22 July 2024

ਲੜਕੇ ਤੁਮ ਕੌਨ – ਮੁਹਿੰਦਰ ਸਿੰਘ ਘੱਗ

ਲੜਕੇ ਤੁਮ ਕੌਨ

-ਮੁਹਿੰਦਰ ਸਿੰਘ ਘੱਗ-

ਬੱਸ ਦੇ ਰੁਕਦਿਆਂ ਹੀ ਜਦੋਂ ਜਸਵੀਰ ਨੇ ਇੱਕ ਲੰਮਾ ਸਾਹ ਲੈਂਦਿਆਂ ਆਖਿਆ, ‘ਸ਼ੁਕਰ ਹੈ ਬਚ ਗਏ’ ਤਾਂ ਨਾਲ ਦੀ ਸੀਟ ’ਤੇ ਬੈਠੇ ਇੱਕ ਬਜ਼ੁਰਗ ਨੇ ਉਸਦੇ ਮੋਢੇ ’ਤੇ ਹੱਥ ਰੱਖਦਿਆਂ ਆਖਿਆ, ‘ਬਾਬੂ ਜੀ, ਇਹ ਹਾਜਮਾ ਰੋਡ ਹੈ। ਸਾਨੂੰ ਇਹਨਾਂ ਹਿਚਕੋਲਿਆਂ ਦਾ ਗੇਝੜਾ ਪੈ ਚੁੱਕਾ ਹੈ। ਬਗੈਰ ਚਾਹਿਆਂ ਹੀ ਤ੍ਰਕਾਲਾਂ ਸਵੇਰ ਦੇ ਸਫਰ ਨਾਲ ਸਾਡੀ ਕਸਰਤ ਹੋ ਜਾਂਦੀ ਹੈ।” ਆਪਣੀ ਬਾਂਹ ਅੱਗੇ ਕਰਦਾ ਹੋਇਆ ਉਹ ਬਜ਼ੁਰਗ ਫਿਰ ਬੋਲਿਆ, “ਦੇਖੋ, ਹੈ ਕਿਤੇ ਚਰਬੀ ਦਾ ਭੋਰਾ? ਕੁੱਝ ਦਿਨ ਇਸ ਬੱਸ ਦਾ ਸਫਰ ਕਰੋਗੇ ਤਾਂ ਤੁਹਾਡਾ ਹਾਅ ਲੁਸ ਲੁਸ ਕਰਦਾ ਸਰੀਰ ਵੀ ਕੱਸਿਆ ਜਾਊ।”

ਬਗੈਰ ਕੋਈ ਉੱਤਰ ਦਿੱਤਿਆਂ ਜਸਵੀਰ ਬੱਸ ਵਿੱਚੋਂ ਉੱਤਰ ਗਿਆ। ਅੱਡੇ ਦੇ ਬਾਹਰ ਰਿਕਸ਼ੇ ਵਲ ਨੂੰ ਤੁਰਿਆ ਤਾਂ ਕੁੱਝ ਹੀ ਵਿੱਥ ਤੇ ਬੰਦਿਆਂ ਦੇ ਜੁੜੇ ਹੋਏ ਇਕੱਠ ਬਾਰੇ ਜਾਨਣ ਦੀ ਉਤਸਕਤਾ ਉਸਦੇ ਅੱਗੇ ਹੋ ਤੁਰੀ। ਉੱਧਰੋਂ ਆ ਰਹੀਆਂ ਆਵਾਜ਼ਾਂ ‘ਲੜਕੇ ਤੁਮ ਕੌਨ? … ਆਮੁਲ। ਮੈਂ ਕੋਨ? … ਮਾਮੁਲ’ ਉਸਦੀ ਯਾਦਾਂ ਦੀ ਪਟਾਰੀ ਦੀਆਂ ਉੱਪਰਲੀਆਂ ਤਹਿਆਂ ਹਟਾ ਕੇ ਥੱਲਿਓਂ ਕੁੱਝ ਲੱਭ ਰਹੀਆਂ ਸਨ।

“ਇਨ ਸਭ ਕੋ ਜਾਨਤਾ ਹੈ? … ਜਾਨਤਾ ਹੈ। … ਪਹਿਚਾਨਤਾ ਹੈ? … ਪਹਿਚਾਨਤਾ ਹੈ। … ਸਭ ਮੇਂ ਘੂੰਮ ਜਾ। …
‘ ਘੂੰਮ ਗਿਆ।‘

‘ਘੂੰਮ ਗਿਆ’ ਨੇ ਜਸਵੀਰ ਦੀ ਯਾਦਾਂ ਦੀ ਗਰਾਰੀ ਤੀਹ ਸਾਲ ਪਿਛਾਂਹ ਘੁਮਾ ਦਿੱਤੀ। ਉਸਨੂੰ ਯਾਦ ਆਇਆ ਕਿ ਇਹ ਤਾਂ ਮਜਮੇ ਵਾਲੇ ਹਨ। ਫੇਰ ਉਸਨੂੰ ਹੋਰ ਕਈ ਕਿਸਮ ਦੇ ਮਜਮਿਆਂ ਦੀ ਯਾਦ ਆ ਗਈ। ਮਮੀਰੇ ਦਾ ਸੁਰਮਾ ਵੇਚਣ ਵਾਲਿਆਂ ਦਾ ਮਜਮਾ … ਦੰਦਾਂ ਦਾ ਚੂਰਨ ਵੇਚਣ ਵਾਲਿਆਂ ਦਾ ਮਜਮਾ … ਸਾਂਢੇ ਦਾ ਤੇਲ ਵੇਚਣ ਵਾਲਿਆਂ ਦਾ ਮਜਮਾ। ਕੁੱਝ ਹੈਰਾਨੀ ਜਿਹੀ ਵਿੱਚ ਆਪਣੇ ਆਪ ਨੂੰ ਹੀ ਸੁਨਣ ਜੋਗੀ ਆਵਾਜ਼ ਵਿੱਚ ਬੋਲਿਆ, ‘ਦੁਨੀਆਂ ਨੇ ਆਕਾਸ਼ ਛਾਣ ਮਾਰਿਆ, ਤੀਹ ਸਾਲਾਂ ਬਾਅਦ ਵੀ ਇਹ ਮਜਮਿਆਂ ਦਾ ਦੇਸ ਹੀ ਰਿਹਾ।’

ਹੁਣ ਜਸਵੀਰ ਵੀ ਮਜਮੇ ਦਾ ਇੱਕ ਹਿੱਸਾ ਬਣ ਖਲੋਤਾ ਸੀ। ਸਵਾਲ ਕਰਤਾ ਦੀ ਆਵਾਜ ਆਈ, “ਜੋ ਪੂਛੂੰਗਾ, ਬਤਲਾਏਗਾ”

“ਬਤਲਾਏਗਾ।”

“ਤੋ ਬਤਲਾ ਵੁਹ ਸਿਗਰਟ ਵਾਲੇ ਬਾਬੂ ਕਿਆ ਕਰਤੇ ਹੈਂ?”

“ਸਿਗਰਟ ਪੀਤੇ ਹੈਂ।”

ਇੱਕਠੇ ਹੋਏ ਲੋਕਾਂ ਨਾਲ ਜਸਵੀਰ ਨੂੰ ਵੀ ਹਾਸਾ ਆ ਗਿਆ।

ਜ਼ਰਾ ਤਲਖੀ ਵਿੱਚ ਸਵਾਲ ਕਰਤਾ ਨੇ ਆਖਿਆ, “ਅਰੇ ਬੁੱਧੂ! ਬਾਬੂ ਜੀ ਹਾਥ ਮੇਂ ਸਿਗਰਟ ਲੀਏ ਪੀਏਂਗੇ ਨਹੀਂ ਤੋ ਕਿਆ ਸਿਗਰਟ ਕੀ ਨਮਾਇਸ਼ ਕਰੇਂਗੇ? … ਤੂ ਵੀ ਕਮਾਲ ਕਾ ਛੋਕਰਾ ਹੈ। ਭੈਂਸ ਕੇ ਨੀਚੇ ਛੋੜੋ ਤੋ ਭੈਂਸੇ ਕੇ ਨੀਚੇ ਜਾ ਬੈਠਤਾ ਹੈ। ਮੈਂਨੇ ਪੂਛਾ, ਬਾਬੂ ਜੀ ਕਾਮ ਕਿਆ ਕਰਤੇ ਹੈਂ?”

“ਸਰਕਾਰੀ ਅਫਸਰ ਹੈਂ।”

“ਯਿਹ ਹੂਈ ਨਾ ਬਾਤ। ਬਾਬੂ ਜੀ ਤੋ ਕਿਸਮਤ ਵਾਲੇ ਹੈਂ। ਬੇਕਾਰੀ ਨੇ ਤੋ ਨੌਜਵਾਨੋਂ ਕਾ ਹੁਲੀਆ ਟਾਈਟ ਕਰ ਦੀਆ ਹੈ। ਮਗਰ ਏਕ ਬਾਤ ਮੇਰੀ ਸਮਝ ਮੇਂ ਨਹੀਂ ਆਈ। ਬਾਬੂ ਜੀ ਸਰਕਾਰੀ ਅਫਸਰ ਹੈਂ; ਕਾਮ ਕਰੇਂ ਨਾ ਕਰੇਂ, ਸਰਕਾਰੀ ਖਜ਼ਾਨੇ ਸੇ ਤਲਬ ਮਿਲ ਜਾਤੀ ਹੈ। ਫਿਰ ਇਨ ਕਾ ਚਿਹਰਾ ਬਾਸੇ ਬੈਂਗਣ ਜੈਸਾ ਲਟਕਾ ਹੂਆ ਕਿਊਂ ਹੈ?”

“ਉਸਤਾਦ ਇਨ ਕਾ ਬੰਗਲਾ ਬਨ ਚੁਕਾ ਹੈ … ਸੋਚਤੇ ਹੈਂ ਖਿੜਕੀਆਂ ਦਰਵਾਜ਼ੇ ਕੈਸੇ ਲਗਵਾਏਂ।”

“ਬੱਸ, ਇਤਨੀ ਸੀ ਬਾਤ? ਇਸ ਮੇਂ ਫਿਕਰ ਕਰਨੇ ਕੀ ਕੌਨਸੀ ਬਾਤ ਹੈ? ਮਿਸਤਰੀ ਕੋ ਬੁਲਾ ਕਰ ਖਿੜਕੀਆਂ ਦਰਵਾਜ਼ੇ ਲਗਵਾ ਲੇਂ।”

“ਉਸਤਾਦ! ਇਨਕੇ ਹਲਕੇ ਮੇਂ ਕਾਫੀ ਸਾਲੋਂ ਸੇ ਨਾ ਤੋ ਕੋਈ ਸੈਲਾਬ, ਨਾ ਸੂਖਾ। ਨਾ ਹੀ ਭੂਕਮ ਔਰ ਨਾ ਹੀ ਕੁਦਰਤ ਕਾ ਕੋਈ ਔਰ ਕਹਿਰ ਟੂਟਾ ਹੈ।”

“ਕੈਸੀ ਬੇਹੂਦਾ ਬਾਤੇਂ ਕਰਤਾ ਹੈ ਛੋਕਰੇ? ਕਿਆ ਕੈਹਰ ਟੂਟਨੇ ਸੇ ਖਿੜਕੀਆਂ ਦਰਵਾਜ਼ੇ ਲਗ ਜਾਤੇ ਹੈਂ?

“ਹਾਂ ਉਸਤਾਦ।”

“ਵੁਹ ਕੈਸੇ?”

“ਲੋਗਨ ਮੇਂ ਬਾਂਟਨੇ ਕੇ ਲੀਏ ਜੋ ਸਰਕਾਰੀ ਪੈਸਾ ਆਤਾ ਹੈ ਨਾ, ਉਸ ਮੇਂ ਸੇ ਆਧ ਬਟਾਈ ਹੋ ਜਾਤੀ ਹੈ।”

ਹਾਜ਼ਰੀਨ ਵਿੱਚ ਘੁਸਰ ਮੁਸਰ ਹੋਣ ਲੱਗ ਪਈ। ਜਸਵੀਰ ਦੇ ਅੰਦਰਲੇ ਨੇ ਵੀ ਹੁੰਘਾਰਾ ਭਰਿਆ, ‘ਸਭ ਭੇਡਾਂ ਮੂੰਹ ਕਾਲੀਆਂ।’ ਵੱਡੀਆਂ ਵੱਡੀਆਂ ਨਾਮੀ ਗਰਾਮੀ ਸੰਸਥਾਵਾਂ ਵੀ ਦਾਅ ਮਾਰਨ ਵਿੱਚ ਪਿੱਛੇ ਨਹੀਂ ਰਹਿੰਦੀਆਂ। ਫਰਕ ਸਿਰਫ ਇੰਨਾ ਹੈ ਕਿ ਛੋਟੇ ਅਫਸਰ ਤਾਂ ਜੱਗ ਜ਼ਾਹਰ ਹੋ ਜਾਂਦੇ ਹਨ ਪਰ ਵੱਡੀਆਂ ਸੰਸਥਾਵਾਂ ਦਾ ਹਾਜਮਾ ਇੰਨਾ ਤੇਜ਼ ਹੈ ਕਿ ਡਕਾਰ ਵੀ ਨਹੀਂ ਮਾਰਦੀਆਂ। ਚਾਹੇ ਉਹ ਅਮੀਰ ਦੇਸ ਦੀਆਂ ਸੰਸਥਾਵਾਂ ਹੋਣ, ਚਾਹੇ ਗਰੀਬ ਦੇਸ ਦੀਆਂ।

ਜਸਵੀਰ ਦੇ ਲਾਗੇ ਖੜ੍ਹੇ ਇੱਕ ਬੰਦੇ ਨੇ ਨਾਲ ਵਾਲੇ ਨੂੰ ਕਿਹਾ, “ਮੁੰਡੇ ਨੇ ਸੋਲਾਂ ਆਨੇ ਗੱਲ ਕੀਤੀ ਆ। ਇਹੋ ਜਿਹੇ ਇੱਕ ਅਫਸਰ ਨੇ ਮੇਰੇ ਵੀ ਵੀਹ ਹਜ਼ਾਰ ਦਾ ਲੋਦਾ ਲਾਇਆ ਸੀ; ਹਾਲੇ ਤੱਕ ਰੜਕਦਾ ਐ।” ਲੋਦੇ ਦੀ ਗੱਲ ਸੁਣ ਕੇ ਜਸਵੀਰ ਨੂੰ ਆਪਣਾ ਬਚਪਨਾ ਯਾਦ ਆ ਗਿਆ, ਜਦ ਉਸਦੀ ਮਾਂ ਨੇ ਉਸਦੇ ਵੀ ਲੋਦਾ ਲਗਵਾਇਆ ਸੀ। ਉਹ ਕਿੰਨਾ ਰੋਇਆ ਸੀ। ਲੋਦਾ ਫੁੱਲ ਕੇ ਉਸ ਨੂੰ ਬੁਖਾਰ ਵੀ ਤਾਂ ਹੋ ਗਿਆ ਸੀ। ਫੇਰ ਸੋਚ ਨੇ ਕਰਵਟ ਲਈ। ਉਹ ਤਾਂ ਮੁਫਤ ਸੀ। ਇਹ ਇੰਨਾ ਮਹਿੰਗਾ ਕਿਉਂ? – ਇਸ ਗੁੱਥੀ ਨੂੰ ਸੁਲਝਾਓਣ ਲਈ ਜਸਵੀਰ ਦਾ ਦਿਮਾਗ ਆਹਰੇ ਲੱਗ ਗਿਆ।

ਉੱਧਰ ‘ਲੜਕੇ ਤੁਮ ਕੌਨ … ਮੈਂ ਕੌਨ’ ਦੀ ਮੁਹਾਰਨੀ ਚਾਲੂ ਸੀ। ਸੋਚ ਉਦੋਂ ਟੁੱਟੀ ਜਦੋਂ ਸਵਾਲ ਕਰਤਾ ਨੇ ਪੁੱਛਿਆ, “ਬਤਾਓ ਉਸ ਪਗੜੀ ਵਾਲੇ ਸਰਦਾਰ ਕੇ ਸਿਰ ਪਰ ਕਿਆ ਹੈ?”

“ਪਗੜੀ ਹੈ।”

ਇੱਕ ਵਾਰ ਫਿਰ ਹਾਸੇ ਦੀ ਛਣਕਾਰ ਗੂੰਜ ਪਈ। ਜਸਵੀਰ ਸਰਕ ਕੇ ਜ਼ਰਾ ਕੁ ਅੱਗੇ ਨੂੰ ਹੋ ਗਿਆ।

“ਅਰੇ ਬੇਵਕੂਫ, ਯੇਹ ਤੂ ਨੇ ਕੌਨਸੀ ਨਈ ਬਾਤ ਕੀ ਹੈ? ਪਗੜੀ ਵਾਲੇ ਕੋ ਹੀ ‘ਸਰਦਾਰ ਜੀ’ ਕਹਿਤੇ ਹੈਂ।”

“ਉਸਤਾਦ ਜਿਹ ਦੂਸਰੀ ਬਾਰ ਤੁਮ ਨੇ ਮੇਰੀ ਬੇਇਜ਼ਤੀ ਕੀ ਹੈ। ਅਬ ਕੇ ਬਾਅਦ ਕੋਈ ਐਸਾ ਸ਼ਬਦ ਕਹਾ ਤੋ ਮੈਂ ਤੁਮਾਰਾ ਸਾਥ ਛੋੜ ਦੂੰਗਾ।”

“ਤੁਮ ਐਸਾ ਨਹੀਂ ਕਰ ਸਕਤੇ।”

“ਕਿਊਂ ਨਹੀਂ ਕਰ ਸਕਤਾ? ਅਬ ਤੋ ਜ਼ਰਾ ਸੀ ਬਾਤ ਪਰ ਸਾਤ ਫੇਰੋਂ ਕਾ ਰਿਸ਼ਤਾ ਭੀ ਕਾਂਚ ਕੀ ਤਰ੍ਹਾ ਟੂਟ ਜਾਤਾ ਹੈ, ਤੁਮਹਾਰਾ ਔਰ ਮੇਰਾ ਰਿਸ਼ਤਾ ਹੀ ਕਿਆ ਹੈ”

“ਤੂ ਤੋ ਗੁੱਸਾ ਕਰ ਗਿਆ ਹੈ ਰੇ। ਮੇਰੇ ਕਹਿਨੇ ਕਾ ਮਤਲਬ ਥਾ, ਸਰਦਾਰ ਜੀ ਕੇ ਸਿਰ ਪੈ ਕਿਆ ਸੋਚ ਸਵਾਰ ਹੈ ਜੋ ਬੁਝ ਰਹੇ ਦੀਏ ਕੀ ਤਰ੍ਹਾ ਰੰਗ ਬਦਲ ਰਹੇ ਹੈਂ?”

“ਸਰਦਾਰ ਜੀ ਏਕ ਧਾਰਮਕ ਸੰਸਥਾ ਕਾ ਮੈਂਬਰ ਬਨਨੇ ਕੇ ਲੀਏ ਚੋਣ ਮੈਦਾਨ ਮੇਂ ਕੂਦੇ ਹੈਂ। ਸੋਚਤੇ ਹੈਂ ਕਿ ਅਗਰ ਪੋਸਤ ਕੀ ਭੁੱਕੀ ਨਾ ਮਿਲੀ ਤੋ ਕਾਫੀ ਵੋਟੋਂ ਕਾ ਨੁਕਸਾਨ ਹੋ ਜਾਏਗਾ।”

“ਤੁਮਹਾਰੀ ਬੁੱਧੀ ਤੋ ਕਾਇਮ ਹੈ? ਧਰਮ ਤੋ ਨਸ਼ਾ ਕਰਨੇ ਸੇ ਮਨ੍ਹਾਂ ਕਰਤਾ ਹੈ ਔਰ ਤੂ ਕਹਿ ਰਹਾ ਹੈ ਕਿ ਧਾਰਮਕ ਸੰਸਥਾ ਕੀ ਚੋਣ ਮੇਂ ਭੁੱਕੀ ਬਾਂਟੀ ਜਾਏਗੀ।”

“ਉਸਤਾਦ, ਅੱਬ ਧਰਮ ਕੀ ਬਾਤ ਛੋੜੋ। ਧਰਮ ਅੱਬ ਹੈ ਕਹਾਂ? ਬਸ ਸਿਆਸਤ ਹੀ ਸਿਆਸਤ ਹੈ। ਸਿਆਸਤ ਮੇਂ ਭੁੱਕੀ, ਸ਼ਰਾਬ, ਕਬਾਬ ਔਰ ਸ਼ਬਾਬ ਸਭ ਚਲਤਾ ਹੈ।”

ਜਸਵੀਰ ਦੀਆਂ ਅੱਖਾਂ ਅੱਗੇ ਪਰਦੇਸਾਂ ਵਿੱਚਲੇ ਧਰਮ ਅਸਥਾਨਾਂ ਦੀਆਂ ਚੋਣਾਂ ਦਾ ਨਕਸ਼ਾ ਸਾਹਮਣੇ ਆ ਗਿਆ। ਕਿੱਦਾਂ ਚੋਣਾਂ ਦੌਰਾਨ ਦਾਰੂ ਦੀ ਵਰਤੋਂ ਕੀਤੀ ਜਾਂਦੀ ਹੈ।

‘ਤੁਮ ਕੌਨ … ਮੈਂ ਕੌਨ’ ਉਪਰੰਤ ਸਵਾਲ ਕਰਤਾ ਨੇ ਫਿਰ ਆਖਿਆ, “ਵੁਹ ਜੋ ਸਫੇਦ ਕੋਟ ਪਹਿਨੇ ਖੜੇ ਹੈਂ, ਉਨਕੋ ਜਾਨਤਾ ਹੈ?”

“ਅਛੀ ਤਰਹਾ ਸੇ … ਡਾਕਦਾਰ ਹੈਂ।”

“ਡਾਕਟਰ ਤੋ ਕੰਧੇ ਪਰ ਸਟੈਥੋਸਕੋਪ ਕੀ ਨੁਮਾਇਸ਼ ਕਰਤੇ ਹੈਂ। ਇਨ ਕੇ ਪਾਸ ਤੋ ਨਹੀਂ ਹੈ।”

“ਆਪ ਨੇ ਠੀਕ ਕਹਾ, ਉਸਤਾਦ। ਕੁਛ ਲਾਲਚੀ ਡਾਕਦਾਰੋਂ ਨੇ ਇਸ ਇੱਜ਼ਤਦਾਰ ਪੇਸ਼ੇ ਕੋ ਇਤਨਾ ਬਦਨਾਮ ਕਰ ਦੀਆ ਹੈ ਕਿ ਅਬ ਅੱਛਾ ਡਾਕਦਾਰ ਵੀ ਵੁਹ ਜੋ ਤੁਮ ਕਹਿਤੇ ਹੋ ਨਾ, … ਉਸ ਕੋ ਛੁਪਾ ਕੇ ਰਖਤਾ ਹੈ।”

“ਬਦਨਾਮ ਕਰ ਦੀਆ! ਵੁਹ ਕੈਸੇ?”

“ਕੁਛ ਡਾਕਦਾਰ ਗਰੀਬ ਲੋਗਨ ਕੇ ਗੁਰਦੇ ਨਿਕਾਲ ਕਰ ਬੇਚਤੇ ਰਹੇ। ਕੁਛ ਡੇਰੇਦਾਰ ਸੰਤ ਲੋਗਨ ਭੀ ਇਨ ਕੇ ਸਾਥ ਮਿਲ ਕਰ ਆਂਖੋਂ ਕਾ ਬਿਉਪਾਰ ਕਰਤੇ ਰਹੇ।”

ਜਸਵੀਰ ਦੇ ਯਾਦਾਂ ਦੇ ਭੰਡਾਰ ਵਿੱਚੋਂ ਇੱਕ ਯਾਦ ਉੱਘੜ ਕੇ ਸਾਹਮਣੇ ਆ ਖਲੋਤੀ। ਉਹ ਕੈਲੇਫੋਰਨੀਆਂ ਦੇ ਸ਼ਹਿਰ ਰੈਡਿੰਗ ਵਾਲਾ ਡਾਕਟਰ ਵੀ ਤਾਂ ਪੈਸੇ ਦੇ ਅੰਬਾਰ ਉਸਾਰਨ ਦੀ ਦੌੜ ਵਿੱਚ ਬਗੈਰ ਲੋੜੋਂ ਹੀ ਦਿਲ ਦਾ ਉਪਰੇਸ਼ਨ ਕਰ ਦਿੰਦਾ ਸੀ। ਜਸਵੀਰ ਦਾ ਐਨ ਵਕਤ ਸਿਰ ਪੁੱਜਿਆ ਦੋਸਤ ਦਖ਼ਲ ਨਾ ਦਿੰਦਾ ਤਾਂ ਅੱਜ ਜਸਵੀਰ ਦੇ ਸੀਨੇ ਤੇ ਇੱਕ ਵੱਡਾ ਸਾਰਾ ਦਾਗ ਹੋਣਾ ਸੀ।

“… ਬਤਲਾਏਗਾ।” ਨੇ ਇੱਕ ਵਾਰ ਫੇਰ ਜਸਵੀਰ ਨੂੰ ਮਜਮੇ ਵਿੱਚ ਲੈ ਆਂਦਾ।

“ਬਤਲਾ ਵੁਹ ਜੋ ਬਾਬੂ ਜੀ ਪਤਲੂਨ ਕੀ ਜੇਬ ਮੈਂ ਹਾਥ ਘਸੋੜੇ ਖੜੇ ਹੈਂ ਉਨ ਕੇ ਸਿਰ ਮੇਂ ਕਿਆ ਹੈ?”

“ਭੇਜਾ ਹੈ ਉਸਤਾਦ।”

“ਵਾਹ! ਸਵਾਲ ਗੋਭੀ ਔਰ ਜਵਾਬ ਅਦਰਕ … ਕਿਆ ਚੀਜ਼ ਹੈ ਛੋਕਰੇ ਤੂ ਭੀ। ਅਰੇ ਕਭੀ ਤੋ ਸੀਧੀ ਬਾਤ ਕੀਆ ਕਰ। ਕਿਆ ਸਭੀ ਕੇ ਸਿਰ ਮੇਂ ਭੇਜਾ ਨਹੀਂ ਹੋਤਾ?”

“ਨਹੀਂ ਉਸਤਾਦ, ਕੁਛ ਲੋਗਨ ਕੇ ਸਿਰ ਮੇਂ ਭੂਸਾ ਭਰਾ ਹੂਆ ਹੋਤਾ ਹੈ।”

“ਭੂਸਾ! ਕਿਆ ਬੋਲਤਾ?”

“ਸਹੀ ਬਾਤ ਕਹਿਤ ਹੂੰ ਉਸਤਾਦ। ਜਿਨ ਲੋਗਨ ਕੀ ਵੋਟ ਕੀ ਕੀਮਤ ਸ਼ਰਾਬ ਕਬਾਬ ਯਾ ਪੋਸਤ ਕੀ ਭੁੱਕੀ ਹੋ, ਤੁਮ ਉਨ ਲੋਗਨ ਕੋ ਕਿਆ ਕਹੋਗੇ?”

“ਅਰੇ ਛੋੜ ਇਸ ਬਹਸ ਕੋ … ਯਿਹ ਬਤਾ ਬਾਬੂ ਜੀ ਇੱਤੀ ਅਕੜ ਮੇਂ ਕਿਉਂ ਹੈ?”

“ਉਸਤਾਦ, ਬਾਬੂ ਜੀ ਨੇ ਵਕਾਲਤ ਕੀ ਹੈ। ਅਬ ਸਿਆਸਤਦਾਨੋਂ ਕੀ ਤਰ੍ਹਾ ਬਾਤੇਂ ਬੇਚੇਂਗੇ ਔਰ ਬੰਗਲੇ ਬਨਵਾਏਂਗੇ। ਪੈਸਾ ਆਨੇ ਸੇ ਅਕੜ ਤੋ ਆ ਹੀ ਜਾਤੀ ਹੈ। ਪੈਸਾ ਆਨੇ ਸੇ ਕੈਸੇ ਅਕੜਨਾ ਹੈ, ਅਬ ਸੇ ਪਰੈਕਟਸ ਕਰ ਰਹੇ ਹੈਂ।

“ਤੁਮੇਂ ਕਿਆ ਗਰੰਟੀ ਹੈ ਕਿ ਬਾਬੂ ਜੀ ਖੂਬ ਕਮਾਈ ਕਰੇਂਗੇ?”

“ਉਸਤਾਦ, ਪੈਸਾ ਕਮਾਨੇ ਮੇਂ ਜੱਜ ਸਾਹਿਬ ਔਰ ਪੁਲੀਸ, ਦੋਨੋਂ ਵਕੀਲ ਸਾਹਿਬ ਕੀ ਮਦਦ ਕਰਤੇ ਹੈਂ।”

“ਵੁਹ ਕੈਸੇ?”

“ਉਸਤਾਦ ਸਾਇਲ ਏਕ ਗਾਏ ਕੀ ਤਰ੍ਹਾ ਹੋਤਾ ਹੈ। ਪੁਲੀਸ ਉਸ ਕੋ ਸੀਂਗੋਂ ਸੇ ਪਕੜ ਲੇਤੀ ਹੈ ਔਰ ਜੱਜ ਸਾਹਿਬ ਉਸ ਕੀ ਟਾਂਗੋਂ ਮੇਂ ਰਸੀ ਬਾਂਧ ਦੇਤੇ ਹੈਂ। ਵਕੀਲ ਸਾਹਿਬ ਆਰਾਮ ਸੇ ਦੂਧ ਧੋਹ ਲੇਤੇ ਹੈਂ।“

ਜਸਵੀਰ ਦੀ ਯਾਦਾਂ ਦੀ ਰੀਲ ਪਿਛਾਂਹ ਨੂੰ ਘੁੰਮ ਗਈ। ਉਸਦੇ ਮਨ ਵਿੱਚ ਇੱਕ ਚੀਸ ਜਿਹੀ ਉੱਠੀ। ਦੋ ਸਾਲ ਪਹਿਲਾਂ ਵਕੀਲ ਨੂੰ ਦਿੱਤਾ ਤੀਹ ਹਜ਼ਾਰ ਡਾਲਰ ਉਸਦੀਆਂ ਅੱਖਾਂ ਅੱਗੇ ਘੁੰਮਣ ਲੱਗਾ ਅਤੇ ਨਾਲ ਹੀ ਵਕੀਲ ਦੀ ਅਵਾ ਤਵਾ ਉਸਦੇ ਕੰਨਾਂ ਵਿੱਚ ਗੂੰਜਣ ਲਗੀ। ਆਪ ਮੁਹਾਰੇ ਉਸਦੇ ਅੰਦਰੋਂ ਆਵਾਜ਼ ਨਿਕਲੀ, ‘ਮੁੰਡਿਆ ਠੀਕ ਕਹਿਨਾ ਤੂੰ।’ ਲਾਗੇ ਖੜ੍ਹਾ ਇੱਕ ਸਰਦਾਰ ਜੀ ਬੋਲਿਆ, “ਬਾਬੂ ਜੀ, ਡੰਗੇ ਹੋਏ ਲਗਦੇ ਹੋ।”

ਸਵਾਲ ਕਰਤਾ ਨੇ ਫਿਰ ਪੁੱਛਿਆ, “ਉਨ ਮੂਛੋਂ ਵਾਲੇ ਸਾਹਿਬ ਕੋ ਜਾਨਤਾ ਹੈ?”

“ਜਾਨਤਾ ਹੂੰ, ਪੁਲੀਸ ਵਾਲਾ ਹੈ।”

“ਅਰੇ ਪੁਲੀਸ ਵਾਲੋਂ ਕੀ ਮੂਛੇਂ ਤੋ ਤਨੀ ਹੂਈ ਹੋਤੀ ਹੈਂ। ਫਿਰ ਇਸ ਕੀ ਮੂਛੇਂ ਨੀਚੀ ਕਿਉਂ ਹੈਂ?”

“ਉਸਤਾਦ, ਅਪਨਾ ਕੰਧਾ ਲਗਾਓ।

“ਕਿਆ ਮਤਲਬ?”

“ਅਗਰ ਮੈਂ ਨੇ ਕੁਛ ਅਨਾਬ ਸਨਾਬ ਬੋਲ ਦੀਆ ਨਾ, ਤੋ ਯੇਹ ਮਾਰ ਮਾਰ ਕੇ ਮੁਝੇ ਦੁੰਬਾ ਬਨਾ ਦੇਂਗੇ … ਗੁੜਗਾਓਂ ਕੀ ਖਬਰੇਂ ਅਭੀ ਤਾਜ਼ਾ ਹੈਂ। ਉਸਤਾਦ, ਹਮੇਂ ਇਸ ਚੱਕਰ ਮੇਂ ਨਹੀਂ ਪੜਨਾ ਚਾਹੀਏ।”

ਭੀੜ ਵਿੱਚੋਂ ਇੱਕ ਉੱਚੀ ਆਵਾਜ਼ ਉਭਰੀ, “ਜਦ ਦਾ ਅੱਤਵਾਦ ਖਤਮ ਹੋਇਆ, ਇਹਨਾਂ ਬਿਚਾਰਿਆਂ ਦੀ ਤਾਂ ਰੋਜ਼ੀ ਰੋਟੀ ਮਾਰੀ ਗਈ। ਬੱਸ ਘਰ ਦੇ ਦਾਣਿਆਂ ਤੇ ਆ ਗਏ।” ਇੱਕ ਹੋਰ ਆਵਾਜ਼ ਆਈ, “ਬਿਲਕੁਲ ਠੀਕ।”

“ਲੜਕੇ ਤੁਮ ਕੌਨ?” ਤੋਂ ਸ਼ੁਰੂ ਹੋ ਕੇ “ਬਤਲਾਏਗਾ” ਦੀ ਆਵਾਜ਼ ਆਈ ਤਾਂ ਬਾਕੀਆਂ ਦੀ ਤਰ੍ਹਾਂ ਜਸਵੀਰ ਵੀ ਇੱਧਰ ਉੱਧਰ ਦੇਖਣ ਲਗਾ। ਲਾਗਿਉਂ ਇੱਕ ਬੰਦਾ ਹੌਲੀ ਦੇਣੀ ਬੋਲਿਆ ਦੇਖੋ ਹੁਣ ਠੱਕ ਕਿੱਥੇ ਭੱਜਦੀ ਆ।…

“ਲੜਕੇ, ਯੇਹ ਬਤਲਾ ਵੁਹ ਜੋ ਬਾਬੂ ਲੋਗ ਹਾਥ ਮੇਂ ਕਾਪੀ ਪੈਂਸਲ ਥਾਮੇਂ ਖੜ੍ਹਾ ਹੈ, ਕਿਆ ਕਰ ਰਹਾ ਹੈ?”

“ਇਧਰ ਉਧਰ ਝਾਂਕ ਰਹਾ ਹੈ।” ਇੱਕ ਵੇਰ ਫੇਰ ਮਜਮੇ ਵਿੱਚ ਹਾਸੇ ਦਾ ਛਲਕ ਪਿਆ।

“ਦੇਖ, ਮੇਰੇ ਸਾਥ ਉਸਤਾਦੀ ਮਤ ਕਰ। ਅਗਰ ਮੈਂ ਕੁਛ ਕਹਿਤਾ ਹੂੰ ਤੋ ਤੂ ਨਾਰਾਜ਼ ਹੋ ਜਾਤਾ ਹੈ। ਮੈਂਨੇ ਪੂਛਾ ਬਾਬੂ ਜੀ ਕਾ ਪੇਸ਼ਾ ਕਿਆ ਹੈ।”

“ਪੱਤਰਕਾਰ ਹੈਂ।”

“ਤਬ ਤੋ ਲੋਗੋਂ ਤਕ ਖਬਰੇਂ ਪੁਹੰਚਾ ਕਰ ਬੜਾ ਨੇਕ ਕਾਮ ਕਰਤੇ ਹੋਂਗੇ?”

“ਹਾਂ ਉਸਤਾਦ। ਬਿਚਾਰੇ ਸਾਰਾ ਦਿਨ ਇਧਰ ਉਧਰ ਸੂੰਘਤੇ ਫਿਰਤੇ ਹੈਂ। ਕਹੀਂ ਸੇ ਜ਼ਰਾ ਸੀ ਖੁਸ਼ਬੂ ਜਾਂ ਬਦਬੂ ਆਈ ਨਹੀਂ, ਬਸ ਇਸ ਪਰਿਵਾਰ ਕੇ ਲੋਗ ਉਧਰ ਕੋ ਭਾਗ ਦੇਤੇ ਹੈਂ।”

“ਬੇਚਾਰੇ! …”

“ਨਹੀਂ ਉਸਤਾਦ, ਇਤਨੇ ਬੇਚਾਰੇ ਭੀ ਨਹੀਂ। ਇਨ ਸੇ ਤੋ ਹਰ ਕੋਈ ਡਰਤਾ ਹੈ।”

“ਵੁਹ ਕਿਊਂ?”

“ਉਸਤਾਦ ਇਨ ਕੀ ਕਲਮ ਮੇਂ ਵੋਹ ਤਾਕਤ ਹੈ ਕਿ ਜਿਸੇ ਚਾਹੇਂ ਉਸੇ ਫਰਸ਼ ਸੇ ਉਠਾ ਕਰ ਅਰਸ਼ ਪੇ ਚੜ੍ਹਾ ਦੇਂ ਔਰ ਜਿਸੇ ਨਾ ਚਾਹੇਂ, ਉਸੇ ਅਰਸ਼ ਸੇ ਫਰਸ਼ ਪੇ ਪਟਕਾ ਦੇਂ।”

“ਤਬ ਤੋ ਇਨ ਸੇ ਡਰਨਾ ਚਾਹੀਏ।”

“ਨਹੀਂ ਉਸਤਾਦ, ਐਸੀ ਬਾਤ ਨਹੀਂ। ਅਗਰ ਜਿਹ ਲੋਗ ਨਾ ਹੋਂ ਤੋ ਇਸ ਲੋਕਤੰਤਰ ਮੇਂ ਅੰਧੇਰ ਛਾ ਜਾਏ। ਤੁਮਨੇ ਦੇਖਾ ਨਹੀਂ, ਇਨਹੋਂ ਨੇ ਪਾਰਲੀਮੈਂਟ ਮੈਂਬਰੋਂ ਕੋ ਕੈਸੇ ਰਿਸ਼ਵਤ ਲੇਤੇ ਹੁਏ ਪਕੜਾ?”

“ਹਾਂ ਵੁਹ ਤੋ ਠੀਕ ਹੈ।”

“ਅਗਰ ਕਿਸੀ ਕੋ ਬਲੈਕ ਮੇਲ ਕਰਨੇ ਪੇ ਆ ਜਾਏਂ, ਉਸਕਾ ਤੋ ਖੂਨ ਹੀ ਸੂਖ ਜਾਤਾ ਹੈ।”

ਜਸਵੀਰ ਦੀਆਂ ਅੱਖਾਂ ਅੱਗੇ ਇੱਕ ਤੇਜ਼ ਰਫਤਾਰ ਵੀਡੀਓ ਚੱਲਣ ਲੱਗੀ। ਅਮਰੀਕਾ ਦਾ ਪਰਧਾਨ ਨਿਕਸਨ ਵਿਚਾਰਾ ਇਹਨਾਂ ਹੱਥੋਂ ਹੀ ਮਾਰਿਆ ਗਿਆ। … ਡੈਮੋਕਰੈਟਾਂ ਦੇ ਬਹੁਤ ਸਾਰੇ ਪਰਧਾਨਗੀ ਦੀ ਚੋਣ ਲੜਨ ਵਾਲੇ ਕੈਂਡੀਡੇਟ ਇਹਨਾਂ ਦਾ ਹੀ ਤਾਂ ਸ਼ਕਾਰ ਹੋਏ ਸੀ; ਪਰ ਇੱਕ ਇਹਨਾਂ ਦਾ ਵੀ ਬਾਪੂ ਨਿਕਲਿਆ। ਬਾਬਾ ਕਲਿੰਟਨ, ਆਪਣੀ ਗੱਦੀ ਦੇ ਅੱਠ ਸਾਲ ਵੀ ਪੂਰੇ ਕਰ ਗਿਆ ਅਤੇ ਵਾਈਟ ਹਾਊਸ ਵਿੱਚ ਮੈਨਕਾ ਲਵਿੰਸਕੀ ਨਾਲ ਚੋਹਲ ਵੀ ਕਰਦਾ ਰਿਹਾ।

“ਵੁਹ ਜੋ ਸਫੇਦ ਕਪੜੇ ਪਹਿਨੇ ਹੂਏ ਹੈਂ, ਜਾਨਤਾ ਹੈ ਤੂ ਵੁਹ ਕੋਨ ਹੈਂ?”

ਚਿੱਟ ਕੱਪੜੀਆਂ ’ਤੇ ਉੱਠੇ ਸਵਾਲ ਨਾਲ ਜਸਵੀਰ ਦੀ ਸੋਚ ਟੁੱਟੀ ਤਾਂ ਇੱਧਰ ਉੱਧਰ ਦੇਖਣ ਲਗਾ।

“ਉਸਤਾਦ! ਖੁਦ ਸਵਾਲ ਢੰਗ ਸੇ ਨਹੀਂ ਕਰਤੇ ਔਰ ਗੁੱਸਾ ਮੁਝ ਪਰ ਨਿਕਾਲਤੇ ਹੋ। ਦੇਖੋ , ਵਿਚਾਰੇ ਕਾਸ਼ਤਕਾਰੋਂ ਔਰ ਮਜ਼ਦੂਰੋਂ ਕੇ ਸਿਵਾਏ ਸਭੀ ਸਫੇਦ ਕਪੜੇ ਪਹਿਨਤੇ ਹੈਂ. ਮੈਂ ਕਿਸ ਕੇ ਬਾਰੇ ਮੇਂ ਬਤਲਾਊਂ।”

“ਮੇਰਾ ਮਤਲਬ ਸਫੇਦ ਸਿਲਕ ਕੇ ਕਪੜੋਂ ਸੇ ਥਾ।”

“ਉਸਤਾਦ, ਵੁਹ ਬਾਬਾ ਅੜਿੰਗ ਬੜਿੰਗ ਕੇ ਚੇਲੇ ਹੈਂ।”

“ਬਾਬਾ ਅੜਿੰਗ ਬੜਿੰਗ? ਜਿਹ ਕੈਸਾ ਨਾਮ ਹੈ?”

“ਉਸਤਾਦ, ਜਿਹ ਸਾਧੂ ਸੰਤ ਮਹਾਤਮਾ ਕੇ ਨਾਮ ਪਰ ਧਬਾ ਹੈਂ। ਲੋਗੋਂ ਕੀ ਜਾਇਦਾਦੋਂ ਪਰ ਜਬਰੀ ਕਬਜ਼ਾ ਕਰਤੇ ਹੈਂ। ਔਰਤੋਂ ਕੋ ਵਰਗਲਾ ਕਰ ਭਗਾ ਲੇ ਜਾਤੇ ਹੈਂ। ਇਨ ਕੇ ਡੇਰੋਂ ਮੇਂ ਨਾਬਾਲਗ ਲੜਕੀਉਂ ਕੇ ਸਾਥ ਬਲਾਤਕਾਰ ਹੋਤਾ ਹੈ। ਪਰਦੇਸੋਂ ਮੇਂ ਕਬੂਤਰ ਛੋੜਨੇ ਕਾ ਧੰਦਾ ਕਰਤੇ ਹੈਂ ਔਰ ਪਤਾ ਨਹੀਂ ਕਿਤਨੇ ਅੜਿੰਗ ਬੜਿੰਗ ਕਾਮ ਕਰਤੇ ਹੈਂ। ਤਭੀ ਮੈਨੇ ਇਨ ਕੋ ਅੜਿੰਗ ਬੜਿੰਗ ਬੋਲ ਦੀਆ।”

“ਜਿਹ ਰਹਿਤੇ ਕਹਾਂ ਹੈਂ ?”

“ਵੁਹ ਜੋ ਸਾਮਨੇ ਵਾਲੇ ਗੁੰਬਦ ਨਜ਼ਰ ਆ ਰਹੇ ਹੈਂ ਨਾ, ਵੁਹ ਇਨਕੀ ਰਾਜਧਾਨੀ ਹੈ।”

“ਤੁਮਹਾਰੀ ਬਾਤ ਮੇਰੀ ਸਮਝ ਸੇ ਬਾਹਰ ਹੈ। ਰਾਜਧਾਨੀ ਰਾਜਾਓਂ ਕੀ ਹੋਤੀ ਹੈ। ਮਹਾਤਮਾ ਲੋਗੋਂ ਕੇ ਤੋ ਆਸ਼ਰਮ ਯਾ ਡੇਰੇ ਹੋਤੇ ਹੈਂ ਔਰ ਤੁਮ ਰਾਜਧਾਨੀ ਕਹਿ ਰਹੇ ਹੋ। ਤੁਮਹਾਰੀ ਅਕਲ ਤੋ ਠਿਕਾਨੇ ਹੈ?”

“ਉਸਤਾਦ ਆਜ਼ਾਦੀ ਸੇ ਪਹਿਲੇ ਭਾਰਤ ਮੇਂ ਬੁਹਤ ਸੀ ਰਿਆਸਤੇਂ ਥੀਂ। ਹਰ ਰਿਆਸਤ ਕੀ ਰਾਜਧਾਨੀ ਥੀ, ਅਪਨੀ ਹਦਬੰਦੀ ਥੀ। ਹਰ ਰਾਜਾ ਕਾ ਅਪਨਾ ਖਜ਼ਾਨਾ ਥਾ, ਅਪਨੀ ਫੋਜ ਥੀ। ਪਰਜਾ ਸੇ ਲਗਾਨ ਵਸੂਲਾ ਜਾਤਾ ਥਾ। ਅਬ ਇਨ ਅੜਿੰਗ ਬੜਿੰਗ ਡੇਰੇਦਾਰੋਂ ਕੀ ਭੀ ਅਪਨੀ ਅਪਨੀ ਰਾਜਧਾਨੀਏਂ ਹੈਂ। ਹੱਦਬੰਦੀ ਹੈ। ਏਕ ਡੇਰੇਦਾਰ ਦੂਸਰੇ ਕੀ ਹਦਬੰਦੀ ਮੇਂ ਚਲਾ ਜਾਏ ਤੋਂ ਇਨ ਕੀ ਲੱਠਬਾਜ਼ ਫੌਜੇਂ ਆਪਸ ਮੇਂ ਟਕਰਾ ਜਾਤੀ ਹੈਂ। ਕਤਲ ਹੋ ਜਾਤੇ ਹੈਂ। ਕਈ ਏਕ ਕੇ ਖਜ਼ਾਨੇ ਮੇਂ ਤੋਂ ਏਕ ਸੂਬੇ ਕੀ ਸਰਕਾਰ ਸੇ ਜ਼ਿਆਦਾ ਦੌਲਤ ਹੈ। … ਬਾਕੀ ਰਹੀ ਲਗਾਨ ਕੀ ਬਾਤ, ਲੋਗ ਖੁਦ ਬਖੁਦ ਖੁਸ਼ੀ ਖੁਸ਼ੀ ਇਨ ਕੇ ਖਜ਼ਾਨੇ ਮੇਂ ਮਾਲ ਲਗਾਨ ਜਮਾਂ ਕਰਵਾ ਦੇਤੇ ਹੈਂ। ਲੋਗ ਲਗਾਨ ਕੇ ਬਦਲੇ ਸਰਕਾਰ ਸੇ ਬਹੁਤ ਸੀ ਸੁਵਿਧਾਏਂ ਮਾਂਗਤੇ ਹੈਂ। ਅਗਰ ਸਰਕਾਰ ਨਹੀਂ ਦੇਤੀ ਤੋ ਅੰਦੋਲਨ ਹੋਤੇ ਹੈਂ। ਮਗਰ ਇਨ ਡੇਰੇਦਾਰੋਂ ਸੇ ਕੋਈ ਕੁਛ ਨਹੀਂ ਮਾਂਗਤਾ। ਸਿਆਸੀ ਲੀਡਰ, ਹਕੂਮਤ ਕੇ ਵਜ਼ੀਰ ਔਰ ਸਰਕਾਰੀ ਅਫਸਰ ਸਭ ਇਨ ਅੜਿੰਗ ਬੜਿੰਗ ਬਾਬਾ ਲੋਗੋਂ ਕੋ ਪ੍ਰਣਾਮ ਕਰਨੇ ਕੇ ਲੀਏ ਹਾਜ਼ਰ ਹੋਤੇ ਹੈਂ।”

“ਮੁੰਡੇ ਕੋਲੋਂ ਡੇਰੇਦਾਰ ਸਾਧਾਂ ਬਾਰੇ ਸੁਣ ਕੇ ਜਸਵੀਰ ਨੂੰ ਵੀ ਇੱਕ ਦੋ ਸ੍ਹਾਨ ਸੰਤ ਚੇਤੇ ਆ ਗਏ, ਜਿਹਨਾਂ ਨੇ ਅਮਰੀਕਾ ਕੈਨੇਡਾ ਵਿੱਚ ਲੋਕਾਂ ਦੀਆਂ ਲੱਖਾਂ ਡਾਲਰਾਂ ਦੀਆਂ ਜਾਇਦਾਦਾਂ ਹੜੱਪ ਕਰ ਲਈਆਂ ਹਨ। ਕਬੂਤਰਬਾਜ਼ੀ ਵੀ ਕਰਦੇ ਹਨ ਅਤੇ ਆਪਣੀਆਂ ਘਰ ਵਾਲੀਆਂ ਦੇ ਹੁੰਦਿਆਂ ਸੁੰਦਿਆਂ ਹੋਰ ਔਰਤਾਂ ਰੱਖੀਆਂ ਹੋਈਆਂ ਹਨ। ਵੱਡੇ ਵੱਡੇ ਧਨਾਡ ਅਤੇ ਦੇਸ ਦੇ ਧਾਰਮਕ ਆਗੂ ਉਹਨਾਂ ਦੇ ਡੇਰਿਆਂ ਤੇ ਹਾਜ਼ਰੀ ਲਗਾਉਣ ਪੁੱਜਦੇ ਹਨ। ਸਿਖ ਪੰਥ ਦੇ ਸਰਬ ਉੱਚ ਅਸਥਾਨਾਂ ਤੋਂ ਹੋਰ ਕਿਸੇ ਦਾ ਮਾਣ ਸਨਮਾਨ ਹੋਵੇ, ਚਾਹੇ ਨਾ ਹੋਵੇ; ਇਹਨਾਂ ਅੜਿੰਗ ਬੜਿੰਗ ਡੇਰੇਦਾਰਾਂ ਨੂੰ ਜ਼ਰੂਰ ਸਨਮਾਨਿਆ ਜਾਂਦਾ ਹੈ।

“ਤੂ ਵੀ ਕਮਾਲ ਕਾ ਛੋਕਰਾ ਹੈ। ਸਬ ਪਰ ਤਵਾ ਲਗਾਏ ਜਾ ਰਹਾ ਹੈ। ਤੇਰੇ ਖਿਆਲ ਮੇਂ ਕੋਈ ਅੱਛਾ ਭੀ ਹੈ?”

“ਹਾਂ ਉਸਤਾਦ, ਹੈ। ਅਭੀ ਭਲੇ ਇਨਸਾਨੋਂ ਕਾ ਬੀਜ ਨਾਸ ਨਹੀਂ ਹੂਆ … ਪਰ ਏਕ ਗੰਦੇ ਅੰਡੇ ਕੀ ਬੂ ਸੇ ਸਭ ਅੰਡੋਂ ਪਰ ਸ਼ੱਕ ਹੋ ਜਾਤੀ ਹੈ।”

“ਦੇਖ, ਅੱਬ ਬਸ ਕਰ। ਕਿਉਂ ਅਪਨੇ ਔਰ ਮੇਰੇ ਪੇਟ ਪੈ ਲਾਤ ਮਾਰਤਾ ਹੈ? ਅਗਰ ਹਮ ਕੋ ਮਜਮਾ ਲਗਾਨੇ ਸੇ ਮਨ੍ਹਾਂ ਕਰ ਦੀਆ ਤੋ ਹਮ ਭੂਖੇ ਮਰ ਜਾਂਏਂਗੇ।”

“ਹਾਂ ਉਸਤਾਦ। ਤੁਮਨੇ ਠੀਕ ਕਹਾ। ਬਿਹਤਰ ਹੈ ਕਿ ਅਭੀ ਸੇ ਰੋਜ਼ੀ ਰੋਟੀ ਕਮਾਨੇ ਕਾ ਕੋਈ ਔਰ ਰਾਸਤਾ ਸੋਚ ਲੇਂ। ਬੇਕਾਰੀ ਕਾ ਜ਼ਮਾਨਾ ਹੈ, ਸਰਕਾਰੀ ਨੌਕਰੀ ਹਮੇਂ ਮਿਲੇਗੀ ਨਹੀਂ। ਵਕੀਲ ਜਾਂ ਡਾਕਦਾਰ ਹਮ ਬਨ ਨਹੀਂ ਸਕਤੇ, ਹਮਾਰੇ ਪਾਸ ਡਿਗਰੀ ਨਹੀਂ ਹੈ। ਹਾਂ, ਸਿਆਸਤਦਾਨ ਬਨ ਜਾਏਂ ਤੋ ਜਿਹ ਰੋਜ਼ ਰੋਜ਼ ਕਾ ਮਜਮਾ ਲਗਾਨੇ ਸੇ ਛੂਟ ਜਾਏਂਗੇ।”

“ਵੁਹ ਕੈਸੇ?”

“ਉਸਤਾਦ, ਸਭ ਦੁਨੀਆਂ ਕੇ ਸਿਆਸਤਦਾਨ ਇਲੈਕਸ਼ਨ ਕੇ ਸਮੇਂ ਖੂਬ ਮਜਮਾ ਜਮਾਤੇ ਹੈਂ। ਉਨ ਕੀ ਬਾਤੋਂ ਕੇ ਝਾਂਸੇ ਮੇਂ ਆ ਕਰ ਜਨਤਾ ਉਨ ਕੋ ਵੋਟ ਡਾਲਤੀ ਹੈ। ਜਿਨਕਾ ਮਜਮਾ ਅੱਛਾ ਜਮ ਜਾਏ, ਵੁਹ ਜੀਤ ਜਾਤਾ ਹੈ। ਦੂਸਰੀ ਇਲੈਕਸ਼ਨ ਤਕ ਉਨਕੀ, ਉਨਕੇ ਨਾਤੇਦਾਰੋਂ ਕੀ ਔਰ ਸਭ ਦੋਸਤੋਂ ਕੀ ਚਾਂਦੀ ਹੋ ਜਾਤੀ ਹੈ। ਏਕ ਬਾਤ ਔਰ ਕਹੂੰ ਉਸਤਾਦ … ਫਿਰ ਪੁਲੀਸ ਭੀ ਉਨ ਕੋ ਸਲੂਟ ਮਾਰਤੀ ਹੈ। ਸਿਆਸਤਦਾਨੋਂ ਕੇ ਲੀਏ ਤਾਲੀਮ ਕੀ ਤੋ ਕੋਈ ਬੰਦਿਸ਼ ਹੀ ਨਹੀਂ। ਬਸ ਦੂਸਰੇ ਕੀ ਜੇਬ ਕਾਟਨੀ ਆਤੀ ਹੋ, ਝੂਟੇ ਇਕਰਾਰ ਕਰਨੇ ਕੀ ਮਹਾਰਤ ਹੋ। ਊਂਚੀ ਆਵਾਜ਼ ਮੇਂ ਨਾਹਰੇ ਲਗਾਨੇ ਕੀ ਹਿੰਮਤ ਹੋ। ਸ਼ਰਾਰਤੀ ਦਿਮਾਗ ਹੋ ਔਰ ਨਲੀ ਚੋ ਬੱਚੇ ਕੋ ਵੀ ਚੂਮ ਸਕੇਂ … ਇਤਨਾ ਤੋ ਹਮ ਕਰ ਹੀ ਲੇਂਗੇ।”

ਜਸਵੀਰ ਨੂੰ ਪਿੱਛੇ ਹਟਦਾ ਦੇਖ ਕੇ ਸਵਾਲ ਕਰਤਾ ਬੋਲਿਆ, “ਬਾਬੂ ਜੀ ਅਪਨੀ ਜਗ੍ਹਾ ਸੇ ਮਤ ਹਿਲਨਾ। ਮੁੰਡੂ ਕੀ ਜ਼ਿੰਦਗੀ ਕਾ ਸਾਵਾਲ ਹੈ। ਅੱਛਾ, ਬੱਚਾ ਲੋਗ ਦੋਨੋਂ ਹਾਥ ਕੀ ਤਾੜੀ ਲਗਾਓ।”

ਤਾੜੀਆਂ ਦੇ ਵਿੱਚਕਾਰ ਜਸਵੀਰ ਨੇ ਸੌ ਰੁਪਏ ਦਾ ਨੋਟ ਕੱਢ ਕੇ ਸਵਾਲ ਕਰਤਾ ਦੇ ਹੱਥ ਦੇ ਦਿੱਤਾ ਤਾਂ ਉਸਦੀਆਂ ਬਾਛਾਂ ਖਿੜ ਗਈਆਂ। ਉਸ ਨੇ ਰੀਸ ਪਾਉਣ ਦੀ ਨੀਅਤ ਨਾਲ ਆਖਿਆ, “ਲੜਕੇ ਦੇਖ, ਟੋਪ ਵਾਲੇ ਬਾਬੂ ਜੀ ਨੇ ਖੁਸ਼ ਹੋ ਕਰ ਤੁਮੇਂ ਕਿਤਨਾ ਬੜਾ ਨੋਟ ਦੀਆ ਹੈ … ਪੂਰੇ ਸੌ ਰੁਪਏ ਕਾ ਹੈ। ਤੂ ਇਨ ਕੋ ਜਾਨਤਾ ਹੈ?”

“ਜਾਨਤਾ ਹੂੰ … ਜਿਹ ਟੋਪ ਵਾਲੇ ਬਾਬੂ, ਬਾਬੂ ਜੀ ਨਹੀਂ; ਪਰਦੇਸੀ ‘ਸਰਦਾਰ ਜੀ’ ਹੈਂ।”

“ਤੁਮੇਂ ਕੈਸੇ ਪਤਾ?”

“ਇਨ ਕੀ ਬਖਸ਼ੀਸ਼ ਨਹੀਂ ਦੇਖੀ। ਸਰਦਾਰ ਲੋਗਨ ਕਾ ਜਿਤਨਾ ਬੜਾ ਦਿਲ ਉਤਨੀ ਬੜੀ ਬਖਸ਼ੀਸ਼ ਹੋਤੀ ਹੈ। ਬਾਬੂ ਲੋਗ ਤੋ ਜੇਬ ਮੇਂ ਹਾਥ ਡਾਲ ਕਰ ਸਿੱਕੇ ਕੋ ਇਤਨਾ ਮਲਤੇ ਹੈਂ, ਇਤਨਾ ਮਲਤੇ ਹੈਂ ਕਿ ਉਸ ਕੇ ਨੰਬਰ ਹੀ ਮਿਟ ਜਾਏਂ।”

“ਲੜਕੇ ਏਕ ਦਫਾ ਔਰ ਸੋਚ ਲੇ। ਸਰਦਾਰ ਲੋਗੋਂ ਕੀ ਪਹਿਚਾਨ ਪਗੜੀ ਹੋਤੀ ਹੈ, ਜੋ ਇਨ ਕੇ ਪਾਸ ਨਹੀਂ ਹੈ।”
“ਤੁਮ ਨੇ ਠੀਕ ਕਹਾ ਉਸਤਾਦ। … ਪਰਦੇਸ ਨੇ ਇਨ ਸੇ ਪਗੜੀ ਹੀ ਨਹੀਂ ਛੀਨੀ, ਇਨ ਸੇ ਇਨ ਕੇ ਨਾਮ ਭੀ ਛੀਨ ਲੀਏ ਹੈਂ । ਗੁਰਦੇਵ ਸਿੰਘ ਗੈਰੀ ਹੈ; ਕੋਈ ਮਾਈਕ ਹੈ, ਕੋਈ ਪੀਟ ਹੈ, ਕੋਈ ਟੌਮ ਡਿਕ ਹੈਰੀ ਹੈ।”

“ਪੈਸੇ ਵਾਲੇ ਕਾ ਚੇਹਰਾ, ਔਰ ਬੇਰੌਨਕ! ਹੈਰਾਨੀ ਕੀ ਬਾਤ ਨਹੀਂ ਕਿਆ?”

“ਹਾਂ ਉਸਤਾਦ, ਹੈ ਤੋ … ਮਗਰ ਇਸ ਕੇ ਕੁਛ ਕਾਰਨ ਹੋ ਸਕਤੇ ਹੈਂ।”

“ਕੈਸੇ ਕਾਰਨ?”

“ਹਨੀ ਕੀ ਯਾਦ ਆ ਰਹੀ ਹੋਗੀ।”

“ਹੂੰ, ਅਗਰ ਤੁਮਹਾਰਾ ਮਤਲਬ ਸ਼ਹਿਦ ਸੇ ਹੈ, ਵੁਹ ਤੋ ਕਹੀਂ ਸੇ ਭੀ ਖਰੀਦਾ ਜਾ ਸਕਤਾ ਹੈ। ਮਾਯੂਸੀ ਕੀ ਕਿਆ ਬਾਤ?”

“ਬਹੁਤ ਭੋਲਾ ਹੈ ਉਸਤਾਦ, ਇਤਨਾ ਭੀ ਨਹੀਂ ਜਾਨਤਾ, ਅਮਰੀਕਣ ਲੋਗ ਅਪਨੀ ਬੀਵੀ ਕੋ ਹਨੀ ਕਹਿਤੇ ਹੈਂ।”

“ਵੁਹ ਕਿਉਂ?”

“ਉਨਕੇ ਕੜਵੇ ਪਨ ਸੇ ਬਚਨੇ ਕੇ ਲੀਏ। ਵੈਸੇ ਤੋ ਆਜ ਕਲ ਹਮਾਰੇ ਦੇਸ਼ ਮੇਂ ਵੀ ਮਰਦ ਬੀਵੀ ਸੇ ਝੀਂਪਨੇ ਲਗੇ ਹੈਂ।”

“ਛੋੜ … ਹਮੇ ਕਿਸੀ ਕੀ ਘਰੇਲੂ ਜਿੰਦਗੀ ਸੇ ਕਿਆ ਲੇਨਾ ਦੇਨਾ?”

“ਠੀਕ ਕਹਾ ਉਸਤਾਦ, ਹਮਾਰੇ ਦੇਸ਼ ਮੇਂ ਜਿਸ ਕੀ ਲਾਠੀ, ਉਸ ਕੀ ਭੈਂਸ ਕੀ ਬਾਤ ਤੋ ਕਿਸੀ ਸੇ ਛੁਪੀ ਨਹੀਂ। ਕਿਸੀ ਨੇ ਇਨ ਕੀ ਜਾਇਦਾਦ ਪਰ ਜਬਰੀ ਕਬਜ਼ਾ ਕਰ ਲੀਆ ਹੋਗਾ। … ਹਾਂ, ਪੰਜਾਬੀ ਲੇਖਕ ਭੀ ਤੋ ਹੋ ਸਕਤੇ ਹੈਂ। ਅਮਰੀਕਨ ਸਰਕਾਰ ਕੀ ਤਰ੍ਹਾ ਪੈਸੇ ਕੀ ਗੇਮ ਖੇਲਤੇ ਹੈਂ। ਹਰ ਪੁਰਸਕਾਰ ਸਤਕਾਰ ਕੋ ਪੈਸੇ ਸੇ ਖਰੀਦਨੇ ਕਾ ਯਤਨ ਕਰਤੇ ਹੈਂ। ਕਾਮਯਾਬ ਨਾ ਹੋਨੇ ਪਰ ਚੇਹਰਾ ਤੋ ਢੀਲਾ ਪੜ੍ਹੇਗਾ ਹੀ।”

ਜਸਵੀਰ ਦੇ ਅੰਦਰਲੇ ਨੇ ਨਹੋਰਾ ਮਾਰਿਆ, ‘ਹੇ ਖਾਂ! ਵੱਡਾ ਚਤਰ। ਮੈਥੋਂ ਪੈਸੇ ਲੈ ਕੇ ਮੇਰੇ ’ਤੇ ਹੀ ਤਵਾ?” ਅਤੇ ਉਹ ਮਜਮੇ ਤੋਂ ਬਾਹਰ ਨਿਕਲ ਕੇ ਰਕਸ਼ਿਆਂ ਦੇ ਅੱਡੇ ਵਲ ਨੂੰ ਤੁਰ ਪਿਆ। ਪਰ ‘ਹਰ ਪੁਰਸਕਾਰ ਸਤਕਾਰ ਕੋ ਪੈਸੇ ਸੇ ਖਰੀਦਨੇ ਕਾ ਯਤਨ ਕਰਤੇ ਹੈਂ।’ ਦੀ ਟੇਪ ਆਪ ਮੁਹਾਰੇ ਉਸਦੇ ਸਿਰ ਵਿੱਚ ਘਰਰ ਘਰਰ ਕਰਨ ਲੱਗ ਪਈ।

“ਬਾਬੂ ਜੀ, ਕਿੱਥੇ ਲੈ ਚੱਲਾਂ?” ਰਿਕਸ਼ੇ ਵਾਲੇ ਨੇ ਪੁੱਛਿਆ।

“ਜਹੱਨਮ!” ਬੇਅਖ਼ਤਿਆਰੇ ਜਸਵੀਰ ਦੇ ਮੂੰਹੋਂ ਨਿਕਲ ਗਿਆ।

“ਬਾਬੂ ਜੀ, ਤੁਹਾਡੀ ਹਾਲਤ ਦੇਖ ਕੇ ਤਾਂ ਲਗਦਾ ਹੈ ਤੁਸੀਂ ਆਪਣੀ ਮੰਜਲ ਤੇ ਪੁੱਜ ਚੁੱਕੇ ਹੋ। ਹਾਂ, ਅਗਰ ਤੁਸੀਂ ਕੋਈ ਹੋਰ ਠਿਕਾਣਾ ਦੱਸੋ ਤਾਂ ਲੈ ਚਲਦਾ ਹਾਂ।”

ਜਸਵੀਰ ਨੇ ਕਿਸੇ ਚੰਗੀ ਕਲੱਬ ਵਿਚ ਜਾਣ ਦੀ ਇੱਛਾ ਪਰਗਟ ਕੀਤੀ। ਨਾਂਹ ਨਾਂਹ ਕਰਦੇ ਰਿਕਸ਼ੇ ਵਾਲੇ ਨੂੰ ਵੀ ਜਸਵੀਰ ਕੱਲਬ ਅੰਦਰ ਲੈ ਗਿਆ। ਜਸਵੀਰ ਨੇ ਦੋ ਸਕਾਚ ਆਨ ਰਾਕ ਦਾ ਆਰਡਰ ਕੀਤਾ ਤਾਂ ਰਿਕਸ਼ੇ ਵਾਲੇ ਨੇ ਕਿਹਾ, “ਬਾਬੂ ਜੀ, ਮੇਰੀ ਇਨੀ ਤੋਫੀਕ ਨਹੀਂ ਕਿ ਮੈਂ ਕਲੱਬਾਂ ਵਿਚ ਸ਼ਰਾਬਾਂ ਪੀਵਾਂ।”

ਜਸਵੀਰ ਨੇ ਬਹੁਤ ਜ਼ਿੱਦ ਕੀਤੀ ਤਾਂ ਰਿਕਸ਼ੇ ਵਾਲੇ ਨੇ ਜੂਸ ਲੈ ਲਿਆ। ਪਹਿਲਾ ਡਰਾਮ ਅੰਦਰ ਉਲੱਦ ਕੇ ਝੱਟ ਜਸਵੀਰ ਨੇ ਦੂਸਰੇ ਦਾ ਆਰਡਰ ਕਰ ਦਿੱਤਾ। ਪਹਿਲੇ ਵਾਂਗ ਦੂਸਰਾ ਡਰਾਮ ਵੀ ਇਨਕਲਾਬ ਜ਼ਿੰਦਾਬਾਦ ਕਰਦਾ ਹੋਇਆ ਅੰਦਰ ਲੰਘ ਗਿਆ। ਤੀਜੇ ਦਾ ਆਰਡਰ ਹੋ ਗਿਆ ਤਾਂ ਰਿਕਸ਼ੇ ਵਾਲੇ ਨੇ ਕਿਹਾ, “ਬਾਬੂ ਜੀ, ਮੈਂਨੂੰ ਸਮਾਂ ਦੱਸ ਦਿਓ, ਮੈਂ ਵਾਪਸ ਆ ਕੇ ਤੁਹਾਨੂੰ ਤੁਹਾਡੀ ਮੰਜ਼ਲ ਤੱਕ ਪਹੁੰਚਾ ਦੇਵਾਂਗਾ।”

ਨਸ਼ੇ ਦੀ ਲੋਰ ਨੇ ਜਸਵੀਰ ਨੂੰ ਆਪਣਾ ਦੁੱਖ ਸਾਂਝਾ ਕਰਨ ਦੀ ਹੱਲਾਸ਼ੇਰੀ ਦੇ ਦਿੱਤੀ। ਉਹ ਬੋਲਿਆ, “ਮੈਂ ਬਾਬੂ ਜੀ ਨਹੀਂ … ਤੁਹਾਡਾ ਹੀ ਪੰਜਾਬੀ ਭਰਾ ਹਾਂ … ਪਰਦੇਸ ਨੇ ਸਾਨੂੰ ਬੇ ਪਛਾਣ ਕਰ ਦਿੱਤਾ ਹੈ। ਮੇਰਾ ਨਾਂ ਜਸਵੀਰ ਸਿੰਘ ਹੈ … ਤੇਰਾ ?”
“ਗੁਰਨੇਕ ਸਿੰਘ।”

“ਚੰਗਾ ਫਿਰ ਗੁਰਨੇਕ; ਮੈਂ ਤੇਰੇ ਲਈ ਜੱਸੀ ਤੇ ਤੂੰ ਮੇਰੇ ਲਈ ਨੇਕ। ਮੈਂ ਅਪਣਾ ਦਿਲ ਹੌਲਾ ਕਰਨਾ ਮੰਗਦਾਂ, ਦੱਸ ਕਿਸ ਪਾਸ ਕਰਾਂ?”

“ਅੱਛਾ, … ਇਹ ਗੱਲ ਆ ਤਾਂ ਜੱਸੀ ਭਾਜੀ ਘਰ ਚਲਦੇ ਹਾਂ। ਨਾਲੇ ਲੰਗਰ ਪਾਣੀ ਛਕਾਂਗੇ ਨਾਲੇ ਗੱਲਾਂ ਕਰਾਂਗੇ।

ਇੰਨੇ ਨੂੰ ਤੀਜਾ ਡਰਿੰਕ ਆ ਗਿਆ ਤਾਂ ਗੁਰਨੇਕ ਨੇ ਕਿਹਾ, “ਨਹੀਂ ਭਾਜੀ, ਹੁਣ ਹੋਰ ਨਹੀਂ। ਸ਼ਰਾਬ ਤਾਂ ਫਿਰ ਸ਼ਰਾਬੀਆਂ ਵਾਲੀਆਂ ਗੱਲਾਂ ਹੀ ਕਰਵਾਏਗੀ; ਦਿਲ ਦੀ ਗੱਲ ਨਹੀਂ ਹੋ ਸਕਣੀ।”

ਬੈਠਕ ਵਿੱਚ ਕਿਤਾਬਾਂ ਨਾਲ ਭਰੀਆਂ ਸ਼ੈਲਫਾਂ ਵਿੱਚਕਾਰ ਇੱਕ ਸ਼ੈਲਫ ਤੇ ਲਿਖਿਆ ਸ਼ਬਦ ‘ਛੜਜੰਤਰ’ ਜਸਵੀਰ ਲਈ ਖਿੱਚ ਦਾ ਕਾਰਨ ਬਣ ਗਿਆ। ਇਸ ਨਾਂ ਦਾ ਤਾਂ ਇੱਕ ਕਾਲਮ ਦੇਸ ਪਰਦੇਸ ਦੀਆਂ ਪੰਜਾਬੀ ਪਤਰਕਾਵਾਂ ਵਿੱਚ ਬੇਹੱਦ ਮਕਬੂਲ ਹੋ ਚੁੱਕਾ ਹੈ। ਉੱਠ ਕੇ ਦੇਖਣ ਹੀ ਲੱਗਾ ਸੀ ਕਿ ਗੁਰਨੇਕ ਨੇ ਕੁੜਤਾ ਪਜਾਮਾ ਤੇ ਇੱਕ ਚਾਦਰਾ ਜਸਵੀਰ ਵਲ ਨੂੰ ਕਰਦਿਆਂ ਆਖਿਆ, “ਭਾ ਜੀ ਆਹ ਲਓ ਪਜਾਮਾ, ਜੇ ਨਾਪ ਨਾ ਆਵੇ ਤਾਂ ਚਾਦਰਾ ਲਾ ਲੈਣਾ। ਆਓ, ਮੈਂ ਤੁਹਾਨੂੰ ਬਾਥਰੂਮ ਦਿਖਾ ਦੇਵਾਂ। ਇਸ਼ਨਾਨ ਕਰ ਲਵੋ; ਦਿਨ ਦਾ ਥਕੇਵਾਂ ਲਹਿ ਜਾਵੇਗਾ।”

ਬਾਥਰੂਮ ਵਿੱਚ ਵੀ ਜਸਵੀਰ ਦੀ ਸੋਚ ’ਤੇ ਕਿਤਾਬਾਂ ਅਤੇ ਛੜਜੰਤਰ ਸ਼ੈਲਫ ਵਿੱਚ ਰੱਖੇ ਕਾਗਜ਼ ਭਾਰੂ ਰਹੇ। ਰਿਕਸ਼ਾ ਤੇ ਕਿਤਾਬਾਂ? … ਹੋ ਸਕਦਾ ਹੈ ਨੇਕ ਦਾ ਕੋਈ ਭਰਾ ਭਤੀਜਾ ਕਾਲਜ ਜਾਂਦਾ ਹੋਵੇ? ਉਹਦੇ ਬਾਥਰੂਮ ਚੋਂ ਬਾਹਰ ਨਿਕਲਦਿਆਂ ਹੀ ਨੇਕ ਨੇ ਕਿਹਾ, “ਭਾਜੀ, ਬੇਬੇ ਜੀ ਨੇ ਪਰਸ਼ਾਦਾ ਛਕਣ ਲਈ ਸੱਦਿਆ ਹੈ।”

ਪਰਸ਼ਾਦੇ ਦੀ ਹਰ ਗਰਾਹੀ ਨਾਲ ਜਸਵੀਰ ਅੰਦਰ ਕਿਤਾਬਾਂ ਕਿਤਾਬਾਂ ਦਾ ਅਜੱਪਾ ਜਾਪ ਹੋ ਰਿਹਾ ਸੀ। ਮੁੜ ਬੈਠਕ ਵਿੱਚ ਪਹੁੰਚਦਿਆਂ ਹੀ ਉਹਨੇ ਨੇਕ ਉੱਤੇ ਸਵਾਲਾਂ ਦੀ ਝੜੀ ਲਾ ਦਿੱਤੀ, “ਨੇਕ, ਤੁਹਾਡਾ ਕੋਈ ਹੋਰ ਭੈਣ ਭਾਈ ਵੀ ਹੈ?”

“ਇੱਕ ਵਡੀ ਭੈਣ ਹੈ, ਜੋ ਆਪਣੇ ਘਰ ਸੁਖੀ ਹੈ।”

“ਤੇ ਇਹ ਕਿਤਾਬਾਂ …।”

ਵਿੱਚੋਂ ਗੱਲ ਟੋਕਦਿਆਂ ਨੇਕ ਨੇ ਆਖਿਆ, “ਇਹ ਸ਼ੈਲਫਾਂ ਤੇ ਪਈਆਂ ਸੋਹਣੀਆਂ ਲਗਦੀਆਂ ਹਨ। ਆਇਆ ਗਿਆ ਸਾਨੂੰ ਪੜ੍ਹਿਆਂ ਲਿਖਿਆਂ ਵਿੱਚ ਗਿਣਦਾ ਹੈ।”

ਜਕਦੇ ਜਕਦੇ ਜਸਵੀਰ ਨੇ ਹੱਥ ਦੇ ਇਸ਼ਾਰੇ ਨਾਲ ਪੁੱਛਿਆ, “ਔਹ ਛੜਜੰਤਰ ਸ਼ੈਲਫ ਦਾ ਕੀ ਮਤਲਬ?”

“ਨੇਕ ਨੇ ਹੱਸਦਿਆ ਹੋਇਆਂ ਗੱਲ ਦਾ ਰੁਖ ਬਦਲਣ ਲਈ ਆਖਿਆ, “ਭਾਜੀ ਪਹਿਲਾਂ ਤੁਸੀਂ ਆਪਣੇ ਦਿਲ ਦੀ ਗੱਲ ਕਰ ਲਓ। ਥੱਕੇ ਹੋਏ ਹੋਣ ਕਾਰਨ ਜੇ ਨੀਂਦ ਆ ਗਈ ਤਾਂ ਗੱਲ ਵਿੱਚੇ ਹੀ ਰਹਿ ਜਾਵੇਗੀ।”

ਜਸਵੀਰ ਨੇ ਹੋਰ ਜਾਣਕਾਰੀ ਲਈ ਗੱਲ ਅੱਗੇ ਤੋਰੀ, “ਇਸ ਨਾਂ ਦਾ ਤਾਂ … ”

“ਗੁਰਨੇਕ ਬੇਟਾ, ਆਹ ਲਓ ਗਰਮ ਗਰਮ ਦੁੱਧ …”

ਦੋਵੇਂ ਉੱਠ ਕੇ ਖੜ੍ਹੇ ਹੋ ਗਏ। ਗੱਲ ਵਿੱਚਕਾਰ ਹੀ ਰਹਿ ਗਈ। ਬਾਪੂ ਦੁੱਧ ਮੇਜ਼ ’ਤੇ ਰੱਖ ਕੇ ਜਾਣ ਲੱਗਾ ਤਾਂ ਜਸਵੀਰ ਨੇ ਉਸਨੂੰ ਰੋਕ ਲਿਆ।

ਦੁੱਧ ਦਾ ਗਿਲਾਸ ਜਸਵੀਰ ਵਲ ਨੂੰ ਕਰਦਾ ਗੁਰਨੇਕ ਬੋਲਿਆ, “ਲਓ ਭਾ ਜੀ, ਨਾਲੇ ਗਰਮ ਗਰਮ ਦੁੱਧ ਪੀਓ, ਨਾਲੇ ਦਿਲ ਹੌਲਾ ਕਰੋ।”

ਜਸਵੀਰ ਨੇ ਗਿਲਾਸ ਫੜਦਿਆਂ ਉੱਤਰ ਦਿੱਤਾ , “ਨਹੀਂ, ਐਸੀ ਕੋਈ ਗਲ ਨਹੀਂ।”

“ਦੇਖੋ ਭਾ ਜੀ, ਸੰਗੋ ਨਾ; ਤੁਹਾਡਾ ਆਪਣਾ ਘਰ ਹੈ। ਨਾਲੇ ਬਾਪੂ ਜੀ ਦਾ ਜੋ ਜ਼ਿੰਦਗੀ ਪ੍ਰਤੀ ਤਜਰਬਾ ਹੈ, ਉਸ ਤੋਂ ਲਾਹਾ ਲੈਂਦੇ ਹਾਂ।”

“ਹਾਂ ਬੇਟਾ, ਗੱਲ ਕਰਨ ਨਾਲ ਹੀ ਗੱਲ ਸੁਲਝਦੀ ਹੈ। ਨਾਂ ਕਰੀਏ ਤਾਂ ਸੁਲਗਦੀ ਸੁਲਗਦੀ ਭਾਂਬੜ ਬਣ ਸਕਦੀ ਹੈ।”

“ਬਾਪੂ ਜੀ, ਮੈਂ ਕੋਈ ਤੀਹ ਸਾਲ ਤੋਂ ਕੈਲੇਫੋਰਨੀਆਂ ਦੇ ਸ਼ਹਿਰ ਰੈਡਿੰਗ ਵਿੱਚ ਰਹਿ ਰਿਹਾ ਹਾਂ। ਹਰ ਪਰਵਾਸੀ ਵਾਂਗ ਪਹਿਲਾਂ ਪਹਿਲ ਮੈਂ ਵੀ ਕਮਰ ਅਤੇ ਡੌਲਿਆਂ ਦੇ ਜੋਰ ਰੋਜ਼ੀ ਰੋਟੀ ਕਮਾਂਉਦਾ ਰਿਹਾ। ਹੁਣ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਕਨਸਲਟਿੰਗ ਇੰਜਨੀਅਰਿੰਗ ਏਜੰਸੀ ਹੈ। ਨਵੇਂ ਕਾਨੂੰਨ ਅਧੀਨ ਜਿਓਂ ਹੀ ਪੰਜਾਬੀ ਵਸੋਂ ਵਧੀ, ਨਾਲ ਹੀ ਪੰਜਾਬੀ ਸਭਾਵਾਂ ਅਤੇ ਗੁਰਦਵਾਰੇ ਹੋਂਦ ਵਿੱਚ ਆ ਗਏ। ਬੱਸ, ਅਗੇ ਕੁੱਝ ਨਾ ਪੁਛੋ। ਜਿਉਂ ਹੀ ਵਾਗਡੋਰ ਪੰਜਾਬੀ ਸੁਭਾ ਨੇ ਸੰਭਾਲੀ, ਬੱਸ ਜਿਵੇਂ ਬੂਟੇ ਦੇ ਇਰਦ ਗਿਰਦ ਪੁੰਗਾਰੇ ਫੁੱਟ ਕੇ ਹੌਲੀ ਹੌਲੀ ਬੂਟੇ ਦੀ ਛਵ੍ਹੀ ਬਿਗਾੜ ਦਿੰਦੇ ਹਨ; ਬਸ ਇਹੋ ਹਾਲ ਪੰਜਾਬੀ ਸਭਾਵਾਂ ਅਤੇ ਗੁਰਦਵਾਰਿਆਂ ਦਾ ਹੈ। ਹਰ ਰੋਜ ਕੋਈ ਨਾ ਕੋਈ ਆਪਣੀ ਹੀ ਡੇੜ ਇੱਟ ਦੀ ਮਸਜਦ ਉਸਾਰ ਰਿਹਾ ਹੈ।”

“ਇਹ ਗੱਲ ਪੰਜਾਬੀ ਗਾਇਕਾਂ, ਕੀਰਤਨਾਂ ਅਤੇ ਪੰਜਾਬੀ ਲੇਖਕਾਂ ਦੇ ਬੜੀ ਰਾਸ ਆਈ ਹੋਵੇਗੀ?”

“ਹਾਂ ਬਾਪੂ ਜੀ, ਤੁਸੀਂ ਸੱਚ ਕਹਿੰਦੇ ਹੋ। ਉਹਨਾਂ ਦਾ ਸਿਫਤਾਂ ਦਾ ਮੰਤਰ ਐਸਾ ਕਾਰਗਰ ਸਾਬਤ ਹੋਇਆ ਕਿ ਪਤਾ ਹੀ ਨਾ ਲੱਗੇ ਕਦ ਅਸੀਂ ਇੱਕ ਦੂਸਰੇ ਤੋਂ ਵੱਧ ਛੱਲੇ ਛਾਪਾਂ, ਸੋਨੇ ਦੇ ਕੜਿਆਂ ਨਾਲ ਉਹਨਾਂ ਨੂੰ ਸ਼ਿਗਾਰਨਾ ਸ਼ੁਰੂ ਕਰ ਦਿੱਤਾ। ਆਪਣੇ ਵਾਲਟਾਂ ਦੇ ਮੂੰਹ ਖੋਲ੍ਹ ਦਿੱਤੇ। ਸਖਤ ਮਿਹਨਤ ਨਾਲ ਕਮਾਏ ਡਾਲਰ ਉਹਨਾਂ ਦੀ ਝੋਲੀ ਵਿੱਚ ਜਾਂਦੇ ਦੇਖ ਅਸੀਂ ਖੁਸ਼ ਹੋ ਜਾਂਦੇ ਹਾਂ। ਆਹ ਪਿਛਲੇ ਕੁੱਝ ਦਿਨਾਂ ਦੇ ਤਲਖ ਤਜਰਬੇ ਨੇ।”

“ਬੇਟਾ, ਤੁਹਾਡੇ ਤਲਖ ਤਜਰਬੇ ਦਾ ਕਾਰਨ ਮੈਂ ਸਮਝ ਗਿਆ ਹਾਂ। ਤੁਸੀਂ ਪਰਦੇਸ ਗਏ ਲੇਖਕਾਂ ਦੀ ਪੁੱਜ ਕੇ ਸਾਂਭ ਸੰਭਾਲ ਕੀਤੀ। ਮਹਿੰਗੇ ਰੈਸਟੋਰੈਂਟਾਂ ਵਿੱਚ ਜਾ ਕੇ ਵਲਾਇਤੀ ਵਿਸਕੀ, ਮੱਛੀ ਅਤੇ ਮੁਰਗਿਆਂ ਨਾਲ ਇਹਨਾਂ ਦੀ ਖਾਤਰਦਾਰੀ ਕੀਤੀ; ਅੱਜ ਜਦ ਉਹਨਾਂ ਦੀ ਵਾਰੀ ਆਈ ਤਾਂ ਆਨੇ ਬਹਾਨੇ ਕਰ ਕੇ ਤੁਹਾਨੂੰ ਟਾਲ ਗਏ। ਬੇਟਾ, ਉਹਨਾਂ ਦਾ ਵੀ ਬੱਸ ਨਹੀਂ; ਤੁਹਾਡੇ ਪਾਸ ਤੌਫੀਕ ਸੀ ਕਿ ਉਹਨਾਂ ਨੂੰ ਵਲਾਇਤੀ ਵਿਸਕੀ ਅਤੇ ਮਸਾਲੇਦਾਰ ਮੁਰਗੇ ਮੱਛੀ ਨਾਲ ਲੇੜ੍ਹ ਸਕੋਂ ਪਰ ਜੇ ਉਹਨਾਂ ਨੂੰ ਤੁਹਾਡੀ ਉਸੇ ਤਰ੍ਹਾਂ ਸੇਵਾ ਕਰਨੀ ਪਵੇ ਤਾਂ ਉਹਨਾਂ ਨੂੰ ਤਾਂ ਉੱਗੀ ਦਾ ਚੱਕ ਦਿਸ ਪਊ।”

“ਬਾਪੂ ਜੀ, ਸੇਵਾ ਦੀ ਗੱਲ ਤਾਂ ਇੱਕ ਪਾਸੇ ਰਹੀ, ਵੀਹ ਦਿਨ ਹੋ ਗਏ ਮੈਂਨੂੰ ਆਏ ਨੂੰ, ਕੇਵਲ ਇੱਕ ਲੇਖਕ ਨੇ ਟੈਲੀਫੂਨ ਦਾ ਉੱਤਰ ਦਿੱਤਾ। ਉਹ ਵੀ ਬੀਮਾਰੀ ਦਾ ਬਹਾਨਾ ਬਣਾ ਕੇ ਟਾਲ ਗਿਆ। ਉਸ ਤੋਂ ਬਾਅਦ ਤਾਂ ਸ਼ਾਇਦ ਉਹਨਾਂ ਨੂੰ ਮੇਰੇ ਆਉਣ ਦੀ ਖਬਰ ਲੱਗ ਗਈ। ਬੱਸ, ਆਹ ਕਾਲਰ ਆਈ ਡੀ ਤੋਂ ਹੀ ਸ਼ਾਇਦ ਨੰਬਰ ਦੇਖ ਕੇ ਟੈਲੀਫੂਨ ਹੀ ਨਹੀਂ ਚੁੱਕਦੇ। ਆਹ ਕਾਲਰ ਆਈ ਡੀ ਨੇ ਤਾਂ ਬੇੜਾ ਹੀ ਬਿਠਾ ਦਿੱਤਾ ਹੈ। ਘਰ ਹੁੰਦਾ ਹੋਇਆ ਵੀ ਬੰਦਾ ਘਰ ਨਹੀਂ ਹੈ। ਕੱਲ ਮੈਂ ਇੱਕ ਸਫਰਨਾਮੇ ਦੇ ਲੇਖਕ ਨੂੰ ਟੈਲੀਫੂਨ ਕੀਤਾ ਤਾਂ ਹੈਲੋ ਕਰਨ ਤੋਂ ਬਾਅਦ ਮੇਰਾ ਨਾਂ ਸੁਣਦਿਆਂ ਸਾਰ ਉਸਨੇ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੱਤਾ। ਕਹਿੰਦਾ, ਤੁਹਾਡੀ ਆਵਾਜ਼ ਨਹੀਂ ਆ ਰਹੀ, ਜ਼ਰਾ ਉੱਚੀ ਬੋਲੋ। ਫੇਰ ਟੈਲੀਫੂਨ ਕੰਪਨੀ ਸਿਰ ਸਾਰਾ ਦੋਸ਼ ਮੜ੍ਹ ਕੇ ਫੂਨ ਰੱਖ ਗਿਆ। ਮੈਂ ਬੱਸ ਫੜ ਕੇ ਉਸਦੇ ਘਰ ਚਲਾ ਗਿਆ ਤਾਂ ਪਤਾ ਲੱਗਾ ਕਿ ਉਹ ਤਾਂ ਆਪਣੇ ਸੌਹਰੇ ਘਰ ਚਲੇ ਗਏ ਹਨ। ਮੈਂ ਵੀ ਬੇਸ਼ਰਮਾਂ ਵਾਂਗ ਉਸਦੇ ਸੌਹਰੇ ਘਰ ਜਾ ਪੁੱਜਾ ਤਾਂ ਉਹ ਆਖਣ ਲੱਗੇ ਕਿ ਆਏ ਤਾਂ ਸਨ ਪਰ ਇੱਕ ਐਮਰਜੈਂਸੀ ਕਾਰਨ ਉਹਨਾਂ ਨੂੰ ਇੱਕ ਹਫਤੇ ਲਈ ਕਿਤੇ ਬਾਹਰ ਜਾਣਾ ਪੈ ਗਿਆ। ਮਨ ਖੱਟਾ ਹੋ ਗਿਆ। ਸਾਰੇ ਦਿਨ ਦੀ ਖੱਜਲ ਖੁਆਰੀ, ਉੱਤੋਂ ਬਸ ਦੇ ਹਿਚਕੋਲਿਆਂ ਨੇ ਬੱਖੀਆਂ ਹੁਲ ਸੁੱਟੀਆਂ।”

“ਹੁਣ ਆਈ ਸਮਝ, ਰਾਤੀਂ ਜਹੱਨਮ ਕਿਉਂ ਜਾਣਾ ਚਾਹੁੰਦੇ ਸੀ।” ਗੁਰਨੇਕ ਨੇ ਹੱਸਦਿਆਂ ਹੋਇਆਂ ਆਖਿਆ।

“ਬੇਟਾ, ਸਫਲਤਾ ਜੱਨਤ ਹੈ, ਅਤੇ ਅਸਫਲਤਾ ਜਹੱਨਮ … ਮਨੁੱਖ ਹਰ ਰੋਜ਼ ਜੱਨਤ ਅਤੇ ਜਹੱਨਮ ਵਿੱਚਕਾਰ ਹੀ ਤਾਂ ਤੁਰਿਆ ਫਿਰਦਾ। ਮੈਂਨੂੰ ਲਗਦਾ ਐ ਕਿ ਇਸ ਸਫਰਨਾਮਾ ਲਿਖਣ ਵਾਲੇ ਲੇਖਕ ਨੂੰ ਤੁਹਾਡੀ ਕਮਜ਼ੋਰੀ ਦੀ ਸੋਝੀ ਆ ਗਈ।”

“ਬਾਪੂ ਜੀ, ਉਹ ਕਿਦਾਂ?”

“ਬੇਟਾ ਹਰ ਇਨਸਾਨ ਨਾਂ ਦਾ ਭੁੱਖਾ ਐ। ਆਪਣੀਆਂ ਸਿਫਤਾਂ ਸੁਨਣੀਆਂ ਚਾਹੁੰਦਾ। ਬੱਸ, ਜਦ ਕਿਸੇ ਦੇ ਹੱਥ ਤੁਹਾਡੀ ਆਪਣੀ ਬੱਲੇ ਬੱਲੇ ਕਰਾਉਣ ਦੀ ਦੁਖਦੀ ਨਬਜ਼ ਹੱਥ ਆ ਗਈ, ਫੇਰ ਉਸਦੇ ਪੌਂ ਬਾਰਾਂ ਅਤੇ ਤੁਹਾਡੇ ਪੱਲੇ ਤਿੰਨ ਕਾਣੇ। ਲਾਰੇ ਲਾਉਣ ਵਿੱਚ ਇਹ ਲੇਖਕ ਲੋਕ ਸਿਆਸਤਦਾਨਾਂ ਦੇ ਵੀ ਉਸਤਾਦ ਹਨ। ਐਸਾ ਊਠ ਦਾ ਬੁੱਲ੍ਹ ਦਿਖਾਉਣਗੇ ਕਿ ਬੰਦਾ ਇਹਨਾਂ ਦਾ ਮੁਹਤਾਜ ਹੋ ਜਾਏ। ਹੁਣ ਬੇਟਾ ਦੱਸ, ਤੂੰ ਵੀ ਕੁੰਡੀ ਵਿੱਚ ਫਸੀ ਮੱਛੀ ਦੀ ਤਰ੍ਹਾਂ ਤਾਂ ਨਹੀਂ ਕਿਤੇ।”
“ਹਾਂ ਬਾਪੂ, ਜੀ ਤੁਸੀਂ ਠੀਕ ਕਿਹਾ। ਜਿੰਨੇ ਵੀ ਲੇਖਕ ਸਾਡੇ ਪਾਸ ਆਏ, ਮੈਂ ਉਹਨਾਂ ਦੀ ਪੁੱਜ ਕੇ ਖਾਤਰ ਕੀਤੀ। ਉਹਨਾਂ ਨੇ ਵੀ ਮੇਰੀਆਂ ਲਿਖਤਾਂ ਦੀਆਂ ਸਿਫਤਾਂ ਦੇ ਬੁੰਗੇ ਉਸਾਰ ਦਿੱਤੇ। ਆਖਣ ਲੱਗਾ ਕਿ ਮੇਰੀ ਕਿਤਾਬ ਦਾ ਜ਼ਿਕਰ ਉਹ ਆਪਣੇ ਸਫਰਨਾਮੇ ਵਿੱਚ ਕਰੇਗਾ। ਆਖੇ, ਫੇਰ ਦੇਖੂੰ ਤੁਹਾਨੂੰ ਅਕੈਡਮੀ ਐਵਾਰਡ ਕਿਵੇਂ ਨਹੀਂ ਮਿਲਦਾ। ਉਸ ਨੇ ਇੱਕ ਰਮਜ਼ ਵੀ ਮਾਰੀ। ਆਖਣ ਲੱਗਾ, “ਜਸਵੀਰ ਆਪਣੀ ਮੱਝ ਦੀ ਲੱਸੀ ਆ, ਜਿੱਥੇ ਮਰਜ਼ੀ ਰੱਖ ਕੇ ਪੀ ਲਵੋ। ਤੁਸੀਂ ਇੱਥੇਂ ਆਇਆ ਦੀ ਸਾਡੀ ਸੇਵਾ ਕਰਦੇ ਹੋ, ਅਸੀਂ ਤੁਹਾਡਾ ਨਾਂ ਜੱਗ ਰੌਸ਼ਨ ਕਰ ਦੇਵਾਂਗੇ।”

“ਬੇਟਾ, ਉਸਨੇ ਕੋਈ ਝੂਠ ਥੋੜ੍ਹਾ ਬੋਲਿਆ। ਤੁਸੀਂ ਹੀ ਭੈਂਸ ਭੈਂਸ ( ਮੱਝ ) ਦਾ ਫਰਕ ਨਹੀਂ ਸਮਝ ਸਕੇ।”

“ਉਹ ਕਿਦਾਂ ਬਾਪੂ ਜੀ?”

“ਤੁਹਾਡੀ ਭੈਂਸ ਪਲਾਸਟਕ ਦੀ ਹੈ। ਚੁੱਪ ਕੀਤਿਆਂ ਖਰਚ ਜਿੰਨਾ ਇਵਜ਼ਾਨਾ ਦੇ ਦਿੰਦੀ ਹੈ; ਕਦੇ ਲੱਤ ਨਹੀਂ ਚੁੱਕਦੀ। ਦੇਸੀ ਲੇਖਕਾਂ ਦੀ ਭੈਂਸ ਸਾਰਾ ਦਿਨ ਪੱਠਾ ਦੱਥਾ ਖਾ ਕੇ ਤਰਕਾਲਾਂ ਨੂੰ ਦੁੱਧ ਦੀ ਥਾਂ ਲੱਤ ਕੱਢ ਮਾਰਦੀ ਹੈ।”
“ਬਾਪੂ ਜੀ, ਪੰਦਰ੍ਹਾਂ ਦਿਨਾਂ ਵਿੱਚ ਮੈਂ ਸਿਰਫ ਇੱਕ ਲੇਖਕ ਨੂੰ ਮਿਲ ਸਕਿਆ ਹਾਂ। ਉਸਨੇ ਵੀ ਬੀਮਾਰੀ ਦਾ ਬਹਾਨਾ ਬਣਾ ਕੇ ਜਾਨ ਛੁੜਾ ਲਈ।”

“ਉਸਨੇ ਠੀਕ ਹੀ ਕੀਤਾ; ਤੁਹਾਨੂੰ ਕਿਸੇ ਵਧੀਆ ਰੈਸਟੋਰੈਂਟ ਵਿੱਚ ਲਿਜਾ ਕੇ ਝੁੱਗਾ ਚੌੜ ਕਰਾਉਣੋ ਬਚਣ ਦਾ ਵਧੀਆ ਬਹਾਨਾ ਕੀਤਾ। ਕੋਈ ਫਿਕਰ ਨਹੀਂ ਬੇਟਾ, ਇਹੋ ਤਾਂ ਜ਼ਿੰਦਗੀ ਹੈ।ਅੱਗੇ ਨੂੰ ਬੱਸ ਸਾਦਾ ਭੋਜਨ ਛਕਾਓ ਅਤੇ ਸਾਦੇ ਦੀ ਆਸ ਰਖੋ। … ਬੇਟਾ, ਮੰਨਿਓਂ, ਨਾ ਮੰਨਿਓਂ; ਇਹ ਤੁਹਾਡੀ ਮਰਜ਼ੀ ਹੈ। ਫੋਕੀ ਸ਼ੋਹਰਤ, ਜੱਗ ਦਿਖਾਵਾ ਕਰਨ ਵਾਲਿਆਂ ਨੂੰ ਅੰਤ ਪਛਤਾਉਣਾ ਪੈਂਦਾ ਹੈ। ਜੇ ਨਾਂ ਹੀ ਕਰਨਾ ਚਾਹੁੰਦੇ ਹੋ ਤਾਂ ਆਪਣੀ ਕਲਮ ਨੂੰ ਵਿਕਣ ਤੋਂ ਬਚਾਓ। ਜੋ ਲਿਖਣਾ ਹੈ ਉਸ ਪਿੱਛੇ ਨਰੋਈ ਦਲੀਲ ਹੋਵੇ। ਜਦ ਤੁਹਾਡੀਆਂ ਲਿਖਤਾਂ ਨੇ ਪਾਠਕ ਨੂੰ ਕੋਈ ਸੇਧ ਦਿੱਤੀ ਤਾਂ ਤੁਹਾਡਾ ਆਪੇ ਨਾਂ ਹੋ ਜਾਵੇਗਾ। ਇੱਕ ਗੱਲ ਹੋਰ; ਜੋ ਲਿਖੋ, ਆਪਣੀ ਜਿੰਦਗੀ ਵਿੱਚ ਉਸਨੂੰ ਕਮਾਓ। ਅਮੂਮਨ ਦੇਖਣ ਵਿੱਚ ਆਇਆ ਹੈ ਕਿ ਲੇਖਕ ਬੜੀਆਂ ਬੜੀਆਂ ਗੱਲਾਂ ਲਿਖਦਾ ਹੈ ਪਰ ਜਦ ਆਪ ਸਾਹਵੇਂ ਆ ਜਾਵੇ ਤਾਂ ਮੂੰਹ ਲਕੋਂਦਾ ਫਿਰਦਾ ਹੈ। ਇਹੋ ਜਿਹਾ ਲੇਖਕ ਕਿੰਨਾ ਵੀ ਵਧੀਆ ਕਿਉਂ ਨਾ ਲਿਖਦਾ ਹੋਵੇ, ਉਸਦਾ ਨਾਂ ਉਸਦੇ ਹੁੰਦਿਆਂ ਹੁੰਦਿਆ ਮਿਟ ਜਾਂਦਾ ਹੈ।”

ਜਸਵੀਰ ਦਾ ਨਸ਼ਾ ਟੁੱਟਣ ਲੱਗਾ। ਉਸਨੇ ਇੱਕ ਲੰਮੀ ਉਬਾਸੀ ਲਈ ਤਾਂ ਹਰਨੇਕ ਦਾ ਬਾਪੂ, ‘ਚੰਗਾ ਬੇਟਾ, ਹੁਣ ਤੁਸੀਂ ਆਰਾਮ ਕਰੋ। ਮੇਰੀਆਂ ਬੁੱਢੀਆਂ ਹੱਡੀਆਂ ਵੀ ਹੁਣ ਕੁੱਝ ਆਰਾਮ ਚਾਹੁੰਦੀਆਂ ਹਨ।’ ਆਖਦਾ ਹੋਇਆ ਚਲਾ ਗਿਆ। ਨਾਲ ਹੀ ਗੁਰਨੇਕ ਵੀ ‘ਚੰਗਾ ਭਾ ਜੀ, ਸਵੇਰੇ ਮਿਲਾਂਗੇ,’ ਆਖ ਕੇ ਚਲਾ ਗਿਆ।

ਜਸਵੀਰ ਲੰਮਾ ਤਾਂ ਪੈ ਗਿਆ ਪਰ ਨੀਂਦ ਕਿੱਥੋਂ? ਆਖਰ ਉੱਠਿਆ ਅਤੇ ਕਿਤਾਬਾਂ ਦੇਖੀਆਂ ਅਤੇ ਫੇਰ ਜਦੋਂ ਉਸ ਨੇ ਛੜਜੰਤਰ ਵਾਲੀ ਸ਼ੈਲਫ ਦੇਖੀ ਤਾਂ ਹੈਰਾਨ ਰਹਿ ਗਿਆ। ਇਸ ਕਾਲਮ ਦਾ ਲੇਖਕ ਤਾਂ ਖੁਦ ਗੁਰਨੇਕ ਹੀ ਸੀ। ਇੰਨਾ ਵਧੀਆ ਲੇਖਕ, ਫੇਰ ਗੁਮਨਾਮ ਕਿਉਂ? ਸਵੇਰੇ ਜਦ ਗੁਰਨੇਕ ਜਸਵੀਰ ਨੂੰ ਚਾਹ ਲਈ ਕਹਿਣ ਆਇਆ ਤਾਂ ਜਸਵੀਰ ਨੇ ਮਖੌਲੀਆ ਲਹਿਜੇ ਵਿੱਚ ਕਿਹਾ, “ਤਾਇਆ ਵਰਿਆਮ ਸਿਆਂ, ਸਤਿ ਸ੍ਰੀ ਅਕਾਲ!”

ਗੁਰਨੇਕ ਨੇ ਕਿਹਾ, “ … ਤਾਂ ਤੁਹਾਨੂੰ ਅਸਲੀਅਤ ਦਾ ਪਤਾ ਲੱਗ ਹੀ ਗਿਆ।”

“ਸਚਾਈ ਮਿਟ ਨਹੀਂ ਸਕਤੀ ਬਨਾਵਟ ਕੇ ਅਸੂਲੋਂ ਸੇ, ਖੁਸ਼ਬੂ ਆ ਨਹੀਂ ਸਕਤੀ ਕਭੀ ਕਾਗਜ਼ ਕੇ ਫੂਲੋਂ ਸੇ”
ਜਸਵੀਰ ਦੇ ਇਸ ਸ਼ੇਅਰ ਨਾਲ ਦੋਨੋਂ ਹੱਸ ਪਏ। ਜਸਵੀਰ ਨੇ ਅਗਲਾ ਸਵਾਲ ਕੀਤਾ, “ਨੇਕ ਬੀ ਏ ਕਰ ਕੇ ਐੱਮ ਏ ਕਰ ਰਿਹਾ ਇਨਸਾਨ ਚਲਾਵੇ ਰਖਸ਼ਾ, ਸਮਝ ਨਹੀਂ ਲਗੀ ।”

“ਭਾ ਜੀ ਨੌਕਰੀ ਕਿਤੇ ਮਿਲਦੀ ਨਹੀਂ ਸੀ। ਦਲਾਲਾਂ ਦੇ ਹੱਥ ਚੜ੍ਹ ਕੇ ਸਮੁੰਦਰ ਦੇ ਗੋਤਿਆਂ ਅਤੇ ਪਰਾਈਆਂ ਜੇਲ੍ਹਾਂ ਵਿੱਚ ਸੜਨ ਦੀ ਬਜਾਏ ਰਿਕਸ਼ਾ ਚਲਾਉਣਾ ਸੁਰੱਖਿਅਤ ਲੱਗਾ। … ਹੁਣ ਤੁਸੀਂ ਪੁੱਛੋਗੇ, ਇਹ ਕਾਲਮ ਤਾਏ ਵਰਿਆਮ ਸਿਓਂ ਦੇ ਨਾਂ ਤੇ ਕਿਉਂ ਛਪਾ ਰਿਹਾ ਹਾਂ? ਭਾਜੀ, ਅਗਰ ਮੈਂ ਆਪਣੇ ਨਾਂ ਥੱਲੇ ਛਪਵਾਉਂਦਾ ਤਾਂ ਇੱਕ ਰਿਕਸ਼ੇ ਵਾਲੇ ਦੀ ਲਿਖਤ ਹੁੰਦੀ। ਕਿਸੇ ਬੁੱਧੀਜੀਵੀ ਦੀ ਮੋਹਰ ਲੱਗੀ ਹੋਈ ਹੋਵੇ ਤਾਂ ਇੱਲ ਦਾ ਨਾਂ ਕੁੱਕੜ ਵੀ ਪਰਵਾਨ ਹੋ ਜਾਂਦਾ ਹੈ। ਕੋਈ ਹੋਰ ਬੁੱਧੀਜੀਵੀ ਬੜੇ ਘਰੋੜਵੇਂ ਸ਼ਬਦਾਂ ਵਿੱਚ ਉਸਦੀ ਬੱਲੇ ਬੱਲੇ ਕਰਦਾ ਹੈ। ਨਾਲੇ ਮੈਂ ਆਪਣੀ ਲਿਖਤ ਦੀ ਪਹਿਚਾਣ ਨਾਲ ਆਪਣੀ ਪਹਿਚਾਣ ਕਰਾਉਣੀ ਮੰਗਦਾ ਸਾਂ। ਹੁਣ ਤੁਹਾਨੂੰ ਪਤਾ ਲੱਗ ਹੀ ਗਿਆ। ਜ਼ਿਆਦਾ ਦੇਰ ਤੱਕ ਮੈਂ ਹੁਣ ਗੁੱਝਾ ਨਹੀਂ ਰਹਿ ਸਕਦਾ। ਹੁਣ ਮੈਂਨੂੰ ਛੜਜੰਤਰ ਵਾਲਾ ਗੁਰਨੇਕ ਆਖਣਗੇ। ਹਾਂ ਚਾਹ ਲਈ ਤੁਹਾਡੀ ਉਡੀਕ ਹੋ ਰਹੀ ਹੈ। ਛੇਤੀ ਆ ਜਾਣਾ।”

ਜਸਵੀਰ ਦੇ ਅੰਦਰ ਤਾਂ ਸੰਘਰਸ਼ ਹੋ ਰਿਹਾ ਸੀ। ਦਿਲ ਕਹਿੰਦਾ ਸੀ ਕਿ ਉਹ ਬਾਪੂ ਜੀ ਦੀਆਂ ਗੱਲਾਂ ਅਪਣਾ ਕੇ ਆਪਣੀ ਲਿਖਤ ਦੀ ਪਕਿਆਈ ਤੇ ਜ਼ੋਰ ਦੇਵੇ ਪਰ ਦਿਮਾਗ ਕਹਿੰਦਾ ਸੀ – ਕਟੇ ਨੂੰ ਮਣ ਦੁੱਧ ਦਾ ਕੀ ਭਾ? ਮਰਿਆਂ ਦੀ ਸਿਫਤ ਲੋਕਾਂ ਕਰ ਵੀ ਦਿੱਤੀ ਤਾਂ ਅਸਾਂ ਕਿਹੜਾ ਦੇਖਣ ਆਉਣਾ; ਜਿਸ ਚਾਲੇ ਚੱਲ ਰਿਹਾਂ ਹੈਂ। ਚੱਲਿਆ ਰਹਿ।

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ 2 ਸਤੰਬਰ 2008)
(ਦੂਜੀ ਵਾਰ 22 ਅਕਤੂਬਰ 2021)

***
455
***

ਮੁਹਿੰਦਰ ਸਿੰਘ ਘੱਗ
Tel: 530 695 1318

ਮੁਹਿੰਦਰ ਸਿੰਘ ਘੱਗ

ਮੁਹਿੰਦਰ ਸਿੰਘ ਘੱਗ Tel: 530 695 1318

View all posts by ਮੁਹਿੰਦਰ ਸਿੰਘ ਘੱਗ →