10 October 2024

ਜ਼ਿੰਦਗੀ ਵਿਚਲੀਆਂ ਸਮੱਸਿਆਵਾਂ ਨਾਲ ਕਿਵੇਂ ਨਜਿੱਠੀਏ। – ਰਿਸ਼ੀ ਗੁਲਾਟੀ

ਜ਼ਿੰਦਗੀ ਵਿਚਲੀਆਂ ਸਮੱਸਿਆਵਾਂ ਨਾਲ ਕਿਵੇਂ ਨਜਿੱਠੀਏ।

ਰਿਸ਼ੀ ਗੁਲਾਟੀ

ਚੁਣੌਤੀਆਂ ਅਤੇ ਸਮੱਸਿਆਵਾਂ ਜ਼ਿੰਦਗੀ ਦਾ ਮਹੱਤਵਪੂਰਣ ਹਿੱਸਾ ਹਨ। ਆਪਣੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਆਪਾਂ ਸਮੱਸਿਆਵਾਂ ਰਹਿਤ ਜ਼ਿੰਦਗੀ ਦੀ ਆਸ ਕਰਦੇ ਹਾਂ। ਜ਼ਿੰਦਗੀ ਵਿਚ ਪੈਦਾ ਹੋਈਆਂ ਚੁਣੌਤੀਆਂ ਵਿਅਕਤੀ ਨੂੰ ਬਹੁਤ ਕੁਝ ਸਿਖਾਉਂਦੀਆਂ ਹਨ, ਪੈਰਾਂ ਸਿਰ ਖੜ੍ਹਾ ਹੋਣ ‘ਚ ਮੱਦਦ ਕਰਦੀਆਂ ਹਨ ਅਤੇ ਸਵੈਭਰੋਸਾ ਤੇ ਸਵੈਮਾਣ ਵਧਾਉਂਦੀਆਂ ਹਨ।

ਜੇਕਰ ਕਿਸੇ ਨੂੰ ਸਮੱਸਿਆਵਾਂ ‘ਚੋਂ ਦੀ ਲੰਘਣਾ ਪੈਂਦਾ ਹੈ ਤਾਂ ਉਸਨੂੰ ਸਹੀ ਸਮੇਂ ਸਹੀ ਫੈਸਲਾ ਲੈਣ ਦੀ ਜਾਚ ਆਉਂਦੀ ਹੈ। ਆਪਣੇ ਗੁਰੂਆਂ ਪੀਰਾਂ ਨੇ ਵੀ ਇਹੀ ਸਿੱਖਿਆ ਦਿੱਤੀ ਹੈ ਕਿ ਕੇਵਲ ਆਪਾਂ ਹੀ ਨਹੀਂ ਹਾਂ, ਜੋ ਦੁਖੀ ਹਨ, ਪ੍ਰੇਸ਼ਾਨ ਹਨ, ਸਮੱਸਿਆਵਾਂ ਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ, ਤਮਾਮ ਲੋਕ ਅਜਿਹੇ ਹੀ ਹਾਲਾਤ ਵਿਚੋਂ ਲੰਘ ਰਹੇ ਹਨ। ਫ਼ਰਕ ਕੇਵਲ ਇਤਨਾ ਹੈ ਕਿ ਹਰੇਕ ਦੇ ਦੁੱਖਾਂ, ਪ੍ਰੇਸ਼ਾਨੀਆਂ, ਸਮੱਸਿਆਵਾਂ ਅਤੇ ਚੁਣੌਤੀਆਂ ਦੀ ਕਿਸਮ ਵੱਖਰੀ ਹੈ।

ਇਹ ਵੀ ਦੁਨਿਆਵੀ ਸੱਚਾਈ ਹੈ ਕਿ ਹਰੇਕ ਨੂੰ ਆਪਣਾ ਦੁੱਖ ਬਾਕੀਆਂ ਨਾਲੋਂ ਵੱਡਾ ਜਾਪਦਾ ਹੈ। ਪ੍ਰੇਸ਼ਾਨੀ ਦੇ ਦੌਰ ਵਿਚ ਵੀ ਜੇਕਰ ਆਪਣੀਆਂ ਮੌਜੂਦਾ ਭਾਵਨਾਵਾਂ ‘ਤੇ ਕਾਬੂ ਰੱਖਦਿਆਂ ਸਮਝਦਾਰੀ ਤੋਂ ਕੰਮ ਲਿਆ ਜਾਵੇ ਤਾਂ ਆਪਾਂ ਜਾਣ ਸਕਦੇ ਹਾਂ ਕਿ ਆਪਣੇ ਨਾਲੋਂ ਵੀ ਬਹੁਤ ਦੁਖੀ ਲੋਕ ਆਪਣੇ ਆਲੇ ਦੁਆਲੇ ਹੀ ਮੌਜੂਦ ਹਨ। ਜੇਕਰ ਆਪਾਂ ਚਾਹੀਏ ਤਾਂ ਅਜਿਹੇ ਵਿਚ ਹੌਸਲਾ ਦੇਣ ਵਾਲਾ ਕੋਈ ਕਾਰਣ ਵੀ ਨਜ਼ਰੀਂ ਲਾਜ਼ਿਮੀ ਪੈ ਜਾਵੇਗਾ।

ਜੇਕਰ ਮੈਂ ਆਪਣੀ ਉਦਾਹਰਣ ਹੀ ਦਿਆਂ ਤਾਂ ਇੱਕ ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ ਕਿ ਆਪਣੀਆਂ ਅੰਦਰੂਨੀ ਸੱਟਾਂ ਨਾਲ ਜੂਝ ਰਿਹਾ ਹਾਂ। ਚੱਤੋ-ਪਹਿਰ ਦਰਦ ਨਾਲ ਦੋ-ਚਾਰ ਹੁੰਦਾ ਹਾਂ। ਮਾਨਸਿਕ ਤੌਰ ‘ਤੇ ਵੀ ਬਹੁਤ ਪ੍ਰੇਸ਼ਾਨ ਹਾਂ। ਇਹ ਸੱਚ ਹੈ ਕਿ ਜਿਸ ਕਾਰਣ (ਐਕਸੀਡੈਂਟ) ਕਰਕੇ ਮੈਂ ਮੌਜੂਦਾ ਦੌਰ ਵਿਚੋਂ ਲੰਘ ਰਿਹਾ ਹਾਂ, ਉਹ ਮੇਰੇ ਕੰਟਰੌਲ ਤੋਂ ਬਾਹਰ ਸੀ। ਹੁਣ ਸੁਆਲ ਇਹ ਵੀ ਪੈਦਾ ਹੁੰਦਾ ਹੈ ਕਿ ਅਜਿਹੀ ਅਵਸਥਾ ਵਿਚ ਰਹਿੰਦਿਆਂ ਆਪਣੇ ਆਪ ਵਿਚ ਸਕਾਰਤਮਿਕਤਾ ਕਿਵੇਂ ਪੈਦਾ ਕਰ ਸਕਦਾ ਹਾਂ?

ਸੁਚੇਤ ਤੌਰ ‘ਤੇ ਮੈਂ ਆਪਣੇ ਆਪ ਨੂੰ ਚੇਤੇ ਕਰਵਾਉਂਦਾ ਹਾਂ ਕਿ ਭਿਆਨਕ ਐਕਸੀਡੈਂਟ ਵਿਚੋਂ ਲੰਘਣ ਦੇ ਬਾਵਜੂਦ;

  • ਮੇਰੇ ਬਾਹਰੀ ਸੱਟਾਂ ਨਹੀਂ ਵੱਜੀਆਂ।
  • ਕੋਈ ਲੱਤ ਬਾਂਹ ਨਹੀਂ ਟੁੱਟੀ।
  • ਮੈਂ ਵਧੀਆ ਖਾਂਦਾ-ਪੀਂਦਾ ਹਾਂ।
  • ਮੈਂ ਤੁਰ ਫਿਰ ਲੈਂਦਾ ਹਾਂ।
  • ਮੈਨੂੰ ਕਿਸੇ ਦਾ ਸਹਾਰਾ ਲੈਣ ਦੀ ਲੋੜ ਨਹੀਂ ਪੈਂਦੀ।(ਕੁਝ ਕੁ ਮੌਕਿਆਂ ਨੂੰ ਛੱਡ ਕੇ)
  • ਮੈਂ ਚੰਗੀ ਤਰਾਂ ਸੋਚਦਾ, ਸਮਝਦਾ ਹਾਂ, ਵਿਚਾਰ ਕਰਦਾ ਹਾਂ।
  • ਮੇਰਾ ਚੰਗਾ ਇਲਾਜ ਵੀ ਹੋ ਰਿਹਾ ਹੈ।
  • ਥੋੜ੍ਹਾ ਬਹੁਤ ਕੰਮ ਵੀ ਕਰ ਲੈਂਦਾ ਹਾਂ, ਜੋ ਸਾਡੇ ਘਰ ਦੀ ਆਰਥਿਕਤਾ ਵਿਚ ਹਿੱਸਾ ਪਾਉਂਦਾ ਹੈ।
  • ਸਭ ਤੋਂ ਵੱਡੀ ਗੱਲ ਕਿ ਮੈਨੂੰ ਆਪਣੇ ਪਰਿਵਾਰ ਦਾ ਪੂਰਨ ਸਹਿਯੋਗ ਤੇ ਸਮਰਥਨ ਹਾਸਲ ਹੈ।

ਜਦੋਂ ਮੈਂ ਆਪਣੇ ਅਵਚੇਤਨ ਨੂੰ ਅਜਿਹਾ ਯਾਦ ਕਰਵਾਉਂਦਾ ਹਾਂ ਤਾਂ ਉਹ ਸਹਿਜੇ ਹੀ ਮੇਰੇ ਨਾਲ ਸਹਿਮਤ ਹੋ ਜਾਂਦਾ ਹੈ ਅਤੇ ਸ਼ੁਕਰਗੁਜ਼ਾਰ ਹੁੰਦਾ ਹੈ। ਕਈ ਵਾਰ ਕੁਝ ਲੋਕ ਅਜਿਹੀਆਂ ਗੱਲਾਂ ਨੂੰ ਕਿਤਾਬੀ ਗੱਲਾਂ ਵੀ ਕਰਾਰ ਦਿੰਦੇ ਹਨ। ਅਜਿਹੀ ਸੋਚ ਵਾਲੇ ਲੋਕ ਧਿਆਨ ਦੇਣ ਕਿ ਉਹਨਾਂ ਦੀਆਂ ਆਪਣੀਆਂ ਮੌਜੂਦਾ ਸਮੱਸਿਆਵਾਂ ਤੋਂ ਪਹਿਲਾਂ;

  • ਉਹਨਾਂ ਦੀ ਮਾਨਸਿਕਤਾ ਕਿਹੋ ਜਿਹੀ ਸੀ?
  • ਕੀ ਉਹ ਸਕਾਰਤਮਕ ਸੋਚ ਰੱਖਦੇ ਸਨ?
  • ਜ਼ਿੰਦਗੀ ਪ੍ਰਤੀ ਉਹਨਾਂ ਦਾ ਨਜ਼ਰੀਆ ਕਿਹੋ ਜਿਹਾ ਸੀ?
  • ਉਹ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਦੇ ਸਨ, ਰੋ-ਪਿੱਟ ਕੇ ਜਾਂ ਹੌਸਲੇ ਨਾਲ?
  • ਕੀ ਉਹ ਆਪਣੀਆਂ ਛੋਟੀਆਂ-ਵੱਡੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਸਨ?
  • ਕਿਤੇ ਉਹ ਆਪਣੀਆਂ ਛੋਟੀਆਂ ਸਮੱਸਿਆਵਾਂ ਨੂੰ ਦੂਜਿਆਂ ਸਾਹਮਣੇ ਵਧਾ-ਚੜ੍ਹਾ ਕੇ ਪੇਸ਼ ਤਾਂ ਨਹੀਂ ਸਨ ਕਰਦੇ?
  • ਕੀ ਉਹ ਆਪਣੇ ਦੁੱਖਾਂ ਦੀ ਕਹਾਣੀ ਕੁਝ ਖਾਸ ਵਿਅਕਤੀ(ਆਂ) ਨਾਲ ਹੀ ਤਾਂ ਸਾਂਝੀ ਨਹੀਂ ਸਨ ਕਰਦੇ?
  • ਜਦੋਂ ਲੋਕ ਉਹਨਾਂ ਨੂੰ ਹਮਦਰਦੀ ਪੇਸ਼ ਕਰਦੇ ਸਨ ਤਾਂ ਕੀ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਸੀ?

ਉਪਰੋਕਤ ਤੋਂ ਤੁਸੀਂ ਆਪਣੇ ਆਪ ਨੂੰ ਅਤੇ ਆਪਣੀ ਸਖ਼ਸ਼ੀਅਤ ਨੂੰ ਸਮਝ ਸਕਦੇ ਹੋ। ਜੇਕਰ ਮੌਜੂਦਾ ਸਮੱਸਿਆਵਾਂ ਤੋਂ ਪਹਿਲਾਂ ਤੁਹਾਡੇ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਹੌਸਲਾ ਨਹੀਂ ਸੀ, ਤੁਹਾਨੂੰ ਹਮਦਰਦੀ ਚੰਗੀ ਲੱਗਦੀ ਸੀ ਜਾਂ ਤੁਸੀਂ ਹਮਦਰਦੀ ਹਾਸਲ ਕਰਨ ਦੇ ਉਪਰਾਲੇ ਕਰਦੇ ਸੀ ਤਾਂ ਤੁਹਾਨੂੰ ਆਪਣੀ ਮਾਨਸਿਕਤਾ ਕਮਜ਼ੋਰ ਹੋਣ ਬਾਰੇ ਮੰਨ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੀ ਮਾਨਸਿਕਤਾ ਦੀ ਪਛਾਣ ਕਰ ਲਈ ਹੈ ਅਤੇ ਉਸਨੂੰ ਸੱਚੇ ਦਿਲੋਂ ਸਵੀਕਾਰ ਕਰਦੇ ਹੋ ਤਾਂ ਅਜਿਹਾ ਕੀ ਹੋਵੇ, ਜੋ ਤੁਹਾਨੂੰ ਚੁਣੌਤੀਆਂ ਜਾਂ ਸਮੱਸਿਆਵਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਕਰ ਦੇਵੇ?

  • ਸਭ ਤੋਂ ਪਹਿਲਾ ਕਦਮ ਸ਼ਾਂਤ ਰਹਿਣ ਦਾ ਹੈ। ਜੇਕਰ ਤੁਸੀਂ ਬੇਚੈਨੀ, ਘਬਰਾਹਟ ਜਾਂ ਗੁੱਸੇ ਵਿਚ ਰਹਿੰਦੇ ਹੋ ਤਾਂ ਸਹੀ ਫੈਸਲਾ ਨਹੀਂ ਕਰ ਸਕੋਗੇ। ਮਨ ਸ਼ਾਂਤ ਕਰਨ ਦਾ ਵਧੀਆ ਤਰੀਕਾ ਆਪਣੇ ਸਾਹਾਂ ‘ਤੇ ਕਾਬੂ ਪਾਉਣਾ ਹੈ। ਦਿਨ ਵਿਚ ਕਈ ਵਾਰ ਲੰਬੇ-ਲੰਬੇ ਸਾਹ ਲੈਣ, ਕੁਝ ਪਲਾਂ ਲਈ ਰੋਕਣ ਤੇ ਹੌਲੀ-ਹੌਲੀ ਸਾਹ ਬਾਹਰ ਕੱਢਣ ਦਾ ਅਭਿਆਸ ਕਰੋ। ਇਸ ਲਈ ਮੇਰੀ ਪਸੰਦੀਦਾ ਤਕਨੀਕ ਹੈ, ਚਾਰ ਸੈਕਿੰਡ ਲਈ ਸਾਹ ਅੰਦਰ ਖਿੱਚਣਾ, ਸੱਤ ਸੈਕਿੰਡ ਲਈ ਰੋਕਣਾ ਅਤੇ ਉਸੇ ਸਾਹ ਨੂੰ ਬਾਹਰ ਕੱਢਣ ‘ਤੇ ਅੱਠ ਸੈਕਿੰਡ ਦਾ ਸਮਾਂ ਲਗਾਉਣਾ। ਜੇਕਰ ਸ਼ੁਰੂਆਤ ਵਿਚ ਸਾਹ ਲੈਣ ‘ਤੇ ਏਨਾ ਸਮਾਂ ਨਾ ਲਗਾ ਸਕੋ ਤਾਂ ਸਮਾਂ ਅੱਧਾ ਕਰ ਦਿਓ।
  • ਇੱਕੋ ਵਾਰ ਕਈ ਸਮੱਸਿਆਵਾਂ ਦਾ ਹੱਲ ਲੱਭਣ ਦਾ ਯਤਨ ਨਾ ਕਰੋ। ਮੈਂ ਲਿਖਤੀ ਕਾਰਜ ਕਰਨ ‘ਤੇ ਕਾਫ਼ੀ ਜੋਰ ਦਿੰਦਾ ਹਾਂ। ਆਪਣੀਆਂ ਸਾਰੀਆਂ ਸਮੱਸਿਆਵਾਂ ਤੇ ਚੁਣੌਤੀਆਂ ਨੂੰ ਵਿਸਥਾਰ ਨਾਲ ਕਾਗ਼ਜ਼ ‘ਤੇ ਲਿਖੋ। ਜੇਕਰ ਉਹਨਾਂ ਦਾ ਕੋਈ ਸਕਾਰਤਮਕ ਪੱਖ ਹੈ ਤਾਂ ਉਸ ਬਾਰੇ ਵੀ ਲਿਖੋ। ਹੁਣ ਉਹਨਾਂ ਚੁਣੌਤੀਆਂ ਜਾਂ ਸਮੱਸਿਆਵਾਂ ਬਾਰੇ ਵਿਚਾਰੋ ਕਿ, ਕੀ ਉਹ ਸੱਚਮੁੱਚ ਏਨੀਆਂ ਵੱਡੀਆਂ ਹਨ, ਜਿਨਾ ਵੱਡਾ ਤੁਸੀਂ ਸਮਝਦੇ ਹੋ। ਕਿਤੇ ਅਜਿਹਾ ਤਾਂ ਨਹੀਂ ਕਿ ਕਿਸੇ ਕਾਰਣ ਤੁਸੀਂ ਉਹਨਾਂ ਸਮੱਸਿਆਵਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਹੇ ਹੋਵੋ? ਆਪਣੀਆਂ ਸਮੱਸਿਆਵਾਂ ਤੇ ਚੁਣੌਤੀਆਂ ਨੂੰ ਤਰਤੀਬ ਦਿਓ। ਜਿਹੜੀਆਂ ਚੁਣੌਤੀਆਂ ਸਭ ਤੋਂ ਵੱਡੀਆਂ ਹਨ, ਉਹਨਾਂ ਨੂੰ ਉਪਰ ਅਤੇ ਇੰਝ ਹੀ ਛੋਟੀਆਂ ਕ੍ਰਮਵਾਰ ਹੇਠਾਂ ਲਿਖੋ।
  • ਇਹ ਸਭ ਲਿਖਣ ਤੋਂ ਦੋ ਦਿਨਾਂ ਬਾਅਦ ਇਸ ਤਰਤੀਬ ਨੂੰ ਕਿਸੇ ਤੀਜੇ ਵਿਅਕਤੀ ਦੇ ਨਜ਼ਰੀਏ ਤੋਂ ਦੋਬਾਰਾ ਪੜ੍ਹੋ। ਵਿਚਾਰੋ ਕੀ ਇਹ ਸਮੱਸਿਆਵਾਂ ਤੇ ਚੁਣੌਤੀਆਂ ਸੱਚਮੁੱਚ ਏਡੀਆਂ ਵੱਡੀਆਂ ਹਨ, ਜਿਨੀਆਂ ਤੁਸੀਂ ਲਿਖਣ ਤੋਂ ਪਹਿਲਾਂ ਸਮਝ ਰਹੇ ਸੀ। ਲੋੜ ਮੁਤਾਬਿਕ ਇਸ ਤਰਤੀਬ ਨੂੰ ਬਦਲ ਦਿਓ ਅਤੇ ਗ਼ੈਰ-ਜਰੂਰੀ ਲਾਈਨਾਂ ਕੱਟ ਦਿਓ। ਕਈ ਵਾਰ ਆਪਾਂ ਜਦੋਂ ਕਿਸੇ ਸਮੱਸਿਆ ਬਾਰੇ ਮਨ ਹੀ ਮਨ ਸੋਚਦੇ ਹਾਂ ਤਾਂ ਮਨ ਫਾਲਤੂ ਦੀਆਂ ਕਹਾਣੀਆਂ ਵੀ ਨਾਲ ਜੋੜ ਦਿੰਦਾ ਹੈ ਅਤੇ ਆਪਣੀਆਂ ਸੋਚਾਂ ਵਿਚ ਹਰ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਜਾਂਦੀ ਹੈ। ਪਰ ਲਿਖਣ ਨਾਲ ਮਨ ਫਾਲਤੂ ਕਹਾਣੀਆਂ ਸਮੱਸਿਆਵਾਂ ਨਾਲ ਨਹੀਂ ਜੋੜ ਸਕਦਾ ਕਿਉਂ ਜੋ ਤੁਹਾਡਾ ਅੰਤਰਮਨ ਹੀ ਤੁਹਾਨੂੰ ਸਾਵਧਾਨ ਕਰ ਦੇਵੇਗਾ, “ਯਾਰ! ਇਹ ਗੱਲ ਏਡੀ ਵੱਡੀ ਤਾਂ ਨਹੀਂ, ਜਿਨੀ ਤੂੰ ਲਿਖੀ ਹੈ ਜਾਂ ਲਿਖਣ ਜਾ ਰਿਹਾ ਹੈ!”
  • ਵਿਚਾਰ ਕਰਦੇ ਸਮੇਂ ਲੋਕਾਂ ਦੀਆਂ ਜਾਂ ਸਮਾਜਿਕ ਸਮੱਸਿਆਵਾਂ ਨੂੰ ਬਿਲਕੁੱਲ ਅੱਖੋਂ-ਪਰੋਖੇ ਕਰ ਦਿਓ। ਚੇਤੇ ਰਹੇ ਕਿ ਹੋਰਨਾਂ ਨਾਲ ਸੰਬੰਧਿਤ ਸਮੱਸਿਆਵਾਂ ਹੱਲ ਕਰਨਾ ਤੁਹਾਡੇ ਵੱਸ ‘ਚ ਨਹੀਂ ਹੈ। ਤੁਸੀਂ ਉਹਨਾਂ ਦੀ ਮੱਦਦ ਤਾਂ ਕਰ ਸਕਦੇ ਹੋ ਪਰ ਮੁੱਖ ਤੌਰ ‘ਤੇ ਹਿੰਮਤ ਤੇ ਮਿਹਨਤ ਉਹਨਾਂ ਨੂੰ ਆਪ ਹੀ ਕਰਨੀ ਪਵੇਗੀ। ਇਹ ਵੀ ਯਾਦ ਰੱਖੋ ਕਿ ਸਭ ਨੂੰ ਖੁਸ਼ ਕਰਨਾ ਸੰਭਵ ਨਹੀਂ ਹੁੰਦਾ।
  • ਤੁਹਾਡੇ ਮੁਤਾਬਿਕ ਆਪਣੀਆ ਸਮੱਸਿਆਵਾਂ ਦਾ ਸੰਭਾਵੀ ਹੱਲ ਕਾਗ਼ਜ਼ ‘ਤੇ ਲਿਖੋ। ਇਹ ਵੀ ਲਿਖੋ ਕਿ ਉਹ ਹੱਲ ਤੁਹਾਡੇ ਲਈ ਸਭ ਤੋਂ ਵਧੀਆ ਕਿਉਂ ਹੈ? ਇਸ ਵਿਚ ਹੋਰਨਾਂ ਦਾ ਕੀ ਨੁਕਸਾਨ ਹੈ? ਜੇਕਰ ਤੁਸੀਂ ਹੋਰਨਾਂ ਦੇ ਨੁਕਸਾਨ ਨੂੰ ਵੀ ਧਿਆਨ ਵਿਚ ਰੱਖਦੇ ਹੋ ਤਾਂ ਇਹ ਹੱਲ ਤੁਹਾਡੇ ਲਈ ਕਿੰਨਾ ਕੁ ਫ਼ਾਇਦੇਮੰਦ ਸਾਬਿਤ ਹੋਵੇਗਾ?
  • ਮੁੜ ਆਪਣੇ ਪਰਿਵਾਰ, ਨਜ਼ਦੀਕੀ ਮਿੱਤਰਾਂ ਜਾਂ ਪਿਆਰ ਕਰਨ ਵਾਲਿਆਂ ਤੋਂ ਆਪਣੀ ਸਮੱਸਿਆ ਦੇ ਹੱਲ ਬਾਰੇ ਪੁੱਛੋ। ਹੋ ਸਕਦਾ ਹੈ ਕਿ ਉਹਨਾਂ ਦੁਆਰਾ ਦਿੱਤੇ ਗਏ ਸੁਝਾਅ ਤੁਹਾਨੂੰ ਮੂਲੋਂ ਹੀ ਚੰਗੇ ਨਾ ਲੱਗਣ। ਅਜਿਹੇ ਸਮੇਂ ਆਪਣੇ ਆਪ ਅਤੇ ਆਪਣੀਆਂ ਭਾਵਨਾਵਾਂ ‘ਤੇ ਕਾਬੂ ਰੱਖੋ। ਬਹਿਸਣ ਦੀ ਬਜਾਏ ਉਹਨਾਂ ਨੂੰ ਚੰਗੇ ਸ਼ਬਦਾਂ ਵਿਚ ਸੁਆਲ ਪੁੱਛੋ ਅਤੇ ਆਪਣਾ ਪੱਖ ਰੱਖੋ। ਜੇਕਰ ਉਹਨਾਂ ਦੇ ਗ਼ਲ ਪੈਣ ਵਾਲਾ ਕੰਮ ਕਰੋਗੇ ਤਾਂ ਉਹ ਇਸ ਵਿਚਾਰ ਚਰਚਾ ਤੋਂ ਟਾਲਾ ਵੱਟ ਲੈਣਗੇ ਅਤੇ ਉਹਨਾਂ ਦੇ ਮਨ ਵਿਚ ਕੀ ਹੈ, ਉਹ ਬਾਹਰ ਨਹੀਂ ਆਵੇਗਾ। ਇਹ ਵੀ ਵਿਚਾਰ ਕਰੋ ਕਿ ਦਿੱਤੀ ਗਈ ਸਲਾਹ ਵਿਚ ਉਹਨਾਂ ਦਾ ਕੀ ਫਾਇਦਾ ਹੋ ਸਕਦਾ ਹੈ?
  • ਇਹ ਸਭ ਕਾਰਜ ਲਿਖਤੀ ਰੂਪ ਵਿਚ ਕਰਨ ਤੋਂ ਬਾਅਦ ਸਕਾਰਤਮਕ ਲਹਿਜ਼ੇ ਨਾਲ ਪੁਨਰ ਵਿਚਾਰ ਕਰੋ ਅਤੇ ਆਪਣੀਆਂ ਸਮੱਸਿਆਵਾਂ ਜਾਂ ਚੁਣੌਤੀਆਂ ਦੇ ਸਭ ਤੋਂ ਵਧੀਆ ਹੱਲ ਦੀ ਚੋਣ ਕਰੋ।

ਮੱਤ ਸੋਚੋ ਕਿ ਜ਼ਿੰਦਗੀ ਦਾ ਅੰਤ ਹੀ ਸਭ ਸਮੱਸਿਆਵਾਂ ਦਾ ਬਿਹਤਰ ਹੱਲ ਹੁੰਦਾ ਹੈ। ਅਸਲ ਵਿਚ ਇਹ ਆਪਣੀਆਂ ਚੁਣੌਤੀਆਂ ਅਤੇ ਜ਼ਿੰਮੇਵਾਰੀਆਂ ਤੋਂ ਭੱਜਣਾ ਹੁੰਦਾ ਹੈ ਅਤੇ ਕਾਇਰਤਾ ਦੀ ਨਿਸ਼ਾਨੀ ਹੈ। ਜੇਕਰ ਕੋਈ ਪਿਆਰਾ ਦੁਨੀਆ ਤੋਂ ਚਲਾ ਗਿਆ ਤਾਂ ਜਿਉਣ ਦਾ ਕੋਈ ਹੋਰ ਮਕਸਦ ਲੱਭਣ ਵਿਚ ਹੀ ਸਿਆਣਪ ਹੈ। ਜਿਉਣ ਲਈ ਹੋਰ ਬਹੁਤ ਸਾਰੇ ਅਜਿਹੇ ਕਾਰਣ ਹੋ ਸਕਦੇ ਹਨ, ਜੋ ਤੁਹਾਡੀ ਰੂਹ ਨੂੰ ਧੁਰ-ਅੰਦਰੋਂ ਸਕੂਨ ਦੇ ਸਕਦੇ ਹਨ। ਜੇਕਰ ਆਪਣੇ ਆਪ ਲਈ ਜਿਉਣ ਦਾ ਕੋਈ ਮਕਸਦ ਨਹੀਂ ਰਹਿ ਗਿਆ ਤਾਂ ਦੂਜਿਆਂ ਲਈ ਜਿਉਣਾ ਸਿੱਖੋ।

-ਰਿਸ਼ੀ

***
808***
Rich Gulati

ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

View all posts by ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ) →