7 December 2024

(ਸ)ਗਲੀ ਰਾਮ—ਅਵਤਾਰ ਐਸ. ਸੰਘਾ

1960-70 ਵਿਆਂ ਅਤੇ ਇਸਤੋਂ ਪਹਿਲਾਂ ਪੰਜਾਬ ਵਿੱਚ ਕੁਝ ਕਾਲਜ ਐਸੇ ਹੋਇਆ ਕਰਦੇ ਸਨ ਜਿਨ੍ਹਾਂ ਦੇ ਮਾਲਕ ਜਾਂ ਪ੍ਰਬੰਧਕ ਘੱਟ ਪੜ੍ਹੇ ਲਿਖੇ ਬੰਦੇ ਹੋਇਆ ਕਰਦੇ ਸਨ। ਇਹ ਕਾਲਜ ਯੂਨੀਵਰਸਿਟੀਆਂ ਨਾਲ਼ ਮਾਨਤਾ ਪ੍ਰਾਪਤ ਨਹੀਂ ਹੋਇਆ ਕਰਦੇ ਸਨ। ਵੈਸੇ ਵੀ ਇਹ ਕਾਲਜ ਜਿਆਦਾਤਰ ਲੜਕੀਆਂ ਦੇ ਹੋਇਆ ਕਰਦੇ ਸਨ ਕਿਉਂਕਿ ਲੜਕੀਆਂ ਪ੍ਰਾਈਵੇਟ ਪਰਚੇ ਦੇ ਸਕਦੀਆਂ ਹੁੰਦੀਆਂ ਸਨ। ਬਾਕੀ ਸਭ ਨੂੰ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਦਾਖਲ ਹੋ ਕੇ 75 ਕੁ ਫੀਸਦੀ ਲੈਕਚਰ ਲੈਣੇ ਲਾਜ਼ਮੀ ਹੁੰਦੇ ਸਨ। ਇਨ੍ਹਾਂ ਕਾਲਜਾਂ ਨੂੰ ਅਕਸਰ ਇੱਕ ਬੰਦਾ ਹੀ ਕੁਝ ਅਰਧ ਪੜ੍ਹਿਆ ਸਟਾਫ ਰੱਖ ਕੇ ਕਿਸੇ ਛੋਟੀ ਇਮਾਰਤ ਵਿੱਚ ਚਲਾਇਆ ਕਰਦਾ ਸੀ ਜਿੱਥੇ ਕੋਈ ਖੇਡ ਮੈਦਾਨ ਨਹੀਂ ਸਨ ਹੁੰਦੇ। ਜਮਾਤਾਂ ਵੀ ਆਰਟਸ ਦੇ ਵਿਸ਼ਿਆਂ ਦੀਆਂ ਹੀ ਹੁੰਦੀਆਂ ਸਨ। ਬਹੁਤਾ ਸਟਾਫ ਸਿਫਾਰਸ਼ੀ ਹੀ ਹੋਇਆ ਕਰਦਾ ਸੀ। ਇਹ ਸਟਾਫ ਆਗਿਆਕਾਰੀ ਵੱਧ ਤੇ ਲਾਇਕ ਘੱਟ ਹੋਇਆ ਕਰਦਾ ਸੀ। ਇਨ੍ਹਾਂ ਕਾਲਜਾਂ ਦੀ ਹਾਲਤ ਤਕਰੀਬਨ ਉਹੋ ਜਿਹੀ ਹੀ ਸੀ ਜਿਸ ਪ੍ਰਕਾਰ ਦੀ ਅਜਕਲ ਪੰਜਾਬ ਦੇ ਕਾਫੀ ਨਿੱਜੀ ਸਕੂਲ਼ਾਂ ਦੀ ਏ। ਫਰਕ ਸਿਰਫ ਏਨਾ ਏ ਕਿ ਨਿੱਜੀ ਸਕੂਲ਼ਾਂ ਵਿੱਚ ਸਟਾਫ ਅਕਸਰ ਵੱਧ ਪੜ੍ਹਿਆ ਲਿਖਿਆ ਵੀ ਏ। ਘੱਟ ਤਾਂ ਹੈ ਹੀ। ਨੌਕਰੀ ਦੀ ਸੁਰੱਖਿਅਤਾ ਹੈ ਹੀ ਨਹੀਂ। ਇਨ੍ਹਾਂ ਅਖੌਤੀ ਕਾਲਜਾਂ ਦੇ ਸਟਾਫ ਨੂੰ ਤਨਖਾਹ ਵੀ ਪੂਰੇ ਗਰੇਡ ਵਿੱਚ ਨਹੀਂ ਦਿੱਤੀ ਜਾਂਦੀ ਸੀ। ਜੇ ਕਿਸੇ ਅਜਿਹੇ ਕਾਲਜ ਨੇ ਮਾਨਤਾ ਵਲ ਨੂੰ ਵਧਣਾ ਸ਼ੁਰੂ ਕਰਨਾ ਹੋਵੇ ਤਾਂ ਇਹਦੇ ਪ੍ਰਬੰਧਕ ਆਪਣੇ ਆਪ ਨੂੰ ਇੱਕ ਸੋਸਾਇਟੀ ਦੇ ਤੌਰ ਤੇ ਰਜਿਸਟਰ ਕਰਵਾ ਲਿਆ ਕਰਦੇ ਸਨ। ਇਹ ਕਾਲਜ ਕੁਝ ਸਾਲ ਸਟਾਫ ਨੂੰ ਤਨਖਾਹ ਦਿਆ ਘੱਟ ਕਰਦੇ ਸਨ ਤੇ ਦਸਤਖਤ ਪੂਰੇ ਗਰੇਡ ਤੇ ਕਰਵਾ ਲਿਆ ਕਰਦੇ ਸਨ। ਟਰੇਡ ਯੂਨੀਅਨਾਂ ਅਜੇ ਇਨ੍ਹਾਂ ਕਾਲਜਾਂ ਤਕ ਨਹੀਂ ਪਹੁੰਚੀਆਂ ਸਨ। ਜਦ ਸੋਸਾਇਟੀ ਬਣਦੀ ਸੀ ਤਾਂ ਉਸ ਵਿੱਚ ਆਮ ਤੌਰ ਤੇ ਕਾਰੋਬਾਰੀ ਬੰਦੇ ਮੈਂਬਰ ਹੋਇਆ ਕਰਦੇ ਸਨ। ਕਈ ਮੈਂਬਰ ਪਿੰਡਾਂ ਵਿੱਚੋਂ ਸਿੱਖ ਜ਼ਿਮੀਦਾਰ ਪਰਿਵਾਰਾਂ ਵਿੱਚੋਂ ਵੀ ਹੋਇਆ ਕਰਦੇ ਸਨ। ਅੰਗਰੇਜੀ ਜਿਹੇ ਥੋੜ੍ਹੇ ਔਖੇ ਮਜ਼ਮੂਨਾਂ ਦੇ ਪੂਰੇ ਯੋਗ ਅਧਿਆਪਕ ਇਨ੍ਹਾਂ ਕਾਲਜਾਂ ਪਾਸ ਨਹੀਂ ਹੋਇਆ ਕਰਦੇ ਸਨ। ਇਥੋਂ ਤਕ ਕਿ 1969-70 ਤਕ ਤਾਂ ਯੂਨੀਵਰਸਿਟੀਆਂ ਨੇ ਮਾਨਤਾ ਪ੍ਰਾਪਤ ਕਾਲਜਾਂ ਨੂੰ ਵੀ ਇਹ ਇਜਾਜ਼ਤ ਦਿੱਤੀ ਹੋਈ ਸੀ ਕਿ ਉਹ ਹੇਠਲੀਆਂ ਦੋ ਜਮਾਤਾਂ ਨੂੰ ਅੰਗਰੇਜੀ ਪੜ੍ਹਾਉਣ ਲਈ ਤੀਸਰੇ ਦਰਜੇ ਵਿੱਚ ਐਮ.ਏ ਪਾਸ ਬੰਦਾ ਵੀ ਰੱਖ ਸਕਦੇ ਹੁੰਦੇ ਸਨ। ਮਾਨਤਾ ਪ੍ਰਾਪਤ ਕਾਲਜਾਂ ਵਿੱਚ ਲੈਕਚਰਾਰ ਰੱਖਣ ਲਈ ਵੀ ਓਦੋਂ ਯੂਨੀਵਰਸਿਟੀ ਦੇ ਚੋਣ ਪੈਨਲ ਨਹੀਂ ਹੋਇਆ ਕਰਦੇ ਸਨ। ਉਮੀਦਵਾਰ ਨੂੰ ਉਸਦਾ ਪ੍ਰਮਾਣ ਪੱਤਰ ਦੇਖ ਕੇ ਹੀ ਨੌਕਰੀ ਤੇ ਰੱਖ ਲਿਆ ਜਾਂਦਾ ਸੀ।

ਮੇਰੇ ਸ਼ਹਿਰ ਵਿੱਚ ਵੀ ਅਜਿਹੀ ਇੱਕ ਸੰਸਥਾ ਸੀ ਜਿਸਨੂੰ ਕਿਸੇ ਲਾਲੇ ਨੇ ਸਕੂਲ ‘ਚੋਂ ਮੁੱਖ ਅਧਿਆਪਕ ਦੇ ਤੌਰ ਤੇ ਸੇਵਾ ਮੁਕਤ ਹੋ ਕੇ ਚਲਾਉਣਾ ਸ਼ੁਰੂ ਕੀਤਾ ਸੀ। ਇਹ ਲਾਲਾ ਕੁਝ ਸਾਲਾਂ ਬਾਅਦ ਪੂਰਾ ਹੋ ਗਿਆ। ਕਾਲਜ ਦੀ ਪ੍ਰਿੰਸੀਪਲ ਤਾਂ ਘੱਟ ਯੋਗਤਾ ਪ੍ਰਾਪਤ ਸੀ ਪਰ ਵਿਦਿਆਰਥੀ ਲੜਕੀਆਂ ਦੇ ਮਾਪਿਆਂ ਨੇ ਸੋਚਿਆ ਕਿ ਕਾਲਜ ਦੀ ਇੱਕ ਕਮੇਟੀ ਬਣਾ ਲਈ ਜਾਵੇ ਅਤੇ ਇਸਨੂੰ ਹੌਲ਼ੀ-ਹੌਲ਼ੀ ਮਾਨਤਾ ਪ੍ਰਾਪਤ ਕਰਨ ਵਲ ਵੀ ਵਧਾਇਆ ਜਾਵੇ। ਪ੍ਰਿੰਸੀਪਲ ਸੁਮਨ ਨੇ ਲੜਕੀਆਂ ਦੇ ਮਾਪਿਆਂ ਨਾਲ਼ ਰਾਬਤਾ ਕਾਇਮ ਕੀਤਾ। ਕੁਝ ਖਾਂਦੇ-ਪੀਂਦੇ ਕਾਰੋਬਾਰੀ ਬੰਦਿਆਂ ਤੇ ਲੈਂਡਲਾਰਡ ਮਾਪਿਆਂ ਦੀ ਮੀਟਿੰਗ ਸੱਦੀ। ਇੱਕ ਸੋਸਾਇਟੀ ਬਣਾ ਲਈ ਜਿਸ ਵਿਸ ਲੋਹੇ ਦੇ ਕਾਰੋਬਾਰ ਕਰਨ ਵਾਲ਼ੇ ਲਾਲਾ ਸਗਲੀ ਰਾਮ ਨੂੰ ਪ੍ਰਧਾਨ ਬਣਾ ਦਿੱਤਾ। ਕੁੱਲ ਮੈਂਬਰ 22 ਸਨ ਪਰ ਕਾਰਜਕਾਰੀ ਕਮੇਟੀ ਵਿੱਚ ਪ੍ਰਧਾਨ ਤੋਂ ਇਲਾਵਾ ਟ੍ਰਾਂਸਪੋਰਟਰ ਮਹਿੰਗਾ ਸਿੰਘ ਨੂੰ ਮੀਤ ਪ੍ਰਧਾਨ, ਸ਼ਾਮ ਸੁੰਦਰ ਸ਼ਟਰਾਂ ਵਾਲ਼ੇ ਨੂੰ ਮੈਨੇਜਰ, ਭੱਠੇ ਵਾਲ਼ੇ ਜੋਗਿੰਦਰ ਪਾਲ ਨੂੰ ਸਕੱਤਰ ਤੇ ਕੋਲਡ ਸਟੋਰਾਂ ਵਾਲ਼ੇ ਦਾਤਾ ਰਾਮ ਨੂੰ ਖਜ਼ਾਨਚੀ ਬਣਾ ਦਿੱਤਾ ਗਿਆ। ਬਾਕੀ ਕਾਰਜਕਾਰੀ ਮੈਂਬਰਾਂ ਵਿੱਚ ਸਿਨਮੇ ਵਾਲ਼ਾ ਰਾਮ ਪਾਲ, ਸੁਨਿਆਰਾ ਕੇਸ਼ਵ, ਪ੍ਰਾਪਰਟੀ ਡੀਲਰ ਗੌਤਮ ਤੇ ਆੜ੍ਹਤੀਆ ਨੀਲ ਕੰਠ ਲੈ ਲਏ ਗਏ। ਇਹ ਸਭ ਮੈਂਬਰ ਪੈਸੇ ਵਿੱਚ ਚੰਗੇ ਸਨ ਪਰ ਪੜ੍ਹਾਈ ਵਿੱਚ ਬਹੁਤ ਊਣੇ ਸਨ। ਕਾਲਜ ਤਾਂ ਲੜਕੀਆਂ ਦੀਆਂ ਫੀਸਾਂ ਦੇ ਆਸਰੇ ਚਲ ਜਾਂਦਾ ਸੀ। ਮੈਂਬਰ ਤਾਂ ਸਪੌਂਸਰ ਸਨ ਜਿਹੜੇ ਆਉਣ ਵਾਲ਼ੇ ਸਮੇਂ ਵਿੱਚ ਕੁਝ ਯੋਗਦਾਨ ਪਾ ਕੇ ਇਸਨੂੰ ਮਾਨਤਾ ਵਲ ਲਿਜਾ ਸਕਦੇ ਸਨ।

ਇਸ ਸਮੇਂ ਕਾਲਜ ਵਿੱਚ ਅੰਗਰੇਜੀ ਦੀ ਇੱਕ ਯੋਗ ਅਧਿਆਪਕਾ ਅਤਿ ਲੋੜੀਂਦੀ ਸੀ। ਯੂਨੀਵਰਸਿਟੀ ਨਾਲ਼ ਖਤੋ-ਖਤਾਬਤ ਸ਼ੁਰੂ ਹੋ ਗਈ ਸੀ। ਇਸਨੂੰ ਚਲਾਉਣ ਲਈ ਇੱਕ ਅੰਗਰੇਜੀ ਦੀ ਲੈਕਚਰਾਰ ਚਾਹੀਦੀ ਸੀ। ਉਸ ਸਮੇਂ ਖਤੋ-ਖਤਾਬਤ ਅੰਗਰੇਜੀ ਵਿੱਚ ਹੀ ਹੋਇਆ ਕਰਦੀ ਸੀ। ਪੰਜਾਬੀ ਦਾ ਬੋਲਬਾਲਾ ਬਾਅਦ ਵਿੱਚ ਹੋਣਾ ਸ਼ੁਰੂ ਹੋਇਆ ਸੀ। ਕਮੇਟੀ ਮੈਂਬਰ ਵੀ ਮਹਿਸੂਸ ਕਰਨ ਲਗ ਪਏ ਸਨ ਕਿ ਕਾਲਜ ਨੂੰ ਚੰਗਾ ਚਲਾਉਣ ਲਈ ਅੰਗਰੇਜੀ ਦੀਆਂ ਇੱਕ ਦੋ ਪੂਰਣ ਯੋਗਤਾ ਪ੍ਰਾਪਤ ਲੈਕਚਰਾਰ ਰੱਖੀਆਂ ਜਾਣ। ਹਾਲਾਤ ਵੀ ਚੰਗਾ ਸਟਾਫ ਰੱਖਣ ਦੀ ਮੰਗ ਕਰ ਰਹੇ ਸਨ। ਮਾੜਾ ਮਾੜਾ ਅੰਗਰੇਜੀ ਸਕੂਲਾਂ ਦਾ ਰਿਵਾਜ ਵੀ ਸ਼ੁਰੂ ਹੋ ਗਿਆ ਸੀ। ਕਈ ਵਿਦਿਆਰਥਣਾਂ ਜਦ ਅੰਗਰੇਜੀ ਸਕੂਲਾਂ ਤੋਂ ਅੱਧੇ ਪਚੱਧੇ ਅੰਗਰੇਜੀ ਮੀਡੀਅਮ ਵਿੱਚ ਦਸਵੀਂ ਜਮਾਤ ਪਾਸ ਕਰਕੇ ਆਉਂਦੀਆਂ ਸਨ ਤਾਂ ਅੰਗਰੇਜੀ ਵਿੱਚ ਮਾੜੀਆਂ ਲੈਕਚਰਾਰ ਉਹਨਾਂ ਨੂੰ ਪੜ੍ਹਾਉਣ ਸਮੇਂ ਗਲਤੀਆਂ ਵੀ ਕਰ ਦਿੰਦੀਆਂ ਸਨ। ਇਕ ਇਤਿਹਾਸ ਦੀ ਅਧਿਆਪਕਾ ‘ਮੁਨਾਰਕੀ’ (Monarchy) ਨੂੰ ‘ਮੁਨਾਰਚੀ’ ਬੋਲਦੀ ਹੁੰਦੀ ਸੀ। ਉਹ ‘ਕੈਜ਼ਮ’ (Chasm) ਨੂੰ ‘ਚੈਜ਼ਮ’ ਕਿਹਾ ਕਰਦੀ ਸੀ। ਉਸਨੇ ਇਤਿਹਾਸ ਦੀ ਪ੍ਰਾਈਵੇਟ ਐਮ.ਏ ਕੀਤੀ ਹੋਈ ਸੀ ਤੇ ਉਹ ਵੀ ਤੀਸਰੇ ਦਰਜੇ ਵਿੱਚ। ਇਸ ਲਈ ਉਸਦਾ ਹਾਲ ਇਹੋ ਜਿਹਾ ਸੀ ਕਿ ਜਿਵੇਂ ਕੋਈ ਟਿੱਚਰੀ ਬੰਦਾ ਕਿਸੇ ਅਦਾਰੇ ਦੇ ਦਫਤਰ ਵਿੱਚ ਜਾਕੇ ਕਹੇ ‘ਚੈਮਿਸਟਰੀ’ (Chemistry) ਵਿਭਾਗ ਦੇ ਪ੍ਰੋਫੈਸਰ ‘ਕੋਪੜਾ’ (Chopra) ਸਾਹਿਬ ਨੂੰ ਮਿਲਣਾ ਹੈ।”
**
ਕਾਲਜ ਲਈ ਮਾਨਤਾ, ਦੋ ਕੁ ਕਮਰੇ ਹੋਰ ਉਸਾਰਨ ਤੇ ਇਕ ਨਵੀਂ ਅੰਗਰੇਜੀ ਦੀ ਲੈਕਚਰਾਰ ਰੱਖਣ ਦੇ ਸੰਬੰਧ ਵਿਚ ਕਮੇਟੀ ਦੀ ਮੀਟਿੰਗ ਹੋਈ। ਲੈਕਚਰਾਰ ਦੀ ਚੋਣ ਨੂੰ ਲੋਕਤੰਤਰਕ ਬਣਾਉਣ ਲਈ ਭਾਵੇਂ ਅਖਬਾਰ ਵਿੱਚ ਇਸ਼ਤਿਹਾਰ ਦਿੱਤਾ ਗਿਆ ਤੇ ਕਈ ਉਮੀਦਵਾਰ ਲੜਕੀਆਂ ਦੀਆਂ ਅਰਜ਼ੀਆਂ ਵੀ ਆਈਆਂ ਪਰ ਫਿਰ ਵੀ ਕੋਸ਼ਿਸ਼ ਇਹ ਸੀ ਕਿ ਚੋਣ ਆਪ ਨਾ ਕੀਤੀ ਜਾਵੇ ਕਿਉਂਕਿ ਚੋਣ ਕਰਨ ਲਈ ਨਾ ਪ੍ਰਿੰਸੀਪਲ ਪੂਰੀ ਯੋਗ ਸੀ ਤੇ ਨਾ ਕਮੇਟੀ ਮੈਂਬਰ। ਕੋਈ ਲਾਇਕ ਅਧਿਆਪਕਾ ਕਿਸੇ ਹੋਰ ਤਰੀਕੇ ਨਾਲ਼ ਲੱਭੀ ਜਾਵੇ।

“ਕੋਈ ਐਸੀ ਲੜਕੀ ਲੱਭੋ ਜੋ ਹੋਵੇ ਵੀ ਹਿੰਦੂਆਂ ਦੀ ਤੇ ਉਸਦੀ ਪੜ੍ਹਾਈ ਵੀ ਵਧੀਆਂ ਹੋਵੇ”, ਪ੍ਰਧਾਨ ਸਗਲੀ ਰਾਮ ਨੇ ਗੱਲ ਤੋਰੀ।

“ਲਾਲਾ ਜੀ, ਪਹਿਲਾਂ ਸਾਰੀਆਂ ਅਧਿਆਪਕਾਵਾਂ ਇੱਕੋ ਫਿਰਕੇ ਦੀਆਂ ਹੀ ਹਨ। ਇਕ ਅੱਧਾ ਸਿੱਖਾਂ ‘ਚੋਂ ਵੀ ਰੱਖ ਲਓ। ਤੁਹਾਨੂੰ ਪਤਾ ਹੀ ਹੈ ਕਿ ਬਹੁਤ ਸਾਰੀਆਂ ਲੜਕੀਆਂ ਇੱਥੇ ਪਿੰਡਾਂ ਤੋਂ ਵੀ ਪੜ੍ਹਨ ਆਉਂਦੀਆਂ ਹਨ। ਉਹ ਹਨ ਵੀ ਜੱਟਾਂ ਜ਼ਿਮੀਦਾਰਾਂ ਦੀਆਂ ਲੜਕੀਆਂ। ਤੁਹਾਨੂੰ ਥੋੜ੍ਹੀ ਬਹੁਤੀ ਪ੍ਰਤੀਨਿਧਤਾ ਸਿੱਖਾਂ ਨੂੰ ਵੀ ਦੇਣੀ ਚਾਹੀਦੀ ਏ”, ਮੀਤ ਪ੍ਰਧਾਨ ਮਹਿੰਗਾ ਸਿੰਘ ਬੋਲੇ।

“ਗੱਲ ਸਰਦਾਰ ਮਹਿੰਗਾ ਸਿੰਘ ਜੀ ਦੀ ਵੀ ਠੀਕ ਏ। ਸਾਡਾ ਮਸਲਾ ਇਸ ਸਮੇਂ ਅੰਗਰੇਜੀ ਦੀ ਯੋਗ ਅਧਿਆਪਕਾ ਦਾ ਏ। ਦੇਖਣਾ ਇਹ ਏ ਕਿ ਯੋਗ ਲੜਕੀ ਕਿਸ ਫਿਰਕੇ ਵਿੱਚੋਂ ਮਿਲਦੀ ਏ। ਤੁਹਾਨੂੰ ਪਤਾ ਏ ਕਿ ਅੰਗਰੇਜੀ ਦੀਆਂ ਐਮ.ਏ ਪਾਸ ਲੜਕੀਆਂ ਬੜੀਆਂ ਘੱਟ ਹਨ। ਪਿੰਡਾਂ ਵਿੱਚ ਤਾਂ ਸ਼ਾਇਦ ਉਹ ਹੈ ਹੀ ਨਹੀਂ। ਸਰਦਾਰ ਸਾਹਿਬ ਦੇ ਸੁਝਾਅ ਨੂੰ ਬਾਕੀ ਨਿਯੁਕਤੀਆਂ ਵੇਲੇ ਧਿਆਨ ‘ਚ ਰੱਖਿਆ ਜਾ ਸਕਦਾ ਏ। ਤੁਹਾਨੂੰ ਪਤਾ ਏ ਕਿ ਅੱਗੇ ਜਾ ਕੇ ਪੰਜਾਬੀ, ਰਾਜਨੀਤੀ ਸ਼ਾਸਤਰ ਅਤੇ ਇਤਿਹਾਸ ਦੀਆਂ ਲੈਕਚਰਾਰਾਂ ਦੀਆਂ ਨਿਯੁਕਤੀਆਂ ਵੀ ਹੋਣੀਆਂ ਹਨ। ਸ਼ਾਇਦ ਕੁਝ ਦੇਰ ਬਾਅਦ ਯੂਨੀਵਰਸਿਟੀ ਦਾ ਕੋਈ ਅਧਿਕਾਰੀ ਵੀ ਆਪਣੀ ਕਮੇਟੀ ਵਿੱਚ ਬੈਠਣ ਲਗ ਜਾਇਆ ਕਰੇ। ਹੁਣ ਤੁਸੀਂ ਅੰਗਰੇਜੀ ਦੀ ਲੈਕਚਰਾਰ ਲੱਭਣ ਦਾ ਕੋਈ ਤਰੀਕਾ ਸੋਚੋ”, ਦਾਤਾ ਰਾਮ ਨੇ ਸਥਿਤੀ ਨੂੰ ਵੱਧ ਸਪੱਸ਼ਟ ਕਰ ਦਿੱਤਾ।

“ਜਿਹੜੀਆਂ ਉਮੀਦਵਾਰ ਬਾਹਰ ਆਕੇ ਬੈਠੀਆਂ ਹਨ ਉਹਨਾਂ ਨੂੰ ਪਰਖ ਲਓ। ਬਾਕੀ ਫਿਰ ਸੋਚਦੇ ਹਾਂ”, ਪ੍ਰਧਾਨ ਨੇ ਸੁਝਾਅ ਦਿੱਤਾ।

ਇੰਟਰਵਿਊ ਸ਼ੁਰੂ ਹੋਈ। ਉਮੀਦਵਾਰ ਚਾਰ ਹੀ ਸਨ। ਇਹ ਸਾਰੀਆਂ ਤੀਸਰੇ ਦਰਜੇ ਵਿੱਚ ਐਮ.ਏ ਪਾਸ ਸਨ। ਇਹਨਾਂ ਨੇ ਇਸ ਕਰਕੇ ਅਰਜੀਆਂ ਦਿੱਤੀਆਂ ਸਨ ਕਿ ਸ਼ਾਇਦ ਹੁਣ ਵੀ ਘੱਟ ਯੋਗਤਾ ਵਾਲ਼ੇ ਉਮੀਦਵਾਰ ਨੂੰ ਹੀ ਰੱਖ ਲਿਆ ਜਾਊ ਪਰ ਹੁਣ ਹਾਲਾਤ ਹੋਰ ਸਨ। ਜਦ ਕੋਈ ਵੀ ਨਿਯੁਕਤੀ ਕਰਨ ਲਈ ਯੋਗ ਉਮੀਦਵਾਰ ਨਾ ਮਿਲ਼ੀ ਤਾਂ ਕੇਸ਼ਵ ਨੇ ਸਲਾਹ ਦਿੱਤੀ, “ਮਾਨਯੋਗ ਕਮੇਟੀ ਮੈਂਬਰ ਸਾਹਿਬਾਨ, ਸਾਨੂੰ ਸਭ ਨੂੰ ਪਤਾ ਏ ਕਿ ਸਾਡੇ ਸਾਰਿਆਂ ਵਿਚ ਇੱਕ ਬੰਦਾ ਵੀ ਅੰਗਰੇਜੀ ਦੀ ਐਮ.ਏ. ਨਹੀਂ ਏ। ਇੰਟਰਵਿਊ ਅਸੀਂ ਅੰਗਰੇਜੀ ਦੇ ਲੈਕਚਰਾਰ ਦੀ ਕਰ ਰਹੇ ਹਾਂ। ਕਿੰਨੀ ਅਜੀਬ ਗੱਲ ਏ?”

“ਫਿਰ ਚੋਣ ਕਿਵੇਂ ਕਰੀਏ?” ਸ਼ਾਮ ਸੁੰਦਰ ਬੋਲਿਆ।

“ਆਪਣੇ ਨੇੜੇ ਤੇੜੇ ਦੇ ਸ਼ਹਿਰਾਂ ਦੇ ਕਾਲਜਾਂ ਤੇ ਨਜ਼ਰ ਮਾਰੋ। ਉਸ ਲੜਕੀ ਨੂੰ ਪੂਰੇ ਪੈਸੇ ਦੇ ਕੇ ਲਿਆਓ ਜਿਹੜੀ ਪੂਰੀ ਯੋਗਤਾ ਪ੍ਰਾਪਤ ਹੋਵੇ ਤੇ ਕਿਸੇ ਹੋਰ ਕਾਲਜ ਨੇ ਕੱਚੀ ਰੱਖੀ ਹੋਈ ਹੋਵੇ। ਸਥਾਪਿਤ ਹੋ ਚੁੱਕੇ ਕਾਲਜ ਉਮੀਦਵਾਰ ਨੂੰ ਪੂਰਾ ਪਰਖ ਕੇ ਰੱਖਦੇ ਹਨ। ਬਸ ਸਿੱਧਾ ਉੱਥੋਂ ਲਿਆਕੇ ਮਾੜੀ ਮੋਟੀ ਇੰਟਰਵਿਊ ਲਓ ਤੇ ਰੱਖ ਲਓ। ਉਹਨਾਂ ਕਾਲਜਾਂ ਦੇ ਪੀਠੇ ਨੂੰ ਛਾਨਣ ਦੀ ਕੋਈ ਲੋੜ ਹੀ ਨਹੀਂ। ਪਿਛਲੇ ਸਾਲ ਇਕ ਪੇਂਡੂ ਲੜਕਾ ਸ਼ਹਿਰ ਦੇ ਇਕ ਬਹੁਤ ਵੱਡੇ ਕਾਲਜ ਨੇ ਪੂਰਾ ਪਰਖ ਕੇ ਹਿਸਾਬ ਪੜ੍ਹਾਉਣ ਲਈ ਰੱਖਿਆ ਸੀ। ਉਸ ਲੜਕੇ ਨੇ ਜਿੰਨੀ ਵਾਰ ਵੀ ਆਪਣੇ ਇਲਾਕੇ ਦੇ ਪੇਂਡੂ ਕਾਲਜਾਂ ਵਿੱਚ ਅਪਲਾਈ ਕੀਤਾ ਸੀ ਉਸਨੂੰ ਕਿਸੇ ਨੇ ਵੀ ਨਹੀ ਰੱਖਿਆ ਸੀ। ਪੇਂਡੂ ਕਮੇਟੀ ਉਹਨੂੰ ਸਮਝੇ ਹੀ ਕੁਝ ਨਾ ਕਿਉਂਕਿ ਉਹ ਦੇਖਣ ਨੂੰ ਪੇਂਡੂ ਜਿਹਾ ਹੀ ਲਗਦਾ ਸੀ। ਪੇਂਡੂ ਲੋਕ ਸ਼ਾਇਦ ਉਸਨੂੰ ਹੀ ਲਾਇਕ ਸਮਝਦੇ ਹਨ ਜਿਹਦੀ ਚੰਗੀ ਟੌਹਰ ਹੋਵੇ। ਜਦ ਉਸ ਲੜਕੇ ਦੀ ਨਿਯੁਕਤੀ ਸ਼ਹਿਰ ਦੇ ਬਹੁਤ ਵੱਡੇ ਕਾਲਜ ਵਿੱਚ ਹੋ ਗਈ ਤਾਂ ਉਸਦੇ ਪਿੰਡ ਦੇ ਲੋਕ ਕਹਿਣ ਲੱਗ ਪਏ ਲੜਕਾ ਲਾਇਕ ਹੀ ਬਹੁਤ ਏ। ਉੱਥੇ ਕੱਚਾ ਏ ਇੱਥੇ ਪੱਕਾ ਲੈ ਆਓ। ਉਹਨਾਂ ਨੇ ਉਸਨੂੰ ਆਪਣੇ ਕਾਲਜ ਵਿੱਚ ਪੱਕੇ ਤੌਰ ਤੇ ਪੂਰੇ ਗਰੇਡ ਵਿੱਚ ਲੈ ਆਂਦਾ। ਸਕੀਮ ਵਧੀਆ ਰਹੀ। ਲੜਕਾ ਵੀ ਸੁਖੀ ਤੇ ਕਾਲਜ ਵੀ ਖੁਸ਼। ਅਨਪੜ੍ਹਾਂ ਦੀ ਆਪਣੀ ਪਰਖ ਕਸੌਟੀ ਅਕਸਰ ਮਾੜੀ ਹੁੰਦੀ ਏ। ਜਦ ਕਿਸੇ ਨੂੰ ਕੋਈ ਅਣਜਾਣ ਉੱਚਾ ਅਦਾਰਾ ਵਧੀਆ ਸਮਝਣ ਲਗ ਜਾਵੇ ਤਾਂ ਅਨਪੜ੍ਹ ਲੋਕ ਬੋਲ ਉੱਠਦੇ ਹਨ ਕਿ ਉਹ ਸਚੁਮੱਚ ਵਧੀਆ ਹੈ। ਮੇਰੀ ਨਜ਼ਰ ਵਿੱਚ ਦੋ ਅਜਿਹੇ ਕੇਸ ਹਨ”, ਕੇਸ਼ਵ ਨੇ ਬਾਕੀਆਂ ਦਾ ਧਿਆਨ ਆਪਣੇ ਵਲ ਖਿੱਚ ਲਿਆ।

“ਉਹ ਦੋ ਕੇਸ ਕਿਹੜੇ ਹਨ?” ਪ੍ਰਿੰਸੀਪਲ ਸੁਮਨ ਨੇ ਪੁੱਛਿਆ।

“ਇਕ ਤਾਂ ਆਪਣੇ ਨਾਲ਼ ਬੈਠੇ ਨੀਲਕੰਠ ਹੁਰਾਂ ਦੀ ਦੋਹਤੀ ਏ, ਨੀਲਮ। ਉਹ ਡੀ.ਏ.ਵੀ ਕਾਲਜ ਰਾਮਪੁਰ ਵਿਚ ਅੰਗਰੇਜੀ ਪੜ੍ਹਾਉਂਦੀ ਏ। ਅਜੇ ਕੱਚੀ ਏ। ਪਤਾ ਲੱਗਾ ਏ ਕਿ ਕਾਲਜ 31 ਮਾਰਚ ਨੂੰ ਉਸਨੂੰ ਹਟਾ ਦੇਵੇਗਾ। ਦੂਜੀ ਸੁਨਿਆਰੇ ਮੋਹਨ ਲਾਲ ਦੀ ਲੜਕੀ ਸੁਨੀਤਾ ਏ। ਉਹ ਵੀ ਪੰਜਾਬ ਯੂਨੀਵਰਸਿਟੀ ਤੋਂ ਐਮ.ਏ. ਉੱਚੇ ਦਰਜੇ ਵਿਚ ਪਾਸ ਏ। ਉਸਨੇ ਪਿਛਲਾ ਸੈਸ਼ਨ ਐਸ.ਡੀ ਕਾਲਜ ਹੁਸ਼ਿਆਰਪੁਰ ਵਿੱਚ ਨੌਕਰੀ ਕੀਤੀ ਸੀ। ਉਸਦੀ ਚੋਣ ਪੂਰੀ ਪਰਖ ਨਾਲ਼ ਹੋਈ ਸੀ। ਉਹ ਆਪਣੇ ਸ਼ਹਿਰ ਦੀ ਹੀ ਏ।”

“ਮੇਰੀ ਦੋਹਤੀ ਨੂੰ ਤਾਂ ਡੀ.ਏ. ਵੀ ਕਾਲਜ ਵਾਲਿਆਂ ਪਹਿਲਾਂ ਹੀ ਅੱਗੇ ਲਈ ਹਾਂ ਕੀਤੀ ਹੋਈ ਏ। ਉਹ ਸਾਡੇ ਨਹੀਂ ਆਵੇਗੀ”, ਨੀਲਕੰਠ ਕਹਿਣ ਲੱਗਾ।

“ਤਾਂ ਫਿਰ ਦੁਬਾਰਾ ਇੰਟਰਵਿਊ ਰੱਖ ਕੇ ਉਹਦੇ ਵਾਸਤੇ ਸੁਨੀਤਾ ਤੋਂ ਅਰਜ਼ੀ ਭਿਜਵਾ ਲੈਂਦੇ ਹਾਂ। ਉਸਨੇ ਸ਼ਾਇਦ ਪਹਿਲਾਂ ਇਸ ਲਈ ਅਰਜੀ ਨਹੀਂ ਭੇਜੀ ਸੀ ਕਿਉਂਕਿ ਆਪਾਂ ਅਕਸਰ ਤਨਖਾਹ ਘੱਟ ਦਿੰਦੇ ਹਾਂ। ਹੁਣ ਮੈਂ ਮੋਹਨ ਲਾਲ ਨਾਲ਼ ਗਲ ਕਰ ਲੈਂਦਾ ਹਾਂ ਤੇ ਉਸਨੂੰ ਯਕੀਨ ਦੁਆ ਦਿੰਦਾ ਹਾਂ ਕਿ ਗਰੇਡ ਪੂਰਾ ਦਿਆਂਗੇ ਤੇ ਪੱਕੀ ਵੀ ਕਰ ਦਿਆਂਗੇ। ਅਜਕਲ ਕਮੇਟੀਆਂ ਦੇ ਪੱਕੇ ਕੀਤੇ ਜਾ ਰਹੇ ਕੇਸ ਯੂਨੀਵਰਸਿਟੀ ਵੀ ਮੰਨੀ ਜਾ ਰਹੀ ਏ। ਜੇ ਉਹ ਲੋੜੀਂਦੇ ਨੰਬਰ ਪੂਰੇ ਕਰਨ ਤਾਂ ਅੱਗੇ ਰੈਗੁਲਰ ਹੋ ਜਾਂਦੇ ਹਨ।”
ਕੇਸ਼ਵ ਦੀ ਗੱਲ ਮੰਨ ਲਈ ਗਈ। ਕਮੇਟੀ ਨੇ ਦੁਬਾਰਾ ਇੰਟਰਵਿਊ ਰੱਖੀ। ਸੁਨੀਤਾ ਨੂੰ ਨਿਯੁਕਤ ਕਰ ਲਿਆ ਗਿਆ। ਹੁਣ ਇਹ ਅਦਾਰਾ ਕਾਫੀ ਤਰੱਕੀ ਕਰ ਰਿਹਾ ਏ। ਭਾਵੇਂ ਪ੍ਰਧਾਨ ਅਜੇ ਵੀ ਜਿਊਂਦਾ ਏ ਤੇ ਆਪਣੇ ਦਸਤਖਤ ਪਹਿਲਾਂ ਗਲ਼ੀ ਰਾਮ ਲਿਖ ਕੇ ਤੇ ਬਾਅਦ ਵਿੱਚ ਮੂਹਰੇ ਸੱਸਾ ਪਾ ਕੇ ਕਰਦਾ ਏ ਪਰੰਤੂ ਨਵੀਆਂ ਰੱਖੀਆਂ ਗਈਆਂ ਸੂਝਵਾਨ ਲੈਕਚਰਾਰਾਂ ਨੇ ਐਸਾ ਵਧੀਆ ਮਾਹੌਲ ਸਿਰਜਿਆ ਏ ਕਿ ਸੰਸਥਾ ਆਧੁਨਿਕਤਾ ਤੇ ਪੁਰਾਤਨਤਾ ਦਾ ਸੁੰਦਰ ਸੁਮੇਲ ਬਣ ਗਈ ਏ। ਸੂਝਵਾਨ ਲੈਕਚਰਾਰ ਲੜਕੀਆਂ ਪ੍ਰਿੰਸੀਪਲ ਤੇ ਕਮੇਟੀ ਮੈਂਬਰਾਂ ਲਈ ਐਸੀਆਂ ਰਾਹ ਦਸੇਰਾ ਸਾਬਿਤ ਹੋਈਆਂ ਕਿ ਹੁਣ ਇਹ ਕਾਲਜ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੋ ਗਿਆ ਏ। ਕੇਸ਼ਵ ਦੁਆਰਾ ਕਰਾਈ ਗਈ ਪਹਿਲੀ ਨਿਯੁਕਤੀ ਕਾਲਜ ਵਾਸਤੇ ਵਰਦਾਨ ਸਾਬਿਤ ਹੋਈ ਸੀ। ਹੁਣ ਪ੍ਰਿੰਸੀਪਲ ਵੀ ਯੋਗ ਨਿਯੁਕਤ ਹੋ ਗਈ ਏ।
**
ਕਮੇਟੀ ਦੀ ਮੀਟਿੰਗ ਤੋਂ ਬਾਅਦ ਕਮੇਟੀ ਮੈਂਬਰ ਬਾਹਰ ਆ ਗਏ ਸੀ। ਕੇਸ਼ਵ ਨੇ ਅੰਕਲ ਨੀਲਕੰਠ ਨਾਲ਼ ਸੁਲਾਹ ਮਾਰੀ ਸੀ। ਭਾਵਂੇ ਅੰਦਰ ਵੀ ਸਭ ਨੇ ਚਾਹ ਪੀਤੀ ਸੀ ਫਿਰ ਵੀ ਕੇਸ਼ਵ ਨੀਲਕੰਠ ਨੂੰ ਕੰਟੀਨ ਵਲ ਲੈ ਗਿਆ ਸੀ। ਨਾਲ਼ ਗੌਤਮ ਪ੍ਰਾਪਰਟੀ ਡੀਲਰ ਵੀ ਹੋ ਤੁਰਿਆ ਸੀ।

“ਕੇਸ਼ਵ ਤੇਰਾ ਸੁਝਾਅ ਕਾਮਯਾਬ ਰਿਹਾ। ਮਾਹਰ ਬੰਦਾ ਚੁਣਨ ਦਾ ਇਹ ਵੀ ਇੱਕ ਚੰਗਾ ਤਰੀਕਾ ਏ। ਕਿਸੇ ਮਾਹਰ ਦਾ ਚੁਣਿਆ ਹੋਇਆ ਜਾਂ ਸਿਖਾਇਆ ਹੋਇਆ ਬੰਦਾ ਪੱਟ ਲਓ। ਮਾੜੇ ਬੰਦੇ ਕਾਰੋਬਾਰ ਵਿੱਚ ਕਦੇ ਨਾ ਰੱਖੋ। ਯਾਦ ਰੱਖੋ — ਹਾਥੀ ਚੂਹੇ ਨਹੀਂ ਫੜਿਆ ਕਰਦੇ”, ਗੌਤਮ ਕਹਿਣ ਲੱਗਾ।

“ਬਹੁਤ ਠੀਕ। ਮੈਂ ਤਾਂ ਕਾਮਯਾਬ ਹੀ ਇਸ ਤਰੀਕੇ ਨਾਲ਼ ਹੋਇਆ ਸੀ। ਤੂੰ ਦੇਖ ਲੈ ਬਈ ਅੱਜ ਮੇਰਾ ਕਿੰਨਾ ਪ੍ਰਾਪਰਟੀ ਦਾ ਕੰਮ ਏ। ਪਹਿਲੇ ਤਿੰਨ ਸਾਲ ਮੈਂ ਕਾਮਯਾਬ ਹੋਇਆ ਹੀ ਨਹੀਂ। ਫਿਰ ਮੈਂ ਇਕ ਐਸਾ ਇਸ ਕਾਰੋਬਾਰ ਦਾ ਮਾਹਰ ਕਿਸੇ ਹੋਰ ਨਾਲ਼ੋਂ ਪੱਟਿਆ ਕਿ ਉਸਦਾ ਮੇਰੇ ਕਾਰੋਬਾਰ ਚ’ ਪੈਰ ਪੈਂਦੇ ਸਾਰ ਹੀ ਮੇਰੇ ਵਾਰੇ ਨਿਆਰੇ ਹੋ ਗਏ। ਉਹ ਜਾਇਦਾਦ ਦੇ ਖਰੀਦਣ ਵੇਚਣ ਦੇ ਗੁਰ ਇੰਨੀ ਬਾਰੀਕੀ ਨਾਲ਼ ਜਾਣਦਾ ਏ ਕਿ ਮੇਰੀ ਆਮਦਨ ਦੋ ਤਿੰਨ ਸਾਲਾਂ ਵਿਚ ਹੀ ਚੌਗੁਣੀ ਹੋ ਗਈ ਏ। ਬੱਤਖ ਦਾ ਤਾਂ ਬੱਚਾ ਵੀ ਤੈਰਾਕ ਹੁੰਦਾ ਏ। ਬਾਜ ਨੂੰ ਉਡਣਾ ਸਿਖਾਉਣ ਦੀ ਲੋੜ ਨਹੀਂ ਹੁੰਦੀ। ਤੂੰ ਤਾਂ ਮੇਰੇ ਮੈਨੇਜਰ ਨੂੰ ਨਹੀਂ ਜਾਣਦਾ?”

“ਨਹੀਂ ਮੈਂ ਨਹੀਂ ਜਾਣਦਾ।”

“ਤੈਨੂੰ ਪਤਾ, ਇਸ ਸਮੇਂ ਮੇਰੀਆਂ ਜਾਇਦਾਦਾਂ ਨਾਲ਼ ਦੇ ਸ਼ਹਿਰਾਂ ਹੁਸ਼ਿਆਰਪੁਰ, ਦਸੂਹਾ ਅਤੇ ਮੁਕੇਰੀਆਂ ਵਿੱਚ ਵੀ ਹਨ। ਮੇਰਾ ਮੈਨੇਜਰ ਜਿਆਦਾ ਹੁਸ਼ਿਆਰਪੁਰ ਵਾਲ਼ੇ ਦਫਤਰ ਹੀ ਬੈਠਦਾ ਏ। ਮੈਂ ਉਹਨੂੰ ਮੋਟੀ ਤਨਖਾਹ ਦਿੰਦਾ ਹਾਂ। ਉਹ ਮੇਰੇ ਲਈ ਇਕ ਵਧੀਆ ਸਰਮਾਇਆ ਸਾਬਤ ਹੋਇਆ ਏ। ਤੇਰੇ ਕਮੇਟੀ ਨੂੰ ਦਿੱਤੇ ਸੁਝਾਅ ਨੇ ਵੀ ਕਾਲਜ ਦਾ ਚਿਹਰਾ ਮੂਹਰਾ ਬਦਲ ਦੇਣਾ ਏ।”

“ਬਹੁਤ ਮਿਹਰਬਾਨੀ, ਗੌਤਮ।”

“ਧੰਨਵਾਦ, ਕੇਸ਼ਵ।”
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1087
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →