ਸਮਾਜ ਵਿਚ ਹੀ ਲੁਕੇ ਪਏ ਹੁੰਦੇ ਹਨ। ਜਦੋਂ ਤੁਸੀਂ ਨਿੱਜ ਦੇ ਦੁਖ ਦਰਦ ਦੀ ਗੱਲ ਕਰੋਗੇ ਤਾਂ ਉਹ ਉਸ ਸਮਾਜ ਦੀ ਗੱਲ ਵੀ ਤਾਂ ਹੋਵੇਗੀ ਹੀ ਜਿਸ ਵਿਚ ਤੁਸੀਂ ਰਹਿ ਰਹੇ ਹੋਵੋਗੇ।
ਵਿਹਾਰ ਕਿਸੇ ਲਿਖਤ ਦਾ ਫਲ਼ ਤਾਂ ਹੋ ਸਕਦਾ ਹੈ ਅਰੰਭ ਨਹੀਂ। ਹਾਂ ਕਿਸੇ ਲਿਖਤ ਨਾਲ ਜੇ ਕਿਸੇ ਲੇਖਕ ਨੂੰ ਮਾਇਕ ਲਾਭ ਪ੍ਰਾਪਤ ਹੁੰਦਾ ਹਾਂ ਤਾਂ ਉਹਨੂੰ ਵਧੇਰੇ ਚੰਗਾ ਲਿਖਣ ਲਈ ਉਤਸ਼ਾਹ ਤਾਂ ਮਿਲੇਗਾ ਹੀ। ਪਰ ਕੇਵਲ ਮਾਇਕ ਲਾਭ ਦੀ ਪ੍ਰਾਪਤੀ ਲਈ ਲਿਖਣਾ ਲਿਖਤ ਲਈ ਸ਼ੁਭ ਨਹੀਂ ਹੋ ਸਕਦਾ।
ਸੰਜੀਦਾ ਲੇਖਕ ਲਈ ਰੂਹ ਦਾ ਰੱਜ ਉਹੀ ਸ਼ੈਅ ਜਾਂ ਸਿਰਜਣਾ ਬਣਦੀ ਹੈ, ਜਿਸ ਦੇ ਹੋਂਦ ਵਿਚ ਆਉਣ ਨਾਲ ਉਹਦੇ ਮਨ ਨੂੰ ਇਹ ਤਸੱਲੀ ਮਿਲੇ ਕਿ ਉਸ ਸ਼ੈਅ ਦੀ ਹੋਂਦ ਨਾਲ ਉਹਦਾ ਆਲਾ ਦੁਆਲਾ ਸੁਹਣਾ ਸੁਹਣਾ ਲਗਣ ਲੱਗ ਪਿਆ ਹੈ। ਮੈਂ ਆਪਣੀ ਰੂਹ ਇੰਝ ਹੀ ਰਿਝਾਂਦਾ ਰਿਹਾ ਹੈ ਕਿ ਮੈਂ ਸਾਰੀ ਉਮਰ ਲਗਦੀ ਵਾਹ ਕਦੀ ਕਿਸੇ ਦਾ ਦਿੱਲ ਨਹੀਂ ਦੁਖਾਇਆ ਤੇ ਸਦਾ ਉਸ ਸੱਚ ਨੂੰ ਫੈਲਾਉਣ ਦਾ ਯਤਨ ਕਰਦਾ ਰਿਹਾ ਹਾਂ ਜਿਹੜਾ ਮੇਰੀ ਸਮਝ ਅਨੁਸਾਰ ‘ਸਰਬਤ ਦੇ ਭਲੇ’ ਦੀ ਬੁਨਿਆਦ ਬਣਦਾ ਹੈ।
ਪ੍ਰਸ਼ਨ-55-1. ਉਮਰ ਦੇ ਏਸ ਮੋੜ ਤੇ ਖਲੋ, ਇਤਿਹਾਸ, ਮਿਥਿਹਾਸ, ਦੰਦ ਕਥਾਵਾਂ ਤੇ ਅਨੁਭਵੀ ਵਰਤਮਾਨ ਨੂੰ ਸਾਹਵੇਂ ਰੱਖ ਕੇ ਦਸੋ ਕਿ ਮਨੁੱਖੀ ਜ਼ਿੰਦਗੀ ਦਾ ਕਿਹੜਾ ਪਹਿਰ ਅੰਦਰਲੇ ਇਨਸਾਨ ਨਾਲ ਖਹਿ ਕੇ ਗੁਜ਼ਰਦਾ ਹੈ?
ਉੱਤਰ:-ਜ਼ਿੰਦਗੀ ਦੇ ਹਰ ਮੋੜ ‘ਤੇ ਮਨੁੱਖ ਦੇ ਅੰਦਰ ਨਾਲ ਬਾਹਰ ਦਾ ਟੱਕਰਾਉ ਰਹਿੰਦਾ ਹੈ। ਮਨੁੱਖ ਜੋ ਸੋਚਦਾ ਤੇ ਚਾਹੁੰਦਾ ਹੈ ਉਹ ਹੁੰਦਾ ਨਹੀਂ ਜਾਂ ਹੋ ਸਕਦਾ ਨਹੀਂ, ਜੋ ਉਹ ਸੋਚਦਾ ਨਹੀਂ ਜਾਂ ਚਾਹੁੰਦਾ ਨਹੀਂ, ਉਹ ਹੋ ਜਾਂਦਾ ਹੈ। ਸਾਰੀ ਉਮਰ ਮਨੁੱਖ ਬਾਹਰ ਜੋ ਹੁੰਦਾ ਹੈ ਉਸ ਨਾਲ ਹੀ ਸਮਝੌਤਾ ਕਰ ਕੇ ਸਮਾਂ ਲੰਘਾਉਂਦਾ ਰਹਿੰਦਾ ਹੈ। ਜਿਸ ਮਨੁੱਖ ਅੰਦਰ ਜਿੰਨਾ ਵਧੇਰੇ ਗਿਆਨ ਹੁੰਦਾ ਹੈ , ਉੰਨਾ ਹੀ ਉਹ ਵੱਧੇਰੇ ਸੰਵੇਦਨਸ਼ੀਲ ਹੁੰਦਾ ਹੈ ਤੇ ਉਹਨੂੰ ਅੰਦਰ ਤੇ ਬਾਹਰ ਦਾ ਟਕਰਾਅ ਵਧੇਰੇ ਰੜਕਦਾ ਹੈ। ਕਵਿਤਾ ਤਾਂ ਪੈਦਾ ਹੀ ਇਸ ਟਕਰਾਅ ਵਿਚੋਂ ਹੁੰਦੀ ਹੈ। ਹੁਣ ਦੀ ਗੱਲ ਨਹੀਂ ਮੈਂ ਤਾਂ ਸਦਾ ਇਸ ਟਕਰਾਅ ਵਿਚੋਂ ਲੰਘਦਾ ਰਿਹਾ ਹਾਂ।
55-2. ਬੰਦੇ ਦੀ ਜਿੰਦਗੀ ਦਾ ਸੱਚ ਕੀ ਹੈ ਅਤੇ ਕਿਹੜੇ ਹਾਲਾਤ ਵਿਚ ਇਹ ਸੱਚ ਬਦਲ ਜਾਂਦਾ ਹੈ ਤੇ ਬਦਲਦਾ ਹੈ। ਅੱਜ ਤੋਂ 30 ਸਾਲ ਪਹਿਲਾਂ ਤੁਹਾਡੀ ਜਿੰਦਗੀ ਦਾ ਸੱਚ ਕੀ ਸੀ? ਤੇ ਅੱਜ ਕੀ ਹੈ? ਕੀ ਇਸ ਸੱਚ ਦੇ ਬਦਲਣ ਦਾ ਖਦਸ਼ਾ ਵੀ ਹੈ?
ਉੱਤਰ: :-ਬੰਦੇ ਦੀ ਜ਼ਿੰਦਗੀ ਦਾ ਕੁਦਰਤ ਵਲੋਂ ਨਿਰਧਾਰਤ ਸੱਚ ਤਾਂ ਕੇਵਲ ਜੀਣਾ ਹੀ ਹੈ,- ਕੁਦਰਤ ਦੇ ਵਿਧਾਨ ਅਨੁਸਾਰ ਜੰਮਣਾ, ਚੰਗਾ ਜੀਵਨ ਜੀਣਾ, ਬੱਚੇ ਪੈਦਾ ਕਰ ਕੇ ਕੁਦਰਤ ਦਾ ਕਰਜ਼ਾ ਲਾਹੁਣਾ, ਉਨ੍ਹਾਂ ਨੂੰ ਪਾਲਣਾ ਤੇ ਫੇਰ ਮਰ ਜਾਣਾ। ਪਰ ਬੰਦੇ ਦੀ ਕਲਪਨਾ ਸਦਾ ਚੰਗੇਰੇ ਤੇ ਸੁਹਣੇਰੇ ਜੀਵਨ ਦੇ ਸੁਪਨੇ ਸਾਜ਼ਦੀ ਰਹਿੰਦੀ ਹੈ। ਇਸ ਕਲਪਨਾ ਅਨੁਸਾਰ ਬੰਦਾ ਹਮੇਸ਼ਾ ਇਹੀ ਚਾਹੁੰਦਾ ਹੈ ਕਿ ਜਿਸਤਰ੍ਹਾਂ ਦਾ ਜੀਵਨ ਉਹ ਜੀਅ ਰਿਹਾ ਹੈ ਉਹਦੇ ਨਾਲੋਂ ਚੰਗੇਰਾ ਜੀਵਨ ਹੋਵੇ ਤੇ ਉਹਦੇ ਬੱਚੇ ਉਹਦੇ ਨਾਲੋਂ ਚੰਗੇਰਾ ਜੀਵਨ ਜੀਣ। ੩੦ ਸਾਲ ਪਹਿਲਾਂ ਵੀ ਮੇਰੇ ਜੀਵਨ ਦਾ ਸੱਚ, ਜੀਵਨ ਚੰਗੇਰਾ ਤੇ ਸੁਹਣੇਰਾ ਬਣਾਉਣ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਾ ਸੀ ਤੇ ਹੁਣ ਵੀ ਇਹੀ ਹੈ।
ਇਸ ਸੱਚ ਦੇ ਬਦਲਣ ਦਾ ਖਦਸ਼ਾ ਹੀ ਨਹੀਂ ਹੈ ਬਲਕਿ ਸੱਚ ਇਹ ਹੈ ਕਿ ਇਸ ਸੱਚ ਦੇ ਮਾਪਦੰਡ ਸਦਾ ਬਦਲਦੇ ਰਹਿੰਦੇ ਹਨ। ਮਨੁੱਖ ਦਾ ਸੁਪਨਾ ਹੁੰਦਾ ਹੈ ਕਿ ਇਹੋ ਜਿਹਾ ਜੀਵਨ ਹੋਣਾ ਚਾਹੀਦਾ ਹੈ। ਜਦ ਓੁਹੋ ਜਿਹਾ ਜੀਵਨ ਬਣ ਜਾਂਦਾ ਹੈ ਤਾਂ ਮਨੁੱਖ ਉਸ ਨਾਲੋਂ ਵੀ ਸੁਹਣੇਰੇ ਤੇ ਚੰਗੇਰੇ ਜੀਵਨ ਦੀ ਕਲਪਨਾ ਕਰਨ ਲੱਗ ਪੈਂਦਾ ਹੈ। ਪ੍ਰੀਵਰਤਨ ਹੀ ਤਾਂ ਕੁਦਰਤ ਦਾ ਨੇਮ ਹੈ ਤੇ ਪ੍ਰੀਵਰਤਨ ਦੀ ਪਹਿਲਾਂ ਕਲਪਨਾ ਹੀ ਕੀਤੀ ਜਾਂਦੀ ਹੈ।
55-3. ਕਿਹੜੇ ਹਾਲਾਤਾਂ ਚ ਬੰਦਾ ਆਪਣੇ ਆਪ ਤੋਂ ਹਲਕਾ ਪੈ ਜਾਂਦਾ ਹੈ?
ਉੱਤਰ:- ਜਦ ਬੰਦਾ ਉਹ ਕੁਝ ਕਰਨ ਲਈ ਮਜਬੂਰ ਹੋ ਜਾਂਦਾ ਹੈ ਜੋ ਕੁਝ ਕਰਨ ਲਈ ਉਹਦਾ ਮਨ ਨਾ ਮੰਨਦਾ ਹੋਵੇ ਤਾਂ ਉਹ ਆਪਣੇ ਅੰਤਸ਼ਕਰਣ ਸਹਮਣੇ ਹਲਕਾ ਮਹਿਸੂਸ ਕਰਨ ਲੱਗ ਪੈਂਦਾ ਹੈ।
55-4:-. ਕੀ ਕੋਈ ਭਿਆਨਿਕ ਸੁਪਨਾਂ ਵੀ ਯਾਦ ਹੈ?
ਉੱਰਰ:- ਸਾਡੇ ਅਚੇਤ ਮਨ ਵਿਚ ਅਨੇਕਾਂ ਅਧੂਰੀਆਂ ਰਹਿ ਗਈਆਂ ਖਾਹਸ਼ਾ, ਖਦਸ਼ਿਆਂ ਤੇ ਭਿਆਨਕ ਡਰਾਂ ਦੇ ਪਰਛਾਵੇ ਟਿਕੇ ਰਹਿ ਜਾਂਦੇ ਹਨ ਜਿਹੜੇ ਗਹਿਰੀ ਨੀਂਦ ਦੀ ਅਵਸਥਾ ਵਿਚ ਜਾਗ ਉਠਦੇ ਹਨ। ਇਨ੍ਹਾਂ ਨੂੰ ਅਸੀਂ ਸੁਪਨੇ ਕਹਿ ਦਿੰਦੇ ਹਾਂ। ਮੈਨੂੰ ਵੀ ਕਈ ਵੇਰ ਅਜਿਹੇ ਸੁਪਨਿਆਂ ਦਾ ਤਜਰਬਾ ਹੁੰਦਾ ਰਿਹਾ ਹੈ।
ਪ੍ਰਸ਼ਨ: 56- ਕਿਸੇ ਅਜਿਹੇ ਦੁਸ਼ਮਣ ਬਾਰੇ ਦੱਸੋ ਜਿਸ ਦੀ ਬਦੌਲਤ ਤੁਸੀਂ ਕਿਸੇ ਮੁਕਾਮ ਨੂੰ ਹਾਸਿਲ ਕੀਤਾ!
ਉੱਤਰ:- ਮੈਂ ਕਦੀ ਵੀ ਕਿਸੇ ਨੂੰ ਆਪ ਤਾਂ ਆਪਣਾ ਦੁਸ਼ਮਣ ਬਣਾਇਆ ਨਹੀਂ। ਪਰ ਜੀਵਨ ਤਾਂ ਕੀ ਕੁਦਰਤ ਦੀ ਕਾਰ ਵੀ ਵਿਰੋਧਤਾਈਆਂ ਨਾਲ ਹੀ ਚਲਦੀ ਹੈ। ਚਲਦੇ ਜੀਵਨ ਦੇ ਰਾਹ ਵਿਚ ਅੜਿਕੇ ਤੇ ਟਕਰਾਅ ਤਾਂ ਆਉਂਦੇ ਹੀ ਰਹਿੰਦੇ ਹਨ ਤੇ ਇਹ ਟਕਰਾਅ ਹੀ ਜੀਵਨ ਦੀ ਗੱਡੀ ਨੂੰ ਚਲਦੀ ਰੱਖਣ ਲਈ ਵੰਗਾਰ ਬਣਦੇ ਹਨ। ਮੈਂ ਜੋ ਕੁਝ ਵੀ ਪ੍ਰਾਪਤ ਕੀਤਾਂ ਹੈ ਇਨ੍ਹਾਂ ਅੜਿਕਿਆਂ ਦੀ ਵੰਗਾਰ ਨੂੰ ਕਬੂਲ ਕੇ ਉਨ੍ਹਾਂ ਨਾਲ ਟੱਕਰ ਲੈ ਕੇ ਹੀ ਕੀਤਾ ਹੈ।
ਪ੍ਰਸ਼ਨ 57- ਨਿਪੋਲੀਅਨ ਦੀ ਮਾਂ ਵਰਗੀਆਂ ਮਾਵਾਂ ਦੇ ਜੰਮਣ ਦੀ ਕਿੰਨੀ ਕੁ ਉਮੀਦ ਰੱਖਣੀ ਚਾਹੀਦੀ ਹੈ ਅੱਜ ਦੇ ਦੌਰ ਚ?
ਉੱਤਰ:- ਨਿਪੋਲੀਅਂਨ ਦੀ ਮਾਂ ਹੀ ਨਹੀਂ , ਅਜਿਹੀਆਂ ਮਾਵਾਂ ਦੀਆਂ ਮਿਸਾਲਾਂ ਦੁਨੀਆਂ ਦੇ ਇਤਿਹਾਸ ਵਿਚ ਵੀ ਤੇ ਭਾਰਤ ਦੇ ਇਤਿਹਾਸ ਵਿਚ ਵੀ ਅਨੇਕ ਮਿਲ ਜਾਂਦੀਆਂ ਹਨ। ਅੱਜ ਵੀ ਅਜਿਹੀਆਂ ਮਾਵਾਂ ਦੀਆਂ ਮਿਸਾਲਾਂ ਮਿਲ ਜਾਂਦੀਆਂ ਹਨ। ਅੱਜ ਦੇ ਯੁਗ ਵਿਚ ਜੇ ਨਿਪੋਲੀਅਨ ਦੀ ਮਾਂ ਵਰਗੀਆਂ ਮਾਵਾਂ ਘਟ ਹੀ ਮਿਲਦੀਆਂ ਹਨ ਤਾਂ ਨਿਪੋਲੀਅਨ ਵਰਗੇ ਪੁੱਤ ਵੀ ਤਾਂ ਘਟ ਹੀ ਪੈਦਾ ਹੁੰਦੇ ਹਨ।
ਪ੍ਰਸ਼ਨ:-58- ਮੈਂ ਕਿਧਰੇ ਪੜ੍ਹਿਆ ਸੀ ਕਿ ਮਨੁੱਖ ਦਾ ਮਰ ਮਰ ਕੇ ਵੀ ਕੁਝ ਬਾਕੀ ਰਹਿ ਜਾਂਦਾ ਹੈ! ਤੁਹਾਡਾ ਬਕਾਇਆ ਕੀ ਹੈ ਤੇ ਇਸ ਬਕਾਏ ਨੂੰ ਕਿਵੇਂ ਮੁਖਾਤਿਬ ਹੁੰਦੇ ਹੋ? ਕੰਜੂਸੀ ਨਾ ਕਰਿਓ! ਵਿਸਥਾਰ ਸਹਿਤ ਦੱਸੋ!
ਉੱਤਰ:- ਮਨੁਖ ਦਾ ਮਰ ਕੇ ਕੀ ਰਹਿ ਜਾਂਦਾ ਹੈ? ਕੁਝ ਵੀ ਨਹੀਂ। ਸਰੀਰ ਦੇ ਸਾਰੇ ਅਣੂ ਅਣੂਆਂ ਵਿਚ ਸਮਾ ਜਾਂਦੇ ਹਨ। ਵਾਸਤਵ ਵਿਚ ਜੀਉਂਦਾ ਬੰਦਾ ਮੌਤ ਤੋਂ ਡਰਦਾ ਮਰਨ ਤੋਂ ਪਿੋਛੋ ਵੀ ਜੀਂਦੇ ਰਹਿਣ ਦੀ ਕਲਪਨਾ ਕਰਦਾ ਰਹਿੰਦਾ ਹੈ। ਇਸ ਕਲਪਨਾ ਵਿਚੋਂ ਅਗਲੇ ਪਿਛਲੇ ਜਨਮਾਂ ਦੇ ਖਿਆਲ ਪੈਦਾ ਹੁੰਦੇ ਹਨ? ਮਰ ਕੇ ਵਾਸਤਵ ਵਿਚ ਜੋ ਕੁਝ ਬਾਕੀ ਰਹਿ ਜਾਂਦਾ ਹੈ ਉਹ ਤਾਂ ਬੰਦੇ ਦੇ ਚੰਗੇ ਕੰਮ ਹੀ ਹੁੰਦੇ ਹਨ। ਮਹਾਨ ਪੁਰਸ਼ ਲੋਕਾਂ ਲਈ ਜੀਉਂਦੇ ਹਨ ਤੇ ਲੋੜ ਪੈਣ ‘ਤੇ ਮਰ ਵੀ ਜਾਂਦੇ ਹਨ। ਜਿੰਨੇ ਕਿਸੇ ਮਹਾਨ ਪੁਰਸ਼ ਦੇ ਕੰਮ ਮਹਾਨ ਹੋਣਗੇ, ਉੰਨਾ ਹੀ ਵਧੇਰੇ ਲੰਮਾ ਸਮਾਂ ਉਹਦਾ ਨਾਉਂ ਰਹਿੰਦਾ ਹੈ। ਅਜਿਹੇ ਮਹਾਨ ਪੁਰਸ਼ਾਂ ਨੂੰ ਸ਼ਰਧਾਵਾਨ ਬੰਦੇ ਅਵਤਾਰ ਜਾਂ ਪੈਗੰਬਰ ਕਹਿ ਦਿੰਦੇ ਹਨ। ਪਰ ਉਨ੍ਹਾਂ ਲੋਕਾਂ ਦਾ ਨਾਉਂ ਵੀ ਸਦਾ ਜਿਉਂਦਾ ਰਹਿੰਦਾ ਹੈ ਜਿਹੜੇ ਕਿਸੇ ਨਾ ਕਿਸੇ ਖੇਤਰ ਅਥਵਾ ਸਾਇੰਸ, ਮੈਡੀਸਨ, ਦਰਸ਼ਨ ਜਾਂ ਰਾਜਨੀਤੀ ਆਦਿ ਵਿਚ ਵਡੀ ਗਿਣਤੀ ਲੋਕਾਂ ਲਈ ਮਹਾਨ ਕੰਮ ਕਰ ਜਾਂਦੇ ਹਨ। ਕਲਾ ਤੇ ਸਾਹਿਤ ਆਦਿ ਵਿਚ ਦਿਲਸਪੀ ਰੱਖਣ ਵਾਲੇ ਬੰਦਿਆਂ ਦੇ ਦਿਨ ਰਾਤ ਸਖਤ ਮਿਹਨਤ ਕਰਨ ਪਿੱਛੇ ਵੀ ਪ੍ਰਸਿਧੀ ਦੀ ਲਾਲਸਾ ਕੰਮ ਕਰਦੀ ਹੈ। ਮੇਰਾ ਬਕਾਇਆ ਤਾਂ ਉਹ ਕੰਮ ਹਂਨ ਜਿਹੜੇ ਮੈਂ ਕਰ ਨਹੀ ਸਕਿਆ। ਲਾਲਸਾ ਤਾਂ ਇੰਨੀ ਕੁ ਹੈ ਕਿ ਅਜਿਹਾ ਕੁਝ ਕਰ ਜਾਂਦਾ, ਜਿਸ ਨਾਲ ਮੇਰਾ ਨਾਉਂ ਵੀ ਬਹੁਤਾ ਚਿਰ ਨਾ ਸਹੀ ਥੋੜਾ ਚਿਰ ਹੀ ਰਹਿ ਜਾਂਦਾ।
ਉਂਝ ਬੱਚੇ ਪੈਦਾ ਕਰਨੇ ਤੇ ਉਨ੍ਹਾਂ ਦੇ ਪਰਵਾਰ ਵਧਦੇ ਫੁਲਦੇ ਦੇਖਣ ਪਿੱਛੇ ਵੀ ਤਾਂ ਇਹ ਹੀ ਲਾਲਸਾ ਹੁੰਦੀ ਹੈ ਕਿ ਮੌਤ ਤੋਂ ਪਿੱਛੋਂ ਕੋਈ ਨਾਉਂ ਲੈਣ ਵਾਲਾ ਰਹਿ ਜਾਵੇ।
ਪ੍ਰਸ਼ਨ 59- ਕਲਮੀ ਦੁਨੀਆਂ ਦੇ ਲੋਕਾਂ ਨੇ ਅੱਗ ਦੇ ਵੱਖ ਵੱਖ ਅਰਥ ਕੱਢੇ ਨੇ! ਤੁਸੀਂ ਇਸ ਸ਼ਾਬਦਿਕ ਜੋੜ ਨੂੰ ਕੀ ਅਰਥ ਦਿੱਤੇ? ਤੇ ਕਿਓੁਂ?
ਉੱਤਰ:- ਅੱਗ ਨੂੰ ਸੰਸਕ੍ਰਿਤ ਵਿਚ ਤੇਜ ਵੀ ਕਿਹਾ ਜਾਂਦਾ ਤੇ ਅਗਨੀ ਵੀ। ਗਰਮੀ, ਤਪਸ਼ ਤੇ ਨਿਘ ਵੀ ਅਗ ਦੇ ਹੀ ਰੂਪ ਹਨ। ਰਿਗ ਵੇਦ ਵਿਚ ਅਗਨੀ ਨੂੰ ਦੇਵਤਾ ਮੰਨਿਆ ਗਿਆ ਹੈ। ਅਗਨੀ ਉੱਥੇ ਪੁਲਿੰਗ ਹੈ ਇਸਤ੍ਰੀ ਲਿੰਗ ਨਹੀਂ। ਅਗਨੀ ਯਗ ਹੋਮ ਵਿਚ ਵਰਤੀ ਜਾਂਦੀ ਸਮਗਰੀ ਨੂੰ ਹੋਰ ਦੇਵਤਿਆਂ ਤੱਕ ਲੈਜਾਣ ਦਾ ਕੰਮ ਕਰਦਾ ਹੈ।
ਕਲਮੀ ਦੁਨਿਆ ਹੀ ਨਹੀਂ ਆਮ ਲੋਕ ਵੀ ਅੱਗ ਸ਼ਬਦ ਨੂੰ ਅਨੇਕ ਅਰਥਾਂ ਵਿਚ ਵਰਤਦੇ ਹਨ; ਰੋਟੀ ਤੇ ਕਾਮ ਦੀ ਤੀਬਰਤਾ ਲਈ ਵੀ ਇਹ ਸ਼ਬਦ ਵਰਤ ਲੈਂਦੇ ਹਨ। ਉਦਾਰਹਣ ਦੇ ਤੌਰ ਤੇ ਦੇਖੋ:-“ ਉਹਨੂੰ ਮੇਰੀ ਗੱਲ ਸੁਣ ਅੱਗ ਲੱਗ ਗਈ”। “ਉਹਨੂੰ ਤਾਂ ਖਾਣ ਦੀ ਸਦਾ ਅੱਗ ਲੱਗੀ ਰਹਿੰਦੀ ਹੈ”।
“ਬਹੁਤੇ ਲੋਕ ਆਪਣੀ ਅੱਗ ਬੁਝਾਉਣ ਲਈ ਔਰਤ ਨੂੰ ਵਰਤਦੇ ਹਨ ਤੇ ਫੇਰ ਬਾਤ ਵੀ ਨਹੀਂ ਪੁੱਛਦੇ” ਇਨ੍ਹਾਂ ਵਾਕਾਂ ਵਿਚ ਅੱਗ ਨੂੰ ਅਨੇਕ ਅਰਥਾਂ ਵਿਚ ਵਰਤਿਆ ਗਿਆ ਹੈ।
ਪ੍ਰਸ਼ਂਨ :-60- ਲੂਣ ਤੇਲ ਲੱਕੜੀਆਂ ‘ਚ ਸੁਚੇਤ ਲੋਗ ਵੀ ਖੱਪਤ ਹੁੰਦੇ ਰਹਿੰਦੇ ਨੇ? ਕੀ ਵਜ੍ਹਾ ਹੈ?
ਉੱਤਰ: -ਲੂਣ ਤੇਲ ਲਕੜੀਆਂ ਤਾਂ ਜੀਵਨ ਦੀਆਂ ਅਵੱਸ਼ਕ ਲੋੜਾਂ ਹਨ। ਪਰ ਜੇ ਕੋਈ ਇਨ੍ਹਾਂ ਲੋੜਾਂ ਨੂੰ ਹੀ ਜੀਵਨ ਦਾ ਮਕਸਦ ਬਣਾ ਲਵੇ ਤਾਂ ਉਹ ਇਨ੍ਹਾਂ ਇਨ੍ਹਾਂ ਦਾ ਗੁਲਾਮ ਬਣ ਕੇ ਰਹਿ ਜਾਂਦਾ ਹੈ। ਜਿਸ ਬੰਦੇ ਨੂੰ ਇਨ੍ਹਾਂ ਵਸਤਾਂ ਨਾਲ ਅਤਿ ਦਾ ਮੋਹ ਪੈ ਜਾਵੇ ਤਾਂ ਇਹ ਮੋਹ ਉਸ ਦੀ ਆਦਤ ਬਣ ਕੇ ਰਹਿ ਜਾਂਦਾ ਹੈ। ਆਦਤ ਤੋਂ ਛੁਟਕਾਰਾ ਪਾਉਣਾ ਅਤਿ ਔਖਾ ਹੁੰਦਾ ਹੈ। ਤਾਂ ਹੀ ਤਾਂ ਵਾਰਸ ਸ਼ਾਹ ਨੇ ਕਿਹਾ ਸੀ-
ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ
ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ
ਪ੍ਰਸ਼ਨ 61- ਆਮ ਬੰਦੇ ਦੀ ਉਮਰ ਇੱਕ ਸਦੀ ਦੇ ਵਿੱਚ ਹੀ ਜੰਮਦੀ, ਜੁਆਨ ਹੁੰਦੀ ਤੇ ਮੌਤ ਦੇ ਮੂੰਹ ਜਾ ਪੈਂਦੀ ਹੈ, ਇਸ ਸੱਚ ਦੇ ਬਾਵਜੂਦ ਵੀ ਬੰਦਾ ਬੰਦੇ ਨਾਲ ਅਤਿ ਦਰਜੇ ਦੀ ਕਮੀਨਗੀ ਕਿਉਂ ਕਰ ਜਾਂਦਾ ਹੈ?
ਉੱਤਰ:- ਇਹ ਸਭ ਕੁਝ ਅਸਾਵੇਂ ਸਮਾਜਿਕ ਤੇ ਆਰਥਕ ਮਾਹੌਲ ਦੇ ਕਾਰਨ ਹੁੰਦਾ ਹੈ। ਇਸ ਅਸਾਵੇਂ ਮਾਹੌਲ ਵਿਚ ਬੰਦਾ ਦੂਜਿਆਂ ਨਾਲ ਹੀ ਨਹੀਂ ਆਪਣਿਆਂ ਨਾਲ ਵੀ ਕਮੀਨਗੀ ਵਰਤਦਾ ਹੈ। ਜਦ ਚੰਗੇ ਭਲੇ ਧਰਮ ਦੀਆਂ ਗੱਲਾਂ ਕਰਨ ਵਾਲੇ ਆਪਣੀ ਹੀ ਅੰਸ ਨੂੰ ਗਰਭ ਵਿਚ ਮਾਰ ਮੁਕਾ ਦਿੰਦੇ ਹਨ ਤਾਂ ਅਜਿਹੇ ਅਸੁਖਾਵੇਂ ਮਾਹੌਲ ਨੂੰ ਬਦਲਣ ਤੋ ਬਿਨਾ ਕਿਵੇਂ ਸਰੇਗਾ?
ਪ੍ਰਸ਼ਨ 62 ੳ- ਏਸ਼ੀਅਨ ਸੁਸਾਇਟੀ ਪੱਤ ਅਧਾਰਤ(ਔਨਰਬੇਸਡ) ਸੁਸਾਇਟੀ ਹੈ। ਪੱਤ ਦਾ ਖਿਆਲ(ਕੌਨਸੈਪਟ) ਭਾਵੇਂ ਵਿਅਕਤੀਗਤ ਇੱਜਤ ਮਾਣ ਦੇ ਮਸਲੇ ਤੋਂ ਵਖਰਾ ਹੈ ਪਰ ਆਖਿਰਕਾਰ ਗਲ ਘਰ ਪਰਵਾਰ ਦੇ ਸ਼ਕਤੀਸ਼ਾਲੀ ਮੈਂਬਰ ਤੇ ਆ ਰੁਕਦੀ ਹੈ, ਜਿਸਦਾ ਹਰ ਫੈਸਲਾ ਪ੍ਰਵਾਨ ਚੜ੍ਹਨਾਂ ਹੁੰਦਾ ਹੈ ਤੇ ਇਸ ਵਰਤਾਰੇ ਦੀ ਬਹਾਲੀ ਹੀ ਸਮਝੀ ਜਾਂਦੀ ਪੱਤ ਦੀ ਭਾਵਨਾ ਜਾਂ ਭਰਮ ਨੂੰ ਬਰਕਰਾਰ ਰੱਖਦੀ ਹੈ। ਇਸ ਵਰਤਾਰੇ ਦੇ ਬਦਲਨ ਦੀ ਕਿੰਨੀ ਕੁ ਸੰਭਾਵਨਾਂ ਹੈ?
ਉੱਤਰ:- ਇਸ ਵਰਤਾਰੇ ਦੀਆਂ ਜੜ੍ਹਾਂ ਸਾਮੰਤੀ ਸਮਾਜ ਜਾਂ ਕਿਸੇ ਹੱਦ ਤੱਕ ਕਬੀਲਾ ਸਮਾਜ ਦੀਆਂ ਕਦਰਾਂ ਕੀਮਤਾਂ ਵਿਚ ਲੁਕੀਆਂ ਹੋਈਆਂ ਹੁੰਦੀਆਂ ਹੈ। ਜਦ ਇੰਗਲੈਂਡ ਵਿਚ ਵੀ ਸਾਮੰਤੀ ਸਮਾਜ ਸੀ ਤਾਂ ਇੱਥੇ ਵੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਸਨ। ਜਦੋਂ ਤੱਕ ਇਨ੍ਹਾਂ ਸਾਮੰਤੀ ਤੇ ਕਬੀਲਦਾਰੀ ਸਮਾਜ ਦੀਆਂ ਕਦਰਾਂ ਕੀਮਤਾਂ ਦੀ ਰਹਿੰਦ ਖੂੰਹਦ ਨੂੰ ਜੜ੍ਹਾਂ ਤੋਂ ਉਖਾੜ ਕੇ ਸਦਾ ਲਈ ਦਫਨਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਇਹ ਕਦਰਾਂ ਕੀਮਤਾਂ ਸਿਰ ਚੁੱਕਦੀਆਂ ਰਹਿਣਗੀਆਂ। ਸਨਅਤੀ ਉਨਤੀ ਨਾਲ ਉਸਰੇ ਪੂੰਜੀਵਾਦੀ ਸਭਿਆਚਾਰ ਵਿਚ ਬਹੁਤ ਹੱਦ ਤੱਕ ਅਜਿਹੇ ਵਰਤਾਰਿਆਂ ਦੀ ਸੰਭਾਵਨਾ ਘਟ ਰਹਿ ਜਾਂਦੀ ਹੈ। ਪਰ ਅਜਿਹੇ ਪੱਤ ਅਧਾਰਤ ਸਦਾਚਾਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ ਹਨ। ਵਿਅਕਤੀ ਅਧਾਰਤ ਸਭਿਆਚਾਰ ਦੇ ਫੈਲਣ ਦਾ ਪ੍ਰਭਾਵ ਤਾਂ ਪੈਂਦਾ ਹੈ, ਪਰ ਇਹ ਵਰਤਾਰਾ ਮੁਕੰਮਲ ਤੌਰ ਤੇ ਖਤਮ ਕਰਨ ਲਈ ਇਸਤ੍ਰੀ ਦੀ ਆਦਮੀ ਦੇ ਨਾਲ ਮੁਕੰਮਲ ਬਰਾਬਰੀ ਹੋਣੀ ਬਹੁਤ ਜ਼ਰੂਰੀ ਹੈ। ਮੁਕੱਮਲ ਬਰਾਬਰੀ ਲਈ ਹਾਲੀਂ ਦਹਾਕਿਆਂ ਵੱਧੀ ਸਖਤ ਸੰਘਰਸ਼ ਕਰਨ ਦੀ ਲੋੜ ਹੈ। ਸਿਖਰ ਦੀ ਵਿਗਿਆਨਕ ਉਨਤੀ ਨਾਲ ਪ੍ਰਬੁੱਧਤਾ ਦਾ ਪੂਰੀ ਤਰ੍ਹਾਂ ਬੋਲਬਾਲਾ ਹੋਣ ਨਾਲ ਸਾਰੇ ਬੋਦੇ ਹੋ ਚੁੱਕੇ ਖਿਆਲ ਵੀ ਬੇ ਅਸਰ ਹੋ ਜਾਣਗੇ। ਮੌਜੂਦਾ ਸਮੇਂ ਵਿਚ ਪਹਿਲਾਂ ਨਾਲੋਂ ਕਿਤੇ ਵਧੇਰੇ ਤੇਜ਼ੀ ਨਾਲ ਪ੍ਰਬੁੱਧਤਾ ਦ ਚਾਨਣ ਫੈਲ ਰਿਹਾ ਹੈ। ਇਸ ਚਾਨਣ ਦੀਆਂ ਤੇਜ਼ ਕਿਰਨਾਂ ਅੱਗੇ ਪੁਰਾਣੇ ਤੇ ਬੋਦੇ ਖਿਆਲ ਟਿਕ ਨਹੀਂ ਸਕਣਗੇ।
ਪ੍ਰਸ਼ਨ: 62 ਅ.-ਪੱਤ ਅਧਾਰਤ ਮਸਲੇ ਹਮੇਸ਼ਾਂ ਔਰਤ ਜਾਂ ਜਾਇਦਾਦ ਨਾਲ ਹੀ ਜੁੜਦੇ ਆਏ ਨੇ । ਕਬਜ਼ਾ ਤੇ ਕੰਟਰੋਲ ਦੀ ਮਨਸ਼ਾ ਨਾਲ ਤਸ਼ੱਦਦ ਵੀ ਇਨਾਂ ਦੋਵਾਂ ਪਹਿਲੂਆਂ ਦੇ ਮਾਲਕਾਂ ਦੁਆਰਾ ਹੀ ਹੁੰਦਾ ਹੈ, ਅਜਿਹਾ ਕਿਓੁਂ? ਖਾਸ ਕਰ ਕੇ ਜਦੋਂ ਘਰ ਦੀ ਗੱਲ ਘਰ ਚ ਰੱਖਣ ਵਰਗਾ ਨਿਆਇਕ ਸਦਾਚਾਰ ਵਰਤੋਂ ਵਿੱਚ ਆਉਂਦਾ ਤੇ ਏਸ ਸਦਾਚਰ ਦੇ ਮਸਲੇ ਨੂੰ ਅਨਸਦਾਚਾਰਕ ਢੰਗ ਤਰੀਕਆਂ ਦੁਆਰਾ ਸਿਰੇ ਚਾੜ੍ਹਿਆ ਜਾਂਦਾ. ਅਜਿਹੇ ਮਸਲਿਆਂ ਨੂੰ ਕੌਣ ਹੱਥ ਪਾਵੇਗਾ?
ਉੱਤਰ- ਸਾਮੰਤੀ ਸਮਾਜ ਵਿਚ ਇਸਤ੍ਰੀ ਨੂੰ ਵੀ ਨਿੱਜੀ ਜਾਇਦਾਦ ਸਮਝਿਆ ਜਾਂਦਾ ਹੈ। ਨਿੱਜੀ ਜਾਇਦਾਦ ਹੀ ਅਜਿਹੇ ਪ੍ਰਬੰਧ ਵਿਚ ਆਦਮੀ ਦਾ ਸਮਾਜ ਵਿਚ ਦਰਜਾ ਨਿਸਚਤ ਕਰਦੀ ਹੈ। ਆਦਮੀ ਦੇ ਵਡਾ ਜਾਂ ਛੋਟਾ , ਉੱਚਾ ਜਾਂ ਨੀਵਾਂ ਹੋਣ ਦਾ ਮਾਪਦੰਡ ਉਹਦੀ ਨਿੱਜੀ ਜਾਇਦਾਦ ਹੀ ਹੁੰਦੀ ਹੈ। ਸਾਮੰਤ ਦੇ ਕੋਲ ਜਿੰਨੀ ਬਹੁਤ ਜ਼ਮੀਨ, ਜਿੰਨੀ ਬਹੁਤੀ ਦੌਲਤ, ਜਿੰਨੀਆਂ ਬਹੁਤੀਆਂ ਪਤਨੀਆਂ ਜਾਂ ਰਖੇਲਾਂ ਤੇ ਜਿੰਨੇ ਬਹੁਤੇ ਨੌਕਰ ਚਾਕਰ ਹੋਣ, ਉੰਨਾ ਹੀ ਉਹ ਵਧੇਰੇ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਪੁਰਾਣੇ ਸਮਿਆਂ ‘ਚ ਕਿਹਾ ਜਾਂਦਾ ਸੀ ਕਿ ਜ਼ਰ, ਜੋਰੂ ਤੇ ਜ਼ਮੀਨ ਤਿੰਨੇ ਹੀ ਸਾਰੇ ਝਗਗੜਿਆਂ ਦੀ ਜੜ੍ਹ ਹਨ ਤੇ ਜੰਗਾ ਯੁਧਾਂ ਦਾ ਕਾਰਨ ਹਨ। ਰਾਮਾਇਣ ਤੇ ਮਹਾਂਭਾਰਤ ਦੀਆਂ ਕਹਾਣੀਆਂ ਪੜ੍ਹਨ ਨਾਲ ਵੀ ਇਹ ਹੀ ਪਤਾ ਲਗਦਾ ਹੈ।
ਸਦਾਚਾਰਕ ਮਾਪਦੰਡ ਵੀ ਸਦਾ ਪ੍ਰਚਲਤ ਆਰਥਕ ਤੇ ਸਮਾਜਕ ਪ੍ਰਬੰਧ ਅਨੁਸਾਰ ਹੀ ਹੁੰਦੇ ਹਨ ਤੇ ਉਸ ਪ੍ਰਬੰਧ ਦੇ ਕਰਤੇ ਧਰਤਿਆਂ ਦਾ ਹੀ ਪੱਖ ਪੂਰਦੇ ਹਨ। ਸਦਾਚਾਰ ਵੀ ਸਦਾ ਸ਼ਕਤੀਸ਼ਾਲੀ ਬੰਦਿਆਂ ਦੇ ਹੱਕ ਵਿਚ ਭੁਗਤਦਾ ਹੈ। ਜਦੋਂ ਉਨ੍ਹਾਂ ਦੇ ਨਿੱਜੀ ਹਿੱਤਾਂ ਨੂੰ ਖਤਰਾ ਦਿਸੇ ਤਾਂ ਉਹ ਅਸਦਾਚਾਰ (ਇਮਮੌਰਲੈਟੀ) ਨੂੰ ਵਰਤਣ ਵਿਚ ਵੀ ਝਿਕਕ ਨਹੀਂ ਦਿਖਾਉਂਦੇ। ਮੁੱਖ ਕੰਮ ਸ਼ਕਤੀਸ਼ਾਲੀ ਬੰਦਿਆਂ ਦੇ ਨਿੱਜੀ ਹਿੱਤਾਂ ਦੀ ਰਖਿਆ ਦਾ ਹੁੰਦਾ ਹੈ, ਸਦਾਚਾਰ ਤਾਂ ਉਨ੍ਹਾਂ ਲਈ ਨਿੱਜੀ ਲਾਭ ਦੀ ਰਾਖੀ ਲਈ ਇੱਕ ਹਥਿਆਰ ਮਾਤਰ ਹੁੰਦਾ। ਜਦ ਇਹ ਉਨ੍ਹਾਂ ਦੇ ਕੰਮ ਨਾ ਆਉਂਦਾ ਦਿਸੇ ਤਾਂ ਉਹ ਅਸਦਾਚਾਰ ਨੂੰ ਆਪਣਾ ਸਦਾਚਾਰ ਬਣਾ ਲੈਂਦੇ ਹਨ।
ਪ੍ਰਸ਼ਨ 63:-ਕੀ ਅਜਿਹਾ ਵੀ ਕਦੇ ਹੋਇਆ ਹੈ ਕਿ ਤੁਹਾਡਾ ਪੰਜਾਬ ਗਿਆਂ ਦਾ ਵਾਪਿਸ ਇੰਗਲੈਂਡ ਆਣ ਨੂੰ ਦਿਲ ਨਹੀਂ ਕੀਤਾ ਜਾਂ ਫਿਰ ਹਮੇਸ਼ਾਂ ਇੰਗਲੈਂਡ ਵਾਪਸ ਪਰਤਣ ਦੀ ਕਾਹਲ ਰਹੀ।
ਉੱਤਰ:-ਮੈਂ ਜਦ ਵੀ ਪੰਜਾਬ ਜਾਂਦਾ ਸਾਂ, ਬਚਪਨ ਦੇ ਦਿਨਾਂ ਦੇ ਪੰਜਾਬ ਦੇ ਸੁਪਨੇ ਅੱਖਾਂ ਵਿਚ ਸਮੋਈ ਜਾਂਦਾ ਸਾਂ, ਪਰ ਛੇਤੀ ਹੀ ਪਤਾ ਲੱਗ ਗਿਆ ਕਿ ਉੱਥੇ ਵੀ ਹੁਣ ਉਹ ਕੁਝ ਨਹੀਂ ਰਿਹਾ ਸੀ। ਫੇਰ ਵੀ ਚੋਖਾ ਸਮਾਂ ਉੱਥੇ ਹੀ ਟਿਕੇ ਰਹਿਣ ਦੀ ਲਾਲਸਾ ਜਾਂਦੀ ਨਹੀਂ ਸੀ। ਇਸੇ ਲਾਲਸਾ ਅਧੀਨ ਫਗਵਾੜੇ ਵਿਚ ਘਰ ਵੀ ਲਿਆ ਸੀ। ਜਦੋਂ ਦਾ ਰਿਟਾਇਰ ਹੋਇਆਂ ਹਾਂ ਹਰ ਸਾਲ ਜਾਂਦਾ ਰਿਹਾ ਸਾਂ ਤੇ ਦੋ ਢਾਈ ਮਹੀਨੇ ਉੱਥੇ ਰਹਿ ਵੀ ਆਉਂਦਾ ਸਾਂ। ਪਰ ਆਖਰ ਨੂੰ ਮੁੜ ਆਉਣ ਲਈ ਜੀਅ ਉਤਾਵਲਾ ਹੋ ਹੀ ਜਾਂਦਾ ਸੀ, ਕਿਉਂਕਿ ਆਪਣੇ ਪੁੱਤਰ, ਧੀਆਂ, ਪੋਤੇ ਦੋਹਤੇ ਤਾਂ ਸਾਰੇ ਇੱਥੇ ਹਨ। ਉਨ੍ਹਾਂ ਤੋਂ ਵੀ ਤਾਂ ਬਹੁਤਾ ਸਮਾਂ ਦੂਰ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ। ਹੁਣ ਤਾਂ ਸਿਹਤ ਹੀ ਅਜਿਹੀ ਹੋ ਗਈ ਹੈ ਕਿ ਇਕੱਲੇ ਲਈ ਜਾਣਾ ਅਸੰਭਵ ਬਣ ਗਿਆ ਹੈ। ਕੁਝ ਅਜਿਹੀ ਹਾਲਤ ਬਣ ਗਈ ਹੈ:-
ਨਾ ਖੁਦਾ ਹੀ ਮਿਲਾ ਨਾ ਵਿਸਾਲਿ ਸਨਮ
ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ
ਪ੍ਰਸ਼ਨ-64:-ਬੇਬਸੀ ਤੇ ਤੇਰਾ ਭਾਣਾਂ ਮੀਠਾ ਲਾਗੇ ਦੇ ਮਹਾਂ ਵਾਕ ਨੂੰ ਤੁਸੀਂ ਨਿੱਜੀ ਜਿੰਦਗੀ ਦੇ ਸਾਹਵੇਂ ਰੱਖ ਦੱਸੋ ਕਿ ਆਮ ਬੰਦਾ ਇਨਾਂ ਦੋਹਾਂ ਪੱਖਾਂ ਨਾਲ ਕਿਵੇਂ ਨਿਭੱਦਾ ਹੈ?
ਉੱਤਰ:-ਮਹਾਨ ਕੋਸ਼ ਅਨੁਸਾਰ ਪੰਜਾਬੀ ਸ਼ਬਦ ਭਾਣਾ ਦੇ ਅਰਥ ਭਾਉਣਾ, ਚੰਗਾ ਲਗਣਾ ਤੇ ਹੁਕਮ ਹਨ। ਸੰਸਕ੍ਰਿਤ ਦੇ ਸ਼ਬਦ ਭਵ ਦਾ ਅਰਥ ਹੋਣਾ ਜਾਂ ਜੰਮਣਾ ਹੈ। ਭਵ ਤੋਂ ਹੀ ਸ਼ਬਦ ਭਾਵੀ ਅਰਥਾਤ ਹੋਣੀ ਬਣਿਆ ਹੈ। ਭਾਣਾ, ਹੋਣੀ, ਹੁਕਮ ਤੇ ਰਜ਼ਾ ਸਮਾਨਅਰਥੀ ਸ਼ਬਦ ਹਨ। ਇਹ ਸ਼ਬਦ ਕਰਨਹਾਰ ਦੀ ਮਰਜ਼ੀ ਲਈ ਵਰਤੇ ਜਾਂਦੇ ਹਨ। ਕਰਨਹਾਰ ਕੋਈ ਨਹੀਂ ਹੁੰਦਾ ਸਵਾਇ ਕੁਦਰਤ ਦੇ ਅਟੱਲ ਤੇ ਸਦੀਵੀ ਨੇਮਾਂ ਦੇ। ਇਨ੍ਹਾਂ ਨੇਮਾਂ ਨੂੰ ਹੀ ਭਾਣਾ, ਹੋਣੀ, ਹੁਕਮ ਜਾਂ ਰਜ਼ਾ ਕਹਿ ਲਿਆ ਜਾਂਦਾ ਹੈ।
ਮੈਂ ਨਿੱਜੀ ਜੀਵਨ ਵਿਚ ਜਦ ਵੀ ਔਕੜਾਂ ਵਿਚੋਂ ਲੰਘਦਾ ਸਾਂ ਤਾਂ ਕੁਝ ਚਿਰ ਲਈ ਦੁਖੀ ਤਾਂ ਹੁੰਦਾ ਸਾਂ ਪਰ ਅੰਤ ਵਿਚ ਸਮਝ ਲੈਂਦਾ ਸਾਂ ਕਿ ਇਹ ਔਕੜਾਂ ਕੁਦਰਤ ਦੇ ਅਟੱਲ ਨੇਮਾਂ ਹੇਠ ਹੀ ਪੈਦਾ ਹੋਈਆਂ ਹਨ ਤੇ ਤੇ ਇਨ੍ਹਾਂ ਨੇਮਾਂ ਹੇਠ ਹੀ ਦੂਰ ਹੋ ਜਾਣਗੀਆਂ। ਹਰ ਹੋਣੀ ਦਾ ਕੋਈ ਕਾਰਨ ਅਵੱਸ਼ ਹੁੰਦਾ ਹੈ ਤੇ ਹਰ ਕਾਰਨ ਵਿਚੋਂ ਹੀ ਕਾਰਜ ਪੈਦਾ ਹੁੰਦਾ ਹੈ। ਇੰਜ ਹੀ ਕੁਦਰਤ ਦੀ ਕਾਰ ਚਲਦੀ ਰਹਿੰਦੀ ਤੇ ਜੀਵਨ ਵਿਕਾਸ਼ ਦੇ ਪੈਂਡੇ ਪਿਆ ਰਹਿੰਦਾ ਹੈ।
ਜਿਸ ਬੰਦੇ ਨੂੰ ਕਾਰਜ ਤੇ ਕਾਰਨ ਦੀ ਏਕਤਾ ਦਾ ਪਤਾ ਹੁੰਦਾ ਹੈ, ਉਹ ਔਖਿਆਈਆਂ ਸਾਹਮਣੇ ਹੱਥਿਆਰ ਸੁਟ ਕੇ ਬੈਠਾ ਝੂਰਦਾ ਨਹੀਂ, ਸਗੋਂ ਨਵੇਂ ਦਿਸਹਦਿਆਂ ਦੀ ਤਾਲਾਸ਼ ਵਿਚ ਲੱਗਾ ਰਹਿੰਦਾ ਹੈ। ‘ਤੇਰਾ ਭਾਣਾ ਮੀਠਾ ਲਾਗੇ’ ਵਾਲੀ ਗੱਲ ਕੁਝ ਚਿਰ ਲਈ ਡੋਲਦੇ ਆਮ ਬੰਦੇ ਦੇ ਮਨ ਨੂੰ ਢਾਰਸ ਤਾਂ ਦੇ ਸਕਦੀ ਹੈ ਪਰ ਔਕੜਾਂ ਤੋਂ ਛੁਟਕਾਰਾ ਤਾਂ ਕੁਦਰਤ ਦੇ ਅਟੱਲ ਨੇਮਾਂ ਨੂੰ ਸਮਝ ਕੇ ਉਨ੍ਹਾਂ ਅਨੁਸਾਰ ਚੱਲਣ ਨਾਲ ਹੀ ਮਿਲ ਸਕਦਾ ਹੈ। ਡਾਕਟਰ ਇਕ਼ਬਾਲ ਨੇ ਕਿਹਾ ਸੀ:-
ਅਮਲ ਸੇ ਜ਼ਿੰਦਗੀ ਬਨਤੀ ਹੈ ਜੰਨਤ ਵੀ ਔਰ ਜਹੱਨਮ ਵੀ
ਯਹ ਖ਼ਾਕੀ ਅਪਨੀ ਫ਼ਿਤਰਤ ਮੇਂ ਨਾ ਨੂਰੀ ਹੈ ਨਾ ਨਾਰੀ ਹੈ
ਪ੍ਰਸ਼ਨ 65:-ਕਿਸੇ ਤਰ੍ਹਾਂ ਦੀ ਵੀ ਕੋਸ਼ਿਸ਼ ਨੂੰ ਕਾਰਜਸ਼ੀਲ ਰੂਪ ਦੇਣ ਲਈ ਘੱਟ ਤੋਂ ਘੱਟ ਮਿੱਟੀ ਪਾਣੀ ਤੇ ਰਗਾਂ ‘ਚ ਚਲਦੇ ਖੂਨ ਦਾ ਹੋਣਾਂ ਤਾਂ ਜ਼ਰੂਰੀ ਹੈ। ਕਾਰਜ ਤੇ ਕਾਰਣ ਦੀ ਏਕਤਾ ਨੂੰ ਸਮਝਦੇ ਹੋਏ ਤੁਸੀਂ ਜਿੰਦਗੀ ‘ਚ ਕਿਹੜੇ ਕਠਿਨ ਇਰਾਦਿਆਂ ਨੂੰ ਸਰ-ਅੰਜ਼ਾਮ ਦਿੱਤਾ? ਅਜਿਹੇ ਲਹਿਜ਼ੇ ਚ ਦੱਸੋ ਜਿਸਤੋਂ ਝੁੱਗੀ ਝੌਂਪੜੀ ਜਾਂ ਬੇਘਰ ਮਰਦ ਔਰਤਾਂ ਵੀ ਸੇਧ ਲੈ ਸਕਣ?
ਉੱਤਰ:- ਇਹ ਸੱਚ ਹੈ ਕਿ ਹਰ ਤਰ੍ਹਾਂ ਦੇ ਖਿਆਲਾਂ ਨੂੰ ਅਮਲ ਦਾ ਜਾਮਾ ਪਹਿਨਾਉਣ ਲਈ ਨਿੱਤ ਦੀਆ ਬੁਨਿਆਦੀ ਲੋੜਾਂ ਦਾ ਪੂਰੀਆਂ ਹੋਣਾ ਤੇ ਸਰੀਰ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ। ਪਰ ਅਮਲ ਲਈ ਬੰਦੇ ਵਿਚ ਉਤਸਾਹ ਤੇ ਰੁੱਚੀ ਦਾ ਹੋਣਾ ਵੀ ਉੰਨਾ ਹੀ ਜ਼ਰੂਰੀ ਹੁੰਦਾ ਹੈ। ਕਈ ਬੰਦੇ ਖਿਆਲਾਂ ਵਿਚ ਤਾਂ ਮਹਾਨ ਹੁੰਦੇ ਹਨ ਪਰ ਅਮਲ ਵਿਚ ਸਾਧਾਰਨ ਤੇ ਸੁਸਤ ਹੁੰਦੇ ਹਨ। ਇਸਤੋਂ ਉਲਟ ਕਈ ਬੰਦੇ ਅਮਲ ਵਿਚ ਤਾਂ ਬਹੁਤ ਮਹਾਨ ਤੇ ਚੁਸਤ ਹੁੰਦੇ ਹਨ ਪਰ ਸੂਝ ਵਿਚ ਬਹੁਤ ਹੀ ਸਾਧਾਰਨ ਤੇ ਸੁਸਤ ਹੁੰਦੇ ਹਨ। ਮੈਂ ਵੀ ਤਾਂ ਹੱਡ ਮਾਸ ਦਾ ਬਣਿਆ ਹੋਇਆ ਸਧਾਰਨ ਬੰਦਾ ਹਾਂ। ਸੋਚ ਤੇ ਅਮਲ ਨੂੰ ਹਾਣੀ ਬਣਾ ਸਕਿਆ ਹੋਵਾਂ, ਇਹਦੇ ਬਾਰੇ ਕੁਝ ਵੀ ਕਹਿਣਾ ਛੋਟਾ ਮੂੰਹ ਬੜੀ ਬਾਤ ਵਾਲੀ ਗੱਲ ਹੋਵੇਗੀ। ਸ੍ਰਿਸ਼ਟੀ ਦੀ ਰਚਨਾ ਤੇ ਇਸ ਅੰਦਰ ਹੋ ਰਹੇ ਕਾਰਜਾਂ ਦੇ ਕਾਰਣਾਂ ਬਾਰੇ ਤੇ ਕਾਰਣਾਂ ਵਿਚੋਂ ਪੈਦਾ ਹੁੰਦੇ ਕਾਰਜਾਂ ਬਾਰੇ ਆਪਣੀ ਸਮ੍ਰੱਥਾ ਅਨੁਸਾਰ ਪ੍ਰਬੁੱਧਤਾ ਫੇਲਾਉਣ ਦਾ ਸਦਾ ਯਤਨ ਕਰਦਾ ਰਿਹਾ ਹਾਂ। ਅਨ੍ਹੇਰੇ ਵਿਚ ਸੂਰਜ ਲਿਆਉਣਾ ਤਾਂ ਮੇਰੇ ਬੱਸ ਦੀ ਗੱਲ ਨਹੀਂ ਸੀ ਪਰ ਨਿਕੇ ਨਿਕੇ ਦੀਪ ਇਸ ਆਸ ਨਾਲ ਜਗਾਉਣ ਦੇ ਯਤਨ ਕਰਦਾ ਰਿਹਾ ਹਾਂ ਕਿ ਦੀਪਾਂ ਤੋਂ ਦੀਪ ਜਗਦੇ ਜਾਣਗੇ ਤੇ ਇੰਝ ਇੱਕ ਦਿਨ ਕਾਲੀ ਬੋਲੀ ਰਾਤ ਦਾ ਸੀਨਾ ਪਾੜ ਕੇ ਪ੍ਰਬੁੱਧਤਾ ਦਾ ਸੁਨਹਿਰੀ ਸੂਰਜ ਚੜ੍ਹ ਆਵੇਗਾ।
ਝੁੱਗੀ ਝੌਂਪੜੀ ਵਾਲੇ ਜਾਂ ਬੇਘਰ ਤੇ ਅਤਿ ਦੀ ਗ਼ਰੀਬੀ ਵਿਚ ਦਿਨ ਕਟੀ ਕਰਨ ਲਈ ਮਜਬੂਰ ਬੰਦਿਆਂ ਲਈ ਤਾਂ ਰੋਟੀ ਦੀ ਪ੍ਰਾਪਤੀ ਹੀ ਅਤਿ ਕਠਨ ਸਮਸਿਆ ਹੁੰਦੀ ਹੈ। ਉਨ੍ਹਾਂ ਕੋਲ ਆਪਣੀ ਅਤਿ ਭੈੜੀ ਦਸ਼ਾ ਦੇ ਕਾਰਨਾਂ ਨੂੰ ਸਮਝਣ ਲਈ ਨਾ ਸਮਾਂ ਹੁੰਦਾ ਹੈ ਸੂਝ। ਉਹ ਤਾਂ ਵਹਿਮਾਂ ਭਰਮਾਂ, ਜਾਦੂ ਟੂਣਿਆਂ ਤੇ ਚੇਲੇ ਚਾਟੜਿਆਂ ਦੇ ਤੰਦੂਏ ਦੀਆਂ ਤਾਰਾਂ ਵਿਚ ਉਲਝੇ ਹੀ ਜੰਮਦੇ, ਜੀਉਂਦੇ ਤੇ ਖਤਮ ਹੋ ਜਾਂਦੇ ਹਨ। ਉਨ੍ਹਾਂ ਨੂੰ ਇਸ ਮਹਾਂ ਨਰਕ ਤੋਂ ਛੁਟਕਾਰਾ ਦੁਆਉਣ ਲਈ ਪਹਿਲਾਂ ਵਹਿਮਾਂ ਭਰਮਾਂ, ਨਰਕਾਂ ਸੁਰਗਾਂ ਦੇ ਮਹਾਜਾਲ ਨੂੰ ਲੀਰੋ ਲੀਰ ਕਰਨਾ ਤੇ ਪ੍ਰਬੁਧਤਾ ਦੇ ਚਾਨਣ ਨਾਲ ਉਨ੍ਹਾਂ ਦੇ ਸੋਚ ਨੂੰ ਪ੍ਰਜਵਲਤ ਕਰਨਾ ਅਵੱਸ਼ਕ ਹੈ। ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਜਿਹੇ ਮਹਾਜਾਲ ਨੂੰ ਕਾਇਮ ਰੱਖਣ ਵਾਲੇ ਪ੍ਰਬੰਧ ਨੂੰ ਜੜ੍ਹਾਂ ਤੋਂ ਪੁਟ ਕੇ ਉਸਦੀ ਥਾਂ ਉਨ੍ਹਾਂ ਲੋਕਾਂ ਦਾ ਹਿਤੂ ਪ੍ਰਬੰਧ ਉਸਾਰਿਆ ਜਾਵੇ।
ਪ੍ਰਸ਼ਨ 66:-ਕੀ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਆਮ ਲੋਗ ਵਹਿਮ ਤੇ ਤਰਕ ਦਾ ਫਾਸਲਾ ਸਮਝਣ ਲੱਗ ਜਾਣਗੇ।
ਕੀ ਕਦੇ ਵਹਿਮਾਂ ਭਰਮਾਂ ਤੋਂ ਰਹਿਤ ਸਮਾਜ ਜਾਂ ਸਭਿਅਤਾ ਇਸ ਧਰਤੀ ਤੇ ਜੀਵੀ ਹੋਵੇਗੀ?
ਤੁਹਾਡੇ ਮੁਤਾਬਿਕ ਕਿੰਨੇ ਕੁ ਲੇਖਕ ਜਾਂ ਸਾਹਿਤਕ ਮੱਸ ਰੱਖਣ ਵਾਲੇ ਲੋਗ ਵਹਿਮਾਂ ਭਰਮਾਂ ਤੋਂ ਮੁਕਤ ਹਨ? ਤੁਹਾਡੇ ਆਪਣੇ ਪ੍ਰਵਾਰ ਦਾ ਕੀ ਨਜ਼ਰੀਆ ਹੈ ਇਸ ਵਿਸ਼ੇ ਦੇ ਸੰਬੰਧ ਚ’?
ਉੱਤਰ:- ਮੈਨੂੰ ਲਗਦਾ ਹੀ ਨਹੀਂ ਬਲਕਿ ਇਹ ਅਟੱਲ ਸੱਚ ਹੈ ਕਿ ਭਵਿਖਤ ਵਿਚ ਜਦ ਹਰ ਪਾਸੇ ਤੇ ਹਰ ਇਕ ਲਈ ਵਿੱਦਿਆ ਦੇ ਨਾਲ ਨਾਲ ਵਿਗਿਆਨਕ ਸੂਝ ਦੀ ਪ੍ਰਾਪਤੀ ਲਾਜ਼ਮੀ ਹੋ ਜਾਵੇਗੀ ਤਾਂ ਪ੍ਰਬੁੱਧਤਾ ਦੇ ਫੈਲਣ ਨਾਲ ਤਰਕਸ਼ੀਲਤਾ ਵੀ ਵਧੇਗੀ ਤੇ ਵਹਿਮ ਭਰਮ ਵੀ ਮਿਟਣਗੇ।
ਵਹਿਮਾਂ ਭਰਮਾਂ ਤੋਂ ਰਹਿਤ ਸਮਾਜ ਜਾਂ ਸਭਿਅਤਾ ਇਸ ਧਰਤੀ ਤੇ ਕਦੀ ਪਹਿਲਾਂ ਹੋਈ ਹੋਵੇਗੀ ਜਾਂ ਨਹੀਂ? ਇਸ ਦਾ ਉੱਤਰ ਲੱਭਣ ਲਈ ਇਹ ਦੇਖਣਾ ਪਵੇਗਾ ਕਿ ਕੀ ਕਦੀਂ ਇਸ ਧਰਤੀ ਤੇ ਵਿਗਿਆਨ ਦਾ ਚਾਨਣ ਫੈਲਣ ਨਾਲ ਪ੍ਰਬੁਧਤਾ ਫੈਲੀ ਸੀ ਜਾਂ ਨਹੀਂ? ਇਸਦਾ ਉੱਤਰ ਹਾਲੀਂ ਤੱਕ ਦੀ ਖੋਜ ਅਨੁਸਾਰ ਨਾਹ ਵਿਚ ਹੀ ਮਿਲਦਾ ਹੈ।
ਲੇਖਕ ਤੇ ਸਾਹਿਤਕ ਮੱਸ ਰੱਖਣ ਵਾਲੇ ਵੀ ਤਾਂ ਪ੍ਰਾਪਤ ਵਿਵਸਥਾ ਵਿਚ ਹੀ ਵਿਚਰਦੇ ਹਨ. ਉਨ੍ਹਾਂ ਵਿਚ ਵਹਿਮ ਭਰਮ ਘੱਟ ਤਾਂ ਹੋ ਸਕਦੇ ਹਨ ਪਰ ਉਹ ਵੀ ਪੂਰੀ ਤਰ੍ਹਾ ਇਨ੍ਹਾਂ ਤੋਂ ਮੁਕਤ ਨਹੀਂ ਹੋ ਸਕਦੇ।
ਮੇਰੇ ਆਪਣੇ ਪਰਵਾਰ ਵਿਚ ਵਹਿਮਾਂ ਭਰਮਾਂ ਲਈ ਕੋਈ ਥਾਂ ਨਹੀਂ। ਇਸਦਾ ਮੁੱਖ ਕਾਰਣ ਮੇਰਾ ਤੇ ਮੇਰੀ ਪਤਨੀ ਦਾ ਸਿੰਘ ਸਭੀਆਂ ਵਾਲਾ ਪਿਛੋਕੜ ਹੈ। ਇਸ ਪਿਛੋਕੜ ਵਿਚ ਇਹ ਤਾਂ ਸਿਖਾਇਆ ਜਾਂਦਾ ਹੈ ਕਿ ਜਾਦੂ ਟੂਣੇ, ਭੂਤ ਪ੍ਰੇਤ ਕੁਝ ਨਹੀਂ ਹੁੰਦੇ ਪਰ ਇੱਕ ਹੋਰ ਵਖਰੀ ਤਰ੍ਹਾਂ ਦੀ ਅੰਨ੍ਹੀ ਆਸਥਾ ਲਈ ਵੀ ਮੈਦਾਨ ਤਿਆਰ ਕੀਤਾ ਜਾਂਦਾ ਹੈ। ਹੁਣ ਇਹ ਤਾਂ ਹਰ ਬੰਦੇ ਦੀ ਆਪਣੀ ਚੋਣ ਤੇ ਨਿਰਭਰ ਹੈ ਕਿ ਉਹ ਇਸ ਨਵੀਂ ਤਰ੍ਹਾਂ ਦੇ ਮਾਇਆ ਜਾਲ ਵਿਚ ਫਸਦਾ ਹੈ ਜਾਂ ਨਹੀਂ। ਇਸ ਗੱਲ ਲਈ ਮੈਂ ਸੁਭਾਗਾ ਹਾਂ ਕਿ ਮੇਰੇ ਬੱਚਿਆਂ ‘ਤੇ ਹਾਲੀਂ ਤੱਕ ਨਾਂ ਪੁਰਾਣੇ ਢੰਗ ਦੇ ਵਹਿਮਾਂ ਭਰਮਾਂ ਦਾ ਪ੍ਰਭਾਵ ਹੈ ਨਾ ਨਵੀਂ ਤਰ੍ਹਾਂ ਦੀ ਅੰਨ੍ਹੀ ਆਸਥਾ ਦਾ।
ਪ੍ਰਸ਼ਨ 67:-ਸੁਹਜ ਸਿਰਜਣਾ, ਸਾਹਿਤ ਸਿਰਜਣਾ, ਜੀਵਨ ਸਿਰਜਣਾ ਤੇ ਹਉਂ ਸਿਰਜਣਾ, ਇਨਾਂ ਚੋਹਾਂ ਦੀ ਸਿਰਜਣ ਪ੍ਰਕਿਰਿਆ ਦਾ ਭਾਵਪੂਰਤ ਖੁਲਾਸਾ ਕੀ ਹੈ ਤੇ ਇੱਕ ਦੂਜੇ ਨਾਲੋਂ ਕਿਵੇਂ ਵੱਖ ਨੇ? ਨਿੱਜੀ ਅਨੁਭਵਾਂ ਨੂੰ ਮੁੱਖ ਰੱਖ ਕੇ ਦੱਸੋ।
ਉੱਤਰ:- ਸਮੁੱਚੇ ਜੀਵਨ ਨੂੰ ਸੁੰਦਰ ਬਣਾਉਣਾ ਲਈ ਸੁੰਦਰ ਚੁਗਿਰਦਾ, ਸੁੰਦਰ ਵਰਤਾਰਾ, ਸੁੰਦਰ ਸੁਭਾ ਤੇ ਸੁੰਦਰ ਕਦਰਾਂ ਕੀਮਤਾਂ ਦੀ ਸਿਰਜਣਾ ਹੀ ਸੁਹਜ ਸਿਰਜਣਾ ਹੈ। ਸਾਹਿਤ ਸਿਰਜਣਾ ਦਾ ਮਕਸਦ ਵੀ ਸੁਹਜ ਸਿਰਜਣਾ ਹੀ ਹੁੰਦਾ ਹੈ। ਇਸ ਤੋਂ ਬਿਨਾ ਸਾਹਿਤ ਸਾਹਿਤ ਨਹੀਂ ਹੁੰਦਾ। ਜੀਵਨ ਸਿਰਜਣਾ ਵੀ ਸੁਹਜ ਸਿਰਜਣਾ ਤੋਂ ਬਿਨਾ ਨਹੀਂ ਹੋ ਸਕਦੀ। ਸੁਹਜ ਤੋਂ ਸੱਖਣਾ ਜੀਵਨ ਬੇਅਰਥ ਸਾਹ ਲੈਣ ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ। ਹਰ ਤਰ੍ਹਾਂ ਦੀ ਸਿਰਜਣਾ ਤਾਂ ਹੀ ਸਿਰਜਣਾ ਹੈ ਜੇ ਉਹਦੇ ਵਿਚ ਸੁਹਜ ਹੋਵੇ।
ਪ੍ਰਸ਼ਨ 68:- 1. ਸਾਹਿਤ ਸਿਰਜਣਾ ਦੇ ਮਕਸਦ ਦੀ ਗੱਲ ਚੱਲੀ ਹੈ ਤਾਂ ਇਹ ਵੀ ਦੱਸੋ ਕਿ ਤੁਹਾਡੇ ਮੁਤਾਬਿਕ ਉਹ ਕਿਹੜੇ ਕਵੀ , ਲੇਖਕ ਨੇ ਜਿਨਾਂ ਦੀ ਰਚਨਾਂ ਸਾਹਿਤ-ਸੁਹਜ ਨਾਲ ਭਰਭੂਰ ਜਾਂ ਅਣਭਰਭੂਰ ਹੈ?
- ਅਨੇਕਾਂ ਵਾਰ ਅਜਿਹਾ ਹੋਇਆ ਹੈ ਕਿ ਜਦੋਂ ਤੁਸੀਂ ਕਿਸੇ ਲੇਖਕ ਜਾਂ ਕਵੀ ਦੀ ਰਚਨਾਂ ਪੜ੍ਹਦੇ ਹੋ ਤਾਂ ਰਚਨਾਂ ‘ਚ ਜਿੰਨਾ ਕੁ ਕਲਮਕਾਰ ਆਪ ਬੋਲਦਾ ਹੈ ਉਸ ਵਿਚੋਂ ਉਸ ਦੀ ਸ਼ਖਸੀਅਤ ਦੀ ਹਲਕੀ ਜਿਹੀ ਛਵੀ ਮਨ ਚ ਉਭਰਦੀ ਹੈ ਪਰ ਇਸ ਕਲਮ ਦੇ ਅਸਲੀ ਵਿਅਕਤੀ ਨੂੰ ਮਿਲਿਆਂ ਮਹਿਸੂਸ ਹੁੰਦਾ ਹੈ ਕਿ ਜਾਂ ਇਹ ਬੰਦਾ ਫਰੌਡ ਹੈ ਜਾਂ ਇਸਦੀ ਰਚਨਾਂ।
- ਰਚਨਾਤਮਿਕਤਾ ਚ ਐਨੀਂ ਪਰਦੇਦਾਰੀ ਦੀ ਬੁਣਤੀ ਕਿਵੇਂ ਸੰਭਵ ਹੋ ਜਾਂਦੀ ਹੈ?
ਉੱਤਰ: 1. ਸੁਹਜ ਤੋਂ ਬਿਨਾ ਕਿਸੇ ਵੀ ਰਚਨਾ ਨੂੰ ਸਾਹਿਤ ਨਹੀਂ ਕਿਹਾ ਜਾ ਸਕਦਾ ਤੇ ਸੱਚ ਤੋਂ ਬਿਨਾ ਸੁਹਜ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇੱਥੇ ਕਿਸੇ ਦਾ ਨਾਉਂ ਲੈਣਾ ਠੀਕ ਨਹੀਂ ਹੋਵੇਗਾ। ਇੰਨਾ ਹੀ ਕਹਿੰਦਾ ਹਾਂ ਬਹੁਤ ਹੀ ਅਲਪ ਸੰਖਿਆਂ ਲੇਖਕ ਹਨ ਜਿਨ੍ਹਾਂ ਨੂੰ ਸਹੀ ਅਰਥਾਂ ਵਿਚ ਲੇਖਕ ਕਿਹਾ ਜਾ ਸਕਦਾ ਹੈ। ਬਾਕੀ ਤਾਂ ਸਾਰੇ ਆਪਣੀ ਹਉਂ ਨੂੰ ਪੱਠੇ ਪਾ ਰਹੇ ਹਨ। ਉਨ੍ਹਾਂ ਨੂੰ ਆਪਣਾ ਜੀਅ ਖੁਸ਼ ਕਰਨ ਦਿਓ। ਸਮਾਂ ਬੜਾ ਵਲਵਾਨ ਹੈ। ਇਹ ਆਪ ਹੀ ਨਿਤਾਰਾ ਕਰ ਦਿੰਦਾ ਹੈ। ਸਮਾਂ ਪੈਣ ‘ਤੇ ਲੋਕੀਂ ਅਜਿਹੇ ਲੇਖਕਾਂ ਦਾ ਨਾਉਂ ਵੀ ਭੁੱਲ ਜਾਂਦੇ ਹਨ ਤੇ ਯਾਦ ਰਹਿ ਜਾਂਦੇ ਹਨ ਅਸਲੀ ਲੇਖਕ।
- ਅਸਲੀ ਲੇਖਕ ਤਾਂ ਉਹੀ ਹੁੰਦਾ ਹੈ, ਜਿਹਦੀ ਜੀਵਨ-ਜਾਚ ਤੇ ਸਾਹਿਤ ਸਿਧਾਂਤ ਵਿਚ ਕੋਈ ਅੰਤਰ ਨਹੀਂ ਹੁੰਦਾ। ਫਰੌਡ, ਝੂਠ ਜਾਂ ਮੁਲੱਮਾ ਬਹੁਤਾ ਚਿਰ ਨਹੀਂ ਚਲਦਾ। ਮੁਲੱਮਾ ਆਖਰ ਲਹਿ ਜਾਂਦਾ ਹੈ ਤੇ ਸੋਨੇ ਵਾਂਗ ਦਿਸ ਰਹੇ ਗਹਿਣੇ ਵਿਚੋਂ ਪਿੱਤਲ ਆਪ ਹੀ ਜ਼ਾਹਰ ਹੋ ਜਾਂਦਾ ਹੈ।
- ਪਰਦੇਦਾਰੀ ਆਪਣੀ ਭਾਂਤ ਦਾ ਵੱਖਰਾ ਕਸਬ ਹੈ। ਪਰ ਉਮਰ ਇਸਦੀ ਮੁਲੱਮੇ ਨਾਲੋਂ ਵੱਧ ਨਹੀਂ ਹੁੰਦੀ। ਵਕਤੀ ਤੌਰ ‘ਤੇ ਤਾਂ ਇਹ ਕੰਮ ਸਾਰ ਦਿੰਦਾ ਹੈ ਪਰ ਸਮਾਂ ਪੈਣ ਤੇ ਸਾਰੀ ਪਰਦੇਦਾਰੀ ਲਹਿ ਜਾਂਦੀ ਹੈ ਤੇ ਨੰਗਾ ਸੱਚ ਸਾਹਮਣੇ ਆ ਜਾਂਦਾ ਹੈ।
ਪ੍ਰਸ਼ਨ 69 ੳ) :- ਸਿਰਜਣਾਂ ‘ਸ਼ਬਦ’ ਮੈਨੂੰ ਅਜਿਹਾ ਜਾਪਦਾ ਜਿਸ ਵਿੱਚ ਇਨਸਾਨ ਜੰਮਦਾ, ਜੀਉਂਦਾ, ਥੀਂਦਾ ਤੇ ਦੁਨਿਆਵੀ ਸਫਰ ਸਮੇਟਦਾ ਹੈ ਅਤੇ ਇਸ ਸਫਰ ‘ਚ ਸਮੁੱਚਾ ਗਿਆਨ ਫਲਸਫਾ, ਚਿੰਤਨ, ਵਿਗਿਆਨ, ਕਿਸੇ ਨਾ ਕਿਸੇ ਰੂਪ ‘ਚ ਭਾਗੀਦਾਰ ਰਹਿੰਦੇ ਨੇ। ਲੂਣ ਤੇਲ ਲੱਕੜੀਆਂ ਤੋਂ ਇਲਾਵਾ ਪੰਜਾਬੀ ਬੰਦਾ ਇਨ੍ਹਾਂ ਪੱਖਾਂ ਨੂੰ ਕਿੰਨਾਂ ਕੁ ਜਿਉਂਦਾ ਹੈ?
ਅ. ਉਹ ਸਮਾਂ ਕਿੰਨਾ ਕੁ ਦੂਰ ਹੈ ਜਦ ਪੰਜਾਬੀ ਅਕਾਦਮਿਕ ਸੰਸਥਾਵਾਂ ਸੰਸਾਰ ਪੱਧਰ ਦਾ ਵਿਵੇਕ ਪੰਜਾਬੀ ਭਾਸ਼ਾ ਚ ਉੱਪਲਬੱਧ ਕਰ ਸਕਣਗੀਆਂ ਜਾਂ ਪੰਜਾਬੀ ਸੰਸਾਰ ਪੱਧਰ ਦੇ ਮੌਲਿਕ ਚਿੰਤਨ ਦੀ ਭਾਸ਼ਾ ਬਣੇਂਗੀ?
ਕੀ ਉਹ ਸਮਾਂ ਆਏਗਾ ਜਦੋਂ ਦੂਜੀਆਂ ਕੌਮਾਂ ਪੰਜਾਬੀ ਸਿੱਖਣ ਵੱਲ ਰੁਚਿਤ ਹੋਣਗੀਆਂ?
ਪੰਜਾਬੀ ਜ਼ੁਬਾਨ ਬਾਰੇ ਫਿਕਰਮੰਦ ਹੋਣਾਂ ਤੁਹਾਨੂੰ ਕਿਵੇਂ ਲੱਗਦਾ ਹੈ?
ਉੱਤਰ:- ੳ) ਸਿਰਜਣਾ ਤੋਂ ਬਿਨਾ ਜੀਵਨ ਨਿਰਾਰਥ ਹੁੰਦਾ ਹੈ। ਬੱਚੇ ਨੂੰ ਜਨਮ ਦੇਣਾ, ਪਾਲਣਾ ਪੋਸਣਾ ਤੇ ਜੀਣ ਯੋਗ ਬਣਾਉਣਾ ਵੀ ਤਾਂ ਸਿਰਜਣ ਪ੍ਰਕਿਰਿਆ ਹੈ। ਬੰਦਾ ਸੁਚੇਤ ਤੌਰ ਤੇ ਵੀ ਤੇ ਅਚੇਤ ਵੀ ਸਾਰੀ ਉਮਰ ਸਿਰਜਦਾ ਹੀ ਹੈ। ਸਮੁਚਾ ਗਿਆਨ ਫਲਸਫਾ, ਚਿੰਤਨ ਤੇ ਵਿਗਿਆਨ ਇਨਸਾਨ ਦੀ ਸਿਰਜਣ ਪ੍ਰਕਿਰਿਆ ਨੂੰ ਬੱਲ ਤੇ ਸੇਧ ਦਿੰਦੇ ਹਨ। ਪੰਜਾਬੀ ਬੰਦੇ ‘ਤੇ ਤਾਂ ਹਾਲ ਦੀ ਘੜੀ ‘ਲੂਣ ਤੇਲ ਲਕੜੀਆਂ’ ਦਾ ਕਬਜ਼ਾ ਹੈ ਤੇ ਕਬਜ਼ੇ ਦੀ ਇਹਦੀ ਖਾਹਸ਼ ਅਤਿ ਤੱਕ ਪੁੱਜੀ ਹੋਈ ਹੈ। ਬੇਸ਼ਕ ਉਹ ਵੀ ਅਚੇਤ ਤੌਰ ‘ਤੇ ਸਮੁੱਚੀ ਸਿਰਜਣ ਪ੍ਰਕਿਰਿਆ ਵਿਚ ਭਾਗੀਦਾਰ ਹਨ ਪਰ ਫਲਸਫਾ, ਚਿੰਤਨ, ਵਿਗਿਆਨ ਤੇ ਸੁਚੇਤ ਸਿਰਜਣਾ ਤੋਂ ਹਾਲੀਂ ਕੋਹਾਂ ਦੂਰ ਹਨ।
ਅ) ਅੱਜ ਦੇ ਯੁਗ ਵਿਚ ਭਾਸ਼ਾਵਾਂ ‘ਤੇ ਵੀ ਕੌਮਾਂਤਰੀ ਵਪਾਰ ਤੇ ਉਪਭੋਗਤਾ ਦਾ ਕਬਜ਼ਾ ਹੋ ਚੁੱਕਾ ਹੈ। ਕਿਸੇ ਭਾਸ਼ਾ ਦੀ ਕਦਰ ਸੰਸਾਰ ਮੰਡੀ ਵਿਚ ਉਹਦੀ ਵਪਾਰਕ ਤੇ ਉਪਭੋਗੀ ਉਪਯੋਗਤਾ ‘ਤੇ ਹੀ ਨਿਰਭਰ ਕਰਦੀ ਹੈ। ਜਿਸ ਤਰ੍ਹਾਂ ਇਸ ਵੇਲੇ ਪੰਜਾਬੀ ਬੰਦੇ ਪੰਜਾਬ ਵਿਚ ਰਹਿੰਦੇ ਜੀਉਂਦੇ ਵੀ ਪੰਜਾਬੀ ਨੂੰ ਨਜ਼ਰਅੰਦਾਜ਼ ਕਰ ਕੇ ਅੰਗਰੇਜ਼ੀ ਨੂੰ ਚੰਬੜੇ ਹੋਏ ਹਨ, ਉਸਤੋਂ ਇਹੀ ਤਾਂ ਪ੍ਰਗਟ ਹੁੰਦਾ ਹੈ। ਅਜਿਹੀ ਸਥਿਤੀ ਵਿਚ ਪੰਜਾਬ ਦੀਆਂ ਅਕਾਦਮਿਕ ਸੰਸਥਾਵਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਦੂਜੀਆਂ ਭਾਸ਼ਾਵਾਂ ਦੇ ਲੋਕਾਂ ਨੂੰ ਕੀ ਲੋੜ ਪਈ ਹੈ ਕਿ ਉਹ ਉਸ ਭਾਸ਼ਾ ਵਲ ਰੁਚਤ ਹੋਣ ਜਿਸ ਭਾਸ਼ਾ ਨੂੰ ਬੋਲਣ ਵਾਲੇ ਹੀ ਤਿਆਗ ਰਹੇ ਹਨ।
ਪੰਜਾਬੀ ਭਾਸ਼ਾ ਦੇ ਭਵਿਖ ਬਾਰੇ ਤਾਂ ਪੰਜਾਬੀ ਭਾਸ਼ਾ ਦੇ ਹਰ ਕਦਰਦਾਨ ਨੂੰ ਫਿਕਰਮੰਦੀ ਹੈ ਵੀ ਤੇ ਹੋਣੀ ਵੀ ਚਾਹੀਦੀ ਹੈ। ਪਰ ਨਿਰੀ ਫਿਕਰਮੰਦੀ ਨੇ ਤਾਂ ਇਸ ਭਾਸ਼ਾ ਦਾ ਕੁਝ ਸੰਵਾਰਨਾ ਨਹੀਂ। ਲੋੜ ਹੈ ਇਸ ਭਾਸ਼ਾ ਨੂੰ ਇਸ ਦੀਆਂ ਜੜ੍ਹਾਂ ਨਾਲ ਜੋੜਣ ਦੀ। ਨਿਰਸੰਦੇਹ ਪੰਜਾਬੀ ਸੰਸਕ੍ਰਿਤ ਭਾਸ਼ਾਈ ਪਰਵਾਰ ਦੀ ਇਕ ਸ਼ਾਖਾ ਹੈ। ਪੰਜਾਬੀ ਖਾਸ ਤੌਰ ‘ਤੇ ਇਕਤਦਾਰ ਵਾਲੇ ਸਿੱਖ ਤਾਂ ਇਸ ਗੱਲ ਤੋਂ ਅੱਖਾਂ ਮੀਟੀ ਰੱਖਣ ਨੂੰ ਹੀ ਆਪਣੀ ਹੈਂਕੜ ਲਈ ਠੀਕ ਸਮਝਦੇ ਹਨ ਤੇ ਪਾਕਸਤਾਨੀ ਪੰਜਾਬ ਵਾਲੇ ਤਾਂ ਸੰਸਕ੍ਰਿਤ ਨੂੰ ਚਿਮਟੇ ਨਾਲ ਛੋਹਣ ਲਈ ਵੀ ਤਿਆਰ ਨਹੀਂ। ਅਜਿਹੇ ਲੋਕ ਪੰਜਾਬੀ ਨੂੰ ਇਸ ਦੀਆਂ ਜੜ੍ਹਾਂ ਤੋਂ ਵਖ ਕਰ ਕੇ ਇਸ ਨੂੰ ਯਤੀਮ ਬਣਾ ਦੇਣ ਦੇ ਜ਼ਿੰਮੇਵਾਰ ਹਨ ਤੇ ਉਹ ਹੀ ਇਸਦੇ ਅਸਲੀ ਦੁਸ਼ਮਣ ਹਨ। ਆਪਣੀਆਂ ਜੜ੍ਹਾਂ ਨਾਲ ਜੁੜ ਕੇ ਪੰਜਾਬੀ ਸੰਸਾਰ ਦੀਆਂ ਬਹੁਤੀਆਂ ਭਾਸ਼ਾਵਾਂ ਦੀ ਦੂਰ ਦੇ ਰਿਸ਼ਤੇ ਵਿਚੋਂ ਭੈਣ ਬਣ ਜਾਵੇਗੀ। ਇਸ ਦ੍ਰਿਸ਼ਟੀ ਨਾਲ ਦੋਖੋਗੇ ਤਾਂ ਤੁਹਾਨੂੰ ਅੰਗਰੇਜ਼ੀ ਭਾਸ਼ਾ ਨਾਲ ਵੀ ਅਨੇਕਾਂ ਸਾਂਝਾ ਦਿਸ ਪੈਣਗੀਆਂ। ਜੇ ਇੋਹ ਹੈਂਕੜਬਾਜ਼ ਇਸਤਰ੍ਹਾਂ ਪੰਜਾਬੀ ਨੂੰ ਯਤੀਮ ਬਣਾਉਣ ਲਈ ਆਪਣਾ ਪੂਰਾ ਟਿੱਲ ਨਾ ਲਾਉਂਦੇ ਤਾਂ ਪੰਜਾਬੀ ਅੱਜ ਦੇ ਛੋਟੇ ਪਂਜਾਬ ਦੀ ਭਾਸ਼ਾ ਨਹੀਂ ਸੀ ਹੋਣੀ ਸਗੋਂ ਇਹਨੇ ਸਣੇ ਹਰਿਆਣਾ ਤੇ ਹਿਮਾਚਲ ਪ੍ਰਦੇਸ ਦੇ ਭਾਰਤ ਦੇ ਇੱਕ ਬਹੁਤ ਵੱਡੇ ਖੇਤਰ ਦੀ ਭਾਸ਼ਾ ਬਣ ਜਾਣਾ ਸੀ।
ਪ੍ਰਸ਼ਨ 70:- ਸਿਧਾਰਥ, ਗੁਰੂ ਨਾਨਕ ਦੇਵ ਜੀ ਤੇ ਸ਼ਹੀਦ ਭੱਗਤ ਸਿੰਘ, ਤਿੰਨਾਂ ਦੇ ਫੱਲਸਫਿਆਂ ਵਿੱਚ ਕੋਈ ਸਮਾਨਤਾ ਹੈ? ਸਿਧਾਰਥ ਦਾ ਜੰਗਲ ਵੱਲ ਰੁਖ ਕਰਨਾਂ, ਗੁਰੂ ਨਾਨਕ ਦੇਵ ਜੀ ਦਾ ਪੈਦਲ ਭ੍ਰਮਣ, ਭੱਗਤ ਸਿੰਘ ਦਾ ਬਾਗੀਪਨ? ਇਨ੍ਹਾਂ ਤਿੰਨਾਂ ਫੈਸਲਿਆਂ ਦਾ ਆਮ ਇਨਸਾਨ ਲਈ ਤੇ ਅੱਜ ਦੇ ਬੰਦੇ ਲਈ ਕੀ ਮਹੱਤਵ ਹੈ?
ਉੱਤਰ਼:- ਸਿਧਾਰਥ (ਬੁੱਧ), ਗੁਰੂ ਨਾਨਕ ਤੇ ਸ਼ਹੀਦ ਭਗਤ ਸਿੰਘ ਤਿੰਨਾ ਦਾ ਮੰਤਵ ਆਪਣੇ ਆਪਣੇ ਸਮੇਂ ਦੇ ਆਮ ਲੋਕਾਂ ਨੂੰ ਦੁਖਾਂ ਤੋਂ ਮੁਕਤੀ ਦੁਆਉਣਾ ਸੀ ਪਰ ਤਿੰਨਾਂ ਦੇ ਢੰਗ ਵਖ ਵਖ ਸਨ। ਸਿਧਾਰਥ ਦੁਖਾਂ ਦਾ ਕਾਰਣ ਮਨੁੱਖ ਦੀਆਂ ਇੱਛਾਵਾਂ ਨੂੰ ਮੰਨਦਾ ਸੀ ਤੇ ਇਨ੍ਹਾਂ ਦੇ ਤਿਆਗ ਵਿਚ ਹੀ ਮੁਕਤੀ ਦਾ ਰਾਹ ਦਸਦਾ ਸੀ. ਗੁਰੂ ਨਾਨਕ ਇਸ ਤੋਂ ਉਲਟ ‘ਹਸੰਦਿਆਂ, ਖਲੰਦਿਆਂ, ਪਹਿਨੰਦਿਆਂ’ ਆਪਣੇ ਅਸਲੇ ਨਾਲ ਜੁੜਨ ਵਿਚ ਮੁਕਤੀ ਦੀ ਪ੍ਰਾਪਤੀ ਲੱਭਦਾ ਸੀ ਪਰ ਭਗਤ ਸਿੰਘ ਹਥਿਆਰਬੰਦ ਇਨਕਲਾਬ ਰਾਹੀਂ ਲੁਟੇਰੇ ਪ੍ਰਬੰਧ ਨੂੰ ਖਤਮ ਕਰ ਕੇ ਉਸਦੀ ਥਾਂ ਲੋਕ ਹਿੱਤੂ ਪ੍ਰਬੰਧ ਸਥਾਪਤ ਕਰਨ ਨੂੰ ਮੁਕਤੀ ਦਾ ਰਾਹ ਦਸਦਾ ਸੀ। ਅੱਜ ਦਾ ਇਨਸਾਨ ਇਨ੍ਹਾਂ ਤਿੰਨਾਂ ਫਲਸਫਿਆਂ ਤੋਂ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ ਪਰ ਮੁਕਤੀ ਦਾ ਅੰਤਮ ਰਾਹ ਇਨਕਲਾਬ ਵਿਚੋਂ ਹੀ ਨਿਕਲਦਾ ਹੈ।
(927)
ਦਲਵੀਰ ਕੌਰ
(ਸੀਨੀਅਰ ਕਲੀਨੀਕਲ ਪਰੈਕਟੀਸ਼ਨਰ, ਕਲੀਨੀਕਲ ਸੁਪਰਵਾਈਜ਼ਰ) ਨੈਸ਼ਨਲ ਹੈਲਥ ਸਰਵਿਸ Uk .
ਵਾਈਸ ਪ੍ਰਧਾਨ: ਪ੍ਰਗਤੀ ਸ਼ੀਲ ਲਿਖਾਰੀ ਸਭਾ ਵੁਲਵਰਹੈਮਪਟਨ
ਕਲਚਰਲ ਐਮਬੈਸਡਰ: Trained by Royal college of Nursing
ਇਗਜ਼ੈਕਟਿਵ ਮੈਂਬਰ: ਕੇਂਦਰੀ ਲਿਖਾਰੀ ਸਭਾ ਯੂਕੇ
ਚਾਰ ਕਾਵਿ-ਸੰਗ੍ਰਹਿ:
ਸੋਚ ਦੀ ਦਹਿਲੀਜ਼ ਤੇ
ਅਹਿਦ
ਹਾਸਿਲ
ਚੌਥੀ ਕਿਤਾਬ ‘ ਚਿੱਤਵਣੀ’
ਹੁਣੇ ਹੀ ਕਿਸਾਨ ਸੰਘਰਸ਼ ਤੇ ਕਿਤਾਬ ਸੰਪਾਦਿਤ ਕੀਤੀ ਹੈ: ‘ਕਿਸਾਨ ਸੰਘਰਸ਼ ਸਦੀ ਦਾ ਕਾਵਿ ਸ਼ਬਦ’