27 April 2024

ਕਵਿਤਾ ਦਾ ਇੰਜਨੀਅਰ ਅਤੇ ਲੋਕ-ਹਿੱਤਾਂ ਦਾ ਰਾਖਾ: ਜੁਗਿੰਦਰ ਅਮਰ—ਮੁਲਾਕਾਤੀ: ਸਤਨਾਮ ਸਿੰਘ ਢਾਅ

ਪਾਠਕਾਂ ਨੂੰ ਬੇਨਤੀ ਹੈ ਕਿ ਇਹ ਮੁਲਾਕਾਤ ਕੁਝ ਸਮਾਂ ਪਹਿਲਾਂ ਹੋਈ ਸੀ। ਇਸ ਮੁਲਾਕਾਤ ਨੂੰ ਪੜ੍ਹਦੇ ਸਮੇਂ ਕਈ ਥਾਵਾਂ ਤੇ ‘ਹੈ’ ਦੀ ਥਾਂ ‘ਸੀ’ ਕਰਕੇ ਪੜ੍ਹਨ ਦੀ ਲੋੜ ਪਵੇਗੀ ਕਿਉਂਕਿ ਇਸ ਗੱਲਬਾਤ ਦੌਰਾਨ ਕਈ ਉਨ੍ਹਾਂ ਲੇਖਕਾਂ ਬਾਰੇ ਜ਼ਿਕਰ ਹੈ, ਜੋ ਉਸ ਵੇਲੇ ਸਾਡੇ ਵਿਚਕਾਰ ਸਨ ਪਰ ਹੁਣ ਇਸ ਦੁਨੀਆਂ ਵਿਚ ਨਹੀਂ ਹਨ। ਜਿਵੇਂ, ਡਾ. ਜਗਤਾਰ, ਡਾ. ਸਤਿੰਦਰ ਸਿੰਘ ਨੂਰ, ਜਸਵੰਤ ਸਿੰਘ ਵਿਰਦੀ, ਡਾ. ਹਰਿਭਜਨ ਸਿੰਘ, ਅੰਮ੍ਰਿਤਾ ਪ੍ਰੀਤਮ, ਇਕਬਾਲ ਅਰਪਨ ਅਤੇ ਕੁਝ ਹੋਰ ਸਾਹਿਤਕਾਰ ਵੀ ਵਿਛੋੜਾ ਦੇ ਗਏ ਹਨ।

ਜੁਗਿੰਦਰ ਅਮਰ ਪੰਜਾਬੀ ਕਾਵਿ-ਜਗਤ ਵਿੱਚ ਇੱਕ ਜਾਣਿਆ ਪਛਾਣਿਆ ਨਾਂਅ ਹੈ। ਕਿੱਤੇ ਤੋਂ ਉਹ ਇੰਜਨੀਅਰ ਹੈ। ਇੱਕ ਸਫ਼ਲ ਬਿਜ਼ਨਸਮੈਨ ਹੋਣ ਦੇ ਨਾਲ ਨਾਲ ਇੱਕ ਵਧੀਆ ਇਨਸਾਨ ਅਤੇ ਇੱਕ ਵਧੀਆ ਕਵੀ ਵੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਕਵਿਤਾ ਨੂੰ ਵੀ ਇੰਜਨੀਅਰ ਦੇ ਕਿੱਤੇ ਦੇ ਤੌਰ ਉੱਤੇ ਹੀ ਲਿਆ ਹੈ। ਜਿਸ ਤਰ੍ਹਾਂ ਇੱਕ ਮਿਲੀ ਦਾ ਹਜ਼ਾਰਵਾਂ ਹਿੱਸਾ ਰਤਾ ਵਧ ਘੱਟ ਹੋ ਜਾਵੇ ਤਾਂ ਗੱਲ ਨਹੀਂ ਬਣਦੀ, ਮਸ਼ੀਨਾਂ ਦੱਸ ਦਿੰਦੀਆਂ ਹਨ; ਉਹਦੇ ਕਹਿਣ ਮੁਤਾਬਕ ਇਸੇ ਤਰ੍ਹਾਂ ਕਵਿਤਾ ਵੀ ਇੰਨੀ ਕੋਮਲ ਚੀਜ਼ ਹੈ ਕਿ ਇੱਕ ਸ਼ਬਦ ਨਾਲ ਉਸ ਦੇ ਅਰਥ ਬਦਲ ਜਾਂਦੇ ਹਨ। ਜੇਕਰ ਸ਼ਬਦਾਂ ਨੂੰ ਸਹੀ ਵਿਉਂਤ ਨਾਲ ਨਾ ਬੀੜਿਆ ਜਾਵੇ ਤਾਂ ਕਵਿਤਾ, ਕਵਿਤਾ ਨਹੀਂ ਬਣਦੀ। ਇਸੇ ਕਰਕੇ ਉਹ ਕਵਿਤਾ ਲਿਖਣ ਲੱਗਾ ਸ਼ਬਦਾਂ ਨੂੰ ਤੋਲ ਕੇ, ਮਿਣ ਕੇ, (ਤੋਲ ਤੁਕਾਂਤ) ਤੇ ਉਚਾਰਨ ਦਾ ਖ਼ਾਸ ਖ਼ਿਆਲ ਰੱਖ ਕੇ ਕਾਵਿ-ਸਿਰਜਣਾ ਕਰਦਾ ਹੈ। ਜੁਗਿੰਦਰ ਅਮਰ ਨੇ ਕਵਿਤਾ ਲਿਖਣ ਦਾ ਢੰਗ ਪੁਰਾਣੀ ਪਰੰਪਰਾ ਤੋਂ ਹਟ ਕੇ ਇੱਕ ਵਿਲਖਣ ਢੰਗ ਅਪਨਾਇਆ ਹੈ। ਜੁਗਿੰਦਰ ਨੇ ਪੁਰਾਣ-ਕਥਾਵਾਂ ਨੂੰ ਲੈ ਕੇ ਉਹਨਾਂ ਦਾ ਵਿਗਿਆਨ ਨਾਲ ਸੁਮੇਲ ਕੀਤਾ ਹੈ। ਉਸ ਦੀ ਕਵਿਤਾ ਦਾ ਹਾਸਲ ਹੀ ਕਵਿਤਾ ਦਾ ਤਰਜ਼-ਏ ਬਿਆਨ ਹੈ। ਇਹੋ ਵਿਲੱਖਣਤਾ ਹੀ ਉਸ ਨੂੰ ਦੂਜੇ ਸ਼ਾਇਰਾਂ ਨਾਲੋਂ ਵਖਰਿਆਉਂਦੀ ਹੈ। ਜੁਗਿੰਦਰ ਨੇ ਮਾਰਕਸਵਾਦ, ਸਿੱਖ ਇਤਿਹਾਸ ਅਤੇ ਕਥਾ-ਪੁਰਾਣਾ ਦਾ ਅਧਿਅਨ ਡੂੰਘਾਈ ਨਾਲ ਕੀਤਾ ਹੈ। ਦੂਜੀ ਵਿਲੱਖਣ ਗੱਲ ਮੈਨੂੰ ਇਹ ਵੀ ਨਜ਼ਰ ਆਈ ਕਿ ਉਸ ਦੀ ਸ਼ਾਇਰੀ ਅਤੇ ਉਸ ਦੀ ਸ਼ਖ਼ਸੀਅਤ ਵੀ ਇੱਕ ਹਨ। ਉਸ ਦੀ ਕਵਿਤਾ ਕਾਫ਼ੀ ਡੂੰਘੀ ਅਤੇ ਬੌਧਿਕ ਹੋਣ ਕਰਕੇ ਆਮ ਪਾਠਕ ਦੀ ਸਮਝ ਤੋਂ ਥੋੜ੍ਹੀ ਦੂਰ ਨਜ਼ਰ ਆਉਂਦੀ ਹੈ। ਉਸ ਨੇ ਵੱਖ-ਵੱਖ ਥਾਂਈਂ ਕੰਮ-ਕਾਰ ਕਰਦਿਆਂ ਆਪਣੇ ਆਜ਼ਾਦ ਕਾਰੋਬਾਰ ਦਾ ਸੁਪਨਾ ਪੂਰਾ ਕੀਤਾ। ਬੜੀ ਸਖ਼ਤ ਮਿਹਨਤ ਨਾਲ ਦਿੱਲੀ ਵਿੱਚ ਇੱਕ ਛੋਟੀ ਜਿਹੀ ਫੈਕਟਰੀ ਲਾਉਣ ਵਿੱਚ ਕਾਮਯਾਬ ਹੋਇਆ। ਇਹ ਸਾਰੇ ਕਾਰੋਬਾਰ ਕਰਦੇ-ਕਰਦੇ ਨੇ ਕਵਿਤਾ ਵਰਗੇ ਕੋਮਲ ਹੁਨਰ ਦੇ ਬਾਰਾਂ ਕਾਵਿ-ਸੰਗ੍ਰਹਿ ਵੀ ਲਿਖੇ ਹਨ।

ਉਸ ਦੀ ਕਵਿਤਾ ਵਿੱਚ ਮਨੁੱਖੀ ਰਿਸ਼ਤਿਆਂ ਦੇ ਗੁਆਚਣ ਦਾ ਜ਼ਿਕਰ ਬੜੀ ਨਿਵੇਕਲੀ ਕਾਵਿ-ਸ਼ੈਲੀ ਵਿੱਚ ਹੈ। ਉਹ ਬਦਲਦੀਆਂ ਸਮਾਜਿਕ ਪ੍ਰਸਥਿਤੀਆਂ ਅਤੇ ਪੁਰਾਣਿਕ ਕਥਾਵਾਂ ਨੂੰ ਅੱਜ ਦੇ ਹਾਲਾਤ ਨਾਲ ਮੇਚਦਾ ਕਈ ਗੁੱਝੀਆਂ ਪਰਤਾਂ ਨੂੰ ਫਰੋਲ-ਫਰੋਲ ਕੇ ਪਾਠਕ ਨੂੰ ਸੱਚ ਨਾਲ ਜੋੜਦਾ ਹੈ।

ਪਿਛਲੀਆਂ ਰਵਾਇਤਾਂ, ਜੋ ਮਨੁੱਖ ਨੂੰ ਸੱਚ ਤੋਂ ਦੂਰ ਰੱਖ ਕੇ ਵਹਿਮਾਂ ਭਰਮਾਂ ਅਤੇ ਸਰਾਪਾਂ ਦੇ ਡਰ ਤੋਂ ਭੈ-ਭੀਤ ਕਰਕੇ ਮਨੁੱਖਤਾ ਨੂੰ ਆਪਣੇ ਮੰਤਵ ਲਈ ਵਰਤਦੀਆਂ ਹਨ/ਸਨ, ਤੋਂ ਸੁਚੇਤ ਕਰਦਾ ਆ ਰਿਹਾ ਹੈ। ਜੁਗਿੰਦਰ ਆਪਣੀਆਂ ਰਚਨਾਵਾਂ ਵਿੱਚ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਵੇਂ ਮਨੁੱਖਤਾ ਹਾਂ-ਮੁਖੀ ਕਦਰਾਂ ਕੀਮਤਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਤੇ ਨਾਂਹ-ਮੁਖੀ ਕਦਰਾਂ ਕੀਮਤਾਂ ਨੂੰ ਪਹਿਲ ਦਿੰਦੀ ਜਾ ਰਹੀ ਹੈ। ਜੁਗਿੰਦਰ ਅਮਰ ਆਪਣੀ ਕਵਿਤਾ ਵਿੱਚ ਮਿਥਿਹਾਸਿਕ ਬਿੰਬਾਂਂ ਰਾਹੀਂ ਇਹ ਦੱਸਣ ਵਿੱਚ ਵੀ ਕਾਮਯਾਬ ਹੁੰਦਾ ਹੈ ਕਿ ਕਿਵੇਂ ਮਨੁੱਖ ਉਲਝਣਾਂ ਦੇ ਸਾਹਮਣੇ ਹੋਣ ਤੋਂ ਕਤਰਾਉਂਦੇ ਹਨ। ਇੱਕ ਸੱਚਾ ਸੁੱਚਾ, ਘੱਟ ਬੋਲਣ ਵਾਲਾ, ਮਿਹਨਤੀ, ਇਮਾਨਦਾਰ ਤੇ ਬਹੁਤ ਲੰਬੀ ਅਤੇ ਡੂੰਘੀ ਸੋਚ ਰੱਖਣ ਵਾਲ਼ਾ ਜੁਗਿੰਦਰ ਸਿੰਘ ਲੋਕਾਂ ਦਾ ਅੰਦਰੋਂ-ਬਾਹਰੋਂ ਪੂਰਾ ਹਮਦਰਦ ਹੈ। ਉਹ ਲੋਕ-ਹਿਤੂ ਕੰਮ ਕਰਨ ਲਈ ਵੱਡੇ ਵੱਡੇ ਖ਼ਤਰੇ ਵੀ ਮੁੱਲ ਲੈਣ ਤੋਂ ਨਹੀਂ ਡਰਦਾ। ਇਸੇ ਕਰਕੇ ਹੀ 1984 ਦੇ ਦਿੱਲੀ ਕਤਲੇਆਮ ਵਿੱਚ ਉਸ ਦੇ ਹੌਸਲੇ ਅਤੇ ਦੂਰ-ਅੰਦੇਸ਼ੀ ਨਾਲ ਹਜ਼ਾਰਾਂ ਲੋਕਾਂ ਦੇ ਕਤਲੇਆਮ ਤੋਂ ਬਚਾ ਹੋ ਗਿਆ। ਉਹ ਆਪਣੀ ਕਵਿਤਾ ਰਾਹੀਂ ਵੀ ਲੋਕਾਂ ਨੂੰ ਇਹ ਹੀ ਦੱਸਣ ਦਾ ਜਤਨ ਕਰਦਾ ਹੈ ਕਿ ਰੱਬ ਦਾ ਭਾਣਾ ਮੰਨ ਕੇ ਬੈਠਣ ਨਾਲੋਂ ਇਮਾਨਦਾਰੀ ਨਾਲ ਮਿਹਨਤ ਕੀਤੀ ਜਾਵੇ ਤਾਂ ਆਪਣੀ ਕਿਸਮਤ ਨੂੰ ਆਪ ਬਦਲਿਆ ਜਾ ਸਕਦਾ ਹੈ। ਜੁਗਿੰਦਰ ਇੱਕ ਪ੍ਰਗਤੀਸ਼ੀਲ ਕਵੀ ਹੈ। ਕੁਝ ਆਲੋਚਕਾਂ ਦਾ ਵਿਚਾਰ ਹੈ ਕਿ ਆਮ ਤੌਰ ਉੱਤੇ ਪ੍ਰਗਤੀਸ਼ੀਲ ਲਿਖਾਰੀ ਸ਼ੋਰੀਲੀਆਂ ਲਿਖਤਾਂ ਨਾਲ ਜਾਣੇ ਜਾਂਦੇ ਹਨ। ਜਦੋਂ ਕਿ ਸ਼ੋਰ ਨਾ ਤਾਂ ਸੱਚ ਦਾ ਬਦਲ ਹੈ ਤੇ ਨਾ ਹੀ ਦ੍ਰਿੜ੍ਹ ਵਫਾ ਦਾ। ਪਰ ਇਹ ਪ੍ਰਗਤੀਸ਼ੀਲ ਸ਼ਾਇਰ ਇਸ ਸ਼ੋਰ ਤੋਂ ਮੁਕਤ ਹੈ। ਉਹ ਪ੍ਰਗੀਤਕ ਕਵਿਤਾ ਦੀ ਬਜਾਏ ਸੰਜੀਦਾ ਸੁਰ ਵਿੱਚ ਬੌਧਿਕ ਸ਼ਾਇਰੀ ਦਾ ਸ਼ਾਇਰ ਹੈ। ਜੁਗਿੰਦਰ ਇਹ ਵੀ ਸਾਬਤ ਕਰਦਾ ਹੈ ਕਿ ਸਾਡੇ ਦੇਸ਼ ਦੇ ਬੁਰੇ ਦਿਨਾਂ ਦੀ ਜ਼ਿੰਮੇਵਾਰੀ ਭ੍ਰਿਸ਼ਟ ਰਾਜਨੀਤੀ ਦੇ ਸਿਰ ਹੈ। ਇਸੇ ਕਰਕੇ ਉਸ ਨੇ ਆਪਣੇ ਕਾਵਿ ਸੰਗ੍ਰਹਿਆਂ ਵਿੱਚ ਰਾਜਨੀਤੀ ਦੀ ਮਾੜੀ ਨੀਤ ਨੂੰ ਇੱਕ ਵਿਲਖ਼ਣ ਕਾਵਿ-ਮੁਹਾਵਰੇ ਰਾਹੀਂ ਬਿਆਨ ਕੀਤਾ ਹੈ। ਜੁਗਿੰਦਰ ਅਮਰ ਨੇ ਮਿਥ ਦੇ ਪ੍ਰਸੰਗ ਨੂੰ ਵਰਤਮਾਨ ਪ੍ਰਸੰਗ ਨਾਲ ਜੋੜ ਕੇ ਨਵੇਂ ਅਰਥ ਦੇਣ ਦਾ ਸਫ਼ਲ ਜਤਨ ਕੀਤਾ ਹੈ। ਉਸ ਦੀਆਂ ਕਵਿਤਾਵਾਂ ‘ਪ੍ਰਸ਼ਨ ਚਿੰਨ੍ਹ’, ‘ਹਾਸ਼ੀਏ ਤੋਂ ਪਾਰ’ ਅਤੇ ‘ਠੀਕਰੀ ਪਹਿਰਾ’ ਕਵਿਤਾ ਦੇ ਖੇਤਰ ਵਿੱਚ ਨਵਾˆ ਪ੍ਰਸੰਗ ਜੋੜਦੀਆਂ ਹਨ। ਉਸਦੀਆਂ ਕਵਿਤਾਵਾਂ ਦਾ ਮਨ-ਭਾਉਂਦਾ ਵਿਸ਼ਾ ਸਮਾਜਿਕ ਸਥਿਤੀ ਦਾ ਵਿਸ਼ਲੇਸ਼ਨ ਕਰਨਾ ਰਿਹਾ ਹੈ। ਮੈਨੂੰ ਉਸ ਦੀ ਕਵਿਤਾ ਨੇ ਟੁੰਬਿਆ ਅਤੇ ਉਸ ਦੀਆਂ ਹੋਰ ਕਵਿਤਾਵਾਂ ਪੜ੍ਹਨ ਲਈ ਵੀ ਪ੍ਰੇਰਿਆ। ਪਹਿਲਾਂ ਉਸ ਦੀ ਕਵਿਤਾ ਦੀਆਂ ਕੁਝ ਸਤਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ: 

ਵਗਦੇ ਪਾਣੀਆਂ ਦੇ ਕੰਢੇ ਨਾ ਖਲੋਵੋ
ਖਲੋਤੇ ਪਾਣੀਆਂ ਦਾ ਰੁਦਨ
ਕੇਵਲ ਦੌੜਦੇ ਪਲ ਹੀ ਆਪਣੇ ਮੋਢੇ ਲਾ ਸਕਦੇ ਹਨ
ਤੁਸੀਂ ਨਹੀਂ ਆਏ ਉਸ ਰਾਹ ਤਕ
ਜਿੱਥੋਂ ਇੱਕ ਸਫ਼ਰ ਨੇ ਸ਼ੁਰੂ ਹੋਣਾ ਸੀ
***
ਵਗਦੇ ਪਾਣੀਆਂ ਦੇ ਕੰਢੇ ਨਹੀਂ ਹੁੰਦੇ
ਸਫ਼ਰ ਆਪਣਾ ਕੰਢਾ ਲੱਭ ਲੈਂਦਾ ਹੈ
ਜਾਂ ਆਪ ਬਣਾ ਲੈਂਦਾ ਹੈ
ਤੁਸੀਂ ਤਾਰਿਆਂ ਨੂੰ ਪਰੇ ਹਟਾ ਕੇ
ਕਦੇ ਕੋਈ ਰਾਤ ਵੇਖੀ ਹੈ
***
ਮੈਂ ਰੋਸ਼ਨੀ ਲੱਭਦੇ, ਲਿਲਕੜੀਆਂ ਕੱਢਦੇ
ਇੱਕ ਸੂਰਜ ਨੂੰ ਜਾਣਦਾ ਹਾਂ
ਬੜਾ ਮੂੰਹ ਲਾ ਬੈਠੇ ਹੋ
ਤਿੜਕਦੇ ਸੰਬੰਧਾਂ ਦੇ ਮੌਸਮ ਨੂੰ
ਚਲੋ ਹੁਣ ਆਪਣੇ ਆਪਣੇ ਘਰ ਚਲਦੇ ਹਾਂ
ਖਲੋਤੇ ਪਾਣੀਆ ਦਾ ਰੁਦਨ
ਦੌੜਦੇ ਪਲਾਂ ਦੇ ਮੋਢਿਆˆ ਤੋਂ ਉਤਰਕੇ
ਚੰਘਾੜਨ ਲੱਗ ਪਿਆ ਹੈ।
***
ਇਸੇ ਤਰ੍ਹਾਂ ਉਸ ਦੀਆਂ ਬਹੁਤ ਸਾਰੀਅ ਕਵਿਤਾਵਾਂ ਪਾਠਕ ਦਾ ਧਿਆਨ ਖਿੱਚਦੀਆਂ ਹਨ ਤੇ ਪਾਠਕ ਨੂੰ ਚਿੰਤਨ ਕਰਨ ਲਈ ਸੱਦਾ ਦਿੰਦੀਆਂ ਹਨ।

ਕੁਝ ਸਮਾਂ ਪਹਿਲਾਂ ਜੁਗਿੰਦਰ ਅਮਰ ਦਿੱਲੀ ਤੋਂ ਸਾਡੀ ਸਭਾ ਦੇ ਇੱਕ ਸਮਾਗਮ ਉੱਤੇ ਕੈਲਗਰੀ ਆਏ ਤਾਂ ਉਸ ਨਾਲ ਖੁੱਲ੍ਹੀ ਗੱਲਬਾਤ ਹੋਈ, ਉਸ ਦੇ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰਨ ਦਾ ਯਤਨ ਹੈ। 

ਜਗੀਰਦਾਰੀ ਸਿਸਟਮ ਦਾ ਪਰਛਾਵਾਂ

? ਜੁਗਿੰਦਰ ਜੀ, ਪਹਿਲਾਂ ਆਪਣੇ ਬਾਰੇ ਮੁੱਢਲੀ ਜਾਣਕਾਰੀ (ਜਨਮ, ਬਚਪਨ ਤੇ ਪਰਿਵਾਰਕ ਪਿਛੋਕੜ) ਬਾਰੇ ਕੁਝ ਦੱਸੋ? 

: ਮੇਰਾ ਜਨਮ 1935 ਵਿੱਚ ਮਾਤਾ ਜੀ ਜਸਵੰਤ ਕੌਰ ਅਤੇ ਪਿਤਾ ਜੀ ਸ੍ਰ. ਬੂਟਾ ਸਿੰਘ ਦੇ ਘਰ, ਬਰ੍ਹਮਾ ਵਿੱਚ ਹੋਇਆ। ਪਹਿਲਾਂ ਮੇਰੇ ਬਾਬਾ ਜੀ ਬਟਾਲੇ ਦੇ ਨੇੜੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਫ਼ਜ਼ਲਾਬਾਦ (ਫ਼ਜ਼ਲ ਅਬਾਦ) ਤੋˆ ਕੰਮ ਕਰਨ ਲਈ ਬਰਮਾ ਵਿੱਚ ਚਲੇ ਗਏ ਸਨ। ਉਹ ਉੱਥੇ ਰੇਲਵੇ ਵਰਕਸ਼ਾਪ ਵਿੱਚ ਕੰਮ ਕਰਿਆ ਕਰਦੇ ਸਨ। ਫੇਰ ਮੇਰੇ ਪਿਤਾ ਜੀ ਵੀ ਉੱਥੇ ਚਲੇ ਗਏ ਸਨ। ਮੇਰੇ ਜਨਮ ਤੋਂ ਬਾਅਦ ਮੇਰੇ ਬਾਬਾ ਜੀ ਰੀਟਾਇਰਡ ਹੋ ਕੇ ਪਿੰਡ ਆ ਗਏ। ਉਨ੍ਹਾਂ ਦਿਨਾਂ ਵਿੱਚ ਲੋਕ ਹੁਣ ਵਾਂਗ ਨਹੀˆ ਕਿ ਜਿੱਥੇ ਕੰਮ ਕਰਨ ਗਏ, ਉੱਥੇ ਘਰ ਬਣਾ ਕੇ ਬੈਠ ਗਏ। ਉਨ੍ਹਾਂ ਦਿਨਾਂ ਵਿੱਚ ਲੋਕ ਆਪਣੇ ਪਿੰਡਾਂ ਨੂੰ ਵਾਪਸ ਆ ਜਾਂਦੇ ਸਨ। ਆਪਣੇ ਘਰ-ਬਾਰ ਜਾਂ ਜ਼ਮੀਨਾਂ ਆਪਣੇ ਪਿੰਡਾਂ ਵਿੱਚ ਹੀ ਬਣਾਇਆ ਕਰਦੇ ਸਨ। ਜਦੋਂ ਦੂਸਰੀ ਸੰਸਾਰ ਜੰਗ ਲੱਗੀ ਤਾਂ ਲੋਕ ਬਰ੍ਹਮਾ ਤੋˆ ਨਿਕਲਣੇ ਸ਼ੁਰੂ ਹੋ ਗਏ। ਮੈਂ ਵੀ ਆਪਣੇ ਮਾਤਾ ਪਿਤਾ ਨਾਲ ਆਪਣੇ ਪਿੰਡ ਫ਼ਜ਼ਲਾਬਾਦ ਆ ਗਿਆ ਪਹਿਲੀ ਜਮਾਤ ਮੈਂ ਉੱਥੇ ਪੜ੍ਹ ਕੇ ਆਇਆ ਸੀ। ਫੇਰ 1951 ਵਿੱਚ ਦਸਵੀਂ ਮੈˆ ਆਪਣੇ ਪਿੰਡ ਰਹਿ ਕੇ ਕੀਤੀ। ਉਨ੍ਹਾਂ ਦਿਨਾਂ ਵਿੱਚ ਜਗੀਰਦਾਰੀ ਸਿਸਟਮ ਸੀ। ਇਸ ਸਿਸਟਮ ਦਾ ਸ਼ਿਕਾਰ ਮੈਂ ਵੀ ਹੋਇਆ। ਜੇ ਤੁਹਾਡੀ ਦਿਲਚਸਪੀ ਹੋਵੇ ਤਾਂ ਗੱਲ ਸੁਣਾ ਦਿੰਦਾ ਹਾਂ। ਉਹ ਗੱਲ ਇਸ ਤਰ੍ਹਾਂ ਹੋਈ ਕਿ ਜਗੀਰਦਾਰੀ ਸਿਸਟਮ ਵਿੱਚ ਘਰ ਦਾ ਵੱਡਾ, ਜਾਂ ਮੁਖੀ ਕਹਿ ਲਵੋ ਜੋ ਫ਼ੈਸਲਾ ਕਰ ਦਿੰਦਾ ਸੀ, ਸਾਰੇ ਪਰਿਵਾਰ ਨੂੰ ਮੰਨਣਾ ਪੈˆਦਾ ਸੀ। ਭਾਵੇਂ ਉਹ ਫ਼ੈਸਲਾ ਕਿੰਨਾ ਵੀ ਗ਼ਲਤ ਕਿਉਂ ਨਾ ਹੋਵੇ। ਮੈਂ ਅਜੇ ਨੌਵੀਂ ਜਮਾਤ ਵਿੱਚ ਹੀ ਪੜ੍ਹਦਾ ਸੀ, ਮੇਰਾ ਵਿਆਹ ਕਰ ਦਿੱਤਾ ਗਿਆ। ਹਾਲਾਂ ਕਿ ਮੈਂ ਤੇ ਮੇਰੇ ਘਰ ਦੇ ਬਾਕੀ ਮੈˆਬਰ, ਮੇਰੇ ਸਕੂਲ ਵਾਲੇ ਸਾਰੇ ਹੀ ਖ਼ਿਲਾਫ ਸਨ। ਪਰ ਸਾਡਾ ਵਿਰੋਧ ਕਾਮਯਾਬ ਨਹੀਂ ਹੋਇਆ। ਜਿਸ ਨਾਲ ਮੈਂਨੂੰ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਸ਼ਾਇਰੀ ਦੀ ਲਗਨ, ਪ੍ਰੇਰਨਾ ਅਤੇ ਸਿਰਜਣਾ

? ਤੁਸੀਂ ਸ਼ਾਇਰ ਕਦੋਂ ਬਣੇ, ਕਵਿਤਾ ਕਦੋਂ ਲਿਖਣੀ ਸ਼ੁਰੂ ਕੀਤੀ। ਤੁਹਾਡਾ ਪ੍ਰੇਰਨਾ ਸਰੋਤ ਕੀ ਹੈ?

: ਮੈਂ ਕਵਿਤਾ ਲਿਖਣੀ ਤਾਂ ਬਹੁਤ ਦੇਰ ਪਹਿਲਾਂ ਸ਼ੁਰੂ ਕਰ ਦਿੱਤੀ ਸੀ। ਉਦੋਂ ਅਜੇ ਮੈਂ ਅੱਠਵੀਂ ਜਮਾਤ ਵਿੱਚ ਹੀ ਪੜ੍ਹਦਾ ਸੀ। ਸਾਡੇ ਟੀਚਰ ਮਾਰਕਸਵਾਦ ਵੱਲ ਝੁਕਾ ਰੱਖਦੇ ਸਨ। ਮੈਂ ਉਨ੍ਹਾਂ ਨੂੰ ਲਾਲ ਰੰਗ ਵਿੱਚ ਰੰਗੀ ਕਵਿਤਾ ਲਿਖਕੇ ਸੁਣਾਇਆ ਕਰਦਾ ਸੀ। ਫੇਰ ਕਾਫੀ ਸਮਾਂ ਮੈˆ ਪਾਰਟੀ ਹਮਦਰਦ ਰਿਹਾ। ਬਹੁਤ ਦੇਰ ਕੰਮ ਕਰਨ ਤੋਂ ਬਾਅਦ ਮੈਂ ਪਾਰਟੀ ਮੈਂਬਰ ਬਣਿਆ। ਮੈਂ ਮਾਰਕਸਵਾਦ ਵਾਰੇ ਬਹੁਤ ਸਾਰਾ ਸਾਹਿਤ ਪੜ੍ਹਿਆ ਤੇ ਸਮਝਿਆ। ਉਸ ਤੋˆ ਬਾਅਦ ਤਾਂ ਭਾਵੇਂ ਮੈਂ ਹੋਰ ਸਾਹਿਤ ਵੀ ਪੜ੍ਹਿਆ ਪਰ ਪਹਿਲਾਂ ਮੈਂ ਕਹਾਂਗਾ ਕਿ ਮੇਰੇ ਲਿਖਣ ਦਾ ਪ੍ਰੇਰਨਾ ਸਰੋਤ ਮਾਰਕਸਵਾਦ ਹੀ ਬਣਿਆ।

? ਤੁਸੀਂ ਜੁਗਿੰਦਰ ਸਿੰਘ ਕਲਸੀ ਤੋਂ ਜੁਗਿੰਦਰ ਅਮਰ ਕਿਵੇਂ ਬਣੇ, ਇਸ ਸਫ਼ਰ ਬਾਰੇ ਕੁਝ ਦੱਸੋ? 

: ਇਹ ਵੀ ਇੱਕ ਦਿਲਚਸਪ ਕਹਾਣੀ ਹੈ। ਦਿੱਲੀ ਰਹਿੰਦਿਆਂ ਉੱਨੀ ਸੌ ਸੱਠ ਵਿੱਚ ਇੱਕ ਵਾਰ ਮੈਂ ਤੇ ਇਕਬਾਲ ਅਰਪਨ, ਬਿਸ਼ਨ ਸਿੰਘ ਉਪਾਸ਼ਕ ਦੇ ਘਰ ਇਕੱਠੇ ਹੋਏ। ਉਨ੍ਹਾਂ ਦਿਨਾਂ ਵਿੱਚ ਇਕਬਾਲ ਅਰਪਨ ਦੀ ਇੱਕ ਗ਼ਜ਼ਲ ਦਿੱਲੀ ਤੋਂ ਨਿਕਲਦੇ ਮੈਗਜ਼ੀਨ ਪ੍ਰੀਤਮ ਵਿੱਚ ਛਪੀ ਸੀ। ਇੱਕ ਕਵਿਤਾ ਇਸ ਤੋਂ ਪਹਿਲਾਂ ਮੇਰੀ ਵੀ ਛਪ ਚੁੱਕੀ ਸੀ। ਕੁਦਰਤੀ ਅਸੀਂ ਉਪਾਸ਼ਕ ਜੀ ਦੇ ਘਰ ਇਕੱਠੇ ਹੋਏ। ਗੱਲਾਂਬਾਤਾਂ ਕਰਦਿਆਂ ਉਪਾਸ਼ਕ ਜੀ ਨੇ ਦੱਸਿਆ ਕਿ ਇਕਬਾਲ ਅਰਪਨ ਪੱਗ ਲੈ ਕੇ ਆਇਆ ਹੈ। ਭਾਵ, ਉਪਾਸ਼ਕ ਹੋਰਾਂ ਨੂੰ ਉਸਤਾਦ ਧਾਰਨ ਲਈ ਆਇਆ ਹੈ। ਹਾਸੇ ਵਿੱਚ ਮੈਂ ਵੀ ਕਹਿ ਦਿੱਤਾ ਕਿ ਪੱਗ ਤਾਂ ਜੀ ਮੈਂ ਵੀ ਲੈ ਕੇ ਆਉਣੀ ਸੀ। ਪਰ ਉਹ ਪੱਗ ਠੀਕ ਨਹੀਂ। ਭਾਵ, ਤੁਹਾਡੇ ਬੰਨ੍ਹਣ ਵਾਲੀ ਨਹੀ। ਉਨ੍ਹਾਂ ਨੇ ਹੱਸਦਿਆਂ ਕਿਹਾ, “ਜਾਹ ਲੈ ਆ, ਸਾਨੂੰ ਉਹੀ ਮਨਜ਼ੂਰ ਹੈ।” ਇਸ ਤਰ੍ਹਾਂ ਅਸੀਂ ਦੋਨਾਂ ਨੇ ਇਕੱਠਿਆˆ ਬਿਸ਼ਨ ਸਿੰਘ ਉਪਾਸ਼ਕ ਜੀ ਨੂੰ ਗੁਰੂ ਧਾਰਿਆ। ਇਕਬਾਲ ਨੂੰ ‘ਅਰਪਨ’ ਤੇ ਮੈਨੂੰ ‘ਅਮਰ’ ਦਾ ਤਖ਼ੱਲਸ ਮਿਲਿਆ। ਉਸੇ ਦਿਨ ਤੋਂ ਹੀ ਇਕਬਾਲ ਅਰਪਨ ਨਾਲ ਵੀ ਦੋਸਤੀ ਦਾ ਮੁੱਢ ਬੱਝਾ। ਉਸ ਦਿਨ ਤੋਂ ਮੈਂ ਆਪਣੇ ਸਾਹਿਤਕ ਨਾਂਅ ਨਾਲ ਜੋਗਿੰਦਰ ਅਮਰ ਲਿਖਣ ਲੱਗ ਪਿਆ।

ਦੋਸਤਾਂ ਦੀ ਤ੍ਰਿਕੜੀ

? ਜੁਗਿੰਦਰ ਜੀ, ਮੈਨੂੰ ਪਤਾ ਲੱਗਾ ਕਿ ਕਿਸੇ ਵੇਲੇ ਤੁਹਾਡੀ ਤ੍ਰਿਕੜੀ ਦਾ (ਇਕਬਾਲ ਅਰਪਨ, ਜਸਵੰਤ ਸਿੰਘ ਵਿਰਦੀ ਤੇ ਜੁਗਿੰਦਰ ਅਮਰ) ਦਿੱਲੀ ਦੀਆਂ ਸਾਹਿਤਕ ਸਭਾਵਾਂ ਵਿੱਚ ਕਾਫ਼ੀ ਚਰਚਾ ਰਿਹਾ। ਇਹਦੇ ਬਾਰੇ ਕੁਝ ਦੱਸੋ?

: ਸਤਨਾਮ ਜੀ, ਇਹ ਗੱਲ ਜਿਸ ਤਰ੍ਹਾਂ ਆਪਾਂ ਪਹਿਲਾਂ ਕੀਤੀ ਕਿ ਇਕਬਾਲ ਅਰਪਨ ਨਾਲ ਦੋਸਤੀ ਦਾ ਮੁੱਢ ਬਿਸ਼ਨ ਸਿੰਘ ਉਪਾਸ਼ਕ ਜੀ ਨੂੰ ਉਸਤਾਦ ਧਾਰਨ ਵੇਲੇ ਵੱਝਾ। ਉਨ੍ਹਾਂ ਵੇਲਿਆਂ ਵਿੱਚ ਜਸਵੰਤ ਸਿੰਘ ਵਿਰਦੀ ਵੀ ਪੰਜਾਬ ਤੋਂ ਦਿੱਲੀ ਪੜ੍ਹਾਉਂਣ ਗਿਆ ਸੀ, ਕਿਉਂਕਿ ਪੰਜਾਬ ਵਿੱਚ ਉਸ ਵੇਲੇ ਟੀਚਰ ਨੂੰ ਤਨਖ਼ਾਹ ਘੱਟ ਮਿਲਦੀ ਸੀ, ਦਿੱਲੀ ਵਿੱਚ ਜ਼ਿਆਦਾ ਸੀ। ਉਹ ਉੱਥੇ ਗੁਰੂ ਤੇਗ ਬਹਾਦਰ ਖ਼ਾਲਸਾ ਸਕੂਲ ਵਿੱਚ ਹਿੰਦੀ ਟੀਚਰ ਦੇ ਤੌਰ ਉੱਤੇ ਪੜ੍ਹਾਉˆਦੇ ਸਨ। ਸ਼ਾਇਦ ਇਹ ਗੱਲ 1960-61 ਦੀ ਹੈ। ਇੱਕ ਦੋ ਕੁ ਵਾਰੀ ਦਿੱਲੀ ਸਾਹਿਤ ਸਭਾ ਦੀਆਂ ਮੀਟਿੰਗਾਂ ਵਿੱਚ ਸਾਡਾ ਮੇਲ ਹੋਇਆ। ਫੇਰ ਬੱਸ ਇਸ ਤਰ੍ਹਾਂ ਪਿਆਰ ਵਧਦਾ ਗਿਆ। ਜਦੋˆ ਅਸੀਂ ਕੋਈ ਰਚਨਾ ਲਿਖਣੀ, ਇੱਕ ਦੂਜੇ ਨੂੰ ਪੜ੍ਹ ਕੇ ਸੁਣਾਉਣੀ, ਆਲੋਚਨਾ ਕਰਨੀ ਜਾਂ ਸੋਧਣੀ। ਵਿਰਦੀ ਨੇ ਦਸ ਕੁ ਸਾਲ ਦਿੱਲੀ ਪੜ੍ਹਾਇਆ ਫੇਰ ਪੰਜਾਬ ਆ ਗਿਆ। ਇਕਬਾਲ ਅਰਪਨ ਅਫਰੀਕਾ ਪੜ੍ਹਾਉਣ ਚਲਾ ਗਿਆ ਪਰ ਸਾਡਾ ਪਿਆਰ ਉਸੇ ਤਰ੍ਹਾਂ ਅਜੇ ਵੀ ਬਣਿਆ ਹੋਇਆ ਹੈ। ਬਹੁਤ ਸਾਰੀਆਂ ਸਾਂਝੀਆਂ ਯਾਦਾਂ ਹਨ ਉਸ ਸਮੇਂ ਦੀਆਂ। ਫੇਰ ਕਿਧਰੇ ਮੌਕਾ ਮਿਲਿਆ ਤਾਂ ਵਿਸਥਾਰ ਨਾਲ ਸਾਂਝੀਆਂ ਕਰਾਗੇ।

 ਮੈਂ ਅਤੇ ਮੇਰੀ ਕਲਮ ਨੇ ਬਹੁਤ ਕੁਝ ਵੱਡੇ ਸ਼ਾਇਰਾਂ ਦੇ ਕਲਾਮ ਤੋਂ ਕਬੂਲਿਆ

? ਤੁਸੀਂ ਪੰਜਾਬੀ, ਹਿੰਦੀ, ਉਰਦੂ ਜਾਂ ਕਿਸੇ ਹੋਰ ਬੋਲੀ ਦੇ ਸ਼ਾਇਰਾਂ ਨੂੰ ਵੀ ਪੜ੍ਹਿਆ ਹੋਵੇਗਾ, ਉਸ ਤੋਂ ਬਾਅਦ ਕਿਹੜੇ-ਕਿਹੜੇ ਕਵੀਆਂ ਦਾ ਪ੍ਰਭਾਵ ਤੁਹਾਡੀ ਕਲਮ ਨੇ ਕਬੂਲਿਆ?

: ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਮੈਂ ਮਾਰਕਸਵਾਦ ਤੋਂ ਬਿਨਾਂ ਉਰਦੂ ਦੇ ਮੰਨੇ ਪ੍ਰਮੰਨੇ ਸ਼ਾਇਰਾਂ ਨੂੰ ਪੜ੍ਹਿਆ, ਜਿਨ੍ਹਾਂ ਵਿੱਚ ਫ਼ੈਜ਼ ਅਹਿਮਦ ਫ਼ੈਜ਼ ਜਿਸ ਨੇ ਗ਼ਜ਼ਲ ਨੂੰ ਸ਼ਰਾਬ ਵੱਲੋਂ ਕੱਢ ਕੇ ਸਮਾਜਵਾਦ ਵੱਲ ਲਿਆਂਦਾ। ਫੇਰ ਉਸ ਤੋਂ ਬਾਅਦ ਮਿਰਜ਼ਾ ਗ਼ਾਲਿਬ ਨੂੰ ਸਭ ਤੋਂ ਵਧੀਆ ਸ਼ਾਇਰ ਮੈਂ ਮੰਨਦਾ ਹਾਂ। ਪੰਜਾਬੀ ਦੇ ਭਾਈ ਵੀਰ ਸਿੰਘ, ਪ੍ਰੋ. ਮੋਹਣ ਸਿੰਘ ਅਤੇ ਅੰਮ੍ਰਿਤਾ ਨੂੰ ਵੀ ਪੜ੍ਹਿਆ। ਪ੍ਰਿੰਸੀਪਲ ਤਖ਼ਤ ਸਿੰਘ, ਉਰਦੂ ਤੋਂ ਪੰਜਾਬੀ ਵਿੱਚ ਗ਼ਜ਼ਲ ਵੱਲ ਆਇਆ, ਜਿਸ ਨੇ ਗ਼ਜ਼ਲ ਲਿਖਣ ਵਾਲਿਆਂ ਦਾ ਧਿਆਨ ਅਰੂਜ਼ ਵੱਲ ਦੁਆਇਆ। ਡਾ. ਜਗਤਾਰ ਬਹੁਤ ਹੀ ਵਧੀਆ ਤੇ ਪੂਰਾ ਸ਼ਾਇਰ ਹੈ। ਫੇਰ ਦਿੱਲੀ ਵਿੱਚ ਬਿਸ਼ਨ ਸਿੰਘ ਉਪਾਸ਼ਕ, ਕਿਤਾਬੀ ਤੇ ਸਟੇਜ਼ੀ ਸ਼ਾਇਰ ਤਾਰਾ ਸਿੰਘ, ਹਜ਼ਾਰਾ ਸਿੰਘ ਗੁਰਦਾਸਪੁਰੀ ਅਤੇ ਡਾ. ਹਰਿਭਜਨ ਸਿੰਘ ਜਿਨ੍ਹਾਂ ਨੇ ਮੈਂਨੂੰ ਮਿੱਥ ਤੇ ਕਵਿਤਾ ਲਿਖਣ ਲਈ ਪ੍ਰੇਰਿਆ। ਡਾ. ਹਰਿਭਜਨ ਸਿੰਘ ਹੋਰਾਂ ਨੇ ਤਾਂ ਪੰਜਾਬੀ ਕਵਿਤਾ ਨੂੰ ਦੁਨੀਆ ਦੀਆਂ ਬਾਕੀ ਜ਼ੁਬਾਨਾਂ ਦੇ ਮੁਕਾਬਲੇ ਉੱਤੇ ਲਿਆ ਖੜ੍ਹਾਇਆ। ਇਨ੍ਹਾਂ ਸਭ ਕਵੀਆਂ, ਲੇਖਕਾਂ ਨੂੰ ਮੈਂ ਪੜ੍ਹਿਆ, ਇਨ੍ਹਾਂ ਕੋਲੋਂ ਬਹੁਤ ਕੁਝ ਮੇਰੀ ਕਲਮ ਨੇ ਕਬੂਲਿਆ। ਇਕੱਲਾ ਪੰਜਾਬੀ ਸਾਹਿਤ ਹੀ ਨਹੀਂ, ਇੰਗਲਿਸ਼, ਹਿੰਦੀ ਸਾਹਿਤ ਦਾ ਅਧਿਅਨ ਵੀ ਮੈਂ ਕੀਤਾ। ਫੇਰ ਜਦੋਂ ਮੈਂ ਅੰਗਰੇਜ਼ੀ ਤੇ ਹਿੰਦੀ ਵਿੱਚੋਂ ਵੀ ਪੰਜਾਬੀ ਵਿੱਚ ਅਨੁਵਾਦ ਕੀਤਾ ਤਾਂ ਸਾਹਿਤ ਦੀ ਗੰਭੀਰਤਾ ਦਾ ਪਤਾ ਲੱਗਿਆ।

? ਤੁਸੀਂ ਕਵਿਤਾ ਲਿਖਣੀ ਬਹੁਤ ਦੇਰ ਪਹਿਲਾਂ ਸ਼ੁਰੂ ਕੀਤੀ। ਕਵਿਤਾ ਦੇ ਖੇਤਰ ਵਿੱਚ ਤਬਦੀਲੀਆਂ ਵੀ ਆਈਆਂ। ਮੈਨੂੰ ਜਾਪਦਾ ਕਿ ਤੁਸੀਂ ਕਿਸੇ ਦਾ ਪ੍ਰਭਾਵ ਕਬੂਲ ਕਰਨ ਦੀ ਥਾਂ ਤੁਸੀਂ ਕਵਿਤਾ ਲਿਖਣ ਦਾ ਆਪਣਾ ਵਿਲੱਖਣ ਅੰਦਾਜ਼ ਹੀ ਅਪਣਾਇਆ?

: ਹਾਂ ਜੀ, ਇਹ ਮੈਨੂੰ ਪਹਿਲਾਂ ਜਦ ਮੈˆ ਕਵਿਤਾ ਲਿਖੀ ਹੈ, ਉਸ ਸਮੇਂ ਇਸ ਗੱਲ ਦਾ ਪਤਾ ਨਹੀਂ ਲੱਗਾ। ਭਾਵੇਂ ਹੁਣ ਜਿਹੇ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਮੇਰਾ ਕਵਿਤਾ ਲਿਖਣ ਦਾ ਵਿਲੱਖਣ ਢੰਗ ਹੈ। ਪਰ ਪਹਿਲਾਂ ਮੈਂਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਮੈਂ ਪੁਰਾਣੀ ਪਰੰਪਰਾ ਤੋਂ ਹਟ ਕੇ ਲਿਖ ਰਿਹਾ ਹਾਂ। ਇਹ ਤਾਂ ਪਾਠਕ ਹੀ ਮਹਿਸੂਸ ਕਰ ਸਕਦਾ ਹੈ ਜਾਂ ਦੱਸ ਸਕਦਾ ਹੈ, ਕਿਉਂਕਿ ਮੈਂ ਤਾਂ ਕਵਿਤਾ ਲਿਖ ਕੇ ਪਾਠਕਾਂ ਤੱਕ ਪਹੁੰਚਦੀ ਕਰ ਦਿੰਦਾ ਸੀ। ਬਾਕੀ ਕੰਮ ਪਾਠਕ ਨੇ ਕਰਨਾ ਹੁੰਦਾ ਹੈ। ਪਾਠਕਾਂ ਨੇ ਮੇਰੀ ਕਵਿਤਾ ਪੜ੍ਹ ਕੇ ਮਹਿਸੂਸ ਕੀਤਾ ਕਿ ਮੇਰਾ ਕਵਿਤਾ ਲਿਖਣ ਦਾ ਅੰਦਾਜ਼ ਵੱਖਰਾ ਹੈ। ਹੁਣ ਮੈਂਨੂੰ ਵੀ ਇਹ ਗੱਲ ਮਹਿਸੂਸ ਹੋ ਰਹੀ ਹੈ। ਮੈਨੂੰ ਇਹੋ ਜਿਹੀ ਕਵਿਤਾ ਲਿਖਣ ਦਾ ਆਨੰਦ ਵੀ ਆ ਰਿਹਾ ਹੈ।

? ਬਹੁਤ ਸਾਰੇ ਸ਼ਾਇਰ ਕਵਿਤਾ ਦੇ ਵੱਖ ਵੱਖ ਰੂਪਾਂ (ਗੀਤ, ਰੁਬਾਈ, ਨਜ਼ਮ, ਚੌਵਰਗੇ) ਵਿੱਚ ਆਪਣੇ ਵਿਚਾਰ ਪ੍ਰਗਟ ਕਰਦੇ ਹਨ ਪਰ ਤੁਹਾਡਾ ਝੁਕਾ ਗ਼ਜ਼ਲ ਵੱਲ ਹੀ ਜ਼ਿਆਦਾ ਰਿਹਾ। ਤੁਸੀਂ ਗ਼ਜ਼ਲ ਵੱਲ ਕਿਸ ਤਰ੍ਹਾਂ ਆਏ?

: ਹਾਂ ਜੀ, ਸਤਨਾਮ ਜੀ, ਇਹ ਇੱਕ ਬੜੀ ਪੁਰਾਣੀ ਗੱਲ ਹੈ। ਹੋਇਆ ਇਸ ਤਰ੍ਹਾਂ ਕਿ ਇੱਕ ਦਿਨ ਦਿੱਲੀ ਇੱਕ ਸਾਹਿਤਕ ਇਕੱਠ ਵਿੱਚ ਮੈਂ ਗ਼ਜ਼ਲ ਪੜ੍ਹ ਰਿਹਾ ਸੀ। ਉਸ ਸਮੇਂ ਹੋ ਸਕਦਾ ਮੇਰੀ ਗ਼ਜ਼ਲ ਵਿੱਚ ਕੋਈ ਕਮੀ ਪੇਸ਼ੀ ਵੀ ਹੋਵੇ, ਪਰ ਮੈਂ ਸਮਝਦਾਂ ਬਹੁਤੇ ਗ਼ਜ਼ਲਕਾਰਾਂ ਨਾਲ਼ੋਂ ਵਧੀਆ ਸੀ। ਉੱਥੇ ਮੇਰੇ ਇੱਕ ਹੋਰ ਦੋਸਤ ਜੋਗਾ ਸਿੰਘ ਜਗਿਆਸੂ ਵੀ ਸਨ। ਉਨ੍ਹਾਂ ਨੇ ਵਿਅੰਗ ਨਾਲ ਕਿਹਾ ਕਿ ਜੁਗਿੰਦਰ ਜੀ, ਗ਼ਜ਼ਲ ਤੁਹਾਡੇ ਵੱਸ ਦਾ ਰੋਗ ਨਹੀਂ। ਇਹ ਸਾਡੇ ਵਾਸਤੇ ਰਹਿਣ ਦਿਉ। ਤੁਸੀਂ ਨਜ਼ਮ ਹੀ ਲਿਖਿਆ ਕਰੋ। ਇਸ ਚੋਭ ਨੇ ਮੈਨੂੰ ਗ਼ਜ਼ਲ ਦੇ ਅਧਿਅਨ ਉੱਤੇ ਅਭਿਆਸ ਲਈ ਪ੍ਰੇਰਿਆ। ਮੈਂ ਫੇਰ ਗ਼ਜ਼ਲ ਲਿਖੀ ਤੇ ਪੜ੍ਹੀ। ਜਗਿਆਸੂ ਜੀ ਦੇ ਤਿੱਖੇ ਤੀਰ ਨੇ ਹੀ ਗ਼ਜ਼ਲ ਵੱਲ ਲਿਆਂਦਾ ਨਹੀˆ ਤਾਂ ਸ਼ਾਇਦ ਮੈˆ ਵਧੀਆ ਗ਼ਜ਼ਲ ਨਾ ਹੀ ਲਿਖ ਸਕਦਾ, ਕਿਉਂਕਿ ਗ਼ਜ਼ਲ ਅਧਿਅਨ ਅਤੇ ਅਭਿਆਸ ਦੀ ਮੰਗ ਕਰਦੀ ਹੈ। ਤੁਕਾਂਤ ਤੇ ਉਚਾਰਣ ਤੋਂ ਬਿਨਾਂ ਵੀ ਬਹੁਤ ਸਾਰੀਆਂ ਹੋਰ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ।

ਗ਼ਜ਼ਲ ਲਿਖਣ ਦਾ ਰੁਝਾਨ ਵਧਿਆ

? ਅਮਰ ਜੀ, ਭਾਵੇਂ ਅੱਜ ਕੱਲ੍ਹ ਗ਼ਜ਼ਲ ਲਿਖਣ ਦਾ ਰਿਵਾਜ ਵਧ ਰਿਹਾ ਹੈ ਪਰ ਕਈ ਵਾਰ ਗ਼ਜ਼ਲ ਲਿਖਣ ਵਾਲਿਆਂ ਦਾ ਕਹਿਣਾ ਹੈ ਕਿ ਕਾਫ਼ੀਏ ਦੇ ਸ਼ਬਦ ਲੱਭਦਿਆਂ, ਛੰਦ ਤੇ ਅਰੂਜ਼ ਦੀਆਂ ਮਾਤਰਾ ਗਿਣਦਿਆਂ ਖ਼ਿਆਲ ਭੁੱਲ ਜਾਂਦਾ ਹੈ ਅਤੇ ਕਈ ਵਾਰ ਕਾਫ਼ੀਏ ਦੀ ਤੰਗੀ ਕਰਕੇ ਖ਼ਿਆਲ ਦੀ ਪੇਸ਼ਕਾਰੀ ਵਿੱਚ ਮੁਸ਼ਕਲ ਆਉˆਦੀ ਹੈ। ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ?

: ਹਾਂ ਢਾਅ ਜੀ, ਗ਼ਜ਼ਲ ਦਾ ਰਿਵਾਜ ਵਧ ਗਿਆ ਹੈ। ਕੁਝ ਕਹਾਣੀਕਾਰ ਵੀ ਗ਼ਜ਼ਲ ਲਿਖਣ ਲੱਗ ਪਏ ਹਨ। ਗ਼ਜ਼ਲ ਉੱਤੇ ਕੁਝ ਕਿਤਾਬਾਂ ਵੀ ਆਈਆਂ ਹਨ, ਜਿਹੜੀਆਂ ਪੂਰੀਆਂ ਠੀਕ ਨਹੀਂ। ਮੇਰਾ ਵਿਚਾਰ ਹੈ ਗ਼ਜ਼ਲ ਲਿਖਣ ਲਈ ਉਰਦੂ ਪੜ੍ਹਨਾ ਬਹੁਤ ਜ਼ਰੂਰੀ ਹੈ। ਪਰ ਸਾਡੇ 95 ਪ੍ਰਤੀਸ਼ਤ ਨਵੇਂ ਗ਼ਜ਼ਲਕਾਰ ਉਰਦੂ ਨਹੀਂ ਜਾਣਦੇ, ਇਸ ਕਰਕੇ ਗ਼ਜ਼ਲ ਦਾ ਲਹਿਜਾ ਉਹਨਾਂ ਦੀਆˆ ਗ਼ਜ਼ਲਾਂ ਵਿੱਚ ਘੱਟ ਹੁੰਦਾ ਹੈ। ਉਹ ਬੇਵਜ਼ਨ ਵੀ ਲਿਖਦੇ ਹਨ। ਕਈ ਵਾਰ ਜਿਹਨਾਂ ਨੇ ਗ਼ਜ਼ਲ ਦੀਆਂ ਕਿਤਾਬਾਂ ਪੜ੍ਹੀਆਂ ਨੇ ਉਹ ਥੋੜ੍ਹਾ-ਬਹੁਤ ਵਜ਼ਨ ਮਿਲਾ ਲੈਂਦੇ ਹਨ ਲੇਕਿਨ ਉਹ ਵੀ ਠੀਕ ਨਹੀਂ ਹੁੰਦਾ। ਵਜ਼ਨ ਦੇ ਨਾਲ ਸੰਗੀਤ ਵੀ ਬਹੁਤ ਜ਼ਰੂਰੀ ਹੈ। ਗ਼ਜ਼ਲ ਜਿਹੜੀ ਗਾਈ ਜਾ ਸਕੇ, ਵਜ਼ਨ ਪੂਰਾ ਹੋਵੇ, ਲਹਿਜਾ ਵੀ ਹੋਵੇ, ਅਸਲੀ ਗ਼ਜ਼ਲ ਉਹੀ ਹੁੰਦੀ ਹੈ। ਬਾਕੀ ਕੁਝ ਗ਼ਜ਼ਲਾਂ ਉਰਦੂ ਦੀਆਂ ਹਿੰਦੀ ਵਿੱਚ ਆ ਰਹੀਆਂ ਹਨ। ਪੁਰਾਣੇ ਵੱਡੇ ਪ੍ਰਸਿੱਧ ਕਵੀਆਂ ਦੀਆਂ ਉਹ ਪੜ੍ਹ ਲੈˆਦੇ ਹਨ। ਉਹਨਾਂ ਕਵੀਆˆ ਦਾ ਨਾ ਲਿਖਣ ਦੀ ਜ਼ਰੂਰਤ ਨਹੀਂ ਕਿਉਂਕਿ ਸਾਰੇ ਜਾਣਦੇ ਹਨ। ਉਹਨਾਂ ਦੀਆਂ ਗ਼ਜ਼ਲਾਂ ਆਮ ਤੌਰ ਉੱਤੇ ਟੀ. ਵੀ. ਅਤੇ ਫਿਲਮਾਂ ਵਿੱਚ ਵੀ ਆਉਂਦੀਆਂ ਰਹਿੰਦੀਆਂ ਹਨ। ਬਾਕੀ ਮੈਂ ਸਮਝਦਾ ਹਾਂ ਕਿ ਗ਼ਜ਼ਲ ਲਿਖਣ ਦਾ ਰਿਵਾਜ ਵੀ ਵੇਖੋ ਵੇਖੀ ਪਿਆ। ਗ਼ਜ਼ਲ ਉਰਦੂ ਤੋਂ ਪੰਜਾਬੀ ਵਿੱਚ ਆਈ, ਗ਼ਜ਼ਲ ਵਿੱਚ ਬਹਿਰ ਹੁੰਦਾ ਹੈ, ਰੁਕਨ ਹੁੰਦੇ ਹਨ ਫਿਰ ਸ਼ਬਦਾਂ ਲਈ ਤਲਫ਼ਜ਼ ਦੀ ਵੀ ਜ਼ਿਆਦਾ ਲੋੜ ਪੈਂਦੀ ਹੈ। ਗ਼ਜ਼ਲ ਲਿਖਣ ਵਾਲਾ ਕਾਫ਼ੀਆ ਲੱਭ ਲੈਂਦਾ ਹੈ। ਕਈ ਵਾਰ ਕਾਫ਼ੀਆ ਹੀ ਉਹਦੇ ਵਿਚਾਰ ਨੂੰ ਪੇਸ਼ ਕਰਦਾ ਹੈ। ਬਾਕੀ ਪੰਜਾਬੀ ਵਿੱਚ ਗ਼ਜ਼ਲ ਲਿਖਣ ਦਾ ਰਿਵਾਜ ਜ਼ਰੂਰ ਵਧਿਆ ਹੈ ਅਤੇ ਕਾਫ਼ੀ ਲੋਕ ਅੱਛੀ ਗ਼ਜ਼ਲ ਲਿਖ ਵੀ ਰਹੇ ਹਨ। ਜਿਵੇਂ ਮੈਂ ਪਹਿਲਾਂ ਕਿਹਾ ਕਿ ਅੱਜ ਕੱਲ੍ਹ ਬਹੁਤੇ ਗ਼ਜ਼ਲ ਲਿਖਣ ਵਾਲੇ ਉਰਦੂ ਨਹੀਂ ਜਾਣਦੇ ਕਰਕੇ ਸ਼ਾਇਦ ਉਨ੍ਹਾਂ ਨੂੰ ਮੁਸ਼ਕਲ ਆਉˆਦੀ ਹੋਵੇ। ਭਾਵੇਂ ਗ਼ਜ਼ਲ ਸ਼ਾਸਤਰ ਦੀਆਂ ਕਿਤਾਬਾਂ ਵੀ ਲਿਖੀਆਂ ਗਈਆਂ ਹਨ, ਕਿਉਂਕਿ ਗ਼ਜ਼ਲ ਦਾ ਅਧਾਰ ਉਰਦੂ ਫ਼ਾਰਸੀ ਕਰਕੇ ਜੇਕਰ ਇਸਦਾ ਗਿਆਨ ਹੋਵੇ ਤਾਂ ਬਹੁਤ ਬਿਹਤਰ ਹੈ।

? ਤੁਸੀਂ ਗ਼ਜ਼ਲ ਬਾਰੇ ਕਾਫ਼ੀ ਗਿਆਨ ਹਾਸਲ ਕੀਤਾ ਹੈ ਅਤੇ ਗ਼ਜ਼ਲ ਲਿਖਣ ਲਈ ਬਹੁਤ ਜ਼ਿਆਦਾ ਮਿਹਨਤ ਵੀ ਕੀਤੀ ਹੈ। ਇਹ ਵੀ ਦੱਸੋ ਕਿ ਸ਼ਾਇਰਾਂ ਨੇ ਕਾਫ਼ੀਆ ਦਾ ਵਰਗੀਕਰਨ ਵੀ ਕੀਤਾ ਹੈ। ਕਾਫ਼ੀਆ ਚੁਸਤ ਅਤੇ ਸੁਸਤ ਵੀ ਹੁੰਦਾ? ਇਹਦੇ ਬਾਰੇ ਕੁਝ ਦੱਸੋਗੇ?

: ਮੈਂ ਸਮਝਦਾ ਹਾਂ ਕਿ ਕਾਫ਼ੀਆ ਹਮੇਸ਼ਾਂ ਹੀ ਚੁਸਤ ਹੀ ਹੁੰਦਾ ਹੈ। ਹਾਂ, ਵਜ਼ਨ ਵਿੱਚ ਜਿਸ ਤਰ੍ਹਾਂ ਗੱਲ ਹੁੰਦੀ ਹੈ ਉਸੇ ਤਰ੍ਹਾਂ ਦਾ ਕਾਫ਼ੀਆ ਸਾਨੂੰ ਲੈਣਾ ਪੈˆਦਾ ਹੈ। ਚੁਸਤ ਕਾਫ਼ੀਆ ਉਹ ਹੈ, ਜਿੱਥੇ ਅੱਖਰਾਂ/ਮਾਤਰਾਂ ਦੀ ਸਾਂਝ ਬਿਲਕੁਲ ਸਪਸ਼ਟ ਹੋਵੇ। ਅਜਿਹੇ ਤੁਕਾਂਤ ਵਿੱਚ ਇੱਕ ਤੋਂ ਵਧ ਅੱਖਰਾਂ/ ਮਾਤਰਾਂ ਦੀ ਸਾਂਝ ਹੁੰਦੀ ਹੈ। ਪੰਜਾਬੀ ਗ਼ਜ਼ਲ ਵਿੱਚ ਸ਼ਾਇਰ ਸੁਸਤ ਕਾਫ਼ੀਏ ਬੰਨ੍ਹਣ ਤੋਂ ਸੰਕੋਚ ਕਰਦੇ ਹਨ। ਆਮ ਕਰਕੇ ਪੰਜਾਬੀ ਗ਼ਜ਼ਲ ਚੁਸਤ ਕਾਫ਼ੀਏ ਦੀ ਸ਼ਕਲ ਵਿੱਚ ਹੀ ਰਚੀ ਗਈ ਹੈ।

? ਕੁਝ ਆਲੋਚਕਾਂ ਦਾ ਵਿਚਾਰ ਹੈ ਕਿ ਸੱਤਵੇਂ ਦਹਾਕੇ ਵਿੱਚ ਪ੍ਰਯੋਗਵਾਦੀ ਅਤੇ ਜੁਝਾਰੂ/ਵਿਦਰੋਹੀ ਲਹਿਰਾਂ ਨੇ ਜਿਸ ਕਿਸਮ ਦੀ ਨਸਰੀ ਨਜ਼ਮ ਤੇ ਅਕਵਿਤਾ ਨੂੰ ਜਨਮ ਦਿੱਤਾ, ਉਸ ਨਾਲ ਪੰਜਾਬੀ ਕਵਿਤਾ ਆਪਣੇ ਪਾਠਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?

: ਇਹਦੇ ਬਾਰੇ ਮੈਂ ਇੰਨਾ ਹੀ ਕਹਾਂਗਾ ਕਿ ਕੁਝ ਔਖੀ ਜ਼ਰੂਰ ਹੋ ਗਈ ਹੈ। ਤੁਕਬੰਦੀ ਦੀ ਕਵਿਤਾ ਕਿਉਂਕਿ ਲੈਅ ਵਿੱਚ ਹੁੰਦੀ ਸੀ। ਇਸ ਲਈ ਪਾਠਕ ਬਿਨਾਂ ਸਮਝੇ ਹੀ ਪਾਠ ਕਰੀ ਜਾਂਦੇ ਸੀ। ਪਰ ਨਵੀਂ ਕਵਿਤਾ ਜੁਝਾਰਵਾਦੀ ਜਾਂ ਵਿਦਰੋਹੀ, ਇਹ ਸਮੇਂ ਦੀ ਦੇਣ ਹੈ। ਉਹ ਸਮੇਨ ਨੂੰ ਪੇਸ਼ ਕਰਦੀਆਂ ਹਨ। ਕਵੀ ਸਮੇਂ ਦੇ ਨਾਲ ਨਾਲ ਚੱਲਦਾ ਹੈ। ਮੇਰਾ ਖ਼ਿਆਲ ਹੈ ਕਿ ਪਾਠਕ ਕਈ ਵਾਰ ਪਿੱਛੇ ਰਹਿ ਜਾਂਦਾ ਹੈ, ਇਸ ਲਈ ਉਹ ਕਵਿਤਾ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਆਲੋਚਕਾਂ ਦਾ ਵਿਚਾਰ ਵੀ ਕੁਝ ਹੱਦ ਤੱਕ ਠੀਕ ਹੈ ਪਰ ਪੂਰਾ ਠੀਕ ਨਹੀਂ ਕਿਉˆਕਿ ਇਸ ਤੋਂ ਪਹਿਲਾਂ ਹਿੰਦੀ ਵਿੱਚ ਇਸ ਕਿਸਮ ਦੀਆਂ ਕਵਿਤਾਵਾਂ ਆਈਆਂ ਤੇ ਉਰਦੂ ਵਿੱਚ ਵੀ ਆਈਆਂ, ਪਰ ਘੱਟ ਸੀ। ਕਈ ਉਰਦੂ ਵਾਲੇ, ਜੋ ਖੁੱਲ੍ਹੀ ਕਵਿਤਾ ਲਿਖਦੇ ਹਨ, ਮੰਨਦੇ ਨੇ ਕਿ ਗ਼ਜ਼ਲ ਦਾ ਜ਼ਮਾਨਾ ਨਿਕਲ ਗਿਆ, ਪਰ ਇਹ ਪੂਰੀ ਤਰ੍ਹਾਂ ਠੀਕ ਨਹੀਂ। ਜਦੋਂ ਤੱਕ ਸੰਗੀਤ ਅਤੇ ਲੋਕਧਾਰਾ ਨਾਲ ਅਸੀਂ ਜੁੜੇ ਰਹਾਂਗੇ, ਗ਼ਜ਼ਲ ਨੇ ਸਾਡੇ ਨਾਲ ਹੀ ਰਹਿਣਾ। ਜਿਹੜਾ ਤੁਸੀਂ ਪ੍ਰਯੋਗਵਾਦ ਤੇ ਜੁਝਾਰਵਾਦ ਦਾ ਜ਼ਿਕਰ ਕੀਤਾ ਹੈ ਉਸ ਵਿੱਚ ਪ੍ਰਯੋਗਵਾਦ ਸਭ ਤੋਂ ਪਹਿਲਾਂ ਸ਼ੁਰੂ ਹੋਇਆ। ਜਿਸ ਵਿੱਚ ਗਿਣਤੀ ਦੇ ਚਾਰ ਕੁ ਕਵੀ ਸਨ, ਬਾਕੀ ਜੁਝਾਰਵਾਦ, ਪ੍ਰਗਤੀਵਾਦ ਦਾ ਸਿਖ਼ਰ ਹੈ ਤੇ ਇਹਨੂੰ ਆਰੰਭ ਕਰਨ ਵਾਲੇ ਸਾਡੇ ਕੋਲ ਪਾਸ਼ ਤੇ ਲਾਲ ਸਿੰਘ ਸਨ। ਪਾਸ਼ ਨੇ ਜ਼ਿਆਦਾ ਲਿਖਿਆ ਹੈ। ਲਾਲ ਸਿੰਘ ਯੂ. ਪੀ. ਵਿੱਚ ਚਲੇ ਜਾਣ ਕਰਕੇ, ਰੂਪੋਸ਼ ਹੋਣ ਕਰਕੇ ਘੱਟ ਛਪਿਆ ਪਰ ਜਦੋਂ ਛਪਿਆ ਤਾਂ ਫਿਰ ਉਹ ਪੂਰਾ ਜੁਝਾਰੂ ਸੀ।

? ਜੁਗਿੰਦਰ ਜੀ, ਤੁਸੀਂ ਖੁੱਲ੍ਹੀ ਕਵਿਤਾ ਦੀ ਗੱਲ ਕੀਤੀ ਹੈ। ਕੁਝ ਲੋਕ ਛੰਦ-ਰਹਿਤ (ਖੁੱਲ੍ਹੀ) ਕਵਿਤਾ ਨੂੰ ਕਵਿਤਾ ਨਹੀˆ ਮੰਨਦੇ ਉਨ੍ਹਾਂ ਨੂੰ ਕੀ ਕਹਿਣਾ ਚਾਹੋਗੇ? ਕਵਿਤਾ ਛੰਦਬੱਧ ਹੀ ਹੋਣੀ ਚਾਹੀਦੀ ਹੈ? ਕੀ ਅੰਲਕਾਰਾਂ ਤੋਂ ਬਿਨਾਂ ਵੀ ਕਵਿਤਾ ਲਿਖੀ ਜਾ ਸਕਦੀ ਹੈ?

: ਦੇਖੋ, ਖੁੱਲ੍ਹੀ ਕਵਿਤਾ ਦਾ ਰਿਵਾਜ ਪੱਛਮ ਵਿੱਚੋਂ ਆਇਆ ਵਰਡਵਰਥ ਨੇ ਖੁੱਲ੍ਹੀ ਕਵਿਤਾ ਲਿਖੀ ਤੇ ਮਕਬੂਲ ਵੀ ਬਹੁਤ ਹੋਈ। ਪੰਜਾਬੀ ਵਿੱਚ ਪ੍ਰੋ. ਪੂਰਨ ਸਿੰਘ, ਦਿਵਾਨ ਸਿੰਘ ਕਾਲੇ-ਪਾਣੀ, ਬਾਵਾ ਬਲਵੰਤ ਫੇਰ ਪ੍ਰੋ. ਮੋਹਣ ਸਿੰਘ ਨੇ ਵੀ ਖੁੱਲ੍ਹੀ ਕਵਿਤਾ ਲਿਖੀ ਹੈ। ਕਵਿਤਾ ਬਹੁਤ ਹੀ ਨਾਜ਼ਕ ਕਲਾ ਹੈ, ਇਹ ਭਾਰੇ ਸ਼ਬਦ ਸਹਾਰ ਨਹੀਂ ਸਕਦੀ। ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਹ ਨਹੀˆ ਪਤਾ ਕਿ ਪਹਿਲਾਂ ਪਹਿਲ ਵਾਰਤਕ ਹੁੰਦੀ ਹੀ ਨਹੀਂ ਸੀ। ਹਰ ਲਿਖਤ ਕਵਿਤਾ ਵਿੱਚ ਹੀ ਸੀ। ਇੱਥੋਂ ਤੱਕ ਕਿ ਹਕੀਮਾਂ ਵੈਦਾਂ ਦੇ ਨੁਸਖ਼ੇ ਵੀ ਕਵਿਤਾ ਵਿੱਚ ਹੀ ਮਿਲਦੇ ਸਨ। ਕਵਿਤਾ ਦੀ ਪਛਾਣ ਤਾਂ ਕਵਿਤਾ ਦੇ ਲਿਬਾਸ ਤੋਂ ਹੁੰਦੀ ਹੈ। ਕਈ ਲੋਕ ਤੁਕ-ਬੰਦੀ ਨੂੰ ਹੀ ਕਵਿਤਾ ਸਮਝ ਲੈਂਦੇ ਹਨ। ਅਲੰਕਾਰਾਂ ਨੂੰ ਕਵਿਤਾ ਦੇ ਲਿਬਾਸ ਦਾ ਇੱਕ ਹਿੱਸਾ ਕਿਹਾ ਜਾ ਸਕਦਾ ਹੈ। ਜਿਸ ਤਰ੍ਹਾਂ ਇਸਤਰੀ ਆਪਣੇ ਹਾਰ-ਸ਼ਿੰਗਾਰ ਲਈ ਗਹਿਣੇ ਪਾਉਂਦੀ ਹੈ, ਇਸ ਤਰ੍ਹਾਂ ਵਧੀਆ ਕਵਿਤਾ ਲਿਖਣ ਲਈ ਵੀ ਅੰਲਕਾਰਾਂ ਦੀ ਜ਼ਰੂਰਤ ਹੁੰਦੀ ਹੈ। ਪਰ ਇਕੱਲੇ ਅਲੰਕਾਰਾਂ ਨਾਲ ਹੀ ਕਵਿਤਾ ਨਹੀˆ ਬਣਦੀ। ਇਸ ਵਿੱਚ ਕਵਿਤਾ ਦੀਆਂ ਖੂਬੀਆਂ ਵੀ ਹੋਣੀਆਂ ਚਾਹੀਦੀਆਂ ਹਨ। ਤੁਸੀਂ ਕਈ ਵਾਰ ਲੋਕਾਂ ਨੂੰ ਇਹ ਕਹਿੰਦਿਆਂ ਵੀ ਸੁਣਿਆ ਹੋਵੇਗਾ ਕਿ ਉਹਦੀ ਵਾਰਤਕ ਵਿੱਚ ਤਾਂ ਕਵਿਤਾ ਵਰਗੀ ਰਵਾਨਗੀ ਹੈ। ਬੱਸ ਇਹ ਲੱਛਣ ਹੀ ਪਾਠਕ ਨੂੰ ਦੱਸ ਸਕਦੇ ਹਨ ਕਿ ਇਹ ਕਵਿਤਾ ਹੈ ਜਾਂ ਵਾਰਤਕ। ਖੁੱਲ੍ਹੀ ਕਵਿਤਾ ਹੋਵੇ ਜਾਂ ਛੰਦਬੱਧ, ਕਵਿਤਾ ਨੂੰ ਦੇਖਣ ਲਈ ਕਾਵਿ-ਸ਼ਾਸਤਰ ਰਾਹੀਂ ਮਾਪੀ ਜਾ ਸਕਦੀ ਹੈ। ਸਾਹਿਤ ਵਿੱਚ ਕਿਸੇ ਹੋਰ ਵਿਧੀ ਨੂੰ ਮਾਪਣ ਲਈ ਕੋਈ ਸ਼ਾਸਤਰ ਨਹੀ, ਸਿਰਫ਼ ਕਵਿਤਾ ਲਈ ਕਾਵਿ-ਸ਼ਾਸਤਰ ਇੱਕ ਕਸਵੱਟੀ ਹੈ, ਜੋ ਤੁਹਾਨੂੰ ਦੱਸ ਸਕਦੀ ਹੈ ਕਿ ਇਹ ਕਵਿਤਾ ਕਾਵਿ-ਸ਼ਾਸਤਰ ਦੇ ਮਿਆਰ ਤੇ ਪੂਰੀ ਉੱਤਰਦੀ ਹੈ ਜਾਂ ਨਹੀਂ। ਜਿਹੜੇ ਲੋਕ ਖੁੱਲ੍ਹੀ ਕਵਿਤਾ ਨੂੰ ਕਵਿਤਾ ਨਹੀਂ ਮੰਨਦੇ ਉਨ੍ਹਾਂ ਨੂੰ ਕਾਵਿ-ਸ਼ਾਸਤਰ ਦਾ ਅਧਿਆਨ ਕਰਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਤੱਤਾਂ ਨਾਲ ਕਵਿਤਾ ਬਣਦੀ ਹੈ।

ਸਾਹਿਤਕ ਦੇਣ

? ਅਮਰ ਜੀ, ਤੁਸੀਂ ਬੜੇ ਲੰਮੇ ਅਰਸੇ ਤੋਂ ਸਾਹਿਤਕ ਖੇਤਰ ਵਿੱਚ ਸਰਗਰਮ ਹੋ। ਹੁਣ ਤੱਕ ਕੀ ਕੁਝ ਲਿਖਿਆ ਇਹਦੇ ਬਾਰੇ ਵੀ ਕੁਝ ਦੱਸੋ?

: ਮੈˆ ਬਹੁਤੀ ਕਵਿਤਾ ਹੀ ਲਿਖੀ ਹੈ। ਤਕਰੀਬਨ ਗਿਆਰਾਂ-ਬਾਰਾਂ ਕਾਵਿ-ਸੰਗ੍ਰਹਿ ਛਪ ਚੁੱਕੇ ਹਨ। ਸਭ ਤੋˆ ਪਹਿਲਾਂ 1970 ਵਿੱਚ “ਤਰਤੀਬ” ਛਪਿਆ। ਉਸ ਤੋਂ ਬਾਅਦ 1982 ਵਿੱਚ “ਦੂਜਾ ਸੂਰਜ।” ਤੀਸਰੀ ਕਿਤਾਬ ਮੇਰੀ “ਓਡੀਕ ਦੀ ਉਮਰ” 1988 ਵਿੱਚ, 1990 ਵਿੱਚ “ਉਸ ਮਿੱਟੀ ਵਿੱਚ”, “ਆਲ੍ਹਣਾ ਨਾ ਪਾਈਂ” 1992 ਵਿੱਚ ਛਪੀ। ਇੱਕ ਕਾਵਿ-ਸੰਗ੍ਰਹਿ “ਹੁਣ ਤੀਕ” 1997 ਵਿੱਚ, “ਹਾਸ਼ੀਏ ਤੋਂ ਪਾਰ” 1999 ਵਿੱਚ, “ਅਵਾਜ਼ ਦੇ ਵਰਕੇ” 1999 ਵਿੱਚ, 2001 ਵਿੱਚ “ਸਮੁੰਦਰ ਮੰਥਨ ਤੋਂ ਪਹਿਲਾਂ” ਦੋਹਾਂ ਬੋਲੀਆਂ ਵਿੱਚ ਹਿੰਦੀ ਅਤੇ ਪੰਜਾਬੀ ਵਿੱਚ। ”ਇੱਕ ਹੋਰ ਸਿਧਾਰਥ” 2003 ਵਿੱਚ, “ਵਿਸਾਹ ਦਾ ਸਾਕ” ਅਤੇ ਇੱਕ ਦੋ ਹੋਰ ਕਿਤਾਬਾਂ ਛਪਣ ਲਈ ਖ਼ਰੜੇ ਤਿਆਰ ਹਨ। ਉਮੀਦ ਹੈ ਛੇਤੀ ਹੀ ਪਾਠਕਾਂ ਤੱਕ ਪੰਹੁਚ ਜਾਣਗੀਆਂ। ਹੁਣ ਤੱਕ ਚੌਦਾਂ ਪੰਦਰਾਂ ਕਿਤਾਬਾਂ ਹੋ ਗਈਆਂ ਹਨ, ਜਿਹਨਾਂ ਵਿੱਚ ਤਿੰਨ ਪੁਸਤਕਾਂ ਗ਼ਜ਼ਲਾਂ ਦੀਆਂ ਹਨ। ਮੇਰੀ ਪਹਿਲੀ ਪੁਸਤਕ ਤਰਤੀਬ 1970 ਵਿੱਚ ਛਪੀ ਤੇ ਦੂਜੀ ਪੁਸਤਕ 12 ਸਾਲ ਦੇ ਅੰਤਰਾਲ ਬਾਅਦ ਛਪੀ। ਫਿਰ ਸਮੇਂ ਸਮੇਂ ਛਪਦੀਆਂ ਹੀ ਰਹੀਆ।

? ਅੱਛਾ ਅਮਰ ਜੀ, ਇਹ ਦੱਸੋ ਕਿ ਤੁਸੀਂ ਕਵਿਤਾ ਦੀ ਸਿਰਜਣਾ ਕਰਨ ਵੇਲੇ ਆਪਣੀ ਸੰਤੁਸ਼ਟੀ, ਹਾਲਾਤ ਜਾਂ ਪਾਠਕਾਂ ਨੂੰ ਮੁੱਖ ਰੱਖਦੇ ਹੋ?

: ਇਹ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਹੈ। ਗੱਲ ਇਸ ਤਰ੍ਹਾਂ ਹੈ ਕਿ ਪਹਿਲਾਂ ਤਾਂ ਆਪਣੇ ਆਲੇ ਦੁਆਲੇ ਤੋਂ, ਹਾਲਾਤ ਤੋਂ ਹਰ ਬੰਦਾ ਪ੍ਰਭਾਵਿਤ ਹੁੰਦਾ ਹੈ, ਸੋ ਕਵੀ ਨੂੰ ਹਾਲਾਤ ਸਾਹਮਣੇ ਰੱਖਣੇ ਚਾਹੀਦੇ ਹਨ। ਖ਼ਾਸ ਕਰਕੇ ਕਵੀ ਇਨ੍ਹਾਂ ਹਾਲਾਤ ਨੂੰ ਆਪਣੇ ਢੰਗ ਨਾਲ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਹੈ। ਬਾਕੀ ਪਾਠਕਾਂ ਦੀ ਗੱਲ ਹੈ ਕਿ ਪਾਠਕ ਤਾਂ ਕਵੀ ਦੀ ਕਵਿਤਾ ਪੜ੍ਹ ਸੁਣ ਕੇ ਹੀ ਬਣ ਜਾਂਦੇ ਹਨ। ਜਿਹੜੀ ਤੁਸੀਂ ਕਵੀ ਦੀ ਸੰਤੁਸ਼ਟੀ ਦੀ ਗੱਲ ਕੀਤੀ ਹੈ, ਇਹ ਤਾਂ ਪਹਿਲੀ ਸ਼ਰਤ ਹੈ ਕਿ ਜਿੰਨਾ ਚਿਰ ਕਵਿਤਾ ਲਿਖਣ ਵਾਲੇ ਦੀ ਤਸੱਲੀ ਜਾਂ ਸੰਤੁਸ਼ਟੀ ਨਹੀਂ, ਉਨਾ ਚਿਰ ਕਵਿਤਾ ਲਿਖਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੈਂ ਆਪਣੀ ਕਵਿਤਾ ਰਾਹੀਂ ਲੋਕਾਂ ਨੂੰ ਕੁਰੀਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਕੀਤਾ ਹੈ। ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਰੱਬ ਸਾਰਿਆਂ ਦਾ ਸਾਂਝਾ ਹੋਣਾ ਚਾਹੀਦਾ ਹੈ। ਜਿਹੜੀ ਇਹ ਗੱਲ ਕੀਤੀ ਜਾਂਦੀ ਹੈ ਕਿ ਦੁੱਖ ਤੁਹਾਡੇ ਕੀਤੇ ਕਰਮਾਂ ਦਾ ਫਲ਼ ਹੈ ਜਾਂ ਇਹੋ ਸੁਣਦੇ ਵੀ ਆਏ ਹਾਂ। ਮੇਰੇ ਬਹੁਤ ਨਿੱਘੇ ਦੋਸਤ ਇਕਬਾਲ ਅਰਪਨ ਦੀ ਕਵਿਤਾ ਦਾ ਇੱਕ ਸ਼ੇਅਰ ਹੈ: “ਮਾੜੇ ਦਾ ਰੱਬ ਰਾਖਾ, ਸੁਣਦੇ ਆਏ ਹਾਂ ਇਹ ਵੀ ਤਕੜੇ ਲੋਕਾਂ ਗੱਲ ਬਣਾਈ ਏ।” ਮੈˆ ਆਪਣੀ ਕਵਿਤਾ ਰਾਹੀਂ ਇਹੋ ਜਿਹੀਆਂ ਗੱਲਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸਭ ਤੋਂ ਬੜੀ ਗੱਲ ਹੈ ਕਿ ਕਵੀ ਨੂੰ ਆਪਣੀ ਕਵਿਤਾ ਦਾ ਮੁਲਾਂਕਣ ਆਪ ਕਰਨਾ ਚਾਹੀਦਾ ਹੈ।

? ਤੁਹਾਡਾ ਇੱਕ ਕਾਵਿ ਸੰਗ੍ਰਹਿ “ਆਵਾਜ਼ ਦੇ ਵਰਕੇ” ਵਿੱਚ ਇੱਕ ਲੰਮੀ ਕਵਿਤਾ ‘ਵਿਵੇਕ ਇੱਕ ਵਿਤਕਰੇ ਦਾ’ ਹੋ ਸਕਦਾ ਕੁਝ ਲੋਕਾਂ ਨੇ ਇਹ ਕਵਿਤਾ ਅਜੇ ਨਾ ਪੜ੍ਹੀ ਹੋਵੇ। ਕ੍ਰਿਪਾ ਕਰਕੇ ਉਹਨਾਂ ਦੀ ਜਾਣਕਾਰੀ ਲਈ ਦੱਸੋਗੇ ਕਿ ਇਸ ਕਵਿਤਾ ਵਿੱਚ ਤੁਸੀਂ ਕੀ ਕਹਿਣ ਦਾ ਯਤਨ ਕੀਤਾ ਹੈ? ਇਹ ਕਵਿਤਾ ਲਿਖਣ ਦਾ ਸਬੱਬ ਕਿਸ ਤਰ੍ਹਾਂ ਬਣਿਆ?

: ਹੋਇਆ ਇਸ ਤਰ੍ਹਾਂ ਕਿ ਇੱਕ ਵਾਰ ਮੈਂ ਮਿੱਥ ਬਾਰੇ ਇੱਕ ਕਵਿਤਾ ਲਿਖੀ ਤਾਂ ਉਹ ਡਾ. ਹਰਿਭਜਨ ਸਿੰਘ ਦੀ ਨਿਗ੍ਹਾ ਪੈ ਗਈ। ਉਨ੍ਹਾਂ ਨੇ ਕਵਿਤਾ ਪੜ੍ਹ ਕੇ ਮੈਨੂੰ ਸੁਝਾ ਦਿੱਤਾ ਕਿ ਤੂੰ ਇੰਡੀਅਨ ਮੈਥਿਓਲੋਜੀ ਪੜ੍ਹ। ਉਨ੍ਹਾਂ ਨੇ ਮੈਨੂੰ ਆਪਣੇ ਕੋਲ਼ੋਂ ਵਿਸ਼ਨੂ ਪੁਰਾਣ ਪੜ੍ਹਨ ਲਈ ਦਿੱਤਾ। ਮੈਂ ਉਹ ਪੜ੍ਹਿਆ ਤੇ ਫੇਰ ਬਾਕੀ ਦੇ ਸਾਰੇ ਪੁਰਾਣ ਆਪ ਖ਼ਰੀਦ ਕੇ ਪੜ੍ਹੇ। ਉਨ੍ਹਾਂ ਵਿੱਚੋਂ ਮੈਨੂੰ ਇੱਕ ਪਾਤਰ ਦਰਵਾਸਾ ਨਾਂਅ ਦਾ ਮਿਲਿਆ। ਬਹੁਤੇ ਲੋਕ ਉਸ ਨੂੰ ਰਿਸ਼ੀ ਹੀ ਨਹੀਂ ਮੰਨਦੇ ਸਗੋਂ ਐਵੇਂ ਆਵਾਰਾ ਜਿਹਾ ਬੰਦਾ ਮੰਨਦੇ ਹਨ। ਸਾਰਾ ਖ਼ਿਆਲ ਕਲਪਨਾ ਉੱਤੇ ਅਧਾਰਤ ਹੈ। ਇਹ ਇੱਕ ਲੰਬੀ ਕਹਾਣੀ ਹੈ, ਜਿਸ ਨੂੰ ਸੰਖੇਪ ਵਿੱਚ ਇਸ ਤਰ੍ਹਾਂ ਕਹਿ ਸਕਦੇ ਹਾਂ, ਜਿਸ ਤਰ੍ਹਾਂ ਅੱਜ ਦੇ ਸਰਮਾਏਦਾਰ ਹਨ। ਜਿਸ ਨੂੰ ਮਰਜ਼ੀ ਗੱਦੀ ਉੱਤੇ ਬਿਠਾ ਦੇਣ ਜਿਸ ਨੂੰ ਮਰਜ਼ੀ ਗੱਦੀਉਂ ਲਾਹ ਦੇਣ। ਮੈਂ ਇਸ ਨੂੰ ਅੱਜ ਦੇ ਹਾਲਾਤ ਅਨੁਸਾਰ ਮੁਹਾਂਦਰਾ ਮੇਲ ਕੇ ਕਵੀ ਦੀ ਅੱਖ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ।

? ਹਾਂ, ਤੁਸੀ ਕਹਿ ਰਹੇ ਸੀ ਇੱਕ ਹੋਰ ਕਵਿਤਾ ਸੱਠ ਕੁ ਸਫ਼ਿਆਂ ਦੀ ਹੋ ਗਈ ਹੈ ਪਰ ਅਜੇ ਇਹ ਕਵਿਤਾ ਕੁਝ ਹੋਰ ਸਫ਼ਿਆਂ ਦੀ ਮੰਗ ਕਰਦੀ ਹੈ ਫੇਰ ਕਵਿਤਾ ਪੂਰੀ ਹੋ ਜਾਵੇਗੀ। ਇਸ ਗੱਲ ਬਾਰੇ ਵੀ ਕੁਝ ਦੱਸੋ ਕਿ ਕਵਿਤਾ ਅਧੂਰੀ ਤੇ ਪੂਰੀ ਕਿਸ ਤਰ੍ਹਾਂ ਸਮਝਦੇ ਹੋ? ਕੋਈ ਕਵਿਤਾ ਇੱਕ ਸਫ਼ੇ ਵਿੱਚ ਪੂਰੀ ਹੋ ਜਾਂਦੀ ਕੋਈ ਕਵਿਤਾ ਸੱਠ ਸਫ਼ਿਆਂ ਵਿੱਚ ਪੂਰੀ ਹੁੰਦੀ ਹੈ ਇਹ ਕਿਵੇਂ ਤੇ ਕਿਉˆ?

: ਤੁਸੀਂ ਲੰਮੀ ਕਵਿਤਾ ਤੇ ਛੋਟੀ ਕਵਿਤਾ ਦੀ ਗੱਲ ਕੀਤੀ ਹੈ, ਮੇਰੀਆਂ ਦੋ ਕਿਤਾਬਾਂ ਹਨ ਜੋ ਕਿ ਲੰਮੀਆਂ ਕਵਿਤਾਵਾਂ ਦੀਆਂ ਹਨ, ਉਹਦੇ ਵਿੱਚ ਵੀ ਸਾਨੂੰ ਅਧਿਆਏ ਬਣਾਉਣੇ ਪੈˆਦੇ ਹਨ। ਉਹ ਤਾਂ ਹੀ ਪੂਰੀ ਹੁੰਦੀ ਹੈ। ਛੋਟੀ ਕਵਿਤਾ ਵਿੱਚ ਕਈ ਸਵਾਲ ਪੈਦਾ ਹੁੰਦੇ ਹਨ, ਜਿਹਨਾਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ, ਪਰ ਉਹ ਆਪਣੇ-ਆਪ ਵਿੱਚ ਮੁਕੰਮਲ ਕਵਿਤਾ ਹੁੰਦੀ ਹੈ।

ਇਤਿਹਾਸਕ ਅਤੇ ਮਿਥਹਾਸਕ ਗਿਆਨ

? ਅਮਰ ਜੀ, ਤੁਹਾਡੇ ਕੋਲ ਰਾਜਨਿਤਿਕ, ਇਤਿਹਾਸਕ ਤੇ ਮਿਥਿਹਾਸਕ ਗਿਆਨ ਦਾ ਬਹੁਤ ਵੱਡਾ ਭੰਡਾਰ ਹੈ। ਪਰ ਤੁਸੀਂ ਆਪਣੇ ਵਿਚਾਰ ਕਾਵਿ-ਵਿਧਾ ਰਾਹੀਂ ਹੀ ਪ੍ਰਗਟ ਕੀਤੇ ਹਨ। ਤੁਸੀਂ ਕਹਾਣੀ ਜਾਂ ਨਾਵਲ ਵਰਗੀ ਵਿਧਾ ਨੂੰ ਕਿਉਂ ਨਹੀਂ ਅਪਣਾਇਆ? ਜਦੋਂ ਕਿ ਅੱਜ ਕੱਲ੍ਹ ਤਾਂ ਪੱਛਮ ਵਿੱਚ ਵੀ ਮਿੱਥ ਨਾਵਲ ਲਿਖਣ ਦਾ ਕਾਫ਼ੀ ਰਿਵਾਜ ਹੈ?

: ਢਾਅ ਜੀ, ਮੈਂ ਆਮ ਕਰਕੇ ਕਵਿਤਾ ਲਿਖਣ ਵੱਲ ਵਧੇਰੇ ਰੁਚਿਤ ਰਿਹਾ ਹਾਂ। ਉਂਝ ਮੈਂ ਕੁਝ ਕਹਾਣੀਆਂ ਵੀ ਲਿਖੀਆਂ ਹਨ। ਇੱਕ ਕਹਾਣੀ ਮੈˆ ਵਰਕਸ਼ਾਪ ਦੇ ਮਾਹੌਲ ਬਾਰੇ ਜਿਹੜੀ ਕਿ ਪਹਿਲਾਂ ਮੈਂ ਪੰਜਾਬੀ ਵਿੱਚ ਲਿਖੀ ਸੀ। ਜਿੰਨੀਆਂ ਵੀ ਪੰਜਾਬੀ ਦੀਆਂ ਅਖ਼ਬਾਰਾਂ ਸਨ, ਤਕਰੀਬਨ ਸਾਰੀਆਂ ਨੇ ਹੀ ਛਾਪਿਆ। ਫੇਰ ਉਹ ਕਹਾਣੀ ਮੈਂ ਹਿੰਦੀ ਵਿੱਚ ਅਨੁਵਾਦ ਕੀਤੀ, ਜਿਸ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ। ਹੋਰ ਵੀ ਕਈ ਕਹਾਣੀਆਂ ਲਿਖੀਆਂ ਪਰ ਮੇਰਾ ਬਹੁਤਾ ਝੁਕਾਅ ਕਵਿਤਾ ਵੱਲ ਹੀ ਰਿਹਾ। ਤੁਹਾਡੇ ਸਵਾਲ ਦੇ ਜਵਾਬ ਵਿੱਚ ਮੈਂ ਇਹੋ ਹੀ ਕਹਾਂਗਾ ਕਿ ਮੈਂ ਮਿੱਥ ਨਾਵਲ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਹੁਣ ਵੀ ਇੱਕ ਮਿੱਥ ਵਿੱਚ ਲੰਬੀ ਕਵਿਤਾ ਲਿਖ ਰਿਹਾ ਹਾਂ ਜਿਸਦੇ ਸੱਠ ਕੁ ਸਫ਼ੇ ਹੋ ਚੁੱਕੇ ਹਨ ਕੁਝ ਹੋਰ ਸਫ਼ਿਆਂ ਦੀ ਮੰਗ ਕਰਦੀ ਹੈ, ਫੇਰ ਪੂਰੀ ਹੋ ਜਾਵੇਗੀ। ਉਂਝ ਵੀ ਮੈਂਨੂੰ ਤਸੱਲੀ ਮਿੱਥ ਨੂੰ ਕਵਿਤਾ ਵਿੱਚ ਵਰਤ ਕੇ ਵਧੇਰੇ ਹੁੰਦੀ ਹੈ।

? ਇੱਥੇ ਹੋਰ ਇੱਕ ਸਵਾਲ ਮਿੱਥ ਬਾਰੇ ਮੇਰੇ ਮਨ ਵਿੱਚ ਆਉਂਦਾ ਹੈ ਕਿ ਜਦੋਂ ਤੁਸੀਂ ਕਵਿਤਾ ਵਿੱਚ ਮਿੱਥ ਵਰਤਦੇ ਹੋ ਤਾਂ ਮਿੱਥ ਦੀ ਆਪਣੇ ਸ਼ਬਦਾਂ ਵਿੱਚ ਵਿਆਖਿਆ ਮਹੱਤਵਪੂਰਨ ਸਮਝਦੇ ਹੋ ਜਾਂ ਉਸ ਦਾ ਰੂਪਾਂਤਰਣ ਮਹਤਵਪੂਰਨ ਸਮਝਦੇ ਹੋ?

: ਹਾਂ, ਇਹ ਇੱਕ ਬਹੁਤ ਮਹੱਤਵਪੂਰਨ ਸਵਾਲ ਹੈ। ਕੁਝ ਕਵੀਆਂ ਨੇ ਆਪਣੀ ਸੌਖ ਵਾਸਤੇ ਜਾਂ ਵੱਡੇ ਕਵੀ ਬਣਨ ਵਾਸਤੇ ਮਿੱਥ ਦਾ ਰੂਪਾਂਤਰਨ ਕੀਤਾ ਹੈ। ਪਰ ਜੋ ਗੱਲ ਮਿੱਥ ਵਿੱਚ ਹੁੰਦੀ ਹੈ ਉਹ ਵੀ ਪੇਸ਼ ਨਹੀਂ ਕਰ ਸਕਦਾ ਪਰ ਉਹ ਠੀਕ ਨਹੀਂ। ਮੇਰੇ ਵਿਚਾਰ ਵਿੱਚ ਮਿਥ ਨੂੰ ਇੱਕ ਉਦਾਹਰਣ ਦੇ ਤੌਰ ਉੱਤੇ ਪੇਸ਼ ਕਰਨਾ ਚਾਹੀਦਾ ਹੈ। ਅੱਜ ਦੇ ਸੰਦਰਭ ਵਿੱਚ ਇਹਦੀ ਵਿਆਖਿਆ ਬਹੁਤ ਜ਼ਰੂਰੀ ਹੈ, ਨਹੀਂ ਤਾਂ ਮਿੱਥ ਨੂੰ ਪੜ੍ਹ ਲਓ, ਫਿਰ ਨਵਾਂ ਲਿਖਣ ਦੀ ਕੀ ਲੋੜ ਹੈ। ਮਿੱਥ ਤਾਂ ਕਾਲਪਨਿਕ ਹੁੰਦੀ ਹੈ। ਉਹਦੇ ਵਿੱਚ ਕੜੀਆਂ ਆਪਸ ਵਿੱਚ ਮਿਲਦੀਆਂ ਹਨ ਤੇ ਦਿਲਚਸਪੀ ਪੈਦਾ ਕਰਦੀਆਂ ਹਨ। ਦੇਵੀ-ਦੇਵਤੇ ਰਿਸ਼ੀ-ਮੁਨੀ ਇਹ ਸਾਰੇ ਕਾਲਪਨਿਕ ਪਾਤਰ ਹੁੰਦੇ ਹਨ। ਬਾਕੀ ਲਿਖਣ ਵਾਲਿਆਂ ਨੇ ਕਹਾਣੀ ਦੇ ਮੁਤਾਬਿਕ ਘੜੇ ਹੁੰਦੇ ਹਨ। ਪੰਜਾਬੀ ਵਿੱਚ ਮਿੱਥ ਘੱਟ ਹੀ ਲਿਖੀ ਗਈ ਹੈ। ਮਿੱਥ ਦੇ ਨਾਲ ਇੱਕ ਲੋਕਧਾਰਾ ਵੀ ਹੁੰਦੀ ਹੈ। ਉਹ ਵੀ ਕਾਲਪਨਿਕ ਜ਼ਿਆਦਾ ਹੁੰਦੀ ਹੈ। ਜਿਵੇਂ ਸ਼ਿਵ ਕੁਮਾਰ ਦੀ ਇੱਕ ਕਵਿਤਾ ਹੈ ‘ਲੂਣਾ’ ਉਸ ਦੀ ਪਾਤਰ ਲੂਣਾ ਸਭ ਕਾਲਪਨਿਕ ਹੈ। ਮਗਰ ਕਵੀ ਨੇ ਉਹਦੀ ਵਿਆਖਿਆ ਵਰਤਮਾਨ ਵਿੱਚ ਕੀਤੀ ਹੈ ਤੇ ਛੰਦਬੱਧ ਵਿੱਚ ਕੀਤੀ ਹੈ। ਇਸ ਲਈ ਇਹ ਜ਼ਿਆਦਾ ਪ੍ਰਸਿੱਧ ਹੋਈ।

? ਗ਼ਜ਼ਲ ਲਿਖਣ ਵਾਲਿਆਂ ਸ਼ਾਇਰਾਂ ਤੋਂ ਇਹ ਗੱਲ ਵੀ ਸੁਣਨ ਵਿੱਚ ਆਈ ਹੈ ਕਿ ਤੁਗ਼ਜ਼ਲ ਹੀ ਗ਼ਜ਼ਲ ਦੇ ਸ਼ਿਅਰ ਦੀ ਸਭ ਤੋਂ ਵੱਡੀ ਪਛਾਣ ਹੈ। ਆਧੁਨਿਕ ਗ਼ਜ਼ਲ ਦੇ ਸ਼ਿਅਰਾਂ ਵਿੱਚ ਗ਼ਜ਼ਲੀਅਤ ਅਤੇ ਨਜ਼ਮੀਅਤ ਦੋਵੇਂ ਹੋਣੇ ਚਾਹੀਦੇ ਹਨ। ਇਕੱਲੇ ਨਜ਼ਮ ਦੇ ਸ਼ਿਅਰ ਗ਼ਜ਼ਲ ਦੀ ਹੋਂਦ ਲਈ ਖ਼ਤਰਾ ਹਨ। ਇਹਦੇ ਬਾਰੇ ਜੋਗਿੰਦਰ ਅਮਰ ਦਾ ਕੀ ਕਹਿਣਾ ਹੈ?

: ਇਹ ਗੱਲ ਠੀਕ ਹੈ ਕਿ ਗ਼ਜ਼ਲ ਲਈ ਤੁਗਜ਼ਲ ਦੀ ਜ਼ਿਆਦਾ ਲੋੜ ਹੁੰਦੀ ਹੈ, ਜਾਣੀ ਅਸੀਂ ਪਹਿਲੇ ਮਿਸਰੇ ਵਿੱਚ ਕੋਈ ਸਵਾਲ ਪੈਦਾ ਕਰਦੇ ਹਾਂ ਜਿਹੜਾ ਸੁਣਨ ਵਾਲਿਆਂ ਨੂੰ ਪਤਾ ਨਹੀਂ ਹੁੰਦਾ, ਫਿਰ ਉਹ ਸੋਚਦੇ ਹਨ ਕਿ ਇਹਦਾ ਜਵਾਬ ਕੀ ਹੋਵੇਗਾ। ਦੂਸਰੇ ਮਿਸਰੇ ਵਿੱਚ ਕਵੀ ਉਹਦਾ ਜਵਾਬ ਦਿੰਦਾ ਹੈ। ਉਹਨੂੰ ਤੁਗ਼ਜ਼ਲ ਕਹਿੰਦੇ ਹਨ। ਪਰ ਫਿਰ ਵੀ ਤੁਗ਼ਜ਼ਲ ਤੋਂ ਬਗੈਰ ਵੀ ਗ਼ਜ਼ਲਾਂ ਲਿਖੀਆਂ ਜਾਂਦੀਆਂ ਹਨ। ਜਿਸਦਾ ਅਰਥ ਦੋਹਾਂ ਮਿਸਰਿਆਂ ਨੂੰ ਮਿਲਾ ਕੇ ਮਿਲਦਾ ਹੈ। ਬਾਕੀ ਤੁਸੀਂ ਨਜ਼ਮੀਅਤ ਦੀ ਗੱਲ ਕੀਤੀ ਹੈ, ਉਹਦੇ ਬਾਰੇ ਆਪਾਂ ਗੱਲ ਪਹਿਲਾਂ ਕਰ ਹੀ ਚੁੱਕੇ ਹਾਂ।

? ਅਰਬੀ ਫ਼ਾਰਸੀ ਦੇ ਉਚਾਰਨ ਅਤੇ ਪੰਜਾਬੀ ਦੇ ਉਚਾਰਨ ਸਮੇਂ ਤੋਲ ਵਜ਼ਨ ਦੇ ਅਸੂਲਾਂ ਦੀ ਗੱਲ ਕਰਦਿਆਂ ਇਹ ਵੀ ਪਤਾ ਲੱਗਦਾ ਕਿ ਪੰਜਾਬੀ ਵਿੱਚ ਪੈਰੀਂ ਪੈਣ ਵਾਲੇ ਅੱਖਰ ਜਿਵੇਂ: ਹ, ਵ ਅਤੇ ਰ ਵਜ਼ਨ ਵਿੱਚ ਗਿਣੇ ਨਹੀਂ ਜਾਂਦੇ। ਕੁਝ ਮਾਹਿਰਾਂ ਦਾ ਇਹ ਵੀ ਵਿਚਾਰ ਹੈ ਕਿ ਰ ਨੂੰ ਪੈਰ ਵਿੱਚ ਪਾਉਣ ਦੀ ਮੁਸ਼ਕਲ ਜ਼ਿਆਦਾ ਆਉਂਦੀ ਹੈ ਤੁਸੀਂ ਵੀ ਇਸ ਨਾਲ ਸਹਿਮਤ ਹੋ?

: ਇਸ ਵਿੱਚ ਇਸ ਤਰ੍ਹਾਂ ਹੈ ਕਿ ਤੁਸੀਂ ਉਚਾਰਨ ਤੇ ਤੋਲ ਵਜ਼ਨ ਦੀ ਗੱਲ ਕੀਤੀ ਹੈ। ਅਸੀਂ ਜਦੋਂ ਗ਼ਜ਼ਲ ਲਿਖਦੇ ਹਾਂ, ਇਸ ਵਿੱਚ ਇਹਦੀ ਬਹੁਤ ਲੋੜ ਪੈˆਦੀ ਹੈ। ਜੇ ਕਿਸੇ ਦਾ ਉਚਾਰਨ ਠੀਕ ਨਹੀਂ ਤਾਂ ਉਹ ਮਾਪ-ਤੋਲ ਨਾਲ ਇਨਸਾਫ ਨਹੀਂ ਕਰ ਸਕਦਾ। ਇਸ ਲਈ ਉਚਾਰਨ ਬਹੁਤ ਜ਼ਰੂਰੀ ਹੈ। ਉਰਦੂ ਵਿੱਚ ਤੇ ਕੁਝ ਸ਼ਬਦ ਕੋਸ਼ ਹਨ। ਜਿਨ੍ਹਾਂ ਵਿੱਚ ਉਚਾਰਨ ਪੂਰੀ ਤਰ੍ਹਾਂ ਦਿੱਤਾ ਹੋਇਆ, ਉਹਨਾਂ ਲਈ ਸੌਖਾ ਹੋ ਜਾਂਦਾ, ਲੇਕਿਨ ਪੰਜਾਬੀ ਕੋਸ਼ਾਂ ਵਿੱਚ ਇਹ ਕੰਮ ਨਹੀਂ ਹੋਇਆ। ਫਿਰ ਵੀ ਗ਼ਜ਼ਲ ਬਾਰੇ ਜੋ ਕਿਤਾਬਾਂ ਆਈਆਂ ਹਨ ਉਹਨਾਂ ਵਿੱਚ ਉਚਾਰਨ ਦੀ ਗੱਲ ਕੀਤੀ ਹੈ। ਤਿੰਨ ਹਰਫ਼ੀ ਸ਼ਬਦ ਉਚਾਰਨ ਜ਼ਿਆਦਾ ਮੰਗਦਾ ਹੈ। ਜਿਵੇਂ: ਵਕਤ ਨੂੰ ਅਸੀਂ ਵੱਕਤ ਬੋਲਦੇ ਹਾਂ ਪਰ ਕਈ ਵਾਰੀ ਇਹਨਾਂ ਸ਼ਬਦਾਂ ਨੂੰ ਗ਼ਜ਼ਲ ਜਾਂ ਕਵਿਤਾ ਵਿੱਚ ਗ਼ਲਤ ਇਸਤੇਮਾਲ ਕਰ ਲਿਆ ਜਾਂਦਾ ਹੈ। ਜਿਵੇˆ ਵਕਤ, ਵ+ਕਤ ਦੇ ਉਚਾਰਨ ਵਿੱਚ ਬੋਲਿਆ ਜਾਂਦਾ ਹੈ, ਬਾਕੀ ਇਹ ਇੱਕ ਵੱਡਾ ਲੇਖ ਮੰਗਦਾ ਹੈ ਪਰ ਅਸੀਂ ਮੁਕਤਸਰ ਵਿੱਚ ਇਹ ਗੱਲ ਖ਼ਤਮ ਕਰਦੇ ਹਾਂ।

ਕੋਈ ਚੋਂਣਵੇਂ ਸ਼ੇਅਰ

? ਤੁਸੀਂ ਬਹੁਤ ਵਧੀਆ ਗ਼ਜ਼ਲ ਲਿਖੀ ਹੈ ਅਤੇ ਪਾਠਕਾਂ ਨੇ ਹੁੰਗਾਰਾ ਵੀ ਬਹੁਤ ਵਧੀਆ ਭਰਿਆ। ਕ੍ਰਿਪਾ ਕਰਕੇ ਆਪਣੀਆਂ ਗ਼ਜ਼ਲਾਂ ਦੇ ਕੁਝ ਚੋਣਵੇਂ ਸ਼ੇਅਰ ਸੁਣਾਉਗੇ?

: 1. ਦੋ ਚਾਰ ਦਿਨਾਂ ਦੀ ਰਹਿੰਦੀ ਹੁਣ ਤੇ ਗੱਲ ਹੈ
ਜ਼ਮਾਨਾ ਇਹ ਹੋਣ ਵਾਲਾ ਸਾਡੇ ਵਲ ਹੈ।
2. ਅਜੀਬ ਜਿਹੀ ਹੈ ਇਹ ਸ਼ਾਮ ਦੀ ਮਹਿਫ਼ਲ
ਅਦੀਬ ਨਹੀਂ ਉਦ੍ਹੇ ਨਾਮ ਦੀ ਮਹਿਫ਼ਲ।
3. ਕਾਗਜ਼ ਕਲਮ ਦਵਾਤ ਦੀ ਮੈਨੂੰ ਹੈ ਲੋੜ ਨਾ
ਦਿਲ ਉੱਤੇ ਹੀ ਮੈਂ ਤਾਂ ਲਿਖ ਲਵਾਂ ਵਿਥਿਆ ਜਹਾਨ ਦੀ।

? ਤੁਸੀਂ ਕਵਿਤਾ ਵਿੱਚ ਸ਼ਿਲਪ ਦੀ ਕਿੰਨੀ ਕੁ ਮਹੱਤਤਾ ਸਮਝਦੇ ਹੋ? ਅਲੰਕਾਰ (ਮੈਟਾਫੋਰ) ਨੂੰ ਕਵਿਤਾ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਕੀ ਅਲੰਕਾਰਾਂ ਤੋਂ ਬਿਨਾਂ ਵੀ ਕਵਿਤਾ ਨੂੰ ਵਧੀਆ ਕਵਿਤਾ ਮੰਨਿਆ ਜਾ ਸਕਦਾ ਹੈ?

: ਹਾਂ ਜੀ, ਸ਼ਿਲਪ ਦੀ ਬੜੀ ਮਹੱਤਤਾ ਹੈ। ਅਲੰਕਾਰ ਕਵਿਤਾ ਦਾ ਗਹਿਣਾ ਹੁੰਦਾ ਹੈ। ਪੁਰਾਣੇ ਸਮਿਆਂ ਵਿੱਚ ਇਸਦੀ ਬਹੁਤ ਮਹੱਤਤਾ ਸੀ। ਅਲੰਕਾਰ ਇੰਨੇ ਕੁ ਚਾਹੀਦੇ ਹਨ ਜਿਸ ਨਾਲ ਕਵਿਤਾ ਦਾ ਸੋਹਜ ਬਣਿਆ ਰਹੇ। ਮੇਰੇ iਖ਼ਆਲ ਨਾਲ ਕਵੀਆਂ ਨੂੰ ਨਵੇਂ ਅੰਲਕਾਰ ਵੀ ਵਰਤਣੇ ਚਾਹੀਦੇ ਹਨ। ਜ਼ਿਆਦਾ ਬੌਧਿਕ ਕਵਿਤਾ ਕਵਿਤਾ ਨਹੀਂ ਰਹਿੰਦੀ। ਕਲਾ ਤੇ ਬੁੱਧੀ ਦੇ ਸੁਮੇਲ ਨਾਲ ਹੀ ਭਾਵਾਂ ਦੀ ਰਖਵਾਲੀ ਹੋ ਸਕਦੀ ਹੈ।

ਦਿੱਲੀ ਵਿੱਚ ਪੰਜਾਬੀ ਬੋਲੀ ਦਾ ਭਵਿੱਖ

? ਪਿੱਛੇ ਜਿਹੇ ਯੂਨੈਸਕੋ ਦੀ ਇੱਕ ਰੀਪੋਰਟ ਮੁਤਾਬਿਕ ਦੂਜੀਆਂ ਬੋਲੀਆਂ ਦੇ ਨਾਲ ਪੰਜਾਬੀ ਬੋਲੀ ਦੇ ਮਰ ਜਾਣ ਦੀ ਚਿੰਤਾ ਕੀਤੀ ਜਾ ਰਹੀ ਸੀ। ਇੰਡੀਆ ਵਿੱਚ ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ। ਤੁਸੀਂ ਇਸ ਚਿੰਤਾ ਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਕੀ ਦਿੱਲੀ ਵਿੱਚ ਕੋਈ ਅਜਿਹੀ ਸੰਸਥਾ ਹੈ, ਜੋ ਪੰਜਾਬੀ ਦੇ ਵਿਕਾਸ ਜਾਂ ਤਰੱਕੀ ਲਈ ਕੋਈ ਯੋਗਦਾਨ ਪਾਉਂਦੀ ਹੋਵੇ?

: ਢਾਅ ਜੀ, ਮੇਰੇ ਖ਼ਿਆਲ ਨਾਲ ਦਿੱਲੀ ਵਿੱਚ ਪੰਜਾਬੀ ਬੋਲੀ ਦਾ ਭਵਿੱਖ ਪੰਜਾਬ ਨਾਲ਼ੋਂ ਅੱਛਾ ਹੈ। ਉਰਦੂ ਤੇ ਪੰਜਾਬੀ ਸੈਕਿੰਡ ਲੈਗੂਏਜ਼ ਦੇ ਤੌਰ ਉੱਤੇ ਪੜ੍ਹਾਈ ਜਾਂਦੀ ਹੈ, ਤੇ ਲੋਕ ਬੋਲਦੇ ਵੀ ਹਨ। ਇੰਨੀ ਚਿੰਤਾ ਵਾਲੀ ਗੱਲ ਨਹੀਂ। ਦਿੱਲੀ ਵਿੱਚ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਬਹੁਤ ਵੱਡੀ ਗਿਣਤੀ ਹੈ। ਪੰਜਾਬੀ ਪੜ੍ਹਾਈ ਸਕੂਲਾਂ ਅਤੇ ਯੂਨੀਵਰਸਿਟੀਆਂ ਤੱਕ ਔਪਸ਼ਨਲ ਵਿਸ਼ੇ ਦੇ ਤੌਰ ਉੱਤੇ ਪੜ੍ਹਨ ਦੀ ਸਹੂਲਤ ਵੀ ਹੈ। ਦੂਜੇ ਪਾਸੇ ਪੰਜਾਬ ਜਿਸ ਨੂੰ ਅਸੀਂ ਪੰਜਾਬੀ ਬੋਲੀ ਦਾ ਘਰ ਮੰਨਦੇ ਸੀ, ਉੱਥੇ ਲੋਕ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਤੇ ਹਿੰਦੀ ਸਕੂਲਾਂ ਵਿੱਚ ਪੜ੍ਹਾ ਰਹੇ ਹਨ। ਆਪਣੇ ਆਪ ਨੂੰ ਪੜ੍ਹੇ ਲਿਖੇ ਤੇ ਅਗਾਂਹ ਵਧੂ ਕਹਾਉਣ ਲਈ ਘਰਾਂ ਵਿੱਚ ਅੰਗਰੇਜ਼ੀ ਅਤੇ ਹਿੰਦੀ ਬੋਲਦੇ ਹਨ। ਪੰਜਾਬ ਸਰਕਾਰ ਨੇ ਪੰਜਾਬੀ ਨੂੰ ਸਰਕਾਰੀ ਤੌਰ ਉੱਤੇ ਲਾਗੂ ਕਰਨ ਦਾ ਡਰਾਮਾ ਵੀ ਕੀਤਾ ਹੈ, ਜੋ ਤੁਹਾਡੇ ਸਾਹਮਣੇ ਹੀ ਹੈ। ਤੁਸੀਂ ਆਪ ਦੇਖਦੇ ਹੋ ਕਿੰਨਾ ਕੁ ਅਸਰ ਇਨ੍ਹਾਂ ਨੇ ਆਪ ਇਸ ਉੱਤੇ ਕੀਤਾ ਹੈ। ਇਨ੍ਹਾਂ ਸਭ ਗੱਲਾਂ ਨੂੰ ਦੇਖ ਕੇ ਮੈਂ ਕਹਿ ਸਕਦਾ ਹਾਂ ਕਿ ਦਿੱਲੀ ਵਿੱਚ ਪੰਜਾਬੀ ਦਾ ਭਵਿੱਖ ਪੰਜਾਬ ਨਾਲੋਂ ਚੰਗਾ ਹੈ। ਬਾਕੀ ਪੰਜਾਬੀ ਦੇ ਵਿਕਾਸ ਜਾਂ ਫੈਲਾਉ ਵਾਲੀਆਂ ਸੰਸਥਾਵਾਂ ਦੀ ਜਿਹੜੀ ਤੁਸੀˆ ਗੱਲ ਪੁੱਛੀ ਹੈ, ਉਹ ਇਸ ਤਰ੍ਹਾਂ ਹੈ ਕਿ ਕਿਸੇ ਵੇਲੇ ‘ਦਿੱਲੀ ਸਕੂਲ ਆਫ ਥੌਟ’ ਪੈਦਾ ਕੀਤਾ ਸੀ, ਜਦੋਂ ਡਾ. ਹਰਿਭਜਨ ਸਿੰਘ ਦਿੱਲੀ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਵਿੱਚ ਪੜ੍ਹਾਉਂਦੇ ਸਨ। ਉਨ੍ਹਾਂ ਵੇਲਿਆਂ ਵਿੱਚ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦਿੱਲੀ ਯੂਨੀਵਰਸਿਟੀ ਵੱਲ ਵੇਖਦੀਆਂ ਹੁੰਦੀਆਂ ਸਨ।

ਉਨ੍ਹਾਂ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਤਰਲੋਕ ਸਿੰਘ ਕੰਵਰ ਨੇ ਕਾਫ਼ੀ ਕੰਮ ਕੀਤਾ। ਪਰ ਉਨ੍ਹਾਂ ਦੀ ਬੇਵਕਤੀ ਮੌਤ ਨੇ ਖ਼ਲਾਅ ਪੈਦਾ ਕਰ ਦਿੱਤਾ। ਹੁਣ ਅੱਜ ਕੱਲ੍ਹ ਉਸ ਤੋਂ ਬਾਅਦ ਸਤਿੰਦਰ ਸਿੰਘ ਨੂਰ ਜੋ ਇੱਕ ਉੱਘਾ ਆਲੋਚਕ, ਬਹੁਤ ਵਧੀਆ ਕਵੀ ਵੀ ਹੈ, ਪੰਜਾਬੀ ਬੋਲੀ ਦੀ ਵੱਡਮੁਲੀ ਸੇਵਾ ਕਰ ਰਿਹਾ ਹੈ। ਇੱਥੇ ਇੱਕ ਹੋਰ ਖੁਸ਼ੀ ਦੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਕਿ ‘ਕੇˆਦਰੀ ਸਾਹਿਤ ਅਕੈਡਮੀ ਦਿੱਲੀ’ ਜਿਹੜੀ ਹਿੰਦੋਸਤਾਨ ਦੀਆਂ ਸਾਰੀਆਂ ਬੋਲੀਆਂ ਦੀ ਰਹਿਨੁਮਈ ਕਰ ਰਹੀ ਹੈ, ਉਸ ਦਾ ਵਾਇਸ ਪ੍ਰੈਜ਼ੀਡੈਂਟ ਵੀ ਹੈ। ਜੋ ਕਿ ਆਪ ਦਿੱਲੀ ਵਿੱਚ ਪੰਜਾਬੀ ਬੋਲੀ ਦਾ ਝੰਡਾ ਬਰਦਾਰ ਵੀ ਹੈ। ਇਹ ਸਾਡੇ ਲਈ ਖ਼ੁਸ਼ਕਿਸਤੀ ਦੀ ਗੱਲ ਹੈ। ਪੰਜਾਬੀ ਅਕੈਡਮੀ ਨੇ ਦਿੱਲੀ ਵਿੱਚ ਪੰਜਾਬੀ ਦੇ ਵਿਕਾਸ ਲਈ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਪੰਜਾਬੀ ਅਕਦਮੀ ਦਿੱਲੀ (ਸਰਕਾਰੀ) ਆਦਾਰੇ ਹੋਣ ਦੇ ਬਾਵਜੂਦ ਵਧੀਆ ਤੇ ਮਿਆਰੀ ਲਿਖਣ ਵਾਲੇ ਲੇਖਕਾਂ ਨੂੰ ਸਨਮਾਨਿਤ ਕਰਦੀ ਹੈ। ਚੰਗੀਆਂ ਕਿਤਾਬਾਂ ਨੂੰ ਇਨਾਮ ਦਿੰਦੀ ਹੈ। ਹਰ ਸਾਲ ‘ਪਰਮ ਸਾਹਿਤ ਸਤਿਕਾਰ’ ਇੱਕ ਲੱਖ ਗਿਆਰਾਂ ਹਜ਼ਾਰ ਰੁਪਏ ਦਾ ਕਿਸੇ ਵਧੀਆ ਲੇਖਕ, ਜਨਰਲਿਸਟ ਅਤੇ ਮੀਡੀਆ ਵਿੱਚ ਵਧੀਆ ਕੰਮ ਕਰਨ ਵਾਲੇ ਵਿਅਕਤੀ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸਾਲ ਵਿੱਚ ਦੋ ਵਾਰ ਮੁਸ਼ਾਇਰਾ ਕਰਾਉਂਦੇ ਹਨ। ਚੰਗੇ ਕਵੀਆਂ ਨੂੰ ਲੋਕਾਂ ਸਾਹਮਣੇ ਲਿਆਉਂਦੇ ਹਨ। ਇਸੇ ਤਰ੍ਹਾਂ ਉੱਥੇ ਸਾਹਿਤਕ ਸਭਾਵਾਂ ਵੀ ਪੰਜਾਬੀ ਲਈ ਆਪੋ ਆਪਣਾ ਯੋਗਦਾਨ ਪਾ ਰਹੀਆਂ ਹਨ। ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਬੋਲੀ ਦੇ ਮਰ ਜਾਣ ਦਾ ਖ਼ਤਰਾ ਉਦੋਂ ਹੀ ਪੈਦਾ ਹੁੰਦਾ ਹੈ, ਜਦੋਂ ਉਸ ਬੋਲੀ ਦੇ ਵਾਰਸ ਜਾਂ ਉਸ ਬੋਲੀ ਨੂੰ ਬੋਲਣ ਵਾਲੇ ਲੋਕ ਆਪਣੀ ਬੋਲੀ ਨੂੰ ਘਰਾਂ ਵਿੱਚੋਂ ਜਾਂ ਰੋਜ਼ਮਰਾ ਦੀ ਜ਼ਿੰਦਗੀ ਵਿੱਚੋਂ ਕੱਢ ਕੇ ਬੇਗ਼ਾਨੀਆਂ ਬੋਲੀਆਂ ਬੋਲਣ ਦੇ ਫ਼ੈਸ਼ਨ ਨੂੰ ਤਰਜ਼ੀਹ ਦੇਣ ਲੱਗ ਪੈਣ।

ਦਿੱਲੀ ਦੇ ਸਾਹਿਤਕਾਰਾਂ ਦੀ ਪੰਜਾਬੀ ਸਾਹਿਤ ਨੂੰ ਦੇਣ

? ਅਮਰ ਜੀ, ਬਹੁਤ ਹੀ ਦਿਲਚਸਪ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ, ਇੱਥੇ ਇਹਦੇ ਨਾਲ ਲੱਗਦਾ ਸਵਾਲ, ਜੇਕਰ ਦਿੱਲੀ ਦੇ ਸਾਹਿਤਕਾਰਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਗੱਲ ਨਾ ਕਰੀਏ ਤਾਂ ਮੇਰੇ ਖ਼ਿਆਲ ਨਾਲ ਇਹ ਮੁਲਾਕਾਤ ਅਧੂਰੀ ਰਹੇਗੀ। ਜਦੋਂ ਪੰਜਾਬੀ ਸਾਹਿਤ ਨੂੰ ਡੂੰਘੀ ਨਜ਼ਰ ਨਾਲ ਦੇਖੀਏ ਤਾਂ ਪੰਜਾਬੀ ਸਾਹਿਤਕ ਖੇਤਰ ਦੇ ਬਹੁਤ ਸਾਰੇ ਨਾਮੀ ਅਤੇ ਸਥਾਪਿਤ ਸਾਹਿਤਕਾਰ ਦਿੱਲੀ ਰਹੇ ਹਨ ਅਤੇ ਪੰਜਾਬੀ ਸਾਹਿਤ ਵਿੱਚ ਬਹੁਤ ਸਾਰਾ ਕੰਮ ਵੀ ਇੱਥੇ ਹੋਇਆ। ਦਿੱਲੀ ਦੇ ਸਾਹਿਤਕਰਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਤੁਸੀਂ ਕੁਝ ਸੰਖੇਪ ਵਿੱਚ ਦੱਸੋਗੇ?

:  ਢਾਅ ਜੀ, ਇਹ ਬਹੁਤ ਹੀ ਮਹੱਤਵਪੂਰਨ ਸਵਾਲ ਹੈ। ਪਰ ਤੁਹਾਡੇ ਇਸ ਸਵਾਲ ਦੇ ਜਵਾਬ ਵਿੱਚ ਤਾਂ ਇੱਕ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਕਿਉˆਕਿ ਦਿੱਲੀ ਵਿੱਚ ਰਹਿੰਦੇ ਲੇਖਕਾਂ ਨੇ ਬਹੁਤ ਸਾਰਾ ਕੰਮ ਪੰਜਾਬੀ ਸਾਹਿਤ ਨੂੰ ਅਮੀਰ ਕਰਨ ਲਈ ਕੀਤਾ ਹੈ। ਪਰ ਮੈਂ ਸੰਖੇਪ ਵਿੱਚ ਇਹ ਕਹਿ ਸਕਦਾ ਹਾਂ ਕਿ ਦੇਸ਼ ਦੀ ਵੰਡ ਪਿੱਛੋਂ ਬਹੁਤ ਸਾਰੇ ਲੋਕ ਲਹਿੰਦੇ ਪੰਜਾਬ ਵਿੱਚੋਂ ਆ ਕੇ ਦਿੱਲੀ ਵਸੇ, ਕੁਝ ਕਾਰਨਾਂ ਕਰਕੇ ਇੱਧਰਲੇ ਪੰਜਾਬ ਦੇ ਲੋਕ ਵੀ ਦਿੱਲੀ ਆ ਵਸੇ ਸਨ। ਪੰਜਾਬੀਆਂ ਦੇ ਦਿੱਲੀ ਵਸਣ ਦੀ ਗੱਲ ਨੂੰ ਇੱਕ ਵਾਰ ਕਿਸੇ ਰਾਜਨੀਤਿਕ ਨੇਤਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਪੰਜਾਬੀਆਂ ਨੇ ਦਿੱਲੀ ਉੱਤੇ ਧਾਵਾ ਬੋਲ ਦਿੱਤਾ ਹੈ। ਜਿੱਥੇ ਤੱਕ ਪੰਜਾਬੀ ਸਾਹਿਤ ਦੀ ਗੱਲ ਹੈ, ਪੰਜਾਬੀ ਸਾਹਿਤਕਾਰਾਂ ਨੇ ਹਰ ਵਿਧਾ ਵਿੱਚ ਬੜਾ ਨਿਗਰ ਕੰਮ ਕੀਤਾ ਹੈ। ਕਵਿਤਾ, ਕਹਾਣੀ, ਨਿਬੰਧ, ਨਾਵਲ, ਨਾਟਕ, ਆਲੋਚਨਾ, ਇੱਥੋਂ ਤੱਕ ਕਿ ਪੱਤਰਕਾਰੀ ਵਿੱਚ ਵੀ ਪੰਜਾਬੀਆਂ ਦੀ ਬੜੀ ਵੱਡੀ ਦੇਣ ਹੈ। ਭਾਵੇਂ ਮੈਗਜ਼ੀਨ ਅਤੇ ਅਖ਼ਬਾਰ ਵਗੈਰਾ ਚਲਾਉਣੇ ਬਹੁਤ ਔਖਾ ਕੰਮ ਸੀ, ਕਦੇ ਬੰਦ ਹੋਏ, ਕਦੇ ਚੱਲੇ। ਮੈਂ ਤਾਂ ਕਹਾਂਗਾ ਕਿ ਇਕੱਲੇ ਪੰਜਾਬੀ ਸਾਹਿਤ ਹੀ ਨਹੀਂ ਸਗੋਂ ਦਿੱਲੀ ਦੇ ਆਰਥਿਕ ਅਤੇ ਸੱਭਿਆਚਾਰ ਤੇ ਵੀ ਪੰਜਾਬੀਆਂ ਨੇ ਪ੍ਰਭਾਵ ਪਾਇਆ। ਦੇਸ਼ ਦੀ ਵੰਡ ਪਿੱਛੋਂ ਦਿੱਲੀ ਦਾ ਸੱਭਿਆਚਾਰ ਵੀ ਬਹੁ-ਰੰਗਾ ਹੋ ਗਿਆ ਕਿਉˆਕਿ ਦੇਸ਼ ਦੇ ਸਾਰੇ ਕੋਨਿਆਂ ਤੋਂ ਆ ਕੇ ਲੋਕ ਇੱਥੇ ਵਸ ਗਏ ਹਨ। ਪਰ ਸਭ ਤੋˆ ਜ਼ਿਆਦਾ ਵਸੋਂ ਪੰਜਾਬੀਆਂ ਦੀ ਹੀ ਹੈ। ਸਾਹਿਤਕ ਕੰਮਾਂ ਲਈ ਪਹਿਲਾਂ ਤਾਂ ‘ਪੰਜਾਬੀ ਸਾਹਿਤ ਸਭਾ ਦਿੱਲੀ’ ਹੈ ਜਿਸ ਨੇ ਨਿਰੰਤਰ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਦਾ ਪ੍ਰਚਾਰ ਅਤੇ ਪਸਾਰ ਕੀਤਾ ਹੈ। ਹੋਰ ਵੀ ਵੱਖ ਵੱਖ ਸਾਹਿਤਕ ਸਭਾਵਾਂ ਨੇ ਪੰਜਾਬੀ ਦੇ ਪਸਾਰ ਲਈ ਆਪਣਾ ਬਣਦਾ ਯੋਗਦਾਨ ਪਇਆ ਹੈ।

ਬਾਕੀ ਗੱਲ ਇਹ ਹੈ ਕਿ ਮੈਨੂੰ ਇਸ ਵੇਲੇ ਬਹੁਤ ਸਾਰੇ ਸਾਹਿਤਕਾਰਾਂ ਦੇ ਨਾਂਅ ਯਾਦ ਵੀ ਨਹੀਂ, ਜੇਕਰ ਕੋਈ ਨਾਂਅ ਰਹਿ ਜਾਵੇ ਤਾਂ ਖ਼ਿਮਾ ਕਰਨਾ। ਪਹਿਲਾਂ ਤਾਂ ਕਵਿਤਾ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਨਾਂਅ ਲਿਆ ਜਾ ਸਕਦਾ ਹੈ, ਜਿਸ ਨੇ ਹੋਰ ਵੀ ਬਹੁਤ ਕੁਝ ਲਿਖਿਆ ਪਰ ਉਹਦੀ ਇੱਕ ਕਵਿਤਾ, ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਦੇਸ਼ ਦੀ ਵੰਡ ਦੇ ਦੁਖਾਂਤ ਨੂੰ ਲੈ ਕੇ ਲਿਖੀ, ਜਿਸ ਨੇ ਹਰ ਇੱਕ ਦਿਲ ਨੂੰ ਹਿਲਾ ਕੇ ਰੱਖ ਦਿੱਤਾ। ਉਹ ਕਵਿਤਾ ਅੱਜ ਤਕ ਵੀ ਲੋਕਾਂ ਦੇ ਮਨਾਂ ਵਿੱਚ ਵਸੀ ਹੋਈ ਹੈ। ਫੇਰ ਡਾ. ਹਰਿਭਜਨ ਸਿੰਘ ਦਾ ਨਾਂਅ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ। ਇੱਥੇ ਕਵੀ ਦਰਬਾਰਾਂ ਵਿੱਚ ਖ਼ਾਸ ਕਰਕੇ ਹਾਸ-ਰਸ, ਦਾ ਵਿਸ਼ੇਸ਼ ਯੋਗਦਾਨ ਭਾਈਆ ਈਸ਼ਰ ਸਿੰਘ ਦਾ ਰਿਹਾ। ਫੇਰ ਹਨ ਬਾਵਾ ਬਲੰਵਤ, ਈਸ਼ਵਰ ਚਿਤਰਕਾਰ, ਪ੍ਰੀਤਮ ਸਿੰਘ ਸਫ਼ੀਰ, ਇਕਬਾਲ ਅਰਪਨ, ਜੁਗਿੰਦਰ ਅਮਰ, ਜੋਗਾ ਸਿੰਘ ਜਗਿਆਸੂ। ਹੋਰ ਇਨ੍ਹਾਂ ਦੇ ਸਮਕਾਲੀ ਸ਼ਾਇਰ ਹਜ਼ਾਰਾ ਸਿੰਘ ਗੁਰਦਾਸਪੁਰੀ, ਤਾਰਾ ਸਿੰਘ ਕਾਮਲ ਦੇ ਵਿਅੰਗ ਦਾ ਮੁੱਖ ਮੰਤਵ ਸੁਧਾਰ ਲਿਆਉਣਾ ਸੀ। ਫੇਰ ਚਿੰਤਕਾਂ ਵਿੱਚ ਡਾ. ਨੇਕੀ, ਡਾ. ਗੋਪਾਲ ਸਿੰਘ ਦਰਦੀ ਅਤੇ ਕਵੀ ਗੁਰਨਾਮ ਦੇ ਨਾ ਲਏ ਜਾ ਸਕਦੇ ਹਨ।

ਗਲਪ ਵਿੱਚ ਖ਼ਾਸ ਕਰਕੇ ਕਹਾਣੀ ਦੀ ਗੱਲ ਕਰੀਏ ਤਾਂ ਅਨੇਕਾਂ ਹੀ ਨਾਂਅ ਸਾਹਮਣੇ ਹਨ, ਕਰਤਾਰ ਸਿੰਘ ਦੁੱਗਲ, ਗੁਰਮੁਖ ਸਿੰਘ ਮੁਸਾਫ਼ਰ, ਮਹਿੰਦਰ ਸਿੰਘ ਜੋਸ਼ੀ, ਮਹਿੰਦਰ ਸਿੰਘ ਸਰਨਾ, ਦਵਿੰਦਰ ਸਥਿਆਰਥੀ, ਲੋਚਨ ਬਖਸ਼ੀ, ਕੁਲਵੰਤ ਸਿੰਘ ਵਿਰਕ, ਗੁਲਜਾਰ ਸੰਧੂ, ਸਵਿੰਦਰ ਸਿੰਘ, ਹਰਬਖ਼ਸ਼ ਹੰਸਪਾਲ, ਅਜੀਤ ਸਿੰਘ ਪੰਛੀ, ਦਵਿੰਦਰ ਸਿੰਘ ਫੇਰ ਜਸਵੰਤ ਸਿੰਘ ਵਿਰਦੀ, ਗੁਰਬਚਨ ਭੁੱਲਰ, ਗਰਦੇਵ ਸਿੰਘ ਰੁਪਾਣਾ, ਹਰਬੰਸ ਸਿੰਘ ਚਾਵਲਾ, ਗੁਰਬਚਨ, ਮਹੀਪ ਸਿੰਘ ਅਤੇ ਕੁਲਦੀਪ ਬੱਗਾ ਹਿੰਦੀ ਲੇਖਕ ਹੋਣ ਉੱਤੇ ਵੀ ਪੰਜਾਬੀ ਵਿੱਚ ਲਿਖਦੇ ਰਹੇ ਹਨ। ਹੋਰ ਖ਼ੁਸ਼ਵੰਤ ਸਿੰਘ (ਅੰਗਰੇਜ਼ੀ ਦਾ ਲੇਖਕ) ਨੇ ਵੀ ਪੰਜਾਬੀ ਵਿੱਚ ਕਹਾਣੀ ਵਿਧਾ ਨੂੰ ਅਮੀਰ ਕਰਨ ਵਿੱਚ ਯੋਗਦਾਨ ਪਾਇਆ। ਵਣਜਾਰਾ ਬੇਦੀ ਨੇ ਲੋਕ-ਕਹਾਣੀ ਖੇਤਰ ਵਿੱਚ ਵਿਸ਼ੇਸ਼ ਕੰਮ ਕੀਤਾ ਉੱਥੇ ਉਸ ਨੇ ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ ਲਿਖ ਕੇ ਗੌਰਵਮਈ ਕੰਮ ਕੀਤਾ। ਜ਼ਿਕਰਯੋਗ ਕੰਮ ਇਸਤਰੀ ਲੇਖਕਾਂ ਨੇ ਵੀ ਕੀਤਾ ਜਿਨ੍ਹਾਂ ਵਿੱਚ ਅੰਮ੍ਰਿਤਾ ਪ੍ਰੀਤਮ, ਬਚਿੰਤ ਕੌਰ, ਅਜੀਤ ਕੌਰ, ਰਾਜਿੰਦਰ ਕੌਰ, ਪ੍ਰਭਜੋਤ ਕੌਰ ਅਤੇ ਚੰਦਨ ਨੇਗੀ ਦੇ ਨਾਂ ਵਰਣਨ ਯੋਗ ਹਨ।

ਫੇਰ ਗੱਲ ਨਾਵਲ ਦੀ ਕਰੀਏ ਤਾਂ ਨਾਵਲ ਵਿੱਚ ਵੀ ਦਿੱਲੀ ਰਹਿੰਦੇ ਲੇਖਕਾਂ ਦਾ ਬੜਾ ਮੁੱਲਵਾਨ ਹਿੱਸਾ ਰਿਹਾ ਹੈ। ਨਾਵਲ ਦੇ ਖੇਤਰ ਵਿੱਚ ਸੁਰਜੀਤ ਸਿੰਘ ਸੇਠੀ, ਨਰੂਲਾ, ਦੁੱਗਲ ਦਾ ਇੱਕ ਨਾਵਲ ‘ਇੱਕ ਦਿਲ ਵਿਕਾਊ ਹੈ’ ਬਹੁਤ ਪ੍ਰਭਾਵਸ਼ਾਲੀ ਨਾਵਲ ਹੈ। ਫੇਰ ਗੁਰਮੁਖ ਸਿੰਘ ਜੀਤ, ਦੇਵਿੰਦਰ ਸਥਿਆਰਥੀ ਨੇ ਜਿੱਥੇ ਦੇਸ਼ ਦੇ ਲੋਕਗੀਤ ਇਕੱਠੇ ਕਰਨ ਦਾ ਔਖਾ ਕੰਮ ਕੀਤਾ, ਉੱਥੇ ਉਹਨੇ ‘ਘੋੜਾ ਬਾਦਸ਼ਾਹ’ ਵਰਗੇ ਨਾਵਲ ਦੀ ਵੀ ਸਿਰਜਣਾ ਕੀਤੀ। ਮੇਰੇ ਦੋਸਤ ਜਸਵੰਤ ਵਿਰਦੀ ਨੇ ਜਿੱਥੇ ਕਹਾਣੀ ਵਿੱਚ ਆਪਣਾ ਨਾਂ ਬਣਾਇਆ, ਉੱਥੇ ਉਹਨੇ ‘ਵਿਖਰੇ ਵਿਖਰੇ’ ਨਾਵਲ ਪੰਜਾਬੀ ਸਾਹਿਤ ਨੂੰ ਦਿੱਲੀ ਰਹਿੰਦਿਆਂ ਹੀ ਦਿੱਤਾ। ਮਹਿੰਦਰ ਸਿੰਘ ਸਰਨਾ ਦੇ ਦੋ ਨਾਵਲ ‘ਪੀੜ੍ਹਾਂ ਮੱਲੇ ਰਾਹ’ ਅਤੇ ‘ਕਾਂਗ ਦੇ ਕੰਢੇ’ ਕਿਰਤਾਂ ਨੇ ਆਪਣਾ ਵਿਲੱਖਣ ਪ੍ਰਭਾਵ ਪਾਇਆ। ਨਰਿੰਦਰਪਾਲ ਨੇ ਸਿੱਖ ਇਤਿਹਾਸ ਨੂੰ ਗਲਪ ਵਿੱਚ ਢਾਲਿਆ। ਇਸੇ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਦਾ ਪਿੰਜਰ ਅਤੇ ਕੁਸਮ ਅੰਚਲ ਦਾ ‘ਕਿਸ ਪਛਾਤਾ ਸੱਚ’ ਸੁਨੀਤਾ ਜੈਨ ਨੇ ‘ਬੰਦ ਮੋੜਾˆ ਦਾ ਸਫ਼ਰ’, ਮਹੀਪ ਸਿੰਘ, ਮਹਿੰਦਰ ਸਿੰਘ ਜ਼ੋਸ਼ੀ ਦੇ ਨਾਵਲ ਨੂੰ ਪੜ੍ਹ ਕੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਨਾਵਲ ਨੂੰ ਅਦੁੱਤੀ ਅਤੇ ਅਮੁੱਲੀ ਦੇਣ ਹੈ। ਪਿੱਛੇ ਜਿਹੇ ਨਛੱਤਰ ਦੇ ਲਿਖੇ ਨਾਵਲ ‘ਸਲੋਡਾਊਨ’ ਨੇ ਐਵਾਰਡ ਲਿਆ ਹੈ। ਭਾਵੇਂ ਇਨ੍ਹਾਂ ਨਾਵਲਕਾਰਾਂ ਨੇ ਇੱਕ ਤੋਂ ਵਧ ਨਾਵਲਂˆ ਦੀ ਸਿਰਜਣਾ ਕੀਤੀ ਹੈ, ਇੱਥੇ ਸਾਰੀਆਂ ਰਚਨਾਵਾਂ ਦਾ ਜ਼ਿਕਰ ਨਹੀˆ ਕੀਤਾ ਜਾ ਸਕਦਾ। ਗੁਰਬਚਨ ਨੇ ਕੁਝ ਸਾਹਿਤਕ ਨਿਬੰਧ ਲਿਖੇ। ਆਲੋਚਨਾ ਦੇ ਖੇਤਰ ਵਿੱਚ ਡਾ. ਹਰਿਭਜਨ ਸਿੰਘ ਨੇ ਆਲੋਚਨਾ ਨੂੰ ਨਵਾਂ ਮੋੜ ਦਿੱਤਾ ਅਤੇ ਨਾਲ ਨਾਲ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਤੇ ਹਿੰਦੀ ਵਿੱਚੋˆ ਬਹੁਤ ਹੀ ਮਿਆਰੀ ਪੁਸਤਕਾਂ ਦਾ ਅਨੁਵਾਦ ਵੀ ਪੰਜਾਬੀ ਵਿੱਚ ਕੀਤੇ। ਇਸੇ ਤਰ੍ਹਾਂ ਗੁਰਚਰਨ ਸਿੰਘ ਅਰਸ਼ੀ ਨੇ ਵੀ ਅਨੁਵਾਦ ਕਰਨ ਵਿੱਚ ਆਪਣਾ ਨਿਵੇਕਲਾ ਕੰਮ ਕੀਤਾ। ਆਲੋਚਨਾ ਵਿੱਚ ਸਤਿੰਦਰ ਨੂਰ ਦਾ ਨਾਂਅ ਮੇਰੇ ਖ਼ਿਆਲ ਅਨੁਸਾਰ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ। ਪੰਜਾਬੀ ਅਕਦਮੀ ਦਿੱਲੀ ਵਿੱਚ ਹੁੰਦਿਆਂ ਡਾ. ਰਵੇਲ ਸਿੰਘ ਨੇ ਵੀ ਕਾਫ਼ੀ ਕੰਮ ਕੀਤਾ। ‘ਛਾਂਗਿਆ ਰੁੱਖ’ ਬਲਬੀਰ ਮਾਧੋਪੁਰੀ ਦੀ ਸਵੈਜੀਵਨੀ ਦੀ ਕਾਫ਼ੀ ਚਰਚਾ ਹੋਈ ਹੈ।

ਜਿਵੇˆ ਮੈਂ ਪਹਿਲਾਂ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਲਹਿੰਦੇ ਪੰਜਾਬ ਤੋਂ ਬਹੁਤ ਸਾਰੇ ਪੰਜਾਬੀਅਾਂ ਨੇ ਦਿੱਲੀ ਨੂੰ ਆਪਣਾ ਟਿਕਾਣਾ ਬਣਾਇਆ। ਉਨ੍ਹਾਂ ਵਿੱਚ ਗੁਰਦਿਆਲ ਸਿੰਘ ਖੋਸਲਾ ਦੀ ਹਿੰਮਤ ਨਾਲ ਹੀ ਦਿੱਲੀ ਵਿੱਚ ਪੰਜਾਬੀ ਥੀਏਟਰ ਦਾ ਆਗਾਜ਼ ਹੋਇਆ, ਜਿੱਥੇ ਨਾਟਕ ਅਤੇ ਇਕਾਂਗੀ ਖੇਡਣ ਲਈ ਲੋਕਾਂ ਵਿੱਚ ਨਵਾਂ ਉਤਸ਼ਾਹ ਦੇਖਿਆ ਗਿਆ। ਦੂਜੇ ਮੈਂ ਕਹਿ ਸਕਦਾ ਹਾਂ ਕਿ ਡਾ. ਹਰਚਰਨ ਸਿੰਘ ਦੇ ਨਾਟਕਾਂ ਨੇ ਲੋਕਾਂ ਦਾ ਉਤਸ਼ਾਹ ਵਧਾਉਣ ਵਿੱਚ ਬਹੁਤ ਕੰਮ ਕੀਤਾ। ਫੇਰ ਈਸ਼ਵਰ ਚੰਦਰ ਨੰਦਾ ਜਿਸਦੇ ਸੁਭਦਰਾ, ‘ਬੇਬੇ ਰਾਮ ਭਜਨੀ’, ‘ਸ਼ਾਮੂ ਸ਼ਾਹ’ ਵਰਗੇ ਨਾਟਕ ਚਰਚਾ ਵਿੱਚ ਰਹੇ। ਬਲਵੰਤ ਗਾਰਗੀ ਨੇ ‘ਕਣਕ ਦੀ ਬੱਲੀ’ ਅਤੇ ਹੋਰ ਨਾਟਕ ਵੀ ਲਿਖੇ। ਸ਼ੀਲਾ ਭਾਟੀਆ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ। ਪ੍ਰੇਮ ਜਲੰਧਰੀ ਅਤੇ ਮਹੇਸ਼ ਦਿੱਲੀ ਥੀਏਟਰ ਦੇ ਮੋਢੀ ਡਾਇਰੈਕਟਰ ਰਹੇ ਹਨ। ਕਰਤਾਰ ਸਿੰਘ ਦੁੱਗਲ ਦੇ ‘ਦੀਵਾ ਬੁਝ ਗਿਆ’, ‘ਪੁਰਾਣੀਆਂ ਬੋਤਲਾਂ’ ਵਰਗੇ ਵਧੀਆ ਨਾਟਕ ਵੀ ਦਿੱਲੀ ਵਿੱਚ ਖੇਡੇ ਗਏ, ਸਲਾਹੇ ਵੀ ਗਏ।

ਮੇਰੇ ਖ਼ਿਆਲ ਨਾਲ ਦਿੱਲੀ ਨਿਵਾਸੀ ਲੇਖਕਾਂ ਨੇ ਸਾਹਿਤ ਦੇ ਹਰ ਰੂਪ ਵਿੱਚ ਨਿਰੰਤਰ ਹਿੱਸਾ ਪਾਇਆ। ਹਾਸ ਰਸ, ਵਿਅੰਗ ਵਿੱਚ ਈਸ਼ਵਰ ਚਿਤਰਕਾਰ, ਮਨੋਹਰ ਸਿੰਘ ਮਾਰਕੋ, ਪਿਆਰਾ ਸਿੰਘ ਦਾਤਾ ਦੇ ਨਾਂ ਹਮੇਸ਼ਾ ਪੰਜਾਬੀ ਸਾਹਿਤ ਦੇ ਇਤਿਹਾਸ ਪੰਨਿਆਂ ਉੱਤੇ ਰਹਿਣਗੇ। ਬਲਵੰਤ ਗਾਰਗੀ ਦੇ ਲਿਖੇ ਰੇਖਾ-ਚਿੱਤਰ ਅਤੇ ਸਫ਼ਰਨਾਮੇ ਬੜੇ ਚਰਚਿਤ ਰਹੇ ਹਨ। ਸਿੱਖ ਇਤਿਹਾਸ ਦਾ ਯਾਦਗਾਰੀ ਕੰਮ ਵੀ ਕਿਸ਼ਨ ਸਿੰਘ, ਸੁਰਿੰਦਰ ਸਿੰਘ ਕੋਹਲੀ, ਕਾਲਾ ਸਿੰਘ ਬੇਦੀ, ਜੋਗਿੰਦਰ ਸਿੰਘ, ਡਾ. ਗੋਪਾਲ ਸਿੰਘ ਦਰਦੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਵਿੱਚ ਅਨੁਵਾਦ, ਮਹਿੰਦਰ ਕੌਰ ਗਿੱਲ ਅਤੇ ਹੋਰ ਵੀ ਬਹੁਤ ਸਾਰੇ ਵਿਦਵਾਨ ਹਨ ਜਿਨ੍ਹਾਂ ਨੇ ਵੱਖ ਵੱਖ ਕੰਮ ਕੀਤਾ ਹੈ। ਇਸ ਵੇਲੇ ਸਾਰੇ ਨਾਂ ਯਾਦ ਵੀ ਨਹੀਂ ਆ ਰਹੇ। ਤੁਸੀਂ ਦੇਖੋ, ਮਹਿੰਦਰ ਸਿੰਘ ਰੰਧਾਵਾ ਨੇ ਲੋਕ-ਸਾਹਿਤ ਅਤੇ ਲੋਕ-ਕਲਾ ਦੀ ਸੰਭਾਲ ਦਾ ਕੰਮ ਵੀ ਬਹੁਤ ਕੀਤਾ ਹੈ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਦਿੱਲੀ ਵਸੇ ਪੰਜਾਬੀ ਸਾਹਿਤਕਾਰਾਂ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੇ ਪ੍ਰਚਾਰ ਅਤੇ ਪਸਾਰ ਲਈ ਕਿਸੇ ਵੀ ਤਰ੍ਹਾਂ ਪੰਜਾਬ ਦੇ ਲੇਖਕਾਂ ਨਾਲ਼ੋਂ ਪਿੱਛੇ ਨਹੀਂ ਰਹੇ। ਮੈਂ ਤਾਂ ਇਹ ਕਹਾਂਗਾ ਕਿ ਪੰਜਾਬੀ ਸਾਹਿਤ ਨੂੰ ਦਿੱਲੀ ਦੇ ਸਾਹਿਤਕਾਰਾਂ ਦੀ ਅਣਮੁੱਲੀ ਅਤੇ ਨਿੱਗਰ ਦੇਣ ਹੈ, ਜਿਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਅੱਜ ਵੀ ਪੰਜਾਬੀ ਸਾਹਿਤਕਾਰ ਉਸੇ ਗਤੀ ਨਾਲ ਆਪਣੇ ਕੰਮਾਂ ਵਿੱਚ ਡਟੇ ਹੋਏ ਹਨ। ਇਨ੍ਹਾਂ ਤੋਂ ਬਹੁਤ ਸਾਰੀਆਂ ਉਮੀਦਾਂ ਹਨ।

ਦਿੱਲੀ ‘ਚ ਪੰਜਾਬੀ ਸਾਹਿਤਕਾਰਾਂ ਲਈ ਮਾਇਕ ਸਹਾਇਤਾ

? ਜੁਗਿੰਦਰ ਜੀ, ਇੰਡੀਆ ਵਿੱਚ ਲੇਖਕਾਂ ਦੀ ਬੁਢਾਪੇ ਜਾਂ ਸੰਕਟ ਦੇ ਦਿਨਾਂ ਵਿੱਚ ਕੋਈ ਵਿਤੀ ਸਹਾਇਤਾ ਕਰਨ ਲਈ ਕੀ ਕੋਈ ਸੰਸਥਾ ਵੀ ਕੰਮ ਕਰਦੀ ਹੈ?

: ਬੁਢਾਪੇ ਵਿੱਚ ਲੇਖਕਾਂ ਦੀ ਵਿੱਤੀ ਸਹਾਇਤਾ ਕਰਨ ਵਾਲ਼ੀ ਮੁੱਖ ਤੌਰ ਉੱਤੇ ਦਿੱਲੀ ਵਿੱਚ ਇੱਕ ਹੀ ਸੰਸਥਾ ‘ਪੰਜਾਬੀ ਅਕਾਦਮੀ ਦਿੱਲੀ’ ਹੈ ਜੋ ਲੋੜਵੰਦ ਲੇਖਕਾਂ ਦਾ ਪੂਰਾ ਖ਼ਿਆਲ ਰੱਖਦੀ ਹੈ। ਇਹ ਸੰਸਥਾ ਦਿੱਲੀ ਸਟੇਟ ਦੀ ਗੌਰਮਿੰਟ ਅਧੀਨ ਕੰਮ ਕਰਦੀ ਹੈ। ਕਈ ਵਾਰੀ ਸਰਕਾਰੀ ਅਫਸਰੀਪਨ ਦੇ ਰੋੜੇ ਵੀ ਅਟਕਾਉˆਦੇ ਹਨ, ਜਿਸ ਕਰਕੇ ਲੇਖਕਾਂ ਦੀ ਸਹਾਇਤਾ ਪਹੁੰਚਣ ਵਿੱਚ ਵੱਧ ਸਮਾਂ ਲੱਗ ਜਾਂਦਾ ਹੈ। ਦੂਸਰੀ ਸੰਸਥਾ ਹੈ, ‘ਸਾਹਿਤ ਸਭਾ’ ਜੋ ਬਜ਼ੁਰਗ ਲੇਖਕਾਂ ਦੀ ਸਹਾਇਤਾ ਕਰਦੇ ਤਾਂ ਹਨ ਪਰ ਮੂੰਹ ਵੇਖ ਕੇ। ਇਸ ਕਰਕੇ ਬਹੁਤੇ ਲੇਖਕ ਉਨ੍ਹਾਂ ਤੋਂ ਸਹਾਇਤਾ ਦੀ ਉਮੀਦ ਨਹੀˆ ਕਰ ਸਕਦੇ। ਸਰਕਾਰ ਦੀ ਭਾਈਵਾਲੀ ਤੱਕ ਦਾ ਸਫ਼ਰ ਹੈ।

ਪੰਜਾਬੀ ਕਵਿਤਾ ਵਿਸ਼ਵ ਦੇ ਸੰਦਰਭ ਵਿੱਚ

? ਜੁਗਿੰਦਰ ਜੀ, ਤੁਹਾਡੀ ਸ਼ਾਇਰੀ ਬਾਰੇ ਕੁਝ ਹੋਰ ਗੱਲਾਂ ਵੀ ਕਰਨੀਆਂ ਚਾਹੁੰਦਾ ਹਾਂ, ਤੁਸੀਂ ਪੰਜਾਬੀ ਕਵਿਤਾ ਨੂੰ ਵਿਸ਼ਵ ਦੇ ਸੰਦਰਭ ਵਿੱਚ ਕਿਸ ਤਰ੍ਹਾਂ ਦੇਖਦੇ ਹੋ?

: ਮੈˆ ਪੰਜਾਬੀ ਕਵਿਤਾ ਨੂੰ ਵਿਸ਼ਵ ਦੇ ਸੰਦਰਭ ਵਿੱਚ ਕਿਸੇ ਗੱਲੋਂ ਘੱਟ ਨਹੀਂ ਸਮਝਦਾ ਕਿਉˆਕਿ ਪੰਜਾਬੀ ਵਿੱਚ ਹਰ ਪੱਖ ਤੋਂ ਕਵਿਤਾ ਲਿਖਣ ਦਾ ਯਤਨ ਕੀਤਾ ਗਿਆ ਹੈ। ਬਾਬੇ ਨਾਨਕ ਦੀ ਬਾਣੀ ਤੋਂ ਲੈ ਕੇ ਹੁਣ ਤਕ ਨਵੇਂ ਅਤੇ ਪੁਰਾਣੇ ਕਵੀਆਂ ਦੀ ਰਚਨਾਵਾਂ ਨੂੰ ਦੇਖਣ ਪੜ੍ਹਨ ਤੋਂ ਬਾਅਦ ਇਹ ਗੱਲ ਕਹਿ ਸਕਦੇ ਹਾਂ ਕਿ ਅਸੀਂ ਦੁਨੀਆਂ ਦੇ ਦੂਸਰੇ ਹਿੱਸਿਆਂ ਵਿੱਚ ਲਿਖੀ ਗਈ ਕਵਿਤਾ ਨਾਲੋਂ ਪਿੱਛੇ ਨਹੀਂ। ਪੰਜਾਬੀ ਕਵਿਤਾ ਨੇ ਲਗਾਤਾਰ ਵਿਕਾਸ ਕੀਤਾ ਹੈ ਤੇ ਕਰ ਰਹੀ ਹੈ।

ਪੰਜਾਬੀ ਕਾਵਿ ਵਿੱਚ ਕੋਈ ਨਵਾਂ ਤਜਰਬਾ ਜ਼ਾਂ ਕਿਸੇ ਵਿਧਾ ਦੀ ਘਾਟ

? ਜੁਗਿੰਦਰ ਜੀ, ਤੁਹਾਡੇ ਧਿਆਨ ਵਿੱਚ ਪੰਜਾਬੀ-ਕਾਵਿ ਵਿੱਚ ਅੱਜ ਕੱਲ੍ਹ ਕੋਈ ਨਵਾਂ ਰੁਝਾਨ ਜਾਂ ਨਵਾਂ ਤਜਰਬਾ ਵੀ ਹੋ ਰਿਹਾ ਹੈ?

: ਅੱਜ ਕੱਲ੍ਹ ਪੰਜਾਬੀ-ਕਾਵਿ ਵਿੱਚ ਨਵਾਂ ਤਜਰਬਾ ਤਾਂ ਨਹੀਂ ਹੋ ਰਿਹਾ ਪਿਛਲੀ ਕਾਵਿ ਪਰੰਪਰਾ ਦਾ ਸੁਧਾਰ ਜ਼ਰੂਰ ਹੋ ਰਿਹਾ ਹੈ। ਹਾਂ, ਅੱਜ ਕੱਲ੍ਹ ਕੁਝ ਕਵੀਆਂ ਦਾ ਰੁਝਾਨ ਗ਼ਜ਼ਲ ਲਿਖਣ ਵਾਲੇ ਪਾਸੇ ਜ਼ਰੂਰ ਮੁੜ ਗਿਆ ਹੈ। ਕੁਝ ਨਵੇˆ ਕਵੀ ਵੀ ਗ਼ਜ਼ਲ ਹੀ ਲਿਖ ਰਹੇ ਹਨ ਤੇ ਰੋਜ਼ਾਨਾ ਅਖ਼ਬਾਰਾਂ ਵਿੱਚ ਛਪ ਵੀ ਰਹੇ ਹਨ ਜਦ ਕਿ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਗ਼ਜ਼ਲ ਦੀ ਵਿਆਕਰਨ (ਭਾਵ) ਅਰੂਜ਼ ਦਾ ਬਿਲਕੁਲ ਗਿਆਨ ਨਹੀਂ। ਫੇਰ ਵੀ ਨਵੇਂ ਤੇ ਪੁਰਾਣੇ ਕਵੀ ਚੰਗੀ ਗ਼ਜ਼ਲ ਲਿਖ ਰਹੇ ਹਨ। ਉਂਝ ਕਵਿਤਾ ਲਿਖਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ। ਭਾਵੇਂ ਉਹ ਆਪਣੇ ਖ਼ਿਆਲਾਂ ਨੂੰ ਕਾਵਿ-ਰੂਪ ਦੇਣ ਦੇ ਸਮਰੱਥ ਅਜੇ ਨਹੀਂ ਵੀ ਹੋਏ। ਨਵੇਂ ਕਵੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

? ਪੰਜਾਬੀ ਸਾਹਿਤ ਵਿੱਚ ਕਿਸੇ ਵਿਧਾ ਦੀ ਘਾਟ ਮਹਿਸੂਸ ਕੀਤੀ ਜਾਂਦੀ ਹੈ? ਜਾਾਂ ਫੇਰ ਤੁਹਾਡੇ ਖ਼ਿਆਲ ਨਾਲ ਸਾਰੀਆਂ ਵਿਧਾਵਾਂ ਤੇ ਤਸੱਲੀਬਖਸ਼ ਕੰਮ ਹੋ ਰਿਹਾ ਹੈ?

: ਸਤਨਾਮ ਜੀ, ਪੰਜਾਬੀ ਵਿੱਚ ਲੇਖਕ ਹਰ ਵਿਧਾ ਵਿੱਚ ਕਲਮ ਅਜ਼ਮਾਈ ਕਰ ਰਹੇ ਹਨ। ਪਰ ਅਜੇ ਨਾਟਕ ਤੇ ਨਾਵਲ ਮੈਨੂੰ ਸੰਸਾਰ ਪ੍ਰਸਿੱਧ ਲੇਖਣੀ ਤੋਂ ਕੁਝ ਕੁ ਉਰ੍ਹਾਂ ਲੱਗਦੇ ਹਨ। ਭਾਵੇਂ ਕਲਮਾਂ ਵਾਲੇ ਪੂਰੀ ਕੋਸ਼ਿਸ਼ ਵਿੱਚ ਹਨ। ਉਮੀਦ ਹੈ ਕਿ ਜੇਕਰ ਇਸੇ ਤਰ੍ਹਾਂ ਕਲਮਾਂ ਤੁਰਦੀਆਂ ਰਹੀਆਂ ਤਾਂ ਕਿਸੇ ਦਿਨ ਅਸੀਂ ਵੀ ਉੱਪਰਲੀ ਪਾਲ ਵਿੱਚ ਜਾ ਖਲੋਵਾਂਗੇ, ਮੈਨੂੰ ਇਸਦਾ ਪੂਰਾ ਯਕੀਨ ਹੈ।

ਪੰਜਾਬੀ ਕਵਿਤਾ ਦਾ ਅਨੁਵਾਦ ਤੇ ਕਵਿਤਾ ਦੀ ਰੂਹ

? ਤੁਸੀਂ ਆਪ ਵੀ ਕੁਝ ਅਨੁਵਾਦ ਕੀਤੇ ਹਨ ਤੇ ਕੁਝ ਅਨੁਵਾਦ ਤੁਹਾਡੀਆਂ ਕਿਤਾਬਾˆ ਦੇ ਵੀ ਹੋਏ ਹਨ। ਅਮਰ ਜੀ, ਕੀ ਕਵਿਤਾ ਦਾ ਅਨੁਵਾਦ ਖ਼ਾਸ ਕਰਕੇ ਗ਼ਜ਼ਲ ਦਾ ਅਨੁਵਾਦ ਇਸਦੀ ਰੂਹ ਨੂੰ ਕਾਇਮ ਰੱਖ ਸਕਦਾ?

: ਤੁਹਾਡਾ ਸਵਾਲ ਬਹੁਤ ਹੀ ਅੱਛਾ ਸਵਾਲ ਹੈ। ਗ਼ਜ਼ਲ ਦੇ ਅਨੁਵਾਦ ਦੀ ਤਾਂ ਗੱਲ ਜਿਹੜੀ ਤੁਸੀਂ ਪੁੱਛੀ ਹੈ ਇਹ ਤਾਂ ਬਿਲਕੁਲ ਸੰਭਵ ਨਹੀˆ। ਕਿਉˆਕਿ ਗ਼ਜ਼ਲ ਦੇ ਸਾਰੇ ਤੱਤਾਂ ਨੂੰ ਉਸੇ ਤਰ੍ਹਾਂ ਦੂਸਰੀ ਕਿਸੇ ਵੀ ਬੋਲੀ ਵਿੱਚ ਅਨੁਵਾਦ ਕਰਨਾ ਬਹੁਤ ਮੁਸ਼ਕਲ ਹੈ। ਹਾਂ, ਨਜ਼ਮਾਂ, ਕਹਾਣੀਆਂ ਜਾਂ ਨਾਵਲਾਂ ਨੂੰ ਅਨੁਵਾਦ ਕੀਤਾ ਜਾ ਸਕਦਾ ਹੈ। ਪਰ ਸ਼ਰਤ ਇਹ ਕਿ ਅਨੁਵਾਦ ਕਰਨ ਵਾਲਾ ਇਮਾਨਦਾਰੀ ਨਾਲ, ਬੋਲੀ ਦੀ ਪੂਰੀ ਪਕੜ ਨਾਲ ਅਤੇ ਉਸ ਰਚਨਾ ਦੀ ਰੂਹ ਨਾਲ ਇਨਸਾਫ਼ ਕਰ ਸਕਦਾ ਹੋਵੇ।

ਤੁਹਾਡੀ ਕਵਿਤਾ ਦਿੱਲੀ ਯੂਨੀਵਰਸਿਟੀ ਦੇ ਸਿਲੇਬਸ ਵਿੱਚ ਸ਼ਾਮਲ

? ਜੁਗਿੰਦਰ ਜੀ, ਮੈਨੂੰ ਇਹ ਵੀ ਪਤਾ ਲੱਗਾ ਤੁਹਾਡੀਆਂ ਕੁਝ ਕਿਤਾਬਾਂ ਦਿੱਲੀ ਯੂਨੀਵਰਸਿਟੀ ਦੇ ਸਲੇਬਸ ਵਿੱਚ ਪੜ੍ਹਾਈਆਂ ਜਾਂਦੀਆਂ ਰਹੀਆਂ ਹਨ, ਇਹਦੇ ਬਾਰੇ ਕੁਝ ਦੱਸੋ?

: ਹਾਂ ਜੀ, ਮੇਰੀ ਇੱਕ ਕਿਤਾਬ ‘ਦੂਜਾ ਸੂਰਜ’ ਦਿੱਲੀ ਯੂਨੀਵਰਸਿਟੀ ਵਿੱਚ ਐੱਮ.ਏ. ਨੂੰ ਲੱਗੀ ਰਹੀ ਹੈ। ਤਿੰਨ ਚਾਰ ਕਿਤਾਬਾਂ ਉੱਤੇ ਐੱਮ. ਫਿਲ. ਵੀ ਕਰਾਈ ਗਈ ਹੈ। ਇੱਕ ਕਿਤਾਬ ‘ਸਮੁੰਦਰ ਮੰਥਨ ਤੋਂ ਪਹਿਲਾਂ’ ਉੱਤੇ ਪੀਐੱਚ. ਡੀ. ਵੀ ਕਰਵਾਉਣ ਦੀ ਗੱਲ ਹੋ ਰਹੀ ਸੀ। ਪਰ ਡਾ. ਸਤਿੰਦਰ ਸਿੰਘ ਨੂਰ ਜੋ ਪੀਐੱਚ. ਡੀ. ਕਰਵਾ ਸਕਦੇ ਸਨ, ਅਚਾਨਕ ਬੀਮਾਰ ਹੋਣ ਕਰਕੇ ਇਹ ਗੱਲ ਵਿੱਚੇ ਰਹਿ ਗਈ।

ਦਿੱਲੀ ਵਿੱਚ ਪੰਜਾਬੀ ਸਾਹਿਤਕ ਮਿਲਣੀਆਂ

? ਜੁਗਿੰਦਰ ਜੀ, ਤੁਸੀਂ ਲੰਬੇ ਸਮੇਂ ਤੋਂ ਦਿੱਲੀ ਰਹਿੰਦੇ ਹੋ। ਦਿੱਲੀ ਵਿੱਚ ਤੁਹਾਨੂੰ ਆਪਣੇ ਸਮਕਾਲੀ ਕਵੀਆਂ ਜਾਂ ਆਪਣੇ ਤੋਂ ਪਹਿਲੇ ਨਾਮਵਰ ਲੇਖਕਾਂ ਨਾਲ ਕਿਹੜੇ-ਕਿਹੜੇ ਲੇਖਕਾਂ ਨੂੰ ਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ?

: ਇਹ ਠੀਕ ਗੱਲ ਹੈ ਕਿ ਮੈਂ ਕਾਫ਼ੀ ਸਮੇਂ ਤੋਂ ਦਿੱਲੀ ਰਹਿ ਰਿਹਾ ਹਾਂ। ਮੈਂ 1960 ਤੋਂ ਦਿੱਲੀ ਰਹਿ ਰਿਹਾਂ ਕਿਉਂਕਿ ਮੇਰਾ ਜੋ ਕਿੱਤਾ ਸੀ ਉਹ ਕਿਸੇ ਸਟੇਜੀ ਕਵੀ ਦਾ ਨਹੀਂ ਸੀ ਤੇ ਨਾ ਪੜ੍ਹਾਉˆਣ ਵਾਲੇ ਟੀਚਰ ਦਾ। ਮੇਰਾ ਸੰਬੰਧ ਇੰਜਨੀਅਰਿੰਗ ਨਾਲ ਹੈ। ਮੈਂ ਪਹਿਲਾਂ ਇੱਥੇ 10 ਸਾਲ ਨੌਕਰੀ ਕੀਤੀ। ਉਸ ਤੋਂ ਪਿੱਛੋਂ ਆਪਣਾ ਛੋਟਾ ਜਿਹਾ ਕੰਮ ਖੋਲ੍ਹ ਲਿਆ ਤੇ ਹੌਲੀ-ਹੌਲੀ ਕੁਝ ਲੋਕਾਂ ਦੇ ਸਹਿਯੋਗ ਨਾਲ ਕੰਮ ਵਧਾ ਲਿਆ। ਜਦੋਂ ਨੌਕਰੀ ਕਰਦਾ ਸੀ, ਉਸ ਵੇਲੇ ਇੱਥੇ ਸਟੇਜੀ ਕਵੀ ਜ਼ਿਆਦਾ ਸਨ ਜਿਹਨਾਂ ਨਾਲ ਮੇਰਾ ਵਾਸਤਾ ਪਿਆ ਪਰ ਕੁਝ ਉਹਨਾਂ ਵਿੱਚੋਂ ਆਪਣੀਆਂ ਕਿਤਾਬਾਂ ਛਪਵਾਉਣ ਵਾਲੇ ਵੀ ਸਨ। ਜਿਵੇˆ ਬਿਸ਼ਨ ਸਿੰਘ ਉਪਾਸ਼ਕ, ਤਾਰਾ ਸਿੰਘ ਤੇ ਕੁਝ ਹੋਰ। ਬਾਕੀ ਇਕਬਾਲ ਅਰਪਨ ਅਤੇ ਜਸਵੰਤ ਸਿੰਘ ਵਿਰਦੀ ਬਾਰੇ ਆਪਾਂ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ। ਉਹਨਾਂ ਨਾਲ ਵੀ ਵਾਸਤਾ ਸ਼ੁਰੂ ਤੋਂ ਹੀ ਰਿਹਾ। ਤੁਸੀਂ ਜਾਣਦੇ ਹੋ ਇਸ ਕੰਮ ਦੇ ਲਈ ਵਕਤ ਦੀ ਕਾਫ਼ੀ ਲੋੜ ਹੁੰਦੀ ਹੈ ਪਰ ਮੇਰੇ ਕੋਲ ਵਕਤ ਬਹੁਤ ਘੱਟ ਸੀ ਤੇ ਮੈਂ ਉਹ ਘੱਟ ਸਮੇਂ ਵਿੱਚ ਹੀ ਜੋ ਕੰਮ ਕਰਦਾ ਸੀ, ਉਹ ਕਰਦਾ ਰਿਹਾ। ਸਮੇਂ ਸਮੇਂ ਟਾਇਮ ਕੱਢ ਕੇ ਨਾਮਵਰ ਸਾਹਿਤਕਾਰਾਂ ਦੇ ਇਕੱਠਾਂ ਵਿੱਚ ਜ਼ਰੂਰ ਮਿਲ ਲੈਂਦੇ ਰਹੇ ਹਾਂ।

ਪੰਜਾਬੀ ਸਾਹਿਤ ਅਲੋਚਕ

? ਆਲੋਚਕਾਂ ਨੇ ਤੁਹਾਡੇ ਕੀਤੇ ਕੰਮ ਨੂੰ ਕਿਸ ਤਰ੍ਹਾਂ ਲਿਆ। ਬਹੁਤ ਵਾਰ ਇਹ ਸੁਣਨ ਵਿੱਚ ਆਇਆ ਕਿ ਸਾਡੇ ਆਲੋਚਕ ਪੱਛਮੀ ਢੰਗ ਨਾਲ ਹੀ ਆਲੋਚਨਾ ਕਰਦੇ ਹਨ। ਕੀ ਭਾਰਤੀ ਕਾਵਿ-ਸ਼ਾਸਤਰ ਆਲੋਚਨਾ ਪ੍ਰਨਾਲ਼ੀ ਵਿੱਚ ਕੁਝ ਘਾਟਾਂ ਹਨ, ਜਿਸ ਕਰਕੇ ਸਾਡੇ ਆਲੋਚਕਾਂ ਨੂੰ ਪੱਛਮੀ ਕਾਵਿ-ਸ਼ਸਤਰ ਦਾ ਸਹਾਰਾ ਲੈਣਾ ਪੈਂਦਾ ਹੈ?

: ਅਸਲ ਵਿੱਚ ਸਾਡੇ ਆਲੋਚਕਾਂ ਨੂੰ ਪੱਛਮ ਦੀਆਂ ਆਲੋਚਨਾਵਾਂ ਜਾਂ ਆਲੋਚਨਾ ਦੀਆਂ ਧਾਰਾਵਾਂ ਬਾਰੇ ਪਹਿਲਾਂ ਗਿਆਨ ਨਹੀਂ ਸੀ। ਜਿਵੇਂ ਕਿ ਇਹ ਸਿਰਫ਼ ਪ੍ਰਗਤੀਵਾਦ ਤੱਕ ਹੀ ਜਾਣਦੇ ਸੀ ਇਸ ਤੋਂ ਅੱਗੇ ਕੁਝ ਵੀ ਨਹੀਂ ਜਾਣਦੇ ਸਨ। ਪਰ ਦਿੱਲੀ ਯੂਨੀਵਰਸਿਟੀ ਵਿੱਚ ਸਾਡੇ ਡਾ. ਹਰਿਭਜਨ ਸਿੰਘ ਨੇ ਆ ਕੇ ਨਵੀਂ ਪ੍ਰਥਾ ਚਲਾਈ ਤੇ ਉਸ ਵੇਲੇ ਇਸ ਨੂੰ ‘ਦਿੱਲੀ ਸਕੂਲ ਆਫ ਥੌਟ’ ਆਖਿਆ ਜਾਂਦਾ ਸੀ। ਉਹਨਾਂ ਦੇ ਵਿਦਿਆਰਥੀ ਡਾ. ਅਤਰ ਸਿੰਘ, ਡਾ. ਸਤਿੰਦਰ ਸਿੰਘ ਨੂਰ, ਡਾ. ਗੁਰਚਰਨ ਸਿੰਘ ਅਰਸ਼ੀ, ਡਾ. ਅਮਰੀਕ ਸਿੰਘ ਪੂੰਨੀ ਤੇ ਹੋਰ ਬੜੀ ਲੰਮੀ ਲਿਸਟ ਹੈ, ਜਿਹਨਾਂ ਨੇ ਕੁਝ ਪੱਛਮ ਦੀਆਂ ਧਾਰਾਵਾਂ ਵਿੱਚੋਂ ਆਪਣੇ ਵੱਖਰੇ ਵਿਕਲਪ ਵੀ ਕੱਢੇ ਹਨ। ਜਿਵੇਂ ਕਿ ਡਾ. ਅਤਰ ਸਿੰਘ ਸਭ ਤੋਂ ਮੋਹਰੀ ਹਨ। ਹਰਿਭਜਨ ਸਿੰਘ ਇਹਨਾਂ ਸਭ ਦਾ ਗੁਰੂ ਸੀ ਕਿਉਂਕਿ ਉਹਨਾਂ ਨੇ ਹਿੰਦੀ ਅਤੇ ਅੰਗਰੇਜ਼ੀ ਦੀ ਐੱਮ. ਏ. ਕੀਤੀ ਹੋਈ ਸੀ ਤੇ ਹਿੰਦੀ ਵਿੱਚ ਵੀ ਉਹਨਾਂ ਦਾ ਬਹੁਤ ਨਾਮ ਸੀ। ਉਹਨਾਂ ਦੇ ਕਈ ਵਿਦਿਆਰਥੀ ਵੀ ਹਨ ਜਿਹਨਾਂ ਨੇ ਹਿੰਦੀ ਵਿੱਚ ਪੀਐੱਚ. ਡੀ. ਕੀਤੀ। ਉਹਨਾਂ ਧਾਰਾਵਾਂ ਦੀ ਗੱਲ ਮੈਂ ਨਹੀਂ ਕਰਾਂਗਾ। ਉਹ ਤਾਂ ਕੋਈ ਆਲੋਚਕ ਹੀ ਕਰ ਸਕਦਾ ਹੈ।

ਹੁਣ ਕਵਿਤਾ ਦਾ ਜ਼ਮਾਨਾ ਨਹੀਂ ਰਿਹਾ!

? ਕੁਝ ਸਾਹਿਤਕ ਆਲੋਚਕਾਂ ਦਾ ਇਹ ਵੀ ਕਹਿਣਾ ਹੈ ਕਿ ਹੁਣ ਕਵਿਤਾ ਦਾ ਜ਼ਮਾਨਾ ਨਹੀਂ ਰਿਹਾ ਅੱਜ ਦਾ ਪਾਠਕ ਕਵਿਤਾ ਤੋਂ ਦੂਰ ਜਾ ਰਿਹਾ ਹੈ, ਪਾਠਕ ਵਾਰਤਕ ਨੂੰ ਜ਼ਿਆਦਾ ਪੰਸਦ ਕਰ ਰਿਹਾ ਹੈ। ਕੀ ਤੁਹਾਨੂੰ ਵੀ ਕਦੇ ਇਹੋ ਜਿਹਾ ਮਹਿਸੂਸ ਹੋਇਆ?

: ਇਹ ਗੱਲ ਸੱਚ ਨਹੀਂ ਹੈ। ਕਈ ਵਾਰਤਕ ਲਿਖਣ ਵਾਲੇ ਕਵਿਤਾ ਵਰਗੀ ਹੀ ਵਾਰਤਕ ਲਿਖਦੇ ਹਨ ਤੇ ਬੋਲਣ ਵਾਲੇ ਵੀ ਕਵਿਤਾ ਵਾਂਗ ਹੀ ਬੋਲਦੇ ਹਨ। ਕਵਿਤਾ ਹਮੇਸ਼ਾ ਜਿਉਂਦੀ ਹੀ ਰਹੇਗੀ। ਸਾਡੀ ਪੰਜਾਬੀ ਦੀ ਵਾਰਤਕ ਧਾਰਮਿਕ-ਨੁਮਾ ਹੁੰਦੀ ਸੀ ਪਰ ਇਹਨੂੰ ਨਵਾਂ ਰੂਪ ਜਿਹੜਾ ਦਿੱਤਾ ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਨਾਨਕ ਸਿੰਘ ਨਾਵਲਿਸਟ ਨੇ। ਹੋ ਸਕਦਾ ਹੈ ਕਿ ਇਸ ਤੋਂ ਪਹਿਲਾਂ ਵੀ ਕਿਸੇ ਨੇ ਵਾਰਤਕ ਦਾ ਰੂਪ ਬਦਲਿਆ ਹੋਵੇ ਤੇ ਉਸ ਕੋਲ ਛਾਪਣ ਦੇ ਸਾਧਨ ਨਹੀਂ ਸਨ ਪਰ ਇਹ ਦੋਵੇਂ ਲੇਖਕ ਆਪਣੀ ਵਾਰਤਕ ਛਾਪ ਸਕਦੇ ਸਨ। ਇਸ ਲਈ ਇਹਨਾਂ ਦਾ ਨਾਮ ਜ਼ਿਆਦਾ ਪ੍ਰਸਿੱਧ ਹੋਇਆ। ਮੈਂ ਸਮਝਦਾ ਹਾਂ ਕਿ ਕਵਿਤਾ ਦਾ ਜ਼ਮਾਨਾ ਓਵੇਂ ਦਾ ਓਵੇਂ ਹੀ ਹੈ ਪਰ ਅੱਜ ਦਾ ਵਿਚਾਰ ਪੇਸ਼ ਕਰਨ ਲਈ ਕਵੀ ਨੂੰ ਨਵੀਂ ਸ਼ਬਦਾਵਲੀ ਦੀ ਲੋੜ ਹੁੰਦੀ ਹੈ। ਜਦੋਂ ਉਹ ਨਹੀਂ ਮਿਲਦੀ ਤਾਂ ਉਹ ਨਿਰਾਸ਼ ਹੋ ਜਾਂਦਾ ਹੈ। ਫੇਰ ਜੇਕਰ ਉਹ ਵਾਰਤਕ ਲਿਖ ਸਕਦਾ ਹੋਵੇ ਤਾਂ ਉਸ ਪਾਸੇ ਆ ਜਾਂਦਾ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਪਾਠਕ ਕਵਿਤਾ ਤੋਂ ਦੂਰ ਜਾ ਰਿਹਾ ਹੈ।

? ਤੁਸੀਂ ਜਦੋਂ ਪਹਿਲਾਂ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਉਸ ਸਮੇਂ ਦੀ ਵਿਚਾਰਧਾਰਾ ਅਤੇ ਅੱਜ ਦੀ ਵਿਚਾਰਧਾਰਾ ਵਿੱਚ ਕੋਈ ਫ਼ਰਕ ਮਹਿਸੂਸ ਕਰਦੇ ਹੋ? ਜਾਂ ਇਹ ਕਹਿ ਲਓ ਕਿ ਤੁਹਾਡੀ ਕਵਿਤਾ ਵਿੱਚ ਕੋਈ ਨਵਾਂ ਪ੍ਰਸੰਗ ਜੁੜਿਆ?

: ਮੈˆ ਆਪਣੀ ਪਹਿਲੀ ਕਵਿਤਾ, ਜਿਹਨੂੰ ਸਿਰਫ਼ ਤੁਕਬੰਦੀ ਕਹਿ ਸਕਦੇ ਹਾਂ, ਉਹ 1948 ਵਿੱਚ ਲਿਖੀ। ਫਿਰ ਮੈਂ ਕਾਫ਼ੀ ਕਵਿਤਾਵਾਂ ਸਕੂਲ ਵਿੱਚ ਪੜ੍ਹਦਿਆਂ ਲਿਖੀਆਂ ਪਰ ਉਹਨਾਂ ਵਿੱਚੋਂ ਮੇਰੇ ਕੋਲ ਕੋਈ ਵੀ ਨਹੀਂ। ਮੈˆ ਸਕੂਲ ਦੀ ਸਪਤਾਹਿਕ ਇਕੱਤਰਤਾ ਵਿੱਚ ਨਵੀਂ ਕਵਿਤਾ ਜ਼ਰੂਰ ਪੜ੍ਹਦਾ ਸੀ ਤੇ ਮੈਨੂੰ ਮੇਰੇ ਟੀਚਰ ਹੱਲਾਸ਼ੇਰੀ ਵੀ ਦਿੰਦੇ ਸਨ। ਉਹਨਾਂ ਦਾ ਕੌਨਟੈਂਟ ਪਹਿਲਾਂ ਬਹੁਤ ਧਾਰਮਿਕ ਕੱਟੜਵਾਦ ਰਿਹਾ। ਫਿਰ ਨਵ-ਪ੍ਰਗਤੀਵਾਦ ਹੋ ਗਿਆ। ਉਸਦੇ ਆਸਰੇ ਨਾਲ ਹੀ ਹੁਣ ਤੱਕ ਕਵਿਤਾ ਲਿਖਦਾਂ। ਜਿਵੇਂ ਮੈਂ ਕਿਹਾ ਹੈ ਕਿ ਪਹਿਲਾਂ ਧਾਰਮਿਕ ਕੱਟੜਵਾਦ ਨਾਲ ਜੁੜਿਆ ਸੀ। ਫਿਰ ਜਲਦੀ ਹੀ ਪ੍ਰਗਤੀਵਾਦ ਨਾਲ ਜੁੜ ਗਿਆ। ਅੱਜ ਵੀ ਮੈਂ ਜੋ ਲਿਖਦਾ ਹਾਂ ਉਹਦੇ ਵਿੱਚ ਪ੍ਰਗਤੀਵਾਦ ਅੰਸ਼ ਜ਼ਰੂਰ ਹੁੰਦਾ।

? ਅਮਰ ਜੀ, ਮੈਂ ਮਹਿਸੂਸ ਕਰਦਾਂ ਕਿ ਹਰ ਰਚਨਾ ਲੇਖਕ ਲਈ ਮਹਤਵਪੂਰਨ ਤੇ ਖ਼ਾਸ ਹੁੰਦੀ ਹੈ। ਪਰ ਫੇਰ ਵੀ ਜੇਕਰ ਤੁਹਾਨੂੰ ਆਪਣੀ ਚੋਣਵੀਂ ਕਵਿਤਾ ਦੀ ਚੋਣ ਕਰਨ ਲਈ ਕਿਹਾ ਜਾਵੇ ਤਾਂ ਤੁਸੀਂ ਕਿਹੜੀ ਕਿਤਾਬ ਜਾਂ ਕਿਹੜੀਆਂ ਕਵਿਤਾਵਾਂ ਨੂੰ ਚੁਣੋਗੇ?

: ਇਹ ਤੁਹਾਡੀ ਗੱਲ ਠੀਕ ਹੈ ਕਿ ਹਰ ਰਚਨਾਕਾਰ ਨੂੰ ਆਪਣੀਆਂ ਸਾਰੀਆਂ ਰਚਨਾਵਾਂ ਚੰਗੀਆਂ ਲੱਗਦੀਆਂ ਹਨ, ਫਿਰ ਵੀ ਜਿਹੜੀਆਂ ਵਿਸ਼ੇਸ਼ ਰਚਨਾਵਾਂ ਹੁੰਦੀਆਂ ਹਨ, ਉਹ ਕਦੀ-ਕਦੀ ਲਿਖੀਆਂ ਜਾਂਦੀਆਂ ਹਨ। ਜਿਵੇਂ ਕਿ ਮੇਰੀ ਇੱਕ ਰਚਨਾ ਸੀ: ‘ਆਲ੍ਹਣਾ ਨਾ ਪਾਈਂ’। ਇਹ ਮੇਰੀ ਇੱਕ ਪੁਸਤਕ ਦਾ ਵੀ ਨਾਂਅ ਹੈ। ‘ਉੱਡੀਕ ਦੀ ਉਮਰ’, ਵੀ ਮੇਰੀ ਇੱਕ ਪੁਸਤਕ ਹੈ। ‘ਆਵਾਜ਼ ਦੇ ਵਰਕੇ’ ਤੇ ਕੁਝ ਹੋਰ ਵੀ ਹਨ। ਮੈਂ ਸਮਝਦਾ ਹਾਂ ਕਿ ਤੁਹਾਡੇ ਇਸ ਸਵਾਲ ਦਾ ਜਵਾਬ ਦੇਣਾ ਭਾਵੇਂ ਮੇਰੇ ਲਈ ਮੁਸ਼ਕਲ ਹੈ, ਫਿਰ ਵੀ ਮੈਂ ਇੱਕ ਕਵਿਤਾ, ਜਿਹੜੀ ਕਿ 1960-61 ਵਿੱਚ ਲਿਖੀ ਸੀ, ਉਸ ਨੂੰ ਮੈਂ ਜਿਉਂਦੀ ਜਾਗਦੀ ਸਮਝਦਾਂ। ਉਸ ਦਾ ਵਿਸ਼ਾ ਸੀ ਐਟਮ ਬੰਬ ਤੇ ਐਟਮ ਸ਼ਕਤੀ। ਉਹਨਾਂ ਦਿਨਾਂ ਵਿੱਚ ਅਮਨ ਕੌਂਸਲ ਸਾਰੀ ਦੁਨੀਆਂ ਵਿੱਚ ਮਸ਼ਹੂਰ ਸੀ। ਅਤੇ ਐਟਮ ਸ਼ਕਤੀ ਨਾਲ ਕਈ ਕੰਮ ਹੋਣ ਲੱਗ ਪਏ ਸੀ। ਉਦੋਂ ਮੈਂ ਇੱਕ ਛੋਟੀ ਜਿਹੀ ਕਵਿਤਾ ਲਿਖੀ ਸੀ ‘ਕੱਚੀ ਨਿਮੋਲੀ’। ਕਿਉˆਕਿ ਹਰ ਕਵਿਤਾ ਨੂੰ ਸ਼ਾਇਰ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਰੂਹ ਨਾਲ ਲਿਖਦਾ ਕਈ ਵਾਰ ਇਹ ਨਿਰਣਾ ਕਰਨਾ ਮੁਸ਼ਕਲ ਹੁੰਦਾ ਹੈ।

ਮਾਣ ਸਨਮਾਨ

? ਅਮਰ ਜੀ, ਤੁਹਾਡੀ ਸਾਹਿਤਕ ਦੇਣ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਸੰਸਥਾ ਵੱਲੋਂ ਕੋਈ ਮਾਣ ਸਨਮਾਣ?

: ਸਤਨਾਮ ਜੀ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਜੇਕਰ ਪਾਠਕ ਤੁਹਾਡੀ ਰਚਨਾ ਪੜ੍ਹ ਕੇ ਤੁਹਾਨੂੰ ਕੋਈ ਚਿੱਠੀ ਪੱਤਰ ਜਾਂ ਫ਼ੋਨ ਕਰਕੇ ਤੁਹਾਡੀ ਰਚਨਾ ਬਾਰੇ ਗੱਲ ਕਰਦਾ ਕਿ ਮੈਂ ਤੁਹਾਡੀ ਕਵਿਤਾ, ਕਹਾਣੀ ਜਾਂ ਕੋਈ ਹੋਰ ਰਚਨਾ ਪੜ੍ਹੀ ਹੈ, ਇਹ ਲੇਖਕ ਲਈ ਇੱਕ ਬਹੁਤ ਵੱਡਾ ਇਨਾਮ ਹੁੰਦਾ ਹੈ। ਉਂਝ ਮੈਨੂੰ ਬਹੁਤ ਸਾਰੀਆਂ ਸੰਸਥਵਾਂ ਨੇ ਸਮੇਂ ਸਮੇਂ ਮੇਰੇ ਕੀਤੇ ਕੰਮ ਨੂੰ ਸਲਾਹਿਆ ਹੈ ਅਤੇ ਹੌਸਲਾ ਅਫ਼ਜਾਈ ਵੀ ਕੀਤੀ ਹੈ। ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ। 2005 ਵਿੱਚ ਇੱਕ ਸਪੈਸ਼ਲ ਐਵਾਰਡ (ਪਰਮ ਸਾਹਿਤ ਸਤਿਕਾਰ ਸਨਮਾਨ) ‘ਸਾਹਿਤ ਅਕਦਮੀ ਦਿੱਲੀ’ ਨੇ ਮੈਨੂੰ ਇੱਕ ਲੱਖ ਗਿਆਰਾਂ ਹਜ਼ਾਰ ਦਾ ਐਵਾਰਡ ਦੇ ਕੇ ਸਨਮਾਨਿਆ ਹੈ। ਮੈਂ ਸਮਝਦਾ ਹਾਂ ਇਹ ਸਤਿਕਾਰ ਉਨ੍ਹਾਂ ਨੇ ਮੇਰਾ ਨਹੀਂ, ਮਾਂ ਬੋਲੀ ਪੰਜਾਬੀ ਦਾ ਕੀਤਾ ਹੈ। ਮੈਂ ਉਨ੍ਹਾਂ ਦਾ ਸ਼ੁਕਰਗੁਜ਼ਾਰ ਹਾਂ। ਪਰ ਨਾਲ ਹੀ ਇੱਥੇ ਇੱਕ ਗਿਲ੍ਹਾ ਵੀ ਹੈ ਕਿ ਕਈ ਵਾਰ ਉਹ ਵਧੀਆ ਲੇਖਕਾਂ ਨੂੰ ਅਣਗੌਲਿਆ ਵੀ ਕਰ ਦਿੰਦੇ ਹਨ। ਜਿਸ ਤਰ੍ਹਾਂ ਸਾਡਾ ਪੰਜਾਬੀ ਕਹਾਣੀ ਦਾ ਕਾਰੀਗਰ ਜੋ ਕਿ ਇੱਕ ਬਹੁਤ ਹੀ ਵਧੀਆ ਲੇਖਕ ਜਸਵੰਤ ਸਿੰਘ ਵਿਰਦੀ ਹੈ, ਉਸ ਨੇ ਇੰਨਾ ਕੁਝ ਪੰਜਾਬੀ ਸਾਹਿਤ ਦੀ ਝੋਲ਼ੀ ਪਾਇਆ ਕਿ ਕੋਈ ਹਿਸਾਬ ਹੀ ਨਹੀਂ। ਉਸ ਦੀ ਇੱਕ ਕਹਾਣੀ “ਤਾਰੇ ਤੋੜਨਾ” ਦੀ ਚਰਚਾ ਸਾਹਿਤ ਹਲਕਿਆਂ ਵਿੱਚ ਬਹੁਤ ਹੋਈ। ਮੈˆ ਤਾਂ ਕਹਾਂਗਾ ਕਿ ਉਸ ਪੱਧਰ ਦੀ ਕਹਾਣੀ ਸ਼ਾਇਦ ਅਜੇ ਪੰਜਾਬੀ ਸਾਹਿਤ ਵਿੱਚ ਲਿਖੀ ਹੀ ਨਹੀਂ ਗਈ। ਪਰ ਉਸ ਦੀ ਸਾਹਿਤਕ ਦੇਣ ਨੂੰ ਕਿਸੇ ਵੀ ਅਦਾਰੇ ਨੇ, ਨਾਹੀਂ ‘ਭਾਸ਼ਾ ਵਿਭਾਗ ਪੰਜਾਬ’ ਨੇ, ਨਾ ‘ਸਾਹਿਤਕ ਅਕਦਮੀ ਦਿੱਲੀ’ ਨੇ ਗੌਲ਼ਿਆ। ਇਹ ਇੱਕ ਬਹੁਤ ਮਾੜੀ ਗੱਲ ਹੈ ਅਤੇ ਮੈਂ ਸਮਝਦਾ ਹਾਂ ਇਹ ਇੱਕ ਬਹੁਤ ਵੱਡੀ ਬੇ-ਇਨਸਾਫ਼ੀ ਵੀ ਹੈ।

ਪੰਜਾਬੀ ਸਾਹਿਤਕ ਪਰਚੇ

? ਹਾਂ ਜੀ, ਇਹ ਬੇਇਨਸਾਫ਼ੀ ਤਾਂ ਹੈ ਹੀ। ਮੇਰਾ ਖ਼ਿਆਲ ਹੈ ਕਿ ਇਨ੍ਹਾਂ ਸੰਸਥਾਵਾਂ ਨੂੰ ਲੰਬੀ ਸੋਚ ਵਿਚਾਰ ਪਿੱਛੋਂ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੈ। ਹਾਂ, ਆਪਾਂ ਪੰਜਾਬੀ ਸਾਹਿਤਕ ਪਰਚਿਆਂ ਬਾਰੇ ਗੱਲ ਕਰ ਰਹੇ ਸੀ। ਦਿੱਲੀ ਵਿੱਚ ਪੰਜਾਬੀ ਭਾਸ਼ਾ ਵਿੱਚ ਸਮਦਰਸ਼ੀ, ਕੌਮੀ ਏਕਤਾ, ਆਰਸੀ, ਅਕਸ, ਛੇਵਾਂ ਦਰਿਆ ਅਤੇ ਨਾਗਮਣੀ ਵਰਗੇ ਪਰਚੇ ਕਾਫੀ ਚਰਚਿਤ ਰਹੇ ਹਨ। ਛੇਵਾਂ ਦਰਿਆ ਦੇ ਕਰਤਾ ਧਰਤਾ ਤੁਸੀਂ ਆਪ ਵੀ ਰਹੇ ਹੋ। ਕੀ ਦਿੱਲੀ ਵਿੱਚ ਕੋਈ ਹੋਰ ਪੰਜਾਬੀ ਪਰਚੇ ਵੀ ਚੱਲ ਰਹੇ ਹਨ? ਅੱਜ ਕੱਲ੍ਹ ਇਹਨਾਂ ਪਰਚਿਆਂ ਦੀ ਕੀ ਸਥਿਤੀ ਹੈ?

: ਇਹ ਤੁਹਾਡੀ ਗੱਲ ਠੀਕ ਹੈ ਕਿ ਦਿੱਲੀ ਵਿੱਚ ਪੰਜਾਬੀ ਦੇ ਪਰਚੇ ਸਦਾ ਤੋਂ ਹੀ ਮੋਹਰੀ ਰਹੇ ਹਨ। ਅੱਜ ਕੱਲ੍ਹ ਸਰਕਾਰੀ ਪਰਚੇ ਹੀ ਛਪਦੇ ਹਨ। ਬਾਕੀ ਦੂਜੇ ਪਰਚੇ ਤਕਰੀਬਨ ਬੰਦ ਹੋ ਗਏ ਹਨ। ਸਰਕਾਰੀ ਪਰਚੇ ਹਨ, ਜੋ ਇੱਕ ਪਰਚਾ ਜ਼ਿਆਦਾ ਮੋਹਰੀ ਹੈ-ਸਮਦਰਸ਼ੀ। ਬਾਕੀ ਇੱਕ ਦੋ ਹੋਰ ਛਪਦੇ ਹਨ ਜਿਹੜੇ ਧਾਰਮਿਕ-ਨੁਮਾ ਹਨ ਜਾਂ ਕਹਿ ਲਓ ਵੱਖਰੀ ਤਰ੍ਹਾਂ ਦੇ ਹਨ।

? ਕਈ ਵਾਰ ਇਹ ਵੀ ਸੁਣਨ ਵਿੱਚ ਆਇਆ ਕਿ ਬਹੁਤ ਸਾਰੇ ਪੰਜਾਬੀ ਮੈਗਜ਼ੀਨ ਬਾਹਰਲੇ ਪੰਜਾਬੀਆਂ ਦੀ ਮਦਦ ਨਾਲ ਚੱਲਦੇ ਹਨ। ਅਤੇ ਇਨ੍ਹਾਂ ਵਿੱਚ ਮਿਆਰੀ ਮੈਟਰ ਨਹੀਂ ਹੁੰਦਾ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਕੀ ਉਹੀ ਪਰਚੇ ਮਿਆਰੀ ਮੰਨੇ ਜਾਂਦੇ ਹਨ ਜੋ ਬਾਹਰਲੀ ਮਦਦ ਤੋਂ ਬਿਨਾˆ ਚਲਦੇ ਹਨ?

: ਪਹਿਲਾਂ ਕੁਝ ਪਰਚੇ ਬਾਹਰਲੀ ਮਦਦ ਨਾਲ ਚਲਦੇ ਰਹੇ ਹਨ, ਮਗਰ ਜਦੋਂ ਉਹ ਪਰਚੇ ਚਲਾਉਣ ਵਾਲੇ ਹੀ ਨਹੀਂ ਰਹੇ ਤਾਂ ਉਹ ਪਰਚੇ ਬੰਦ ਹੋ ਗਏ ਹਨ। ਪੰਜਾਬ ਵਿੱਚ ਅਜੇ ਵੀ ਕੁਝ ਪਰਚੇ ਹਨ ਜਿਹਨਾਂ ਬਾਰੇ ਸੁਣਿਆ ਗਿਆ ਹੈ ਕਿ ਉਹ ਬਾਹਰਲੀ ਮਦਦ ਨਾਲ ਛਪਦੇ ਹਨ, ਚੱਲ ਵੀ ਰਹੇ ਹਨ। ਉਹ ਲੇਖਕ ਨੂੰ ਰਚਨਾ ਦੇ ਕੁਝ ਪੈਸੇ ਵੀ ਦੇ ਦਿੰਦੇ ਹਨ। ਇਸ਼ਤਿਹਾਰ ਪੰਜਾਬੀ ਪਰਚਿਆਂ ਨੂੰ ਬਹੁਤ ਘੱਟ ਮਿਲਦੇ ਹਨ। ਇਸ ਲਈ ਰਚਨਾਕਾਰਾਂ ਨੂੰ ਸੇਵਾ ਫਲ ਦੇਣਾ ਮੁਸ਼ਕਿਲ ਹੋ ਜਾਂਦਾ ਹੈ। ਫਿਰ ਵੀ ਪੰਜਾਬ ਵਿੱਚ ਇੱਕ ਪਰਚਾ ‘ਹੁਣ’ ਦੇ ਨਾ ਹੇਠ ਛਪਦਾ ਹੈ ਤੇ ਸੁਣਿਆ ਗਿਆ ਹੈ ਕਿ ਉਹ ਰਚਨਾਵਾਂ ਦੇ ਸੇਵਾ ਫਲ ਵੀ ਦਿੰਦਾ ਹੈ ਪਰ ਉਹ ਸਾਲ ਵਿੱਚ ਬਹੁਤ ਘੱਟ, ਤਿੰਨ ਚਾਰ ਅੰਕ ਹੀ ਛਪਦਾ ਹੈ।

ਕਵੀ ਦੀ ਕਹਿਣੀ ਅਤੇ ਕਰਨੀ

? ਅਮਰ ਜੀ, ਤੁਹਾਡੇ ਖ਼ਿਆਲ ਨਾਲ ਕਵਿਤਾ ਦਾ ਕਵੀ ਦੀ ਸਖ਼ਸੀਅਤ ਅਤੇ ਉਸਦੇ ਸੁਭਾਅ ਨਾਲ ਵੀ ਕੋਈ ਸੰਬੰਧ ਹੁੰਦਾ ਹੈ?

: ਜ਼ਰੂਰ ਹੁੰਦਾ ਹੈ। ਇਮਾਨਦਾਰ ਕਵੀ ਇਮਾਨਦਾਰੀ ਨਾਲ ਕਵਿਤਾ ਲਿਖੇਗਾ। ਕਵੀ ਦੀ ਕਹਿਣੀ ਅਤੇ ਕਰਨੀ ਇੱਕ ਹੋਣੀ ਚਾਹੀਦੀ ਹੈ। ਤਦ ਹੀ ਕਵਿਤਾ ਲੋਕਾਂ ਨੂੰ ਨਾਲ ਲੈ ਕੇ ਚੱਲੇਗੀ ਜਾਂ ਆਪਣਾ ਪ੍ਰਭਾਵ ਪਾਏਗੀ। ਨਹੀਂ ਤਾਂ ਪਾਠਕ ਦੋ ਚਾਰ ਸਤਰਾਂ ਪੜ੍ਹ ਕੇ ਕਿਤਾਬ ਰੱਖ ਦੇਵੇਗਾ। ਕਿਉਂਕਿ ਕਵੀ ਦੀ ਆਪਣੇ ਆਲੇ ਦੁਆਲੇ ਦੇ ਹਾਲਾਤ ਤੋਂ ਪ੍ਰਭਾਵਿਤ ਹੋ ਕੇ ਜਾਂ ਅਨੁਭਵ ਕਰਕੇ ਆਪਣੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਗੱਲ ਕਹਿਣ ਦੀ ਕੋਸ਼ਿਸ਼ ਹੀ ਪਾਠਕ ਨੂੰ ਕੀਲ ਸਕਦੀ ਹੈ। ਸਾਹਿਤ ਦੇ ਬਾਕੀ ਰੂਪਾਂ ਵਾਂਗ ਕੋਈ ਅਪੀਲ ਵੀ ਕਰਦੀ ਹੋਵੇ। ਜਦੋਂ ਪਾਠਕ ਦੀ ਨਿਗ੍ਹਾ ਨੂੰ ਕਿਸੇ ਲਿਖਾਰੀ ਜਾਂ ਕਿਸੇ ਕਵੀ ਨੂੰ ਕਹਿਣੀ ਤੇ ਕਥਨੀ ਦਾ ਸਮੇਲ ਨਹੀਂ ਦਿਸਦਾ ਤਾਂ ਪਾਠਕ-ਮਨ ਉਸ ਰਚਨਾ ਨੂੰ ਨਹੀਂ ਮੰਨਦਾ।

ਤਰਕਸ਼ੀਲ ਸੁਭਾਅ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰਨਾ

? ਤੁਹਾਡੇ ਬਹੁਤ ਸਾਰੇ ਮਿੱਤਰਾਂ ਦੋਸਤਾਂ ਦਾ ਕਹਿਣਾ ਹੈ ਕਿ ਤੁਹਾਡਾ ਸੁਭਾਅ ਤਰਕਸ਼ੀਲ ਅਤੇ ਇਨਸਾਫ਼ ਪਸੰਦੀ ਹੈ। ਕਿਸੇ ਨਾਲ ਧੱਕਾ ਹੁੰਦਾ ਦੇਖ ਕੇ ਚੁੱਪ ਨਹੀਂ ਰਹਿ ਸਕਦੇ। ਤੁਹਾਡੇ ਸੁਭਾਅ ਦਾ ਸੱਚ ਕੀ ਹੈ? ਇਸ ਤਰ੍ਹਾਂ ਦੇ ਸੁਭਾਅ ਕਰਕੇ ਕਦੇ ਮੁਸ਼ਕਲਾਂ ਵੀ ਆਈਆਂ ਹੋਣਗੀਆਂ?

: ਦੇਖੋ, ਆਪਣੇ ਸੁਭਾਅ ਦੀ ਬੰਦਾ ਆਪ ਬਹੁਤ ਘੱਟ ਪੜਚੋਲ ਕਰਦਾ ਹੈ। ਇਸ ਕਰਕੇ ਆਪਣੇ ਸੁਭਾਅ ਬਾਰੇ ਆਪ ਨੂੰ ਬਹੁਤ ਘੱਟ ਪਤਾ ਹੁੰਦਾ ਹੈ, ਇਹ ਤਾਂ ਦੂਸਰਾ ਬੰਦਾ ਹੀ ਦੱਸ ਸਕਦਾ ਹੈ। ਫੇਰ ਵੀ ਜਿੱਥੋਂ ਤੱਕ ਮੈਂ ਸਵੈ ਦੀ ਪੜਚੋਲ ਕਰ ਸਕਿਆ ਹਾਂ, ਉਸ ਮੁਤਾਬਕ ਇਹ ਠੀਕ ਹੈ ਮੈਂਨੂੰ ਅਨਿਆ ਹੁੰਦਾ ਚੰਗਾ ਨਹੀਂ ਲੱਗਦਾ। ਇਹ ਭਾਵੇਂ ਕਿਸੇ ਨਾਲ ਵੀ ਹੋ ਰਿਹਾ ਹੋਵੇ। ਮੈਂ ਅਨਿਆ ਹੁੰਦਾ ਦੇਖ ਕੇ ਆਪੇ ਤੋਂ ਬਾਹਰ ਵੀ ਹੋ ਜਾਂਦਾ ਸੀ। ਪਰ ਹੁਣ ਮੈਂ ਆਪਣੇ ਆਪ ਨੂੰ ਥੋੜ੍ਹਾ ਕੰਟਰੋਲ ਕੀਤਾ ਹੈ। ਮੈਂ ਧਾਰਮਿਕ ਪ੍ਰਚਾਰਕਾਂ ਉੱਤੇ ਬਹੁਤਾ ਯਕੀਨ ਨਹੀਂ ਰੱਖਦਾ ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਹੋਣ। ਜਦੋਂ ਉਨ੍ਹਾਂ ਦੇ ਪ੍ਰਚਾਰ ਵਿੱਚ ਨਿਰਾ ਝੂਠ ਜਾਂ ਮਕਾਰੀ ਉੱਭਰਦੀ ਹੈ ਤਾਂ ਮੈਂਨੂੰ ਸਹਿਣ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰੀ ਮੈਂ ਉਨ੍ਹਾਂ ਦੇ ਸ਼ਰਧਾਲੂਆਂ ਨਾਲ ਬਹਿਸ ਵੀ ਕਰ ਬੈਠਦਾ ਹਾਂ। ਤੁਸੀਂ ਜਾਣਦੇ ਹੋ ਕਿ ਸ਼ਰਧਾਲੂ ਤਾਂ ਉਨ੍ਹਾਂ ਤੋਂ ਝੂਠ ਸੱਚ ਦੇ ਗੱਫ਼ੇ ਲੈ ਕੇ ਉਨ੍ਹਾਂ ਦਾ ਪ੍ਰਚਾਰ ਹੀ ਕਰਦੇ ਹਨ। ਕਈ ਵਾਰ ਬਹਿਸ ਵਿੱਚ ਉਨ੍ਹਾਂ ਤੋਂ ਬੁਰਾ ਭਲਾ ਵੀ ਸੁਣਨਾ ਪਿਆ। ਮੈਂ ਤਾਂ ਹਰ ਇਨਸਾਨ ਨੂੰ ਬੇਨਤੀ ਕਰਦਾ ਹਾਂ ਕਿ ਹਰ ਗੱਲ ਨੂੰ ਠੀਕ ਮੰਨਣ ਤੋਂ ਪਹਿਲਾਂ ਸੱਚ ਤੇ ਗਿਆਨ ਦੀ ਘਸਵੱਟੀ ਤੇ ਪਰਖ਼ਣ ਦੀ ਆਦਤ ਪਾਉਣੀ ਚਾਹੀਦੀ ਹੈ। ਹਾਂ, ਇਹ ਵੀ ਸੱਚ ਹੈ ਕਿਸੇ ਨਾਲ ਹੁੰਦੀ ਬੇ-ਇਨਸਾਫ਼ੀ ਮੇਰੇ ਕੋਲ਼ੋਂ ਝੱਲੀ ਨਹੀਂ ਜਾਂਦੀ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਕਈ ਵਾਰ ਇਹ ਆਦਤ ਕਰਕੇ ਮੈਂਨੂੰ ਕਈ ਤਰ੍ਹਾਂ ਦੀਅਾਂ ਉਲਝਣਾਂ ਵਿੱਚੋਂ ਵੀ ਗੁਜ਼ਰਨਾ ਪਿਆ ਹੈ। ਪਰ ਮੈਂ ਇਸਦੀ ਪਰਵਾਹ ਨਹੀਂ ਕਰਦਾ। ਇਸ ਨਾਲ ਮੈਂਨੂੰ ਮਾਨਸਿਕ ਤਸੱਲੀ ਮਿਲਦੀ ਹੈ।

ਇੱਕ ਦੂਰ-ਅੰਦੇਸ਼ੀ ਅਤੇ ਨਿਡੱਰ ਫ਼ੈਸਲਾ!

? ਅਮਰ ਜੀ, ਇੱਕ ਹੋਰ ਸਵਾਲ ਮੇਰੇ ਮਨ ਵਿੱਚ ਵਾਰ ਵਾਰ ਆ ਰਿਹਾ ਹੈ ਕਿ ਦਿੱਲੀ ਕਤਲੇਆਮ ਵਿੱਚ ਸਿੱਖਾਂ, ਪੰਜਾਬੀਆਂ ਨੂੰ ਨਿਸ਼ਾਨਾ ਬਣਇਆ ਗਿਆ, ਉਸ ਕਤਲੇਆਮ ਵਿੱਚ ਬਹੁਤ ਸਾਰੇ ਬੇਕਸੂਰੇ ਲੋਕ ਮਾਰੇ ਗਏ, ਘਰਾਂ ਦੇ ਘਰ ਤਬਾਹ ਹੋ ਗਏ। ਇਸ ਅੰਨ੍ਹੀ ਹਨੇਰੀ ਵਿੱਚ ਸਾਰੇ ਲੋਕ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰ ਰਹੇ ਸੀ ਪਰ ਤੁਸੀਂ ਆਪਣੇ ਆਪ ਨੂੰ ਬਚਾਉਣ ਦੀ ਥਾਂ ਆਪਣੀ ਕਲੋਨੀ ਦੇ ਲੋਕਾਂ ਨੂੰ ਬਚਾਉਣ ਲਈ ਡਟੇ ਰਹੇ। ਇਹ ਕਿਸ ਤਰ੍ਹਾਂ ਅਤੇ ਕਿਵੇਂ ਸੰਭਵ ਹੋਇਆ, ਇਹਦੇ ਬਾਰੇ ਕੁਝ ਦੱਸੋ?

: ਸਤਨਾਮ ਜੀ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ, ਇਹ ਕਤਲੇਆਮ ਉਸ ਸਮੇਂ ਦੀ ਸਰਕਾਰ ਨੇ ਹੀ ਕਰਾਇਆ। ਸਾਨੂੰ ਪੰਜਾਬੀ ਹੋਣ ਦੀ, ਸਿੱਖ ਹੋਣ ਦੀ ਸਜ਼ਾ ਦਿੱਤੀ ਗਈ। ਕਤਲ ਕਰਨ ਵਾਲਿਆਂ ਕੋਲ ਰਿਹਾਇਸ਼ੀ ਲਿਸਟਾਂ ਸਨ ਤਾਂ ਕਿ ਸਿੱਖਾਂ ਦੇ ਸਹੀ ਟਿਕਾਣਿਆਂ ਦਾ ਪਤਾ ਲੱਗ ਸਕੇ। ਦਿੱਲੀ ਵਿੱਚ ਰਿੰਗ-ਰੋਡ, ਜਿੱਥੇ ਇਹ ਕੰਮ ਹੋਇਆ, ਸਾਡੇ ਘਰ ਦੇ ਨੇੜੇ ਹੀ ਸੀ। ਸਭ ਕੁਝ ਇੱਥੋਂ ਦਿਸਦਾ ਸੀ। ਮੈਂ ਕਿਉਂਕਿ ਕਮਿਉਨਿਸਟ ਪਾਰਟੀ ਦਾ ਮੈਂਬਰ ਸੀ, ਪਾਰਟੀ ਦੇ ਕੁਝ ਨੁਮਾਇੰਦੇ ਮੇਰੇ ਘਰ ਆਏ ਤੇ ਕਹਿਣ ਲੱਗੇ ਕਿ ਤੁਸੀਂ ਇੱਥੇ ਸੇਫ਼ ਨਹੀਂ, ਸਾਰਾ ਪਰਿਵਾਰ ਸਾਡੇ ਨਾਲ ਆਓ ਕਿਸੇ ਸੁਰਖ਼ਿਅਤ ਥਾਂ ਉੱਤੇ ਲੈ ਚੱਲਦੇ ਹਾਂ। ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਬਾਕੀ ਸਾਰੇ ਲੋਕਾਂ ਨੂੰ ਛੱਡ ਕੇ ਨਹੀਂ ਜਾ ਸਕਦੇ। ਜੇਕਰ ਤੁਸੀਂ ਲੋਕਾਂ ਦੇ ਬਚਾਓ ਦਾ ਕੰਮ ਕਰਨਾ ਹੀ ਹੈ ਤਾਂ ਆਓ ਸਾਰੇ ਇਕੱਠੇ ਹੋ ਕੇ ਥਾਣੇ ਨੂੰ ਘੇਰਾ ਪਾਉ। ਕਿਉਂਕਿ ਸਾਰਾ ਕੰਮ ਉੱਥੋਂ ਹੀ ਚੱਲਦਾ ਸੀ। ਮੇਰੀ ਇਹ ਸਲਾਹ ਮੰਨ ਕੇ ਸਾਰੇ ਵਰਕਰਾਂ ਨੇ ਥਾਣੇ ਨੂੰ ਅਤੇ ਕਲੋਨੀ ਨੂੰ ਘੇਰੀ ਰੱਖਿਆ ਤਾਂ ਫੇਰ ਅਸੀਂ ਕਿਸੇ ਵੀ ਥਾਨੇ ਵਾਲੇ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਲੋਕਾਂ ਨੇ ਕਲੋਨੀ ਨੂੰ ਘੇਰਾ ਪਾ ਕੇ ਸਾਰੇ ਲੋਕਾਂ ਦੀ ਰਾਖੀ ਕੀਤੀ ਤਾਂ ਕਿ ਸ਼ਰਾਰਤੀ ਅਨਸਰ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕੇ। ਹੋਇਆ ਵੀ ਇਹੋ ਕਿ ਕਿਸੇ ਨੂੰ ਕੋਈ ਨੁਸਕਾਨ ਨਹੀਂ ਹੋਣ ਦਿੱਤਾ। ਨਹੀਂ ਤਾਂ ਜੋ ਕੁਝ ਸਾਡੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹੋਇਆ, ਉਹੋ ਕੁਝ ਸਾਡੇ ਨਾਲ, ਸਾਡੀ ਕਲੋਨੀ ਵਿੱਚ ਵੀ ਹੋਣਾ ਸੀ।

ਸਤਨਾਮ ਢਾਅ: ਬਿਲਕੁਲ ਜੀ, ਮੇਰਾ iਖ਼ਆਲ ਹੈ ਕਿ ਜੇਕਰ ਤੁਸੀਂ ਆਪਣੇ ਬਚਾ ਲਈ ਅਗਲ ਵਗਲ ਹੋ ਜਾਂਦੇ ਤਾਂ ਜ਼ਰੂਰ ਉਹੀ ਭਾਣਾ (ਇੱਥੇ), ਤੁਹਾਡੀ ਕਲੋਨੀ ਵਿੱਚ ਵੀ ਵਰਤਣਾ ਸੀ। ਤੁਹਾਡੀ ਦੂਰ-ਅੰਦੇਸ਼ੀ, ਅਤੇ ਇਨਸਾਫ਼ ਪਸੰਦੀ ਸੁਭਾਅ ਕਰਕੇ ਹੀ ਇਸ ਜਾਨੀ ਮਾਲੀ ਨੁਕਸਾਨ ਤੋਂ ਬਚਾ ਹੋ ਸਕਿਆ। ਕਾਸ਼! ਉਸ ਔਖੀ ਘੜੀ ਵਿੱਚ ਜੇਕਰ ਹੋਰ ਲੋਕ ਵੀ ਇਸ ਸੋਚ ਨਾਲ ਲਾਮਬੰਦ ਹੋ ਸਕਦੇ।

? ਅਮਰ ਜੀ, ਆਪਣੇ ਪਰਿਵਾਰ ਬਾਰੇ ਕੁਝ ਦੱਸੋ ਕਿ ਤੁਹਾਡਾ ਕੋਈ ਬੱਚਾ ਵੀ ਸਹਿਤਕ ਸਿਰਜਣਾ ਦਾ ਸ਼ੌਕ ਰੱਖਦਾ ਹੈ ਜਾਂ ਤੁਹਾਡੀਆਂ ਰਚਨਾਵਾਂ ਵੱਲ ਰੁਚੀ ਲੈ ਰਿਹਾ ਹੈ?

: ਮੇਰੇ ਪਰਿਵਾਰ ਵਿੱਚ ਮੇਰੀ ਸੁਪਤਨੀ, ਜੋ 1994 ਵਿੱਚ ਗੁਜ਼ਰ ਗਈ ਸੀ। ਬਾਕੀ ਮੇਰੇ ਦੋ ਲੜਕੇ ਤੇ ਦੋ ਲੜਕੀਆਂ ਹਨ। ਸਾਰੇ ਪੜ੍ਹ ਲਿਖ ਕੇ ਆਪੋ ਆਪਣੇ ਕੰਮਾਂ ਉੱਤੇ ਸੈੱਟ ਹਨ। ਮੈਂ ਦਿੱਲੀ ਵਿੱਚ ਕੀਤੀ ਸਖ਼ਤ ਮਿਹਨਤ ਤੋਂ ਬਾਅਦ ਇੱਕ ਛੋਟੀ ਜਿਹੀ ਫ਼ੈਕਟਰੀ ਲਾਈ ਜਿੱਥੇ ਆਫ-ਸੈਟ ਮਸ਼ੀਨਾਂ ਬਣਾਉਂਦੇ ਹਾਂ। ਮੇਰੇ ਦੋਵੇਂ ਲੜਕੇ ਉਸ ਦੀ ਦੇਖ ਭਾਲ ਕਰਦੇ ਹਨ। ਇੱਕ ਲੜਕੀ ਨੇ ਲਾਅ ਕੀਤਾ ਹੈ, ਉਹ ਵੀ ਕੰਮ ਕਰਦੀ ਹੈ। ਇੱਕ ਲੜਕੀ ਵਿਆਹੀ ਹੋਈ ਹੈ ਆਪਣੇ ਪਰਿਵਾਰ ਵਿੱਚ ਸੈੱਟ ਹੈ। ਬਾਕੀ ਸਾਹਿਤਕ ਰੁਚੀਆਂ ਬਾਰੇ-ਕੋਈ ਬੱਚਾ ਲਿਖਦਾ ਤਾਂ ਨਹੀਂ ਉˆਝ ਉਹ ਮੇਰੀਆਂ ਕਵਿਤਾਵਾਂ ਜ਼ਰੂਰ ਪੜ੍ਹਦੇ ਹਨ ਕਦੇ ਕਦੇ। ਮੈਂਨੂੰ ਲਿਖਣ ਲਈ ਉਤਸ਼ਾਹਿਤ ਵੀ ਕਰਦੇ ਹਨ।

ਅਗਲੀ ਬਿਉਂਤਬੰਦੀ

? ਅੱਛਾ ਜੀ, ਗੱਲ ਆਪਾਂ ਤੁਹਾਡੀ ਲਿਖਣ ਕਲਾ ਦੀ ਕਰ ਰਹੇ ਸੀ, ਅਮਰ ਜੀ ਫੇਰ ਅੱਜ ਕੱਲ੍ਹ ਕੀ ਲਿਖ ਰਹੇ ਹੋ? ਭਵਿੱਖ ਵਿੱਚ ਕਵਿਤਾ, ਗ਼ਜਲ ਜਾਂ ਫੇਰ ਕੋਈ ਲੰਮੀ ਕਵਿਤਾ?

: ਸਤਨਾਮ ਜੀ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੇਰੀਆਂ ਦਸ ਪੁਸਤਕਾਂ ਕਵਿਤਾ ਦੀਆਂ ਛਪ ਚੁੱਕੀਆਂ ਤੇ ਉਨ੍ਹਾਂ ਦਸਾਂ ਵਿੱਚ ਇੱਕ ਪੁਸਤਕ ਵਿੱਚ ਤੀਹ ਕੁ ਗ਼ਜ਼ਲਾਂ ਦੀ ਵੀ ਛਪੀ ਹੈ। ਇਸ ਤੋਂ ਬਿਨਾਂ ਮੇਰੀ ਗਿਆਰ੍ਹਵੀਂ ਪੁਸਤਕ ਨਿਰੋਲ ਗ਼ਜ਼ਲਾਂ ਦੀ ਹੈ, ਜਿਸ ਵਿੱਚ ਇੱਕ ਸੌ ਇੱਕ ਗ਼ਜ਼ਲਾਂ ਹਨ। ਮੈਂ ਯਤਨ ਕੀਤਾ ਕਿ ਗ਼ਜ਼ਲ ਦੀਆਂ ਬਹਿਰਾˆ ਦੀ ਵੰਨਗੀ ਇਸ ਪੁਸਤਕ ਵਿੱਚ ਪੇਸ਼ ਕਰ ਸਕਾਂ। ਨਾਲ ਹੀ ਇਸ ਪੁਸਤਕ ਦੇ ਆਖ਼ਰੀ ਕੁਝ ਸਫ਼ਿਆਂ ਉੱਤੇ ਗ਼ਜ਼ਲ ਦੇ ਬਹਿਰ ਤੇ ਰੁਕਨ ਵੀ ਹਨ। ਇਸ ਤੋˆ ਇਲਾਵਾ ਕੁਝ ਹੋਰ ਗ਼ਜ਼ਲਾਂ ਵੀ ਲਿਖੀਆਂ ਹਨ, ਜੋ ਦੋ ਕੁ ਕਿਤਾਬਾਂ ਦਾ ਮੈਟਰ ਹੋਵੇਗਾ। ਪਰ ਹੁਣ ਫੇਰ ਮੈਂ ਕਵਿਤਾ ਵਾਲੇ ਪਾਸੇ ਆ ਰਿਹਾ ਹਾਂ। ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਮੇਰੀ ਇੱਕ ਲੰਮੀ ਕਵਿਤਾ, ਜਿਹੜੀ ਕਿ ਲਗਭਗ ਸੱਠ ਕੁ ਸਫ਼ੇ ਦੀ ਹੈ ਪਰ ਅਜੇ ਉਹ ਕੁਝ ਹੋਰ ਸਫ਼ਿਆਂ ਦੀ ਮੰਗ ਕਰਦੀ ਹੈ, ਪਹਿਲਾਂ ਮੈਂ ਉਸ ਨੂੰ ਪੂਰਿਆਂ ਕਰਾਂਗਾ। ਇਸਦਾ ਵਿਸ਼ਾ ਭਾਰਤ ਦੀ ਸਿਆਸਤ ਹੈ, ਜਿਸ ਵਿੱਚ ਇੱਕ ਚੋਰ ਉਚੱਕੇ ਤੇ ਸਮਾਜ ਦੇ ਦੁਸ਼ਮਣ ਦਾ, ਇੱਕ ਨੇਤਾ ਬਣ ਕੇ ਭਾਰਤੀ ਸਰਕਾਰ ਦੀ ਭਾਈਵਾਲੀ ਤੱਕ ਦਾ ਸਫ਼ਰ ਹੈ। ਮੈਂ ਆਪਣੇ ਵਿਚਾਰ ਇਸ ਕਵਿਤਾ ਰਾਹੀਂ ਪ੍ਰਗਟ ਕੀਤੇ ਹਨ। ਮੈਂਨੂੰ ਉਮੀਦ ਹੈ ਕਿ ਇਹ ਮੇਰੀ ਲੰਮੀ ਤੇ ਮੇਰੀਆਂ ਚੰਗੀਆਂ ਨਜ਼ਮਾਂ ਵਿੱਚੋਂ ਹੋਵੇਗੀ। ਉਂਝ ਮੈਂ ਗ਼ਜ਼ਲ ਵੀ ਲਿਖਦਾ ਰਹਾਂਗਾ ਪਰ ਲਗਾਤਾਰ ਨਹੀਂ। ਕਿਓਂਕਿ ਗ਼ਜ਼ਲ ਵਿੱਚ ਕਹਿਣ ਲਈ ਗੱਲ ਤੋਂ ਇਲਾਵਾ ਬਹਿਰ ਦੀ ਜ਼ਰੂਰਤ ਹੁੰਦੀ ਹੈ ਤੇ ਬਹਿਰ ਅਭਿਆਸ ਮੰਗਦਾ ਹੈ ਅਤੇ ਅਭਿਆਸ ਲਈ ਸਮਾਂ ਬਹੁਤ ਜ਼ਰੂਰੀ ਹੈ।

ਕੋਈ ਸੁੱਖ ਸੁਨੇਹਾ

? ਜੁਗਿੰਦਰ ਜੀ, ਤੁਸੀਂ ਨਵੇਂ ਸ਼ਾਇਰਾਂ ਨੂੰ, ਜਿਹੜੇ ਕਵਿਤਾ ਲਿਖਣੀ ਚਾਹੁੰਦੇ ਹਨ ਉਨ੍ਹਾਂ ਨੂੰ ਕੋਈ ਰਾਜ ਦੱਸਣਾ ਚਾਹੋਂਗੇ ਜਿਸ ਨਾਲ ਉਹ ਵੀ ਵਧੀਆ ਸ਼ਾਇਰੀ ਸਿਰਜਣ ਵਿੱਚ ਕਾਮਯਾਬ ਹੋ ਸਕਣ?

: ਇਹ ਤੁਹਾਡੀ ਗੱਲ ਬੜੀ ਵਿਸ਼ੇਸ਼ਤਾ ਰੱਖਦੀ ਹੈ ਕਿਉਂਕਿ ਪੁਰਾਣੇ ਕਵੀ ਇਹ ਰਾਜ਼ ਸਿਰਫ਼ ਉਹਨਾਂ ਨੂੰ ਹੀ ਦੱਸਦੇ ਸਨ, ਜਿਹੜੇ ਉਹਨਾਂ ਦੀ ਸੇਵਾ ਕਰਦੇ ਰਹਿੰਦੇ ਸਨ। ਪਰ ਅੱਜ ਕੁਝ ਪੜ੍ਹ-ਲਿਖ ਕੇ ਸ਼ਬਦਾਵਲੀ ਨੂੰ ਹਾਸਿਲ ਕਰ ਗਏ ਹਨ ਤੇ ਕਵਿਤਾ ਵਿੱਚ ਆਪਣੇ ਖ਼ਿਆਲ ਨੂੰ ਪ੍ਰਗਟ ਕਰਨ ਲਈ ਸ਼ਬਦਾਵਲੀ ਬਹੁਤ ਮਾਇਨੇ ਰੱਖਦੀ ਹੈ। ਉਹ ਬਿਨਾਂ ਕਿਸੇ ਦੀ ਮਦਦ ਤੋਂ ਵੀ ਲਿਖਣ ਲੱਗ ਗਏ ਹਨ। ਢਾਅ ਜੀ, ਚੰਗੀ ਸ਼ਾਇਰੀ ਲਈ ਪੜ੍ਹਨਾ ਅਤੇ ਅਭਿਆਸ ਕਰਨਾ ਮੇਰੇ ਖ਼ਿਆਲ ਵਿੱਚ ਬਹੁਤ ਹੀ ਜ਼ਰੂਰੀ ਹੈ।

? ਜੁਗਿੰਦਰ ਜੀ, ਤੁਹਾਡਾ ਕੈਨੇਡਾ ਆਉਣ ਦਾ ਸਬੱਬ ਕਿਵੇਂ ਬਣਿਆ?

: ਸਤਨਾਮ ਜੀ, ਤੁਹਾਨੂੰ ਪਤਾ ਹੀ ਹੈ ਕਿ ਇਕਬਾਲ ਅਰਪਨ ਜੀ ਮੇਰੇ ਬਹੁਤ ਅੱਛੇ ਦੋਸਤ ਸਨ। ਉਨ੍ਹਾਂ ਨੇ ਮੈਨੂੰ ਕਈ ਵਾਰ ਪਹਿਲਾਂ ਵੀ ਕਿਹਾ ਸੀ ਕਿ ਜੋਗਿੰਦਰ ਹੁਣ ਤੂੰ ਕੰਮਾਂ-ਕਾਰਾਂ ਵੱਲੋਂ ਰਿਟਾਇਰ ਹੋ ਚੁੱਕਾ ਹੈਂ, ਕੈਨੇਡਾ ਘੁੰਮ ਫਿਰ ਜਾ। ਮੈਂ ਬੱਸ ਐਵੇਂ ਘੌਲ਼ ਵਿੱਚ ਹੂੰ ਹਾਂ ਹੀ ਕਰ ਛੱਡਦਾ। ਪਰ ਜਦ 2006 ਵਿੱਚ ਇਕਬਾਲ ਸਾਨੂੰ ਵਿਛੋੜਾ ਦੇ ਗਿਆ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ। ਉਸ ਦੇ ਗੁਜ਼ਰਨ ਪਿੱਛੋਂ ਮੈਂ 2006 ਵਿੱਚ ਵੀ ਕੋਸ਼ਿਸ਼ ਕੀਤੀ ਸੀ, ਪਰ ਉਸ ਸਮੇਂ ਅੰਨਜਲ ਨਹੀਂ ਸੀ। ਆਹ ਐਤਕੀਂ ਤੁਸੀਂ ਸਲਾਨਾ ਸਮਾਗਮ ਦੇ ਮੌਕੇ ਉੱਤੇ ਯਾਦ ਕੀਤਾ, ਮੈਂ ਵੀ ਕੋਸ਼ਿਸ਼ ਕੀਤੀ ਤਾਂ ਸਾਰੇ ਸਾਹਿਤ ਪ੍ਰੇਮੀਆਂ ਨੂੰ ਮਿਲਣ ਦਾ ਸਬੱਬ ਬਣਿਆ। ਤੁਹਾਡੀ ਸਭਾ ਦਾ ਕੰਮ ਦੇਖ ਕੇ ਮਨ ਬਹੁਤ ਖੁਸ਼ ਹੋਇਆ ਹੈ।

? ਅਮਰ ਜੀ, ਕੋਈ ਉਹ ਗੱਲ ਦੱਸੋ ਜੋ ਮੈਂ ਤੁਹਾਨੂੰ ਨਾ ਪੁੱਛ ਸਕਿਆ ਹੋਵਾਂ ਤੇ ਤੁਸੀਂ ਸਮਝਦੇ ਹੋਵੇ ਕਿ ਇਹ ਵੀ ਪਾਠਕਾਂ ਦੇ ਧਿਆਨ ਗੋਚਰੇ ਲਿਆਉਣ ਵਾਲੀ ਹੈ?

: ਮੇਰੇ ਖ਼ਿਆਲ ਨਾਲ ਤੁਸੀਂ ਬਹੁਤ ਸਾਰੀਆਂ ਗੱਲਾਂ ਪੁੱਛ ਲਈਆਂ ਹਨ। ਫਿਰ ਵੀ ਕੋਈ-ਕੋਈ ਗੱਲ ਰਹਿ ਜਾਂਦੀ ਹੈ। ਜਿਵੇਂ ਕਿ ਰਚਨਾਕਾਰ ਆਪਣੇ ਖ਼ਿਆਲ ਪੂਰੇ ਜ਼ਾਹਿਰ ਨਹੀਂ ਕਰਦਾ ਕਿਉਂਕਿ ਉਹ ਬਾਲ-ਬੱਚੇਦਾਰ ਹੁੰਦਾ ਹੈ ਤੇ ਖ਼ਿਆਲ ਨੂੰ ਪੂਰੀ ਤਰ੍ਹਾਂ ਜ਼ਾਹਿਰ ਕਰਨ ਵਿੱਚ ਅੱਜ ਤਾਂ ਉਹਦੇ ਉੱਤੇ ਹਕੂਮਤ ਪਾਬੰਦੀ ਵੀ ਲਾ ਸਕਦੀ ਹੈ।

ਸਤਨਾਮ: ਜੁਗਿੰਦਰ ਅਮਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਆਪਣੇ ਰੁਝੇਵਿਆਂ ਵਿੱਚੋਂ ਕੀਮਤੀ ਵਕਤ ਕੱਢ ਕੇ ਆਪਣੀ ਸ਼ਾਇਰੀ ਦੀ ਗੱਲਬਾਤ ਦੇ ਨਾਲ ਨਾਲ ਹੋਰ ਬਹੁਤ ਸਾਰੀ ਨਵੀਂ ਜਾਣਕਾਰੀ ਸਾਂਝੀ ਕੀਤੀ। ਬਾਕੀ ਫੇਰ ਕਿਤੇ ਸਬੱਬ ਬਣਿਆ ਤਾਂ ਹੋਰ ਗੱਲਾਂਬਾਤਾਂ ਵੀ ਕਰਾਂਗੇ। ਸਮਾਂ ਦੇਣ ਲਈ ਧੰਨਵਾਦ।
***
120
***

About the author

satnam_dhaw
ਸਤਨਾਮ ਢਾਅ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →