24 May 2024

ਦੋ ਗ਼ਜ਼ਲਾਂ—ਭੂਪਿੰਦਰ ਸੱਗੂ , ਵੁਲਵਰਹੈਂਪਟਨ ( ਯੂ.ਕੇ. )

 

 

 

 

1. ਗ਼ਜ਼ਲ

ਇਸ ਨਗਰੀ ਦੀਆਂ ਜੂਹਾਂ ਅੰਦਰ ਖ਼ਾਮੋਸ਼ੀ, ਤਨਹਾਈ ਹੈ।
ਕਿੱਧਰ ਤੁਰ ਗਏ ਲੋਕ ਨਗਰ ਦੇ ਹਰ ਪਾਸੇ ਚੁੱਪ ਛਾਈ ਹੈ।

ਸ਼ੀਸ਼-ਮਹੱਲ ਦੇ ਵਿੱਚੋਂ ਮੈਨੂੰ ਸੁਣ ਰਹੀਆਂ ਨੇ ਚੀਖ਼ਾਂ ਅੱਜ,
ਮੇਰੇ ਗਲ਼ ਲਗ ਕੇ ਅੱਜ ਰੋਂਦੀ ਮੇਰੀ ਹੀ ਪਰਛਾਈ ਹੈ।

ਕਾਗਜ਼ ਦਾ ਰਾਵਣ ਤਾਂ ਚੁੱਪ ਹੈ, ਇਹ ਮੂੰਹੋਂ ਕੀ ਬੋਲੇਗਾ,
ਜੋ ਰਾਵਣ ਮੱਥੇ ਵਿੱਚ ਤੇਰੇ, ਉਸ ਨੇ ਅੱਤ ਮਚਾਈ ਹੈ।

ਲਾਸ਼ਾਂ ਦੇ ਅੰਬਾਰ ਚੁਫੇਰੇ ਗਿਰਝਾਂ ਘੁੰਮਣ ਅੰਬਰ ‘ਤੇ,
ਮੈਥੋਂ ਰੋਕ ਨਾ ਹੋਏ ਹੰਝੂ ਰੂਹ ਮੇਰੀ ਕੁਰਲਾਈ ਹੈ।

‘ਨ੍ਹੇਰਾ ਹੀ ‘ਨ੍ਹੇਰਾ ਹੈ ਭਾਵੇਂ ਜਲਦ ਸਵੇਰਾ ਹੋਵੇਗਾ,
ਰਸਤੇ ਲੰਮੇ ਨੇ ਪਰ ਮੇਰੇ ਦਿਲ ਅੰਦਰ ਰੁਸ਼ਨਾਈ ਹੈ।

ਲੱਭ ਲੈ ਪਾਣੀ, ਧੂੰਆਂ ਤੇਰੇ, ਘਰ ਤੀਕਰ ਵੀ ਪਹੁੰਚ ਗਿਆ,
ਲੈ ਬੈਠੇਗੀ ਤੈਨੂੰ ਵੀ ਇਹ , ਤੂੰ ਜੋ ਅੱਗ ਲਗਾਈ ਹੈ।

“ਸੱਗੂ“ ਧਾਗਾ ਉਲਫ਼ਤ ਦਾ ਨਾ, ਟੁੱਟਣ ਦਿੱਤਾ ਆਪਾਂ ਨੇ ,
ਉਲਝੀ ਤਾਣੀ ਖ਼ੋਲ੍ਹਦਿਆਂ ਹੀ ਭਾਵੇਂ ਉਮਰ ਬਿਤਾਈ ਹੈ।
**
2. ਗ਼ਜ਼ਲ

ਮੁਹੱਬਤ ਦਾ ਨਸ਼ਾ ਰੋਲੇ, ਝਨਾਂ ਅੰਦਰ, ਥਲਾਂ ਅੰਦਰ।
ਬੜੇ ਹੀ ਲੋਕ ਹਨ ਡੁੱਬੇ, ਝਨਾਂ ਅੰਦਰ, ਥਲਾਂ ਅੰਦਰ।

ਮੁਹੱਬਤ ਦੀ ਹਿਨਾਂ ਵਰਗੀ, ਨਾ ਦੁਨੀਆਂ ‘ਤੇ ਹਿਨਾਂ ਕੋਈ,
ਜੇ ਚੜ੍ਹ ਜਾਵੇ ਇਹ ਨਾ ਲੱਥੇ, ਝਨਾਂ ਅੰਦਰ, ਥਲਾਂ ਅੰਦਰ।

ਅਗਰ ਮਸਜਦ ‘ਚ ਜਾਣਾ ਹੈ, ਦਿਲੋਂ ਇਹ ਹੀ ਦੁਆ ਕਰਨਾ,
ਮੁਹੱਬਤ ਨਾ ਕਦੀ ਹਾਰੇ, ਝਨਾਂ ਅੰਦਰ, ਥਲਾਂ ਅੰਦਰ।

ਜ਼ਮਾਨੇ ਵਾਲਿਆਂ ਲਾਏ ਨੇ ਫ਼ਤਵੇ ਏਸ ਦੇ ਉੱਤੇ,
ਤਸੀਹੇ ਪਿਆਰ ਨੇ ਝੱਲੇ, ਝਨਾਂ ਅੰਦਰ, ਥਲਾਂ ਅੰਦਰ।

ਹੈ ਭੁਜਦਾ ਥੱਲ ‘ਚ ਕਿਹੜਾ, ਕੌਣ ਮੱਝਾਂ ਨੂੰ ਚਰੁੰਦਾ ਹੈ,
ਨਿਭਾਏ ਸਾਥ ਹਨ ਕਿਸ ਨੇ, ਝਨਾਂ ਅੰਦਰ, ਥਲਾਂ ਅੰਦਰ।

ਇਨ੍ਹਾਂ ਵਿਚ ਦੇਖਦੈ ਪਿੰਜਰ ਇੱਛਾਵਾਂ ਦੇ ਕਈ “ਸੱਗੂ“,
ਬੜੇ ਹੀ ਖ਼ਾਬ ਨੇ ਟੁੱਟੇ, ਝਨਾਂ ਅੰਦਰ, ਥਲਾਂ ਅੰਦਰ।

***
580
***

About the author

ਭੂਪਿੰਦਰ ਸਿੰਘ ਸੱਗੂ
ਭੂਪਿੰਦਰ ਸਿੰਘ ਸੱਗੂ, ਵੁਲਵਰਹੈਂਪਟਨ (ਯੂ.ਕੇ.)
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਭੂਪਿੰਦਰ ਸਿੰਘ ਸੱਗੂ, ਵੁਲਵਰਹੈਂਪਟਨ (ਯੂ.ਕੇ.)

View all posts by ਭੂਪਿੰਦਰ ਸਿੰਘ ਸੱਗੂ, ਵੁਲਵਰਹੈਂਪਟਨ (ਯੂ.ਕੇ.) →