13 June 2024

ਲਿਖਾਰੀ ਵਾਲੇ ਡਾ. ਗੁਰਦਿਆਲ ਸਿੰਘ ਰਾਏ ਨਾਲ ਨਿੱਘੀ ਮਿਲਣੀ – ਕੰਵਰ ਬਰਾੜ

ਲਿਖਾਰੀ ਵਾਲੇ ਡਾ. ਗੁਰਦਿਆਲ ਸਿੰਘ ਰਾਏ ਨਾਲ ਨਿੱਘੀ ਮਿਲਣੀ

– ਕੰਵਰ ਬਰਾੜ

ਪਿਛਲੇ ਸਾਲ ਮੈਂ ਗਰਮੀਆਂ ਦੀਆਂ ਛੁੱਟੀਆਂ ਵਿਚ ਬੈਠਿਆਂ ਬੈਠਿਆਂ “ਵਲੈਤੀ ਪੰਜਾਬੀ ਸਾਹਿਤ ਦੇ ਭਵਿੱਖ” ਬਾਰੇ ਇਕ ਲੇਖ ਲਿਖਿਆ ਤੇ ਆਪਣੇ ਅੱਖਰ ਬਲਾਗ ਤੇ ਛਾਪਿਆ। ਕੁਝ ਦਿਨਾਂ ਬਾਅਦ ਮੈਨੂੰ ਇੱਕ ਬਹੁਤ ਹੀ ਪਿਆਰ ਭਰੇ ਸ਼ਬਦਾਂ ਵਾਲੀ ਈਮੇਲ ਆਈ ਕੇ ਤੁਹਾਡਾ ਇਹ ਲੇਖ ਇੰਗਲੈਂਡ ਤੋਂ ਚੱਲਦੀ ਲਿਖਾਰੀ ਡਾਟ ਨੈੱਟ (Likhari.net) ਤੇ ਛਾਪਣਾ ਚਾਹਾਂਗੇ। ਇਹ ਈਮੇਲ ਸੀ ਲਿਖਾਰੀ ਦੀ ਆਤਮਾ ਡਾ. ਗੁਰਦਿਆਲ ਸਿੰਘ ਰਾਏ ਜੀ ਦੀ।

ਇਹ ਸੀ ਮੇਰਾ ਪਹਿਲਾ ਪਰਸਪਰ ਲਿਖਾਰੀ ਤੇ ਰਾਏ ਜੀ ਨਾਲ ਅਤੇ ਉਦੋਂ ਤੋਂ ਹੀ ਰਾਏ ਜੀ ਤੇ ਲਿਖਾਰੀ ਬਾਰੇ ਹੋਰ ਬਹੁਤ ਕੁਝ ਜਾਣਨ ਤੇ ਸਮਝਣ ਦਾ ਸਬੱਬ ਬਣਿਆ।

ਪੰਜਾਬੀ ਦੇ ਗ਼ੈਰ ਵਪਾਰਿਕ ਪਰਚੇ ਤੇ ਵੈੱਬਸਾਈਟ ਚਲਾਉਣਾ ਬੜੇ ਤਰੱਦਦ ਦਾ ਕੰਮ ਹੈ। ਰਾਏ ਜੀ ਨੇ ਲਿਖਾਰੀ ਵੈੱਬਸਾਈਟ ਨੂੰ ਪਿਛਲੇ ਬਾਈ ਸਾਲ ਤੋਂ ਬਿਨਾਂ ਕੋਈ ਮਸ਼ਹੂਰੀ ਜਾਂ ਇਸ਼ਤਿਹਾਰ ਛਾਪਿਆਂ ਪੂਰਨ ਤੌਰ ਤੇ ਨਿਰੋਲ ਸਾਹਿਤਕ ਅਤੇ ਨਿਰਪੱਖ ਰੱਖਿਆ ਹੈ।

ਲਿਖਾਰੀ ਤੇ ਲਿਖਤਾਂ ਛਪਵਾਉਣ, ਪੜ੍ਹਨ ਜਾਂ ਸਾਂਭਣ ਦੀ ਪਾਠਕ ਜਾਂ ਲੇਖਕ ਨੂੰ ਕੋਈ ਕੀਮਤ ਨਹੀਂ ਦੇਣੀ ਪੈਂਦੀ, ਰਾਏ ਜੀ ਇਸ ਸਭ ਕਾਸੇ ਲਈ ਖ਼ੁਦ ਪਿਛਲੇ ਦੋ ਦਹਾਕਿਆਂ ਤੋਂ ਜੇਬ ਵਿਚੋਂ ਪੈਸੇ ਖ਼ਰਚ ਰਹੇ ਨੇ।

ਅੱਜ ਪੰਜਾਬੀ ਵਿਚ ਵੱਡੇ ਸਾਹਿਤਕਾਰਾਂ ਵਜੋਂ ਸਥਾਪਿਤ ਬਹੁਤੇ ਲੇਖਕਾਂ ਨੇ ਮੁੱਢਲੇ ਦਿਨਾਂ ਵਿਚ ਲਿਖਾਰੀ ਉਪਰ ਆਪਣੀਆਂ ਲਿਖਤਾਂ ਛਾਪਣੀਆਂ ਸ਼ੁਰੂ ਕੀਤੀਆਂ।

ਰਾਏ ਜੀ ਅੱਜ ਵੀ ਘੰਟਿਆਂ ਬੱਧੀ ਆਪਣੇ ਕੰਪਿਊਟਰ ਤੇ ਬੈਠ ਕੇ ਲੇਖਕਾਂ ਦੁਬਾਰਾ ਭੇਜੀਆਂ ਲਿਖਤਾਂ ਨੂੰ ਪੜ੍ਹਨ ਤੇ ਇਕੱਲੇ ਇਕੱਲੇ ਵਾਕ ਦਾ ਮੁਲਾਂਕਣ ਕਰਕੇ ਛਾਪਣ ਦਾ ਕੰਮ ਕਰਦੇ ਹਨ। ਉਹ ਅੱਜ ਵੀ ਕੋਸ਼ਿਸ਼ਾਂ ਕਰਦੇ ਹਨ ਕੇ ਇਕੱਲੇ ਇਕੱਲੇ ਲੇਖਕ ਤੇ ਪਾਠਕ ਦੀ ਈਮੇਲ ਦਾ ਜਵਾਬ ਦਿੱਤਾ ਜਾਵੇ ਤੇ ਖ਼ਾਸ ਤੌਰ ਤੇ ਲੇਖਕਾਂ ਨੂੰ ਆਪਣੀਆਂ ਲਿਖਤਾਂ ਹੋਰ ਸੁਧਾਰਨ ਲਈ ਜੇ ਹੋ ਸਕੇ ਤਾਂ ਕੁਝ ਸੁਝਾਅ ਪੇਸ਼ ਕੀਤੇ ਜਾਣ।

ਕਈ ਵਾਰੀਂ ਲੇਖਕ ਪੰਜਾਬੀ ਦੇ ਦੇਸੀ ਫੌਂਟਾਂ ਵਿੱਚ ਲਿਖਤ ਲਿਖ ਕੇ ਭੇਜ ਦਿੰਦੇ ਹਨ ਤਾਂ ਰਾਏ ਜੀ ਨੂੰ ਕਈ ਵਾਰ ਬਹੁਤ ਸਮਾਂ ਲਾ ਕੇ ਫੌਂਟ ਦਾ ਯੂਨੀਕੋਡ ਵਿੱਚ ਬਦਲਾਅ ਕਰਨਾ ਪੈਂਦਾ। ਇਹ ਸਭ ਕੁਝ ਕਰਨ ਲਈ ਬਹੁਤ ਹੀ ਮਿਹਨਤ, ਦ੍ਰਿੜ੍ਹਤਾ ਤੇ ਸਬਰ ਦੀ ਲੋੜ ਹੁੰਦੀ ਹੈ, ਜਿਸ ਜ਼ੁੰਮੇਵਾਰੀ ਨੂੰ ਰਾਏ ਜੀ ਬੜੇ ਸਮਰਪਣ ਨਾਲ ਨਿਭਾ ਰਹੇ ਹਨ।

ਲਿਖਾਰੀ ਦੀ ਸਫਲਤਾ ਪਿੱਛੇ ਡਾ. ਗੁਰਦਿਆਲ ਸਿੰਘ ਰਾਏ ਜੀ ਦੀ ਬਹੁਪੱਖੀ ਸ਼ਖ਼ਸੀਅਤ ਦਾ ਬਹੁਤ ਵੱਡਾ ਹਿੱਸਾ ਹੈ।

ਸਤਨਾਮ ਸਿੰਘ ਢਾਅ ਆਪਣੀ 2015 ਵਿਚ ਛਪੀ ਪੁਸਤਕ “ਡੂੰਘੇ ਵਹਿਣਾਂ ਦੇ ਭੇਤ” ਵਿੱਚ ਡਾ. ਰਾਏ ਜੀ ਦੀ ਮੁਲਾਕਾਤ ਛਾਪਦਿਆਂ ਲਿਖਦਾ ਹੈ ਕੇ “ਡਾ. ਗੁਰਦਿਆਲ ਸਿੰਘ ਇਕ ਪੱਤਰਕਾਰ, ਇਕ ਲੇਖਕ, ਇੱਕ ਨਿਬੰਧਕਾਰ, ਇਕ ਆਲੋਚਕ, ਇਕ ਅਧਿਆਪਕ, ‘ਹੋਮਿਓਪੈਥੀ ਤੇ ਨਿਊਟ੍ਰੀਸ਼ਨ’ ਦਾ ਡਾਕਟਰ, ਇੱਕ ਕਿਰਤੀ ਅਤੇ ਸਭ ਤੋਂ ਪਹਿਲਾਂ ਇਕ ਸੱਚਾ ਸੁੱਚਾ ਇਨਸਾਨ ਹੈ।”

ਮੈਂ ਢਾਅ ਜੀ ਦੀ ਇਸ ਵਿਆਖਿਆ ਨਾਲ ਬਿਲਕੁਲ ਸਹਿਮਤ ਹਾਂ, ਰਾਏ ਜੀ ਨਾਲ ਸਾਲ ਕੁ ਤੋਂ ਹੁੰਦੇ ਸੰਪਰਕ ਵਿਚ ਮੈਂ ਕਦੇ ਉਹਨਾਂ ਨੂੰ ਕਦੇ ਕਿਸੇ ਦੀ ਬੁਰਾਈ ਕਰਦੇ ਨਹੀਂ ਸੁਣਿਆ ਤੇ ਹਰ ਗੱਲਬਾਤ ਵਿਚੋਂ ਢੇਰ ਸਾਰਾ ਗਿਆਨ ਤੇ ਦੁਆਵਾਂ ਮਿਲਦੀਆਂ ਹਨ।

ਪਿੱਛੇ ਜਿਹੇ ਸਿਹਤ ਠੀਕ ਨਾ ਹੋਣ ਕਾਰਨ ਰਾਏ ਜੀ ਨੂੰ ਕੁਝ ਹਫ਼ਤੇ ਹਸਪਤਾਲ ਜਾਣਾ ਪਿਆ। ਜਦੋਂ ਘਰ ਵਾਪਸ ਆਏ ਤਾਂ ਮੈਨੂੰ ਰਾਏ ਜੀ ਨੂੰ ਮਿਲਣ ਤੇ ਉਹਨਾਂ ਨਾਲ ਕੁਝ ਘੰਟੇ ਗੁਜ਼ਾਰਨ ਦਾ ਮੌਕਾ ਮਿਲਿਆ, ਇਸ ਮੁਲਾਕਾਤ ਨੇ ਰਾਏ ਜੀ ਬਾਰੇ ਮੇਰੇ ਵਿਚਾਰਾਂ ਨੂੰ ਹੋਰ ਵੀ ਵਿਸ਼ਵਾਸ ਦਿੱਤਾ।

ਰਾਏ ਜੀ ਲੰਡਨ ਤੋਂ ਸੌ ਕੁ ਮੀਲ ਦੂਰ ਮਿਡਲੈਂਡ ਵਿੱਚ ਰਹਿੰਦੇ ਹਨ, ਮੋਟਰਵੇ ਤੇ ਵਰ੍ਹਦੇ ਮੀਂਹ ਤੇ ਟਰੈਫ਼ਿਕ ਕਰਕੇ ਮੈਂ ਦਿੱਤੇ ਸਮੇਂ ਤੋਂ ਕਾਫ਼ੀ ਲੇਟ ਹੋ ਗਿਆ। ਆਪਣੇ ਘਰ ਦੇ ਮੂਹਰਲੇ ਕਮਰੇ ਵਿਚ ਇਕ ਪਾਸੇ ਮੈਡੀਕਲ ਬੈੱਡ ਤੇ ਦੂਜੇ ਪਾਸੇ ਮੇਜ਼ ਤੇ ਪਈਆਂ ਕਿਤਾਬਾਂ ਦੇ ਵਿਚ ਵਿਚਕਾਰ ਕੁਰਸੀ ਤੇ ਬੈਠੇ ਰਾਏ ਜੀ ਚਾਅ ਨਾਲ ਮਿਲੇ। ਦੁਪਹਿਰ ਦਾ ਖਾਣਾ ਖਾਂਦਿਆਂ ਰਾਏ ਜੀ ਦੇ ਨਾਲ ਕਈ ਏਧਰ ਉੱਧਰ ਤੇ ਅੱਜ ਦੇ ਸਮੇਂ ਵਿਚ ਬਦਲ ਰਹੇ ਸਾਹਿਤਕ ਸਰੋਕਾਰਾਂ ਬਾਰੇ ਗੱਲਬਾਤ ਹੁੰਦੀ ਰਹੀ।

ਰਾਏ ਜੀ ਮੈਨੂੰ ਆਪਣੀ ਲਾਇਬ੍ਰੇਰੀ ਵਿੱਚ ਕੁਝ ਵਡਮੁੱਲੀਆਂ ਲਿਖਤਾਂ ਦੇ ਦਰਸ਼ਨ ਕਰਵਾਏ ਤੇ ਮੈਨੂੰ ਰਾਏ ਜੀ ਨੂੰ ਆਪਣੀ ਬਹੁਤ ਹੀ ਮਨਪਸੰਦ ਪੁਸਤਕ “ਸਿਧਾਰਥ” ਭੇਂਟ ਕਰਨ ਦਾ ਮੌਕਾ ਮਿਲਿਆ।

ਰਾਏ ਜੀ ਦੇ ਸਪੁੱਤਰ ਦੇਵਿੰਦਰ ਸਿੰਘ ਨੂੰ ਮਿਲ ਕੇ ਪਤਾ ਲੱਗਿਆ ਕੇ ਉਹ ਇਕ ਸੁਹਿਰਦ ਸਕੂਲ ਇੰਸਪੈਕਟਰ ਹੋਣ ਦੇ ਨਾਲ ਨਾਲ ਇਕ ਬਿਹਤਰੀਨ ਫ਼ੋਟੋਗਰਾਫ਼ਰ ਵੀ ਹਨ। ਢਾਅ ਜੀ ਦੀ ਉੱਪਰ ਦਿੱਤੀ ਡਾ. ਰਾਏ ਜੀ ਸੰਬੰਧੀ ਦਿੱਤੀ ਵਿਆਖਿਆ ਵਿਚ ਮੈਂ ਇਕ ਹੋਰ ਗੱਲ ਜੋੜਨਾ ਚਾਹਾਂਗਾ ਕੇ ਰਾਏ ਜੀ ਇਕ “ਚੰਗੇ ਬਾਪ ਵੀ ਹਨ” ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਚੰਗੀ ਪੜਾਈ ਨੇ ਨਾਲ ਨਾਲ ਚੰਗੀ ਸੋਚ ਉਤਪੰਨ ਕਰਨ ਲਈ ਵੀ ਵਿਚਾਰਾਂ ਦੀ ਜ਼ਮੀਨ ਸਿੰਜੀ।

ਰਾਏ ਜੀ ਨੇ ਆਪਣੀਆਂ ਪੁਰਾਣੀਆਂ ਲਿਖਤਾਂ ਦੀ ਗਠੜੀ ਖੋਲ੍ਹ ਕੇ ਕਈ ਪੰਜਾਹ ਸੱਠ ਵਰ੍ਹੇ ਪੁਰਾਣੀਆਂ ਛਪੀਆਂ ਤੇ ਅਣਛਪੀਆਂ ਲਿਖਤਾਂ ਨਾਲ ਸਾਂਝ ਪੁਆਈ।

ਮੈਨੂੰ ਦੇਖ ਕੇ ਅਸਚਰਜ ਹੋਇਆ ਕੇ ਅੱਜਕੱਲ੍ਹ ਅਸੀਂ ਲਿਖਦੇ ਮਗਰੋਂ ਹਾਂ ਤੇ ਛਾਪਣ ਨੂੰ ਪਹਿਲਾਂ ਕਾਹਲੇ, ਪਰ ਇਸ ਇਨਸਾਨ ਨੇ ਐਨੇ ਸਮੇਂ ਤੋਂ ਹੱਥ ਲਿਖਤ ਲਿਖਤਾਂ ਸਾਂਭ ਕੇ ਰੱਖੀਆਂ ਹਨ। ਰਾਏ ਜੀ ਦੇ ਮੂੰਹੋਂ ਕੁਝ ਪੁਰਾਣੀਆਂ ਕਵਿਤਾਵਾਂ ਸੁਣ ਕੇ ਬਹੁਤ ਮਾਣ ਮਹਿਸੂਸ ਹੋਇਆ, ਇਨ੍ਹਾਂ ਵਿਚੋਂ ਇਕ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਤੇ ਬਾਕੀ ਫਿਰ ਕਦੇ।

ਜ਼ਿੰਦਗੀ ਬੜੀ ਅਜੀਬ ਜਿਹਾ ਵਰਤਾਰਾ ਹੈ, ਜੋ ਇਕ ਪਸਾਰੀ ਨਾ ਹੋ ਸੋਚ ਦੀ ਇੱਕ ਉਲਝਣ ਹੈ। ਕਈ ਵਾਰ ਅਸੀਂ ਜ਼ਿੰਦਗੀ ਜਿਉਂਦੇ ਜ਼ਿੰਦਗੀ ਦੀ ਉਲਝਣ ਵਿਚ ਐਸੇ ਉਲਝਦੇ ਹਾਂ ਕੇ ਆਪਣੇ ਤੇ ਆਪਣੇ ਪਰਿਵਾਰ ਦੇ ਭੌਤਿਕ ਤੇ ਆਰਥਿਕ ਸੁਰੱਖਿਆ ਤੋਂ ਉਤਾਂਹ ਸੋਚ ਲੈਣ ਦਾ ਸਮਾਂ ਨਹੀਂ ਮਿਲਦਾ। ਪਰ ਰਾਏ ਜੀ ਵਰਗੇ ਕੁਝ ਗਿਣੇ ਚੁਣੇ ਇਨਸਾਨ ਹੀ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਨੂੰ ਕਿਸੇ ਮਹਾਨ ਕਾਰਜ ਲਾਉਂਦੇ ਨੇ ਤੇ ਬਦਲੇ ਵਿਚ ਕਿਸੇ ਇਨਾਮ ਜਾਂ ਪੁਰਸਕਾਰ ਦੀ ਚਾਹਨਾਂ ਨਹੀਂ ਰੱਖਦੇ। ਦਿਲੋਂ ਸਲਾਮ ਹੈ ਰਾਏ ਜੀ ਦੀ ਮਿਹਨਤ ਨੂੰ।

ਅੱਜਕੱਲ੍ਹ ਸਿਹਤ ਥੋੜ੍ਹੀ ਠੀਕ ਨਾ ਹੋਣ ਕਾਰਨ ਰਾਏ ਜੀ ਤੋਂ ਲਿਖਤਾਂ ਦੇ ਸੁਧਾਰ ਲਈ ਬਹੁਤਾ ਸਮਾਂ ਕੰਪਿਊਟਰ ਉੱਤੇ ਬੈਠ ਨਹੀਂ ਹੁੰਦਾ ਸੋ ਇਸ ਲਈ ਲਿਖਾਰੀ ਤੇ ਲਿਖਤਾਂ ਛਪਵਾਉਣ ਵਾਲੇ ਸਾਰੇ ਲਿਖਾਰੀਆਂ ਨੂੰ ਗੁਜ਼ਾਰਿਸ਼ ਹੈ ਕੇ ਆਪਣੀਆਂ ਲਿਖਤਾਂ ਇਕ ਦੋ ਵਾਰੀਂ ਪੜ੍ਹ ਕੇ ਜ਼ਰੂਰ ਭੇਜਣ।

ਲਿਖਾਰੀ ਪਰਿਵਾਰ ਨਾਲ ਜੁੜੇ ਸਾਰੇ ਲੇਖਕਾਂ ਤੇ ਪਾਠਕਾਂ ਦੀ ਇਹੀ ਦਿਲੀ ਉਮੀਦ ਹੈ ਕੇ ਲਿਖਾਰੀ ਦਾ ਇਹ ਸਫ਼ਰ ਇਸੇ ਤਰ੍ਹਾਂ ਵਰ੍ਹਿਆਂ ਤੱਕ ਜਾਰੀ ਰਹੇ ਤੇ ਕੁਦਰਤ ਰਾਏ ਜੀ ਨੂੰ ਲੰਬੀ ਉਮਰ ਬਖ਼ਸ਼ੇ।

References:

Dunghe Vehna de Bhet (Interviews – Part II). 1st ed., Sangam Publications, 2015.

 

***

819

***

About the author

ਕੰਵਰ ਬਰਾੜ (ਇੰਗਲੈਂਡ)
+44 7930886448 | kenwar.brar@gmail.com | Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →