“ਮਹਿਬੂਬ ਪ੍ਰੱਸਤੀ, ਵਫ਼ਾ/ਬੇਵਫ਼ਾਈ, ਜ਼ੁਲਫ਼ ਤੇ ਜਾਮ” ਵਰਗੇ ਸ਼ਬਦ, ਸ਼ਬਦ ਸੰਮੂਹ ਅਤੇ ਸ਼ਬਦ-ਗੁਟਾਂ ਦੁਆਰਾ ਪ੍ਰਗਟਾਏ ਜਾਣ ਵਾਲੇ ਸੰਕਲਪਾਂ ਨੂੰ ਨਵੇਂ ਅਰਥ ਅਤੇ ਬਿੰਬ ਪ੍ਰਦਾਨ ਕਰਦਿਆਂ ਆਪਣੇ ਅਨੋਖੇ ਅੰਦਾਜ਼ ਵਿਚ ਪੇਸ਼ ਹੁੰਦਿਆਂ, ਆਪਣਾ ਇਕ ਵੱਖਰਾ ਹੀ ਸਥਾਨ ਨਿਸਚਤ ਕਰਨ ਵਾਲਾ, ਬਰਤਾਨੀਆ ਦੇ ਨਾਮਵਰ ਪੰਜਾਬੀ ਸ਼ਾਇਰਾਂ ਵਿਚੋਂ “ਨਾਕਸ ਤੋਂ ਨੂਰ” ਹੋਇਆ ਸਿਰ-ਕੱਢ ਸ਼ਾਇਰ, ਚਿੰਤਕ-ਕਵੀ-ਗ਼ਜ਼ਲਗੋ ਨਿਰੰਜਨ ਸਿੰਘ ਨੂਰ, ਕਿਸੇ ਵੀ ਰਸਮੀ ਜਾਣ-ਪਹਿਚਾਣ ਦਾ ਮੁਥਾਜ ਨਹੀਂ। “ਕਰਮ ਅਤੇ ਕਲਮ” ਦਾ ਸੁਮੇਲ ਅਤੇ ਸਮ-ਤੋਲ ਰੱਖਦਿਆਂ ਉਹ ਕਥਨੀ ਅਤੇ ਕਰਨੀ ਦੀ ਅਜਿਹੀ ਸੰਧੀ-ਸਮਾਸ ਹੈ ਜਿਸਦੀ ਕਲਮ ਨਾਲ ਉਭਰੇ ਨਕਸ਼ ਪਾਠਕ ਦੇ ਮਨ ਵਿਚ ਲੁਪਤ-ਗੁਪਤ ਭਾਵਾਂ ਦੀ ਤਰਜਮਾਨੀ ਦਾ ਰੰਗ ਉਭਾਰ ਦਿੰਦੇ ਹਨ।
ਗ਼ਜ਼ਲਗੋ ਨਿਰੰਜਨ ਸਿੰਘ ਨੂਰ ਜਾਣਦਾ ਹੈ ਕਿ ਉਸ ਨੇ ਕੀ ਕਹਿਣਾ ਹੈ ਅਤੇ ਇਹ ਵੀ ਕਿ ਉਸਨੇ ਆਪਣੇ ਅਹਿਸਾਸਾਂ ਦੀ ਸ਼ਿਦੱਤ ਦਾ ਪ੍ਰਗਟਾਅ ਕਿੰਝ, ਕਿਸ ਅੰਦਾਜ਼ ਵਿਚ ਅਤੇ ਕਿਹੋ ਜਿਹੇ ਸ਼ਬਦ/ਸ਼ਬਦ ਸਮੂਹ ਨਾਲ ਕਰਨਾ ਹੈ। ਹੱਥਲੇ ਯਤਨ ਵਿਚ ਲੇਖਕ, ਨੂਰ ਦੇ ਗ਼ਜ਼ਲ ਸੰਗ੍ਰਿਹ “ਓਜ਼ੋਨ ਦੀ ਅੱਖ” ਵਿਚ ਦਰਜ ਕੁਝ ਗ਼ਜ਼ਲਾਂ ਅਤੇ ਗ਼ਜ਼ਲਾਂ ਦੇ ਸ਼ਿਅਰਾਂ ਦੇ ਅਧਿਐਨ ਰਾਹੀਂ, ਗ਼ਜ਼ਲਾਂ ਦੇ ਸੰਧਰਭ-ਗਤ ਉਸਦੀ ਕਵਿਤਾ ਨੂੰ ਜਾਨਣ ਅਤੇ ਮਾਨਣ ਦਾ ਯਤਨ ਕਰਦਿਆਂ, ਉਸਦੀਆਂ ਗ਼ਜ਼ਲਾਂ ਦੇ ਵਿਸ਼ੇ-ਮੰਤਵ ਉਤੇ ਇਕ ਪੰਛੀ-ਝਾਤ ਪਾਉਣ ਦੀ ਕੋਸ਼ਿਸ਼ ਕਰੇਗਾ।
ਸੌਖ ਲਈ, ਲੇਖਕ, ਆਪਣੀ ਵਿਚਾਰ ਦੀ ਸੀਮਾ ਨਿਰਧਾਰਤ ਕਰਦਿਆਂ ਅਗ੍ਹਾਂ ਦਰਜ ਅਨੁਸਾਰ ਨੂਰ ਦੀਆਂ ਗ਼ਜ਼ਲਾਂ ਦਾ ਸੰਖੇਪ ਜਿਹਾ ਆਨੰਦਮਈ ਅਧਿਐਨ ਕਰੇਗਾ: (1) ਪੰਜਾਬੀ ਗ਼ਜ਼ਲ ਦਾ ਵਰਤਮਾਨ ਰੂਪ ਤੇ ਘੇਰੇ, (2) ਗ਼ਜ਼ਲ ਸੰਗ੍ਰਹਿ ਦਾ ਨਾਂ: ਓਜ਼ੋਨ ਦੀ ਅੱਖ, (3) ਨੂਰ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਅਨੁਸਾਰ ਗ਼ਜ਼ਲ ਦੀ ਪਰਿਭਾਸ਼ਾ, ਅਤੇ (4) ਗ਼ਜ਼ਲਾਂ ਦਾ ਵਿਸ਼ਾ ਵਸਤੂ ਅਤੇ ਨਿਭਾਅ।
“ਗ਼ਜ਼ਲ” ਨੇ ਫ਼ਾਰਸੀ ਵਲੋਂ ਉਰਦੂ ਵਲ ਸਫ਼ਰ ਕੀਤਾ ਤੇ ਉਰਦੂ ਤੋਂ ਹੀ ਹਿੰਦੁਸਤਾਨ ਅਤੇ ਪਾਕਿਸਤਾਨ (ਪਹਿਲਾਂ ਦੇ ਭਾਰਤੀ ਭਾਗ) ਦੀਆਂ ਇਲਾਕਾਈ ਜ਼ਬਾਨਾਂ ਦਾ ਇਕ ਜ਼ਰੂਰੀ ਅੰਗ ਬਣ ਗਈ। ਗ਼ਜ਼ਲ, ਮਹਿਬੂਬ ਨਾਲ ਗੱਲਾਂ ਕਰਦੀ, ਮਹਿਬੂਬ ਦੀ ਸੁੰਦਰਤਾ ਦਾ ਬਿਆਨ ਵਧਾ ਚੜ੍ਹਾ ਕੇ ਕਰਦੀ, ਹਿਜਰ ਤੇ ਵਿਸਾਲ ਦਾ ਜ਼ਿਕਰ ਛੇੜਦੀ, ਮਹਿਬੂਬ ਦੀਆਂ ਵਧੀਕੀਆਂ ਅਤੇ ਬੇ-ਵਫ਼ਾਈਆਂ ਦਾ ਰੋਣਾ ਰੋਂਦੀ, ਹਿਰਨੌਟੇ ਵਲੋਂ ਸ਼ਿਕਾਰੀ ਤੋਂ ਜਾਨ ਬਚਾਉਣ ਲਈ ਕੂਕ ਮਾਰਨ ਤਕ ਅੱਪੜਦਿਆਂ ਇਸੇ ਰੰਗ ਵਿਚ ਹੀ ਉਰਦੂ ਅਤੇ ਇਲਾਕਾਈ ਬੋਲੀਆਂ ਵਿਚ ਵੀ ਆ ਗਈ। ਪਰ ਸਮੇਂ ਦੇ ਨਾਲ ਨਾਲ ਹੀ “ਗ਼ਜ਼ਲ” ਦੇ: ਆਸ਼ਕਾਨਾ, ਰਿੰਦਾਨਾ ਅਤੇ ਸੂਫ਼ੀਆਨਾ ਤਿੰਨਾਂ ਹੀ ਪ੍ਰਵਾਣਿਤ ਰੰਗਾਂ ਦੇ ਘੇਰੇ ਵਿਚ ਸੰਸਾਰ ਦੇ ਸਾਰੇ ਹੀ ਦੁੱਖ-ਦਰਦ ਵੀ ਆ ਪਹੁੰਚੇ। ਨਵੇਂ ਦੌਰ ਦੇ ਕਵੀਆਂ/ਸ਼ਾਇਰਾਂ ਨੇ ਗ਼ਜ਼ਲ ਨੂੰ ਪੂਰੀ ਤਰ੍ਹਾਂ ਆਪਣੇ ਪਰਿਵੇਸ਼ ਦੀ ਤਸਵੀਰ ਅਤੇ ਵੇਲੇ ਦਾ ਇਤਿਹਾਸ ਬਣਾ ਕੇ ਪੇਸ਼ ਕੀਤਾ।
ਜਦੀਦ ਗ਼ਜ਼ਲ ਨੇ ਜਿੱਥੇ ਨਿੱਜ ਵਲੋਂ ਕਾਇਨਾਤ ਵਲ ਸਫ਼ਰ ਕੀਤਾ ਉਸਦੇ ਨਾਲ ਹੀ ਨਵੀਆਂ ਸੋਚਾਂ, ਨਵੇਂ ਤਜ਼ਰਬੇ, ਨਵੇਂ ਲਹਿਜੇ, ਨਵੇਂ ਸ਼ਬਦ, ਨਵੇਂ ਵਿਚਾਰ ਅਤੇ ਨਵੀਆਂ ਤੱਲਖੀਆਂ ਨੂੰ ਵੀ ਹਿੱਕੇ ਲਾਇਆ। ਇਸਦੇ ਨਾਲ ਹੀ ਵੀਹਵੀਂ ਸਦੀ ਦੇ ਦੂਜੇ-ਤੀਜੇ ਦਹਾਕੇ ਤੋਂ ਹੀ ਚਿੰਨ੍ਹਾਤਮਕ ਕਵਿਤਾ (Symbolic Poetry) ਨੇ ਵੀ ਪੈਰ ਪਸਾਰਨੇ ਆਰੰਭੇ ਅਤੇ ਫਿਰ ਹੌਲੀ ਹੌਲੀ ਨਵੇਂ ਅਹਿਸਾਸ, ਵਰਤਮਾਨ ਸੰਵੇਦਨਾ, ਚੇਤਨਾ ਅਤੇ ਵਿਵੇਕ ਵੀ ਗ਼ਜ਼ਲ ਦਾ ਸ਼ਿੰਗਾਰ ਬਣਦੇ ਗਏ।
ਇੰਝ ਹੀ ਪੰਜਾਬੀ ਗ਼ਜ਼ਲ ਨੇ ਵੀ ਸਾਰਿਆਂ ਜਜ਼ਬਿਆਂ ਦੇ ਨਵੇਂ ਪ੍ਰਗਟਾਅ ਢੰਗ ਨੂੰ ਆਪਣੇ ਅੰਦਰ ਸਮੇਟਦਿਆਂ ਰਵਾਇਤ ਨਾਲੋਂ ਰਿਸ਼ਤਾ ਤੋੜਨ ਦਾ ਹੀਆ ਕੀਤਾ ਹੈ। ਅੱਜ ਦੀ ਗ਼ਜ਼ਲ ਨੇ ਆਮ ਕਰਕੇ ਅਤੇ ਪੰਜਾਬੀ ਗ਼ਜ਼ਲ ਨੇ ਵਿਸ਼ੇਸ਼ ਕਰਕੇ ਸੰਸਾਰ ਦੇ ਸਾਰੇ ਹੀ ਜ਼ਾਤੀ ਅਤੇ ਸੰਮੂਹਕ ਮਸਲਿਆਂ ਨੂੰ ਆਪਣੇ ਬਿਆਨ ਦਾ ਵਿਸ਼ਾ ਬਣਾਇਆ ਹੈ। ਜ਼ਿੰਦਗੀ ਦੇ ਸਾਰੇ ਹੀ ਸਥਾਈ ਅਹਿਸਾਸਾਂ ਜਾਂ ਜਜ਼ਬਿਆਂ ਜਿਵੇਂ ਕਿ ਦੁੱਖ-ਦਰਦ, ਤੜਪ, ਕੁਰਲਾਹਟ, ਵਿਆਕੁਲਤਾ, ਦੁਬਿਧਾ, ਈਰਖਾ, ਮੁਸਕ੍ਰਾਹਟ, ਨਫ਼ਰਤ, ਜਲਨ, ਲਗਾਉ-ਜੁਦਾਈ, ਸ਼ਾਂਤੀ, ਬਲੀਦਾਨ, ਉਦਾਰਤਾ, ਕੁਰਬਾਨੀ, ਆਸ਼ਾ-ਨਿਰਾਸ਼ਾ ਆਦਿ ਨੂੰ ਗ਼ਜ਼ਲ ਨੇ ਅਭਿਵਿਅਕਤ ਕੀਤਾ ਹੈ।
ਅੱਜ ਦੀ ਗ਼ਜ਼ਲ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ ਹੈ। ਵਿਸ਼ੇ-ਵਸਤੂ ਦੇ ਪੱਖੋਂ, ਉਰਦੂ ਵਾਂਗ ਹੀ ਪੰਜਾਬੀ ਗ਼ਜ਼ਲ ਵੀ, ਸੰਸਾਰ ਵਿਚ ਅਮਨ ਦੀ ਕਾਇਮੀ ਅਤੇ ਗ਼ਰੀਬੀ ਦੂਰ ਕਰਨ ਲਈ ਬੇਇਨਸਾਫੀ, ਸਰਮਾਏਦਾਰੀ, ਜ਼ਾਤ-ਪਾਤ, ਰੰਗ-ਨਸਲ, ਨਸਲਵਾਦੀ ਰੁੱਚੀਆਂ ਵਿਰੁੱਧ ਇਕਮੁੱਠ ਹੋ ਕੇ ਟਾਕਰਾ ਕਰਨ ਦੀ ਪ੍ਰੇਰਨਾ ਦਿੰਦੀ ਹੈ ਅਤੇ ਸਮਾਜ ਦੇ ਗੰਭੀਰ ਮਸਲਿਆਂ ਦੇ ਖਿਲਾਫ਼ ਆਵਾਜ਼ ਉਠਾਉਣ ਲਈ ਕਲਾਮਈ ਢੰਗ ਨਾਲ ਉਕਸਾਉਂਦੀ ਹੋਈ ਧਾਰਮਕ ਜਨੂੰਨ ਅਤੇ ਰਾਜਨੀਤਕ ਚਾਲਬਾਜ਼ੀਆਂ ਤੋਂ ਸੁਚੇਤ ਕਰਦੀ ਹੈ।
“ਓਜ਼ੋਨ ਦੀ ਅੱਖ” ਵਿਚ ਨੂਰ ਨੇ ਆਪਣੀਆਂ 76 ਗ਼ਜ਼ਲਾਂ ਦਿੱਤੀਆਂ ਹਨ। ਨੂਰ ਨੇ ਸੰਗ੍ਰਿਹ ਦੀ ਆਦਿਕਾ ਦੇ ਪੰਨਾ 12 ਉਤੇ “ਓਜ਼ੋਨ” ਸਬੰਧੀ ਲਿਖਿਆ ਹੈ:”ਓਜ਼ੋਨ ਆਕਾਸ਼ ਵਿਚ) ਸਾਡੀ ਧਰਤੀ ਦੀ ਢਾਲ ਹੈ ਜਿਹੜੀ ਸੂਰਜ ‘ਚੋਂ ਆਉਂਦੇ ਜ਼ਹਿਰੀਲੇ ਮਾਦੇ ਤੋਂ ਧਰਤੀ ਉਪਰਲੇ ਜੀਵਨ ਤੇ ਬਨਸਪਤੀ ਨੂੰ ਬਚਾਉਂਦੀ ਹੈ। ਮਨੁੱਖ ਵਲੋਂ ਵਰਤੀਂਦੀਆਂ ਜ਼ਹਿਰੀਲੀਆਂ ਗੈਸਾਂ (ਜਿਵੇਂ ਜੀਐਸ ਗੈਸ ਆਦਿ) ਪ੍ਰਮਾਣੂੰ ਹਥਿਆਰਾਂ ਦੇ ਤਜ਼ਰਬਿਆਂ ਅਤੇ ਜ਼ੰਗਲਾਂ ਦੇ ਅੰਧਾ-ਧੁੰਧ ਖਾਤਮੇ ਆਦਿ ਕਾਰਨ ਓਜ਼ੋਨ ਵਿਚ ਮਘੋਰੇ ਹੋ ਗਏ ਦਸੇ ਗਏ ਹਨ।”
ਓਜ਼ੋਨ ਵਿਚ ਇਹਨਾਂ ਹੋਇਆਂ ਮਘੋਰਿਆਂ ਕਾਰਨ ਸਮੁੱਚੀ ਕਾਇਨਾਤ ਦੀ ਹੋਂਦ ਖਤਰੇ ਵਿਚ ਪੈ ਗਈ ਹੈ। ਸਿੱਟੇ ਵਜੋਂ ਮਨੁੱਖ ਅਤੇ ਮਨੁੱਖੀ ਜੀਵਨ, ਸਾਰੇ ਹੀ ਜੀਵ ਜੰਤੂਆਂ ਅਤੇ ਉਹਨਾਂ ਦੀ ਹੋਂਦ ਲਈ ਲੋੜੀਂਦੀ ਬਨਸਪਤੀ, ਜ਼ਹਿਰੀਲੀ ਹੋ ਰਹੀ ਹੈ। ਇਸ ਖ਼ਤਰੇ ਦੀ ਗੰਭੀਰਤਾ, ਸੰਭਾਵਨਾ ਅਤੇ ਸਿੱਟਿਆਂ ਦੇ ਨਤੀਜਿਆਂ ਨੂੰ ਸਾਹਮਣੇ ਰੱਖਦਿਆਂ, ਓਜ਼ੋਨ ਦੀ ਭੈ-ਭੀਤ ਅੱਖ ਮਨੁੱਖ ਅਤੇ ਮਨੁੱਖਤਾ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਯਤਨਸ਼ੀਲ ਕਰਮੀਆਂ ਵਲ ਲੱਗੀ ਹੋਈ ਹੈ। ੳਜ਼ੋਨ ਦੀ ਅੱਖ ਅਨੁਭੱਵ ਕਰਦੀ ਹੈ ਕਿ ਸ਼ਾਇਦ ਮਨੁੱਖਤਾ ਅਤੇ ਕਇਨਾਤ ਨੂੰ ਸੁਰੱਖਿਅਤ ਰੱਖਣ ਦੇ ਯਤਨ ਵਿਚ ਰੁਝੇ ਹੋਏ ਚੇਤਨ ਮਨੁੱਖ, ਮਨੁੱਖ ਸੰਮੂਹ (ਸਮਾਜ) ਅਤੇ ਦੇਸ਼ਾਂ ਦੇ ਯਤਨ, ਧਰਤੀ ਲਈ ਇਸ ਲੋੜੀਂਦੀ ਢਾਲ ਨੂੰ ਸਦਾ ਸਦਾ ਲਈ ਕਾਇਮ ਰੱਖਣ ਵਿਚ ਸਫ਼ਲ ਹੋ ਜਾਣ।
ਨੂਰ ਦੀ ਕਵਿਤਾ ਅਤੇ ਗ਼ਜ਼ਲਾਂ ਦੇ ਵਿਸ਼ੇ ਸਿੱਧੇ ਅਤੇ ਸੰਕੇਤਾਤਮਕ ਢੰਗ ਨਾਲ ਸਮੁੱਚੇ ਬ੍ਰਹਿਮੰਡ ਨਾਲ ਬੀਤਣ ਵਾਲੀ ਹੋਣੀ ਨੂੰ ਰੋਕਣ ਦੇ ਯਤਨ ਕਰਦੇ ਅਤੇ ਢੰਗ ਹੀ ਭਾਲਦੇ ਹਨ। ਨੂਰ ਆਪਣੀ ਕੋਮਲ ਭਾਵੀ ਗ਼ਜ਼ਲ (ਕਵਿਤਾ) ਰਾਹੀਂ ਸਮੁੱਚੇ ਮਨੁੱਖਾਂ ਦੀ ਚੇਤਨਾ ਨੂੰ ਟੁੰਬਣ ਲਈ ਆਪਣੇ ਹਿੱਸੇ ਆਉਂਦਾ ਯਤਨ, ਬਹੁਤ ਹੀ ਤਨ-ਦੇਹੀ ਅਤੇ ਖੂਬੀ ਨਾਲ, ਕਰਦਾ ਹੈ। ਉਹ “ਓਜ਼ੋਨ ਦੀ ਅੱਖ” ਵਿਚ ਦਰਜ ਛੇਵੀਂ ਅਤੇ ਸਤਵੀਂ ਗ਼ਜ਼ਲ ਵਿਚ ਮਨੁੱਖ ਨੂੰ ਸਾਵਧਾਨ ਕਰਦਿਆਂ ਚੇਤੰਨ ਕਰਦਾ ਹੈ:
ਪੌਣ ਪਾਣੀ ਹੀ ਜੇ ਕਤਲ ਹੁੰਦੇ ਰਹੇ
ਕੁਖ ਆਕਾਸ਼-ਗੰਗਾ ਦੀ ਸੁੱਕ ਜਾਏਗੀ,
ਆਸ ਦੀ ਅੱਖ ਜੇ ਬੇ-ਨਜ਼ਰ ਹੋ ਗਈ,
ਕਿਹੜੇ ਆਕਾਸ਼ ਦੇ ਸਿਰ ਤੇ ਧਰਤੀ ਰਹੂ।
ਲੇਖਕ, ਚਾਨੰਣ ਗੋਬਿੰਦਪੁਰੀ ਦੇ ਕਥਨ ਨਾਲ ਸਹਿਮਤ ਹੈ ਕਿ “ਗ਼ਜ਼ਲ ਕਵਿਤਾ ਦਾ ਸਭ ਤੋਂ ਉਨੱਤ, ਸੁਆਦਲਾ ਤੇ ਪ੍ਹਭਾਵਸ਼ਾਲੀ ਰੂਪ ਹੈ। ਪਰ ਗ਼ਜ਼ਲ ਦੇ ਸ਼ਿਅਰ ਲਈ ਜ਼ਰੂਰੀ ਹੈ ਕਿ ਉਹ ਕਿਸੇ ਇਕ ਖਾਸ ਭੱਝ੍ਹੇ ਹੋਏ ਛੰਦ ਵਿਚ ਹੋਵੇ, ਉਸ ਵਿਚ ਦਰਸਾਇਆ ਖਿਆਲ ਅਸਲੀਅਤ ਨਾਲ ਸਬੰਧ ਰੱਖਦਾ ਹੋਵੇ ਅਤੇ ਉਸ ਵਿਚ ਤਾਸੀਰ ਹੋਵੇ। ਇਸ ਤੋਂ ਵੱਧ ਅਸੀਂ ਗ਼ਜ਼ਲ ਦੀਆਂ ਕੋਈ ਹੋਰ ਰਵਾਇਤੀ ਅਤੇ ਪ੍ਰਵਾਣਤ ਪਰਿਭਾਸ਼ਾਵਾਂ ਦੇਣ ਦਾ ਇਰਾਦਾ ਨਹੀਂ ਰੱਖਦੇ ਪਰ ਫਿਰ ਵੀ ਚਾਹਾਂਗੇ ਕਿ ਗ਼ਜ਼ਲਗੋ ਨੂਰ ਨੇ ਆਪਣੇ ਹੀ ਅੰਦਾਜ਼ ਵਿਚ ਸ਼ਿਅਰਾਂ ਦੇ ਰੂਪ ਵਿਚ ਗ਼ਜ਼ਲ ਸਬੰਧੀ ਜਿਹੜੀਆਂ ਨਵੀਆਂ ਪਰਿਭਾਸ਼ਾਵਾਂ ਦੇਣ ਦਾ ਯਤਨ ਕੀਤਾ ਹੈ, ਉਹਨਾਂ ਦਾ ਪ੍ਰਗਟਾਅ ਕਰੀਏ। “ਓਜ਼ੋਨ ਦੀ ਅੱਖ” ਦੀ ਪਹਿਲੀ ਗ਼ਜ਼ਲ ਦੇ ਮਤਲੇ ਵਿਚ ਹੀ ਉਹ ਗ਼ਜ਼ਲ ਦੀ ਪਰਿਭਾਸ਼ਾ ਦਿੰਦਾ ਹੈ:
ਫਾਇਲਾਤੁਨ ਨੂੰ ਨਹੀਂ ਫੁਰਦੀ ਗ਼ਜ਼ਲ।
ਚੇਤਨਾ ਦਾ ਤੋਲ ਹੈ ਅਸਲੀ ਗ਼ਜ਼ਲ।
ਪਰਿਭਾਸ਼ਾ ਦੇ ਨਾਲ ਹੀ, ਉਹ ਗ਼ਜ਼ਲ ਦੇ ਵਿਸ਼ੇ ਸਬੰਧੀ ਵੀ ਸੂਚਿਤ ਕਰ ਦਿੰਦਾ ਹੈ: ਚੇਤਨਾ ਅਤੇ ਚੇਤਨਾ ਦਾ ਵਿਕਾਸ। “ਨੂਰ” ਗ਼ਜ਼ਲ ਦੇ ਰੂਪਕ ਪੱਖ ਦੀ ਮਹੱਤਤਾ ਨੂੰ ਸਮਝਦਿਆਂ ਇਹ ਮੰਨ ਕੇ ਤੁੱਰਦਾ ਹੈ ਕਿ “ਸਫ਼ਲ ਗ਼ਜ਼ਲ ਲਿਖਣ ਲਈ ਕਵੀ ਨੂੰ ਗ਼ਜ਼ਲ ਦੀ ਪਰੰਪਰਾ ਤੇ ਤਕਨੀਕ ਤੋਂ ਜਾਣੂੰ ਹੋਣਾ ਜ਼ਰੂਰੀ ਹੈ।” ਗ਼ਜ਼ਲ ਦੇ ਰੂਪ ਵਿਧਾਨ ਨੂੰ ਸਮਝਣ ਦੀ ਲੋੜ ਉਤੇ ਜ਼ੋਰ ਦਿੰਦਿਆਂ ‘ਨੂਰ’ ਇਸੇ ਹੀ ਗ਼ਜ਼ਲ ਦੇ
“ਮਕਤਾ” ਵਿਚ ਸਪਸ਼ਟ ਕਰਦਾ ਹੈ:
ਰੂਹ ਭਾਲੇ ਜਿਵੇਂ ਜੁੱਸੇ ਦਾ ਲਿਬਾਸ
ਫਾਇਲਾਤੁਨ ਪਹਿਨਦੀ ਸੁਹਣੀ ਗ਼ਜ਼ਲ। (ਪੰਨਾ 14)
ਅਤੇ ਇੰਝ ਹੀ ਫਿਰ ਗ਼ਜ਼ਲ ਨੰਬਰ ਦੋ (ਪੰਨਾ 15) ਦੇ ਮਕਤਾ ਵਿਚ “ਨੂਰ” ਰੂਪ-ਵਿਧਾਨ ਨੂੰ ਗ਼ਜ਼ਲ ਕਲਾ ਦੇ ਜੋਗੀਆਂ ਦਾ ਜੋਗ ਦਸਦਾ ਹੈ:
ਫਾਇਲਾਤੁਨ ਤਾਂ ਕਲਾ ਦੇ ਜੋਗੀਆਂ ਦਾ ਜੋਗ ਹੈ,
“ਨੂਰ” ਦੀ ਮੰਜ਼ਿਲ ਇਦ੍ਹੇ ’ਚੋਂ ਮੁਸਕਰਾਣੀ ਹੈ ਅਜੇ।
ਪਰ ਉਹ ਇਹ ਵੀ ਜ਼ਰੂਰੀ ਸਮਝਦਾ ਹੈ ਕਿ “ਗ਼ਜ਼ਲ” ਵਿਚ ਅਸਲ ਵਜ਼ਨ ਚੇਤਨਾ ਦਾ ਹੀ ਹੋਣਾ ਚਾਹੀਦਾ ਹੈ।
‘ਨੂਰ’ ਲਈ ਗ਼ਜ਼ਲ ਵਿਚ “ਜ਼ਿੰਦਗੀ, ਰੂਹ, ਮਮਤਾ, ਬ੍ਹਿਹੜਾ” ਦੀ ਬਹੁਤ ਉੱਚੀ-ਸੁੱਚੀ ਥਾਂ ਹੈ। ਪਰ ਉਹ ਇਕ ਚੇਤਨ ਸ਼ਾਇਰ ਹੋਣ ਦੇ ਨਾਤੇ ਜਾਣਦਾ ਹੈ ਕਿ “ਜ਼ੁਲਫ਼ ਅਤੇ ਜ਼ਾਮ” ਤੋਂ ਅੱਗੇ ਵੀ ਬਹੁਤ ਕੁਝ ਕਹਿਣ ਲਈ ਹੈ। ਇਸ ਲਈ ਉਹ ਗ਼ਜ਼ਲ ਦੀ ਪਰਿਭਾਸ਼ਾ ਨੂੰ ਹੋਰ ਵਿਕਸਤ ਕਰਦਿਆਂ ਕਹਿੰਦਾ ਹੈ:
ਇਹਦਿਆਂ ਨਕਸ਼ਾਂ ’ਚ ਕਿਹੜਾ ਰੰਗ ਨਹੀਂ,
ਜ਼ਿੰਦਗੀ ਵਰਗੀ ਨਹੀਂ ਕੋਈ ਗ਼ਜ਼ਲ।
ਵੇਖਿਆ ਤੈਨੂੰ, ਤੇਰੀ ਧੜਕਣ ਸੁਣੀ,
ਰੂਪ ਤੇਰਾ ਗੀਤ, ਰੂਹ ਤੇਰੀ ਗ਼ਜ਼ਲ।
ਜਾਂ:
ਗੀਤ ਪਹਿਲੇ ਮੇਲ ਦਾ ਅਹਿਸਾਸ ਹੈ,
ਬ੍ਰਿਹੜੇ ਦੀ ਪੀੜ ਹੈ ਪਹਿਲੀ ਗ਼ਜ਼ਲ।
ਅਤੇ ਜਦੋਂ ਫਿਰ ਗ਼ਜ਼ਲ ਕਹਿ ਹੋ ਜਾਵੇ ਅਤੇ ਜਦੋਂ ਗ਼ਜ਼ਲ ਸਾਗਰ ਦਾ ਰੂਪ ਧਾਰਨ ਕਰ ਜਾਵੇ ਤਾਂ ਕੀ ਦਾ ਕੀ ਬਣ ਜਾਂਦਾ ਹੈ। ਜ਼ਿੰਦਗੀ ਵਿਚ ਕੋਈ ਰੋਕ ਨਹੀਂ ਆਉਂਦੀ। ਠਹਿਰਾ ਨਹੀਂ ਆਉਂਦਾ। ਫਿਰ ‘ਹਿਜਰ ਦੀ ਭੱਠੀ ਵਿਚ ਮਾਰੂਥਲ’ ਬਣਿਆਂ ਲਈ ਗ਼ਜ਼ਲ ਸਾਗਰ ਬਣ ਕੇ ਠਾਰਦੀ ਹੈ। ਗ਼ਜ਼ਲ ਆਪਣੀ ਸ਼ਕਤੀ ਦਾ ਪ੍ਰਗਟਾਅ ਇੰਝ ਕਰਦੀ ਹੈ:
ਹਿਜਰ ਦੀ ਭੱਠੀ ‘ਚ ਮਾਰੂਥਲ ਬਣੇ
ਬਣ ਗਏ ਸਾਗਰ ਜਦੋਂ ਕੋਈ ਗ਼ਜ਼ਲ।
ਜ਼ਿੰਦਗੀ ਵਿਚ ਕੋਈ ਸਕਤਾ ਨਾ ਰਹੇ
ਸਿਰ ਜੇ ਸੁਣ ਸੱਕੇ ਕਿਤੇ ਦਿਲ ਦੀ ਗ਼ਜ਼ਲ।
ਆਸ ਦੀ ਓਜ਼ੋਨ ਤੋਂ ਅੰਬਰ ਬਣੇ
ਬਣੇ ਚੰਨ, ਤਾਰੇ, ਜਦੋਂ ਮਹਿਕੀ ਗ਼ਜ਼ਲ।
ਕਰਮ ਦੀ ਅੰਗੜਾਈ ‘ਚੋਂ ਨਿੰਮਦੀ ਕਲਾ
ਕਲਾ ਦੀ ਮੁਸਕਾਨ ‘ਚੋਂ ਝਰਦੀ ਗ਼ਜ਼ਲ। (ਪੰਨਾ 14)
ਨੂਰ ਅਹਿਸਾਸਾਂ ਦਾ ਕਵੀ ਹੈ। ਉਸਦੀ ਕਵਿਤਾ (ਸਮੇਤ ਗ਼ਜ਼ਲਾਂ ਦੇ) ਦੇ ਵਿਸ਼ੇ ਵਸਤੂ ਦਾ ਘੇਰਾ ਬਹੁਤ ਵੱਡਾ ਹੈ। ਉਹ ਕਰਮ ਵਿਚ ਵਿਸ਼ਵਾਸ਼ ਰੱਖਦਾ ਹੈ ਅਤੇ ਉਸਦਾ ਇਹ ਦਾਅਵਾ ਮੰਨਣ ਯੋਗ ਹੈ ਕਿ ਕਰਮ ਦੀ ਅੰਗੜਾਈ ਜਦੋਂ ਕਲਾ ਬਣਦੀ ਹੈ ਤਾਂ ਇਹ ਗ਼ਜ਼ਲ ਦੀ ਮੁਸਕਾਨ ਹੋ ਨਿਬੜਦੀ ਹੈ। ਮਨੁੱਖੀ ਜੀਵਨ, ਜੀਵਨ ਲਈ ਕੀਤੀ ਜਾ ਰਹੀ ਜਦੋਜਹਦ, ਮਨੁੱਖ ਦੇ ਮਨੋਭਾਵ ਅਤੇ ਉਹਨਾਂ ਦੇ ਪ੍ਹਗਟਾਅ, ਮਨੁੱਖ ਦੀਆਂ ਲੋੜਾਂ-ਥੋੜਾਂ ਅਤੇ ਸੱਧਰਾਂ ਦੇ ਅੱਗੇ ਆਉਣ ਵਾਲੀਆਂ ਰੁਕਾਵਟਾਂ ਅਤੇ ਨਕਾਰਾਤਮਕ ਪਹੁੰਚ ਕਾਰਨ ਵੀ ਓਜ਼ੋਨ ਵਿਚ ਪਏ ਮਘੋਰੇ ਸਮੁੱਚੀ ਮਨੁੱਖੀ ਹੋਂਦ ਲਈ ਖਤਰਨਾਕ ਹਨ। ਇਸ ਲਈ ਓਜ਼ੋਨ ਦੀ ਰਖਵਾਲੀ ਲਈ ਜ਼ਰੂਰੀ ਹੈ ਕਿ ਮਨੁੱਖੀ ਜੀਵਨ ਲਈ ਸਕਾਰਾਤਮਕ ਪਹੁੰਚ ਅਪਨਾਈ ਜਾਵੇ। ਨੂਰ ਆਪਣੀਆਂ ਗ਼ਜ਼ਲਾਂ ਦੇ ਵਿਸ਼ੇ-ਵਸਤੂ ਦੁਆਰਾ ਮਨੁੱਖ ਨੂੰ ਇਸ ਕਰਤਵ ਸਬੰਧੀ ਜਾਗਰੂਕ ਕਰਦਾ ਹੈ।
ਇਸਦੇ ਨਾਲ ਹੀ ਮਨੁੱਖ ਆਪਣੇ ਪਰਿਵੇਸ਼ ਨਾਲ ਹਰ ਹਾਲਤ ਵਿਚ ਜੁੜਿਆ ਰਹਿੰਦਾ ਹੈ। ਮਨੁੱਖ ਆਪਣਾ ਵਤਨ ਛੱਡ ਕੇ ਜਿਸ ਮਰਜ਼ੀ ਦੇਸ਼ ਵਿਚ ਜਾ ਵਸੇ ਪਰ ਉਸਨੂੰ ਆਪਣੀ ਜੰਮਣ ਧਰਤੀ ਨਾਲ ਕੁਝ ਨਾ ਕੁਝ ਲਗਾਵ ਸਦਾ ਹੀ ਰਹਿੰਦਾ ਹੈ। ਆਵਾਸ ਧਾਰਨ ਕਾਰਨ, ਪਰਦੇਸ ਦੀਆਂ ਅਨੇਕਾਂ ਹੀ ਸਮੱਸਿਆਵਾਂ ਨਾਲ ਜੂਝਣ ਦੇ ਨਾਲ ਹੀ ਨਾਲ ਪੰਜਾਬੀ ਆਵਾਸੀ ਆਮ ਕਰਕੇ ਅਤੇ ਸੰਵੇਦਨਸ਼ੀਲ ਕਵੀ-ਲੇਖਕ ਵਿਸ਼ੇਸ਼ ਕਰਕੇ ਪੰਜਾਬ ਵਿਚ ਵਾਪਰੀਆਂ ਹੋਣੀਆਂ ਦੇ ਸੰਤਾਪ ਤੋਂ ਬਚ ਨਾ ਸੱਕਿਆ। ਪੰਜਾਬ ਵਿਚ ਵਾਪਰੇ ਦੁਖਾਂਤ ਦਾ ਅਸਰ ਨਾ ਕੇਵਲ ਪੰਜਾਬ/ਭਾਰਤ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਉਤੇ ਪਿਆ ਸਗੋਂ ਇਸਨੇ ਬਰਤਾਨੀਆ ਵਿਚ ਰਚੇ ਜਾਂਦੇ ਪੰਜਾਬੀ ਸਾਹਿਤ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ। ਪੰਜਾਬ ਵਿਚ ਵਰਤੇ ਭਾਣਿਆਂ ਨੇ ਬਰਤਾਨੀਆ ਬੈਠੇ ਪੰਜਾਬੀ ਸਾਹਿਤਕਾਰਾਂ ਨੂੰ ਵੀ ਝੰਝੋੜ ਕੇ ਰੱਖ ਦਿੱਤਾ। ਪੰਜਾਬ ਦੀ ਤ੍ਰਾਸਦੀ ਤੋਂ ਦੁਖੀ ਹੋ ਕੇ ਨੂਰ ਦੀ ਕਲਮ ਨ,ੇ ਉਸਦੀ ਪੱਛੀ ਹੋਈ ਅੰਦਰਲੀ ਧੁੱਰ ਆਤਮਾ ਨੂੰ ਵੀ ਸਾਕਾਰ ਕਰ ਦਿੱਤਾ। ਉਹ ਕੂਕ ਉਠਿਆ:
ਸੁਣਦਾ ਕੌਣ ਪੰਜਾਬ ਦੀ ਹੂਕ ਤੱਤੀ
ਕਬਰਾਂ ਪਾਉਂਦੀਆਂ ਬਾਤਾਂ ਸੁਆਸ ਦੀਆਂ।
ਤੇਰੇ ਸਬਰ ਦੇ ਸਾਗਰਾਂ ਸੁੱਕ ਜਾਣਾ
ਅੱਖਾਂ ਵੇਖ ਕੇ ਮੇਰੀ ਪਿਆਸ ਦੀਆਂ। (ਗ਼ਜ਼ਲ ਨੰਬਰ 3, ਪੰਨਾ 16)
‘ਸੁਰਸਤੀ’ ਰੇਗਿਸਤਾਨ (ਮਾਰੂਥੱਲ) ਦੀ ਤੱਤੀ-ਭੁੰਨਵੀਂ ਰੇਤ ਵਿਚ ਭੁੱਜ ਕੇ, ਪਾਣੀ ਮੰਗਦੀ, ਪਾਣੀ ਲਈ ਤਰਸਦੀ, ਸਹਿਕਦੀ, ਸ਼ਰਮੋ-ਸ਼ਰਮੀ ਹੋ ਗਈ। ਸਤਲੁਜ ਤੇ ਬਿਆਸ ਦੀਆਂ ਗਿੱਲੀਆਂ ਅੱਖਾਂ, ਜਿਹਲਮ, ਰਾਵੀ ਤੇ ਝਨਾਂ ਨੂੰ ਯਾਦ ਕਰ ਰਹੀਆਂ ਹਨ। ਆਤੰਕਵਾਦ ਨੇ ਪੰਜਾਬ ਦਾ ਸਾਹ ਹੀ ਸੂਤ ਲਿਆ। ਨੂਰ ਨੇ ਆਪਣੇ ਦਿੱਲ ਦੇ ਦਰਦ ਨੂੰ ਬੜੇ ਹੀ ਮਰਮ-ਮਈ ਅੰਦਾਜ਼ ਵਿਚ ਪ੍ਰਗਟ ਕੀਤਾ ਹੈ:
ਸੂਤੇ ਸਾਹ ਪੰਜਾਬ ਦੇ ਦਹਿਸ਼ਤਾਂ ਨੇ,
ਅੱਜ ਦਾ ਚਾਅ ਮੋਇਆ, ਕਲ੍ਹ ਦੀ ਆਸ ਮੋਈ,
ਪੁਲਿਸ ਰਾਜ ਦੀ ਜਦੋਂ ਤਸਵੀਰ ਵੇਖੇ,
ਅੱਖਾਂ ਅੱਡੀਆਂ ਰਹਿਣ ਇਤਿਹਾਸ ਦੀਆਂ।
ਨੂਹ-ਨਦੀ, ਤੂਫ਼ਾਨ, ਭੁਚਾਲ ਆਏ,
ਨੀਤੀ, ਭਾਸ਼ਾ, ਜਨੂੰਨ ਦੀ ਛੁਰੀ ਲੈ ਕੇ,
ਚੋਂਦਾ ਰਿਹਾ ਪੰਜਾਬ ਦਾ ਖ਼ੂਨ ਤਿਪ-ਤਿਪ
ਏਥੇ ਵਰਤੀਆਂ ਨਿੱਤ ਤ੍ਰਾਸਦੀਆਂ। (ਗ਼ਜ਼ਲ ਨੰਬਰ 3, ਪੰਨਾ 17)
ਪੰਜਾਬ ਦਾ ਘਰ ਘਰ, ਵਿਰਲਾਪ ਦੀ ਲਪੇਟ ਵਿਚ ਤ੍ਰਾਹ ਤ੍ਰਾਹ ਕਰਦਾ ਹੈ। ਅਜਿਹੇ ਸਮੇØਂ ਵਿਚ ਸੱਜਣਾਂ ਦਾ ਮੇਲ ਵੀ ਨਾਦਰ ਦੇ ਮੇਲ ਵਰਗਾ ਹੀ ਹੋ ਨਿਬੜਦਾ ਹੈ। ਲੋਕਾਂ ਦੇ ਮਨਾਂ ਅੰਦਰ ਜ਼ਹਿਰ ਉਂਡੇਲ ਦਿੱਤਾ ਗਿਆ ਹੈ। ‘ਮਾਂ ਦੀ ਕੁੱਖ’ ਦਾ ਨਿਰਾਦਰ ਕਰਦਿਆਂ ਉਸ ਵਿਚ ‘ਕਹਿਰ ਦਾ ਅੱਕ’ (ਅੱਕ ਦਾ ਦੁੱਧ) ਚੋ ਦਿੱਤਾ ਗਿਆ ਹੈ। ਨੂਰ ਦੀ ਅੱਠਵੀਂ ਗ਼ਜ਼ਲ ਦੇ ਸ਼ਿਅਰ ਕਾਬਲੇ ਜ਼ਿਕਰ ਅਤੇ ਧਿਆਨ ਮੰਗਦੇ ਹਨ। ਸ਼ਿਅਰਾਂ ਦਾ ਆਨੰਦ ਅਤੇ ਆਨੰਦ ਰਾਹੀਂ ਇਕ ਟੀਸ ਦਾ ਅਨੁਭੱਵ ਕਰਨ ਤੋਂ ਪਹਿਲਾਂ ਇਸ ਗ਼ਜ਼ਲ ਦਾ ਮਤਲਾ ਅਤੇ ‘ਹੁਸਨੇ ਮਤਲੇ’ ਵੇਖਣ ਯੋਗ ਹਨ:
ਮਤਲਾ:
ਫੁਲ ਮੰਗੇ ਸੀ ਤੇ ਸਾਨੂੰ ਰਾਂਗਲੇ ਪੱਥਰ ਮਿਲੇ।
ਕਹਿਰ ਹੈ ਕਾਅਬੇ ‘ਚ ਸਾਨੂੰ ਅਤਿ ਦੇ ਕਾਫ਼ਰ ਮਿਲੇ।
ਹੁਸਨੇ ਮਤਲਾ(2):
ਹੱਸਦੀਆਂ ਕਬਰਾਂ ਅਤੇ ਵਿਰਲਾਪ ਕਰਦੇ ਘਰ ਮਿਲੇ।
ਤੂੰ ਮਿਲੇਂ ਮੈਂਨੂੰ ਜਿਵੇਂ ਪੰਜਾਬ ਨੂੰ ਨਾਦਰ ਮਿਲੇ।
ਕਿਆ ਬਾਤ ਹੈ: ਤੂੰ ਮਿਲੇਂ ਮੈਂਨੂੰ ਜਿਵੇਂ ਪੰਜਾਬ ਨੂੰ ਨਾਦਰ ਮਿਲੇ।
ਹੁਸਨੇ ਮਤਲਾ(3):
ਅੱਜ ਰਿੰਦਾਂ ਨੂੰ ਮਨਾਂ ਦੀ ਜ਼ਹਿਰ ਦੇ ਸਾਗਰ ਮਿਲੇ।
ਦੁਸ਼ਮਣਾਂ ਦੀ ਲੋੜ ਨਹੀਂ ਜਦੋਂ ਦੇ ਮਿੱਤਰ ਮਿਲੇ।
ਪੰਜਾਬ ਜਿਸ ਅੱਗ ਦੀ ਲਪੇਟ ਵਿਚ ਘਿਰਿਆ ਰਿਹਾ, ਉਸ ਵਿਚ ਸਭ ਵਰਤਾਰੇ ਸਿੱਖਰ ਦੇ ਹੀ ਮਿਲੇ:
ਮਾਂ ਦੀ ਕੁੱਖ ਅੰਦਰ ਕਹਿਰ ਦਾ ਅੱਕ ‘ਚੋ ਦਿੱਤਾ ਗਿਆ,
ਚਿਤਾ ਦੀ ਡੋਲੀ ‘ਚ ਅੱਜ-ਕੱਲ ਲਾਡਲੀ ਨੂੰ ਵਰ ਮਿਲੇ।
ਕੀ ਮਿਲੇ, ਕਾਹਦੇ ਮਿਲੇ, ਬ੍ਰਿਹਾ ਮਣਸ ਕੇ ਟੁਰ ਗਏ,
ਜਿਸ ਤਰ੍ਹਾਂ ਸੁਪਨੇ ‘ਚ ਮਾਰੂਥਲਾਂ ਨੂੰ ਸਾਗਰ ਮਿਲੇ।
ਕੋਈ ਹਸਰਤ ਨਾ ਰਹੀ ਉਹ ਇੰਝ ਮਿਲੇ ਸਾਨੂੰ ਜਿਵੇਂ,
ਸਿਰ ਨੂੰ ਸਰਵਾਹੀ ਮਿਲੇ ਤੇ ਦਿਲੇ ਨੂੰ ਖੰਜਰ ਮਿਲੇ।
ਅਤੇ:
ਬੋਲ ਬਾਲਾ ਹੋ ਗਿਆ ਹੈ ਡਾਲਰੀ ਤਹਿਜ਼ੀਬ ਦਾ,
ਅੱਜ ਖ਼ੱਫ਼ਣ ਦੀ ਜਗ੍ਹਾ ਨੰਗੇਜ ਦੀ ਚਾਦਰ ਮਿਲੇ
‘ਨੂਰ’ ਅਮਰ ਪੰਜਾਬ ਦੇ ਵਾਸੀਆਂ, ਵਾਰਸਾਂ ਅਤੇ ਰਹਿਬਰਾਂ ਨੂੰ ਸੰਬੋਧਨ ਹੋ ਕੇ ਕਲਮ ਦੀ ਅਥਾਹ ਸ਼ਕਤੀ ਦਾ ਅਹਿਸਾਸ ਦਿਲਾਉਂਦਾ ਹੈ। ਉਹ ਕਲਮਕਾਰਾਂ ਨੂੰ ਪੁੱਛਣ ਦਾ ਹੀਆ ਕਰਦਾ ਹੈ ਕਿ ਕਲਮ ਦੀ ਜੀਭ ਕਦੋਂ ਤਕ ਗੁੰਗੀ ਰਹਿ ਕੇ ਪੰਜਾਬ ਦੇ ਦੁਖਾਂਤ ਤੋਂ ਮੂੰਹ ਮੋੜੀ ਰਹੇਗੀ। ਉਹ ਕਹਿੰਦਾ ਹੈ ਕਿ ਅੱਜ ਇਕੱਲਿਆਂ ਰਾਮ, ਨਾਨਕ, ਰਵੀਦਾਸ ਨੂੰ ਹੀ ਨਹੀਂ ਵੰਡਿਆ ਗਿਆ ਸਗੋਂ ਅਰਦਾਸ ਅਤੇ ਆਸ ਦੀਆਂ ਵੀ ਵੰਡੀਆਂ ਪਾ ਲਈਆਂ ਗਈਆਂ ਹਨ। ਅੱਜ ਅਸੀਂ ਧੁੱਪ-ਛਾਂ, ਪੌਣ ਤੇ ਪਾਣੀ ਵੀ ਵੰਡਣ ਲੱਗ ਪਏ ਹਾਂ। ਅਜਿਹੀ ਹਾਲਤ ਵਿਚ ਮਨੁੱਖਤਾ ਸਾਹ ਕਿਵੇਂ ਲਵੇਗੀ? ਨੂਰ ਪੁੱਛਦਾ ਹੈ ਕਿ ਅਸੀਂ ਮਹਿਕਦੇ ਬਾਗ਼ਾਂ ਨੂੰ ਮੜ੍ਹੀਆਂ ਮਸਾਣਾਂ ਵਿਚ ਤਬਦੀਲ ਕਰਦੇ ਹੋਏ ਕਿਹੜੀ ਔਲਾਦ ਲਈ ਲੜ ਰਹੇ ਹਾਂ? ਸਾਡੀ ਹੈਵਾਨਗੀ ਤੋਂ ਤਾਂ ਅੱਜ ਦੇ ਬਾਲਕ ਵੀ ਡਰ ਜਾਣਗੇ। ਇਸ ਲਈ ਗ਼ਜ਼ਲਗੋ ਨੂਰ ਚਿਤਾਵਨੀ ਦਿੰਦਾ ਹੈ:
ਖੰਡੇ, ਤ੍ਰਿਸੂਲ ਦੀ ਜੇ ਖੜਕਦੀ ਰਹੀ
ਅਰਜ਼ ਤੇ ਤੂਲ ਦੀ ਜੇ ਖੜਕਦੀ ਰਹੀ,
ਈਸ਼ਵਰ ਦੀ ਮੜ੍ਹੀ, ਆਸ ਦੀ ਲਾਸ਼ ਤੇ
ਗੁਰਦੁਆਰੇ ਤੇ ਮੰਦਰ ਉਸਰ ਜਾਣਗੇ।
ਸਾਂਝੀਆਂ ਬੇਟੀਆਂ, ਬੁਰਕੀਆਂ ਦੀ ਕਸਮ
ਸਾਂਝੀਆਂ ਸ਼ਾਦੀਆਂ, ਅਰਥੀਆਂ ਦੀ ਕਸਮ,
ਦੋਸਤੀ ਦਾ ਰਵੀ ਜੇ ਕਤਲ ਹੋ ਗਿਆ
ਚਾਰ ਕੂੰਟੀ ਹਨ੍ਹੇਰ ਪਸਰ ਜਾਣਗੇ।
ਨੂਰ ਇਹ ਮੰਨ ਕੇ ਤੁਰਦਾ ਹੈ ਕਿ ਜ਼ੁਲਮ ਕਰਨਾ ਤੇ ਸਹਿਣਾ ਦੋਵੇਂ ਹੀ ਪਾਪ ਨੇ। ਡਰਨ ਵਾਲਾ ਮੌਤ ਆਉਣ ਤੋਂ ਪਹਿਲਾਂ ਹੀ ਕਈ ਵਾਰ ਮਰਦਾ ਹੈ। ਜੀਣ ਵਾਲੇ ਕਿਆਮਤ ਦੇ ਕਹਿਰ ਤੋਂ ਵੀ ਨਹੀਂ ਡਰਦੇ ਜਦ ਕਿ ਡਰਪੋਕ ਮੌਤ ਆਉਣ ਤੋਂ ਪਹਿਲਾਂ ਡਰ ਕਾਰਨ ਹਰ ਪੱਲ, ਹਰ ਘੜੀ ਮਰਦੇ ਹੀ ਰਹਿੰਦੇ ਹਨ:
ਜ਼ੁਲਮ ਕਰਨਾ ਤੇ ਸਹਿਣਾ ਨਿਰਾ ਪਾਪ ਹੈ
ਬੁਜ਼ਦਿਲੀ ਨਰਕ ਹੈ, ਘੋਰ ਸੰਤਾਪ ਹੈ,
ਜੀਣ ਵਾਲੇ ਕਿਆਮਤ ਤੋਂ ਡਰਦੇ ਨਹੀਂ
ਡਰਨ ਵਾਲੇ ਕਈ ਵਾਰ ਮਰ ਜਾਣਗੇ।
‘ਨੂਰ’ ਜੀਵਨ ਨੂੰ ਕਲਾ ਮੰਨਦਾ ਹੈ। ਉਹ ਦੋਸਤੀ ਨੂੰ ਰੱਬ ਤੋਂ ਵੀ ਵੱਡਾ ਗਰਦਾਨਦਾ ਹੈ। ਉਸਨੂੰ ਡਰ ਹੈ ਕਿ ਜੇਕਰ ਜੀਵਨ ਡੁਸਕਦਾ ਰਿਹਾ ਅਤੇ ਦੋਸਤੀ ਵਿਲਕਦੀ ਰਹੀ ਤਾਂ ਕਲਾ ਅਤੇ ਕਲਾ ਦੇ ਪੈਗੰਬਰ ਕਿਹੜੇ ਖੂਹ-ਖਾਤੇ ਪੈਣਗੇ:
ਜ਼ਿੰਦਗੀ ਤੋਂ ਵਡੇਰੀ ਕਲਾ ਕੋਈ ਨਾ
ਦੋਸਤੀ ਤੋਂ ਵਡੇਰਾ ਖ਼ੁਦਾ ਕੋਈ ਨਾ,
ਜ਼ਿੰਦਗੀ ਡੁਸਕਦੀ, ਦੋਸਤੀ ਵਿਲਕਦੀ
ਹੁਣ ਕਲਾ ਦੇ ਪੈਗੰਬਰ ਕਿਧਰ ਜਾਣਗੇ?
ਇਸ ਲਈ ਹੇ ਪੰਜਾਬ ਦੇ ਵਾਰਸੋ! ਸਮੇਂ ਦੀ ਨਬਜ਼ ਨੂੰ ਪਹਿਚਾਣੋ:
ਅਮਰ ਪੰਜਾਬ ਦੇ ਵਾਰਿਸੋ, ਰਹਿਬਰੋ!
ਵਕਤ ਸਮਝਾ ਰਿਹਾ, ਲਾਅਨਤਾਂ ਪਾ ਰਿਹਾ,
ਵਕਤ ਦੀ ਨਬਜ਼ ਨੂੰ ਜੋ ਨਹੀਂ ਸਮਝਦੇ,
ਬੀਤ ਗਏ ਵਕਤ ਵਾਂਗੂ ਗੁਜ਼ਰ ਜਾਣਗੇ। —(ਗ਼ਜ਼ਲ ਨੰਬਰ 11-ਪੰਨਾ 29)
ਧਰਮ ਅੱਜ ਧੰਧੇ ਦਾ ਰੂਪ ਅਖ਼ਤਿਆਰ ਕਰਕੇ ਮਨੁੱਖਤਾ ਦੇ ਜਿਸਮ ਵਿਚ ‘ਭਾਰੇ ਸ਼ੀਸ਼ੇ(ਸਿੱਕੇ)’ ਵਾਂਗੂੰ ਉਤਰ ਚੁੱਕਿਆ ਹੈ। ਨੂਰ, ਅਜਿਹੀ ਦਸ਼ਾ ਦੀ ਦੁਹਾਈ ਪਾਉਂਦਿਆਂ ‘ਜਨੂੰਨ ਦੀ ਅੱਗ’ ਦਾ ਕਿੰਨਾ ਸੁਹਣਾ ਵਰਨਣ ਕਰਦਿਆਂ ‘ਅੱਲਾ’ ਦੀ ਹੋਂਦ ਲਈ ਵੀ ਚਿੰਤਤ ਹੈ:
ਦੁਹਾਈ ਰਾਮ ਦੀ ਮਜ਼੍ਹਬ ਦਾ ਭੋਗ ਪੈ ਚੁੱਕਾ,
ਜਨੂੰਨੀ ਅੱਗ ਵਿਚ ਅੱਲਾ ਵੀ ਜਲ ਨਾ ਜਾਏ ਕਿਤੇ।
ਪਤਾ ਨਹੀਂ ‘ਖ਼ੁਦਾ’ ਨੇ ਆਦਮੀ ਬਣਾਇਆ ਕਿ ਆਦਮੀ ਨੇ ‘ਖ਼ੁਦਾ’ ਪਰ ਇੰਝ ਭਾਸਦਾ ਹੈ ਕਿ ਅੱਜ ਖ਼ੁਦਾ ਵੀ ਆਪਣੀ ਕਰਨੀ ਤੇ ਪਛਤਾਵਾ ਕਰ ਰਿਹਾ ਹੈ:
ਖ਼ੁਦਾ ਵਿਚਾਰਾ ਤਾਂ ਝੂਰਦਾ ਹੈ
ਹੱਵਾ ਤੇ ਆਦਮ ਦਾ ਬੁੱਤ ਬਣਾ ਕੇ,
ਖ਼ੁਦਾ ਦੇ ਬੰਦੇ ਨੇ ਕੀ ਨਾ ਕੀਤਾ
ਖ਼ੁਦਾ ਨੂੰ ਬੰਦਾ ਬਣਾਉਣ ਲੱਗਿਆਂ।
ਇਹ ਸੰਗ ਮਰ-ਮਰ ਦੀ ਜੇਲ੍ਹ ਅੰਦਰ
ਹਵਾ ਦੀ ਖ਼ੁਸ਼ਬੂ ਨਾ ਕੈਦ ਹੋਈ,
ਤੂੰ ਪੱਥਰਾਂ ਨੂੰ ਹੈ ਸਿਰ ਚੜ੍ਹਾਇਆ
ਦਇਆ ਦਾ ਮੰਦਰ ਬਣਾਉਣ ਲੱਗਿਆਂ।
ਤੂੰ ਅੱਕ ਬੀਜ਼ੇਂ ਤੇ ਅੰਬ ਲੋਚੇਂ,
ਹਨ੍ਹੇਰ ਪਾਵੇਂ ਤੇ ਨੂਰ ਭਾਲੇਂ,
ਤੂੰ ਅਪਣੇ ਝੁੱਗੇ ਦੀ ਖ਼ੈਰ ਮੰਗੇਂ
ਕਿਸੇ ਦਾ ਦੀਵਾ ਬੁਝਾਉਣ ਲੱਗਿਆਂ।
ਸੰਸਾਰ ਵਿਚ ਆਮ ਕਰਕੇ ਅਤੇ ਭਾਰਤ ਸਮੇਤ ਹੋਰ ਏਸ਼ਿਆਈ ਦੇਸ਼ਾਂ ਵਿਚ ਵਿਸ਼ੇਸ਼ ਕਰਕੇ ਧਰਮ ਨੇ ਜੋ ‘ਗੁਲ ਖਿਲਾਏ’ ਹਨ, ਉਹਨਾਂ ਦੀ ਚੋਭ ਤੋਂ ਕਵੀ ਮਨ ਦੁਖੀ ਹੋਣੋਂ ਨਹੀਂ ਰਹਿ ਸਕਦੇ। ਇਕੀਵੀਂ ਸਦੀ ਦੇ ਲਗਪਗ ਆਰੰਭ ਹੋਣ ਤੇ ਅੱਜ ਵੀ ਧਰਮ ਦੇ ਨਾਂ ਤੇ ਕੋਝੇ ਵਰਤਾਰੇ ਵਾਪਰ ਰਹੇ ਹਨ। ਜਨੂੰਨ ਦੀ ਹੱਦ ਤਕ ਪਸਰਿਆ ਧਰਮ, ਨਫ਼ਰਤ ਦੀ ਹਨੇਰੀ ਝੁਲਾਉਣ ਵਿਚ ਪੂਰਾ ਤਾਣ ਲਾ ਰਿਹਾ ਹੈ। ਕੌਣ ਜਾਣਦਾ ਹੈ ਕਿ ਇਸ ਦਾ ਨਤੀਜਾ ਕੀ ਨਿਕਲੂ? ਬਹੁਤ ਸਾਰੇ ਸੁਆਲਾਂ ਦੇ ਜਵਾਬ ਲੱਭਣੇ ਜ਼ਰੂਰੀ ਹਨ:
ਕੀ ਪਤਾ ਹੈ ਅਜੇ ਸਾਡੀ ਦੋਸਤੀ ਦਾ ਕੀ ਬਣੂੰ?
ਰਹਿ ਗਿਆ ਹੈ ਕੀ ਤੇ ਹਾਲੀ ਹੋਰ ਕੀ ਦਾ ਕੀ ਬਣੂੰ?
ਨਰਕ ਦੀ ਭੱਠੀ ‘ਚ ਅੱਲਾ, ਈਸ਼ਵਰ ਝੋਕੇ ਗਏ,
ਰਾਮ ਜਾਣੇ ਅਜੇ ਮਸਜਦ ਬਾਬਰੀ ਦਾ ਕੀ ਬਣੂੰ?
ਚੇਤ ਦੀ ਰੁੱਤੇ ਕੋਈ ਬਾਗ਼ੇ ਚੁਆਤੀ ਲਾ ਗਿਆ,
ਜੋ ਖਿੜੀ ਮਹਿਕੀ ਨਹੀਂ ਸੀ ਉਸ ਕਲੀ ਦਾ ਕੀ ਬਣੂੰ?
ਇਸੇ ਲਈ ਗ਼ਜ਼ਲਗੋ ਨੂਰ ਪਚ੍ਹੀਵੀਂ ਗ਼ਜ਼ਲ ਦੇ ਇਕ ਸ਼ਿਅਰ ਵਿਚ ਸਪਸ਼ਟ ਕਰਦਾ ਹੈ ਕਿ ਜਿਸ ਥਾਂ ਉਤੇ ਕੋਮਲ ਆਤਮਾਵਾਂ ਨੂੰ ਕੋਹਿਆ ਜਾਂਦਾ ਹੋਵੇ ਉਸ ਥਾਂ ਨੂੰ ਮੰਦਰ ਕਿਵੇਂ ਆਖਿਆ ਜਾ ਸਕਦਾ ਹੈ? ਨਿਸਚੈ ਹੀ ਅਜਿਹੀ ਥਾਂ ਤਾਂ ਬੁਚੜਖਾਨਾ ਹੀ ਹੋ ਸਕਦਾ ਹੈ:
ਜੱਥੇ ਕੋਮਲ ਰੂਹ ਦਾ ਧਰਮ ਜ਼ਿਬ੍ਹਾ ਹੁੰਦਾ ਹੈ,
ਬੁਚੜਖ਼ਾਨਾ ਹੋਣੈ, ਉਹ ਮੰਦਰ ਨਹੀਂ ਹੋਣਾ।
‘ਨੂਰ’ ਨੇ ਇਸ ਗ਼ਜ਼ਲ ਦੇ ਅਗਲੇ ਸ਼ਿਅਰਾਂ ਵਿਚ ਦੱਸਿਆ ਹੈ ਕਿ ਜਿਸਦੇ ਮੂੰਹ ਵਿਚੋਂ ‘ਹਉਂਮੈਂ’ ਦੀ ਬਦਬੂ ਆ ਰਹੀ ਹੋਵੇ ਉਹ ਮਨੁੱਖ ਰਹਿਬਰ ਨਹੀਂ ਹੋ ਸਕਦਾ, ਉਹ ਤਾਂ ਚੋਰ-ਉਚੱਕਾ ਹੀ ਹੋਵੇਗਾ। ਪੰਛੀ ਦੇ ਖੰਭ ਤਾਂ ਆਕਾਸ਼ ਦੀਆਂ ਉਡਾਣਾਂ ਮਾਨਣ ਲਈ ਹੁੰਦੇ ਹਨ ਪਾਤਾਲ ਵਿਚ ਲਹਿ ਜਾਣ ਲਈ ਨਹੀਂ। ਜਿਸਨੇ ਸੂਰਜ ਦਾ ਜਾਦੂ ਵੇਖ ਲਿਆ ਹੋਵੇ ਉਹ ਭਲਾ ਹੁਣ ਹਨੇਰਾ ਕਿਵੇਂ ਜਰ ਸਕਦਾ ਹੈ:
ਜੀਹਦੇ ਮੂੰਹੋਂ ‘ਮੈਂ, ਮੈਂ’ ਦੀ ਬਦਬੂ ਆਉਂਦੀ ਹੈ,
ਚੋਰ-ਉਚੱਕਾ ਹੋਣੈ, ਉਹ ਰਹਿਬਰ ਨਈਂ ਹੋਣਾ।
ਜੋ ਪਰਵਾਜ਼ਾਂ, ਪਾਤਾਲਾਂ ਵਿਚ ਲਾਹ ਦਿੰਦਾ ਹੈ,
ਪੱਥਰ ਹੋਣੈ, ਉਹ ਪੰਛੀ ਦਾ ਪਰ ਨਈਂ ਹੋਣਾ।
ਮੈਂ ਜਦ ਤੋਂ ਸੂਰਜ ਦਾ ਜਾਦੂ ਵੇਖ ਲਿਆ ਹੈ,
ਲਗਦਾ ਹੈ ਰਾਤਾਂ ਦਾ ਨ੍ਹੇਰਾ ਜਰ ਨਈਂ ਹੋਣਾ।
‘ਨੂਰ’ ਖ਼ੁਦਾ ਨੂੰ ਮਨੁੱਖ ਦੇ ਦਿੱਲ ਦੇ ਬਹੁਤ ਨੇੜੇ ਦੀ ਸ਼ੈ ਦੱਸਦਾ ਹੈ। ਦਰਅਸਲ, ਉਹ ਖ਼ੁਦਾ ਨੂੰ ਮਨੁੱਖ ਦਾ ਇਕ ਅੰਗ ਹੀ ਤਸੱਵਰ ਕਰਦਾ ਹੈ। ਇਸੇ ਕਾਰਨ ਉਹ ਮਨੁੱਖ ਨੂੰ ਆਪਣੀ ਕਿਸਮਤ ਦਾ ਰੱਬ ਸਮਝਕੇ, ਨਿੱਕੀਆਂ ਨਿੱਕੀਆਂ ਆਹਟਾਂ ਤੇ ਆਵਾਜ਼ਾਂ ਵਲ ਧਿਆਨ ਦੇਣ ਦੀ ਪ੍ਰੇਰਨਾ ਕਰਦਾ ਹੈ:
ਆਪਣੀ ਕਿਸਮਤ ਦਿਓ ਖ਼ੁਦਾਓ।
ਕਿਸਮਤ ਹੱਥੋਂ ਮਿਟ ਨਾ ਜਾਓ।
ਇਸ ਆਵਾਜ਼ ਦਾ ਮੁਖੜਾ ਚੁੰਮੋ,
ਉਸ ਆਹਟ ਨੂੰ ਸੀਸ ਨਿਵਾਓ।
ਦੂਰੀ ਦਿਲ ਨੂੰ ਖਾ ਜਾਂਦੀ ਹੈ
ਦਿਲ ਤੋਂ ਮੂਲੋਂ ਦੂਰ ਨਾ ਜਾਓ।
ਅਤੇ:
ਸੂਰਜਮੁਖੀਓ, ਜਾਗੋ, ਮਹਿਕੋ,
ਇਸ ਜੰਗਲ ਨੂੰ ਬਾਗ਼ ਬਣਾਓ। —-(ਗ਼ਜ਼ਲ ਨੰਬਰ 27- ਪੰਨਾ 47)
‘ਨੂਰ’ ਇਹ ਸੱਚ ਭਲੀ ਭਾਂਤੀ ਜਾਣਦਾ ਹੈ ਕਿ ਅਮਨ ਜਾਂ ਸ਼ਾਂਤੀ ਦੀ ਪ੍ਰਾਪਤੀ ਸਹਿਜੇ ਹੀ ਨਹੀਂ ਹੋ ਸਕਦੀ। ਮਨੁੱਖੀ ਜੀਵਨ ਵਿਚ ਸ਼ਾਂਤੀ ਦੀ ਬੜੀ ਮਹੱਤਤਾ ਹੈ, ਲੋੜ ਹੈ। ਮਨੁੱਖ ਦੇ ਆਲੇ ਦੁਆਲੇ ਪਸਰੇ ਨ੍ਹੇਰਿਆਂ ਵਿਚ ਜੀਵਨ ਦੀ ਆਸ ਕਿੱਥੇ? ਅਮਨ-ਆਸ ਦੀ ਬਰਕਰਾਰੀ ਲਈ ਸੰਗਰਾਮ ਲੋੜੀਂਦਾ ਹੈ:
ਅਮਨ ਦ ਵਾਸਤੇ ਸੰਗਰਾਮ ਦੀ ਜ਼ਰੂਰਤ ਹੈ,
ਇਹ ਉਮਰ ਵੀ ਤਾਂ ਲੜਾਈ ਹੈ ਜ਼ਿੰਦਗੀ ਦੇ ਲਈ।
ਕਹਿਰ ਦੀ ਔੜ ਹੈ ਤੇ ਰਿਸ਼ਤਿਆਂ ਦੇ ਜੰਗਲ ਨੂੰ,
ਅਜਲ ਨੇ ਅੱਗ ਲਗਾਈ ਜ਼ਿੰਦਗੀ ਦੇ ਲਈ।
ਗ਼ਜ਼ਲਗੋ ਨੂਰ ਨੇ ਬਰਤਾਨੀਆ ਰਹਿੰਦੇ ਹੋਏ ਜਿੱਥੇ ਪੰਜਾਬ ਦੀ ਤ੍ਰਾਸਦੀ ਅਤੇ ਧਰਮ ਦੇ ਨਾਂ ਤੇ ਜ਼ਹਿਰ ਭਰੀਆਂ ਨਫ਼ਰਤ ਫੈਲਾਉਣ ਵਾਲੀਆਂ ਸਥਿਤੀਆਂ ਦਾ ਜ਼ਿਕਰ ਕੀਤਾ ਉਸਦੇ ਨਾਲ ਹੀ ਉਸਨੇ ਬਰਤਾਨਵੀ ਸੰਦਰਭਾਂ ਨਾਲ ਵੀ ਪੂਰੀ ਤਰ੍ਹਾਂ ਖੁਭ੍ਹ ਕੇ ਨਿਆਂ ਕੀਤਾ। ਉਸ ਨੇ ਬਰਤਾਨੀਆ ਵਿਚ ਰਹਿ ਕੇ ਪਰਵਾਸ ਦੇ ਸਾਰੇ ਹੀ ਚੰਗੇ-ਮੰਦੇ ਵਰਤਾਰੇ ਆਪਣੇ ਸਰੀਰ ਅਤੇ ਆਤਮਾ ਉਤੇ ਝੱਲੇ। ਉਹ ਉਲਾਰ ਨਹੀਂ ਹੋਇਆ ਸਗੋਂ ਉਸਨੇ ਮਨੁੱਖੀ ਸਾਂਝ ਅਤੇ ਰਵਾਦਾਰੀ ਪਾਲਦਿਆਂ ਹਰ ਮਸਲੇ ਨੂੰ ਚੰਗੀ ਤਰ੍ਹਾਂ ਘੋਖਿਆ-ਪਰਖਿਆ। ਉਸਨੇ ਹੋਰ ਬਰਤਾਨਵੀ ਸਾਹਿੱਤਕਾਰਾਂ ਵਾਂਗ ਹੀ ਇਸ ਓਪਰੀ ਧਰਤੀ ਨੂੰ ਅਪਨਾਉਣ ਲਈ ਅਤੇ ਇੱਥੇ ਸਥਾਪਤ ਹੋਣ ਲਈ ਭਿੰਨ ਭਿੰਨ ਖੇਤਰਾਂ ਵਿਚ ਜੱਦੋਜਹਦ ਕੀਤੀ। ਇਸ ਲਈ ਉਸਨੇ ਪਰਵਾਸੀ ਮਨ ਦੇ ਉਦਰੇਵੇਂ ਤੋਂ ਲੈਕੇ ਰੰਗ ਅਤੇ ਨਸਲ ਕਾਰਨ ਹੁੰਦੀਆਂ ਵਧੀਕੀਆਂ ਦਾ ਜ਼ਿਕਰ ਆਪਣੀ ਸ਼ਾਇਰੀ ਵਿਚ ਕੀਤਾ ਹੈ। ਪਰਵਾਸੀ ਮਾਨਸਿਕਤਾ ਵਿਚ ਪਰਦੇਸ ਜਲਾਵਤਨੀ ਦਾ ਸਥਾਨ ਹੀ ਤਾਂ ਹੈ:
ਕੋਈ ਪਰਦੇਸ ਟੁਰ ਜਾਵੇ, ਕੋਈ ਪਰਲੋਕ ਤੁਰ ਜਾਵੇ,
ਜਲਾ-ਵਤਨੀ ਮਨੁੱਖ ਦੇ ਨਾਲ ਭੁੱਖ ਦੇ ਵਾਂਗ ਤੁਰਦੀ ਹੈ।
ਬਰਤਾਨੀਆ ਵਿਚ ਰਹਿੰਦਿਆਂ ਪੰਜਾਬੀ ਆਵਾਸੀਆਂ ਦੀਆਂ ਬਹੁਤ ਸਾਰੀਆਂ ਦੁਸ਼ਵਾਰੀਆਂ ਨਸਲੀ ਵਿਤਕਰੇ, ਨਸਲਵਾਦੀਆਂ ਵਲੋਂ ਪਰਵਾਸੀਆਂ ਉਤੇ ਸਰੀਰਕ ਅਤੇ ਮਾਨਸਿਕ ਹਮਲਿਆਂ ਤੋਂ ਪੈਦਾ ਹੁੰਦੀਆਂ ਹਨ। ਵੇਖਣ ਨੂੰ ਭਾਵੇਂ ਉਹ ਆਰਥਕ ਤੌਰ ਤੇ ਸੁਖਾਲੇ ਹੋ ਗਏ ਹਨ ਪਰ ਜ਼ਹਿਨੀ ਤੌਰ ਉਤੇ ਉਹ ਸਦਾ ਹੀ ਪਰੇਸ਼ਾਨ ਰਹਿੰਦੇ ਹਨ। ਜਦੋਂ ਕੋਈ ਨਸਲਵਾਦੀ ਗੋਰਾ, ਪਰਵਾਸੀ ਨੂੰ ਰੰਗ ਦੀ ਗਾਲ੍ਹ ਕੱਢਦਾ ਹੈ ਤਾਂ ਉਸ ਦੀ ਛਾਤੀ ਵਿਚ ਜ਼ਹਿਰ ਭਿੱਜਾ ਖੰਜਰ ਲਹਿ ਜਾਂਦਾ ਹੈ। ਸੱਤਰਵੀਂ ਗ਼ਜ਼ਲ ਦੇ ਸ਼ਿਅਰਾਂ ਰਾਹੀਂ ‘ਨੂਰ’ ਨਸਲਵਾਦ ਦਾ ਸ਼ਿਕਾਰ ਹੋਈ ਜ਼ਖ਼ਮੀ ਪਰਵਾਸੀ ਮਾਨਸਿਕਤਾ ਦਾ ਨਕਸ਼ਾ ਖ੍ਹਿਚਦਾ ਹੈ:
ਜਦ ਕੋਈ ਮੈਂਨੂੰ ਕਾਲਾ ਕਾਲਾ ਕਹਿ ਜਾਂਦਾ ਹੈ।
ਮੇਰੀ ਰੂਹ ਵਿਚ ਜ਼ਹਿਰੀ ਖੰਜਰ ਲਹਿ ਜਾਂਦਾ ਹੈ।
ਨਸਲਵਾਦ ਦਾ ਅੰਨ੍ਹਾ, ਖ਼ੂਨੀ ਹੜ੍ਹ ਕੀ ਜਾਣੇ,
ਸਾਡਾ ਕੀ ਕੁਝ ਰੁੜ੍ਹਦਾ, ਕੀ ਕੁਝ ਰਹਿ ਜਾਂਦਾ ਹੈ।
ਅਤੇ ਫਿਰ:
ਰੰਗ ਦੀ ਰੰਬੀ, ਛੁੱਰੀ ਨਸਲ ਦੀ ਸਾਣੇ ਲਾ ਕੇ,
ਬੁੱਚੜ ਮੇਰੇ ਹੱਕ ਦੀ ਹਿੱਕ ਤੇ ਬਹਿ ਜਾਂਦਾ ਹੈ।
ਪਰ ‘ਨੂਰ’ ਇਹ ਵੀ ਜਾਣਦਾ ਹੈ ਕਿ ਜਿੰਨੀ ਪੀੜ ਕੋਈ ਸਹਿ ਲੈਂਦਾ ਹੈ ਇਹ ਸੂਲੀ ਉਸ ਲਈ ਓਨੀ ਹੀ ਉØੱਚੀ ਅਤੇ ਤਿੱਖੀ ਹੋ ਜਾਂਦੀ ਹੈ:
ਸੂਲੀ ਓਨੀ ਉੱਚੀ, ਤਿੱਖੀ ਹੋ ਜਾਂਦੀ ਹੈ,
ਜਿੰਨੀ ਪੀੜ ਕੋਈ ਦੀਵਾਨਾ ਸਹਿ ਜਾਂਦਾ ਹੈ। —(ਪੰਨਾ 93)
ਇਸ ਕਾਰਨ, ਇਸ ਦੇ ਹੱਲ ਲਈ ਉਹ ਵਿਸ਼ਵਾਸ ਰੱਖਦਿਆਂ ਚੇਤਾਵਨੀ ਦਿੰਦਾ ਅਤੇ ਸਾਵਧਾਨ ਕਰਦਾ ਹੈ ਕਿ ਜੇਕਰ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਹੋਰ ਵੀ ਘੋਰ ਪਾਪ ਹੈ:
ਜ਼ੁਲਮ ਕਰਨਾ ਪਾਪ ਹੈ, ਤੇ ਜ਼ੁਲਮ ਸਹਿਣਾ ਘੋਰ ਪਾਪ,
ਤਸਬੀਆਂ ਨੇ ਹਾਰ ਕੇ ਤਲਵਾਰ ਨੂੰ ਹੱਥ ਪਾ ਲਿਆ।
‘ਨੂਰ’ ਰੰਗ ਦੀ ਥਾਂ ਝੜ ਗਏ ਅੰਗਾਂ ਦੀ ਗੱਲ ਕਰਨਾ ਲੋੜਦਿਆਂ ਅਮਨ/ਸ਼ਾਂਤੀ ਲਈ ਅਰਦਾਸੀ ਲਾਲੋ ਅਤੇ ਜ਼ਾਬਰ ਧਨਾਢ ਭਾਗੋ ਵਲੋਂ ਠੰਡੀ ਜੰਗ ਦੀ ਗੱਲ ਛੇੜ ਕੇ ਅਤਿ ਸੁਹਣੇ ਪ੍ਰਤੀਕ ਅਤੇ ਸ਼ਬਦ ਚਿਤ੍ਰ ਪੇਸ਼ ਕਰਦਾ ਹੈ:
ਬੜਾ ਚਿਰ ਕੀਤੀਆਂ ਨੇ ਦੋਸਤਾ! ਰੰਗਾਂ ਦੀਆਂ ਗੱਲਾਂ,
ਜ਼ਰਾ ਕੁ ਛੇੜੀਏ ਹੁਣ ਝੜ ਗਏ ਅੰਗਾਂ ਦੀਆਂ ਗੱਲਾਂ।
ਸਵੇਰੇ, ਸ਼ਾਮ ਇਕ ਲਾਲੀ ਜੇਹੀ ਅੰਬਰ ਤੇ ਛਾ ਜਾਵੇ,
ਜਦੋਂ ਵੀ ਛਿੜਦੀਆਂ ਤੇਰੀਆਂ ਸੰਗਾਂ ਦੀਆਂ ਗੱਲਾਂ।
ਜਦੋਂ ਲਾਲੋ ਅਮਲ ਵਿਚ ਅਮਨ ਦੀ ਅਰਦਾਸ ਕਰਦਾ ਹੈ,
ਉਦੋਂ ਭਾਗੋ ਕਰੇਂਦਾ ਠੰਡੀਆਂ ਜੰਗਾਂ ਦੀਆਂ ਗੱਲਾਂ।
ਅਤੇ:
ਮੱਗਰ-ਮੱਛਾਂ ਦੇ ਹੰਝੂ, ਲੂੰਬੜਾਂ ਦੇ ਬੋਲ ਪੂਜੇ ਗਏ,
ਕਿਸੇ ਨਾ ਗੌਲੀਆਂ ਘੁੱਗੀ ਦੀਆਂ ਮੰਗਾਂ ਦੀਆਂ ਗੱਲਾਂ।
ਜੀਵਨ ਅੱਗ ਦੀ ਨਦ ਵਿਚ ਨਹਾਉਂਦਾ ਫੜਿਆ ਜਾਵੇ ਅਤੇ ਦੋਸਤੀ ਦੇ ਵਿਹੜੇ ਵਿਚ ਦੁਸ਼ਮਣੀ ਨ੍ਹਾਉਂਦੀ ਫੜੀ ਜਾਵੇ ਤਾਂ ਫਿਰ ਆਦਮ ਦੇ ਨੂਰ ਦੀ ਪਿਆਸ ਕਿਸਤਰ੍ਹਾਂ ਬੁਝੇਗੀ? ਸ਼ਬਦਾਂ ਦਾ ਜਾਦੂ ਅਤੇ ਖਿਆਲਾਂ ਦੀ ਤੀਬਰਤਾ ਪੜ੍ਹਨ-ਮਾਨਣ ਨਾਲ ਹੀ ਸਬੰਧ ਰੱਖਦੀ ਹੈ:
ਅੱਗ ਦੀ ਨਦੀ ਚ ਜ਼ਿੰਦਗੀ ਨ੍ਹਾਉਂਦੀ ਫੜੀ ਗਈ।
ਯਾਰੀ ਦੇ ਵਿਹੜੇ ਦੁਸ਼ਮਣੀ ਨ੍ਹਾਉਂਦੀ ਫੜੀ ਗਈ।
ਤੜਪੇ ਕਿਵੇਂ ਨਾ ਮੁਸ਼ਕਿਆ ਛੱਪੜ ਹਨੇਰ ਦਾ,
ਜਿਹਦੇ ਲਹੂ ਚ ਰੌਸ਼ਨੀ ਨ੍ਹਾਉਂਦੀ ਫੜੀ ਗਈ।
ਚਾਂਦੀ ਸੁਨਹਿਰੀ ਹੋ ਗਈ, ਪਾਣੀ ਨਸ਼ੇ ਚ ਸੀ,
ਜਾਂ ਝੀਲ ਅੰਦਰ ਚਾਨਣੀ ਨ੍ਹਾਉਂਦੀ ਫੜੀ ਗਈ।
ਮਾਰੂਥਲਾਂ ਚ ਭੁੱਜ ਗਈ ਕਸਤੂਰੀਆਂ ਦੀ ਆਸ,
ਸੁਪਨੇ ਚ ਭਟਕਣ ਮਿਰਗ ਦੀ ਨ੍ਹਾਉਂਦੀ ਫੜੀ ਗਈ।
ਸਾਰੇ ਸ਼ਹਿਰ ਦੀ ਮੈਲ ਦੀ ਗੰਗਾ ਜਲੀ ਗੁਆਹ,
ਤੇਰੇ ਜ਼ਿਹਨ ਦੀ ਗੰਦਗੀ ਨ੍ਹਾਉਂਦੀ ਫੜੀ ਗਈ।
ਅਤੇ:
ਆਦਮ ਦੇ ਨੂਰ ਦੀ ਬੁਝੇਗੀ ਕਿਸ ਤਰ੍ਹਾਂ ਪਿਆਸ?
ਜੀਹਦੇ ਲਹੂ ਚ ਬੰਦਗੀ ਨ੍ਹਾਉਂਦੀ ਫੜੀ ਗਈ।
ਅੱਗ ਦੀ ਨਦੀ, ਯਾਰੀ ਦੇ ਵਿਹੜੇ, ਮੁਸ਼ਕਿਆ ਛੱਪੜ ਹਨੇਰ ਦਾ, ਕਸਤੂਰੀਆਂ ਦੀ ਆਸ, ਜਿਹਨ ਦੀ ਗੰਦਗੀ, ਸੁੱਕੀ ਨਦੀ, ਲਾਸ਼ ਰੰਗੀ ਬੇਬਸੀ, ਲਹੂ ‘ਚ ਬੰਦਗੀ (ਨ੍ਹਾਉਂਦੀ), ਅਨਗਿਣਤ ਤਸ਼ਬੀਹਾਂ, ਸੁੰਦਰ ਸ਼ਬਦ ਸੰਮੂਹ ਅਤੇ ਕਟਾਰ ਵਾਂਗੂ ਹਿਰਦਾ ਚੀਰਨ ਵਾਲੇ ਬੇਅੰਤ ਸੱਚੇ-ਸੁੱਚੇ ਵਿਚਾਰ ਦੇਣ ਦਾ ਸਿਹਰਾ ਨੂਰ ਦੇ ‘ਓਜ਼ੋਨ ਦੀ ਅੱਖ’ ਉਤੇ ਹੀ ਹੈ। ਉਸਦੀਆਂ ਗ਼ਜ਼ਲਾਂ ਵਿਚ ਤਕਰਾਰ, ਤਸ਼ਬੀਹਾਂ, ਸਾਦਗੀ, ਹਕੀਕਤ ਬਿਆਨੀ, ਤੜਪ, ਬੁਲੰਦ ਖ਼ਿਆਲੀ, ਨਜ਼ਾਕਤ, ਮੁਹਾਵਰਾਬੰਦੀ ਆਦਿਕ ਦਲੀਲਾਂ ਨਾਲ ਭਰੀਆਂ ਖੂਬਸੂਰਤ ਟੁਕੜੀਆਂ ਪਾਠਕ ਦੇ ਜ਼ਹਿਨ ਵਿਚ ਇਕ ਤੜਪ ਜਿਹੀ ਪੈਦਾ ਕਰ ਦਿੰਦੀਆਂ ਹਨ। ਕਦੇ ਉਹ ਸੁਆਲ ਉਸਾਰ ਕੇ ਆਪੇ ਹੀ ਜਵਾਬ ਦਿੰਦਾ ਹੈ ਅਤੇ ਕਦੇ ਪ੍ਰੇਮਿਕਾ ਦੇ ਰੂਪ ਵਿਚੋਂ ਲੋਕਤਾ ਦੀ ਕਿਰਨ ਭਾਲਦਾ ਹੈ। ਉਸਦੇ ਸੈਂਕੜੇ ਸ਼ਿਅਰ ਉਦਾਹਰਣਾ ਵਜੋਂ ਦਿੱਤੇ ਜਾ ਸਕਦੇ ਹਨ ਅਤੇ ਰੂਹ ਕਰਦੀ ਹੈ ਕਿ ਇਹ ਸਿਲਸਿਲਾ ਸਮਾਪਤ ਹੀ ਨਾ ਹੋਵੇ ਪਰ ਸੰਕੋਚ ਕਰਦਿਆਂ ਕੇਵਲ ਕੁਝ ਸ਼ਿਅਰ ਹੋਰ ਹਾਜ਼ਰ ਕਰਨ ਦੀ ਖੁਲ੍ਹ ਚਾਹਾਂਗਾ:
1. ਪੱਥਰ ਵਿਚ ਫੁੱਲ ਉੱਗਾ, ਫੁੱਲ ਵਿਚ ਬਾਸ ਨਹੀਂ,
ਪਥੱਰ ਨੂੰ ਪੂਜਾਂ ਕਿ ਫੁੱਲ ਨੂੰ ਪਿਆਰ ਕਰਾਂ।
2. ਕੌਣ ਪਾਪੀ ਦੋਸਤੀ ਦੀ ਪੌਣ ਨੂੰ ਕਤਲਾ ਗਿਆ।
ਪਾਣੀਆਂ ਵਿਚ ਲੀਕ ਪਾਕੇ ਕੌਣ ਲਾਂਬੂ ਲਾ ਗਿਆ।
3. ਕਲਾ ਦੇ ਖੰਭਾਂ ‘ਚ ਕੈਦੀ ਨੇ ਸਮਾਂ ਤੇ ਫਾਸਲਾ,
ਇਹ ਅਜਲ ਦੀ ਹਿੱਕ ਉਤੇ ਰੋਜ਼ ਦੀਵੇ ਬਾਲਦੀ।
4. ਮੇਰੀ ਮਜ਼ਬੂਰੀ ਕਿ ਮੇਰੀਆਂ ਅੱਖਾਂ ਦੇ ਸਾਹਮਣੇ,
ਮੇਰੇ ਵਿਰਸੇ ਦਾ ਖਜ਼ਾਨਾ ਹਿਚਕੀਆਂ ਤੇ ਆ ਗਿਆ।
5. ਰੂਪ ਤੇਰੇ ਲੋਕਤਾ ਦੇ ਰੂਪ ਦੀ ਇਕ ਕਿਰਨ ਹੈ,
ਕੌਣ ਕਹਿੰਦਾ ਹੈ, ਮੈਂ ਤੇਰਾ ਰੂਪ ਗ਼ਜ਼ਲਾਇਆ ਨਹੀਂ।
6. ਇਕ ਜੁਆਨੀ ਦਾ ਨਸ਼ਾ ਦੂਜੀ ਸ਼ਰਾਬ,
ਜਾਮ ਦੇ ਹੱਥ ਜਾਮ ਕਿਦਾਂ ਆ ਗਿਆ।
7. ਸੈ ਸਵੇਰੇ ਸ਼ਾਮ ਦੇ ਵਿਚ ਬਦਲ ਗਏ,
ਅੱਜ ਸਵੇਰੇ ਸ਼ਾਮ ਕਿੱਦਾਂ ਆ ਗਿਆ।
‘ਨੂਰ’ ਦੀਆਂ ਗ਼ਜ਼ਲਾਂ ਦਾ ਪਠਨ ਕਰਦਿਆਂ ਉਸਦੀਆਂ ਗ਼ਜ਼ਲਾਂ ਦੇ ਹਰ ਕਿ ਸ਼ਿਅਰ ਦਾ ਆਨੰਦ ਮਾਣਿਆਂ ਜਾ ਸਕਦਾ ਹੈ। ਉਸਦੇ ਸ਼ਿਅਰਾਂ ਵਿਚ ਦਰਸਾਈਆਂ ਗੱਲਾਂ ਉਸਦੀਆਂ ਨਿੱਜੀ ਹੁੰਦੀਆਂ ਹੋਈਆਂ ਵੀ ਨਿੱਜੀ ਨਹੀਂ। ਉਸ ਵਲੋਂ ਦਰਸਾਇਆ ਸੱਚ ਪਾਠਕ/ਸਰੋਤੇ ਦਾ ਆਪਣਾ ਸੱਚ ਹੋ ਨਿਬੜਦਾ ਹੈ। ਉਹ ਰੋਜ਼ਾਨਾ ਜੀਵਨ ਵਿਚ ਵਰਤੀਂਦੀ ਬੋਲੀ ਵਰਤਦਿਆਂ ਸ਼ਬਦਾਂ ਦਾ ਅਜਿਹਾ ਸੰਗੀਤਮਈ ਅਤੇ ਲੈ ਭਰਪੂਰ ਬਿੰਬ ਪੇਸ਼ ਕਰਦਾ ਹੈ ਕਿ ਉਸਦੇ ਸ਼ਿਅਰ ਦਿੱਲ ਅਤੇ ਦਿਮਾਗ ਦੋਹਾਂ ਨੂੰ ਹੀ ਅਪੀਲ ਕਰਦੇ ਹਨ। ਉਸ ਵਲੋਂ ਵਿਅਕਤ ਕੀਤੇ ਭਾਵ ਦਿੱਲ ਵਿਚ ਖੁੱਭ੍ਹ ਖੁਭ੍ਹ ਜਾਂਦੇ ਹਨ। ਉਹ ਕਿਸੇ ਇਕ ਮਨੁੱਖ ਲਈ ਜਾਂ ਇਕ ਮਨੁੱਖ ਦੀ ਹੀ ਗੱਲ ਨਹੀਂ ਕਰਦਾ ਸਗੋਂ ਸਾਰਿਆਂ ਲਈ ਅਤੇ ਸਾਰਿਆਂ ਦੀ ਹੀ ਗੱਲ ਕਰਦਾ ਹੈ। ਉਹ ਸਥਾਈ ਰਹਿਣੇ ਪ੍ਰਭਾਵ ਦਿੰਦਾ ਹੈ।
‘ਨੂਰ’ ਪ੍ਰਗਤੀ ਦਾ ਧਾਰਨੀ ਹੈ, ਸਾਰੇ ਵਿਸ਼ਵ ਨੂੰ ਪਿਆਰਦਾ ਹੈ ਮਨੁੱਖਤਾ ਦਾ ਕਲਿਆਣ ਚਾਹੁੰਦਾ ਹੈ। ਉਸਦੀ ਗ਼ਜ਼ਲ ਦੇ ਸ਼ਿਅਰ ਮਨੁੱਖ ਦੀ ਉਲਝੀ ਹੋਈ ਤਾਣੀ ਅਤੇ ਉਸਦੀਆਂ ਗੰਭੀਰ ਸਮੱਸਿਆਵਾਂ ਨੂੰ, ਬਹੁਤ ਹੀ ਥੋੜੇ ਸ਼ਬਦਾਂ ਵਿਚ, ਸ਼ਿਅਰ ਦੀਆਂ ਦੋ ਦੋ ਸਤਰਾਂ ਵਿਚ ਹੀ ਸਫ਼ਲਤਾ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ, ਭਲੇ ਲੱਗਦੇ ਹਨ। ਉਹ ਮਨੁੱਖੀ ਜੀਵਨ ਦੇ ਹਰ ਉਦੇਸ਼, ਪੂਜਾ, ਧਰਮ, ਕਰਮ, ਪ੍ਰੇਮ, ਹਮਦਰਦੀ, ਨਫ਼ਰਤ ਆਦਿ ਸਰੋਕਾਰਾਂ ਨੂੰ ਬਹੁਤਾ ਵਿਸਥਾਰ ਦਿੱਤੇ ਬਿਨਾਂ ਬਹੁਤ ਹੀ ਸਪਸ਼ਟ ਅਤੇ ਸ਼ਕਤੀਸ਼ਾਲੀ ਅੰਦਾਜ਼ ਵਿਚ ਪ੍ਰਗਟ ਕਰਨ ਦੀ ਸਮਰੱਥਾ ਰੱਖਦਾ ਹੈ। ਉਸਨੇ ਆਪਣੀ ਗ਼ਜ਼ਲ ਰਾਹੀਂ, ਬਦਲਦੇ ਹਾਲਾਤ ਨੂੰ ਸਾਹਮਣੇ ਰੱਖਦਿਆਂ, ਮਨੱਖੀ ਵਿਚਾਰਧਾਰਾ ਵਿਚ ਅਗਰਗਾਮੀ ਰੁੱਚੀਆਂ ਸਬੰਧੀ ਜਾਗਰੂਕਤਾ ਲਿਆਉਣ ਲਈ, ਥੱਕੇ ਹਾਰੇ ਅਤੇ ਮੂੰਹ ਭਾਰ ਡਿੱਗੇ ਮਨੁੱਖ ਦੇ ਹੱਥ ਵਿਚ ਲਗਨ ਅਤੇ ਸਾਧਨਾ ਵਰਗੇ ਹਥਿਆਰ ਥਮਾਉਣ ਦਾ ਯਤਨ ਕੀਤਾ ਹੈ। ਉਹ ਆਪਣੀਆਂ ਗ਼ਜ਼ਲਾਂ ਰਾਹੀਂ ਮਨੁੱਖੀ ਸੰਵੇਦਨਾ ਨੂੰ ਟੁੰਬਦਾ ਹੈ। ਉਹ ਮਨੁੱਖ ਨੂੰ ਆਤਮ-ਵਿਸ਼ਵਾਸ਼ੀ ਹੋਕੇ ਧਰਤੀ ਦੀ ਸੁਰੱਖਿਆ ਲਈ ਕਾਇਮ ਓਜ਼ੋਨ ਦੀ ਅਖੰਡਤਾ ਲਈ ਯਤਨਸ਼ੀਲ ਹੋਣ ਲਈ ਪ੍ਰੇਰਦਾ ਹੈ। ਆਸ਼ਾ ਹੈ ਕਿ ਸਾਰੀ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਗ਼ਜ਼ਲਗੋ ‘ਨੂਰ’ ਉਤੇ ਲੱਗੀ ਹੋਈ ‘ਓਜ਼ੋਨ ਦੀ ਅੱਖ’ ਨਿਰਾਸ਼ ਨਹੀਂ ਹੋਵੇਗੀ। ਨੂਰ ਬੇ-ਆਸ ਨਹੀਂ:
ਸੂਰਜ ਨਹੀਂ, ਜੁਗਨੂੰ ਸਹੀ, ਆਖਰ ਤਾਂ ‘ਨੂਰ’ ਹਾਂ,
ਸ਼ਾਇਦ ਅਜੇ ਵੀ ਆਸ ਦਾ ਦੀਵਾ ਜਗਾ ਸਕਾਂ।
ਬਿਨਾਂ ਸ਼ਕ ਨੂਰ ਨੇ ਵਿਸ਼ੇ-ਵਸਤੂ ਪੱਖੋਂ “ਪ੍ਰੰਪਰਾਈ ਜਕੜ ਨੂੰ ਕਬੂਲ ਨਹੀਂ ਕੀਤਾ” ਅਤੇ ਮਨੁੱਖ ਦੇ ਸੁਪਨਿਆਂ, ਸ਼ੰਕਿਆਂ ਮਨੁੱਖੀ ਸੰਘਰਸ਼ਾਂ ਦੀਆਂ ਸੰਭਾਵਨਾਵਾਂ ਤੇ ਸੀਮਾਵਾਂ, ਆਜ਼ਾਦੀ, ਇਨਸਾਫ਼ ਤੇ ਬਰਾਬਰੀ ਆਦਿ ਦੇ ਸੰਕਲਪਾਂ ਨੂੰ ਉਭਾਰਨ ਦਾ ਯਤਨ ਬੜੀ ਹੀ ਸਫ਼ਲਤਾ ਨਾਲ ਕੀਤਾ ਹੈ। ਨੂਰ ਹੋਣ ਦੇ ਨਾਤੇ ਉਹ ਹਰ ਪੱਲ ਆਸ ਦਾ ਦੀਵਾ ਜਗਾਉਣ ਲਈ ਬਚਨਵੱਧ ਵੀ ਹੈ ਅਤੇ ਸਮਰਥ ਵੀ।
(928