21 September 2024

ਅਦੀਬ ਸਮੁੰਦਰੋਂ ਪਾਰ ਦੇ : ਗ਼ਜ਼ਲ ਸਾਧਨਾ ’ਚ ਖੁੱਭਣ ਵਾਲਾ ਗੁਰਸ਼ਰਨ ਸਿੰਘ ਅਜੀਬ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (31 ਅਕਤੂਬਰ 2021 ਨੂੰ) 60ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਗ਼ਜ਼ਲ-ਗੋ ਗੁਰਸ਼ਰਨ ਸਿੰਘ ਅਜੀਬ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਗ਼ਜ਼ਲ ਸਾਧਨਾ ’ਚ ਖੁੱਭਣ ਵਾਲੇ ਗੁਰਸ਼ਰਨ ਸਿੰਘ ਅਜੀਬ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਅਦੀਬ ਸਮੁੰਦਰੋਂ ਪਾਰ ਦੇ: ਗ਼ਜ਼ਲ ਸਾਧਨਾ ’ਚ ਖੁੱਭਣ ਵਾਲਾ ਗੁਰਸ਼ਰਨ ਸਿੰਘ ਅਜੀਬ—ਹਰਮੀਤ ਸਿੰਘ ਅਟਵਾਲ

ਗਲਤਾਨ ਸ਼ਬਦ ਦਾ ਕੋਸ਼ਗਤ ਅਰਥ ਹੈ ਡੁੱਬਿਆ ਹੋਇਆ ਜਾਂ ਲੀਨ। ਨਿਰਸੰਦੇਹ ਕਿਸੇ ਕਾਰਜ ਨੂੰ ਉਸ ਵਿਚ ਡੁੱਬ ਕੇ, ਖੁੱਭ ਕੇ ਜਾਂ ਲੀਨ ਹੋ ਕੇ ਕਰਨਾ ਹੀ ਉਸ ਵਿਚ ਗਲਤਾਨ ਹੋਣਾ ਹੁੰਦਾ ਹੈ। ਬਰਤਾਨੀਆ ਵਿਚ ਵੱਸਦਾ ਇਕ ਹੋਰ ਸਮਰੱਥ ਸ਼ਾਇਰ ਗੁਰਨਾਮ ਗਿੱਲ, ਬਰਤਾਨੀਆ ਵਿਚ ਹੀ ਵੱਸਦੇ ਨਾਮਵਰ ਸ਼ਾਇਰ ਗੁਰਸ਼ਰਨ ਸਿੰਘ ਅਜੀਬ ਨੂੰ ਗ਼ਜ਼ਲ ਵਿਚ ਗਲਤਾਨ ਗ਼ਜ਼ਲਗੋ ਆਖਦਾ ਹੈ, ਜੋ ਕਿ ਆਪਣੇ ਆਪ ਪੂਰਾ ਢੁੱਕਦਾ ਕਥਨ ਹੈ।

ਗੁਰਸ਼ਰਨ ਸਿੰਘ ਅਜੀਬ ਨੇ ਆਪਣੀ ਹੁਣ ਤਕ ਦੀ ਸਾਰੀ ਗ਼ਜ਼ਲ ਖੁੱਭ ਕੇ ਤੇ ਸਮਰਪਿਤ ਹੋ ਕੇ ਲਿਖੀ ਹੈ। ਉਸ ਦੇ ਗ਼ਜ਼ਲਾਂ ਦੇ ਹੁਣ ਤਕ ਚਾਰ ਦੀਵਾਨ ‘ਕੂੰਜਾਵਲੀ’ (2008), ‘ਪੁਸ਼ਪਾਂਜਲੀ’ (2014), ‘ਗ਼ਜ਼ਲਾਂਜਲੀ’ (2018), ਤੇ ‘ਰਮਜ਼ਾਂਵਲੀ’ (2021) ਪਾਠਕਾਂ ਦੇ ਹੱਥਾਂ ਵਿਚ ਪੁੱਜੇ ਹਨ। ਇਨ੍ਹਾਂ ਚਾਰਾਂ ਪੁਸਤਕਾਂ ਵਿਚ ਕੁੱਲ 882 ਗ਼ਜ਼ਲਾਂ ਹਨ। ਜੇ ਸਿਰਫ਼ ਅਜੇ ਗਿਣਾਤਮਕ ਪੱਖੋਂ ਵੀ ਗੱਲ ਕਰੀਏ ਤਾਂ ਪੰਜਾਬੀ ’ਚ ਏਨੀਆਂ ਜਾਂ ਇਸ ਤੋਂ ਵੱਧ ਗ਼ਜ਼ਲਾਂ ਹੁਣ ਤੱਕ ਲਿਖਣ ਵਾਲਾ ਕੋਈ ਹੋਰ ਸ਼ਾਇਰ ਸਾਡੇ ਧਿਆਨ ’ਚ ਨਹੀਂ ਆਇਆ।

ਸੱਚਮੁਚ ਏਨੀ ਸਾਹਿਤਕ ਸਿਰਜਣਾ ਸਿਰਫ਼ ਗਲਤਾਨ ਹੋਣ ਵਾਲੀ ਬਿਰਤੀ ਸਦਕਾ ਹੀ ਸੰਭਵ ਹੋ ਸਕਦੀ ਹੈ। ਇਥੇ ਪੂਰਨ ਸਿੰਘ (ਰੂਪਾਂਤਰ) ਦੀਆਂ ‘ਰਮਜ਼ਾਂਵਲੀ’ ਦੀ ਗੱਲ ਕਰਦਿਆਂ ਲਿਖੀਆਂ ਇਹ ਸਤਰਾਂ ਮਹੱਤਵਪੂਰਨ ਭਾਸਦੀਆਂ ਹਨ ਕਿ ‘ਗੁਰਸ਼ਰਨ ਸਿੰਘ ਅਜੀਬ’ ਜੀ ਦਾ ਗ਼ਜ਼ਲ-ਸਨੇਹ ਦੀਵਾਨਗੀ ਬਣ ਗਿਆ ਹੈ। ਜਨਾਬ ਮਾਲਕ ਰਾਮ ਦੁਆਰਾ ਸੰਗ੍ਰਹਿਤ ‘ਦੀਵਾਨੇ-ਗ਼ਾਲਿਬ’ ਵਿਚ ਮਿਰਜ਼ਾ ਗਾਲਿਬ ਸਾਹਿਬ ਨੇ 235 ਗ਼ਜ਼ਲਾਂ ਲਿਖੀਆਂ ਹਨ। ਉਸ ਅਜੀਮ ਗ਼ਜ਼ਲਗੋ ਨੇ ਕੁਲ ਮਿਲਾ ਕੇ 235 ਗ਼ਜ਼ਲਾਂ ਲਿਖੀਆਂ ਹਨ। ਇਹ ਜਾਣਕੇ ਹੈਰਾਨੀ ਹੰੁਦੀ ਹੈ ਕਿ ‘ਅਜੀਬ’ ਜੀ ਨੇ ਇਕ ਰਚਨਾ ‘ਰਮਜ਼ਾਂਵਲੀ’ ਵਿਚ ਹੀ 256 ਗ਼ਜ਼ਲਾਂ ਪੰਜਾਬੀ ਬੋਲੀ ਤੇ ਗ਼ਜ਼ਲ ਦੀ ਦੁਨੀਆ ਦੀਆਂ ਵਸਨੀਕ ਬਣਾ ਦਿੱਤੀਆਂ ਹਨ।’

ਗੁਰਸ਼ਰਨ ਸਿੰਘ ਅਜੀਬ ਦਾ ਜਨਮ 1 ਫਰਵਰੀ 1946 ਨੂੰ ਪਿਤਾ ਲਾਲ ਸਿੰਘ ਆਹਲੂਵਾਲੀਆ ਤੇ ਮਾਤਾ ਕਰਤਾਰ ਕੌਰ ਆਹਲੂਵਾਲੀਆ ਦੇ ਘਰ ਗੁਜਰਾਂਵਾਲਾ (ਪਾਕਿਸਤਾਨ) ਵਿਖੇ ਹੋਇਆ। ਗੁਰਸ਼ਰਨ ਸਿੰਘ ਅਜੀਬ ਨੇ ਬੀਏ ਕੀਤੀ ਹੋਈ ਹੈ। 1969 ਵਿਚ ਉਸ ਨੇ ਪਰਵਾਸ ਧਾਰਨ ਕੀਤਾ ਹੈ ਤੇ ਅੱਜਕਲ੍ਹ ਵਾਸਾ ਯੂਕੇ ਦੇ ਪ੍ਰਸਿੱਧ ਸ਼ਹਿਰ ਲੰਡਨ ਵਿਚ ਹੈ।

ਗੁਰਸ਼ਰਨ ਸਿੰਘ ਅਜੀਬ ਦੇ ਨਾਂ ਵਿਚਲੇ ‘ਅਜੀਬ’ ਤਖੱਲਸ ਬਾਰੇ ਉਸ ਦੀ ਆਪਣੀ ਜ਼ੁਬਾਨੀ ਜਾਣ ਲੈਣਾ ਸਹੀ ਹੋਵੇਗਾ। ‘ਅਜੀਬ’ ਤਖੱਲਸ ਬਾਰੇ ਉਸ ਦਾ ਕਹਿਣਾ ਹੈ ਕਿ:-

* ਮੈਂ ਅੱਠਵੀਂ ਜਮਾਤ ਵਿਚ ਪੜ੍ਹਦਾ ਸੀ। ਪੰਜਾਬੀ ਦਾ ਪੀਰੀਅਡ ਸੀ। ਸਾਡੇ ਮਾਸਟਰ ਗਿਆਨੀ ਲਾਲ ਸਿੰਘ ਜੀ ਪੜ੍ਹਾ ਰਹੇ ਸਨ ਤੇ ਮੈਂ ਕਿਸੇ ਗੀਤ ਦਾ ਮੁੱਖੜਾ ਲਿਖਣ ਵਿਚ ਮਸਰੂਫ਼ ਸਾਂ। ਉਨ੍ਹਾਂ ਮੈਨੂੰ ਕੁਝ ਲਿਖਦੇ ਨੂੰ ਵੇਖਿਆ ਤੇ ਪੁੱਛਿਆ, ‘‘ਕਾਕਾ ਜੀ! ਇਹ ਕੀ ਹੋ ਰਿਹਾ ਏ?’’ ‘ਜੀ ਕੁਝ ਨਹੀਂ!’ ਕਹਿ ਕੇ ਮੈਂ ਟਾਲਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਮੈਨੂੰ ਵਰਜਿਆ ਪਰ ਹਫ਼ਤੇ ਕੁ ਬਾਅਦ ਮੈਂ ਫੇਰ ਉਹੀ ਕਾਰਾ ਕਰਦਾ ਫੜਿਆ ਗਿਆ। ਤਾਂ ਮਾਸਟਰ ਜੀ ਨੇ ਮੇਰੇ ਹੱਥੋਂ ਮੇਰਾ ਲਿਖਿਆ ਪੇਪਰ ਖੋਹ ਲਿਆ ਜਿਸ ’ਤੇ ਮੈਂ ਕਿਸੇ ਪੰਜਾਬੀ ਗੀਤ ਦਾ ਮੁੱਖੜਾ ਲਿਖ ਕੇ ਹੀ ਹਟਿਆ ਸਾਂ। ਉਨ੍ਹਾਂ ਜਦ ਪੜ੍ਹਿਆ ਤਾਂ ਕਹਿਣ ਲੱਗੇ, ‘‘ਯਾਰ ਤੂੰ ਤਾਂ ਬੜਾ ਅਜੀਬ ਆਦਮੀ ਏਂ। ਤੂੰ ਤਾਂ ਗੀਤ ਵੀ ਲਿਖ ਲੈਨਾ ਏਂ!! ਤੇ ਨਾਲ ਉਨ੍ਹਾਂ ਮੈਨੂੰ ਥਾਪੀ ਵੀ ਦਿੱਤੀ।

ਮੈਨੂੰ ਉਨ੍ਹਾਂ ਦਾ ‘ਅਜੀਬ’ ਸ਼ਬਦ ਕਹਿ ਕੇ ਪੁਕਾਰਨਾ ਬਹੁਤ ਚੰਗਾ ਲੱਗਾ। ਇੰਜ ਮਹਿਸੂਸ ਹੋਇਆ ਕਿ ਮੇਰੇ ਕੋਲੋਂ ਅੱਜ ਕੋਈ ਬਹੁਤ ਵਧੀਆ ਹੀ ਕੰਮ ਹੋ ਗਿਆ ਹੈ ਜਿਸ ਕਰਕੇ ਮਾਸਟਰ ਜੀ ਨੇ ਮੇਰੇ ’ਤੇ ‘ਅਜੀਬ’ ਦਾ ਲੇਬਲ ਲਾ ਦਿੱਤਾ। ਬਸ ਓਸ ਦਿਨ ਤੋਂ ਮੈਂ ਆਪਣਾ ਤਖੱਲਸ ਅਜੀਬ ਹੀ ਰੱਖ ਲਿਆ ਜੋ ਅੱਜ ਤਕ ਚੱਲ ਰਿਹਾ ਏ। ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਕਲਾਸ ਦੇ ਸਰਟੀਫਿਕੇਟ ’ਤੇ ਵੀ ਮੇਰਾ ਪੂਰਾ ਨਾਂ ਗੁਰਸ਼ਰਨ ਸਿੰਘ ਅਜੀਬ ਹੀ ਲਿਖਿਆ ਹੋਇਆ ਹੈ।

ਇਲਮ-ਏ-ਅਰੂਜ਼ ਦੀ ਮੁਹਾਰਤ ਹਾਸਲ ਗੁਰਸ਼ਰਨ ਸਿੰਘ ਅਜੀਬ ਦੇ ਉਪਰੋਕਤ ਵਰਣਿਤ ਚਾਰੇ ਗ਼ਜ਼ਲ ਸੰਗ੍ਰਹਿਆਂ ਦੀ ਸੰਖਿਪਤ ਅੰਤਰਝਾਤ ਤੋਂ ਪਹਿਲਾਂ ‘ਅਜੀਬ’ ਦੇ ਕੁਝ ਸ਼ਿਅਰ ਆਪ ਦੀ ਨਜ਼ਰ ਹਨ :

ਸਿਸਕੀਆਂ ਭਰਦਾ ਰਿਹਾ ਈਮਾਨ ਮੇਰੇ ਸ਼ਹਿਰ ਵਿੱਚ।
ਰੱਤ ਪੀਣੇ ਚੌਧਰੀ ਪਰਧਾਨ ਮੇਰੇ ਸ਼ਹਿਰ ਵਿੱਚ।

ਨਾ ਮਨਾਂ ਵਿੱਚ ਰਹਿਮਤਾਂ ਤੇ ਨਾ ਦਿਲੀ ਸਤਿਕਾਰ ਹੈ
ਬਣਕੇ ਪੱਥਰ ਜੀ ਰਹੇ ਇਨਸਾਨ ਮੇਰੇ ਸ਼ਹਿਰ ਵਿੱਚ।

ਰੋਜ਼ ਮਰਦੀ ਅਣਖ ਏਥੇ ਕਤਲ ਹੋਵੇ ਜ਼ਿੰਦਗੀ
ਫੇਰ ਵੀ ਖ਼ਾਮੋਸ਼ ਹੈ ਸੁਲਤਾਨ ਮੇਰੇ ਸ਼ਹਿਰ ਵਿੱਚ।

ਦੋਸਤਾਂ ਤੇ ਦੁਸ਼ਮਣਾਂ ਵਿੱਚ ਫ਼ਰਕ ਨਾ ਆਵੇ ਨਜ਼ਰ
ਕਠਨ ਕਰਨੀ ਹੋ ਰਹੀ ਪਹਿਚਾਨ ਮੇਰੇ ਸ਼ਹਿਰ ਵਿੱਚ।

ਕਿਸ ਤਰ੍ਹਾਂ ਦਾ ਦੌਰ ਹੈ ਇਹ ਕਿਸ ਤਰ੍ਹਾਂ ਦਾ ਹੈ ਸਮਾਂ
ਮਿਟ ਰਿਹੈ ਈਮਾਨ ਦਾ ਨੀਸ਼ਾਨ ਮੇਰੇ ਸ਼ਹਿਰ ਵਿੱਚ।

ਸੰਖੇਪ ਰੂਪ ’ਚ ਹੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 155 ਪੰਨਿਆਂ ਦੇ ਅਜੀਬ ਦੇ ਗ਼ਜ਼ਲ ਸੰਗ੍ਰਹਿ ‘ਕੂੰਜਾਵਲੀ’ ਦੀ ਗੱਲ ਕਰਦੇ ਹਾਂ ਜਿਸ ਵਿਚ ਸ਼ਾਇਰ ਨੇ ਪਰਵਾਸੀ ਪ੍ਰਸੰਗ ਦੇ ਨਾਲ-ਨਾਲ ਪ੍ਰੇਮ-ਮੁਹੱਬਤ ਵਾਲੀਆਂ ਗ਼ਜ਼ਲਾਂ ਵੀ ਲਿਖੀਆਂ ਹਨ ਤੇ ਕੁਝ ਹੋਰ ਇਨਸਾਨੀ ਸਰੋਕਾਰਾਂ ਨੂੰ ਵੀ ਵਿਸ਼ਾਗਤ ਦਿ੍ਰਸ਼ਟੀ ਦਿੱਤੀ ਹੈ।

‘ਕੂੰਜਾਵਲੀ’ ਉਪਰੰਤ ‘ਪੁਸ਼ਪਾਂਜਲੀ’ ਪਾਠਕਾਂ ਦੇ ਹੱਥਾਂ ’ਚ ਪੁਜਦੀ ਹੈ। ਬਹੁਤ ਖ਼ੂਬਸੂਰਤ ਛਪੀ ਇਹ ਪੁਸਤਕ 279 ਪੰਨਿਆਂ ਦੀ ਹੈ ਜਿਸ ਵਿਚਲੀਆਂ ਗ਼ਜ਼ਲਾਂ ਦੇ ਅੰਤਰਗਤ ਇਸ਼ਕ ਹਕੀਕੀ ਤੇ ਮਜ਼ਾਜੀ ਮਨੁੱਖੀ ਕਦਰਾਂ-ਕੀਮਤਾਂ, ਸਿਆਸੀ ਤਨਜ਼ਾਂ, ਕਈ ਤਰ੍ਹਾਂ ਦੀਆਂ ਵਿਸੰਗਤੀਆਂ, ਭਰੂਣ ਹੱਤਿਆ, ਨਾਰੀ ਸ਼ੋਸ਼ਣ, ਤਿੜਕਦੇ-ਟੁੱਟਦੇ ਮਾਨਵੀ ਰਿਸ਼ਤਿਆਂ ਵਿਚਲੇ ਦਰਦ ਦਾ ਭਾਵਪੂਰਤ ਇਜ਼ਹਾਰ ਹੋਇਆ ਹੈ। ਤੀਜੀ ਪੁਸਤਕ ‘ਗ਼ਜ਼ਲਾਂਜਲੀ’ ਹੈ ਜਿਸ ਨੂੰ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ ਗੁਰਸ਼ਰਨ ਸਿੰਘ ਅਜੀਬ ਦੀ ਰੂਹ ਦਾ ਸਾਜ਼ ਆਖਿਆ ਹੈ। 354 ਪੰਨਿਆਂ ਦੀ ਇਸ ਵੱਡਆਕਾਰੀ ਪੁਸਤਕ ਦੇ ਅੰਤ ਵਿਚ ਬਲਦੇਵ ਿਸ਼ਨ ਸ਼ਰਮਾ ਵਲੋਂ ਅਜੀਬ ਨਾਲ ਕੀਤੀ ਹੋਈ ਇਕ ਲੰਬੀ ਮੁਲਾਕਾਤ ਵੀ ਹੈ। ਇਸ ਗ਼ਜ਼ਲ ਸੰਗ੍ਰਹਿ ਨੂੰ ਵੀ ਪੜ੍ਹਨ ਦਾ ਆਪਣਾ ਹੀ ਅਦਬੀ ਲੁਤਫ ਹੈ। ਕੌੜੀਆਂ ਸੱਚਾਈਆਂ ਰਾਗਾਤਮਕਤਾ ’ਚ ਬੰਨ੍ਹੀਆਂ ਹਨ। ਮਸਲਨ:-

ਸਾਡੇ ਘਰ ਵਿੱਚ ਚਿੜੀਆਂ ਕੂਕਣ ਕਾਂ ਕਾਂ ਕਰਦੇ ਕਾਂ ਬੇਲੀਓ।
ਪਰ ਵਿਹੜੇ ਵਿੱਚ ਬੈਠੇ ਦਿਸਦੇ ਨਾ ਬਾਪੂ ਨਾ ਮਾਂ ਬੇਲੀਓ।

ਇਸ ਵਰ੍ਹੇ ਆਇਆ ਗੁਰਸ਼ਰਨ ਸਿੰਘ ਅਜੀਬ ਦਾ 326 ਪੰਨਿਆਂ ਦਾ ਗ਼ਜ਼ਲਾਂ ਦਾ ਦੀਵਾਨ ਪਹਿਲੇ ਤਿੰਨਾਂ ਤੋਂ ਵੀ ਵੱਧ ਖ਼ੂਬਸੂਰਤ ਛਪਿਆ ਹੈ। ਇਨ੍ਹਾਂ ਚਾਰੇ ਪੁਸਤਕਾਂ ਵਿਚ ਸ਼ਾਇਰ ਦੀ ਕਲਾਤਮਕ ਪਰਪੱਕਤਾ ਪੂਰੀ ਸਪੱਸ਼ਟਤਾ ਨਾਲ ਝਲਕਦੀ ਹੈ। ਅਜੀਬ ਨੂੰ ਬਹਿਰ ਹਜ਼ਜ਼ (ਦਿਲਕੁਸ਼) ਬਹਿਰ ਰਮਲ, ਬਹਿਰ ਮੁਤਕਾਰਥ ਤੇ ਮੁਤਦਾਰਕ, ਬਹਿਰ ਕਾਮਲ, ਬਹਿਰ ਰਜ਼ਿਜ, ਬਹਿਰ ਵਾਫ਼ਰ, ਬਹਿਰ ਮੁਜਤਸ, ਬਹਿਰ ਮੁਜਾਰਿਆ, ਬਹਿਰ ਸਰੀਅ, ਬਹਿਰ ਤਵੀਲ, ਬਹਿਰ ਮਦੀਦ, ਬਹਿਰ ਬਸੰਤ, ਬਹਿਰ ਜਦੀਦ, ਬਹਿਰ ਕਰੀਬ, ਬਹਿਰ ਮੁਸ਼ਾਕਲ ਆਦਿ ਕਈ ਬਹਿਰਾਂ ਦੇ ਨਾਲ-ਨਾਲ ਬਾਕੀ ਲਗਭਗ ਸਭ ਰੂਪਕ ਪੱਖਾਂ ਦੀ ਖਾਸੀ ਸਮਝ ਹੈ। ਉਪਰੋਕਤ ਚਾਰ ਪੁਸਤਕਾਂ ਤੋਂ ਇਲਾਵਾ ਗੁਰਸ਼ਰਨ ਸਿੰਘ ਅਜੀਬ ਨੇ ‘ਬਰਤਾਨਵੀ ਪੰਜਾਬੀ ਗ਼ਜ਼ਲ’ (1997) ਨਾਂ ਦੀ ਇਕ ਪੁਸਤਕ ਸੰਪਾਦਿਤ ਵੀ ਕੀਤੀ ਹੈ।
ਗ਼ਜ਼ਲ ਵਿਚ ਗਲਤਾਨ ਇਸ ਗ਼ਜ਼ਲਗੋ ਨਾਲ ਹੋਏ ਵਿਚਾਰ-ਵਿਮਰਸ਼ ’ਚੋਂ ਉਸ ਵੱਲੋਂ ਕੁਝ ਅੰਸ਼ ਹਾਜ਼ਰ ਹਨ :-

* ਮੇਰਾ ਚੌਥਾ ਗ਼ਜ਼ਲ ਸੰਗ੍ਰਹਿ ‘ਰਮਜ਼ਾਵਲੀ’ 2020 ਵਿਚ ਆ ਜਾਣਾ ਸੀ ਪਰ ਕੋਰੋਨਾ ਦੀ ਵਜ੍ਹਾ ਕਰਕੇ ਸਤੰਬਰ 2021 ਵਿਚ ਭਾਵ ਡੇਢ ਕੁ ਸਾਲ ਲੇਟ ਛਪਿਆ ਹੈ।

* ਮੇਰੇ ਪੰਜਵੇਂ ਗ਼ਜ਼ਲ ਸੰਗ੍ਰਹਿ ‘ਬੰਦਗੀ’ ਜਿਸ ਵਿਚ ਲਗਭਗ 225 ਗ਼ਜ਼ਲਾਂ ਹਨ, ਵੀ ਛਪਣ ਲਈ ਭੇਜਿਆ ਜਾ ਰਿਹਾ ਹੈ ਜੋ ਕਿ 2022 ’ਚ ਛਪ ਜਾਏਗਾ। ਇਸ ਤੋਂ ਇਲਾਵਾ ਮੇਰੇ ਅਗਲੇ ਤੇ 6 ਵੇਂ ਗ਼ਜ਼ਲ ਸੰਗ੍ਰਹਿ ‘ਜਾਮੇ-ਗ਼ਜ਼ਲ’ ਦੀਆਂ ਲਗਪਗ 100 ਕੁ ਗ਼ਜ਼ਲਾਂ ਲਿਖੀਆਂ ਜਾ ਚੱੁਕੀਆਂ ਹਨ ਤੇ ਲਿਖੀਆਂ ਜਾ ਰਹੀਆਂ ਹਨ। ਲਗਦੈ ਇਹ ਵੀ 2023 ਵਿਚ ਛਪ ਜਾਏਗਾ।

* ਮੈਂ ਅੱਜ ਤਕ ਛਪੀਆਂ-ਅਣਛਪੀਆਂ ਮਿਲਾ ਕੇ ਕੋਈ 1500 ਤੋਂ ਵੀ ਜ਼ਿਆਦਾ ਗ਼ਜ਼ਲਾਂ ਲਿਖ ਚੱੁਕਿਆ ਹਾਂ।

* ‘ਗੁਰੂ ਬਿਨਾਂ ਗੱਤ ਨਹੀਂ ਸ਼ਾਹ ਬਿਨਾਂ ਪੱਤ ਨਹੀਂ’। ਹਰ ਕਲਾ ਨੂੰ ਸਿੱਖਣ ਲਈ ਉਸਤਾਦ ਦੀ ਲੋੜ ਤਾਂ ਪੈਂਦੀ ਹੀ ਹੈ। ਉਸਤਾਦੀ-ਸ਼ਾਗਿਰਦੀ ਦੀ ਪਰੰਪਰਾ ਬਾਕਾਇਦਾ ਚਲ ਰਹੀ ਹੈ ਤੇ ਚਲਦੀ ਰਹੇਗੀ। ਮੈਂ ਵੀ ਇਸ ਚੱਲ ਰਹੀ ਪਰੰਪਰਾ ਨਾਲ ਸਹਿਮਤ ਹਾਂ।

* ਜੇ ਕਿਸੇ ਨੇ ਗ਼ਜ਼ਲ ਕਹਿਣੀ ਹੈ ਤਾਂ ਪਿੰਗਲ/ਅਰੂਜ਼ ਦੇ ਦਾਇਰੇ ਵਿਚ ਰਹਿ ਕੇ ਹੀ ਕਹੀ ਜਾ ਸਕਦੀ ਹੈ ਜਿਸ ਵਿਚ ਖ਼ਿਆਲਾਂ ਦੀ ਅਮੀਰੀ ਦਾ ਹੋਣਾ ਵੀ ਜ਼ਰੂਰੀ ਹੈ।

* ਬਰਤਾਨੀਆ ਵਿਚ ਕੁਝ ਸਾਲ ਪਹਿਲਾਂ ਗੋਪਾਲ ਸਿੰਘ ਪੁਰੀ ਤੇ ਕੈਲਾਸ਼ਪੁਰੀ ਨੇ ਆਪਣਾ ਮਾਸਕ ਪਰਚਾ ‘ਰੂਪਵਤੀ’ ਕੱਢਿਆ। ਵਿਸ਼ਨੂੰ ਦੱਤ ਨੇ ‘ਚਰਚਾ’ ਨਾਮ ਦਾ ਪਰਚਾ ਕੱਢਿਆ ਜੋ ਕਾਫ਼ੀ ਦੇਰ ਚੱਲਿਆ। 1980 ਵਿਚ ਮੈਂ ਵੀ ਆਪਣਾ ‘ਰਚਨਾ’ ਨਾਮਕ ਮਾਸਕ ਸਾਹਿਤਕ ਪਰਚਾ ਕੱਢਿਆ ਜੋ 10 ਸਾਲ ਚੱਲਦਾ ਰਿਹਾ।

* ਚੰਗੇ ਬਰਤਾਨਵੀ ਲੇਖਕਾਂ ਦੀ ਸੂਚੀ ਵਿਚ ਨਿਰੰਜਨ ਸਿੰਘ ਨੂਰ, ਸਵਰਨ ਚੰਦਨ, ਰਘੁਬੀਰ ਢੰਡ, ਤਰਸੇਮ ਨੀਲਗਿਰੀ, ਪੂਰਨ ਸਿੰਘ ‘ਰੂਪਾਂਤਰ’, ਰਣਜੀਤ ਧੀਰ, ਡਾ. ਪ੍ਰੀਤਮ ਸਿੰਘ ਕੈਂਬੋ, ਗੁਰਪਾਲ ਸਿੰਘ, ਸਾਥੀ ਲੁਧਿਆਣਵੀ, ਗੁਰਨਾਮ ਗਿੱਲ, ਅਵਤਾਰ ਜੰਡਿਆਲਵੀ, ਡਾ. ਗੁਰਦਿਆਲ ਸਿੰਘ ਰਾਇ, ਬਲਿਹਾਰ ਸਿੰਘ ਰੰਧਾਵਾ, ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ, ਵੀਨਾ ਵਰਮਾ, ਅਜ਼ੀਮ ਸ਼ੇਖ਼ਰ, ਅਮਨਦੀਪ ਸਿੰਘ ਅਮਨ ਆਦਿ ਦਾ ਨਾਮ ਲੈਣ ’ਚ ਮੈਂ ਫ਼ਖਰ ਮਹਿਸੂਸ ਕਰਾਂਗਾ।

ਨਿਰਸੰਦੇਹ ਗੁਰਸ਼ਰਨ ਸਿੰਘ ਅਜੀਬ ਸਚਮੁਚ ਗ਼ਜ਼ਲ ਵਿਚ ਗਲਤਾਨ ਗ਼ਜ਼ਲਗੋ ਹੈ ਤੇ ਉਸ ਦੀ ਹਰ ਗੱਲ ਗੌਰ ਮੰਗਦੀ ਹੈ। ਉਸ ਦੇ ਇਸ ਸ਼ਿਅਰ ਨਾਲ ਹੀ ਇਜ਼ਾਜਤ ਲਈ ਜਾਂਦੀ ਹੈ:-

ਜਾਪ ਦੈ ‘ਗੁਰਸ਼ਰਨ’ ਸਿਰਜੇਂਗਾ ਗ਼ਜ਼ਲ-ਇਤਿਹਾਸ ਤੂੰ
ਕਰ ਰਿਹਾ ਤੇਰੇ ’ਤੇ ਕਿਰਪਾ ਕਾਵਿ ਦਾ ਭਗਵਾਨ ਹੈ

***
31 ਅਕਤੂਬਰ 2021
***

470
***
ਹਰਮੀਤ ਸਿੰਘ ਅਟਵਾਲ