18 September 2024

ਚੁਬਾਰਾ—ਡਾ. ਜੋਗਿੰਦਰ ਸਿੰਘ ਨਿਰਾਲਾ

ਦੋ ਸ਼ਬਦ: ਬਰਨਾਲਾ ਰਹਿੰਦੇ ਡਾ. ਜੋਗਿੰਦਰ ਸਿੰਘ ਨਿਰਾਲਾ, ਪੰਜਾਬੀ ਸਾਹਿਤਕ ਜਗਤ ਵਿਚ ਇਕ ਜਾਣਿਆ ਪਹਿਚਾਣਿਆ ਅਤੇ ਸਥਾਪਿਤ ਨਾਂ ਹੈ। ਉਸ ਨੇ ਪੰਜਾਬੀ ਕਹਾਣੀ, ਮਿੰਨੀ ਕਹਾਣੀ ਅਤੇ ਆਲੋਚਨਾ ਸਬੰਧੀ ਆਪਣੇ ਕੀਤੇ ਕਾਰਜ ਨਾਲ ਪੰਜਾਬੀ ਸਾਹਿਤ ਵਿਚ ਸ਼ਲਾਘਾਯੋਗ ਯੋਗਦਾਨ ਪਾਇਆ ਹੈ। ਪੰਜਾਬੀ ਬੋਲੀ ਅਤੇ ਸਾਹਿਤ ਦੀ ਪ੍ਰਗਤੀ ਲਈ ਡਾ. ਨਿਰਾਲਾ, ਬਰਨਾਲਾ ਸਾਹਿਤ ਸਭਾ ਨਾਲ ਤਾਂ ਜੁੜੇ ਹੋਏ ਹਨ ਹੀ ਪਰ ਨਾਲ ਹੀ ਹੋਰ ਵੀ ਬਹੁਤ ਸਾਰੀਆਂ ਸਾਹਿਤਕ ਜਥੇਬੰਧੀਆਂ ਵਿਚ ਵੱਡੀਆਂ ਭੂਮਿਕਾਵਾਂ ਨਿਭਾਉਂਦੇ ਰਹੇ ਅਤੇ ਲਗਾਤਾਰ ਨਿਭਾ ਰਹੇ ਹਨ। ਡਾ. ਜੁਗਿੰਦਰ ਸਿੰਘ ਨਿਰਾਲਾ ਜੀ ਦੀ ਕਹਾਣੀ: ਚੁਬਾਰਾ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਰਦਿਅਾਂ ਅਥਾਹ ਪਰਸੰਨਤਾ ਦਾ ਅਨੁਭਵ ਕਰ ਰਿਹਾ ਹਾਂ। ——ਲਿਖਾਰੀ
***

ਚੁਬਾਰਾ—ਡਾ. ਜੋਗਿੰਦਰ ਸਿੰਘ ਨਿਰਾਲਾ

ਆਖ਼ਰ ਉਹ ਚੁਬਾਰਾ ਕਿਰਾਏ ਉਪਰ ਚੜ੍ਹ ਹੀ ਗਿਆ।

ਇਸ ਗੱਲ ਦਾ ਮੈਨੂੰ ਉਸ ਦਿਨ ਪਤਾ ਲੱਗਿਆ ਜਦੋਂ ਸਵੇਰੇ-ਸਵੇਰੇ ਕੋਠੇ ਉਪਰ ਚੜ੍ਹਿਆ ਤਾਂ ਚੁਬਾਰੇ ਦੀ ਤਾਕੀ ਖੁੱਲ੍ਹੀ ਵੇਖੀ।

ਕਿੰਨੇ ਹੀ ਚਿਰ ਤੋਂ ਇਹ ਚੁਬਾਰਾ ਖਾਲੀ ਪਿਆ ਸੀ। ਕੋਈ ਆਉਂਦਾ ਹੀ ਨਹੀਂ ਸੀ ਕਿਰਾਏ ਉਪਰ ਲੈਣ ਲਈ। ਹੁਣ ਤਾਂ ਮਕਾਨ ਮਾਲਕ ਵੀ ਕਦੇ ਨਹੀਂ ਸੀ ਆਇਆ ਇਸਨੂੰ ਖੋਲ੍ਹਣ ਲਈ। ਪਹਿਲਾਂ ਉਹ ਮੋਟਾ ਜਿਹਾ ਲਾਲਾ ਕਦੇ ਕਦੇ ਵਰੑੇ , ਛਿਮਾਹੀਂ ਆ ਜਾਂਦਾ ਅਤੇ ਝਾੜ-ਪੂੰਝ ਕਰਵਾ ਕੇ ਫਿਰ ਤਾਲਾ ਲਗਾ ਕੇ ਚਲਿਆ ਜਾਂਦਾ। ਅਸਲ ਵਿਚ ਇਸ ਚੁਬਾਰੇ ਨੂੰ ਨਹਿਸ਼ ਸਮਝਿਆ ਜਾਂਦਾ ਰਿਹਾ।

ਜਦੋਂ ਮੇਰੀ ਇਸ ਕਸਬੇ ਵਿਚ ਬਦਲੀ ਹੋਈ ਤਾਂ ਮੇਰੇ ਸਾਹਮਣੇ ਵੀ ਕਮਰੇ ਦੀ ਸਮੱਸਿਆ ਆ ਖੜ੍ਹੀ ਹੋਈ । ਕਈ ਜਗ੍ਹਾਵਾਂ ਉਪਰ ਪੁੱਛ-ਗਿੱਛ ਕੀਤੀ ਪਰ ਸਾਰੇ ਮਕਾਨ ਮਾਲਕ ਆਮ ਜਿਹਾ ਹੀ ਉਤਰ ਦਿੰਦੇ, ‘‘ਭਾਈ ਇਕੱਲੇ ਬੰਦੇ ਲਈ ਤਾਂ ਮੁਸ਼ਕਿਲ ਹੈ, ਹਾਂ ਜੇ ਕਬੀਲਦਾਰ ਓ ਤਾਂ ਬੈਠਕ ਖਾਲੀ ਕਰ ਦਿੰਦੇ ਆਂ….।’’

ਪਰ ਮੈਂ ਛੜਾ-ਛਟਾਂਕ। ਹੁਣ ਕਮਰੇ ਵਾਸਤੇ ਵਿਆਹ ਤਾਂ ਨਹੀਂ ਕਰਵਾਇਆ ਜਾ ਸਕਦਾ। ਉਸ ਮਕਾਨ ਮਾਲਕ ਨੇ ਭਾਵੇਂ ਕਮਰਾ ਕਿਰਾਏ ਉਪਰ ਦੇਣਾ ਤਾਂ ਮੰਨ ਲਿਆ ਸੀ ਪਰ ਉਹਦੇ ਪਾਨ ਦੇ ਰੰਗ ਨਾਲ ਜੰਗਾਲੇ ਦੰਦਾਂ ਨੂੰ ਦੇਖ ਕੇ ਮੈਂ ਅੰਦਾਜ਼ਾ ਲਾ ਲਿਆ ਸੀ ਪਈ ਇਥੇ ਰਹਿਣ ਨਾਲ ਤਾਂ ਮੇਰਾ ਮਾੜਾ ਮੋਟਾ ਜਿਹੜਾ ਅਕਸ ਬਣਿਆ ਹੋਇਆ ਹੈ, ਉਹ ਵੀ ਖਤਮ ਹੋ ਜਾਵੇਗਾ।

ਉਹ ਚੁਬਾਰਾ ਮੈਂ ਵੀ ਵੇਖਿਆ ਸੀ, ਕਿਰਾਏ ’ਤੇ ਲੈਣ ਲਈ। ਚੰਗਾ ਭਲਾ ਚੁਬਾਰਾ ਸੀ। ਵਿਚ ਤਿੰਨ ਅਲਮਾਰੀਆਂ ਸਨ ਜਿਹਨਾ ਵਿਚ ਆਪਣੀਆਂ ਕਿਤਾਬਾਂ ਚੰਗੀ ਤਰ੍ਹਾਂ ਰੱਖ ਸਕਦਾ ਸਾਂ। ਕਾਰਨਸ ਉਪਰ ਵੀ ਕੁੱਝ ਰੱਖੀਆਂ ਜਾ ਸਕਦੀਆਂ ਸਨ ਅਤੇ ਸਭ ਤੋਂ ਵਧੀਆ ਗੱਲ ਤਾਂ ਇਹ ਸੀ ਪਈ ਇਸਦੀਆਂ ਪੌੜੀਆਂ ਅਲੱਗ ਸਨ। ਕਿਸੇ ਦਾ ਕੋਈ ਦਖ਼ਲ ਨਹੀਂ, ਨਾਲੇ ਚੁਬਾਰਾ ਵੀ ਕਾਫੀ ਖੁੱਲ੍ਹਾ ਸੀ ਪਰ ਮੇਰੇ ਸਾਥੀ ਗੁਰਮੇਲ ਨੇ ਹੀ ਭਾਨੀ ਮਾਰ ਦਿੱਤੀ, ‘‘ਯਾਰ ਸੁਣਿਐ ਇਹ ਚੁਬਾਰਾ ਤਾਂ ਚੰਗਾ ਨਹੀਂ ਸਮਝਿਆ ਜਾਂਦਾ, ਏਥੇ ਰਹਿਣ ਵਾਲਾ ਤਬਾਹ ਹੀ ਹੋ ਜਾਂਦੈ।’’
ਮੈਂ ਅਜਿਹੀਆਂ ਗੱਲਾਂ ਵਿਚ ਵਿਸ਼ਵਾਸ ਨਹੀਂ ਰੱਖਦਾ, ਨਾਲੇ ਇਹਦਾ ਕਿਰਾਇਆ ਵੀ ਘੱਟ ਸੀ। ਇਸ ਲਈ ਉਸ ਸਮੇਂ ਮੈਂ ਗੁਰਮੇਲ ਨੂੰ ਕਿਹਾ, ‘‘ਮਿੱਤਰ, ਇਹ ਸਾਡੇ ਮਨ ਦਾ ਵਹਿਮ ਭਰਮ ਹੀ ਹੁੰਦੈ, ਜੇ ਕੋਈ ਤਬਾਹ ਹੋ ਗਿਆ ਤਾਂ ਇਸ ਵਿਚ ਵਿਚਾਰੇ ਏਸ ਚੁਬਾਰੇ ਦਾ ਕੀ ਕਸੂਰ?’’ ਮੈਨੂੰ ਵੀ ਤਾਂ ਮੰਗਲੀਕ ਹੋਣ ਕਾਰਨ ਮਨਹੂਸ ਹੀ ਸਮਝਿਆ ਜਾਂਦਾ ਸੀ। ਮੈਨੂੰ ਚੁਬਾਰੇ ਤੇ ਆਪਣੇ ਇਕ ਅਜੀਬ ਜਿਹੀ ਸਾਂਝ ਜਾਪੀ ਅਤੇ ਮੈਂ ‘ਹਾਂ’ ਕਰ ਦਿੱਤੀ ਸੀ। ਕੁਝ ਰੁਪਏ ਪੇਸ਼ਗੀ ਵਜੋਂ ਮਕਾਨ-ਮਾਲਕ ਨੂੰ ਫੜਾ ਵੀ ਦਿੱਤੇ ਸਨ ਪਰ ਅਗਲੇ ਹੀ ਦਿਨ ਜਦੋਂ ਮੈਂ ਦਫ਼ਤਰ ਗਿਆ ਤਾਂ ਸਵੇਰੇ ਹੀ ਬਾਸ ਨਾਲ ਟੱਕਰ ਹੋ ਗਈ। ਬਾਸ ਨੇ ਕੋਈ ਕੰਮ ਕਰਨ ਲਈ ਕਿਹਾ ਤਾਂ ਮੈਨੂੰ ਉਹ ਨੈਤਿਕ ਪੱਖੋਂ ਅਨੁਚਿਤ ਲੱਗਿਆ ਅਤੇ ਮੈਂ ਨਾਂਹ ਕਰ ਦਿੱਤੀ। ਬਸ ਇਸ ’ਤੇ ਹੀ ਬਾਸ ਖਫ਼ਾ ਹੋ ਗਿਆ ਅਤੇ ਉਸਨੇ ਤੈਸ਼ ਵਿਚ ਆਕੇ ਉਚ-ਅਧਿਕਾਰੀ ਨੂੰ ਮੇਰੇ ਵਿਰੁੱਧ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ ਲਈ ਲਿਖ ਦਿੱਤਾ।

ਮੈਂ ਬੜਾ ਪ੍ਰੇਸ਼ਾਨ ਸਾਂ, ਹੁਣ ਇਸ ਮੁਸ਼ਕਿਲ ’ਚੋਂ ਕਿਵੇਂ ਨਿਕਲਿਆ ਜਾਵੇ?

ਉਸ ਸਮੇਂ ਗੁਰਮੇਲ ਆਇਆ ਤੇ ਕਹਿਣ ਲੱਗਿਆ, ‘‘ਦੋਸਤ ਇਹ ਸਾਰਾ ਕੁਸ਼ ਉਸ ਮਨਹੂਸ ਚੁਬਾਰੇ ਕਰਕੇ ਹੋਇਐ, ਸ਼ੁਕਰ ਐ ਹਾਲੇ ਤਾਂ ਤੂੰ ਸ਼ਿਫਟ ਵੀ ਨਹੀਂ ਕੀਤਾ। ਡੁੱਲ੍ਹੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ। ਬਸ ਤੂੰ ਉਹ ਚੁਬਾਰਾ ਨਾ ਲਈਂ, ਬਾਸ ਨੂੰ ਮੈਂ ਆਪੇ ਸਮਝਾ ਦਿਆਂਗਾ।’’

ਮੈਨੂੰ ਉਸਦੀ ਇਹ ਦਲੀਲ ਕੋਈ ਖਾਸ ਜਚੀ ਨਹੀਂ ਸੀ। ਇਸੇ ਲਈ ਮੈਂ ਆਖਿਆ, ‘‘ਬਾਬਿਓ, ਤਕਰਾਰ ਮੇਰੇ ਤੇ ਬਾਸ ਵਿਚਕਾਰ ਹੋਈਐ, ਇਸ ਵਿਚ ਚੁਬਾਰੇ ਦਾ ਕੀ ਕਸੂਰ….?’’
‘‘ਚੰਗਾ ਭਾਈ, ਮੈਂ ਤਾਂ ਇੱਕ ਸ਼ੁਭ ਚਿੰਤਕ ਹੋਣ ਕਰਕੇ ਗੱਲ ਕਈ ਸੀ, ਫੇਰ ਵੀ ਦੁਬਾਰਾ ਸੋਚ ਲੈਣ ਦਾ ਕੀ ਹਰਜ਼ ਐ?’’ ਗੁਰਮੇਲ ਨੇ ਸਿਆਣਾ ਬਣਦਿਆਂ ਕਿਹਾ।

ਅਤੇ ਉਸਦੇ ਇਸ ਦੁਬਾਰਾ ਸੋਚ ਲੈਣ ਦੇ ਕਹਿਣ ਨਾਲ ਹੀ ਮੇਰਾ ਆਤਮ-ਵਿਸ਼ਵਾਸ ਵੀ ਜਾਂਦਾ ਰਿਹਾ। ਮੈਂ ਵੀ ਸੋਚਣ ਲੱਗਿਆ ਪਈ ਕਿਤੇ ਚੁਬਾਰੇ ਕਰਕੇ ਹੀ ਮੇਰਾ ਸਰਵਿਸ ਰਿਕਾਰਡ ਖਰਾਬ ਨਾ ਹੋਵੇ। ਉਸ ਸਮੇਂ ਸ਼ਇਦ ਪਹਿਲੀ ਵਾਰ ਮੈਂ ਆਪਣੇ ਆਪ ਨੂੰ ਡੋਲਦਾ ਮਹਿਸੂਸ ਕੀਤਾ। ਮੇਰੇ ਵਿਚਾਰਾਂ ਵਿਚ ਅਚਨਚੇਤੀ ਹੀ ਪਰਿਵਰਤਨ ਆਉਣ ਲੱਗਿਆ। ਏਦਾਂ ਲੱਗਿਆ ਪਈ ਬਾਹਰੋਂ ਬੜੇ ਮਜ਼ਬੂਤ ਇਰਾਦੇ ਨਾਲ ਦਿੱਸਣ ਦੇ ਬਾਵਜੂਦ ਵੀ ਮੈਂ ਅੰਦਰੋਂ ਅੰਦਰੀ ਕਿੰਨਾ ਅੰਧ-ਵਿਸ਼ਵਾਸੀ ਹੁੰਦਾ ਜਾ ਰਿਹਾ ਹਾਂ। ਮੇਰੇ ਮਨ ਵਿਚ ਆਇਆ ਪਈ ਹਾਲੇ ਤਾਂ ਸ਼ੁਰੂਆਤ ਹੀ ਐ….ਕਿਤੇ ਚੁਬਾਰਾ ਲੈਂਦਾ ਲੈਂਦਾ….।

ਇਸ ਸਮੇਂ ਵਿਚ ਹੀ ਗੁਰਮੇਲ ਨੇ ਉਸੇ ਬੰਦ ਗਲੀ ਵਿਚ ਮੈਨੂੰ ਇਕ ਕਮਰਾ ਕਿਰਾਏ ਤੇ ਲੈ ਦਿੱਤਾ। ਇਸਦਾ ਫਾਇਦਾ ਇਹ ਵੀ ਸੀ ਕਿ ਇਸਦੇ ਨਾਲ ਹੀ ਪੌੜੀਆਂ ਸਨ ਜਿਹਨਾਂ ਰਾਹੀਂ ਉਪਰ ਕੋਠੇ ਉਪਰ ਵੀ ਜਾਇਆ ਜਾ ਸਕਦਾ ਸੀ।

ਉਸ ਦਿਨ ਮੇਰੀ ਗੁਆਂਢਣ ਮਿਸਿਜ਼ ਸ਼ਰਮਾ ਨੇ ਵੀ ਹਮਦਰਦੀ ਜਤਲਾਉਂਦਿਆਂ ਆਖਿਆ ਸੀ, ‘‘ਭਾਈ ਸਾਹਿਬ, ਚੰਗਾ ਕੀਤਾ ਤੁਸੀਂ ਉਹ ਚੁਬਾਰਾ ਨਹੀਂ ਲਿਆ, ਥੋਨੂੰ ਨੀਂ ਪਤਾ ਏਸ ਚੁਬਾਰੇ ਨੇ ਤਾਂ ਕਈ ਵੱਸਦੇ ਰੱਸਦੇ ਘਰ ਤਬਾਹ ਕਰ ਦਿੱਤੇ।’’

ਮੈਨੂੰ ਮਿਸਿਜ਼ ਸ਼ਰਮਾ ਦੀ ਹਮਦਰਦੀ ਭਾਵੇਂ ਗੱਲ ਕਰਨ ਦਾ ਬਹਾਨਾ ਹੀ ਜਾਪੀ ਪਰ ਚੁਬਾਰੇ ਬਾਰੇ ਮੇਰੀ ਉਤਸੁਕਤਾ ਹੋਰ ਵੀ ਵਧ ਗਈ। ਨਾਲੇ ਉਸ ਸਮੇਂ ਮੈਂ ਵੀ ਚਾਹੁੰਦਾ ਸਾਂ ਕਿ ਗੁਆਂਢੀਆਂ ਨਾਲ ਮੇਲ ਮਿਲਾਪ ਵਧਾਇਆ ਜਾਵੇ।

ਇਸ ਲਈ ਮੈਂ ਮਿਸਿਜ਼ ਸ਼ਰਮਾ ਦੀਆਂ ਗੱਲਾਂ ਵਿਚ ਦਿਲਚਸਪੀ ਜਤਲਾਉਂਦਿਆਂ ਪੁੱਛਿਆ, ‘‘ਪਰ ਭੈਣ ਜੀ, ਮੈਨੂੰ ਤਾਂ ਉਥੇ ਅਜੇਹੀ ਕੋਈ ਗੱਲ ਨੀ ਲੱਗੀ?’’

ਮੈਨੂੰ ਮਿਸਿਜ਼ ਸ਼ਰਮਾ ਨਾਲ ਗੱਲਾਂ ਕਰਦਿਆਂ ਵੇਖ ਆਂਢ-ਗੁਆਂਢ ਦੀਆਂ ਕੁਝ ਹੋਰ ਔਰਤਾਂ ਵੀ ਉਥੇ ਆ ਗਈਆਂ। ਉਹਨਾਂ ਨੂੰ ਵੇਖ ਮਿਸਿਜ਼ ਸ਼ਰਮਾ ਨੇ ਮੇਰੀ ਗੱਲ ਦਾ ਕੋਈ ਜੁਆਬ ਨਾ ਦਿੱਤਾ, ਉਹ ਚੁੱਪ ਕਰ ਰਹੀ, ਪਰ ਉਹਨਾ ਵਿਚੋਂ ਜ਼ਰਾ ਪੱਕੀ ਉਮਰ ਦੀ ਨੇ ਕਿਹਾ, ‘‘ਨਾ ਵੀਰਾ, ਮੇਰੇ ਸਾਹਮਣੇ ਈ ਇਸ ਚੁਬਾਰੇ ’ਚ ਰਹਿਣ ਵਾਲੇ ਕਈ ਘਰ ਉਜੜੇ ਨੇ। ਪਿਛਲੇ ਕਿਰਾਏਦਾਰਾਂ ਦੇ ਹੀ ਉਪਰੋਂ-ਥੱਲੀ ਪੰਜ ਮੌਤਾਂ ਹੋ ਗਈਆਂ। ਪਹਿਲਾਂ ਤਾਂ ਉਹ ਵੀ ਨਹੀਂ ਸਨ ਮੰਨਦੇ, ਫੇਰ ਭੱਜੇ ਚੁਬਾਰਾ ਛੱਡ ਕੇ….।’’

ਭਾਵੇਂ ਮੈਨੂੰ ਉਸ ਔਰਤ ਦੀ ਗੱਲ ਐਵੇਂ ਤਰਕ-ਰਹਿਤ ਹੀ ਜਾਪੀ ਸੀ ਪਰ ਮੈਂ ਇਹਨਾਂ ਗੱਲਾਂ ਨਾਲ ਹੀ ਉਹਨਾਂ ਨਾਲ ਜਾਣ-ਪਹਿਚਾਣ ਵਧਾਉਣੀ ਚਾਹੁੰਦਾ ਸਾਂ ਅਤੇ ਸ਼ਾਇਦ ਉਹਨਾਂ ਦਾ ਵੀ ਇਹੋ ਮਨਸ਼ਾ ਸੀ। ਮੈਂ ਉਹਨਾਂ ਨਾਲ ਹੋਰ ਵੀ ਇਧਰਲੀਆਂ-ਉਧਰਲੀਆਂ ਮਾਰਦਾ ਰਿਹਾ ਅਤੇ ‘ਹਾਂ….ਹੂੰ’ ਕਰਦਾ ਰਿਹਾ।

ਪਿੱਛੋਂ ਵੀ ਉਸ ਚੁਬਾਰੇ ਬਾਰੇ ਮੇਰੇ ਦਿਲ ਵਿਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਰਹਿੰਦੇ। ਜਦੋਂ ਵੀ ਮੈਂ ਕੋਠੇ ਉਪਰ ਚੜ੍ਹਦਾ ਤਾਂ ਇਧਰ ਵਾਲੀ ਤਾਕੀ ਨੂੰ ਬੰਦ ਹੀ ਵੇਖਦਾ। ਬੰਦ ਤਾਕੀ ਨੂੰ ਵੇਖ ਕੇ ਚੁਬਾਰੇ ਬਾਰੇ ਮੇਰੇ ਮਨ ਵਿਚ ਬਣਿਆ ਰਹੱਸ ਹੋਰ ਵੀ ਡੂੰਘਾ ਹੋ ਜਾਂਦਾ।
ਪਰ ਅੱਜ ਜਦੋਂ ਮੈਂ ਸਵੇਰੇ ਕੋਠੇ ਉਪਰ ਚੜ੍ਹਿਆ ਅਤੇ ਚੁਬਾਰੇ ਦੀ ਤਾਕੀ ਖੁੱਲ੍ਹੀ ਵੇਖੀ ਤਾਂ ਮੈਂ ਹੈਰਾਨ ਰਹਿ ਗਿਆ।
ਆਖ਼ਰ ਉਚ ਚੁਬਾਰਾ ਕਿਰਾਏ ਉਪਰ ਚੜ੍ਹ ਹੀ ਗਿਆ।

ਪਰ ਇਥੇ ਰਹਿਣਾ ਕੌਣ ਕਬੂਲ ਕਰ ਸਕਦਾ ਹੈ, ਕਿਹੜਾ ਹੈ ਜਿਹੜਾ ਜ਼ੋਖਮ ਭਰੇ ਕੰਮ ਨੂੰ ਸਹੇੜ ਸਕਦਾ ਹੈ? ਕੀ ਉਸਨੂੰ ਇਸ ਚੁਬਾਰੇ ਦੀ ਮਨਹੂਸੀਅਤ ਬਾਰੇ ਬਿਲਕੁੱਲ ਹੀ ਨਹੀਂ ਪਤਾ? ਆਦਿ ਅਨੇਕਾਂ ਹੀ ਪ੍ਰਸ਼ਨ ਮੇਰੇ ਅੰਦਰੋਂ ਜਿਵੇਂ ਇਕਦਮ ਹੀ ਉਠ ਖਲੋਤੇ ਹੋਣ।
ਕੀ ਉਸਨੂੰ ਕਿਸੇ ਨੇ ਵੀ ਨਹੀਂ ਦੱਸਿਆ, ਇਸ ਬਾਰੇ, ਪਰ ਏਦਾਂ ਕਿਵੇਂ ਹੋ ਸਕਦਾ ਸੀ? ਸਾਰੇ ਕਸਬੇ ਵਿਚ ਤਾਂ ਇਸ ਚੁਬਾਰੇ ਦੇ ਕਿੱਸੇ ਮਸ਼ਹੂਰ ਸਨ।

ਫਿਰ ਕੌਣ ਹੋ ਸਕਦਾ ਹੈ?

ਹੁਣ ਮੇਰੀ ਦਿਲਚਸਪੀ ਚੁਬਾਰੇ ਨਾਲੋਂ ਚੁਬਾਰੇ ਵਿਚ ਆਏ ਨਵੇਂ ਬੰਦੇ ਬਾਰੇ ਵਧੇਰੇ ਸੀ।

ਇਕ ਪਲ ਲਈ ਉਹ ਬੰਦਾ ਮੈਨੂੰ ਘੱਟੋ-ਘੱਟ ਆਪਣੇ ਨਾਲੋਂ ਸੁਲਝਿਆ ਹੋਇਆ ਜਾਪਿਆ। ਮੈਂ ਜੋ ਸਾਰੀ ਉਮਰ ਤਰਕਸ਼ੀਲਤਾ ਦਾ ਢਿੰਡੋਰਾ ਪਿੱਟਦਾ ਰਿਹਾ, ਸਮਾਂ ਆਉਣ ਤੇ ਕਿਵੇਂ ਨਵੀਂ ਲੀਹ ਨਾ ਪਾ ਸਕਿਆ।
ਪਰ ਇਸਨੇ ਤਾਂ ਜਿਵੇਂ ਸਾਰੀਆਂ ਚੁਣੌਤੀਆਂ ਨੂੰ ਸਵੀਕਾਰ ਕੀਤਾ ਹੋਵੇ।

ਚਲੋ, ਦੁਨੀਆਂ ਵਿਚ ਕੋਈ ਤਾਂ ਹੈ ਹੀ, ਜਿਹੜਾ ਇਸ ਘੋਰ ਹਨ੍ਹੇਰੇ ਵਿਚ ਹਨ੍ਹੇਰੇ ਦੇ ਖਿਲਾਫ਼ ਜੱਦੋ-ਜਹਿਦ ਕਰਨ ਦੀ ਹਿੰਮਤ ਰੱਖਦਾ ਹੈ।
ਮੈਂ ਆਪਣੇ ਪੱਬਾਂ ਉਪਰ ਖਲੋ ਕੇ ਵੇਖਣ ਦੀ ਕੋਸ਼ਿਸ ਕਰਦਾ ਹਾਂ।

ਸਰਰ ਸਰਰ ਕਰਦੀ ਹਵਾ ਦਾ ਇੱਕ ਬੁੱਲਾ ਆਉਂਦਾ ਹੈ ਅਤੇ ਤਾਕੀ ਵਿਚ ਵੀ ਚੁਬਾਰੇ ਵਿਚੋਂ ਹਲਕੇ ਕਰੀਮ ਜਿਹੇ ਰੰਗ ਦਾ ਦੁਪੱਟਾ ਵਿਖਾਈ ਦਿੰਦਾ ਹੈ। ਮੇਰੀ ਉਤਸੁਕਤਾ ਹੋਰ ਵੀ ਵੱਧ ਗਈ।
ਕੀ ਕੋਈ ਔਰਤ ਹੈ?

ਹਾਂ ਔਰਤ ਹੀ ਤਾਂ ਸੀ, ਥੋੜ੍ਹੀ ਦੇਰ ਪਿੱਛੋਂ ਵੁਹ ਖੁਦ ਤਾਕੀ ਵਿਚ ਆ ਖਲੋਤੀ। ਮੈਂ ਵੇਖਿਆ ਉਹ ਉਥੇ ਖੜ੍ਹੀ ਸੀ। ਉਨੇ ਹਲਕੇ ਕਰੀਮ ਜਿਹੇ ਰੰਗ ਦਾ ਸੂਟ ਪਹਿਨਿਆ ਹੋਇਆ ਸੀ। ਸ਼ਕਲ ਸੂਰਤ ਤੋਂ ਉਹ ਕੋਈ ਇੰਨੀ ਆਕਰਸ਼ਕ ਤਾਂ ਨਹੀਂ ਸੀ ਪਰ ਨੈਣ-ਨਕਸ਼ ਤਿੱਖੇ ਸਨ, ਰੰਗ ਵੀ ਕਣਕ ਵੰਨਾ ਹੀ ਸੀ। ਉਹ ਸ਼ਾਇਦ ਕੇਸੀ ਨਹਾ ਕੇ ਉਥੇ ਖੜ੍ਹੀ ਆਪਣੇ ਵਾਲ ਸੁਕਾ ਰਹੀ ਸੀ।

ਉਸਨੇ ਮੇਰੇ ਵੱਲ ਨਜ਼ਰ ਭਰ ਵੇਖਿਆ ਤਾਂ ਮੈਨੂੰ ਕੋਫ਼ਤ ਜਿਹੀ ਹੋਣ ਲੱਗੀ।

ਮੈਂ ਮਹਿਸੂਸ ਕੀਤਾ ਪਈ ਮੈਨੂੰ ਇਸ ਤਰ੍ਹਾਂ ਤਾਂ ਉਸ ਵੱਲ ਨਹੀਂ ਸੀ ਵੇਖਣਾ ਚਾਹੀਦਾ, ਅੱਖਾਂ ਪਾੜ ਪਾੜ ਕੇ।
ਉਸਨੇ ਮੇਰੇ ਬਾਰੇ ਕੀ ਸੋਚਿਆ ਹੋਵੇਗਾ?
ਮੇਰੀਆਂ ਅੱਖਾਂ ਆਪਣੇ ਆਪ ਹੀ ਝੁਕ ਗਈਆਂ।

ਉਸਨੇ ਭਾਵੇਂ ਦੂਰੋਂ ਹੀ ਵੇਖਿਆ ਸੀ ਪਰ ਉਸਦੀਆਂ ਨਜ਼ਰਾਂ ਵਿਚ ਮੈਨੂੰ ਇਕ ਅਜਿਹਾ ਜਲੌ ਦਿਖਾਈ ਦਿੱਤਾ ਕਿ ਮੈਂ ਉਧਰ ਬਹੁਤੀ ਦੇਰ ਨਾ ਵੇਖ ਸਕਿਆ।
ਨਿਮੋਝੂਣਾ ਹੋਇਆ ਮੈਂ ਥੱਲ੍ਹੇ ਪੌੜੀਆਂ ਉਤਰ ਆਇਆ।

ਭਾਵੇਂ ਮੇਰੇ ਕਮਰੇ ਦਾ ਬੂਹਾ ਭਿੜਿਆ ਹੋਇਆ ਸੀ ਪਰ ਗਲੀ ਦੀਆਂ ਔਰਤਾਂ ਜਿਵੇਂ ਮੈਨੂੰ ਸੁਣਾਉਣ ਲਈ ਹੀ ਉਚੀ ਉਚੀ ਬੋਲ ਰਹੀਆਂ ਸਨ। ਮੈਂ ਵੀ ਦਰਵਾਜ਼ੇ ਨਾਲ ਕੰਨ ਲਾ ਕੇ ਸੁਣਨ ਲੱਗਿਆ, ‘‘ਕਹਿੰਦੇ ਨੇ ਨਵੇਂ ਖੁੱਲ੍ਹੇ ਕਾਲਜ ’ਚ ਪੜ੍ਹਾਉਂਦੀ ਐ, ਮੈਨੂੰ ਤਾਂ ਪ੍ਰੋਫੈਸਰਨੀਆਂ ਵਰਗੀ ਲੱਗਦੀ ਨੀ’’ ਇਹ ਆਵਾਜ਼ ਸ਼ਾਇਦ ਮਿਸਿਜ਼ ਸ਼ਰਮਾ ਦੀ ਸੀ।

‘‘ਭੈਣ ਜੀ, ਮੈਨੂੰ ਤਾਂ ਇਹਦੇ ਚੱਜ ਚੰਗੇ ਨੀਂ ਲੱਗਦੇ। ਸੁਣਿਐਂ ਘਰ ਆਲੇ ਨਾਲ ਅਣਬਣ ਐ, ਇਸੇ ਕਰਕੇ ਤਾਂ ਰਾਤੀਂ ਜਦੋਂ ਛੱਡਣ ਆਇਆ ਸੀ ਤਾਂ ਅੱਧੀ ਰਾਤ ਤਕ ਲੜਾਈ ਹੁੰਦੀ ਰਹੀ ਸੀ। ਵਿਚਾਰਾ ਸਵੇਰੇ ਮੂੰਹ-ਨ੍ਹੇਰੇ ਈ, ਤਾਈਉਂ ਤਾਂ ਛੱਡ ਕੇ ਤੁਰ ਗਿਆ।’’ ਇਸ ਆਵਾਜ਼ ਨੂੰ ਚੰਗੀ ਤਰ੍ਹਾਂ ਪਛਾਣ ਸਕਦਾ ਸਾਂ। ਇਹ ਉਸ ਪੱਕੀ ਉਮਰ ਵਾਲੀ ਪ੍ਰਸਿੰਨੀ ਦੀ ਸੀ ਜਿਸਨੇ ਚੁਬਾਰੇ ਵਿਚ ਹੋਈਆਂ ਮੌਤਾਂ ਬਾਰੇ ਮੈਨੂੰ ਦੱਸਿਆ ਸੀ।
ਕੁਝ ਹੋਰ ਆਵਾਜ਼ਾਂ ਵੀ ਸੁਣਾਈ ਦਿੱਤੀਆਂ।
-ਨੀਂ ਪਤਾ ਨੀਂ ਕਿਹੋ ਜੀ ਹੋਵੇ, ਇਕ ਮਹਿੰ ਤਾਂ ਸਭ ਨੂੰ ਲਬੇੜ ਦਿੰਦੀ ਹੈ।’’ ਸਵਿੱਤਰੀ ਜਿਸਦਾ ਪਤੀ ਪਿਛਲੇ ਵਰੑੇ ਹੀ ਮਰਿਆ ਸੀ, ਨੇ ਸਿਆਣੀ ਬਣਦਿਆਂ ਕਿਹਾ।

ਗੱਲਾਂ ਹੋਰ ਵੀ ਹੁੰਦੀਆਂ ਰਹੀਆਂ ਪਰ ਮੈਨੂੰ ਉਹਨਾਂ ਦੀ ਕਾਂਵਾਂ ਰੌਲੀ ਤੋਂ ਕੁਝ ਸਮਝ ਨਾ ਆਇਆ। ਨਾਲੇ ਸਵਿੱਤਰੀ ਦੀ ਗੱਲ ਸੁਣ ਕੇ ਤਾਂ ਮੇਰੀ ਉਹਨਾਂ ਦੀਆਂ ਗੱਲਾਂ ਵਿਚੋਂ ਦਿਲਚਸਪੀ ਉਕਾ ਹੀ ਜਾਂਦੀ ਰਹੀ। ਸਾਰੀ ਗਲੀ ਵਿਚ ਸਵਿੱਤਰੀ ਹੀ ਇਕੱਲੀ ਸੀ ਜਿਸਦੇ ਆਚਰਣ ਬਾਰੇ ਲੋਕਾਂ ਦੇ ਵਿਚਾਰ ਚੰਗੇ ਨਹੀਂ ਸਨ। ਸਵਿੱਤਰੀ ਸੁਭਾਅ ਦੀ ਚੁਲਬੁਲੀ ਜਿਹੀ ਸੀ, ਚਟਖਾਰੇ ਲਾ ਲਾ ਗੱਲਾਂ ਕਰਨ ਵਿਚ ਉਸਨੂੰ ਵਿਸ਼ੇਸ਼ ਮੁਹਾਰਤ ਹਾਸਲ ਸੀ। ਗਲੀ ਵਿਚੋਂ ਦੀ ਲੰਘਣ ਵਾਲੇ ਹਰੇਕ ਆਦਮੀ ਨੂੰ ਹੀ ਬੜੀਆਂ ਘੋਖਵੀਆਂ ਨਜ਼ਰਾਂ ਨਾਲ ਵੇਖਦੀ। ਪਤੀ ਦੇ ਮਰਨ ਤੋਂ ਪਿੱਛੋਂ ਉਹ ਬਹੁਤ ਹੀ ਦਬੰਗ ਕਿਸਮ ਦੀ ਔਰਤ ਬਣ ਗਈ ਸੀ। ਮੁਹੱਲੇ ਦੇ ਮਰਦ ਵੀ ਉਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ। ਕਈ ਤਾਂ ਇਥੋਂ ਤੱਕ ਵੀ ਕਹਿ ਦਿੰਦੇ ਪਈ ਬਾਂਝ ਹੈ, ਪਤੀ ਨੂੰ ਜ਼ਹਿਰ ਦੇ ਕੇ ਏਹਨੇ ਹੀ ਮਾਰਿਐ, ਏਸੇ ਕਰਕੇ ਭੋਰਾ ਵੀ ਅਫਸੋਸ ਨਹੀਂ ਕੀਤਾ, ਕਦੇ ਉਸ ਵਿਚਾਰੇ ਦਾ।

ਮੈਂ ਛੇਤੀ ਛੇਤੀ ਬਾਹਰ ਨਿਕਲਿਆ ਤੇ ਬੂਹਾ ਬੰਦ ਕਰਕੇ ਗਲੀ ਦਾ ਮੋੜ ਮੁੜ ਗਿਆ। ਔਰਤਾਂ ਦੀ ਘੁਸਰ-ਮੁਸਰ ਹਾਲੇ ਵੀ ਜ਼ਾਰੀ ਸੀ।

ਸ਼ਾਮੀ ਜਦੋਂ ਮੈਂ ਦਫਤਰੋਂ ਵਾਪਿਸ ਆਇਆ ਤਾਂ ਇਹ ਵੇਖ ਕੇ ਹੈਰਾਨ ਰਹਿ ਗਿਆ ਕਿ ਉਹ ਉਥੇ ਖੜ੍ਹੀ ਸੀ ਗਲੀ-ਗੁਆਂਢ ਦੀਆਂ ਔਰਤਾਂ ਕੋਲ। ਸਵੇਰ ਵਾਲਾ ਈ ਕਰੀਮ ਰੰਗ ਦਾ ਸੂਟ ਉਸ ਪਹਿਨਿਆ ਹੋਇਆ, ਇਕਹਿਰੇ ਜਿਹੇ ਸਰੀਰ ਦੀ ਲੰਬੀ ਜਿਹੀ। ਉਸਦੇ ਹੱਥ ਵਿਚ ਇਕ ਕਿਤਾਬ ਜਿਹੀ ਸੀ। ਮੈਂ ਨੇੜੇ ਹੋਇਆ ਤਾਂ ਵੇਖਿਆ ਇਹ ਸੈਕਸਪੀਅਰ ਦਾ ਨਾਟਕ ‘ਮੱਚ ਆਡੋ ਅਬਾਊਟ ਨੱਥਿੰਗ’ ਸੀ। ਸਵੇਰੇ ਜਿਹੜੀਆਂ ਔਰਤਾਂ ਉਸ ਵਿਚੋਂ ਇਕ ਜਾਂ ਦੂਸਰਾ ਨੁਕਸ ਕੱਢਦੀਆਂ ਥੱਕਦੀਆਂ ਨਹੀਂ ਸਨ ਹੁਣ ਹੱਸ ਹੱਸ ਗੱਲਾਂ ਕਰ ਰਹੀਆਂ ਸਨ। ਮੈਂ ਉਹਨਾਂ ਕੋਲ ਦੀ ਲੰਘਣ ਲੱਗਿਆ ਤਾਂ ਉਹ ਸਾਰੀਆਂ ਗੱਲਾਂ ਕਰਨੋਂ ਚੁੱਪ ਕਰ ਗਈਆਂ। ਕੇਵਲ ਉਸਨੇ ਮੇਰੇ ਵੱਲ ਵੇਖਿਆ ਪਰ ਮੈਂ ਨੀਵੀਂ ਪਾ ਲਈ ਤੇ ‘ਸਾਊ ਗੁਆਂਢੀ ਵਾਂਗ ਚੁਪੀਤੇ ਲੰਘਣ ਲੱਗਿਆ।

ਅਛੋਪਲੇ ਹੀ ਮੇਰੀ ਨਜ਼ਰ ਚੁਬਾਰੇ ਉਪਰ ਜਾ ਪਈ। ਉਥੇ ਕਾਲੇ ਰੰਗ ਦਾ ਇਕ ਬੋਰਡ ਲਟਕ ਰਿਹਾ ਸੀ ਅਤੇ ਜਿਸ ਉਪਰ ਸਫੈਦ ਸਿਆਹੀ ਨਾਲ ਵੱਡੇ ਵੱਡੇ ਅੱਖਰਾਂ ਵਿਚ ਲਿਖਿਆ ਹੋਇਆ ਸੀ, ‘ਦਫਤਰ, ਨਾਰੀ ਜਾਗ੍ਰਿਤੀ ਸਭਾ।’
ਆਪਣੇ ਕਮਰੇ ਦੇ ਅੰਦਰ ਵੜ ਦਰਵਾਜ਼ਾ ਬੰਦ ਕਰਕੇ ਮੈਂ ਅੰਦਰੋਂ ਕੁੰਡਾ ਬੰਦ ਕਰ ਲਿਆ ਤਾਂ ਜ਼ੋ ਉਹ ਇਹ ਨਾ ਸਮਝਣ ਪਈ ਮੈਂ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਹਾਂ।

ਹੁਣ ਮੈਨੂੰ ਸਾਰੀ ਗੱਲ ਦੀ ਸਮਝ ਆ ਗਈ ਸੀ। ਉਹ ਕੋਈ ਸਾਧਾਰਨ ਔਰਤ ਨਹੀਂ ਸੀ। ਨਾਰੀ ਜਾਗ੍ਰਿਤੀ ਸਭਾ ਦੀ ਕਾਰਕੁੰਨ, ਕਸਬੇ ’ਚ ਨਵੇਂ ਖੁੱਲ੍ਹੇ ਕਾਲਜ ਵਿਚ ਪ੍ਰੋਫ਼ੈਸਰ ਹੋਵੇਗੀ। ਉਹ ਆਮ ਨਾਰੀ ਨਾ ਹੋ ਕੇ ਇਕ ਪੜ੍ਹੀ ਲਿਖੀ ਅਤੇ ਆਪਣੇ ਹੱਕਾਂ ਪ੍ਰਤੀ ਜਾਗ੍ਰਿਤ ਔਰਤ ਸੀ। ਇਸੇ ਕਰਕੇ ਉਸਦੀਆਂ ਨਜ਼ਰਾਂ ਵਿਚ ਮੈਨੂੰ ਇੱਕ ਆਤਮ-ਵਿਸ਼ਵਾਸ਼ ਨਜ਼ਰੀਂ ਪਿਆ ਸੀ।

ਪਰ ਮੈਂ ਅੰਦਰੋਂ ਅੰਦਰੀਂ ਇਹਨਾਂ ਦਾ ਜਿਵੇਂ ਪੂਰਾ ਸਤਿਕਾਰ ਕਰਦਾ ਹਾਂ। ਇਹਨਾਂ ਦੀ ਸਭਾ ਬਾਰੇ ਵੀ ਮੈਂ ਅਖਬਾਰਾਂ, ਰਸਾਲਿਆਂ ਵਿਚੋਂ ਕਾਫੀ ਕੁਝ ਪੜ੍ਹਿਆ ਸੀ। ਔਰਤਾਂ ਦੇ ਹੱਕਾਂ ਪ੍ਰਤੀ ਸੁਚੇਤ ਇਹਨਾਂ ਔਰਤਾਂ ਨੇ ਇਕ ਲਹਿਰ ਜਿਹੀ ਛੇੜ ਰੱਖੀ ਸੀ। ਨਾਰੀ-ਜਾਗ੍ਰਿਤੀ ਲਈ ਇਹ ਸਭਾ ਬਹੁਤ ਜੱਦੋ-ਜਹਿਦ ਕਰ ਰਹੀ ਸੀ। ਜਿਥੇ ਵੀ ਕਿਤੇ ਔਰਤਾਂ ਉਪਰ ਕੋਈ ਜੁਲਮ ਤਸ਼ੱਦਦ ਹੁੰਦਾ ਤਾਂ ਇਹ ਉਥੇ ਪਹੁੰਚ ਕੇ ਮੁਜ਼ਾਹਰੇ ਜਲਸੇ ਕਰਦੀਆਂ ਅਤੇ ਹੱਕੀ ਮੰਗਾਂ ਮੰਨਵਾਉਣ ਦਾ ਯਤਨ ਕਰਦੀਆਂ।
ਤਾਂ ਕੀ ਇਸ ਕਸਬੇ ਵਿਚ ਵੀ ਕੋਈ ਅਜਿਹੀ ਸਮੱਸਿਆ ਹੈ?

ਇਸ ਪ੍ਰਸ਼ਨ ਨੇ ਮੇਰੀ ਸੋਚ ਨੂੰ ਧੁਰ ਅੰਦਰ ਤੱਕ ਝੰਜੋੜ ਦਿੱਤਾ। ਪਰ ਇਸ ਸਮੇਂ ਮੈਨੂੰ ਅਜਿਹੀ ਕੋਈ ਸਮੱਸਿਆ ਸਪੱਸ਼ਟ ਤੌਰ ’ਤੇ ਨਜ਼ਰ ਨਹੀਂ ਸੀ ਆਈ। ਮੈਨੂੰ ਇਸ ਗੱਲ ਦੀ ਖੁਸ਼ੀ ਸੀ ਪਈ ਘੱਟੋ ਘੱਟ ਇਸ ਮੁਹੱਲੇ ਦੀਆਂ ਔਰਤਾਂ ਤਾਂ ਕੁਝ ਸੁਧਰ ਸਕਣਗੀਆਂ, ਆਪਣੇ ਆਪਣੇ ਖੋਲ ਵਿਚੋਂ ਨਿਕਲ ਕੇ ਆਉਣਗੀਆਂ ਅਤੇ ਉਹਨਾ ਨੂੰ ਵੀ ਪਤਾ ਲੱਗੇਗਾ ਕਿ ਪਈ ਦੁਨੀਆਂ ਕਿੱਥੇ ਦੀ ਕਿੱਥੇ ਪੁੱਜ ਚੁੱਕੀ ਹੈ।

ਸੱਚਮੁੱਚ ਏਦਾਂ ਹੀ ਹੋਇਆ, ਮੁਹੱਲੇ ਦੀਆਂ ਔਰਤਾਂ ਤੇ ਦੂਜੀਆਂ ਵੀ, ਹੁਣ ਖੁੱਲ੍ਹੇ ਡੁੱਲ੍ਹੇ ਰੂਪ ਵਿਚ ਉਸ ਚੁਬਾਰੇ ਵਿਚ ਉਸ ਕੋਲ ਆਉਣ ਜਾਣ ਲੱਗ ਪਈਆਂ ਸਨ।

ਅਸਲ ਵਿਚ ਉਸਦੇ ਇਥੇ ਆਉਣ ਨਾਲ ਸਾਰਾ ਕਸਬਾ ਜਿਵੇਂ ਇਕ ਕਰਵਟ ਜਿਹੀ ਲੈਣ ਲੱਗ ਪਿਆ ਸੀ। ਸੁਬਹ, ਸ਼ਾਮ ਦੂਰੋਂ ਨੇੜਿਓਂ ਕੋਈ ਨਾ ਕੋਈ ਦੁਖਿਆਰੀ ਔਰਤ ਉਸ ਕੋਲ ਆਪਣਾ ਦੁੱਖ ਫਰੋਲਣ ਲਈ ਤੁਰੀ ਰਹਿੰਦੀ। ਮੈਂ ਇਹ ਤਾਂ ਪੱਕ ਨਾਲ ਨਹੀਂ ਕਹਿ ਸਕਦਾ ਪਈ ਉਸਨੇ ਕਿੰਨੀਆਂ ਨੂੰ ਮੁਕਤੀ ਦੁਆਈ ਹੋਵੇਗੀ ਪਰੰਤੂ ਉਸਦੇ ਚੁਬਾਰੇ ਵਿਚ ਵੱਧ ਰਹੀ ਰੌਣਕ ਨੂੰ ਵੇਖਦਿਆਂ ਇਹ ਜ਼ਰੂਰ ਕਿਹਾ ਜਾ ਸਕਦਾ ਸੀ ਕਿ ਉਸਦਾ ਮੰਤਵ ਤਰੱਕੀ ਦੀਅਾਂ ਪੁਲਾਂਘਾਂ ਪੁੱਟਦਾ ਜਾ ਰਿਹਾ ਸੀ।

ਮੇਰੇ ਮਨ ਵਿਚ ਉਸਦੇ ਬਾਰੇ ਇਕ ਅਜੀਬ ਤਰ੍ਹਾਂ ਦਾ ਲਗਾਓ ਜਿਹਾ ਪੈਦਾ ਹੋ ਗਿਆ ਸੀ। ਲੱਖ ਚਾਹੁਣ ’ਤੇ ਵੀ ਮੈਂ ਆਪਣੇ ਖਿਆਲਾਂ ਨੂੰ ਉਸਦੇ ਵੱਲੋਂ ਨਾ ਮੋੜ ਸਕਦਾ। ਕਦੇ ਕਦੇ ਜਾਪਦਾ ਪਈ ਮੈਂ ਉਸਨੂੰ ਚਾਹੁੰਣ ਲੱਗ ਪਿਆ ਸਾਂ ਪਰ ਅਗਲੇ ਹੀ ਪਲ ਉਸਦੀ ਭੂਤਕਾਲ ਦੀ ਜ਼ਿੰਦਗੀ ਬਾਰੇ ਸੋਚ ਕੇ ਮੈਂ ਨਮੋਸ਼ਿਆ ਜਿਹਾ ਜਾਂਦਾ। ਉਹ ਵਿਆਹੀ ਵਰੀ ਸੀ। ਕੀ ਹੋਇਆ ਜੇ ਉਸਦੀ ਆਪਣੇ ਪਤੀ ਨਾਲ ਅਣਬਣ ਹੈ? ਕੱਲ੍ਹ ਨੂੰ ਉਹਨਾਂ ਦਾ ਸਮਝੌਤਾ ਵੀ ਤਾਂ ਹੋ ਸਕਦਾ ਸੀ। ਨਾਲੇ ਜਿਹੜੀ ਸੁਤੰਤਰ ਵਿਚਾਰਾਂ ਦੀ ਹੋਵੇ, ਜਿਹੜੀ ਆਪਣੀ ਵੱਖਰੀ ਸ਼ਖਸ਼ੀਅਤ ਵਿਚ ਵਿਸ਼ਵਾਸ ਰੱਖਦੀ ਹੋਵੇ, ਉਸ ਨਾਲ ਕਿਹੜਾ ਮਰਦ ਨਿਭਾ ਸਕਦਾ ਹੈ? ਇਹ ਸੋਚ ਕੇ ਮੈਂ ਕੰਬ ਜਾਂਦਾ।

ਖਿਆਲ ਆਉਂਦਾ ਮੇਰਾ ਉਸ ਨਾਲ ਜਦੋਂ ਕੋਈ ਸਬੰਧ ਹੀ ਨਹੀਂ, ਰਿਸ਼ਤਾ ਹੀ ਨਹੀਂ ਤਾਂ ਫਿਰ ਮੈਨੂੰ ਕੀ ਲੋੜ ਪਈ ਹੈ ਮੈਂ ਉਸ ਬਾਰੇ ਵਿਚਾਰ ਕਰਾਂ? ਪਰ ਅਗਲੇ ਹੀ ਪਲ ਫਿਰ ਦਿਲ ਕਰਦਾ ਪਈ ਘੱਟੋ ਘੱਟ ਉਸਨੂੰ ਵੇਖਿਆ ਹੀ ਜਾਵੇ। ਇਹ ਅਜੀਬ ਹੀ ਤਰ੍ਹਾਂ ਦਾ ਤਾਣਾ ਬਾਣਾ ਸੀ ਜਿਸ ਵਿਚ ਮੈਂ ਉਲਝਿਆ ਰਹਿੰਦਾ।

ਉਸ ਨਾਲ ਮੇਰੀ ਇਹ ਸਾਂਝ ਕਦੇ ਵੀ ਬੁੱਲ੍ਹਾਂ ਉਪਰ ਨਾ ਆ ਸਕੀ। ਇਕ ਚੁੱਪ ਦਾ ਰਿਸ਼ਤਾ ਸੀ ਜਿਸਨੂੰ ਸ਼ਾਇਦ ਬੋਲਾਂ ਦੇ ਲੰਗੜੇ ਸਹਾਰੇ ਦੀ ਲੋੜ ਨਹੀਂ ਸੀ। ਬਸ ਜਦੋਂ ਦਿਲ ਨੂੰ ਡੋਬੂ ਜਿਹਾ ਪੈਂਦਾ ਮੈਂ ਕੋਠੇ ਉਪਰ ਜਾ ਚੜ੍ਹਦਾ। ਉਹ ਚੁਬਾਰੇ ਦੀ ਖਿੜਕੀ ਵਿਚੋਂ ਦੀ ਦਿਖਾਈ ਦਿੰਦੀ। ਉਸਨੂੰ ਇਧਰ ਉਧਰ ਫਿਰਦੀ ਨੂੰ ਮੈਂ ਨੀਝ ਲਾ ਕੇ ਵੇਖਦਾ ਰਹਿੰਦਾ, ਇਸ ਸਮੇਂ ਮੈਂ ਬਹੁਤ ਕੁੱਝ ਸੋਚ ਜਾਂਦਾ ਪਰ ਜਦੋਂ ਉਹ ਕਦੇ ਖਿੜਕੀ ਵਿਚ ਆ ਕੇ ਮੇਰੀ ਇਸ ਚੋਰੀ ਨੂੰ ਫੜ ਲੈਂਦੀ ਅਤੇ ਮੇਰੇ ਵੱਲ ਹਿਮਾਕਤ ਭਰੀਆਂ ਨਜ਼ਰਾਂ ਨਾਲ ਵੇਖਦੀ ਤਾਂ ਮੈਂ ਨੀਵੀਂ ਪਾ ਲੈਂਦਾ। ਮੇਰੀ ਸਥਿਤੀ ਅਜੀਬ ਤਰ੍ਹਾਂ ਦੀ ਹੋ ਜਾਂਦੀ।

ਇਸ ਅਜੀਬ ਸਥਿਤੀ ਕਾਰਨ ਮੈਂ ਕਦੇ ਉਸਨੂੰ ਰੱਜ ਕੇ ਵੇਖ ਵੀ ਨਹੀਂ ਸਾਂ ਸਕਿਆ।
ਉਸ ਦਿਨ ਭਰੇ ਬਾਜ਼ਾਰ ਵਿਚ ਉਹ ਮੌਕਾ ਵੀ ਮਿਲ ਗਿਆ।

ਕਸਬੇ ਵਿਚ ਸਵੇਰ ਤੋਂ ਹੀ ਕਸ਼ੀਦਗੀ ਦਾ ਵਾਤਾਵਰਣਨ ਬਣਿਆ ਹੋਇਆ ਸੀ। ਇਕ ਅਣਹੋਣੀ ਘਟਨਾ ਨੇ ਜਿਵੇਂ ਸਾਰੇ ਕਸਬੇ ਨੂੰ ਸਰਾਲ ਵਾਂਗ ਆਪਣੇ ਸ਼ਿਕੰਜੇ ਵਿਚ ਕੱਸ ਰੱਖਿਆ ਸੀ। ਇੰਨੀ ਮਾੜੀ ਘਟਨਾ ਤਾਂ ਕਸਬੇ ਦੇ ਮੱਥੇ ਉਤੇ ਕਲੰਕ ਸੀ। ਕਸਬੇ ਵਿਚ ਸ਼ਾਇਦ ਕਦੇ ਵੀ ਏਨਾ ਘੋਰ ਪਾਪ ਨਹੀਂ ਸੀ ਹੋਇਆ। ਕਿਸੇ ਇਕ ਦੇ ਮਹਾਂ ਪਾਪ ਕਾਰਨ ਸਾਰੇ ਕਸਬੇ ਵਿਚ ਪਲੇਗ ਵਰਗੀ ਕਿਸੇ ਬਿਮਾਰੀ ਦੇ ਫੈਲਣ ਦਾ ਅੰਦੇਸ਼ਾ ਸਭ ਨੂੰ ਲੱਗ ਰਿਹਾ ਸੀ ਜਿਵੇਂ ਤੀਵੀਂਆਂ, ਮਰਦ, ਬੱਚੇ, ਬੁੱਢੇ, ਸਭਨਾਂ ਦੀਆਂ ਜੀਭਾਂ ਹੀ ਠਾਕੀਆਂ ਗਈਆਂ ਹੋਣ।
ਸੇਠ ਕ੍ਰਿਸ਼ਨ ਪਾਲ ਨੇ ਪੰਜ ਸਾਲਾ ਬੱਚੀ ਨਾਲ ਬਲਾਤਕਾਰ ਕੀਤਾ ਸੀ।

ਸਾਰੇ ਦਾ ਸਾਰਾ ਕਸਬਾ ਇਕ ਸਹਿਮ, ਚੁੱਪ ਅਤੇ ਗੁੱਸੇ ਦੀ ਗ੍ਰਿਫ਼ਤ ਵਿਚ ਆ ਚੁੱਕਿਆ ਸੀ।

ਜਨਮ ਅਸ਼ਟਮੀ ਦਾ ਦਿਨ ਸੀ। ਸੇਠ ਕ੍ਰਿਸ਼ਨ ਪਾਲ ਨੂੰ ਬਹੁਤ ਸਾਰੇ ਲੋਕਾਂ ਨੇ ਖੁਦ ਬੱਚੀ ਨੂੰ ਉਂਗਲੀ ਫੜ ਕੇ ਡੰਗਰਾਂ ਵਾਲੇ ਹਸਪਤਾਲ ਦੇ ਪਿੱਛੇ ਲਿਜਾਂਦਿਆਂ ਵੇਖਿਆ ਅਤੇ ਕੁਝ ਪਲਾਂ ਬਾਅਦ ਹੀ ਨਿੱਕੀਆਂ ਨਿੱਕੀਆਂ ਚੀਕਾਂ ਕਾਲੇ ਆਸਮਾਨ ਵੱਲ ਚੜ੍ਹ ਗਈਆਂ।
ਖੂਨ ਨਾਲ ਲੱਥਪੱਥ ਬੱਚੀ ਦੀ ਲਾਸ਼ ਹਸਪਤਾਲ ਦੇ ਪਿਛਲੇ ਪਾਸੇ ਪਈ ਸੀ। ਬਹੁਤ ਸਾਰੇ ਲੋਕ ਵੇਖ ਵੇਖ ਕੇ ਆ ਰਹੇ ਸਨ।

ਜਦੋਂ ਮੈਨੂੰ ਇਸ ਘਟਨਾ ਬਾਰੇ ਪਤਾ ਲੱਗਆ, ਪਹਿਲਾਂ ਤਾਂ ਮੈਂ ਇਹੋ ਸੋਚਿਆ ਪਈ ਇਹ ਸੇਠ ਕ੍ਰਿਸ਼ਨ ਪਾਲ ਦੇ ਵਿਰੋਧੀਆਂ ਦੀ ਸਾਜਿਸ਼ ਹੋ ਸਕਦੀ ਹੈ। ਉਸਦੀ ਵਪਾਰਕ ਚੜ੍ਹਤ ਨੂੰ ਵੇਖ ਕੇ ਕੁਝ ਲੋਕ ਜ਼ਰੂਰ ਜਲਦੇ ਹੋਣਗੇ, ਜਿਨ੍ਹਾਂ ਨੇ ਉਸਨੂੰ ਬਦਨਾਮ ਕਰਨ ਵਾਸਤੇ ਹੀ ਸਾਰਾ ਛੜਯੰਤਰ ਰਚਿਆ ਹੋਵੇਗਾ। ਸੇਠ ਕ੍ਰਿਸ਼ਨ ਪਾਲ ਦੀ ਉਮਰ ਸੱਠਾਂ ਵਰਿੑਅਾਂ ਤੋਂ ਵੀ ਲੰਘ ਚੁੱਕੀ ਸੀ। ਉਸਦੀ ਆਪਣੀ ਮੂਰਤ ਵਰਗੀ ਤੀਵੀਂ ਸੀ। ਨਾਲੇ ਹੁਣ ਤਾਂ ਉਹ ਧੀਆਂ ਪੋਤਰਿਆਂ ਵਾਲਾ ਹੋ ਚੁੱਕਿਆ ਸੀ ਪਰ ਜਦੋਂ ਦਫਤਰ ਵਿਚ ਬਾਸ ਨੇ ਵੀ ਇਸ ਗੱਲ ਦੀ ਤਸਦੀਕ ਕਰ ਦਿੱਤੀ ਅਤੇ ਅੱਧੇ ਦਿਨ ਦੀ ਛੁੱਟੀ ਦਾ ਵੀ ਐਲਾਨ ਕਰ ਦਿੱਤਾ ਤਾਂ ਮੈਨੂੰ ਇਸਦੀ ਅਸਲੀਅਤ ਬਾਰੇ ਸਮਝ ਪਈ।

ਮੈਂ ਦਫ਼ਤਰੋਂ ਮੁੜਿਆ ਆ ਰਿਹਾ ਸਾਂ ਚੌਕ ਫੁਆਰੇ ਕੋਲ ਇਕ ਭੀੜ ਜਿਹੀ ਨਜ਼ਰ ਆਈ। ਉਥੇ ਕੁਝ ਔਰਤਾਂ ਹੱਥਾਂ ਵਿਚ ਮਾਟੋਜ਼ ਚੁੱਕੀ ਖੜ੍ਹੀਆਂ ਸਨ ਅਤੇ ਇਹਨਾਂ ਵਿਚ ਉਹ ਵੀ ਸੀ। ਉਸਦੇ ਹੱਥ ਵਿਚ ਜਿਹੜਾ ਮਾਟੋ ਚੁੱਕਿਆ ਹੋਇਆ ਸੀ, ਉਸ ਉਪਰ ਲਿਖਿਆ ਸੀ, ‘‘ਕਾਮੀ ਦਰਿੰਦੇ ਸੇਠ ਕ੍ਰਿਸ਼ਨ ਪਾਲ ਨੂੰ ਫਾਹੇ ਲਾਓ।’’

ਤਿੰਨ ਚਾਰ ਹੋਰ ਔਰਤਾਂ ਦੇ ਹੱਥਾਂ ਵਿਚ ਕੁਝ ਅਜਿਹੇ ਹੀ ਮਾਟੋਜ਼ ਸਨ, ਜਿਹਨਾਂ ਵਿਚੋਂ ਉਸ ਵੇਲੇ ਮੈਂ ਕੇਵਲ ਮਿਸਿਜ਼ ਸ਼ਰਮਾਂ ਨੂੰ ਹੀ ਵੇਖ ਸਕਿਆ। ਉਸ ਕੋਲ ਵੀ ਇਕ ਝੰਡਾ ਚੁੱਕਿਆ ਹੋਇਆ ਸੀ ਜਿਸ ਉਪਰ ਲਿਖਿਆ ਸੀ, ‘‘ਔਰਤਾਂ ਉਪਰ ਹੋ ਰਹੇ ਜ਼ੁਲਮ ਤਸ਼ਦੱਦ ਨੂੰ ਬੰਦ ਕਰੋ।’’
ਆਪਣੇ ਹੀ ਲੋਕਾਂ ਨੂੰ ਵੇਖ ਕੇ ਮੈਂ ਕੁਝ ਅਗਾਂਹ ਵਧਿਆ। ਮੈਨੂੰ ਆਪਣੇ ਵੱਲ ਆਉਂਦਿਆਂ ਨੂੰ ਵੇਖ ਕੇ ਉਹਨਾਂ ਨੇ ਉਚੀ ਉਚੀ ਨਾਹਰੇ ਲਗਾਉਣੇ ਸ਼ੁਰੂ ਕਰ ਦਿੱਤੇ, ‘‘ਦੁਨੀਆਂ ਭਰ ’ਚ ਔਰਤਾਂ ’ਤੇ ਹੋ ਰਹੇ ਜ਼ੁਲਮਾਂ ਨੂੰ ਬੰਦ ਕਰੋ।’’ ‘‘ਬਲਾਤਕਾਰੀਆਂ ਨੂੰ, ਮੌਤ ਦੀ ਸਜ਼ਾ ਦਿਓ।’’ ‘‘ਮੁੰਡੇ ਕੁੜੀ ਟੈਸਟਾਂ ਵਿਰੁੱਧ ਕਾਨੂੰਨ ਬਣਾਉ….।’’

ਉਹਨਾ ਨੂੰ ਨਾਹਰੇ ਲਾਉਂਦਿਆਂ ਨੂੰ ਵੇਖ ਕੇ ਉਥੇ ਲੋਕਾਂ ਦਾ ਇੱਕ ਝੁੰਡ ਜਿਹਾ ਇਕੱਠਾ ਹੋ ਗਿਆ।

ਥੋੜ੍ਹੀ ਦੇਰ ਪਿੱਛੋਂ ਉਹਨਾਂ ਵਿਚੋਂ ਇਕ ਨੇ ਥੋੜ੍ਹਾ ਉਚੀ ਥਾਂ ਜਿਹੜੇ ਉਪਰ ਖੜਦਿਆਂ ਕਿਹਾ, ‘‘ਹੁਣ ਤੁਹਾਡੇ ਸਾਹਮਣੇ ਸਾਡੀ ਸੂਬਾ ਕਮੇਟੀ ਦੀ ਪ੍ਰਧਾਨ ਪ੍ਰੋਫੈਸਰ ਮਿਸ ਜੋਤੀ ਜੀ ਆਪਣੇ ਵਿਚਾਰ ਪ੍ਰਗਟਾਉਣਗੇ।’’

ਮੈਂ ਵੇਖਿਆ, ਉਹੀ ਸੀ, ਚੁਬਾਰੇ ਵਾਲੀ, ਉਹ ਇਕ ਫੁਰਤੀ ਜਿਹੀ ਨਾਲ ਥੜ੍ਹੇ ਉਪਰ ਜਾ ਚੜ੍ਹੀ। ਉਸਦੇ ਹੱਥ ਵਿਚ ਬੈਨਰ ਚੁੱਕਿਆ ਹੋਇਆ ਸੀ।

ਇਕ ਪਲ ਲਈ ਉਸਦੀ ਘੋਖਵੀਂ ਜਿਹੀ ਨਜ਼ਰ ਮੇਰੇ ਵੱਲ ਉਠੀ। ਸਾਰੇ ਉਸ ਵੱਲ ਬੜੇ ਹੀ ਧਿਆਨ ਨਾਲ ਵੇਖ ਰਹੇ ਸਨ। ਮੈਂ ਵੇਖਿਆ ਉਹ ਨਜ਼ਰਾਂ ਜਿਹੜੀਆਂ ਮੈਂ ਚੁਬਾਰੇ ਵਿਚੋਂ ਖਿੜਕੀ ਵਿਚ ਦੀ ਦੇਖਿਆ ਕਰਦਾ ਸਾਂ। ਪਰ ਇਸ ਵਾਰ ਇਸਤੋਂ ਪਹਿਲਾਂ ਕਿ ਮੈਂ ਨੀਵੀਂ ਪਾਉਂਦਾ, ਉਸਨੇ ਮੈਨੂੰ ਅੱਖਾਂ ਦੇ ਇਸ਼ਾਰੇ ਨਾਲ ਹੀ ਬੁਲਾਇਆ।

ਮੈਂ ਅਗਾਂਹ ਵਧਿਆ ਤਾਂ ਉਸਨੇ ਆਪਣੇ ਵਾਲਾ ਬੈਨਰ ਮੈਨੂੰ ਫੜ੍ਹਾ ਦਿੱਤਾ।

ਭਾਵੇਂ ਇਕੱਠ ਵਿਚੋਂ ਕੁਝ ਬੰਦਿਆਂ ਨੇ ਮੇਰੀ ਵੱਲ ਕੁਨੱਖੀਆਂ ਨਜ਼ਰਾਂ ਨਾਲ ਵੇਖ ਕੇ ਘੁਸਰ ਮੁਸਰ ਕੀਤੀ ਪਰ ਮੈਂ ਉਸ ਸਮੇਂ ਆਪਣੇ ਆਪ ’ਤੇ ਗੌਰਵ ਮਹਿਸੂਸ ਕੀਤਾ।
ਆਖਰ ਸਾਰੇ ਇਕੱਠ ਵਿਚੋਂ ਮੈਂ ਹੀ ਅਜਿਹਾ ਸਾਂ ਜਿਸਨੂੰ ਉਸਨੇ ਵਿਸ਼ਵਾਸ ਪਾਤਰ ਸਮਝਿਆ ਸੀ।

ਉਹ ਬੋਲ ਰਹੀ ਸੀ, ‘‘ਭਰਾਵੋ, ਅੱਜ ਜਿਹੜਾ ਕਾਰਾ ਸਾਡੇ ਸ਼ਹਿਰ ਵਿਚ ਵਾਪਰਿਆ ਇਹ ਸਾਡੇ ਨਗਰ ਲਈ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਮੂੰਹ ਉਪਰ ਕਲੰਕ ਹੈ। ਸੇਠ ਕ੍ਰਿਸ਼ਨ ਪਾਲ ਨੇ ਆਪਦੀ ਧੀਆਂ ਵਰਗੀ ਬੱਚੀ ਨਹੀਂ ਸਗੋਂ ਆਪਣੀ ਹੀ ਧੀ ਨਾਲ ਮੂੰਹ ਕਾਲਾ ਕੀਤੈ।’’

ਉਸਦੇ ਏਨਾ ਕਹਿਣ ’ਤੇ ਝੁੰਡ ਵਿਚ ਖੜ੍ਹੀਆਂ ਇਸਤਰੀਆਂ ਦੇ ਮੂੰਹੋਂ, ਸ਼ੇਮ ਸ਼ੇਮ ਦੇ ਸ਼ਬਦ ਹਵਾ ਵਿਚ ਗੂੰਜੇ। ਉਸਨੇ ਵੀ ਹਾਊਕਾ ਜਿਹਾ ਲੈ ਕੇ ਆਪਣਾ ਭਾਸ਼ਣ ਜਾਰੀ ਰੱਖਿਆ, ‘‘ਨਾਰੀ ਜਾਗ੍ਰਿਤੀ ਸਭਾ ਦਾ ਮੁੱਖ ਉਦੇਸ਼ ਔਰਤਾਂ ਅੰਦਰ ਹਰ ਤਰ੍ਹਾਂ ਦੀ ਜਾਗ੍ਰਿਤੀ ਪੈਦਾ ਕਰਕੇ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਬਣਾਉਣਾ ਹੈ। ਅੱਜ ਦੀ ਨਾਰੀ ਅਬਲਾ ਨਹੀਂ ਸਬਲਾ ਹੈ, ਉਹ ਮਜ਼ਲੂਮ ਨਹੀਂ, ਸ਼ੀਹਣੀ ਹੈ, ਜਿਹੜੀ ਕਿਸੇ ਤਰ੍ਹਾਂ ਦੇ ਜੁਲਮ ਨੂੰ ਸਹਿਣ ਨਹੀਂ ਕਰ ਸਕਦੀ। ਔਰਤ ਸਦਾ ਹੀ ਮਰਦ ਦਾ ਸ਼ਿਕਾਰ ਰਹੀ ਹੈ। ਸਾਡੇ ਸਮਾਜ ਵਿਚ ਆਮ ਔਰਤ ਦੀ ਗੱਲ ਛੱਡੋ, ਪੜ੍ਹੀਆਂ ਲਿਖੀਆਂ ਤੇ ਨੌਕਰੀ ਪੇਸ਼ਾ ਨੂੰ ਵੀ ਮਰਦ ਦੀ ਦੂਹਰੀ ਗੁਲਾਮੀ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ। ਅਜੋਕੀ ਔਰਤ ਆਟੇ ਦਾ ਦੀਵਾ ਨਹੀਂ, ਪੈਰ ਦੀ ਜੁੱਤੀ ਨਹੀਂ। ਔਰਤ ਨੂੰ ਛਿੱਤਰ ਸਮਝਣ ਵਾਲਿਆਂ ਦੇ ਮੂੰਹ ਉਪਰ ਛਿੱਤਰਾਂ ਦੀ ਬੁਛਾੜ ਹੋਣੀ ਚਾਹੀਦੀ ਹੈ। ਕਿਸੇ ਸਮੇਂ ਕੁੜੀ ਦੇ ਜੰਮਣ ਤੋਂ ਬਾਅਦ ਉਸਦਾ ਗਲਾ ਘੁੱਟਿਆ ਜਾਂਦਾ ਸੀ, ਪਰ ਅੱਜ ਜੰਮਣ ਤੋਂ ਪਹਿਲਾਂ ਹੀ ਇਸ ਦੁਨੀਆਂ ’ਤੇ ਆਉਣ ਤੋਂ ਪਹਿਲਾਂ ਹੀ, ਉਸਦਾ ਕਤਲ ਕਰ ਦਿੱਤਾ ਜਾਂਦਾ ਹੈ। ਸਾਡੀ ਮੰਗ ਹੈ ਕਿ ਅਜਿਹੇ ਟੈਸਟਾਂ ਵਿਰੁੱਧ ਕਾਨੂੰਨ ਬਣਾਉਣਾ ਚਾਹੀਦਾ ਹੈ। ਜਿਹੜਾ ਵੀ ਟੈਸਟ ਕਰੇ ਜਾਂ ਕਰਾਵੇ ਉਸ ’ਤੇ ਕਤਲ ਦਾ ਮੁਕੱਦਮਾ ਚਲਾਉਣਾ ਚਾਹੀਦਾ ਹੈ?’’

ਮੈਂ ਵੇਖਿਆ ਜੋਤੀ ਦੇ ਭਾਸ਼ਣ ਨੇ ਜਿਵੇਂ ਲੋਕਾਂ ਨੂੰ ਕੀਲ ਲਿਆ ਸੀ, ਉਸਦਾ ਇਕ ਇਕ ਸ਼ਬਦ ਜਿਵੇਂ ਉਸਨੇ ਆਪਣੇ ਹੱਡੀਂ ਹੰਢਾਇਆ ਹੋਵੇ।

ਇਕ ਪਲ ਲਈ ਉਹ ਰੁਕੀ ਅਤੇ ਆਪਦੇ ਭਾਸ਼ਣ ਦੇ ਪ੍ਰਭਾਵ ਦਾ ਜਾਇਜ਼ਾ ਲੈਣ ਤੋਂ ਪਿਛੋਂ ਉਸਨੇ ਕਹਿਣਾ ਜਾਰੀ ਰੱਖਿਆ, ‘‘ਬਲਾਤਕਾਰ ਇਕ ਸ਼ਬਦ ਨਹੀਂ ਬਲਕਿ ਔਰਤ ਨੂੰ ਨੀਵਾਂ ਦਿਖਾਉਣ ਦਾ ਮਰਦ ਵੱਲੋਂ ਲੱਭਿਆ ਇਕ ਨਵਾਂ ਤਰੀਕਾ ਏ। ਇਸ ਮਰਦ ਪ੍ਰਧਾਨ ਸਮਾਜ ਵਿਚ ਸ਼ਾਇਦ ਅਜੋਕਾ ਮਰਦ ਬੁਖਲਾ ਗਿਆ ਹੈ ਕਿ ਚੇਤਨ ਔਰਤ ਨੂੰ ਵੇਖ ਕੇ ਉਹ ਉਸਨੁੰ ਨੀਵਾਂ ਦਿਖਾਉਣਾ ਚਾਹੁੰਦਾ ਹੈ। ਰੇਪ ਪਸ਼ੂ ਬਿਰਤੀ ਦੀ ਨਿਸ਼ਾਨੀ ਹੈ। ਮਰਦ ਦੀ ਇਸ ਪਸ਼ੂ ਬਿਰਤੀ ਕਾਰਨ ਔਰਤ ਕਿਤੇ ਵੀ ਸੁਰੱਖਿਅਤ ਨਹੀਂ। ਘਰ-ਬਾਹਰ, ਦਫ਼ਤਰ ਵਿਚ, ਬਾਜ਼ਾਰ ਵਿਚ ਕਿਥੇ ਨਹੀਂ ਹਨ ਬਘਿਆੜ? ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਪ੍ਰਚੱਲਤ ਕਾਨੂੰਨ ਵਿਚ ਸੋਧ ਕਰੇ। ਬਲਾਤਕਾਰ ਦੇ ਕੇਸ ਇੰਨੇ ਸਾਹਮਣੇ ਨਹੀਂ ਆਉਂਦੇ ਜਿੰਨੇ ਦਬਾ ਦਿੱਤੇ ਜਾਂਦੇ ਹਨ ਜੇ ਕੋਈ ਔਰਤ ਕਾਨੂੰਨ ਦਾ ਸਹਾਰਾ ਲੈਣ ਦੀ ਹਿੰਮਤ ਵੀ ਕਰਦੀ ਹੈ ਤਾਂ ਉਸਨੂੰ ਕਿੰਨਾ ਜ਼ਲੀਲ ਕਰਦਾ ਹੈ ਸਾਡਾ ਕਾਨੂੰਨ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਰੇਪ ਹੋਈ ਔਰਤ ਦਾ ਬਿਆਨ ਹੀ ਸਭ ਤੋਂ ਵੱਡਾ ਗਵਾਹ ਮੰਨਿਆ ਜਾਣਾ ਚਾਹੀਦਾ ਹੈ।’’
ਉਸਦੀ ਆਵਾਜ਼ ਜੋਸ਼ ਵਿਚ ਆ ਕੇ ਹੋਰ ਉਚੀ ਹੋ ਗਈ ਸੀ।
ਲੋਕਾਂ ਦਾ ਇਕੱਠ ਹੋਰ ਵੀ ਵਧ ਗਿਆ ਸੀ।

ਇਕੱਠ ਵਿਚੋਂ ਆਵਾਜ਼ ਆਈ, ‘‘ਪ੍ਰੋਫੈਸਰ ਮਿਸ ਜੋਤੀ, ਜ਼ਿੰਦਾਬਾਦ।’’

ਪਰ ਉਸ ਵਿਚੋਂ ਜਿਵੇਂ ਵਿਚਾਰਾਂ ਦਾ ਸਮੁੰਦਰ ਠਾਠਾਂ ਮਾਰ ਕੇ ਬਾਹਰ ਆ ਰਿਹਾ ਹੋਵੇ, ‘‘ਅੱਜ ਜਿਹੜਾ ਅਣਮਨੁੱਖੀ ਭਾਣਾ ਸਾਡੇ ਕਸਬੇ ਵਿਚ ਹੋਇਐ, ਇਸ ਦਾ ਫੈਸਲਾ ਲੋਕ ਕਚਹਿਰੀ ਵਿਚ ਹੋਣਾ ਚਾਹੀਦੈ। ਸੇਠ ਕ੍ਰਿਸ਼ਨ ਪਾਲ ਦਾ ਮੂੰਹ ਕਾਲਾ ਕਰਕੇ ਗਲ ਵਿਚ ਛਿੱਤਰਾਂ ਦਾ ਹਾਰ ਪਾ ਕੇ, ਉਸਦਾ ਜਲੂਸ ਕੱਢਿਆ ਜਾਵੇ ਤਾਂ ਜੋ ਅਗਾਂਹ ਤੋਂ ਕਿਸੇ ਵੀ ਕਾਮੀ ਦਰਿੰਦੇ ਦੀ ਅਜਹੀ ਹਿੰਮਤ ਨਾ ਹੋ ਸਕੇ….।’’

ਜਦੋਂ ਪ੍ਰੋਫੈਸਰ ਜੋਤੀ ਉਸ ਥੜ੍ਹੇ ਜਿਹੇ ਤੋਂ ਉਤਰੀ, ਲੋਕਾਂ ਦੀਆਂ ਤਾੜੀਆਂ ਨਾਲ ਸਾਰਾ ਅਸਮਾਨ ਗੂੰਜ ਉਠਿਆ।

ਉਹ ਆ ਕੇ ਮੇਰੇ ਕੋਲ ਖਲੋ ਗਈ, ਬੈਨਰ ਦਾ ਇਕ ਸਿਰਾ ਉਸਨੇ ਫੜ ਲਿਆ। ਮੈਨੂੰ ਜਾਪਿਆ ਜਿਵੇਂ ਇਸ ਸੰਘਰਸ਼ ਵਿਚ ਮੇਰਾ ਵੀ ਕੋਈ ਹਿੱਸਾ ਹੈ।
ਸੰਘਰਸ਼ ਕੋਈ ਦੋ ਕੁ ਮਹੀਨੇ ਚੱਲਿਆ, ਸੇਠ ਕ੍ਰਿਸ਼ਨ ਪਾਲ ਨੂੰ ਉਮਰ ਕੈਦ ਹੋਈ।

ਸਾਰੇ ਕਸਬੇ ਵਿਚ ਪ੍ਰੋਫੈਸਰ ਜੋਤੀ ਦੀ ਧਾਂਕ ਬੈਠ ਗਈ। ਜਿੱਥੇ ਵੀ ਦਾਜ ਦਹੇਜ਼ ਜਾਂ ਔਰਤ ਨਾਲ ਵਧੀਕੀ ਹੋਣ ਦੀ ਖ਼ਬਰ ਮਿਲੀ, ਨਾਰੀ ਜਾਗ੍ਰਿਤੀ ਸਭਾ ਦੀਆਂ ਕਾਰਕੁੰਨਾਂ ਉਥੇ ਹੀ ਜਾ ਪਹੁੰਚਦੀਆਂ ਅਤੇ ਹੱਕ ਸੱਚ ਉਪਰ ਪਹਿਰਾ ਦਿੰਦੀਆਂ।
ਕਿਸੇ ਕਿਸੇ ਪ੍ਰੋਗਰਾਮ ਉਪਰ ਉਹ ਮੈਨੂੰ ਵੀ ਨਾਲ ਚੱਲਣ ਲਈ ਕਹਿ ਦਿੰਦੀ ਪਰ ਮੈਂ ਹੱਸਦਿਆਂ ਕਹਿ ਛੱਡਦਾ, ‘‘ਤੁਸੀਂ ਤਾਂ ਮਰਦਾਂ ਦੇ ਖਿਲਾਫ਼ ਝੰਡਾ ਚੁੱਕਿਆ ਹੋਇਆ ਹੈ, ਮੈਂ ਤਾਂ ਮਰਦ ਹਾਂ।’’

ਇਸ ’ਤੇ ਉਹ ਕਹਿੰਦੀ, ‘‘ਮਿਸਟਰ ਵਰਮਾ ਜੀ ਅਸੀਂ ਮਰਦਾਂ ਦੇ ਖਿਲਾਫ਼ ਨਹੀਂ ਸਗੋਂ ਉਸ ਜ਼ਹਿਨੀਅਤ ਦੇ ਖਿਲਾਫ਼ ਹਾਂ, ਉਹਨਾਂ ਸਮਾਜਿਕ ਪਰਿਸਥਿਤੀਆਂ ਦੇ ਖਿਲਾਫ਼ ਹਾਂ, ਜਿਨ੍ਹਾਂ ਕਾਰਨ ਮਰਦਾਂ ਦਾ ਇਹ ਦ੍ਰਿਸ਼ਟੀਕੋਣ ਬਣਿਆ।’’
ਉਸਦੇ ਬਹੁਤ ਕਹਿਣ ਤੇ ਮੈਂ ਕਿਸੇ ਪ੍ਰੋਗਰਾਮ ’ਤੇ ਉਸ ਨਾਲ ਚਲਿਆ ਜਾਂਦਾ। ਅਸਲ ਵਿਚ ਉਸਦੇ ਵਿਅਕਤੀਤਵ ਦਾ ਪ੍ਰਭਾਵ ਮੇਰੇ ਉਪਰ ਇੰਨਾ ਡੂੰਘਾਂ ਪੈ ਚੁੱਕਿਆ ਸੀ ਪਈ ਮੈਂ ਉਸਦੀ ਕਿਸੇ ਗੱਲ ਦਾ ਜਵਾਬ ਦੇ ਹੀ ਨਾ ਸਕਦਾ।

ਨਾਰੀ ਜਾਗ੍ਰਿਤੀ ਦੇ ਬਹੁਤ ਸਾਰੇ ਸੰਘਰਸ਼ ਅਸੀਂ ਰਲ ਕੇ ਲੜੇ।
ਇਨ੍ਹਾਂ ਸੰਘਰਸ਼ਾਂ ਕਾਰਨ ਮੈਂ ਉਸਦੇ ਕਾਫੀ ਨੇੜੇ ਆ ਗਿਆ।
ਹੁਣ ਮੈਂ ਖੁੱਲ੍ਹੇ ਡੁੱਲ੍ਹੇ ਰੂਪ ਵਿਚ ਉਸਦੇ ਚੁਬਾਰੇ ਜਾ ਰਹਿੰਦਾ।
ਉਹ ਵੀ ਬੇਝਿਜਕ ਮੇਰੇ ਕਮਰੇ ਵਿਚ ਆ ਜਾਂਦੀ।

ਅਸੀਂ ਔਰਤ ਮਰਦ ਦੇ ਸਬੰਧਾਂ ਬਾਰੇ ਚਰਚਾ ਕਰਦੇ, ਤਿੜਕ ਰਹੇ ਰਿਸ਼ਤਿਆਂ ਦੀ ਗੱਲ ਤੁਰਦੀ। ਤੇਜ਼ੀ ਨਾਲ ਬਦਲ ਰਹੀਆਂ ਸਮਾਜਿਕ ਆਰਥਿਕ ਪਰਿਸਥਿਤੀਆਂ ਅਧੀਨ ਆ ਰਹੇ ਉਹਨਾਂ ਦੁਨਿਆਵੀ ਪਰਿਵਰਤਨਾਂ ਦਾ ਜ਼ਿਕਰ ਕਰਦੇ ਜਿਹਨਾਂ ਨੇ ਮਨੁੱਖੀ ਸਮਾਜ ਦਾ ਨਿਰਮਾਣ ਕਰਨਾ ਸੀ।

ਮੈਂ ਵੇਖਿਆ, ਬਾਹਰੀ ਤੌਰ ’ਤੇ ਉਹ ਪਹਿਲਾਂ ਮੈਨੂੰ ਜਿੰਨੀ ਤਾਨਾਸ਼ਾਹ, ਆਪਹੁਦਰੀ ਤੇ ਲੀਡਰ ਟਾਈਪ ਔਰਤ ਜਾਪਦੀ ਸੀ, ਅੰਦਰੂਨੀ ਤੌਰ ’ਤੇ ਉਹ ਉਨੀ ਹੀ ਕੋਮਲ ਰੁਚੀਆਂ ਵਾਲੀ, ਸੰਵੇਦਨਸ਼ੀਲ ਸੀ।

ਭਾਵੇਂ ਮੈਂ ਉਸਨੂੰ ਇਹ ਵਾਇਦਾ ਦਿੱਤਾ ਹੋਇਆ ਸੀ ਪਈ ਅਸੀਂ ਇਕ ਦੂਜੇ ਦੀ ਨਿੱਜੀ ਜ਼ਿੰਦਗੀ ਬਾਰੇ ਕਦੇ ਵੀ ਗੱਲ ਨਹੀਂ ਕਰਾਂਗੇ। ਪਰ ਉਸ ਦਿਨ ਚੁਬਾਰੇ ਵਿਚ ਬੈਠਿਆਂ ਮੈਂ ਪਤਾ ਨਹੀਂ ਕਿਵੇਂ ਇਹ ਛੋਹ ਬੈਠਾ, ‘‘ਪਰ ਤੁਸੀਂ ਆਪਣੇ ਮਿਸਟਰ ਬਾਰੇ ਤਾਂ ਕਦੇ ਕੁਝ ਦੱਸਿਆ ਨੀ, ਕਿਤੇ ਏਦਾਂ ਤਾਂ ਨਹੀਂ ਕਿ ਉਸਨੇ ਤੁਹਾਨੂੰ ਤੰਗ ਕੀਤਾ ਅਤੇ ਤੁਸੀਂ ਸਾਰੀ ਮਰਦ ਜਾਤੀ ਨੂੰ ਹੀ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਕ ਮਰਦ ਤੋਂ ਬਦਲਾ ਲੈਣ ਦੀ ਬਜਾਏ ਸਾਰੀ ਮਰਦ ਜਾਤੀ ਨੂੰ ਹੀ ਕਸੂਰਵਾਰ ਮੰਨ ਲਿਆ।’’

ਮੇਰੀ ਇਹ ਗੱਲ ਸੁਣਦਿਆਂ ਸਾਰ ਹੀ ਉਹ ਗੰਭੀਰ ਜਿਹੀ ਹੋ ਗਈ। ਉਹ ਮੈਨੂੰ ਚਾਹ ਦਾ ਕੱਪ ਫੜਾਉਣ ਲੱਗੀ ਸੀ ਪਰ ਉਸਨੇ ਚਾਹ ਦਾ ਕੱਪ ਮੈਨੂੰ ਹੱਥ ਵਿਚ ਫੜਾਉਣ ਦੀ ਬਜਾਏ ਉਥੇ ਹੀ ਮੇਜ਼ ਉਪਰ ਰੱਖ ਦਿੱਤਾ।

ਕੁਝ ਪਲ ਸਾਡੇ ਵਿਚਕਾਰ ਚੁੱਪ ਦਾ ਬੋਝਲ ਵਾਤਾਵਰਣ ਛਾਇਆ ਰਿਹਾ।
ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਭਲਾ ਮੈਨੂੰ ਕੀ ਲੋੜ ਸੀ ਉਸਦੇ ਜ਼ਖਮਾਂ ਉਪਰ ਆਏ ਖਰੀਂਢ ਨੂੰ ਛਿੱਲਣ ਦੀ?

‘‘ਅਸਲ ਵਿਚ ਉਹ ਮਰਦ ਸੀ ਹੀ ਨਹੀਂ’’ ਅਤੇ ਇੰਨਾ ਕਹਿ ਉਹ ਉਠ ਕੇ ਚੁਬਾਰੇ ਦੀਆਂ ਪੌੜੀਆਂ ਉਤਰ ਗਈ।
ਮੈਨੂੰ ਜਿਵੇਂ ਬਹੁਤ ਧੱਕਾ ਜਿਹਾ ਲੱਗਿਆ ਹੋਵੇ।

ਮੈਂ ਕੁਝ ਦੇਰ ਉਥੇ ਹੀ ਨਿੰਮੋਝੂਣਾ ਹੋ ਕੇ ਬੈਠਾ ਰਿਹਾ। ਮੈਨੂੰ ਇਸ ਗੱਲ ਦੀ ਸਮਝ ਨਹੀਂ ਸੀ ਆ ਰਹੀ ਪਈ, ਉਹ ਮੇਰੇ ਨਾਲ ਗੁੱਸੇ ਹੋ ਗਈ ਹੈ ਜਾਂ ਫਿਰ ਦੇਰੀ ਹੋ ਜਾਣ ਤੋਂ ਚੁਬਾਰਾ ਬੰਦ ਕਰਨਾ ਹੀ ਭੁੱਲ ਗਈ। ਡਿਊਟੀ ਦਾ ਖਿਆਲ ਆਉਣ ਸਾਰ ਥੋੜ੍ਹੀ ਦੇਰ ਪਿੱਛੋਂ ਮੈਂ ਵੀ ਚੁਬਾਰੇ ਦਾ ਕੁੰਡਾ ਬੰਦ ਕਰਕੇ ਦਫਤਰ ਚਲਾ ਗਿਆ।

ਮੈਨੂੰ ਇਸ ਤਰ੍ਹਾਂ ਲੱਗਦਾ ਸੀ, ਹੁਣ ਉਹ ਮੇਰੇ ਨਾਲ ਕਦੇ ਵੀ ਕਲਾਮ ਨਹੀਂ ਕਰੇਗੀ। ਉਸਨੇ ਮੈਨੂੰ ਵੀ ਘਟੀਆ ਕਿਸਮ ਦਾ ਮਰਦ ਹੀ ਸਮਝਿਆ ਹੋਵੇਗਾ। ਦੂਸਰਿਆਂ ਦੇ ਦੁੱਖਾਂ ਨੂੰ ਫਰੋਲ ਕੇ ਸੁਆਦ ਲੈਣ ਵਾਲਾ, ਹੁਣ ਉਹ ਸ਼ਾਇਦ ਕਦੇ ਵੀ ਮੇਰੇ ਮੱਥੇ ਨਾ ਲੱਗੇ। ਪਰ ਮੇਰੀ ਹੈਰਾਨੀ ਦੀ ਹੱਕ ਨਾ ਰਹੀ ਜਦੋਂ ਉਸਨੂੰ ਮੈਂ ਗਲੀ ਵਿਚ ਮਿਸਿਜ਼ ਸ਼ਰਮਾ ਨਾਲ ਖੜ੍ਹੀ ਗੱਲਾਂ ਕਰਦੀ ਨੂੰ ਵੇਖਿਆ।

ਮੈਨੂੰ ਵੇਖਣ ਸਾਰ ਹੀ ਉਸਨੇ ਕਿਹਾ, ‘‘ਵੀਰ ਜੀ ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸਾਂ। ਜ਼ਰਾ ਦਰਵਾਜ਼ਾ ਖੋਲ੍ਹੋ ਤੇ ਚਾਹ ਬਣਾਉ, ਤੁਹਾਡੇ ਇਕ ਸਮਾਗਮ ਬਾਰੇ ਜ਼ਰੂਰੀ ਸਲਾਹ ਕਰਨੀ ਐ।’’ ਸਟੋਵ ਉਪਰ ਮੈਂ ਚਾਹ ਧਰ ਦਿੱਤੀ। ਉਹ ਕੁਰਸੀ ਉਪਰ ਬੈਠ ਕੇ ਅਖ਼ਬਾਰ ਪੜ੍ਹਨ ਲੱਗੀ। ਅਖ਼ਬਾਰ ਤੋਂ ਕਦੇ ਕਦੇ ਉਹ ਨਜ਼ਰਾਂ ਚੁੱਕ ਕੇ ਮੇਰੇ ਵੱਲ ਵੇਖ ਲੈਂਦੀ।

ਮੈਂ ਸੋਚ ਰਿਹਾ ਸੀ ਏਸ ਔਰਤ ਨਾਲ ਮੇਰੀ ਕੀ ਰਿਸ਼ਤਾ ਹੈ? ਹੁਣੇ ਹੀ ਉਸਨੇ ਮੈਨੂੰ ‘ਵੀਰ ਜੀ’ ਕਿਹਾ ਸੀ। ਮੈਂ ਉਸਨੂੰ ਕੁਝ ਹੋਰ ਸਮਝਦਾ ਸਾਂ। ਕੀ ਉਸਨੂੰ ਮੇਰੀਆਂ ਭਾਵਨਾਵਾਂ ਬਾਰੇ ਥੋੜ੍ਹੀ ਜਿਹੀ ਵੀ ਸੋਝੀ ਨਹੀਂ?  ਚਾਹ ਲਿਆ ਕੇ ਮੈਂ ਉਸਨੂੰ ਫੜਾ ਦਿੱਤੀ ਅਤੇ ਆਪਦਾ ਕੱਪ ਲੈ ਕੇ ਉਥੇ ਹੀ ਖੜ੍ਹਾ ਰਿਹਾ।

ਆਪਣੇ ਪਰਸ ਵਿਚੋਂ ਕੱਢ ਕੇ ਇਕ ਚਿੱਠੀ ਉਸਨੇ ਮੈਨੂੰ ਫੜਾ ਦਿੱਤੀ।
ਚਾਹ ਦਾ ਕੱਪ ਇਕ ਪਾਸੇ ਰੱਖ ਕੇ ਮੈਂ ਉਹ ਚਿੱਠੀ ਪੜ੍ਹਨ ਲੱਗਿਆ।

ਚਿੱਠੀ ਸਰਕਾਰੀ ਸੀ ਅਤੇ ਉਸ ਵਿਚ ਚਲੰਤ ਵਰੑੇ ਨੂੰ ਇਸਤਰੀ ਵਰੑੇੇ ਵਜੋਂ ਮਨਾਏ ਜਾਣ ਦੇ ਸਰਕਾਰ ਦੇ ਸੰਕਲਪ ਨੂੰ ਦੁਹਰਾਇਆ ਗਿਆ ਸੀ ਅਤੇ ਸਭਾ ਵੱਲੋਂ ਸਹਿਯੋਗ ਦੀ ਮੰਗ ਕੀਤੀ ਗਈ ਸੀ।
ਚਿੱਠੀ ਪੜ੍ਹ ਕੇ ਮੈਂ ਉਸਨੂੰ ਫੜਾ ਦਿੱਤੀ, ਆਪਣਾ ਕੋਈ ਪ੍ਰਤੀਕਰਮ ਜ਼ਾਹਰ ਨਾ ਕੀਤਾ।

ਮੈਨੂੰ ਚੁੱਪ ਵੇਖ ਕੇ ਉਸਨੇ ਚਾਹ ਦੀ ਘੁੱਟ ਭਰ ਕੇ ਕੱਪ ਮੇਜ਼ ਉਪਰ ਰੱਖਦਿਆਂ ਕਿਹਾ, ‘‘ਇਹ ਸਭ ਸਰਕਾਰ ਦੀਆਂ ਚਾਲਾਂ ਨੇ। ਕੀ ਇਸਤਰੀ ਵਰੑੇ ਮਨਾਉਣ ਨਾਲ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ? ਸਾਨੂੰ ਅਜਿਹੇ ਸਮਾਗਮਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ।’’ ਭਾਵੇਂ ਉਸਨੇ ਆਪਦਾ ਫੈਸਲਾ ਸੁਣਾ ਦਿੱਤਾ ਪਰ ਉਸਨੇ ਇਹ ਫੈਸਲਾ ਕੁਝ ਅਜਿਹੀ ਟੋਨ ਵਿਚ ਸੁਣਾਇਆ ਕਿ ਮੇਰੇ ਵਿਚਾਰ ਵੀ ਜਾਣਨਾ ਚਾਹੁੰਦੀ ਹੋਵੇ।

‘‘ਪਰ ਅਸੀਂ ਤਾਂ ਆਪਣੀ ਗੱਲ ਕਹਿਣੀ ਹੈ, ਸਾਨੂੰ ਸਰਕਾਰੀ ਮੰਚ ਵੀ ਵਰਤ ਲੈਣੇ ਚਾਹੀਦੇ ਹਨ। ’’ ਆਪਣੇ ਵਿਚਾਰ ਪ੍ਰਗਟਾਉਂਦਿਆਂ ਮੈਂ ਆਖਿਆ, ‘‘ ਬਸ ਧਿਆਨ ਸਿਰਫ਼ ਏਨਾ ਹੀ ਰੱਖਣਾ ਹੈ ਪਈ ਸਰਕਾਰੀ ਮਾਧਿਅਮ ਦੀ ਵਰਤੋਂ ਕਰਨ ਲੱਗਿਆਂ, ਅਸੀਂ ਆਪਣੇ ਮੁੱਖ ਮੰਤਵ ਨੂੰ ਹੀ ਨਾ ਭੁੱਲ ਜਾਈਂਏ।’’

ਉਸਨੂੰ ਜਿਵੇਂ ਮੇਰੀ ਗੱਲ ਜੱਚ ਗਈ ਹੋਵੇ।
ਉਸਨੇ ਸਹਿਮਤੀ ਭੇਜ ਦਿੱਤੀ।

ਸਾਰਾ ਵਰੵਾ ਹੀ ਉਹ ਸਮਾਗਮਾਂ ਵਿਚ ਰੁੱਝੀ ਰਹੀ। ਕਦੇ ਕਿਤੇ ਸੈਮੀਨਾਰ, ਕਿਤੇ ਭਾਸ਼ਣ, ਕਿਸੇ ਥਾਂ ਪ੍ਰਦਰਸ਼ਨੀ ਅਤੇ ਕਿਸੇ ਥਾਂ ਪ੍ਰਧਾਨਗੀ। ਇਹਨਾਂ ਸਮਿਆਂ ਵਿਚ ਉਹ ਕਈ ਕਈ ਦਿਨ ਘਰੋਂ ਬਾਹਰ ਹੀ ਰਹਿੰਦੀ। ਚੁਬਾਰੇ ਦੀ ਖਿੜਕੀ ਅਕਸਰ ਬੰਦ ਹੀ ਦਿਖਾਈ ਦਿੰਦੀ। ਜਦੋਂ ਕਦੇ ਖੁੱਲ੍ਹੀ ਵਿਖਾਈ ਦਿੰਦੀ ਤਾਂ ਵੀ ਉਹ ਘੱਟ ਹੀ ਨਜ਼ਰ ਪੈਂਦੀ।

ਹੁਣ ਤਾਂ ਬਸ ਉਸਨੂੰ ਕਾਰ ਹੀ ਲੈਣ ਆਉਂਦੀ। ਦੂਰ ਦੂਰ ਪਿੰਡਾਂ ਵਿਚ, ਸ਼ਹਿਰਾਂ ਵਿਚ ਔਰਤ ਵਰੵੇ ਨੂੰ ਸਮਰਪਿਤ ਸਮਾਗਮਾਂ ਉਪਰ ਪੁੱਜਣ ਲਈ ਉਸਨੂੰ ਵਿਸ਼ੇਸ਼ ਸਹੂਲਤਾਂ ਮਿਲੀਆਂ ਹੋਈਆਂ ਸਨ।

ਫੇਰ ਪਤਾ ਲੱਗਿਆ ਪਈ ਉਸਨੇ ਕਾਲਜ਼ ਦੀ ਪ੍ਰੋਫੈਸਰੀ ਵੀ ਛੱਡ ਦਿੱਤੀ ਹੈ ਅਤੇ ਸਮਾਜ ਭਲਾਈ ਦੇ ਮਹਿਕਮੇ ਵਿਚ ਡਾਇਰੈਕਟਰ ਲੱਗ ਕੇ ਰਾਜਧਾਨੀ ਚਲੀ ਗਈ ਹੈ।

ਲੋਕ ਤਾਂ ਇਹ ਵੀ ਕਹਿੰਦੇ ਸਨ ਕਿ ਪਈ ਉਸਦਾ ਪਤੀ ਨਾਲ ਵੀ ਸਮਝੌਤਾ ਹੋ ਗਿਐ।

ਉਸਦੇ ਚਲੇ ਜਾਣ ਤੋਂ ਪਿੱਛੋਂ ਜਿਵੇਂ ਚੁਬਾਰਾ ਇਕ ਵਾਰ ਫਿਰ ਉਦਾਸੀ ਦੀ ਗ੍ਰਿਫ਼ਤ ਵਿਚ ਆ ਗਿਆ ਹੋਵੇ।

ਜਦੋਂ ਮੈਂ ਚੁਬਾਰੇ ਵੱਲ ਵੇਖਦਾ ਹਾਂ ਤਾਂ ਮੈਨੂੰ ਜਾਪਦਾ ਹੈ ਪਈ ਉਹ ਹਾਲੇ ਵੀ ਉਥੇ ਹੀ ਖਿੜਕੀ ਵਿਚ ਖੜ੍ਹੀ ਕੇਸੀ ਨਹਾ ਕੇ ਆਪਣੇ ਵਾਲ ਸੁਕਾ ਰਹੀ ਹੋਵੇ। ਕਸਬਾ ਪਹਿਲਾਂ ਵਾਂਗ ਹੀ ਘੁੱਗ ਵੱਸਦਾ ਹੈ, ਜਿਵੇਂ ਕਿਸੇ ਨੂੰ ਕੋਈ ਫ਼ਰਕ ਨਾ ਪਿਆ ਹੋਵੇ ਪਰ ਮੈਨੂੰ ਇਸ ਗੱਲ ਦੀ ਤਸਕੀਨ ਜ਼ਰੂਰ ਹੈ ਕਿ ਪਈ ਲੋਕ ਘੱਟੋ ਘੱਟ ਉਸ ਚੁਬਾਰੇ ਨੂੰ ਮਨਹੂਸ ਨਹੀਂ ਸਮਝਦੇ। ਵਿਚਾਰਾ ਚੁਬਾਰਾ।
***
ਸੰਪਰਕ : 79737-06245
***
466
***

ਜੀਵਨ ਬਿਓਰਾ: 
ਜੋਗਿੰਦਰ ਸਿੰਘ ਨਿਰਾਲਾ
ਜਨਮ: 10 ਅਕਤੂਬਰ, 1945
ਮਾਤਾ: ਸ੍ਰੀ ਮਤੀ ਸੰਤ ਕੌਰ
ਪਿਤਾ: ਸ੍ਰ. ਲਾਲ ਸਿੰਘ ਰੁਪਾਲ

ਵਿਦਿੱਆ: ਐਮ.ਏ. (ਅੰਗਰੇਜ਼ੀ, ਪੰਜਾਬੀ), ਪੀ.ਐਚਡੀ
ਪੱਕਾ ਪਤਾ: ਬੀ-793 ਸਾਹਿਤ ਮਾਰਗ, ਬਰਨਾਲਾ
ਫੋਨ: 01679 225364
ਮੋਬਾਈਲ: +91 98721 61644
ਕਿੱਤਾ: ਸੇਵਾਮੁਕਤ/ਪ੍ਰੋਫੈਸਰ ਭਾਸ਼ਾਵਾਂ, ਪੰਜਾਬ ਐਗਰੀਕਲਚਰਲ ਯੂਨੀ. ਲੁਧਿਆਣਾ
ਈ-ਮੇਲ: drnirala@gmail.com

ਛਪੀਅਾਂ ਪੁਸਤਕਾਂ/ਰਚਨਾਵਾਂ:
ਕਹਾਣੀ ਸੰਗ੍ਰਹਿ:
ਪਰਿਸਥਿਤੀਅਾਂ (1968), ਨਾਇਕ ਦੀ ਖੋਜ (1973), ਸੰਤਾਪ (1981), ਰੱਜੇ ਪੁੱਜੇ ਲੋਕ (1985), ਸ਼ੁਤਰਮੁਰਗ (1988), ਉਤਰ ਕਥਾ (1999), ਸ਼ੁਤਰ ਮੁਰਗ ਦੀ ਵਾਪਸੀ (2002), ਚੋਣਵੀਅਾਂ ਕਹਾਣੀਅਾਂ (2002),ਜ਼ਿੰਦਗੀ ਦਾ ਦਰਿਆ (2014

ਸੰਪਾਦਿਤ ਕਹਾਣੀ ਸੰਗ੍ਰਹਿ:
ਕਾਕੜੇ ਬੇਰ(1962-ਕਹਾਣੀਅਾਂ), ਨਾਰਦ ਡਉਰੂ ਵਜਾਇਆ(1988), ਦਾਇਰੇ (1990-ਮਿੰਨੀ ਕਹਾਣੀਅਾਂ), ਕਥਨ (1991-ਕਹਾਣੀਅਾਂ)

ਆਲੋਚਨਾ:
ਪੰਜਾਬੀ ਕਹਾਣੀ ਵਿਚ ਤਣਾਓ (1990), ਕਹਾਣੀ ਦੀ ਰੂਪ ਰੇਖਾ (2008), ਨੌਵੇਂ ਦਹਾਕੇ ਤੋਂ ਬਾਅਦ ਦੀ ਕਹਾਣੀ (2010)

ਲੇਖਕ ਬਾਰੇ:
ਉੱਤਰ ਆਧੁਨਿਕਤਾ ਦਾ ਕਹਾਣੀਕਾਰ—ਜੋਗਿੰਦਰ ਸਿੰਘ ਨਿਰਾਲਾ (1990) ਸੰਪਾਦਕ: ਅਮਰ ਕੋਮਲ

ਹਿੰਦੀ:
‘ਬਿਖਰ ਰਹਾ ਮਾਨਵ’-1991, ਜਨਮਾਂਤਰ (2007)

ਸਾਹਿਤਕ ਆਹੁਦੇ:
* ਸਾਹਿਤ ਅਕਾਡਮੀ, ਲੁਧਿਆਣਾ ਦਾ ਪਿਛਲੇ 6 ਸਾਲ ਤੋਂ ਮੀਤ ਪ੍ਰਧਾਨ
* ਸਾਹਿਤ ਅਕਾਡਮੀ, ਲੁਧਿਆਣਾ ਦਾ ਅੱਠ ਵੇਰਾਂ ਨਿਮੰਤ੍ਰਿਤ ਮੈਂਬਰ
* ਕਲਾਕਾਰ ਸੰਗਮ ਪੰਜਾਬ ਦਾ ਇਕ ਦਹਾਕੇ ਤੋਂ ਪ੍ਰਧਾਨ
* ਕੇਂਦਰੀ ਲੇਖਕ ਸਭਾ (ਸੇਖੋਂ) ਦਾ ਮੀਤ ਪ੍ਰਧਾਨ
* ‘ਮੁਹਾਂਦਰਾ’ ਤ੍ਰੈ-ਮਾਸਕ ਮੈਗਜ਼ੀਨ ਦਾ ਮੁੱਖ ਸੰਪਾਦਕ

ਸਾਹਿਤਕ ਖੋਜ ਕਾਰਜ:
* ਅਨੇਕਾਂ ਖੋਜ ਪੱਤਰ, ਭਾਸ਼ਾ ਵਿਬਾਗ, ਪੰਜਾਬ ਅਤੇ ਅਨੇਕਾਂ ਅਕਾਦਮੀਅਾਂ ਵਿਚ ਪੜ੍ਹੇ ਤੇ ਵਿਚਾਰੇ ਗਏ।
* ਅਨੇਕਾਂ ਪੁਸਤਕਾਂ ਦੇ ਰੀਵੀਊ ਅਤੇ ਮੁੱਖ ਬੰਧ ਲਿਖੇ।
* ਨਿਰਾਲਾ ਦੀਅਾਂ ਕਹਾਣੀਅਾਂ ‘ਤੇ ਦੋ ਖੋਜਾਰਥੀਅਾਂ ਨੇ ਐਮ.ਫ਼ਿਲ ਕੀਤੀ।

ਮਾਨ ਸਨਮਾਨ:
* ਬਲਰਾਜ ਸਾਹਨੀ ਯਾਦਗਾਰੀ ਸਨਮਾਨ ਵੱਲੋਂ ਸਾਹਿਤ ਠਰੱਸਟ, ਢੁੱਡੀ ਕੇ।
* ਸਾਹਿਤਯ ਅਚਾਰੀਆ ਸਨਮਾਨ ਵੱਲੋਂ ਸਾਹਿਤ ਸਭਾ, ਧੂਰੀ।
* ਪ੍ਰਿੰ. ਸੰਤ ਸਿੰਘ ਸੇਖੋਂ ਯਾਦਗਾਰੀ ਐਵਾਰਡ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਸਾਹਿਤ ਸਭਾ, ਪੰਜਾਬ।
* ਹੋਰ ਵੀ ਕਈ ਸਾਹਿਤਕ ਅਦਾਰਿਆ ਵੱਲੋਂ ਮਾਨ-ਸਨਮਾਨ ਮਿਲੇ।

ਡਾ. ਜੋਗਿੰਦਰ ਸਿੰਘ ਨਿਰਾਲਾ

ਜੀਵਨ ਬਿਓਰਾ:  ਜੋਗਿੰਦਰ ਸਿੰਘ ਨਿਰਾਲਾ ਜਨਮ: 10 ਅਕਤੂਬਰ, 1945 ਮਾਤਾ: ਸ੍ਰੀ ਮਤੀ ਸੰਤ ਕੌਰ ਪਿਤਾ: ਸ੍ਰ. ਲਾਲ ਸਿੰਘ ਰੁਪਾਲ ਵਿਦਿੱਆ: ਐਮ.ਏ. (ਅੰਗਰੇਜ਼ੀ, ਪੰਜਾਬੀ), ਪੀ.ਐਚਡੀ ਪੱਕਾ ਪਤਾ: ਬੀ-793 ਸਾਹਿਤ ਮਾਰਗ, ਬਰਨਾਲਾ ਫੋਨ: 01679 225364 ਮੋਬਾਈਲ: +91 98721 61644 ਕਿੱਤਾ: ਸੇਵਾਮੁਕਤ/ਪ੍ਰੋਫੈਸਰ ਭਾਸ਼ਾਵਾਂ, ਪੰਜਾਬ ਐਗਰੀਕਲਚਰਲ ਯੂਨੀ. ਲੁਧਿਆਣਾ ਈ-ਮੇਲ: drnirala@gmail.com ਛਪੀਅਾਂ ਪੁਸਤਕਾਂ/ਰਚਨਾਵਾਂ: ਕਹਾਣੀ ਸੰਗ੍ਰਹਿ: ਪਰਿਸਥਿਤੀਅਾਂ (1968), ਨਾਇਕ ਦੀ ਖੋਜ (1973), ਸੰਤਾਪ (1981), ਰੱਜੇ ਪੁੱਜੇ ਲੋਕ (1985), ਸ਼ੁਤਰਮੁਰਗ (1988), ਉਤਰ ਕਥਾ (1999), ਸ਼ੁਤਰ ਮੁਰਗ ਦੀ ਵਾਪਸੀ (2002), ਚੋਣਵੀਅਾਂ ਕਹਾਣੀਅਾਂ (2002),ਜ਼ਿੰਦਗੀ ਦਾ ਦਰਿਆ (2014 ਸੰਪਾਦਿਤ ਕਹਾਣੀ ਸੰਗ੍ਰਹਿ: ਕਾਕੜੇ ਬੇਰ(1962-ਕਹਾਣੀਅਾਂ), ਨਾਰਦ ਡਉਰੂ ਵਜਾਇਆ(1988), ਦਾਇਰੇ (1990-ਮਿੰਨੀ ਕਹਾਣੀਅਾਂ), ਕਥਨ (1991-ਕਹਾਣੀਅਾਂ) ਆਲੋਚਨਾ: ਪੰਜਾਬੀ ਕਹਾਣੀ ਵਿਚ ਤਣਾਓ (1990), ਕਹਾਣੀ ਦੀ ਰੂਪ ਰੇਖਾ (2008), ਨੌਵੇਂ ਦਹਾਕੇ ਤੋਂ ਬਾਅਦ ਦੀ ਕਹਾਣੀ (2010) ਲੇਖਕ ਬਾਰੇ: ਉੱਤਰ ਆਧੁਨਿਕਤਾ ਦਾ ਕਹਾਣੀਕਾਰ—ਜੋਗਿੰਦਰ ਸਿੰਘ ਨਿਰਾਲਾ (1990) ਸੰਪਾਦਕ: ਅਮਰ ਕੋਮਲ ਹਿੰਦੀ: ‘ਬਿਖਰ ਰਹਾ ਮਾਨਵ’-1991, ਜਨਮਾਂਤਰ (2007) ਸਾਹਿਤਕ ਆਹੁਦੇ: * ਸਾਹਿਤ ਅਕਾਡਮੀ, ਲੁਧਿਆਣਾ ਦਾ ਪਿਛਲੇ 6 ਸਾਲ ਤੋਂ ਮੀਤ ਪ੍ਰਧਾਨ * ਸਾਹਿਤ ਅਕਾਡਮੀ, ਲੁਧਿਆਣਾ ਦਾ ਅੱਠ ਵੇਰਾਂ ਨਿਮੰਤ੍ਰਿਤ ਮੈਂਬਰ * ਕਲਾਕਾਰ ਸੰਗਮ ਪੰਜਾਬ ਦਾ ਇਕ ਦਹਾਕੇ ਤੋਂ ਪ੍ਰਧਾਨ * ਕੇਂਦਰੀ ਲੇਖਕ ਸਭਾ (ਸੇਖੋਂ) ਦਾ ਮੀਤ ਪ੍ਰਧਾਨ * ‘ਮੁਹਾਂਦਰਾ’ ਤ੍ਰੈ-ਮਾਸਕ ਮੈਗਜ਼ੀਨ ਦਾ ਮੁੱਖ ਸੰਪਾਦਕ ਸਾਹਿਤਕ ਖੋਜ ਕਾਰਜ: * ਅਨੇਕਾਂ ਖੋਜ ਪੱਤਰ, ਭਾਸ਼ਾ ਵਿਬਾਗ, ਪੰਜਾਬ ਅਤੇ ਅਨੇਕਾਂ ਅਕਾਦਮੀਅਾਂ ਵਿਚ ਪੜ੍ਹੇ ਤੇ ਵਿਚਾਰੇ ਗਏ। * ਅਨੇਕਾਂ ਪੁਸਤਕਾਂ ਦੇ ਰੀਵੀਊ ਅਤੇ ਮੁੱਖ ਬੰਧ ਲਿਖੇ। * ਨਿਰਾਲਾ ਦੀਅਾਂ ਕਹਾਣੀਅਾਂ ‘ਤੇ ਦੋ ਖੋਜਾਰਥੀਅਾਂ ਨੇ ਐਮ.ਫ਼ਿਲ ਕੀਤੀ। ਮਾਨ ਸਨਮਾਨ: * ਬਲਰਾਜ ਸਾਹਨੀ ਯਾਦਗਾਰੀ ਸਨਮਾਨ ਵੱਲੋਂ ਸਾਹਿਤ ਠਰੱਸਟ, ਢੁੱਡੀ ਕੇ। * ਸਾਹਿਤਯ ਅਚਾਰੀਆ ਸਨਮਾਨ ਵੱਲੋਂ ਸਾਹਿਤ ਸਭਾ, ਧੂਰੀ। * ਪ੍ਰਿੰ. ਸੰਤ ਸਿੰਘ ਸੇਖੋਂ ਯਾਦਗਾਰੀ ਐਵਾਰਡ ਵੱਲੋਂ ਪੰਜਾਬ ਰਾਜ ਬਿਜਲੀ ਬੋਰਡ ਸਾਹਿਤ ਸਭਾ, ਪੰਜਾਬ। * ਹੋਰ ਵੀ ਕਈ ਸਾਹਿਤਕ ਅਦਾਰਿਆ ਵੱਲੋਂ ਮਾਨ-ਸਨਮਾਨ ਮਿਲੇ।

View all posts by ਡਾ. ਜੋਗਿੰਦਰ ਸਿੰਘ ਨਿਰਾਲਾ →