ਪੁਸਤਕ: ‘ਰੰਗ ਆਪੋ ਆਪਣੇ’ (ਮੁਲਾਕਾਤਾਂ) ਦਾ ਮੁਲਾਂਕਣ
|
ਮੁਲਾਕਾਤਾਂ ਕਰਨਾ ਵੀ ਇੱਕ ਹੁਨਰ ਹੈ। ਜਿਸ ਵਿੱਚ ਸਤਨਾਮ ਸਿੰਘ ਢਾਅ ਨਿਪੁੰਨ ਹੋ ਚੁੱਕਿਆ ਹੈ। ਮੁਲਾਕਾਤੀ ਵਿਅਕਤੀ ਦੀ ਚੋਣ ਕਰਨੀ, ਉਨ੍ਹਾਂ ਦੇ ਜੀਵਨ, ਰਚਨਾਵਾਂ ਅਤੇ ਪ੍ਰਾਪਤੀਆਂ ਬਾਰੇ ਪੂਰਾ ਗਿਆਨ ਹਾਸਲ ਕਰਨਾ, ਉਸ ਨਾਲ ਸੰਬਧਿਤ ਸਾਹਿਤਕ ਜਾਂ ਸਮਾਜਿਕ ਹਲਕਿਆਂ ਅੰਦਰ ਹੋਈਆਂ ਚਰਚਾਵਾਂ ਜਾਂ ਆਲੋਚਨਾਵਾਂ ਤੋਂ ਜਾਣੂ ਹੋਣਾ, ਪੁੱਛਣ ਲਈ ਸਵਾਲ ਤਿਆਰ ਕਰਨੇ, ਮੁਲਾਕਾਤੀਆਂ ਨਾਲ ਰਾਬਤਾ ਬਣਾਉਣਾ, ਮੁਲਾਕਾਤ ਕਰਨੀ, ਮੁਲਾਕਾਤ ਕਰਨ ਸਮੇਂ ਗੱਲਬਾਤ ਨੂੰ ਲੀਹੋਂ ਨਾ ਲਹਿਣ ਦੇਣਾ, ਪ੍ਰਾਪਤ ਸਮਗਰੀ ਨੂੰ ਸਮੇਟਣਾ ਅਤੇ ਕਿਤਾਬ ਛਪਾਉਣ ਦਾ ਉਪਰਾਲਾ ਕਰਨਾ ਬੜੀ ਲਗਨ, ਦਿਆਨਤਦਾਰੀ, ਮਿਹਨਤ ਅਤੇ ਸਿਰੜ ਦੀ ਮੰਗ ਕਰਦਾ ਹੈ। ਸਤਨਾਮ ਢਾਅ ਦੀਆਂ ਪਹਿਲੀਆਂ ਦੋ ਕਿਤਾਬਾਂ ਅਤੇ ਇਹ ਤੀਜੀ ਪੁਸਤਕ ਪੜ੍ਹਨ ਤੋਂ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਉਹ ਇਨ੍ਹਾਂ ਸਾਰੇ ਕਾਰਜਾਂ ਪ੍ਰਤੀ ਸੁਚੇਤ, ਸੂਝਵਾਨ ਅਤੇ ਸਿਰੇ ਦੀ ਮੁਹਾਰਤ ਰੱਖਣ ਵਾਲਾ ਮੁਲਾਕਾਤਕਾਰ ਹੈ। ਉਹ ਮੁਲਾਕਾਤੀ ਦੇ ਜੀਵਨ ਦੇ ਕਈ ਗੁੱਝੇ ਰਾਜ ਸਹਿਜ ਨਾਲ ਹੀ ਬੇਪਰਦ ਕਰਵਾ ਲੈਂਦਾ ਹੈ। ਉਨ੍ਹਾਂ ਦੀਆਂ ਲਿਖਤਾਂ ਅੰਦਰਲੀਆਂ ਘੁੰਡੀਆਂ ਅਤੇ ਘੁਣਤਰਾਂ ਨੂੰ ਗੱਲਾਂ ਗੱਲਾਂ ਨਾਲ਼ ਪਰਤ ਦਰ ਪਰਤ ਖੁੱਲ੍ਹਵਾ ਲੈਂਦਾ ਹੈ। ਉਸ ਦੇ ਮਨ ਅੰਦਰਲੀਆਂ ਤਹਿਆਂ ਨੂੰ ਲੀਰਾਂ ਦੀ ਖੁਦੋ ਵਾਂਗ ਉਧੇੜ ਕੇ ਰੱਖ ਦਿੰਦਾ ਹੈ। ਹਰੇਕ ਪਾਠਕ ਲੇਖਕ ਅਤੇ ਰਚਨਾਵਾਂ ਦੇ ਅਜਿਹੇ ਪਹਿਲੂ ਜਾਣਨ ਦੀ ਇੱਛਾ ਪਾਲਦਾ ਹੈ ਤੇ ਇਸ ਇੱਛਾ ਦੀ ਪੂਰਤੀ ਲਈ ਅਜਿਹੀਆਂ ਮੁਲਾਕਾਤਾਂ ਅਹਿਮ ਸਥਾਨ ਰੱਖਦੀਆਂ ਹਨ। ਮਨੋਵਿਗਿਆਨੀ ਮਹਿਰ ਡਾ. ਮਹਿੰਦਰ ਸਿੰਘ ਹੱਲਣ ਦੀ ਰਾਇ ਮੁਤਾਬਕ ਸਤਨਾਮ ਢਾਅ ਦੀਆਂ ਲਿਖਤਾਂ ਵਿਚ ਰਵਾਨੀ, ਸਰਲਤਾ ਤੇ ਰੌਚਿਕਤਾ ਬਰਕਰਾਰ ਰਹਿੰਦੀ ਹੈ। ਹਥਲੀ ਕਿਤਾਬ ਦੇ ਸ਼ੁਰੂ ਵਿੱਚ ਵਿਦਵਾਨ ਆਲੋਚਕ ਸੁਖਦੇਵ ਸਿੰਘ ਸਿਰਸਾ ਦੇ ਵਿਚਾਰਾਂ ਵਿੱਚੋਂ ਕੁਝ ਸਤਰਾਂ ਦਾ ਹਵਾਲਾ ਦੇਣਾ ਬਣਦਾ ਹੈ। ਉਹ ਲਿਖਦਾ ਹੈ ਕਿ ਢਾਅ ਦੀਆਂ ਮੁਲਾਕਾਤਾਂ ਵਿੱਚ ਮੌਲਿਕ ਸਿਰਜਣਾ ਵਾਲਾ ਰਸ ਹੁੰਦਾ ਹੈ। ਉਸ ਨੇ ਮੁਲਾਕਾਤ ਨੂੰ ਪੰਜਾਬੀ ਵਾਰਤਕ ਦੀ ਇੱਕ ਨਿਵੇਕਲੀ ਵਿਧਾ ਵਜੋਂ ਸਥਾਪਿਤ ਕੀਤਾ ਹੈ। ਉਹ ਸਾਨੂੰ ਲੇਖਕਾਂ ਅੰਦਰਲੇ ਅਸਲੀ ਬੰਦੇ ਦੇ ਸਾਹਮਣੇ ਖਿਲਾਰ ਕੇ ਆਪ ਪਾਸੇ ਹੋ ਜਾਂਦਾ ਹੈ। ਕਿਸੇ ਵੀ ਲੇਖਕ ਨਾਲ ਸੰਵਾਦ ਰਚਾਉਣ ਤੋਂ ਪਹਿਲਾਂ ਉਸ ਦੇ ਪਰਿਵਾਰਕ ਪਿਛੋਕੜ, ਉਸ ਦੀ ਸਮਾਜਕ ਸਿਥਿਤੀ ਉਸ ਦੀ ਚੇਤ ਅਚੇਤ ਵਿਚਾਰਧਾਰਾ, ਉਸ ਉੱਤੇ ਪਏ ਵੱਖ ਵੱਖ ਤਰ੍ਹਾਂ ਦੇ ਪ੍ਰਭਾਵਾਂ, ਉਸ ਦੇ ਕਰਮ ਖੇਤਰ ਅਤੇ ਉਸ ਦੀਆਂ ਲਿਖਤਾਂ ਦਾ ਬਾਰੀਕੀ ਨਾਲ ਮੁਤਾਲ਼ਿਆ ਕਰਦਾ ਹੈ। ਉਸ ਦੀ ਖੂਬੀ ਇਹ ਹੈ ਕਿ ਉਹ ਕਿਸੇ ਲੇਖਕ, ਚਿੰਤਕ ਜਾਂ ਸਭਿਆਚਾਰਕ ਕਾਮੇਂ ਨੂੰ ਉਸ ਦੇ ਵਿਸ਼ੇਸ਼ ਇਤਿਹਾਸਕ, ਸਮਾਜਿਕ ਪਰਿਵੇਸ਼ ਵਿੱਚ ਰੱਖ ਕੇ ਸਮਝਣ ਸਮੇਂ ਉਸ ਦੇ ਸੁਚੇਤ ਵਿਚਾਰਾਂ, ਉਸ ਦੀਆਂ ਅਵਚੇਤਨੀ ਮਾਨਸਿਕ ਗੰਢਾਂ ਅਤੇ ਉਸ ਦੇ ਸਮਾਜਿਕ ਅਮਲਾਂ ਨੂੰ ਇੱਕੋ ਸਮੇਂ ਧਿਆਨ ਵਿੱਚ ਰੱਖਦਾ ਹੈ। ਉਹ ਹਰ ਤਰ੍ਹਾਂ ਦੇ ਭਾਵੁਕ ਉਲਾਰਾਂ, ਨਿੱਜੀ ਪਸੰਦ ਨਾ-ਪੰਸਦ, ਜਾਤੀ ਰੰਜਸ਼ਾਂ ਜਾਂ ਤਰਫ਼ਦਾਰੀਆਂ ਤੋਂ ਨਿਰਲੇਪ ਰਹਿੰਦਾ ਹੈ ਉਨ੍ਹਾਂ ਦੇ ਸਾਹਮਣੇ ਬੁਹ-ਕੋਨਿਆਂ ਵਾਲਾ ਦਰਪਨ ਸਹਿਜੇ ਹੀ ਟਿਕਾ ਦਿੰਦਾ ਹੈ।
ਡਾ. ਇਕਬਾਲ ਪੰਨੂੰ ਨਾਲ ਮੁਲਾਕਾਤ ਕਰਕੇ ਉਸ ਦੇ ਸਮਾਜਿਕ ਤੇ ਵਿਦਿਅਕ ਖੇਤਰ ਵਿੱਚ ਪਾਏ ਯੋਗਦਾਨ ਦੇ ਪਿਛੋਕੜ ਨੂੰ ਕਲਮਬੰਦ ਕਰਕੇ ਜੋ ਨਜ਼ਾਰਾ ਬੰਨ੍ਹਿਆ ਉਹ ਪ੍ਰੇਰਣਾਦਾਇਕ ਹੈ। ਜਰਨੈਲ ਸਿੰਘ ਕਹਾਣੀਕਾਰ ਦੀਆਂ ਕਹਾਣੀਆਂ ਬਾਰੇ, ਉਸ ਦੀ ਸਿਰਜਣ ਪ੍ਰਕਿਆ ਬਾਰੇ, ਕਹਾਣੀ ਦੀ ਉਸਾਰੀ, ਵਿਸ਼ਾ-ਵਸਤੂ ਅਤੇ ਆਲੋਚਨਾ ਬਾਰੇ ਬਹੁਤ ਵਧੀਆ ਸਮੱਗਰੀ ਬਟੋਰ ਲਈ ਗਈ ਹੈ। ਨੇਟਿਵ ਲੋਕਾਂ ਬਾਰੇ ਕਹਾਣੀ ਪ੍ਰਤੀ ਲੋੜੀਂਦੇ ਸਵਾਲ ਤੇ ਜਵਾਬ ਦੋਵੇਂ ਅਧੂਰੇ ਲਗਦੇ ਹਨ। ਇੱਕ ਹੋਰ ਸਵਾਲ ਦਾ ਜਵਾਬ ਨਵੇਂ ਕਹਾਣੀਕਾਰਾਂ ਲਈ ਰਾਹ-ਦਿਸੇਰਾ ਹੋ ਨਿਬੜਿਆ ਹੈ। ਜਿਸ ਵਿੱਚ ਉਨ੍ਹਾਂ ਨੂੰ ਵੱਧ ਤੋਂ ਵੱਧ ਕਹਾਣੀਆਂ ਪੜ੍ਹਨੀਆਂ, ਦੂਜੀਆਂ ਭਾਸ਼ਾਵਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਣੀ, ਮਿਹਨਤ ਨਾਲ ਕਹਾਣੀ ਦਾ ਰੰਗ-ਰੂਪ ਨਿਖਾਰਨ ਅਤੇ ਸਿਰਜਕ ਨੂੰ ਪਾਸੇ ਰੱਖ ਕੇ ਆਲੋਚਕ ਬਣ ਕੇ ਕਹਾਣੀ ਨੂੰ ਸੰਪਾਦਤ ਕਰਨ ਦੀ ਸਲਾਹ ਦਿੱਤੀ ਗਈ ਹੈ। ਸਤਨਾਮ ਢਾਅ ਨੇ ਪੁਸ਼ਪਿੰਦਰ ਜੈਰੂਪ ਨਾਲ ਮੁਲਾਕਾਤ ਕਰਕੇ ਵੱਡੀ ਮੱਲ ਮਾਰੀ ਹੈ। ਇੱਕ ਵਿਗਿਆਨੀ ਨਾਲ ਮੁਲਾਕਾਤ ਕਰਨੀ ਆਮ ਵਰਗੀ ਸੌਖੀ ਨਹੀਂ ਹੁੰਦੀ, ਇਸ ਵਾਸਤੇ ਵਿਗਿਆਨਕ ਸਮਝ ਅਤੇ ਵੱਖਰੀ ਪਹੁੰਚ ਦੀ ਜ਼ਰੂਰਤ ਪੈਂਦੀ ਹੈ। ਇਸ ਮੁਲਾਕਾਤ ਦੇ ਵੇਰਵਿਆਂ ਤੋਂ, ਜਿੱਥੋਂ ਡਾ.ਪੁਸ਼ਪਿੰਦਰ ਜੈਰੂਪ ਦੀ ਸ਼ਖ਼ਸੀਅਤ ਉਜਾਗਰ ਹੁੰਦੀ ਹੈ, ਉੱਥੇ ਕੀਟ-ਵਿਗਿਆਨ ਅਤੇ ਵਿਗਿਆਨ ਨਿਬੰਧਾਂ ਦੀ ਸਿਰਜਣ ਪ੍ਰਕ੍ਰਿਆ ਬਾਰੇ ਵੀ ਪਤਾ ਲੱਗਦਾ ਹੈ। ਇਸ ਔਖੇ ਵਿਸ਼ੇ ਨੂੰ ਪੰਜਾਬੀ ਵਿੱਚ ਲਿਖਕੇ ਪੂਰਾ ਇਨਸਾਫ ਕਰਨਾ ਅਤੇ ਏਨਾ ਸਰਲ ਅਤੇ ਦਿਲਚਸਪ ਬਣਾ ਦੇਣਾ ਕਿ ਹਰੇਕ ਦੀ ਸਮਝ ਵਿੱਚ ਆ ਜਾਵੇ, ਡਾ. ਪੁਸ਼ਪਿੰਦਰ ਜੈਰੂਪ ਨੂੰ ਸਮਰੱਥ ਪੰਜਾਬੀ ਲੇਖਕਾ ਦਾ ਦਰਜਾ ਦਿੰਦਾ ਹੈ। ਵਿਗਿਆਨ ਦੀ ਇਸ ਸ਼ਾਖ਼ਾ ਦੇ ਪੰਜਾਬੀ ਵਿੱਚ ਸੌਖੇ ਸ਼ਬਦ ਲਭਣੇ ਜਾਂ ਘੜਨੇ ਕੋਈ ਹਾਰੀ ਸਾਰੀ ਦਾ ਕੰਮ ਨਹੀਂ। ਇੱਥੇ ਇਹ ਸੁਝਾ ਵੀ ਕਿੰਨਾ ਸਲਾਹੁਣ ਯੋਗ ਹੈ ਕਿ ਬੱਚਿਆ ਦੇ ਜਨਮ ਦਿਨ ਤੇ ਇਹੋ ਜਿਹੀਆਂ ਵਿਗਿਆਨਕ ਜਾਣਕਾਰੀਆਂ ਵਾਲ਼ੀਆਂ ਪੁਸਤਕਾਂ ਤੋਹਫ਼ੇ ਵਜੋਂ ਦੇਣੀਆਂ ਚਾਹੀਦੀਆਂ ਹਨ। ਜਤਿੰਦਰ ਪਨੂੰ ਦੀ ਮੁਲਾਕਾਤ ਦੋਰਾਨ ਪੱਤਰਕਾਰੀ ਦੇ ਕਈ ਪਹਿਲੂਆਂ ਤੇ ਰੋਸ਼ਨੀ ਪੁਆਈ ਗਈ ਹੈ। ਪਨੂੰ ਨੇ ਪੱਤਰਕਾਰੀ ਵਿੱਚ ਆਈ ਸਿਆਸੀ ਦਖ਼ਲ ਅੰਦਾਜ਼ੀ, ਕਾਰਪੋਰੇਟ ਦਾ ਗਲਬਾ ਇਸ਼ਤਿਹਾਰਬਾਜੀ ਦੀ ਦੌੜ, ਪੱਤਰਕਾਰਾਂ ਦੀਆਂ ਮੁਸ਼ਕਲਾਂ, ਚਣੌਤੀਆਂ ਅਤੇ ਨਿੱਤ ਬਦਲਦੇ ਰੁਝਾਨਾਂ, ਅਤੇ ਰੂਪਾਂ ਬਾਰੇ ਬੇਬਾਕੀ ਨਾਲ ਵਿਚਾਰ ਪੇਸ਼ ਕੀਤੇ ਹਨ। ਇਨ੍ਹਾਂ ਮੁਲਾਕਾਤਾਂ ਦੇ ਅਖ਼ੀਰ ਵਿੱਚ ਜੋ ਸਵਾਲ ਪੁੱਛਿਆ ਜਾਂਦਾ ਰਿਹਾ ਹੈ ਕਿ ਕੋਈ ਗੱਲ ਜੋ ਪੁੱਛਣ ਤੋਂ ਰਹਿ ਗਈ ਹੋਵੇ ਜਾਂ ਮੁਲਾਕਾਤੀ ਕੁਝ ਕਹਿਣਾ ਜਾਂ ਕੋਈ ਸੁਨੇਹਾ ਦੇਣਾ ਚਾਹੰਦਾ ਹੋਵੇ ਤਾਂ ਜ਼ਰੂਰ ਪ੍ਰਗਟ ਕਰੇ। ਪਰ ਜਤਿੰਦਰ ਪਨੂੰ ਤੋਂ ਇਲਾਵਾ ਹੋਰ ਕਿਸੇ ਨੇ ਵੀ ਕੁਝ ਨਹੀਂ ਕਿਹਾ। ਪਨੂੰ ਨੇ ਇਸ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਨਵੀਂ ਪੀੜੀ ਨੂੰ ਉਂਗਲ ਫੜ ਕੇ ਤੋਰਨ ਦਾ ਯਤਨ ਨਾ ਕਰੋ ਜਦੋਂ ਉਨ੍ਹਾਂ ਦੇ ਸਿਰ ਖੁਦ ਸੋਚਣ ਯੋਗੇ ਹੋਣ। ਪਰ ਬਾਕੀਆਂ ਨੇ ਇਹੋ ਕਿਹਾ ਕਿ ਸਤਨਾਮ ਜੀ ਤੁਸੀਂ ਸਾਡੇ ਕੋਲ਼ੋ ਪੁੱਛ ਹੀ ਏਨਾ ਕੁਝ ਲਿਆ ਕਿ ਸਾਡੇ ਕੋਲ ਦਸਣ ਲਈ ਬਾਕੀ ਕੁਝ ਨਹੀਂ ਬਚਿਆ। ਇੱਕ ਲੇਖਕ ਨੇ ਤਾਂ ਇੱਥੋਂ ਤਕ ਵੀ ਕਹਿ ਦਿੱਤਾ ਕਿ ਤੁਸੀਂ ਤਾਂ ਸਵਾਲ ਪੁੱਛ ਕੇ ਮੇਰੀ ਸਵੈ-ਜੀਵਨੀ ਦਾ ਖਰੜਾ ਹੀ ਤਿਆਰ ਕਰ ਦਿੱਤਾ ਹੈ। ਇੱਕ ਮੁਲਾਕਾਤ ਕਰਨ ਵਾਲੇ ਦੀ ਸਫ਼ਲਤਾ, ਸਮਰੱਥਾ ਅਤੇ ਕਾਬਲੀਅਤ ਬਾਰੇ ਇਸ ਤੋਂ ਵੱਡੀ ਜਾਂ ਵਧੀਆ ਟਿਪਣੀ ਨਹੀਂ ਹੋ ਸਕਦੀ। ਸੋ, ਸਤਨਾਮ ਢਾਅ ਨੂੰ ਇੱਕ ਅਜਿਹੇ ਹੰਢੇ ਹੋਏ ਪ੍ਰੌਢ ਮੁਲਾਕਾਤਕਾਰ ਦਾ ਦਰਜਾ ਮਿਲਣ ਤੇ ਉਹ ਵਧਾਈ ਦਾ ਹੱਕਦਾਰ ਹੈ। ਇਸ ਕਿਤਾਬ ਦੀ ਛਪਾਈ ਸੁੰਦਰ ਹੈ। ਸ਼ਬਦ-ਜੋੜਾਂ ਅਤੇ ਵਾਕ ਅੰਸ਼ਾਂ ਦੀਆਂ ਗ਼ਲਤੀਆਂ ਨਹੀਂ ਹਨ। ਰੰਗਦਾਰ ਟਾਇਟਲ, ਕਵਰ, ਮੁਲਾਕਾਤੀਆਂ ਦੀਆਂ ਫੋਟੋਆਂ ਅਤੇ ਉਨ੍ਹਾਂ ਦੀਆਂ ਹੱਥ ਲਿਖਤਾਂ ਦੇ ਨਮੂਨਿਆਂ ਦਾ ਉਤਾਰਾ ਇਸ ਪੁਸਤਕ ਦੀ ਦਿੱਖ ਨੂੰ ਚਾਰ ਚੰਨ ਲਾਉਦੇ ਹਨ। ਤਿੰਨ ਉੱਘੇ ਵਿਦਵਾਨਾਂ ਦੇ ਦੁਆਰਾ ਪੁਸਤਕ ਦੇ ਸ਼ੂਰੂ ਵਿੱਚ ਦਿੱਤੇ ਗਏ ਵਿਚਾਰ ਪੁਸਤਕ ਵਿਚਲੀ ਸਮਗਰੀ ਨੂੰ ਮਿਆਰ ਬਖ਼ਸ਼ਦੇ ਹਨ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਸਤਨਾਮ ਢਾਅ ਦੀਆਂ ਪਹਿਲੀਆਂ ਪੁਸਤਕਾਂ ਵਾਂਗ ਇਹ ਪੁਸਤਕ ਵੀ ਪਾਠਕਾਂ, ਸਿਖਿਆਰਥੀਆਂ, ਖੋਜੀਆਂ ਤੇ ਸਾਹਿਤ ਪ੍ਰੇਮੀਆਂ ਦੀ ਜਗਿਆਸਾ, ਤ੍ਰਿਪਤੀ ਅਤੇ ਲੋੜੀਂਦੀ ਪੂਰਤੀ ਕਰਨ ਵਿੱਚ ਸਹਾਈ ਹੋਵੇਗੀ। ਅਜਿਹੀਆਂ ਲਿਖਤਾਂ ਮੰਨੇ ਪ੍ਰਮੰਨੇ, ਲੇਖਕਾਂ ਅਤੇ ਗੌਲਣਯੋਗ ਸਖ਼ਸ਼ੀਅਤਾਂ ਨੂੰ ਪਾਠਕਾਂ ਦੇ ਐਨ ਰੂ-ਬ-ਰੂ ਕਰਦੀਆਂ ਹਨ। ਸਤਨਾਮ ਢਾਅ ਤੋਂ ਅਜਿਹੀਆਂ ਹੋਰ ਪੁਸਤਕਾਂ ਦੀ ਉਮੀਦ ਕਰਨੀ ਬਣਦੀ ਹੈ। |
***
890 *** |