ਇਕ ਸਾਂਭਣਯੋਗ ਪੁਸਤਕ: ਕੁਝ ਕਿਤਾਬਾਂ ਪਾਠਕਾਂ ਦਾ ਮਨੋਰੰਜਨ ਅਤੇ ਉਹਨਾਂ ਦੇ ਸੁਹਜ ਸਵਾਦ ਦੀ ਤ੍ਰਿਪਤੀ ਕਰਨ ਦੇ ਨਾਲ-ਨਾਲ ਨਵੀਂ ਸੇਧ ਦੇਣ ਵਾਲੀਆਂ ਅਤੇ ਦਿਮਾਗ ਦੇ ਕਪਾਟ ਖੋਲ੍ਹਣ ਵਾਲੀਆਂ ਵੀ ਹੁੰਦੀਆਂ ਹਨ। ਅਜਿਹੀਆਂ ਪੁਸਤਕਾਂ ਸਾਂਭਣਯੋਗ ਹੀ ਨਹੀਂ ਸਗੋਂ ਇਹਨਾਂ ਸੰਬੰਧੀ ਹੋਰਾਂ ਨੂੰ ਵੀ ਪੜ੍ਹਨ ਲਈ ਪ੍ਰੇਰਿਤ ਕਰਨ ਦਾ ਦਿਲ ਕਰਦਾ ਹੈ। ਵਿਸ਼ਵ ਪ੍ਰਸਿੱਧ ਵਿਗਿਆਨੀ ਡਾ.ਸੁਖਪਾਲ ਸੰਘੇੜਾ ਦੀ ਪੁਸਤਕ ‘ਮੱਧਕਾਲੀ ਪੰਜਾਬ ਜਾਗਰਤੀ ਲਹਿਰ’ (ਯੂਰਪੀਅਨ ਰੇਨਾਸਾਂਸ ਜਾਗਰਤੀ ਲਹਿਰ ਦੇ ਸੰਦਰਭ ਵਿਚ) ਅਜਿਹੀ ਹੀ ਪੁਸਤਕ ਹੈ। ਡਾ.ਸੰਘੇੜਾ ਨੇ ਦੁਨੀਆਂ ਦੀ ਪ੍ਰਮੁੱਖ ਯੂਨੀਵਰਸਿਟੀਆਂ ਤੋਂ ਉੱਚ ਪੱਧਰ ਦੀਆਂ ਨੌਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ। ਡਾ.ਸੁਖਪਾਲ ਸੰਘੇੜਾ ਉਨ੍ਹਾਂ ਵਿਗਿਆਨੀਆਂ ਦੀ ਟੀਮ ਵਿਚ ਸ਼ਾਮਲ ਸੀ, ਜਿੰਨ੍ਹਾਂ ਜਨੇਵਾ ਦੇ ਨੇੜੇ ਸਥਿਤ ਸਰਨ( ਯੂਰਪੀਅਨ ਆਰਗੇਨਾਈਜ਼ੇਸ਼ਨ ਆਫ ਨਿਊਕਲੀਅਰ ਰਿਸਰਚ) ਪ੍ਰਯੋਗਸ਼ਾਲਾ ਵਿਖੇ ਦੁਨੀਆਂ ਦੀ ਸਭ ਤੋਂ ਵੱਡੀ ਮਸ਼ੀਨ ਵਿਚ ਬ੍ਰਹਿਮੰਡ ਉਤਪਤੀ ਦੇ ਸ਼ੁਰੂ ਵਿਚ ਪੈਦਾ ਹੋਏ ਮਹਾਂ-ਧਮਾਕੇ(ਬਿੱਗ ਬੈਂਗ) ਨੂੰ ਛੋਟੇ ਰੂਪ ਵਿਚ ਦੁਬਾਰਾ ਕਰਕੇ ਬ੍ਰਹਿਮੰਡ ਦੇ ਵਿਗਿਆਨਕ ‘ਸਟੈਂਡਰਡ ਮਾਡਲ’ ਨੂੰ ਪਰਖਿਆ। ਅੱਜ-ਕੱਲ੍ਹ ਉਹ ਅਮਰੀਕਾ ਦੀ ਇਕ ਯੁਨੀਵਰਸਿਟੀ ਵਿਚ ਭੌਤਿਕ ਵਿਗਿਆਨ ਅਤੇ ਕੰਪਿਊਟਰ ਵਿਗਿਆਨ ਦੇ ਪ੍ਰੋਫੈਸਰ ਹਨ। ਵਿਗਿਆਨੀ ਹੋਣ ਦੇ ਨਾਲ-ਨਾਲ ਉਹ ਪੰਜਾਬੀ ਦੇ ਕਵੀ ਅਤੇ ਨਾਵਲਕਾਰ ਵੀ ਹਨ। ਪ੍ਰਸਤੁਤ ਪੁਸਤਕ ਵਿਚ ਉਹਨਾਂ ਨੇ ਆਪਣੇ ਵਿਸ਼ੇ ਨੂੰ ਨੌਂ ਕਾਂਡਾਂ ਵਿਚ ਸਮੇਟਿਆ ਹੈ। ਪੁਸਤਕ ਦੇ ਮੁੱਢ ਵਿਚ ‘ਇੰਟਰਫ਼ੇਸਾਂ ‘ਤੇ ਚਲਦਿਆਂ/ਇੰਟਰਫ਼ੇਸਾਂ ਨਾਲ ਲੜਦਿਆਂ’ ਸਿਰਲੇਖ ਹੇਠ ਕਈ ਮਹੱਤਵਪੂਰਨ ਨੁਕਤਿਆਂ ਤੇ ਚਰਚਾ ਕੀਤੀ ਹੈ। ਕਿਤਾਬ ਨੂੰ ਸਮਝਣ ਲਈ ਇਹਨਾਂ ਪੰਨਿਆਂ ਨੂੰ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ। ਮਸਲਨ, ਇੰਟਰਫ਼ੇਸ ਦੀ ਵਿਆਖਿਆ, ਪ੍ਰਾਚੀਨ ਕਾਲ ਵਿਚ ਹਰ ਪ੍ਰਕਾਰ ਦੇ ਗਿਆਨ ਦਾ ਅਧਿਐਨ ‘ਫਲਸਫੇ’ ਦੇ ਨਾਂ ਹੇਠ ਕੀਤਾ ਜਾਂਦਾ ਸੀ, ਵਿਗਿਆਨ ਅਤੇ ਵਿਗਿਆਨਕ ਸੰਕਲਪਾਂ ਦਾ ਮੁੱਢ ਤਾਂ ਬਹੁਤ ਦੇਰ ਬਾਅਦ ਬੰਨ੍ਹਿਆ ਗਿਆ। ‘ਇੰਟਰਫ਼ੇਸ’ ਦੀ ਪ੍ਰੀਭਾਸ਼ਾ ਅਤੇ ਹੋਰ ਵਿਆਖਿਆ ਲੇਖਕ ਨੇ ਵਿਸਥਾਰ ਵਿਚ ਕੀਤੀ ਹੈ। ‘ਇੰਟਰਫ਼ੇਸ’ ਸ਼ਬਦ ਨੂੰ ਸਮਝਣਾ ਇਸ ਲਈ ਜਰੂਰੀ ਹੈ ਕਿਉਂ ਕਿ ਲੇਖਕ ਅਨੁਸਾਰ ‘ਇਸ ਕਿਤਾਬ ਦਾ ਵਿਸ਼ਾ ਹੀ ਇੰਟਰਫ਼ੇਸਾਂ ਤੇ ਅਧਾਰਿਤ ਹੈ।’ ਵਿਗਿਆਨ ਦੇ ਖੇਤਰ ਨਾਲ ਸੰਬੰਧਤ ‘ਇੰਟਰਫ਼ੇਸ’ ਦੀ ਬਹੁਤ ਹੀ ਅਸਾਨ ਪ੍ਰੀਭਾਸ਼ਾ ਦਿੱਤੀ ਹੈ, ‘ਹਰ ਇਕ ਗਿਆਨ ਖੇਤਰ ਦੁਆਲੇ ਇਕ ਘੇਰਾ ਭਾਵ ਇੰਟਰਫ਼ੇਸ ਹੁੰਦਾ ਹੈ, ਜੋ ਉਸ ਨੂੰ ਗੁਆਂਢੀ ਗਿਆਨ ਖੇਤਰ ਤੋਂ ਜੁਦਾ ਕਰਦਾ ਹੈ।’ ਇਸੇ ਸੰਦਰਭ ਵਿਚ ਉਹ ਦੱਸਦਾ ਹੈ ਕਿ ਸਿੱਖ ਲਹਿਰ, ਭਗਤੀ ਲਹਿਰ, ਸੂਫ਼ੀ ਲਹਿਰ ਦੇ ਵਿਚਕਾਰਲੇ ਇੰਟਰਫ਼ੇਸ ਅਤੇ ਪੰਜਾਬ ਜਾਗ੍ਰਤੀ ਲਹਿਰ ਦੇ ਰੇਨਾਸਾਂਸ ਲਹਿਰ ਦੇ ਵਿਚਕਾਰਲਾ ਇੰਟਰਫ਼ੇਸ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ। ਲੇਖਕ ਦਾ ਵਿਚਾਰ ਹੈ ਕਿ ‘ਇੰਟਰਫ਼ੇਸਾਂ ਵਿਚ ਅਕਸਰ ਕੁਦਰਤ ਦੇ ਰੌਚਕ, ਅਕਸਮਾਤ, ਦੁਰਲੱਭ ਤੇ ਕਿਤੇ ਕਿਤੇ ਕਰਾਮਾਤੀ ਸੱਚ ਜਾਂ ਭੇਦ ਬੰਦ ਹੁੰਦੇ ਹਨ, ਜੋ ਉਹਨਾਂ ਵਿਚੋਂ ਦੀ ਲੰਘਦਿਆਂ ਖੁਲ੍ਹਦੇ ਹਨ।’ ਡਾ. ਸੰਘੇੜਾ ਨੇ ਮੁਢਲੇ ਪੰਨਿਆ ਵਿਚ ਹੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਜਾਗਰਤੀ ਲਹਿਰ ਅਤੇ ਰੇਨਾਸਾਂਸ ਜਾਗ੍ਰਤੀ ਲਹਿਰ ਮੂਲ ਰੂਪ ਵਿਚ ਸਾਂਝੇ ਉਦੇਸ਼ਾਂ ਵਾਲੀਆਂ ਦੋ ਮਾਨਵਵਾਦੀ ਲਹਿਰਾਂ ਸਨ, ਪਰ ਦੋਹਾਂ ਦੇ ਵਿਚ ਫਰਕ ਇਹ ਹੈ ਕਿ ਰੇਨਾਸਾਂਸ ਲਹਿਰ ਸਫਲ ਹੋਈ, ਜਿਸ ਨੇ ਯੂਰਪ ਨੂੰ ਮਨੁੱਖੀ ਇਤਿਹਾਸ ਦੇ ਰਾਹ ਉਪਰ ਅੱਗੇ ਵਧਾਉਣ ਲਈ ਯੋਗਦਾਨ ਪਾਇਆ ਅਤੇ ਆਧੁਨਿਕਤਾ ਨਾਲ ਜੋੜਿਆ, ਪਰ ਪੰਜਾਬ ਦੀ ਮੱਧਕਾਲੀ ਜਾਗ੍ਰਤੀ ਲਹਿਰ ਅਸਫਲ ਹੋਈ। ਇਸ ਪੁਸਤਕ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਹਰ ਕਾਂਡ ਦੇ ਅੰਤ ਵਿਚ ਵਿਦਵਾਨ ਲੇਖਕ ਨੇ ਸੰਬੰਧਤ ਕਾਂਡ ਵਿਚ ਪੇਸ਼ ਕੀਤੇ ਵਿਚਾਰਾਂ ਦਾ ਨਿਚੋੜ ਜਾਂ ਸਿੱਟੇ ਪੇਸ਼ ਕੀਤੇ ਹਨ, ਜਿਸ ਨਾਲ ਕਾਂਡ ਵਿਚ ਪ੍ਰਗਟਾਏ ਵਿਚਾਰਾਂ ਨੂੰ ਸਮਝਣ ਵਿਚ ਅਸਾਨੀ ਰਹਿੰਦੀ ਹੈ। ਪੁਸਤਕ ਦਾ ਪਹਿਲਾ ਕਾਂਡ ‘ਮੱਧਯੁਗੀ ਪੰਜਾਬ ਦੀ ਜਾਗਰਤੀ ਲਹਿਰ: ਯੂਰਪੀਅਨ ਰੇਨਾਸਾਂਸ ਦੇ ਸੰਦਰਭ ਵਿਚ’ ਹੈ। ਇਸ ਕਾਂਡ ਵਿਚ ਤਰਕ, ਗੋਸ਼ਟੀ ਅਤੇ ਗਿਆਨ ਤੇ ਰੌਸ਼ਨੀ ਪਾਈ ਗਈ ਹੈ ਅਤੇ ਲੇਖਕ ਨੇ ਸਪੱਸ਼ਟ ਸ਼ਬਦਾਂ ਵਿਚ ਲਿਖਿਆ ਹੈ ਕਿ ਪ੍ਰਾਚੀਨ ਭਾਰਤੀ ਫਲਸਫੇ ਤੇ ਕੱਟੜਵਾਦ ਭਾਰੂ ਸੀ, ਜਿੱਤਣ ਦੀ ਨੀਅਤ ਦੇ ਨਾਲ-ਨਾਲ ਚਲਾਕੀ ਉੱਪਰ ਜਿਆਦਾ ਜੋਰ ਦਿੱਤਾ ਜਾਂਦਾ ਸੀ। ਰੇਨਾਸਾਂਸ ਮੂਲ ਰੂਪ ਵਿਚ ਇਕ ਬੌਧਿਕ ਲਹਿਰ ਸੀ। ਪੰਜਾਬ ਜਾਗਰਤੀ ਲਹਿਰ ਦਾ ਬੌਧਿਕ ਬੁਲਾਰਾ ਗੁਰੂ ਗ੍ਰੰਥ ਸਾਹਿਬ ਹੈ। ਆਪਣੇ ਵਿਚਾਰ ਨੂੰ ਤਰਕਸੰਗਤ ਰੂਪ ਵਿਚ ਪੇਸ਼ ਕਰਨ ਲਈ ਲੇਖਕ ਨੇ ਗੁਰੂ ਗ੍ਰੰਥ ਸਾਹਿਬ ਵਿਚੋਂ ਯੋਗ ਉਦਾਹਰਣਾ ਦਿੱਤੀਆਂ ਹਨ। ਡਾ.ਸੰਘੇੜਾ ਨੇ ਇਹ ਵੀ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਸਿੱਧ ਗੋਸਟ ਵਿਚ ਤਰਕ ਨੂੰ ਮੁੱਖ ਰਖਿਆ ਗਿਆ ਹੈ। ਦੂਜੇ ਕਾਂਡ ਵਿਚ ਦੋਹਾਂ ਲਹਿਰਾਂ ਦੇ ‘ਆਧੁਨਿਕ ਮਾਨਵਵਾਦ ਦੇ ਸੰਦਰਭ ਵਿਚ’ ਚਰਚਾ ਕਰਦੇ ਹੋਏ ਦੋਹਾਂ ਲਹਿਰਾਂ ਦੇ ਸਾਂਝੇ ਲੱਛਣਾ–ਮਨੁੱਖੀ ਕਦਰਾਂ ਕੀਮਤਾਂ, ਮਨੁੱਖੀ ਨੈਤਿਕਤਾ, ਮਨੁੱਖੀ ਆਤਮ- ਸਨਮਾਨ, ਮਨੁੱਖੀ ਸਾਂਝੀਵਾਲਤਾ ਨੂੰ ਮਾਨਤਾ, ਲੋਕ ਭਲਾਈ ਲਈ ਸਰਗਰਮੀਆਂ, ਧਰਮ ਦੀਆਂ ਕੁਰੀਤੀਆਂ ਦਾ ਵਿਰੋਧ, ਅੰਧ ਵਿਸ਼ਵਾਸਾਂ ਦਾ ਖੰਡਨ ਅਤੇ ਤਰਕ ਦੀ ਵਰਤੋਂ ਦੀ ਗੱਲ ਕੀਤੀ ਹੈ। ਇਸ ਕਾਂਡ ਵਿਚ ਇਕ ਹੋਰ ਪੱਖ ਨੂੰ ਵੀ ਪੇਸ਼ ਕੀਤਾ ਗਿਆ ਹੈ ਕਿ ਯੁੱਗ ਕਿਵੇਂ ਬਦਲਦੇ ਹਨ? ਇਸ ਸੰਬੰਧੀ ਲੇਖਕ ਦਾ ਵਿਚਾਰ ਹੈ ਕਿ ‘ਯੁੱਗ ਰਾਤੋ-ਰਾਤ ਨਹੀਂ ਬਦਲਦੇ। ਇਨ੍ਹਾਂ ਨੂੰ ਅਕਸਰ ਠੀਕ ਵਕਤ ਤੇ ਉਚਿੱਤ ਲਹਿਰਾਂ ਬਦਲਦੀਆਂ ਹਨ, ਕਿਉਂ ਕਿ ਇਨ੍ਹਾਂ ਲਹਿਰਾਂ ਵਿਚ ਅਗਲੇ ਯੁੱਗ ਵੱਲ ਇਸ਼ਾਰਾ ਕਰਦੇ ਅੰਸ਼ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਅਗਾਂਹ ਵਧੂ, ਪ੍ਰਗਤੀਸ਼ੀਲ ਜਾਂ ਭਵਿੱਖ ਮੁਖੀ ਲਹਿਰਾਂ ਕਿਹਾ ਜਾਂਦਾ ਹੈ। ਰੇਨਾਸਾਂਸ ਨੂੰ ਅੱਗੇ ਵਧਣ ਲਈ ਚਰਚ ਅਤੇ ਪੰਜਾਬ ਜਾਗਰਤੀ ਲਹਿਰ ਨੂੰ ਮੁਗਲ ਰਾਜ ਅਤੇ ਕੱਟੜ ਹਿੰਦੂ ਧਰਮ ਦੀਆਂ ਕੁਰੀਤੀਆਂ ਨੂੰ ਵਿਰੋਧ ਮੁਹੱਈਆ ਕੀਤਾ। ਇਸੇ ਸੰਦਰਭ ਵਿਚ ਲੇਖਕ ਕੇ ਕੁਝ ਉਦਾਹਰਣਾ ਵੀ ਦਿੱਤੀਆਂ ਹਨ। ਤੀਜੇ ਅਧਿਆਏ ‘ਮੱਧਕਾਲੀ ਪੰਜਾਬ ਜਾਗਰਤੀ ਲਹਿਰ: ਵਿਚ ਵਿਸ਼ਵ ਆਧੁਨਿਕਤਾ’। ਇਸ ਕਾਂਡ ਵਿਚ ਡਾ.ਸੰਘੇੜਾ ਨੇ ਵਿਸ਼ਵ ਜਾਂ ਪੱਛਮ ਵਿਚ ਆਧੁਨਿਕਤਾ ਦੇ ਸਮੇਂ ਤੋਂ ਗੱਲ ਸ਼ੁਰੂ ਕਰਦੇ ਹੋਏ ਲਿਖਿਆ ਹੈ ਕਿ ‘ਪੰਜਾਬ ਜਾਗਰਤੀ ਲਹਿਰ ਦੌਰਾਨ ਮੁਢਲੇ ਮਨੁੱਖੀ ਹੱਕਾਂ ਤੇ ਧਾਵਾ ਬੋਲਣ ਵਾਲੀਆਂ ਤਿੰਨ ਧਿਰਾਂ ਸਨ-ਧਾਰਮਕ ਆਗੂ, ਸਮਾਜ ਦੀ ਹਾਕਮ ਜਮਾਤ-ਜਾਗ਼ੀਰਦਾਰ ਅਤੇ ਮੁਗਲ ਹਮਲਾਵਰ ਬਾਦਸ਼ਾਹ। ਲੇਖਕ ਨੇ ਵਿਸ਼ਵ ਯੁੱਧ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਦੀ ਸਥਾਪਨਾ ਸਮੇਂ ਆਧੁਨਿਕ ਯੁੱਗ ਦੇ ਮਨੁੱਖੀ ਹੱਕਾਂ ਦੀ ਪ੍ਰੋੜਤਾ ਦੇ ਸੰਦਰਭ ਵਿਚ ਸਿੱਖ ਗੁਰੂ ਸਾਹਿਬਾਨ ਵੱਲੋਂ ਪਹਿਲਾਂ ਸ਼ਾਂਤਮਈ (ਜਾਤ-ਪਾਤ, ਆਰਥਿਕ ਗਰੀਬੀ/ਅਮੀਰੀ ਦੇ ਅਧਾਰ ਤੇ ਵਿਰੋਧ, ਰਾਜਿਆਂ ਅਤੇ ਧਾਰਮਿਕ ਆਗੂਆਂ ਵੱਲੋਂ ਢਾਏ ਜ਼ੁਲਮ ਅਤੇ ਲੁੱਟ-ਖਸੁੱਟ ਦਾ ਵਿਰੋਧ, ਜਮਹੂਰੀਅਤ ਦੀ ਵਕਾਲਤ, ਗੁਲਾਮੀ ਦਾ ਵਿਰੋਧ ਆਦਿ) ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਉਸ ਸਮੇਂ ਦੇ ਹਾਲਾਤ ਦੇ ਮੱਦੇਨਜ਼ਰ ਹਥਿਆਰਬੰਦ ਘੋਲ ਦਾ ਚਰਚਾ ਵੀ ਕੀਤਾ ਹੈ। ਚੌਥੇ ਕਾਂਡ ‘ਪੰਜਾਬ ਜਾਗਰਤੀ ਲਹਿਰ, ਵਿਗਿਆਨ ਦੀ ਸਰਦਲ ‘ਤੇ: ਕੀ ਗੁਰਬਾਣੀ ਤੇ ਵਿਗਿਆਨ ਦਾ ਮੂਲ ਮੰਤਰ ਇਕੋ ਹੀ ਹੈ? ਵਿਚ ਲੇਖਕ ਨੇ ਨਵੇਂ ਪਰਿਪੇਖ ਤੋਂ ਚਰਚਾ ਕੀਤੀ ਹੈ। ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਮਹਾਨ ਫਿਲਾਸਫਰ ਮੰਨਦੇ ਹੋਏ ਉਹਨਾਂ ਦੁਆਰਾ ਰਚਿਤ ਮੂਲ ਮੰਤਰ ਦੀ ਵਿਗਿਆਨਕ ਢੰਗ ਨਾਲ ਚਰਚਾ ਕੀਤੀ ਹੈ ਅਤੇ ਇਕ ਟੇਬਲ ਵੀ ਦਰਜ ਕੀਤਾ ਹੈ ਜਿਸ ਵਿਚ ਮੂਲ ਮੰਤਰ ਦੇ ਆਮ ਅਰਥਾਂ ਦੇ ਨਾਲ-ਨਾਲ ਵਿਗਿਆਨਕ ਨਜ਼ਰੀਏ ਤੋਂ ਵੀ ਅਰਥ ਦਿੱਤੇ ਹਨ। ਪੰਜਵੇਂ ਅਧਿਆਏ ਵਿਚ ‘ਯੂਰਪੀਅਨ ਰੇਨਾਸਾਂਸ ਦੇ ਸੰਦਰਭ ਵਿਚ : ਪੰਜਾਬ ਜਾਗਰਤੀ ਲਹਿਰ ਵਿਚ ਤਰਕ, ਵਿਗਿਆਨ ਅਤੇ ਵਿਗਿਆਨਕ ਸੋਚ’ ਸਿਰਲੇਖ ਤੇ ਚਰਚਾ ਕੀਤੀ ਗਈ ਹੈ। ਲੇਖਕ ਦਾ ਵਿਚਾਰ ਹੈ ਕਿ ਪੰਜਾਬ ਜਾਗਰਤੀ ਲਹਿਰ ਦੇ ਸੰਚਾਲਕਾਂ ਨੇ ਆਪਣੇ ਜੀਵਨ ਤੇ ਬਾਣੀ ਦੋਹਾਂ ਵਿਚ ਤਰਕ ਨੂੰ ਲਹਿਰ ਦੇ ਉਦੇਸ਼ਾਂ ਲਈ ਇਕ ਹਥਿਆਰ ਵਜੋਂ ਵਰਤਿਆ। ਅਧਿਆਤਮਵਾਦ/ਆਦਰਸ਼ਵਾਦ ਦੇ ਘੇਰੇ ਵਿਚ ਰਹਿੰਦੇ ਗੁਰਬਾਣੀ ਦੇ ਵਿਗਿਆਨ ਸੰਗ ਰਿਸ਼ਤੇ ਦੀ ਛਾਣਬੀਣ ਕੀਤੀ। ਲੇਖਕ ਨੇ ਇਹ ਵੀ ਦਰਜ ਕੀਤਾ ਹੈ ਕਿ ਸੁਕਰਾਤ, ਅਰਸਤੂ ਅਤੇ ਪਲੈਟੋ ਵਾਂਗ ਗੁਰੂ ਨਾਨਕ ਦੇਵ ਜੀ ਨੇ ਵੀ ਪੰਜਾਬ ਸਮੇਤ ਭਾਰਤ ਦੇ ਸੰਦਰਭ ਵਿਚ ਵਿਗਿਆਨਕ ਤਰਕ ਵਿਧਾਨ ਦੇ ਵਿਕਾਸ ਵਿਚ ਹਿੱਸਾ ਪਾਇਆ ਅਤੇ ਤਰਕ ਅਤੇ ਵਿਗਿਆਨ ਦੇ ਰਿਸ਼ਤੇ ਨੂੰ ਗੁਰਬਾਣੀ ਰਾਹੀਂ ਪ੍ਰਗਟਾਇਆ। ਗੁਰਬਾਣੀ ਦੀਆਂ ਕਈ ਤੁਕਾਂ ਅਧਿਆਤਮਵਾਦ ਦੇ ਘੇਰੋਂ ਤੋਂ ਬਾਹਰ ਅਜਾਦਾਨਾ ਤੌਰ ਤੇ ਵਿਗਿਆਨਕ ਹਨ, ਇਹ ਵਿਗਿਆਨਕ ਤਰਕ ਉਸਾਰ ਦੀਆਂ ਹਨ। ਲੇਖਕ ਦਾ ਮੂਲ ਮੰਤਰ ਸੰਬੰਧੀ ਵਿਚਾਰ ਕਿ ” ਮੂਲ ਮੰਤਰ ਵਿਗਿਆਨ ਦੇ ਇਕ ਕੇਂਦਰੀ ਸਿਧਾਂਤ ਵਿਚ ਵੀ ਜਾਂਦਾ ਹੈ”, ਵਿਸ਼ੇਸ਼ ਧਿਆਨ ਖਿੱਚਦਾ ਹੈ। ਛੇਵੇਂ ਕਾਂਡ ‘ਰਿਸ਼ਤਾ ਗੁਰੂ ਨਾਨਕ ਦੇਵ ਦਾ ਵਿਗਿਆਨ ਸੰਗ: ਵਿਗਿਆਨ, ਵਿਗਿਆਨਕ ਤੇ ਅਧਿਆਤਮਵਾਦ ਦਾ ਨਿਖੇੜਾ’, ਪੰਜਵੇ ਕਾਂਡ ਦੇ ਵਿਚਾਰਾਂ ਨੂੰ ਹੀ ਅੱਗੇ ਤੋਰਦਾ ਹੈ। ਇਸ ਚਰਚਾ ਵਿਚ ਵਿਸ਼ੇਸ਼ ਧਿਆਨ ਖਿੱਚਣ ਵਾਲਾ ਨੁਕਤਾ ਹੈ ਕਿ “ਅਧਿਆਤਮਵਾਦੀ ਫਲਸਫ਼ੇ ਦੇ ਚੌਖਟੇ ਵਿਚ ਵਿਗਿਆਨਕ ਸੁਭਾਅ ਵਾਲੀ ਪਹੁੰਚ ਭੂਤ ਮੁਖੀ ਨਾ ਹੋ ਕੇ ਭਵਿੱਖ ਮੁਖੀ ਹੈ।” ਇਸ ਚਰਚਾ ਦੌਰਾਨ ਰਿਗਵੇਦ ਵਿਚ ਸੂਰਜ, ਚੰਦ, ਗ੍ਰਹਿ ਆਦਿ ਸਾਰੇ ਪੁਲਾੜ ਸਮੇਤ ਬ੍ਰਹਿਮੰਡ ਦੇ ਇਕ ਆਂਡਾ ਰੂਪ ਵਿਚ ਬੰਦ ਹੋਣ ਦਾ ਜਿਕਰ ਵੀ ਕੀਤਾ ਗਿਆ ਹੈ, ਜਿਸ ਅਨੁਸਾਰ ਆਂਡਾ ਇਕ ਬਿੰਦੂ ਤੋਂ ਸ਼ੁਰੂ ਹੋ ਕੇ ਫੈਲਦਾ ਹੋਇਆ ਫੇਰ ਹੋਲੀ-ਹੌਲੀ ਸੁੰਘੜਦਾ ਹੈ ਅਤੇ ਇਹ ਚੱਕਰ ਚੱਲਦਾ ਹੀ ਰਹਿੰਦਾ ਹੈ। ਸੱਤਵੇਂ ਅਧਿਆਏ ‘ਯੂਰਪੀਅਨ ਰੇਨਾਸਾਂਸ ਅਤੇ ਪੰਜਾਬ ਜਾਗਰਤੀ ਲਹਿਰ ਦੇ ਨਤੀਜੇ: ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ’ ਹੈ। ਇਸ ਕਾਂਡ ਵਿਚ ਲੇਖਕ ਨੇ ਦੱਸਿਆ ਹੈ ਕਿ ‘ਯੂਰਪੀਅਨ ਰੇਨਾਸਾਂਸ ਦੇ ਵਾਰਿਸ ਆਧੁਨਿਕ ਯੁੱਗ ਵਿਚ ਜੀਅ ਰਹੇ ਹਨ ਅਤੇ ਪੰਜਾਬ ਜਾਗਰਤੀ ਲਹਿਰ ਦਾ ਵਾਰਿਸ ਅਰਧ-ਆਧੁਨਿਕ ਯੁੱਗ ਜਾਂ ਅਰਧ ਮੱਧਕਾਲੀ ਯੁੱਗ ਵਿਚ ਰਹਿੰਦਾ ਹੈ। ਆਧੁਨਿਕ ਯੁੱਗ ਇਸ ਦੀ ਇੰਗਲੈਂਡ ਤੋਂ ਆਈ ਗ਼ੁਲਾਮੀ ਆਪਣੇ ਨਾਲ ਦਾਜ ਵਿਚ ਲਿਆਈ ਨਾ ਕਿ ਅਰਥਚਾਰੇ ਜਾਂ ਵਿਗਿਆਨ ਦੀ ਤਰੱਕੀ ਕਾਰਨ ਆਇਆ। ਮਹਾਰਾਜਾ ਰਣਜੀਤ ਸਿੰਘ ਸੰਬੰਧੀ ਵੀ ਭਾਵਪੂਰਤ ਟਿੱਪਣੀ ਦਰਜ ਕੀਤੀ ਗਈ ਹੈ, “ਰਣਜੀਤ ਸਿੰਘ ਦੇ ਲੱਛਣ ਗੁਰੂ ਦੇ ਸਿੱਖਾਂ ਵਾਲੇ ਘੱਟ ਅਤੇ ਔਸਤਨ ਰਾਜਿਆਂ ਵਾਲੇ ਜਿਆਦਾ ਸਨ।” ਅੱਠਵੇਂ ਕਾਂਡ ‘ਪੰਜਾਬ ਜਾਗਰਤੀ ਲਹਿਰ ਅਤੇ ਯੂਰਪੀਅਨ ਰੇਨਾਸਾਂਸ ਲਹਿਰ:ਹਾਰ ਜਿੱਤ ਦੀਆਂ ਜੜ੍ਹਾਂ ਵਿਚ’। ਇਸ ਕਾਂਡ ਵਿਚ ਲੇਖਕ ਨੇ ਉਨ੍ਹਾਂ ਕਾਰਨਾਂ ਤੇ ਚਰਚਾ ਕੀਤੀ ਹੈ ਜਿੰਨਾ ਕਾਰਨ ਜੋ ਲਹਿਰ ਗੁਰੂ ਸਾਹਿਬਾਨ ਦੇ ਸਮੇਂ ਤੱਕ ਕਾਮਯਾਬ ਰਹੀ, ਪਰ ਬਾਅਦ ਵਿਚ ਆਪਣੇ ਆਸ਼ੇ ਤੋਂ ਕਿਉਂ ਭਟਕ ਗਈ। ਲੇਖਕ ਦਾ ਵਿਚਾਰ ਹੈ ਕਿ “ਧਰਮ ਨੂੰ ਕਿਸੇ ਹੱਦ ਤੱਕ ਤਰਕਸ਼ੀਲ ਹੋਣਾ ਪੈਂਦਾ ਹੈ, ਇਹ ਨਹੀਂ ਕਿ ਹਰ ਖੇਹ-ਸੁਆਹ ਵੇਚੀ ਜਾਵੋ।” ਆਖਰੀ ਅਧਿਆਏ “ਨਹੀਂ ਵਸਦਾ ਪੰਜਾਬ ਗੁਰਾਂ ਦੇ ਨਾਂ ਤੇ: ਪੰਜਾਬ ਸਿੰਘ ਦਾ ਇਕਬਾਲੀਆ ਬਿਆਨ ” ਵਿਚ ਸਿੱਖ ਧਰਮ ਵਿਚ ਆ ਗਈਆਂ ਕਈ ਖ਼ਾਮੀਆਂ ਦਾ ਜਿਕਰ ਕੀਤਾ ਗਿਆ ਹੈ ਜੋ ਮੌਜੂਦਾ ਸਿੱਖ ਆਗੂਆਂ ਲਈ ਰਾਹ ਦਸੇਰਾ ਬਣ ਸਕਦੀਆਂ ਹਨ। ਲੇਖਕ ਨੇ ਲਿਖਿਆ ਹੈ ਕਿ ਅਜੋਕਾ ਸਿੱਖ ਧਰਮ ਬ੍ਰਾਹਮਣਵਾਦੀ ਕੁਰੀਤੀਆਂ ਅਤੇ ਪਾਖੰਡੀਆ ਦੇ ਨਾਂ ਤੇ ਜੀਅ ਰਿਹਾ ਹੈ। ‘ਸਿੱਖ, ਜਿਸ ਨੇ ਪੰਜਾਬ ਦਾ ‘ਰੇਨਾਸਾਂਸ ਮੈਨ’ ਹੋਣਾ ਸੀ, ਲਾਣੇ ਵਿਚ ਰਲਿਆ ਗੁਰਦੁਆਰਿਆਂ ਨਾਲ ਬਣੇ ਸਰੋਵਰਾਂ ਵਿਚ ਸੰਗਰਾਂਦ, ਮੱਸਿਆ, ਖਾਸ ਮੌਕਾ ਤੇ ਹਿੰਦੂ ਸ਼ਰਧਾਲੂਆਂ ਵਾਂਗ ਇਸ਼ਨਾਨ ਕਰਦਾ ਵੇਖਿਆ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲੱਗ ਰਹੇ ਨੇ, ਸਰਾਧ ਪ੍ਰਥਾ, ਗੁਰੂਆਂ ਨੂੰ ਪੂਜਣ ਜੋਗਾ ਰਹਿ ਗਿਆ ਹੈ। ਸਾਰੀ ਪੁਸਤਕ ਵਿਚ ਥਾਂ ਪੁਰ ਥਾਂ ਗੁਰਬਾਣੀ ਦੀਆਂ ਤੁਕਾਂ ਦੀ ਵਿਆਖਿਆ ਕਰਕੇ ਸੰਬੰਧਤ ਵਿਚਾਰ ਨੂੰ ਸਮਝਾਇਆ ਗਿਆ ਹੈ। ਵਿਆਖਿਆ ਸਰਲ ਭਾਸ਼ਾ ਵਿਚ ਕੀਤੀ ਗਈ ਹੈ। ਸਾਰੀ ਕਿਤਾਬ ਇਕ ਲੜੀ ਵਿਚ ਪਰੋਈ ਲੱਗਦੀ ਹੈ। ਸਧਾਰਨ ਪਾਠਕ ਵੀ ਪੁਸਤਕ ਨੂੰ ਪੜ੍ਹ ਕੇ ਆਪਣੇ ਗਿਆਨ ਵਿਚ ਵਾਧਾ ਕਰ ਸਕਦਾ ਹੈ। ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਅਜਿਹੀਆਂ ਪ੍ਰਮਾਣਿਕ ਪੁਸਤਕਾਂ ਪੜ੍ਹਨੀਆਂ ਚਾਹੀਦੀਆਂ ਹਨ ਤਾਂ ਜੋ ਉਹ ਵੀ ਤਰਕ ਦੀ ਭਾਸ਼ਾ ਵਿਚ ਗੱਲ ਕਰਨ ਦੇ ਸਮਰਥ ਹੋਣ। ਪੀਪਲਜ਼ ਫੋਰਮ ਬਰਗਾੜੀ, ਫਰੀਦਕੋਟ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦੀ ਦਿਖ ਵੀ ਪ੍ਰਭਾਵਸ਼ਾਲੀ ਹੈ। ਡਾ.ਸੁਖਪਾਲ ਸੰਘੇੜਾ ਦੀ ਇਹ ਪੁਸਤਕ ਸਾਂਭਣਯੋਗ ਪੁਸਤਕ ਹੈ। |