17 September 2024

ਕਹਾਣੀ: ਵਿਚਲੀ ਔਰਤ – ਤਲਵਿੰਦਰ ਸਿੰਘ

 

ਕਹਾਣੀ:

ਵਿਚਲੀ ਔਰਤ

-ਤਲਵਿੰਦਰ ਸਿੰਘ-

ਇਹ ਕੀ ਹੋ ਗਿਆ ਸੀ ਮੈਨੂੰ? ਮੈਥੋਂ ਗੁਰੂ ਮਹਾਰਾਜ ਦਾ ਬਖ਼ਸ਼ਿਸ਼ ਕੀਤਾ ਅਮ੍ਰਿਤ ਭੰਗ ਹੋ ਗਿਆ। ਜਿਸ ਧਰਮ ਨੂੰ ਮੈਂ ਏਨੇ ਸਬਰ ਤੇ ਮਨ ਨੂੰ ਮਾਰ ਕੇ ਨਿਭਾਉਂਦੀ ਆ ਰਹੀ ਸਾਂ, ਅਚਾਨਕ ਟੁੱਟ ਗਿਆ। ਕਿਸੇ ਬੇਮੁਹਾਰੀ ਛੱਲ ਨੇ ਮੇਰੇ ਆਪੇ ਨੂੰ ਕੱਖਾਂ ਨਿਆਈਂ ਵਹਾ ਮਾਰਿਆ। ਉਸ ਵੇਲੇ ਤਾਂ ਮੇਰੀ ਚੇਤਨਾ ਵੀ ਮੇਰਾ ਸਾਥ ਛੱਡ ਗਈ। ਮੇਰੀ ਸਾਰੀ ਕੀਤੀ ਕਤਰੀ ਖੂਹ ਵਿਚ ਪੈ ਗਈ। ਉਸ ਵੇਲੇ ਚੌਕੇ ’ਚ ਖਲੋਤੀ ਦਾ ਮੇਰਾ ਜੀਅ ਡੁੱਬਣ ਲੱਗਾ ਸੀ। ਸਿਰ ਨੂੰ ਅਜੀਬ ਜਿਹੀ ਘੁਮੇਰ ਚੜ੍ਹਨ ਲੱਗੀ ਸੀ। ਲੱਤਾਂ ਵਿਚ ਜਿਵੇਂ ਸੱਤਿਆ ਨਹੀਂ ਸੀ ਰਹੀ। ਫਿਰ ਵੀ ਸੰਭਲ ਕੇ ਮੈਂ ਅੰਦਰ ਸੁਫ਼ੇ ਵਿਚ ਬੇਬੇ ਜੀ ਦੇ ਪੁਰਾਣੇ ਪਲੰਘ ’ਤੇ ਜਾ ਢੱਠੀ ਸਾਂ।

ਮੈਨੂੰ ਆਪਣਾ ਮੱਥਾ ਤਪਦਾ ਮਹਿਸੂਸ ਹੋਇਆ। ਸਰਦ ਮੌਸਮ ਵਿਚ ਏਨੀ ਤਪਸ਼? ਸਫ਼ੈਦ ਕੱਪੜਿਆਂ ਵਿੱਚੋਂ ਏਨੀ ਗਰਮੀ ਨਿਕਲ ਸਕਦੀ ਹੈ? ਉਫ਼ … ਇਹ ਕਿਸ ਤਰ੍ਹਾਂ ਦੀ ਅੱਗ ਸੀ ਜੋ ਮੇਰੀ ਛਾਤੀ ਵਿਚ ਬਲਣ ਲੱਗੀ ਸੀ? ਸਾਹ ਤੇਜ਼ ਤੇਜ਼ ਚੱਲਣ ਲੱਗ ਪਿਆ ਸੀ।

ਬਾਹਰ ਮੋਟਰ ਸਾਇਕਲ ਸਟਾਰਟ ਹੋਣ ਦੀ ਆਵਾਜ਼ ਆਈ ਤੇ ਫਿਰ ਉਹ ਆਵਾਜ਼ ਡਿਓਢੀ ਤੋਂ ਬਾਹਰ ਹੁੰਦੀ ਹੋਈ ਹਵਾ ਵਿਚ ਗੁੰਮ ਹੋ ਗਈ। ਬੇਬੇ ਜੀ ਢਿੱਲੇ ਪੈਰੀਂ ਅੰਦਰ ਆਏ ਤੇ ਅੰਗੀਠੀ ਉੱਤੇ ਪਈ ਗੁਰੂ ਨਾਨਕ ਦੀ ਤਸਵੀਰ ਅੱਗੇ ਹੱਥ ਜੋੜ ਕੇ ਤੇ ਅੱਖਾਂ ਮੀਟ ਕੇ ਬੁੜਬੁੜਾਉਣ ਲੱਗੇ, ‘ਸੁੱਖ ਰੱਖੀਂ ਸੱਚਿਆ ਪਾਤਸ਼ਾਹ, ਅਸੀਂ ਤਾਂ ਪਹਿਲਾਂ ਹੀ ਬੜੇ ਭੰਨੇ ਪਏ ਆਂ … ਇਸ ਅਭਾਗਣ ਕੋਲੋਂ ਹੋਏ ਅਨਰਥ ਨੂੰ ਮਾਫ਼ ਕਰੀਂ।’ ਫਿਰ ਨਾਲ ਹੀ ਸ਼ੀਸ਼ੇ ਵਿਚ ਜੜੀ ਆਪਣੇ ਪੁੱਤ ਦੀ ਤਸਵੀਰ ਅੱਗੇ ਖਲੋ ਕੇ ਵੈਣ ਪਾਉਣ ਲੱਗੇ, ‘ਤੈਨੂੰ ਕਿੱਥੋਂ ਭਾਲ਼ ਲਿਆਵਾਂ ਵੇ ਮੇਰਿਆ ਸਰੂ ਵਰਗਿਆ ਪੁੱਤਾ … ਮੇਰਾ ਵਿਹੜਾ ਸੁੰਨਾ ਹੋ ਗਿਆ ਵੇ ਤੇਰੇ ਬਾਝੋਂ …।’

ਫਿਰ ਉਹ ਸਹਿਜ ਨਾਲ ਪਲੰਘ ਦੀ ਹੀਂਅ ‘ਤੇ’ ਬੈਠ ਕੇ ਮੇਰਾ ਮੱਥਾ ਪਲੋਸਣ ਲੱਗੇ। ਮੇਰੀਆਂ ਅੱਖਾਂ ਵਿਚੋਂ ਨੀਰ ਛਲਕਣ ਲੱਗਾ। ਘਗਿਆਈ ਆਵਾਜ਼ ਵਿਚ ਮੈਂ ਆਖਿਆ, ‘ਪਤਾ ਨੀ ਏਤਰਾਂ ਕਿਉਂ ਹੋ ਗਿਆ ਮੈਥੋਂ ਬੇਬੇ ਜੀ …ਪਤਾ ਨਹੀਂ ਕਿਉਂ?’ ਬੇਬੇ ਜੀ ਮੇਰਾ ਸਿਰ ਪਲੋਸਦੇ ਰਹੇ ਤੇ ਹੰਝੂ ਕੇਰਦੇ ਰਹੇ। ਮੈਂ ਉੱਭੇ ਸਾਹ ਲੈਂਦੀ ਆਪਣੇ ਆਪ ਵਿਚ ਮਰਦੀ ਰਹੀ। ਜੀ ਭਿਆਣੇ ਬੇਬੇ ਜੀ ਕੁਝ ਚਿਰ ਮੇਰਾ ਮੱਥਾ ਘੁੱਟ ਕੇ ਬਾਹਰ ਜਾ ਵਿਹੜੇ ਵਿਚ ਮੰਜੇ ਉੱਤੇ ਜਾ ਪਏ। ਮੇਰੀ ਹਾਲਤ ਕੁਝ ਥਾਂ ਸਿਰ ਹੋਈ ਤਾਂ ਮੈਂ ਉੱਠ ਕੇ ਬਾਹਰ ਆਈ। ਚਿਨਾਬ ਚੁੱਲ੍ਹੇ ਦੀ ਸੁਆਹ ਨਾਲ ਖੇਡ ਰਹੀ ਸੀ। ਮੈਂ ਉਹਦੇ ਵੱਲ ਬਿੱਟ ਬਿੱਟ ਝਾਕਦੀ ਰਹੀ। ਬੇਬੇ ਜੀ ਨੇ ਮੈਨੂੰ ਡੌਰ ਭੌਰ ਖਲੋਤੀ ਨੂੰ ਆਖਿਆ, ‘ਕੁੜੇ ਰੋਕ ਉਹਨੂੰ, ਸੁਆਹ ਥੱਲੇ ਅੰਗਿਆਰ ਮਘਦੇ ਹੁੰਦੇ ਆ।’ ਤਾਂ ਮੈਂ ਅਗਾਂਹ ਹੋ ਕੇ ਚਿਨਾਬ ਨੂੰ ਚੁੱਕਿਆ ਤੇ ਖੁਰੇ ਵਿਚ ਲਿਜਾ ਕੇ ਉਹਦਾ ਹੱਥ ਮੂੰਹ ਧੋਤਾ। ਬਾਪੂ ਜੀ ਕਿਧਰੇ ਨਾ ਦਿਸੇ। ਸ਼ਾਇਦ ਕਿਤੇ ਬਾਹਰ ਨਿਕਲ ਗਏ ਸਨ।

ਬੇਬੇ ਜੀ ਮੂੰਹ ਵਿਚ ਵਾਹਿਗੁਰੂ ਦਾ ਜਾਪ ਕਰਦੇ ਪੀੜ੍ਹੀ ’ਤੇ ਬੈਠ ਕੇ ਮਸਰ ਚੁਗਣ ਲੱਗੇ ਸਨ। ਚਿਨਾਬ ਚੂਚਿਆਂ ਦੇ ਮਗਰ ਨਿੱਕੀਆਂ ਨਿੱਕੀਆਂ ਉਲਾਂਘਾਂ ਪੁੱਟਦੀ ਦੌੜਨ ਲੱਗੀ ਸੀ। ਮੈਂ ਬੇਬੇ ਜੀ ਦੇ ਲਾਗੇ ਹੀ ਮੰਜੇ ਤੇ ਜਾ ਬੈਠੀ, ਫਿਰ ਲੇਟ ਗਈ। ਹੁਣੇ ਥੋੜ੍ਹਾ ਚਿਰ ਪਹਿਲਾਂ ਏਥੇ ਸੋਹਣ ਬੈਠਾ ਸੀ। ਪਿਛਲੇ ਕੁਝ ਸਮੇਂ ਤੋਂ ਇਕ ਅਜੀਬ ਵਰਤਾਰਾ ਵਾਪਰ ਰਿਹਾ ਸੀ। ਸੋਹਣ ਦੇ ਆਉਂਦਿਆਂ ਹੀ ਮੇਰਾ ਸਾਹ ਤੇਜ਼ ਚੱਲਣ ਲੱਗਦਾ ਸੀ। ਉਸਨੂੰ ਵੇਖਦਿਆਂ ਸਾਰ ਅੰਗ ਅੰਗ ਝੂਠਾ ਪੈ ਜਾਂਦਾ। ਸੰਭਲਦੀ ਤੇ ਸੋਚਦੀ, ਇਹ ਕੀ ਹੋ ਜਾਂਦਾ ਮੈਨੂੰ? ਇਹ ਧੀਰਜ, ਸਬਰ ਤੇ ਸੰਤੋਖ ਦੇ ਬੰਨ੍ਹ ਕਿਉਂ ਖੁਰਨ ਲੱਗਦੇ ਨੇ? ਉਸ ਨਾਲ ਬੋਲਦੀ ਤਾਂ ਜਾਪਦਾ ਜਿਵੇਂ ਮੇਰੀ ਆਵਾਜ਼ ਕਿਤੋਂ ਦੂਰੋਂ ਆ ਰਹੀ ਹੋਵੇ। ਉਹ ਜਾਂਦਾ ਤਾਂ ਲੱਗਦਾ, ਸਰੀਰ ਜਿਉਂ ਮਿੱਟੀ ਹੋ ਗਿਆ ਹੋਵੇ। ਬੇਬੇ ਜੀ ਫਿਕਰ ਕਰਦੇ, ਕੋਈ ਰੋਗ ਐ ਜੋ ਅੰਦਰ ਹੀ ਅੰਦਰ ਘੁਣ ਵਾਂਗ ਖਾ ਰਿਹੈ। ਉਨ੍ਹਾਂ ਨੇ ਗੁਆਂਢਣ ਚਾਚੀ ਨਾਲ ਇਸ ਬਾਰੇ ਜ਼ਿਕਰ ਕੀਤਾ ਤਾਂ ਉਸਨੇ ਕਿਹਾ, ‘ਮੈਨੂੰ ਤਾਂ ਇਹਦੀ ਚਾਲ ਢਾਲ ਤੋਂ ਪੱਕ ਲੱਗਦੈ ਭੈਣ ਜੀ, ਇਸਨੂੰ ਕੋਈ ਬਾਹਰ ਦੀ ਕਸਰ ਐ। ਤੁਸੀਂ ਕਿਸੇ ਸਿਆਣੇ ਕੋਲੋਂ ਪੁੱਛਣਾ ਪੁਆ ਵੇਖੋ।’

ਬੇਬੇ ਜੀ ਨੇ ਬਾਪੂ ਜੀ ਨਾਲ ਗੱਲ ਕੀਤੀ। ਸੁਭਾਅ ਮੁਤਾਬਕ ਬਾਪੂ ਜੀ ਨੇ ਸਿਰ ਮਾਰ ਛੱਡਿਆ- ਨਾ ਹਾਂ ਨਾ ਨਾਂਹ। ਚਿਹਰੇ ’ਤੇ ਚੁੱਪ ਦਾ ਭਾਰ ਚੁੱਕੀ ਬਾਹਰ ਖੇਤਾਂ ਨੂੰ ਨਿਕਲ ਗਏ।

ਪਿਛਲੇ ਕੁਝ ਸਮੇਂ ਤੋਂ ਮੇਰੀ ਹਾਲਤ ਅਜੀਬ ਜਿਹੀ ਹੁੰਦੀ ਜਾ ਰਹੀ ਸੀ। ਤਵੇ ’ਤੇ ਰੋਟੀ ਪਈ ਸੜ ਕੇ ਧੂੰਆਂ ਛੱਡਣ ਲੱਗਦੀ। ਮੇਰੇ ਸਾਹਮਣੇ ਕੱਟੀ ਮੱਝ ਦਾ ਸਾਰਾ ਦੁੱਧ ਚੁੰਘ ਜਾਂਦੀ ਤੇ ਮੈਂ ਇਕ ਟੱਕ ਵੇਖਦੀ ਰਹਿੰਦੀ। ਆਪਣੀ ਹੀ ਰੱਖੀ ਚੀਜ਼ ਭੁੱਲ ਜਾਂਦੀ। ਪਾਠ ਕਰਦਿਆਂ ਧਿਆਨ ਟੁੱਟ ਜਾਂਦਾ। ਮੇਰਾ ਇਹ ਬਾਵਲਿਆ ਜਿਹਾ ਰੂਪ ਵੇਖ ਕੇ ਬੇਬੇ ਜੀ ਦਾ ਚਿਹਰਾ ਲਹਿ ਜਾਂਦਾ। ਉਹ ਹਉਕੇ ਭਰਦੇ ਤੇ ਅੰਗੀਠੀ ਉੱਤੇ ਪਈ ਚੰਨ ਦੀ ਤਸਵੀਰ ਦਾ ਸ਼ੀਸ਼ਾ ਪੱਲੂ ਨਾਲ ਸਾਫ਼ ਕਰਦੇ ਹੰਝੂ ਕੇਰਨ ਲੱਗਦੇ।

ਮੇਰਾ ਪਤਾ ਲੈਣ ਆਏ ਵੀਰ ਜੀ ਤੇ ਭਾਬੀ ਜੀ ਨਾਲ ਬੇਬੇ ਜੀ ਨੇ ਮੇਰੀ ਹਾਲਤ ਦਾ ਜ਼ਿਕਰ ਕੀਤਾ। ਵੀਰ ਜੀ ਨੇ ਡਾਢੇ ਮੋਹ ਨਾਲ ਮੇਰਾ ਸਿਰ ਆਪਣੀ ਹਿੱਕ ਨਾਲ ਜੋੜਦਿਆਂ ਮੈਥੋਂ ਅਹੁਰ ਜਾਨਣੀ ਚਾਹੀ। ਦਿਮਾਗ਼ ਫੋਲ ਕੇ ਵੀ ਮੈਨੂੰ ਦੱਸਣਯੋਗ ਕੋਈ ਗੱਲ ਨਾ ਲੱਭੀ।

‘ਤੇਰਾ ਸਰੀਰ ਤਾਂ ਠੀਕ ਰਹਿੰਦਾ ਨਾ?’ ਭਾਬੀ ਜੀ ਨੇ ਪੁੱਛਿਆ।

‘ਸਰੀਰ ਤਾਂ ਬਿਲਕੁਲ ਅਰੋਗ ਆ।’ ਮੈਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ।

‘ਆਪਣੀ ਖਾਤਰ ਨਾ ਸਹੀ, ਇਸ ਮਾਸੂਮ ਦੀ ਖਾਤਰ ਖੁਸ਼ ਰਿਹਾ ਕਰ।’ ਭਾਬੀ ਜੀ ਨੇ ਚਿਨਾਬ ਦਾ ਸਿਰ ਪਲੋਸਦਿਆਂ ਕਿਹਾ। ਮੈਂ ਸਿਰ ਹਿਲਾ ਕੇ ਹਾਮੀ ਭਰੀ।

‘ਬੀ ਜੀ ਨੂੰ ਮਿਲਣ ਨੂੰ ਦਿਲ ਕਰਦੈ ਤਾਂ ਸਾਡੇ ਨਾਲ ਚਲੀ ਚੱਲ।’ ਵੀਰ ਜੀ ਨੇ ਕਿਹਾ ਤਾਂ ਬੇਬੇ ਜੀ ਨੇ ਪ੍ਰੋੜਤਾ ਕੀਤੀ, ‘ਹੋ-ਇਆ ਜੇ ਚਿੱਤ ਕਰਦਾ ਤਾਂ।’

‘ਤੁਹਾਨੂੰ ਕਿਹਦੇ ਆਸਰੇ ਛੱਡ ਕੇ ਜਾਵਾਂ? ਏਥੇ ਸੌ ਕੰਮ ਨੇ ਮੇਰੇ ਕਰਨ ਵਾਲੇ। ਦਿਨ ਥੋੜ੍ਹੇ ਕੁ ਖੁੱਲ੍ਹੇ ਆਉਂਦੇ ਆ ਚਲੀ ਆਵਾਂਗੀ ਦਿਹਾੜੀ-ਖੰਡ ਲਈ।’ ਮੈਂ ਕਿਹਾ ਤੇ ਚੌਕੇ ਵਿਚ ਚਾਹ ਦੁੱਧ ਦੇ ਆਹਰ ਲਈ ਜਾ ਬੈਠੀ।

‘ਠੀਕ ਠਾਕ ਤਾਂ ਹੈ।’ ਵੀਰ ਜੀ ਨੇ ਕਿਹਾ।

‘ਮੈਨੂੰ ਤਾਂ ਕੁਝ ਸਮਝ ਨਹੀਂ ਲੱਗ ਰਿਹਾ ਪੁੱਤ।’ ਬੇਬੇ ਜੀ ਬੋਲੇ।

‘ਪਾਠ ਤਾਂ ਕਰਦੀ ਐਂ ਨਾ?’ ਭਾਬੀ ਜੀ ਨੇ ਪੁੱਛਿਆ।

‘ਬਿਨਾਂ ਨਾਗਾ ਪੰਜੇ ਬਾਣੀਆਂ ਦਾ ਪਾਠ ਕਰਦੀ ਏ। ਸਵੇਰੇ ਸ਼ਾਮ ਗੁਰਦੁਆਰੇ ਜਾਂਦੀ ਐ। ਗੁਰੂ ਘਰ ਦੀ ਤਾਂ ਬੜੀ ਪ੍ਰੇਮਣ ਆ …।’

ਗੁਰੂ ਘਰ ਵਿਚ ਮੇਰੀ ਅਟੁੱਟ ਸ਼ਰਧਾ ਸੀ। ਪਿਛਲੀਆਂ ਗਰਮੀਆਂ ਵਿਚ ਬੱਧਨੀ ਕਲਾਂ ਵਾਲੇ ਸੰਤਾਂ ਦਾ ਚਾਰ ਰੋਜ਼ਾ ਕੀਰਤਨ ਦਰਬਾਰ ਨੇੜਲੇ ਕਸਬੇ ਵਿਚ ਹੋਇਆ ਤਾਂ ਮੈਂ ਤੇ ਬੇਬੇ ਜੀ ਰੋਜ਼ਾਨਾ ਜਾਂਦੀਆਂ ਰਹੀਆਂ। ਪਿੰਡ ਤੋਂ ਲੋਕ ਵੀ ਜਾਂਦੇ ਰਹੇ। ਸੰਤਾਂ ਦਾ ਪ੍ਰਵਚਨ ਲੋਕ ਇਕਾਗਰ ਚਿੱਤ ਹੋ ਕੇ ਸੁਣਦੇ। ਮੈਂ ਵੀ ਮੰਤਰ ਮੁਗਧ ਹੋਈ ਬੈਠੀ ਰਹਿੰਦੀ। ਉਹਨਾਂ ਸਰੀਰ ਦੀ ਨਾਸ਼ਵਾਨਤਾ ਤੇ ਰੂਹ ਦੀ ਵਿਆਪਕਤਾ ਉੱਤੇ ਬੜਾ ਗਿਆਨ ਭਰਪੂਰ ਉਪਦੇਸ਼ ਦਿੱਤਾ। ਜੀਣ ਮਰਨ ਦਾ ਭਰਮ ਮੇਰੀ ਸਮਝ ਵਿਚ ਆਇਆ। ਇਹਨਾਂ ਗੱਲਾਂ ਵਿਚ ਮੇਰੀ ਦਿਲਚਸਪੀ ਪਹਿਲਾਂ ਵੀ ਸੀ ਪਰ ਹੁਣ ਮੈਨੂੰ ਇਸ ਦੁਨੀਆ ਦਾ ਕੂੜ ਪਸਾਰਾ ਹੋਰ ਵੀ ਸਪਸ਼ਟ ਨਜ਼ਰ ਆਉਣ ਲੱਗਾ। ਰਿਸ਼ਤੇ ਨਾਤੇ, ਸਾਕ ਸਬੰਧੀ ਫਿੱਕੇ ਲੱਗਣ ਲੱਗੇ । ਹੋਰ ਤਾਂ ਹੋਰ, ਆਪਣੇ ਪਿਆਰੇ ਚੰਨ ਦੇ ਚਲੇ ਜਾਣ ਦਾ ਦਰਦ ਵੀ ਮੱਠਾ ਪੈਣ ਲੱਗਾ।

ਅੰਤਲੇ ਦਿਨ ਸੰਤਾਂ ਨੇ ਬੜਾ ਵੈਰਾਗਮਈ ਕੀਰਤਨ ਕੀਤਾ। ਫਿਰ ਅਮ੍ਰਿਤ ਸੰਚਾਰ ਹੋਇਆ। ਮੈਂ ਖੁਦ ਉੱਠ ਕੇ ਗਈ ਤੇ ਸੰਤਾਂ ਦੇ ਚਰਨਾਂ ਵਿਚ ਸਿਰ ਨਿਵਾ ਕੇ ਅਮ੍ਰਿਤ ਦੀ ਦਾਤ ਬਖ਼ਸ਼ਣ ਦੀ ਬੇਨਤੀ ਕੀਤੀ। ਅਮ੍ਰਿਤ ਛਕਾ ਕੇ ਉਨ੍ਹਾਂ ਮੇਰੇ ਸਿਰ ਤੇ ਹੱਥ ਰੱਖਿਆ ਤੇ ਬੋਲ ਉਚਾਰੇ- ‘ਆਪਣੇ ਜੀਵਨ ਸਾਥੀ ਨੂੰ ਵੀ ਗੁਰੂ ਲੜ ਲਾਉਣਾ ਸੀ ਬੀਬਾ ਜੀ।’ ਉਹ ਬਚਨ ਕੀਤਾ ਤਾਂ ਬੇਬੇ ਜੀ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਹਿਣ ਲੱਗੇ ਸਨ- ‘ਉਹ ਤਾਂ ਮਹਾਰਾਜ ਜੀ …।’

ਛਿਣ ਭਰ ਲਈ ਸੰਤਾਂ ਦੇ ਚਿਹਰੇ ’ਤੇ ਅਫ਼ਸੋਸ ਦਾ ਪਰਛਾਵਾਂ ਪਿਆ। ਫਿਰ ਉਹਨਾਂ ਨੇ ‘ਚਿੰਤਾ ਤਾ ਕੀ ਕੀਜੀਏ’ ਤੇ ‘ਰਾਮ ਗਇਓ ਰਾਵਣ ਗਇਓ’ ਦੇ ਸ਼ਬਦ ਉਚਾਰ ਕੇ ਸਾਨੂੰ ਹੌਸਲਾ ਦਿੱਤਾ। ਫਿਰ ਉਹਨਾਂ ਸੱਜਾ ਹੱਥ ਉੱਪਰ ਚੁੱਕ ਕੇ ਸਾਰੀ ਸੰਗਤ ਨੂੰ ਮੁਖਾਤਬ ਹੋ ਕੇ ਕਿਹਾ, ‘ਇਹ ਦੁਨੀਆ ਮੁਸਾਫ਼ਰਖਾਨਾ ਹੈ ਤੇ ਸਭ ਨੇ ਏਥੋਂ ਚਲੇ ਜਾਣਾ ਹੈ … ਸਿਮਰਨ ਕਰੋ … ਕੇਵਲ ਨਾਮ ਤੇਰੇ ਸੰਗ ਸਹਾਈ …।’

ਰਾਤ ਨੂੰ ਟਰੈਕਟਰ ’ਤੇ ਵਾਪਸ ਪਿੰਡ ਜਾਂਦਿਆਂ ਸੰਗਤਾਂ ਸੰਤਾਂ ਦੀ ਪ੍ਰਤਿਭਾ ਦੇ ਗੁਣਗਾਨ ਕਰ ਰਹੀਆਂ ਸਨ। ਉਹਨਾਂ ਦੇ ਨਿਮਰ ਸੁਭਾਅ ਅਤੇ ਉੱਚੇ ਖਿਆਲਾਂ ਨੇ ਸਭਨਾਂ ਨੂੰ ਮੋਹ ਲਿਆ ਸੀ। ਮੈਂ ਚਿਨਾਬ ਨੂੰ ਕੁੱਛੜ ਲਈ ਚੁੱਪਚਾਪ ਬੈਠੀ ਸਾਂ। ਸੰਤਾਂ ਦੀ ਹੋ ਰਹੀ ਉਸਤਤ ਮੈਨੂੰ ਚੰਗੀ ਲੱਗ ਰਹੀ ਸੀ। ਮੇਰਾ ਸਰੀਰ ਤੇ ਮਨ ਹਲਕਾ ਹੋ ਰਿਹਾ ਸੀ। ਪੌਣੇ ਕੁ ਚੰਨ ਦੀ ਘਸਮੈਲੀ ਚਾਨਣੀ ਵਾਲੀ ਰਾਤ ਸੀ। ਚੰਨ ਨਾਲ ਹੁੰਦਾ ਤਾਂ ਅਜਿਹੀ ਰਾਤ ਦੇ ਅਰਥ ਹੀ ਹੋਰ ਹੋਣੇ ਸਨ। ਸਾਰਿਆਂ ਦੇ ਸਾਹਮਣੇ ਮੈਂ ਉਹਦਾ ਕਦੀ ਨਾਂ ਨਹੀਂ ਸੀ ਲਿਆ, ਪਰ ਇਕੱਲਿਆਂ ਮੈਂ ਉਹਨੂੰ ਚੰਨ ਸੱਦਦੀ ਸਾਂ। ਉਹ ਮੈਨੂੰ ਕਲਾਵਿਆਂ ’ਚ ਭਰਦਾ ਤੇ ਚੁੰਮਦਾ। ਮੈਨੂੰ ਰਵਿੰਦਰ ਤੋਂ ਉਸਨੇ ਰਾਵੀ ਬਣਾ ਦਿੱਤਾ। ਮੈਨੂੰ ਆਖਦਾ, ‘ਮੈਂ ਤੇਰੇ ਵਿਚ ਡੁੱਬ ਕੇ ਮਰ ਜਾਣਾ ਏ।’

ਮੈਂ ਉਹਦੇ ਮੂੰਹ ਉੱਤੇ ਹੱਥ ਰੱਖਦੀ, ‘ਨਹੀਂ ਚੰਨ, ਏਦਾਂ ਕੁਬੋਲ ਨਹੀਂ ਬੋਲੀਦੇ।’

ਫਿਰ ਉਹ ਹੋਣ ਵਾਲੇ ਬੱਚੇ ਬਾਰੇ ਜ਼ਿਕਰ ਛੇੜਦਾ। ਮੇਰੇ ਵਧੇ ਹੋਏ ਪੇਟ ਨੂੰ ਸਹਿਲਾਉਂਦਾ, ‘ਬੇਟੀ ਹੋਈ ਤਾਂ ਨਾਂ ਰੱਖਾਂਗੇ ਚਿਨਾਬ, ਬੇਟਾ ਹੋਇਆ ਤਾਂ ਬਿਆਸ।’

‘ਪਰ ਚੰਨ, ਨਾਂ ਵਿਚ ਕੀ ਪਿਆ ਏ?’ ਉਹਦੀਆਂ ਗੱਲਾਂ ਵਿਚ ਸ਼ਰਸ਼ਾਰ ਹੋ ਕੇ ਮੈਂ ਆਖਦੀ।

‘ਸਾਰੀ ਮਹਿਮਾ ਈ ਨਾਂ ਦੀ ਏ …। ਤੂੰ ਮੈਨੂੰ ਚੰਨ ਦੀ ਥਾਂ ਢੱਗਾ ਜਾਂ ਬੌਲਦ ਕਹਿ ਕੇ ਵੇਖ …। ਸਿਆਣੇ ਕਹਿੰਦੇ ਨੇ, ਐਸਾ ਕੰਮ ਕਰੋ ਕਿ ਮਰਨ ਤੋਂ ਬਾਅਦ ਨਾਂ ਚਮਕੇ।’

‘ਫਿਰ ਮਰਨ ਦੀ ਗੱਲ?’ ਮੈਂ ਟੋਕਦੀ।

ਹਰ ਪੰਜਵੇਂ ਛੇਵੇਂ ਵਾਕ ਵਿਚ ਮਰਨ ਦੀ ਗੱਲ ਕਰ ਜਾਂਦਾ ਸੀ ਚੰਨ। ਸੋਹਣ ਦੱਸਦਾ ਸੀ, ‘ਬੜਾ ਚੰਗਾ ਗਾਉਂਦਾ ਸੀ ਇਹ। ਪਰ ਜਦੋਂ ਵੀ ਗਾਉਣ ਲਈ ਅਸੀਂ ਇਹਨੂੰ ਆਖਦੇ, ਇਹ ‘ਅਸਾਂ ਤਾਂ ਜੋਬਨ ਰੁੱਤੇ ਮਰਨਾ’ ਈ ਗਾਉਂਦਾ। ਤਰਜ਼ ਐਸੀ ਕੱਢਦਾ ਕਿ ਸੁਣਨ ਵਾਲੇ ਸੁੰਨ ਹੋ ਜਾਂਦੇ। ਕਾਲਜ ਵਿਚ ਇਹਦੀ ਬੜੀ ਚਰਚਾ ਸੀ।’

ਆਖਰ ਉਹ ਵੀ ਦਿਨ ਆ ਗਿਆ। ਸਾਰਾ ਦਿਨ ਚੰਨ ਘਰ ਰਿਹਾ। ਸ਼ਾਮੀ ਜਿਹੇ ਇਹ ਕਹਿ ਕੇ ਤੁਰਿਆ ਕਿ ਕਾਦੀਆਂ ਤੋਂ ਆੜ੍ਹਤੀਏ ਕੋਲੋਂ ਪੈਸੇ ਲੈਣੇ ਨੇ। ਝੋਨੇ ਲਈ ਦਵਾਈ ਦਾ ਡੱਬਾ ਤੇ ਸਕੂਟਰ ਵਿਚ ਪਟਰੌਲ ਪੁਆਉਣਾ ਏ। ਤੂੰ ਮੇਰੇ ਆਉਣ ਤੱਕ ਤਿਆਰ ਹੋ, ਆਪਾਂ ਬਟਾਲੇ ਸਰਕਸ ਵੇਖਣ ਜਾਣਾ ਏ।’

ਮੈਂ ਤਿਆਰ ਹੋ ਕੇ ਇੰਤਜ਼ਾਰ ਕਰ ਰਹੀ ਸਾਂ। ਉਹਨੇ ਗੇਟ ਤੇ ਆ ਕੇ ਸਕੂਟਰ ਦੀਆਂ ਤਿੰਨ ਸੀਟੀਆਂ ਵਜਾਉਣੀਆਂ ਸਨ। ਬਾਹਰ ਸਕੂਟਰ ਆ ਕੇ ਤਾਂ ਰੁਕਿਆ ਪਰ ਸੀਟੀ ਕੋਈ ਨਾ ਵੱਜੀ। ਇਕ ਬੇਪਛਾਣ ਬੰਦੇ ਨੇ ਅਗਾਂਹ ਹੋ ਕੇ ਸੁਨੇਹਾ ਦਿੱਤਾ, ‘ਟਰੱਕ ਦੀ ਫੇਟ ਵੱਜ ਗਈ ਚਰਨਜੀਤ ਦੇ ਸਕੂਟਰ ਨੂੰ … ਮੀਲ ਪੱਥਰ ਦੇ ਨਾਲ ਸਿਰ ਵੱਜ ਗਿਆ … ਬਾਅਦ ਵਿੱਚ ਹਿੱਲਿਆ ਤੱਕ ਨਹੀਂ …।’ ਬੇਬੇ ਜੀ ਦੁਹੱਥੜ ਮਾਰਦੇ ਥਾਏਂ ਡਿੱਗ ਪਏ। ਮੈਂ ਡੌਰ ਭੌਰ ਹੋਈ ਖਲੋਤੀ ਰਹਿ ਗਈ। ਘਰ ਵਿਚ ਚੀਕ ਚਿਹਾੜਾ ਪੈ ਗਿਆ। ਔਰਤਾਂ ਨੇ ਬੇਬੇ ਜੀ ਦੀ ਦੰਦਲ ਖੋਲ੍ਹੀ ਤਾਂ ਉਹਨਾਂ ਦੇ ਵੈਣਾਂ ਨੇ ਅਸਮਾਨ ਸਿਰ ‘ਤੇ ਚੁੱਕ ਲਿਆ। ਪਿੰਡ ਦੇ ਬੰਦਿਆਂ ਨੇ ਬਾਪੂ ਜੀ ਦੁਆਲੇ ਘੇਰਾ ਘੱਤ ਲਿਆ। ਉਹ ਪੋਸਟ ਮਾਰਟਮ ਦੀ ਕੋਈ ਗੱਲ ਕਰ ਰਹੇ ਸਨ। ਰਿਟਾਇਰ ਹੋਇਆ ਥਾਣੇਦਾਰ ਬਰਾੜ ਕਹਿ ਰਿਹਾ ਸੀ- ‘ਆਪਾਂ ਪੋਸਟ ਮਾਰਟਮ ਬਿਲਕੁਲ ਨਹੀਂ ਹੋਣ ਦੇਣਾ, ਮੈਂ ਆਪ ਜਾ ਕੇ ਡੀ.ਐੱਸ.ਪੀ. ਨੂੰ ਮਿਲਦਾਂ।’

‘ਠੀਕ ਏ ਠੀਕ ਏ।’ ਕੁਝ ਬੰਦਿਆਂ ਨੇ ਸਾਂਝਾ ਕਿਹਾ।

ਮੇਰਾ ਤਾਂ ਦਿਮਾਗ਼ ਈ ਜਿਵੇਂ ਉਲਟ ਚੱਕਰ ਖਾ ਗਿਆ। ਪਤਾ ਨਹੀਂ ਕਿਉਂ ਮੇਰਾ ਜੀਅ ਕੀਤਾ ਕਿ ਮੈਂ ਆਪਣੇ ਪੇਟ ਵਿਚ ਪਲ ਰਹੇ ਬੱਚੇ ਨੂੰ ਮੁੱਕੀਆਂ ਮਾਰ ਮਾਰ ਕੇ ਮਾਰ ਸੁੱਟਾਂ ਤੇ ਆਪਣਾ ਸਿਰ ਕੰਧ ਨਾਲ ਮਾਰ ਲਵਾਂ। ਐਨ ਉਸੇ ਵੇਲੇ ਮੇਰੇ ਕਰੀਬ ਥਾਣੇਦਾਰ ਦੀ ਨੂੰਹ ਆ ਖਲੋਤੀ ਤੇ ਉਸਨੇ ਮੈਨੂੰ ਆਪਣਾ ਮੇਕ ਅੱਪ ਸਾਫ਼ ਕਰ ਲੈਣ ਲਈ ਕਿਹਾ। ਫਿਰ ਉਹ ਖੁਦ ਹੀ ਉਹ ਸਭ ਕੁਝ ਕਰਨ ਲੱਗ ਪਈ। ਮੈਂ ਬਿੱਟ ਬਿੱਟ ਝਾਕਦੀ ਰਹੀ। ਅੱਥਰੂ ਆਪ ਮੁਹਾਰੇ ਵਹਿੰਦੇ ਰਹੇ।

ਅਗਲੇ ਦਿਨ ਚੰਨ ਨੂੰ ਲੱਕੜਾਂ ਵਿਚ ਚਿਣ ਕੇ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਬਾਪੂ ਜੀ ਨੇ ਪਰਾਲ਼ੀ ਦੇ ਬੁੱਥੇ ਨੂੰ ਅੱਗ ਲਾ ਕੇ ਚਿਤਾ ਨੂੰ ਲਾਉਂਦਿਆਂ ਅਸਮਾਨ ਪਾੜਵੀਂ ਢਾਹ ਮਾਰੀ। ਸਾਰਾ ਪਿੰਡ ਤ੍ਰਾਸ ਤ੍ਰਾਸ ਕਰ ਉੱਠਿਆ। ਮੇਰੇ ਵਾਲ਼ ਖੁੱਲ੍ਹੇ ਹੋਏ ਸਨ ਤੇ ਵੀਰ ਜੀ ਨੇ ਮੈਨੂੰ ਸੰਭਾਲਿਆ ਹੋਇਆ ਸੀ। ਮੇਰੇ ਭਾਪਾ ਜੀ ਤੇ ਬਾਪੂ ਜੀ ਇਕ ਦੂਜੇ ਨੂੰ ਢਾਰਸ ਬਨ੍ਹਾ ਰਹੇ ਸਨ। ਜੁਲਾਈ ਮਹੀਨੇ ਦੀ ਗਰਮੀ ਵਿਚ ਮੱਚਦੀ ਅੱਗ ਤਿੜ ਤਿੜ ਕਰਦੀ ਵਧ ਰਹੀ ਸੀ। ਚੰਨ ਦਾ ਕੋਮਲ ਸਰੀਰ ਇਸ ਅੱਗ ਨਾਲ ਰਾਖ਼ ਹੋ ਰਿਹਾ ਸੀ।

ਅਚਾਨਕ ਮੇਰੇ ਢਿੱਡ ਵਿਚ ਚੀਰਵੀਂ ਲੀਹ ਉੱਠੀ, ਜਿਸ ਨੂੰ ਮੈਂ ਪਹਿਲਾਂ ਤਾਂ ਬੁੱਲ੍ਹ ਘੁੱਟ ਕੇ ਜਰਿਆ ਪਰ ਜਦ ਇਹ ਅਸਹਿ ਹੋ ਗਈ ਤਾਂ ਮੇਰੇ ਮੂੰਹੋਂ ਜ਼ੋਰ ਦੀ ਚੀਕ ਵੱਜ ਗਈ। ਨਾਲ ਹੀ ਮੈਂ ਬੇਸੁੱਧ ਹੋ ਗਈ। ਹੋਸ਼ ਆਈ ਤਾਂ ਮੈਂ ਸੁਫ਼ੇ ਵਿਚ ਲੇਟੀ ਪਈ ਸਾਂ। ਲਾਗੇ ਬਰਾੜਾਂ ਦੀ ਨੂੰਹ ਬੈਠੀ ਸੀ। ਉਸ ਨੇ ਮੇਰਾ ਧਿਆਨ ਮੇਰੇ ਸੱਜੇ ਪਾਸੇ ਪਈ ਕੱਪੜਿਆਂ ਵਿਚ ਲਿਪਟੀ ਨੰਨ੍ਹੀ ਜਿਹੀ ਬੱਚੀ ਵੱਲ ਦੁਆਇਆ। ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਪਰ ਸਰੀਰ ਦੀ ਕਮਜ਼ੋਰੀ ਨੇ ਮੇਰਾ ਸਾਥ ਨਾ ਦਿੱਤਾ।

ਦਸਵੇਂ ਦਿਨ ਚੰਨ ਦਾ ਭੋਗ ਪੈ ਗਿਆ। ਮੈਂ ਹੌਲੀ ਹੌਲੀ ਤੁਰਨ ਫਿਰਨ ਜੋਗੀ ਹੋ ਗਈ। ਲੋਕਾਂ ਦੀ ਆਵਾਜਾਈ ਹਾਲੇ ਵੀ ਘਰ ਵਿਚ ਬਣੀ ਹੋਈ ਸੀ। ਚੰਨ ਦੇ ਕਾਲਜ ਵੇਲੇ ਦੇ ਮਿੱਤਰ ਬੇਲੀ ਆਉਂਦੇ ਰਹੇ। ਸੋਹਣ ਕਈ ਦਿਨ ਆਪਣੇ ਘਰ ਨਾ ਗਿਆ। ਨਿੱਕੇ ਮੋਟੇ ਕੰਮਾਂ ਤੋਂ ਲੈ ਕੇ ਵੱਡੀ ਤੋਂ ਵੱਡੀ ਜ਼ਿੰਮੇਵਾਰੀ ਸਕਿਆਂ ਨਾਲੋਂ ਵੱਧ ਹੋ ਕੇ ਨਿਭਾਉਂਦਾ ਰਿਹਾ।

ਦੋ ਕੁ ਮਹੀਨਿਆਂ ਪਿਛੋਂ ਇਕ ਦਿਨ ਭਾਪਾ ਜੀ ਤੇ ਵੀਰ ਜੀ ਆਏ। ਵੀਰ ਜੀ ਦੇ ਗਲ਼ ਲੱਗਦਿਆਂ ਮੇਰੀ ਭੁੱਬ ਨਿਕਲ ਗਈ। ਦੋਵੇਂ ਬਜ਼ੁਰਗ ਇਸ ਦੁਖਿਆਰੀ ਅਵਸਥਾ ਬਾਰੇ ਗੱਲਾਂ ਕਰਦੇ ਰਹੇ। ਅਖੀਰ ਭਾਪਾ ਜੀ ਨੇ ਕਿਹਾ, ‘ਜੇ ਸੁਖ ਕਰਮਾਂ ’ਚ ਹੁੰਦਾ ਤਾਂ ਕਦੀ ਐਸਾ ਨਾ ਵਾਪਰਦਾ। ਇਹ ਇਹਦੇ ਲੇਖ ਨੇ ਕਿ ਅਣਹੋਣੀ ਹੋ ਗਈ। ਹੁਣ ਏਥੇ ਕੀ ਕਰੇਗੀ ਇਹ …? ਤੁਸੀਂ ਹਾਮੀ ਭਰੋ ਤਾਂ ਇਸਨੂੰ ਨਾਲ ਹੀ ਲੈ ਜਾਈਏ … ਬਾਕੀ ਜਿਵੇਂ ਤੁਸੀਂ ਮੁਨਾਸਬ ਸਮਝੋ।’

ਬਾਪੂ ਜੀ ਨੇ ਬੜੇ ਦ੍ਰਿੜ ਲਫ਼ਜ਼ਾਂ ਵਿਚ ਆਖਿਆ, ‘ਮਿਲਣ ਗਿਲਣ ਲਈ ਲਿਜਾਣਾ ਤਾਂ ਲੱਖ ਵਾਰੀ ਲਿਜਾਓ ਸਰਦਾਰ ਜੀ। ਪਰ ਮੇਰੀ ਹੱਥ ਬੰਨ੍ਹ ਕੇ ਬੇਨਤੀ ਜੇ, ਮੇਰਾ ਪੁੱਤ ਨਹੀਂ ਰਿਹਾ, ਇਸ ਧੀ ਨੂੰ ਮੈਥੋਂ ਜੁਦਾ ਨਾ ਕਰਿਓ। ਮੈਨੂੰ ਧੀਆਂ ਤੋਂ ਵੱਧ ਐ ਇਹ। ਸਾਡੇ ਕੋਲ ਇਸ ਤੋਂ ਸਿਵਾ ਹੋਰ ਕੌਣ ਐ …? ਸਾਡਾ ਬੁੱਢਿਆਂ ਦਾ ਆਸਰਾ।’

ਨੀਵੀਂ ਪਾਈ ਬੈਠੇ ਵੀਰ ਜੀ ਬੋਲੇ, ‘ਪਰ ਮਾਸੜ ਜੀ, ਇਓਂ ਪੰਜ ਪਹਾੜ ਉਮਰ … ਕਿਵੇਂ ਕੱਟੂ? ਮੇਰਾ ਮਤਲਬ …।’ ਫਿਰ ਉਹ ਕੁਝ ਚਿਰ ਲਈ ਰੁਕੇ ਤੇ ਗਲ਼ਾ ਸਾਫ਼ ਕਰਦੇ ਬੋਲੇ, ‘ਸਿਰਫ਼ ਤੇਈਆਂ ਵਰ੍ਹਿਆਂ ਦੀ ਉਮਰ ਐ ਇਹਦੀ ਹਾਲੇ, ਏਨਾ ਲੰਮਾ ਪੈਂਡਾ …।

‘ਮੈਂ ਤੇਰੀ ਗੱਲ ਸਮਝ ਰਿਹਾਂ ਜੀਣ ਜੋਗਿਆ।’ ਬਾਪੂ ਜੀ ਬੋਲੇ। ‘ਨੂੰਹ ਨਹੀਂ, ਧੀ ਆਖਿਆ ਮੈਂ ਇਹਨੂੰ। ਕੋਈ ਅਜਿਹੀ ਨੌਬਤ ਆਈ ਨਾ ਤਾਂ ਮੈਂ ਹੱਥੀਂ ਇਹਨੂੰ ਧੀ ਬਣਾ ਕੇ ਵਿਦਾ ਕਰ ਦਊਂ। ਇਸ ਵੇਲੇ ਮੇਰੇ ਘਰ ਦੀ, ਮੇਰੀ ਪੱਗ ਦੀ ਇੱਜ਼ਤ ਐ ਇਹ। ਤੁਸੀਂ ਆਓ ਜਾਓ, ਇਹ ਵੀ ਆਇਆ ਜਾਇਆ ਕਰੇ। ਪਰ ਘਰ ਇਹਦਾ ਇਹੋ ਐ …।’

ਬਾਪੂ ਜੀ ਨੇ ਪੱਗ ਦੇ ਲੜ ਨਾਲ ਅੱਥਰੂ ਪੂੰਝੇ। ਜਿਸ ਵਿਹੜੇ ਵਿਚ ਮੇਰਾ ਚੰਨ ਫਿਰਦਾ ਰਿਹਾ ਸੀ, ਉਸ ਵਿਹੜੇ ਨੂੰ ਛੱਡਣ ਦਾ ਮੇਰਾ ਵੀ ਮਨ ਨਹੀਂ ਸੀ। ਸੁਖ ਭੋਗਣਾ ਜੇ ਕਰਮਾਂ ਵਿਚ ਹੁੰਦਾ ਤਾਂ ਏਥੇ ਹੀ ਮਿਲਿਆ ਰਹਿੰਦਾ। ਇਸ ਉਮਰ ਦਾ ਕੀ ਐ? ਚੰਨ ਨਾਲ ਬਿਤਾਏ ਦੋਂਹ ਸਾਲਾਂ ਨੂੰ ਯਾਦ ਕਰਦਿਆਂ ਲੰਘ ਜਾਏਗੀ। ਹੁਣ ਮੇਰਾ ਇਹੋ ਧਰਮ ਐ, ਇਸ ਘਰ ਦੀ ਮਾਣ ਇੱਜ਼ਤ ਨੂੰ ਪਾਲਦੀ ਰਹਾਂ। ਚੰਨ ਦੀ ਨਿਸ਼ਾਨੀ ਨੂੰ ਹਿੱਕ ਨਾਲ ਲਾ ਕੇ ਦਿਨ ਕੱਟਦੀ ਰਹਾਂ।

ਦੂਜੇ ਚੌਥੇ ਸੋਹਣ ਆ ਜਾਂਦਾ। ਚੰਨ ਦਾ ਭਰਾਵਾਂ ਤੋਂ ਗੂੜ੍ਹਾ ਰਿਸ਼ਤਾ ਸੀ ਉਹਦੇ ਨਾਲ। ਬੇਬੇ ਜੀ ਤੇ ਬਾਪੂ ਜੀ ਵੀ ਉਹਨੂੰ ਪੂਰਾ ਮੰਨਦੇ। ਮੈਨੂੰ ਭੈਣ ਜੀ ਆਖ ਕੇ ਸਦੱਦਾ ਸੀ । ਮੈਂ ਉਹਨੂੰ ਭਾ ਜੀ ਕਹਿੰਦੀ। ਪਰ ਉਹ ਮੈਨੂੰ ਹਮੇਸ਼ਾ ਟੋਕਦਾ, ‘ਚਰਨਜੀਤ ਵੱਡਾ ਸੀ ਮੈਥੋਂ ਪੂਰੇ ਛੇ ਦਿਨ, ਤੁਸੀਂ ਮੇਰਾ ਨਾਂ ਸੱਦਿਆ ਕਰੋ। ਪਰ ਮੇਰਾ ਜੇਰਾ ਨਾ ਪੈਂਦਾ। ਗੱਲਾਂ ਕਰਦਿਆਂ ੳਹ ਜ਼ਿੰਦਗੀ ਤੇ ਮੌਤ ਦੇ ਬੜੇ ਗਹਿਰੇ ਫਲਸਫ਼ੇ ਛੇੜਦਾ। ਉਹਦੀਆਂ ਕਈ ਗੱਲਾਂ ਮੇਰੀ ਸਮਝ ਪੈਂਦੀਆਂ, ਕਈ ਨਾ। ਆਪਣੀ ਗੱਲ ਸਮਝਾਉਣ ਲਈ ਉਹ ਕਈ ਉਦਾਹਰਣਾਂ ਦਿੰਦਾ। ਉਹਦੀਆਂ ਗੱਲਾਂ ਮੈਨੂੰ ਮੋਹ ਜਾਂਦੀਆਂ। ਉਹਦੇ ਲਾਗੇ ਬਹਿਣਾ ਮੈਨੂੰ ਚੰਗਾ ਲੱਗਦਾ। ਉਹ ਜਾਣ ਲਈ ਕਹਿੰਦਾ ਤਾਂ ਮੈਂ ਉਹਨੂੰ ਹੋਰ ਬਹਿਣ ਲਈ ਮਜਬੂਰ ਕਰਦੀ। ਚਿਨਾਬ ਨੂੰ ਕੁੱਛੜ ਚੁੱਕ ਵਿਹੜੇ ਵਿਚ ਘੁੰਮਦਾ ਤਾਂ ਮੇਰੇ ਅੰਦਰ ਅਜੀਬ ਤਰ੍ਹਾਂ ਦੀ ਖਲਬਲੀ ਮੱਚ ਜਾਂਦੀ। ਜਿਵੇਂ ਸਾਕਾਰ ਚੰਨ ਹੋਵੇ। ਇਕੋ ਜਿੰਨੇ ਉੱਚੇ ਤੇ ਡੀਲ ਡੌਲ ਵਾਲੇ ਤਾਂ ਸਨ ਦੋਵੇਂ। ਚੰਨ ਨੇ ਕੇਸ ਦਾੜ੍ਹੀ ਰੱਖੀ ਸੀ ਤੇ ਸੋਹਣ ਕਤਰਵੀਂ ਦਾੜ੍ਹੀ ਤੇ ਵਾਲਾਂ ਦੇ ਛੱਤਰੇ ਰੱਖਦਾ ਸੀ। ਉਨ੍ਹਾਬੀ ਰੰਗ ਦੀ ਪੱਗ ਬੜੀ ਫੱਬਦੀ ਸੀ ਉਹਨੂੰ। ਚੰਨ ਜਦੋਂ ਕਾਲ਼ੀ ਪੱਗ ਬੰਨ੍ਹਦਾ ਸੀ ਤਾਂ ਫੁੱਟ ਫੁੱਟ ਪੈਂਦਾ ਸੀ।

ਸੋਹਣ ਆਉਂਦਾ ਤਾਂ ਬੇਬੇ ਜੀ ਤੇ ਬਾਪੂ ਜੀ ਦੇ ਪੈਰੀਂ ਹੱਥ ਲਾਉਂਦਾ। ਬੇਬੇ ਜੀ ਉਹਨੂੰ ਗਲਵਕੜੀ ’ਚ ਲੈ ਗਲੇਡੂ ਭਰ ਲੈਂਦੇ। ਬਾਪੂ ਜੀ ਉਹਦੀ ਕੰਡ ਥਾਪੜਦੇ ਤੇ ਹਉਕਾ ਭਰ ਕੇ ਆਖਦੇ- ‘ਤੇਰੇ ਬਗੈਰ ਸਾਡਾ ਕੌਣ ਏ ਪੁੱਤ? ਸ਼ਾਬਾਸ਼ੇ ਬਈ ਤੇਰੇ …।’

ਚੰਨ ਦੀਆਂ ਗੱਲਾਂ ਛਿੜਦੀਆਂ ਤਾਂ ਸੋਹਣ ਦਾ ਗੱਚ ਭਰ ਜਾਂਦਾ। ਅੱਖਾਂ ਵਹਿਣ ਲੱਗਦੀਆਂ। ਬੇਬੇ ਜੀ ਹਟਕੋਰੇ ਭਰਦੇ- ‘ਪਤਾ ਨਹੀਂ ਕਿਸ ਚੰਦਰੇ ਦੀ ਨਜ਼ਰ ਖਾ ਗਈ।’ ਬਾਪੂ ਜੀ ਦੀਆਂ ਅੱਖਾਂ ਦੇ ਹੰਝੂ ਉਹ ਨਾਂ ਦੀ ਬੱਗੀ ਦਾੜ੍ਹੀ ਵਿਚ ਗੁਆਚਣ ਲੱਗਦੇ।

ਸਥਿਤੀ ਨੂੰ ਹਲਕਿਆਂ ਕਰਨ ਖਾਤਰ ਸੋਹਣ ਉੱਠ ਕੇ ਮੱਝ ਲਈ ਪੱਠੇ ਕੁਤਰਨ ਲੱਗਦਾ। ਕਮੀਜ਼ ਲਾਹ ਕੇ ਕਿੱਲੀ ਨਾਲ ਟੰਗਦਾ ਤੇ ਮੋਟਰ ਪੰਪ ਨਾਲ ਪਾਈਪ ਲਾ ਕੇ ਮੱਝ ਨੂੰ ਨੁਹਾ ਦਿੰਦਾ। ਪਿਛਵਾੜੇ ਬਣੀ ਨਿੱਕੀ ਜਿਹੀ ਕਿਆਰੀ ’ਤੇ ਤਰੌਂਕੇ ਦੇ ਦਿੰਦਾ। ਰਸੋਈ ਵਿੱਚੋਂ ਗਿਲਾਸ ਫੜਦਾ ਤੇ ਬੈਠਕ ਵਿਚ ਪਈ ਫਰਿੱਜ ’ਚੋਂ ਖੁਦ ਜਾ ਕੇ ਪਾਣੀ ਪੀ ਲੈਂਦਾ। ਬੇਬੇ ਜੀ ‘ਪਾਣੀ ਮੈਂ ਪਿਆਉਨੀ ਆਂ’ ਆਖਦੇ ਤਾਂ ਕਹਿੰਦਾ, ‘ਚਰਨਜੀਤ ਨੇ ਵੀ ਸਾਡੇ ਘਰ ਆ ਕੇ ਕਦੀ ਹੁਕਮ ਨਹੀਂ ਸੀ ਚਲਾਇਆ। ਉੱਠ ਕੇ ਆਪ ਚੀਜ਼ ਲੈ ਲੈਂਦਾ ਸੀ। ਫਿਰ ਉਹ ਰੁਕ ਜਾਂਦਾ। ਪਾਣੀ ਵਾਲਾ ਗਿਲਾਸ ਹੱਥ ਵਿਚ ਫੜਿਆ ਰਹਿ ਜਾਂਦਾ। ਉਂਗਲਾਂ ਦੇ ਪੋਟਿਆਂ ਨਾਲ ਅੱਖਾਂ ਦੇ ਕੋਏ ਸਾਫ਼ ਕਰਦਾ ਤੇ ਹਉਕਾ ਭਰ ਕੇ ਤੁਰ ਜਾਂਦਾ।

ਮੇਰੇ ਅਮ੍ਰਿਤ ਛਕਣ ’ਤੇ ਉਸਨੇ ਟਿੱਪਣੀ ਕੀਤੀ ਸੀ, ‘ਜੇ ਧਰਮ ਦੀਆਂ ਸੌੜੀਆਂ ਵਲਗਣਾਂ ’ਚ ਕੈਦ ਹੋ ਕੇ ਰਹਿ ਜਾਣਾ ਹੋਵੇ ਤਾਂ ਇਸਦਾ ਕੋਈ ਫਾਇਦਾ ਨਹੀਂ। ਧਰਮ ਦਾ ਸਿਧਾਂਤ ਬੰਦੇ ਨੂੰ ਹਰ ਦਿਸ਼ਾ ਵਿਚ ਫੈਲ ਜਾਣ ਦੀ ਜੁਗਤ ਦੱਸਦਾ ਏ। ਇਹ ਰਹਿਤਨਾਮੇ, ਬੰਧਨ, ਰੁਕਾਵਟਾਂ, ਪਰਹੇਜ਼ … ਮੈਂ ਤਾਂ ਇਹਨਾਂ ਦੇ ਹੱਕ ਵਿਚ ਨਹੀਂ।’

ਮੈਨੂੰ ਪਤਾ ਨਹੀਂ ਮੈਂ ਹੱਕ ਵਿਚ ਸਾਂ ਜਾਂ ਨਹੀਂ ਪਰ ਸੰਤਾਂ ਦੀਆਂ ਦੱਸੀਆਂ ਗੱਲਾਂ ਤੇ ਅਮਲ ਕਰ ਰਹੀ ਸਾਂ। ਸਿਮਰਨ ਵਿਚ ਮੇਰੀ ਲਿਵ ਲੱਗਣ ਲੱਗੀ ਸੀ। ਸਵੇਰੇ ਸ਼ਾਮ ਪਾਠ, ਗੁਰਦੁਆਰੇ ਜਾਣਾ, ਚਿਨਾਬ ਨੂੰ ਨੁਹਾ ਧੁਆ ਕੇ ਤਿਆਰ ਕਰਨਾ, ਚੌਕੇ ਚੁੱਲ੍ਹੇ ਦਾ ਆਹਰ, ਬੇਬੇ ਜੀ ਤੇ ਬਾਪੂ ਜੀ ਦੀ ਦੇਖ ਭਾਲ … ਲੰਮੇ ਬੋਝਲ ਦਿਨ ਇਹਨਾਂ ਰੁਝੇਵਿਆਂ ’ਚੋਂ ਲੰਘ ਜਾਂਦੇ, ਪਰ ਰਾਤ ਦਾ ਸੱਖਣਾਪਨ ਗੁਜ਼ਾਰਿਆਂ ਨਾ ਗੁਜ਼ਰਦਾ। ਪਤਾ ਨਹੀਂ ਕਦੋਂ ਤੇ ਕਿਵੇਂ ਮੇਰੀਆਂ ਸੋਚਾਂ ਦਰਮਿਆਨ ਸੋਹਣ ਆ ਖਲੋਤਾ ਸੀ। ਟਿਕੀ ਹੋਈ ਰਾਤ ਵਿਚ ਮੈਨੂੰ ਉਸਦੇ ਬੋਲ ਸੁਣਦੇ। ਅੱਖਾਂ ਮੀਟਦੀ ਤਾਂ ਉਹਦੇ ਨਕਸ਼ ਉੱਘੜਦੇ। ਚਿਨਾਬ ਦਾ ਹੱਥ ਛਾਤੀ ’ਤੇ ਪਿਆ ਹੁੰਦਾ ਤਾਂ ਮੈਂ ਤ੍ਰਭਕ ਉੱਠਦੀ। ਢਿੱਡ ਉੱਪਰ ਉਹਦੀ ਲੱਤ ਆ ਜਾਂਦੀ ਤਾਂ ਮੇਰੀ ਜਾਗ ਅੱਭੜਵਾਹੇ ਖੁੱਲ੍ਹ ਜਾਂਦੀ। ਉਸ ਬਾਰੇ ਸੋਚਦਿਆਂ ਅੱਖ ਨਾ ਲੱਗਦੀ। ਸਰੀਰ ਤਪਣ ਲੱਗਦਾ। ਸੋਚਦੀ, ਸੋਹਣ ਇਸ ਤਪਦੇ ਸਰੀਰ ਉੱਤੇ ਹੱਥ ਰੱਖੇ, ਕੰਬਦੇ ਬੁੱਲ੍ਹਾਂ ਨੂੰ ਪੋਟਿਆਂ ਨਾਲ ਸਹਿਲਾਏ।

ਸੁੰਨੀਆਂ ਰਾਤਾਂ ਦੇ ਇਹ ਮਾਰੂ ਹੱਲੇ ਲਗਾਤਾਰ ਚਲਦੇ ਰਹੇ। ਸਬਰ ਦੇ ਬੰਨ੍ਹ ਖੁਰ ਖੁਰ ਜਾਂਦੇ। ਵਲਗਣਾਂ ਭੁਰਨ ਲਗਦੀਆਂ। ਛਾਤੀ ਵਿਚ ਮੁਰਝਾਇਆ ਬੂਟਾ ਫਿਰ ਪੁੰਗਰਨ ਲਈ ਹਿੱਲਜੁੱਲ ਕਰਨ ਲੱਗਾ।

ਸੋਹਣ ਨਾਲ ਗੱਲਾਂ ਕਰਦੀ ਮੈਂ ਗੁਆਚ ਜਾਂਦੀ। ਉਹ ਭੈਣ ਆਖ ਕੇ ਬੁਲਾਉਂਦਾ ਤਾਂ ਮੈਨੂੰ ਕੋਫ਼ਤ ਹੋਣ ਲੱਗਦੀ। ਉਹ ਚੁਟਕੀ ਵਜਾ ਕੇ ਆਖਦਾ, ‘ਕਿੱਥੇ ਗੁਆਚ ਗਏ …?’

ਪਤਾ ਨਹੀਂ ਕਿਥੇ ਗੁਆਚ ਰਹੀ ਸਾਂ ਮੈਂ? ਉਸ ਦਿਨ ਸੋਹਣ ਆਇਆ ਸੀ, ਪਰਛਾਵੇਂ ਢਲਣ ਵੇਲੇ। ਉਨ੍ਹਾਬੀ ਪੱਗ ਵਿਚ ਉਹਦਾ ਚਿਹਰਾ ਭਖ਼ ਰਿਹਾ ਸੀ। ਉਹਨੇ ਡਿਓਢੀ ਵਿਚ ਮੋਟਰ ਸਾਇਕਲ ਖਲਿਹਾਰਿਆ। ਮੰਡੀਓਂ ਆਇਆ ਸੀ ਉਹ, ਆੜ੍ਹਤੀਏ ਨਾਲ ਹਿਸਾਬ ਕਰ ਕੇ। ਬਾਪੂ ਜੀ ਲਾਗੇ ਮੰਜੇ ’ਤੇ ਬੈਠਾ ਹਿਸਾਬ ਸਮਝਾਉਣ ਲੱਗਾ ਸੀ। ਬੇਬੇ ਜੀ ਲਾਗੇ ਪੀੜ੍ਹੀ ’ਤੇ ਬੈਠੇ ਗੋਦੀ ’ਚ ਪਈ ਚਿਨਾਬ ਨੂੰ ਥਾਪੜ ਰਹੇ ਸਨ। ਮੈਂ ਚੌਕੇ ਵਿਚ ਖੜੀ ਸਾਹੋ ਸਾਹੀ ਹੋ ਰਹੀ ਸਾਂ। ਦਿਮਾਗ਼ ਵਿਚ ਕੋਈ ਸ਼ੈਅ ਸਰਕ ਰਹੀ ਸੀ। ਕੰਨਾਂ ਵਿਚ ਲਗਾਤਾਰ ਸਾਂ ਸਾਂ ਹੋ ਰਹੀ ਸੀ। ਉਹਨਾਂ ਦਾ ਕੋਈ ਬੋਲ ਮੈਨੂੰ ਨਹੀਂ ਸੀ ਸੁਣ ਰਿਹਾ, ਹੱਥ ਹਿੱਲਦੇ ਜਾਂ ਸਿਰ ਹਿੱਲ ਰਹੇ ਸਨ।

ਆਵਾਜ਼ ਸੁਣੀ- ‘ਪਾਣੀ ਦਾ ਇਕ ਗਲਾਸ ਦੇ ਜਾਈਂ ਰਵਿੰਦਰ।’

ਬੇਬੇ ਜੀ ਦੇ ਬੋਲ ਸਨ। ਮੈਂ ਭਾਂਡਿਆਂ ਵਾਲੀ ਟੋਕਰੀ ਵਿੱਚੋਂ ਗਿਲਾਸ ਚੁੱਕਿਆ ਤੇ ਨਲਕੇ ਤੋਂ ਭਰ ਲਿਆਈ, ‘ਲਓ’, ਮੈਂ ਆਖਿਆ।

‘ਲੈ ਲੈ ਪੁੱਤਰ ਪਾਣੀ।’ ਬੇਬੇ ਜੀ ਨੇ ਕਿਹਾ। ਡਾਇਰੀ ਉੱਪਰ ਪੈੱਨ ਨਾਲ ਹਿਸਾਬ ਕਰ ਰਹੇ ਸੋਹਣ ਨੇ ਮੇਰੇ ਵੱਲ ਧਿਆਨ ਚੁੱਕਿਆ। ਵੇਖ ਕੇ ਨਿੰਮਾ ਜਿਹਾ ਮੁਸਕਰਾਇਆ। ਮੇਰੇ ਹੱਥੋਂ ਗਿਲਾਸ ਫੜਿਆ ਤੇ ਅੱਧਾ ਕੁ ਪਾਣੀ ਪੀ ਕੇ ਗਿਲਾਸ ਮੈਨੂੰ ਵਾਪਸ ਕਰ ਦਿੱਤਾ। ਮੇਰੇ ਸੁੱਕੇ ਬੁੱਲ੍ਹਾਂ ਤੇ ਪਿਆਸ ਅਚਾਨਕ ਭੜਕ ਪਈ ਤੇ ਉਹ ਬਚਿਆ ਪਾਣੀ ਮੈਂ ਉਸੇ ਵੇਲੇ ਪੀ ਗਈ। ਆਖਰੀ ਘੁੱਟ ਭਰਦਿਆਂ ਹੀ ਮੇਰੀ ਹੋਸ਼ ਪਰਤ ਆਈ। ਬੇਬੇ ਜੀ ਦਾ ਮੂੰਹ ਖੁੱਲ੍ਹਾ ਰਹਿ ਗਿਆ। ਬਾਪੂ ਜੀ ਵੀ ਅਵਾਕ ਰਹਿ ਗਏ। ਸੋਹਣ ਦੇ ਹੱਥ ਵਿਚ ਫੜਿਆ ਪੈੱਨ ਅਹਿੱਲ ਹੋ ਗਿਆ।

ਮੈਂ ਤੇਜ਼ ਕਦਮੀਂ ਚੌਕੇ ਵੱਲ ਤੁਰੀ। ਖਾਲੀ ਗਿਲਾਸ ਚੁੱਲ੍ਹੇ ਲਾਗੇ ਸੁੱਟ ਦਿਤਾ। ਮੇਰੇ ਸਿਰ ਵਿਚ ਅਜੀਬ ਹਰਕਤ ਹੋਣ ਲੱਗੀ ਸੀ। ਲੱਤਾਂ ਵਿੱਚੋਂ ਸੱਤਿਆ ਮੁੱਕਣ ਲੱਗੀ ਸੀ। ਫਿਰ ਵੀ ਪਤਾ ਨਹੀਂ ਕਿਵੇਂ ਹਿੰਮਤ ਜੁਟਾ ਕੇ ਮੈਂ ਅੰਦਰ ਬੇਬੇ ਜੀ ਦੇ ਪਲੰਘ ’ਤੇ ਜਾ ਢੱਠੀ।

ਮੈਂ ਰੋ ਰਹੀ ਸਾਂ ਨਿਰੰਤਰ। ਅੰਦਰੋਂ ਕੁਝ ਤਰਲ ਬਣ ਕੇ ਵਹਿ ਜਾਣ ਕਈ ਤਰਲੋ ਮੱਛੀ ਹੋ ਰਿਹਾ ਸੀ। ਦਿਮਾਗ਼ ਵਿਚ ਨਾ ਕੋਈ ਸਪੱਸ਼ਟ ਸੋਚ ਸੀ, ਨਾ ਅੱਖਾਂ ਅੱਗੇ ਕੋਈ ਸਾਬਤ ਦ੍ਰਿਸ਼।

ਉਸ ਰਾਤ ਮੇਰਾ ਪਿੰਡਾ ਤਪਦਾ ਰਿਹਾ। ਗਲ਼ ਪਾਈ ਕਿਰਪਾਨ ਲਾਹ ਕੇ ਮੈਂ ਸਿਰਹਾਣੇ ਰੱਖ ਲਈ। ਚਿਨਾਬ ਨੂੰ ਬੇਬੇ ਜੀ ਨੇ ਆਪਣੇ ਨਾਲ ਪਾ ਲਿਆ ਸੀ।

ਸਵੇਰੇ ਨਾ ਮੈਥੋਂ ਇਸ਼ਨਾਨ ਹੋ ਸਕਿਆ, ਨਾ ਗੁਰਦੁਆਰੇ ਜਾ ਸਕੀ। ਬੇਬੇ ਜੀ ਨੇ ਵੀ ਮਜਬੂਰ ਨਾ ਕੀਤਾ। ਬਾਪੂ ਜੀ ਦੇ ਚਿਹਰੇ ’ਤੇ ਚਿੰਤਾ ਦੇ ਡੂੰਘੇ ਪਰਛਾਵੇਂ ਸਨ। ਸਵੇਰ ਦਾ ਨਾਸ਼ਤਾ ਕਰਕੇ ਉਹ ਖੇਤਾਂ ਨੂੰ ਨਿਕਲ ਗਏ। ਬੇਬੇ ਜੀ ਵੀ ਆਪਣੇ ਮਨ ਦਾ ਭਾਰ ਹੌਲਾ ਕਰਨ ਕਈ ਕਿਸੇ ਗੁਆਂਢਣ ਵੱਲ ਚਲੇ ਗਏ। ਮੈਂ ਕੁਕੜੀਆਂ ਨੂੰ ਖੁੱਡੇ ਵਿੱਚੋਂ ਛੱਡ ਦਿੱਤਾ। ਚਾਚੀ ਹੋਰਾਂ ਦੀ ਕੰਧ ’ਤੇ ਸ਼ਹਿ ਲਾ ਕੇ ਬੈਠਾ ਲਾਖਾ ਕੁੱਕੜ ਉਡਾਰੀ ਮਾਰ ਕੇ ਆ ਗਿਆ ਤੇ ਚਿੱਟੀ ਕੁਕੜੀ ਨੂੰ ਪਿਛਵਾੜੇ ਬਣੀ ਕਿਆਰੀ ਵੱਲ ਲੈ ਗਿਆ। ਮੇਰੇ ਸਿਰ ਵਿਚ ਤਿੱਖਾ ਦਰਦ ਉੱਠਿਆ। ਐਨ ਉਸੇ ਵੇਲੇ ਮੋਟਰ ਸਾਇਕਲ ਦਾ ਖੜਾਕ ਉੱਚਾ ਹੁੰਦਾ ਹੁੰਦਾ ਡਿਓਢੀ ਵਿਚ ਆ ਕੇ ਬੰਦ ਹੋ ਗਿਆ। ਮੈਨੂੰ ਲੱਗਾ ਜਿਵੇਂ ਮੇਰਾ ਸਿਰ ਚੱਕਰ ਖਾਣ ਲੱਗਾ ਸੀ। ਸੋਹਣ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਮੇਰੀਆਂ ਲੱਤਾਂ ਵਿਚ ਕਾਂਬਾ ਛਿੜ ਗਿਆ। ਉਂਗਲ ਵਿਚ ਮੋਟਰ ਸਇਕਲ ਦੀ ਚਾਬੀ ਨੂੰ ਘੁਮਾ ਰਿਹਾ ਸੀ ਉਹ। ਕਹਿਣ ਲੱਗਾ, ‘ਇਹ ਕੀ ਕੀਤਾ ਤੂੰ ਕੱਲ੍ਹ?’

ਮੈਂ ਉਹਦੇ ਸਾਹਮਣੇ ਖਲੋਤੀ ਸਾਂ। ਮੇਰੇ ਤੌਰ ਵੇਖ ਕੇ ਉਹ ਹੈਰਾਨ ਹੋਣ ਲੱਗਾ ਸੀ। ਫਿਰ ਮੈਂ ਉਹਨੂੰ ਕੁਝ ਕਹਿ ਰਹੀ ਸਾਂ, ਪੂਰੇ ਵੇਗ਼ ਵਿਚ। ਮੈਨੂੰ ਯਾਦ ਨਹੀਂ ਉਹ ਕੀ ਲਫ਼ਜ਼ ਸਨ। ਪਰ ਉਹਦੇ ਬੋਲ ਮੈਨੂੰ ਅੱਧ ਪਚੱਧ ਸੁਣੇ ਸਨ। ‘ਤੇਰਾ ਦਿਮਾਗ਼ ਹਿੱਲ ਗਿਆ ਲੱਗਦਾ … ਮੈਂ ਤੈਨੂੰ ਭੈਣ ਸਮਝਿਆ ਹਮੇਸ਼ਾ … ਬੇਬੇ ਜੀ ਕਿੱਥੇ ਨੇ …? ਬਾਪੂ ਜੀ ਕਿੱਥੇ ਨੇ …?’ ਉਹ ਬੌਂਦਲਿਆਂ ਹਾਰ ਏਧਰ ਉੱਧਰ ਟਹਿਲਣ ਲਗਾ। ਮੈਂ ਅਗਾਂਹ ਹੋ ਉਸਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਸ਼ਾਇਦ ਕਿ ਉਹ ਝਟਕੇ ਨਾਲ ਪਿੱਛੇ ਹੋ ਗਿਆ। ਤੇਜ਼ੀ ਨਾਲ ਡਿਓਢੀ ਵੱਲ ਵਧਿਆ ਤੇ ਮੋਟਰ ਸਾਇਕਲ ਨੂੰ ਕਿੱਕ ਮਾਰ ਕੇ ਚਲਾ ਗਿਆ। ਫਿਰ ਮੈਨੂੰ ਪਤਾ ਨਹੀਂ ਕੀ ਹੋਇਆ? ਚੀਕ ਮਾਰੀ ਮੈਂ ਸ਼ਾਇਦ। ਨਾਲ ਹੀ ਚਿਨਾਬ ਡਡਿਆ ਉੱਠੀ। ਨਾਲ ਦੀ ਗੁਆਂਢਣ ਚਾਚੀ ਦੌੜੀ ਆਈ। ਉਸਨੇ ਦੱਸਿਆ ਕਿ ਚੀਕ ਉਸਨੇ ਗੁਸਲਖ਼ਾਨੇ ਵਿਚ ਨਹਾਉਂਦੇ ਸੁਣੀ ਤੇ ਕਾਹਲ਼ੀ ਨਾਲ ਲੀੜੇ ਪਾ ਕੇ ਦੌੜੀ ਆਈ। ਉਹ ਮੈਨੂੰ ਕਈ ਕੁਝ ਪੁੱਛਦੀ ਰਹੀ ਪਰ ਮੈਂ ਬਿੱਟ ਬਿੱਟ ਝਾਕਦੀ ਰਹੀ। ਬੇਬੇ ਜੀ ਆਏ ਤਾਂ ਉਹਨੇ ਕਿਹਾ, ‘ਮੈਂ ਕਿਹਾ ਸੀ ਤੁਹਾਨੂੰ ਭੈਣ ਜੀ, ਹਾਲੇ ਵੀ ਡੁੱਲ੍ਹਿਆਂ ਬੇਰਾਂ ਦਾ ਕੁਝ ਨਹੀਂ ਜੇ ਵਿਗੜਿਆ। ਮੇਰੀ ਮੰਨੋ ਤਾਂ ਪੰਡੋਰੀ ਵਾਲੇ ਬਾਬਿਆਂ ਦੀ ਪੁੱਛਣਾ ਪੁਆ ਵੇਖੋ।’

ਹਫ਼ਤਾ ਭਰ ਸੋਹਣ ਨਹੀਂ ਆਇਆ। ਮੇਰੀ ਹਾਲਤ ਮੇਰੇ ਵੱਸੋਂ ਬਾਹਰ ਹੋਣ ਲੱਗੀ। ਬੇਬੇ ਜੀ ਘਿਓ ਵਿਚ ਬਦਾਮ ਕਾੜ੍ਹ ਕੇ ਮੇਰੇ ਸਿਰ ਵੱਚ ਝੱਸਦੇ। ਬਾਪੂ ਜੀ ਦੱਸਦੇ, ਪਿੰਡ ਦੇ ਲੋਕ ਮੇਰੇ ਬਾਰੇ ਗੱਲਾਂ ਕਰਨ ਲੱਗੇ ਸਨ। ਆਪਣੀਂ ਥਾਂ ਤੇ ਮੈਂ ਖ਼ੁਦ ਬੜੀ ਪਰੇਸ਼ਾਨ ਸਾਂ।

ਅਖੀਰ ਇਕ ਦਿਨ ਕਾਲ਼ੇ ਚੋਲ਼ਿਆਂ ਵਾਲੇ ਦੋ ਬਾਬੇ ਸਾਡਾ ਗੇਟ ਲੰਘ ਆਏ। ਬੇਬੇ ਜੀ ਨੇ ਹੱਥ ਜੋੜ ਕੇ ਤੇ ਸਿਰ ਨਿਵਾ ਕੇ ਉਹਨਾਂ ਨੂੰ ਜੀ ਆਇਆਂ ਆਖਿਆ। ਉਹਨਾਂ ਦਾ ਭਿਆਨਕ ਰੂਪ ਵੇਖ ਕੇ ਮੇਰੀਆਂ ਚੀਕਾਂ ਨਿਕਲ ਗਈਆਂ। ਬਾਬੇ ਨੇ ਆਪਣਾ ਸੇਲੇ ਵਾਲਾ ਹੱਥ ਉੱਪਰ ਚੁੱਕਿਆ ਤੇ ਕੂਕਿਆ, ‘ਦੇਖ ਲੀਆ ਹਮਨੇ … ਆਤੇ ਹੀ ਦੇਖ ਲੀਆ … ਏਕ ਚੁਟਕੀ ਮੇਂ … ਬੱਸ ਏਕ ਚੁਟਕੀ ਮੇਂ ਭਾਗੇਗੀ ਤੂੰ …।’ ਫਿਰ ਉਹਨਾਂ ਨੇ ਵਿਹੜੇ ਵਿਚ ਡੱਠੇ ਮੰਜੇ ਤੇ ਆਸਣ ਜਮਾਇਆ ਤੇ ਬੇਬੇ ਜੀ ਨੂੰ ਸੰਬੋਧਤ ਹੋ ਕੇ ਬੋਲੇ, ‘ਇਸ ਬੱਚੀ ਪਰ ਏਕ ਔਰਤ ਕਾ ਕਬਜ਼ਾ ਹੈ … ਉਸਨੇ ਇਸੇ ਦਬੋਚ ਰੱਖਾ ਹੈ … ਹਮ ਠੀਕ ਕਰ ਦੇਂਗੇ ਮਾਤਾ … ਤੁਮ ਸਮਗਰੀ ਤਿਆਰ ਕਰੋ।’

ਬਾਪੂ ਜੀ ਸਮਗਰੀ ਜੁਟਾਉਣ ਵਿਚ ਰੁੱਝ ਗਏ। ਵਿਹੜੇ ਵਿਚਕਾਰ ਧੂੰਆਂ ਧੁਖ਼ਾ ਦਿੱਤਾ ਗਿਆ। ਦੋਵੇਂ ਬਾਬੇ ਚਿਮਟੇ ਖੜਕਾਉਂਦੇ ਵਿਹੜੇ ਵਿਚ ਚੱਕਰ ਕੱਟਣ ਲੱਗੇ। ਮੈਨੂੰ ਉਸ ਧੂੰਏਂ ਲਾਗੇ ਬਿਠਾ ਦਿੱਤਾ ਗਿਆ। ਬਾਬੇ ਨੇ ਆਪਣਾ ਚਿਮਟਾ ਮੇਰੇ ਸਿਰ ’ਤੇ ਰੱਖਿਆ, ਮੂੰਹ ਵਿਚ ਬੁੜਬੁੜ ਕੀਤੀ ਤੇ ਗਰਜਿਆ, ‘ਬੋਲ! ਜਾਏਗੀ ਕਿ ਨਹੀਂ …?’

ਮੇਰੀ ਹੋਸ਼ ਭੁੱਲਦੀ ਜਾ ਰਹੀ ਸੀ। ਸਿਰ ਆਪ ਮੁਹਾਰੇ ਹਿੱਲਣ ਲੱਗਾ ਸੀ। ਵਾਲ਼ ਖੁੱਲ੍ਹ ਕੇ ਗਲ਼ ਵਿਚ ਪੈ ਗਏ। ਵਾਲਾਂ ਦਾ ਇਕ ਗੁੱਛਾ ਬਾਬੇ ਦੀ ਮੁੱਠ ਵਿਚ ਸੀ। ਪਿੰਡੇ ਤੇ ਪੈਂਦੀ ਮਾਰ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਮੈਨੂੰ ਕੋਈ ਸੁੱਧ ਬੁੱਧ ਨਹੀਂ ਸੀ। ਬਾਬੇ ਦਾ ਚੀਕਣਾ ਤੇ ਮੇਰਾ ਸਿਰ ਮਾਰਦੇ ਜਾਣਾ ਜਾਰੀ ਸੀ।

‘ਤੂੰ ਕੀ ਚਾਹੁੰਦੀ ਏਂ?’ ਮੇਰੇ ਅੰਦਰ ਸ਼ਹਿ ਲਾ ਕੇ ਬੈਠੀ ਉਸ ਬਾਹਰਲੀ ਔਰਤ ਨੂੰ ਬਾਬੇ ਨੇ ਸੁਆਲ ਕੀਤਾ।

‘ਮੈਂ ਸੋਹਣ ਨੂੰ ਚਾਹੁੰਦੀ ਆਂ …।’ ਬੇਸੁਰਤੀ ਵਿਚ ਮੈਂ ਕਿਹਾ।

‘ਯੇ ਸੋਹਣ ਕੌਨ ਹੈ?’ ਬਾਬੇ ਦੇ ਮੱਥੇ ’ਤੇ ਤਿਊੜੀਆਂ ਪੈ ਗਈਆਂ ਤੇ ਉਹ ਗਰਜ ਕੇ ਬੋਲਿਆ। ਬੇਬੇ ਜੀ ਨੇ ਦੰਦਾਂ ਥੱਲੇ ਬੁੱਲ੍ਹ ਟੁੱਕੇ। ਬਾਪੂ ਜੀ ਨੇ ਸਿਰ ਝੁਕਾ ਲਿਆ। ਆਸੇ ਪਾਸੇ ਖਲੋਤੇ ਲੋਕਾਂ ਵਿਚ ਘੁਸਰ ਮੁਸਰ ਛਿੜੀ।

‘ਮੈਂ ਆਂ ਸੋਹਣ …।’ ਦੋ ਪੈਰ ਅਗਾਂਹ ਹੋ ਕੇ ਸੋਹਣ ਬੋਲਿਆ। ਮੇਰੇ ਵਿਚਲੀ ਔਰਤ ਨੇ ਸੁਣ ਲਿਆ ਸ਼ਾਇਦ। ਉਸਨੇ ਮੇਰੀਆਂ ਅੱਖਾਂ ਥਾਣੀਂ ਉਸ ਵੱਲ ਡੇਲੇ ਪਾੜ ਕੇ ਵੇਖਿਆ। ਨਿਤਾਣੇ ਤੇ ਨਿਢਾਲ ਸਰੀਰ ਵਿਚ ਆਪਣੀ ਜੁਰਅਤ ਭਰ ਕੇ ਮੈਨੂੰ ਉਠਾ ਲਿਆ ਤੇ ਸਾਹਮਣੇ ਖਲੋਤੇ ਸੋਹਣ ਨੂੰ ਗਲਮਿਓਂ ਫੜ ਕੇ ਹਲੂਣੇ ਦੇਣ ਲੱਗੀ, ‘ਹਾਲੇ ਵੀ ਚੁੱਪ ਰਹੇਂਗਾ ਕਿ ਮਰਵਾਏਂਗਾ ਮੈਨੂੰ ਇਹਨਾਂ ਦੁਸ਼ਟਾਂ ਕੋਲੋਂ? ਬੋਲ! ਬੋਲ! ਬੋ … ਲ!’

ਸੋਹਣ ਦੇ ਪਸੀਨੇ ਛੁਟ ਰਹੇ ਸਨ। ਬਾਬੇ ਨੇ ਅਗਲੀ ਕਾਰਵਾਈ ਲਈ ਚਿਮਟਾ ਉੱਪਰ ਚੁੱਕਿਆ ਤਾਂ ਸੋਹਣ ਨੇ ਬੜੀ ਡੂੰਘੀ ਤੇ ਨਿੱਗਰ ਆਵਾਜ਼ ਵਿਚ ਆਖਿਆ, ‘ਬੱਸ, ਬੱਸ, ਇਹ ਸਾਡੇ ਘਰ ਦਾ ਮਸਲਾ ਏ ਬਾਬਾ ਜੀ …ਤੁਸੀਂ ਜਾਓ ਹੁਣ।’

ਮੈਂ ਸੋਹਣ ਦੀਆਂ ਅੱਖਾਂ ਵਿਚ ਵੇਖਿਆ। ਅੱਥਰੂ ਉਸਦੀਆਂ ਗੱਲ੍ਹਾਂ ਤੇ ਸਰਕ ਆਏ ਸਨ। ਮੇਰੇ ਖਿੱਲਰੇ ਵਾਲਾਂ ਨੂੰ ਉਹਨੇ ਸਹਿਲਾਇਆ। ਉਸ ਦਾ ਹੱਥ ਲੱਗਾ ਤਾਂ ਸਿਰ ਵਿਚ ਬਲਦੇ ਭਾਂਬੜ ਸ਼ਾਂਤ ਹੋਣ ਲੱਗੇ। ਪਿੰਡੇ ਤੇ ਪਈ ਚਿਮਟਿਆਂ ਦੀ ਪੀੜ ਚੀਸਾਂ ਛੱਡਣ ਲੱਗੀ।
*****

ਤਲਵਿੰਦਰ ਸਿੰਘ
-61, ਫਰੈਂਡਜ਼ ਕਲੋਨੀ, ਅਮ੍ਰਿਤਸਰ।
ਮੋਬਾਈਲ: 98721-78035

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 29 ਜੂਨ 2009)
(ਦੂਜੀ ਵਾਰ 15 ਸਤੰਬਰ 2021)

***
361
***