21 September 2024

ਗੁੱਝਾ ਭੇਦ – ਅਨਮੋਲ ਕੌਰ, ਕੈਨੇਡਾ

ਗੁੱਝਾ ਭੇਦ
-ਅਨਮੋਲ ਕੌਰ, ਕੈਨੇਡਾ-

ਦੋ ਸ਼ਬਦ ਲੇਖਕਾ ਬਾਰੇ:

ਅਨਮੋਲ ਕੌਰ (ਕੈਨੇਡਾ) ਪੰਜਾਬੀ ਦੀ ਐਮ.ਏ. ਹਨ। ਉਂਝ ਲਿਖਣਾ ਤਾਂ ਭਾਵੇਂ ਉਹਨਾਂ ਨੇ ਦਸਵੀਂ ਜਮਾਤ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਸਨ ਪਰ ਕੁਝ ‘ਕਾਰਨਾਂ ਕਰਕੇ’ ਲਿਖਣਾ ਜਾਰੀ ਨਾ ਰਹਿ ਸਕਿਆ। ਹੁਣ ਉਹਨਾਂ ਨੇ ਆਪਣੇ ਪਤੀ ਸ: ਇਕਬਾਲ ਸਿੰਘ ਦੇ ਸਹਿਯੋਗ ਨਾਲ, ਪੰਜਾਬੀ ਵਿੱਚ ਲਿਖਣਾ ਆਰੰਭ ਕੀਤਾ ਹੈ। ਉਹਨਾਂ ਦੀਆਂ ‘ਲਿਖਾਰੀ’ ਵਿੱਚ ਹੁਣ ਤੱਕ 16 ਕਹਾਣੀਆਂ ਛਪੀਆਂ ਹਨ। ਉਹਨਾਂ ਦੀ ਇੱਕ ਹੋਰ ਕਹਾਣੀ ‘ਗੁੱਝਾ ਭੇਦ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।—‘ਲਿਖਾਰੀ’ (2009)

ਆਪਣੇ ਗਵਾਂਢ ਵਾਲੀ ਵਰ੍ਹਿਆਂ ਤੋਂ ਖਾਲੀ ਪਈ ਕੋਠੀ ਵਿਚ ਬੱਤੀ ਜਗਦੀ ਦੇਖੀ ਤਾਂ ਮੈਂ ਸਵੇਰਸਾਰ ਨਵੇਂ ਬਣੇ ਗਵਾਂਢੀਆਂ ਨੂੰ ਮਿਲਣ ਚਲਿਆ ਗਿਆ।

“ਤੁਹਾਡੇ ਆਉਣ ਨਾਲ ਇਸ ਵੀਰਾਨ ਪਈ ਕੋਠੀ ਵਿਚ ਰੌਣਕ ਆ ਗਈ ਹੈ।” ਗਵਾਂਢੀ ਨਾਲ ਹੱਥ ਮਿਲਾਉਂਦਿਆਂ ਮੈਂ ਕਿਹਾ।

“ਮੈਂ ਕੱਲ੍ਹ ਹੀ ਇੱਥੇ ਆਇਆ ਹਾਂ।” ਗਵਾਂਢੀ ਨੇ ਕਿਹਾ ਤੇ ਪੁੱਛਣ ਲੱਗਾ, “ਰਹਿਣ ਲਈ ਇਹ ਇਲਾਕਾ ਕਿਹੋ ਜਿਹਾ ਹੈ?”

“ਬਹੁਤ ਵਧੀਆ ਤੇ ਸ਼ਾਂਤੀ ਭਰਿਆ ਮਹੌਲ ਹੈ ਇਸ ਮੁਹੱਲੇ ਦਾ। ਤੁਸੀਂ ਕਿਸੇ ਗੱਲ ਦੀ ਵੀ ਚਿੰਤਾ ਨਾ ਕਰਨਾ। ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤਾਂ ਸਾਨੂੰ ਦੱਸਣਾ।”

“ਮੇਰਾ ਨਾਮ ਵਿਜੇ ਹੈ। ਮੇਰੀ ਹਰਿਆਣੇ ਤੋਂ ਇੱਥੇ ਬਦਲੀ ਹੋਈ ਹੈ।”

“ਕੱਲ੍ਹ ਸ਼ਾਮ ਨੂੰ ਸਾਡੇ ਵੱਲ ਆ ਜਾਣਾ, ਪਰਿਵਾਰ ਸਮੇਤ। ਇਕੱਠੇ ਬੈਠ ਕੇ ਚਾਹ ਪੀਆਂਗੇ।”

“ਮੇਰੀ ਅਜੇ ਸ਼ਾਦੀ ਨਹੀਂ ਹੋਈ। ਮੇਰੇ ਪਰਿਵਾਰ ਵਿਚ ਸਿਰਫ ਮੇਰੀ ਮਾਂ ਹੀ ਹੈ। ਉਹ ਪਿੰਡ ਰਹਿੰਦੀ ਹੈ।” ਵਿਜੇ ਨੇ ਦੱਸਿਆ।

“ਚਲੋ ਕੋਈ ਗੱਲ ਨਹੀਂ। ਸਾਨੂੰ ਆਪਣੇ ਪਰਿਵਾਰ ਦੇ ਮੈਂਬਰ ਹੀ ਸਮਝਣਾ।” ਮੈਂ ਕਿਹਾ, “ਚੰਗਾ ਫਿਰ ਮਿਲਦੇ ਹਾਂ ਕੱਲ੍ਹ ਸ਼ਾਮ ਨੂੰ।”

ਘਰ ਆ ਕੇ ਮੈਂ ਆਪਣੀ ਪਤਨੀ ਨੂੰ ਇਸ ਨਵੇਂ ਗਵਾਂਢੀ ਨਾਲ ਹੋਈ ਮੁਲਾਕਾਤ ਬਾਰੇ ਦੱਸਿਆ ਤਾਂ ਉਹ ਤਲਖੀ ਨਾਲ ਬੋਲੀ, “ਕੌਣ ਹੈ ਉਹ? ਜਾਣ ਨਾ ਪਹਿਚਾਣ ਮੈਂ ਤੇਰਾ ਮਹਿਮਾਨ। ਪਤਾ ਨਹੀਂ ਕਿਹਨੂੰ ਕਿਹਨੂੰ ਨਿਉਂਦੇ ਦਿੰਦੇ ਰਹਿੰਦੇ ਹੋ।”

“ਮੈਨੂੰ ਏਨਾ ਪਤਾ ਹੈ ਕਿ ਉਹ ਇਕ ਇਨਸਾਨ ਹੈ ਤੇ ਆਪਣਾ ਗਵਾਂਢੀ।” ਮੈਂ ਆਖਿਆ, “ਜੋ ਇਕ ਗਵਾਂਢੀ ਦਾ ਫਰਜ਼ ਬਣਦਾ ਹੈ, ਉਹ ਹੀ ਮੈਂ ਕੀਤਾ ਹੈ।”

“ਅੱਛਾ, ਅੱਛਾ; ਸਾਰੀ ਉਮਰ ਫਰਜ਼ਾਂ ਵਿਚ ਹੀ ਫਸੇ ਰਿਹੋ। ਅਗਾਂਹ ਨਾ ਵਧਿਉ।”

ਮੇਰੀ ਪਤਨੀ ਇਹ ਗੱਲ ਕਹਿ ਕੇ ਚਲੀ ਗਈ ਸੀ ਤੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਆਪਣੇ ਫਰਜ਼ ਨਿਭਾਉਣ ਵਾਲਾ ਬੰਦਾ ਅਗਾਂਹ ਕਿਉਂ ਨਹੀਂ ਵਧ ਸਕਦਾ?

ਸ਼ਾਮ ਨੂੰ ਜਦੋਂ ਵਿਜੇ ਸਫੈਦ ਪਾਪਲੀਨ ਦੇ ਕੁੜਤੇ ਪਜਾਮੇ ਵਿਚ ਅਇਆ ਤਾਂ ਕਾਫੀ ਜਚ ਰਿਹਾ ਸੀ।

“ਜੀ ਅਇਆਂ ਨੂੰ।” ਮੈਂ ਕਿਹਾ। ਉਹ ਸਿਰਫ ਮੁਸਕਰਾਇਆ।

ਚਾਹ-ਪਾਣੀ ਪੀਂਦਿਆਂ ਮੈਂ ਪੁੱਛਿਆ, “ਤੁਸੀਂ ਕਿਹੜੇ ਵਿਭਾਗ ਵਿਚ ਕੰਮ ਕਰਦੇ ਹੋ?”

“ਤੁਹਾਡੇ ਸ਼ਹਿਰ ਵਿਚ ਜੋ ਡੈਮ ਉਸਰ ਰਿਹਾ ਹੈ, ਮੇਰੀ ਸਰਵਿਸ ਉਸ ਦੀ ਦੇਖਭਾਲ ਕਰਨੀ ਹੈ।”

ਭਾਵੇਂ ਮੈਨੂੰ ਉਸ ਦੇ ਜਵਾਬ ਨਾਲ ਬਹੁਤੀ ਤਸੱਲੀ ਤਾਂ ਨਾ ਹੋਈ, ਫਿਰ ਵੀ ਮੈਂ ਕਿਹਾ, “ਚਲੋ ਵਧੀਆ ਕੰਮ ਆ।”

“ਤੁਸੀਂ ਕਿੱਥੇ ਕੰਮ ਕਰਦੇ ਹੋ?” ਉਸ ਨੇ ਪੁੱਛਿਆ।

“ਮੈਂ ਵੀ ਟਾਊਨਸ਼ਿਪ ਵਿਚ ਹੀ ਕੰਮ ਕਰਦਾ ਹਾਂ।” ਆਪਣੇ ਵਿਭਾਗ ਦਾ ਨਾਮ ਲੁਕਾਉਂਦਿਆਂ ਹੋਇਆ ਮੈਂ ਕਿਹਾ।

“ਤੁਹਾਡੀ ਪਤਨੀ ਵੀ ਕੰਮ ਕਰਦੀ ਹੈ?”

“ਜੀ ਨਹੀਂ। ਬੱਚੇ ਛੋਟੇ ਹੋਣ ਕਾਰਨ ਉਹ ਅਜੇ ਕੰਮ ਨਹੀਂ ਕਰ ਸਕਦੀ।”

ਭਾਵੇਂ ਅਸੀਂ ਦੋਵੇਂ ਹੀ ਆਪਣੇ ਕੰਮਾਂ ਬਾਰੇ ਝੂਠ ਬੋਲੇ ਸਾਂ, ਪਰ ਫਿਰ ਵੀ ਇਸ ਦਿਨ ਤੋਂ ਬਾਅਦ ਅਸੀਂ ਦੋਵੇਂ ਗਵਾਂਢੀ ਹੌਲੀ ਹੌਲੀ ਇਕ ਦੂਜੇ ਦੇ ਨਜ਼ਦੀਕ ਹੁੰਦੇ ਚਲੇ ਗਏ। ਹੁਣ ਤਾਂ ਵਿਜੇ ਸਾਡੇ ਘਰ ਆਮ ਹੀ ਆ ਜਾਂਦਾ। ਮੇਰੀ ਪਤਨੀ ਵੀ ਉਸ ਨਾਲ ਹੁਣ ਖੁੱਲ੍ਹ ਕੇ ਗੱਲਬਾਤ ਕਰਨ ਲੱਗ ਪਈ, “ਭਾਈ ਸਾਹਿਬ, ਹੁਣ ਤੁਸੀਂ ਵਿਆਹ ਕਰਵਾ ਲਉ।”

“ਚਲੋ ਭਾਬੀ ਜੀ, ਕਰਾਉ ਕੋਈ ਰਿਸ਼ਤਾ।” ਵਿਜੇ ਹੱਸ ਕੇ ਕਹਿ ਛੱਡਦਾ, “ਆਪਣੇ ਪੇਕਿਆਂ ਤੋਂ ਹੀ ਕੋਈ ਸਾਕ ਕਰਵਾ ਦਿਉ।”

ਮੇਰੀ ਪਤਨੀ ਨੂੰ ਤਾਂ ਇਹ ਗੱਲ ਸਮਝ ਨਹੀਂ ਸੀ ਆਈ, ਪਰ ਮੈਨੂੰ ਪਤਾ ਲੱਗ ਗਿਆ ਸੀ ਕਿ ਪੇਕਿਆਂ ਵਾਲੇ ਰਿਸ਼ਤੇ ਤੋਂ ਵਿਜੇ ਦਾ ਇਸ਼ਾਰਾ ਮੇਰੀ ਛੋਟੀ ਸਾਲੀ ਵੱਲ ਸੀ ਜੋ ਇਕ ਹਫਤਾ ਪਹਿਲਾਂ ਸਾਡੇ ਕੋਲ ਛੁੱਟੀਆਂ ਬਿਤਾ ਕੇ ਗਈ ਸੀ।

ਕਦੀ ਕਦੀ ਵਿਜੇ ਵੀ ਮੈਨੂੰ ਆਪਣੇ ਘਰ ਬੁਲਾ ਲੈਂਦਾ। ਇਕ ਦਿਨ ਛਨੀਵਾਰ ਨੂੰ ਗਈ ਰਾਤ ਤੱਕ ਅਸੀਂ ਵਿਜੇ ਦੇ ਘਰ ਬੈਠੇ ਰਹੇ। ਉਸ ਦਾ ਕੋਈ ਫੌਜੀ ਮਿੱਤਰ ਉਸ ਨੂੰ ਰੰਮ ਦੀਆਂ ਬੋਤਲਾਂ ਦੇ ਕੇ ਗਿਆ ਸੀ। ਮੈਂ ਸ਼ਰਾਬ ਪੀਣ ਦਾ ਆਦੀ ਤਾਂ ਨਹੀਂ ਸਾਂ, ਪਰ ਸਹੁੰ ਵੀ ਨਹੀਂ ਸੀ ਪਾਈ ਹੋਈ। ਉਸ ਦਿਨ ਪਹਿਲੀ ਵਾਰ ਮੈਂ ਉਸ ਦਾ ਹਮਪਿਆਲਾ ਬਣਿਆ। ਭੇਦ ਲੈਣ ਲਈ ਮੈਂ ਚਲਾਕੀ ਖੇਡੀ। ਮੈਂ ਆਪਣਾ ਪਹਿਲਾ ਪੈੱਗ ਹੀ ਨਾ ਖਤਮ ਕੀਤਾ, ਪਰ ਉਸ ਨੂੰ ਦੋ ਤਿੰਨ ਵੱਡੇ ਪੈੱਗ ਪਿਲਾ ਕੇ ਸ਼ਰਾਬੀ ਕਰ ਲਿਆ ਅਤੇ ਉਸ ਨੂੰ ਪੁੱਛਣ ਲੱਗਾ, “ਅੱਜ ਆਪਾਂ ਪਹਿਲੀ ਵਾਰ ਹਮਪਿਆਲਾ ਬਣੇ ਹਾਂ। ਸੱਚੋ ਸੱਚ ਦੱਸੋ ਕਿ ਤੁਸੀਂ ਬਣ ਰਹੇ ਡੈਮ ਦੀ ਦੇਖਭਾਲ ਦਾ ਹੀ ਕੰਮ ਕਰਦੇ ਹੋ?”

“ਨਹੀਂ ਯਾਰ, ਮੈਂ ਤਾਂ ਪੁਲੀਸ ਲਈ ਕੰਮ ਕਰਦਾ ਹਾਂ ਸਿਵਲ ਕੱਪੜਿਆਂ ਵਿਚ ਰਹਿ ਕੇ।”

“ਡਾਕੂ ਲੁਟੇਰਿਆਂ ਨੂੰ ਲੱਭ ਲੱਭ ਕੇ ਫੜਾਉਂਦੇ ਹੋਵੋਗੇ?”

“ਡਾਕੂਆਂ ਤੋਂ ਵੀ ਵਧੇਰੇ ਖਤਰਨਾਕ ਅਤਿਵਾਦੀਆਂ ਨੂੰ।”

“ਫਿਰ ਤਾਂ ਆਪਾਂ ਇੱਕੋ ਹੀ ਥੈਲੀ ਦੇ ਚੱਟੇ ਵੱਟੇ ਹਾਂ।” ਮੇਰੇ ਮੂੰਹ ਵਿੱਚੋਂ ਇਕਦਮ ਹੀ ਸੱਚ ਨਿਕਲ ਗਿਆ, “ਆਪਣੇ ਕੰਮ ਕਰਨ ਦੇ ਢੰਗਾਂ ਵਿਚ ਬਹੁਤਾ ਫਰਕ ਨਹੀਂ।”

ਉਹ ਹੈਰਾਨੀ ਨਾਲ ਮੇਰੇ ਮੂੰਹ ਵੱਲ ਦੇਖਣ ਲੱਗਾ। ਮੈਨੂੰ ਲੱਗਾ ਮੇਰੀ ਗੱਲ ਸੁਣ ਕੇ ਜਿਵੇਂ ਉਸ ਦਾ ਨਸ਼ਾ ਲਹਿ ਗਿਆ ਹੋਵੇ। ਉਹ ਗੰਭੀਰ ਹੁੰਦਾ ਹੋਇਆ ਕਹਿਣ ਲੱਗਾ, “ਚਲੋ ਤੁਸੀਂ ਵੀ ਹੁਣ ਆਪਣੀ ਅਸਲੀਅਤ ਦੱਸ ਹੀ ਦਿਉ।”

“ਮੈਂ ਗੁਪਤਚਰ ਵਿਭਾਗ ਲਈ ਕੰਮ ਕਰਦਾ ਹਾਂ।” ਮੈਨੂੰ ਸੱਚ ਦੱਸਣਾ ਪਿਆ, “ਮੇਰਾ ਨਿਸ਼ਾਨਾ ਵੀ ਅਤਿਵਾਦੀ ਜਾਂ ਖਾੜਕੂ ਹੀ ਹਨ।” ਇਹ ਸੁਣ ਕੇ ਉਹ ਬਹੁਤ ਜ਼ੋਰ ਦੀ ਉੱਚੀ ਦੇਣੀ ਹੱਸਿਆ ਅਤੇ ਮੇਰੇ ਨਾਲ ਹੱਥ ਮਿਲਾਉਂਦਾ ਬੋਲਿਆ, “ਸੱਪ ਨੂੰ ਸੱਪ ਲੜੇ ਤਾਂ ਜ਼ਹਿਰ ਕਿਸ ਨੂੰ ਚੜ੍ਹੇ?”

ਰੋਟੀ ਖਾਣ ਤੱਕ ਅਸੀਂ ਪਹਿਲਾਂ ਨਾਲੋਂ ਵੀ ਗੂੜ੍ਹੇ ਦੋਸਤ ਬਣ ਗਏ ਅਤੇ ਵਾਅਦਾ ਕੀਤਾ ਕਿ ਅੱਜ ਦੇ ਖੁੱਲ੍ਹੇ ਭੇਦ ਸਾਡੇ ਦੋਵਾਂ ਵਿਚਕਾਰ ਹੀ ਰਹਿਣਗੇ।

ਹੁਣ ਜਦੋਂ ਵੀ ਅਸੀਂ ਇਕੱਠੇ ਹੁੰਦੇ, ਆਪਣੇ ਕੰਮਾਂ ਬਾਰੇ ਖੁੱਲ੍ਹ ਕੇ ਵਿਚਾਰ ਹੀ ਨਾ ਕਰਦੇ ਸਗੋਂ ਇਕ ਦੂਸਰੇ ਦੀ ਮੱਦਦ ਵੀ ਕਰਦੇ। ਇਕ ਵਾਰੀ ਉਸ ਨੇ ਮੈਨੂੰ ਸੂਹ ਦਿੱਤੀ, “ਪਾਕਿਸਤਾਨ ਤੋਂ ਆਏ ਕੁੱਝ ਖਾੜਕੂ ਅੰਮ੍ਰਿਤਸਰ ਕਿਸੇ ਦੇ ਘਰ ਠਹਿਰੇ ਹੋਏ ਨੇ।”

“ਤੁਸੀਂ ਮੇਰਾ ਰਾਬਤਾ ਮੁਖਬਰ ਨਾਲ ਕਰਵਾ ਸਕਦੇ ਹੋ?” ਮੈਂ ਪੁੱਛਿਆ।

“ਉਹ ਵੀ ਇਕ ਖਾੜਕੂ ਹੀ ਹੈ। ਉਸ ਵਲੋਂ ਦਿੱਤੀ ਸੂਹ ਹਮੇਸ਼ਾ ਸਹੀ ਨਿਕਲਦੀ ਰਹੀ ਆ।”

“ਐਤਕੀਂ ਤੁਸੀਂ ਇਸ ਬਾਰੇ ਪੁਲੀਸ ਨੂੰ ਨਾ ਦੱਸਿਉ।”

“ਉਹ ਕਿਉਂ?”

“ਇਹ ਤੁਹਾਨੂੰ ਬਾਅਦ ਵਿਚ ਦੱਸਾਂਗਾ। ਬੱਸ ਤੁਸੀਂ ਉਸ ਨਾਲ ਮੈਨੂੰ ਮਿਲਵਾ ਦਿਉ।”

“ਵੈਸੇ ਉਹ ਬੰਦਾ ਪੁਲੀਸ ਨੇ ਖਰੀਦਿਆ ਹੋਇਆ ਆ।”

“ਕੋਈ ਗੱਲ ਨਹੀਂ। ਅਸੀਂ ਉਸ ਨੂੰ ਪੁਲੀਸ ਨਾਲੋਂ ਵੱਧ ਮੁੱਲ ਦੇ ਕੇ ਖਰੀਦ ਲਵਾਂਗੇ।”

ਉਸੇ ਰਾਤ ਵਿਜੇ ਮੈਨੂੰ ਮੁਖਬਰ ਨਾਲ ਮਿਲਾਉਣ ਲਈ ਇਕ ਸੁੰਨਸਾਨ ਜਗਾਹ ’ਤੇ ਲੈ ਗਿਆ। ਦੇਖਣ ਤੋਂ ਮੁਖਬਰ ਦਾ ਪਹਿਰਾਵਾ ਪੂਰਾ ਦਰਸ਼ਨੀ ਸਿੰਘਾਂ ਵਾਲਾ ਸੀ। ਖੈਰ ਮੈਨੂੰ ਕੀ, ਮੈਂ ਆਪਣੇ ਮਤਲਬ ਦੀ ਗੱਲ ਕੀਤੀ, “ਜਿਸ ਗਰੁੱਪ ਦੀ ਤੁਸਾਂ ਸਾਨੂੰ ਸੂਹ ਦਿੱਤੀ ਹੈ, ਜੇ ਉਸ ਦੇ ਲੀਡਰ ਨਾਲ ਸਾਡੀ ਮਲਾਕਾਤ ਕਰਵਾ ਦਿਉਂ ਤਾਂ ਮੂੰਹ ਮੰਗਿਆ ਮੁੱਲ ਦੇਵਾਂਗੇ।”

ਚੁਗਿਰਦੇ ਹਨੇਰੇ ਦਾ ਪਸਾਰ ਹੋਣ ਤੇ ਵੀ ਉਸ ਨੇ ਆਪਣੇ ਆਲੇ-ਦੁਆਲੇ ਦੂਰ ਤਕ ਨਿਗਾਹ ਮਾਰੀ ਤੇ ਕਿਹਾ, “ਫਿਰ ਤੁਸੀਂ ਕੀ ਕਰੋਂਗੇ?”

“ਅਸੀਂ ਸਰਕਾਰ ਨਾਲ ਸਿੱਧੀ ਗੱਲ ਕਰਵਾ ਕੇ ਸ਼ਾਂਤੀ ਨਾਲ ਖਾੜਕੂਆਂ ਦੀਆਂ ਮੁਸ਼ਕਲਾਂ ਦਾ ਹੱਲ ਲੱਭਾਂਗੇ।”

ਕੁੱਝ ਕੁ ਹੋਰ ਗੱਲਾਂ ਹੋਈਆਂ। ਜਾਣ ਲੱਗਾ ਉਹ ਬੰਦਾ ਕਹਿ ਗਿਆ, “ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ।”

ਥੋੜ੍ਹੇ ਹੀ ਦਿਨਾਂ ਬਾਅਦ ਉਸ ਬੰਦੇ ਨੇ ਸਾਡੀ ਮੁਲਾਕਾਤ ਦਾ ਪ੍ਰਬੰਧ ਖਾੜਕੂਆਂ ਦੇ ਲੀਡਰ ਨਾਲ ਕਰਵਾ ਦਿੱਤਾ। ਮੇਰੀਆਂ ਅਤੇ ਵਿਜੇ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਉਹ ਸਾਨੂੰ ਖਾੜਕੂਆਂ ਦੇ ਟਿਕਾਣੇ ਤੇ ਲੈ ਗਿਆ। ਪੱਟੀ ਖੋਲ੍ਹਣ ਤੇ ਮੇਰੀ ਉਮੀਦ ਤੋਂ ਵੱਧ ਬੰਦੇ ਦੇਖ ਕੇ ਮੈਂ ਘਬਰਾ ਗਿਆ, ਪਰ ਘਬਰਾਹਟ ਉਹਨਾਂ ਤੱਕ ਨਾ ਪੁੱਜਣ ਦਿੱਤੀ। ਗੱਲ ਸ਼ੁਰੂ ਕਰਦਿਆਂ ਮੈਂ ਕਿਹਾ, “ਅਸੀਂ, ਮੈਂ ਅਤੇ ਮੇਰਾ ਇਹ ਸਾਥੀ ਸਰਕਾਰ ਅਤੇ ਖਾੜਕੂਆਂ ਵਿਚਾਲੇ ਵਿਚੋਲਗੀ ਦਾ ਕੰਮ ਕਰਦੇ ਹਾਂ।”

ਮੈਂ ਆਪਣੀ ਚਲਾਕੀ ਅਤੇ ਗੱਲਾਂ ਦੀ ਹੇਰਾਫੇਰੀ ਨਾਲ ਉਸ ਟੋਲੇ ਨੂੰ ਕਾਇਲ ਕਰ ਲਿਆ ਅਤੇ ਉਹਨਾਂ ਨੂੰ ਗ੍ਰਹਿ ਮੰਤਰੀ ਨਾਲ ਮਿਲਵਾਉਣ ਦਾ ਲਾਰਾ ਦੇ ਦਿੱਤਾ।

ਉਹਨਾਂ ਗਭਰੂਆਂ ਨੂੰ ਮਿਲ ਕੇ ਜੋ ਭੇਦ ਭਰੀ ਸਾਜਿਸ਼ ਖੇਡਣੀ ਸੀ ਉਸ ਲਈ ਮੇਰਾ ਮਨ ਬਦਲ ਗਿਆ। ਮੈਂ ਸੱਚਮੁੱਚ ਹੀ ਗ੍ਰਹਿ ਮੰਤਰੀ ਨਾਲ ਖਾੜਕੂਆਂ ਨਾਲ ਸਮਝੌਤੇ ਦੀ ਗੱਲ ਕੀਤੀ। ਉਹ ਮੇਰੀ ਗੱਲ ਸੁਣ ਕੇ ਖਫਾ ਹੋ ਗਿਆ ਤੇ ਮੇਰੀ ਝਾੜਝੰਬ ਕਰ ਦਿੱਤੀ ਅਤੇ ਨਾਲ ਹੀ ਚਿਤਾਵਨੀ ਦੇ ਦਿੱਤੀ, “ਜੋ ਕੰਮ ਤੁਹਾਨੂੰ ਕਰਨ ਲਈ ਕਿਹਾ ਗਿਆ ਹੈ, ਉਹੀ ਹੀ ਕਰਿਆ ਕਰੋ। ਤੁਹਾਨੂੰ ਕਿਸ ਨੇ ਕਿਹਾ ਸੀ ਸ਼ਾਂਤੀ ਦੀ ਗੱਲ ਕਰਨ ਲਈ?”

ਮੈਂ ਨਿੰਮੋਝੂਣਾ ਹੁੰਦਾ ਹੋਇਆ ਆਪਣੀ ਡਿਊਟੀ ਕਰਨ ਲੱਗਾ। ਪਹਿਲਾਂ ਸਰਕਾਰੀ ਪੈਸੇ ਨਾਲ ਉਸ ਗੁੱਰਪ ਦੇ ਲੀਡਰ ਨੂੰ ਖਰੀਦਿਆ ਤੇ ਫਿਰ ਉਸ ਤੋਂ ਹੀ ਦੂਸਰੀਆਂ ਖਾੜਕੂ ਜੱਥੇਬੰਦੀਆਂ ਵਿਚ ਫੁੱਟ ਪਵਾਈ। ਢੇਰ ਸਾਰਾ ਅਸਲਾ ਲੈ ਕੇ ਦਿੱਤਾ ਜਿਸ ਨੂੰ ਉਹਨਾਂ ਨੇ ਆਪਸ ਵਿਚ ਲੜਨ ਲਈ ਵਰਤਿਆ ਅਤੇ ਬਹੁਤ ਸਾਰੇ ਖਾੜਕੂ ਇਕ ਦੂਜੇ ਨਾਲ ਲੜਦੇ ਹੀ ਮੁੱਕ ਗਏ।
ਇਸ ਮਿਸ਼ਨ ਵਿਚ ਮੈਂ ਕਾਮਯਾਬ ਹੋਇਆ ਸਾਂ ਜਿਸ ਲਈ ਮੈਨੂੰ ਮਾਇਆ ਦੇ ਥੈਲੇ ਮਿਲੇ। ਉਸ ਵਿੱਚੋਂ ਅੱਧ ਮੈਂ ਵਿਜੇ ਨੂੰ ਦੇ ਦਿੱਤਾ। ਉਹ ਖੁਸ਼ ਹੋਇਆ ਕਹਿਣ ਲੱਗਾ, “ਹੁਣ ਆਪਾਂ ਇਸੇ ਤਰ੍ਹਾਂ ਮਿਲ ਕੇ ਕੰਮ ਕਰਿਆ ਕਰਾਂਗੇ।”

ਮੇਰੇ ਵਲੋਂ ਮਿਲੀ ਸਰਕਾਰੀ ਮਾਇਆ ਪੁਲੀਸ ਦੀ ਕਮਾਈ ਵਿਚ ਰਲ ਕੇ ਵਿਜੇ ਦੇ ਸਿਰ ਚੜ੍ਹ ਕੇ ਬੋਲਣ ਲੱਗੀ। ਉਹ ਆਪਣੇ ਘਰ ਪਾਰਟੀਆਂ ਕਰਨ ਲੱਗਾ। ਪੀਣ ਦੀ ਆਦਤ ਲਗਾਤਾਰ ਵਧੀ ਗਈ। ਉਸ ਦੇ ਘਰ ਆਉਣ-ਜਾਣ ਵਲਿਆਂ ਦਾ ਤਾਂਤਾ ਲੱਗਾ ਰਹਿੰਦਾ। ਇਕ ਕੁੜੀ ਜੋ ਪੁਲੀਸ ਦੀ ਹੀ ਅਫਸਰ ਸੀ, ਉਸ ਦੇ ਘਰ ਆਮ ਹੀ ਆਇਆ ਜਾਇਆ ਕਰਦੀ। ਕਦੀ ਕਦੀ ਉਹ ਆਪਣੇ ਦੋਸਤਾਂ ਨੂੰ ਵੀ ਨਾਲ ਲਿਆਉਂਦੀ। ਪਿਛਲੇ ਹਫਤੇ ਇਹਨਾਂ ਸਾਰਿਆਂ ਨੇ ਰਲ ਕੇ ਸ਼ਰਾਬ ਪੀਤੀ ਤੇ ਅੱਧੀ ਰਾਤ ਤੱਕ ਹੱਲਾ-ਗੁੱਲਾ ਕਰਦੇ ਰਹੇ। ਗਵਾਂਢ ਵਿਚ ਸ਼ੋਰ ਹੋਣ ਕਾਰਨ ਸਾਨੂੰ ਸੌਣ ਵਿਚ ਵੀ ਪਰੇਸ਼ਾਨੀ ਆਈ। ਮੇਰੀ ਪਤਨੀ ਨੇ ਖਿਝ ਕੇ ਮੈਨੂੰ ਕਿਹਾ, “ਜਾਉ ਉਹਨਾਂ ਨੂੰ ਬੰਦ ਕਰਕੇ ਕੇ ਆਉ, ਕੀ ਕੰਜਰਖਾਨਾ ਸ਼ੁਰੂ ਕੀਤਾ ਆ।”

“ਤੂੰ ਚੁੱਪ ਕਰਕੇ ਸੌਂ ਜਾਹ। ਬਾਕੀ ਸਾਰੇ ਮੁਹੱਲੇ ਵਾਲੇ ਵੀ ਸੁੱਤੇ ਹੀ ਪਏ ਆ।”

“ਉਹ ਵੀ ਤੁਹਾਡੇ ਵਰਗੇ ਹੀ ਆ।”

“ਐਵੇਂ ਮੇਰੇ ਤੋਂ ਉਹਨਾਂ ਨੂੰ ਕੁੱਝ ਕਹਿ ਹੋ ਗਿਆ ਤਾਂ ਗੱਲ ਵੱਧ ਜਾਵੇਗੀ।”

“ਵੱਧ ਤੋਂ ਵੱਧ ਵਿਜੇ ਮੂੰਹ ਵੱਟ ਲਵੇਗਾ।”

“ਭਲੀਏ ਲੋਕੇ! ਸਿਆਣੇ ਕਹਿੰਦੇ ਨੇ ਕੁੜਮਾਂ ਨਾਲ ਵਿਗਾੜ ਲਉ, ਪਰ ਗਵਾਂਢ ਨਾਲ ਨਾ ਵਿਗਾੜੋ।”

“ਅੱਛਾ। ਤੁਸੀਂ ਨਾ ਵਿਗਾੜੋ ਪਰ ਅੱਜ ਤੋਂ ਬਾਅਦ ਉਸ ਨੂੰ ਅਪਾਣੇ ਘਰ ਨਾ ਬਲਾਇਓ।”

“ਮੈਂ ਤਾਂ ਉਸ ਦਾ ਵਿਚੋਲਾ ਬਨਣ ਨੂੰ ਫਿਰਦਾ ਸੀ, ਤੇਰੀ ਭੈਣ ਦਾ ਰਿਸ਼ਤਾ ਕਰਵਾ ਕੇ।” ਮੈਂ ਮਜ਼ਾਕ ਕਰਦਿਆਂ ਕਿਹਾ।

ਇਹ ਸੁਣ ਕੇ ਮੇਰੀ ਪਤਨੀ ਬੈੱਡ ਵਿੱਚੋਂ ਉੱਠ ਕੇ ਇਕਦਮ ਬੈਠ ਗਈ ਤੇ ਬੋਲੀ, “ਉਸ ਦੇ ਜੋ ਹੁਣ ਚਾਲੇ ਨੇ ਉਸ ਨਾਲ ਵਿਆਹੁਣ ਨਾਲੋਂ ਤਾਂ ਮੈਂ ਆਪਣੀ ਭੈਣ ਨੂੰ ਖੂਹ ਵਿੱਚ ਧੱਕਾ ਦੇ ਦਿਆਂਗੀ।”

“ਅੱਗੇ ਤਾਂ ਭਾਈ ਸਾਹਿਬ, ਭਾਈ ਸਾਹਿਬ ਕਹਿੰਦੀ ਨਹੀਂ ਸੀ ਥੱਕਦੀ?”

“ਅੱਗੇ ਗੱਲ ਹੋਰ ਸੀ। ਹੁਣ ਤਾਂ ਦਿਨੋ ਦਿਨ ਉਸ ਦੇ ਰੰਗ-ਢੰਗ ਬਦਲ ਰਹੇ ਨੇ।” ਮੇਰੀ ਪਤਨੀ ਨੇ ਮੈਨੂੰ ਸਮਝਾਉਂਦਿਆਂ ਕਿਹਾ, “ਤੁਸੀਂ ਵੀ ਉਸ ਨਾਲ ਵਿੱਥ ਕਰ ਲਉ ਤਾਂ ਚੰਗਾ ਹੋਵੇਗਾ।”

“ਉਹ ਤਾਂ ਅੱਗੇ ਹੀ ਆਪਣੇ ਦੋਸਤਾਂ ਵਿਚ ਇੰਨਾ ਰੁੱਝ ਗਿਆ ਹੈ ਕਿ ਵਿੱਥ ਆਪਣੇ ਆਪ ਹੀ ਬਣ ਗਈ ਹੈ।”

“ਦੋਸਤਾਂ ਨਾਲ ਤਾਂ ਦੋਸਤੀ ਘੱਟ ਹੀ ਹੋਵੇਗੀ ਪਰ ਉਹ ਪਟਿਆਂ ਵਾਲੀ ਕੁੜੀ ਤਾਂ ਜ਼ਿਆਦਾ ਹੀ ਸਹੇਲੀ ਬਣ ਗਈ ਲੱਗਦੀ ਆ।”

“ਉਹ ਉਹਦੇ ਮਹਿਕਮੇ ਵਿਚ ਹੀ ਅਫਸਰ ਆ।”

“ਕਰਤੂਤਾਂ ਤਾਂ ਉਸਦੀਆਂ ਅਫਸਰਾਂ ਵਾਲੀਆਂ ਹੈ ਨਹੀਂ।”

“ਭਲਾ, ਤੈਨੂੰ ਕੀ ਕਹਿੰਦੀ ਆ?”

“ਕਦੇ ਕਿਸੇ ਨਾਲ ਬਾਂਹ ਵਿਚ ਬਾਂਹ ਪਾ ਕੇ ਤੁਰੀ ਹੁੰਦੀ ਹੈ ਤੇ ਕਦੇ ਕਿਸੇ ਨਾਲ।”

“ਉਹ ਮੌਡਰਨ ਲੋਕੀ ਆ।”

“ਅੱਗ ਲੱਗੇ ਇਹੋ ਜਿਹੇ ਮੌਡਰਨਾਂ ਨੂੰ।”

“ਹੁਣ ਤੂੰ ਚੁੱਪ ਕਰਕੇ ਸੌਂ ਜਾ।”

“ਭੈੜੇ ਕੰਮਾਂ ਦੇ ਨਤੀਜੇ ਸਦਾ ਭੈੜੇ ਹੀ ਨਿਕਲਦੇ ਆ। ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋ।”

“ਮੈਂ ਗੱਲ ਕਰੂੰਗਾ ਵਿਜੇ ਨਾਲ।”

ਮੈਂ ਤਾਂ ਅਜੇ ਗੱਲ ਕਰਨੀ ਹੀ ਸੀ ਕਿ ਅਗਲੇ ਐਤਵਾਰ ਵਿਜੇ ਨੇ ਆਪ ਹੀ ਮੈਨੂੰ ਆਪਣੇ ਘਰ ਬੁਲਾ ਲਿਆ। ਮੈਂ ਦੇਖਿਆ ਉਸ ਦਾ ਚਿਹਰਾ ਉੱਤਰਿਆ ਹੋਇਆ ਸੀ ਤੇ ਉਸਦੀਆਂ ਅੱਖਾਂ ਵਿਚ ਨਿਰਾਸ਼ਾ ਦੀ ਝਲਕ ਸਾਫ ਦਿਸ ਰਹੀ ਸੀ।

“ਕੀ ਗੱਲ ਹੈ?” ਮੈਂ ਪੁੱਛਿਆ, “ਤੁਹਾਡੀ ਤਬੀਅਤ ਠੀਕ ਨਹੀਂ ਲੱਗਦੀ।”

“ਤਬੀਅਤ ਤਾਂ ਠੀਕ ਹੈ, ਪਰ ਇਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।”

“ਕਿਹੋ ਜਿਹੀ ਪਰੇਸ਼ਾਨੀ?”

“ਜੈਨੀ ਪਰੈਗਨੈਂਟ ਹੋ ਗਈ ਹੈ।”

“ਜੈਨੀ ਕੌਣ ਆ?”

“ਤੁਸੀਂ ਦੇਖਿਆ ਹੀ ਹੋਵੇਗਾ ਉਸ ਨੂੰ ਮੇਰੀ ਕੋਠੀ ਆਉਂਦਿਆਂ ਜਾਂਦਿਆਂ।”

“ਹਾਂ ਹਾਂ। ਕਈ ਵਾਰੀ ਉਸ ਨਾਲ ਇਕ ਲੜਕਾ ਵੀ ਆਉਂਦਾ ਆ।”

“ਉਹ ਲੜਕਾ ਇਕ ਲੀਡਰ ਦਾ ਮੁੰਡਾ ਹੈ।”

“ਜੈਨੀ ਦੇ ਗਰਭ ਵਿਚ ਕਿਸ ਦਾ ਬੱਚਾ ਹੈ?”

“ਪਤਾ ਨਹੀਂ।”

“ਪਰ ਤੁਸੀਂ ਕਿਉਂ ਪਰੇਸ਼ਾਨ ਹੋ?”

“ਲੀਡਰ ਦਾ ਮੁੰਡਾ ਤੇ ਜੈਨੀ ਰਲ ਕੇ ਮੈਨੂੰ ਬਲੈਕਮੇਲ ਕਰਦੇ ਨੇ।”

ਮੈਨੂੰ ਗੱਲਾਂ ਦੀ ਕੋਈ ਸਮਝ ਨਹੀਂ ਸੀ ਪੈ ਰਹੀ। ਸਮਝਣ ਦੀ ਕੋਸ਼ਿਸ਼ ਕਰਦਿਆਂ ਮੈਂ ਕਿਹਾ, “ਕੀ ਕਹਿੰਦੇ ਆ?”

“ਜੈਨੀ ਨਾਲ ਵਿਆਹ ਕਰਵਾ ਜਾਂ ਨੋਟਾਂ ਦਾ ਥੱਬਾ ਦੇ।”

“ਪੈਸੇ ਦੇ ਕੇ ਮੂੰਹ ਬੰਦ ਕਰ ਦਿਉ।”

“ਪੈਸੇ ਤਾਂ ਲੈ ਵੀ ਚੁੱਕੇ ਨੇ, ਪਰ ਫਿਰ ਨਹੀਂ ਹਟੇ।”

ਵਿਜੇ ਦੀਆਂ ਗੱਲਾਂ ਤੋਂ ਲੱਗ ਰਿਹਾ ਸੀ ਜਿਵੇਂ ਉਹ ਘੋਰ ਨਿਰਾਸ਼ ਹੋਵੇ ਅਤੇ ਇਸ ਉਲਝਣ ਤੋਂ ਬਾਹਰ ਨਿਕਲਣ ਲਈ ਉਸ ਨੂੰ ਕੋਈ ਰਾਹ ਨਾ ਲੱਭ ਰਿਹਾ ਹੋਵੇ। ਮੈਂ ਕੁੱਝ ਸੋਚ ਹੀ ਰਿਹਾ ਸਾਂ ਕਿ ਵਿਜੇ ਨੇ ਇਕ ਦਰਦ ਭਰਿਆ ਹਉਕਾ ਲਿਆ ਤੇ ਕਿਹਾ, “ਮਹਿਕਮੇ ਵਿਚ ਵੀ ਮੇਰੀ ਬਹੁਤ ਬਦਨਾਮੀ ਹੋਵੇਗੀ।”

“ਘੁੱਗੀ ਯਾਰਨੀ, ਤੇ ਕਾਂ ਬਦਨਾਮ।” ਸਹਿਜ ਸੁਭਾਅ ਮੈਂ ਕਿਹਾ, “ਇਸ ਤਰ੍ਹਾਂ ਦੇ ਲੋਕਾਂ ਤੋਂ ਪਿੱਛਾ ਛਡਵਾਉਣਾ ਤਾਂ ਔਖਾ ਹੁੰਦਾ ਆ, ਪਰ ਗੱਲ ਹੈ ਸੋਚਣ ਵਾਲੀ।”

“ਤੁਹਾਡੇ ਅੱਗੇ ਵੀ ਰਿਕੁਐਸਟ ਹੈ ਕਿ ਇਹ ਭੇਦ ਵੀ ਪਹਿਲੇ ਭੇਦਾਂ ਵਾਂਗ ਹੀ ਰੱਖਣਾ।”

“ਭੇਦ ਦੀ ਚਿੰਤਾ ਨਾ ਕਰੋ, ਆਪਣੀ ਸਿਹਤ ਦਾ ਖਿਆਲ ਰੱਖੋ।”

ਅਸੀਂ ਅਜੇ ਗੱਲਾਂ ਕਰ ਹੀ ਰਹੇ ਸਾਂ ਕਿ ਜੈਨੀ ਤੇ ਲੀਡਰ ਦਾ ਮੁੰਡਾ ਫਿਰ ਆ ਗਏ। ਉਹਨਾਂ ਨੂੰ ਦੇਖ ਕੇ ਵਿਜੇ ਆਪਣੀ ਘਬਰਾਹਟ ਲੁਕਾਉਂਦਾ ਹੋਇਆ ਮੁਸਕਰਾ ਕੇ ਉਹਨਾਂ ਨੂੰ ਮਿਲਿਆ ਅਤੇ ਵਧੀਆ ਸਲੀਕੇ ਨਾਲ ਉਹਨਾਂ ਨਾਲ ਜਾਣ-ਪਹਿਚਾਣ ਕਰਵਾਉਂਦਾ ਹੋਇਆ ਬੋਲਿਆ, “ਇਹ ਨੇ ਮੇਰੇ ਦੋਸਤ ਜੈਨੀ ਤੇ ਮੇਜਰ।”

“ਚੰਗਾ ਲੱਗਾ ਇਹਨਾਂ ਨੂੰ ਮਿਲ ਕੇ।” ਮੈਂ ਓਪਰੇ ਮਨੋਂ ਕਿਹਾ, “ਚਲੋ ਤੁਸੀਂ ਆਪਸ ਵਿਚ ਬੈਠ ਕੇ ਗੱਪ-ਸ਼ੱਪ ਮਾਰੋ, ਮੈਂ ਫਿਰ ਮਿਲਾਂਗਾ।”

ਮੈਂ ਆਪਣੇ ਘਰ ਆ ਕੇ ਸੋਚਦਾ ਰਿਹਾ ਕਿ ਵਿਜੇ ਦੇ ਮਾਮਲੇ ਬਾਰੇ ਕੀ ਕੀਤਾ ਜਾਵੇ। ਰਾਤ ਦੇ ਹਨੇਰੇ ਨੇ ਅਜੇ ਰਾਤ ਨੂੰ ਪੂਰੀ ਤਰ੍ਹਾਂ ਢਕਿਆ ਵੀ ਨਹੀਂ ਸੀ ਜਦੋਂ ਇਕ ਪੁਲੀਸ ਆਫੀਸਰ ਨੇ ਮੇਰੇ ਘਰ ਦਾ ਦਰਵਾਜ਼ਾ ਖੜਕਾਇਆ। ਮੇਰੇ ਬੂਹਾ ਖੋਲ੍ਹਦੇ ਹੀ ਉਸ ਨੇ ਕਿਹਾ, “ਮੈਂ ਬਹੁਤ ਦੁਖੀ ਹਿਰਦੇ ਨਾਲ ਤੁਹਾਨੂੰ ਦੱਸ ਰਿਹਾ ਹਾਂ ਕਿ ਤੁਹਾਡੇ ਪੜੋਸੀ ਵਿਜੇ ਦੀ ਮੌਤ ਹੋ ਗਈ ਹੈ।”

“ਹੈਂ!” ਮੈਂ ਉਸ ਦੀ ਗੱਲ ਦਾ ਯਕੀਨ ਨਾ ਕਰਦਿਆਂ ਕਿਹਾ, “ਉਹ ਕਿਵੇਂ?”

“ਉਸ ਨੂੰ ਅਤਿਵਾਦੀਆਂ ਨੇ ਸ਼ਹੀਦ ਕਰ ਦਿੱਤਾ ਹੈ।” ਉਸ ਨੇ ਆਖਿਆ, “ਸੰਪਰਕ ਕਰਨ ਤੇ ਪਤਾ ਲੱਗਾ ਕਿ ਇਸ ਸ਼ਹਿਰ ਵਿਚ ਆਪ ਹੀ ਉਸ ਦੇ ਕਰੀਬੀ ਹੋ।”

“ਇਹ ਭਾਣਾ ਕਿੱਥੇ ਤੇ ਕਿਵੇਂ ਵਰਤਿਆ?” ਮੈਂ ਡੌਰਭੌਰ ਹੋਏ ਨੇ ਪੁੱਛਿਆ।

“ਆਉ, ਮੇਰੇ ਨਾਲ ਚੱਲੋ।” ਉਸ ਪੁਲੀਸ ਆਫੀਸਰ ਨੇ ਨਿਮਰਤਾ ਨਾਲ ਕਿਹਾ, “ਤੁਹਾਨੂੰ ਉਸ ਥਾਂ ਤੇ ਲੈ ਚੱਲਾਂ ਜਿੱਥੇ ਇਹ ਸਭ ਕੁੱਝ ਵਾਪਰਿਆ ਹੈ।”

ਮੈਂ ਜਿਸ ਪਹਿਰਾਵੇ ਵਿਚ ਸੀ, ਉਸੇ ਪਹਿਰਾਵੇ ਨਾਲ ਹੀ ਤੁਰ ਪਿਆ। ਸ਼ਹਿਰ ਦੇ ਉੱਤਰ ਵਾਲੇ ਪਾਸੇ ਜੰਗਲ ਦੇ ਨਾਲ ਲਗਦੀ ਸੜਕ ਤੇ ਪਹੁੰਚੇ ਤਾਂ ਉੱਥੇ ਹੋਰ ਵੀ ਪੁਲੀਸ ਸੀ। ਵਿਜੇ ਦੀ ਲਾਸ਼ ਨੂੰ ਚਿੱਟੇ ਕੱਪੜੇ ਨਾਲ ਢੱਕਿਆ ਹੋਇਆ ਸੀ। ਮੈਂ ਰੋਣਹਾਕੀ ਅਵਾਜ਼ ਵਿਚ ਕਿਹਾ, “ਅਤਿਵਾਦੀਆਂ ਨੂੰ ਇਸ ਦਾ ਸਬਕ ਸਿਖਾ ਕੇ ਹੀ ਸਾਹ ਲਵਾਂਗਾ।”

ਉਹ ਪੁਲੀਸ ਅਫੀਸਰ ਮੈਨੂੰ ਫੜ ਕੇ ਪਰੇ ਖੜ੍ਹੀ ਜੀਪ ਵਿਚ ਲੈ ਗਿਆ ਅਤੇ ਇਕ ਖੋਲ੍ਹੀ ਹੋਈ ਚਿੱਠੀ ਦਿੱਤੀ, ਜੋ ਮੇਰੇ ਨਾਮ ’ਤੇ ਸੀ। ਇਸ ਵਿਚ ਵਿਜੇ ਨੇ ਇਹ ਜ਼ਿਕਰ ਕੀਤਾ ਸੀ ਕਿ ਉਹ ਪਰੇਸ਼ਾਨੀ ਦਾ ਉਹ ਹੋਰ ਜ਼ਿਆਦਾ ਬੋਝ ਨਹੀਂ ਸੀ ਉਠਾ ਸਕਦਾ ਜਿਸ ਕਰਕੇ ਉਹ ਆਤਮਹੱਤਿਆ ਕਰ ਰਿਹਾ ਹੈ। ਚਿੱਠੀ ਪੜ੍ਹ ਕੇ ਹੈਰਾਨ ਹੁੰਦਿਆ ਮੈਂ ਪੁਲੀਸ ਆਫੀਸਰ ਨੂੰ ਪੁੱਛਿਆ, “ਤੁਸੀਂ ਇਹ ਚਿੱਠੀ ਪੜ੍ਹੀ ਹੈ?”

“ਹਾਂ ਪੜ੍ਹੀ ਹੈ।” ਉਸ ਨੇ ਚਿੱਠੀ ਮੇਰੇ ਹੱਥੋਂ ਫੜਦਿਆਂ ਕਿਹਾ, “ਤੇ ਤੁਸੀਂ ਕੌਣ ਹੋ, ਇਹ ਵੀ ਮੈਨੂੰ ਪਤਾ ਲੱਗ ਗਿਆ ਹੈ।”

“ਪਰ ਤੁਸੀਂ ਤਾਂ ਕਹਿ ਰਹੇ ਸੀ ਕਿ ਅਤਿਵਾਦੀਆਂ ਨੇ ਵਿਜੇ ਨੂੰ ਸ਼ਹੀਦ ਕਰ ਦਿੱਤਾ ਹੈ।”

“ਅੱਜ ਤੋਂ ਬਾਅਦ ਤੁਸੀਂ ਵੀ ਇਹ ਹੀ ਕਹਿਣਾ ਹੈ।” ਉਸ ਨੇ ਚਿੱਠੀ ਨੂੰ ਟੁਕੜੇ ਟੁਕੜੇ ਕਰਦਿਆਂ ਕੋਲ ਵਗਦੇ ਗੰਦੇ ਨਾਲੇ ਵਿਚ ਸੁੱਟਦਿਆਂ ਕਿਹਾ, “ਜਿਹੜੇ ਭੇਦ ਤੁਸੀਂ ਪਹਿਲਾਂ ਲੁਕਾ ਕੇ ਰੱਖੇ ਹੋਏ ਨੇ, ਉਹਨਾਂ ਵਿਚ ਇਹ ਵੀ ਸ਼ਾਮਲ ਕਰ ਲੈਣਾ।”

ਮੈਨੂੰ ਚੁੱਪ-ਚੁਪੀਤਾ ਦੇਖ ਕੇ ਉਸ ਨੇ ਫਿਰ ਕਿਹਾ, “ਤੁਹਾਡੇ ਮਹਿਕਮੇ ਦਾ ਅਤੇ ਸਾਡੇ ਮਹਿਕਮੇ ਦਾ ਚੋਲੀ ਦਾਮਨ ਦਾ ਸਾਥ ਹੈ। ਇਹ ਸਾਥ ਬਣਿਆ ਰਹੇ ਤਾਂ ਦੋਨਾਂ ਲਈ ਹੀ ਲਾਹੇਬੰਦ ਹੋਵੇਗਾ।”

ਸਲਾਮੀਆਂ ਅਤੇ ਸਲੂਟਾਂ ਨਾਲ ਵਿਜੇ ਦੀ ਲਾਸ਼ ਦਾ ਸਸਕਾਰ ਕਰ ਦਿੱਤਾ ਗਿਆ। ਬਾਅਦ ਦੀਆਂ ਰਸਮਾਂ ਵਿਚ ਵਿਜੇ ਦੀ ਮਾਂ ਨੂੰ ਗ੍ਰਹਿ ਮੰਤਰੀ ਨੇ ਮੈਡਲ ਨਾਲ ਸਨਮਾਨਿਤ ਕੀਤਾ ਤੇ ਕਿਹਾ, “ਤੂੰ ਧੰਨ ਦੀ ਮਾਂ ਹੈ ਜਿਸ ਨੇ ਆਪਣੀ ਕੁੱਖ ਤੋਂ ਸ਼ਹੀਦ ਨੂੰ ਜਨਮ ਦਿੱਤਾ ਹੈ।”

ਵਿਜੇ ਦੀ ਮਾਂ ਸ਼ਹੀਦ ਪੁੱਤਰ ਲਈ ਦੁੱਖ ਅਤੇ ਖੁਸ਼ੀ ਦੇ ਹੁੰਝੂ ਲਈ ਰੋ ਰਹੀ ਸੀ। ਮੈਂ ਉਸ ਕੋਲ ਅਫਸੋਸ ਕੀਤਾ ਤਾਂ ਉਸ ਨੇ ਕਿਹਾ, “ਮਰਨਾ ਤਾਂ ਸਭ ਨੇ ਹੈ ਪਰ ਮੇਰਾ ਪੁੱਤਰ ਆਪਣੇ ਦੇਸ਼ ਦੀ ਸ਼ਾਂਤੀ ਖਾਤਰ ਕੁਰਬਾਨ ਹੋ ਗਿਆ ਹੈ। ਮੈਨੂੰ ਮਾਣ ਹੈ ਕਿ ਮੈਂ ਇਕ ਸ਼ਹੀਦ ਦੀ ਮਾਂ ਹਾਂ।”

ਉਸ ਮਾਂ ਨੂੰ ਦੇਖ ਕੇ ਇਹ ਗੁੱਝਾ ਭੇਦ ਵੀ ਆਪਣੇ ਆਪ ਹੀ ਮੇਰੇ ਪਹਿਲੇ ਭੇਦਾਂ ਵਿਚ ਸ਼ਾਮਲ ਹੋ ਗਿਆ।

“ਵਿਜੇ ਅਮਰ ਰਹੇਗਾ।” ਬਾਕੀ ਲੋਕਾਂ ਵਾਂਗ ਕਹਿੰਦਾ ਹੋਇਆ ਮੈਂ ਵਿਜੇ ਦੇ ਸਨਮਾਨ ਸਮਰੋਹ ਵਿੱਚੋਂ ਬਾਹਰ ਆ ਗਿਆ।
***

***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 13 ਮਈ 2009)
(ਦੂਜੀ ਵਾਰ 12 ਸਤੰਬਰ 2021)

***
348
***

Anmole Kaur

ਅਨਮੋਲ ਕੌਰ, ਕੈਨੇਡਾ

View all posts by ਅਨਮੋਲ ਕੌਰ, ਕੈਨੇਡਾ →