ਖਾਲਸੇ ਦੀ ਰਾਜ ਮਾਤਾ– ਮੁਹਿੰਦਰ ਸਿੰਘ ਘੱਗ |
ਮਾਰਚ ਦੀ ਤੀਹ ਤਾਰੀਖ ਸੀ, ਸਤਾਰਵੀਂ ਸਦੀ ਆਖਰੀ ਸਾਹਾਂ ਤੇ ਸੀ। ਪਹੁ ਫੁਟਾਲੇ ਦੀ ਲਾਲੀ ਵਿਚ ਕੋਹ ਸ਼ਿਵਾਲਕ ਦੀਆਂ ਰਮਣੀਕ ਪਹਾੜੀਆਂ ’ਤੇ ਹਰੇ ਹਰੇ ਪਤਿਆਂ ਨਾਲ ਲੱਦੇ ਹੋਏ ਬਿਰਛ ਇਕ ਅਦਭੁਤ ਨਜ਼ਾਰਾ ਪੇਸ਼ ਕਰ ਰਹੇ ਸਨ। ਇਕ ਪਹਾੜੀ ਦੀ ਚੋਟੀ ਉੱਤੇ ਇਕ ਖੁੱਲ੍ਹੇ ਮੈਦਾਨ ਵਿਚ ਇਕ ਵੱਡਾ ਸਾਏਬਾਨ ਲੱਗਾ ਹੋਇਆ ਸੀ ਜਿਸ ਥੱਲੇ ਇਕ ਬਹੁਤ ਵੱਡਾ ਇਤਿਹਾਸਕ ਇਕੱਠ ਜੁੜਿਆ ਹੋਇਆ ਸੀ। ਉਸ ਸਾਏਬਾਨ ਦੇ ਅੰਦਰ ਹੋ ਰਹੇ ਇਲਾਹੀ ਬਾਣੀ ਦੇ ਕੀਰਤਨ ਦੀਆਂ ਮਧੁਰ ਧੁਨਾਂ ਜਿਉਂ ਜਿਉਂ ਵਾਯੂ ਮੰਡਲ ਵਿਚ ਪਸਰਦੀਆਂ ਤਾਂ ਜੰਗਲ ਦੇ ਪਰਿੰਦੇ ਵੀ ਆਪਣੇ ਆਪ ਨੂੰ ਕੀਰਤਨ ਦੀਆਂ ਧੁਨਾਂ ਨਾਲ ਸੁਰ ਕਰਕੇ ਸਮੇਂ ਨੂੰ ਹੋਰ ਵੀ ਸੁਹਾਵਣਾ ਬਣਾ ਰਹੇ ਸਨ। ਸਾਏਬਾਨ ਦੇ ਅੰਦਰ ਝਾਤ ਮਾਰਿਆਂ ਇਕ ਸੁੰਦਰ ਵਿਛਾਈ ਨਾਲ ਸਜੇ ਹੋਏ ਤਖਤਪੋਸ਼ ਤੇ ਗੁਰੂ ਗੋਬਿੰਦ ਰਾਏ ਜੀ ਵੀਰ ਆਸਣ ਦੀ ਮੁਦਰਾ ਵਿਚ ਬੈਠੇ ਦਿਖਾਈ ਦੇ ਰਹੇ ਸਨ। ਤਖਤਪੋਸ਼ ਦੇ ਨਾਲ ਲਗਦਾ ਹੀ ਇਕ ਛੋਟਾ ਤੰਬੂ ਲੱਗਾ ਹੋਇਆ ਸੀ। ਸਾਏਬਾਨ ਦੇ ਥੱਲੇ ਬੈਠੇ ਹਰ ਪਰਾਣੀ ਨੂੰ ਉਹ ਤੰਬੂ ਫਰਸ਼ ਪੱਧਰ ਤੋਂ ਲੈ ਕੇ ਧੁਰ ਉੱਪਰ ਤਕ ਪੂਰੇ ਦਾ ਪੂਰਾ ਨਜ਼ਰ ਆ ਰਿਹਾ ਸੀ। ਦੀਵਾਨ ਵਿਚ ਇਹ ਤੰਬੂ ਇਕ ਨਵੀਂ ਗੱਲ ਸੀ। ਆਪਣੇ ਗੁਰੂ ਦੀ ਹਜ਼ੂਰੀ ਵਿਚ ਬੈਠੀਆਂ ਸੰਗਤਾਂ ਧੁਰ ਕੀ ਬਾਣੀ ਵਿਚ ਲੀਨ ਸਵਰਗ ਦਾ ਅਨੰਦ ਤਾਂ ਮਾਣ ਰਹੀਆਂ ਸਨ ਪਰ ਨਾਲ ਹੀ ਉਸ ਤੰਬੂ ਬਾਰੇ ਉੱਠ ਰਹੀਆਂ ਵਿਚਾਰਾਂ ਮਨ ਨੂੰ ਬੇਕਾਬੂ ਕਰ ਜਾਂਦੀਆਂ ਸਨ। ਕੀਰਤਨ ਦੀ ਸਮਾਪਤੀ ਹੋਈ। ਗੁਰੂ ਗੋਬਿੰਦ ਰਾਏ ਜੀ ਬੀਰ ਆਸਣ ਤੋਂ ਉੱਠ ਕੇ ਤਖਤ ਪੋਸ਼ ਤੇ ਖੜ੍ਹੇ ਹੋ ਗਏ। ਸੰਗਤਾਂ ਆਪਣੇ ਗੁਰੂ ਦੇ ਦੀਦਾਰ ਪਾ ਕੇ ਨਿਹਾਲ ਨਿਹਾਲ ਹੋ ਗਈਆਂ। ਖੁਸ਼ੀਆਂ ਦੇ ਜੈਕਾਰਿਆਂ ਨਾਲ ਆਸਮਾਨ ਗੂੰਜ ਉੱਠਿਆ। ਉਸ ਵਕਤ ਕਿਸੇ ਦੇ ਸੁਪਨੇ ਵਿਚ ਵੀ ਨਹੀਂ ਸੀ ਕਿ ਇਹ ਤੀਹ ਮਾਰਚ ਸੋਲਾਂ ਸੌ) ਨੜ੍ਹਿਨਵੇਂ ਦੀ ਵਿਸਾਖੀ ਤੇ ਜੁੜੇ ਹੋਏ ਇਕੱਠ ਵਿਚ ਭਾਰਤ ਦੀ ਤਵਾਰੀਖ ਦੇ ਸੋਨ ਵਰਕੇ ਲਿਖੇ ਜਾਣ ਵਾਲੇ ਸਨ।
ਗੁਰੂ ਮਹਾਰਾਜ ਨੇ ਹੱਥ ਦਾ ਇਸ਼ਾਰਾ ਕੀਤਾ। ਸੰਗਤਾਂ ਖਾਮੋਸ਼ ਹੋ ਗਈਆਂ। ਹੁਕਮ ਦੀ ਉਡੀਕ ਹੋਣ ਲੱਗੀ। ਗੁਰੂ ਗੋਬਿੰਦ ਰਾਏ ਜੀ ਨੇ ਸਾਰੇ ਪਾਸੇ ਨਜ਼ਰ ਮਾਰੀ। ਸੰਗਤਾਂ ਨੂੰ ਜੀ ਆਇਆਂ ਆਖਿਆ। ਥੋੜ੍ਹਾ ਰੁਕਣ ਉਪਰੰਤ ਜੋ ਪੈਗਾਮ ਦਿੱਤਾ ਉਸ ਦਾ ਭਾਵ ਅਰਥ ਕੁਝ ਇਸ ਤਰ੍ਹਾਂ ਸੀ: ਸੰਗੀਓ, ਸੇਵਕੋ ! ਮੈਂ ਅੱਜ ਤੁਹਾਡੇ ਨਾਲ ਕੁਝ ਜ਼ਰੂਰੀ ਵਿਚਾਰਾਂ ਕਰਨੀਆਂ ਹਨ। ਜ਼ਾਤ ਪਾਤ ਅਤੇ ਊਚ ਨੀਚ ਦੇ ਵਿਤਕਰੇ ਨੇ ਸਾਡੇ ਸਮਾਜ ਨੂੰ ਬੋਦਾ ਕਰ ਦਿੱਤਾ ਹੈ। ਸਾਡੇ ਲਹੂ ਦਾ ਹਰ ਕਤਰਾ ਗੁਲਾਮੀ ਕਬੂਲ ਕਰ ਚੁੱਕਾ ਹੈ। ਇਸ ਊਚ ਨੀਚ ਦੇ ਭੇਦ ਭਾਵ ਨੂੰ ਮਿਟਾਉਣ ਦੇ ਲਈ ਸਾਡੇ ਪੂਜ ਨੀਕ ਗੁਰੂ ਨਾਨਕ ਦੇਵ ਜੀ ਨੇ ਔਖੇ ਪੈਂਡੇ ਤੈਅ ਕਰਕੇ “ਸਭੇ ਸ਼ਾਂਝੀਵਾਲ ਸਦਾਇਨ ਤੂ ਕਿਸੇ ਨਾ ਦੀਸਹਿ ਬਾਹਰਾ ਜੀਉ” ਦਾ ਸੁਨੇਹਾ ਇਸ ਜੱਗ ਨੂੰ ਦਿੱਤਾ ਸੀ। ਕੋਈ ਦੋ ਸੌ ਸਾਲ ਤੋਂ ਗੁਰੂ ਨਾਨਕ ਦੇਵ ਜੀ ਦੇ ਇਸ ਅਨਮੋਲ ਸੁਨੇਹੇ ਨੂੰ ਅਮਲੀ ਜਾਮਾਂ ਪਹਿਨਾਉਣ ਲਈ ਗੂਰੂ ਨਾਨਕ ਦੇਵ ਜੀ ਦਾ ਇਹ ਦਰ ਕਠਨ ਘਾਲਣਾ ਘਾਲ ਰਿਹਾ ਹੈ। ਸਾਡੇ ਪੂਜਨੀਕ ਪੜਦਾਦਾ ਗੁਰੂ ਅਰਜਨ ਦੇਵ ਜੀ ਨੂੰ ਇਸੇ ਸੱਚ ਦੀ ਆਵਾਜ਼ ਬਲੰਦ ਕਰਨ ਕਰਕੇ ਸ਼ਹੀਦ ਕੀਤਾ ਗਿਆ। ਹਾਲੇ ਤਾਂ ਕੱਲ੍ਹ ਦੀ ਹੀ ਗੱਲ ਹੈ ਜਦ ਸਾਡੇ ਪੂਜਨੀਕ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦੇ ਸਾਥੀਆਂ ਸਮੇਤ ਦਿੱਲੀ ਦੀ ਮੁਤੱਸਬੀ ਸਰਕਾਰ ਨੇ ਸਿਰਫ ਇਸ ਕਰਕੇ ਸ਼ਹੀਦ ਕੀਤਾ ਸੀ ਕਿ ਉਹਨਾਂ ਨੇ ਮਜ਼ਲੂਮਾਂ ਦੇ ਹੱਕ ਵਿਚ ਆਵਾਜ਼ ਉਠਾਈ ਸੀ। ਕਿਸੇ ਦਾ ਜਬਰੀ ਧਰਮ ਬਦਲਣ ਨੂੰ ਅਨਿਆਏ ਆਖਿਆ ਸੀ। ਅਨਿਆਏ ਦਾ ਦਮਨ ਕਦੇ ਆਪੇ ਬੰਦ ਨਹੀਂ ਹੁੰਦਾ। ਉਸ ਨੂੰ ਠੱਲ ਪਾਉਣ ਲਈ ਜੂਝਣਾ ਪੈਂਦਾ ਹੈ। ਆਪਣੇ ਹੱਕਾਂ ਦੀ ਪਰਾਪਤੀ ਲਈ ਸੰਘਰਸ਼ ਕਰਨਾ ਪੈਂਦਾ ਹੈ। ਸੰਗੀਓ, ਸੇਵਕੋ ! ਸਮਾਂ ਮੰਗ ਕਰਦਾ ਹੈ ਕਿ ਇਕ ਚੱਟਾਨ ਵਾਂਗੂੰ ਅਨਿਆਏ ਦੇ ਖਿਲਾਫ ਖੜ੍ਹੇ ਹੋ ਜਾਈਏ। ਕੋਈ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇ ਹੈ ਨਿਜ ਬਲ ਸੇ ਲੇ ਹੈ। ਹਰ ਸੰਘਰਸ਼ ਲਈ ਯੋਜਨਾ ਬਣਾਉਣੀ ਪੈਂਦੀ ਹੈ। ਹਰ ਯੋਜਨਾ ਨੂੰ ਨੇਪਰੇ ਚਾੜ੍ਹਨ ਲਈ ਜ਼ਰੂਰੀ ਵਸਤਾਂ ਦਰਕਾਰ ਹੁੰਦੀਆਂ ਹਨ। ਉਹਨਾਂ ਲੋੜੀਦੀਆਂ ਵਸਤਾਂ ਦੀ ਮੰਗ ਮੈਂ ਤੁਹਾਡੇ ਪਾਸੋਂ ਕਰਨ ਲੱਗਾ ਹਾਂ। ਮੰਗ ਕੁਝ ਅਨੋਖੀ ਲੱਗੇਗੀ। ਨਿਰਾਸ ਨਾ ਕਰਨਾ। ਗੁਰੂ ਦੀਆਂ ਖੁਸ਼ੀਆਂ ਪਰਾਪਤ ਕਰਨ ਲਈ ਹੱਸ ਕੇ ਪਰਵਾਨ ਕਰਿਓ। ਨਾ ਮੈਨੂੰ ਧੰਨ ਚਾਹੀਦਾ ਹੈ ਨਾ ਹੀਰੇ ਜਵਾਹਰਾਤ ਦੀ ਲੋੜ ਹੈ। ਮੇਰੇ ਵੱਲ ਧਿਆਨ ਕਰੋ ਆਖਦਿਆਂ ਗੁਰੂ ਗੋਬਿੰਦ ਰਾਏ ਨੇ ਬਿਜਲੀ ਦੀ ਤੇਜੀ ਨਾਲ ਤਲਵਾਰ ਮਿਆਨ ਵਿਚੋਂ ਧੂਹ ਕੇ ਹਵਾ ਵਿਚ ਲਿਹਰਾਈ। ਸੂਰਜ ਦੀਆਂ ਪਲੇਠੀਆਂ ਕਿਰਨਾਂ ਜੋ ਛਣ ਛਣ ਕੇ ਸਾਏਬਾਨ ਦੇ ਅੰਦਰ ਆ ਰਹੀਆਂ ਸਨ, ਤਲਵਾਰ ਤੇ ਲਿਸ਼ਕੀਆਂ ਤਾਂ ਸਾਰੇ ਪੰਡਾਲ ਵਿਚ ਇਕ ਲਿਸ਼ਕੋਰ ਜਿਹੀ ਫਿਰ ਗਈ। ਫੇਰ ਇਕ ਗਰਜਵੀਂ ਆਵਾਜ਼ ਪੰਡਾਲ ਵਿਚ ਗੂੰਜੀ। ਸਰੋਤਿਆਂ ਨੂੰ ਆਪਣੇ ਕੰਨਾਂ ’ਤੇ ਯਕੀਨ ਨਹੀਂ ਸੀ ਆ ਰਿਹਾ। ‘ਮੈਨੂੰ ਅਜ ਇਕ ਸਿਰ ਦੀ ਲੋੜ ਹੈ। ਕੋਈ ਹੈ ਮੇਰਾ ਸੇਵਕ! ਜੋ ਆਪਣੇ ਗੁਰੂ ਦੀ ਖੁਸ਼ੀ ਲਈ ਆਪਣਾ ਸੀਸ ਭੇਟ ਕਰੇ। ਹਾਂ! ਆਪਣਾ ਆਪ ਪੇਸ਼ ਕਰਨ ਤੋਂ ਪਹਿਲਾਂ ਸੋਚ ਲਿਓ, ਇਸ ਤੇਗ ਦੀ ਤਿਖੀ ਧਾਰ ਬਾਰੇ ਅਤੇ ਇਸ ਦੀ ਸਮੱਰਥਾ ਬਾਰੇ।’ ਕੀ ਮੈਂ ਸਮਝ ਲਵਾਂ ਕਿ ਤੁਹਾਡੇ ਵਿਚੋਂ ਇਕ ਵੀ ਨਹੀਂ ਨਿੱਤਰੇਗਾ। ਜਲਦੀ ਕਰੋ, ਵੇਲਾ ਬੀਤ ਰਿਹਾ ਹੈ। ”ਜੀ, ਮੈਂ ਦਇਆ ਰਾਮ, ਲਾਹੌਰ ਦੇ ਰਹਿਣ ਵਾਲਾ ਖੱਤਰੀ ਹਾਂ।” ਸ਼ੂੰ— ਦੀ ਆਵਾਜ਼, ਝਟਕ ਦੀ ਆਵਾਜ਼, ਫੇਰ ਕੁਝ ਡਿਗਣ ਦੀ ਆਵਾਜ਼ ਤੰਬੂ ਦੀ ਕੰਧ ਤੇ ਸੂਹੇ ਛਿੱਟੇ ਅਤੇ ਫਰਸ਼ ਤੋਂ ਬਾਹਰ ਆਉਂਦੀ ਲਹੂ ਦੀ ਧਾਰ, ਇਹ ਚਿੰਨ੍ਹ ਤੰਬੂ ਅੰਦਰ ਬੀਤੀ ਕਹਾਣੀ ਦਾ ਦ੍ਰਿਸ਼ ਪੇਸ਼ ਕਰ ਰਹੇ ਸਨ। ਕਮਜ਼ੋਰ ਇਰਾਦੇ ਵਾਲਿਆਂ ਦੇ ਮਨਾਂ ਅੰਦਰ ਉੱਥੋਂ ਖਿਸਕ ਜਾਣ ਦੀਆਂ ਵਿਚਾਰਾਂ ਦਾ ਪਰਗਟ ਹੋਣਾ ਸੁਭਾਵਕ ਹੀ ਤਾਂ ਸੀ। ਹਰ ਕੋਈ ਸੋਚਦਾ ਸੀ ਕੋਈ ਹੋਰ ਹੀ ਉੱਠ ਕੇ ਜਾਣ ਦੀ ਛੇੜ ਪਾਵੇ। ਪਰ ਇਕ ਗਰਜਵੀਂ ਆਵਾਜ ਨੇ ਜਦ ਇਕ ਹੋਰ ਸਿਰ ਦੀ ਮੰਗ ਕਰ ਦਿੱਤੀ ਤਾਂ ਸਭ ਦੀਆਂ ਸੋਚਾਂ ਰੁਕ ਗਈਆਂ। ਧਿਆਨ ਹੁਣੇ ਹੁਣੇ ਤੰਬੂ ਤੋਂ ਬਾਹਰ ਆਏ ਗੁਰੂ ਤੇ ਕੇਂਦਰਤ ਹੋ ਗਏ। ਉਹੀ ਗਰਜਵੀਂ ਆਵਾਜ਼, ਉਹੀ ਚਿਹਰੇ ਦਾ ਜਲਾਲ, ਰੱਤ ਰੰਗੀ ਤੇਗ ਦੀ ਧਾਰ ਤੋਂ ਟਪਕਦੀਆਂ ਲਾਲ ਸੁਰਖ ਲਹੂ ਦੀਆਂ ਬੂੰਦਾਂ ਦੇਖ ਦਿਲ ਦਹਿਲ ਨਾ ਜਾਂਦੇ ਤਾਂ ਹੋਰ ਕੀ ਹੁੰਦਾ। ਭਰੇ ਦੀਵਾਨ ਵਿਚ ਮੌਤ ਵਰਗੀ ਚੁੱਪ ਛਾ ਗਈ। ਕੋਈ ਡਰਦਾ ਉੱਪਰ ਅੱਖ ਨਹੀਂ ਸੀ ਚੁੱਕ ਰਿਹਾ। ਨਾ ਜਾਣੇ ਗੁਰੂ ਕਿਸ ਵਲ ਇਸ਼ਾਰਾ ਕਰ ਦੇਵੇ। ਐਵੇਂ ਜਾਹ ਜਾਂਦੀ ਹੋ ਜਾਵੇ। ਜਦੋਂ ਪਹਿਲੀ ਆਵਾਜ਼ ’ਤੇ ਸੀਸ ਦੀ ਭੇਟ ਦੇਣ ਲਈ ਕੋਈ ਨਾ ਉੱਠਿਆ ਤਾਂ ਗੁਰੂ ਜੀ ਨੇ ਆਪਣੀ ਮੰਗ ਦੀ ਪੁਸ਼ਟੀ ਕਰਦਿਆਂ ਉਸੇ ਗਰਜਵੀਂ ਆਵਾਜ਼ ਵਿਚ ਕਿਹਾ, “ਮੈਨੂੰ ਨਹੀਂ ਸੀ ਪਤਾ ਕਿ ਤੁਹਾਨੂੰ ਮੇਰੇ ਨਾਲੋਂ ਆਪਣੀ ਜਾਨ ਜ਼ਿਆਦਾ ਪਿਆਰੀ ਹੈ। ਕੀ ਮੈਂ ਸਮਝ ਲਵਾਂ ਕਿ ਮੇਰੀ ਮੰਗ ਪੂਰੀ ਕਰਨ ਲਈ ਕੋਈ ਨਹੀਂ ਉੱਠੇਗਾ?” ਇਕ ਹੋਰ ਸੇਵਕ ਆਪਣੇ ਗੁਰੂ ਦੇ ਹੁਕਮ ਤੇ ਜਾਨ ਨਿਸ਼ਾਵਰ ਕਰਨ ਲਈ ਚਲਿਆ ਆ ਰਿਹਾ ਹੈ। ਚਿਹਰਾ ਗੰਭੀਰ ਹੈ। ਕਦਮਾਂ ਵਿਚ ਕਾਹਲ ਹੈ। ਆਪਣੇ ਗੁਰੂ ਦੇ ਹਜ਼ੂਰ ਪੁੱਜ ਕੇ ਬੇਨਤੀ ਕੀਤੀ, “ਸੱਚੇ ਪਾਤਸ਼ਾਹ, ਹਸਤਨਾ ਪੁਰ ਦੇ ਰਹਿਣ ਵਾਲਾ ਧਰਮ ਦਾਸ ਜੱਟ ਹਾਂ। ਉੱਠਣ ਵਿਚ ਕੁਝ ਦੇਰੀ ਹੋ ਗਈ ਮੇਰੇ ਪਾਤਸ਼ਾਹ, ਖਿਮਾ ਚਾਹੁੰਦਾ ਹਾਂ।” ਗਰਦਨ ਝੁਕਾ ਕੇ ਆਖਿਆ, “ਸਿਰ ਹਾਜਰ ਹੈ, ਕਬੂਲ ਕਰੋ।” ਪੰਡਾਲ ਵਿਚ ਸਹਿਮ ਛਾ ਗਿਆ। ਸੇਵਕ ਇਕ ਦੂਸਰੇ ਤੋਂ ਅੱਖ ਬਚਾ ਕੇ ਖਿਸਕਣੇ ਸ਼ੁਰੂ ਹੋ ਗਏ। ਪੰਡਾਲ ਵਿਚ ਗਿਣਤੀ ਘਟਣੀ ਸ਼ੁਰੂ ਹੋ ਗਈ। ਤੀਸਰੀ ਬਾਰ ਤੰਬੂ ਤੋਂ ਬਾਹਰ ਆਉਂਦਿਆਂ ਗੁਰੂ ਜੀ ਨੇ ਇਕ ਹੋਰ ਸਿਰ ਦੀ ਮੰਗ ਕੀਤੀ ਤਾਂ ਜਗਨ ਨਾਥ ਦਾ ਹਿੰਮਤ ਰਾਏ ਆ ਹਾਜ਼ਰ ਹੋਇਆ। “ਹਿੰਮਤ! ਦਇਆ ਅਤੇ ਧਰਮ ਦੀ ਭੁਜਾ! ਜੇ ਹਿੰਮਤ ਨਾ ਹੋਵੇ ਤਾਂ ਦਇਆ ਅਤੇ ਧਰਮ ਇਕ ਫਲਸਫੇ ਤੋਂ ਵੱਧ ਹੈਸੀਅਤ ਨਹੀਂ ਰੱਖਦੇ। ਹਿੰਮਤ ਤੇਰੇ ਬਗੈਰ ਦਇਆ ਅਤੇ ਧਰਮ ਅਧੂਰੇ ਰਹਿ ਜਾਣੇ ਸਨ।” ਇਹ ਆਖਦੇ ਹੋਏ ਗੁਰੂ ਮਹਾਰਾਜ ਹਿੰਮਤ ਰਾਏ ਨੂੰ ਵੀ ਤੰਬੂ ਵਿਚ ਲੈ ਗਏ। ਪਹਿਲਾਂ ਵਾਂਗ ਆਵਾਜ਼ਾਂ ਆਈਆਂ। ਉਸੇ ਤਰ੍ਹਾਂ ਲਹੂ ਦਾ ਪਰਨਾਲਾ ਵਗਦਾ ਦੇਖ ਕੇ ਕਈ ਤਾਂ ਸੋਚਣ ਤੇ ਮਜਬੂਰ ਹੋ ਗਏ ਕਿ ਆਈ ਮੌਤੇ ਤਾਂ ਹਰ ਕੋਈ ਮਰਦਾ ਹੀ ਹੈ, ਅਨਿਆਈ ਮੌਤੇ ਕਿਉਂ ਮਰਿਆ ਜਾਵੇ। ਕੁਝ ਇਕ ਨੇ ਮਾਤਾ ਜੀ ਪਾਸ ਜਾ ਸ਼ਕਾਇਤੀ ਕੀਤੀ। ਇਹ ਅੱਜ ਗੁਰੂ ਨੂੰ ਕੀ ਹੋ ਗਿਆ? ਆਪਣੇ ਹੱਥੀਂ ਸੇਵਕਾਂ ਦਾ ਕਤਲ ਕਰੀ ਜਾ ਰਿਹਾ ਹੈ। ਕਿਉਂ ਆਊ ਕੋਈ ਦਰਸ਼ਣਾ ਨੂੰ। ਪੰਡਾਲ ਵਿਚ ਗਿਣਤੀ ਘਟੀ ਦਾ ਗੁਰੂ ਜੀ ਤੇ ਕੋਈ ਅਸਰ ਨਹੀਂ ਹੋਇਆ। ਚੌਥੀ ਵਾਰ ਫੇਰ ਉਸੇ ਗਰਜਵੀਂ ਆਵਾਜ਼ ਵਿਚ ਇਕ ਸਿਰ ਦੀ ਮੰਗ ਹੋਰ ਕਰ ਦਿੱਤੀ। ਇਸ ਵਾਰ ਇਕ ਹੋਰ ਆਦਮੀ ਨੇ ਗੁਰੂ ਜੀ ਦੇ ਸਨਮੁੱਖ ਹੁਂਦਿਆਂ ਬੇਨਤੀ ਕੀਤੀ, “ਗੁਰੂ ਜੀ ਦਵਾਰਕਾ ਦਾ ਵਾਸੀ ਹਾਂ। ਮੋਹਕਮ ਚੰਦ ਨਾਂ ਹੈ। ਜ਼ਾਤ ਦਾ ਛੀਂਬਾ ਹਾਂ। ਮੇਰੀ ਨੀਚੀ ਜ਼ਾਤ ਕਾਰਨ ਮੇਰੀ ਇਹ ਤੁਛ ਜਿਹੀ ਸੀਸ ਭੇਟਾ ਕਬੂਲ ਕਰਨ ਤੋਂ ਇਨਕਾਰ ਨਾ ਕਰ ਦੇਣਾ।” ਪੰਜਵੀਂ ਮੰਗ ’ਤੇ ਬਿਦਰ ਦਾ ਸਾਹਿਬ ਚੰਦ ਤੇਜ਼ ਕਦਮੀਂ ਗੁਰੂ ਮਹਾਰਾਜ ਦੇ ਸਨਮੁੱਖ ਹੋਇਆ। ਗੁਰੂ ਜੀ ਨੇ ਪਹਿਲਾਂ ਵਾਂਗ ਤਕੜਾ ਹੱਥ ਉਸ ਦੇ ਡੌਲੇ ਨੂੰ ਪਾਇਆ ਤੇ ਆਖਿਆ, ਦਇਆ, ਧਰਮ ,ਹਿਮੰਤ ਅਤੇ ਮੋਹਕਮਤਾ ਦੇ ਨਾਲ ਨਾਲ ਸਾਹਿਬੀ ਵੀ ਬਹੁਤ ਜ਼ਰੂਰੀ ਸੀ। ਜੇ ਸਵੈਮਾਨ ਨਹੀਂ ਤਾਂ ਸਭ ਕੁਝ ਹੁੰਦਿਆਂ ਹੋਇਆਂ ਢਹਿੰਦੀ ਕਲਾ ਭਾਰੂ ਹੋ ਜਾਂਦੀ ਹੈ।” ਗੁਰੂ ਜੀ ਉਸ ਨੂੰ ਵੀ ਤੰਬੂ ਵਿਚ ਲੈ ਗਏ। ਦੀਵਾਨ ਵਿਚ ਭੈ ਦਾ ਵਾਤਾਵਰਨ ਛਾਇਆ ਹੋਇਆ ਸੀ। ਸੰਗਤਾਂ ਦੀ ਗਿਣਤੀ ਕਾਫੀ ਘਟ ਗਈ ਸੀ। ਬਾਕੀ ਬੈਠੇ ਲੋਕ ਬੇਸ਼ਕ ਨੀਵੀਆਂ ਪਾਈ ਬੈਠੇ ਸਨ ਪਰ ਕੰਨ ਜ਼ਰੂਰ ਉਸ ਗਰਜਵੀਂ ਆਵਾਜ਼ ਦੀ ਉਡੀਕ ਵਿਚ ਸਨ। ਜਦ ਕੁਝ ਸਮੇਂ ਤੋਂ ਕੋਈ ਆਵਾਜ਼ ਨਾ ਆਈ ਤਾਂ ਸੰਗਤਾਂ ਵਿਚੋਂ ਕਈਆਂ ਨੇ ਵੱਡਾ ਸਾਰਾ ਜੇਰਾ ਕਰਕੇ ਤੰਬੂ ਵੱਲ ਦੇਖਣ ਦਾ ਯਤਨ ਕੀਤਾ। ਕੀ ਦੇਖਦੇ ਹਨ ਕਿ ਗੁਰੂ ਗੋਬਿੰਦ ਰਾਏ ਦੇ ਪਿੱਛੇ ਉਹ ਪੰਜੇ ਸੇਵਕ ਗੁਰੂ ਵਰਗੇ ਬਾਣੇ ਵਿਚ ਸਜੇ ਹੋਏ ਤੰਬੂ ਤੋਂ ਬਾਹਰ ਆ ਰਹੇ ਹਨ। ਉਹਨਾਂ ਦੀਆਂ ਅੱਖਾਂ ਰੌਸ਼ਨ ਸਨ। ਚਿਹਰਿਆਂ ਦਾ ਜਲਾਲ ਝੱਲਿਆ ਨਹੀਂ ਸੀ ਜਾ ਰਿਹਾ। ਜੋ ਦਿਸ ਰਿਹਾ ਸੀ, ਉਸ ਤੇ ਯਕੀਨ ਕਰਨਾ ਔਖਾ ਸੀ ਅਤੇ ਜੋ ਯਕੀਨ ਕਰ ਚੁੱਕੇ ਸਨ ਉਸ ’ਤੇ ਸ਼ੰਕਾ ਕਰਨਾ ਮੁਸ਼ਕਲ ਸੀ। ਬੜੀ ਮੁਸ਼ਕਲ ਬਣੀ ਹੋਈ ਸੀ। ਪਛਤਾਵਾ ਹੋ ਰਿਹਾ ਸੀ ਕਿ ਕਿਉਂ ਨਾ ਉਹਨਾਂ ਨੇ ਆਪਣੇ ਆਪ ਨੂੰ ਪੇਸ਼ ਕੀਤਾ। ਪਰ ਹੁਣ ਤਾਂ ਕੁਝ ਵੀ ਨਹੀਂ ਸੀ ਹੋ ਸਕਦਾ। ਸਮਾਂ ਬੀਤ ਚੁੱਕਾ ਸੀ। ਕੁਝ ਹੀ ਸਮਾਂ ਪਹਿਲਾਂ ਜੀਵਨ ਨੂੰ ਮੌਤ ਭੈ ਭੀਤ ਕਰ ਰਹੀ ਸੀ ਅਤੇ ਇਹ ਇਕ ਹੋਰ ਅੱਲੋਕਾਰੀ ਸੀ ਕਿ ਮੌਤ ’ਚੋਂ ਨਵਾਂ ਜੀਵਨ ਪਾ ਕੇ ਉਹ ਪੰਜੇ ਸੇਵਕ ਨੌਂ ਬਰ ਨੌਂ ਆਪਣੇ ਗੁਰੂ ਦੇ ਸਨਮੁਖ ਖੜ੍ਹੇ ਸਨ। ਹੋਰ ਜਾਨਣ ਦੀ ਇੱਛਾ ਇੱਡੀ ਪਰਬਲ ਹੋ ਗਈ ਕਿ ਉਹ ਸੰਗਤਾਂ ਨੂੰ ਘੇਰ ਘੇਰ ਕੇ ਪੰਡਾਲ ਵੱਲ ਨੂੰ ਲਈ ਆ ਰਹੀ ਸੀ। ਪੰਡਾਲ ਵਿਚ ਫੇਰ ਇਕੱਠ ਜੁੜਨ ਲੱਗ ਗਿਆ। ਉੱਧਰ ਗੁਰੂ ਗੋਬਿੰਦ ਰਾਏ ਆਪਣੀ ਧੁੰਨ ਵਿਚ ਮਸਤ ਅਗਲਾ ਅਧਿਆਏ ਲਿਖਣ ਦੇ ਆਹਰ ਲੱਗੇ ਹੋਏ ਸਨ। ਸਰਬ ਲੋਹ ਦੇ ਬਾਟੇ ਵਿਚ ਸਤਲੁਜ ਦਾ ਪਾਣੀ ਸੀ। ਗੁਰੂ ਮਹਾਰਾਜ ਅਤੇ ਪੰਜੇ ਸੇਵਕ ਉਸ ਬਾਟੇ ਦੁਆਲੇ ਬੀਰ ਆਸਨ ਹੋ ਕੇ ਬੈਠੇ ਸਨ। ਗੁਰੂ ਮਹਾਰਾਜ ਦਾ ਖੱਬਾ ਹੱਥ ਅਤੇ ਪੰਜਾਂ ਸੇਵਕਾਂ ਦੇ ਦੋਵੇਂ ਹੱਥ ਉਸ ਬਾਟੇ ’ਤੇ ਸਨ। ਸਭ ਦੀ ਨੀਝ ਪਾਣੀ ਵਿਚ ਲੱਗੀ ਹੋਈ ਸੀ। ਗੁਰੂ ਮਹਾਰਾਜ ਸੱਜੇ ਹੱਥ ਨਾਲ ਦੋ ਧਾਰਾ ਖੰਡਾ ਬਾਟੇ ਵਿਚਲੇ ਜਲ ਵਿਚ ਫੇਰ ਰਹੇ ਸਨ। ਨਾਲ ਨਾਲ ਗੁਰੂ ਜੀ ਨੇ ਉੱਚੀ ਸੁਰ ਵਿਚ ਜਪੁ ਜੀ ਸਾਹਿਬ, ਜਾਪ ਸਾਹਿਬ, ਸੁਧਾ ਸੱਵਈਏ, ਚੌਪਈ ਅਤੇ ਅਨੰਦ ਸਾਹਿਬ ਦਾ ਪਾਠ ਕੀਤਾ। ਇੰਨੇ ਨੂੰ ਮਾਤਾ ਸਾਹਿਬ ਦੇਵਾਂ ਝੋਲੀ ਵਿਚ ਕੁਝ ਲਪੇਟੀ ਆ ਹਾਜ਼ਰ ਹੋਏ, “ਗੁਰੂ ਦੇਵ, ਆਗਿਆ ਹੋਵੇ ਤਾਂ ਕੁਝ ਬੇਨਤੀਆਂ ਕਰਾਂ?” ਗੁਰੂ ਮਹਾਰਾਜ ਨੇ ਨਿਗਾਹ ਉਤਾਂਹ ਉਠਾਈ। ਸਾਹਿਬ ਦੇਵਾਂ ਵੱਲ ਦੇਖਿਆ ਅਤੇ ਦੋ ਸਤਿਕਾਰ ਭਰੇ ਸ਼ਬਦ ਕਹੇ, “ਕਹੋ ਦੇਵੀ!” “ਗੁਰੂ ਦੇਵ, ਦਿਲ ਵਿਚ ਇਕ ਸ਼ੰਕਾ ਹੈ। ਇਹ ਦੋਧਾਰੇ ਖੰਡੇ ਦੀ ਪਾਣ ਵਾਲਾ ਫਿੱਕਾ ਅੰਮ੍ਰਿਤ ਬਹਾਦਰੀ ਦੇ ਨਾਲ ਨਾਲ ਕਿਤੇ ਰੁੱਖਾਪਨ ਨਾ ਪੈਦਾ ਕਰ ਦੇਵੇ। ਇਸ ਵਿਚ ਮਿਠਾਸ ਪੈਦਾ ਕਰਨ ਲਈ ਕੁਝ ਪਤਾਸੇ ਲੈ ਕੇ ਆਈ ਹਾਂ। ਇਜਾਜ਼ਤ ਹੋਵੇ ਤਾਂ ਪਾ ਦੇਵਾਂ।” ਗੁਰੂ ਜੀ ਨੇ ਖੁਸ਼ੀ ਖੁਸ਼ੀ ਆਗਿਆ ਦਿੰਦਿਆਂ ਆਖਿਆ, “ਦੇਵੀ! ਤੁਸੀਂ ਇਸਤਰੀ ਕਰਤਵ ਦੀ ਪਾਲਣਾ ਕੀਤੀ ਹੈ। ਇਹ ਇਸਤਰੀ-ਪਿਆਰ ਦਾ ਮੁਜੱਸਮਾ) ਹੈ। ਮਿਠਾਸ ਦਾ ਸੋਮਾ ਹੈ। ਜਗਤ ਮਾਂ ਹੈ। ਤੁਸਾਂ ਪਤਾਸੇ ਪਾ ਕੇ ਇਸ ਕਾਰਜ ਵਿਚ ਬੜਾ ਹੀ ਯੋਗ ਥਾਂਹ ਪਰਾਪਤ ਕੀਤਾ ਹੈ। ਤੁਸੀਂ ਯੁਗਾਂ ਯੁਗਾਂਤਰਾਂ ਤਕ ਇਸ ਪਰਿਵਾਰ ਦੀ ‘ਧਰਮ ਮਾਂ’ ਹੋਵੋਗੇ।” ਅੰਮ੍ਰਿਤ ਤਿਆਰ ਹੋ ਗਿਆ। ਜਿਸ ਵਿਚ ਸਰਬਲੋਹ ਦੀ ਸ਼ੁੱਧੀ, ਜਲ ਦੀ ਪਵਿੱਤਰਤਾ, ਗੁਰਬਾਣੀ ਦੀ ਫਿਲਾਸਫੀ, ਗੁਰੂ ਮਹਾਰਾਜ ਦੀ ਦ੍ਰਿੜ੍ਹਤਾ ਅਤੇ ਪਤਾਸਿਆਂ ਦੀ ਮਿਠਾਸ ਭਰੀ ਗਈ। ਫਿਰ ਉਸ ਦੀ ਪਰਾਪਤੀ ਤੋਂ ਬਾਅਦ ਕਾਇਆ ਕਲਪ ਨਾ ਹੁੰਦੀ ਤਾਂ ਹੋਰ ਕੀ ਹੁੰਦਾ। ਅੰਮ੍ਰਿਤ ਛਕਾਉਣ ਦੀ ਰਸਮ ਸ਼ੁਰੂ ਹੋਈ। ਗੁਰੂ ਮਹਾਰਾਜ ਨੇ ਅੰਮ੍ਰਿਤ ਦੀਆਂ ਕੁਝ ਬੂੰਦਾਂ ਬੀਰ ਆਸਣ ਵਿਚ ਬੈਠੇ ਪੰਜਾਂ ਸੇਵਕਾਂ ਦੇ ਸਿਰ ਵਿਚ ਚੁਆਈਆਂ ਅਤੇ ਆਖਿਆ, “ਹੁਣ ਇਹ ਸਿਰ ਅਣਖ ਵਾਲਾ ਹੋ ਗਿਆ ਹੈ। ਇਸ ਦੀ ਸੋਚਣੀ ਵਿਚ ਸੁਧਾਰ ਆ ਗਿਆ ਹੈ। ਇਸ ਦਾ ਸਵੈਮਾਨ ਜਾਗ ਪਿਆ ਹੈ। ਇਹ ਸਿਰ ਹੁਣ ਗੁਲਾਮੀ ਕਬੂਲ ਨਹੀਂ ਕਰੇਗਾ। ਇਕ ਅਕਾਲ ਪੁਰਖ ਤੋਂ ਸਵਾਏ ਕਿਸੇ ਅੱਗੇ ਨਹੀਂ ਝੁਕੇਗਾ।” ਫੇਰ ਕੁਝ ਛਿੱਟੇ ਅੱਖਾਂ ਵਿਚ ਮਾਰ ਕੇ ਆਖਣ ਲੱਗੇ, “ਇਹ ਅੱਖਾਂ ਹੁਣ ਸ਼ਰਮ ਵਾਲੀਆਂ ਹੋ ਗਈਆਂ ਹਨ। ਅਣਖ ਵਾਲੀਆਂ ਹੋ ਗਈਆਂ ਹਨ, ਦੂਸਰਿਆਂ ਦਾ ਸਤਕਾਰ ਕਰਨ ਵਾਲੀਆਂ ਹੋ ਗਈਆਂ ਹਨ। ਇਹਨਾਂ ਵਿਚ ਹੁਣ ਦਵੈਤ ਨਹੀਂ ਸਮਾ ਸਕਦੀ। ਇਹਨਾਂ ਵਿਚ ਹੁਣ ਚਾਨਣ ਹੋ ਗਿਆ ਹੈ। ਇਹ ਹੁਣ ਹਰ ਕਦਮ ਪੁੱਟਣ ਲੱਗਿਆਂ ਠੀਕ ਅਗਵਾਈ ਦੇਣਗੀਆਂ।” ਫੇਰ ਪੰਜ ਚੂਲੇ ਪੀਣ ਨੂੰ ਦਿੱਤੇ ਗਏ। ਹਲਕ ਤੋਂ ਥੱਲੇ ਉੱਤਰਦਿਆਂ ਹੀ ਉਹਨਾਂ ਪੰਜਾਂ ਗੁਰੂ ਪਿਆਰਿਆਂ ਦੀਆਂ ਰੂਹਾਂ ਵਿਚ ਇਨਕਲਾਬ ਆ ਗਿਆ। ਗੁਰੂ ਜੀ ਨੇ ਕਿਹਾ, “ਮੇਰੇ ਨਾਲ ਮਿਲ ਕੇ ਬੋਲੋ – ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।” ਉਹਨਾਂ ਦੇ ਨਾਲ ਕੁਝ ਕਹੀਆਂ ਅਤੇ ਕੁਝ ਅਣਕਹੀਆਂ ਆਵਾਜ਼ਾਂ ਪੰਡਾਲ ਵਿਚੋਂ ਵੀ ਰਲੀਆਂ। ਫੇਰ ਗੁਰੂ ਗੋਬਿੰਦ ਰਾਏ ਉਹਨਾਂ ਨੂੰ ਸੰਬੋਧਨ ਹੁੰਦੇ ਹੋਏ ਆਖਣ ਲੱਗੇ, “ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ। ਅੱਜ ਤੋਂ ਤੁਹਾਡੇ ਨਾਮ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੁਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਹੋ ਗਏ ਹਨ। ਹੁਣ ਜੋ ਵੀ ਪਰਾਣੀ ਅੰਮ੍ਰਿਤ ਛਕੇਗਾ, ਉਹ ਸਿੰਘ ਬਣ ਜਵੇਗਾ। ਅਤੇ ਇਸਤਰੀ ਵੀ ਪਿੱਛੇ ਨਹੀਂ ਰਹੇਗੀ। ਉਸ ਦੇ ਨਾਂ ਨਾਲ ਕੌਰ ਸ਼ਬਦ ਜੁੜ ਜਾਵੇਗਾ। ਕੰਘਾ, ਕੇਸ, ਕੜਾ, ਕਿਰਪਾਨ ਅਤੇ ਕੱਛ; ਇਹ ਪੰਜ ਕਕਾਰ ਤੁਹਾਡੀ ਬਾਹਰੀ ਪਹਿਚਾਣ ਹੋਣਗੇ। ਸਿਰ ਜਾਵੇ ਤਾਂ ਜਾਵੇ ਪਰ ਤੁਹਾਡਾ ਸਿੱਖੀ ਸਿਦਕ ਅਟੱਲ ਰਹੇ। ਸ਼ੁਭ ਕਰਮਨ ਤੇ ਕਬਹੂੰ ਨਾ ਟਰੂੰ, ਤੁਹਾਡੀ ਨਿੱਤ ਦੀ ਅਰਦਾਸ ਹੋਵੇਗੀ। ਤੁਸੀਂ ਮੇਰੇ ਪੰਜ ਪਿਆਰੇ ਹੋ। ਖਾਲਸਾ ਪੰਥ ਦੇ ਰਹਿਬਰ ਹੋ। ਤੁਸੀਂ ਨਾ ਕਿਸੇ ਤੋਂ ਡਰਨਾ ਹੈ ਅਤੇ ਨਾ ਹੀ ਕਿਸੇ ਨੂਂ ਡਰਾਉਣਾ ਹੈ। ਨਾਮ ਜਪਣਾ, ਵੰਡ ਕੇ ਛਕਣਾ ਅਤੇ ਧਰਮ ਦੀ ਕਾਰ ਕਰਨੀ, ਤੁਹਾਡਾ ਜੀਵਨ ਸਿਧਾਂਤ ਹੋਵੇਗਾ। ਸੰਗਤਾਂ ਸਮਝ ਰਹੀਆਂ ਸਨ ਕੇ ਕਾਰਜ ਪੂਰਾ ਹੋ ਗਿਆ। ਪਰ ਇਕ ਨਵੇਂ ਕੌਤਕ ਨੇ ਸੰਗਤਾਂ ਨੂੰ ਅਚੰਭੇ ਵਿਚ ਪਾ ਦਿੱਤਾ। ਗਰਜਵੀਂ ਆਵਾਜ਼ ਵਿਚ ਸੀਸ ਮੰਗਣ ਵਾਲਾ ਗੋਬਿੰਦ ਰਾਏ ਹੱਥ ਜੋੜ ਕੇ ਪੰਜਾਂ ਅੱਗੇ ਜੋਦੜੀ ਕਰ ਰਿਹਾ ਹੈ, “ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਮੈਨੂੰ ਵੀ ਖਾਲਸਾ ਸਜਾਓ।” ਸੰਗਤਾਂ ਹੈਰਾਨ ਸਨ। ਪੰਜੇ ਪਿਆਰੇ ਹੈਰਾਨ ਸਨ। ਕੁਝ ਸਮਝ ਨਹੀਂ ਸੀ ਆ ਰਹੀ ਕਿ ਕੀ ਕਰਨ। ਆਖਰ ਭਾਈ ਦਇਆ ਸਿੰਘ ਜੀ ਨੇ ਅੱਗੇ ਹੋ ਕੇ ਬੇਨਤੀ ਕੀਤੀ, “ਇਹ ਨਾ ਮੁਮਕਨ ਹੈ। ਸੇਵਕ ਆਪਣੇ ਗੁਰੂ ਨੂੰ ਹੁਕਮ ਨਹੀਂ ਦੇ ਸਕਦਾ। ਸਾਥੋਂ ਨਹੀਂ ਹੋਵੇਗਾ।” ਗੋਬਿੰਦ ਰਾਏ ਨੇ ਕਿਹਾ, “ਦਇਆ ਸਿੰਘ, ਗੁਰੂ ਚੇਲੇ ਦਾ ਵਿਤਕਰਾ ਮਿਟ ਗਿਆ ਹੈ। ਅੱਜ ਤੋਂ ਖਾਲਸਾ ਗੁਰੂ ਹੈ ਅਤੇ ਗੁਰੂ ਖਾਲਸਾ ਹੈ। ਛੇਤੀ ਕਰੋ, ਸਮਾਂ ਬੀਤਦਾ ਜਾਂਦਾ ਹੈ। ਮੈਂ ਇਕ ਪਲ ਵੀ ਤੁਹਾਤੋਂ ਪਿੱਛੇ ਨਹੀਂ ਰਹਿਣਾ ਚਾਹੰਦਾ।” ਪੰਜਾਂ ਪਿਆਰਿਆਂ ਨੇ ਪਹਿਲਾਂ ਵਾਂਗ ਅੰਮ੍ਰਿਤ ਤਿਆਰ ਕੀਤਾ। ਗੋਬਿੰਦ ਰਾਏ ਨੂੰ ਵੀ ਪਹਿਲੀ ਮਰਿਆਦਾ ਵਾਂਗ ਅੰਮ੍ਰਿਤ ਛਕਾਇਆ ਗਿਆ। ਅੰਮ੍ਰਿਤ ਪਾਨ ਕਰਨ ਤੋਂ ਬਾਦ ਗੋਬਿੰਦ ਰਾਏ ਦਾ ਨਾਮ ‘ਗੋਬਿੰਦ ਸਿੰਘ’ ਹੋ ਗਿਆ। ਭਾਰਤ ਹੀ ਨਹੀਂ, ਦੁਨੀਆਂ ਦੇ ਇਤਿਹਾਸ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਨਵੀਂ ਪਿਰਤ ਪਾਈ ਕਿ ਕੋਈ ਕਿੱਡਾ ਵੱਡਾ ਬਲਵਾਨ ਕਿਉਂ ਨਾ ਹੋਵੇ, ਵੱਡਾ ਧਨੀ ਕਿਉਂ ਨਾ ਹੋਵੇ, ਉਹ ਤਾਨਾਸ਼ਾਹ ਹੋ ਸਕਦਾ ਹੈ; ਪਰ ਵਿਧਾਨ ਤੋਂ ਵੱਡਾ ਨਹੀਂ ਹੋ ਸਕਦਾ। ਇਸ ਨਵੇਂ ਸਮਾਜ ਵਿਚ ਵਿਧਾਨ ਪਰਧਾਨ ਹੋਵੇਗਾ।” ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਦੀ ਸਿਰਜਣਾ ਕੀਤੀ ਅਤੇ ਪੰਜਾਂ ਵਿਚ ਪਰਮੇਸ਼ਰ ਦੱਸਦੇ ਹੋਏ ਉਹਨਾਂ ਨੂੰ ਪੰਥ ਦਾ ਰਹਿਬਰ ਬਣਾਇਆ। ਉਹਨਾਂ ਦੇ ਫੈਸਲੇ ਨੂੰ ਮੰਨਣ ਦਾ ਹੁਕਮ ਦਿੱਤਾ। ਸਮਾਜਕ ਅਤੇ ਧਾਰਮਿਕ ਨਵੀਆਂ ਲੀਹਾਂ ਉਲੀਕਦੀ ਹੋਈ ਇਸ ਤਰ੍ਹਾ ਤੀਹ ਮਾਰਚ ਸੋਲਾਂ ਸੌ ਨਿੜ੍ਹਨਿਵੇਂ ਦੀ ਵਿਸਾਖੀ ਖਾਲਸੇ ਦੀ ਰਾਜ ਮਾਤਾ ਬਣ ਗਈ। ***** |
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ
(ਪਹਿਲੀ ਵਾਰ ਛਪਿਆ 12 ਅਪਰੈਲ 2008) *** |
ਮੁਹਿੰਦਰ ਸਿੰਘ ਘੱਗ
Tel: 530 695 1318