ਅੱਜ ਸਾਡੇ ਕਾਲਿਜ ਵਿੱਚ ਏਥੇ ਨਵੀਂ ਖੁਲ੍ਹੀ ਨੈਂਨੀ- ਅਕੈਡਮੀ ਦੇ ਪ੍ਰਿੰਸੀਪਲ ਨੇ ਆ ਕੇ ਨੈਂਨੀ-ਟ੍ਰੇਨਿੰਗ ਵਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਮੇਰੀ ਅਕੈਡਮੀ ਵਿੱਚ ਦੋ ਵਿਸ਼ਿਆਂ ਦੀ ਪੜ੍ਹਾਈ ਕਰਵਾਈ ਜਾਵੇਗੀ, ਜਿਸ ਨਾਲ ਬਹੁਤ ਹੀ ਘੱਟ ਖਰਚ ਨਾਲ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਸ਼ਰਤੀਆ ਕੈਨੇਡਾ ਦਾ ਵੀਜ਼ਾ ਦਵਾ ਦੇਵਾਂਗਾ| ਮੈਂ ਕੋਈ ਏਥੇ ਪੈਸੇ ਕਮਾਉਣ ਨਹੀਂ ਆਇਆ| ਮੇਰੇ ਕੋਲ ਤਾਂ ਕੈਨੇਡਾ ਵਿਚ ਬਹੁਤ ਵੱਧੀਆ ਜੌਬ ਹੈ| ਪੈਸੇ ਮੈਂ ਬਹੁਤ ਕਮਾ ਲਏ ਹੋਏ ਨੇ| ਬੱਚੇ ਵੀ ਸੈੱਟ ਹਨ| ਇਹ ਮੇਰੇ ਮਨ ਵਿਚ ਪੇਂਡੂ ਮੁੰਡੇ-ਕੁੜੀਆਂ ਦੀ ਏਜੰਟਾਂ ਹੱਥੋਂ ਲੁੱਟ ਖਾਣੋਂ ਬਚਾਉਣ ਦੀ ਸੇਵਾ ਕਰਨਾ ਹੈ| ਉਹ ਦਸ-ਦਸ ਵੀਹ-ਵੀਹ ਲੱਖ, ਤਰ੍ਹਾਂ-ਤਰ੍ਹਾਂ ਦੇ ਸਬਜ਼-ਬਾਗ਼ ਦਿਖਾ ਕੇ ਡੁੱਕ ਲੈਂਦੇ ਹਨ| ਅਮ੍ਰੀਕਾ, ਕੈਨੇਡਾ ਤਾਂ ਕੋਈ ਚੰਗੀ ਕਿਸਮਤ ਵਾਲਾ ਹੀ ਅੱਪੜਦਾ ਹੈ, ਬਾਕੀ ਕਈ ਹੋਰ ਮੁਲਕਾਂ ਦੀਆਂ ਜੇਲਾਂ ਵਿਚ ਹੀ ਹਵਾ ਖਾਈ ਜਾਂਦੇ ਹਨ| ਕੁੱਝ ਸਮੁੰਦਰ ਦੀਆਂ ਲਹਿਰਾਂ ਦੀ ਭੇਂਟ ਚੜ੍ਹ ਜਾਂਦੇ ਹਨ| ਬਹੁਤੇ ਤਾਂ ਏਥੇ ਹੀ ਏਜੈਂਟਾਂ ਦੇ ਲਾਰਿਆਂ ਤੇ ਕੁੱਤੇ-ਝਾਕ ਲਾਈਂ ਰੱਖਦੇ ਹਨ| ਨਾਂ ਕਿਸੇ ਪਾਸੇ ਲੱਗਦੇ ਹਨ,ਂਨਾਂ ਪੈਸੇ ਫਸੇ ਹੋਏ ਹੀ ਮੁੜਦੇ ਹਨ| ਹੁਣ ਤੁਸੀਂ ਸੋਚਦੇ ਹੋਵੋਗੇ ਮੇਰੇ ਕੋਲ ਅਜਿਹੀ ਕਿਹੜੀ ਗਿੱਦੜ-ਸਿੰਗੀ ਐ ਜਿਸ ਨਾਲ ਜਲਦੀ ਕੈਨੇਡਾ ਪੁਚਾ ਦੇਵਾਂਗਾ| ਮੈਂ ਤੁਹਾਨੂੰ ਇੱਕ ਤਾਂ ਕੈਨੇਡਾ ਵਰਗੀ ਇੰਗਲਸ਼ ਬੋਲਣੀ ਸਿਖਾਵਾਂਗਾ ਤੇ ਟੋਫਲ ਟੈਸਟ ਪਾਸ ਕਰਾਵਾਂਗਾ| ਦੂਜਾ ਨੈਂਨੀ-ਟ੍ਰੇਨਿੰਗ ਦੇਵਾਂਗਾ| ਇਹ ਛੇ ਮਹੀਨੇ ਵਿੱਚ ਕਨੇਡਾ ਤੋਂ ਮਨਜ਼ੂਰ-ਸ਼ੁਦਾ ਕੋਰਸ ਕਰਵਾ ਕੇ ਨੈਂਨੀ-ਟ੍ਰੇਨਿੰਗ ਦਾ ਸਰਟੀਫੀਕੇਟ ਦਿੱਤਾ ਜਾਵੇਗਾ| ਇਸ ਦੀ ਫਸਿ ਪੰਜਾਹ ਹਜ਼ਾਰ ਹੈ| ਚਾਰ ਲੱਖ ਸਪੌਂਸਿਰਸ਼ਿਪ ਦਾ ਫਾਰਮ ਭਰ ਕੇ ਵੀਜ਼ਾ ਦਵਾ ਕੇ ਕੈਨੇਡਾ ਭੇਜਣ ਦੇ ਲੱਗਣਗੇ| ਜੇ ਕੋਈ ਤੁਹਾਡਾ ਕੈਨੇਡਾ ਵਿਚ ਰਹਿੰਦਾ ਤਹਾਨੂੰ ਨੈਂਨੀ ਲਈ ਸਪੌਂਸਿਰ ਕਰ ਦੇਵੇ ਤਾਂ ਖਰਚ ਅੱਧਾ ਹੋਵੇਗਾ| ਇਹ ਸੱਭ ਕੁੱਝ ਸਾਲ ਦੇ ਵਿੱਚ-ਵਿੱਚ ਹੀ ਹੋ ਜਾਵੇਗਾ| ਕੈਨੇਡਾ ਜਾ ਕੇ ਦੋ ਸਾਲ ਉਸ ਫੈਮਲੀ ਵਿੱਚ ਬੱਚਿਆਂ-ਬਜ਼ੁਰਗਾਂ ਦੀ ਸਾਂਭ-ਸੰਭਾਲ ਦਾ ਕੰਮ ਕਰਨਾ ਪੈਂਦਾ ਹੈ| ਦੋ ਸਾਲ ਪਿੱਛੋਂ ਪੱਕਾ ਵੀਜ਼ਾ ਮਿਲ ਜਾਵੇਗਾ ਤੇ ਤੁਸੀਂ ਕੈਨੇਡਾ ਵਿੱਚ ਆਜ਼ਾਦ ਪੰਛੀ ਹੋਵੋਂਗੇ ਅਤੇ ਅਪਿਣੇ ਘਰਦਿਆਂ ਨੂੰ ਵੀ ਮੰਗਵਾ ਸਕੋਗੇ| ਹੈ ਨਾ ਇਹ ਗਿੱਦੜ-ਸਿੰਗੀ ਕੈਨੇਡਾ ਜਾਣ ਦੀ ਬਹੁਤ ਹੀ ਘੱਟ ਸਮੇਂ ਵਿੱਚ| ਹੁਣ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਪੁੱਛ ਸਕਦਾ| “ਸਰ ਕੀ ਮੁੰਡੇ ਵੀ ਨੈਂਨੀ ਦਾ ਕੋਰਸ ਕਰ ਸਕਦੇ ਹਨ? ਘੱਟੋ-ਘੱਟ ਐਜੂਕੇਸ਼ਨ ਕਿੰਨੀ ਚਾਹੀਦੀ ਹੈ ?” ਇੱਕ ਮੁੰਡੇ ਨੇ ਪੁੱਛਿਆ| “ਜਿਵੇਂ ਹਸਪਤਾਲਾਂ ਵਿੱਚ ਮੇਲ ਤੇ ਫੀਮੇਲ ਨਰਸਾਂ ਹੁੰਦੀਆਂ ਹਨ, ਓਸੇ ਤਰਾਂ ਨੈਂਨੀਆਂ ਵੀ ਮੇਲ-ਫੀਮੇਲ ਹੁੰਦੀਆਂ ਹਨ| ਨਰਸਾਂ ਮਰੀਜ਼ਾਂ ਦੀ ਹਸਪਤਾਲਾਂ ਵਿੱਚ ਸੇਵਾ ਕਰਦੀਆਂ ਹਨ, ਨੈਂਨੀਆਂ ਘਰਾਂ ਵਿੱਚ ਟੱਬਰਾਂ ਦੀ ਦੇਖ-ਭਾਲ ਕਰਦੀਆਂ ਹਨ| ਤਨਖਾਹ ਵੀ ਉਹ ਫੇਮਲੀ ਹੀ ਦਿੰਦੀ ਹੈ| ਓਧਰ ਨੌਕਰ ਤਾ ਹੁੰਦੇ ਨਹੀਂ| ਦਫਤਰਾਂ ਵਿੱਚ ਵੀ ਕੋਈ ਚਪੜਾਸੀ ਨਹੀਂ ਹੁੰਦੇ| ਸੋ ਨੈਂਨੀਆਂ ਦੀ ਤਨਖਾਹ ਵੀ ਬਹੁਤ ਹੁੰਦੀ ਹੈ|” ਪ੍ਰਿੰਸੀਪਲ ਨੇ ਵਿਸਤਾਰ ਨਾਲ ਦੱਸਿਆ| “ਪਰ ਕੁੜੀਆਂ ਨੂੰ ਨੈਨੀਆਂ ਲਈ ਪਹਿਲ ਦਿੱਤੀ ਜਾਂਦੀ ਹੈ|” “ਸਰ ਤੁਸੀਂ ਕੁਆਲੀਫੀਕੇਸ਼ਨ ਬਾਰੇ ਦੱਸਣਾ ਤਾਂ ਹੋਰ-ਹੋਰ ਗੱਲਾਂ ਵਿਚ ਭੁੱਲ ਹੀ ਗਏ|” ਪ੍ਰੀਤੀ ਨੇ ਪੁੱਛਿਆ | “ਘੱਟੋ-ਘੱਟ ਪੜ੍ਹਾਈ ਹਾਇਰਸੈਕੰਡਰੀ ਪਾਰਟ ਸੈਕੰਡ ਹੈ, ਪਰ ਇੰਗਲਸ਼ ਫਰਾਟੇਦਾਰ ਬੋਲਣੀ ਆਉਂਦੀ ਹੋਵੇ| ਉਹ ਮੈਂ ਸਿਖਾ ਦੇਵਾਂਗਾ| ਜਿਸ ਨੇ ਦਾਖਲ ਹੋਣਾ, ਹਫ਼ਤੇ ਵਿੱਚ ਹੋ ਜਾਵੇ| ਬਹੁਤੀਆਂ ਸੀਟਾਂ ਨਹੀਂ ਕੇਵਲ ਪੱਚੀ ਹੀ ਹਨ| ਅਗਲੇ ਹਫ਼ਤੇ ਕਲਾਸ ਸ਼ੁਰੂ ਹੋ ਜਾਵੇਗੀ|” ਪ੍ਰਿੰਸੀਪਲ ਨੇ ਚਾਨਣਾ ਪਾਇਆ| ਪ੍ਰੀਤੀ ਬੀ-ਏ ਪਾਰਟ ਸੈਕੰਡ ਵਿਚ ਇੱਕ ਪੇਂਡੂ ਕਾਲਿਜ ਵਿਚ ਪੜ੍ਹਦੀ ਸੀ| ਪੜ੍ਹਨ ਨੂੰ ਬਹੁਤ ਲਾਇਕ ਸੀ| ਉਸ ਦੇ ਪਿਓ ਨੇ ਤਾਂ ਅੱਗੇ ਪੜ੍ਹਾਉਣ ਤੋਂ ਨਾਂਹ ਕਰ ਦਿੱਤੀ ਸੀ| ਪਰ ਪ੍ਰਿੰਸੀਪਲ ਨੇ ਫੀਸ ਮੁਆਫ ਕਰਕੇ ਦਾਖਲਾ ਦੇ ਦਿੱਤਾ ਸੀ| ਉਸ ਪਿੰਡ ਦੀਆਂ ਚਾਰ-ਪੰਜ ਕੁੜੀਆਂ ਸਾਈਕਲਾਂ ਤੇ ਹੀ ਪੜ੍ਹਨ ਜਾਂਦੀਆਂ ਸਨ| ਅੱਜ ਕਾਲਿਜੋਂ ਮੁੜਦਿਆਂ ਨੈਂਨੀ-ਅਕੈਡਮੀ ਵਾਲੇ ਪ੍ਰਿੰਸੀਪਲ ਦੇ ਲੈਕਚਰ ਬਾਰੇ ਸਲਾਹੀਂ ਪਈਆਂ ਹੋਈਆਂ ਸਨ| ਪ੍ਰੀਤੀ ਨੇ ਗੱਲ ਤੋਰੀ, “ਨੀ ਅੜੀਓ ਮੈਨੂੰ ਤਾਂ ਇਹ ਨੈਂਨੀ-ਟ੍ਰੇਨੰਗ ਬਹੁਤ ਚੰਗੀ ਲੱਗੀ ਐ| ਹੁਣ ਏਥੇ ਹਰ ਮੁੰਡਾ-ਕੁੜੀ ਬਾਹਰ ਤਾਂ ਕਿਵੇਂ ਨਾ ਕਿਵੇਂ ਜਾਣਾ ਹੀ ਚਾਹੁੰਦਾ| ਆਪਣੇ ਲਈ ਇਹ ਢੰਗ ਚੰਗਾ ਐ| ਜੇ ਕਿਤੇ ਘਰ ਦੇ ਮੱਨ ਜਾਣ ਸਹੀ|” ਪੰਮੀ ਕਹਿੰਦੀ, “ਜਦੋਂ ਉਨ੍ਹਾਂ ਨੂੰ ਟੱਬਰ ਦੀ ਸੇਵਾ ਕਰਨ ਬਾਰੇ ਦੱਸਾਂਗੀਆਂ, ਉਨ੍ਹਾਂ ਨੌਕਰਾਣੀ ਬਣਾ ਕੇ ਭੇਜਣ ਲਈ ਨਹੀਂ ਮਨਣਾ| ਊਂ ਇਹ ਕੰਮੀਪੁਣਾ ਹੀ ਹੈ,ਚੰਗਾ ਜਿਹਾ ਕੰਮ ਨਹੀਂ ਹੈ|” ਗੁਰਪ੍ਰੀਤ ਚਹਿਕੀ, “ਮੈਂ ਤਾਂ ਇਹ ਗੋਲਪੁਣਾ ਨਹੀਂ ਕਰ ਸਕਦੀ| ਡੈਡੀ ਕਹਿੰਦੇ ਨੇ, ਮੇਰਾ ਵਿਆਹ ਤਾਂ ਬਾਹਰੋਂ ਆਏ ਮੁੰਡੇ ਨਾਲ ਹੀ ਕਰਨਾ ਹੈ, ਭਾਵੇਂ ਵੀਹ-ਪੱਚੀ ਲੱਖ ਹੀ ਦੇਣੇ ਪੈਣ| ਪਿੱਛੋਂ ਸਾਰਾ ਟੱਬਰ ਵੀ ਚਲਾ ਜਾਵੇਗਾ| ਉਹ ਤਾਂ ਹੁਣੇ ਤੋਂ ਹੀ ਪੈਸੇ ਜੋੜੀਂ ਜਾਂਦੇ ਹਨ| ਮੈਨੂੰ ਕਹਿੰਦੇ ਹਨ ਪੜ੍ਹੀ ਜਾਵਾਂ| ਕੈਨੇਡਾ-ਅਮ੍ਰੀਕਾ ਤੋਂ ਆਏ ਮੁੰਡੇ ਬਹੁਤ ਪੜ੍ਹੀ-ਲਿਖੀ ਤੇ ਸੋਹਣੀ ਕੁੜੀ ਲੱਭਦੇ ਹਨ| ਰੂਪ ਦੀ ਰੱਬ ਨੇ ਕੰਜੂਸੀ ਕੀਤੀ ਹੀ ਨਹੀਂ|” ਘਰ ਪਹੁੰਚ ਕੇ ਪ੍ਰੀਤੀ ਮਾਂ ਨਾਲ ਕੰਮ ਵਿੱਚ ਹੱਥ ਵਟਾਉਣ ਲੱਗੀ| ਉਸ ਨੂੰ ਕੁੱਝ ਸੁੱਝ ਨਹੀਂ ਰਿਹਾ ਸੀ ਕਿ ਮਾਂ ਨਾਲ ਕਿਵੇਂ ਗੱਲ ਤੋਰੇ| ਬਾਪੂ ਨੇ ਤਾਂ ਮੂੰਹ ਤੇ ਮੱਖੀ ਨਹੀਂ ਬੈਠਣ ਦੇਣੀ ਸੀ| ਹੌਂਸਲਾ ਕਰਕੇ ਕਹਿਣ ਲੱਗੀ, “ਬੀ-ਜੀ ਤੇਰੇ ਨਾਲ ਇੱਕ ਸਲਾਹ ਕਰਨੀ ਐ| ਚਲ ਛੱਡੋ ਕੀ ਕਰਨੀ ਐ| ਮੈਂ ਵੀ ਕਮਲੀ ਐਵੇਂ ਰੁਪਿਹਲੇ ਖੁਆਬ ਦੇਖਣ ਲੱਗ ਪਈ ਹਾਂ| ਮੈਂ ਕੀ ਸਾਰੀਆਂ ਕੁੜੀਆਂ ਹੀ ਇਸ ਉਮਰੇ ਸੁਨਿਹਰੇ ਸੁਪਣੇ ਲੈਂਦੀਆਂ ਹਨ|” “ਪ੍ਰੀਤੀ ਤੈਨੂੰ ਕੀ ਹੋ ਗਿਆ? ਇਹ ਕੀ ਅੱਲ-ਵਲੱਲੀਆਂ ਮਾਰੀ ਜਾਂਦੀ ਐਂ? ਮੇਰੇ ਤਾਂ ਕੱਖ ਪੱਲੇ ਨਹੀਂ ਪੈ ਰਿਹਾ |”ਮਾਂ ਪੁੱਛਣ ਲੱਗੀ| “ਬੀ-ਜੀ ਜਿਹੜੀ ਚੀਜ਼ ਅਪਹੁੰਚ ਹੋਵੇ ਉਸ ਬਾਰੇ ਕੀ ਲੋਚਣਾ| ਤੇਰੇ ਨਾਲ ਕੋਈ ਸਲਾਹ ਨਹੀਂ ਕਰਨੀ| ਮੈਂ ਤਾਂ ਐਵੇਂ ਹੀ ਕਹਿ ਦਿੱਤਾ ਸੀ|” ਪ੍ਰੀਤੀ ਨੇ ਗੱਲ ਟਾਲਣੀ ਚਾਹੀ| “ਪ੍ਰੀਤੀ! ਮਾਂ-ਧੀ ਦੇ ਭੇਦ ਸਾਂਝੇ ਹੁੰਦੇ ਹਨ| ਤੂੰ ਕੁੱਝ ਲਕੋ ਨਾ| ਕੀ ਕੋਈ ਕਾਲਿਜ ਵਿੱਚ ਗੱਲ ਹੋ ਗਈ, ਜਿਹੜੀ ਮੇਰੇ ਤੋਂ ਵੀ ਲੁਕਾ ਰਹੀ ਐਂ| ਕੀ ਕਿਸੇ ਨੇ ਰਾਹ ਵਿੱਚ ਮੰਦਾ-ਚੰਗਾ ਬੋਲਿਆ? ਛੇਤੀ ਦੱਸ|” ਮਾਂ ਪੁੱਛਣ ਲਈ ਖਹਿੜੇ ਪੈ ਗਈ, ਚਿੰਤਾ ਕਰਕੇ| “ਬੀ-ਜੀ ਅਜਿਹੀ ਕੋਈ ਘਟਨਾ ਨਹੀਂ ਵਾਪਰੀ| ਅੱਜ ਸਾਡੇ ਕਾਲਿਜ ਵਿੱਚ ਨੈਂਨੀ-ਅਕੈਡਮੀ ਦਾ ਪ੍ਰਿੰਸੀਪਲ ਆਇਆ ਸੀ| ਉਹ ਦੱਸਦਾ ਸੀ, ਉਹ ਸਾਲ ਦੇ ਵਿੱਚ-ਵਿੱਚ ਨੈਂਨੀ ਦਾ ਕੋਰਸ ਕਰਵਾ ਕੇ ਕੈਨੇਡਾ ਦਾ ਵੀਜ਼ਾ ਲੈ ਦੇਵੇਗਾ| ਆਪਣਾ ਕੋਈ ਰਿਸ਼ਤੇਦਾਰ ਕੈਨੇਡਾ ਹੈ? ਜੇ ਕੋਈ ਹੈ ਤਾਂ ਬਹੁਤ ਹੀ ਘੱਟ ਖਰਚ ਆਵੇਗਾ| ਜੇ ਨਹੀਂ ਤਾਂ ਵੱਧ ਖਰਚ ਆਵੇਗਾ| ਪ੍ਰਿੰਸੀਪਲ ਕਿਸੇ ਕਨੇਡਾ ਵਿੱਚ ਰਹਿੰਦੀ ਫੈਮਲੀ ਤੋਂ ਸਪੌਂਸਰ ਕਰਵਾ ਦੇਵੇਗਾ| ਦੋ ਸਾਲ ਪਿੱਛੋਂ ਪੱਕੀ ਹੋ ਕੇ ਤੁਹਾਨੂੰ ਸਾਰਿਆਂ ਨੂੰ ਕੈਨੇਡਾ ਬੁਲਾ ਲਵਾਂਗੀ |” ਪ੍ਰੀਤੀ ਨੇ ਖੋਲ੍ਹ ਕੇ ਮਾਂ ਨੂੰ ਦੱਸਿਆ| “ਪ੍ਰੀਤੀ ਖਰਚ ਕਿਨਾ ਆਵੇਗਾ?” ਮਾਂ ਨੇ ਸਵਾਲ ਕੀਤਾ| “ਇਹ ਹੀ ਕੋਈ ਸਾਢੇ ਚਾਰ ਲੱਖ| ਪਰ ਬੀ-ਜੀ ਸਾਰਾ ਪਰਿਵਾਰ ਵੀ ਤਾਂ ਕੈਨੇਡਾ ਚਲੇ ਜਾਵੇਗਾ|” “ਨਾ ਧੀਏ ਤੇਰੇ ਬਾਪੂ ਨੇ ਨਹੀਂ ਮੰਨਣਾ| ਆਪਣੇ ਵਿਚ ਏਨੀ ਪੁਜਿਤ ਨਹੀਂ ਇਨਾ ਖਰਚ ਕਰਨ ਦੀ|” “ਬੀ-ਜੀ ਤੁਸੀਂ ਮੇਰੇ ਵਿਆਹ ਤੇ ਵੀ ਖਰਚ ਕਰਨਾ ਹੀ ਹੈ, ਉਹ ਖਰਚ ਨਹੀਂ ਕਰਨਾ ਪੈਣਾ| ਮੈਂ ਆਪੇ ਆਪਣੀ ਕਮਾਈ ਕਰਕੇ ਕਰਾ ਲਵਾਂਗੀ| ਭੈਣ ਤੇ ਵੀਰ ਨੂੰ ਪੜ੍ਹਾ-ਲਿਖਾ ਕੇ ਸੈੱਟ ਕਰ ਦੇਵਾਂਗੀ| ਘਰ ਦੀ ਗ਼ਰੀਬੀ ਕੱਟੀ ਜਾਵੇਗੀ|” ਪ੍ਰੀਤੀ ਨੇ ਸ਼ੇਖ-ਚਿੱਲੀ ਵਾਂਗ ਕਿਹਾ| “ਧੀਏ ਮੈਨੂੰ ਤਾਂ ਤੇਰੀ ਇਹ ਪੜ੍ਹਾਈ ਬਹੁਤ ਠੀਕ ਲੱਗਦੀ ਐ| ਤੇਰੇ ਪਿਓ ਨੂੰ ਮੰਨਾਉਣ ਦਾ ਜਤਨ ਵੀ ਕਰਾਂਗੀ, ਅੱਗੇਤੇਰੇ ਭਾਗ ਬੱਚੀਏ|” ਮਾਂ ਨੇ ਹੌਸਲਾ ਦਿੱਤਾ| ਰਾਤ ਨੂੰ ਰੋਟੀ-ਪਾਣੀ ਤੋਂ ਵਿਹਲੇ ਹੋ ਕੇ ਪ੍ਰੀਤੀ ਦੀ ਮਾਂ ਬਸੰਤ ਕੌਰ ਨੇ ਆਪਣੇ ਘਰ ਵਾਲੇ ਰਾਮ ਸਿੰਘ ਨਾਲ ਗੱਲ ਤੋਰੀ: “ਪ੍ਰੀਤੀ ਕਿਹੰਦੀ ਐ, ਉਹ ਨੈਂਨੀ-ਟ੍ਰੇਨਿੰਗ ਲੈ ਕੇ ਕੈਨੇਡਾ ਜਾਣਾ ਚਾਹੁੰਦੀ ਐ| ਬਹੁਤਾ ਖਰਚ ਨਹੀਂ ਆਉਂਦਾ|” “ਪਰ ਦੱਸਦੀ ਤਾਂ ਹਊ ਕਿਨਾ ਕੁ ਆਵੇਗਾ?” ਰਾਮ ਸਿੰਘ ਨੇ ਪੁਛਿੱਆ| “ਇਹ ਹੀ ਕੋਈ ਸਾਢੇ ਚਾਰ ਲੱਖ| ਵਿਆਹ ਤੇ ਵੀ ਤਾਂ ਹੁਣ ਇਨਾ ਖਰਚ ਹੋ ਹੀ ਜਾਂਦਾ ਹੈ| ਕੈਨੇਡਾ ਜਾ ਕੇ ਆਪਾਂ ਸਾਰਿਆਂ ਨੂੰ ਵੀ ਬੁਲਾ ਕੇ ਸਾਰੇ ਧੋਣੇ ਧੋ ਦੇਵੇਗੀ|” ਬਸੰਤ ਕੌਰ ਨੇ ਕਿਹਾ| “ਐਂ ਕਰ ਕੱਲ੍ਹ ਨੂੰ ਆਪਣੇ ਭਰਾ ਨਾਲ ਸਲਾਹ-ਮਸ਼ਵਰਾ ਕਰ ਕੇ ਆ| ਉਹ ਪੜ੍ਹਿਆ ਲਿਖਿਆ, ਠੀਕ ਰਾਏ ਦੇਵੇਗਾ। ਪੈਸਿਆਂ ਬਾਰੇ ਵੀ ਪੁੱਛ ਵੇਖੀਂ, ਆਪਣੇ ਕੋਲ ਤਾਂ ਹੈ ਨਹੀਂ| ਮਸਾਂ ਗੁਜ਼ਾਰਾ ਹੁੰਦਾ|” ਅਮਰ ਸਿੰਘ ਨੇ ਕਿਹਾ| ਅਗਲੇ ਦਿਨ ਬਸੰਤ ਕੌਰ ਆਪਣੇ ਭਰਾ ਨਾਲ ਸਲਾਹ ਕਰਕੇ ਮੁੜੀ ਤਾਂ ਬਾਗ਼ੋ-ਬਾਗ਼ ਸੀ| “ਹਾਂ ਫੇਰ ਤੇਰੇ ਭਰਾ ਨੇ ਕੀ ਸਲਾਹ ਦਿੱਤੀ?” ਰਾਤ ਨੂੰ ਰਾਮ ਸਿੰਘ ਨੇ ਬਸੰਤ ਕੌਰ ਨੂੰ ਪੁਛਿੱਆ| “ਉਹ ਕਹਿੰਦਾ ਚੰਗਾ ਘਰ ਲੱਭਣ ਲਈ ਵੀ ਏਦੂੰ ਵੱਧ ਖਰਚ ਆਵੇਗਾ ਵਿਆਹ ਤੇ| ਕੈਨੇਡਾ ਜਾਣ ਨੂੰ ਤਾਂ ਕੁੜੀਆਂ ਮੁੰਡੇ ਤਰਲੇ ਲੈਂਦੇ ਫਿਰਦੇ ਨੇ| ਮੇਰਾ ਵੀ ਹੱਥ ਤੰਗ ਹੈ| ਆੜ੍ਹਤੀਏ ਤੋਂ ਫੜ ਕੇ ਫੀਸ ਦੇ ਦੇਵੋ| ਅਜਿਹੇ ਮੌਕੇ ਬਾਰ-ਬਾਰ ਨਹੀਂ ਮਿਲਦੇ ਹੁੰਦੇ| ਕਹਿੰਦਾ ਸੀ ਭਾਈਆ ਆਪ ਨਾਲ ਜਾ ਕੇ ਪ੍ਰਿੰਸੀਪਲ ਨੂੰ ਮਿਲ ਕੇ ਚੰਗੀ ਤਰ੍ਹਾਂ ਤਸੱਲੀ ਕਰ ਲਵੇ|” ਬਸੰਤ ਕੌਰ ਨੇ ਆਪਣੇ ਭਰਾ ਨਾਲ ਹੋਈ ਗੱਲ-ਬਾਤ ਦੱਸੀ| ਅਗਲੇ ਦਿਨ ਪ੍ਰੀਤੀ ਤੇ ਉਸ ਦਾ ਬਾਪੂ ਪ੍ਰਿੰਸੀਪਲ ਨੂੰ ਮਿਲੇ ਤਾਂ ਉਨ੍ਹਾਂ ਦੀ ਤਸੱਲੀ ਹੋ ਗਈ| ਆੜ੍ਹਤੀਏ ਤੋਂ ਪੈਸੇ ਫੜ ਕੇ ਫੀਸ ਭਰ ਦਿੱਤੀ| ਬਾਕੀ ਚਾਰ ਲੱਖ ਵੀ ਜ਼ਮੀਨ ਗ਼ਹਿਣੇ ਧਰ ਕੇ ਦੇ ਦਿੱਤੇ| ਸਾਲ ਦੇ ਵਿੱਚ ਹੀ ਪ੍ਰੀਤੀ ਨੈਂਨੀ ਬਣ ਕੇ ਕੈਨੇਡਾ ਪਹੁੰਚ ਗਈ| ਸਾਰਾ ਪਰਿਵਾਰ ਬਹੁਤ ਖੁਸ਼ ਸੀ ਕਿ ਕੁੜੀ ਕੈਨੇਡਾ ਪਹੁੰਚ ਗਈ, ਪੈਸੇ ਤਾਂ ਭਾਵੇਂ ਖਰਚ ਹੋਏ ਹੀ ਪਰ ਠੱਗੀ ਤੋਂ ਬਚਾ ਵੀ ਹੋ ਗਿਆ| ਪ੍ਰੀਤੀ ਨੂੰ ਸਪੌਂਸਰ ਕਰਨ ਵਾਲੀ ਫੇਮਲੀ, ਪ੍ਰਿੰਸੀਪਲ ਅਟਵਾਲ ਦੀ ਬਸ ਐਵੇਂ ਜਾਣੂੰ ਹੀ ਸੀ| ਸਰਦਾਰ ਸਰਦੂਲ ਸਿੰਘ ਦਾ ਸਬ-ਵੇ ਸੀ| ਉਸ ਦੀ ਪਤਨੀ ਅਮਰ ਕੌਰ ਵੀ ਸਬ-ਵੇ ਤੇ ਨਾਲ ਕੰਮ ਕਰਦੀ ਸੀ| ਤਿੰਨ ਬੱਚੇ ਸੀ ਤੇ ਮਾਂ-ਪਿਓ ਸਨ ਜਿਹੜੇ ਬਹੁਤ ਬਿਰਧ ਸੀ| ਉਨ੍ਹਾਂ ਦੀ ਸਿਹਤ ਵੀ ਬਹੁਤੀ ਚੰਗੀ ਨਹੀਂ ਸੀ| ਉਨ੍ਹਾਂ ਨੂੰ ਵੀ ਸਾਂਭ-ਸੰਭਾਲ ਦੀ ਲੋੜ ਸੀ| ਸਬ-ਵੇ ਬਹਤ ਚਲਦਾ ਸੀ| ਤਿੰਨ-ਚਾਰ ਹੋਰ ਕੁੜੀਆਂ ਵੀ ਕੰਮ ਕਰਨ ਨੂੰ ਰੱਖੀਆਂ ਹੋਈਆਂ ਸਨ| ਇਹ ਫੂਡ ਸਟੋਰ ਬਹੁਤ ਟਿਕਾਣੇ ਸਿਰ ਸ | ਸੋ ਖੂਬ ਕਮਾਈ ਦਿੰਦਾ ਸੀ| ਪਹਿਲਾਂ-ਪਹਿਲ ਤਾਂ ਸਰਦੂਲ ਸਿੰਘ ਨੂੰ ਇਸ ਸਬ-ਵੇ ਨੂੰ ਚਲਾਉਣ ਲਈ ਦਿਨ-ਰਾਤ ਇਕ ਕਰਨੀ ਪਈ ਸੀ| ਹੁਣ ਬਹੁਤ ਆਮਦਨੀ ਹੋ ਜਾਂਦੀ ਸੀ| ਘਰ ਫ੍ਰੀ ਕਰ ਲਿਆ ਸੀ| ਸਟੋਰ ਵੀ ਹੁਣ ਫ੍ਰੀ ਵਰਗਾ ਹੀ ਸੀ| ਮਿਹਨਤ ਨੇ ਖੂਬ ਫਲ ਦਿੱਤਾ ਹੋਇਆ ਸੀ| ਪ੍ਰੀਤੀ ਦੇ ਆ ਜਾਣ ਨਾਲ ਸਾਰੇ ਹੀ ਬਹੁਤ ਸੁਖੀ ਹੋ ਗਏ ਸਨ| ਸੱਭ ਤੋਂ ਵੱਧ ਸੁਖ ਤਾਂ ਅਮਰ ਕੌਰ ਨੂੰ ਹੋ ਗਿਆ ਸੀ| ਉਹ ਬੱਚਿਆਂ ਦੀ ਤੇ ਸੱਸ-ਸੌਹਰੇ ਦੀ ਦੇਖ-ਭਾਲ ਵੱਲੋਂ ਸੁਰਖਰੂ ਹੋ ਗਈ ਸੀ| ਪ੍ਰੀਤੀ ਦੇ ਆਉਣ ਤੋਂ ਪਹਿਲਾਂ ਤਾਂ ਅਮਰ ਕੌਰ ਸੋਚਦੀ ਸੀ, ਇਹ ਕੀ? ਇਨ੍ਹਾਂ ਨੇ ਨਵਾਂ ਸਿਆਪਾ ਸਹੇੜ ਲਿਆ ਹੈ| ਸਰਦੂਲ ਸਿੰਘ ਨੂੰ ਵਰਜਿਆ ਵੀ ਸੀ ਕਿ ਏਥੇ ਨੌਕਰਾਣੀ ਬਹੁਤ ਮਹਿੰਗੀ ਪਵੇਗੀ| ਇਹ ਤਾਂ ਅਮੀਰ ਲੋਕਾਂ ਦੇ ਚੋਚਲੇ ਹੁੰਦੇ ਹਨ| ਉਨ੍ਹਾਂ ਦੀਆਂ ਸੁਆਣੀਆਂ ਨੂੰ ਕੰਮ ਕਰਨ ਦੀ ਆਦਤ ਨਹੀਂ ਹੁੰਦੀ| ਮੈਂ ਤਾਂ ਸ਼ੁਰੂ ਤੋਂ ਹੀ, ਪਹਿਲਾਂ ਮਾਪਿਆਂ ਦੇ ਘਰ ਕੰਮ ਕਰਦੀ ਰਹੀ ਸੀ| ਹੁਣ ਤੁਹਡੇ ਘਰ ਆ ਕੇ ਜੌਬ ਦੇ ਨਾਲ-ਨਾਲ ਘਰ ਦਾ ਵੀ ਸਾਰਾ ਕੰਮ ਕਰਦੀ ਰਹੀ ਹਾਂ| ਮੈਨੂੰ ਓਪਰੀ ਜਵਾਨ ਕੁੜੀ ਰੱਖਣੀ ਚੰਗੀ ਗੱਲ ਨਹੀਂ ਜਾਪਦੀ| “ਤੂੰ ਤਾਂ ਅਮਰੋ ਹੀ ਰਹਿਣਾ ਚਾਹੁੰਦੀ ਐਂ| ਹੁਣ ਆਪਣੇ ਕੋਲ ਕਿਸ ਚੀਜ਼ ਦੀ ਘਾਟ ਐ? ਸਰਦਾਰਨੀ ਅਮਰ ਕੌਰ ਬਣ ਕੇ ਰਹਿ | ਨਾਲੇ ਮੁਫ਼ਤ ਦੀ ਨੌਕਰਾਣੀ ਕੀ ਮਾੜੀ ਐ? ਇਹਨੂੰ ਆਪਾਂ ਕਿਤੇ ਰੋਕੜਾਂ ਦੇਣੀਆਂ ਨੇ, ਸਪੌਂਸਰਸ਼ਿਪ ਆਸਰੇ ਹੀ ਇਸ ਦਾ ਦੋ ਸਾਲ ਮੜ੍ਹ ਕੁਟਨਾ|” ਸਰਦੂਲ ਸਿੰਘ ਚਿਹਕਿਆ| ਅਮਰ ਕੌਰ ਨੇ ਪ੍ਰੀਤੀ ਨੂੰ ਕੁੱਝ ਦਿਨ ਨਾਲ ਕੰਮ ਕਰਕੇ ਸਾਰੇ ਕੰਮਾਂ-ਕਾਰਾਂ ਬਾਰੇ ਸਮਝਾ ਦਿੱਤਾ| ਪ੍ਰੀਤੀ ਕੰਮ ਕਰਨ ਨੂੰ ਸਹੁਨਰੀ ਸੀ ਤੇ ਸ਼ੋਹਲੀ ਵੀ ਸੀ| ਉਸ ਦੇ ਮਨ ਵਿਚ ਲਗਨ ਸੀ| ਬਾਪੂ ਦੇ ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨ ਦਾ ਵੀ ਫਿਕਰ ਸੀ| ਸੋ ਉਸ ਨੇ ਕੁੱਝ ਹੀ ਦਿਨਾਂ ਵਿੱਚ ਹਰ ਪ੍ਰਕਾਰ ਦੇ ਕੰਮਾਂ ਨੂੰ ਸਾਂਭ ਲਿਆ| ਦਿਨ ਰਾਤ ਸਿਰ ਸੁਟ ਕੇ ਕੰਮ ਵਿਚ ਜੁਟੀ ਰਹਿੰਦੀ ਤੇ ਸੋਚਦੀ ਵੀ ਰਹਿੰਦੀ ਕਿ ਮੈਂ ਤਾਂ ਸਮਝਦੀ ਸੀ ਅੱਠ ਘੰਟੇ ਕੰਮ ਕਰਕੇ ਮੌਜਾਂ ਕਰਿਆ ਕਰੂੰ, ਪ੍ਰਿੰਸੀਪਲ ਨੇ ਤਾਂ ਅਜਿਹਾ ਹੀ ਦੱਸਿਆ ਸੀ ਕਿ ਅੱਠ ਘੰਟੇ ਹੀ ਕੈਨੇਡਾ ਵਿੱਚ ਕੰਮ ਕਰਨਾ ਪੈਂਦਾ ਹੈ| ਖੈਰ ਆਪੇ ਫਾਥੜੀਏ ਹੁਣ ਤੈਨੂੰ ਕੋਈ ਨਹੀਂ ਛੁਡਾ ਸਕਦਾ| ਸਿਰ ਸੁਟ ਕੇ ਕੋਹਲੂ ਦੇ ਢੱਗੇ ਵਾਂਗ ਕੰਮ ਲੱਗੀ ਰਹਿ ਦੋ ਸਾਲ ਹੀ ਨੇ ਇਸ ਨਰਕ ਦੇ, ਔਖੇ-ਸੌਖੇ ਲੰਘ ਹੀ ਜਾਣੇ ਹਨ| ਦੋ ਕੁ ਮਹੀਨੇ ਪਿੱਛੋਂ ਇੱਕ ਦਿਨ ਪ੍ਰੀਤੀ ਸਰਦੂਲ ਸਿੰਘ ਅੰਕਲ ਨੂੰ ਪੁਛੱਣ ਲੱਗੀ, “ਅੰਕਲ, ਬਾਪੂ ਦੀ ਚਿੱਠੀ ਆਈ ਹੈ| ਕੁੱਝ ਪੈਸੇ ਮੰਗਵਾਏ ਨੇ| ਮੈਨੂੰ ਦੋ ਮਹੀਨੇ ਦੀ ਮੇਰੀ ਬਣਦੀ ਤਨਖਾਹ ਦੇ ਦੇਵੋ, ਮੈਂ ਘਰ ਭੇਜ ਦੇਵਾਂਗੀ| ਉਨ੍ਹਾਂ ਨੂੰ ਬਹੁਤ ਲੋੜ ਹੈ|” “ਕਿਹੜੀ ਤਨਖਾਹ? ਤੈਨੂੰ ਪ੍ਰਿੰਸੀਪਲ ਨੇ ਦੱਸਿਆ ਨਹੀਂ| ਤੇਰਾ ਨੈਂਨੀ ਦਾ ਕੇਸ ਸਪੌਂਸਰ ਕਰਨ ਲਈ ਤੇ ਏਥੇ ਆਉਣ ਲਈ ਹਵਾਈ ਜਹਾਜ਼ ਦੀ ਟਿਕਟ ਵੀ ਭੇਜੀ ਐ| ਸਾਰੇ ਮਿਲਾ ਕੇ ਏਹੀ ਕੋਈ ਪੰਜ ਹਜ਼ਾਰ ਡਾਲਰ ਬਣ ਜਾਂਦੇ ਹਨ| ਲੱਗੇ ਭਾਵੇਂ ਹੈ ਨਹੀਂ ਸਨ, ਕੋਲੋਂ ਹੀ ਬਣਾ ਕੇ ਦੱਸ ਦਿੱਤਾ| ਤੇਰਾ ਰੋਟੀ-ਪਾਣੀ ਦਾ ਖਰਚ ਵੀ ਅਸੀਂ ਕਰਦੇ ਹਾਂ| ਇਹ ਪੈਸੇ ਜਦੋਂ ਦੋ ਸਾਲ ਪਿੱਛੋਂ ਪੱਕੀ ਹੋ ਗਈ ਤਾਂ ਕੋਈ ਜੌਬ ਕਰਕੇ ਸਾਨੂੰ ਤੂੰ ਮੋੜਨੇ ਹਨ| ਸਾਨੂੰ ਕਿਹੜੀ ਨੈਂਨੀ ਦੀ ਲੋੜ ਸੀ| ਇਹ ਤਾਂ ਪ੍ਰਿੰਸੀਪਲ ਦੇ ਮੂੰਹ ਨੂੰ ਸੱਭ ਕੁੱਝ ਕੀਤਾ| ਉਹ ਕਿਹੰਦਾ ਸੀ, ਦੋ ਸਾਲ ਲਈ ਮੁਫਤ ਦੀ ਨੌਕਰਾਣੀ ਮਿਲਦੀ ਐ, ਕੀ ਮਾੜਾ?” ਸਰਦੂਲ ਸਿੰਘ ਨੇ ਪ੍ਰੀਤੀ ਦੇ ਕਪਾਟ ਖੋਲ੍ਹ ਦਿੱਤੇ| “ਪਰ ਅੰਕਲ ਪ੍ਰਿੰਸੀਪਲ ਨੂੰ ਤਾਂ ਇਹ ਸੱਭ ਕਾਸੇ ਲਈ ਸਾਰੇ ਪੈਸੇ ਸਾਢੇ ਚਾਰ ਲੱਖ ਬਾਪੂ ਨੇ ਜ਼ਮੀਨ ਗ਼ਹਿਣੇ ਰੱਖ ਕੇ ਦੇ ਦਿੱਤੇ ਸੀ| ਉਹ ਤਾਂ ਕਿਹੰਦਾ ਸੀ ਤੁਸੀਂ ਕੰਮ ਕਰਨ ਦੀ ਮੈਨੂੰ ਵੱਧੀਆ ਤਨਖਾਹ ਵੀ ਦੇਵੋਗੇ|” ਪ੍ਰੀਤੀ ਨੇ ਫਿਕਰਮੰਦ ਹੁੰਦੀ ਨੇ ਕਿਹਾ| “ਇਹ ਤੂੰ ਜਾਣ ਤੇ ਤੇਰਾ ਪ੍ਰਿੰਸੀਪਲ ਜਾਣੇ| ਸਾਡਾ ਇਸ ਨਾਲ ਕੋਈ ਲਾਗਾ-ਦਾਗਾ ਨਹੀਂ |” ਸਰਦੂਲ ਸਿੰਘ ਨੇ ਕੋਰਾ-ਰੁੱਖਾ ਜਵਾਬ ਦੇ ਦਿੱਤਾ| “ਅੰਕਲ! ਅਸੀਂ ਤਾਂ ਫੇਰ ਲੁੱਟੇ ਤੇ ਪੱਟੇ ਗਏ| ਜ਼ਮੀਨ ਗਹਿਣੇ ਧਰੀ ਗਈ ਹੈ| ਬਾਪੂ ਨੇ ਤਾਂ ਮੇਰੇ ਤੇ ਬੜੀਆਂ ਆਸਾਂ ਰੱਖ ਕੇ ਕੈਨੇਡਾ ਭੇਜਿਆ ਸੀ ਕਿ ਏਥੇ ਆ ਕੇ ਪੈਸੇ ਕਮਾ ਕੇ ਭੇਜੀ ਜਾਵਾਂਗੀ ਤੇ ਸਾਲ-ਛੇ ਮਹੀਨੇ ਵਿੱਚ ਜ਼ਮੀਨ ਛੁੱਟ ਜਾਵੇਗੀ| ਦੋ ਸਾਲ ਪਿੱਛੋਂ ਪੱਕੀ ਹੋਕੇ ਸਾਰਿਆਂ ਨੂੰ ਕਨੇਡਾ ਸੱਦ ਸੱਦ ਲਵਾਂਗੀ| ਜੇ ਸਾਲ ਵਿੱਚ ਪੈਸੇ ਨਾ ਮੋੜੇ ਤਾਂ ਇਕ ਅੱਧ ਕੀਲਾ ਬੈਅ ਕਰਨਾ ਪਵੇਗਾ| ਇਹ ਸਦਮਾ ਤਾਂ ਬਾਪੂ ਤੋਂ ਝੱਲ ਨਹੀਂ ਹੋਣਾ |” ਪ੍ਰੀਤੀ ਨੇ ਰੋਂਦੀ ਨੇ ਕਿਹਾ| “ਅੰਟੀ ਮੈਂ ਤਹਾਡੀ ਧੀ ਵਰਗੀ ਹਾਂ, ਤੁਸੀਂ ਹੀ ਅੰਕਲ ਨੂੰ ਕਹੋ ਮੇਰੀ ਜ਼ਰੂਰ ਹੈਲਪ ਕਰਨ| ਅੰਕਲ ਪਲੀਜ਼ ਮੇਰੀ ਕੋਈ ਤਰਕੀਬ ਲੱਭ ਕੇ ਜ਼ਰੂਰ ਮਦਦ ਕਰੋ|” ਪ੍ਰੀਤੀ ਨੇ ਦੋਵਾਂ ਅੱਗੇ ਲੇਲੜ੍ਹੀਆਂ ਕੱਢੀਆਂ | “ਪ੍ਰੀਤੀ ਤੂੰ ਬਹੁਤੀ ਹੀ ਢੇਰੀ ਨਾ ਢਾ| ਸਾਨੂੰ ਤੇਰਾ ਫਿਕਰ ਐ| ਸੋਚਕੇ ਕੋਈ ਢੰਗ ਲੱਭਦੇ ਹਾਂ|” ਅੰਕਲ ਨੇ ਗੋਂਗਲੂਆਂ ਤੋਂ ਮਿੱਟੀ ਝਾੜਨ ਜਿਹਾ ਉਤੱਰ ਦੇ ਕੇ ਟਾਲਿਆ| ਪ੍ਰੀਤੀ ਨੂੰ ਹੁਣ ਚੈਨ ਕਿੱਥੇ। ਅਗਲੇ ਦਿਨ ਅੰਕਲ ਦੇ ਫਾਦਰ-ਮਦਰ ਕੋਲ ਵੀ ਆਪਣਾ ਰੋਣਾ ਰੋਇਆ| ਉਨ੍ਹਾਂ ਨੂੰ ਅੰਕਲ ਨੂੰ ਕੁੱਝ ਪੈਸਿਆਂ ਦੀ ਮਦਦ ਦੇਣ ਦਾ ਵਾਸਤਾ ਪਾਇਆ| ਉਹ ਕਹਿੰਦੇ ਸਰਦੂਲ ਸਿੰਘ ਆਏ ਨੂੰ ਕਹਾਂਗੇ ਭਾਈ ਤੇਰਾ ਜ਼ਰੂਰ ਕੁੱਛ ਕਰਨ| ਉਨ੍ਹਾਂ ਰਾਤ ਨੂੰ ਸਰਦੂਲ ਸਿੰਘ ਨੂੰ ਕਿਹਾ, “ਭਾਈ ਕਾਕਾ ਇਸ ਕੁੜੀ ਨੂੰ ਕੁੱਝ ਪੈਸਿਆਂ ਦੀ ਸਹਾਇਤਾ ਕਰੋ| ਆਪਣੇ ਸਿਵਾ ਏਥੇ ਇਸ ਦਾ ਕੌਣ ਐ?” “ਬਾਪੂ ਜੀ ਇਕ ਤਰੀਕਾ ਸੁੱਝਿਆ, ਪਰ ਹੈ ਔਖਾ| ਊਂ ਤੁਹਾਡੀ ਨੂੰਹ ਵੀ ਦੋ-ਦੋ ਜੌਬਾਂ ਕਰਦੀ ਹੀ ਰਹੀ ਐ, ਏਥੇ ਪਹਿਲਾਂ-ਪਹਿਲਾਂ ਆ ਕੇ ਸੈੱਟ ਹੋਣ ਲਈ ਸਾਰੇ ਹੀ ਕਰਦੇ ਹਨ| ਪ੍ਰੀਤੀ ਵੀ ਸਬ-ਵੇ ਤੇ ਪਾਰਟ-ਟਾਈਮ ਕੰਮ ਕਰ ਲਵੇ| ਇਹਦੇ ਗਈ ਤੋਂ ਅਮਰ ਕੌਰ ਘਰ ਆ ਜਾਇਆ ਕਰੇਗੀ| ਪਾਰਟ-ਟਾਈਮ ਦੀ ਤਨਖਾਹ ਦੇ ਦਿਆ ਕਰਾਂਗੇ|” ਸਰਦੂਲ ਸਿੰਘ ਨੇ ਪ੍ਰੀਤੀ ਨੂੰ ਹੱਲ ਦੱਸਿਆ| ਪ੍ਰੀਤੀ ਇਸ ਹੱਲ ਨਾਲ ਹੀ ਖੁਸ਼ ਸੀ, ਇਸ ਤਰ੍ਹਾਂ ਉਹ ਥੋੜ੍ਹੇ-ਬਹੁਤ ਪੈਸੇ ਘਰ ਭੇਜ ਸਕਿਆ ਕਰੇਗੀ| ਸੋ ਅਗਲੇ ਦਿਨ ਤੋਂ ਹੀ ਪ੍ਰੀਤੀ ਨੇ ਸਬ-ਵੇ ਤੇ ਪਾਰਟ-ਟਾਈਮ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ| ਪਿੰਡੋਂ ਬਾਪੂ ਦੀਆਂ ਪੈਸੇ ਭੇਜਣ ਵਾਸਤੇ ਚਿੱਠੀਆਂ ਆਈ ਜਾ ਰਹੀਆਂ ਸਨ| ਉਹ ਮਜਬੂਰ ਸੀ ਅਜੇ ਕੁੱਝ ਨਹੀਂ ਕਰ ਸਕਦੀ ਸੀ| ਹੁਣ ਉਸ ਨੂੰ ਸਮਝ ਪੈ ਗਈ ਕਿ ਕਿਵੇਂ ਇੰਡੀਆ ਦੇ ਠੱਗ ਏਜੰਟਾਂ ਵਾਂਗ ਕੈਨੇਡਾ ਤੋਂ ਜਾ ਕੇ ਵੀ ਠੱਗ ਕਿਸਮ ਦੇ ਲੋਕ ਇਸ ਨੈਂਨੀ ਦੇ ਕਿੱਤੇ ਤੋਂ ਠੱਗੀ ਮਾਰ ਕੇ ਭੋਲੀਅਾਂ-ਭਾਲੀਅਾਂ ਕੁੜੀਆਂ ਨਾਲ ਠੱਗੀਆਂ ਮਾਰ ਕੇ ਅੱਗੇ ਭਰੀਆਂ ਜੇਬਾਂ ਨੂੰ ਹੋਰ ਤੂੜ ਰਹੇ ਹਨ| ਇੱਕ ਅੱਧ ਕੇਸ ਸਿਰੇ ਚੜ੍ਹਾਕੇ ਫੇਰ ਕਿਸੇ ਹੋਰ ਥਾਂ ਜਾ ਡੇਰਾ ਲਾਉਂਦੇ ਹਨ| ਵਾਹਵਾ ਕਮਾਈ ਕਰਕੇ ਅੰਤ ਵਿੱਚ ਕੈਨੇਡਾ ਨੂੰ ਪੱਤਰਾਵਾਚ ਜਾਂਦੇ ਹਨ| ਠੱਗੇ ਗਏ ਮੁੰਡੇ ਕੁੜੀਆਂ ਪਿੱਛੇ ਇਨ੍ਹਾਂ ਦੀ ਜਾਨ ਨੂੰ ਰੋਂਦੇ-ਪਿੱਟਦੇ ਰਹਿੰਦੇ ਹਨ| ਖ਼ੈਰ ਮੈਂ ਤਾਂ ਅੱਧ-ਪਚੱਧੀ ਹੀ ਠੱਗੀ ਗਈ ਹਾਂ, ਕੁਝ ਬਚ ਗਈ ਹਾਂ| ਅਗਲਾ ਮਹੀਨਾ ਲੰਘ ਜਾਣ ਤੇ ਪ੍ਰੀਤੀ ਨੇ ਅੰਕਲ ਨੂੰ ਕਿਹਾ, “ਅੰਕਲ ਬਾਪੂ ਦੀਆਂ ਪੈਸਿਅਾਂ ਲਈ ਚਿੱਠੀਆਂ ਆਈ ਜਾ ਰਿਹੀਆਂ ਹਨ| ਪਲੀਜ਼ ਮੈਨੂੰ ਇੱਕ ਮਹੀਨੇ ਦੀ ਤਨਖਾਹ ਅਤੇ ਕੁੱਝ ਅਡਵਾਂਸ ਪੈਸੇ ਦੇ ਦੇਵੋ ਤਾਂ ਜੋ ਕੁੱਝ ਰਕਮ ਘਰ ਭੇਜ ਸਕਾਂ|” ਜਿਵੇਂ ਆਮ ਮਾਲਕਾਂ ਦਾ ਟਾਲਣ ਦਾ ਸੁਭਾ ਹੁੰਦਾ ਹੈ, ਸਰਦੂਲ ਸਿੰਘ ਨੇ ਵੀ ਬਹਾਨਾ ਘੜ ਕੇ ਕਿਹਾ, “ਪ੍ਰੀਤੀ ਇਸ ਮਹੀਨੇ ਤਾਂ ਆਮਦਨੀ ਦਾ ਹਾਲ ਮੰਦਾ ਹੀ ਰਿਹਾ| ਸਨੋ ਨੇ ਹੀ ਸਾਹ ਨਹੀਂ ਲੈਣ ਦਿੱਤਾ| ਹੁਣ ਕੁੱਝ ਮੌਸਮ ਠੀਕ ਹੋਇਆ, ਆਮਦਨੀ ਵਿੱਚ ਉਛਾਲਾ ਆ ਜਾਣਾ| ਸੋ ਤੈਨੂੰ ਅਗਲੇ ਮਹੀਨੇ ਦੋ ਮਹੀਨੇ ਦੀ ਤਨਖਾਹ ਇਕੱਠੀ ਦੇ ਦੇਵਾਂਗਾ|” ਇਸ ਸਮੇਂ ਵਿੱਚ ਅਮਰ ਕੌਰ ਪੰਜ ਵਜੇ ਘਰ ਆ ਜਾਂਦੀ| ਪ੍ਰੀਤੀ ਸਬ-ਵੇ ਤੇ ਕੰਮ ਕਰਨ ਪਹੁੰਚ ਜਾਂਦੀ ਤੇ ਬੰਦ ਕਰਨ ਤੋਂ ਪਿਹਲਾਂ ਸਫਾਈ ਆਦਿ ਦਾ ਕੰਮ ਗਿਅਰਾਂ ਵਜੇ ਤੱਕ ਮੁਕਾ ਲੈਂਦੀ| ਇਸ ਸਮੇਂ ਤੱਕ ਸਰਦੂਲ ਸਿੰਘ ਆਪਣਾ ਹਿਸਾਬ-ਕਿਤਾਬ ਦਾ ਕੰਮ ਖਤਮ ਕਰ ਲੈਂਦਾ| ਰਾਹ ਵਿੱਚ ਆਉਂਦੇ ਸਮੇਂ ਸਰਦੂਲ ਸਿੰਘ ਵੈਨ ਵਿੱਚ ਲਚਰ ਜਿਹੇ ਗੀਤ ਲਾ ਲੈਂਦਾ| ਕਦੇ-ਕਦੇ ਪ੍ਰੀਤੀ ਵੱਲ ਖਚਰੀ ਜਿਹੀ ਹਾਸੀ ਹੱਸਦਾ ਅਤੇ ਦੋ ਅਰਥੀ ਭਾਸ਼ਾ ਵਾਲੇ ਚੁਟਕਲੇ ਸੁਣਾ ਕੇ ਖੁਸ਼ ਹੁੰਦਾ| ਪ੍ਰੀਤੀ ਸਮਝਦੀ ਇਸ ਖੁਲ੍ਹੇ ਦੇਸ਼ ਵਿੱਚ ਅਜਿਹਾ ਚਲਦਾ ਹੀ ਹੋਣਾ| ਉਹ ਬੁਰਾ ਵੀ ਨਾ ਮਨਾਉਂਦੀ, ਨਾ ਹੀ ਇੰਜੁਆਏ ਕਰਦੀ| ਸਮਾਂ ਆਪਣੀ ਤੋਰੇ ਤੁਰਦਾ ਗਿਆ| ਪਰ ਹੌਲੀ-ਹੌਲੀ ਗੱਲ ਲਚਰ ਭਾਸ਼ਾ ਦੇ ਤੀਰਾਂ ਤੋਂ ਵੱਧਦੀ ਹੋਈ ਛੇੜ-ਛਾੜ ਵੱਲ ਵਧਣ ਲੱਗੀ| ਹੁਣ ਪ੍ਰੀਤੀ ਨੂੰ ਅੰਕਲ ਤੋਂ ਖਤਰਾ ਮਹਿਸੂਸ ਕਰਨ ਦੇ ਨਾਲ-ਨਾਲ ਡਰ ਵੀ ਲੱਗਣ ਲੱਗਾ| ਅੰਕਲ ਦੀ ਬਜਾਏ ਹੁਣ ਕੁੱਝ ਹੋਰ ਦੈਂਤ ਪ੍ਰਤੀਤ ਹੋਣ ਲੱਗਾ| ਪਿੰਜਰੇ ਪਏ ਪੰਛੀ ਵਾਂਗ ਫੜਫੜਾ ਹੀ ਸਕਦੀ ਸੀ, ਇਸ ਵਿਚੋਂ ਫੁਰਰ ਕਰਕੇ ਉਡ ਨਹੀਂ ਸੀ ਸਕਦੀ, ਮਜਬੂਰ ਸੀ| ਕਿਸੇ ਕੋਲ ਫਰਯਾਦ ਵੀ ਨਹੀਂ ਕਰ ਸਕਦੀ ਸੀ| ਬਾਪੂ ਤੇ ਜ਼ੋਰ ਪਾ ਕੇ ਆਪ ਹੀ ਇਸ ਪਿੰਜਰੇ ਵਿੱਚ ਆ ਪਈ ਸੀ| ਹੁਣ ਸੱਤ ਸਮੰਦਰੋਂ ਪਾਰ ਬੈਠਾ ਬਾਪੂ ਕੁਝ ਨਹੀਂ ਕਰ ਸਕਦਾ ਸੀ| ਸਰਦੂਲ ਸਿੰਘ ਨੇ ਦੋ ਕਮਰਿਆਂ ਦੀ ਬੇਸਮੈਂਟ ਬਣਾਈ ਹੋਈ ਸੀ| ਪਹਿਲਾਂ-ਪਹਿਲਾਂ ਇਹ ਕਰਾਏ ਤੇ ਚਾੜ੍ਹੀ ਹੋਈ ਸੀ| ਹਾਲਤ ਸੁਧਰਨ ਤੇ ਇਹ ਬਜ਼ੁਰਗ ਮਾਂ-ਪਿਓ ਨੂੰ ਦੇ ਦਿੱਤੀ ਗਈ| ਉਹ ਭਾਵੇਂ ਔਖ ਮਹਿਸੂਸ ਕਰਦੇ ਸੀ| ਕੈਨੇਡਾ ਵਿੱਚ ਕਿਸਮਤ ਵਾਲੇ ਮਾਪਿਆਂ ਦੀ ਹੀ ਸੇਵਾ ਹੁੰਦੀ ਐ, ਬਹੁਤਿਆਂ ਤੋਂ ਨੈਣ-ਪ੍ਰਾਣ ਚਲਣ ਤੱਕ ਸੇਵਾ ਲਈ ਜਾਂਦੀ ਹੈ| ਉਨ੍ਹਾਂ ਨੂੰ ਬੇਬੀ-ਸਿਟਿੰਗ ਕਰਵਾਉਣ ਲਈ ਹੀ ਮੰਗਵਾਇਆ ਜਾਂਦਾ ਹੈ, ਇਹ ਇੱਥੇ ਬਹੁਤ ਮਹਿੰਗੀ ਪੈਂਦੀ ਹੈ| ਇੱਕ ਹੋਰ ਲਾਲਚ ਵੀ ਹੈ, ਓਲਡ-ਏਜ ਪੈਂਸ਼ਨ ਦੇ ਮਿਲਦੇ ਚੈਕ| ਪ੍ਰੀਤੀ ਦੇ ਆਉਣ ਤੇ ਦੂਜਾ ਕਮਰਾ ਬੇਸਮੈਂਟ ਦਾ ਉਸ ਨੂੰ ਦੇ ਦਿੱਤਾ ਸੀ | ਉਸ ਦੇ ਮੁੜਨ ਤੱਕ ਜੇ ਕਦੇ ਬਜ਼ੁਰਗ ਜਾਗਦੇ ਹੁੰਦੇ ਤਾਂ ਉਨ੍ਹਾਂ ਨਾਲ ਆਪਣਾ ਦੁੱਖ-ਸੁੱਖ ਸਾਂਝਾ ਕਰ ਲੈਂਦੀ| ਮਹੀਨੇ ਕੁ ਪਿੱਛੋਂ ਘਰੋਂ ਆਈ ਚਿੱਠੀ ਵਿੱਚ ਡਰ ਪਰਗਟ ਕੀਤਾ ਸੀ ਕਿ ਜੇ ਪੈਸਿਆਂ ਦਾ ਵਿਆਜ ਨਾ ਦਿੱਤਾ ਤਾਂ ਅਗਲੇ ਸਾਲ ਜ਼ਮੀਨ ਦੇ ਦੋ ਕੀਲੇ ਬੈਅ ਕਰਨੇ ਪੈਣਗੇ| ਤੁਰੰਤ ਪੈਸੇ ਭੇਜਣ ਨੂੰ ਕਿਹਾ ਸੀ | ਪ੍ਰੀਤੀ ਨੇ ਕੰਮ ਤੋਂ ਮੁੜਦੇ ਸਮੇਂ ਅੰਕਲ ਨੂੰ ਤਨਖਾਹ ਅਤੇ ਕੁੱਝ ਅਡਵਾਂਸ ਵੀ ਦੇਣ ਨੂੰ ਕਿਹਾ| “ਕਿੰਨੇ ਨਾਲ ਸਰ ਜਾਵੇਗਾ?” ਸਰਦੂਲ ਸਿੰਘ ਨੇ ਪੁੱਛਿਆ| “ਬਾਪੂ ਨੇ ਸਾਢੇ ਚਾਰ ਲੱਖ ਜ਼ਮੀਨ ਗਹਿਣੇ ਧਰ ਕੇ ਪ੍ਰਿੰਸੀਪਲ ਨੂੰ ਦਿੱਤੇ ਹਨ| ਸਾਰੇ ਹੀ ਮੋੜਨੇ ਚਾਹੁੰਦੇ ਨੇ, ਨਹੀਂ ਤਾਂ ਕੁਝ ਕੀਲੇ ਬੈਅ ਕਰਨੇ ਪੈਣਗੇ| ਜੇ ਸਾਰੇ ਹੀ ਦੇ ਦੇਵੋਂ ਤਾਂ ਸਾਰੀ ਉਮਰ ਤੁਹਾਨੂੰ ਅਸੀਸਾਂ ਦਵਾਂਗੀ, ਪੈਸੇ ਤਾਂ ਜੌਬ ਕਰਕੇ ਮੋੜ ਹੀ ਦੇਵਾਂਗੀ|” ਪ੍ਰੀਤੀ ਨੇ ਤਰਲਾ ਕੀਤਾ| “ਇਹ ਤਾਂ ਬਾਰਾਂ ਹਜ਼ਾਰ ਡਾਲਰ ਬਣੇ, ਇਨੇ ਇਕੱਠੇ ਦੇਣੇ ਤਾਂ ਬਹੁਤ ਔਖੇ ਹਨ| ਹਜ਼ਾਰ-ਡੇੜ੍ਹ ਤਾਂ ਮਿਲ ਸਕਦੇ ਹਨ|” ਸਰਦੂਲ ਸਿੰਘ ਦਾ ਉਤੱਰ ਸੀ | “ਇਸ ਤੋਂ ਵੱਧ ਤਾਂ ਮੇਰੀ ਤਨਖਾਹ ਹੀ ਬਣਦੀ ਐ| ਦੋ ਮਹੀਨੇ ਤਾਂ ਸਟੋਰ ਤੇ ਕੰਮ ਕਰਦੀ ਨੂੰ ਹੋ ਗਏ ਹਨ| ਘਰ ਦਾ ਕੰਮ ਕਰਦੀ ਨੂੰ ਤਾਂ ਛੇ ਮਹੀਨੇ ਹੋ ਚੱਲੇ ਹਨ |”ਪ੍ਰੀਤੀ ਨੇ ਅਟੇ-ਸਟੇ ਜਿਹਾ ਹਿਸਾਬ ਲਾ ਕੇ ਦੱਸਿਆ| “ਬੱਲੇ ਨੀ ਹਸਾਬਨੇ! ਇੰਨੇ ਕਿਹੜ੍ਹੇ ਹਿਸਾਬ ਨਾਲ ਬਣਾ ਲਏ? ਚੱਲ ਛੱਡ ਇਹ ਹਿਸਾਬੀ ਗੱਲਾਂ| ਇੱਕ ਸ਼ਰਤ ਤੇ ਸਾਰੇ ਹੀ ਮਿਲ ਸਕਦੇ ਹਨ| ਤੂੰ ਹੁਣ ਨਿਆਣੀ ਨਹੀਂ| ਮੇਰਾ ਇਸ਼ਾਰਾ ਸਮਝ ਹੀ ਗਈ ਹਵੇਂਗੀ, ਕੱਲ੍ਹ ਹੀ ਮਿਲ ਸਕਦੇ ਹਨ| ”ਸਰਦੂਲ ਸਿੰਘ ਨੇ ਬੁਝਾਰਤ ਪਾਈ| ਪ੍ਰੀਤੀ ਨੂੰ ਸਮਝ ਆਈ ਜਾਂ ਨਹੀਂ ਜਾਂ ਉਸ ਨੇ ਸਮਝਣ ਦੀ ਕੋਸ਼ਸ਼ ਹੀ ਨਾ ਕੀਤੀ| ਉਸ ਨੇ ਕੋਈ ਉਤੱਰ ਨਾ ਦਿੱਤਾ| ਅਲ-ਖਾਮੋਸ਼ੀ ਨੀਮ-ਰਜ਼ਾ ਸਮਝ ਕੇ ਉਸ ਰਾਤ ਅਮਰ ਕੌਰ ਨੂੰ ਘੁਰਾੜੇ ਮਾਰਦੀ ਨੂੰ ਛੱਡ, ਸਰਦੂਲ ਸਿੰਘ ਪ੍ਰੀਤੀ ਦੇ ਕਮਰੇ ਵਿੱਚ ਜਾ ਵੜਿਆ| ਪ੍ਰੀਤੀ ਉਸ ਨੂੰ ਦੇਖ ਕੇ ਇੱਕ ਦੰਮ ਭਮੱਤਰ ਗਈ ਤੇ ਬੋਲੀ, “ਅੰਕਲ, ਤੁਸੀਂ ਇੱਨੀ ਰਾਤ ਗਈ ਮੇਰੇ ਕਮਰੇ ਵਿੱਚ ਕਿਵੇਂ ਆਏ ਹੋ?” ਮੈਂ ਕਿਹਾ, “ਪੈਸੇ ਦੇਣੇ ਪੱਕੇ ਕਰ ਆਵਾਂ|” “ਮੈਂ ਸਮਝੀ ਨਹੀਂ?” ਪ੍ਰੀਤੀ ਪੁੱਛਣ ਲੱਗੀ| ਸਰਦੂਲ ਸਿੰਘ ਨੇ ਮੂੰਹ ਅੱਗੇ ਉਂਗਲੀ ਰੱਖ ਕੇ ਚੁੱਪ ਰਹਿਣ ਦਾ ਇਸ਼ਾਰਾ ਕਰਦਿਆਂ ਲਾਈਟ ਬੁਝਾ ਦਿੱਤੀ| ਪ੍ਰੀਤੀ ਅੱਗੇ ਹੁਣ ਸਾਰੇ ਰਸਤੇ ਬੰਦ ਸਨ| ਉਹ ਇੱਕ ਹਨੇਰੀ ਸੁਰੰਗ ਵਿੱਚ ਫੱਸ ਗਈ ਸੀ ਜਿਸ ਦਾ ਦੂਸਰਾ ਸਿਰਾ ਅਦਿੱਖ ਸੀ| ਸ਼ੋਰ ਪਾਉਣਾ ਬੇ-ਅਰਥ ਸੀ| ਮਰਦੀ ਨੂੰ ਬੇਬਸੀ ਨਾਲ ਇੱਜ਼ਤ ਲੁਟਾਉਣ ਦਾ ਅੱਕ ਚੱਬਣਾ ਮਨਜ਼ੂਰ ਕਰਨਾ ਪਿਆ| ਅਗਲੇ ਦਿਨ ਸਰਦੂਲ ਸਿੰਘ ਨੇ ਪ੍ਰੀਤੀ ਨੂੰ ਨਾਲ ਲੈ ਕੇ ਵੈਸਟਰਨ-ਯੂਨੀਅਨ ਰਾਹੀਂ ਸਾਢੇ ਚਾਰ ਲੱਖ ਰੁਪਏ ਉਸ ਦੇ ਬਾਪੂ ਨੂੰ ਭੇਜ ਦਿੱਤੇ| ਕੁਝ ਦਿਨਾਂ ਪਿੱਛੋਂ ਬਾਪੂ ਦੀ ਚਿੱਠੀ ਆ ਗਈ, ਲਿਖਆ ਸੀ, “ਧੀਏ ਤੂੰ ਮੇਰਾ ਸ਼ੇਰ ਪੁੱਤ ਬਣ ਕੇ ਮੇਰਾ ਸਾਰਾ ਭਾਰ ਹੌਲਾ ਕਰ ਦਿੱਤਾ ਹੈ ਅਤੇ ਮੈਨੂੰ ਜਿਉਂਦਿਆਂ ਵਿੱਚ ਕਰ ਦਿੱਤਾ ਹੈ|” ਉਹ ਚਿੱਠੀ ਪੜ੍ਹ ਕੇ ਰੋਣ ਲੱਗੀ ਤੇ ਦਿਲ ਵਿੱਚ ਕਹਿਣ ਲੱਗੀ, “ਬਾਪੂ ਤੂੰ ਤਾਂ ਜਿਉਂ ਪਿਆਂ ਪਰ ਤੇਰੀ ਧੀ ਨਾ ਜਿਉਂਦਿਆਂ ਵਿੱਚ ਐ ਨਾ ਮਰਿਆਂ ਵਿੱਚ| ਤੇਰੀ ਧੀ ਨੂੰ ਕੈਨੇਡਾ ਦਾ ਦੈਂਤ ਨਿਗ਼ਲ ਗਿਆ| ਸੋਚਣ ਲੱਗੀ ਹੁਣ ਜੀ ਕੇ ਕੀ ਕਰਨਾ? ਫੇਰ ਦੂਸਰੇ ਪਲ ਹੀ ਸੋਚ ਪਲਟਦੀ, ਮਰਨ ਨਾਲ ਤਾਂ ਸਰਦੂਲੇ ਵਰਗੇ ਵਹਿਸ਼ੀ ਅਜਿਹੇ ਕਾਰੇ ਕਰਦੇ ਹੀ ਰਹਿਣਗੇ, ਜੋ ਕੁੱਝ ਮੇਰੇ ਨਾਲ ਕੀਤਾ|” ਹੁਣ ਅੰਕਲ ਵਾਲਾ ਪਵਿੱਤਰ ਰਿਸ਼ਤਾ ਤਾਂ ਕਲੰਕਤ ਹੋ ਚੁੱਕਾ ਸੀ| ਇਹ ਭਾਣਾ ਮੰਨ ਕੇ ਹੁਣ ਬਦਲਾ ਲੈਣ ਦੀਆਂ ਸਕੀਮਾਂ ਸੋਚਦੀ ਰਹਿੰਦੀ| ਸਬ-ਵੇ ਤੇ ਇੱਕ ਹੋਰ ਪੰਜਾਬੀ ਕੁੜੀ ਜੀਤੀ ਵੀ ਫੁੱਲ ਟਾਈਮ ਕੰਮ ਕਰਦੀ ਸੀ| ਵਿਹਲੇ ਸਮੇਂ ਉਸ ਤੋਂ ਕੈਨੇਡਾ ਬਾਰੇ ਪੁੱਛਦੀ ਰਹਿੰਦੀ| ਜੀਤੀ ਆਈ ਨੂੰ ਦੱਸ-ਬਾਰਾਂ ਸਾਲ ਹੋ ਗਏ ਸਨ| ਦੁਖੀ ਮਨ ਆਪਣਾ ਦੁੱਖ ਦੂਜੇ ਨਾਲ ਸਾਂਝਾ ਕਰਨ ਲਈ ਉਤਾਵਲਾ ਹੁੰਦਾ ਹੈ| ਜੀਤੀ ਨੇ ਵੀ ਆਪਣੀ ਦੁੱਖ-ਭਰੀ ਦਾਸਤਾਨ ਸੁਣਾ ਕੇ ਪ੍ਰੀਤੀ ਦੇ ਹੋਸ਼ ਹੀ ਗੁੰਮ ਕਰ ਦਿੱਤੇ| ਉਹ ਤਾਂ ਸਮਝਦੀ ਸੀ ਉਹ ਹੀ ਦੁਖੀ ਹੈ, ਪਰ ਦੁਖੀਆ ਸੱਭ ਸੰਸਾਰ| ਜੀਤੀ ਨੇ ਆਪਣੀ ਹੱਡ-ਬੀਤੀ ਸੁਣਾਉਂਦਿਆਂ ਦੱਸਿਆ, “ਉਸ ਨੇ ਆਪਣੇ ਹਸਬੈਂਡ ਨੂੰ ਇੰਡੀਆ ਤੋਂ ਵਿਆਹ ਕਰਵਾ ਕੇ ਲਿਆਂਦਾ ਸੀ| ਉਹ ਪੜ੍ਹਨਾ ਚਾਹੁੰਦਾ ਸੀ ਤਾਂ ਜੋ ਫੇਕਟਰੀਆਂ ਵਿੱਚ ਧੱਕੇ ਨਾ ਖਾਵੇ| ਮੈਂ ਵੀ ਇਹ ਠੀਕ ਹੀ ਸਮਝਿਆ| ਦੋ-ਦੋ ਜੌਬਾਂ ਕਰਕੇ ਉਸ ਨੂੰ ਪੜ੍ਹਾਇਆ| ਪੜ੍ਹਕੇ ਜਦੋਂ ਚੰਗੀ ਨੌਕਰੀ ਮਿਲ ਗਈ, ਤਾਂ ਮੇਰੇ ਵਿੱਚ ਨੁਕਸ ਹੀ ਨੁਕਸ ਦਿਸਣ ਲੱਗ ਗਏ| ਗੁਣ ਕੋਈ ਵੀ ਨਾ ਰਿਹਾ| ਕਹੇ ਮੈਂ ਅਣਪੜ੍ਹ-ਉਜੱਡ ਹਾਂ| ਨਾਲ ਜਾਂਦੀ ਸੋਂਹਦੀ ਨਹੀਂ| ਮੈਨੂੰ ਸੁਸਾਇਟੀ ਵਿੱਚ ਉਠੱਣਾ-ਬੈਠਣਾ ਨਹੀਂ ਆਉਂਦਾ| ਬੇ-ਅਕਲ ਤੇ ਮੂਰਖ ਹਾਂ| ਦੋ ਬੇਟੀਆਂ ਨੇ, ਉਨ੍ਹਾਂ ਦੀ ਪਰਵਰਸ਼ ਠੀਕ ਢੰਗ ਨਾਲ ਨਹੀਂ ਕਰ ਰਹੀਂ, ਜਿਵੇਂ ਬੱਚਿਆਂ ਦੀ ਸਾਂਭ-ਸੰਭਾਲ ਦਾ ਕੰਮ ਇਕੱਲਾ ਮਾਂ ਦੀ ਹੀ ਜ਼ੁੰਮੇਵਾਰੀ ਹੋਵੇ ਅਤੇ ਪਿਓ ਜਿੱਥੇ ਮਰਜ਼ੀ ਖੇਹ ਖਾਂਦਾ ਤੁਰਿਆ ਫਿਰੇ| ਦੋ ਨੰਨ੍ਹੀਆਂ-ਮੁਨੀਆਂ ਬੱਚੀਆਂ ਦਾ ਵੀ ਖਿਆਲ ਨਾ ਕੀਤਾ ਤੇ ਮੇਰੀ ਸੌਂਕਣ ਲੱਭ ਕੇ, ਗੌਂ ਕੱਢ ਕੇ ਮੈਨੂੰ ਛੱਡ ਕੇ ਔਹ ਗਿਆ| ਹੁਣ ਬੇਟੀਆਂ ਵੀ ਮੇਰੇ ਨਾਲ ਉਸ ਦੀ ਜਾਨ ਨੂੰ ਰੋਂਦੀਆਂ ਹਨ| ਮੈਂ ਤਾਂ ਕਹਿੰਦੀ ਹਾਂ ਉਸ ਨੂੰ ਕਿਤੇ ਢੋਈ ਨਾ ਮਿਲੇ| ਬੱਚੀਆਂ ਦੀਆਂ ਆਹਾਂ ਪੈ ਜਾਣ ਗ਼ਰਕ ਜਾਣੇ ਨੂੰ|” “ਫੇਰ ਤਾਂ ਤੁਹਾਡਾ ਤਲਾਕ ਹੋ ਗਿਆ ਹੋਵੇਗਾ?” ਪ੍ਰੀਤੀ ਨੇ ਜਾਨਣਾ ਚਾਹਿਆ| “ਤਲਾਕ ਦੇ ਦੇਵੇ ਤਾਂ ਮੈਨੂੰ ਸੌਖਾ ਸਾਹ ਆ ਜਾਵੇ| ਬੱਚੀਆਂ ਨੂੰ ਖਰਚ ਤਾਂ ਦੇਵੇਗਾ|” ਜੀਤੀ ਨੇ ਮਨ ਦੇ ਜ਼ਖਮ ਹੋਰ ਉਚੇੜੇ| ਪ੍ਰੀਤੀ ਨੂੰ ਵਿਆਹ ਬਾਰੇ ਸੁਚੇਤ ਵੀ ਕੀਤਾ ਕਿ ਬਹੁਤ ਹੀ ਸੋਚ-ਵਿਚਾਰ ਤੇ ਸਾਵਧਾਨੀ ਵਰਤੇ ਭਾਵੇਂ ਪਤਾ ਕੁੱਝ ਨਹੀਂ ਲਗੱਦਾ| ਵਿਆਹ ਤੋਂ ਪਹਿਲਾਂ ਹਰ ਕੁੜੀ ਸੋਹਣੀ ਤੇ ਸੁਘੜ੍ਹ ਹੀ ਹੁੰਦੀ ਹੈ| ਬਾਹਰ ਆਉਣ ਲਈ ਅੰਨ੍ਹੀ-ਕਾਣੀ ਕਬੂਲ ਕਰਕੇ ਸੱਭ ਕੁਝ ਮੰਨ ਜਾਂਦੇ ਹਨ| ਵਿਆਹ ਵੇਲੇ ਮੈਂ ਵੀ ਸੁਗੜ੍ਹ ਤੇ ਪਰੀ ਜਾਪਦੀ ਸੀ ਤੇ ਝੱਟ ਹਾਂ ਕਰ ਦਿੱਤੀ ਸੀ| ਪ੍ਰੀਤੀ ਆਪਣਾ ਦੁੱਖ ਜੀਤੀ ਨਾਲ ਦੁਚਿੱਤੀ ਵਿੱਚ ਹੋਣ ਕਰਕੇ ਸਾਂਝਾ ਕਰਨਾ ਚਾਹੁੰਦੀ ਹੋਈ ਵੀ ਅਜੇ ਨਾ ਕਰ ਸਕੀ| ਇਹ ਜ਼ਰੂਰ ਕਿਹਾ ਕਿ ਕੈਨੇਡਾ ਆ ਕੇ ਮਰਦ ਇਥੋਂ ਦੀ ਸੱਭਿਅਤਾ ਵਿੱਚ ਰੰਗੇ ਜਾਂਦੇ ਹਨ ਅਤੇ ਨਾ ਆਪਣੀ ਉਮਰ ਦੇਖਦੇ ਹਨ ਤੇ ਨਾ ਰਿਸ਼ਤਿਆਂ ਦਾ ਹੀ ਧਿਆਨ ਰੱਖਦੇ ਹਨ| ਪ੍ਰੀਤੀ ਦਾ ਹੁਣ ਪਹਿਲਾ ਨਿਸ਼ਾਨਾ ਦੋ ਸਾਲ ਦਾ ਸਮਾਂ ਪੂਰਾ ਕਰਨ ਦੇ ਨਾਲ-ਨਾਲ ਸਰਦੂਲ ਸਿੰਘ ਦਾ ਖਾਨਾ ਖਰਾਬ ਕਰਨਾ ਸੀ ਤੇ ਬਦਲਾ ਵੀ ਲੈਣ ਦਾ ਸੀ| ਹੁਣ ਉਹ ਪਹਿਲੀ ਪ੍ਰੀਤੀ ਨਹੀਂ ਰਹੀ ਸੀ| ਘਰ ਦੇ ਕੰਮ-ਕਾਜ ਵੱਲੋਂ ਵੀ ਘੇਸ ਮਾਰਨ ਲੱਗੀ| ਚਲਾਵਾਂ ਜਿਹਾ ਕੰਮ ਕਰਦੀ| ਅਮਰ ਕੌਰ ਦੇ ਟੋਕਣ ਤੇ ਅੱਗੋਂ ਜਵਾਬ ਮੋੜਨ ਲੱਗ ਗਈ, “ਮੈਂ ਤੁਹਾਡੀ ਨੌਕਰਾਣੀ ਨਹੀਂ| ਜੇ ਨੈਂਨੀ ਵਾਲੀ ਤਨਖਾਹ ਦੇਣੀ ਐ, ਤਾਂ ਹੀ ਨੌਕਰਾਣੀ ਬਣ ਕੇ ਠੀਕ ਤਰ੍ਹਾਂ ਸਾਰੇ ਕੰਮ ਕਰਾਂਗੀ|” “ਬੜੀ ਜ਼ਬਾਨ ਚਲਾਉਣ ਲੱਗ ਪਈ ਐਂ| ਹੋਰ ਤੂੰ ਕੀ ਐਂ, ਜੇ ਨੌਕਰਾਣੀ ਨਹੀਂ? ਕੰਮ ਚੱਜ ਨਾਲ ਨਹੀਂ ਕਰਨਾ ਤਾਂ ਭਜਾ ਵੀ ਦੇਵਾਂਗੀ| ਫੇਰ ਫਿਰੇਂਗੀ ਧੱਕੇ ਖਾਂਦੀ|” ਅਮਰ ਕੌਰ ਰੋਅਬ ਪਾਉਂਦੀ | “ਇਹ ਤੂੰ ਆਪਣੇ ਘਰ ਵਾਲੇ ਨੂੰ ਪੁੱਛ, ਮੈਨੂੰ ਕੀ ਪੁੱਛਦੀ ਐਂ ? ਤੂੰ ਕੌਣ ਹੁੰਦੀ ਐਂ ਮੈਨੂੰ ਭਜਾਉਣ ਵਾਲੀ, ਕਿਤੇ ਤੈਨੂੰ ਹੀ ਨਾ ਭੱਜਣਾ ਪੈ ਜਾਵੇ| ਤੂੰ ਆਪਣੀ ਖੈਰ ਮਨਾ|” ਪ੍ਰੀਤੀ ਹੁਣ ਟਕਾ ਕੇ ਉਤੱਰ ਦਿੰਦੀ | ਅਗਲੇ ਦਿਨ ਅਮਰ ਕੌਰ ਨੇ ਕੰਮ ਤੇ ਆਪਣੇ ਘਰ ਵਾਲੇ ਨਾਲ ਗੱਲ ਤੋਰੀ, “ਸਰਦਾਰ ਜੀ, ਪ੍ਰੀਤੀ ਨੂੰ ਤਾਂ ਹੁਣ ਕੀੜੀ ਵਾਂਗ ਖੰਭ ਨਿੱਕਲ ਆਏ ਨੇ| ਅੱਗਿਉਂ ਲੁਤਰ-ਲੁਤਰ ਜ਼ਬਾਨ ਚਲਾਉਂਦੀ ਐ| ਕਹਿੰਦੀ ਐ ਮੈਂ ਨੌਕਰਾਣੀ ਨਹੀਂ| ਹੋਰ ਉਹ ਕੀ ਐ?” “ਤੂੰ ਵੀ ਕਮਲੀ ਹੈਂ| ਆਪਾਂ ਕਿਹੜੀਆਂ ਉਹਨੂੰ ਨੈਂਨੀ ਦੀਆਂ ਰੋਕੜਾਂ ਦਿੰਦੇ ਹਾਂ| ਸੁੱਕੀ ਉਹਦੀ ਢੂਈ ਕੁੱਟਦੇ ਹਾ| ਉਹਨੂੰ ਪਤਾ ਨਹੀਂ| ਉਹ ਤਾਂ ਆਪਾਂ ਤੋਂ ਨੈਂਨੀ ਦੀ ਬਣਦੀ ਤਨਖਾਹ ਲੈ ਸਕਦੀ ਹੈ| ਮੂਰਖ ਨਾ ਬਣੀ, ਐਵੇਂ ਬਹੁਤੀ ਟੋਕ-ਟਕਾਈ ਕਰਨ ਲੱਗ ਜਾਵੀਂ| ਆਪ ਵੀ ਜਿਨ੍ਹਾ ਕੰਮ ਨਾਲ ਕਰਾ ਸਕੇਂ ਕਰਿਆ ਕਰ| ਕੰਮ ਕਰਨ ਨਾਲ ਤੇਰਾ ਕੁੱਝ ਘਸਦਾ ਨਹੀਂ|” ਸਰਦੂਲ ਸਿੰਘ ਨੇ ਉਲਟਾ ਅਮਰ ਕੌਰ ਦੇ ਹੀ ਕੰਨ ਖਿੱਚੇ| ਪ੍ਰੀਤੀ ਨੂੰ ਕੁੱਝ ਨਾ ਕਹਿਣ ਤੇ ਸਗੋਂ ਉਲਟਾ ਉਸ ਨੂੰ ਹੀ ਮੱਤਾਂ ਦੇਣਾ,ਅਮਰ ਕੌਰ ਨੂੰ ਬੜਾ ਅਜੀਬ ਲੱਗਾ| ਹੁਣ ਅਮਰ ਕੌਰ ਨੂੰ ਦਾਲ ਵਿੱਚ ਕੁਝ ਕਾਲਾ-ਕਾਲਾ ਜਾਪਣ ਲੱਗਾ| ਉਸਨੂ ਪ੍ਰੀਤੀ ਸੌਂਕਣ ਵਾਲੀ ਥਾਂ ਲੈਂਦੀ ਮਹਿਸੂਸ ਹੋਣ ਲੱਗੀ| ਸਬੰਧਾਂ ਤੇ ਸ਼ੱਕ ਹੋਣ ਤੇ ਉਨ੍ਹਾਂ ਦੀ ਬਿੜਕ ਰੱਖਣ ਲੱਗੀ| ਇੱਕ ਰਾਤ ਉਨ੍ਹਾਂ ਦੇ ਆਉਣ ਵੇਲੇ ਸੁੱਤੇ ਹੋਣ ਦਾ ਬਹਾਨਾ ਕਰਕੇ ਮੂੰਹ ਤੇ ਕਪੜਾ ਲੈ ਕੇ ਪੈ ਗਈ ਅਤੇ ਸਰਦੂਲ ਸਿੰਘ ਨੂੰ ਪਾੜ ਵਿੱਚ ਜਾ ਫੜਿਆ| ਅਮਰ ਕੌਰ ਪ੍ਰੀਤੀ ਨੂੰ ਗਾਲਾਂ ਕੱਢਦੀ ਤੇ ਕੁੱਟਦੀ ਘਰ ਵਾਲੇ ਨੂੰ ਵੀ ਬੁਰਾ-ਭਲਾ ਕਹਿੰਦੀ ਪੈ ਗਈ| ਗੱਲ ਅਜੇ ਉਸ ਦੇ ਮੂੰਹ ਵਿੱਚ ਹੀ ਸੀ ਕਿ ਕਾੜ ਕਰਦਾ ਥੱਪੜ ਮੂੰਹ ਤੇ ਵੱਜਿਆ| ਗੁੱਤੋਂ ਫੜਕੇ ਘੜੀਸਦਾ ਸਰਦੂਲ ਸਿੰਘ ਉਪਰ ਆਪਣੇ ਬੈੱਡ-ਰੂਮ ਵਿੱਚ ਲੈ ਗਿਆ| ਕਮਰੇ ਵਿੱਚ ਜਾ ਕੇ ਹੋਰ ਮੁਰੰਮਤ ਕੀਤੀ| ਗੁੱਸੇ ਵਿੱਚ ਉਚੱੀ-ਉਚੱੀ ਗਾਲਾਂ ਕੱਢਣ ਲੱਗਾ| ਕੁੱਤੀਏ ਤੇਰੀ ਇਹ ਮਜਾਲ! ਅਮਰ ਕੌਰ ਡੌਰ-ਭੋਰ ਹੋਈ ਉੱਚੀ-ਉੱਚੀ ਚੀਕਾਂ ਮਾਰਨ ਲੱਗੀ| ਰੌਲੇ ਨਾਲ ਬੱਚੇ ਜਾਗ ਪਏ ਤੇ ਡਰ ਗਏ| ਮਾਂ ਤੇ ਕੁੱਟ ਪੈਂਦੀ ਤੇ ਉਸ ਨੂੰ ਰੋਂਦੀ ਦੇਖ ਕੇ ਵੱਡੇ ਮੁੰਡੇ ਨੇ ਟੈਲੀਫੂਨ ਤੇ 911 ਨੰਬਰ ਘੁਮਾ ਦਿੱਤਾ| ਝੱਟ ਪੁਲਸ ਆ ਗਈ| ਪੁੱਛ-ਗਿੱਛ ਕਰਕੇ ਸਰਦੂਲ ਸਿੰਘ ਨੂੰ ਫੜ ਕੇ ਨਾਲ ਲੈ ਗਈ| ਅਗਲੇ ਦਿਨ ਪਿਓ ਨੇ ਜ਼ਮਾਨਤ ਦੇ ਕੇ ਛੁਡਾਇਆ| ਪਰ ਘਰ ਜਾਣ ਤੇ ਪਾਬੰਦੀ ਲਾ ਦਿੱਤੀ ਸੀ ਫੇਸਲਾ ਹੋਣ ਤੱਕ| ਉਹ ਸਟੋਰ ਦੇ ਇੱਕ ਕਮਰੇ ਵਿੱਚ ਰਹਿਣ ਲੱਗਾ| ਪਿੱਛੋਂ ਅਮਰ ਕੌਰ ਨੇ ਪ੍ਰੀਤੀ ਨਾਲ ਖੂਬ ਕੁੱਤੇ-ਖਾਣੀ ਕੀਤੀ| ਕਹਿਣ ਲੱਗੀ, “ਇੱਕ ਘਰ ਤਾਂ ਡਾਇਨ ਵੀ ਛੱਡ ਲੈਂਦੀ ਐ| ਤੈਨੂੰ ਆਸਰਾ ਦਿੱਤਾ, ਤੂੰ ਇਹ ਖੇਹ ਉੜਾਈ| ਨਿਕੱਲ ਜਾ ਮੇਰੇ ਘਰੋਂ| ਜਿੱਥੇ ਉਹ ਮਰਿਆ ਉੱਥੇ ਤੂੰ ਵੀ ਜਾ ਮਰ ਅਤੇ ਮੇਰੀਆਂ ਅੱਖਾਂ ਤੋਂ ਦੂਰ ਖਾਹ ਖੇਹ|” ਪ੍ਰੀਤੀ ਨੇ ਟੈਲੀਫੂਨ ਤੇ ਜੀਤੀ ਨੂੰ ਸੱਭ ਕੁੱਝ ਦੱਸਿਆ ਤੇ ਕਿਹਾ, “ਉਹ, ਉਸ ਨੂੰ ਕੁੱਝ ਦਿਨਾਂ ਲਈ ਆਪਣੇ ਘਰ ਲੈ ਜਾਵੇ| ਉਹ ਉਸ ਦੀ ਸਾਰੀ ਉਮਰ ਦੇਣਦਾਰ ਰਹੇਗੀ, ਹੋਰ ਇਥੇ ਤੇਰੇ ਸਿਵਾ ਮੇਰਾ ਕੋਈ ਨਹੀਂ|” ਜੀਤੀ ਆ ਕੇ ਉਸ ਨੂੰ ਆਪਣੇ ਘਰ ਲੈ ਗਈ| ਅਗਲੇ ਦਿਨ ਦੋਵੇਂ ਇਕੱਠੀਆਂ ਕੰਮ ਤੇ ਚਲੇ ਗਈਆਂ| ਸਰਦੂਲ ਸਿੰਘ ਕਹਿਣ ਲੱਗਾ, “ਪ੍ਰੀਤੀ ਤੂੰ ਫਿਕਰ ਨਾ ਕਰੀਂ ਮੈਂ ਹਾਂ ਤੇਰਾ ਸੱਭ ਕੁੱਝ| ਅੱਜ ਤੋਂ ਜੀਤੀ ਨਾਲ ਤੂੰ ਵੀ ਫੁੱਲ ਟਾਇਮ ਕੰਮ ਕਰਿਆ ਕਰੀਂ| ਮੈਂ ਇੱਕ ਦੋ ਦਿਨ ਵਿੱਚ ਅਪਾਰਟਮੈਂਟ ਲੈ ਲਵਾਂਗਾ, ਫੇਰ ਆਪਾਂ ਉਸ ਵਿੱਚ ਇਕੱਠੇ ਰਹਾਂਗੇ| ਅਮਰ ਕੌਰ ਨਾਲ ਤਾਂ ਹੁਣ ਨਿਭਣੀ ਨਹੀਂ ਤਲਾਕ ਲੈਣਾ ਹੀ ਪੈਣਾ ਹੈ| ਤਲਾਕ ਹੋਏ ਤੋਂ ਆਪਾਂ ਵਿਆਹ ਕਰਵਾ ਲਵਾਂਗੇ, ਇਸ ਨਾਲ ਤੈਨੂੰ ਪੱਕੇ ਹੋਣ ਵਿੱਚ ਵੀ ਆਸਾਨੀ ਰਹੇਗੀ|” “ਮੈਨੂੰ ਸੋਚਣ ਲਈ ਕੁਝ ਟਾਈਮ ਚਾਹੀਦਾ ਹੈ|” ਪ੍ਰੀਤੀ ਨੇ ਉਤੱਰ ਮੋੜਿਆ| ਅੱਜ ਦਾ ਕੰਮ ਖਤਮ ਕਰਕੇ ਪ੍ਰੀਤੀ ਸਲਾਹ ਕਰਨ ਲਈ ਜੀਤੀ ਦੇ ਨਾਲ ਉਸ ਦੇ ਘਰ ਚਲੀ ਗਈ| ਜੀਤੀ ਹੀ ਉਸ ਦੀ ਦੋਸਤ ਅਤੇ ਸੱਭ ਕੁਝ ਸੀ| ਬੱਚਿਆਂ ਦੇ ਸੌਂ ਜਾਣ ਪਿੱਛੋਂ ਸਲਾਹੀਂ ਪੈ ਗਈਆਂ| “ਪ੍ਰੀਤੀ,ਫੇਰ ਕੀ ਸੋਚਿਆ? ਕੀ ਮਨ ਬਣਾਇਆ?” ਜੀਤੀ ਨੇ ਗੱਲ ਚਲਾਈ| “ਹੋਰ ਤਾਂ ਮੇਰਾ ਇਥੇ ਕੋਈ ਨਹੀਂ| ਤੂੰ ਹੀ ਔਖੀ ਘੜੀ ਵਿੱਚ ਮੇਰੀ ਸਲਾਹਕਾਰ ਐਂ| ਤੂੰ ਹੀ ਕਿਸੇ ਰਾਹ ਪਾ, ਮੈਨੂੰ ਖਾਤੇ ਡਿੱਗੀ ਨੂੰ|” ਪ੍ਰੀਤੀ ਨੇ ਘੋਰ ਨਿਰਾਸ਼ਾ ਨਾਲ ਕਿਹਾ| “ਮੇਰੀ ਸਮਝ ਵਿੱਚ ਦੋ ਰਾਹ ਹਨ| ਇੱਕ ਰਾਹ ਤਾਂ ਤੇਰੇ ਕੋਲ ਕੰਜਰ ਅੰਕਲ ਨਾਲ ਉਸ ਦੀ ਸਲਾਹ ਅਨੁਸਾਰ ਵਿਆਹ ਕਰਾ ਕੇ ਜਾਂ ਕਾਮਨ-ਇਨ-ਲਾਅ ਬਣ ਕੇ ਨਾਲ ਰਹਿਣ ਵਾਲਾ ਹੈ| ਇਸ ਤਰ੍ਹਾਂ ਬਦਲਾ ਵੀ ਲੈ ਸਕਦੀ ਹੈਂ| ਪੱਕੀ ਹੋਣ ਤੱਕ ਉਸ ਨੂੰ ਖੂਬ ਲੁੱਟ| ਜਿਨ੍ਹਾ ਤੈਨੂੰ ਬਰਬਾਦ ਕੀਤਾ, ਉਸ ਨੂੰ, ਉਸ ਤੋਂ ਵੀ ਵੱਧ ਤਬਾਹ ਕਰ ਦੇ| ਦੂਜਾ ਰਾਹ ਇਹ ਐ ਮੇਰੇ ਕੋਲ ਰਹੀ ਜਾ ਪੱਕੀ ਹੋਣ ਤੱਕ| ਦੋ ਸਾਲ ਤਾਂ ਹੋ ਹੀ ਚੱਲੇ ਹਨ| ਪੱਕੀ ਹੋ ਕੇ ਤੇਰੇ ਪੇਰੈਂਟਸ ਨੂੰ ਮੰਗਵਾ ਲਵਾਂਗੇ| ਫੇਰ ਆਪਣੇ ਭੈਣ-ਭਰਾ ਨੂੰ ਪੜ੍ਹਾ-ਲਿਖਾ ਕੇ ਉਨ੍ਹਾਂ ਨੂੰ ਸੈੱਟ ਕਰਕੇ ਆਪਣਾ ਵੀ ਨਵਾਂ ਘਰ ਬਸਾ ਲਵੀਂ| ਲੁੱਟਣਾ ਤੇ ਬਰਬਾਦ ਇਸ ਕੰਜਰ ਨੂੰ ਫੇਰ ਵੀ ਵੱਧ ਤੋਂ ਵੱਧ ਕਰਨਾ ਤਾਂ ਜੋ ਕਿਸੇ ਪਾਸੇ ਜੋਗਾ ਨਾ ਰਹੇ|” ਜੀਤੀ ਨੇ ਦੋ ਸਕੀਮਾਂ ਸਾਹਮਣੇ ਰੱਖੀਆਂ| “ਜੀਤੀ ਹੈ ਤਾਂ ਦੋਵੇਂ ਠੀਕ ਪਰ ਤੇਰੀ ਪਹਿਲੀ ਪਲੈਨ ਤੇ ਅਮਲ ਕਰਕੇ ਇਸ ਗੰਦਗੀ ਦੇ ਕੀੜੇ ਸਰਦੂਲੇ ਨੂੰ ਅਜਿਹਾ ਸਬਕ ਸਿਖਾਵਾਂਗੀ ਕਿ ਮਰਨ ਤੱਕ ਯਾਦ ਰੱਖੇਗਾ ਕਿ ਕਿਵੇਂ ਕਿਸੇ ਬੇਗ਼ਾਨੀ ਧੀ ਨਾਲ ਵਿਸ਼ਵਾਸ਼-ਘਾਤ ਕਰਕੇ ਉਸ ਨੂੰ ਬਰਬਾਦ ਕਰੀਦਾ ਹੈ| ਆਪਣਾ ਉਲੂ ਸਿੱਧਾ ਕਰਕੇ ਇਸ ਦੀ ਸਬ-ਵੇ ਤੇ ਵੀ ਕਬਜ਼ਾ ਕਰਕੇ ਇਸ ਨੂੰ ਐਸੇ ਖੂਹ ਵਿੱਚ ਧੱਕਾ ਦੇਵਾਂਗੀ ਜਿਥੋਂ ਮੁੜ ਬਾਹਰ ਨਾ ਨਿੱਕਲ ਸਕੇ|” ਪ੍ਰੀਤੀ ਨੇ ਆਪਣੀ ਪਲੈਨ ਦੇ ਪੱਤੇ ਜੀਤੀ ਅੱਗੇ ਸਿੱਧੇ ਕੀਤੇ| “ਮੈਂ ਤਾਂ ਨਿਆਸਰੀ ਤੇ ਕਮਜ਼ੋਰ ਸਾਂ ਤੇ ਆਪਣੇ ਹਸਬੈਂਡ ਨੂੰ ਉਸ ਦੀ ਖੁਦਗ਼ਰਜ਼ੀ ਦਾ ਬਦਲਾ ਲੈ ਕੇ ਕੋਈ ਸਬਕ ਨਹੀਂ ਸਾਂ ਸਿਖਾ ਸਕੀ ਪਰ ਤੇਰੀ ਮੈਂ ਹਾਂ ਸੱਭ ਕੁਝ ਇੱਥੇ| ਪਿੱਛੇ ਪਰਤ ਕੇ ਨਾ ਦੇਖੀਂ|” ਜੀਤੀ ਨੇ ਹਲਾਸ਼ੇਰੀ ਦਿੱਤੀ| ਪ੍ਰੀਤੀ ਨੇ ਹੌਲੀ-ਹੌਲੀ ਆਪਣੇ ਪਲੈਨ ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ| ਦੋ ਸਾਲ ਪਿੱਛੋਂ ਪੱਕੀ ਹੋ ਗਈ ਤੇ ਸਰਦੂਲ ਸਿੰਘ ਨੂੰ ਐਸਾ ਹੱਥ ਤੇ ਲਿਆ ਕਿ ਉਹ ਹੁਣ ਉਸ ਬਿਨਾਂ ਸਾਹ ਵੀ ਨਹੀਂ ਲੈਂਦਾ ਸੀ| ਵਿਆਹ ਦਾ ਲਾਰਾ ਦੇ ਕੇ ਘਰ ਲੈ ਲਿਆ| ਨਸ਼ਿਆਂ ਦਾ ਆਦੀ ਬਣਾ ਦਿੱਤਾ| ਹੌਲੀ-ਹੌਲੀ ਸਟੋਰ ਤੇ ਵੀ ਕਬਜ਼ਾ ਜਮਾ ਲਿਆ| ਇੰਡਿਆ ਤੋਂ ਆਪਣੇ ਮਾਂ-ਪਿਓ ਨੂੰ ਤੇ ਭੈਣ-ਭਰਾ ਨੂੰ ਵੀ ਮੰਗਵਾ ਲਿਆ| ਕੁੱਝ ਹੋਰ ਸਮਾਂ ਬੀਤਣ ਤੇ ਸਰਦੂਲ ਸਿੰਘ ਨੂੰ ਮਾਰ ਕੁੱਟ ਕਰਨ ਦਾ ਇਲਜ਼ਾਮ ਲਾ ਕੇ ਪੁਲਸ ਸੱਦ ਕੇ ਘਰੋਂ ਵੀ ਕੂੜੇ ਵਾਂਗ ਬਾਹਰ ਸੁੱਟ ਦਿੱਤਾ| ਹੋਰ ਦੋ ਕੁ ਸਾਲ ਪਿੱਛੋਂ ਸਾਰਾ ਪਰਿਵਾਰ ਇੰਡੀਆ ਗਿਆ| ਪ੍ਰੀਤੀ ਨੇ ਇੱਕ ਤਕੜੇ ਰੱਜੇ-ਪੁੱਜੇ ਘਰ ਦੇ ਦੱਸਵੀਂ ਪਾਸ ਵਿਹਲੜ੍ਹ ਸਾਹਿਬਜ਼ਾਦੇ ਨਾਲ ਸ਼ਾਨਦਾਰ ਵਿਆਹ ਰਚਾਇਆ| ਸਾਰਾ ਵਿਆਹ ਦਾ ਖਰਚ ਵੀ ਮੁੰਡੇ ਵਾਲਿਆਂ ਤੋਂ ਹੀ ਕਰਵਾਇਆ ਅਤੇ ਪੰਦਰਾਂ ਲੱਖ ਨਕਦ ਵੀ ਡੁੱਕਿਆ| ਮਹੀਨਾ ਭਰ ਐਸ਼ ਕਰਕੇ ਕਨੇਡਾ ਪਰਤ ਆਇੇ| ਬਾਪੂ ਕਿਹੇ, “ਪ੍ਰੀਤੀ ਭਾਈ ਤੇਰੇ ਸੌਹਰਿਆਂ ਤੋਂ ਟੈਲੀਫੂਨ ਆਈ ਜਾਂਦੇ ਹਨ ਕਿ ਮੁੰਡੇ ਨੂੰ ਜਲਦੀ ਸਪੌਂਸਰ ਕਰੋ| ਤੂੰ ਉਨ੍ਹਾਂ ਨੂੰ ਕਾਗ਼ਜ਼ ਭਰ ਕੇ ਭੇਜ ਦੇ, ਮੁੰਡਾ ਆਉਣ ਵਾਲਾ ਬਣੇ|” “ਬਾਪੂ ਤੂੰ ਵੀ ਕਮਲੀਆਂ- ਕਮਲੀਆਂ ਗੱਲਾਂ ਕਰਦਾ ਹੈਂ| ਆਪਣੇ ਨਾਲ ਘੱਟ ਧੋਖਾਂ ਹੋਇਆ ? ਤੁਹਾਨੂੰ ਤਾਂ ਮੈਂ ਕੁਝ ਦਸਿਆ ਹੀ ਨਹੀਂ ਜੋ ਮੇਰੇ ਨਾਲ ਠੱਗੀ ਹੋਈ ਹੈ, ਤੁਹਾਨੂੰ ਦੱਸਣ ਜੋਗੀ ਵੀ ਨਹੀਂ| ਹੁਣ ਆਪਣੀ ਵਾਰੀ ਹੈ| ਅਗਲੇ ਸਾਲ ਫੇਰ ਕੋਈ ਅਜਿਹੀ ਚੰਗੀ ਸਾਮੀ ਫਾਹਾਂਗੇ| ਉਸ ਨੂੰ ਸੱਦ ਕੇ ਫੇਰ ਮੌਜਾਂ ਲੁਟਾਂਗੇ |”ਸਮਝ ਗਿਆ ਨਾ ਬਾਪੂ!” ਜਰਨੈਲ ਸਿੰਘ ਗਰਚਾ |
ਟਿੱਪਣੀ : ਇਹ ਰਚਨਾ ‘’ਲਿਖਾਰੀ” ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ‘ਲਿਖਾਰੀ.ਨੈੱਟ’ ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
ਪਹਿਲੀ ਵਾਰੀ 2005 **** |
(ਜਰਨੈਲ ਸਿੰਘ ਗਰਚਾ, ਬਰੈਂਪਟਨ, 905-455-6013)