19 March 2024
Dr. Nishan Singh Rathaur

ਸਿਆਣਪ ਦਾ ਸੰਬੰਧ ਪੰਨਿਆਂ ਨਾਲ ਕਿ ਜ਼ਿਲਦਾਂ ਨਾਲ?—ਡਾ. ਨਿਸ਼ਾਨ ਸਿੰਘ ਰਾਠੌਰ

ਸਿਆਣਪ:

ਕਹਿੰਦੇ, ਗ਼ਾਲਿਬ ਨੂੰ ਵਕਤ ਦੇ ਬਾਦਸ਼ਾਹ ਨੇ ਆਪਣੇ ਮਹਿਲੀਂ ਸੱਦਿਆ। ਲਿਖਦਾ ਜੂ ਕਮਾਲ ਸੀ। ਸ਼ਬਦਾਂ ‘ਚ ਜਾਨ ਪਾ ਦਿੰਦਾ ਸੀ। ਖ਼ੈਰ! ਗ਼ਾਲਿਬ ਅੱਪੜ ਗਿਆ ਮਹਿਲ ਦੇ ਬਾਹਰ।

ਸੰਤਰੀ ਨੇ ਪੁੱਛਿਆ, ‘ਬਈ ਕਿਵੇਂ ਖੜਾ ਏਂ?, ਚੱਲ ਤੁਰਦਾ ਬਣ।’

ਗ਼ਾਲਿਬ ਆਂਹਦਾ, ‘ਬਈ ਮੈਨੂੰ ਬਾਦਸ਼ਾਹ ਨੇ ਸੱਦਿਐ।’

‘ਕੌਣ ਏਂ ਤੂੰ?’

‘ਹਜ਼ੂਰ, ਮੈਂ ਗ਼ਾਲਿਬ ਆਂ।’

ਸੁਣ ਕੇ ਦਰਬਾਨ ਹੱਸ ਪਿਆ। ਕਹਿੰਦਾ, ‘ਪਾਟੇ ਲੀੜੇ। ਗੰਦਾ ਜਿਸਮ ਤੇ ਬਣਿਆ ਫਿਰਦੈਂ ਗ਼ਾਲਿਬ !’

ਗੱਲ ਕੀ? ਗ਼ਾਲਿਬ ਨੂੰ ਬਾਹਰੋਂ ਹੀ ਮੋੜ ‘ਤਾ।

ਹਫ਼ਤੇ ਕੂ ਮਗ਼ਰੋਂ ਗ਼ਾਲਿਬ ਕੋਲ ਇੱਕ ਧੋਬੀ ਆਇਆ। ਸ਼ਾਇਰੀ ‘ਚ ਗੜੁੱਚ ਹੋਇਆ ਕਹਿੰਦਾ,

‘ਗ਼ਾਲਿਬ, ਤੈਨੂੰ ਕੁਝ ਦੇਣਾ ਚਾਹੁੰਨਾ ਪਰ! ਮੇਰੇ ਕੋਲ ਆਵਦਾ ਕੁਝ ਨਹੀਂ।’

ਗ਼ਾਲਿਬ ਆਂਹਦਾ, ‘ਇੱਕ ਦਿਨ ਲਈ ਵਧੀਆ ਲੀੜੇ ਦੇ ਛੱਡ। ਭਲਕੇ ਮੋੜ ਦਉਂਗਾ।’ ਧੋਬੀ ਮੰਨ ਗਿਆ।

ਗ਼ਾਲਿਬ ਸੂਟ- ਬੂਟ ਪਾ ਮੁੜ ਅੱਪੜ ਗਿਆ ਮਹਿਲੀਂ। ਹੁਣ ਦਰਬਾਨ ਨੇ ਸਲੂਟ ਮਾਰਿਆ।

ਕਹਿੰਦਾ, ‘ਕੌਣ ਹੋ ਤੁਸੀਂ ?’

‘ਮੈਂ ਗ਼ਾਲਿਬ।’

ਦਰਬਾਨ ਨੇ ਕਿਵਾੜ ਖੋਲ ਦਿੱਤਾ।

ਗ਼ਾਲਿਬ ਨੇ ਸੂਟ- ਬੂਟ ਲਾਹ ਦਿੱਤਾ। ਲਾਹ ਕੇ ਦਰਬਾਨ ਨੂੰ ਕਹਿੰਦਾ, ‘ਇਹ ਬਸਤਰ ਅੰਦਰ ਲੈ ਜਾਓ। ਬਾਦਸ਼ਾਹ ਨੂੰ ਆਖਣਾ ਗ਼ਾਲਿਬ ਆਇਆ ਹੈ।’

ਦਰਬਾਨ ਕਹਿੰਦਾ, ‘ਹਜ਼ੂਰ, ਇਹ ਤਾਂ ਬਸਤਰ ਨੇ, ਗ਼ਾਲਿਬ ਤਾਂ ਤੁਸੀਂ ਹੋ।’

ਗ਼ਾਲਿਬ ਕਹਿੰਦਾ, ‘ਭਲਿਓ ਗ਼ਾਲਿਬ ਨੂੰ ਤਾਂ ਤੁਸੀਂ ਹਫ਼ਤਾ ਪਹਿਲਾਂ ਹੀ ਮੋੜ ਦਿੱਤਾ ਸੀ। ਅੱਜ ਤਾਂ ਇਹ ਸੂਟ ਆਇਆ। ਇਹ ਬੂਟ ਆਏ ਹਨ।

***

ਖ਼ੈਰ! ਮੈਂ ਆਵਦੀ ਨਵੀਂ ਛੱਪੀ ਕਿਤਾਬ ਲੈ ਕੇ ਇੱਕ ਵੱਡੇ ‘ਪ੍ਰੋਫ਼ੈਸਰ ਸਾਹਿਬ’ ਹੁਰਾਂ ਦੇ ਸਰਕਾਰੀ ਘਰ ਦੇ ਗੇਟ ਦੀ ਘੰਟੀ ਵਜਾਈ। ਅੰਦਰ ਬਹਿ ਕੇ ਕਿਤਾਬ ਦਿੱਤੀ।

ਕਿਤਾਬ ਵੇਖ ਕੇ ਕਹਿੰਦੇ, ‘ਜ਼ਿਲਦ ਨਹੀਂ ਸਹੀ ਬੰਨ੍ਹੀ। ਸੈਟਿੰਗ ਵੀ ਸਹੀ ਨਹੀਂ। ਲਾਈਨਾਂ ਉੱਪਰ-ਹੇਠਾਂ ਹਨ।’
ਮੈਂ ਕਿਹਾ, ‘ਅਜੇ ਤਾਈਂ ਕਲਰਕੀ ‘ਚੋਂ ਬਾਹਰ ਨਹੀਂ ਨਿਕਲੇ?’
ਗ਼ਾਲਿਬ ਵਾਂਗ ਮੁੜ ਕਦੇ ਕਿਵਾੜ ਨਹੀਂ ਖੁੱਲਿਆ ਮੇਰੇ ਲਈ।
*

ਬਦਕਿਸਮਤੀ! 99% ਲੋਕ ਬਾਹਰੀ ਦਿੱਖ ਤੋਂ ਪ੍ਰਭਾਵਿਤ ਹੁੰਦੇ ਹਨ। ਚੰਗੇ ਕਿਰਦਾਰ ਦੀ ਪਰਖ਼ ਨਹੀਂ। ਅੰਦਰੋਂ ਨਹੀਂ ਪੜ੍ਹਦੇ, ਬਾਹਰੀ ਦਿੱਖ ਤੋਂ ਮੁਤਾਸਿਰ ਹੁੰਦੇ ਹਨ।

ਸੋਹਣੇ ਵਸਤਰਾਂ ਤੋਂ ਸੋਹਣੇ ਕਿਰਦਾਰ ਦੀ ਪਰਖ਼, ਮੂਰਖ਼ਤਾ ਹੈ। ਪਰ! ਅਫ਼ਸੋਸ ਬਹੁਤੇ ਲੋਕ ਮੂਰਖ਼ਾਂ ਦੀ ਜਮਾਤ ਦਾ ਹਿੱਸਾ ਹਨ। ਸਮਝਦੇ ਨਹੀਂ, ਸੁਧਰਦੇ ਨਹੀਂ।

ਕਿਸੇ ਪੁਸਤਕ ਦੀ ਬਾਹਰੀ ਚਮਕ ਉਸਦੀ ਗੁਣਵਤਾ ਦੀ ਗਰੰਟੀ ਨਹੀਂ। ਕਈ ਵਾਰ ਫਿੱਕੀ ਰੰਗਤ ਵਾਲੀ ਪੁਸਤਕ ਮਨੁੱਖ ਦਾ ਜੀਵਨ ਬਦਲ ਕੇ ਰੱਖ ਦਿੰਦੀ ਹੈ। ਬਸ਼ਰਤੇ; ਸ਼ਬਦਾਂ ‘ਚ ਜਾਨ ਹੋਵੇ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਹਾ ਗਿਆ ਹੈ;
‘ਸਬਦਿ ਗੁਰੂ ਸੁਰਤਿ ਧੁਨਿ ਚੇਲਾ।।’ (ਪੰਨਾ- ੯੩੮)

ਸ਼ਬਦ ਮਹੱਤਵਪੂਰਨ ਹੈ; ਜ਼ਿਲਦ ਨਹੀਂ। ਜ਼ਿਲਦ ਹੀ ਸਭ ਕੁਝ ਹੁੰਦੀ ਤਾਂ ਸ਼ਬਦ ‘ਗੁਰੂ’ ਨਾ ਹੁਦਾ ਬਲਕਿ ਜ਼ਿਲਦ ਹੁੰਦੀ। ਗੱਲ, ਅੰਦਰਲੀ ਭਾਵਨਾ ਦੀ ਹੈ। ਇਸੇ ਕਰਕੇ ਜਿਸਮਾਨੀ ਰਿਸ਼ਤੇ ਵਕਤ ਦੇ ਨਾਲ ਟੁੱਟ ਜਾਂਦੇ ਹਨ। ਰੂਹ ਦੇ ਰਿਸ਼ਤੇ ਮਰਦੇ ਦਮ ਤੱਕ ਨਿੱਭਦੇ ਹਨ ਕਿਉਂਕਿ ਇਹਨਾਂ ਰਿਸ਼ਤਿਆਂ ਨੂੰ ਜਿਸਮ ਦਾ ਲੋਭ ਨਹੀਂ ਹੁੰਦਾ। ਇਹ ਜਿਸਮ ਦੀ ਭੁੱਖ ਕਰਕੇ ਨਹੀਂ ਬਲਕਿ ਆਤਮਾ ਦੀ ਭੁੱਖ ਕਰਕੇ ਜੁੜਦੇ ਹਨ।

ਬਾਹਰੀ ਦਿੱਖ ਤੋਂ ਪ੍ਰਭਾਵਿਤ ਲੋਕ ਸਿਆਣੇ ਨਹੀਂ ਹੁੰਦੇ; ਝੱਲੇ ਹੁੰਦੇ ਹਨ। ਅਜਿਹੇ ਲੋਕ ਜ਼ਿਲਦਾਂ ਸੰਭਾਲਣ ਉੱਪਰ ਵਕਤ ਅਤੇ ਤਾਕਤ ਜਾਇਆ ਕਰਦੇ ਹਨ; ਪੰਨੇ ਪਾੜ ਸੁੱਟਦੇ ਹਨ; ਬਰਬਾਦ ਕਰ ਦਿੰਦੇ ਹਨ। ਫੇਰ ਸਿਆਣਪ ਕਿੱਥੋਂ ਆਉਣੀ ਹੈ? ਕਿਉਂਕਿ ਸਿਆਣਪ ਦਾ ਸੰਬੰਧ ਪੰਨਿਆਂ ਨਾਲ ਹੈ, ਅੰਦਰ ਨਾਲ ਹੈ, ਜ਼ਿਲਦਾਂ ਨਾਲ ਨਹੀਂ।

ਮਸ਼ਹੂਰ ਪੰਜਾਬੀ ਸ਼ਾਇਰ ‘ਬਾਬਾ ਨਜ਼ਮੀ’ ਦੇ ਇਸ ਸ਼ੇਅਰ ਨਾਲ ਗੱਲ ਖ਼ਤਮ ਕਰਦੇ ਹਾਂ:

‘ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ
ਜ਼ਿਲਦਾਂ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ।’
ਜੀਓਂਂਦੇ- ਵੱਸਦੇ ਰਹੋ ਸਾਰੇ।
***
166
***

About the author

ਡਾ. ਨਿਸ਼ਾਨ ਸਿੰਘ ਰਾਠੌਰ
+7589233437 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਨਿਸ਼ਾਨ ਸਿੰਘ ਰਾਠੌਰ
# 1054/1,

ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ # 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009

View all posts by ਡਾ. ਨਿਸ਼ਾਨ ਸਿੰਘ ਰਾਠੌਰ →