19 June 2024

ਮਾਂਂ ਬੋਲੀ ਪੰਜਾਬੀ ਨੂੰ ਸਮਰਪਤ: ਸੱਤ ਕਵਿਤਾਵਾਂ—ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

ਮੈਂ ਆਖਾਂ ਮੈਂ ਦੁਨੀਆਂ ਘੁੰਮਲੀ ਮਾਂ ਬੋਲੀ ਪੰਜਾਬੀ ਨਾਲ
ਜੱਗ ਤੇ ਨਾਂ ਮਸ਼ਹੂਰ ਲੱਖੇ ਦਾ ਸੱਜਣਾ ਇਹ ਕੀ ਕਹਿ ਗਿਆ ਏਂ

 

 

 

 

 

 

(1) ਮੈਂ ਗਭਰੂ ਦੇਸ਼ ਪੰਜਾਬ ਦਾ

ਮੈਂ ਗਭਰੂ ਦੇਸ਼ ਪੰਜਾਬ ਦਾ ਤੇ, ਪੰਜਾਬੀ ਮੇਰੀ ਮਾਂ
ਇਹਦੇ ਵਰਗੀ ਹੋਰ ਨਾ ਲੱਭਣੀ, ਲੋਕੋ ਠੰਡੀ-ਮਿੱਠੀ ਛਾਂ
       ਮੈਂ ਗਭਰੂ…..

ਹਰ ਵੇਲੇ ਪੰਜਾਬੀ ਦੀ ਮੈਂ, ਲਿਖ ਲਿਖ ਸਿਫ਼ਤ ਸੁਣਾਵਾਂ
ਮਹਿਕਾਂ ਵੰਡਦੀ ਮਾਂ ਬੋਲੀ, ਤੋਂ ਮੈਂ ਬਲਿਹਾਰੇ ਜਾਵਾਂ
ਦੁਨੀਆਂ ਤੇ ਇਸ ਰੌਸ਼ਨ ਕੀਤਾ, ਮੇਰਾ ਪਿੰਡ ਗਿਰਾਂ
       ਮੈਂ ਗਭਰੂ…..

ਆਖਣ ਲੋਕ ਜਹਾਨ ਦੇ ਲੋਕੋ, ਮੈਂ ਪੰਜਾਬੀ ਜਾਇਆ
ਗੁਰੂਆਂ, ਪੀਰਾਂ ਦੀ ਕਿਰਪਾ ਨਾਲ, ਮੈਂ ਹਾਂ ਜੱਗਤੇ ਆਇਆ
ਮੈਂ ਜੰਮਿਆ ਵਿੱਚ ਪੰਜਾਬ ਦੇ ਲੋਕੋ, ਮਿਲੀ ਨਿਥਾਵੇਂ ਥਾਂ
        ਮੈਂ ਗਭਰੂ…..

ਦੇਸ਼ ਵਿਦੇਸ਼ਾਂ ਦੇ ਵਿੱਚ, ਮਿਲ ਜਾਏ ਕੋਈ ਪੰਜਾਬੀ ਜਾਇਆ
ਚੁੰਮਕੇ ਮੱਥਾ ਉਹਦਾ ਯਾਰੋ, ਮੈਂ ਗਲੇ ਨਾਲ ਲਾਇਆ
ਲੱਖਾਂ ਚਾਅ ਚੜ੍ਹ ਜਾਂਦੇ, ਬੋਲੇ ਜਦੋਂ ਬਨੇਰੇ ਕਾਂ
          ਮੈਂ ਗਭਰੂ…..

“ਲੱਖੇ” ਸਲੇਮਪੁਰੀਏ ਦਾ ਨਾਂ , ਜੱਗਤੇ ਰੌਸ਼ਨ ਕਰਿਆ
ਅਣਮੁੱਲੀਆਂ ਦਾਤਾਂ ਨਾਲ ਉਹਦੇ, ਦਿਲ ਦਾ ਵਿਹੜਾ ਭਰਿਆ
“ਦੇਤਵਾਲੀਏ” ਦਾ ਵੀ ਹੋ ਗਿਆ ਗੀਤਾਂ ਦੇ ਵਿੱਚ ਨਾਂ
          ਮੈਂ ਗਭਰੂ…..
**

(2) ਬੁਝਿਆ ਦਿਲੀਂ ਚਿਰਾਗ

ਬੁਝਿਆ ਦਿਲੀਂ ਚਿਰਾਗ ਰੌਸ਼ਨ ਕਰ ਜਾਵਾਂ,
ਵਿਹੜਾ ਮਾਂ ਬੋਲੀ ਨਾਲ ਸਭ ਦਾ ਭਰ ਜਾਵਾਂ।

ਮੰਗਕੇ ਓਸ ਖ਼ੁਦਾ ਤੋਂ ਕੁਝ ਪਲ ਜਿੰਦਗੀ ਦੇ,
ਊੜਾ ਐੜਾ ਸਭ ਦੇ ਦਿਲ ਵਿੱਚ ਧਰ ਜਾਵਾਂ।

ਜੀਅ ਕਰਦਾ ਮੈਂ ਕੋਨੇ-ਕੋਨੇ ਦੁਨੀਆਂ ਦੇ,
ਪੰਜਾਬੀ ਦੇ ਬੱਦਲ ਬਣ-ਬਣ ਵਰ੍ਹ ਜਾਵਾਂ।

ਜਿਸ ਥਾਂ ਕੋਈ ਪੰਜਾਬੀ ਬੋਲੀ ਬੋਲ ਰਿਹਾ,
ਛੱਡਕੇ ਆਪਣੀ ਮੰਜ਼ਿਲ ਓਥੇ ਖੜ੍ਹ ਜਾਵਾਂ।

ਜੱਗ ਨੂੰ ਚਾਨਣ ਵੰਡਣ ਦਾ ਉਹ ਸਿਹਰਾ ਵੀ,
ਜਾਂਦਿਆਂ-ਜਾਂਦਿਆਂ ਪੰਜਾਬੀ ਸਿਰ ਮੜ੍ਹ ਜਾਵਾਂ।

“ਲੱਖੇ” ਸਲੇਮਪੁਰੀ ਨੂੰ ਗਮ ਨਾ ਫੇਰ ਕੋਈ,
ਹੱਸਦਾ-ਹੱਸਦਾ ਭਾਵੇਂ ਸੋਹਣਿਓਂ ਮਰ ਜਾਵਾਂ।
**
(3) ਪ੍ਰਾਇਮਰੀ ਵਿੱਚ ਪੰਜਾਬੀ

ਹਰਫ਼ ਸੁਹਾਣੇ ਕਦੇ ਕਦੇ ਮੈਂ ਲਿਖਦਾ ਹੁੰਦਾ ਸਾਂ
ਜਦੋਂ ਪ੍ਰਾਇਮਰੀ ਵਿੱਚ ਪੰਜਾਬੀ ਸਿੱਖਦਾ ਹੁੰਦਾ ਸਾਂ

ਗਾਚੀ ਦੇ ਨਾਲ ਪੋਚਕੇ ਫੱਟੀ ਸੁੱਕਣੇ ਪਾਉਂਦਾ ਸੀ
ਨਾਲ ਬਲੇਡ ਦੇ ਘੜ ਕਾਨੇ ਦੀ ਕਲਮ ਬਣਾਉਂਦਾ ਸੀ

ਫੜ ਸਭਨਾ ਦੀਆਂ ਫੱਟੀਆਂ ਮੈਡਮ ਪੂਰਨੇ ਪਾ ਦੇਂਦੀ
ਸਾਰੀ ਫੇਰ ਜਮਾਤ ਨੂੰ ਫੱਟੀਆਂ ਲਿਖਣੇ ਲਾ ਦੇਂਦੀ

ਇੱਕ ਪਾਸੇ ਊੜਾ ਐੜਾ ਦੂਜੇ ਤੇ ਸੌ ਗਿਣਤੀ
ਵੱਡੇ ਛੋਟੇ ਅੱਖਰਾਂ ਦੀ ਨਾ ਆਉਦੀ ਸੀ ਮਿਣਤੀ

ਊੜਾ ਊਠ ਤੇ ਐੜਾ ਅੰਬ ਕਾਇਦੇ ਤੋਂ ਪੜ੍ਹਦਾ ਸੀ
ਆਪਣੇ ਦੋਸਤ/ਮਿੱਤਰਾਂ ਦੇ ਨਾਲ ਕਦੇ ਨਾ ਲੜਦਾ ਸੀ

ਇੱਕ ਤੋਂ ਦਸ ਤੱਕ ਜਦੋਂ ਪਹਾੜੇ ਮੈਂ ਸੁਣਾਉਂਦਾ ਸਾਂ
ਬਿਲਕੁੱਲ ਵੀ ਨਾ ਬੋਲਣ ਲੱਗਾ ਮੈਂ ਘਬਰਾਉਂਦਾ ਸਾਂ

ਮਾਸਟਰ ਜੀ ਤੇ ਮੈਡਮ ਜੀ ਨੂੰ ਜੀ-ਜੀ ਕਹਿੰਦਾ ਸੀ
ਮਾਂ-ਪਿਉ ਦੀ ਸਿੱਖਿਆ ਹਰਦਮ ਚੱਲਦਾ ਰਹਿੰਦਾ ਸੀ

ਘਰ ਲਈ ਮਿਲਿਆ ਕੰਮ ਨਬੇੜਨਾ ਮਿੱਥਦਾ ਹੁੰਦਾ ਸਾਂ
ਜਦੋਂ ਪ੍ਰਾਇਮਰੀ ਵਿੱਚ ਪੰਜਾਬੀ ਸਿੱਖਦਾ ਹੁੰਦਾ ਸਾਂ
**
(4) ਪੁੱਤਰ ਪੰਜਾਬੀ ਦਾ

ਖ਼ੁਆਬ ਅਧੂਰੇ ਛੱਡਕੇ ਮੈਂ ਨਹੀਂ ਜਾਵਾਂਗਾ।
ਫੇਰ ਪਤਾ ਨਹੀਂ ਆਵਾਂ ਕਿ ਨਾ ਆਵਾਂਗਾ।

ਝੰਡਾ ਪੰਜਾਬੀ ਪ੍ਰਚਾਰ ਦਾ ਚੁੱਕ ਸੱਜਣੋਂ,
ਜਾਵਣ ਤੋਂ ਪਹਿਲਾਂ ਜੱਗ ਤੇ ਲਹਿਰਾਵਾਂਗਾ।

ਵੱਸਦਾਂ ਭਾਵੇਂ ਵਿਦੇਸ਼ੀਂ ਮਾਸੀ ਚਾਚੀ ਕੋਲ,
ਹਰਗਿਜ਼ ਮਾਂ ਤੋਂ ਕੰਨੀ ਨਹੀਂ ਕਤਰਾਵਾਂਗਾ।

ਸੁਪਨੇ ਦੇ ਮੈਂ ਮਹਿਲ ਸਜ਼ਾਉਣੇ ਚਾਹੁੰਦਾ ਨਾ,
ਵਿੱਚ ਹਕੀਕਤ ਸੁੰਦਰ ਮਹਿਲ ਬਣਾਵਾਂਗਾ।

ਸਿਫ਼ਤਾਂ ਲਿਖ ਪੰਜਾਬੀ ਅਤੇ ਪੰਜਾਬ ਦੀਆਂ,
ਝੂੰਮ ਝੂੰਮਕੇ ਰਹਿੰਦੇ ਦਮ ਤੱਕ ਗਾਵਾਂਗਾ।

ਹੋਰਾਂ ਨਾਲੋਂ ਮਿੱਠਾ ਸਮਝ ਪੰਜਾਬੀ ਤਾਈਂ,
ਬੋਲਣ ਲੱਗਾ ਜ਼ਰਾ ਵੀ ਨਾ ਸ਼ਰਮਾਵਾਂਗਾ।

ਹਾਂ ਪੰਜਾਬ ਦਾ ਵਾਸੀ, ਪੁੱਤਰ ਪੰਜਾਬੀ ਦਾ,
ਫ਼ਖਰ ਨਾਲ ਮੈਂ ਦੁਨੀਆਂ ਤੇ ਅਖਵਾਵਾਂਗਾ।

“ਲੱਖੇ” ਵਾਂਗੂੰ ਕਰਿਓ ਕਦਰ ਪੰਜਾਬੀ ਦੀ,
ਹਰ ਪੰਜਾਬੀ ਤੋਂ ਮੈਂ ਇਹੋ ਈ ਚਾਹਵਾਂਗਾ।
**
(5) ਪੰਜਾਬੀ ਦਾ ਝੰਡਾ

ਦੁਨੀਆਂ ਤੇ ਮੈਂ ਮਾਂ ਬੋਲੀ ਦੀ, ਸ਼ਾਨ ਨਵਾਬੀ ਚਾਹੁੰਦਾ ਹਾਂ।
ਚੰਨ ਤਾਰਿਆਂ ਵਾਂਗ ਹੀ ਰੌਸ਼ਨ, ਮੈਂ ਪੰਜਾਬੀ ਚਾਹੁੰਦਾ ਹਾਂ।

ਮੈਂ ਚਾਹੁੰਦਾ ਹਾਂ ਦੁਨੀਆਂ ਅੰਦਰ, ਸਦਾ ਪੰਜਾਬੀ ਵੱਸਦੀ ਰਹੇ।
ਸਭ ਰੰਗਾਂ ਸੰਗ ਸਰੋਂ ਫੁੱਲੀ ਤੇ, ਮਹਿਕ ਗੁਲਾਬੀ ਵੱਸਦੀ ਰਹੇ।

ਲਹਿੰਦੇ ਚੜਦੇ ਵਿੱਚ ਪੰਜਾਬੇ, ਬੂਟਾ ਇਸਦਾ ਫਲਿਆ ਏ।
ਗਭਰੂ ਪੁੱਤ ਪੰਜਾਬੀਆਂ ਕਾਰਨ, ਦੇਸ਼ ਵਿਦੇਸ਼ੀਂ ਰਲਿਆ ਏ।

ਕੋਨਾ ਕੋਈ ਵਿਸ਼ਵ ਦਾ ਨਾਹੀਂ, ਜਿੱਥੇ ਮਾਤ ਪੰਜਾਬੀ ਨਹੀਂ।
ਮਾਂ ਬੋਲੀ ਦੀ ਸੇਵਾ ਕਰਦੀ, ਜਿੱਥੇ ਜਾਤ ਪੰਜਾਬੀ ਨਹੀਂ।

ਹਰ ਇੱਕ ਭਾਸ਼ਾ ਸਿੱਖੋ ਲੇਕਿਨ, ਪੰਜਾਬੀ ਨੂੰ ਭੁੱਲਿਓ ਨਾ।
ਕਦਰ ਗਵਾਕੇ ਮਾਂ ਬੋਲੀ ਦੀ, ਕੌਡੀਆਂ ਵਾਂਗੂੰ ਰੁੱਲਿਓ ਨਾ।

ਮਾਂ ਬੋਲੀ ਪੰਜਾਬੀ ਕਾਰਨ, ਸਾਰੀ ਦੁਨੀਆਂ ਘੁੰਮੀ ਮੈਂ।
ਜਦ ਸੀਰਤ ਸੀ ਇਸਦੀ ਯਾਰੋ, ਰੀਝਾਂ ਦੇ ਨਾਲ ਚੁੰਮੀ ਮੈਂ।

ਵਿੱਚ ਵਲੈਤੇ ਵੱਸਾਂ ਫਿਰ ਵੀ, ਯਾਦ ਪੰਜਾਬੀ ਮਾਂ ਰਹਿੰਦੀ।
ਕਾਲਿਓਂ ਬੱਗੇ ਹੋ ਗਏ ਪਿੰਡ ਦੀ, ਚੇਤੇ ਹਰ ਇੱਕ ਥਾਂ ਰਹਿੰਦੀ।

ਮੌਤ ਰਹੀ ਜੇ ਦੂਰ “ਲੱਖੇ” ਤੋਂ, ਅਣਖ਼ ਦਿਖਾਕੇ ਜਾਵਾਂਗਾ।
ਪੰਜਾਬੀ ਦਾ ਝੰਡਾ ਜੱਗਤੇ, ਘਰ-ਘਰ ਵਿੱਚ ਲਹਿਰਾਵਾਂਗਾ।
**
(6) ਸ਼ਹਿਦੋਂ ਮਿੱਠੜੇ ਬੋਲ

ਸ਼ਹਿਦੋਂ ਮਿੱਠੜੇ ਬੋਲ ਮਾਂ ਪੰਜਾਬੀ ਦੇ।
ਵੱਸਦੇ ਰਹਿਣਾ ਕੋਲ ਮਾਂ ਪੰਜਾਬੀ ਦੇ।

ਮਾਂ ਦੇ ਤੁੱਲ ਨਾ ਚਾਚੀ-ਮਾਸੀ ਹੋ ਸਕੇ,
ਵੇਖਿਓ ਹਰਫ਼ ਫ਼ਰੋਲ ਮਾਂ ਪੰਜਾਬੀ ਦੇ।

ਹੋਰ ਭਾਸ਼ਾਵਾਂ ਨਾਲ ਪ੍ਰੇਮ ਕਰੋ ਐਪਰ,
ਬਣਿਓਂ ਲਾਲ ਨਿਰੋਲ ਮਾਂ ਪੰਜਾਬੀ ਦੇ।

ਜਦ ਕੋਈ ਮਾਂ ਜਾਇਆ ਦੂਰੇ ਹੁੰਦਾ ਏ,
ਤਾਂ ਦਿਲ ਨੂੰ ਪੈਂਦੇ ਹੌਲ ਮਾਂ ਪੰਜਾਬੀ ਦੇ।

ਸੇਵਾ ਕਰਲੋ ਮਾਂ ਬੋਲੀ ਦੀ ਰੱਜ-ਰੱਜਕੇ,
ਬਣ ਹੀਰੇ ਅਨਮੋਲ ਮਾਂ ਪੰਜਾਬੀ ਦੇ।

ਸਲੇਮਪੁਰੇ ਦੇ “ਲੱਖੇ” ਸਾਰੀ ਦੁਨੀਆਂ ਤੇ,
ਵੱਜਦੇ ਹੀ ਰਹਿਣੇ ਢੋਲ ਮਾਂ ਪੰਜਾਬੀ ਦੇ।
**
(7) ਸਦਾ ਚਮਕਦੇ ਰਹਿੰਦੇ

ਸੂਰਜ ਵਾਂਗੂੰ ਸਦਾ ਚਮਕਦੇ ਰਹਿੰਦੇ ਦੁਨੀਆਂ ਤੇ।
ਪੰਜਾਬੀ ਨੂੰ ਮਾਂ ਬੋਲੀ ਜੋ ਕਹਿੰਦੇ ਦੁਨੀਆਂ ਤੇ।

ਮੈਂ ਪੰਜਾਬੀ ਵਾਂਗ ਹੀ ਉਨਾਂ ਦਾ ਜਸ ਗਾਵਾਂਗਾ।
ਹੱਸਦੇ ਵੱਸਦੇ ਦੇਖ ਉਨਾਂ ਨੂੰ ਸ਼ੁਕਰ ਮਨਾਵਾਂਗਾ।

ਮੈਂ ਕੁੱਝ ਕਰਲਾਂ ਝੱਟ, ਮੇਰਾ ਜੀਅ ਕਰਦਾ।
ਦੇਵਾਂ ਧਰਤੀ ਪੱਟ, ਮੇਰਾ ਜੀਅ ਕਰਦਾ।
ਸੇਵਾ ਮਾਂ ਪੰਜਾਬੀ ਦੀ ਕਰ ਕਰ ‘ਲੱਖਿਆ’,
ਲਵਾਂ ਸ਼ੌਹਰਤਾਂ ਖੱਟ, ਮੇਰਾ ਜੀਅ ਕਰਦਾ।

ਮੇਰਾ ਮਾਣ ਪੰਜਾਬੀ, ਮੇਰੀ ਸ਼ਾਨ ਪੰਜਾਬੀ।
ਮੇਰੇ ਲਈ ਸਾਰੇ ਜੱਗ ਤੋਂ ਮਹਾਨ ਪੰਜਾਬੀ।
ਮਾਤ ਭਾਸ਼ਾ ਇਹ ਮੇਰੀ ਸਾਹੀਂ ਵੱਸਦੀ ਜੀ,
ਲੱਖੇ ਸਲੇਮਪੁਰੀ ਦੀ ਜਿੰਦ-ਜਾਨ ਪੰਜਾਬੀ।

ਸੋਹਣੀ ਸੂਰਤ ਨਾਲੋਂ ਹੁੰਦੈ, ਦਿਲ ਦਾ ਸੋਹਣਾ ਲੱਖਾਂ ਚੰਗਾ।
ਇਸੇ ਸੱਚ ਨੂੰ ਆਪਣੇ ਦਿਲ ਦੇ, ਵਿੱਚ ਵਸਾਈ ਰੱਖਾਂ ਚੰਗਾ।
‘ਲੱਖੇ’ ਦਾ ਦਿਲ ਤੇ ਸੂਰਤ ਵੀ, ਦੋਵੇਂ ਕਾਲੇ ਸਚਮੁੱਚ ਯਾਰੋ,
ਔਗੁਣ ਸਭ ਲੁਕੋ ਗੈਰਾਂ ਦੇ, ਆਪਣੇ ਔਗੁਣ ਦੱਸਾਂ ਚੰਗਾ।

ਮਿੱਤਰਾਂ ਮਾਰੇ ਤਾਹਨੇ ਤੂੰ ਪੰਜਾਬੀ ਜੋਗਾ ਰਹਿ ਗਿਆ ਏਂ
ਵਿਸ਼ਵ ਭਾਸ਼ਾਵਾਂ ਸਿੱਖੀਆਂ ਨਾਹੀਂ ਹੱਥ ਝਾੜਕੇ ਬਹਿ ਗਿਆ ਏਂ
ਮੈਂ ਆਖਾਂ ਮੈਂ ਦੁਨੀਆਂ ਘੁੰਮਲੀ ਮਾਂ ਬੋਲੀ ਪੰਜਾਬੀ ਨਾਲ
ਜੱਗ ਤੇ ਨਾਂ ਮਸ਼ਹੂਰ ਲੱਖੇ ਦਾ ਸੱਜਣਾ ਇਹ ਕੀ ਕਹਿ ਗਿਆ ਏ

***
648
***

About the author

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

View all posts by ਲਖਵਿੰਦਰ ਸਿੰਘ ਲੱਖਾ ਸਲੇਮਪੁਰੀ →