21 April 2024

ਤੂੰ ਕੇਹਾ ਸਿੱਖ ਏਂ—ਡਾ. ਜੋਗਿੰਦਰ ਸਿੰਘ ਨਿਰਾਲਾ

ਦੋ ਸ਼ਬਦ: ਬਰਨਾਲਾ ਰਹਿੰਦੇ ਡਾ. ਜੋਗਿੰਦਰ ਸਿੰਘ ਨਿਰਾਲਾ, ਪੰਜਾਬੀ ਸਾਹਿਤਕ ਜਗਤ ਵਿਚ ਇਕ ਜਾਣਿਆ ਪਹਿਚਾਣਿਆ ਅਤੇ ਸਥਾਪਿਤ ਨਾਂ ਹੈ। ਉਸ ਨੇ ਪੰਜਾਬੀ ਕਹਾਣੀ, ਮਿੰਨੀ ਕਹਾਣੀ ਅਤੇ ਆਲੋਚਨਾ ਸਬੰਧੀ ਆਪਣੇ ਕੀਤੇ ਕਾਰਜ ਨਾਲ ਪੰਜਾਬੀ ਸਾਹਿਤ ਵਿਚ ਸ਼ਲਾਘਾਯੋਗ ਯੋਗਦਾਨ ਪਾਇਆ ਹੈ। ਪੰਜਾਬੀ ਬੋਲੀ ਅਤੇ ਸਾਹਿਤ ਦੀ ਪ੍ਰਗਤੀ ਲਈ ਡਾ. ਨਿਰਾਲਾ, ਬਰਨਾਲਾ ਸਾਹਿਤ ਸਭਾ ਨਾਲ ਤਾਂ ਜੁੜੇ ਹੋਏ ਹਨ ਹੀ ਪਰ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਸਾਹਿਤਕ ਜਥੇਬੰਧੀਆਂ ਵਿਚ ਵੱਡੀਆਂ ਭੂਮਿਕਾਵਾਂ ਨਿਭਾਉਂਦੇ ਰਹੇ ਅਤੇ ਲਗਾਤਾਰ ਨਿਭਾ ਰਹੇ ਹਨ। ਡਾ. ਜੁਗਿੰਦਰ ਸਿੰਘ ਨਿਰਾਲਾ ਜੀ ਦੀ ਕਹਾਣੀ: ਤੂੰ ਕੇਹਾ ਸਿੱਖ ਏਂ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਰਦਿਅਾਂ ਅਥਾਹ ਪਰਸੰਨਤਾ ਦਾ ਅਨੁਭਵ ਕਰ ਰਿਹਾ ਹਾਂ। ——ਲਿਖਾਰੀ
***

ਕਹਾਣੀ:
ਤੂੰ ਕੇਹਾ ਸਿੱਖ ਏਂ
-ਡਾ. ਜੋਗਿੰਦਰ ਸਿੰਘ ਨਿਰਾਲਾ-

ਸੇਵਾ-ਮੁਕਤੀ ਤੋਂ ਇਕਦਮ ਬਾਅਦ ਹੋਰ ਨੌਕਰੀ ਦੀ ਆਫ਼ਰ ਆਉਣ ਨਾਲ ਮੈਨੂੰ ਸੁੱਖ ਦਾ ਸਾਹ ਆਇਆ।

ਸੇਵਾ-ਮੁਕਤੀ ਤੋਂ ਪਿੱਛੋਂ ਇੱਕ ਮਹੀਨਾ ਮੈਂ ਵਿਹਲਾ ਰਿਹਾ। ਥੋੜ੍ਹੀ ਦੇਰ ਬਾਅਦ ਹੀ ਇੰਜ ਜਾਪਣ ਲੱਗਿਆ ਪਈ ਜ਼ਿੰਦਗੀ ਵਿਚੋਂ ਮੈਂ ਮਨਫ਼ੀ ਹੋ ਰਿਹਾ ਹਾਂ। ਇਹ ਨੌਕਰੀ ਵੀ ਬੜੀ ਕੁੱਤੀ ਹੈ। ਏਨੇ ਵਰਿੵਆਂ ਦੀ ਸਰਵਿਸ ਕਰਨ ਤੋਂ ਬਾਅਦ ਜਦੋਂ ਇਕਦਮ ਰੁਟੀਨ ਜਿਹਾ ਟੁੱਟ ਜਾਂਦਾ ਹੈ ਤਾਂ ਆਦਮੀ ਆਪਣੇ ਆਪ ਨੂੰ ਫ਼ਾਲਤੂ ਚੀਜ਼ ਸਮਝਣ ਲੱਗ ਪੈਂਦਾ ਹੈ। ਇੱਕ ਆਪਣੀ ਤਰ੍ਹਾਂ ਦਾ ਘਟੀਆਪੁਣੇ ਦਾ ਅਹਿਸਾਸ ਘਰ ਕਰਨ ਲਗਦਾ ਹੈ ਅਤੇ ਜਦੋਂ ਤੱਕ ਉਹ ਕੋਈ ਨਵਾਂ ਰੁਝੇਵਾਂ ਨਹੀਂ ਲੱਭ ਲੈਂਦਾ, ਮਨ ਨੂੰ ਸਕੂਨ ਜਿਹਾ ਨਹੀਂ ਮਿਲਦਾ। ਪਰ ਚੰਗੀ ਕਿਸਮਤ ਨੂੰ ਮੈਨੂੰ ਬਹੁਤੀ ਦੇਰ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਛੇਤੀ ਹੀ ਰੀਇੰਪਲਾਇਸਮੈਂਟ ਲੈਟਰ ਮਿਲ ਗਿਆ।

ਮੇਰੀ ਇਹ ਨਿਯੁਕਤੀ ਦੇਸ਼ ਦੇ ਉਸ ਭਾਗ ਵਿਚ ਹੋਈ ਸੀ, ਜਿਸ ਨੂੰ ਧਰਤੀ ’ਤੇ ਸਵਰਗ ਕਿਹਾ ਜਾਂਦਾ ਹੈ। ਪਹਾੜੀ ਦ੍ਰਿਸ਼ਾਂ, ਨਦੀਆਂ-ਨਾਲਿਆਂ, ਦਰਿਆਵਾਂ, ਚਸ਼ਮਿਆਂ ਦੀ ਇਹ ਸੁੰਦਰ ਧਰਤੀ ਅੱਜਕੱਲ੍ਹ ‘ਗੜਬੜ ਵਾਲਾ ਇਲਾਕਾ’ ਕਰਾਰ ਦਿੱਤੀ ਜਾ ਚੁੱਕੀ ਸੀ। ਹਰ ਰੋਜ਼ ਦੇ ਮੁਕਾਬਲਿਆਂ, ਇੱਕੋ ਫਿਰਕੇ ਦੇ ਬੰਦਿਆਂ ਦੇ ਵਹਿਸ਼ੀਆਨਾ ਕਤਲਾਂ ਅਤੇ ਲੁੱਟਾ-ਖੋਹਾਂ ਦੀਆਂ ਘਟਨਾਵਾਂ ਅਖ਼ਬਾਰਾਂ ਅਤੇ ਹੋਰ ਮੀਡੀਆ ਵਿਚ ਚਰਚਿਤ ਰਹਿੰਦੀਆਂ ਸਨ।

ਜਿੱਥੇ ਮੈਂ ਦੁਬਾਰਾ ਸਰਵਿਸ ਮਿਲਣ ’ਤੇ ਖੁਸ਼ ਸਾਂ, ਉੱਥੇ ਸਾਕ-ਸਬੰਧੀ ਅਤੇ ਮਿੱਤਰ ਆਪਣੇ ਆਪ ਨੂੰ ਚਿੰਤਾਤੁਰ ਹੋਣ ਦਾ ਪ੍ਰਗਟਾਵਾ ਕਰ ਰਹੇ ਸਨ। ਇੱਕ ਕੌਸ਼ਲ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ, ‘ਆਦਮੀ ਦੀ ਉਮਰ ਦਾ ਇਹ ਵਰ੍ਹਾ ਤਾਂ ਸੰਨਿਆਸ ਦਾ ਹੁੰਦੈ, ਮਸਾਂ ਨੌਕਰੀ ਦੇ ਝੰਜਟਾਂ ਤੋਂ ਛੁੱਟੀ ਮਿਲਦੀ ਹੈ ਅਤੇ ਤੂੰ ਫੇਰ ਸ਼ੇਰ ਦੇ ਮੂੰਹ ਵਿਚ ਹੱਥ ਪਾ ਰਿਹੈਂ।’

ਜੇ ਗੱਲ ਇੱਥੋਂ ਤੱਕ ਹੀ ਸੀਮਤ ਰਹਿੰਦੀ ਤਾਂ ਸ਼ਾਇਦ ਠੀਕ ਹੀ ਹੁੰਦੀ ਪਰ ਜਦੋਂ ਉਸ ਨੇ ਇਹ ਕਿਹਾ ਕਿ ਗੋਡੇ ਤਾਂ ਤੇਰੇ ਪਹਿਲਾਂ ਹੀ ਦੁਖਦੇ ਨੇ, ਕਿਤੇ ਉੱਥੇ ਜਾ ਕੇ ਤੁੜਵਾ ਨਾ ਆਈਂ ਤਾਂ ਮੈਨੂੰ ਇੰਜ ਲੱਗਿਆ ਪਈ ਉਸ ਨੇ ਮੈਨੂੰ ਬੁੱਢਾ ਹੀ ਸਮਝ ਲਿਆ। ਮਨੁੱਖ ਦੀ ਇਹ ਫ਼ਿਤਰਤ ਹੈ ਕਿ ਉਹ ਆਪਣੇ ਆਪ ਨੂੰ ਬੁੱਢਾ ਮੰਨਣ ਲਈ ਕਦੇ ਵੀ ਤਿਆਰ ਨਹੀਂ ਹੁੰਦਾ, ਭਾਵੇਂ ਕਿ ਦਿਨ-ਬ-ਦਿਨ ਉਸ ਦੇ ਸਰੀਰ ਨੂੰ ਲੱਗ ਰਿਹਾ ਖੋਰਾ ਇੱਕ ਧੁੜਕੂ ਜਿਹਾ ਜ਼ਰੂਰ ਪੈਦਾ ਕਰ ਰਿਹਾ ਹੁੰਦੈ। ਮੈਂ ਕੌਸ਼ਲ ਸਾਹਿਬ ਦੀ ਇਸ ਗੱਲ ਦਾ ਗੁੱਸਾ ਨਹੀਂ ਮਨਾਇਆ, ਸਗੋਂ ਗੱਲ ਨੂੰ ਹਾਸੀ ਵਿਚ ਟਾਲਦਿਆਂ ਹੀ ਕਿਹਾ, ‘ਜਨਾਬ ਕੌਸ਼ਲ ਸਾਹਿਬ, ਗੋਡੇ ਤਾਂ ਅੱਜਕੱਲ੍ਹ ਨਵੇਂ ਵੀ ਲੱਗ ਜਾਂਦੇ ਨੇ, ਨਹੀਂ ਤਾਂ ਤੁਹਾਡੇ ਵਾਂਗ ਵੋਵਰਿਨ ਦੀਆਂ ਗੋਲੀਆਂ ਖਾ ਲਿਆ ਕਰਾਂਗਾ।’ ਬੱਚਿਆਂ ਦਾ ਹਾਲ ਇਹ ਸੀ ਬਈ ਜਿੱਥੇ ਉਨ੍ਹਾਂ ਨੂੰ ਖੁਸ਼ੀ ਸੀ ਕਿ ‘ਪਾਪਾ ਦੀ ਪੈਸੇ ਕਮਾਉਣ ਵਾਲੀ ਮਸ਼ੀਨ’ ਫੇਰ ਚੱਲ ਪਈ ਹੈ, ਉੱਥੇ ਦੂਰ-ਦੁਰੇਡੇ ਜਾਣ ਦੀ ਉਦਾਸੀ ਵੀ ਸੀ।

ਜਿੱਥੋਂ ਤੱਕ ਮੇਰਾ ਆਪਣਾ ਸਬੰਧ ਹੈ, ਮੈਂ ਖੁਸ਼ ਸਾਂ, ਖੁਸ਼ ਹੀ ਨਹੀਂ, ਮੇਰੇ ਅੰਦਰ ਇੱਕ ਨਵਾਂ ਹੀ ਜੋਸ਼ ਤੇ ਉਤਸ਼ਾਹ ਪੈਦਾ ਹੋ ਰਿਹਾ ਸੀ। ਇੱਕ ਤਾਂ ਦੁਬਾਰਾ ਲੀਹ ਉੱਪਰ ਆਉਣ ਦਾ ਅਤੇ ਦੂਸਰੇ ਮੁੱਢ ਤੋਂ ਹੀ ਮੇਰੇ ਅੰਦਰ ਪਹਾੜੀ ਜੀਵਨ ਬਾਰੇ ਇੱਕ ਅਜੀਬ ਜਿਹੀ ਕਸ਼ਿਸ਼ ਪਲਦੀ ਰਹੀ ਹੈ। ਪਹਾੜਾਂ ਨਾਲ ਮੇਰਾ ਲਗਾਓ ਓਦੋਂ ਤੋਂ ਹੈ ਜਦੋਂ ਮੈਂ ਮਸੂਰੀ ਪੜਿ੍ਹਆ ਕਰਦਾ ਸਾਂ। ਭਾਵੇਂ ਦਿਨ ਜਵਾਨੀ ਚੜ੍ਹਦੀ ਦੇ ਦਿਨ ਸਨ, ਜਦੋਂ ਕੁਦਰਤ ਦੇ ਹਰ ਵਰਤਾਰੇ ਪ੍ਰਤੀ ਇੱਕ ਅਜੀਬ ਜਿਹੀ ਖਿੱਚ ਹੁੰਦੀ ਹੈ। ਪਹਾੜਾਂ ਉੱਪਰ ਘੁੰਮਦੇ ਬੱਦਲਾਂ ਨੂੰ ਵੇਖਣਾ ਇੱਕ ਆਪਣੀ ਹੀ ਤਰ੍ਹਾਂ ਦਾ ਦਿਲ-ਖਿੱਚਵਾਂ ਨਜ਼ਾਮ ਹੈ। ਸਾਫ਼ ਤੇ ਸਫ਼ਾਫ਼ ਹਵਾ ਇੱਕ ਤਾਜ਼ਗੀ ਜਿਹੀ ਦਾ ਅਹਿਸਾਸ ਭਰ ਦਿੰਦੀ ਹੈ। ਪਹਾੜਾਂ ਨੂੰ ਕੱਟ-ਕੱਟ ਕੇ ਬਣਾਏ ਗਏ ‘ਸ਼ਾਰਟ ਕੱਟ’ ’ਤੇ ਤੁਰਨ ਨਾਲ ਕਸਰਤ ਤਾਂ ਆਪਣੇ ਆਪ ਹੀ ਹੋ ਜਾਂਦੀ ਹੈ। ਮੇਰਾ ਪੱਕਾ ਯਕੀਨ ਹੈ ਕਿ ਪਹਾੜੀ ਲੋਕਾਂ ਦੀ ਉਮਰ ਆਮ ਆਦਮੀ ਜਿਹੜਾ ਕਿ ਪਲੇਨ ਵਿਚ ਰਹਿੰਦਾ ਹੈ, ਨਾਲੋਂ ਵੱਧ ਹੁੰਦੀ ਹੈ ਅਤੇ ਸਿਹਤਯਾਬ ਵੀ। ਇਸ ਲਈ ਜਦੋਂ ਇਹ ਆਫ਼ਰ ਮਿਲੀ ਤਾਂ ਮੈਂ ਇਸ ਨੂੰ ਸਵੀਕਾਰ ਕਰਨ ਵਿਚ ਕਿਸੇ ਵੀ ਕਿਸਮ ਦੀ ਢਿੱਲ ਨਾ ਵਰਤੀ। ਨੌਕਰੀ ਵਾਲੀ ਜਗ੍ਹਾ ਭਾਵੇਂ ਦੂਰ-ਦੁਰਾਡੇ ਸੀ, ਇਲਾਕਾ ਵੀ ਗੜਬੜ ਵਾਲਾ ਸੀ। ਪਰ ਅੱਜਕੱਲ੍ਹ ਗੜਬੜ ਕਿੱਥੇ ਨਹੀਂ ਹੈ। ਨਾਲੇ ਬੰਦੇ ਦੀ ਜ਼ਿੰਦਗੀ ਕਿੱਥੇ ਸੁਰੱਖਿਅਤ ਹੈ, ਇਹ ਤਾਂ ਕਿਤੇ ਵੀ ਬੁਲਾਵਾ ਆ ਸਕਦੈ, ਐਵੇਂ ਬਾਤ ਦਾ ਬਤੰਗੜ ਬਣਾਉਣ ਦੀ ਕੀ ਲੋੜ ਹੈ। ਸਾਡੇ ਆਪਣੇ ਸੂਬੇ ਵਿਚ ਤਾਂ ਅਸੀਂ ਲਗਭਗ ਇੱਕ ਦਹਾਕੇ ਤੋਂ ਉੱਪਰ ਦੇ ਸਮੇਂ ਤੋਂ ਇਹ ਦੁਖਾਂਤ ਭੋਗਿਆ ਸੀ।

ਇਸ ਫੈਸਲੇ ਨਾਲ ਮੈਂ ਨੌਕਰੀ ’ਤੇ ਜਾਣ ਲਈ ਆਪਣਾ ਬੋਰੀਆ-ਬਿਸਤਰਾ ਬੰਨ੍ਹਣਾ ਸ਼ੁਰੂ ਕੀਤਾ। ‘ਬੋਰੀਏ-ਬਿਸਤਰੇ’ ਵਾਲੀ ਗੱਲ ਵੀ ਐਵੇਂ ਹੀ ਹੈ। ਮੈਂ ਸ਼ੁਰੂ ਤੋਂ ਹੀ ਘਰ ਤੋਂ ਦੂਰ ਰਿਹਾ ਹਾਂ। ਪੜ੍ਹਾਈ ਸਮੇਂ ਦੌਰਾਨ ਵੀ ਅਤੇ ਵੱਖ-ਵੱਖ ਨੌਕਰੀਆਂ ਸਮੇਂ ਵੀ। ਮੈਂ ਕਦੇ ਵੀ ਆਪਣੇ ਨਾਲ ਬਹੁਤਾ ਸਮਾਨ ਨਹੀਂ ਲਿਆ। ਜਿੱਥੇ ਜਾਣਾ, ਉੱਥੇ ਹੀ ਲੋੜੀਂਦਾ ਨਵਾਂ ਸਮਾਨ ਲੈ ਕੇ ਅਡਜਸਟ ਹੁੰਦਾ ਰਿਹਾ ਹਾਂ। ਇਸ ਨਾਲ ਇੱਕ ਤਾਂ ਵਾਧੂ ਖੱਲਜਗਣ ਤੋਂ ਬੰਦਾ ਬਚਿਆ ਰਹਿੰਦਾ ਹੈ, ਐਵੇਂ ਗੱਡੀਆਂ ਬੱਸਾਂ ਵਿਚ ਭਾਰ ਚੁੱਕਦੇ, ਚੜ੍ਹਾਉਂਦੇ, ਲਾਹੁੰਦੇ ਫਿਰਦੇ ਰਹੇ। ਜਿੱਥੇ ਵੀ ਜਾਓ, ਉੱਥੇ ਵੀ ਬਜ਼ਾਰ ਹੁੰਦੈ। ਉੱਥੇ ਵੀ ਲੋਕ ਰਹਿ ਰਹੇ ਹੁੰਦੇ ਹਨ, ਉੱਥੇ ਵੀ ਇੱਕ ਸੰਸਾਰ ਪਹਿਲਾਂ ਵਸਿਆ ਹੁੰਦੈ। ਬੱਸ ਤੁਹਾਨੂੰ ਸਿਰਫ਼ ਨਵੇਂ ਸਥਾਨ ਉੱਪਰ ਆਪਣੇ ਆਪ ਨੂੰ ਅਡਜਸਟ ਕਰਨਾ ਹੁੰਦੈ।

ਜਿੱਥੋਂ ਤੱਕ ਰੇਲ ਨਾਲ ਸੰਪਰਕ ਸੀ, ਸਫ਼ਰ ਸੌਖਿਆਂ ਕੱਟ ਗਿਆ ਪਰ ਅੱਗਿਓਂ ਬੱਸ ਰਾਹੀਂ ਜਾਣਾ ਸੀ। ਬੱਸ ਦਾ ਲੰਬਾ ਸਫ਼ਰ ਮੈਨੂੰ ਹਮੇਸ਼ਾ ਤੰਗ ਕਰਦਾ ਹੈ। ਇੱਕ ਤਾਂ ਬੱਸ ਵਿਚ ਬੰਨ੍ਹੇ ਬੈਠੇ ਰਹੋ ਅਤੇ ਦੂਸਰੇ ਉਂਜ ਹੀ ਹੋਰ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਹੁੰਦੀਆਂ ਹਨ। ਲੰਬੇ ਰੂਟ ਦੀਆਂ ਬੱਸਾਂ ਦੇ ਡਰਾਈਵਰ ਕੰਡਕਟਰ ਵੀ ਹੋਟਲਾਂ, ਢਾਬਿਆਂ ਨਾਲ ਮਿਲੇ ਹੁੰਦੇ ਹਨ। ਖਾਣ-ਪੀਣ ਲਈ ਹਮੇਸ਼ਾ ਅਜਿਹੀਆਂ ਥਾਵਾਂ ਉੱਪਰ ਬੱਸ ਖੜ੍ਹੀ ਕਰਨਗੇ, ਜਿੱਥੋਂ ਆਪ ਤਾਂ ਮੁਫ਼ਤ ਖਾਣ-ਪਾਣ ਕਰਨਗੇ ਅਤੇ ਮੁਸਾਫ਼ਿਰਾਂ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਵੱਧ ਮੁੱਲ ਉੱਪਰ ਮਿਲਣਗੀਆਂ। ਪਹਾੜੀ ਰੂਟਾਂ ਉੱਪਰ ਤਾਂ ਅਜਿਹਾ ਕੁਝ ਜ਼ਿਆਦਾ ਹੀ ਹੁੰਦਾ ਹੈ। ਪਹਾੜੀ ਰੂਟਾਂ ਉੱਪਰ ਜਦੋਂ ਬੱਸਾਂ ਮੋੜ ਕੱਟਦੀਆਂ ਹਨ ਤਾਂ ਬਹੁਤਿਆਂ ਨੂੰ ਤਾਂ ਉਲਟੀਆਂ ਹੀ ਲੱਗ ਜਾਂਦੀਆਂ ਹਨ। ਤੁਹਾਨੂੰ ਉਲਟੀਆਂ ਭਾਵੇਂ ਨਾ ਲੱਗਣ ਪਰ ਦੂਸਰੇ ਨੂੰ ਕਰਦਿਆਂ ਵੇਖ ਕੇ ਜੀਅ ਤਾਂ ਮਤਲਾਉਣ ਹੀ ਲੱਗ ਜਾਂਦੈ। ਨਾਲੇ ਬੱਸ ਜਦੋਂ ਸੱਪ ਵਾਂਗ ਵਲ ਖਾਂਦੀਆਂ ਸੜਕਾਂ ਉੱਪਰ ਚਲਦੀ ਹੈ ਤਾਂ ਨਿਚਲੀਆਂ ਖੱਡਾਂ ਵੇਖ ਕੇ ਮਨ ਵਿਚ ਇਹ ਤੌਖ਼ਲਾ ਜ਼ਰੂਰ ਪੈਦਾ ਹੋ ਜਾਂਦੈ ਪਈ ਜੇ ਕਿਤੇ ਬੱਸ ਖੱਡ ਵਿਚ ਡਿੱਗ ਪਈ। ਇਸ ਲਈ ਮੈਂ ਬੱਸ ਦੇ ਸਫ਼ਰ ਤੋਂ ਹਮੇਸ਼ਾ ਕਤਰਾਉਂਦਾ ਹਾਂ। ਚੰਗੇ ਭਾਗਾਂ ਨੂੰ ਉਸ ਦਿਨ ਬੱਸ ਸਟੈਂਡ ਦੇ ਬਾਹਰ ਖੜ੍ਹੀ ਸੂਮੋ ਮਿਲ ਗਈ। ਸੂਮੋ ਦਾ ਕਿਰਾਇਆ ਤਾਂ ਭਾਵੇਂ ਕੁਝ ਜ਼ਿਆਦਾ ਸੀ, ਪਰ ਮੌਜ ਬੜੀ ਸੀ। ਅਰਾਮ ਨਾਲ ਬੈਠ ਕੇ ਜਾਓ, ਜੇ ਕਿਤੇ ਰੁਕਣ ਦੀ ਲੋੜ ਪਵੇ ਤਾਂ ਡਰਾਈਵਰ ਨੂੰ ਕਹਿ ਕੇ ਰੁਕਵਾ ਵੀ ਸਕਦੇ ਹੋ।

ਸ਼ਹਿਰ ਤੋਂ ਬਾਹਰ ਨਿਕਲਣ ਸਾਰ ਹੀ ਸੂਮੋ ਚੈੱਕ ਪੋਸਟ ਉੱਪਰ ਰੁਕੀ। ਚੈੱਕ ਪੋਸਟ ’ਤੇ ਤਾਇਨਾਤ ਫ਼ੌਜੀ ਨੇ ਸਾਰੀਆਂ ਸਵਾਰੀਆਂ ਨੂੰ ਘੋਖਵੀਆਂ ਨਜ਼ਰਾਂ ਨਾਲ ਤਾੜਿਆ, ਖਾਸ ਤੌਰ ’ਤੇ ਨੌਜਵਾਨ ਮੁੰਡਿਆਂ ਨੂੰ। ਉਸ ਨੇ ਬੜੀ ਹੀ ਬੇਰੁਖ਼ੀ ਨਾਲ ਕਿਹਾ, ‘ਆਈਡੈਂਟਿਟੀ ਕਾਰਡ ਦਿਖਾਏਂ।’ ਮੈਂ ਕਿਉਂ ਜੋ ਨਵਾਂ ਨਵਾਂ ਆਇਆ ਸਾਂ, ਮੇਰੇ ਕੋਲ ਪਹਿਚਾਣ ਪੱਤਰ ਨਹੀਂ ਸੀ ਪਰ ਉਸ ਨੇ ਮੇਰਾ ਹੁਲੀਆ ਵੇਖ ਕੇ ਮੈਨੂੰ ਤਾਂ ਕੁਝ ਨਾ ਕਿਹਾ ਪਰ ਸੂਮੋ ਵਿਚ ਹੀ ਬੈਠੇ ਇੱਕ ਦੂਸਰੇ ਫ਼ਿਰਕੇ ਦੇ ਬਜ਼ੁਰਗ ਜਿਹੇ ਆਦਮੀ ਨੇ ਵੀ ਪਹਿਚਾਣ ਪੱਤਰ ਦਿਖਾਉਣ ਤੋਂ ਅਸਮਰੱਥਾ ਪ੍ਰਗਟ ਕੀਤੀ ਤਾਂ ਉਸ ਦੀ ਬੜੀ ਹੀ ਲਾਹ-ਪਤ ਕੀਤੀ। ਉਸ ਦੇ ਸਮਾਨ ਦੀ ਗਠੜੀ ਨੂੰ ਖੁਲ੍ਹਵਾ ਕੇ ਵੇਖਿਆ, ਮੈਟਲ ਡਿਟੈਕਟਰ ਨਾਲ ਉਸ ਦਾ ਸਰੀਰ ਟੋਹਿਆ ਪਰ ਜਦੋਂ ਕੁਝ ਵੀ ਹੱਥ ਨਾ ਲੱਗਿਆ ਤਾਂ ਕਹਿਣ ਲੱਗਿਆ, ‘ਹਮੇਂ ਕਿਆ ਪਤਾ ਕਿਸੀ ਕੇ ਪਾਸ ਵਿਸਫ਼ੋਟਕ ਸਮੱਗਰੀ ਹੋ, ਸਭੀ ਏਕ ਸੇ ਤੋ ਲਗਤੇ ਹੈਂ।’ ਏਨਾ ਕਹਿ ਕੇ ਉਸ ਨੇ ਡਰਾਈਵਰ ਨੂੰ ਚਲੇ ਜਾਣ ਦਾ ਇਸ਼ਾਰਾ ਕੀਤਾ। ਡਰਾਈਵਰ ਨੇ ਗੱਡੀ ਸਟਾਰਟ ਕੀਤੀ। ਉਸ ਲਈ ਤਾਂ ਜਿਵੇਂ ਉਹ ਰੋਜ਼ ਦਾ ਰੁਟੀਨ ਹੀ ਸੀ।

ਮੈਂ ਉਸ ਬਜ਼ੁਰਗ ਵੱਲ ਵੇਖਿਆ। ਤਲਾਸ਼ੀ ਦੇ ਕੇ ਉਸ ਨੂੰ ਸ਼ਾਇਦ ਇੰਜ ਜਾਪ ਰਿਹਾ ਸੀ ਬਈ ਉਸ ਨੂੰ ਭਰੇ-ਬਾਜ਼ਾਰ ਵਿਚ ਹੀ ਨੰਗਾ ਕਰ ਦਿੱਤਾ ਹੋਵੇ। ਉਸ ਦੀ ਲੰਬੀ ਦਾਹੜੀ ਤੇ ਕੁਤਰੀਆਂ ਹੋਈਆਂ ਮੁੱਛਾਂ ਵਿਚ ਗੁਆਚੇ ਅੱਥਰੂ ਸ਼ਾਇਦ ਇਹ ਕਹਿ ਰਹੇ ਸਨ, ‘ਹੁਣ ਤਾਂ ਅਸੀਂ ਆਪਣੇ ਘਰ ਵਿਚ ਹੀ ਅਜਨਬੀ ਬਣ ਗਏ ਹਾਂ।’ ਬੇਵਸੀ ਅਤੇ ਤਰਲਾ ਉਸ ਦੀਆਂ ਅੱਖਾਂ ਵਿਚੋਂ ਝਲਕ ਰਿਹਾ ਸੀ।

ਰਿਹਾਇਸ਼ ਬਾਰੇ ਵੀ ਮੈਨੂੰ ਕੋਈ ਤਰੱਦਦ ਨਹੀਂ ਕਰਨਾ ਪਿਆ। ਪ੍ਰਬੰਧਕਾਂ ਨੇ ਪਹਿਲਾਂ ਹੀ ਮੇਰੇ ਲਈ ਘਰ ਦਾ ਇੰਤਜ਼ਾਮ ਕੀਤਾ ਹੋਇਆ ਸੀ। ਅਸਲ ਵਿਚ ਨੌਕਰੀ ਦੀਆਂ ਸ਼ਰਤਾਂ ਵਿਚ ‘ਮੁਫ਼ਤ ਰਿਹਾਇਸ਼’ ਦੀ ਸਹੂਲਤ ਵੀ ਸ਼ਾਮਿਲ ਸੀ। ਇਹ ਜਗ੍ਹਾ ਦਸ ਨੰਬਰ ਵਾਰਡ ਵਿਚ ਸੰਘਣੀ ਵਸੋਂ ਵਾਲੇ ਪਾਸੇ ਸੀ। ਬਹੁਤੀ ਆਬਾਦੀ ਦੂਸਰੇ ਫਿਰਕੇ ਵਾਲਿਆਂ ਦੀ ਹੀ ਸੀ। ਇੱਥੋਂ ਤੱਕ ਕਿ ਨੇੜਲੀ ਮਾਰਕੀਟ ਵਿਚ ਹੀ ਲਗਭਗ ਸਾਰੀਆਂ ਦੁਕਾਨਾਂ ਇਨ੍ਹਾਂ ਦੀਆਂ ਹੀ ਸਨ। ‘ਰਸ਼ੀਦ ਸੁਪਰ ਮਾਰਕੀਟ’ ਵਿਚ ਤਾਂ ਇਨ੍ਹਾਂ ਦਾ ਪੂਰਾ ਦਬਦਬਾ ਸੀ। ਹੋਵੇ ਵੀ ਕਿਵੇਂ ਨਾ, ਇੱਥੇ ਇਹ ਬਹੁ-ਗਿਣਤੀ ਵਿਚ ਜੋ ਸਨ ਪਰ ਰੱਬ ਦਾ ਸ਼ੁਕਰ ਹੈ ਕਿ ਜਿੱਥੇ ਮੈਂ ਰਹਿਣਾ ਸੀ, ਉਹ ਬਿਲਡਿੰਗ ਮੇਰੇ ਫ਼ਿਰਕੇ ਨਾਲ ਸਬੰਧਿਤ ਲੋਕਾਂ ਦੀ ਸੀ। ਉਹ ਖ਼ੁਦ ਤਾਂ ਦੂਰ ਰਾਜਧਾਨੀ ਰਹਿੰਦੇ ਸਨ ਪਰ ਨਿਚਲੇ ਪੋਰਸ਼ਨ ਵਿਚ ਉਨ੍ਹਾਂ ਦੀ ਕੋਈ ਰਿਸ਼ਤੇਦਾਰ ਬੁੱਢੀ ਰਹਿੰਦੀ ਸੀ। ਜਦੋਂ ਮੈਂ ਪਹਿਲੇ ਦਿਨ ਹੀ ਆਪਣਾ ਸਮਾਨ ਕਮਰੇ ਵਿਚ ਟਿਕਾ ਰਿਹਾ ਸਾਂ ਤਾਂ ਬੇਝਿਜਕ ਮੇਰੇ ਕੋਲ ਆ ਗਈ।

‘ਸਰਦਾਰ ਜੀ! ਚੰਗਾ ਹੋਇਆ ਤੁਸੀਂ ਇੱਥੇ ਆ ਗਏ, ਨਹੀਂ ਤਾਂ ਏਸ ਮੁਹੱਲੇ ’ਚ ਤਾਂ ਮੇਰਾ ’ਕੱਲੀ ਦਾ ਦਮ ਘੁੱਟਦਾ ਸੀ।’ ਉਸ ਨੇ ਕਿਹਾ।

ਮੈਂ ਵੇਖਿਆ ਉਮਰ ਪੱਖੋਂ ਉਹ ਅੱਸੀਆਂ ਤੋਂ ਉੱਪਰ ਸੀ। ਲੰਮੀ, ਪਤਲੀ ਅਤੇ ਕਮਜ਼ੋਰ ਜਿਹੀ, ਉਹ ਮੈਨੂੰ ਕੁਝ ਵਧੇਰੇ ਹੀ ਡਰੀ ਹੋਈ ਲੱਗੀ। ਟਰੰਕ ਵਿਚੋਂ ਆਪਣਾ ਸਮਾਨ ਕੱਢਦਿਆਂ ਮੈਂ ਉਸ ਨੂੰ ਆਖਿਆ, ‘ਮਾਤਾ ਜੀ! ਤੁਸੀਂ ਵੀ ਡਰਦੇ ਓ, ਏਸ ਉਮਰ ’ਚ ਆ ਕੇ ਤਾਂ ਆਦਮੀ ਪੂਰੀ ਤਰ੍ਹਾਂ ਨਿਡਰ ਹੋ ਜਾਂਦੈ।’

ਉਸ ਨੇ ਇੱਕ ਵਾਰ ਮੇਰੇ ਵੱਲ ਤਾੜਵੀਆਂ ਨਜ਼ਰਾਂ ਨਾਲ ਵੇਖਿਆ ਅਤੇ ਫੇਰ ਇੱਧਰ-ਉੱਧਰ ਨਜ਼ਰਾਂ ਘੁੰਮਾਉਂਦਿਆਂ ਕਹਿਣ ਲੱਗੀ, ‘ਸਗੋਂ ਏਸੇ ਉਮਰ ’ਚ ਤਾਂ ਜਿਉਣ ਦੀ ਲਾਲਸਾ ਵਧ ਜਾਂਦੀ ਐ।’ ਫੇਰ ਗੱਲ ਨੂੰ ਹੋਰ ਪਾਸੇ ਟਾਲਦਿਆਂ ਆਖਣ ਲੱਗੀ, ‘ਏਸ ਦਸ ਨੰਬਰ ਆਲੇ ਸਾਰੇ ਦਸ ਨੰਬਰੀਏ ਨੇ, ਸੁੱਲ੍ਹੇ ਨੇ ਸੁੱਲ੍ਹੇ।’ ਇਹ ਬੋਲਦਿਆਂ ਉਸ ਦੀਆਂ ਅੱਖਾਂ ਵਿਚੋਂ ਅੰਗਾਰੇ ਟਪਕਣ ਲੱਗੇ। ਸਮੇਂ ਦੀ ਨਜ਼ਾਕਤ ਅਤੇ ਪਹਿਲੀ ਮਿਲਣੀ ਸਮੇਂ ਕਿਸੇ ਵੀ ਤਰ੍ਹਾਂ ਦੀ ਕੁੜੱਤਣ ਤੋਂ ਪਾਸਾ ਵੱਟਦਿਆਂ ਮੈਂ ਉਸ ਨੂੰ ਬੈਠਣ ਲਈ ਇਸ਼ਾਰਾ ਕੀਤਾ, ਪਰ ਉਹ ਜਿਵੇਂ ਬੈਠਣ ਲਈ ਨਹੀਂ ਸੀ ਆਈ। ਸਗੋਂ ਇਹ ਕਹਿੰਦਿਆਂ ਕਮਰੇ ’ਚੋਂ ਬਾਹਰ ਹੋ ਗਈ, ‘ਬਸ ਮੈਂ ਤਾਂ ਸ਼ੁਕਰ ਮਨਾਇਆ ਕੋਈ ਸਾਡੀ ਕੌਮ ਦਾ ਆਦਮੀ ਵੀ ਏਥੇ ਆਇਐ।’

ਇਹ ਤਾਂ ਪਹਿਲੀ ਹੀ ਮੁਲਾਕਾਤ ਸੀ। ਫੇਰ ਅਕਸਰ ਉਹ ਮਿਲਦੀ ਰਹਿੰਦੀ। ਮੇਰੀ ਰਿਹਾਇਸ਼ ਉੱਪਰ ਚੁਬਾਰੇ ਵਿਚ ਸੀ ਅਤੇ ਉਹ ਨੀਚੇ ਰਹਿੰਦੀ ਸੀ। ਇਹ ਮੈਨੂੰ ਬਾਅਦ ਵਿਚ ਹੀ ਪਤਾ ਲੱਗਿਆ ਕਿ ਉਹ ਮਕਾਨ ਮਾਲਕਾਂ ਦੀ ਵਡੇਰੀ ਸੀ। ਉਹ ਆਪ ਤਾਂ ਰਾਜਧਾਨੀ ਰਹਿੰਦੇ ਸਨ। ਕਦੇ-ਕਦਾਈਂ ਹੀ ਕਿਰਾਇਆ ਵਸੂਲਣ ਲਈ ਆਉਂਦੇ ਸਨ ਅਤੇ ਉਹ ਇੱਥੇ ਇਕੱਲੀ ਰਹਿੰਦੀ ਸੀ। ਉਸ ਦੇ ਪੁੱਤਰ ਕਈ ਵਾਰ ਉਸ ਨੂੰ ਉੱਥੇ ਲੈ ਗਏ ਸਨ ਪਰ ਰਾਜਧਾਨੀ ਉਸ ਦੇ ਫਿੱਟ ਨਹੀਂ ਸੀ ਆਈ ਅਤੇ ਜਾਂ ਫੇਰ ਉਹ ਰਾਜਧਾਨੀ ਦੇ ਫਿੱਟ ਨਹੀਂ ਸੀ ਆਈ।

ਪਹਿਲਾਂ-ਪਹਿਲਾਂ ਮੇਰਾ ਬਹੁਤਾ ਸਹਿਚਾਰ ਉਸੇ ਨਾਲ ਹੀ ਰਿਹਾ, ਕਿਉਂ ਜੋ ਮੈਂ ਨਵਾਂ ਨਵਾਂ ਜੋ ਆਇਆ ਸਾਂ। ਫੇਰ ਹੌਲੀ-ਹੌਲੀ ਮੇਰਾ ਦਾਇਰਾ ਵਧਦਾ ਗਿਆ। ਮੇਰੇ ਕੋਲ ਮੇਰੇ ਸਹਿਕਰਮੀਆਂ ਨੇ ਤਾਂ ਆਉਣਾ ਹੀ ਸੀ, ਨਾਲ ਦੀ ਨਾਲ ਮੇਰੇ ਮਿਲਾਪੜੇ ਸੁਭਾਅ ਕਾਰਨ ਮੁਹੱਲੇ ਦੇ ਹੋਰ ਲੋਕ ਵੀ ਆਉਣ ਲੱਗੇ। ਉਸ ਨੂੰ ਇਹ ਵੇਖ ਕੇ ਬੜੀ ਕੋਫ਼ਤ ਹੁੰਦੀ ਕਿ ਮੇਰੇ ਕੋਲ ਆਉਣ ਵਾਲੇ ਬਹੁਤੇ ਉਸ ਫ਼ਿਰਕੇ ਦੇ ਲੋਕ ਹੀ ਹੁੰਦੇ ਜਿਨ੍ਹਾਂ ਨੂੰ ਉਹ ਸਖ਼ਤ ਨਫ਼ਰਤ ਕਰਦੀ ਸੀ। ਭਾਵੇਂ ਉਸ ਨੇ ਮੈਨੂੰ ਕਦੇ ਟੋਕਿਆ ਤਾਂ ਨਹੀਂ ਸੀ ਪਰ ਉਹ ਅੰਦਰੋ-ਅੰਦਰੀ ਕੁੜ੍ਹਦੀ ਜ਼ਰੂਰ ਰਹਿੰਦੀ।

ਇਨ੍ਹਾਂ ਦਿਨਾਂ ਵਿਚ ਹੀ ਮੇਰਾ ਮੇਲ-ਜੋਲ ਸਲੀਮ ਅਹਿਮਦ ਨਾਲ ਕੁਝ ਵਧੇਰੇ ਹੀ ਵਧ ਗਿਆ ਸੀ। ਇਸ ਦਾ ਇੱਕ ਕਾਰਨ ਤਾਂ ਇਹ ਸੀ ਪਈ ਅਸੀਂ ਇੱਕੋ ਦਫ਼ਤਰ ਵਿਚ ਕੰਮ ਕਰਦੇ ਸਾਂ ਅਤੇ ਦੂਸਰਾ ਉਹ ਇਸੇ ਵਾਰਡ ਨੰਬਰ ਦਸ ਦਾ ਵਸਨੀਕ ਸੀ। ਲੋਕਲ ਸੀ ਅਤੇ ਸੀ ਵੀ ਬੜਾ ਮਦਦਗਾਰ। ਹਰ ਕੰਮ ਵਿਚ ਉਹ ਖਿੜੇ ਮੱਥੇ ਮੇਰੀ ਮਦਦ ਕਰਦਾ, ਮੇਰਾ ਦਿਲ ਲਵਾਈ ਰੱਖਦਾ। ਉਹ ਬੜੇ ਹਸਮੁੱਖ ਸੁਭਾਅ ਦਾ, ਦਮਦਾਰ ਬੰਦਾ ਸੀ। ਉਹ ਜਦੋਂ ਵੀ ਆਉਂਦਾ, ਉੱਚੀ-ਉੱਚੀ ਹੱਸਦਾ, ਠਹਾਕੇ ਲਗਾਉਂਦਾ। ਜਿਉਂ-ਜਿਉਂ ਉਸ ਦਾ ਆਉਣ-ਜਾਣ ਵਧਦਾ ਜਾ ਰਿਹਾ ਸੀ, ਮਾਤਾ ਜੀ ਦਾ ਘਟਦਾ ਜਾ ਰਿਹਾ ਸੀ ਅਤੇ ਫੇਰ ਤਾਂ ਉਹ ਘੰਟਿਆਂ ਬੱਧੀ ਮੇਰੇ ਕੋਲ ਬੈਠਾ ਰਹਿੰਦਾ ਅਤੇ ਕਈ ਵਾਰ ਤਾਂ ਰਾਤ ਨੂੰ ਸੌਂ ਵੀ ਮੇਰੇ ਕੋਲ ਹੀ ਜਾਂਦਾ। ਮੈਂ ਮਹਿਸੂਸ ਕੀਤਾ ਪਈ ਉਸ ਦੇ ਇਸ ਤਰ੍ਹਾਂ ਆਉਣ-ਜਾਣ ਨੂੰ ਉਹ ਪਸੰਦ ਨਹੀਂ ਸੀ ਕਰਦੀ ਅਤੇ ਉਸ ਨੇ ਮੇਰੇ ਵੱਲ ਆਉਣਾ ਬਿਲਕੁਲ ਹੀ ਬੰਦ ਕਰ ਦਿੱਤਾ। ਮੈਨੂੰ ਇਹ ਚੰਗਾ ਨਾ ਲੱਗਿਆ ਅਤੇ ਇੱਕ ਦਿਨ ਮੈਂ ਪੌੜੀਆਂ ਉਤਰ ਕੇ ਉਸ ਕੋਲ ਚਲਿਆ ਗਿਆ। ਮੈਂ ਵੇਖਿਆ ਉਹ ਆਪਣੇ ਮੰਜੇ ਉੱਪਰ ਬੈਠੀ ਗੁਟਕੇ ’ਚੋਂ ਪਾਠ ਕਰ ਰਹੀ ਸੀ। ਮੈਨੂੰ ਵੇਖ ਕੇ ਉਸ ਨੇ ਗੁਟਕਾ ਸੰਤੋਖ ਦਿੱਤਾ ਅਤੇ ਬੜੇ ਹੀ ਸਲੀਕੇ ਨਾਲ ਗੁਟਕੇ ਨੂੰ ਮੱਥੇ ਨਾਲ ਲਗਾਉਂਦਿਆਂ ਮੈਨੂੰ ਬੈਠਣ ਲਈ ਇਸ਼ਾਰਾ ਕਰਨ ਲੱਗੀ।

ਚੁੱਪ ਦੀ ਬੋਝਲ ਜਿਹੀ ਦੀਵਾਰ ਸਾਡੇ ਵਿਚਕਾਰ ਖੜ੍ਹੀ ਸੀ। ਮੈਨੂੰ ਪੂਰੀ ਉਮੀਦ ਸੀ ਪਈ ਉਹ ਕੋਈ ਗੱਲ ਕਰੇਗੀ ਪਰ ਉਹ ਕੂਈ ਤੱਕ ਨਾ। ਮੈਨੂੰ ਜਾਪਿਆ ਕਿ ਉਸ ਦੇ ਮਨ ਵਿਚ ਕੋਈ ਗੁੰਝਲ ਹੈ। ਇਸ ਲਈ ਮੈਂ ਹੀ ਪਹਿਲ ਕਰਨੀ ਚੰਗੀ ਸਮਝੀ।

‘ਮਾਤਾ ਜੀ! ਤੁਸੀਂ ਕਈ ਦਿਨਾਂ ਤੋਂ ਉੱਪਰ ਨਹੀਂ ਆਏ, ਨਾਲੇ ਵੱਟੇ-ਵੱਟੇ ਰਹਿੰਦੇ ਓ?’ ਮੈਂ ਪ੍ਰਸ਼ਨ ਕਰਦਿਆਂ ਕਿਹਾ।

‘ਨਹੀਂ, ਕੁਸ਼ ਨਹੀਂ, ਬਸ ਐਵੇਂ ਹੀ।’ ਉਸ ਨੇ ਗੱਲ ਨੂੰ ਅਣਗੌਲਿਆਂ ਕਰਦਿਆਂ ਆਖਿਆ।

‘ਨਹੀਂ, ਨਹੀਂ, ਗੱਲ ਤਾਂ ਕੋਈ ਜ਼ਰੂਰ ਐ। ਸ਼ਾਇਦ ਤੁਹਾਨੂੰ ਸਲੀਮ ਦਾ ਆਉਣਾ ਚੰਗਾ ਨੀ ਲਗਦਾ।’ ਮੈਂ ਉਸ ਨੂੰ ਕੁਰੇਦਦਿਆਂ ਪੁੱਛਿਆ।

‘ਭਲਾਂ ਮੈਨੂੰ ਕੀ ’ਤਰਾਜ ਹੋ ਸਕਦੈ, ਥੋਡਾ ਘਰ, ਕਿਸੇ ਨੂੰ ਮਰਜ਼ੀ ਬੁਲਾਓ, ਨਾ ਬੁਲਾਓ, ਮੈਨੂੰ ਕੀ।’ ਉਸ ਨੇ ਮੰਜੇ ਉੱਪਰ ਹੀ ਪਾਸਾ ਵੱਟਦਿਆਂ ਕਿਹਾ ਅਤੇ ਬਿਸਤਰੇ ਦੀਆਂ ਸਿਲਵਟਾਂ ਨੂੰ ਹੱਥਾਂ ਨਾਲ ਹੀ ਸਾਫ਼ ਕਰਨ ਲੱਗੀ।

ਉਸ ਦੇ ਵਿਹਾਰ ਨੂੰ ਵੇਖ ਕੇ ਮੈਂ ਗੱਲ ਉੱਥੇ ਹੀ ਛੱਡ ਦਿੱਤੀ। ਮੈਂ ਵੇਖਿਆ ਦਫ਼ਤਰ ਜਾਣ ਦਾ ਟਾਈਮ ਵੀ ਹੋ ਗਿਆ ਸੀ। ਨਵੀਂ-ਨਵੀਂ ਨੌਕਰੀ ਸੀ ਅਤੇ ਉਹ ਵੀ ਇੱਕ ਪ੍ਰਾਈਵੇਟ ਫ਼ਰਮ ਦੀ। ਮੈਂ ਉੱਠ ਖਲੋਤਾ ਅਤੇ ਚੁੱਪ-ਚਾਪ ਉੱਥੋਂ ਖਿਸਕ ਤੁਰਿਆ।

ਇਹ ਸਲੀਮ ਵੀ ਬੜੀ ਅਜੀਬ ਸ਼ੈਅ ਹੈ। ਉਸ ਦਿਨ ਜਦੋਂ ਉਹ ਆਇਆ ਤਾਂ ਇੱਕ ਮੁਰਗਾ ਲੈ ਆਇਆ। ਉਸ ਦੇ ਇੱਕ ਹੱਥ ਵਿਚ ਮੁਰਗਾ ਪੁੱਠਾ ਲਟਕ ਰਿਹਾ ਸੀ ਅਤੇ ਦੂਸਰੇ ਵਿਚ ਇੱਕ ਪੋਟਲੀ ਜਿਹੀ ਸੀ।

ਮੈਂ ਵੇਖਿਆ ਮੁਰਗਾ ਤਾਂ ਵਿਚਾਰਾ ਪਹਿਲਾਂ ਹੀ ਅਧ-ਮਰਿਆ ਜਿਹਾ ਹੋ ਚੁੱਕਿਆ ਸੀ, ਸ਼ਾਇਦ ਉਸ ਨੂੰ ਪਤਾ ਲੱਗ ਗਿਆ ਸੀ ਪਈ ਹੁਣ ਉਸ ਦਾ ਅੰਤ ਨੇੜੇ ਹੀ ਐ। ਨਾਲੇ ਮੁਰਗੇ ਦੀਆਂ ਲੱਤਾਂ ਪਹਿਲਾਂ ਹੀ ਉਸ ਨੇ ਕਸ ਕੇ ਬੰਨ੍ਹ ਰੱਖੀਆਂ ਸਨ, ਜਿਸ ਕਰਕੇ ਉੱਡਣ ਦੀ ਉਸ ਵਿਚ ਹਿੰਮਤ ਨਹੀਂ ਸੀ।

ਮੁਰਗੇ ਨੂੰ ਉੱਥੇ ਹੀ ਰੱਖ ਕੇ ਉਸ ਨੇ ਪੋਟਲੀ ਖੋਲ੍ਹੀ ਅਤੇ ਉਸ ਵਿਚੋਂ ਚੂਰਮਾ ਜਿਹਾ ਕੱਢ ਕੇ ਮੈਨੂੰ ਦਿੰਦਿਆਂ ਕਹਿਣ ਲੱਗਾ, ‘ਏਹ ਪੀਰ ਬਾਬਾ ਦਾ ਪ੍ਰਸ਼ਾਦ ਐ, ਅੱਜ ਮੇਰਾ ਜਨਮ ਦਿਨ ਐ, ਪਹਿਲਾਂ ਪੀਰ ਬਾਬੇ ਨੂੰ ਪ੍ਰਸ਼ਾਦ ਚੜ੍ਹਾਇਆ ਅਤੇ ਹੁਣ ਆਪਾਂ ਇਹਦਾ ਮਹਾਂ-ਪ੍ਰਸ਼ਾਦ ਬਣਾਵਾਂਗੇ।’ ਉਸ ਦਾ ਇਸ਼ਾਰਾ ਮੁਰਗੇ ਵੱਲ ਸੀ।

ਮੈਂ ਭਾਵੇਂ ਨਾ ਤਾਂ ਪੀਰਾਂ-ਫ਼ਕੀਰਾਂ ਨੂੰ ਮੰਨਦਾ ਹਾਂ ਅਤੇ ਨਾ ਹੀ ਕਿਸੇ ਦੇਵੀ ਦੇਵਤੇ ਨੂੰ ਪਰ ਪਤਾ ਨਹੀਂ ਕਿਉਂ ਮੈਂ ਉਸ ਨੂੰ ਇਨਕਾਰ ਨਾ ਕਰ ਸਕਿਆ ਅਤੇ ਸਲੀਕੇ ਜਿਹੇ ਨਾਲ ਪ੍ਰਸ਼ਾਦ ਲੈਣ ਵਾਲਿਆਂ ਵਾਂਗ ਮੈਂ ਉਸ ਅੱਗੇ ਦੋਵੇਂ ਹੱਥ ਅੱਡ ਦਿੱਤੇ।

——-0——-

ਸਲੀਮ ਜਦੋਂ ਆਉਂਦਾ ਹੈ ਬੱਸ ਰੌਣਕਾਂ ਹੀ ਲੱਗ ਜਾਂਦੀਆਂ ਨੇ। ਉਸ ਦਾ ਖੁੱਲ੍ਹਾ ਡੁੱਲ੍ਹਾ ਸੁਭਾਅ, ਬਗੈਰ ਕਿਸੇ ਸੰਗ-ਸੰਕੋਚ ਦੇ ਗੱਲਾਂ ਕਰਨ ਦੇ ਢੰਗ ਨੇ ਤਾਂ ਮੈਨੂੰ ਜਿਵੇਂ ਕੀਲ ਕੇ ਹੀ ਰੱਖ ਦਿੱਤਾ ਹੈ।

ਬਾਕੀ ਪ੍ਰਸ਼ਾਦ ਪੋਟਲੀ ਵਿਚ ਹੀ ਰੱਖ ਉਹ ਰਸੋਈ ਵਿਚੋਂ ਛੁਰੀ ਚੁੱਕ ਲਿਆਇਆ। ਇੱਕ ਵਾਰ ਉਸ ਨੇ ਛੁਰੀ ਦੀ ਧਾਰ ਵੱਲ ਵੇਖਿਆ ਅਤੇ ਫੇਰ ਮੁਰਗੇ ਵੱਲ। ਮੁਰਗਾ ਇੱਕ ਵਾਰ ਫੜਫੜਾਇਆ ਪਰ ਲੱਤਾਂ ਨੂੜੀਆਂ ਹੋਣ ਕਾਰਨ ਉਸ ਨੇ ਆਪਣੇ ਆਪ ਨੂੰ ਬੇਵਸ ਪਾਇਆ।

ਮੇਰੇ ਵੱਲ ਵੇਖ ਕੇ ਸਲੀਮ ਆਖਣ ਲੱਗਾ, ‘ਕਿਉਂ ਫੇਰ ਅੱਜ ਹਲਾਲ ਖਾਣੈ ਕਿ ਹਰਾਮ?’ ਤੇ ਇੰਨਾ ਕਹਿੰਦਿਆਂ ਹੀ ਉਹ ਫਰਸ਼ ਉੱਪਰ ਘਸਾ ਕੇ ਛੁਰੀ ਤੇਜ਼ ਕਰਨ ਲੱਗਿਆ।

ਉਸ ਨੂੰ ਤਰਾਰੇ ਵਿਚ ਆਇਆ ਵੇਖ ਮੈਂ ਮੁਸਕਰਾਉਂਦਿਆਂ ਕਿਹਾ, ‘ਯਾਰ! ਕੋਈ ਫ਼ਰਕ ਨੀ ਪੈਂਦਾ ਪਰ ਜਿਸ ਨਾਲ ਵਿਚਾਰੇ ਮੁਰਗੇ ਨੂੰ ਤਕਲੀਫ਼ ਘੱਟ ਹੋਵੇ, ਉਹ ਚੰਗਾ ਰਹੇਗਾ।’

ਮੇਰੀ ਇਹ ਗੱਲ ਸੁਣ ਕੇ ਇੱਕ ਵਾਰ ਤਾਂ ਉਸ ਦੀਆਂ ਅੱਖਾਂ ਚਮਕ ਉੱਠੀਆਂ, ਉਹ ਸੋਚਾਂ ਵਿਚ ਪੈ ਗਿਆ ਪਰ ਅਗਲੇ ਹੀ ਪਲ ਕਹਿਣ ਲੱਗਿਆ, ‘ਚੱਲ! ਯਾਰ ਤੇਰਾ ਧਰਮ ਨੀ ਭ੍ਰਿਸ਼ਟ ਹੋਣਾ ਚਾਹੀਦਾ, ਸਾਡੇ ਲਈ ਤਾਂ ਹਲਾਲ, ਹਰਾਮ ਦੋਵੇਂ ਬਰਾਬਰ ਨੇ, ਦੋਹਾਂ ’ਚ ਮੁਰਗੇ ‘ਵਿਚਾਰੇ’ ਦੀ ਜਾਨ ਤਾਂ ਜਾਣੀ ਈ ਐ।’ ਇਸ ਵਾਰ ਉਸ ਨੇ ‘ਵਿਚਾਰੇ’ ਸ਼ਬਦ ਉੱਪਰ ਕੁਝ ਵਧੇਰੇ ਹੀ ਜ਼ੋਰ ਦਿੱਤਾ ਅਤੇ ਮੁਰਗੇ ਨੂੰ ਲੈ ਕੇ ਰਸੋਈ ਵਿਚ ਜਾ ਵੜਿਆ।

ਮੈਂ ਨਾ ਤਾਂ ਮੁਰਗਾ ਕਦੀ ਕੱਟਿਆ ਹੈ ਅਤੇ ਨਾ ਹੀ ਕੱਟਦਿਆਂ ਵੇਖ ਸਕਦਾ ਹਾਂ। ਰਸੋਈ ਅੰਦਰ ਸਲੀਮ ਮੁਰਗਾ ਕੱਟ ਰਿਹਾ ਸੀ ਅਤੇ ਮੈਂ ਕਮਰੇ ਵਿਚ ਬੈਠਾ ਸੋਚਾਂ ਵਿਚ ਗਲਤਾਨ ਸਾਂ। ਮੁਰਗੇ ਨੇ ਇੱਕ ਦੋ ਵਾਰ ਕੁੜ-ਕੁੜ ਕੀਤੀ ਅਤੇ ਫੇਰ ਸ਼ਾਂਤ ਹੋ ਗਿਆ।

ਸਲੀਮ ਨੂੰ ਮੁਰਗਾ ਬਣਾਉਣ ਦੀ ਬੜੀ ਜਾਚ ਹੈ। ਅਸਲ ਵਿਚ ਜਦੋਂ ਵੀ ਮੁਰਗਾ ਜਾਂ ਬੱਕਰਾ ਬਣਾਉਣਾ ਹੁੰਦਾ ਹੈ, ਉਹ ਜ਼ਰਾ ਵਧੇਰੇ ਹੀ ਚਾਂਭਲ ਜਿਹਾ ਜਾਂਦੈ। ਉਸ ਦਾ ਤਿਆਰ ਕੀਤਾ ਮੀਟ ਏਨਾ ਸੁਆਦੀ ਹੁੰਦੈ ਕਿ ਉਂਗਲੀਆਂ ਚੱਟਦੇ ਹੀ ਰਹਿ ਜਾਵੋ।

ਰਸੋਈ ਵਿਚੋਂ ਮਸਾਲੇ ਦੀ ਤਿੱਖੀ-ਤਿੱਖੀ ਗੰਧ ਨੱਕ ਨੂੰ ਚੜ੍ਹ ਰਹੀ ਸੀ। ਇੱਕ ਅਜਿਹੀ ਖੁਸ਼ਬੋ ਜਿਹੜੀ ਧੁਰ ਅੰਦਰ ਜਾ ਕੇ ਸੁੱਤੀ ਭੁੱਖ ਨੂੰ ਜਗਾ ਰਹੀ ਸੀ। ਇਸ ਸਮੇਂ ਦੌਰਾਨ ਮਾਤਾ ਜੀ ਤਿੰਨ-ਚਾਰ ਗੇੜੇ ਮਾਰ ਗਏ ਸਨ। ਰਸੋਈ ਵਿਚ ਖਿੱਲਰੇ ਖੰਭਾਂ ਨੂੰ ਵੇਖ ਕੇ ਉਨ੍ਹਾਂ ਨੇ ਨੱਕ-ਮੂੰਹ ਜ਼ਰੂਰ ਚੜ੍ਹਾਇਆ। ਬਹੁਤਾ ਕੁਝ ਤਾਂ ਨਹੀਂ ਕਿਹਾ ਪਰ ਇੰਨਾ ਕਹਿਣੋ ਉਹ ਰਹਿ ਵੀ ਨਾ ਸਕੇ, ‘ਪੁੱਤਰ ਇਹ ਸਾਰਾ ਗੰਦ-ਮੰਦ ਸਾਫ਼ ਕਰਕੇ ਜਾਣਾ।’ ਭਾਵੇਂ ਉਨ੍ਹਾਂ ਨੇ ਬਹੁਤਾ ਕੁਝ ਤਾਂ ਨਹੀਂ ਸੀ ਕਿਹਾ ਪਰ ਮੈਂ ਇਹ ਜ਼ਰੂਰ ਮਹਿਸੂਸ ਕਰ ਲਿਆ ਸੀ ਪਈ ਸਲੀਮ ਦਾ ਰਸੋਈ ਵਿਚ ਜਾ ਕੇ ਇਸ ਤਰ੍ਹਾਂ ਮੀਟ ਬਣਾਉਣਾ ਉਨ੍ਹਾਂ ਨੂੰ ਕਤੱਈ ਪਸੰਦ ਨਹੀਂ ਸੀ।

ਜਦੋਂ ਖਾ ਪੀ ਕੇ ਸਲੀਮ ਚਲਿਆ ਗਿਆ ਅਤੇ ਮੈਂ ਸੌਣ ਦੀ ਤਿਆਰੀ ਵਿਚ ਸਾਂ ਤਾਂ ਮੈਨੂੰ ਕਿਸੇ ਦੇ ਪੈਰਾਂ ਦੀ ਖੜਾਕ ਸੁਣਾਈ ਦਿੱਤੀ। ਮੈਨੂੰ ਲੱਗਿਆ ਪਈ ਕੋਈ ਮੇਰੇ ਦਰਵਾਜ਼ੇ ਕੋਲ ਆ ਕੇ ਰੁਕ ਗਿਆ ਹੈ।

ਮੈਂ ਸ਼ਸੋਪੰਜ ਜਿਹੇ ਵਿਚ ਸਾਂ ਕਿ ਬਾਹਰੋਂ ਆਵਾਜ਼ ਆਈ, ‘ਕੀ ਗੱਲ ਪੁੱਤਰ ਸੌਂ ਗਿਐਂ?’

‘ਨਹੀਂ, ਮਾਤਾ ਜੀ, ਆਓ ਅੰਦਰ ਲੰਘ ਆਓ।’ ਉਨ੍ਹਾਂ ਦੀ ਆਵਾਜ਼ ਪਛਾਣਦਿਆਂ ਮੈਂ ਆਖਿਆ।

ਉਹ ਮੇਰੇ ਕੋਲ ਮੰਜੇ ਦੀ ਬਾਹੀ ਉੱਪਰ ਹੀ ਬੈਠ ਗਏ। ਮੈਨੂੰ ਡਰ ਜਿਹਾ ਲੱਗਿਆ ਪਈ ਹੁਣ ਇਹ ਜ਼ਰੂਰ ਮੇਰੀ ਝਾੜ-ਝੰਬ ਕਰਨਗੇ। ਪਰ ਉਨ੍ਹਾਂ ਦੇ ਚਿਹਰੇ ਦੇ ਭਾਵ ਅਜਿਹੇ ਨਹੀਂ ਸਨ।

ਉਨ੍ਹਾਂ ਨੇ ਬੜੇ ਹੀ ਸਹਿਜ ਭਾਅ ’ਚ ਕਿਹਾ, ‘ਪੁੱਤਰ! ਅੱਜ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਐ।’ ਮੈਨੂੰ ਪਤਾ ਸੀ ਪਈ ਇਹ ‘ਜ਼ਰੂਰੀ ਗੱਲ’ ਕੀ ਹੋ ਸਕਦੀ ਐ। ਪਰ ਫੇਰ ਵੀ ਮੈਂ ਅਣਜਾਣ ਜਿਹਾ ਬਣਦਿਆਂ ਪੁੱਛਿਆ, ‘ਹਾਂ ਮਾਤਾ ਜੀ ਦੱਸੋ? ਦੱਸੋ ਕੀ, ਹੁਕਮ ਕਰੋ।’

‘ਪੁੱਤਰ, ਇਨ੍ਹਾਂ ਨੂੰ ਬਹੁਤ ਮੂੰਹ ਨੀ ਲਾਈਦਾ, ਇਹ ਬੜੀ ਅਕ੍ਰਿਤਘਣ ਕੌਮ ਐ, ਇਨ੍ਹਾਂ ਆਪਣੇ ਗੁਰੂਆਂ ਨਾਲ ਵੈਰ ਕੀਤਾ, ਧ੍ਰੋਹ ਕਮਾਇਆ, ਸਿਰ ਕਲਮ ਅਤੇ ਨੌਵੀਂ ਪਾਤਸ਼ਾਹੀ, ਦਸਮ ਪਿਤਾ ਦੇ ਬੱਚਿਆਂ ਨੂੰ ਨੀਹਾਂ ਵਿਚ ਚਿਣਵਾਇਆ।’

ਮੈਂ ਮਾਤਾ ਜੀ ਦੇ ਰਉਂ ਨੂੰ ਸਮਝ ਗਿਆ। ਪਰ ਮੈਂ ਚੁੱਪ ਰਿਹਾ ਕਿਉਂ ਜੋ ਮੈਂ ਜਾਣਦਾ ਸਾਂ ਪਈ ਕਿੰਨੀ ਦੇਰ ਤੋਂ ਇਹ ਗੱਲਾਂ ਮੇਰੇ ਨਾਲ ਕਰਨ ਲਈ ਤਰਸ ਰਹੇ ਸਨ। ਮੈਂ ਉਨ੍ਹਾਂ ਨੂੰ ਟੋਕਣਾ ਠੀਕ ਨਾ ਸਮਝਿਆ, ਸੋਚਿਆ ਚਲੋ ਜਿਵੇਂ ਵੀ ਹੈ, ਇਸ ਨਾਲ ਉਨ੍ਹਾਂ ਅੰਦਰੋਂ ਦੱਬੀ ਹੋਈ ਅੱਗ ਤਾਂ ਬਾਹਰ ਜ਼ਰੂਰ ਆਵੇਗੀ, ਭਾਵੇਂ ਇਸ ਦੀਆਂ ਲਾਟਾਂ ਦੀ ਗਰਮੀ ਸਹਿਣੀ ਵੀ ਮੇਰੇ ਲਈ ਕੋਈ ਸੌਖਾ ਕਾਰਜ ਨਹੀਂ ਸੀ। ਫੇਰ ਵੀ ਮੈਥੋਂ ਰਹਿ ਨਾ ਹੋਇਆ। ਮੈਂ ਕਹਿ ਹੀ ਬੈਠਾ, ‘ਪਰ ਮਾਤਾ ਜੀ ਉਹ ਤਾਂ ਪੁਰਾਣੀਆਂ ਗੱਲਾਂ ਨੇ, ਸਾਰੇ ਫ਼ਿਰਕਿਆਂ ’ਚ ਮਾੜੇ-ਚੰਗੇ ਬੰਦੇ ਹੁੰਦੇ ਨੇ।’

ਮਾਤਾ ਜੀ ਨੂੰ ਜਿਵੇਂ ਮੇਰੀ ਗੱਲ ਸੁਣੀ ਹੀ ਨਾ ਹੋਵੇ। ਨਾਲੇ ਹੋ ਸਕਦੈ ਇਹ ਗੱਲ ਮੈਂ ਏਨੀ ਹੌਲੀ ਦੇਣੀ ਆਖੀ ਹੋਵੇ ਕਿ ਕਾਨਾਫੂਸੀ ਦੀ ਹੱਦ ਹੀ ਨਾ ਟੱਪ ਸਕੀ ਹੋਵੇ ਅਤੇ ਜਾਂ ਫੇਰ ਹੋ ਸਕਦਾ ਏ ਮੈਂ ਇਹ ਗੱਲ ਆਖੀ ਹੀ ਨਾ ਹੋਵੇ, ਕੇਵਲ ਸੋਚੀ ਹੀ ਹੋਵੇ। ਹਾਂ ਉਨ੍ਹਾਂ ਨੂੰ ਮੈਂ ਇਹ ਕਹਿੰਦੇ ਜ਼ਰੂਰ ਸੁਣਿਆ ‘ਆਪਣੇ ਗੁਰੂਆਂ ਨੇ ਤਾਂ ਕਿਹੈ ਕਿ ਜੇ ਇਹ ਤੇਲ ਨਾਲ ਲਿੱਬੜੀ ਬਾਂਹ ਜਿੰਨੇ ਤਿਲਾਂ ਜਿੰਨੀਆਂ ਵੀ ਸਹੁੰਆਂ ਖਾਣ ਤਾਂ ਵੀ ਇਤਬਾਰ ਨਾ ਕਰੋ।’ ਹੁਣ ਕਹਿਣ ਨੂੰ ਤਾਂ ਮੈਂ ਕਹਿ ਸਕਦਾ ਸਾਂ ਪਈ ਇਹ ਕਿਹੜੇ ਗ੍ਰੰਥ ਵਿਚ ਲਿਖਿਐ ਪਰ ਇਸ ਵੇਲੇ ਮੈਂ ਕਿਸੇ ਹੋਰ ਮੂਡ ਵਿਚ ਸਾਂ ਅਤੇ ਚਾਹੁੰਦਾ ਸਾਂ ਪਈ ਉਨ੍ਹਾਂ ਦੇ ਦਿਲ ’ਤੇ ਪਿਆ ਭਾਰ, ਗੁੱਭ-ਗੁਭਾਟ ਨਿਕਲ ਜਾਵੇ।

ਮੈਨੂੰ ਧਿਆਨ ਨਾਲ ਸੁਣਦਿਆਂ ਵੇਖ ਉਹ ਕਹਿਣ ਲੱਗੇ, ‘ਵੱਢ ਟੁੱਕ ਵੇਲੇ ਇਨ੍ਹਾਂ ਦੇ ਵਡੇਰਿਆਂ ਨੇ ਸਾਡੀਆਂ ਨੂੰਹਾਂ-ਧੀਆਂ ਦੀ ਬੇਪਤੀ ਕੀਤੀ।’ ਅਤੇ ਫੇਰ ਜਿਵੇਂ ਇੱਕ ਬਹੁਤ ਵੱਡਾ ਭੇਦ ਸਿਰਫ਼ ਮੇਰੇ ਨਾਲ ਹੀ ਸਾਂਝਾ ਕਰ ਰਹੇ ਹੋਣ, ‘ਏਸੇ ਸਲੀਮ ਦੇ ਚਾਚੇ ਨੇ ਮੇਰੇ ਨਾਲ ਮੂੰਹ ਕਾਲਾ ਕੀਤਾ।’

ਉਨ੍ਹਾਂ ਦੀ ਇਸ ਗੱਲ ਨੇ ਇੱਕ ਵਾਰ ਤਾਂ ਮੇਰੇ ਅੰਦਰ ਹਲਚਲ ਪੈਦਾ ਕਰ ਦਿੱਤੀ। ਮੈਂ ਵੀ ਸੋਚੀਂ ਪੈ ਗਿਆ ਪਰ ਫੇਰ ਸੋਚਿਆ ਚਲੋ ਉਨ੍ਹਾਂ ਦੇ ਇੰਨਾ ਕਹਿਣ ਨਾਲ ਉਨ੍ਹਾਂ ਦੇ ਅੰਦਰਲੀ ਗੁੰਝਲ ਤਾਂ ਬਾਹਰ ਆ ਗਈ। ਇਸ ਨਾਲ ਉਨ੍ਹਾਂ ਦਾ ਮਨ ਤਾਂ ਹਲਕਾ ਹੋ ਹੀ ਗਿਆ ਹੋਵੇਗਾ।

‘ਮਾਤਾ ਜੀ, ਤੁਹਾਡੀਆਂ ਗੱਲਾਂ ਸਾਰੀਆਂ ਠੀਕ ਨੇ, ਪਰ ਹੁਣ ਇਨ੍ਹਾਂ ਗੱਲਾਂ ਨੂੰ ਭੁਲਾ ਦੇਣਾ ਚਾਹੀਦੈ, ਸਾਡੇ ਗੁਰੂਆਂ ਨੇ ਵੀ ‘ਸਰਬੱਤ ਦੇ ਭਲੇ’ ਦੀ ਮੰਗ ਕੀਤੀ ਹੈ।’ ਮੈਂ ਆਪਣੀ ਮਸਤੀ ’ਚ ਪਤਾ ਨਹੀਂ ਕਿਵੇਂ ਕਹਿ ਗਿਆ।

ਮੇਰੇ ਇੰਨਾ ਕਹਿਣ ’ਤੇ ਉਨ੍ਹਾਂ ਨੇ ਨਾ ਤਾਂ ਬੁਰਾ ਮਨਾਇਆ ਅਤੇ ਨਾ ਹੀ ਚੰਗਾ। ਉਨ੍ਹਾਂ ਦੇ ਚਿਹਰੇ ਉੱਪਰ ਜ਼ਰੂਰ ਕਈ ਰੰਗ ਆਏ ਅਤੇ ਕਈ ਗਏ। ਪਰ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਜ਼ਰੂਰ ਸੀ ਪਈ ਮੈਂ ਉਨ੍ਹਾਂ ਦੀਆਂ ਗੱਲਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਸੀ। ਹਾਂ ਸੱਚ, ਜਾਣ ਲੱਗਿਆਂ ਉਨ੍ਹਾਂ ਇੰਨਾ ਜ਼ਰੂਰ ਕਿਹਾ ਸੀ, ‘ਤੂੰ ਕੇਹਾ ਸਿੱਖ ਏਂ, ਮੈਨੂੰ ਨੀ ਪਤਾ ਲੱਗਿਆ?’

ਇੰਨਾ ਆਖ ਕੇ ਉਹ ਭਾਵੇਂ ਚਲੇ ਗਏ ਪਰ ਉਨ੍ਹਾਂ ਦੇ ਇਹ ਸ਼ਬਦ ਮੇਰੇ ਕੰਨਾਂ ਵਿਚ ਕਾਫ਼ੀ ਦੇਰ ਤੱਕ ਗੂੰਜਦੇ ਰਹੇ ਸਨ, ‘ਤੂੰ ਕੇਹਾ ਸਿੱਖ ਏਂ?’

ਮੈਨੂੰ ਜਾਪਿਆ ਪਈ ਮੈਂ ਉਨ੍ਹਾਂ ਦੇ ਇਸ ਸੁਆਲ ਦਾ ਜੁਆਬ ਕਦੀ ਵੀ ਨਹੀਂ ਦੇ ਸਕਾਂਗਾ।
**
ਸੰਪਰਕ : 79737-06245

24 ਅਕਤੂਬਰ 2021

***
654
***

About the author

ਡਾ. ਜੋਗਿੰਦਰ ਸਿੰਘ ਨਿਰਾਲਾ
+919872161644 | drnirala@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜੀਵਨ ਬਿਓਰਾ: 
ਜੋਗਿੰਦਰ ਸਿੰਘ ਨਿਰਾਲਾ
ਜਨਮ: 10 ਅਕਤੂਬਰ, 1945
ਮਾਤਾ: ਸ੍ਰੀ ਮਤੀ ਸੰਤ ਕੌਰ
ਪਿਤਾ: ਸ੍ਰ. ਲਾਲ ਸਿੰਘ ਰੁਪਾਲ

ਵਿਦਿੱਆ: ਐਮ.ਏ. (ਅੰਗਰੇਜ਼ੀ, ਪੰਜਾਬੀ), ਪੀ.ਐਚਡੀ
ਪੱਕਾ ਪਤਾ: ਬੀ-793 ਸਾਹਿਤ ਮਾਰਗ, ਬਰਨਾਲਾ
ਫੋਨ: 01679 225364
ਮੋਬਾਈਲ: +91 98721 61644
ਕਿੱਤਾ: ਸੇਵਾਮੁਕਤ/ਪ੍ਰੋਫੈਸਰ ਭਾਸ਼ਾਵਾਂ, ਪੰਜਾਬ ਐਗਰੀਕਲਚਰਲ ਯੂਨੀ. ਲੁਧਿਆਣਾ
ਈ-ਮੇਲ: drnirala@gmail.com

ਛਪੀਅਾਂ ਪੁਸਤਕਾਂ/ਰਚਨਾਵਾਂ:
ਕਹਾਣੀ ਸੰਗ੍ਰਹਿ:
ਪਰਿਸਥਿਤੀਅਾਂ (1968), ਨਾਇਕ ਦੀ ਖੋਜ (1973), ਸੰਤਾਪ (1981), ਰੱਜੇ ਪੁੱਜੇ ਲੋਕ (1985), ਸ਼ੁਤਰਮੁਰਗ (1988), ਉਤਰ ਕਥਾ (1999), ਸ਼ੁਤਰ ਮੁਰਗ ਦੀ ਵਾਪਸੀ (2002), ਚੋਣਵੀਅਾਂ ਕਹਾਣੀਅਾਂ (2002),ਜ਼ਿੰਦਗੀ ਦਾ ਦਰਿਆ (2014

ਸੰਪਾਦਿਤ ਕਹਾਣੀ ਸੰਗ੍ਰਹਿ:
ਕਾਕੜੇ ਬੇਰ(1962-ਕਹਾਣੀਅਾਂ), ਨਾਰਦ ਡਉਰੂ ਵਜਾਇਆ(1988), ਦਾਇਰੇ (1990-ਮਿੰਨੀ ਕਹਾਣੀਅਾਂ), ਕਥਨ (1991-ਕਹਾਣੀਅਾਂ)

ਆਲੋਚਨਾ:
ਪੰਜਾਬੀ ਕਹਾਣੀ ਵਿਚ ਤਣਾਓ (1990), ਕਹਾਣੀ ਦੀ ਰੂਪ ਰੇਖਾ (2008), ਨੌਵੇਂ ਦਹਾਕੇ ਤੋਂ ਬਾਅਦ ਦੀ ਕਹਾਣੀ (2010)

ਲੇਖਕ ਬਾਰੇ:
ਉੱਤਰ ਆਧੁਨਿਕਤਾ ਦਾ ਕਹਾਣੀਕਾਰ—ਜੋਗਿੰਦਰ ਸਿੰਘ ਨਿਰਾਲਾ (1990) ਸੰਪਾਦਕ: ਅਮਰ ਕੋਮਲ

ਹਿੰਦੀ:
‘ਬਿਖਰ ਰਹਾ ਮਾਨਵ’-1991, ਜਨਮਾਂਤਰ (2007)

ਸਾਹਿਤਕ ਆਹੁਦੇ:
* ਸਾਹਿਤ ਅਕਾਡਮੀ, ਲੁਧਿਆਣਾ ਦਾ ਪਿਛਲੇ 6 ਸਾਲ ਤੋਂ ਮੀਤ ਪ੍ਰਧਾਨ
* ਸਾਹਿਤ ਅਕਾਡਮੀ, ਲੁਧਿਆਣਾ ਦਾ ਅੱਠ ਵੇਰਾਂ ਨਿਮੰਤ੍ਰਿਤ ਮੈਂਬਰ
* ਕਲਾਕਾਰ ਸੰਗਮ ਪੰਜਾਬ ਦਾ ਇਕ ਦਹਾਕੇ ਤੋਂ ਪ੍ਰਧਾਨ
* ਕੇਂਦਰੀ ਲੇਖਕ ਸਭਾ (ਸੇਖੋਂ) ਦਾ ਮੀਤ ਪ੍ਰਧਾਨ
* ‘ਮੁਹਾਂਦਰਾ’ ਤ੍ਰੈ-ਮਾਸਕ ਮੈਗਜ਼ੀਨ ਦਾ ਮੁੱਖ ਸੰਪਾਦਕ

ਸਾਹਿਤਕ ਖੋਜ ਕਾਰਜ:
* ਅਨੇਕਾਂ ਖੋਜ ਪੱਤਰ, ਭਾਸ਼ਾ ਵਿਬਾਗ, ਪੰਜਾਬ ਅਤੇ ਅਨੇਕਾਂ ਅਕਾਦਮੀਅਾਂ ਵਿਚ ਪੜ੍ਹੇ ਤੇ ਵਿਚਾਰੇ ਗਏ।
* ਅਨੇਕਾਂ ਪੁਸਤਕਾਂ ਦੇ ਰੀਵੀਊ ਅਤੇ ਮੁੱਖ ਬੰਧ ਲਿਖੇ।
* ਨਿਰਾਲਾ ਦੀਅਾਂ ਕਹਾਣੀਅਾਂ ‘ਤੇ ਦੋ ਖੋਜਾਰਥੀਅਾਂ ਨੇ ਐਮ.ਫ਼ਿਲ ਕੀਤੀ।

ਮਾਨ ਸਨਮਾਨ:
* ਬਲਰਾਜ ਸਾਹਨੀ ਯਾਦਗਾਰੀ ਸਨਮਾਨ ਵੱਲੋਂ ਸਾਹਿਤ ਠਰੱਸਟ, ਢੁੱਡੀ ਕੇ।
* ਸਾਹਿਤਯ ਅਚਾਰੀਆ ਸਨਮਾਨ ਵੱਲੋਂ ਸਾਹਿਤ ਸਭਾ, ਧੂਰੀ।
* ਪ੍ਰਿੰ. ਸੰਤ ਸਿੰਘ ਸੇਖੋਂ ਯਾਦਗਾਰੀ ਐਵਾਰਡ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਸਾਹਿਤ ਸਭਾ, ਪੰਜਾਬ।
* ਹੋਰ ਵੀ ਕਈ ਸਾਹਿਤਕ ਅਦਾਰਿਆ ਵੱਲੋਂ ਮਾਨ-ਸਨਮਾਨ ਮਿਲੇ।

ਡਾ. ਜੋਗਿੰਦਰ ਸਿੰਘ ਨਿਰਾਲਾ

ਜੀਵਨ ਬਿਓਰਾ:  ਜੋਗਿੰਦਰ ਸਿੰਘ ਨਿਰਾਲਾ ਜਨਮ: 10 ਅਕਤੂਬਰ, 1945 ਮਾਤਾ: ਸ੍ਰੀ ਮਤੀ ਸੰਤ ਕੌਰ ਪਿਤਾ: ਸ੍ਰ. ਲਾਲ ਸਿੰਘ ਰੁਪਾਲ ਵਿਦਿੱਆ: ਐਮ.ਏ. (ਅੰਗਰੇਜ਼ੀ, ਪੰਜਾਬੀ), ਪੀ.ਐਚਡੀ ਪੱਕਾ ਪਤਾ: ਬੀ-793 ਸਾਹਿਤ ਮਾਰਗ, ਬਰਨਾਲਾ ਫੋਨ: 01679 225364 ਮੋਬਾਈਲ: +91 98721 61644 ਕਿੱਤਾ: ਸੇਵਾਮੁਕਤ/ਪ੍ਰੋਫੈਸਰ ਭਾਸ਼ਾਵਾਂ, ਪੰਜਾਬ ਐਗਰੀਕਲਚਰਲ ਯੂਨੀ. ਲੁਧਿਆਣਾ ਈ-ਮੇਲ: drnirala@gmail.com ਛਪੀਅਾਂ ਪੁਸਤਕਾਂ/ਰਚਨਾਵਾਂ: ਕਹਾਣੀ ਸੰਗ੍ਰਹਿ: ਪਰਿਸਥਿਤੀਅਾਂ (1968), ਨਾਇਕ ਦੀ ਖੋਜ (1973), ਸੰਤਾਪ (1981), ਰੱਜੇ ਪੁੱਜੇ ਲੋਕ (1985), ਸ਼ੁਤਰਮੁਰਗ (1988), ਉਤਰ ਕਥਾ (1999), ਸ਼ੁਤਰ ਮੁਰਗ ਦੀ ਵਾਪਸੀ (2002), ਚੋਣਵੀਅਾਂ ਕਹਾਣੀਅਾਂ (2002),ਜ਼ਿੰਦਗੀ ਦਾ ਦਰਿਆ (2014 ਸੰਪਾਦਿਤ ਕਹਾਣੀ ਸੰਗ੍ਰਹਿ: ਕਾਕੜੇ ਬੇਰ(1962-ਕਹਾਣੀਅਾਂ), ਨਾਰਦ ਡਉਰੂ ਵਜਾਇਆ(1988), ਦਾਇਰੇ (1990-ਮਿੰਨੀ ਕਹਾਣੀਅਾਂ), ਕਥਨ (1991-ਕਹਾਣੀਅਾਂ) ਆਲੋਚਨਾ: ਪੰਜਾਬੀ ਕਹਾਣੀ ਵਿਚ ਤਣਾਓ (1990), ਕਹਾਣੀ ਦੀ ਰੂਪ ਰੇਖਾ (2008), ਨੌਵੇਂ ਦਹਾਕੇ ਤੋਂ ਬਾਅਦ ਦੀ ਕਹਾਣੀ (2010) ਲੇਖਕ ਬਾਰੇ: ਉੱਤਰ ਆਧੁਨਿਕਤਾ ਦਾ ਕਹਾਣੀਕਾਰ—ਜੋਗਿੰਦਰ ਸਿੰਘ ਨਿਰਾਲਾ (1990) ਸੰਪਾਦਕ: ਅਮਰ ਕੋਮਲ ਹਿੰਦੀ: ‘ਬਿਖਰ ਰਹਾ ਮਾਨਵ’-1991, ਜਨਮਾਂਤਰ (2007) ਸਾਹਿਤਕ ਆਹੁਦੇ: * ਸਾਹਿਤ ਅਕਾਡਮੀ, ਲੁਧਿਆਣਾ ਦਾ ਪਿਛਲੇ 6 ਸਾਲ ਤੋਂ ਮੀਤ ਪ੍ਰਧਾਨ * ਸਾਹਿਤ ਅਕਾਡਮੀ, ਲੁਧਿਆਣਾ ਦਾ ਅੱਠ ਵੇਰਾਂ ਨਿਮੰਤ੍ਰਿਤ ਮੈਂਬਰ * ਕਲਾਕਾਰ ਸੰਗਮ ਪੰਜਾਬ ਦਾ ਇਕ ਦਹਾਕੇ ਤੋਂ ਪ੍ਰਧਾਨ * ਕੇਂਦਰੀ ਲੇਖਕ ਸਭਾ (ਸੇਖੋਂ) ਦਾ ਮੀਤ ਪ੍ਰਧਾਨ * ‘ਮੁਹਾਂਦਰਾ’ ਤ੍ਰੈ-ਮਾਸਕ ਮੈਗਜ਼ੀਨ ਦਾ ਮੁੱਖ ਸੰਪਾਦਕ ਸਾਹਿਤਕ ਖੋਜ ਕਾਰਜ: * ਅਨੇਕਾਂ ਖੋਜ ਪੱਤਰ, ਭਾਸ਼ਾ ਵਿਬਾਗ, ਪੰਜਾਬ ਅਤੇ ਅਨੇਕਾਂ ਅਕਾਦਮੀਅਾਂ ਵਿਚ ਪੜ੍ਹੇ ਤੇ ਵਿਚਾਰੇ ਗਏ। * ਅਨੇਕਾਂ ਪੁਸਤਕਾਂ ਦੇ ਰੀਵੀਊ ਅਤੇ ਮੁੱਖ ਬੰਧ ਲਿਖੇ। * ਨਿਰਾਲਾ ਦੀਅਾਂ ਕਹਾਣੀਅਾਂ ‘ਤੇ ਦੋ ਖੋਜਾਰਥੀਅਾਂ ਨੇ ਐਮ.ਫ਼ਿਲ ਕੀਤੀ। ਮਾਨ ਸਨਮਾਨ: * ਬਲਰਾਜ ਸਾਹਨੀ ਯਾਦਗਾਰੀ ਸਨਮਾਨ ਵੱਲੋਂ ਸਾਹਿਤ ਠਰੱਸਟ, ਢੁੱਡੀ ਕੇ। * ਸਾਹਿਤਯ ਅਚਾਰੀਆ ਸਨਮਾਨ ਵੱਲੋਂ ਸਾਹਿਤ ਸਭਾ, ਧੂਰੀ। * ਪ੍ਰਿੰ. ਸੰਤ ਸਿੰਘ ਸੇਖੋਂ ਯਾਦਗਾਰੀ ਐਵਾਰਡ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਸਾਹਿਤ ਸਭਾ, ਪੰਜਾਬ। * ਹੋਰ ਵੀ ਕਈ ਸਾਹਿਤਕ ਅਦਾਰਿਆ ਵੱਲੋਂ ਮਾਨ-ਸਨਮਾਨ ਮਿਲੇ।

View all posts by ਡਾ. ਜੋਗਿੰਦਰ ਸਿੰਘ ਨਿਰਾਲਾ →