ਸੁਰਭੀ—ਜੋਗਿੰਦਰ ਸਿੰਘ ਨਿਰਾਲਾ |
ਕਾਲਜ ਦੇ ਮੂਹਰੇ ਵਿਦਿਆਰਥੀਆਂ ਦੀ ਭੀੜ ਜਿਹੀ ਵੇਖ ਕੇ ਮੈਂ ਘਬਰਾ ਗਿਆ।
ਕਾਲਜ ਦਾ ਮੇਨ ਗੇਟ ਬੰਦ ਸੀ ਅਤੇ ਵਿਦਿਆਰਥੀ ਜਿਨ੍ਹਾਂ ਵਿਚ ਵਿਦਿਆਰਥਣਾਂ ਵੀ ਸ਼ਾਮਿਲ ਸਨ, ਉੱਚੀ-ਉੱਚੀ ਨਾਹਰੇ ਲਾ ਰਹੇ ਸਨ। ਨਾਹਰਿਆਂ ਦੀ ਸਮਝ ਤਾਂ ਮੈਨੂੰ ਨਹੀਂ ਆਈ ਕਿਉਂ ਜੋ ਅਜੇ ਮੈਂ ਮੋੜ ਉੱਪਰ ਹੀ ਪੁੱਜਿਆ ਸਾਂ, ਪਰ ਉਨ੍ਹਾਂ ਦੇ ਰੋਹ ਭਰੇ ਚਿਹਰਿਆਂ ਨੂੰ ਵੇਖ ਕੇ ਇਸ ਗੱਲ ਦਾ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਸੀ ਪਈ ਕੋਈ ਅਣਸੁਖਾਵੀਂ ਘਟਨਾ ਵਾਪਰ ਗਈ ਹੈ। ਉਂਝ ਇਹ ਸਾਡਾ ਕਾਲਜ ਨਾਹਰਿਆਂ, ਹੜਤਾਲਾਂ ਲਈ ਕੁਝ ਵਧੇਰੇ ਹੀ ਮਸ਼ਹੂਰ ਸੀ। ਵਿਦਿਆਰਥੀ ਜਥੇਬੰਦੀ ਮਜ਼ਬੂਤ ਹੋਣ ਕਾਰਨ ਇੱਥੇ ਝੱਟ ਕਾਲਜ ਬੰਦ ਹੋ ਜਾਂਦਾ ਸੀ। ਅਸੀਂ ਅਧਿਆਪਕ ਲੋਕ ਕਈ ਵਾਰ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਪਈ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ, ਮਾਪੇ ਕਿੰਨੀਆਂ ਭਾਰੀ ਫੀਸਾਂ ਭਰ ਕੇ, ਔਖੇ ਹੋ ਕੇ ਤੁਹਾਨੂੰ ਪੜ੍ਹਨ ਲਈ ਭੇਜਦੇ ਨੇ ਅਤੇ ਤੁਸੀਂ ਸਟਰਾਈਕਾਂ ਕਰਕੇ ਆਪਣੇ ਸਮੇਂ ਅਤੇ ਉਨ੍ਹਾਂ ਦੇ ਪੈਸਿਆਂ ਦੀ ਅਜਾਈਂ ਹਾਨੀ ਕਰ ਰਹੇ ਹੋ ਤਾਂ ਉਨ੍ਹਾਂ ’ਚੋਂ ਕੋਈ ਕਹਿ ਉੱਠਦਾ, ‘ਸਰ! ਇਹ ਬੁਰਜੂਆ ਪੜ੍ਹਾਈ ਕਰਕੇ ਬੇਰੁਜ਼ਗਾਰਾਂ ਦੀ ਕਤਾਰ ਵਿਚ ਹੀ ਭਰਤੀ ਹੋਣਾ ਹੈ।’ ਇਸ ’ਤੇ ਸਾਨੂੰ ਚੁੱਪ ਕਰਨਾ ਪੈਂਦਾ। ਗੱਲ ਉਨ੍ਹਾਂ ਦੀ ਕਿਸੇ ਹੱਦ ਤੱਕ ਠੀਕ ਵੀ ਸੀ। ਫੇਰ ਵੀ ਕੋਈ ਅਧਿਆਪਕ ਕਹਿ ਦਿੰਦਾ, ‘ਅੱਜਕੱਲ੍ਹ ਤਾਂ ਟੀਚਿੰਗ ਪ੍ਰੋਫੈਸ਼ਨ ਵਿਚ ਮੌਜਾਂ ਹੀ ਮੌਜਾਂ ਨੇ। ਟੀਚਰ ਪੜ੍ਹਾ ਕੇ ਖੁਸ਼ ਨਹੀਂ ਤੇ ਵਿਦਿਆਰਥੀ ਪੜ੍ਹ ਕੇ ਖੁਸ਼ ਨਹੀਂ।’ ਪਰ ਅੱਜ ਕੁਝ ਵਧੇਰੇ ਹੀ ਗਰਮਾ-ਗਰਮੀ ਨਜ਼ਰ ਆ ਰਹੀ ਸੀ। ਅਜਿਹੇ ਮੌਕਿਆਂ ਉੱਪਰ ਮੈਂ ਕਾਲਜ ਦੇ ਮੇਨ ਗੇਟ ਨੂੰ ਛੱਡ ਕੇ ਪਿਛਿਓਂ ਖੇਡ ਦੇ ਮੈਦਾਨ ਵਾਲੇ ਗੇਟ ਵਿਚ ਦੀ ਕਾਲਜ ਦਾਖਲ ਹੁੰਦਾ ਸਾਂ, ਅੱਜ ਵੀ ਮੈਂ ਇਸੇ ਤਰ੍ਹਾਂ ਹੀ ਕੀਤਾ। ਪਿਛਵਾੜਿਓਂ ਦਾਖਲ ਹੋਣ ਦਾ ਆਪਣਾ ਹੀ ਫਾਇਦਾ ਹੈ, ਇਹ ਵੀ ਪਤਾ ਨਹੀਂ ਲਗਦਾ ਕਿ ਤੁਸੀਂ ਲੇਟ ਹੋ, ਪੈਂਡਾ ਜ਼ਰੂਰ ਕੁ ਲੰਬਾ ਪੈਂਦਾ ਹੈ। ਮੈਂ ਆਪਣਾ ਕਮਰਾ ਖੋਲ੍ਹ ਕੇ ਦਫ਼ਤਰ ਵਿਚ ਬੈਠਾ ਹੀ ਸਾਂ, ਸੇਵਾਦਾਰ ਮੇਰੇ ਵੱਲ ਖਾਕੀ ਰੰਗ ਦਾ ਬੰਦ ਲਿਫ਼ਾਫ਼ਾ ਵਧਾਉਂਦਿਆਂ ਡਾਕ-ਬੁੱਕ ਉੱਪਰ ਦਸਤਖ਼ਤ ਕਰਨ ਲਈ ਕਹਿੰਦਾ ਹੈ। ਸੇਵਾਦਾਰ ਵੱਲ ਮੈਂ ਭੇਤ ਭਰੀਆਂ ਨਜ਼ਰਾਂ ਨਾਲ ਵੇਖਦਾ ਹਾਂ, ਉਹ ਮਹਿਜ਼ ਮੁਸਕ੍ਰਾ ਹੀ ਛੱਡਦਾ ਹੈ। ਵਿਦਿਆਰਥੀਆਂ ਦੇ ਨਾਹਰਿਆਂ ਦੀ ਆਵਾਜ਼ ਅਜੇ ਵੀ ਆ ਰਹੀ ਹੈ। ਮੈਂ ਸੋਚਦਾਂ ਹਾਂ ਕਿ ਕਿਤੇ ਇਹ ਸਾਰਾ ਕੁਝ ਮੇਰੇ ਕਰਕੇ ਹੀ ਤਾਂ ਨਹੀਂ। ਮੈਂ ਹਰ ਰੋਜ਼ ਦੂਰੋਂ ਆਉਂਦਾ ਹਾਂ, ਇਸੇ ਕਰਕੇ ਕਈ ਵਾਰ ਲੇਟ ਵੀ ਹੋ ਜਾਂਦਾ ਹਾਂ ਅਤੇ ਪੀਰੀਅਡ ਵੀ ਕਦੇ ਕਦਾਈਂ ਮਿਸ ਕਰਨਾ ਪੈ ਜਾਂਦਾ ਹੈ। ਕਿਤੇ ਵਿਦਿਆਰਥੀਆਂ ਨੇ ਮੇਰੇ ਵਤੀਰੇ ਕਰਕੇ ਹੀ ਤਾਂ ਹੜਤਾਲ ਨਹੀਂ ਕੀਤੀ। ਪਿਛਲੇ ਹਫ਼ਤੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਹਰਜੀਤ ਨਾਲ ਮੇਰੀ ਥੋੜ੍ਹੀ ਬਹੁਤ ਤਲਖ਼-ਕਲਾਮੀ ਵੀ ਹੋ ਗਈ ਸੀ, ਪਰ ਉਹ ਤਾਂ ਮੇਰੀ ਬਹੁਤ ਇੱਜ਼ਤ ਕਰਦਾ ਸੀ। ਉਹ ਮੈਨੂੰ ਤਾਂ ਆਪਣਾ ‘ਗੁਰੂ’ ਮੰਨਦਾ ਸੀ। ਉਸੇ ਕਰਕੇ ਹੀ ਤਾਂ ਮੈਂ ਸੋਚਿਆ ਕਰਦਾ ਸਾਂ ਕਿ ਅਜੇ ਵੀ ‘ਗੁਰੂ-ਸ਼ਿਸ਼’ ਵਾਲੀ ਪਰੰਪਰਾ ਕਾਇਮ ਹੈ। ਤਲਖ਼-ਕਲਾਮੀ ਵੀ ਐਵੇਂ-ਐਵੇਂ ਦੀ ਹੀ ਸੀ, ਪਰ ਇਨ੍ਹਾਂ ਵਿਦਿਆਰਥੀਆਂ ਦਾ ਕੀ ਪਤੈ? ਹੋ ਸਕਦੈ ਪ੍ਰੋ. ਬਲਵੀਰ ਨੇ ਇਨ੍ਹਾਂ ਨੂੰ ਮੇਰੇ ਖਿਲਾਫ਼ ਭੜਕਾ ਦਿੱਤਾ ਹੋਵੇ। ਭਾਵੇਂ ਪ੍ਰੋ. ਬਲਬੀਰ ਮੇਰੇ ਵਾਂਗ ਹੀ ਰਾਜਨੀਤੀ ਵਿਗਿਆਨ ਦਾ ਪ੍ਰੋਫੈਸਰ ਸੀ, ਪ੍ਰੰਤੂ ਪ੍ਰਿੰਸੀਪਲ ਮੇਰੇ ਵਿਹਾਰ ਤੋਂ ਖੁਸ਼ ਸੀ ਅਤੇ ਉਸਨੇ ਸੀਨੀਅਰ ਹੋਣ ਕਰਕੇ ਮੈਨੂੰ ਵਿਭਾਗ ਦਾ ਮੁਖੀ ਵੀ ਬਣਾਇਆ ਹੋਇਆ ਸੀ, ਜਿਸ ’ਤੇ ਪ੍ਰੋ. ਬਲਬੀਰ ਮੇਰੇ ਨਾਲ ਈਰਖ਼ਾ ਕਰਦਾ ਸੀ। ਨਾਲੇ ਉਹ ਰਾਜਨੀਤੀ ਵਿਗਿਆਨ ਪੜ੍ਹਾਉਣ ਨਾਲੋਂ ਰਾਜਨੀਤੀ ਵਧੇਰੇ ਕਰਦਾ ਸੀ। ਵਿਦਿਆਰਥੀਆਂ ਦੇ ਨਾਹਰਿਆਂ ਦੀ ਆਵਾਜ਼ ਹੋਰ ਉੱਚੀ ਹੋ ਗਈ ਸੀ, ਉਹ ਸ਼ਾਇਦ ਗੇਟ ਖੋਲ੍ਹ ਕੇ ਕਾਲਜ ਦੇ ਅੰਦਰ ਗਰਾਊਂਡ ਵਿਚ ਆ ਗਏ ਸਨ। ਬੰਦ ਲਿਫ਼ਾਫ਼ਾ ਮੇਰੇ ਵੱਲ ਘੂਰ-ਘੂਰ ਕੇ ਵੇਖ ਰਿਹਾ ਹੈ, ਮੇਰੇ ਦਿਲ ਦੀ ਧੜਕਣ ਤੇਜ਼ ਹੁੰਦੀ ਜਾ ਰਹੀ ਹੈ। ਲਿਫ਼ਾਫ਼ਾ ਖੋਲ੍ਹਣ ਲੱਗਿਆਂ ਮੈਂ ਰਹੱਸ ਤੋਂ ਪਰਦਾ ਉੱਠ ਜਾਣ ਤੋਂ ਡਰਦਾ ਹਾਂ। ਏਦਾਂ ਕਰਦਿਆਂ ਲਿਫ਼ਾਫ਼ਾ ਬੁਰੀ ਤਰ੍ਹਾਂ ਪਾੜ ਜਾਂਦਾ ਹੈ ਪਰ ਕਿਸੇ ਤਰ੍ਹਾਂ ਵਿਚਲਾ ਕਾਗਜ਼ ਸਬੂਤਿਆਂ ਕੱਢਣ ਵਿਚ ਕਾਮਯਾਬ ਹੋ ਜਾਂਦਾ ਹਾਂ। – ਪ੍ਰੋ. ਬਿਹਾਰੀ ਲਾਲ ਭੱਲਾ ਨੇ ਬੀ.ਏ. ਪਾਰਟ ਵਨ ਦੀ ਵਿਦਿਆਰਥਣ ਮਿਸ ਸੁਰਭੀ ਰੋਲ ਨੰਬਰ ਚਾਰ ਨਾਲ ਅਸ਼ਲੀਲ ਹਰਕਤਾਂ ਕਰਨ ਦੀ ਰਿਪੋਰਟ ਹੈ। ਤੁਹਾਨੂੰ ਕਿਹਾ ਜਾਂਦਾ ਹੈ ਕਿ ਤਿੰਨ ਦਿਨਾਂ ਦੇ ਅੰਦਰ-ਅੰਦਰ ਸਹੀ ਤੱਥਾਂ ਦੀ ਪੜਤਾਲ ਕਰਕੇ ਨਿਮਨ ਹਸਤਾਖਰ ਨੂੰ ਸੂਚਿਤ ਕਰੋ। ਹੁਣ ਗੱਲ ਥੋੜ੍ਹੀ ਬਹੁਤ ਸਮਝ ਪੈਂਦੀ ਹੈ। ਮੇਨ ਗੇਟ ਕੋਲ ਵਿਦਿਆਰਥੀਆਂ ਦੀ ਭੀੜ ਦੇ ਸਾਹਮਣੇ ਵਿਦਿਆਰਥੀ-ਯੂਨੀਅਨ ਦੇ ਪ੍ਰਧਾਨ ਹਰਜੀਤ ਨਾਲ ਓਦੋਂ ਸ਼ਾਇਦ ਸੁਰਭੀ ਹੀ ਖੜ੍ਹੀ ਸੀ। ਸੁਰਭੀ ਬੀ.ਏ. ਪਾਰਟ ਵਨ ਦੀ ਵਿਦਿਆਰਥਣ ਹੈ। ਉਸ ਕੋਲ ਹੋਰਨਾਂ ਵਿਸ਼ਿਆਂ ਦੇ ਨਾਲ ਰਾਜਨੀਤੀ ਵਿਗਿਆਨ ਵੀ ਹੈ। ਭਾਵੇਂ ਉਹ ਪ੍ਰੋ. ਬਲਬੀਰ ਦੇ ਗਰੁੱਪ ਵਿਚ ਹੈ ਪਰ ਕਦੇ-ਕਦੇ ਮੇਰੀ ਕਲਾਸ ਵੀ ਲਗਾ ਲੈਂਦੀ ਸੀ। ਇਸ ’ਤੇ ਮੈਂ ਉਸਨੂੰ ਵਿਚਕਾਰੋਂ ਹੀ ਟੋਕਦਿਆਂ ਕਿਹਾ ਸੀ, ‘ਏਦਾਂ ਨਹੀਂ ਕਹੀਦਾ, ਪ੍ਰੋ. ਬਲਬੀਰ ਤਾਂ ਬਲਕਿ ਮੇਰੇ ਨਾਲੋਂ ਵਧੀਆ ਪੜ੍ਹਾਉਂਦੈ, ਨਾਲੇ ਮੈਂ ਇਕੱਲਾ ਐਮ.ਏ. ਪਾਸ ਤੇ ਉਹ ਪੀ.ਐਚ.ਡੀ. ਵੀ ਹੈ।’ ਮੈਂ ਉਸਦੇ ਨਟਖਟ ਸੁਭਾ ਤੋਂ ਜਾਣੂੰ ਸਾਂ। ਉਹ ਬਹੁਤ ਸ਼ਰਾਰਤੀ ਸੀ, ਸ਼ਾਇਦ ਸਾਰੇ ਕਾਲਜ ’ਚੋਂ ਵੱਧ ਪਰ ਉਹ ਸੰਵੇਦਨਸ਼ੀਲ ਅਤੇ ਭਾਵੁਕ ਵੀ ਸੀ। ਉਸਦੇ ਸ਼ਰਾਰਤੀ ਸੁਭਾ ਉੱਪਰ ਟਕੋਰ ਕਰਦਿਆਂ ਇੱਕ ਦਿਨ ਮੈਂ ਕਹਿ ਵੀ ਦਿੱਤਾ ਸੀ, ‘ਸੁਰਭੀ ਬੇਟੇ! ਉਂਝ ਜਦੋਂ ਤੇਰਾ ਜੀਅ ਕਰੇ, ਮੇਰੀ ਕਲਾਸ ਲਾ ਲਿਆ ਕਰ, ਪਰ ਤੈਨੂੰ ਆਪਣੀ ਸੈਕਸ਼ਨ ਵਿਚ ਲੈ ਕੇ ਮੈਂ ਆਪਣੀ ਕਲਾਸ ਦਾ ਡਸਿਪਲਿਨ ਨਹੀਂ ਭੰਗ ਕਰਵਾਉਣਾ ਚਾਹੁੰਦਾ।’ ਇਹ ਸੁਣ ਕੇ ਉਹ ਆਪਣੀ ਆਦਤ ਅਨੁਸਾਰ ਖੁੱਲ੍ਹ ਕੇ ਹੱਸੀ ਸੀ। ਸਚਮੁੱਚ ਹੀ ਸੁਰਭੀ ਕਾਲਜ ਦੀ ਸ਼ਾਨ ਬਣਦੀ ਜਾ ਰਹੀ ਸੀ। ਬਾਕੀ ਵਿਦਿਆਰਥੀ ਅਤੇ ਵਿਦਿਆਰਥਣਾਂ ਨਾਲੋਂ ਬਿਲਕੁਲ ਹੀ ਵੱਖਰੀ ਅਤੇ ਨਵੇਕਲੀ। ਪੜ੍ਹਨ ਵਿਚ ਹੁਸ਼ਿਆਰ, ਰਫ਼ਤਾਰ, ਗੁਫ਼ਤਾਰ ਵਿਚ ਚੁਸਤ ਸੁਰਭੀ ਸਚਮੁੱਚ ਹੀ ਸੁਰਭੀ ਸੀ। ਪ੍ਰੋ. ਬਿਹਾਰੀ ਲਾਲ ਭੱਲਾ ਸਾਡੇ ਕਾਲਜ ਵਿਚ ਸੰਗੀਤ ਦੇ ਅਧਿਆਪਕ ਹਨ। ਮੈਂ ਉਨ੍ਹਾਂ ਦੀ ਦਿਲੋਂ ਕਦਰ ਕਰਦਾ ਹਾਂ। ਇੱਕ ਤਾਂ ਉਹ ਉਮਰ ਵਿਚ ਸਾਡੀ ਸਾਰੀ ਫੈਕਲਟੀ ’ਚੋਂ ਵੱਡੇ ਹਨ, ਦੂਸਰੇ ਆਪਣੇ ਵਿਸ਼ੇ ਦੇ ਪੂਰੇ ਮਾਹਰ। ਆਪਣੀ ਪੈਂਤੀ ਸਾਲ ਦੀ ਸਰਵਿਸ ਵਿਚ ਕਦੇ ਵੀ ਉਨ੍ਹਾਂ ਦੀ ਕੋਈ ਅਜਿਹੀ ਸ਼ਕਾਇਤ ਨਹੀਂ ਹੋਈ। ਕਿੰਨੀ ਹੀ ਦੇਰ ਤੋਂ ਵਿਦਿਆਰਥੀ-ਵਿਦਿਆਰਥਣਾਂ ਨੂੰ ਸੰਗੀਤ ਆਈਟਮਾਂ ਤਿਆਰ ਕਰਵਾ ਕੇ ਯੂਥ ਫੈਸਟੀਵਲਾਂ ’ਤੇ ਲਿਜਾਂਦੇ ਰਹੇ ਹਨ। ਵਿਦਿਆਰਥਣਾਂ ਤਾਂ ਸਗੋਂ ਉਨ੍ਹਾਂ ਉੱਪਰ ਬਹੁਤ ਵਿਸ਼ਵਾਸ ਕਰਦੀਆਂ ਸਨ। ਅਜੇ ਪਿਛਲੇ ਵਰ੍ਹੇ ਹੀ ਤਾਂ ਯੂਥ ਫੈਸਟੀਵਲ ਵਿਖੇ ਵੋਕਲ ਮਿਊਜ਼ਕ ਵਿਚੋਂ ਸਾਡਾ ਕਾਲਜ ਸਾਰੀ ਯੂਨੀਵਰਸਿਟੀ ਵਿਚੋਂ ਫਸਟ ਆਇਆ ਸੀ। ਸਾਰੀ ਤਿਆਰੀ ਪ੍ਰੋ. ਭੱਲਾ ਨੇ ਹੀ ਕਰਵਾਈ ਸੀ ਅਤੇ ਟੀਮ ਦੀ ਇਨਚਾਰਜ ਵੀ ਹੋਰ ਕੋਈ ਨਹੀਂ, ਮਿਸ ਸੁਰਭੀ ਹੀ ਸੀ। ਮੈਨੂੰ ਪੂਰੀ ਤਰ੍ਹਾਂ ਯਾਦ ਹੈ, ਜਦੋਂ ਨਤੀਜੇ ਸੁਣਾਏ ਜਾ ਰਹੇ ਸਨ, ਪ੍ਰੋ. ਭੱਲਾ ਮੇਰੇ ਕੋਲ ਹੀ ਬੈਠੇ ਸਨ। ਸੁਰਭੀ ਦਾ ਨਾਮ ਪਹਿਲੇ ਸਥਾਨ ’ਤੇ ਆਇਆ, ਉਹ ਕਿੰਨੀ ਦੇਰ ਤੱਕ ਇਕੱਲੇ ਹੀ ਤਾੜੀਆਂ ਵਜਾਉਂਦੇ ਰਹੇ ਸਨ। ਅਤੇ ਸੁਰਭੀ ਵੀ ਇਨਾਮ ਲੈ ਕੇ ਸਿੱਧੀ ਉਨ੍ਹਾਂ ਕੋਲ ਹੀ ਆਈ ਸੀ ਅਤੇ ਉਨ੍ਹਾਂ ਦੇ ਚਰਨਾਂ ਨੂੰ ਛੂਹਿਆ ਸੀ। ਉਨ੍ਹਾਂ ਨੇ ਉਸਦੇ ਸਿਰ ਉੱਪਰ ਹੱਥ ਫੇਰਦਿਆਂ ਕਿਹਾ ਸੀ, ‘ਸਾਬਾਸ਼ ਬੇਟਾ।’ ਤੇ ਇੰਨਾ ਕਹਿੰਦਿਆਂ ਹੀ ਉਨ੍ਹਾਂ ਦੀਆਂ ਅੱਖਾਂ ਤਰ ਹੋ ਗਈਆਂ ਸਨ। ਮੈਂ ਸਗੋਂ ਉਸਨੂੰ ਉਸ ਦਿਨ ਕਹਿ ਵੀ ਦਿੱਤਾ ਸੀ, ‘ਸੁਰਭੀ! ਕਿਤੇ ਸੰਗੀਤ ਦੀ ਦੁਨੀਆਂ ਵਿਚ ਹੀ ਨਾ ਗੁਆਚ ਜਾਵੀਂ, ਬਾਕੀ ਸਬਜੈਕਟਾਂ ਵੱਲ ਵੀ ਧਿਆਨ ਰੱਖੀਂ।’ ਵਿਦਿਆਰਥੀਆਂ ਦੇ ਨਾਹਰਿਆਂ ਦੀ ਆਵਾਜ਼ ਹੋਰ ਉੱਚੀ ਹੋ ਰਹੀ ਸੀ। ਮੈਂ ਵੇਖਿਆ ਪ੍ਰਿੰਸੀਪਲ ਚੋਪੜਾ ਕੁੱਝ ਹੋਰਨਾਂ ਅਧਿਆਪਕਾਂ ਨਾਲ, ਜਿਨ੍ਹਾਂ ਵਿਚੋਂ ਪ੍ਰੋ. ਬਲਬੀਰ, ਮੈਡਮ ਨੀਲਮ ਅਤੇ ਪ੍ਰੋ. ਗਰਗ ਸ਼ਾਮਿਲ ਸਨ, ਮੇਰੇ ਵੱਲ ਆ ਰਹੇ ਸਨ। ਲਿਫ਼ਾਫ਼ਾ ਮੇਰੇ ਹੱਥ ਵਿਚ ਵੇਖ ਕੇ ਪ੍ਰਿੰਸੀਪਲ ਚੋਪੜਾ ਕਹਿੰਦੇ ਹਨ, ‘ਪ੍ਰੋ. ਸਾਹਿਬ! ਇਹ ਬਹੁਤ ਮਾੜੀ ਘਟਨਾ ਹੈ, ਸਾਰੇ ਸ਼ਹਿਰ ਵਿਚ ਸਾਡਾ ਕਾਲਜ ਬਦਨਾਮ ਹੋ ਜਾਵੇਗਾ, ਤੁਹਾਡਾ ਵਿਦਿਆਰਥੀਆਂ ਵਿਚ ਕਾਫ਼ੀ ਅਸਰ-ਰਸੂਖ ਹੈ, ਇਨ੍ਹਾਂ ਨੂੰ ਸਮਝਾਓ।’ ਫੇਰ ਕੁਝ ਰੁਕ ਕੇ ਕਹਿਣ ਲੱਗੇ, ‘ਤੁਸੀਂ ਸਾਡੇ ਨਾਲ ਆਓ, ਵਿਦਿਆਰਥੀਆਂ ਨੂੰ ਸ਼ਾਂਤ ਕਰੀਏ।’ ਮੈਂ ਉਨ੍ਹਾਂ ਦੇ ਨਾਲ ਹੋ ਜਾਂਦਾ ਹਾਂ। – ਬਦਮਾਸ਼ ਭੱਲੇ ਨੂੰ ਬਰਤਰਫ਼ ਕਰੋ! ਮੈਂ ਸੋਚਿਆ ਅਜਿਹੀ ਤਣਾਓ ਭਰੀ ਸਥਿਤੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਇੱਕ ਪਾਸੇ ਵਿਦਿਆਰਥੀਆਂ ਦਾ ਰੋਹ ਸੀ ਅਤੇ ਦੂਸਰੇ ਪਾਸੇ ਪ੍ਰਿੰਸੀਪਲ ਅਤੇ ਅਧਿਆਪਕ ਭਾਈਚਾਰਾ। ਉਂਝ ਮੈਂ ਨਿੱਜੀ ਰੂਪ ਵਿਚ ਮਹਿਸੂਸ ਕਰਦਾ ਸਾਂ ਕਿ ਜੇ ਪ੍ਰੋ. ਭੱਲਾ ਨੇ ਅਜਿਹੀ ਕੋਈ ਹਰਕਤ ਕੀਤੀ ਹੈ ਤਾਂ ਉਸਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਪਰ ਵਿਦਿਆਰਥੀਆਂ ਦਾ ਰੌਲਾ-ਰੱਪਾ ਪਾ ਕੇ ਕਾਲਜ ਦਾ ਮਾਹੌਲ ਖਰਾਬ ਕਰਨ ਨੂੰ ਚੰਗਾ ਨਹੀਂ ਸੀ ਕਿਹਾ ਜਾ ਸਕਦਾ। ਪ੍ਰਿੰਸੀਪਲ ਚੋਪੜਾ ਜਦੋਂ ਬੋਲਣ ਲਈ ਅੱਗੇ ਵਧੇ ਅਤੇ ਜਦੋਂ ਉਨ੍ਹਾਂ ਭਾਸ਼ਣ ਦੇਣ ਦੀ ਸੁਰ ਵਿਚ ‘ਪਿਆਰੇ ਵਿਦਿਆਰਥੀਓ’ ਹੀ ਕਿਹਾ ਸੀ ਤਾਂ ਵਿਦਿਆਰਥੀ ਭੜਕ ਉੱਠੇ, ‘ਅਸੀਂ ਨਹੀਂ ਸੁਣਨਾ, ਅਸੀਂ ਪ੍ਰਿੰਸੀਪਲ ਤੇ ਭੱਲੇ ਦਾ ਬਾਈਕਾਟ ਕੀਤਾ ਹੋਇਐ।’ ਹੁਣ ਅਜੀਬ ਤਰ੍ਹਾਂ ਦੀ ਸਥਿਤੀ ਬਣ ਗਈ ਸੀ। ਇੱਕ ਤਰ੍ਹਾਂ ਡੈੱਡ-ਲਾਕ ਵਾਲੀ ਸਥਿਤੀ ਸੀ। ਪ੍ਰਿੰਸੀਪਲ ਚੋਪੜਾ ਨੇ ਮੇਰੇ ਵੱਲ ਵੇਖਿਆ। ਇਸ ਵੇਲੇ ਮੈਂ ਕੁੜੀਆਂ ਵਿਚ ਖੜ੍ਹੀ ਸੁਰਭੀ ਵੱਲ ਵੇਖਦਾ ਹਾਂ। ਉਹ ਨਮੋਸ਼ੀ ਜਿਹੀ ਨਾਲ ਨੀਵੀਂ ਪਾ ਲੈਂਦੀ ਹੈ। ‘ਜੋ ਕੁਝ ਹੋਇਆ, ਮਾੜਾ ਹੋਇਆ’, ਮੈਂ ਕਹਿਣਾ ਜਾਰੀ ਰੱਖਦਾ ਹਾਂ, ‘ਅਜਿਹਾ ਕਰਨ ਵਾਲੇ ਅਧਿਆਪਕ ਸਮਾਜ ਦੇ ਮੱਥੇ ਉੱਪਰ ਕਲੰਕ ਹਨ, ਇਹ ਅਣਮਨੁੱਖੀ ਵੀ ਹੈ, ਇਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ।’ ‘ਸੰਘਰਸ਼ ਵਿਚ ਮੈਂ ਤੁਹਾਡੇ ਨਾਲ ਹਾਂ, ਪਰ ਹਰੇਕ ਸੰਘਰਸ਼ ਲੜਨ ਦੀ ਇੱਕ ਵਿਧੀ ਹੁੰਦੀ ਹੈ। ਪ੍ਰਿੰਸੀਪਲ ਸਾਹਿਬ ਨੇ ਇਹ ਇਨਕੁਆਰੀ ਮੈਨੂੰ ਸੌਂਪੀ ਹੈ, ਤਿੰਨ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਮਿਲ ਜਾਵੇਗੀ, ਮੈਂ ਤੁਹਾਨੂੰ ਵਿਸ਼ਵਾਸ ਦੁਆਉਂਦਾ ਹਾਂ ਕਿ ਦੋਸ਼ੀ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ ਪਰ ਪ੍ਰੀਖਿਆਵਾਂ ਸਿਰ ’ਤੇ ਹਨ, ਮਾਹੌਲ ਖਰਾਬ ਹੋਵੇਗਾ, ਤੁਸੀਂ ਕਲਾਸਾਂ ਲਗਾਓ, ਵਿਸ਼ਵਾਸ ਰੱਖੋ। ਜੇ ਇਨਸਾਫ਼ ਨਾ ਮਿਲਿਆ ਤਾਂ ਤੁਸੀਂ ਕੋਈ ਵੀ ਐਕਸ਼ਨ ਲੈ ਸਕਦੇ ਓ।’ ਮੈਂ ਇੱਕੋ ਸਾਹ ਕਹਿ ਜਾਂਦਾ ਹਾਂ। ਇਹ ਗੱਲ ਸੁਣ ਕੇ ਵਿਦਿਆਰਥੀ ਕੁਝ ਵਿਚਾਰ-ਵਟਾਂਦਰਾ ਕਰਨ ਲਗਦੇ ਹਨ ਜਿਵੇਂ ਉਨ੍ਹਾਂ ਨੂੰ ਮੇਰਾ ਫੈਸਲਾ ਮੰਨਜੂਰ ਨਹੀਂ ਹੁੰਦਾ। ਹਰਜੀਤ ਅੱਗੇ ਵਧ ਕੇ ਬੋਲਦਾ ਹੈ, ‘ਪਰ ਇਸਦੀ ਕੀ ਗਰੰਟੀ ਹੈ ਕਿ ਤਿੰਨਾਂ ਦਿਨਾਂ ’ਚ ਰਿਪੋਰਟ ਆ ਜਾਵੇਗੀ, ਜੇ ਰਿਪੋਰਟ ਵਿਚ ਘਾਲਾ ਮਾਲਾ ਹੋਇਆ ਤੇ ਨਿਸ਼ਚਿਤ ਸਮੇਂ ਤੱਕ ਐਕਸ਼ਨ ਨਾ ਲਿਆ ਗਿਆ?’ ‘ਫੇਰ ਤੁਹਾਨੂੰ ਖੁੱਲ੍ਹ ਹੋਵੇਗੀ ਤੇ ਮੈਂ ਵੀ ਤੁਹਾਡੇ ਨਾਲ ਹੋਵਾਂਗਾ।’ ਮੈਂ ਪਤਾ ਨਹੀਂ ਕਦੋਂ ਅਤੇ ਕਿਵੇਂ ਕਹਿ ਗਿਆ। ਪ੍ਰਿੰਸੀਪਲ ਚੋਪੜਾ ਨੇ ਮੇਰੇ ਨਾਲ ਘੁੱਟ ਕੇ ਹੱਥ ਮਿਲਾਇਆ। ਸ਼ਾਇਦ ਉਸਨੂੰ ਜਾਪਿਆ ਸੀ, ਲੜਾਈ ਦਾ ਪਹਿਲਾ ਹਿੱਸਾ ਜਿੱਤ ਲਿਆ ਗਿਆ ਹੈ। ਕਾਲਜ ਵਿਚ ਏਨਾ ਵੱਡਾ, ਘੋਰ ਅਪਰਾਧ ਹੋਇਆ ਹੋਵੇ, ਮੁਸਕਰਾਉਣ ਵਾਲੀ ਕਿਹੜੀ ਗੱਲ ਹੈ। ਮੈਂ ਚੁੱਪਚਾਪ ਉਨ੍ਹਾਂ ਦੇ ਪਿੱਛੇ-ਪਿੱਛੇ ਉਨ੍ਹਾਂ ਦੇ ਦਫ਼ਤਰ ਵਿਚ ਜਾਣ ਲਈ ਤੁਰ ਪੈਂਦਾ ਹਾਂ। ਇਸ ਉਮਰ ਵਿਚ ਆ ਕੇ, ਹੁਣ ਜਦੋਂ ਅਗਲੇ ਵਰ੍ਹੇ ਹੀ ਪੈਂਤੀ ਸਾਲਾਂ ਦੀ ਬੇਦਾਗ਼ ਸਰਵਿਸ ਤੋਂ ਬਾਅਦ ਉਨ੍ਹਾਂ ਨੇ ਰਿਟਾਇਰ ਹੋ ਜਾਣਾ ਸੀ, ਇਹ ਬਦਨਾਮੀ ਦਾ ਧੱਬਾ ਆਪਣੇ ਉੱਪਰ ਲਵਾ ਲਿਆ। ਉਨ੍ਹਾਂ ਨੂੰ ਕੀ ਲੋੜ ਪਈ ਸੀ? ਸਾਰੀ ਉਮਰ ਵਿਆਹ ਨਹੀਂ ਕਰਵਾਇਆ। ਉਹ ਇਕੱਲੇ ਹੀ ਸਨ, ਉਨ੍ਹਾਂ ਨੇ ਤਾਂ ਸਾਰਾ ਜੀਵਨ ਹੀ ਸੰਗੀਤ ਨੂੰ ਅਰਪਣ ਕੀਤਾ ਹੋਇਆ ਸੀ। ਫੇਰ….। ਪਰ ਕਹਿੰਦੇ ਨੇ ਦੁੱਧ ਤੇ ਬੁੱਧ ਫਿਟਦਿਆਂ ਦੇਰ ਨਹੀਂ ਲਗਦੀ। ਠੀਕ ਹੈ ਵਿਦਿਆਰਥੀਆਂ ਵਿਚ ਮੈਂ ਹਰਮਨ ਪਿਆਰਾ ਹਾਂ। ਵਿਦਿਆਰਥੀ-ਸਮੱਸਿਆਵਾਂ ਨੂੰ ਨਜਿੱਠਣ ਵਿਚ ਸਾਰੇ ਮੇਰਾ ਸਿੱਕਾ ਮੰਨਦੇ ਹਨ ਪਰ ਇਹ ਬੜਾ ਨਾਜੁਕ ਮਸਲਾ ਸੀ। ਇੱਕ ਅਧਿਆਪਕ ਵੱਲੋਂ ਆਪਣੀ ਹੀ ਵਿਦਿਆਰਥਣ ਨਾਲ ਅਨੈਤਿਕ ਵਿਵਹਾਰ ਹੋਇਆ ਸੀ, ਜਿਸਦੀ ਅਸਲੀਅਤ ਜਾਨਣ ਦਾ ਬੋਝ ਮੇਰੇ ਉੱਪਰ ਸੁੱਟ ਦਿੱਤਾ ਗਿਆ ਸੀ। ‘ਮਿਸਟਰ ਬੱਤਰਾ, ਆਹ ਕੋਨਫੀਡੈਂਸ਼ਲ ਫਾਈਲ ਹੈ’ ਇੱਕ ਫਾਈਲ ਮੇਰੇ ਵੱਲ ਵਧਾਉਂਦਿਆਂ ਚੋਪੜਾ ਸਾਹਿਬ ਕਹਿੰਦੇ ਨੇ। ‘ਤੁਹਾਡਾ ਕੰਮ ਇਨ੍ਹਾਂ ਸ਼ਿਕਾਇਤਾਂ ਦੀ ਤਹਿ ਤੱਕ ਜਾ ਕੇ, ਸੱਚਾਈ ਲੱਭਣਾ ਹੈ ਅਤੇ ਸਜ਼ਾ ਤਜਵੀਜ਼ ਕਰਨਾ ਹੈ।’ ਫੇਰ ਉਹ ਪ੍ਰੋ. ਭੱਲਾ ਵੱਲ ਵੇਖਦਿਆਂ ਕਹਿੰਦੇ ਨੇ, ‘ਯਾਦ ਰੱਖੋ, ਇਨਸਾਫ਼ ਅੰਨ੍ਹਾ ਹੁੰਦੈ, ਉਹ ਕਿਸੇ ਦਾ ਲਿਹਾਜ ਨਹੀਂ ਕਰਦਾ। ਜੇ ਦੋਸ਼ਾਂ ਵਿਚ ਸੱਚਾਈ ਹੈ ਤਾਂ ਸਖ਼ਤ ਤੋਂ ਸਖ਼ਤ ਸਜ਼ਾ ਤਜਵੀਜ਼ ਕਰਨਾ ਜਿਸ ਵਿਚ ‘ਡਿਸਮਿਸਲ ਫਰੋਮ ਦੀ ਸਰਵਿਸ’ ਵੀ ਹੋ ਸਕਦੀ ਹੈ।’ ਮੈਂ ਫਾਈਲ ਫਰੋਲਣ ਲੱਗ ਪੈਂਦਾ ਹਾਂ। ‘ਮੈਂ ਪ੍ਰਿੰਸੀਪਲ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਅੱਜ ਸਵੇਰੇ ਜਦੋਂ ਮੈਂ ਮਿਊਜ਼ਕ ਰੂਮ ਵਿਚ ਹਰਮੋਨੀਅਮ ਉੱਪਰ ਪ੍ਰੈਕਟਿਸ ਕਰ ਰਹੀ ਸਾਂ ਤਾਂ ਪ੍ਰੋ. ਭੱਲਾ ਨੇ ਮੇਰੀਆਂ ਉਂਗਲਾਂ ਨੂੰ ਸਪੱਰਸ਼ ਕੀਤਾ। ਮੈਂ ਸੋਚਿਆ ਸ਼ਾਇਦ ਉਹ ਮੈਨੂੰ ਸੁਰ ਸਮਝਾ ਰਹੇ ਨੇ ਪਰ ਫੇਰ ਉਨ੍ਹਾਂ ਮੈਨੂੰ ਚੁੰਮ ਲਿਆ ਅਤੇ ਆਪਣੀ ਗਲਵੱਕੜੀ ਅੰਦਰ ਘੁੱਟ ਲਿਆ, ਮੇਰਾ ਬਲਾਊਜ਼ ਪਾੜ ਦਿੱਤਾ। ਮੇਰੇ ਵਿਰੋਧ ਕਰਨ ਦੇ ਬਾਵਜੂਦ ਉਨ੍ਹਾਂ ਨੇ ਮੇਰੇ ਨਾਲ ਉਹ ਕੀਤਾ ਜੋ ਮੈਂ ਸ਼ਬਦਾਂ ਵਿਚ ਨਹੀਂ ਲਿਖ ਸਕਦੀ। ਇਹ ਸਾਰੀਆਂ ਗੱਲਾਂ ਮੈਂ ਆਪਣੀ ਸਹੇਲੀ ਕਮਲੇਸ਼ ਨੂੰ ਦੱਸੀਆਂ ਜਿਸਨੇ ਅੱਗਿਓਂ ਸਤਿੰਦਰ ਨੂੰ ਦੱਸੀਆਂ ਹਨ। ਕ੍ਰਿਪਾ ਕਰਕੇ ਪ੍ਰੋ. ਭੱਲਾ ਉੱਪਰ ਅਜਿਹਾ ਸਖ਼ਤ ਐਕਸ਼ਨ ਲਿਆ ਜਾਵੇ ਤਾਂ ਜੋ ਉਸਨੂੰ ਸਬਕ ਹਾਸਿਲ ਹੋ ਸਕੇ।’ ਮੈਂ ਉਸਦੀ ਅਰਜ਼ੀ ਪੜ੍ਹ ਰਿਹਾ ਸਾਂ ਅਤੇ ਜ਼ਮੀਨ ਵਿਚ ਗ਼ਰਕ ਹੁੰਦਾ ਜਾ ਰਿਹਾ ਸਾਂ। ਭਾਵੇਂ ਮੈਂ ਪ੍ਰੋ. ਭੋਲਾ ਨਾਲ ਕੋਈ ਗੱਲ ਨਹੀਂ ਸੀ ਕਰਨਾ ਚਾਹੁੰਦਾ ਪਰ ਸਮੇਂ ਦੀ ਮੰਗ ਅਨੁਸਾਰ ਉਸਦਾ ਪੱਖ ਜਾਨਣਾ ਵੀ ਜ਼ਰੂਰੀ ਸੀ, ਮੈਂ ਪੁੱਛ ਬੈਠਦਾ ਹਾਂ, ‘ਮਿਸਟਰ ਭੱਲਾ! ਕੀ ਇਹ ਸੱਚ ਹੈ ਕਿ ਤੁਸੀਂ ਸੁਰਭੀ ਨੂੰ ਰੇਪ ਕਰਨ ਦੀ ਕੋਸ਼ਿਸ਼ ਕੀਤੀ?’ ਉਹ ਇੱਕ ਵਾਰ ਅੱਖਾਂ ਚੁੱਕ ਕੇ ਮੇਰੇ ਵੱਲ ਵੇਖਦਾ ਹੈ ਅਤੇ ਫੇਰ ਉਸਦੀ ਲੇਰ ਨਿਕਲ ਜਾਂਦੀ ਹੈ। ਉਸਦਾ ਗਲਾ ਭਰ ਆਉਂਦਾ ਹੈ, ਉਹ ਉੱਚੀ-ਉੱਚੀ ਰੋਣ ਲਗਦਾ ਹੈ, ਬੋਲ ਕੁਝ ਨਹੀਂ ਸਕਦਾ। ਤਿੰਨ ਦਿਨਾਂ ਵਿਚੋਂ ਇੱਕ ਦਿਨ ਤਾਂ ਕੱਲ੍ਹ ਹੀ ਖ਼ਤਮ ਹੋ ਗਿਆ। ਹੁਣ ਸਿਰਫ਼ ਦੋ ਦਿਨ ਬਾਕੀ ਸਨ। ਇਹ ਟੇਢੀ ਖੀਰ ਸੀ। ਇਨਕੁਆਰੀ ਕਾਹਦੀ ਸੀ, ਸੱਪ ਦੀ ਖੁੱਡ ਵਿਚ ਹੱਥ ਪਾਉਣ ਬਰਾਬਰ ਸੀ। ਸੁਰਭੀ ਹੁਣ ਮੇਰੇ ਸਾਹਮਣੇ ਬੈਠੀ ਹੈ। ਉਸਦੇ ਹੱਥ ਵਿਚ ਪੋਲੀਥੀਨ ਦਾ ਇੱਕ ਲਿਫ਼ਾਫ਼ਾ ਹੈ। ਇੱਕ ਦਿਨ ਵਿਚ ਹੀ ਉਸ ਵਿਚ ਵੀ ਕਿੰਨੀ ਤਬਦੀਲੀ ਆ ਗਈ ਹੈ। ਕੱਲ੍ਹ ਤੋਂ ਪਹਿਲਾਂ ਉਹ ਕਿੰਨੀ ਨਟਖਟ, ਸ਼ਰਾਰਤੀ ਅਤੇ ਚੁਲਬੁਲੀ ਜਿਹੀ ਕੁੜੀ ਸੀ। ਸਾਰੇ ਕਾਲਜ ਦੀ ਰੌਣਕ, ਹਰ ਥਾਂ ਗੁਟਕਦੀ, ਚਹਿਕਦੀ, ਵਾਤਾਵਰਣ ਵਿਚ ਇੱਕ ਅਜਿਹੀ ਮਹਿਕ ਘੋਲ ਜਾਂਦੀ ਸੀ ਜਿਸ ਨਾਲ ਸੁਰਭੀ ਚਾਰੇ ਪਾਸੇ ਫੈਲ ਜਾਂਦੀ ਸੀ। ਪਰ ਅੱਜ ਚੁੱਪ, ਗੁੰਮ-ਸੁੰਮ, ਗੰਭੀਰ ਅਤੇ ਰੋਣਹਾਕੀ ਹੋਈ ਉਹੀ ਸੁਰਭੀ ਮੇਰੇ ਸਾਹਮਣੇ ਬੈਠੀ ਸੀ। ਮੈਨੂੰ ਸੁੱਝ ਨਹੀਂ ਸੀ ਰਿਹਾ ਪਈ ਗੱਲ ਕਿਹੜੇ ਪਾਸਿਓਂ ਸ਼ੁਰੂ ਕੀਤੀ ਜਾਵੇ। ਮੈਂ ਕੋਈ ਪ੍ਰੋਫੈਸ਼ਨਲ ਜੱਜ ਤਾਂ ਨਹੀਂ ਸਾਂ ਕਿ ਬਾਹਰਮੁੱਖੀ ਪਹੁੰਚ ਅਪਨਾ ਕੇ ਸੁਆਲ ਪੁੱਛੀ ਜਾਵਾਂ। ਨਾਲੇ ਇਹ ਮਾਮਲਾ ਹੀ ਇੰਨਾ ਨਾਜੁਕ ਸੀ ਕਿ ਇਸ ਵਿਚ ਫੂਕ-ਫੂਕ ਕੇ ਪੈਰ ਧਰਨਾ ਪਵੇਗਾ। ਸੋਚਦਾ ਹਾਂ ਪਈ ਜੇ ਇਹ ਮਸਲਾ ਚੈÇਲੰਜ ਬਣਕੇ ਸਾਹਮਣੇ ਆ ਹੀ ਗਿਆ ਹੈ ਤਾਂ ਇਸਨੂੰ ਕਬੂੁਲ ਹੀ ਕਰਨਾ ਚਾਹੀਦਾ ਹੈ। ‘ਸੁਰਭੀ ਬੇਟੇ! ਜਿਹੜੀ ਤੈਂ ਪ੍ਰੋ. ਭੱਲਾ ਬਾਰੇ ਸ਼ਿਕਾਇਤ ਕੀਤੀ ਹੈ, ਉਹ ਸੱਚੀ ਹੈ?’ ਮੈਂ ਪੁੱਛਣ ਦੀ ਕੋਸ਼ਿਸ਼ ਕਰਦਾ ਹਾਂ। ਮੇਰੇ ਇਸ ਪ੍ਰਸ਼ਨ ਨੇ ਜਿਵੇਂ ਉਸਨੂੰ ਧੁਰ ਅੰਦਰ ਤੱਕ ਕੰਬਾ ਦਿੱਤਾ ਹੋਵੇ। ਉਹ ‘ਹਾਂ’ ਵਿਚ ਸਿਰ ਹਿਲਾ ਕੇ ਨੀਵੀਂ ਪਾ ਲੈਂਦੀ ਹੈ ਅਤੇ ਪੋਲੀਥੀਨ ਦਾ ਲਿਫ਼ਾਫ਼ਾ ਮੇਰੇ ਮੇਜ਼ ’ਤੇ ਰੱਖ ਦਿੰਦੀ ਹੈ। ਮੇਰੇ ਸਾਹਮਣੇ ਬੈਠੀ ਸੁਰਭੀ ਹਟਕੋਰੇ ਲੈ ਰਹੀ ਹੈ। ਕਮਲੇਸ਼ ਤੇ ਸਤਿੰਦਰ ਦੀਆਂ ਗਵਾਹੀਆਂ ਵੀ ਗੱਲ ਕਾਫ਼ੀ ਤੱਕ ਤੱਕ ਸਪੱਸ਼ਟ ਕਰ ਦਿੰਦੀਆਂ ਹਨ, ‘ਕੋਈ ਵੀ ਕੁੜੀ ਆਪਣੇ ਉੱਪਰ ਅਜਿਹਾ ਦੋਸ਼ ਲਗਵਾ ਕੇ ਬਦਨਾਮ ਨਹੀਂ ਹੋਣਾ ਚਹੁੰਦੀ। ਪ੍ਰੋ. ਭੱਲੇ ਨੇ ਉਨ੍ਹਾਂ ਨਾਲ ਵੀ ਅਤੇ ਕਾਲਜ ਦੀਆਂ ਹੋਰ ਕਈ ਕੁੜੀਆਂ ਨਾਲ ਵੀ ਅਜਿਹਾ ਵਿਵਹਾਰ ਕੀਤਾ ਸੀ ਪਰ ਉਹ ਖੁਨਾਮੀ ਹੋਣੋਂ ਚੁੱਪ ਕਰ ਰਹੀਆਂ। ਸੁਰਭੀ ਇੱਕ ਬਹਾਦੁਰ ਕੁੜੀ ਹੈ ਜਿਸਨੇ ਭੱਲੇ ਦੇ ਪਾਪਾਂ ਦਾ ਪਰਦਾਫਾਸ਼ ਕੀਤਾ ਹੈ।’ ਮੈਂ ਸੋਚਦਾ ਹਾਂ ਅਜਿਹੇ ਅਨਸਰ ਜਿਹੜੇ ਵਿੱਦਿਅਕ ਅਦਾਰਿਆਂ ਵਿਚ ਭ੍ਰਿਸ਼ਟਾਚਾਰ ਫੈਲਾ ਰਹੇ ਹਨ, ਨੂੰ ਇੱਥੇ ਰਹਿਣ ਦਾ ਕੋਈ ਹੱਕ ਨਹੀਂ। ਜੇ ਅਧਿਆਪਕ ਹੀ ਆਪਣੇ ਵਿਦਿਆਰਥੀਆਂ ਦਾ ਸ਼ੋਸ਼ਣ ਕਰਨਗੇ, ਜੇ ਡਾਕਟਰ ਹੀ ਆਪਣੇ ਮਰੀਜ਼ਾਂ ਬਾਰੇ ਮੰਦੀ ਭਾਵਨਾ ਰੱਖਣਗੇ ਤਾਂ ਇਸ ਸਮਾਜ ਦਾ ਕੀ ਬਣੇਗਾ? ਸ਼ਾਮ ਨੂੰ ਸੈਰ ਕਰਕੇ ਵਾਪਿਸ ਆਇਆ ਤਾਂ ਪ੍ਰੋ. ਰਾਣਾ ਅਤੇ ਮੈਡਮ ਨੀਲਮ ਮੇਰੇ ਡਰਾਇੰਗ ਰੂਮ ਵਿਚ ਬੈਠੇ ਸਨ। ਮੈਂ ਸੋਚਿਆ ਚਲੋ ਇਹ ਵੀ ਚੰਗਾ ਹੀ ਹੋਇਆ। ਪ੍ਰੋ. ਰਾਣਾ ਸਾਡੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਮੈਡਮ ਨੀਲਮ ਸਕੱਤਰ ਸਨ, ਇਨ੍ਹਾਂ ਨਾਲ ਵਿਚਾਰ ਵਟਾਂਦਰਾ ਕਰਕੇ ਮੇਰੇ ਵਿਚਾਰਾਂ ਨੂੰ ਹੋਰ ਬਲ ਮਿਲੇਗਾ। ‘ਨਹੀਂ ਮਿਸਟਰ ਬੱਤਰਾ’ ਮੈਡਮ ਨੀਲਮ ਕਹਿਣ ਲੱਗੀ, ‘ਤੁਸੀਂ ਸੁਰਭੀ ਨੂੰ ਨਹੀਂ ਜਾਣਦੇ, ਉਹ ਸ਼ਹਿਰ ਦੇ ਫਾਈਵ ਸਟਾਰ ਹੋਟਲਾਂ ’ਚ ਕਾਲ-ਗਰਲ ਦੇ ਤੌਰ ’ਤੇ ਜਾਂਦੀ ਐ, ਮੇਰੇ ਹਸਬੈਂਡ ਨੇ ਖੁਦ ਵੇਖੀ ਹੈ। ਪ੍ਰੋ. ਭੱਲਾ ਤਾਂ ਭਗਤ ਹਨ, ਉਨ੍ਹਾਂ ਦੀ ਪਹਿਲਾਂ ਕਦੇ ਕੋਈ ਅਜਿਹੀ ਸ਼ਿਕਾਇਤ ਨਹੀਂ ਹੋਈ।’ ਮੈਡਮ ਨੀਲਮ ਬੋਲਦੀ ਜਾ ਰਹੀ ਸੀ। ਉਸਦੀਆਂ ਗੱਲਾਂ ਮੈਨੂੰ ਐਵੇਂ-ਐਵੇਂ, ਮਨਘੜਤ ਕਿਸਮ ਦੀਆਂ ਜਾਪੀਆਂ। ਪ੍ਰੋ. ਭੱਲਾ ਭਗਤ ਜ਼ਰੂਰ ਹੋ ਸਕਦੇ ਹਨ, ਪਰ ਬਗਲੇ ਭਗਤ ਹਨ ਜਿਹੜੇ ਸਮਾਂ ਆਉਣ ’ਤੇ ਮੱਛੀ ਨੂੰ ਹੜੱਪ ਕਰ ਜਾਂਦੇ ਨੇ। ਫੇਰ ਪਹਿਲਾਂ ਕਦੇ ਸ਼ਕਾਇਤ ਨਾ ਹੋਣ ਦੀ ਵੀ ਕੋਈ ਤੁਕ ਨਹੀਂ, ਕਾਮ ਦਾ ਘੋੜਾ ਕਦੇ ਵੀ ਬੇਲਗ਼ਾਮ ਹੋ ਸਕਦਾ ਹੈ। ਮੈਨੂੰ ਜੱਕਾਂ-ਤੱਕਾਂ ਵਿਚ ਪਿਆ ਵੇਖ ਕੇ ਪ੍ਰੋ. ਰਾਣਾ ਆਖਦੇ ਹਨ, ‘ਨਾਲੇ ਸਾਨੂੰ ਆਪਣੇ ਜਮਾਤੀ ਹਿਤਾਂ ਦਾ ਵੀ ਖਿਆਲ ਰੱਖਣਾ ਚਾਹੀਦੈ। ਪ੍ਰੋ. ਭੱਲਾ ਅਧਿਆਪਕ ਹੈ, ਟੀਚਿੰਗ ਬਿਰਾਦਰੀ ’ਚੋਂ ਹੈ, ਸਾਨੂੰ ਹਰ ਹਾਲਤ ਉਸਦੀ ਮਦਦ ਕਰਨੀ ਚਾਹੀਦੀ ਹੈ….।’ ਪ੍ਰੋ. ਰਾਣਾ ਦੀਆਂ ਗੱਲਾਂ ਮੈਨੂੰ ਬੜੀਆਂ ਬੇਤੁਕੀਆਂ ਜਾਪਦੀਆਂ ਹਨ। ਠੀਕ ਹੈ, ਪ੍ਰੋ. ਭੱਲਾ ਸਾਡੇ ਅਧਿਆਪਕ ਵਰਗ ’ਚੋਂ ਹੈ ਪਰ ਹਰੇਕ ਜਮਾਤ ਵਿਚ ਕਾਲੀਆਂ ਭੇਡਾਂ ਵੀ ਤਾਂ ਹੁੰਦੀਆਂ ਨੇ, ਅਜਿਹੇ ਬੰਦਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਣਾ ਨਹੀਂ ਚਾਹੀਦਾ। ਜੇ ਸਾਡੀਆਂ ਯੂਨੀਅਨਾਂ ਵੀ ਇਸ ਤਰ੍ਹਾਂ ਸੋਚਣਗੀਆਂ, ਅਧਿਆਪਕ ਵਰਗ ਵਿਚੋਂ ਅਜਿਹੇ ਅਨਸਰ ਕਦੇ ਵੀ ਖ਼ਤਮ ਨਹੀਂ ਹੋ ਸਕਣਗੇ….। ਅੱਜ ਮੈਂ ਆਪਣੀ ਰਿਪੋਰਟ ਦੇਣੀ ਹੈ। ਮੈਂ ਆਪਣੀ ਰਿਪੋਰਟ ਵਿਚ ਲਿਖਿਆ ਹੈ, ‘ਜਾਂਚ-ਪੜਤਾਲ ਤੋਂ ਮੈਂ ਇਸ ਸਿੱਟੇ ਉੱਪਰ ਪੁੱਜਿਆ ਹਾਂ ਕਿ ਮਿਸ ਸੁਰਭੀ ਵੱਲੋਂ ਲਗਾਏ ਗਏ ਦੋਸ਼ ਬਿਲਕੁਲ ਸਹੀ ਹਨ, ਪ੍ਰੋ. ਭੱਲਾ ਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਜਿਹੇ ਘਿਨੌਣੇ ਅਪਰਾਧ ਲਈ ਉਸਨੂੰ ਨੌਕਰੀ ਤੋਂ ਬਰਤਰਫ਼ ਕੀਤਾ ਜਾਵੇ ਅਤੇ ਮਿਲਣ ਵਾਲੇ ਸਾਰੇ ਸਰਵਿਸ-ਲਾਭ ਜ਼ਬਤ ਕਰ ਲਏ ਜਾਣ।’ ਰਿਪੋਰਟ ਦੀ ਕਾਪੀ ਮੈਂ ਲਿਫ਼ਾਫ਼ੇ ਵਿਚ ਬੰਦ ਕਰਕੇ ਪ੍ਰਿੰਸੀਪਲ ਚੋਪੜਾ ਨੂੰ ਸੌਂਪਣ ਲਈ ਉਨ੍ਹਾਂ ਦੇ ਦਫ਼ਤਰ ਜਾਂਦਾ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਮੈਂ ਅਧਿਕਾਰੀਆਂ ਅਤੇ ਵਿਦਿਆਰਥੀਆਂ ਦੀਆਂ ਇੱਛਾਵਾਂ ਉੱਪਰ ਪੂਰਾ ਉਤਰਿਆ ਹਾਂ। ਪ੍ਰਿੰਸੀਪਲ ਸਾਹਿਬ ਨੇ ਵੀ ਤਾਂ ਕਿਹਾ ਸੀ, ‘ਇਨਸਾਫ਼ ਅੰਨ੍ਹਾ ਹੁੰਦਾ ਹੈ।’ ਮੈਂ ਕੋਕ ਪੀ ਰਿਹਾ ਹਾਂ ਅਤੇ ਪ੍ਰਿੰਸੀਪਲ ਸਾਹਿਬ ਰਿਪੋਰਟ ਪੜ੍ਹ ਰਹੇ ਹਨ। ਮੈਂ ਵੇਖਦਾ ਹਾਂ, ਉਨ੍ਹਾਂ ਨੂੰ ਘਬਰਾਹਟ ਜਿਹੀ ਹੋ ਰਹੀ ਹੈ, ਕੱਚੀਆਂ ਤਰੇਲੀਆਂ ਉਨ੍ਹਾਂ ਦੇ ਮੱਥੇ ਉੱਪਰ ਉਤਰ ਆਈਆਂ ਹਨ। ‘ਪਰ ਪ੍ਰਿੰਸੀਪਲ ਸਾਹਿਬ! ਸਚਾਈ ਤਾਂ ਇਹੋ ਹੈ’, ਮੈਂ ਪੂਰੀ ਦ੍ਰਿੜ੍ਹਤਾ ਨਾਲ ਕਹਿੰਦਾ ਹਾਂ। ਮੈਂ ਪ੍ਰਿੰਸੀਪਲ ਸਾਹਿਬ ਨੂੰ ਵਿਚਕਾਰੋਂ ਹੀ ਟੋਕਦਿਆਂ ਆਖਦਾ ਹਾਂ, ‘ਪ੍ਰਿੰਸੀਪਲ ਸਾਹਿਬ! ਮੈਂ ਅਸਲੀਅਤ ਤੁਹਾਡੇ ਸਾਹਮਣੇ ਰੱਖ ਦਿੱਤੀ, ਹੁਣ ਤੁਸੀਂ ਜਾਣੋ ਜਾਂ ਤੁਹਾਡਾ ਕੰਮ ਜਾਣੇ।’ ਸਾਰੇ ਸ਼ਹਿਰ ਵਿਚ ਮੇਰੇ ਫ਼ੈਸਲੇ ਦੀ ਚਰਚਾ ਹੈ। ਅਧਿਆਪਕ ਯੂਨੀਅਨ ਵੀ ਹੁਣ ਮੇਰੇ ਫ਼ੈਸਲੇ ਦੀ ਕਦਰ ਕਰਦੀ ਹੈ, ਪ੍ਰਿੰਸੀਪਲ ਚੋਪੜਾ ਤਾਂ ਮੇਰੀ ਦਲੇਰੀ ਦੀ ਕਈ ਵਾਰ ਸਟਾਫ਼ ਮੀਟਿੰਗਾਂ ਵਿਚ ਵੀ ਗੱਲ ਕਰ ਚੁੱਕੇ ਹਨ। ਹਰ ਸਾਲ ਹੁਣ ਵੀ ਵਿਦਿਆਰਥੀ ਯੂਥ ਫੈਸਟੀਵਲਾਂ ਉੱਪਰ ਜਾਂਦੇ ਹਨ ਪ੍ਰੰਤੂ ਕੇਵਲ ‘ਸ਼ਮੂਲੀਅਤ’ ਦੇ ਸਰਟੀਫਿਕੇਟ ਲੈ ਕੇ ਹੀ ਵਾਪਿਸ ਆ ਜਾਂਦੇ ਹਨ, ਕਦੇ ਕੋਈ ਪੁਜੀਸ਼ਨ ਨਹੀਂ ਆਈ। ਪਰ ਸਮੇਂ ਦੀਆਂ ਤਬਦੀਲੀਆਂ ਨੂੰ ਕੌਣ ਰੋਕ ਸਕਦਾ ਹੈ? ਜਦੋਂ ਤੋਂ ਮੇਰੀ ਰਿਪੋਰਟ ਕਾਰਨ ਪ੍ਰੋ. ਭੱਲਾ ਨੂੰ ਕਾਲਜ ਵਿਚੋਂ ਕੱਢਿਆ ਗਿਆ ਹੈ, ਉਂਝ ਤਾਂ ਸਾਰਿਆਂ ਵਿਚ ਮੇਰਾ ਸਤਿਕਾਰ ਵਧਿਆ ਹੈ ਪਰ ਸੁਰਭੀ ਨੂੰ ਮੈਂ ਹੋਰ ਵੀ ਚੰਗਾ ਚੰਗਾ ਲੱਗਣ ਲੱਗ ਪਿਆ ਹਾਂ। ਉਸਨੂੰ ਮੇਰੇ ਉੱਪਰ ਅਥਾਹ ਇਤਕਾਦ ਹੈ। ਇਸੇ ਕਰਕੇ ਗੱਲਾਂ ਕਰਦਿਆਂ ਕਰਦਿਆਂ ਅਸੀਂ ਬਹੁਤ ਖੁੱਲ੍ਹ ਜਾਂਦੇ ਹਾਂ। ਆਪਣੇ ਦਫ਼ਤਰ ਵਿਚ ਬੈਠਾ ਮੈਂ ਸੁਰਭੀ ਬਾਰੇ ਹੀ ਸੋਚ ਰਿਹਾ ਸਾਂ। ਅੱਜ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਜਾ ਰਹੀ ਹੈ। ਮੈਂ ਥੋੜ੍ਹਾ ਉਦਾਸ ਵੀ ਹਾਂ ਤੇ ਖੁਸ਼ ਵੀ। ਇਹ ਅਧਿਆਪਕ-ਵਿਦਿਆਰਥੀ ਸਬੰਧ ਵੀ ਬੜੇ ਅਜੀਬ ਰਿਸ਼ਤਿਆਂ ਦੇ ਬਣੇ ਹੁੰਦੇ ਨੇ। ਹੁਣ ਫੇਰ ਇਨ੍ਹਾਂ ਵਿਦਿਆਰਥੀਆਂ ਵਾਂਗ ਕਾਲਜ ਸੱਖਣਾ-ਸੱਖਣਾ ਜਾਪੇਗਾ। ਪਰ ਇਹ ਤਾਂ ਹਰ ਸਾਲ ਹੀ ਹੁੰਦਾ ਹੈ। ‘ਸੁਰਭੀ ਬਹੁਤ ਹੀ ਸ਼ੁਸ਼ੀਲ, ਦਲੇਰ ਅਤੇ ਚਰਿੱਤਰਵਾਨ ਲੜਕੀ ਹੈ’ ਲਿਖਕੇ ਮੈਂ ਆਟੋਗ੍ਰਾਫ਼ ਬੁੱਕ ਉਸ ਵੱਲ ਕਰ ਦਿੰਦਾ ਹਾਂ। ‘ਸੁਰਭੀ! ਹੁਣ ਤੂੰ ਇਸ ਕਾਲਜ ਦੀ ਵਿਦਿਆਰਥਣ ਨਹੀਂ ਰਹੀ, ਹੁਣ ਤੂੰ ਜ਼ਿੰਦਗੀ ਦੀ ਦੌੜ ’ਚ ਸ਼ਾਮਿਲ ਹੋ ਰਹੀ ਏਂ।’ ਮੈਂ ਉਸਨੂੰ ਪੁੱਛਦਾ ਹਾਂ, ‘ਬੁਰਾ ਨਾ ਮਨਾਉਣਾ। ਪ੍ਰੋ. ਭੱਲਾ ਕਿੱਥੇ ਕੁ ਤੱਕ ਪਹੁੰਚ ਗਿਆ ਸੀ?’ ਪ੍ਰੋਫੈਸਰ ਬਿਹਾਰੀ ਲਾਲ ਭੱਲਾ ਨੇ ਕਿਹਾ : ਮੈਨੂੰ ਸਮਝ ਨਹੀਂ ਸੀ ਆ ਰਹੀ ਪਈ ਇਸ ਕੁੜੀ ਦਾ ਮੈਂ ਹੁਣ ਕੀ ਕਰਾਂ? ਜੀਵਨ ਵਿਚ ਮੇਰਾ ਅਨੇਕਾਂ ਵਿਦਿਆਰਥੀਆਂ ਨਾਲ ਵਾਹ ਪਿਆ ਹੈ, ਪੈਂਤੀ ਸਾਲ ਦੀ ਸਰਵਿਸ ਦੌਰਾਨ ਕਿੰਨੇ ਹੀ ਵਿਦਿਆਰਥੀ ਤੇ ਵਿਦਿਆਰਥਣਾਂ ਮੈਥੋਂ ਸੰਗੀਤ ਦੀ ਸਿੱਖਿਆ ਲੈ ਕੇ ਚੰਗੇ ਤੋਂ ਚੰਗੇ ਅਹੁਦਿਆਂ ਉੱਪਰ ਬਿਰਾਜਮਾਨ ਹਨ। ਕਿੰਨਾ ਸਤਿਕਾਰ ਕਰਦੇ ਨੇ ਉਹ ਮੇਰਾ। ਹੁਣ ਵੀ ਜੇ ਕਿਤੇ ਮਿਲਦੇ ਨੇ ਤਾਂ ਮੇਰੇ ਪੈਰੀਂ ਹੱਥ ਲਗਾਉਂਦੇ ਨੇ। ਸੰਗੀਤ ਪ੍ਰਤੀ ਮੇਰੀ ਪ੍ਰਤੀਬੱਧਤਾ ਨੇ ਮੈਨੂੰ ਕਦੇ ਹੋਰ ਪਾਸੇ ਸੋਚਣ ਹੀ ਨਹੀਂ ਦਿੱਤਾ। ਇੱਥੋਂ ਤੱਕ ਕਿ ਕਿੱਤੇ ਬਾਰੇ ਸੁਹਿਰਦਤਾ ਕਾਰਨ ਹੀ ਮੈਂ ਦੰਪਤੀ-ਸੁੱਖ ਵੀ ਨਾ ਮਾਣ ਸਕਿਆ। ਅਸਲ ਵਿਚ ਸੰਗੀਤ ਦਾ ਸੰਸਾਰ ਇੱਕ ਅਜਿਹਾ ਸੰਸਾਰ ਹੈ ਜਿਸ ਵਿਚ ਪ੍ਰਵੇਸ਼ ਕਰਕੇ ਤੁਸੀਂ ਹੋਰ ਕਿਸੇ ਪਾਸੇ ਬਾਰੇ ਸੋਚ ਹੀ ਨਹੀਂ ਸਕਦੇ। ਪਰ ਇਹ ਕੁੜੀ ਹੈ ਨਾ, ਸੁਰਭੀ, ਇਸਨੇ ਜਿਵੇਂ ਮੇਰੇ ਅੰਦਰ ਭਾਵਾਂ ਦਾ ਜਵਾਰ-ਭਾਟਾ ਲਿਆ ਦੇਣਾ ਹੈ। ਇੱਕ ਸ਼ੁਸ਼ੀਲ ਵਿਦਿਆਰਥਣ ਵਾਂਗ ਪਿਛਲੇ ਦੋ ਵਰਿ੍ਹਆਂ ਤੋਂ ਮੇਰੇ ਕੋਲ ਮਿਊਜ਼ਿਕ ਪੜ੍ਹ ਰਹੀ ਹੈ। ਵੋਕਲ ਮਿਊਜ਼ਿਕ ਦੀ ਪਕੜ ਤਾਂ ਉਸਨੂੰ ਛੇਤੀ ਹੀ ਆ ਗਈ ਸੀ ਕਿਉਂ ਜੋ ਉਸਦਾ ਗਲਾ ਬੜਾ ਸੁਰੀਲਾ ਸੀ ਅਤੇ ਹਰੇਕ ਟੋਨ ਨੂੰ ਬੜੀ ਚੰਗੀ ਤਰ੍ਹਾਂ ਮੁਹਾਰਤ ਕਰ ਲੈਂਦੀ ਸੀ ਪਰ ਇੰਸਟੂਰਮੈਂਟਲ ਵਿਚ ਬਹੁਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਮੈਂ ਉਸਨੂੰ ਸਲਾਹ ਵੀ ਦਿੱਤੀ ਸੀ ਪਈ ਤੂੰ ਇਕੱਲੇ ਵੋਕਲ ਦਾ ਹੀ ਰਿਆਜ਼ ਕਰ, ਪੇਪਰ ਵੀ ਇਸੇ ਵਿਚੋਂ ਹੋਣਾ ਹੈ, ਪਰ ਉਹ ਦੋਹਾਂ ਵਿਚ ਹੀ ਪਰਵੀਨ ਹੋਣਾ ਚਾਹੁੰਦੀ ਸੀ। ਹਾਰਮੋਨੀਅਮ, ਤਬਲਾ ਅਤੇ ਸਿਤਾਰ ਉਸਦੇ ਮੁੱਖ ਆਕ੍ਰਸ਼ਣ ਹਨ। ਨਾਲੇ ਸਿੱਖਦਿਆਂ ਸਿਖਾਉਂਦਿਆਂ ਸਪੱਰਸ਼ ਤਾਂ ਕਰਨਾ ਹੀ ਪੈਂਦਾ ਹੈ। ਕਈ ਵਾਰ ਤਾਂ ਹੱਥ ਫੜ ਕੇ ਉਂਗਲਾਂ ਦੀ ਪ੍ਰਕਿਰਿਆ ਸਮਝਾਉਣੀ ਪੈਂਦੀ ਹੈ। ਸੰਗੀਤ ਵਿਸ਼ਾ ਹੀ ਅਜਿਹਾ ਹੈ। ਨਾਲੇ ਮੈਂ ਤਾਂ ਪਿਛਲੇ ਪੈਂਤੀ ਵਰਿ੍ਹਆਂ ਤੋਂ ਵਿਦਿਆਰਥੀਆਂ ਨੂੰ ਸਿਖਾ ਰਿਹਾ ਸਾਂ। ਮਨ ਵਿਚ ਕਦੇ ਅਜਿਹਾ ਵਿਚਾਰ ਆਇਆ ਵੀ ਨਹੀਂ ਸੀ। ਸ਼ੁਰੂ-ਸ਼ੁਰੂ ਵਿਚ ਜਦੋਂ ਮੈਂ ਉਸਨੂੰ ਸਰਗਮ ਸਮਝਾਈ ਅਤੇ ਹੱਥਾਂ ਨੂੰ ਸਪੱਰਸ਼ ਕੀਤਾ ਤਾਂ ਉਸਦੇ ਅੰਦਰ ਝਿਜਕ ਜਿਹੀ ਸੀ ਪਰ ਫੇਰ ਇਹ ਸਾਰਾ ਕੁਝ ਸਹਿਜ ਹੋ ਗਿਆ। ਕਦੇ ਕੁਝ ਮਹਿਸੂਸ ਹੀ ਨਹੀਂ ਸੀ ਹੋਇਆ, ਹੋਰ ਵਿਦਿਆਰਥੀ ਅਤੇ ਵਿਦਿਆਰਥਣਾਂ ਵੀ ਆਉਂਦੀਆਂ ਸਨ। ਪਰ ਜਦੋਂ ਤੋਂ ਉਸਨੂੰ ਇੰਟਰ ਵਰਸਿਟੀ ਯੂਥ ਫੈਸਟੀਵਲ ਵਿਚ ਅਵੱਲ ਰਹਿਣ ਦਾ ਇਨਾਮ ਮਿਲਿਆ ਹੈ ਅਤੇ ਉਸਦਾ ਸਿਰ ਪਲੋਸ ਕੇ ਮੈਂ ਉਸਨੂੰ ਆਸ਼ੀਰਵਾਦ ਦਿੱਤਾ ਹੈ, ਉਸਦੇ ਅੰਦਰ ਇੱਕ ਅਜੀਬ ਤਰ੍ਹਾਂ ਦੀ ਤਬਦੀਲੀ ਆਉਣ ਲੱਗ ਪਈ ਹੈ। ਹੁਣ ਉਹ ਮੇਰੇ ਵਧੇਰੇ ਨੇੜੇ ਹੋਣ ਦੀ ਕੋਸ਼ਿਸ਼ ਕਰਦੀ ਹੈ। ਹਰ ਗੱਲ ਵਿਚ ਖਿੜ-ਖਿੜਾ ਕੇ ਉੱਚੀ-ਉੱਚੀ ਹੱਸਣ ਲੱਗ ਪੈਂਦੀ ਹੈ ਅਤੇ ਕਈ ਵਾਰ ਤਾਂ ਮੇਰੇ ਵੱਲ ਏਨਾ ਝੁਕ ਜਾਂਦੀ ਹੈ ਕਿ ਉਸਦੇ ਬਲਾਊਜ਼ ਅੰਦਰਲੇ ਕਾਲੇ ਰੰਗ ਦੇ ਬਰਾ ਉੱਪਰ ਮੇਰੀ ਨਜ਼ਰ ਸੁਭਾਵਿਕ ਹੀ ਚਲੀ ਜਾਂਦੀ ਹੈ। ਜੇ ਗੱਲ ਇੱਥੋਂ ਤੱਕ ਹੀ ਸੀਮਤ ਰਹਿੰਦੀ ਤਾਂ ਹੋਰ ਸੀ ਪਰ ਉਸ ਦਿਨ ਤਾਂ ਉਹ ਸਿੱਧੀ ਆ ਕੇ ਮੇਰੇ ਨਾਲ ਚਿੰਬੜ ਹੀ ਗਈ। ਮੇਰੇ ਏਨਾ ਕਰਨ ’ਤੇ ਉਹ ਉੱਥੇ ਹੀ ਇੱਕ ਖੂੰਜੇ ਦੁਬਕ ਕੇ ਬੈਠ ਗਈ ਅਤੇ ਹਟਕੋਰੇ ਭਰਨ ਲੱਗੀ। ਇੱਕ ਵਾਰ ਤਾਂ ਮੇਰਾ ਦਿਲ ਕੀਤਾ ਪਈ ਇਸ ਵਿਚ ਹਰਜ਼ ਵੀ ਕੀ ਹੈ। ਜੇ ਉਹ ਖੁਦ ਹੀ ਸਮਰਪਣ ਕਰ ਰਹੀ ਹੈ ਤਾਂ ਸਵੀਕਾਰ ਕਰ ਲੈਣਾ ਚਾਹੀਦਾ ਹੈ, ਏਦਾਂ ਦੇ ਸੰਭੋਗ ਨੂੰ ਤਾਂ ਸਾਡੇ ਸ਼ਾਸ਼ਤਰਾਂ ਨੇ ਵੀ ਜਾਇਜ਼ ਠਹਿਰਾਇਆ ਹੈ। ‘ਪਰ ਬੇਟੇ!’ ਮੈਂ ਉਸਨੂੰ ਸਮਝਾਉਣ ਲਗਦਾ ਹਾਂ, ‘ਮੇਰੇ ਵੀ ਕੁਝ ਆਦਰਸ਼ ਨੇ, ਮੈਂ ਸਾਰੀ ਉਮਰ ਜਿਨ੍ਹਾਂ ਉੱਪਰ ਪਹਿਰਾ ਦੇਂਦਾ ਰਿਹਾ ਹਾਂ। ਬਾਕੀ ਟੀਚਰ-ਟਾਟ ਰਿਲੇਸ਼ਨਜ਼ ਹੀ ਅਜਿਹੇ ਹੁੰਦੇ ਨੇ, ਜੇ ਵਿਦਿਆਰਥੀ ਨਿਆਣ-ਮੱਤੀਆਂ ਵੀ ਕਰੇ ਤਾਂ ਅਧਿਆਪਕ ਦਾ ਫਰਜ਼ ਬਣਦਾ ਹੈ ਕਿ ਉਸਨੂੰ ਸਹੀ ਰਾਹ ਵਿਖਾਵੇ।’ ਮੇਰੇ ਏਨਾ ਕਹਿਣ ’ਤੇ ਉਹ ਚੁੱਪ ਕਰ ਰਹੀ। ਅਜਿਹੀ ਸਥਿਤੀ ਨੂੰ ਖ਼ਤਮ ਕਰਨ ਲਈ ਮੈਂ ਕੱਪੜਾ ਲੈ ਕੇ ਸਿਤਾਰ ਉੱਪਰ ਜੰਮੀ ਧੂੜ ਨੂੰ ਸਾਫ਼ ਕਰਨ ਲਗਦਾ ਹਾਂ। ਵਿਚ ਵਿਚਾਲੇ ਸਿਤਾਰ ਨੂੰ ਟੁਣਕਾ ਕੇ ਵਾਤਾਵਰਣ ਵਿਚ ਪਸਰੀ ਇਕਸਾਰਤਾ ਨੂੰ ਤੋੜਨਾ ਵੀ ਚਾਹੁੰਦਾ ਹਾਂ। ਸ਼ਾਇਦ ਉਸਨੂੰ ਏਦਾਂ ਲਗਦਾ ਸੀ ਪਈ ਇਹ ਉਸਦੀ ਬਹੁਤ ਵੱਡੀ ਹਾਰ ਸੀ। ਉਹ ਇੱਕ ਪਲ ਲਈ ਮੇਰੇ ਵੱਲ ਅਤੇ ਫੇਰ ਸਿਤਾਰ ਵੱਲ ਹਿਮਾਕਤ ਭਰੀਆਂ ਨਜ਼ਰਾਂ ਨਾਲ ਵੇਖ ਕੇ ਉੱਠ ਖੜਦੀ ਹੈ। ਕਿਤਾਬਾਂ, ਕਾਪੀਆਂ ਚੁੱਕ ਕੇ ਕਮਰੇ ਤੋਂ ਬਾਹਰ ਹੋ ਜਾਂਦੀ ਹੈ। ਮੈਂ ਸੋਚਿਆ, ਇਹ ਉਸਦੀ ਕਿਸ਼ੋਰ ਅਵੱਸਥਾ ਹੈ। ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਹੀ ਅਜਿਹਾ ਹੈ। ਨਿੱਕੇ ਮੋਟੇ ਤਕਰਾਰ ਵੀ ਚਲਦੇ ਰਹਿੰਦੇ ਨੇ ਅਤੇ ਅਪਣੱਤ ਦੇ ਭਾਵ ਵੀ। ਬੱਚੇ ਜੇ ਗੁੰਮਰਾਹ ਹੁੰਦੇ ਨੇ ਤਾਂ ਵੱਡਿਆਂ ਦਾ ਫ਼ਰਜ਼ ਬਣਦਾ ਹੈ ਕਿ ਉਨ੍ਹਾਂ ਦਾ ਸਹੀ ਮਾਰਗ-ਦਰਸ਼ਨ ਕਰਨ। ਸੁਰਭੀ ਕਈ ਦਿਨ ਕਾਲਜ ਨਾ ਆਈ। ਫੇਰ ਆਈ ਤਾਂ ਪਹਿਲਾਂ ਵਾਂਗ ਹੀ ਹੱਸਣ-ਖੇਡਣ ਤੇ ਗੁਟਕਣ ਲੱਗੀ। ਫਰਕ ਸਿਰਫ਼ ਏਨਾ ਪਿਆ ਕਿ ਉਸਨੇ ਸੰਗੀਤ ਵਿਸ਼ਾ ਛੱਡ ਦਿੱਤਾ ਅਤੇ ਫਾਈਨ ਆਰਟਸ ਲੈ ਲਿਆ। ਉਸ ਦਿਨ ਮੈਡਮ ਨੀਲਮ ਮਿਲੀ ਤਾਂ ਕਹਿਣ ਲੱਗੀ, ‘ਭੱਲਾ ਸਾਹਿਬ! ਥੋੜ੍ਹਾ ਹੁਸ਼ਿਆਰ ਹੋ ਕੇ ਰਿਹਾ ਕਰੋ’ ਅਤੇ ਫੇਰ ਧੀਮੇ ਜਿਹੇ ਬੋਲੀ ‘ਸੁਰਭੀ ਨੇ ਕਿਸੇ ਕੋਲ ਕਿਹੈ, ਏਸ ਬੁੱਢੇ ਨੂੰ ਸਬਕ ਸਿਖਾਉਣਾ ਹੀ ਪੈਣੈ।’ ਅੱਜ ਸੁਰਭੀ ਫੇਰ ਆਈ ਹੈ। ਉਹ ਮੇਰੇ ਸਾਹਮਣੇ ਮਿਊਜ਼ਿਕ-ਰੂਮ ਵਿਚ ਮੁਜ਼ਰਿਮਾਂ ਵਾਂਗ ਬੈਠੀ ਹੈ। ਮੈਨੂੰ ਜਾਪਿਆ ਪਈ ਉਹ ਆਪਣੇ ਕੀਤੇ ਉੱਤੇ ਪਸ਼ਚਾਤਾਪ ਕਰ ਰਹੀ ਸੀ। ਨਿਆਣੀ ਉਮਰ ਵਿਚ ਅਜਿਹੀਆਂ ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ, ਇਹ ਉਮਰ ਹੀ ਅਜਿਹੀ ਹੁੰਦੀ ਹੈ, ਕਿਤੇ ਵੀ ਪੈਰ ਤਿਲਕ ਸਕਦਾ ਹੈ। ਮੈਂ ਕਹਿ ਰਿਹਾ ਹਾਂ, ‘ਸੁਰਭੀ ਉਸ ਦਿਨ ਵਾਲੀ ਗੱਲ ਭੁੱਲ ਜਾਹ। ਤੇਰੇ ਵਿਚ ਮਹਾਨ ਕਲਾਕਾਰ ਬਣਨ ਵਾਲੇ ਗੁਣ ਹਨ। ਮੈਂ ਤੈਨੂੰ ਪ੍ਰਾਪਤੀਆਂ ਦੀ ਟੀਸੀ ਉੱਪਰ ਚੜਿ੍ਹਆ ਵੇਖਣਾ ਚਾਹੁੰਦਾ ਪਰ….।’ ਏਨੇ ਵਿਚ ਹੀ ਬਾਹਰ ਖੜ੍ਹੇ ਯੂਨੀਅਨ ਲੀਡਰ ਹਰਜੀਤ ਅਤੇ ਉਸਦੇ ਨਾਲ ਦੋ ਵਿਦਿਆਰਥਣਾਂ ਕਮਲੇਸ਼ ਤੇ ਸਤਿੰਦਰ ਵੀ ਆ ਜਾਂਦੀਆਂ ਹਨ। ਇੱਥੋਂ ਤੱਕ ਕਿ ਆਪਣੇ ਆਪ ਵਿਚ ਆਉਣ ਲੱਗਿਆਂ, ਮੈਨੂੰ ਕਿੰਨਾ ਚਿਰ ਲੱਗਿਆ, ਇਸ ਗੱਲ ਦਾ ਤਾਂ ਮੈਂ ਅਨੁਮਾਨ ਵੀ ਨਹੀਂ ਲਗਾ ਸਕਦਾ। ਮੈਨੂੰ ਕੁਝ ਵੀ ਨਹੀਂ ਸੀ ਸੁੱਝ ਰਿਹਾ। ਦਿਮਾਗ ਜਿਵੇਂ ਸੁੰਨ ਹੋ ਕੇ ਰਹਿ ਗਿਆ ਹੋਵੇ। ਮੈਂ ਕੇਵਲ ਇੰਨਾ ਹੀ ਕਹਿ ਸਕਦਾ ਹਾਂ, ‘ਪ੍ਰਿੰਸੀਪਲ ਸਾਹਿਬ ਮੇਰੇ ਵਿਰੁੱਧ ਸਾਜ਼ਿਸ਼ ਘੜੀ ਗਈ ਐ।’ ‘ਅਜਿਹੇ ਨਾਜੁਕ ਮੌਕੇ ਉੱਪਰ ਮੈਂ ਕੋਈ ਕੁਮੈਂਟ ਨਹੀਂ ਕਰ ਸਕਦਾ, ਮਿਸਟਰ ਭੱਲਾ। ਬੈਟਰ ਹੈ ਤੁਸੀਂ ਕੁਝ ਦਿਨਾਂ ਲਈ ਛੁੱਟੀ ਚਲੇ ਜਾਓ’ ਕਹਿ ਪ੍ਰਿੰਸੀਪਲ ਚੋਪੜਾ ਦਫ਼ਤਰ ਵਿਚੋਂ ਨਿਕਲ ਜਾਂਦੇ ਹਨ, ਸ਼ਾਇਦ ਅਧਿਆਪਕਾਂ ਨੂੰ ਲੈ ਕੇ ਵਿਦਿਆਰਥੀਆਂ ਨੂੰ ਸ਼ਾਂਤ ਕਰਨ ਲਈ। ਛੁੱਟੀ ਤਾਂ ਮੈਂ ਇੱਕ ਦਿਨ ਛੱਡ ਕੇ ਹੀ ਲਈ। ਪ੍ਰੋ. ਬੱਤਰਾ, ਇਨਕੁਆਰੀ ਅਫ਼ਸਰ ਨੂੰ ਆਪਣਾ ਪੱਖ ਜੋ ਦੱਸਣਾ ਸੀ। ਵਿਦਿਆਰਥੀਆਂ ਦੇ ਰੋਹ ਅੱਗੇ ਟਿਕ ਸਕਣਾ, ਸ਼ਹਿਰ ਵਾਸੀਆਂ ਦੀਆਂ ਨਿਗਾਹਾਂ ਤੋਂ ਬਚ ਰਹਿਣਾ ਜਿਵੇਂ ਮੇਰੇ ਆਪਣੇ ਹੱਥ-ਵੱਸ ਨਹੀਂ ਸੀ ਰਿਹਾ। ਏਸ ਲਈ ਜਿੰਨੀ ਦੇਰ ਤੱਕ ਇਨਕੁਆਰੀ ਦਾ ਕੰਮ ਚੱਲ ਰਿਹੈ, ਕਿਤੇ ਟਿੱਭ ਜਾਣਾ ਹੀ ਬਿਹਤਰ ਹੈ ਪਰ ਫੇਰ ਮਨ ਵਿਚ ਆਇਆ ਪਈ ਚਲੇ ਜਾਣ ਨਾਲ ਤਾਂ ਸਗੋਂ ਮੇਰੇ ਉੱਪਰ ਵਧੇਰੇ ਸ਼ੱਕ ਹੋਵੇਗਾ। ਆਇਆ ਤਾਂ ਕਾਲਜ ਚਲਿਆ ਗਿਆ। ਸਥਿਤੀ ਦੀ ਨਾਜ਼ੁਕਤਾ ਨੂੰ ਭਾਂਪਦਿਆਂ ਸਭ ਤੋਂ ਪਹਿਲਾਂ ਪ੍ਰਿੰਸੀਪਲ ਚੋਪੜਾ ਨੂੰ ਮਿਲਣ ਦੀ ਸੋਚਦਾ ਹਾਂ। ਆਖਰ ਪੈਂਤੀ ਵਰ੍ਹੇ ਇਸੇ ਕਾਲਜ ਵਿਚ ਅਸੀਂ ਇਕੱਠਿਆਂ ਹੀ ਪੜ੍ਹਾਇਆ ਸੀ। ਉਹ ਵੀ ਸਾਡਾ ਹੀ ਸਾਥੀ ਸੀ, ਨਵੇਂ ਨਿਯਮਾਂ ਅਨੁਸਾਰ ਪੀ.ਐਚ.ਡੀ. ਹੋਣ ਕਾਰਨ ਉਹ ਪ੍ਰਿੰਸੀਪਲ ਬਣ ਗਿਆ ਸੀ, ਨਹੀਂ ਤਾਂ ਅਸੀਂ ਇਕੱਠਿਆਂ ਹੀ ਸਰਵਿਸ ਜੁਆਇਨ ਕੀਤੀ ਸੀ। ‘ਚੋਪੜਾ ਸਾਹਿਬ! ਮੈਂ ਸਾਜ਼ਿਸ਼ ਦਾ ਸ਼ਿਕਾਰ ਹੋ ਗਿਆ ਹਾਂ। ਏਸੇ ਵੇਲੇ ਸਿਰਫ਼ ਤੁਸੀਂ ਹੀ ਮੇਰੀ ਮਦਦ ਕਰ ਸਕਦੇ ਓ।’ ਏਹ ਮੈਂ ਮਸੀਂ ਹੀ ਕਹਿ ਸਕਦਾ ਹਾਂ। ਇਨਕੁਆਰੀ ਰਿਪੋਰਟ ਦੇ ਆਧਾਰ ’ਤੇ ਪ੍ਰਬੰਧਕੀ ਬੋਰਡ ਵੱਲੋਂ ਮੈਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਗਿਆ। ਸੁਰਭੀ ਨੇ ਕਿਹਾ : ਹੁਣ ਚਾਹੁੰਦੀ ਤਾਂ ਮੈਂ ਸਾਂ ਪਈ ਭੱਲਾ ਸਾਹਿਬ ਨੂੰ ਜਾਂਦਿਆਂ ਨੂੰ ਮਿਲਾਂ। ਹੁਣ ਜਦੋਂ ਸਾਰੀ ਘਟਨਾ ਵਾਪਰ ਚੁੱਕੀ ਹੈ, ਇਨਕੁਆਰੀ ਤੋਂ ਪਿੱਛੋਂ ਉਨ੍ਹਾਂ ਨੂੰ ਨੌਕਰੀ ਤੋਂ ਬਰਤਰਫ਼ ਕੀਤਾ ਜਾ ਚੁੱਕਿਆ ਹੈ, ਉਨ੍ਹਾਂ ਦੇ ਸਾਰੇ ਬਕਾਏ ਜ਼ਬਤ ਕੀਤੇ ਜਾ ਚੁੱਕੇ ਹਨ। ਉਹ ਸਾਰੇ ਕਾਲਜ ਲਈ, ਇੱਥੋਂ ਤੱਕ ਕਿ ਸਾਰੇ ਸ਼ਹਿਰ ਲਈ ਘਿਰਣਾ ਦੇ ਪਾਤਰ ਬਣ ਚੁੱਕੇ ਹਨ। ਸ਼ਾਮ ਨੂੰ ਵਿਦਿਆਰਥੀਆਂ ਨੇ ਕਾਲਜ ਵਿਚ ਜਿੱਤ ਦਾ ਜਸ਼ਨ ਮਨਾਉਣਾ ਹੈ। ਅਧਿਆਪਕ, ਮਾਪੇ ਤੇ ਸ਼ਹਿਰੀ ਪਤਵੰਤੇ ਵੀ ਸ਼ਾਮਿਲ ਹੋਣਗੇ। ਧੂੰਆਂ ਧਾਰ ਤਕਰੀਰਾਂ ਹੋਣਗੀਆਂ ਅਤੇ ਮੈਨੂੰ ਦੁਰਗਾ ਦੇਵੀ ਦਾ ਖਿਤਾਬ ਦਿੱਤਾ ਜਾਵੇਗਾ ਕਿਉਂ ਜੋ ਮੈਂ ਬਹਾਦਰੀ ਨਾਲ ਵਿੱਦਿਅਕ ਅਦਾਰਿਆਂ ਵਿਚਲੀਆਂ ਨੈਤਿਕ ਕਦਰਾਂ-ਕੀਮਤਾਂ ਦੀ ਰਾਖੀ ਜੋ ਕੀਤੀ ਸੀ। ਪਹਿਲਾਂ ਤਾਂ ਮੈਂ ਸਮਝਿਆ ਪਈ ਕਿਉਂ ਜੋ ਅੱਜ ਮੇਰਾ ਪ੍ਰੈਕਟੀਕਲ ਠੀਕ ਨਹੀਂ ਸੀ ਹੋਇਆ, ਇਸ ਲਈ ਉਨ੍ਹਾਂ ਨੇ ਓਵਰਟਾਈਮ ਵਿਚ ਪ੍ਰੈਕਟੀਕਲ ਲਗਾ ਕੇ ਸਮਝਾਉਣਾ ਹੋਵੇਗਾ। ਇਸ ਗੱਲ ਬਾਰੇ ਜਦੋਂ ਮੈਂ ਆਪਣੀ ਸਹੇਲੀ ਰੁਚੀ ਨਾਲ ਗੱਲ ਕੀਤੀ ਤਾਂ ਉਸਨੇ ਮੈਨੂੰ ਸਿਆਣਿਆਂ ਵਾਂਗ ਸਮਝਾਉਂਦਿਆਂ ਕਿਹਾ ਸੀ, ‘ਸੁਰਭੀ! ਏਹ ਸਾਰਾ ਕੁਝ ਤਾਂ ਚੱਲਦਾ ਈ ਰਹਿੰਦੈ। ਸ਼ਰਮੇ ਤੇ ਹੈਡਮਾਸਟਰ ਦੀ ਇੱਕੋ ਗੱਲ ਏ। ਜੇ ਤੂੰ ਕਿਸੇ ਨੂੰ ਦੱਸੇਂਗੀ ਤਾਂ ਤੇਰੇ ਸਿਰ ’ਚ ਈ ਸੁਆਹ ਪਊਗੀ।’ ਫੇਰ ਉਸਨੇ ਹੌਲੀ ਜਿਹੇ ਆਖਿਆ, ‘ਨਾਲੇ ਮਾਸਟਰ ਜੀ ਏਨੇ ਮਾੜੇ ਨਹੀਂ, ਏਹਨਾਂ ਤੋਂ ਆਪਾਂ ਸੌ ਕੰਮ ਲੈਣੈ।’ ਰੁਚੀ ਦੀ ਇਹ ਗੱਲ ਮੈਨੂੰ ਬੜੀ ਮਾੜੀ ਲੱਗੀ ਸੀ ਪਰ ਉਸ ਦਿਨ ਜਦੋਂ ਦਫ਼ਤਰ ਕੋਲ ਦੀ ਲੰਘ ਰਹੀ ਸਾਂ, ਸ਼ਰਮਾ ਜੀ ਅਤੇ ਹੈਡਮਾਸਟਰ ਸਾਹਿਬ ਨੂੰ ਉੱਚੀ-ਉੱਚੀ ਠਹਾਕੇ ਲਗਾਉਂਦਿਆਂ ਅਤੇ ਰੁਚੀ ਨੂੰ ਦਫ਼ਤਰੋਂ ਬਾਹਰ ਆਉਂਦਿਆਂ ਆਪਣੇ ਵਾਲ ਠੀਕ ਕਰਦਿਆਂ ਵੇਖਿਆ ਸੀ ਤਾਂ ਗੱਲ ਮੇਰੀ ਸਮਝ ਵਿਚ ਆਈ। ਪਿੰਡੋਂ ਸਕੂਲ ਦੀ ਪੜ੍ਹਾਈ ਖ਼ਤਮ ਕਰਕੇ ਸ਼ਹਿਰ ਦੇ ਕਾਲਜ ਵਿਚ ਜਾ ਲੱਗਣਾ ਆਪਣੀ ਹੀ ਤਰ੍ਹਾਂ ਦਾ ਅਨੁਭਵ ਸੀ। ਪਰ ਪਿਤਾ ਜੀ ਬੜੇ ਹੀ ਅਗਾਂਹਵਧੂ ਖਿਆਲਾਂ ਦੇ ਸਨ। ਭਾਵੇਂ ਉਨ੍ਹਾਂ ਦਾ ਹੱਥ ਸਦਾ ਹੀ ਤੰਗ ਰਹਿੰਦਾ ਸੀ, ਫੇਰ ਵੀ ਉਨ੍ਹਾਂ ਨੇ ਮੈਨੂੰ ਉਚੇਚੀ ਪੜ੍ਹਾਈ ਕਰਵਾਉਣ ਦਾ ਨਿਸ਼ਚਾ ਕੀਤਾ ਹੋਇਆ ਸੀ। ਉਂਝ ਮੈਨੂੰ ਸੰਗੀਤ ਵਿਚ ਕੋਈ ਦਿਲਚਸਪੀ ਨਹੀਂ ਪਰ ਇੱਕ ਤਾਂ ਇਸ ਵਿਚੋਂ ਨੰਬਰ ਵੱਧ ਆ ਜਾਂਦੇ ਸਨ ਅਤੇ ਦੂਸਰੇ ਕਹਿੰਦੇ ਸਨ ਪਈ ਕੁੜੀਆਂ ਲਈ ਇਹ ਵਿਸ਼ਾ ਬੜਾ ਢੁਕਵਾਂ ਸੀ। ਪ੍ਰੋ. ਬਲਬੀਰ ਮੈਨੂੰ ਉੱਕਾ ਹੀ ਚੰਗਾ ਨਹੀਂ ਲਗਦਾ। ਅਸਲ ਵਿਚ ਉਸਦਾ ਪੜ੍ਹਾਉਣ ਢੰਗ ਬਹੁਤੇ ਵਿਦਿਆਰਥੀਆਂ ਨੂੰ ਚੰਗਾ ਨਹੀਂ ਲਗਦਾ ਅਤੇ ਵਿਦਿਆਰਥਣਾਂ ਨੂੰ ਤਾਂ ਬਿਲਕੁਲ ਹੀ ਨਹੀਂ। ਉਹ ਜਦੋਂ ਲੈਕਚਰ ਦੇ ਰਿਹਾ ਹੁੰਦਾ ਤਾਂ ਇੰਝ ਜਾਪਦਾ ਜਿਵੇਂ ਕੋਈ ਵਿਅਕਤੀ ਨਹੀਂ ਸਗੋਂ ਕਿਤਾਬਾਂ ਬੋਲ ਰਹੀਆਂ ਹੋਣ। ਇਸੇ ਲਈ ਤਾਂ ਮੈਂ ਪ੍ਰੋ. ਬੱਤਰਾ ਨੂੰ ਬੇਨਤੀ ਕੀਤੀ ਸੀ ਪਰ ਉਨ੍ਹਾਂ ਹਮੇਸ਼ਾ ਹੀ ਟਾਲ ਰੱਖਿਆ। ਪੰਜਾਬੀ ਵਾਲੀ ਮੈਡਮ ਬੜੀ ਖੁੱਲ੍ਹੀ-ਡੁੱਲ੍ਹੀ ਸੀ। ਉਹ ਸਾਡੇ ਨਾਲ ਛੇਤੀ ਹੀ ਘੁਲ ਮਿਲ ਗਈ। ਲੰਬੀ-ਲੰਝੀ, ਪਤਲੀ ਪਤੰਗ, ਉੱਚਾ ਲੰਮਾ ਕੱਦ ਵੇਖ ਕੇ ਮੇਰਾ ਦਿਲ ਕੀਤਾ ਸੀ ਪਈ ਜੇ ਕਿਤੇ ਮੈਂ ਅਧਿਆਪਕ ਬਣੀ ਤਾਂ ਉਸਦਾ ਸਟਾਈਲ ਹੀ ਅਪਣਾਂਵਾਗੀ। ਉਹ ਹਮੇਸ਼ਾ ਹੀ ਜ਼ਿੰਦਗੀ ਵਿਚੋਂ ਉਦਾਹਰਣਾਂ ਦੇ ਕੇ ਸਾਨੂੰ ਪੜ੍ਹਾਉਂਦੀ। ਖਾਸ ਤੌਰ ’ਤੇ ਜਦੋਂ ਉਹ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਜਾਇਦਾਦ’ ਪੜ੍ਹਾ ਰਹੀ ਹੁੰਦੀ ਤਾਂ ਔਰਤ ਦੀ ਹੋਣੀ ਨੂੰ ਬੜੇ ਹੀ ਮਾਰਮਿਕ ਤਰੀਕੇ ਨਾਲ ਵੇਰਵੇ ਦਿੰਦੀ ਅਤੇ ਕਈ ਵਾਰ ਤਾਂ ਉਸਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ। ਹੌਲੀ-ਹੌਲੀ ਮੇਰੀ ਦਿਲਚਸਪੀ ਮਿਊਜ਼ਿਕ ਵੱਲ ਵਧਦੀ ਚਲੀ ਗਈ। ਭੱਲਾ ਸਾਹਿਬ ਸਾਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸਨ। ਜਦੋਂ ਉਹ ਸਰਗਮ ਸਮਝਾ ਰਹੇ ਹੁੰਦੇ ਤਾਂ ਵਿਦਿਆਰਥੀਆਂ ਵਿਚ ਖਾਸ ਉਤਸੁਕਤਾ ਜਗਾਉਣ ਲੱਗ ਪੈਂਦੇ, ‘ਜੇ ਤੁਸੀਂ ਸੰਗੀਤ ’ਚੋਂ ਕੁਝ ਪ੍ਰਾਪਤ ਕਰਨੈ ਤਾਂ ਸਰਗਮ ਦਾ ਪੂਰਾ ਰਿਆਜ ਕਰੋ। ਇਹ ਮਿਊਜ਼ਿਕ ਦੀ ਪਹਿਲੀ ਪੌੜੀ ਵੀ ਹੈ ਤੇ ਆਖਰੀ ਵੀ।’ ਉਸ ਦਿਨ ਮੇਰਾ ਮਨ ਕੁਝ ਉਦਾਸ-ਉਦਾਸ ਜਿਹਾ ਸੀ। ਇੱਕ ਤਾਂ ਘਰੋਂ ਮਨੀਆਰਡਰ ਨਹੀਂ ਸੀ ਆਇਆ, ਇੱਕ ਇਸ ਵਾਰਡਨ ਨੇ ਬੜੇ ਹੀ ਸਖ਼ਤ ਲਫ਼ਜਾਂ ਵਿਚ ਨੋਟਿਸ ਕੱਢ ਮਾਰਿਆ ਸੀ, ‘ਜਿਹੜੇ ਵਿਦਿਆਰਥੀ ਪੰਦਰਾਂ ਤਾਰੀਕ ਤੱਕ ਡਿਊ ਜਮ੍ਹਾ ਨਹੀਂ ਕਰਵਾਉਣਗੇ, ਉਨ੍ਹਾਂ ਨੂੰ ਹੋਸਟਲ ਵਿਚੋਂ ਕੱਢ ਦਿੱਤਾ ਜਾਵੇਗਾ।’ ਇਹ ਵਾਰਡਨ ਵੀ ਬੜੀ ਕੱਬੀ ਸ਼ੈਅ ਹੈ। ਘਰ ਵਾਲੇ ਨਾਲ ਬਣੀ ਨਹੀਂ। ਖੁਦ ਤਾਂ ਕਹਿੰਦੀ ਐ ‘ਮੈਂ ਉਸਨੂੰ ਛੱਡਿਐ’ ਪਰ ਸਾਰੇ ਜਾਣਦੇ ਨੈ ਉਸਨੇ ਇਹਦੀਆਂ ਕਰਤੂਤਾਂ ਕਰਕੇ ਇਹਨੂੰ ਛੱਡਿਐ। ਇਹਦਾ ਨਾ ਅੱਗਾ ਨਾ ਪਿੱਛਾ। ਇਹ ਕੀ ਜਾਣੇ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਨੂੰ। ਇਸ ਉੱਪਰ ਮੈਨੂੰ ਬਹੁਤ ਹੀ ਗੁੱਸਾ ਆ ਰਿਹਾ ਸੀ….। ਉਸ ਵੇਲੇ ਮੇਰੀ ਹੈਰਾਨਗੀ ਦੀ ਹੱਦ ਨਾ ਰਹੀ, ਜਦੋਂ ਮੈਂ ਵਾਰਡਨ ਨੂੰ ਆਪਣੇ ਕਮਰੇ ਵਿਚ ਆਉਂਦਿਆਂ ਵੇਖਿਆ। ਕੁੱਝ ਦੇਰ ਚੁੱਪ ਰਹਿਣ ਤੋਂ ਪਿੱਛੋਂ ਉਸਨੇ ਕਿਹਾ, ‘ਸੁਰਭੀ ਬੇਟੇ! ਕੀ ਗੱਲ ਘਰੋਂ ਮਨੀਆਰਡਰ ਨਹੀਂ ਆਇਆ?’ ਪਹਿਲਾਂ ਤਾਂ ਮੈਨੂੰ ਮੈਡਮ ਦੀ ਗੱਲ ਅਟਪਟੀ ਜਿਹੀ ਲੱਗੀ। ਜੇ ਉਸਨੂੰ ਬੁਲਾਇਆ ਹੈ ਤਾਂ ਚਲੀ ਜਾਵੇ, ਮੇਰੇ ਨਾਲ ਜਾਣ ਦੀ ਕੀ ਤੁਕ ਬਣਦੀ ਐ, ਪਰ ਫੇਰ ਖਿਆਲ ਆਇਆ, ਵਿਚਾਰੀ ਇਕੱਲੀ ਹੈ, ਪਾਰਟੀਆਂ ਵਿਚ ਕੋਈ ਸਾਥ ਵੀ ਤਾਂ ਚਾਹੀਦੈ, ’ਕੱਲਿਆਂ ਤਾਂ ਉਂਝ ਹੀ ਜਾਣਾ ਨਹੀਂ ਚੰਗਾ ਲਗਦਾ। ਕਿਸੇ ਵੀ ਹੋਟਲ ਵਿਚ ਰਾਤ ਸਮੇਂ ਜਾਣ ਦਾ ਇਹ ਮੇਰਾ ਪਹਿਲਾ ਮੌਕਾ ਸੀ। ਪਾਰਟੀ ਕਾਹਦੀ ਸੀ, ਸ਼ਰਾਬ ਤੇ ਸ਼ਬਾਬ ਦੋਵੇਂ ਮੌਜੂਦ ਸਨ। ਦਿਲ ਕੀਤਾ ਪਈ ਪਾਰਟੀ ਵਿਚ ਵਿਚਾਲੇ ਹੀ ਛੱਡ ਕੇ ਬਾਹਰ ਭੱਜ ਜਾਵਾਂ ਪਰ ਮੈਡਮ ਜੋ ਮੇਰੇ ਨਾਲ ਸੀ, ਫਿਰ ਡਰ ਕਾਹਦਾ। ਮੇਰੀ ਅਜਿਹੀ ਹਾਲਤ ਵੇਖ ਕੇ ਮੈਡਮ ਨੇ ਮੇਰਾ ਹੱਥ ਜ਼ੋਰ ਦੀ ਘੁੱਟਿਆ ਜਿਵੇਂ ਮੈਨੂੰ ਕਾਇਮ ਹੋ ਕੇ ਰਹਿਣ ਲਈ ਧਰਵਾਸ ਦੇ ਰਹੀ ਹੋਵੇ। ਇਹ ਮੈਨੂੰ ਅਗਲੇ ਦਿਨ ਹੀ ਪਤਾ ਲੱਗਿਆ ਪਈ ਉਸ ਪਾਰਟੀ ਵਿਚ ਮੈਡਮ ਮੈਨੂੰ ਇੱਕ ਗਿਣੀ-ਮਿਥੀ ਸਾਜ਼ਿਸ਼ ਅਧੀਨ ਲੈ ਕੇ ਗਈ ਸੀ। ਇਸ ਤਰ੍ਹਾਂ ਉਹ ਆਪਣੀ ਸਾਜ਼ਿਸ਼ ਵਿਚ ਪੂਰੀ ਤਰ੍ਹਾਂ ਕਾਮਯਾਬ ਵੀ ਹੋ ਗਈ ਸੀ। ਨਾਲੇ ਸੁਰੇਸ਼ ਕੋਈ ਆਮ ਲੜਕਾ ਤਾਂ ਨਹੀਂ ਸੀ, ਸ਼ਹਿਰ ਦੇ ਕਰੋੜਪਤੀ ਬਾਪ ਦਾ ਇਕਲੌਤਾ ਬੇਟਾ, ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਦਾ ਪੁੱਤਰ। ਇਹ ਵੀ ਮੈਨੂੰ ਉੱਥੇ ਜਾਣ ਆਉਣ ਨਾਲ ਹੀ ਪਤਾ ਲੱਗਿਆ ਕਿ ਇਕੱਲੀ ਮੈਂ ਹੀ ਨਹੀਂ, ਸਗੋਂ ਸਾਡੇ ਕਾਲਜ ਦੀਆਂ ਅਤੇ ਹੋਰਨਾਂ ਕਾਲਜਾਂ ਦੀਆਂ ਕਈ ਕੁੜੀਆਂ ਇਨ੍ਹਾਂ ਮਹਿਫ਼ਿਲਾਂ ਦਾ ਸ਼ਿੰਗਾਰ ਬਣਦੀਆਂ ਹਨ। ਕਦੇ-ਕਦੇ ਸੋਚਦੀ ਹਾਂ ਪਈ ਸਾਡੀਆਂ ਵਿੱਦਿਅਕ ਸੰਸਥਾਵਾਂ, ਜਿਹੜੀਆਂ ਮੰਦਿਰ-ਮਸਜਿਦਾਂ ਵਾਂਗ ਪੂਜਾ ਸਥਾਨ ਹੁੰਦੀਆਂ ਸਨ, ਉਨ੍ਹਾਂ ਵਿਚ ਕੁਝ ਅਜਿਹੇ ਅਨਸਰ ਵੀ ਆ ਗਏ ਨੇ, ਵਾਰਡਨ ਮੈਡਮ ਅਤੇ ਸਾਇੰਸ ਮਾਸਟਰ ਸ਼ਰਮੇ ਵਰਗੇ ਜਿਹੜੇ ਮੇਰੇ ਵਰਗੀਆਂ ਅਨਭੋਲ ਕੁੜੀਆਂ ਨੂੰ ਅਜਿਹੇ ਰਾਹ ਤੋਰ ਰਹੇ ਹਨ, ਜਿਹੜਾ ਕਿੰਨਾ ਘਿਨਾਉਣਾ ਹੈ, ਫੇਰ ਖਿਆਲ ਆਉਂਦਾ ਹੈ ਜੇ ਇੱਥੇ ਮੈਡਮ ਜਾਂ ਸਾਇੰਸ ਮਾਸਟਰ ਵਰਗੇ ਹਨ ਤਾਂ ਪ੍ਰੋ. ਬੱਤਰਾ ਅਤੇ ਪ੍ਰੋ. ਭੱਲਾ ਵਰਗੇ ਵੀ ਹਨ ਜਿਹੜੇ ਨੈਤਿਕ ਕਦਰਾਂ-ਕੀਮਤਾਂ ਦੇ ਅਲੰਬਰਦਾਰ ਹਨ। ‘ਨਹੀਂ ਮੈਡਮ ਜੀ! ਏਦਾਂ ਨੀ ਹੋ ਸਕਦਾ, ਘੱਟੋ-ਘੱਟ ਮੈਂ ਏਦਾਂ ਨਹੀਂ ਕਰ ਸਕਦੀ’ ਕਹਿ ਮੈਂ ਉੱਚੀ-ਉੱਚੀ ਹਟਕੋਰੇ ਲੈਣ ਲੱਗ ਪੈਂਦੀ ਹਾਂ। ਅਸਲ ਵਿਚ ਵਾਰਡਨ ਮੈਡਮ ਨੇ ਗੱਲ ਹੀ ਕੁਝ ਅਜਿਹੀ ਕੀਤੀ ਸੀ ਜਿਹੜੀ ਮੈਂ ਕਦੇ ਵੀ ਨਹੀਂ ਸਾਂ ਕਰ ਸਕਦੀ। ਏਹ ਤਾਂ ਮਹਾਂ-ਪਾਪ ਸੀ। ‘ਸੁਰਭੀ!’ ਇਹ ਕੰਮ ਤੂੰ ਈ ਕਰ ਸਕਦੀ ਏਂ, ਏਹ ਤੈਨੂੰ ਈ ਕਰਨਾ ਪਵੇਗਾ।’ ਮੈਡਮ ਬੜੇ ਹੀ ਰੁੱਖੇ ਜਿਹੇ ਸੁਰ ’ਚ ਆਖਦੀ ਹੈ, ‘ਮੈਂ ਪ੍ਰੋਫੈਸਰ ਭੱਲੇ ਤੋਂ ਬਦਲਾ ਲੈਣਾ ਚਾਹੁੰਦੀ ਆਂ, ਉਸਨੇ ਮੇਰੇ ਪਿਆਰ ਨੂੰ ਠੁਕਰਾਇਆ ਸੀ, ਏਸ ’ਚ ਤੈਨੂੰ ਮੇਰੀ ਗੱਲ ਮੰਨਣੀ ਈ ਪਊ।’ ਫੇਰ ਉਸਨੇ ਧਮਕੀ ਭਰੇ ਲਹਿਜੇ ਵਿਚ ਇਹ ਵੀ ਕਹਿ ਦਿੱਤਾ, ‘ਫੇਰ ਤੈਨੂੰ ਪਤੈ, ਮੈਂ ਤੇਰੇ ਸਾਰੇ ਭੇਤ ਜਾਣਦੀ ਆਂ, ਜੇ ਤੂੰ ਮੇਰਾ ਕਿਹਾ ਨਾ ਮੰਨਿਆ ਤਾਂ ਤੇਰਾ ਉਹ ਹਾਲ ਹੋਵੇਗਾ, ਜਿਹੜਾ ਮੈਂ ਭੱਲੇ ਦਾ ਹੋਇਆ ਵੇਖਣਾ ਚਾਹੁੰਦੀ ਆਂ।’ ਵਾਰਡਨ ਮੈਡਮ ਦੀਆਂ ਗੱਲਾਂ ਵਿਚ ਤਰਕ ਵੀ ਸੀ ਤੇ ਤਾੜਨਾ ਵੀ। ਮੈਂ ਏਦਾਂ ਦਾ ਨਾਟਕ ਕਰਕੇ ਪਾਪਾਂ ਦੀ ਭਾਗਣ ਨਹੀਂ ਸਾਂ ਬਣਨਾ ਚਾਹੁੰਦੀ। ਪਰ ਕਹਿੰਦੇ ਨੇ ਕੁਝ ਗੱਲਾਂ ਸਾਡੇ ਆਪਣੇ ਹੱਥ-ਵੱਸ ਨਹੀਂ ਹੁੰਦੀਆਂ। ਹਾਲਾਤ ਹੀ ਕੁਝ ਅਜਿਹੇ ਬਣ ਜਾਂਦੇ ਨੇ ਜਾਂ ਬਣਾ ਦਿੱਤੇ ਜਾਂਦੇ ਨੇ, ਪਈ ਉਹ ਘਟਨਾਵਾਂ ਨਾਟਕਾਂ ਵਾਂਗ ਘਟ ਕੇ ਹੀ ਰਹਿੰਦੀਆਂ ਹਨ, ਅਸੀਂ ਤਾਂ ਬਸ ਜਿਵੇਂ ਉਸ ਨਾਟਕ ਦੇ ਪਾਤਰ ਹੀ ਹੋਈਏ ਅਤੇ ਨਿਰਦੇਸ਼ਕ ਕੋਈ ਹੋਰ ਹੋਵੇ। ਹੁਣ ਚਾਹੁੰਦੀ ਤਾਂ ਮੈਂ ਸਾਂ ਪਈ ਭੱਲਾ ਸਾਹਿਬ ਨੂੰ ਜਾਂਦਿਆਂ ਨੂੰ ਮਿਲਾਂ। ਉਨ੍ਹਾਂ ਨੂੰ ਸਾਰੀ ਗੱਲ ਦੱਸ ਕੇ ਮੁਆਫ਼ੀ ਮੰਗਾਂ, ਪਰ ਹੁਣ ਇਸ ਸਭ ਕਾਸੇ ਦਾ ਕੀ ਫਾਇਦਾ ਹੋਵੇਗਾ। ਇੱਕ ਦਰਵੇਸ਼ ਅਧਿਆਪਕ ਨੂੰ ਸਿਰਫ਼ ਮੇਰੇ ਕਰਕੇ ਹੀ ਸੰਤਾਪ ਭੋਗਣਾ ਪਿਆ। ਆਪਣੇ ਆਪਨੂੰ ਬਚਾਉਣ ਲਈ ਕਿੰਨਾ ਵੱਡਾ ਝੂਠ ਬੋਲਿਆ। ਮੈਂ ਉੱਚੀ-ਉੱਚੀ ਚੀਕਣਾ ਚਾਹੁੰਦੀ ਹਾਂ। ਚਾਹੁੰਦੀ ਹੋਈ ਵੀ ਮੈਂ ਭੱਲਾ ਸਾਹਿਬ ਕੋਲ ਜਾ ਕੇ ਪਸ਼ਚਾਤਾਪ ਨਾ ਕਰ ਸਕੀ ਅਤੇ ਪ੍ਰੋ. ਭੱਲਾ ਅਣਦੱਸੇ ਰਾਹਾਂ ਉੱਪਰ ਚਲੇ ਗਏ। ਵਿਦਾਇਗੀ ਵਾਲੇ ਦਿਨ ਜਦੋਂ ਪ੍ਰੋ. ਬੱਤਰਾ ਨੇ, ‘ਪ੍ਰੋ. ਭੱਲਾ, ਭਲਾਂ ਕਿੱਥੋਂ ਕੁ ਤੱਕ ਪਹੁੰਚਿਆ ਸੀ?’ ਪੁੱਛਿਆ ਤਾਂ ਪਤਾ ਨਹੀਂ ਕਦੋਂ ਅਤੇ ਕਿਵੇਂ ਮੇਰੇ ਮੂੰਹੋਂ ਇਹ ਨਿਕਲ ਗਿਆ ਸੀ, ‘ਏਹ ਤਾਂ ਮੈਂ ਉਸ ਬੇਦਰਦ ਨੂੰ ਸਬਕ ਸਿਖਾਉਣ ਦਾ ਇੱਕ ਢੰਗ ਲੱਭਿਆ ਸੀ।’ ਇਸ ਗੱਲ ਦੀ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਪਈ ਇਹ ਮੈਂ ਸਚਾਈ ਨੂੰ ਪ੍ਰਗਟ ਕਰਨ ਲਈ ਕਿਹਾ ਸੀ ਜਾਂ ਰਹੱਸ ਨੂੰ ਹੋਰ ਗੂੜ੍ਹਾ ਕਰਨ ਲਈ ਅਤੇ ਜਾਂ ਫਿਰ ਏਨੇ ਚਿਰ ਤੋਂ ਮਨ ’ਤੇ ਪਿਆ ਬੋਝ ਹਲਕਾ ਕਰਨ ਲਈ। |
682 |
ਜੀਵਨ ਬਿਓਰਾ:
ਜੋਗਿੰਦਰ ਸਿੰਘ ਨਿਰਾਲਾ
ਜਨਮ: 10 ਅਕਤੂਬਰ, 1945
ਮਾਤਾ: ਸ੍ਰੀ ਮਤੀ ਸੰਤ ਕੌਰ
ਪਿਤਾ: ਸ੍ਰ. ਲਾਲ ਸਿੰਘ ਰੁਪਾਲ
ਵਿਦਿੱਆ: ਐਮ.ਏ. (ਅੰਗਰੇਜ਼ੀ, ਪੰਜਾਬੀ), ਪੀ.ਐਚਡੀ
ਪੱਕਾ ਪਤਾ: ਬੀ-793 ਸਾਹਿਤ ਮਾਰਗ, ਬਰਨਾਲਾ
ਫੋਨ: 01679 225364
ਮੋਬਾਈਲ: +91 98721 61644
ਕਿੱਤਾ: ਸੇਵਾਮੁਕਤ/ਪ੍ਰੋਫੈਸਰ ਭਾਸ਼ਾਵਾਂ, ਪੰਜਾਬ ਐਗਰੀਕਲਚਰਲ ਯੂਨੀ. ਲੁਧਿਆਣਾ
ਈ-ਮੇਲ: drnirala@gmail.com
ਛਪੀਅਾਂ ਪੁਸਤਕਾਂ/ਰਚਨਾਵਾਂ:
ਕਹਾਣੀ ਸੰਗ੍ਰਹਿ:
ਪਰਿਸਥਿਤੀਅਾਂ (1968), ਨਾਇਕ ਦੀ ਖੋਜ (1973), ਸੰਤਾਪ (1981), ਰੱਜੇ ਪੁੱਜੇ ਲੋਕ (1985), ਸ਼ੁਤਰਮੁਰਗ (1988), ਉਤਰ ਕਥਾ (1999), ਸ਼ੁਤਰ ਮੁਰਗ ਦੀ ਵਾਪਸੀ (2002), ਚੋਣਵੀਅਾਂ ਕਹਾਣੀਅਾਂ (2002),ਜ਼ਿੰਦਗੀ ਦਾ ਦਰਿਆ (2014
ਸੰਪਾਦਿਤ ਕਹਾਣੀ ਸੰਗ੍ਰਹਿ:
ਕਾਕੜੇ ਬੇਰ(1962-ਕਹਾਣੀਅਾਂ), ਨਾਰਦ ਡਉਰੂ ਵਜਾਇਆ(1988), ਦਾਇਰੇ (1990-ਮਿੰਨੀ ਕਹਾਣੀਅਾਂ), ਕਥਨ (1991-ਕਹਾਣੀਅਾਂ)
ਆਲੋਚਨਾ:
ਪੰਜਾਬੀ ਕਹਾਣੀ ਵਿਚ ਤਣਾਓ (1990), ਕਹਾਣੀ ਦੀ ਰੂਪ ਰੇਖਾ (2008), ਨੌਵੇਂ ਦਹਾਕੇ ਤੋਂ ਬਾਅਦ ਦੀ ਕਹਾਣੀ (2010)
ਲੇਖਕ ਬਾਰੇ:
ਉੱਤਰ ਆਧੁਨਿਕਤਾ ਦਾ ਕਹਾਣੀਕਾਰ—ਜੋਗਿੰਦਰ ਸਿੰਘ ਨਿਰਾਲਾ (1990) ਸੰਪਾਦਕ: ਅਮਰ ਕੋਮਲ
ਹਿੰਦੀ:
‘ਬਿਖਰ ਰਹਾ ਮਾਨਵ’-1991, ਜਨਮਾਂਤਰ (2007)
ਸਾਹਿਤਕ ਆਹੁਦੇ:
* ਸਾਹਿਤ ਅਕਾਡਮੀ, ਲੁਧਿਆਣਾ ਦਾ ਪਿਛਲੇ 6 ਸਾਲ ਤੋਂ ਮੀਤ ਪ੍ਰਧਾਨ
* ਸਾਹਿਤ ਅਕਾਡਮੀ, ਲੁਧਿਆਣਾ ਦਾ ਅੱਠ ਵੇਰਾਂ ਨਿਮੰਤ੍ਰਿਤ ਮੈਂਬਰ
* ਕਲਾਕਾਰ ਸੰਗਮ ਪੰਜਾਬ ਦਾ ਇਕ ਦਹਾਕੇ ਤੋਂ ਪ੍ਰਧਾਨ
* ਕੇਂਦਰੀ ਲੇਖਕ ਸਭਾ (ਸੇਖੋਂ) ਦਾ ਮੀਤ ਪ੍ਰਧਾਨ
* ‘ਮੁਹਾਂਦਰਾ’ ਤ੍ਰੈ-ਮਾਸਕ ਮੈਗਜ਼ੀਨ ਦਾ ਮੁੱਖ ਸੰਪਾਦਕ
ਸਾਹਿਤਕ ਖੋਜ ਕਾਰਜ:
* ਅਨੇਕਾਂ ਖੋਜ ਪੱਤਰ, ਭਾਸ਼ਾ ਵਿਬਾਗ, ਪੰਜਾਬ ਅਤੇ ਅਨੇਕਾਂ ਅਕਾਦਮੀਅਾਂ ਵਿਚ ਪੜ੍ਹੇ ਤੇ ਵਿਚਾਰੇ ਗਏ।
* ਅਨੇਕਾਂ ਪੁਸਤਕਾਂ ਦੇ ਰੀਵੀਊ ਅਤੇ ਮੁੱਖ ਬੰਧ ਲਿਖੇ।
* ਨਿਰਾਲਾ ਦੀਅਾਂ ਕਹਾਣੀਅਾਂ ‘ਤੇ ਦੋ ਖੋਜਾਰਥੀਅਾਂ ਨੇ ਐਮ.ਫ਼ਿਲ ਕੀਤੀ।
ਮਾਨ ਸਨਮਾਨ:
* ਬਲਰਾਜ ਸਾਹਨੀ ਯਾਦਗਾਰੀ ਸਨਮਾਨ ਵੱਲੋਂ ਸਾਹਿਤ ਠਰੱਸਟ, ਢੁੱਡੀ ਕੇ।
* ਸਾਹਿਤਯ ਅਚਾਰੀਆ ਸਨਮਾਨ ਵੱਲੋਂ ਸਾਹਿਤ ਸਭਾ, ਧੂਰੀ।
* ਪ੍ਰਿੰ. ਸੰਤ ਸਿੰਘ ਸੇਖੋਂ ਯਾਦਗਾਰੀ ਐਵਾਰਡ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਸਾਹਿਤ ਸਭਾ, ਪੰਜਾਬ।
* ਹੋਰ ਵੀ ਕਈ ਸਾਹਿਤਕ ਅਦਾਰਿਆ ਵੱਲੋਂ ਮਾਨ-ਸਨਮਾਨ ਮਿਲੇ।