29 September 2022

‘ਲਿਖਣਾ ਮੇਰੀ ਅਣਸਰਦੀ ਲੋੜ ਹੈ’ (ਡਾ:) ਹਰੀਸ਼ ਮਲਹੋਤਰਾ ਮੁਲਾਕਾਤੀ- ਕੇਹਰ ਸ਼ਰੀਫ਼, ਜਰਮਨੀ

‘ਲਿਖਣਾ ਮੇਰੀ ਅਣਸਰਦੀ ਲੋੜ ਹੈ’ (ਡਾ:) ਹਰੀਸ਼ ਮਲਹੋਤਰਾ

ਮੁਲਾਕਾਤੀ- ਕੇਹਰ ਸ਼ਰੀਫ਼, ਜਰਮਨੀ

ਕੇਹਰ ਸ਼ਰੀਫ਼ ਵਲੋਂ ਵਾਰਤਕ ਲਿਖਾਰੀ ਡਾ: ਹਰੀਸ਼ ਮਲਹੋਤਰਾ ਨਾਲ ਕੀਤੀ ਗਈ ਮੁਲਾਕਾਤ: ‘ਲਿਖਣਾ ਮੇਰੀ ਅਣਸਰਦੀ ਲੋੜ ਹੈ’ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।’—-ਲਿਖਾਰੀ

***

? ਆਪਣੇ ਪਿਛੋਕੜ ਬਾਰੇ ਦੱਸੋ

– ਮੇਰਾ ਜਨਮ ਪਿੰਡ ਲੱਲੀਆਂ ਕਲਾਂ ਜਿਲਾ ਜਲੰਧਰ ਦਾ ਹੈ। ਜੁਲਾਈ 7 ਸਨ 1951 ਨੂੰ ਮੈਂ ਪੈਦਾ ਹੋਇਆ ਸੀ। ਮੇਰੀ ਮਾਤਾ ਜੀ ਦਾ ਨਾਂ ਸੱਤਿਆ ਵਤੀ ਅਤੇ ਪਿਤਾ ਜੀ ਦਾ ਜਗਦੀਸ਼ ਪਾਲ ਸੀ। ਅਸੀਂ ਸੱਤ ਭੈਣ-ਭਰਾ ਹਾਂ। ਤਿੰਨ ਭਰਾ ਅਤੇ ਇਕ ਭੈਣ ਬਰਤਾਨੀਆਂ ਵਿਚ ਹਨ, ਇਕ ਭੈਣ ਕੈਨੇਡਾ ’ਚ ਹੈ ਅਤੇ ਇਕ ਜਲੰਧਰ ਰਹਿੰਦੀ ਹੈ। ਮੇਰੀ ਪਿੰਡ ਰਹਿੰਦੀ ਵੱਡੀ ਭੈਣ ਦੀ ਕੁੱਝ ਮਹੀਨੇ ਹੋਏ ਮੌਤ ਹੋ ਗਈ ਹੈ।

ਮੇਰੇ ਪ੍ਰੀਵਾਰ ਦੇ ਕਈ ਮੈਂਬਰ ਬਹੁਤ ਜਿ਼ਆਦਾ ਪੜ੍ਹੇ ਲਿਖੇ ਸਨ। ਭੀਮ ਸੈਨ ਮੇਹਰਾ ਪੰਜਾਬ ਦਾ ਮੰਨਿਆ ਵਕੀਲ ਸੀ ਉਨ੍ਹਾਂ ਦੇ ਪਿਤਾ ਜੀ ਰਾਧਾ ਰਾਮ ਵੀ ਉੱਘੇ ਵਕੀਲ ਸਨ। ਲਾਲਾ ਇੰਦਰਸੇਨ ਅਤੇ ਉਨ੍ਹਾਂ ਦੇ ਪਿਤਾ ਜੀ ਮਾਸਟਰ ਨੰਦ ਲਾਲ ਮੇਰੇ ਆਪਣੇ ਸਕਿਆਂ ਵਿਚੋਂ ਸਨ । ਇਹ ਲੋਕ ਆਰੀਆ ਸਮਾਜੀ ਸਨ ਅਤੇ ਜਲੰਧਰ ਦੇ ਡੀ.ਏ.ਵੀ. ਕਾਲਿਜ, ਹੰਸ ਰਾਜ ਮਹਿਲਾ ਕਾਲਿਜ ਅਤੇ ਕੰਨਿਆਂ ਮਹਾਂਵਿਦਿਆਲਾ ਕਾਲਿਜ ਦੇ ਕਰਤਿਆਂ-ਧਰਤਿਆਂ ਵਿਚੋਂ ਸਨ। ਮੇਰੇ ਪੜਦਾਦੇ ਲਾਲਾ ਚਿੰਤ ਰਾਮ ਨੇ ਆਪਣੇ ਪੁੱਤਰ ਲਾਲਾ ਬਾਬੂ ਰਾਮ(ਮੇਰੇ ਬਾਬਾ ਜੀ) ਨੂੰ ਕਿਸੇ ਸਕੂਲ-ਕਾਲਿਜ ਨਾ ਭੇਜਿਆ ਪਰ ਆਪਣੇ ਭਰਾ ਦੇ ਪੁੱਤਰ ਨੰਦ ਲਾਲ ਨੂੰ ਪੜ੍ਹਾ ਕੇ ਮਾਸਟਰ ਲੁਆ ਦਿੱਤਾ ਸੀ। ਮੇਰੇ ਪੜਦਾਦੇ ਦੀ ਇਹ ਕੁਰਬਾਨੀ ਸੀ ਕਿਉਂਕਿ ਉਹਦੇ ਭਰਾ ਮਾਸਟਰ ਨੰਦ ਲਾਲ ਜਦੋਂ ਛੋਟੇ ਹੀ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ। ਸ਼ਾਇਦ ਇਹ ਲੋਕ ਭਲਾਈ ਅਤੇ ਪੜਾਈ ਦੇ ਅੰਸ਼ ਮੈਨੂੰ ਵਿਰਾਸਤ ਵਿਚ ਮਿਲੇ ਹਨ। ਮੇਰੇ ਪ੍ਰੀਵਾਰ ਅਤੇ ਸਾਡੇ ਪਿੰਡ ਵਿਚ ਕੋਈ ਲੇਖਕ ਨਹੀਂ ਸੀ ।

? ਭਾਰਤ ਰਹਿੰਦਿਆਂ ਕੀ ਬਣਨ ਦਾ ਇਰਾਦਾ ਸੀ ?

– ਪੜਾਈ ਵਿਚ ਸ਼ੁਰੂ ਤੋਂ ਹੀ ਹੁਸਿ਼ਆਰ ਸਾਂ। ਕਲਾਸ ਵਿਚੋਂ ਸਦਾ ਪਹਿਲੇ ਨੰਬਰ ’ਤੇ ਆਉਂਦਾ ਸਾਂ। ਅੱਠਵੀਂ ਜਮਾਤ ਵਿਚੋਂ ਫਸਟ ਡਵੀਜਨ ਸੀ। ਪਿੰਡ ਮੈਂ ਪੰਜਵੀਂ ਤੱਕ ਪੜ੍ਹਿਆ। ਛੇਵੀਂ, ਸੱਤਵੀਂ, ਅੱਠਵੀਂ ਲਾਂਬੜਾ ਨੈਸ਼ਨਲ ਹਾਈ ਸਕੂਲ ਤੋਂ ਕੀਤੀ ਅਤੇ ਫਸਟ ਆਇਆ। ਨੌਵੀਂ, ਦਸਵੀਂ ਕਾਲ਼ਾ ਸੰਘਿਆ ਹਾਈ ਸਕੂਲ ਤੋਂ ਕੀਤੀ। ਜਿਲਾ ਕਪੂਰਥਲਾ ਵਿਚੋਂ ਮੈਂ ਪਹਿਲੇ ਨੰਬਰ ’ਤੇ ਆਇਆ ਅਤੇ ਮੈਨੂੰ ਵਜ਼ੀਫਾ ਮਿਲਿਆ। ਘਰਦਿਆਂ ਨੇ ਫੇਰ ਜਲੰਧਰ ਡੀ.ਏ.ਵੀ. ਕਾਲਿਜ ਮੈਡੀਕਲ ਪੜ੍ਹਨ ਲਈ ਭੇਜ ਦਿੱਤਾ। ਪਿੰਡ ਤੋਂ ਹਰ ਰੋਜ਼ ਸਾਈਕਲ ਤੇ ਜਾਂਦਾ ਸਾਂ। ਪ੍ਰੀਮੈਡੀਕਲ ਵਿਚੋਂ ਇੰਨੇ ਨੰਬਰ ਨਾ ਆ ਸਕੇ ਕਿ ਪੰਜਾਬ ਵਿਚ ਕਿਧਰੇ ਦਾਖਲਾ ਮਿਲ ਜਾਂਦਾ। ਇਸ ਕਰਕੇ ਮੈਡੀਕਲ ਵਾਲੀ ਬੀ.ਐਸ.ਸੀ. ਕੀਤੀ। ਹਾਂ, ਇਕ ਗੱਲ ਜ਼ਰੂਰ ਹੈ ਕਿ ਸਾਇੰਸ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਮੈਂ ਸਾਹਿਤ ਵਲ ਖਿੱਚਿਆ ਹੋਇਆ ਸੀ। ਮੈਕਸਿਮ ਗੋਰਕੀ, ਟੌਲਸਟੌਏ, ਪ੍ਰੇਮ ਚੰਦ, ਟੈਗੋਰ, ਚਾਰਲਜ ਼ਡਿਕਨਜ, ਮਾਰਕਸ, ਐਂਗਲਜ, ਨਾਨਕ ਸਿੰਘ, ਅਮ੍ਰਿਤਾ ਪ੍ਰੀਤਮ, ਗੁਰਬਖਸ ਼ਸਿੰਘ, ਜਸਵੰਤ ਸਿੰਘ ਕੰਵਲ, ਵਿਵੇਕਾ ਨੰਦ, ਦਯਾ ਨੰਦ, ਨਹਿਰੂ ਅਤੇ ਲਾਲਾ ਹਰਦਿਆਲ ਦੀਆਂ ਲਿਖਤਾਂ ਮੈਂ ਪੜ੍ਹਦਾ ਰਹਿੰਦਾ ਸੀ। ਮਨ ਵਿਚ ਕਿਧਰੇ ਇਹ ਗੱਲ ਘਰ ਕਰ ਗਈ ਸੀ ਕਿ ਮੈਂ ਲੇਖਕ ਜ਼ਰੂਰ ਬਣਨਾ ਹੈ। ਪਰ ਕੋਈ ਸਬੱਬ ਨਹੀਂ ਸੀ ਬਣ ਰਿਹਾ ਕਿ ਮੈਂ ਲਿਖਣਾਂ ਸ਼ੁਰੂ ਕਰਾਂ। ਇਕ ਕਿਸਮ ਦੀ ਇਸ ਕੰਮ ਲਈ ਸਮਗਰੀ ਇਕੱਠੀ ਕਰ ਰਿਹਾ ਸੀ।

? ਫੇਰ ਪਹਿਲੀ ਲਿਖਤ ਦਾ ਸਬੱਬ ਕਿਵੇਂ ਬਣਿਆਂ ?

– ਬਰਤਾਨੀਆਂ ਵਿਚ 1973 ਮਾਰਚ ਦੇ ਅਖੀਰ ’ਚ ਮੈਂ ਜਾਅਲੀ ਪਹੁੰਚਾ ਸੀ। ਇੱਥੇ ਰਿਸ਼ਤੇਦਾਰਾਂ ਨੇ ਬੜੇ ਗੁੱਲ ਖਿੜਾਏ ਅਤੇ ਮਨ ਬੁਰੀ ਤਰ੍ਹਾਂ ਝਰੀਟਿਆ ਗਿਆ। ਕਿਸੇ ਨੇ ਮੇਰੀ ਸ਼ਿਕਾਇਤ ਕਰ ਦਿੱਤੀ ਅਤੇ ਮੈਨੂੰ ਵਾਪਸ ਇੰਡੀਆ ਭੇਜ ਦਿੱਤਾ ਗਿਆ। ਵਿਆਹ ਕਰਵਾ ਕੇ 1978 ਵਿਚ ਜਦੋਂ ਫੇਰ ਵਾਪਿਸ ਆਇਆ ਤਾਂ ਰਹਿੰਦੀ ਕਸਰ ਘਰ ਵਾਲ਼ੀ ਨੇ ਪੂਰੀ ਕਰ ਦਿੱਤੀ। ਉਹਨੇ ਅਤੇ ਉਹਦੇ ਰਿਸ਼ਤੇਦਾਰਾਂ ਨੇ ਮੈਨੂੰ ਰੱਜ ਕੇ ਖੱਜਲ਼-ਖੁਆਰ ਕੀਤਾ। ਇਸ ਨਰਕ ਭਰੀ ਜਿ਼ੰਦਗੀ ਨੇ ਮਨ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਅਤੇ ਹੁਣ ਮਨ ਪਾਟ ਰਿਹਾ ਸੀ ਤੇ ਇਸੇ ਕਰਕੇ ਮੇਰੀ ਇਕ ਚਿੱਠੀ ‘ਦੇਸ ਪ੍ਰਦੇਸ’ ਵਿਚ ਸ਼ਾਇਦ 1979 ’ਚ ਛਪੀ। ਇਸ ਤੋਂ ਬਾਅਦ ਮੈਂ ‘ਪੰਜਾਬ ਟਾਈਮਜ਼’ ਵਿਚ ਛਪਣਾਂ ਸ਼ੁਰੂ ਕਰ ਦਿੱਤਾ ਅਤੇ ਮੈਂ ਆਪਣੀਆਂ ਲਿਖਤਾਂ ਪੰਜਾਬ ਦੇ ਰੋਜ਼ਾਨਾ ਅਖਬਾਰਾਂ ਨੂੰ ਵੀ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ‘ਪ੍ਰੀਤ ਲੜੀ’ ਨੇ ਵੀ ਮੈਨੂੰ ਛਾਪਣਾਂ ਸ਼ੁਰੂ ਕਰ ਦਿੱਤਾ। ਸਭ ਤੋਂ ਜਿਆਦਾ ਮੈਨੂੰ ‘ਪੰਜਾਬੀ ਟ੍ਰਿਬਿਊਨ’ ਨੇ ਛਾਪਿਆ। ਉਸ ਵੇਲੇ ਬ੍ਰਜਿੰਦਰ ਹਮਦਰਦ ਅਖਬਾਰ ਦਾ ਐਡੀਟਰ ਸੀ। ਬ੍ਰਜਿੰਦਰ ਨੇ ਮੈਨੂੰ ਲੀਡਿੰਗ ਕਾਲਮ ਵਿਚ ਛਾਪਿਆ ਹੀ ਨਹੀਂ ਸਗੋਂ ਮੇਰੀਆਂ ਲਿਖਤਾਂ ਦੇ ਮੈਨੂੰ ਪੈਸੇ ਵੀ ਦਿੱਤੇ। ਬਸ! ਫਿਰ ਕੀ ਸੀ, ਚਲ ਸੋ ਚਲ । ਹੁਣ , ਪੰਜਾਬੀ ਦਾ ਸ਼ਾਇਦ ਹੀ ਕੋਈ ਅਜਿਹਾ ਪਰਚਾ ਹੋਵੇਗਾ ਜਿਸ ਵਿਚ ਮੈਂ ਨਾ ਛਪਿਆ ਹੋਵਾਂ।

? ਪੰਜਾਬੀ ਦੇ ਵਿਗੜਦੇ ਸਰੂਪ ਬਾਰੇ ਕੀ ਰਾਇ ਹੈ ?

– ਪੰਜਾਬੀ ਦਾ ਸੱਤਿਆਨਾਸ ਸਾਡੇ ‘ਬੁੱਧੀਜੀਵੀਆਂ’ ਨੇ ਕੀਤਾ ਹੈ। ਇਨ੍ਹਾਂ ਡਾਕਟਰਾਂ, ਪ੍ਰੋਫੈਸਰਾਂ ਨੇ ਪੰਜਾਬੀ ਵਿਚ ਹਿੰਦੀ, ਉਰਦੂ ਤੇ ਅੰਗਰੇਜ਼ੀ ਦੇ ਬੇਲੋੜੇ ਸ਼ਬਦ ਫ਼ਾਨੇ ਵਾਂਗੂੰ ਠੋਕ ਦਿੱਤੇ ਹਨ ਕਿ ਮੈਨੂੰ ਪੰਜਾਬੀ ਮਾਂ ਬੋਲੀ ਵੀ ਸਮਝ ਨਹੀਂ ਪੈਂਦੀ ਅਤੇ ਕਈ ਵਾਰ ਉਹਦਾ ਅੰਗਰੇਜ਼ੀ ਤਰਜ਼ਮਾ ਦੇਖਣਾਂ ਪੈਂਦਾ ਹੈ ਕਿ ਇਸ ਪੰਜਾਬੀ ਲਫ਼ਜ਼ ਦਾ ਕੀ ਮਤਲਬ ਹੈ। ਕਈ ਲੇਖਕ ਵੀ ਇਸ ਬੀਮਾਰੀ ਦੇ ਮਰੀਜ਼ ਹਨ। ਉਹ ਇਸ ਵਿਗੜਦੇ ਸਰੂਪ ਨੂੰ ਵਧੀਆ ਕਹਿਣ ਲਗ ਪਏ ਹਨ ਕਿ ਪੰਜਾਬੀ ਦੀ ਤਰੱਕੀ ਹੋ ਰਹੀ ਹੈ। ਜੇ ਪੰਜਾਬੀ ਵਿਚ ਢੁੱਕਵਾਂ ਸ਼ਬਦ ਨਹੀਂ ਹੈ ਤਾਂ ਉਹਦੇ ਵਾਸਤੇ ਕਿਸੇ ਦੂਸਰੀ ਜ਼ੁਬਾਨ ਦਾ ਬਦਲਵਾਂ ਪਰ ਢੁੱਕਵਾਂ ਸ਼ਬਦ ਲੈਣ ਵਿਚ ਕੋਈ ਹਰਜ਼ ਨਹੀਂ। ਪਰ ਖਾਹਮ-ਖਾਹ ਕਿਸੇ ਹੋਰ ਭਾਸ਼ਾ ਦਾ ਅਣਮੇਚਵਾਂ ਸ਼ਬਦ ਠੋਕਣਾਂ ਪੰਜਾਬੀ ਜ਼ੁਬਾਨ ਨਾਲ਼ ਸਿਰੇ ਦਾ ਧੱਕਾ ਅਤੇ ਗੱਦਾਰੀ ਹੈ। ਖਾਸ ਕਰਕੇ ਬਹੁਤੇ ਪੰਜਾਬੀ ਦੇ ਆਲੋਚਕ ਆਪਣੀ ਵਿਦਵਤਾ ਵਿਖਾਉਣ ਲਈ ਐਹੋ ਜਹੇ ਅਢੁੱਕਵੇਂ ‘ਗੈਰ ਪੰਜਾਬੀ ਸ਼ਬਦਾਂ’ ਦੀ ਅੰਨ੍ਹੇ-ਵਾਹ ਵਰਤੋਂ ਕਰਦੇ ਹਨ। ਫਿਰ ਇਸ ਗੱਲ ਨੂੰ ਸਹੀ ਠਹਿਰਾਉਣ ਵਾਸਤੇ ਬੇਸ਼ਰਮੀ ਭਰੀ ਦਲੀਲ ਦਿੰਦੇ ਹਨ ਅਖੇ ਜੀ ਆਲੋਚਕਾਂ ਨੂੰ ਇਸ ਜ਼ੁਬਾਨ ਦੀ ਜ਼ਰੂਰਤ ਹੈ। ਮੈਂ ਅੰਗਰੇਜ਼ੀ ਦੇ ਆਲੋਚਕਾਂ ਵਲੋਂ ਐਹੋ ਜਹੇ ਸ਼ਬਦਾਂ ਦੀ ਘਾੜਤ ਨਹੀਂ ਦੇਖੀ-ਪੜ੍ਹੀ। ਐਹੋ ਜਹੀ ਮਾਨਸਿਕ ਬੀਮਾਰੀ ਰੂਸ ਵਿਚ ਜ਼ਾਰ ਦੇ ਜ਼ਮਾਨੇ ਅੰਦਰ ਉਸ ਸਮਾਜ ਵਿਚਲੇ ਉੱਪਰਲੇ ਤਬਕੇ ਦੇ ਅਮੀਰਜ਼ਾਦਿਆਂ ਵਿਚ ਵੀ ਆ ਗਈ ਸੀ। ਉਹ ਘਰ ਬਾਹਰ ਰੂਸੀ ਜ਼ੁਬਾਨ ਬੋਲਣ ਦੀ ਬਜਾਏ ਫਰਾਂਸੀਸੀ ਵਿਚ ਗੱਲ ਕਰਿਆ ਕਰਦੇ ਸਨ। ਅੱਜ ਖਾਸ ਕਰਕੇ ਪੰਜਾਬ ਵਿਚ ਅਤੇ ਮੁਲਕ ਦੇ ਹੋਰ ਸੂਬਿਆਂ ਵਿਚ ਵੀ ਪੰਜਾਬੀਆਂ ਵਿਚਲੇ (ਖਾਸ ਕਰਕੇ) ਅਮੀਰਜ਼ਾਦੇ ਪੰਜਾਬੀ ਦੀ ਥਾਵੇਂ ਹਿੰਦੀ ਜਾਂ ਅੰਗਰੇਜ਼ੀ ਵਿਚ ਗੱਲ ਕਰਦੇ ਹਨ ਅਤੇ ਆਪਣੇ ਆਪ ਨੂੰ ਹਵਾ ਵਿਚ ਤਾਰੀਆਂ ਲਾਉਂਦੇ ਮਹਿਸੂਸ ਕਰਦੇ ਹਨ।

ਮੈਨੂੰ ਬਾਬਾ ਬੁੱਲ੍ਹੇ ਸ਼ਾਹ, ਬਾਬਾ ਫਰੀਦ ਅਤੇ ਬਾਬਾ ਨਾਨਕ ਦੀ ਪੰਜਾਬੀ ਤਾਂ ਸਮਝ ਲਗਦੀ ਹੈ ਪਰ ਇਨ੍ਹਾਂ ਅਖੌਤੀ ਢੁੱਡਾਂ ਵਾਲਿਆਂ (“ਵਿਦਵਾਨਾਂ”) ਦੀ ਪੰਜਾਬੀ ਦੀ ਕੋਈ ਸਮਝ ਨਹੀਂ ਪੈਂਦੀ। ਮਜ਼ੇਦਾਰ ਗੱਲ ਤਾਂ ਇਹ ਹੈ ਕਿ ਇਨ੍ਹਾਂ ਆਪੇ ਬਣੇ ਬੁੱਧੀਜੀਵੀਆਂ ਵਿਚੋਂ ਬਹੁਤਿਆਂ ਦੇ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ-ਲਿਖਣੀ ਵੀ ਨਹੀਂ ਆਉਂਦੀ ਅਤੇ ਉਹ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਦੇ ਹਨ। ਹੈਰਾਨਗੀ ਵਾਲ਼ੀ ਗੱਲ ਨਹੀਂ ਕਿ ਇਹ ਅਖੌਤੀ ਵਿਦਵਾਨ ਆਪ ਤਾਂ ਪੰਜਾਬੀ ਜ਼ੁਬਾਨ ਦੇ ਸਿਰੋਂ ਰੋਟੀ ਖਾਂਦੇ, ਟੱਬਰ ਪਾਲ਼ਦੇ ਹਨ ਪਰ ਆਪਣੀ ਔਲਾਦ ਨੂੰ ਮਾਂ ਬੋਲੀ ਤੋਂ ਬੇਮੁਖ ਕਰ ਰਹੇ ਹਨ। ਕੀ ਇਹ ਉਨ੍ਹਾਂ ਦਾ ਦੋਗਲਾ ਪਣ ਨਹੀਂ? ਸੋ, ਪੰਜਾਬੀ ਦੇ ਕਈ ਦੁਸ਼ਮਣ ਹਨ ਜਿਵੇਂ ਸਰਕਾਰਾਂ, ਅਖੌਤੀ ਵਿਦਵਾਨ, ਅਖੌਤੀ ਪੜ੍ਹਿਆਂ ਲਿਖਿਆ ਤਬਕਾ ਅਤੇ ਸਾਡੇ ਕੁੱਝ ਪੰਜਾਬੀ ਲੇਖਕ। ਮੈਨੂੰ ਤਾਂ ਕਈ ਵਾਰ ਲਗਦਾ ਹੈ ਕਿ ਭਵਿੱਖ ਵਿਚ ਪੰਜਾਬੀ ਸ਼ਾਇਦ ਸਿਰਫ ਗਰੀਬ ਲੋਕ ਹੀ ਪੜ੍ਹਿਆ ਲਿਖਿਆ ਕਰਨਗੇ ।

? ਲਿਖਣ ਦਾ ਮਕਸਦ ਕੀ ਹੈ ?

– ਆਪਣੇ ਵਿਚਾਰਾਂ, ਸੋਚ ਨੂੰ ਬਹੁਤੇ ਲੋਕਾਂ ਤੱਕ ਪਹੁੰਚਾਣ ਵਾਲ਼ੀ ਗੱਲ ਹੈ। ਆਪਣੇ ਅੰਦਰ ਦੇ ਗੁਬਾਰ ਨੂੰ ਬਾਹਰ ਕੱਢਣ ਦਾ ਵਸੀਲਾ ਵੀ ਹੈ। ਬੇਇਨਸਾਫੀ ਦੇ ਖਿਲਾਫ ਅੜਨ, ਲੜਨ ਅਤੇ ਕਰੂਰਤਾ ਨੂੰ ਦੂਰ ਕਰਨ ਦੀ ਜਰੂਰਤ ਹੈ ਅਤੇ ਲੋਕਾਂ ਦੇ ਦਰਦ ਨੂੰ ਅਵਾਜ਼ ਦੇਣ ਅਤੇ ਉਨ੍ਹਾਂ ਦੇ ਹੱਕਾਂ ਵਾਸਤੇ ਜੂਝਣ ਲਈ ਇਕ ਹਥਿਆਰ ਹੈ ਤਾਂ ਕਿ ਲੋਕ ਰਾਇ ਨੂੰ ਆਪਣੇ ਹੱਕ ਵਿਚ ਭੁਗਤਾ ਕੇ ਇਕ ਚੰਗੇ ਸਮਾਜ ਦੀ ਸਿਰਜਣਾਂ ਕੀਤੀ ਜਾ ਸਕੇ। ਜੇਕਰ ਮੇਰੀਆਂ ਲਿਖਤਾਂ ਬੇਇਨਸਾਫੀ ਦੇ ਖਿਲਾਫ ਨਹੀਂ ਭੁਗਤਦੀਆਂ ਅਤੇ ਲਿਤਾੜੇ ਜਾ ਰਹੇ ਲੋਕਾਂ ਦੀ ਗੱਲ ਨਹੀਂ ਕਰਦੀਆਂ ਤਾਂ ਮੈਂ ਲੇਖਕ ਕਹਾਉਣ ਦਾ ਹੱਕਦਾਰ ਨਹੀਂ ਹਾਂ। ਲਿਖਣਾਂ ਮੇਰੀ ਅਣਸਰਦੀ ਲੋੜ ਹੈ। ਮੈਂ ਲਿਖਣ ਤੋਂ ਬਗੈਰ ਨਹੀਂ ਰਹਿ ਸਕਦਾ। ਮੇਰੇ ਸਾਹ ਲੈਣ ਵਾਂਗ ਹੀ ਲਿਖਣਾਂ ਵੀ ਮੇਰੇ ਲਈ ਜ਼ਰੂਰੀ ਹੈ। ਅਗਰ ਮੈਂ ਨਾ ਲਿਖਾਂ ਤਾਂ ਮੇਰਾ ਤਿਵਾਜ਼ਨ ਹਿੱਲ ਸਕਦਾ ਹੈ।

? ਅਲੋਚਕਾਂ ਨੂੰ ਭਾੜੇ ਦੀ ਪੌੜੀ ਬਣਾ ਕੇ ‘ਉੱਪਰ ਚੜ੍ਹਨ’ ਵਾਸਤੇ ਹੀਲੇ-ਵਸੀਲੇ ਕਰਨ ਵਾਲ਼ੇ ਲੇਖਕਾਂ ਬਾਰੇ ਕੀ ਰਾਇ ਹੈ ?

-ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਸਾਡੇ ਸਭ ਵਿਚ ਹੀ ਹਓਮੈ ਹੈ। ਅਸੀਂ ਚਾਹੁੰਦੇ ਹਾਂ ਕਿ ਮੇਰੀ ਪਹਿਚਾਣ ਬਣੇ ਅਤੇ ਸ਼ਨਾਖਤ ਹੋ ਸਕੇ। ਆਪਣੀ ਬੱਲੇ ਬੱਲੇ ਕਰਾਉਣ ਲਈ ਕਈ ਲੋਕ, ਜਿਨ੍ਹਾਂ ਵਿਚ ਲੇਖਕ ਵੀ ਸ਼ਾਮਲ ਹਨ ਕਈ ਜੁਗਾੜਬੰਦੀਆਂ ਕਰਦੇ ਹਨ ਅਤੇ ਕਈ ਤਰ੍ਹਾਂ ਦੇ ਹਥਕੰਡੇ ਵਰਤਦੇ ਹਨ। ਸੂਰਜ ਜਦੋਂ ਚੜ੍ਹਦਾ ਹੈ ਤਾਂ ਕਿਸੇ ਨੂੰ ਦੱਸਦਾ ਨਹੀਂ ਕਿ ਮੈਂ ਚੜ੍ਹ ਗਿਆ ਹਾਂ ਇਹਦੀ ਰੌਸ਼ਨੀ ਹੀ ਐਨੀ ਤੇਜ਼ ਹੁੰਦੀ ਹੈ ਕਿ ਦੇਖਣ ਵਾਲ਼ੇ ਦੀਆਂ ਅੱਖਾਂ ਵੀ ਚੁੰਧਿਆ ਸਕਦਾ ਹੈ। ਇਹ ਨਿਯਮ ਅਨੁਸਾਰ ਆਪਣਾ ਕੰਮ ਕਰਦਾ ਰਹਿੰਦਾ ਹੈ ਚਾਹੇ ਮੀਂਹ, ਹਨੇਰੀ, ਤੂਫ਼ਾਨ ਆਵੇ। ਕੋਈ ਖੋਖਲਾ ਅਤੇ ਘਟੀਆ ਲੇਖਕ ਹੀ ਭਾੜੇ ਦੀ ਪੌੜੀ ਭਾਵ ਕਿਸੇ ਅਲੋਚਕ ਨੂੰ ਵਰਤ ਸਕਦਾ ਹੈ। ਗੁਲਾਬ ਨੂੰ ਇਹ ਦੱਸਣ ਦੀ ਲੋੜ ਨਹੀਂ ਕਿ ਮੈਂ ਮਹਿਕਾਂ ਖਿਲਾਰ ਰਿਹਾਂ। ਅਲੋਚਕ ਹੰਢੇ ਹੋਏ ਸਾਹਿਤਕਾਰ ਨਹੀਂ ਹੁੰਦੇ ਕਿ ਉਹ ਕਿਸੇ ਲੇਖਕ ਦੀਆਂ ਲਿਖਤਾਂ ਦਾ ਮੁਲਾਂਕਣ ਨਿਰਪੱਖ ਅਤੇ ਸਹੀ ਢੰਗ ਨਾਲ ਕਰ ਸਕਣ। ਉਹ ਵੀ ਆਮ ਇਨਸਾਨ ਹਨ, ਜਿਨ੍ਹਾਂ ਵਿਚ ਸਾਡੇ ਸਾਰਿਆਂ ਵਾਂਗ ਸੈਂਕੜੇ ਖ਼ਾਮੀਆਂ ਹਨ। ਨੋਬਲ ਪ੍ਰਾਈਜ਼ ਵਰਗੇ ਸਨਮਾਨਾਂ ਵਿਚ ਰਾਜਨੀਤੀ ਅਤੇ ਹੋਰ ਪੱਖਪਾਤ ਕੰਮ ਕਰਦੇ ਹਨ। ਅਗਰ ਕਿਸੇ ਨੂੰ ਇਹ ਭਰਮ ਹੈ ਕਿ ਕਿ ਕੋਈ ਅਲੋਚਕ ਕਿਸੇ ਨੂੰ ਵੱਡਾ ਸਾਹਿਤਕਾਰ ਬਣਾ ਦੇਵੇਗਾ ਤਾਂ ਉਹ ਲੇਖਕ ਮੂਰਖ ਹੀ ਹੋ ਸਕਦਾ ਹੈ। ਮੈਨੂੰ ਪਤਾ ਹੈ ਕਿ ਕਈ ਲੇਖਕਾਂ ਨੇ ਸੈਂਕੜੇ ਪੌਂਡ ਖਰਚ ਕੇ ਆਪਣੇ ’ਤੇ ਪਰਚੇ ਲਿਖਵਾਏ ਹਨ। ਪਰ ਉਹ ਕਿੱਥੇ ਖੜ੍ਹੇ ਹਨ ?

? ਸਾਹਿਤਕ ਅਤੇ ਅਕਾਦਮਿਕ ਅਲੋਚਨਾਂ ਨੂੰ ਇਕੋ ਰੱਸੇ ਬੰਨਿਆਂ ਜਾ ਰਿਹਾ ਹੈ, ਇਹਦਾ ਵਖਰੇਵਾਂ ਖਤਮ ਕੀਤਾ ਜਾ ਰਿਹਾ ਹੈ, ਇਹਦੇ ਬਾਰੇ ਕੁੱਝ ?

– ਪੰਜਾਬੀ ਸਾਹਿਤ ਦੀ ਅਲੋਚਨਾਂ ਪੰਜਾਬੀ ਦੇ ਡਾਕਟਰਾਂ ਅਤੇ ਪ੍ਰੋਫੈਸਰਾਂ ਦੇ ਹੱਥਾਂ ਵਿਚ ਹੈ ਇਹ ਜਰੂਰੀ ਨਹੀਂ ਕਿ ਪੰਜਾਬੀ ਦੇ ਅਜਿਹੇ ਡਾਕਟਰ, ਪ੍ਰੋਫੈਸਰ ਵਧੀਆ ਲੇਖਕ ਵੀ ਹੋਣ। ਉਨ੍ਹਾਂ ਦੀ ਸਾਰੇ ਸਮੇਂ ਦੀ ਨੌਕਰੀ ਪੜ੍ਹਾਉਣਾ ਹੈ-ਸਾਹਿਤ ਰਚਨਾਂ ਨਹੀਂ। ਪੰਜਾਬੀ ਦੇ ਪਰਚਿਆਂ ਅਤੇ ਅਖਬਾਰਾਂ ਵਾਲਿ਼ਆਂ ਨੂੰ ਪੰਜਾਬੀ ਲਿਖ਼ਤਾਂ ਦੀ ਅਲੋਚਨਾਂ/ਪੜਚੋਲ਼ ਹੰਢੇ ਹੋਏ ਸਾਹਿਤਕਾਰਾਂ ਅਤੇ ਸਾਹਿਤ ਦੇ ਸੁਲ਼ਝੇ ਹੋਏ ਪਾਰਖੂਆਂ ਤੋਂ ਕਰਵਾਉਣੀ ਚਾਹੀਦੀ ਹੈ। ਜਿਹੜੀ ਲਿਖਤ ਆਮ ਲੋਕਾਂ ਦੀ ਪਕੜ ਵਿਚ ਹੀ ਨਹੀਂ ਆਉਂਦੀ ਉਹ ਭਲਾ ਸਾਹਿਤ ਦਾ ਕੀ ਸੁਆਰ ਸਕਦੀ ਹੈ। ਅਕਾਦਮਿਕ ਤੌਰ ’ਤੇ ਵਾਕ ਬਣਤਰ, ਸ਼ਬਦਾਂ ਦੀ ਚੋਣ, ਗੱਲ ਕਹਿਣ ਦਾ ਅੰਦਾਜ਼ ਅਤੇ ‘ਗਰਾਮਰ’ ਆਦਿ ਦੇਖੇ ਪਰਖੇ ਜਾ ਸਕਦੇ ਹਨ ਜਦੋਂ ਕਿ ਸਾਹਿਤਕ ਤੌਰ ’ਤੇ ਲਿਖਤ ਦਾ ਸਮੁੱਚਾ ਪ੍ਰਭਾਵ, ਲਿਖਤ ਦੀ ਖਿੱਚ, ਭਾਵਨਾਵਾਂ ਅਤੇ ਦਰਦ ਨੂੰ ਕਿਵੇਂ ਪ੍ਰੋਸਿਆ ਗਿਆ ਹੈ-ਦੇਖਣਾ ਜਰੂਰੀ ਹੁੰਦਾ ਹੈ।

ਪੰਜਾਬੀ ਦੀ ਬਦਕਿਸਮਤੀ ਇਹ ਹੈ ਕਿ ਇੱਥੇ ਸਾਰਾ ਕੰਮ ਧੜੇਬੰਦੀਆਂ, ਜਾਤਾਂ-ਪਾਤਾਂ, ਰਾਜਨੀਤੀਆਂ, ਗੁਟਬੰਦੀਆਂ ਅਤੇ ਜੁਗਾੜਬੰਦੀਆਂ ਉੱਤੇ ਟਿਕਿਆ ਹੋਇਆ ਹੈ ਇਸੇ ਕਰਕੇ ਸਾਰਥਿਕ ਸਿੱਟੇ ਨਹੀਂ ਨਿਕਲ਼ ਰਹੇ। ਲੱਚਰ ਸਾਹਿਤ ਅਤੇ ਗਵੱਈਏ ਵਧ ਰਹੇ ਹਨ। ਸਾਡੇ ਕੋਲ਼ ਇਸ ਲੱਚਰ ਨੂੰ ਨੱਥ ਪਾਉਣ ਵਾਲੀ ਨਾ ਤਾਂ ਕੋਈ “ਤਾਕਤਵਰ ਸੰਸਥਾ” ਹੈ ਅਤੇ ਨਾ ਹੀ ਕੋਈ ਕਾਨੂੰਨ ਹੈ ਜਿਸ ਅਧੀਨ ਲੱਚਰ ਸਾਹਿਤ ਨੂੰ ਕਾਬੂ ਕੀਤਾ ਜਾ ਸਕੇ। ਮੈਂ ਸਮਝਦਾ ਹਾਂ ਕਿ ਸਾਨੂੰ ਕਾਨੂੰਨ ਅਤੇ ਸੰਸਥਾ ਦੀ ਲੋੜ ਹੈ ਤਾਂ ਕਿ ਸਾਹਿਤ ਅਤੇ ਸਭਿਆਚਾਰ ਨੂੰ ਢਾਅ ਲੱਗਣ ਤੋਂ ਬਚਾਇਆ ਜਾ ਸਕੇ ।

? ਪੰਜਾਬੀ ਕਿਤਾਬਾਂ ਦੇ ਘੱਟ ਵਿਕਣ ਅਤੇ ਘੱਟ ਪੜ੍ਹੇ ਜਾਣ ਵਾਲੇ ਰੌਲ਼ੇ ਦਾ ਕੀ ਕਾਰਨ ਹੈ ?

– ਇਹਦੇ ਕਈ ਕਾਰਨ ਹਨ। ਗੁਲਾਮੀ ਦੀ ‘ਮਿਹਰਬਾਨੀ’ ਸਦਕਾ ਪੰਜਾਬੀ ਨੂੰ ਅੰਗਰੇਜ਼ੀ ਦੇ ਮੁਕਾਬਲੇ ਘਟੀਆ ਸਮਝਿਆ ਜਾਂਦਾ ਹੈ ਅਤੇ ਇਸ ਕਰਕੇ ਆਪਣੇ ਆਪ ਨੂੰ ਪੜ੍ਹਿਆ-ਲਿਖਿਆ ਸਮਝਦਾ ਤਬਕਾ ਪੰਜਾਬੀ ਦੀ ਬਜਾਏ ਅੰਗਰੇਜ਼ੀ ਦੀਆਂ ਪੁਸਤਕਾਂ ਪੜ੍ਹਨੀਆਂ ਪਸੰਦ ਕਰਦਾ ਹੈ। ਅੰਤਰਰਾਸ਼ਟਰੀ ਪੱਧਰ ’ਤੇ ਅੰਗਰੇਜ਼ੀ ਦਾ ਬੋਲਬਾਲਾ ਹੋਣ ਕਰਕੇ ਬਹੁਤੀ ਸਮਗਰੀ ਅੰਗਰੇਜ਼ੀ ’ਚ ਮਿਲ਼ ਜਾਂਦੀ ਹੈ। ਪੰਜਾਬੀ ਵਿਚ ਆਮ ਕਰਕੇ ਦੂਜੇ ਦਰਜੇ ਦਾ ਹੀ ਮਸਾਲਾ ਮਿਲ਼ਦਾ ਮਹਿਸੂਸਿਆ ਜਾਂਦਾ ਹੈ। ਬਹੁਤੇ ਪੰਜਾਬੀਆਂ ਦੇ ਰਿਸ਼ਤੇਦਾਰ ਵਿਦੇਸ਼ਾਂ ਵਿਚ ਗਏ ਹੋਣ ਕਰਕੇ ਅੰਗਰੇਜ਼ੀਕਰਨ ਦਾ ਬੋਲਬਾਲਾ ਹੈ। ਸਰਕਾਰੀ ਨੀਤੀਆਂ ਨੇ ਵੀ ਇਸਦਾ ਘਾਣਬਚਾ ਕੀਤਾ ਹੈ। ਹੁਣ ਥਾਂ ਥਾਂ ਖੁੱਲ੍ਹੇ ਅੰਗਰੇਜ਼ੀ ਸਕੂਲਾਂ ਨੇ ਬਿਲਕੁਲ ਹੀ ਭੱਠਾ ਬੈਠਾ ਦਿੱਤਾ ਹੈ। ਫਿਲਮਾਂ ਦਾ ਪ੍ਰਭਾਵ ਵੀ ਅਜਿਹਾ ਹੈ ਕਿ ਅਸੀਂ ਪੰਜਾਬੀ ਨੂੰ ਕੋਈ ਮਹੱਤਤਾ ਨਹੀਂ ਦਿੱਤੀ। ਪੰਜਾਬੀ ਫਿਲਮਾਂ ਦੇ ਫੇਲ੍ਹ ਹੋਣ ਦਾ ਇਕ ਕਾਰਨ ਇਹ ਵੀ ਤਾਂ ਹੈ। ਪੰਜਾਬੀ ਲੇਖਕਾਂ ਦੀਆਂ ਲਿਖਤਾਂ ਉੱਤੇ ਕਿੰਨੀਆਂ ਕੁ ਫਿਲਮਾਂ ਬਣਦੀਆਂ ਹਨ? ਜਦੋਂ ਕਿ ਪੰਜਾਬੀ ਵਿਚ ਚੰਗੀਆਂ ਕਹਾਣੀਆਂ ਅਤੇ ਨਾਵਲ ਲਿਖੇ ਗਏ ਹਨ। ਪੰਜਾਬੀ ਸੁਭਾਅ ਵੀ ਕਿਤਾਬ ਦੀ ਬਜਾਏ ਦਾਰੂ ਦੀ ਬੋਤਲ ਖਰੀਦਣ ਦੇ ਹੱਕ ਵਿਚ ਹੈ। ਅਸੀਂ ਦਿਖਾਵੇ ਲਈ ਕਿਤਾਬਾਂ ਦੀ ਅਲਮਾਰੀ ਨਹੀਂ ਸਗੋਂ ਟੀ.ਵੀ., ਵੀ.ਸੀ.ਆਰ., ਕਾਰ ਤੇ ਫਰਿੱਜ ਵਿਖਾਉਂਦੇ ਹਾਂ ਜਾਂ ਫੇਰ ਧਾਰਮਿਕ ਗੁਟਕੇ, ਧਾਰਮਿਕ ਕਿਸਮ ਦੀਆਂ ਕਿਤਾਬਾਂ ਜਿਨ੍ਹਾਂ ਦੇ ਆਸਰੇ ਸਿਰਫ ਧਾਰਮਿਕ ਵਿਖਾਵਾ ਹੋ ਸਕੇ। ਵਿਦੇਸ਼ਾਂ ਵਿਚ ਵੀ ਸਾਡਾ ਇਹ ਹੀ ਹਾਲ ਹੈ-ਵੱਡਾ ਘਰ, ਵਧੀਆ ਕਾਰ ਅਤੇ ਧਾਰਮਿਕ ਵਿਖਾਵੇ ਦੀਆਂ ਚੀਜਾਂ-ਵਸਤਾਂ ਰੱਖਣ ਵਾਸਤੇ ਵੀ ਘਰ ਵਿਚ ਚੋਖਾ ਥਾਂ ਹੋਵੇਗਾ ਪਰ ਕਿੰਨੇ ਕੁ ਘਰ ਹਨ ਜਿਥੇ ਕਿਤਾਬਾਂ ਵਾਸਤੇ ਵੀ ਥਾਂ ਹੈ, ਬਸ! ਵਿਰਲੇ ਟਾਂਵੇ ਹੀ ਹਨ। ਸ਼ਾਇਦ ਇਹ ਸਾਡੇ ਪਿਛੋਕੜ ਦਾ ਵੀ ਕਸੂਰ ਹੋਵੇ। ਸਾਡੇ ਪੁਰਖਿਆਂ ਨੂੰ ਟਿਕ ਕੇ ਬਹਿਣ ਨਾ ਦਿੱਤਾ ਹੋਣ ਕਰਕੇ ਅਸੀਂ ਹੁਣ ਵੀ “ਠਹਿਰੇ ਹੋਏ” ਨਹੀਂ ਹਾਂ। ਅੰਗਰੇਜ਼ੀ ਵਿਚ ਜੀਹਨੂੰ ‘ਇਨਸਿਕਿਓਰ. ਕਹਿੰਦੇ ਹਾਂ, ਉਹ ਬਣ ਗਏ ਹਾਂ। ਜਦੋਂ ਕਿ ਪੰਜਾਬੀਆਂ ਨੇ ਵੇਦ, ਮਹਾਂਭਾਰਤ ਅਤੇ ਰਮਾਇਣ ਵਰਗੀਆਂ ਪੁਰਾਣੀਆਂ ਕਲਾਸਿਕ ਕਿਤਾਬਾਂ ਲਿਖੀਆਂ ਸਨ।

? ਆਪਣੀਆਂ ਕਿਤਾਬਾਂ ਅਤੇ ਮਿਲੇ ਇਨਾਮਾਂ ਬਾਰੇ ਦੱਸੋ ?

– ਪੰਜਾਬੀ ਵਿਚ ਹੁਣ ਤੱਕ ਮੇਰੀਆਂ ‘ਜਾਅਲੀ ਦੁਨੀਆਂ’, ‘ਮਸਲੇ ਪਰਵਾਸ ਦੇ’, ‘ਨੈਤਿਕਤਾ ਅਤੇ ਤਰਕਸ਼ੀਲਤਾ’, ‘ਗੋਰੀ ਧਰਤੀ ਮੇਰੇ ਲੋਕ’, ‘ਬਰਤਾਨਵੀ ਤੇ ਭਾਰਤੀ ਸਮਾਜ’ ਕਿਤਾਬਾਂ ਛਪ ਚੁੱਕੀਆਂ ਹਨ। ਇਸ ਤੋਂ ਇਲਾਵਾ ਕੁੱਝ ਲੇਖ ਵੀ ਅੰਗਰੇਜ਼ੀ ਦੀਆਂ ਕਿਤਾਬਾਂ ਵਿਚ ਛਪ ਚੁੱਕੇ ਹਨ। ਮੇਰੀਆਂ ਕਿਤਾਬਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਬਰਤਾਨੀਆਂ ਵਿਚ ਪੰਜਾਬੀ ਦੇ ‘ਏ ਲੇਵਲ’ ਲਈ ਸਲੇਬਸ ਵਿਚ ਲੱਗੀਆਂ ਹਨ। ਈਸਟ ਮਿਡਲੈਂਡਜ਼ ਆਰਟਸ ਕਾਉਂਸਲ ਦਾ ਸਰਵੋਤਮ ਇਨਾਮ ਅਤੇ ਪੰਜਾਬੀ ਸੱਥ ਲਾਂਬੜਾ ਵਲੋਂ ਇਨਾਮ ਮਿਲ ਚੁੱਕੇ ਹਨ।

? ਪੜ੍ਹਾਈ ਬਾਰੇ ਦੱਸੋ ਅਤੇ ਨੌਕਰੀਆਂ ਦਾ ਵੀ ਜਿ਼ਕਰ ਕਰੋ

– ਮੈਂ ਇੰਡੀਆ ਤੋਂ ਬੀ.ਐਸ.ਸੀ. ਕੀਤੀ ਸੀ। ਇੱਥੇ ਆ ਕੇ ਡਿਪਲੋਮਾ ਇਨ ਸੋਸ਼ਲ ਵਰਕਰ, ਮਾਸਟਰ ਡਿਗਰੀ ਭਾਵ ਐਮ.ਏ. ਤੇ ਫੇਰ ਪੀ.ਐਚ.ਡੀ. ਕੀਤੀ। ਮੈਂ ਬੌਡੀ ਮਸਾਜ , ਅਰੋਮਾਥੈਰਾਪੀ ਅਤੇ ਇੰਡੀਅਨ ਹੈੱਡ ਮਸਾਜ ਵਿਚ ਵੀ ਡਿਪਲੋਮੇ ਕੀਤੇ। ਬ੍ਰਮਿੰਘਮ ਸਿਟੀ ਕਾਉਂਸਲ ਵਿਚ ਸੀਨੀਅਰ ਅਫਸਰ ਹਾਂ ਅਤੇ ਓਪਨ ਯੂਨੀਵਰਸਿਟੀ ਵਿਚ ਪਾਰਟ-ਟਾਈਮ ਲੈਕਚਰਾਰ ਹਾਂ। ਬਰਤਾਨੀਆਂ ਦੀ ਤਰਕਸ਼ੀਲ ਸੁਸਾਇਟੀ ਦਾ ਜਨਰਲ ਸਕੱਤਰ ਹਾਂ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 6 ਅਕਤੂਬਰ 2006)
(ਦੂਜੀ ਵਾਰ 28 ਫਰਵਰੀ 2022)

***
656

About the author

kehar sharif
ਕੇਹਰ ਸ਼ਰੀਫ਼, ਜਰਮਨੀ
keharsharif@avcor.de | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੇਹਰ ਸ਼ਰੀਫ਼, ਜਰਮਨੀ

View all posts by ਕੇਹਰ ਸ਼ਰੀਫ਼, ਜਰਮਨੀ →