19 June 2024

ਤੰਦ ਨਹੀਂ ਇਥੇ ਤਾਂ ਤਾਂਣੀ ਹੀ ਉਲਝੀ ਪਈ ਹੈ -ਚਰਨਜੀਤ ਸਿੰਘ ਪੰਨੂ

-ਡਾਇਰੀ ਦਾ ਇਕ ਪੰਨਾ-

ਤੰਦ ਨਹੀਂ ਇਥੇ ਤਾਂ ਤਾਂਣੀ ਹੀ ਉਲਝੀ ਪਈ ਹੈ

-ਚਰਨਜੀਤ ਸਿੰਘ ਪੰਨੂ-

(ਸੈਨਹੋਜਲੈ-ਕੈਲੀਫੋਰਨੀਆ)

ਚਰਨਜੀਤ ਸਿੰਘ ਪੰਨੂ ਪੰਜਾਬੀ ਦੇ ਸਥਾਪਿਤ ਕਹਾਣੀ ਕਾਰਾਂ ਵਿਚੋਂ ਇੱਕ ਸਿਰਕੱਢਵਾਂ ਨਾਮ ਹੈ। ਉਹ ਭਾਰਤ ਸਰਕਾਰ ਦੇ ਨੈਸ਼ਨਲ ਸੈਂਪਲ ਸਰਵੇ ਸੰਗਠਨ ਵਿਚੋਂ ਬਤੌਰ ਸੁਪਰਿਨਟੈਡੈਂਟ ਸੇਵਾ ਮੁਕਤ ਹੋਏ ਹਨ। ਸਰਕਾਰੀ ਸੇਵਾ ਦੇ ਨਾਲ ਨਾਲ ਪੰਜਾਬੀ ਸਾਹਿਤ ਵਿੱਚ ਵੀ ਚੰਗਾ ਯੋਗਦਾਨ ਪਾਇਆ ਹੈ। 1969 ਵਿੱਚ ਨਾਨਕ ਰਿਸ਼ਮਾਂ ਨਾਮੀ ਧਾਰਮਿਕ ਕਾਵਿ ਸੰਗ੍ਰਹਿ ਨਾਲ ਉਹਨਾਂ ਆਪਣਾ ਸਾਹਿਤਕ ਸਫ਼ਰ ਸ਼ੁਰੂ ਕੀਤਾ। ਭਟਕਦੀ ਰਾਤ-1978, ਪੀਹੜੀਆਂ ਦੇ ਫਾਸਲੇ-1979, ਸੰਦਲ ਦਾ ਸ਼ਰਬਤ-2000, ਸ਼ੀਸ਼ੇ ਦੇ ਟੁਕੜੇ-2004 ਚਾਰ ਕਹਾਣੀ ਸੰਗ੍ਰਹਿ, ਇੱਕ ਨਾਵਲ ਤਿੜਕੇ ਚਿਹਰੇ-2002 [ਜੋ ਪੰਜਾਬ ਨਿਊਜ਼ ਨਿਊਜ਼ ਕੈਲੀਫੋਰਨੀਆ ਵਿੱਚ ਹਫਤਾਵਾਰ ਛਪ ਰਿਹਾ ਹੈ] ਤੇ ਇੱਕ ਕਾਵਿ ਸੰਗ੍ਰਹਿ ਗੁਲਦਸਤਾ-2003 ਪਿਛਲੇ ਸਾਲਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਭੇਟ ਕੀਤੇ ਅਤੇ ਹੁਣ ਅਜੇ ਇਹ ਸਫ਼ਰ ਜਾਰੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜੀਵਨ ਮੈਂਬਰ, ਪੰਜਾਬੀ ਸਾਹਿਤ ਅਕੈਡਮੀ ਦੇ ਜੀਵਨ ਮੈਂਬਰ, ਰਾਮ ਪੁਰ ਸਾਹਿਤ ਸਭਾ ਦੇ ਮੈਂਬਰ, ਲਿਖਾਰੀ ਸਭਾ ਜਗਤ ਪੁਰ ਦੇ ਮੈਂਬਰ, ਪੰਜਾਬੀ ਸਾਹਿਤ ਸੱਭਿਆਚਾਰਕ ਸਦਨ ਫਗਵਾੜਾ ਦੇ ਪ੍ਰਧਾਨ, ਪ੍ਰੀਤ ਸਾਹਿਤ ਸਭਾ ਫਗਵਾੜਾ ਦੇ ਸੰਸਥਾਪਕ ਚੇਅਰਮੈਨ, ਸਾਹਿਤ ਸਭਾ ਬਹਿਰਾਮ ਦੇ ਚੇਅਰਮੈਨ, ਸਿੰਘ ਸਭਾ ਗੁਰਦਵਾਰਾ ਪ੍ਰੀਤ ਨਗਰ ਫਗਵਾੜਾ ਦੇ ਸਕੱਤਰ, ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਮੈਂਬਰ ਤੇ ਹੋਰ ਕਈ ਸਭਾਵਾਂ ਅਤੇ ਸੰਸਥਾਵਾਂ ਨਾਲ ਸਬੰਧਿਤ ਰਹੇ ਹਨ। ਅੱਜ ਕੱਲ ਸੈਨਹੋਜ਼ੇ-ਅਮਰੀਕਾ ਵਿਖੇ ਪੰਜਾਬੀ ਸਾਹਿਤ ਤੇ ਸਮਾਜ ਸੇਵਾ ਨੂੰ ਅਰਪਣ ਹਨ। ਸੰਪਰਕ ਫੋਨ-408 365 8182

ਸਵੇਰੇ ਸਵੇਰੇ ਠੇਕੇਦਾਰ ਤੇ ਉਸ ਦੇ ਮਿਸਤਰੀਆਂ ਨੂੰ ਹਦਾਇਤ ਕਰਦਾ ਹਾਂ।

‘ਸਾਲਿ਼ਓ! ਹਰਾਮ ਦੀਆਂ ਖਾਣ ਗਿੱਝੇ ਹੋ, ਇਕ ਹਫ਼ਤੇ ਦਾ ਕੰਮ, ਤੁਸੀਂ ਦੋ ਮਹੀਨੇ ਲਗਾ ਦਿੱਤੇ। ਸਾਰਾ ਦਿਨ ਕੱਖ ਭੰਨ ਕੇ ਦੂਹਰਾ ਨਹੀਂ ਕਰਦੇ…ਚਾਰ ਕੁ ਇੱਟਾਂ ਖੜਕਾ ਕੇ ਬੀੜੀ ਲਗਾ ਕੇ ਬੈਠ ਜਾਂਦੇ ਹੋ। ਜੇ ਅੱਜ ਇਹ ਲੈਂਟਰ ਤੱਕ ਨਾ ਉੱਪੜਿਆ ਤਾਂ ਤੁਹਾਡੀ ਛੁੱਟੀ ਕਰ ਦਿਆਂਗਾ ਤੇ ਤੁਹਾਡਾ ਪਿਛਲਾ ਸਾਰਾ ਮਿਹਨਤਾਂਨਾ ਜ਼ਬਤ ਕਰ ਲਵਾਂਗਾ।’

ਕਹਿੰਦੇ ਕਹਿੰਦੇ ਮੇਰਾ ਮਨ ਤਲਖ਼ੀ ਜਿਹੀ ਮਹਿਸੂਸ ਕਰਨ ਲੱਗਾ। ‘ਐਵੇਂ ਮੂਡ ਖਰਾਬ ਕੀਤਾ ਸਵੇਰੇ ਸਵੇਰੇ…।’  ਮੈਂ ਆਪਣੀ ਥੋੜ੍ਹ ਦਿਲੀ ਤੇ ਪਛਤਾਂਉਂਦਾ ਵੀ ਹਾਂ।

ਅੱਜ ਦੇ ਨਿਯਮਿਤ ਪ੍ਰੋਗਰਾਮ ਅਨੁਸਾਰ ਨੌਂ ਵਜੇ ਹੱਸਪਤਾਲ ਪਹੁੰਚਿਆ। ਡਾਕਟਰਾਂ ਦੀਆਂ ਸਭ ਕੁਰਸੀਆਂ ਖਾਲੀ ਤੇ ਦਰਵਾਜਿਆਂ ਦੇ ਬਾਹਰ ਲੰਮੀਆਂ ਕਤਾਰਾਂ ਮਰੀਜਾਂ ਦੀਆਂ ਵੇਖ ਕੇ ਘਬਰਾ ਗਿਆ। ਮੇਰਾ ਹੌਸਲਾ ਜਿਹਾ ਟੁੱਟ ਗਿਆ। ਪਤਾ ਲੱਗਾ ਕਿ ਬੱਚਿਆਂ ਦੇ ਪੋਲੀਉ ਮੁਹਿੰਮ ਬਾਰੇ ਸਾਰੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਰੈਲੀ ਤੇ ਗਏ ਹੋਏ ਹਨ, ਲੋਕਾਂ ਨੂੰ ਜਾਗਰੂਕ ਕਰਨ ਲਈ।

ਇਕ ਹਾਦਸਾ-ਗ੍ਰਸਤ ਬੱਚਾ ਲਹੂ ਲੁਹਾਨ ਹੋਇਆ, ਅੱਧਵਰਿੱਤਾ ਸਹਿਕਦਾ ਪਾਹਰਿਆ ਪਾਹਰਿਆ ਕਰਦਾ ਅੰਦਰ ਲੈ ਕੇ ਆਏ ਵਾਰਿਸ ਉਸ ਨੂੰ ਅਪਣੇ ਸਾਹਮਣੇ ਆਪਣੀ ਅੱਖੀਂ ਤੜਫਦਾ ਵੇਖ ਕੇ ਨਾਲ ਨਾਲ ਮਰਦੇ ਰਹੇ। ਕਿਸੇ ਦੇ ਸਲਾਹ ਦੇਣ ਤੇ ਨਾਲ ਦੀ ਪ੍ਰਾਈਵੇਟ ਕਲੀਨਿਕ ਵੱਲ ਤੁਰਨ ਹੀ ਲੱਗੇ ਸਨ ਕਿ ਬੱਚਾ ਲੁੜ੍ਹਕ ਗਿਆ। ਪੋਲੀਉ ਮੁਹਿੰਮ ਦੀ ਬਲੀ ਚੜ੍ਹ ਗਿਆ।

ਸਾਢੇ ਨੌਂਂ ਵਜੇ ਲੋਕਾਂ ਦੇ ਸਾਹ ਵਿਚ ਸਾਹ ਆਇਆ, ਲਾਲ ਕਰਾਸ ਵਾਲੀਆਂ ਦੋ ਤਿੰਨ ਗੱਡੀਆਂ ਹੱਸਪਤਾਲ ਦੇ ਅਹਾਤੇ ਵਿਚ ਵੜੀਆਂ ਤੇ ਉੱਤਰ ਕੇ ਡਾਕਟਰ ਸਾਹਿਬ ਟਹਿਲਦੇ ਟਹਿਲਦੇ ਸਟਾਫ਼ ਰੂਮ ਵਿੱਚ ਜਾ ਵੜੇ। ਲੋਕ ਬੰਦ ਪਏ ਸਟਾਫ਼ ਰੂਮ ਦੇ ਬਾਹਰ ਹੱਡੋਰੋੜੀ ਦੀਆਂ ਗਿੱਧਾਂ ਵਾਂਗ ਟਿਕਟਿਕੀ ਲਗਾ ਕੇ ਉਹਨਾਂ ਦੇ ਬਾਹਰ ਨਿਕਲਨ ਦੀ ਉਡੀਕ ਵਿਚ ਅੱਖਾਂ ਵਿਛਾਈ ਖੜੇ ਸਨ।

ਇਥੇ ਤਾਂ ਕੁਝ ਟਾਈਮ ਲੱਗੇਗਾ…ਚਲੋ….ਦਫ਼ਤਰ ਹੀ ਜਾ ਕੇ ਦਿਖਾਲੀ ਦੇ ਆਵਾਂ। ਦਫ਼ਤਰ ਜਾ ਵੜਦਾ ਹਾਂ, ਡਰਦਾ ਡਰਦਾ। ਘੜੀ ਦੇਖਦਾ ਹਾਂ ਦਸ ਵੱਜ ਗਏ ਨੇ, ਸਾਹਿਬ ਦੀ ਫਿਟੱਕਾਰ ਤੋਂ ਗੈyਰਤ ਕਰਦਾ ਹਾਂ। ਪਰ ਰੱਬ ਦਾ ਸੌ ਸੌ ਵਾਰ ਸ਼ੁਕਰ ਕੀਤਾ। ਸਾਹਿਬ ਦੀ ਕੈਬਿਨ ਵੀ ਅਜੇ ਖਾਲੀ ਸੀ। ਚੌਂਕੀਦਾਰ ਬਾਹਰ ਬੈਠਾ ੳਂੂਘ ਰਿਹਾ ਸੀ ਜਿਵੇਂ ਰਾਤ ਮੁਕਲਾਵਾ ਕੱਟ ਕੇ ਆਇਆ ਹੋਵੇ। ਹੋਰ ਸਾਰਾ ਸਟਾਫ਼ ਮੈਨੂੰ ਵੇਖ ਕੇ ਹਰਲ ਹਰਲ ਕਰਦੇ ਆਪਣੀਆਂ ਆਪਣੀਆਂ ਸੀਟਾਂ ਤੇ ਦੋੜਦੇ ਮੈਂ ਅੱਖੀਂ ਲਏ ਸਨ। ਸਿਰ ਤੇ ਨਹੀਂਂ ਕੁੰਡਾ ਹਾਥੀ ਫਿਰੇ ਲੁੰਡਾ,ਪਰ ਮੈਂ ਕੁਝ ਨਹੀਂਂ ਕਹਾਂਗਾ ਅੱਜ! ਮਤਾਂ ਕੋਈ ਕਹਿ ਦੇਵੇ…’ਸਾਹਿਬ ਜੀ! ਪਹਿਲਾਂ ਆਪਣੀ ਕੁਰਸੀ ਥੱਲੇ ਸੋਟਾ ਫੇਰੋ….।’ ਮਾਰੇ ਨਾਲੋਂ ਭਜਾਇਆ ਚੰਗਾ….। ਸਾਰੇ ਆਪਣੀਆਂ ਸੀਟਾਂ ਵੱਲ ਚਲੇ ਗਏ ਨੇ। ਚਲੋ ਸ਼ੁਕਰ!…

‘ਲਿਆ ਪਈ! ਪਹਿਲਾਂ ਪਾਣੀ ਤੇ ਫਿਰ ਚਾਹ!’ ਚਪੜਾਸੀ ਦੇ ਸਲੂਟ ਦਾ ਜੁਆਬ ਦਿੰਦਾ ਹਾਂ। ਟੇਬਲ ਤੇ ਪਏ ਅੱਜ ਦੇ ਅਖਬਾਰ ਖੋਲ੍ਹ ਕੇ ਪੜ੍ਹਨ ਲਗਦਾ ਹਾਂ। ਚਪੜਾਸੀ ਫਿਰ ਆ ਜਾਂਦਾ ਹੈ…ਤੇ ਦੱਸਦਾ ਹੈ: ‘ਵੱਡੇ ਸਾਹਿਬ ਦੀ ਬੀਵੀ ਦੀ ਤਬੀਅਤ ਇਕ ਦਮ ਖਰਾਬ ਹੋ ਗਈ ਇਸ ਲਈ ਉਹਨਾਂ ਮੈਨੂੰ ਕਿਹਾ ਹੈ, ਤੁਸੀਂ ਸਾਰਾ ਦਿਨ ਦਫ਼ਤਰ ਬੈਠਣਾ ਤੇ ਚੰਗੀ ਤਰ੍ਹਾਂ ਚੁਕੰਨੇ ਹੋ ਕੇ ਦੇਖ ਭਾਲ ਕਰਨੀ ਹੈ…।’ ਚਾਹ ਦਾ ਕੱਪ ਹੱਥ ‘ਚ ਫੜਿਆ ਡੁਲ੍ਹ ਜਾਂਦਾ ਹੈ।

‘ਕੀ ਮੈਂ ਪਹਿਲਾਂ ਚੁਕੰਨੀ ਦੇਖ ਭਾਲ ਨਹੀਂਂ ਕਰਦਾ, ਪਹਿਲਾਂ ਨਹੀਂਂ ਬੈਠਦਾ?’ ਮਨ ਹੀ ਮਨ ਵਿੱਚ ਉੱਠਿਆ ਸਵਾਲ ਆਪੇ ਗੁੰਮ ਹੋ ਗਿਆ।

‘ਸਾਰਾ ਦਿਨ ਦਫ਼ਤਰ ਬੈਠਣਾਂ ਤੇ ਮੇਰੇ ਵਰਗੇ ਚੱਕਰ ਵਰਤੀ ਲਈ? ਕਿੰਨਾਂ ਕਠਿਨ…।’ ਚਾਹ ਜਿਵੇਂ ਮੇਰੇ ਲਈ ਕੌੜੀ ਨਿੰਮ ਦੀ ਘੁੱਟ ਬਣ ਗਈ ਹੋਵੇ। ਹੱਸਪਤਾਲ ਜਾਣਾ ਵੀ ਜਰੂਰੀ ਸੀ। ਦੋ ਚਾਰ ਫਾਈਲਾਂ ਇੱਧਰ ਉੱਧਰ ਉਲੱਦਦਾ ਹਾਂ। ਕੁਝ ਕੁਝ ਕਲਮ ਝਰੀਟਦਾ ਹਾਂ ਤੇ ਐਨਕ ਲਾਹ ਕੇ ਮੇਜ ਤੇ ਰੱਖ ਕੇ ਬਾਹਰ ਨੂੰ ਹੋ ਤੁਰਦਾ ਹਾਂ।

ਮਰੀਜਾਂ ਦੀਆਂ ਕਤਾਰਾਂ ਅੱਗੇ ਨਾਲੋਂ ਹੋਰ ਲੰਮੀਆਂ ਹੋ ਗਈਆਂ ਨੇ। ਸਟਾਫ ਰੂਮ ਦਾ ਦਰਵਾਜਾ ਅਜੇ ਬੰਦ ਹੈ। ਸ਼ਾਇਦ ਕੋਈ ਜ਼ਰੂਰੀ ਮੀਟਿੰਗ ਹੋ ਰਹੀ ਹੈ। ਹਾਂ ਪਰਚੀਆਂ ਵਾਲੀ ਖਿੜਕੀ ਕੁਝ ਕੁਝ ਵਿਰਲੀ ਹੋਈ ਹੈ। ਮੈਂ ਜਾ ਕੇ ਪਰਚੀ ਕਟਾਉਂਦਾ ਹਾਂ…ਇਕ ਰੁਪਿਆ ਦੇਣ ਦੀ ਬਿਜਾਏ ਆਪਣਾ ਸਰਕਾਰੀ ਪਹਿਚਾਣ ਪੱਤਰ ਉਸ ਅੱਗੇ ਕਰਕੇ ਰੁਪਿਆ ਬਚਾ ਕੇ ਆਪਣਾ ਕੱਦ ਹੋਰਾਂ ਸੈਂਕੜੇ ਮਰੀਜਾਂ ਤੋਂ ਉੱਚਾ ਉੱਚਾ ਸਮਝਦਾ ਹਾਂ।

ਡਾਕਟਰ ਸਾਹਿਬ ਆ ਬੈਠੇ ਨੇ। ਮੈਂ ਝੀੜ ਲਗਾਂਦਾ ਹਾਂ, ਕਿਵੇਂ ਨਾ ਕਿਵੇਂ ਇਸ ਲੰਮੀ ਕਤਾਰ ਤੋਂ ਪਾਸੇ ਪਾਸੇ ਹੋ ਕੇ ਹੀ ਅੰਦਰ ਲੰਘ ਜਾਵਾਂ। ਡਾਕਟਰ ਸ਼ਾਇਦ ਆਪੇ ਹੀ ਅਵਾਜ਼ ਮਾਰ ਦੇਵੇ…ਜਾਂ ਸ਼ਾਇਦ ਮਰੀਜ ਭਗਤਾਂਉਣ ਵਾਲਾ ਸੇਵਾਦਾਰ ਹੀ ਆਵਾਜ਼ ਦੇ ਦੇਵੇ ਸਰਕਾਰੀ ਗਜ਼ਟਡ ਅਧਿਕਾਰੀ ਨੂੰ…ਪਰ ਇੱਥੇ ਕਿਸੇ ਨਾ ਪਛਾਣਿਆ।

ਪਾਸੇ ਪਾਸੇ ਜਾ ਕੇ ਮਰੀਜਾਂ ਦੀ ਭੀੜ ਨਾਲ ਜੂਝਦੇ ਚਪੜਾਸੀ ਦੇ ਕੰਨ ਵਿੱਚ ਕੁਝ ਕਿਹਾ। ਚਪੜਾਸੀ ਨੇ ਦਰਵਾਜ਼ਾ ਖੋਲ੍ਹ ਕੇ ਅੰਦਰ ਲੰਘਾ ਦਿੱਤਾ। ਡਾਕਟਰ ਦੇ ਲਾਗੇ ਸਟੂਲ ਤੇ ਬੈਠਣ ਹੀ ਲੱਗਾ ਸੀ ਕਿ ਬੱਤੀ ਚਲੇ ਗਈ। ਗੁੱਲ ਹੋਈ ਬੱਤੀ ਨਾਲ ਚਾਰ ਚੁਫੇਰੇ ਕਾਲਾ ਸ਼ਾਹ ਅੰਧੇਰਾ ਪਸਰ ਗਿਆ। ਹਫੜਾ ਤਫੜੀ ਜਿਹੀ ਮੱਚ ਗਈ ਚਾਰ ਚੁਫੇਰੇ। ਮੇਰੇ ਵੱਲ ਪਰਚੀ ਲੈਣ ਲਈ ਵਧਿਆ ਡਾਕਟਰ ਦਾ ਹੱਥ ਮੁੜ ਹਨੇਰੇ ਵਿੱਚ ਗਾਇਬ ਹੋ ਗਿਆ। ਪੱਖਿਆਂ ਦੇ ਬੰਦ ਹੋਣ ਕਰਕੇ ਹੁੰਮਸ ਮਰੀਜਾਂ ਦੀਆਂ ਤਕਲੀਫ਼ਾਂ ‘ਚ ਤੇਜੀ ਲਿਆਉਣ ਲੱਗਾ।

ਜਨਰੇਟਰ ਸਟਾਰਟ ਕਰਨ ਦੀ ਆਵਾਜ਼ ਆਈ…ਸ਼ੁਕਰ ਪ੍ਰਮਾਤਮਾ ਦਾ ਬੱਤੀ ਆ ਜਾਏਗੀ। ਲੋਕਾਂ ਦੇ ਰੁਕੇ ਹੋਏ ਸਾਹ ਕੁਝ ਕੁਝ ਸੌਖੇ ਚੱਲਣ ਲੱਗੇ। ‘ਘਰਰ….ਘਰਰਰ ਘਰ…ਘੀਂ…ਘੀਂ…।’ ਦੀ ਆਵਾਜ਼! ਦੋ ਚਾਰ ਵੇਰਾਂ, ਬੱਤੀ ਨੇ ਝੱਟਕਾ ਜਿਹਾ ਮਾਰਿਆ ਤੇ ਫਿਰ ਗੁੱਲ।

‘ਜਨਰੇਟਰ ਵਿਚ ਤੇਲ ਨਹੀਂਂ….।’ ਉਧਰੋਂ ਆਵਾਜ਼y ਆਈ।

ਇਸ ਦਾ ਉਪਰੇਟਰ ਕੈਨੀ ਫੜ ਕੇ ਬਾਹਰ ਨਿਕਲ ਗਿਆ ਤੇ ਪੈਟਰੋਲ ਪੰਪ ਲਾਗੇ ਨਜਦੀਕ ਹੀ ਹੋਣ ਕਰਕੇ ਜਲਦੀ ਹੀ ਵਾਪਸ ਮੁੜ ਆਇਆ। ਤੇਲ ਪਾ ਦਿੱਤਾ ਤੇ ਫੇਰ ਚਾਲੂ ਕਰਨ ਦੀ ਉਹੀ ਕਿਰਿਆ ਬਾਰ ਬਾਰ ਦੁਹਰਾਉਣ ਲੱਗੇ ਪਰ ਮਸ਼ੀਨ ਸੀ ਕਿ ਘੀਂ ਘਰਰ ਤੋਂ ਅੱਗੇ ਚੱਲਣ ਤੋਂ ਜੁਆਬ ਦੇ ਦਿੰਦੀ।

‘ਓ ਭਾਈ ਸਾਹਿਬ! ਇਸ ਦੀ ਨਾਲੀ ਵਿਚ ਹਵਾ ਭਰ ਗਈ ਹੈ…ਪਹਿਲਾਂ ਹਵਾ ਕੱਢੋ…।’ ਇਕ ਕਿਸਾਨ ਲਗਦੇ ਭੱਦਰ ਪੁਰਸ਼ ਨੇ ਅੱਗੇ ਹੋ ਕੇ ਆਪਣੀ ਸੇਵਾ ਅਰਪਣ ਕੀਤੀ।

‘ਲਿਆਉ ਚਾਬੀ ਦਿਉ…ਪੇਚਕੱਸ ਦਿਉ।’

ਆਸੇ ਪਾਸੇ ਹੱਥ ਮਾਰਿਆ ਚਾਬੀ ਕਿਤੇ ਨਾ ਮਿਲੀ। ਮੁੜ ਉਸ ਸੱਜਣ ਪੁਰਸ਼ ਨੇ ਬਾਹਰੋਂ ਜਾ ਕੇ ਆਪਣੀ ਡਿੱਗਈ ‘ਚੋਂ ਲਿਆ ਕੇ ਚਾਬੀ ਲਗਾ ਕੇ ਗੇੜਾ ਦੇ ਦਿੱਤਾ ਤੇ ਫਰਾਟੇ ਮਾਰਦੇ ਜਨਰੇਟਰ ਨੇ ਚਾਰ ਚੁਫੇਰੇ ਚਾਨਣੀ ਤੇ ਹਵਾ ਦੇ ਛਿੱਟੇ ਦੇ ਮਾਰੇ। ਲੋਕਾਂ ਦੇ ਚਿਹਰੇ ਦੀਆਂ ਰੌਣਕਾਂ ਪਰਤ ਆਈਆਂ। ਹੱਸਪਤਾਲ ਦੀਆਂ ਹਨੇਰੀਆਂ ਗੈਲਰੀਆਂ ਫਿਰ ਚਾਨਣ ਵਿੱਚ ਡੁੱਬ ਗਈਆਂ। ਜਨਰੇਟਰ ਦੀ ਖੜ ਖੜ ਇਕ ਦਮ ਉੱਚੀ ਹੋਈ, ਧੂੰਏ ਦੇ ਬੱਦਲ ਹੱਸਪਤਾਲ ਦੀ ਸਾਰੀ ਗੈਲਰੀ ਵਿੱਚ ਫੈਲ ਗਏ ਤੇ ਫਿਰ ਆਵਾਜ਼y ਬੰਦ ਹੋ ਗਈ। ਸਾਰਾ ਚੁਗਿਰਦਾ ਫਿਰ ਡੂੰਘੇ ਹਨੇਰੇ ਦੀ ਲਪੇਟ ਵਿੱਚ ਆ ਗਿਆ। ਉਪਰੇਟਰ ਗੁੱਸੇ ਨਾਲ ਪਸੀਨੋਂ ਪਸੀਨੀ ਹੋਇਆ ਹਫ਼ਿਆ ਪਿਆ ਸੀ।

ਕੁਝ ਡਾਕਟਰ ਆਏ। ਉਹਨਾਂ ਵਿਚੋਂ ਕੁਝ ਨੇ ਮੂੰਹ ਤੇ ਮਖੌਟੇ ਤੇ ਹੱਥਾਂ ਤੇ ਦਸਤਾਨੇ ਪਾਏ ਹੋਏ ਸਨ, ਜ਼ਾਹਿਰ ਹੈ ਕਿ ਉਹ ਉਪਰੇਸ਼ਨ ਥੀਏਟਰ ਵਿਚੋਂ ਆਏ ਹੋਣਗੇ, ਕਿਸੇ ਬਦਕਿਸਮਤ ਦੀ ਚੀਰ-ਫਾੜ ਵਿੱਚ ਛੱਡ ਕੇ। ਅੰਦਰ ਵਾਰਡ ਵਿਚੋਂ ਮਰੀਜ ਤੇ ਉਹਨਾਂ ਦੇ ਸੇਵਾਦਾਰ ਤਨਾਵ ਗ੍ਰਸਤ ਹੋਏ ਹੱਥਾਂ ‘ਚ ਪੱਖੀਆਂ ਫ਼ੜੀ ਮੁੜ੍ਹਕੋ ਮੁੜ੍ਹਕੀ ਹੋਏ ਬਾਹਰ ਖੁੱਲੇ ਲਾਅਨ ਵਿੱਚ ਆ ਗਏ ।

‘ਅਰੇ ਭਾਈ ਕਿਆ ਬਾਤ ਹੈ? ਚਲਦਾ ਨਹੀਂਂ ਇਹ? ਕਿਉਂ?’

‘ਸਰ ਮੈਂ ਆਪ ਕੋ ਏਕ ਮਹੀਨੇ ਕਾ ਕਹਿ ਰਿਹਾ ਹਾਂ ਕਿ ਇਸ ਦੀ ਤੇਲ ਵਾਲੀ ਪਾਈਪ ਲੀਕ ਕਰਦੀ ਹੈ।’ ਉਪਰੇਟਰ ਬੁੜ ਬੁੜ ਕਰਦਾ ਕੁਝ ਆਪਣੇ ਆਪ ਨੂੰ ਤੇ ਕੁਝ ਸਰਕਾਰ ਨੂੰ ਕੋਸਣ ਲੱਗਾ।

‘ਚੱਲ ਹੁਣੇ ਹੀ ਪਾਈਪ ਲਿਆ, ਬਿੱਲ ਬਣਾ ਤੇ ਹੁਣੇ ਹੀ ਪਾਸ ਕਰਾ।’ ਡਾਕਟਰ ਨੇ ਹੁਕਮ ਕੀਤਾਂ1

ਉਹ ਹੈਂਡਲ ਥੱਲੇ ਸੁੱਟ ਕੇ ਬਿੱਲ ਬਣਾਣ ਲੱਗ ਪਿਆ ਤੇ ਖਜਾਨਚੀ ਕੋਲੋਂ ਨਕਦ ਪੈਸੇ ਲੈ ਕੇ ਵਾਪਿਸ ਪਾਈਪ ਲੈ ਕੇ ਪਰਤ ਆਇਆ।

ਸਾਢੇ ਬਾਰਾਂ ਵੱਜ ਗਏ। ਪਾਈਪ ਲਗਾਈ…ਜਨਰੇਟਰ ਚੱਲਿਆ। ਹੋਰਾਂ ਮਰੀਜ਼ਾਂ ਵਾਂਗ ਮੈਂ ਫਿਰ ਦੌੜ ਕੇ ਡਾਕਟਰ ਵੱਲ ਜਾਂਦਾ ਆਪਣੀ ਵਾਰੀ ਸਾਂਭਣ ਦੀ ਕੋਸ਼ਸ਼ ਕਰਦਾ ਹਾਂ। ਉਹ ਪਰਚੀ ਫ਼ੜ੍ਹਦਾ ਹੈ…ਮੇਰੇ ਵੱਲ ਵੇਖਦਾ ਹੈ…ਸੁਆਲੀਆ ਅੱਖਾਂ ਨਾਲ।

‘ਸਰ ਪੇਟ ਵਿੱਚ ਦਰਦ ਰਹਿੰਦਾ ਹੈ…।’ ਮੈਂ ਜੁਆਬ ਦਿੰਦਾ ਹਾਂ। ਉਹ ਪਰਚੀ ਤੇ ਝਰੀਟ ਜਿਹੀ ਮਾਰਦਾ ਹੈ।

‘ਸਕੈਨਿੰਗ ਕਰਾਉ…।’

‘ਸਕੈਨਿੰਗ ਲੈਬ ਵੱਲ ਜਾਂਦਾ ਹਾਂ…ਉਥੇ ਵੀ ਭੀੜ ਹੈ ਪਰ ਜਲਦੀ ਹੀ ਨੰਬਰ ਆ ਜਾਂਦਾ ਹੈ…ਡਾਕਟਰ ਪਰਚੀ ਪੜ੍ਹ ਕੇ, ‘ਦੋ ਸੌ ਰੁਪੈ ਜਮਾਂ ਕਰਾਉ…।’ ਹੁਕਮ ਚਾੜ੍ਹਦਾ ਹੈ।

‘ਸਰ ਮੈਂ ਸਰਕਾਰੀ ਅਫ਼ਸਰ ਹਾਂ…।’

‘ਤਾਂ ਫਿਰ ਤੁਸੀਂ ਕੱਲ੍ਹ ਨੂੰ ਆ ਜਾਇਉ ਵਿਹਲੇ ਵੇਲੇ…।’ ਉਸ ਦੀ ਜਬਾਨ ਤਲਖ਼ ਹੋ ਗਈ ਹੈ, ਠੀਕ ਜਿਵੇਂ ਕੰਡੱਕਟਰ ਬੱਸ ਵਿਚ ਚੜ੍ਹਦੀਆਂ ਪੁਰਾਣੀਆਂ ਮੁਫ਼ਤ ਵਾਲੀਆਂ ਬਜ਼ੁਰਗ ਸਵਾਰੀਆਂ ਨੂੰ ਵੇਖ ਕੇ ਮੱਥੇ ਵੱਟ ਚੜ੍ਹਾਉਂਦਾ ਅਵਾ ਤਵਾ ਬੋਲਦਾ ਹੈ। ਪੈਸੇ ਜਮਾ ਕਰਵਾ ਕੇ ਆਉਂਦਾ ਹਾਂ…।

‘ਲੇਟੋ…ਜੁੱਤੀ ਲਾਹ ਲਓ…।’ ਇਕ ਪ੍ਰਾਈਵੇਟ ਕੱਪੜਿਆ ਵਾਲੀ ਬੀਬੀ ਨਰਸ ਲਗਦੀ ਸਟਰੇਚਰ ਤੇ ਚੜ੍ਹਨ ਲਈ ਮੇਰੀ ਮਦਦ ਕਰਦੀ ਹੈ…।

ਡਾਕਟਰ ਪੇਟ ਤੇ ਗਰੀਸ ਜਿਹੀ ਲਗਾ ਕੇ ਟੂਟੀ ਲਗਾਉਂਦਾ ਹੈ…।

‘ਫਿਰ ਇਕ ਦਮ ਹਨੇਰਾ! ਘੁੱਪ ਹਨੇਰਾ…।’ ਜਨਰੇਟਰ ਫਿਰ ਬੰਦ ਹੋ ਜਾਂਦਾ ਹੈ। ਮੇਰਾ ਸਾਰਾ ਲਿੱਬੜਿਆ ਪੇਟ ਛੱਡ ਕੇ ਡਾਕਟਰ ਬਾਹਰ ਦੌੜ ਜਾਂਦਾ ਹੈ ਤੇ ਪਿੱਛੇ ਹੀ ਨਰਸ।

ਇਕ ਵੱਜ ਗਿਆ…ਜਨਰੇਟਰ ਨਾਲ ਸਾਰਾ ਸਟਾਫ ਉੱਲਝਿਆ ਪਿਆ ਰਿਹਾ। ਪਰ ਇਹ ਠੀਕ ਨਹੀਂਂ ਹੋ ਸਕਿਆ।

‘ਬਾਹਰੋਂ ਮਕੈਨਿਕ ਇਨਜੀਨੀਅਰ ਮੰਗਵਾਉਣਾ ਪਵੇਗਾ।’

ਕੁਝ ਹੋਰ ਡਾਕਟਰ ਪੇਚਕੱਸ ਪਲਾਸ ਲੈ ਕੇ ਉਪਰੇਟਰ ਦੀ ਮਦਦ ਕਰਦੇ, ਨੱਟ ਬੋਲਟ ਖੋਲ੍ਹਣ ਲਗਦੇ ਨੇ, ਕਦੇ ਬੰਦ ਕਰਦੇ ਨੇ, ਪਰ ਉਹ ਨਹੀਂਂ ਮੰਨਿਆ ‘ਮੈਂ ਨਾ ਮਾਨੂੰ’ ਵਾਲੀ ਰੱਟ ਲਗਾਈ ਗਿਆ।

ਬਿਜਲੀ ਤੇ ਡਾਕਟਰਾਂ ਦੇ ਇਕੋ ਜਿਹੇ ਵਰਤਾਰੇ ਵੇਖ ਕੇ ਭੀੜ ਘਟਣ ਲਗਦੀ ਹੈ। ਇਸ ਅਨਿਸਚਿੱਤਤਾ ਦੇ ਦੌਰ ਵਿਚੋਂ ਬਹੁਤੇ ਲੋਕ ਬਾਹਰ ਨਿਕਲ ਜਾਂਦੇ ਹਨ। ਬੱਤੀ ਨੇ ਫਿਰ ਝਮੱਕਾ ਜਿਹਾ ਮਾਰਿਆ ਤੇ ਆ ਪਹੁੰਚੀ।

ਕਰਿੰਦਿਆ ਦੀ ਜਾਨ ਵਿਚ ਜਾਨ ਆਈ।

ਦੋ ਮੈਡੀਕਲ ਨੁਮਾਇੰਦੇ ਲੰਮੀ ਲਾਈਨ ਚੋਂ ਧੁੱਸ ਦਿੱਤੇ ਉਲੰਘ ਕੇ ਅੰਦਰ ਜਾ ਵੜੇ ਨੇ। ਡਾਕਟਰ ਨਾਲ ਹੱਥ ਮਿਲਾਉਂਦੇ ਹਨ। ਦਵਾਈਆਂ ਦੇ ਸੈਂਪਲ ਪੈਕੇਟ ਮੇਜ ਤੇ ਟਿਕਾਉਂਦੇ ਹਨ ਤੇ ਦੂਜੇ ਹੀ ਝਟਕੇ ਨਾਲ ਨਾਲ ਡਾਕਟਰ ਉਹ ਮੇਜ ਦੇ ਦਰਾਜ ਵਿਚ ਸੁੱਟੀ ਜਾਂਦਾ ਹੈ। ਇਕ ਬੰਦ ਲਿਫ਼ਾਫ਼ਾ ਜੇਬ ‘ਚ ਪਾ ਲੈਂਦਾ ਹੈ।

‘ਟਰਨ…ਟਰਨ…।’ ਘੰਟੀ ਵੱਜਦੀ ਹੈ।

‘ਦੋ ਕੱਪ ਚਾਹ…।’ ਉਹ ਗੱਪਾਂ ਲਗਾਣ ਲੱਗ ਪਏ ਹਨ।

ਚਾਹ ਸੁੜ੍ਹਾਕ ਕੇ ਉਡੀਕ ਵਿੱਚ ਡੁੱਬੀ ਭੀੜ ਨੂੰ ਚੀਰਦੇ ਬਾਹਰ ਨਿਕਲ ਜਾਂਦੇ ਹਨ। ਮੈਂ ਮੁੜ ਡਾਕਟਰ ਵੱਲ ਜਾਂਦਾ ਹਾਂ। ਉਸ ਨੇ ਪੈੱਨ ਬੰਦ ਕਰਕੇ ਜੇਬ ਵਿਚ ਪਾ ਲਿਆ ਤੇ ਐਨਕ ਡੱਬੀ ਵਿਚ ਬੰਦ ਕਰਨ ਲੱਗਾ ਹੈ।

‘ਕੱਲ੍ਹ ਆ ਜਾਣਾ!….ਪਲੀਜ਼ ਤਕਲੀਫ ਮੁਆਫ਼! ਚੰਗੀ ਤਰਾਂ ਵੇਖਾਂਗੇ, ਇੱਸ ਭੀੜ ਭੜੱਕੇ ਤੋਂ ਪਾਸੇ!…ਜਾਂ ਸ਼ਾਮ ਨੂੰ ਘਰ ਆ ਜਾਣਾ…।’ ਉਹ ਘੜੀ ਵੱਲ ਝਾਤੀ ਮਾਰਦਾ ਜੇਬ ਚੋਂ ਕੱਢ ਕੇ ਆਪਣਾ ਕਾਰਡ ਮੈਨੂੰ ਫੜਾਉਂਦਾ ਹੈ।

ਫਿਰ ਮੁੜ ਆਪਣੇ ਦਫ਼ਤਰ ਆਉਂਦਾ ਹਾਂ। ਸਾਹਿਬ ਅਜੇ ਵੀ ਨਹੀਂਂ ਆਏ। ਘਰ ਵਾਲਾ ਘਰ ਨਹੀਂਂ ਹੋਰ ਕਿਸੇ ਦਾ ਡਰ ਨਹੀਂਂ। ਕੰਪਿਊਟਰ ਰੂਮ ਵਿੱਚ ਕਰਮਚਾਰੀ ਸਾਰੇ ਇਕੱਠੇ ਹੋਏ ਹਿੜ ਹਿੜ ਕਰ ਰਹੇ ਹਨ। ਮਲਕੜੇ ਜਿਹੇ ਮੈਨੂੰ ਦਾਖਲ ਹੁੰਦੇ ਨੂੰ ਵੇਖ ਕੇ ਲਾਲ ਪੀਲੀ ਹੋਈ ਕੰਪਿਊਟਰ ਦੀ ਸਕਰੀਨ ਬੰਦ ਹੋ ਜਾਂਦੀ ਹੈ।

‘ਉਏ ਕੁਝ ਸ਼ਰਮ ਕਰੋ ਉਏ! ਕਿਉਂ ਹੱਡ ਹਰਾਮੀਆਂ ਕਰਨ ਲੱਗੇ ਹੋ…।’

‘ਆਉ ਸਰ! ਤੁਹਾਨੂੰ ਜੱਲਵੇ ਵਿਖਾਈਏ…।’ ਇਕ ਬਾਬੂ ਮਾਊਸ ਨਾਲ ਉਸ ਤੀਰ ਜਿਹੇ ਨੂੰ ਟਪਾਈ ਫਿਰਦਾ ਹੈ।

‘ਹੈਤ ਤੇਰੇ ਦੀ… ਇਹੋ ਜਿਹੇ ਵੈਸ਼ਨੌਂ ਸੀਨ!’ ਮੈਂ ਬਾਹਰ ਨਿਕਲ ਆਉਂਦਾ ਹਾਂ। ਮੇਰਾ ਮਨ ਬੜਾ ਉਦਾਸ ਉਚਾਟ ਜਿਹਾ ਹੋ ਜਾਂਦਾ ਹੈ। ਮੈਂ ਆਰਾਮ ਕਮਰੇ ਵਿਚ ਜਾ ਕੇ ਲੰਮਾ ਪੈ ਕੇ ਅੱਖਾਂ ਮੀਟ ਲੈਂਦਾ ਹਾਂ। ਸਵੇਰੇ ਘਰ ਵਿੱਚ ਛੱਡੀ ਵੱਡੀ ਸਾਰੀ ਕਾਰੀਗਰਾਂ ਦੀ ਹੇੜ੍ਹ ਤੇ ਉਹਨਾਂ ਨੂੰ ਦੇਣ ਵਾਲੀ ਉਜਰਤ, ਮੇਰੇ ਦਿਮਾਗ ਵਿੱਚ ਸੁਨਾਮੀ ਲਹਿਰਾਂ ਮਚਾਉਣ ਲੱਗੀ ਹੈ।

‘ਤਬੀਅਤ ਤੋ ਠੀਕ ਹੈ ਸਾਹਿਬ।’

ਚਪੜਾਸੀ ਪੜਦਾ ਸਰਕਾ ਕੇ ਅੰਦਰ ਆਉਂਦਾ ਹੈ। ਘੜੀ ਵੱਲ ਨਜ਼ਰ ਮਾਰੀ, ਪੰਜ ਵੱਜ ਗਏ ਹਨ। ਮੈਂ ਸਮਝ ਗਿਆ, ਉਸ ਦਾ ਮਤਲਬ ਮੇਰੀ ਤਬੀਅਤ ਦੀ ਚਿੰਤਾ ਨਹੀਂ, ਘਰ ਨੂੰ ਦੌੜਨ ਦੀ ਕਾਹਲ ਹੈ।

ਉੱਠ ਕੇ ਘਰ ਆ ਜਾਂਦਾ ਹਾਂ।

ਮੇਰੇ ਪੈਰਾਂ ਹੇਠੋਂ ਜਮੀਨ ਖਿਸਕਣ ਲਗਦੀ ਹੈ। ਪੰਚਾਂ ਦਾ ਕਿਹਾ ਸਿਰ ਮੱਥੇ, ਪ੍ਰਨਾਲਾ ਉਥੇ ਦਾ ਉਥੇ ਸੁਣਿਆ ਸੀ ਪਰ ਅੱਜ ਪਰਨਾਲਾ ਉਥੇ ਵੀ ਨਹੀਂ ਸੀ, ਸਗੋਂ ਇਹ ਤਾਂ ਖਿੱਸਕ ਕੇ ਹੋਰ ਪਾਸੇ ਕਸੂਤੀ ਜਗ੍ਹਾ ਚਲਾ ਗਿਆ ਸੀ, ਹੋਰ ਖ਼ਤਰਨਾਕ ਜਗ੍ਹਾ ਤੇ।

‘ਸਾਹਿਬ ਜੀ ਬੜੀ ਮੁਸ਼ਕਲ ਬਚੇ ਅੱਜ! ਤੁਸੀਂ ਇਹ ਸ਼ਟਰਿੰਗ ਦਾ ਸਮਾਨ ਕੱਚਾ ਲਿਆ ਕੇ ਦੇ ਗਏ। ਫੱਟੇ ਤੇ ਬੱਲੀਆਂ ਬਹੁਤ ਕਮਜ਼ੋਰ ਸਨ। ਸਾਡੀ ਗੋਅ ਟੁੱਟ ਗਈ, ਨਿੰਮਾ ਹੱਸਪਤਾਲ ਦਾਖਲ ਹੈ। ਬਾਕੀ ਤਾਂ ਸਭ ਬਚਾਅ ਹੋ ਗਿਆ, ਹੱਥ ਦੇ ਕੇ ਰੱਖਿਆ ਰੱਬ ਨੇ…। ਉਸਦੇ ਪਲੱਸਤਰ ਲੱਗਾ ਹੈ। ਉਸ ਲਈ ਪੈਸਿਆਂ ਦਾ ਇੰਤਜਾਮ ਕਰੋ।’ ਭੈੜੀ ਜਿਹੀ ਬੂਥੀ ਬਣਾਈ ਠੇਕੇਦਾਰ ਮੇਰਾ ਰਸਤਾ ਕੱਟਦਾ ਹੈ।

‘ਮਨ ਹਰਾਮੀਂ ਹੁੱਜਤਾਂ ਢੇਰ।’ ਮਨ ਵਿੱਚ ਉਬਾਲ ਉਬਾਲਦੇ ਰਿੱਝਦੇ ਭੁੱਜਦੇ ਮੇਰਾ ਆਪਾ ਬਹਿਕਣ ਲੱਗਦਾ ਹੈ।

‘ਜੇ ਆਪ ਉਹ ਇਹੀ ਸਮਾਨ ਉਥੋਂ ਲੈ ਕੇ ਆਉਂਦਾ, ਵਿਚੋਂ ਕਮਿਸ਼ਨ ਮਿਲਨੀ ਸੀ ਇਸਨੂੰ ਤੇ ਨਾਲੇ ਆਉਂਦਾ ਜਾਂਦਾ ਦੋ ਚਾਰ ਘੰਟੇ ਅਵਾਰਾਗਰਦੀ ਕਰਦਾ ਤਾਂ ਇਹੀ ਸਮਾਨ ਨਿੱਗਰ ਚੰਗਾ ਹੋ ਜਾਣਾ ਸੀ, ਹੁਣ ਭਾਵੇਂ ਆਪੇ ਹੀ ਰੱਸੀ ਖਿਸਕਾ ਕੇ ਮਜਦੂਰਾਂ ਨੂੰ ਡੇਗ ਕੇ ਇਹ ਅਡੰਬਰ ਰਚਿਆ ਹੋਵੇ…।’ ਮੈਂ ਉਸ ਦੀਆਂ ਅੱਖਾਂ ਪੜ੍ਹਨ ਦੀ ਕੋਸ਼ਿਸ਼ ਕਰਦਾ ਹਾਂ।

‘ਪੈਸੇ ਦੇ ਦਿਉ ਸਾਹਿਬ ਜੀ! ਮੈਂ ਤੁਹਾਨੂੰ ਟੈਲੀਫੋਨ ਹੀ ਕਰਨ ਵਾਲਾ ਸੀ, ਚੰਗਾ ਹੋਇਆ ਤੁਸੀਂ, ਟਾਈਮ ਸਿਰ ਆ ਗਏ।’

ਉਹ ਇਸ ਜਾਣੇ ਅਨਜਾਣੇ ਹੋਏ ਹਾਦਸੇ ਦਾ ਮੁੱਲ ਵੱਟਣਾ ਚਾਹੁੰਦਾ ਸੀ। ਇਸ ਦਾ ਖਮਿਆਜ਼ਾ ਮੇਰੇ ਸਿਰ ਮੜ੍ਹਨਾ ਚਾਹੁੰਦਾ ਸੀ।

‘ਤੰਦ ਨਹੀਂ ਇਥੇ ਤਾਂ ਤਾਂਣੀ ਹੀ ਉਲਝੀ ਪਈ ਹੈ ਤੇ ਇਸ ਊਤਪੁਣੇ ਵਿਚ ਮੈਂ ਵੀ ਸ਼ਾਮਲ ਹਾਂ… ਇਸ ਹਜੂਮ ਵਿੱਚ, ਜਿੱਥੇ ਲੈਣੇ ਦੇ ਦੇਣੇ ਪੈ ਜਾਂਦੇ ਹਨ।’

ਉਸ ਨੂੰ ਜੁਆਬ ਦੇਣ ਤੋਂ ਬਿਨਾਂ ਹੀ ਗੁੱਸੇ ਦੀ ਕੁੜੱਤਣ ਫੱਕ ਕੇ ਅੰਦਰ ਲੰਘ ਜਾਂਦਾ ਹਾਂ ਪਿਛਲੇ ਪਾਸੇ ਮਕਾਨ ਵਿੱਚ। ਫਸੀ ਨੂੰ ਫੁੜਕਣ ਕੀ। ਵਾਪਸੀ ਅਲਮਾਰੀ ਵਿੱਚੋਂ ਦੋ ਹਜ਼ਾਰ ਰੁਪੈ ਲਿਆ ਕੇ ਹੱਥ ਜੋੜਦਾ ਉਸ ਨੂੰ ਫੜਾ ਦਿੰਦਾ ਹਾਂ ਮਲਕੜੇ ਜਿਹੇ ਚੁੱਪ ਚੁਪੀਤੇ।

ਉਹ ਪੈਸੇ ਫ਼ੜ ਕੇ ਝੂਠਾ ਜਿਹਾ ਧੰਨਵਾਦ ਕਰਦਾ ਮੇਰੇ ਵੱਲ ਤਿਰਛੀ ਜਿਹੀ ਨਜ਼ਰੇ ਹੱਸਦਾ ਪਰੇ ਤੁਰ ਜਾਂਦਾ ਹੈ, ਜਿਵੇਂ ਕਹਿ ਰਿਹਾ ਹੋਵੇ…, ਜੱਟ ਗੰਨਾ ਨੀ ਦਿੰਦਾ, ਰੋੜੀ ਦਿੰਦਾ ਹੈ।

ਚਰਨਜੀਤ ਸਿੰਘ ਪੰਨੂ

*****

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 27 ਜਨਵਰੀ 2006)
(ਦੂਜੀ ਵਾਰ 27 ਸਤੰਬਰ 2021)

***
398
***

About the author

ਚਰਨਜੀਤ ਸਿੰਘ ਪੰਨੂ
ਚਰਨਜੀਤ ਸਿੰਘ ਪੰਨੂ