|
ਰਿਸ਼ੀ ਸੁਨਾਕ ਲਈ ਬਰਤਾਨੀਆਂ ਦੀ ਆਰਥਿਕਤਾ ਨੂੰ ਮੁੜ ਲੀਹਾਂ ‘ਤੇ ਲਿਆਉਣਾ ਵੱਡੀ ਚੁਣੌਤੀ ਹੋਵੇਗੀ। ਇਸ ਤੋਂ ਇਲਾਵਾ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਵੀ ਇਕ-ਜੁੱਟ ਰੱਖਣਾ ਅਤੇ ਮਹਿੰਗਾਈ ‘ਤੇ ਕਾਬੂ ਪਾਉਣਾ ਵੀ ਜ਼ਰੂਰੀ ਹੈ ਕਿਉਂਕਿ ਪਾਰਟੀ ਵਿੱਚ ਹਫੜਾ-ਦਫ਼ੜੀ ਦੇ ਹਾਲਾਤ ਬਣੇ ਹੋਏ ਹਨ। ਜੇਕਰ ਰਿਸ਼ੀ ਸੁਨਾਕ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਸਫਲ ਹੋ ਜਾਂਦੇ ਹਨ ਤਾਂ 2025 ਦੀਆਂ ਚੋਣਾ ਕੰਜ਼ਰਵੇਟਿਵ ਪਾਰਟੀ ਵੱਲਂੋ ਉਨ੍ਹਾਂ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ ਅਤੇ ਸੰਭਾਵੀ ਪ੍ਰਧਾਨ ਮੰਤਰੀ ਹੋਣਗੇ। ਜੇਕਰ ਸਫਲ ਨਾ ਹੋਏ ਤਾਂ ਉਨ੍ਹਾਂ ਦਾ ਸਿਆਸੀ ਕੈਰੀਅਰ ਜਿਵੇਂ ਤੁਰੰਤ ਫੁਰਤ ਸਿਖਰ ਤੇ ਪਹੁੰਚਿਆ ਹੈ ਉਸੇ ਤਰ੍ਹਾਂ ਖ਼ਤਮ ਹੋ ਜਾਵੇਗਾ। ਉਹ ਐਥਨਿਕ ਘੱਟ ਗਿਣਤੀਆਂ ਦੇ ਦੂਜੇ ਵਿਅਕਤੀ ਹਨ, ਜਿਹੜੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਚੁਣੇ ਗਏ ਹਨ। ਇਸ ਤੋਂ ਪਹਿਲਾਂ ਜਿਊ ਭਾਈਚਾਰੇ ਦੇ ਬੈਂਜਾਮਿਨ ਡਿਜ਼ਰਾਇਲੀ ਦੋ ਵਾਰ 27 ਫਰਵਰੀ 1868 ਤੋਂ ਦਸੰਬਰ 1868 ਅਤੇ 1874 ਤੋਂ 1880 ਤੱਕ ਲੰਬਾ ਸਮਾਂ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਕਿਸੇ ਸਮੇਂ ਜਿਹੜੀ ਕੰਜ਼ਰਵੇਟਿਵ ਪਾਰਟੀ ਏਸ਼ੀਅਨਜ਼ ਨੂੰ ਘਿਰਣਾ ਕਰਦੀ ਸੀ, ਉਸੇ ਪਾਰਟੀ ਨੇ ਭਾਰਤੀ ਮੂਲ ਦੇ ਪੰਜਾਬੀ ਨੂੰ ਪ੍ਰਧਾਨ ਮੰਤਰੀ ਬਣਾਇਆ ਹੈ। ਏਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਕੈਮਰੂਨ ਨੇ ਇਕ ਵਾਰ ਕਿਹਾ ਸੀ ਕਿ ਉਹ ਸਮਾਂ ਦੂਰ ਨਹੀਂ ਜਦੋਂ ਭਾਰਤੀ ਮੂਲ ਦਾ ਬਰਤਾਨੀਆਂ ਦਾ ਪ੍ਰਧਾਨ ਮੰਤਰੀ ਬਣੇਗਾ? ਉਦੋਂ ਸਾਰੇ ਕੈਮਰੂਨ ਦਾ ਮਖੌਲ ਉਡਾ ਰਹੇ ਸਨ। ਭਾਰਤ ਦੇ ਇਤਿਹਾਸ ਵਿੱਚ ਰਿਸ਼ੀ ਸੁਨਾਕ ਦੇ ਪ੍ਰਧਾਨ ਮੰਤਰੀ ਬਣਨ ਨਾਲ ਸੁਨਹਿਰੀ ਪੰਨਾ ਜੁੜ ਗਿਆ ਹੈ।
ਕੋਵਿਡ ਦੌਰਾਨ ਲਾਕ ਡਾਊਨ ਹੋਣ ਕਰਕੇ ਦੇਸ਼ ਦੀ ਆਰਥਿਕਤਾ ਗੰਭੀਰ ਸੰਕਟ ਵਿੱਚ ਆ ਗਈ ਸੀ। ਆਰਥਿਕ ਵਾਧਾ ਦਰ 2.09 ਦੇ 2.7 ਤੋਂ ਘੱਟ ਕੇ 1.7 ਰਹਿ ਗਈ ਸੀ। ਜਦੋਂ ਬਰਤਾਨੀਆ ਯੂਰਪੀ ਯੂਨੀਅਨ ਤੋਂ ਬਾਹਰ ਆਇਆ ਸੀ ਤਾਂ ਬੋਰਸ ਨੇ ਕਿਹਾ ਸੀ ਕਿ ਕਿਰਤੀ ਲੋਕਾਂ ਲਈ ਸਿਆਸੀ ਫ਼ੈਸਲੇ ਕਰਨ ਦੀ ਵਧੇਰੇ ਆਜ਼ਾਦੀ ਹੋਵੇਗੀ ਪ੍ਰੰਤੂ ਬਰਤਾਨੀਆਂ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਹੋ ਗਈ ਸੀ। ਜੀ-7 ਮੁਲਕਾਂ ਦੇ ਗੁੱਟ ਵਿੱਚੋਂ ਬਰਤਾਨੀਆਂ ਦੀ ਮਹਿੰਗਾਈ ਦਰ ਸਭ ਤੋਂ ਜ਼ਿਆਦਾ ਹੋ ਗਈ ਸੀ। ਪੌਂਡ ਵੀ ਹੇਠਾਂ ਡਿਗ ਰਿਹਾ ਸੀ। ਬੋਰਸ ਜਾਨਸਨ ਇਸ ਦੌਰਾਨ ਆਰਥਿਕਤਾ ਨੂੰ ਮਜ਼ਬੂਤ ਕਰਨ ਦੀ ਥਾਂ ਸਰਮਾਏਦਾਰਾਂ ਨੂੰ ਟੈਕਸਾਂ ਵਿੱਚ ਛੋਟਾਂ ਦੇਣਾ ਚਾਹੁੰਦੇ ਸਨ, ਜਿਸ ਨਾਲ ਆਮ ਲੋਕਾਂ ਨੂੰ ਆਰਥਿਕਤਾ ਦਾ ਹੋਰ ਸੰਤਾਪ ਭੁਗਤਣਾ ਪੈਣਾ ਸੀ। ਰਿਸ਼ੀ ਸੁਨਾਕ ਜੋ ਉਨ੍ਹਾਂ ਦੇ ਵਿਸ਼ਵਾਸ ਪਾਤਰ ਵਿਤ ਮੰਤਰੀ ਸਨ, ਉਨ੍ਹਾਂ ਨੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਤੋਂ ਬਾਅਦ ਰਿਆਇਤਾਂ ਦੇਣ ਦੀ ਪ੍ਰੋੜ੍ਹਤਾ ਕੀਤੀ, ਜਿਸ ਕਰਕੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਾਲ ਮਤਭੇਦ ਪੈਦਾ ਹੋ ਗਏ। ਹਾਲਾਂ ਕਿ ਸਰਮਾਏਦਾਰ ਮੁਲਕਾਂ ਵਿੱਚ ਬਰਤਾਨੀਆ ਦੀ ਆਰਥਿਕਤਾ ਨੂੰ ਸਥਿਰ ਮੰਨਿਆ ਜਾਂਦਾ ਸੀ। ਫਿਰ ਰਿਸ਼ੀ ਸੁਨਾਕ ਅਤੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਮੰਤਰੀ ਦੇ ਅਹੁਦਿਆਂ ਤੋਂ 5 ਜੁਲਾਈ ਨੂੰ ਅਸਤੀਫ਼ੇ ਦੇ ਦਿੱਤੇ ਅਤੇ ਪ੍ਰਧਾਨ ਮੰਤਰੀ ਵਿਰੁੱਧ ਬਗਾਵਤ ਦਾ ਝੰਡਾ ਚੁੱਕ ਲਿਆ। ਉਨ੍ਹਾਂ ਦੋਹਾਂ ਮੰਤਰੀਆਂ ਦੇ ਅਸਤੀਫ਼ੇ ਦੇਣ ਤੋਂ ਬਾਅਦ ਕੰਜ਼ਰਵੇਟਿਵ ਪਾਰਟੀ ਵਿੱਚ ਤੂਫ਼ਾਨ ਵਰਗੀ ਸਥਿਤੀ ਪੈਦਾ ਹੋ ਗਈ। ਕੰਜ਼ਰਵੇਟਿਵ ਪਾਰਟੀ ਦੇ ਬਹੁਤੇ ਹਾਊਸ ਆਫ਼ ਕਾਮਨਜ਼ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਬੋਰਸ ਜਾਨਸਨ ਨੂੰ ਅਸਤੀਫ਼ਾ ਦੇਣ ਲਈ ਤਾਕੀਦ ਕੀਤੀ ਪ੍ਰੰਤੂ ਬੋਰਸ ਜਾਨਸਨ ਟੱਸ ਤੋਂ ਮੱਸ ਨਾ ਹੋਏ। ਉਨ੍ਹਾਂ ਪਹਿਲਾਂ ਤਾਂ ਮੰਤਰੀ ਮੰਡਲ ਦੇ ਦੋਵੇਂ ਖਾਲੀ ਹੋਏ ਵਿਭਾਗਾਂ ਦੇ ਮੰਤਰੀ ਨਿਯੁਕਤ ਕਰ ਲਏ ਪ੍ਰੰਤੂ ਜਦੋਂ 58 ਅਹੁਦੇਦਾਰਾਂ ਅਤੇ 6 ਹੋਰ ਮੰਤਰੀਆਂ ਨੇ ਅਸਤੀਫ਼ੇ ਦੇ ਦਿੱਤੇ ਤਾਂ ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਹੋ ਰਹੀ ਬਗਾਵਤ ਹੋਣ ਕਰਕੇ ਮਜ਼ਬੂਰ ਹੋ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ 7 ਜੁਲਾਈ ਨੂੰ ਅਸਤੀਫ਼ਾ ਦੇਣਾ ਪਿਆ।
ਰਿਸ਼ੀ ਸੁਨਾਕ ਭਾਰਤੀ ਮੂਲ ਦੇ ਪੰਜਾਬੀ ਮਾਪਿਆਂ ਦਾ ਸਪੁੱਤਰ ਹੈ। ਉਨ੍ਹਾਂ ਦੇ ਦਾਦਾ ਰਾਮ ਦਾਸ ਸੁਨਾਕ ਗੁਜਰਾਂਵਾਲਾ ਤੋਂ ਸਨ। ਉਹ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਵਿੱਚ ਪੜ੍ਹੇ ਸਨ। ਉਹ 1935 ਵਿੱਚ ਗੁਜਰਾਂਵਾਲਾ ਤੋਂ ਕੀਨੀਆਂ ਪ੍ਰਵਾਸ ਕਰ ਗਏ ਸਨ। ਉੱਥੇ ਉਨ੍ਹਾਂ ਆਪਣਾ ਕੈਰੀਅਰ ਬਤੌਰ ਕਲਰਕ ਸ਼ੁਰੂ ਕੀਤਾ ਸੀ ਅਤੇ ਬਾਅਦ ਵਿੱਚ ਤਰੱਕੀ ਕਰਕੇ ਪ੍ਰਸ਼ਾਸ਼ਨਿਕ ਅਧਿਕਾਰੀ ਬਣ ਗਏ ਸਨ। ਉਨ੍ਹਾਂ ਦੀ ਪਤਨੀ ਸੁਹਾਗ ਰਾਣੀ ਸੁਨਾਕ 1937 ਵਿੱਚ ਕੀਨੀਆਂ ਚਲੇ ਗਏ ਸਨ। ਰਿਸ਼ੀ ਸੁਨਾਕ ਦੇ ਮਾਤਾ ਊਸ਼ਾ ਸੁਨਾਕ ਅਤੇ ਪਿਤਾ ਯਸ਼ਵੀਰ ਸੁਨਾਕ ਉਥੋਂ ਪੂਰਬੀ ਅਫ਼ਰੀਕਾ ਚਲੇ ਗਏ ਸਨ। 1966 ਵਿੱਚ ਉਹ ਇੰਗਲੈਂਡ ਚਲੇ ਗਏ ਸਨ। ਉਨ੍ਹਾਂ ਦੇ ਪਿਤਾ ਨੇ ਲਿਵਰਪੂਲ ਯੂਨੀਵਰਸਿਟੀ ਤੋਂ ਮੈਡੀਸਨ ਦੀ ਪੜ੍ਹਾਈ ਕੀਤੀ। ਰਿਸ਼ੀ ਸੁਨਾਕ ਦੀ ਮਾਤਾ ਊਸ਼ਾ ਸੁਨਾਕ ਨੇ 1972 ਵਿੱਚ ਏਸਟਨ ਯੂਨੀਵਰਸਿਟੀ ਤੋਂ ਫਾਰਮੇਸੀ ਦੀ ਡਿਗਰੀ ਪਾਸ ਕੀਤੀ। 1977 ਵਿੱਚ ਯਸ਼ਵੀਰ ਸੁਨਾਕ ਅਤੇ ਉਸ਼ਾ ਦਾ ਵਿਆਹ ਹੋ ਗਿਆ, ਫਿਰ ਉਨ੍ਹਾਂ ਨੇ ਮੈਡੀਸਨ ਦੀ ਦੁਕਾਨ ਖੋਲ੍ਹ ਲਈ। ਰਿਸ਼ੀ ਸੁਨਾਕ ਦਾ ਜਨਮ 1980 ਵਿੱਚ ਸਾਊਥ ਹੈਂਪਟਨ ਵਿੱਚ ਹੋਇਆ ਸੀ। ਰਿਸ਼ੀ ਸੁਨਾਕ ਨੇ ਮੁੱਢਲੀ ਸਿਖਿਆ ਬਰਤਾਨੀਆਂ ਦੇ ਸਰਵੋਤਮ ਪਬਲਿਕ ਸਕੂਲ ਵਿਨਚੈਸਟਰ ਤੋਂ ਪ੍ਰਾਪਤ ਕੀਤੀ। ਪੜ੍ਹਾਈ ਵਿੱਚ ਉਹ ਬਹੁਤ ਹੁਸ਼ਿਆਰ ਵਿਦਿਆਰਥੀ ਹੋਣ ਕਰਕੇ ਉਨ੍ਹਾਂ ਨੇ ਵਿਨਚੈਸਟਰ ਸਕੂਲ ਦਾ ਵਜੀਫਾ ਪ੍ਰਾਪਤ ਕੀਤਾ। ਰਿਸ਼ੀ ਸੁਨਾਕ ਨੇ ਬੀ.ਏ. ਲਿੰਕਨ ਕਾਲਜ, ਆਕਸਫੋਰਡ ਯੂਨੀਵਰਸਿਟੀ ਤੋਂ ਪਾਸ ਕੀਤੀ। ਫਿਰ ਉਹ ਅਮਰੀਕਾ ਚਲੇ ਗਏ, ਜਿਥੋਂ ਸਟੈਂਫੋਰਡ ਯੂਨੀਵਰਸਿਟੀ ਤੋਂ ਉਨ੍ਹਾਂ ਫੁੱਲ ਬਰਾਈਟ ਵਜ਼ੀਫ਼ੇ ਨਾਲ ਐਮ.ਬੀ.ਏ. ਪਾਸ ਕੀਤੀ। ਉਥੇ ਉਹ ਬੈਂਕਿੰਗ ਖੇਤਰ ਵਿੱਚ ਕੰਮ ਕਰਦੇ ਰਹੇ ਅਤੇ ਚੰਗਾ ਨਾਮਣਾ ਖੱਟਿਆ। ਰਿਸ਼ੀ ਸੁਨਾਕ ਦਾ ਵਿਆਹ ਇਨਫੋਸਿਸ ਕੰਪਨੀ ਦੇ ਕੋ-ਫ਼ਾਊਂਡਰ ਨਰਾਇਣ ਮੂਰਥੀ ਦੀ ਸਪੁੱਤਰੀ ਅਾਕਰਸ਼ਤਾ ਨਾਲ ਹੋਇਆ। ਆਕਰਸ਼ਤਾ ਬਰਤਾਨੀਆਂ ਦੇ 222 ਅਮੀਰ ਵਿਅਕਤੀਆਂ ਵਿੱਚੋਂ ਇਕ ਹੈ। ਬਰਤਾਨੀਆਂ 200 ਸਾਲ ਭਾਰਤ ਵਿੱਚ ਰਾਜ ਕਰਦਾ ਰਿਹਾ ਹੈ। ਭਾਰਤ ਛੱਡਣ ਤੋਂ 75 ਸਾਲ ਬਾਅਦ ਭਾਰਤੀ ਮੂਲ ਦੇ ਪੰਜਾਬੀ ਰਿਸ਼ੀ ਸੁਨਾਕ ਨੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* *** |