ਸੰਜੋਗੀ ਮੇਲਾਕੁਲਦੀਪ ਸਿੰਘ ਬਾਸੀ |
ਪਾਰਟੀ ਪੂਰੇ ਜੋਰਾਂ ਤੇ ਸੀ। ਸੁਖਬੀਰ ਅਤੇ ਅਮ੍ਰਿਤ ਨੇ ਆਕੇ ਸਾਰਿਆਂ ਨੂੰ ਨਮਸਤੇ ਆਖੀ। ਕੁੱਝ ਪਰੌਹੁਣਿਆਂ ਨੇ ਹੱਥ ਹਿਲਾ ਕੇ ਸਆਗਤ ਕੀਤਾ।
“ਆ ਬਈ ਆ। ਐਧਰ ਆਜਾ ਓਏ ਲੇਟ ਲਤੀਫਾ। ਕਦੇ ਤਾਂ ਟੈਮ ਸਿਰ ਆ ਜਾਇਆ ਕਰ!” ਨੰਦ ਕੁਮਾਰ ਨੇ ਆਖਿਆ। “ਬਾਈ ਬਾਂਸਲ, ਜੇਕਰ ਤੂੰ ਐਦਾਂ ਹਫਤੇ ਦੇ ਅੱਧ ਵਿੱਚ ਬੁਲਾਏਂਗਾ ਤਾਂ ਲੇਟ ਹੋਣਾ ਸੁਭਾਵਕ ਹੀ ਹੈ। ਕੰਮਾਂ ਤੋਂ ਆ ਕੇ ਹੱਥ ਮੂੰਹ ਧੋਂਦਿਆਂ ਦੇਰ ਹੋ ਗਈ। ਚਲ ਮੁਆਫ ਕਰਦੇ ਯਾਰਾ। ਅਗਲੀ ਵੇਰ ਸਮੇਂ ਸਿਰ ਆਵਾਂਗੇ।” ਆਖ ਕੇ ਸੁਖਬੀਰ ਸਭ ਨਾਲ ਹੱਥ ਮਿਲਾਉਣ ਲਗ ਪਿਆ। ਅਮ੍ਰਿਤ ਜਨਾਨੀਆਂ ਦੀ ਟੋਲੀ ਵਿੱਚ ਜਾ ਬੈਠੀ। ਬਾਂਸਲ ਨੇ ਸੁਖਬੀਰ ਦੀ ਮੁਲਾਕਾਤ ਅਪਣੇ ਬਾਹਰੋਂ ਆਏ ਮਹਿਮਾਨ ਨਾਲ ਕਰਵਾਈ ’ਤੇ ਆਖਿਆ, “ਇਹ ਗੁਰਪ੍ਰੀਤ ਹੈ। ਅਸੀਂ ਸੀਗੇਟ ਵਿੱਚ ਇਕੱਠੇ ਹੀ ਕੰਮ ਕਰਦੇ ਸਾਂ। ਓਕਲੋਹੋਮਾ ਸ਼ਹਿਰ ਵਿੱਚ ਪੰਜ ਸਾਲ ਇਕ ਦਫਤਰ ਵਿੱਚ ਹੀ ਚੰਗਾ ਸਮਾਂ ਬਿਤਾਇਆ। ਇਹ ਸੁਖਬੀਰ ਮਾਹਲੀ ਹੈ, ਮੇਰਾ ਜਮਾਤੀ। ਹੋਸਟਲ ਵਿੱਚ ਅਸੀਂ ਇਕੋ ਕਮਰੇ ਵਿੱਚ ਰਹਿੰਦੇ ਸਾਂ। ਬਹੁੱਤ ਮਜੇਦਾਰ ਦਿਨ ਸਨ। ਦਾਣੇ ਪਾਣੀ ਦਾ ਹੀ ਖੇਲ੍ਹ ਹੈ। ਕਿਸ ਨੂੰ ਪਤਾ ਸੀ ਕਿ ਫੇਰ ਬਦਲੀ ਸੁਖਬੀਰ ਦੇ ਸ਼ਹਿਰ ਵਿੱਚ ਹੀ ਹੋ ਜਾਏਗੀ।” “ਬਾਂਸਲ ਸਾਡੀ ਡੋਰੀ ਤਾਂ ਰੱਬ ਦੇ ਹੱਥ ਹੀ ਹੈ।” ਸੁਖਬੀਰ ਨੇ ਆਖਿਆ, ਇੱਕ ਪੈੱਗ ਵਿਸਕੀ ਦਾ ਬਣਾਇਆ, ਦੋ ਘੁੱਟਾਂ ਸਿੱਪ ਕੀਤੀਆਂ ਤੇ ਪਾਰਟੀ ਵਿੱਚ ਮਸਤ ਹੋ ਗਿਆ। “ਗੁਰਪ੍ਰੀਤ, ਤੁਹਾਡਾ ਚੱਕਰ ਇਥੇ ਕਿਵੇਂ ਲੱਗਿਆ? ਆਹ ਸਟੇਟ ਤਾਂ ਰੱਬ ਨੇ ਵੀ ਛੇਕੀ ਹੋਈ ਐ। ਤੁਸੀਂ ਕੀ ਵੇਖਣਾਂ ਐਂੇ ਇਸ ਨਰਕ ਵਿੱਚਨਿਰੀ ਬਰਫ!” ਸੁਖਬੀਰ ਨੇ ਮਹਿਮਾਨ ਨਾਲ ਗੱਲ ਬਾਤ ਚਾਲੂ ਰੱਖੀ। “ਭਾ ਜੀ ਨੰਦ ਕੁਮਾਰ ਦੀ ਬਦਲੀ ਇਥੇ ਹੋ ਗਈ। ਮੇਰੀ ਵਹੁੱਟੀ, ਸੁਮੀਤ ਜ਼ਿੱਦ ਕਰਨ ਲੱਗੀ ਕਿ ਹੁਣ ਵਧੀਆ ਮੌਕਾ ਹੈ ਮਾਲ ਔਫ ਅਮਰੀਕਾ ਵੇਖਣ ਦਾ। ਸਾਰੀ ਦੁਨੀਆਂ ਵਿੱਚ ਮਸਹੂਰ ਮਾਲ ਹੈ। ਮੈਂ ਵੀ ਸੋਚਿਆ ਕਿ ਇਸੇ ਬਹਾਨੇ ਬਾਂਸਲ ਨੂੰ ਵੀ ਮਿਲ ਆਉਂਦੇ ਹਾਂ। ਇਹ ਇਥੇ ਨਾ ਹੁੰਦੇ ਸ਼ਾਇਦ ਨਾਂ ਵੀ ਆਉਂਦੇ।” ਗੁਰਪ੍ਰੀਤ ਨੇ ਵਿਸਕੀ ਦਾ ਘੁੱਟ ਭਰਿਆ ਤੇ ਜੁਆਬ ਦਿੱਤਾ। ਗੱਲ ਬਾਤ ਅਟੁੱਟ ਚਲਦੀ ਰਹੀ। ਹੌਲ਼ੀ ਹੌਲੀ ਸ਼ਰਾਬ ਦਾ ਅਸਰ ਹੋਣ ਲੱਗ ਪਿਆ। ਅਮ੍ਰਿਤ ਜਨਾਨੀਆਂ ਚੋਂ ਉੱਠ ਕੇ ਆਈ। ਸੁਖਬੀਰ ਦਾ ਮੋਢਾ ਫੜ ਕੇ ਹਿਲਾਇਆ ਤੇ ਬੋਲੀ: “ਪਲੀਜ ਹੋਰ ਸਰਾਬ ਨਾ ਪੀਓ। ਦੋ ਪੈੱਗ ਤੁਸੀਂ ਪੀ ਚੁਕੇ ਹੋ। ਨਾਲੇ ਤੁਸੀਂ ਕਾਰ ਵੀ ਤਾਂ ਚਲਾਉਣੀ ਹੈ।” ਇਹ ਕਹਿ ਅਮ੍ਰਿਤ ਮੁੜ ਔਰਤਾਂ ਵਿੱਚ ਜਾ ਬੈਠੀ। “ਯਾਰ, ਸਾਡੀਆਂ ਔਰਤਾਂ ਨੂੰ ਪਤਾ ਨਹੀਂ ਕੀ ਹੋਇਆ? ਘਰ ਵਿੱਚ ਵਿਸਕੀ ਦੇ ਔਂਸ ਗਿਣਦੀਆਂ ਨੇ ਤੇ ਪਾਰਟੀਆਂ ਵਿੱਚ ਪੈੱਗ। ਚੱਜ ਨਾਲ਼ ਪੀਣ ਵੀ ਨਹੀਂ ਦਿੰਦੀਆਂ।” ਗੁਰਪ੍ਰੀਤ ਨੇ ਪੈੱੱਗ ਖਤਮ ਕਰਕੇ ਇੱਕ ਹੋਰ ਬਣਾਉਂਦਿਆਂ ਆਖਿਆ। “ਵੇਖੋ, ਬਾਂਸਲ ਦੀ ਸੁਧਾ ਕਿੰਨੀ ਚੰਗੀ ਹੈ। ਦੋ ਵੇਰ ਆਈ ਐ ਵਿਚਾਰੀ ਪਕੌੜੇ ਲੈ ਕੇ ਹੀ ਆਈ ਹੈ। ਬਹੁੱਤ ਚੰਗੀ ਕੁੱਕ ਐ।” ਸੁਖਬੀਰ ਨੇ ਆਖਿਆ। “ਬਾਂਸਲ ਭਾਈ ਸਾਹਿਬ ਤੁਸੀਂ ਇਨ੍ਹਾਂ ਕੋਲੋਂ ਸਰਾਬ ਚੁੱਕ ਲਵੋ। ਜੇ ਅਉਟ ਹੋ ਗਏ ਤਾਂ ਪਾਰਟੀ ਦਾ ਮਜਾ ਖਰਾਬ ਹੋ ਜਾਏਗਾ।” “ਨਹੀਂ ਸੁਮੀਤ, ਇਹ ਤਾਂ ਸਿਆਣੇ, ਪੜ੍ਹੇ ਲਿੱਖੇ ਜੱਟ ਨੇ। ਪਿਡਾਂ ਦੇ ਅਨਪੜ੍ਹਾਂ ਵਰਗੇ ਥੋੜ੍ਹਾ ਨੇ।” ਬਾਂਸਲ ਜੀ ਨੇ ਸੁਮੀਤਾ ਨੂੰ ਉੱਤਰ ਦੇ ਕੇ ਚੁੱਪ ਕਰਾ ਦਿੱਤਾ।“ ਪੜ੍ਹੇ ਲਿੱਖੇ ਜੱਟ ਕਹਿੰਦੇ ਸੋਲਾਂ ਦੂਣੀ ਅੱਠ। ਖਾਸ ਕਰ ਜਦੋਂ ਪੈੱੱਗ ਗਿਣਦੇ ਨੇ।” ਕਿਚਨ ਚੋਂ ਆਵਾਜ ਆਈ। “ਯਾਰ ਬਾਂਸਲ ਤੂੰ ਵਾਕਿਆ ਹੀ ਬਹੁੱਤ ਕਿਸਮਤ ਵਾਲਾਂ ਏ। ਸੁਧਾ ਤਾਂ ਨਿਰੀ ਗਊ ਹੈ। ਕਦੇ ਨਹੀਂ ਲੜਦੀ। ਸਾਡਾ ਤਾਂ ਦਾਰੂ ਪਿੱਛੇ ਹੀ ਕਲੇਸ਼ ਪਿਆ ਰਹਿਦਾ ਹੈ।” ਗੁਰਪ੍ਰੀਤ ਨੇ ਸੁਖਬੀਰ ਵੱਲ ਤੱਕਦਿਆਂ ਆਖਿਆ। “ਸਾਡੀਆਂ ਚੁਗਲੀਆਂ ਹੋ ਰਹੀਆ ਨੇ। ਸਾਡੇ ਕੰਨ ਤੁਹਾਡੇ ਵੱਲ ਹੀ ਨੇ।” ਸੁਧਾ ਦੂਰੋਂ ਹੀ ਬੋਲੀ। ਸਾਰੀਆਂ ਔਰਤਾਂ ਮਰਦਾਂ ਕੋਲ ਆ ਬੈਠੀਆਂ ਅਤੇ ਗੱਲਾਂ ਵਿੱਚ ਹਿੱਸਾ ਪਾਉਣ ਲਗ ਪਈਆਂ। “ਵੈਸੇ, ਸੁਧਾ ਹੈ ਬਹੱੁਤ ਚੰਗੀ, ਇਹਦੇ ਵਿੱਚ ਕੋਈ ਸ਼ੱਕ ਦੀ ਗੱਲ ਨਹੀਂ। ਮੈਂ ਤਾਂ ਇੱਕੋ ਕੁੜੀ ਹੀ ਵੇਖੀ ਸੀ ਅਤੇ ਉਸੇ ਨੂੰ ਹੀ ਪਸੰਦ ਕਰ ਲਿਆ ਸੀ।” ਬਾਂਸਲ ਜੀ ਨੇ ਸੁਧਾ ਨੂੰ ਥੋੜਾ ਮਸਖਾ ਲਗਾਉਣਾ ਹੀ ਠੀਕ ਸਮਝਿਆ। “ਪਰ ਬਾਂਸਲ ਤੇਰੀ ਗੱਲ ਹੋਰ ਸੀ। ਤੇਰੀ ਤਾਂ ਮਾਤਾ ਜੀ ਨੇ ਸ਼ਰਤ ਰੱਖੀ ਸੀ ਕਿ ਜਿਹੜੀ ਕੁੜੀ ਪਹਿਲੀ ਵੇਰ ਵੇਖੇਂਗਾ ਉਸ ਨਾਲ ਵਿਆਹ ਵੀ ਕਰਵਾਉਣਾਂ ਪਏਗਾ ਜੇਕਰ ਕੁੜੀ ਨੂੰ ਮਨਜੂਰ ਹੋਇਆ। ਤੈਨੂੰ ਤੇ ਪਤਾ ਹੀ ਹੈ ਕਿ ਅਪਣੀ ਭੈਣ ਨਿਰਮਲਾ ਦਾ ਕਿੰਨੀ ਵੇਰ ਮੁੰਡਿਆਂ ਨੇ ਦਿਲ ਤੋੜਿਆ ਸੀ। ਕੌਣ ਮਾਂ ਹੈ ਜੋ ਅਪਣੀ ਧੀ ਦਾ ਦਿਲ ਟੁੱਟਦਾ ਵੇਖ ਸਕਦੀ ਹੈ? ਪਹਿਲੇ ਰਿਵਾਜ ਚੰਗੇ ਸੀ। ਵੇਖ ਵਖਾਈ ਹੁੰਦੀ ਹੀ ਨਹੀਂ ਸੀ।” ਸੁਖਬੀਰ ਨੇ ਗੱਲ ਸਪਸਟ ਕੀਤੀ “ਮੈਂ ਤਾਂ ਆਪ ਇੱਕੋ ਹੀ ਵੇਖੀ ਸੀ, ਸੁਮੀਤ। ਪਹਿਲੀ ਝਲਕ ਵਿੱਚ ਹੀ ਦਿਲ ਫਿਦਾ ਹੋ ਗਿਆ। ਗੱਲ ਬਣ ਗਈ।” ਗੁਰਮੀਤ ਨੇ ਅਪਣੀ ਵੀ ਗੱਲ ਦੱਸੀ। “ਮੈਂ ਤਾਂ ਬਈ ਇੱਕ ਕੁੜੀ ਵੇਖੀ ਸੀ ਚੰਡੀਗੜ। ਉਹ ਫੌਜੀ ਅਫਸਰਾਂ ਦੀਆਂ ਕੋਠੀਆਂ ਵਿੱਚ ਰਹਿੰਦੇ ਸਨ। ਕਮਾਲ ਦੀ ਚੀਜ ਸੀ। ਮੇਰਾ ਖਿਆਲ ਹੈੇ ਉਹ ਬੀ. ਐਸਸੀ. ਕਰਨ ਹੀ ਵਾਲੀ ਸੀ। ਉਹ ਚਾਹ ਲੈ ਕੇ ਆਈ, ਥੋੜੀ ਮੁਸਕੁਰਾਈ, ਦੋ ਕੁ ਗੱਲਾਂ ਕੀਤੀਆਂ ਤੇ ਭੱਜ ਗਈ। ਪਰ ਮੇਰਾ ਦਿਲ ਕਦੇ ਐਨਾ ਨਹੀ ਧੜਕਿਆ ਜਿੰਨਾਂ ਉਸ ਕੁੜੀ ਨੂੰ ਵੇਖ ਕੇ ਉਸ ਦਿਨ। ਸ਼ਾਇਦ ਮੈਂ ਪਹਿਲਾਂ ਕਿਸੇ ਕੁੜੀ ਨੂੰ ਉਸ ਨਜਰੀਏ ਨਾਲ ਵੇਖਿਆ ਹੀ ਨਹੀਂ ਸੀ। ਮੈਂ ਤਾਂ ਉਸੇ ਨਾਲ ਵਿਆਹ ਕਰਨ ਦਾ ਵਿਚਾਰ ਬਣਾ ਲਿਆ ਸੀ। ਮੇਰੀਆਂ ਅੱਖਾਂ ਹੀ ਚੰੁਧਿਆ ਗਈਆਂ ਇੱਕ ਥੋੜੀ ਜਿਹੀ ਝਲਕ ਪੈਣ ਸਾਰ। ਮੈਂ ਮਨ ਵਿੱਚ ਸੋਚਿਆ ਕਿ ਜੇ ਇਹ ਸੱਤ ਜਨਮਾਂ ਦਾ ਸਾਥ ਹੁੰਦਾ ਹੈ ਤਾਂ ਰੱਬ ਕਰੇ ਇਹ ਪਹਿਲਾ ਹੀ ਜਨਮ ਹੋਵੇ।” ਸੁਖਬੀਰ ਨੇ ਵੀ ਇੱਕ ਮੁਲਾਕਾਤ ਬਾਰੇ ਦੱਸਿਆ। “ਹੁਣ ਕਿਸੇ ਹੋਰ ਨੂੰ ਵੀ ਗੱਲ ਕਰ ਲੈਣ ਦਿਓ। ਅਪਣੀਆਂ ਹੀ ਭੋਰੀ ਜਾਓਗੇ। ਤੁਹਾਨੂੰ ਲਗਦਾ ਸ਼ਰਾਬ ਚੜ੍ਹ ਗਈ ਐ।” ਅਮ੍ਰਿਤ ਨੇ ਸੁਖਬੀਰ ਨੂੰ ਚੁੱਪ ਰਹਿਣ ਦੀ ਸਲਾਹ ਦਿੱਤੀ। “ਲੈ ਸੱਚੀਆਂ ਕਹਿਣ ’ਚ ਕਾਹਦਾ ਡਰ ਐ।” ਸੁਖਬੀਰ ਨੇ ਅਮ੍ਰਿਤ ਨੂੰ ਚੁੱਪ ਕਰਾ ਦਿੱਤਾ। “ਇਹ ਦੱਸ ਤੂੰ ਅਫਸਰ ਦੀ ਕੁੜੀ ਨੂੰ ਹਾਂ ਕਿਉਂ ਨਹੀਂ ਕੀਤੀ? ਗਲਤੀ ਤਾਂ ਤੇਰੀ ਹੀ ਹੈ।” ਗੁਰਪ੍ਰੀਤ ਨੇ ਆਖਿਆ। “ਅਸਲ ਵਿੱਚ ਸਾਡਾ ਇੱਕ ਨਜਦੀਕੀ ਰਿਸ਼ਤੇਦਾਰ ਝਮੇਲਾ ਪਾਈਂ ਬੈਠਾ ਸੀ। ਉਹ ਅਪਣੇ ਕਿਸੇ ਰਿਸ਼ਤੇਦਾਰਾਂ ਦੀ ਕੁੜੀ ਨਾਲ ਗੱਲ ਬਾਤ ਚਲਾ ਰਹੇ ਸਨ। ਕੁੜੀ ਦੇ ਪਿਉ ਕੋਲ ਸੱਠ ਕੀਲੇ ਜ਼ਮੀਨ ਸੀ ਅਤੇ ਉਸਦੀ ਉਹ ਇਕਲੌਤੀ ਹੀ ਧੀ ਸੀ। ਮੈਨੂੰ ਸਾਰੇ ਕਹਿੰਦੇ ਸਨ ਕਿ ਐਨੀ ਜ਼ਮੀਨ ਨੰਬਰ ਦੋ ਦੀ ਕਮਾਈ ਨਾਲ ਵੀ ਨਹੀਂ ਖਰੀਦੀ ਜਾਣੀ। ਐਸ ਡੀ ਓ ਲਗ ਕੇ ਵੀ ਕੁੱਝ ਨਹੀਂ ਬਣਨਾਂ।” ਸੁਖਬੀਰ ਨੇ ਇੱਕ ਪੈੱਗ ਹੋਰ ਬਣਾਇਆ ਅਤੇ ਘੱੁਟ ਭਰਕੇ ਇੱਕ ਡੂੰਘਾ ਸਾਹ ਲਿਆ। “ਤੁਹਾਨੂੰ ਉਸ ਕੁੜੀ ਤੇ ਵੀ ਝਾਤੀ ਮਾਰ ਲੈਣੀ ਚਾਹੀਦੀ ਸੀ। ਖਬਰੇ ਕੁੜੀ ਚੰਗੀਓ ਸੀ। ਕਿਤੇ ਤੇਰੀ ਪਤਨੀ ਉਹੋ ਕੁੜੀ ਤਾਂ ਨਹੀਂ?” ਗੁਰਪ੍ਰੀਤ ਨੇ ਗੱਲ ’ਚ ਗੱਲ ਮਿਲਾਈ। “ਹਾਂ ਅਸੀਂ ਗਏ ਸੀ। ਬਾਂਸਲ ਨੂੰ ਵੀ ਨਾਲ ਲੈ ਗਿਆ ਸਾਂ। ਇਹ ਹਮੇਸਾ ਸਹੀ ਸਲਾਹ ਦਿੰਦਾ ਹੈ।” “ਕੁੜੀ ਤਾਂ ਬਹੁੱਤ ਸੁਹਣੀ ਸੀ ਪਰ ਕੁੜੀ ਦੀ ਮਾਂ ਨੇ ਹੀ ਗੜਬੜ ਕਰ ਦਿੱਤੀ। ਉਸ ਨੇ ਤਾਂ ਅਪਣੇ ਵੱਲੋਂ ਕੁੜੀ ਦੀ ਸਿਫਤ ਕੀਤੀ ਸੀ। ਕਹਿੰਦੀ ਸੀ ਕਿ ਕੁੜੀ ਘਰ ਦੇ ਕੰਮ ਕਾਰ ਵਿੱਚ ਤਾਂ ਬਹੁੱਤ ਚੁਸਤ ਬਣਾ ਦਿੱਤੀ ਹੈ। ਜੇ ਨੰਬਰ ਲਾਉਣ ਵਾਲੇ ਮਾਸਟਰ ਮੇਰੀ ਧੀ ਨਾਲ ਖਾਰ ਨਾਂ ਖਾਂਦੇ ਤਾਂ ਅੱਜ ਇਹ ਵੀ ਦਸਵੀਂ ਪਾਸ ਹੁੰਦੀ। ਸੁਖਬੀਰ ਪੁੱਤ ਕੀ ਫਰਕ ਪੈਂਦਾ ਹੈ। ਮੇਰੀ ਧੀ ਨੇ ਦਸਵੀਂ ਤੱਕ ਦੀਆਂ ਕਤਾਬਾਂ ਤਾਂ ਪੜ੍ਹ ਹੀ ਲਈਆਂ ਨੇ। ਵਿਚਾਰੀ ਮਾਂ ਨੇ ਸੁਖਬੀਰ ਨੂੰ ਅਪਣਾਂ ਸਮਝ ਕੇ ਹੀ ਸੱਚ ਦੱਸਿਆ ਸੀ।” ਬਾਂਸਲ ਬੋਲ ਕੇ ਹੱਸ ਪਿਆ। “ਬਹੁੱਤ ਭੋਲੇ ਹੁੰਦੇ ਨੇ ਪਿੰਡਾਂ ਦੇ ਲੋਕ।” ਸੁਧਾ ਬੋਲੀ। “ਭੋਲੇ ਕੋਈ ਨਹੀਂ ਹੁੰਦੇ। ਦੁਸ਼ਮਣੀ ਪਾ ਕੇ ਬਹਿ ਜਾਂਦੇ ਨੇ ਨਿੱਕੀ ਜਿਹੀ ਗੱਲ ਪਿੱਛੇ। ਐਨਾ ਰੌਲਾ ਪਿਆ ਕਿ ਸਾਰੇ ਘਰਦਿਆਂ ਨੇ ਵੀ ਮੇਰੇ ਨਾਲ ਬੋਲ ਚਾਲ ਬੰਦ ਕਰ ਦਿੱਤੀ। ਜੇ ਬੇਬੇ ਤੇ ਬਾਪੂ ਜਿਓਂਦੇ ਹੁੰਦੇ ਫੇਰ ਤਾਂ ਗੱਲ ਓਦੋਂ ਹੀ ਬਣ ਜਾਣੀ ਸੀ, ਅਫਸਰ ਦੀ ਕੁੜੀ ਨਾਲ। ਆਖਰ ਮੈਨੂੰ ਘਰਦਿਆਂ ਦੇ ਖਲਾਫ ਹੀ ਕਦਮ ਉਠਾਉਣਾਂ ਪਿਆ। ਨਹੀਂ ਤਾਂ ਸਾਇਦ ਕੁਆਰਾ ਹੀ ਫਿਰਦਾ ਹੁਣ ਤੱਕ। ਮੈਂ ਤਾਂ ਅਮਰੀਕਾ ਆਉਣਾਂ ਸੀ। ਕੁੜੀ ਨੂੰ ਥੋੜੀ ਬਹੁੱਤ ਅੰਗ੍ਰੇਜੀ ਤਾਂ ਆਉਣੀ ਚਾਹੀਦੀ ਸੀ।” “ਜੇ ਚੰਡੀਗੜ੍ਹ ਵਾਲੀ ਕੁੜੀ ਬਹੁੱਤ ਪਸੰਦ ਸੀ ਤਾਂ ਉਹਨਾਂ ਕੋਲ ਦੁਬਾਰਾ ਫਰਿਆਦ ਲੈ ਕੇ ਕਿਉਂ ਨਹੀਂ ਗਿਆ?” “ਬਾਂਸਲ ਨੇ ਪਤਾ ਕੀਤਾ ਸੀ। ਕੁੜੀ ਕਿਸੇ ਅਮਰੀਕਾ ਤੋਂ ਆਏ ਮੁੰਡੇ ਨਾਲ ਵਿਆਹੀ ਗਈ ਸੀ।” “ਚੰਡੀਗੜ੍ਹ ਵਾਲੀ ਕੁੜੀ ਤੁਹਾਡੇ ਅਪਣਿਆਂ ਨੇ ਕਿਉਂ ਪਸੰਦ ਨਹੀਂ ਕੀਤੀ? ਸਿਰਫ ਜਮੀਨ ਦੇ ਲਾਲਚ ਕਰਕੇ?” “ਯਾਰੋ ਛੱਡੋ ਕਹਾਣੀ। ਹੋਰ ਬਥੇਰਾ ਕੁੱਝ ਕਹਿੰਦੇ ਸਨ। ਅਮੀਰਾਂ ਦੀ ਕੁੜੀ ਐ ਰੋਟੀ ਉਹਨੇ ਬਣਾਉਣੀ ਨਹੀਂ। ਬਹੁੱਤੀ ਪੜ੍ਹੀ ਹੋਈ ਫਿੱਟ ਨਹੀਂ ਬੈਠਣੀ। ਖਰਚਾ ਬਹੁੱਤ ਕਰੇਗੀ। ਕੋਈ ਪੈਸਾ ਬਚਣ ਨਹੀਂ ਦੇਣਾਂ ਆਦਿ ਆਦਿ।” “ਤੁਸੀਂ ਅਮਰੀਕਾ ਸਟੁਡੈਂਟ ਬਣ ਕੇ ਆਏ ਸੀ?” ਸੁਮੀਤ ਨੇ ਵਿਸ਼ਾ ਬਦਲਿਆ। “ਹਾਂ, ਸਟੁਡੈਂਟ ਪਰ —ਕੈਨੇਡਾ- ਸਟੁਡੈਂਟ—ਕੈਨਡਾ।” ਸੁਖਬੀਰ ਸ਼ਰਾਬ ਦੇ ਨਸ਼ੇ ਵਿੱਚ ਥੋੜ੍ਹਾ ਅਟਕ ਅਟਕ ਕੇ ਬੋਲਣ ਲਗ ਪਿਆ। “ਗੁਰਪ੍ਰੀਤ ਦੇਖ-ਤੂੰ ਓਕਲੋਹੋਮਾਂ ਤੋਂਂ ਆਇਆਏਂ,- ਹੈਂ ਨਾਂ! ਸਾਡਾ ਮਹਿਮਾਨ ਹੋਇਆ ਨਾਂਠੀਕ। ਇੱਜਤ ਕਰਨੀ ਪੈਂਦੀ ਐ ਮਹਿਮਾਨ ਦੀ।–ਠੀਕ। ਦੇਖ ਬਾਈ ਮੇਰਾ ਦਿਲ ਕਿੰਨਾਂ ਬੋਝ੍ਹਲ ਹੈ। ਦਿਲ ਕੀ ਕਰੂਗਾਵਿਚਾਰਾ ਚੰਡੀਗੜ੍ਹ ਵਾਲੀ ਕੁੜੀ — ਬਹੁੱਤ ਸੋਹਣੀਯਾਰ ਬਹੁੱਤ ਵਧੀਆ — ਮੈਂ ਬੁਧੂ — ਹੈਂ ਨਾਂ ਬੱਈਹਾਂ ਕਰਨੀ ਸੀ। ਤੁਰਤ ਹਾਂ। ਦੇਰ ਹੋ ਗਈ — ਠੀਕ ਵੀਰਿਆ।” ਸੁਖਬੀਰ ਥੋੜੀ ਜਿਆਦਾ ਪੀ ਗਿਆ ਲਗਦਾ ਸੀ। “ਐਦਾਂ ਦੇ ਮਾਮਲਿਆਂ ਵਿੱਚ ਦੇਰ ਕਰਨੀ ਅਗਲੇ ਨਾਂਹ ਦੇ ਬਰਾਬਰ ਮੰਨਦੇ ਨੇ। ਤੁਸੀਂ ਹੁਣ ਭੁੱਲ ਜਾਓ।” ਬਾਂਸਲ ਨੇ ਕਿਹਾ। ਤੇ ਸੁਧਾ ਨੂੰ ਰੋਟੀ ਟੇਬਲ ਤੇ ਲਗਾਉਣ ਲਈ ਇਸ਼ਾਰਾ ਕੀਤਾ। “ਭੁੱਲ ਜਾਵਾਂ! ਬੋਝ ਹੈ — ਬੋਝ ਮੇਰੇ ਦਿਲ ਤੇ! –ਮਨੁੱਖ ਵੀ ਕੀ ਐ?— ਔਕੜਾਂ ਨਾਲ ਘੁਲਦਾ ਘੁਲਦਾ– ਔਝੜਾਂ ਵਿਚ ਜਾ ਵੜਦਾ ਹੈ। ਨਹੀਂ?ਠੀਕ! — ਨਹੀਂ? ” ਸੁਖਬੀਰ ਤੋਤਲਾ ਜਿਹਾ ਬੋਲਿਆ। “ਚਲੋ ਬਈ, ਰੋਟੀ ਛਕੋ।” ਬਾਂਸਲ ਨੇ ਸਭ ਨੂੰ ਕਿਹਾ। ਰੋਟੀ ਖਾਣ ਲਗ ਪਏ। “ਮੈਂ ਬੁੱਧੂ ਚੰਡੀਗੜ੍ਹ ਵਾਲ਼ੀ ਕੁੜੀ — ਹਾਂ ਕਰਨੀ ਸੀ — । ਬੰਦੇ ਦੇ ਅਰਮਾਨ –! ਬੋਝ ।” ਸੁਖਬੀਰ ਘੜੀ ਮੁੜੀ ਇੱਕੋ ਗੱਲ ਬੋਲਦਾ ਗਿਆ। ਪਾਰਟੀ ਖਤਮ ਹੋ ਗਈ। ਦੋ ਦਿਹਾੜੇ ਹੋਰ ਨਿੱੱਕ਼ਲ ਗਏ। ਅਮ੍ਰਿਤ ਨੇ ਅਪਣੀ ਨਰਾਜ਼ਗੀ ਕਈ ਵੇਰ ਦਰਸ਼ਾਈ। ਸੁਖਬੀਰ ਨੇ ਵੀ ਜ਼ਿਆਦਾ ਪੀ ਜਾਣ ਦਾ ਪਸ਼ਚਾਤਾਪ ਕੀਤਾ। ਪਹਿਲਾਂ ਵਾਂਗ ਅੱਜ ਵੀ ਸੁਖਬੀਰ ਅਤੇ ਅਮ੍ਰਿਤ ਗੁਰੁਦੁਆਰੇ ਐਤਵਾਰ ਦਾ ਕੀਰਤਨ ਸੁਣਨ ਗਏ। ਅਮ੍ਰਿਤ ਸੰਗਤ ਵਿੱਚ ਜਾ ਬੈਠੀ। ਸੁਖਬੀਰ ਕਾਰ ਪਾਰਕ ਕਰਕੇ, ਬਾਹਰ ਖਲੋਤਾ ਅਪਣੇ ਪਰਸ ਵਿੱਚੋਂ ਡਾਲਰ ਲੱਭਣ ਲਗ ਪਿਆ। ਉਹ ਅਪਣੇ ਆਪ ਨਾਲ ਹੀ ਗੱਲਾਂ ਕਰ ਰਿਹਾ ਸੀ। “ਕਿੰਨੀ ਵੇਰ ਕਿਹਾ ਹੈ ਅਮ੍ਰਿਤ ਨੂੰ ਕਿ ਇੱਕ ਇੱਕ ਦੇ ਦਸ ਵੀਹ ਨੋਟ ਮੇਰੇ ਪਰਸ ਵਿੱਚ ਪਾ ਦਿਆ ਕਰੇ। ਸੁਣਦੀ ਹੀ ਨਹੀਂ। ਚਲੋ ਬਾਬੇ ਦੀ ਮਰਜ਼ੀ। ਅੱਜ ਪੰਜ ਦਾ ਨੋਟ ਹੀ ਚੜ੍ਹਾ ਦਿੰਦੇ ਆਂ।” ਅਚਾਨਕ ਸਾਹਮਣੇ ਆ ਕੇ ਸੁਮੀਤ ਨੇ ਸਤਿ ਸ੍ਰੀ ਅਕਾਲ ਬਲਾਈ। “ਸੁਖਬੀਰ ਵੀਰ ਜੀ ਕਿਹੜੇ ਡਾਲਰਾਂ ਦਾ ਹਿਸਾਬ ਕਿਤਾਬ ਹੋ ਰਿਹਾ ਹੈੇ?” “ਬਾਬੇ ਦਾ ਹਿੱਸਾ ਲੱਭ ਰਿਹਾ ਸਾਂ।” ਉਸਨੇ ਸੁਮੀਤ ਵੱਲ ਟਿਕਟਿਕੀ ਲਗਾਕੇ ਵੇਖਿਆ ਫੇਰ ਪੁਛਿਆ, “ਗੁਰਪ੍ਰੀਤ ਨਜਰ ਨਹੀਂ ਆ ਰਿਹਾ?” “ਮੈਂ ਤੇ ਸੁਧਾ ਹੀ ਆਈਆਂ ਹਾਂ। ਤੁਸੀਂ ਮੈਨੂੰ ਹੋਰ ਨੇੜੇ ਹੋ ਕੇ ਧਿਆਨ ਨਾਲ ਵੇਖੋ। ਮੈਂ ਓਹੀ ਕੁੜੀ ਆਂ ਚੰਡੀਗੜ੍ਹ ਵਾਲੀ, ਜਿਸ ਦਾ ਢੰਡੋਰਾ ਤੁਸੀਂ ਕੱਲ੍ਹ ਬਾਂਸਲ ਜੀ ਦੇ ਘਰ ਪਿੱਟਿਆ ਸੀ। ਮੈਂ ਤਾਂ ਤੁਹਾਨੂੰ ਪਹਿਚਾਣ ਲਿਆ ਸੀ ਪਰ ਤੁਸੀਂ ਸ਼ਰਾਬ ਵਿੱਚ ਮਸਤ ਹੋ ਗਏ। ਅੱਜ ਮੈਂ ਤੁਹਾਡੇ ਦਿਲ ਦਾ ਬੋਝ ਹਲਕਾ ਕਰ ਹੀ ਜਾਂਦੀ ਆਂ। ਮੈਂ ਤਾਂ ਅਪਣੇ ਡੈਡੀ ਨੂੰ ਕਿਹਾ ਸੀ ਕਿ ਤੁਸੀਂ ਮੈਨੂੰ ਪਸੰਦ ਹੀ ਨਹੀਂ ਸੀ।” ਸੁਮੀਤ ਨੇ ਥੋੜ੍ਹਾ ਮੁਸਕਰਾ ਕੇ ਆਖਿਆ। “ਮਾਈ ਗੌਡ! ਮੈਂ ਤਾਂ ਐਵੇਂ ਅਪਣੇ ਆਪ ਨੂੰ ਦੋਸ਼ ਦਿੰਦਾ ਰਿਹਾ।” ਸੁਖਬੀਰ ਕੁੱਝ ਪਲਾਂ ਲਈ ਚੁੱਪ ਤਾਂ ਰਿਹਾ ਪਰ ਮੁਸਕਰਾ ਕੇ ਬੋਲਿਆ। ਉਸਦੇ ਸਵੈਮਾਨ ਨੂੰ ਥੋੜ੍ਹਾ ਧੱਕਾ ਜ਼ਰੂਰ ਲੱਗਾ ਜੋ ਉਸਦੇ ਚਿਹਰੇ ’ਤੇ ਸਾਫ ਨਜ਼ਰ ਆ ਰਿਹਾ ਸੀ। “ਸੁਮੀਤ ਆ ਹੁਣ ਮੱਥਾ ਵੀ ਟੇਕ ਲੱਈਏ।” ਸੁਧਾ ਨੇ ਸੁਮੀਤ ਨੂੰ ਆਵਾਜ਼ ਦਿੱਤੀ ਅਤੇ ਗੁਰੁਦੁਆਰੇੇ ਅੰਦਰ ਚਲੀ ਗਈ। “ਸੁਖਬੀਰ ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਤੁਹਾਡਾ ਬਹੁੱਤ ਇੰਤਜ਼ਾਰ ਕੀਤਾ। ਮੇਰੇ ਡੈਡੀ ਵੀ ਤਹਾਨੂੰ ਬਹੁੱਤ ਪਸੰਦ ਕਰਦੇ ਸਨ।” ਸੁਮੀਤ ਨੇ ਸੁਖਬੀਰ ਦਾ ਹੱਥ ਫੜਕੇ ਆਖਿਆ, ਮੁਸਕੁਰਾਈ ਅਤੇ ਚਲੀ ਗਈ। ਸੁਖਬੀਰ ਹੱਕਾ ਬੱਕਾ ਖਲੋਤਾ ਰਿਹਾ। ਸੁਮੀਤ ਨੇ ਉਸਦਾ ਹੱਥ ਕੀ ਫੜਿਆ ਜਿਵੇਂ ਬਿਜਲੀ ਦੀ ਤਾਰ ਹੱਥ ਨਾਲ ਚਿਪਕਾ ਗਈ ਹੋਵੇ। ਕਮਾਲ ਹੋ ਗਈ! ਕੁੜੀ ਫੇਰ ਆਈ ਦੋ ਗੱਲਾਂ ਕੀਤੀਆਂ, ਉਹੀ ਚੁੰਧਿਆਲੀ ਝਲਕ ਦਿਖਾ ਕੇ ਚਲੀ ਗਈ। ਦਿਲ ਦਾ ਬੋਝ ਹੋਰ ਬੋਝਲ ਕਰ ਗਿਆ ਇਹ ਸੰਜੋਗੀ ਮੇਲਾ। ਸੁਖਬੀਰ ਮਨ ਹੀ ਮਨ ਸੋਚਕੇ ਪੇ੍ਰਸ਼ਾਨ ਹੋ ਰਿਹਾ ਸੀ। ਉਸਦਾ ਦਿਲ ਜਿਵੇਂ ਕਮਜ਼ੋਰ ਜਿਹਾ ਹੋ ਗਿਆ ਹੋਵੇ। ਫੇਰ ਧੜਕਣ ਲੱਗਾ ਓਦਾਂ ਹੀ ਜਿੱਦਾਂ ਪਹਿਲੀ ਮੁਲਾਕਾਤ ਵੇਲੇ। |
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
(ਪਹਿਲੀ ਵਾਰ ਛਪਿਆ 7 ਜਨਵਰੀ 2005) *** |