3 October 2023

ਹਵਾਈ ਫ਼ਾਇਰ—ਜਸਬੀਰ ਸਿੰਘ ਆਹਲੂਵਾਲੀਅਾ, ਸਿਡਨੀ, ਅਾਸਟਰੇਲੀਆ

ਸਤਿੰਦਰ ਆਪਣੇ ਦੋਵਾਂ ਬੱਚਿਆਂ ਨੂੰ ਉਨ੍ਹਾਂ ਦੇ ਸਕੂਲ ਛੱਡ ਕੇ ਵਾਪਸ ਘਰ ਆਇਆ ਤਾਂ ਹੈਰਾਨ ਜਿਹਾ ਹੋ ਗਿਆ। ਆਪਣੀ ਪਤਨੀ ਅਮਨ ਪ੍ਰੀਤ ਦਾ ਚਿਹਰਾ ਵੇਖ ਕੇ ਉਹ ਆਪ ਵੀ ਘਬਰਾ ਗਿਆ। ਪੁੱਛਣ ਲੱਗਾ, ‘‘ਤੂੰ ਬੜੀ ਘਬਰਾਈ ਹੋਈ ਲੱਗ ਰਹੀ ਏਂ। ਹੁਣੇ ਤੇ ਮੈਂ ਤੈਨੂੰ ਚੰਗੀ ਭਲੀ ਨੂੰ ਛੱਡ ਕੇ ਗਿਆ ਸਾਂ। ਹੁਣ ਤੇਰਾ ਚਿਹਰਾ ਉਤਰਿਆ ਹੋਇਆ ਏ। ਐਹੋ ਜਹੀ ਕਿਹੜੀ ਗੱਲ ਹੋ ਗਈ?”

‘‘ਨਹੀਂ ਨਹੀਂ! ਕੋਈ ਗੱਲ ਨਹੀਂ। ਮੈਂ ਠੀਕ ਠਾਕ ਹਾਂ। ਤੁਸੀਂ ਪਹਿਲਾਂ ਬਰੇਕਫ਼ਾਸਟ ਕਰ ਲਉ।” ਅਮਨਪ੍ਰੀਤ ਦੀ ਆਵਾਜ਼ ਵਿਚ ਘਬਰਾਹਟ ਸਾਫ਼ ਝਲਕ ਰਹੀ ਸੀ। ਫਿਰ ਵੀ ਉਸ ਨੇ ਆਪਣੇ ਆਪ ਨੂੰ ਸੰਭਾਲਦਿਆਂ ਟੇਬਲ ‘ਤੇ ਬਰੇਕਫ਼ਾਸਟ ਲਾਉਣਾ ਸ਼ੁਰੂ ਕਰ ਦਿੱਤਾ। ਰਸੋਈ ਵਿਚੋਂ ਕੁਝ ਲੈਣ ਗਈ ਤਾਂ ਸਤਿੰਦਰ ਵੀ ਉਸ ਦੇ ਪਿੱਛੇ ਰਸੋਈ ਵਿਚ ਚਲਾ ਗਿਆ। ਕਹਿਣ ਲੱਗਾ, ‘‘ਮੈਂ ਬਰੇਕਫ਼ਾਸਟ ਬਾਅਦ ਵਿਚ ਖਾਵਾਂਗਾ, ਪਹਿਲਾਂ ਤੂੰ ਮੈਨੂੰ ਦੱਸ ਕਿ ਤੂੰ ਏਨੀ ਘਬਰਾਈ ਹੋਈ ਕਿਉਂ ਹੈਂ?”

ਅਮਨਪ੍ਰੀਤ ਕੋਲੋਂ ਰਿਹਾ ਨਾ ਗਿਆ। ਕਹਿਣ ਲੱਗੀ, ‘‘ਪੁਲੀਸ ਆਈ ਸੀ। ਤੁਹਾਨੂੰ ਲੱਭ ਰਹੀ ਸੀ।”

‘‘ਪੁਲੀਸ? ਮੈਨੂੰ ਲੱਭ ਰਹੀ ਸੀ?” ਸਤਿੰਦਰ ਇਕਦਮ ਹੈਰਾਨ ਤੇ ਪਰੇਸ਼ਾਨ ਹੋ ਗਿਆ। ‘‘ਕਿਉਂ ਲੱਭ ਰਹੀ ਸੀ? ਉਨ੍ਹਾਂ ਕੁਝ ਦੱਸਿਆ ਨਹੀਂ?”

‘‘ਨਹੀਂ! ਕਹਿੰਦੇ ਸੀ ਜਦੋਂ ਤੁਸੀਂ ਘਰ ਆਉ ਤਾਂ ਮੈਂ ਤੁਹਾਨੂੰ ਪੁਲੀਸ ਸਟੇਸ਼ਨ ਭੇਜ ਦਿਆਂ। ਕੁਝ ਇਨਫ਼ਰਮੇਸ਼ਨ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਘਬਰਾਉਣ ਦੀ ਕੋਈ ਗੱਲ ਨਹੀਂ।” ਅਮਨਪ੍ਰੀਤ ਨੇ ਸੰਖੇਪ ਵਿਚ ਪੁਲੀਸ ਦਾ ਸੁਨੇਹਾ ਸਤਿੰਦਰ ਨੂੰ ਦੇ ਦਿੱਤਾ।

‘‘ਤੂੰ ਠਹਿਰ! ਮੈਂ ਹੁਣੇ ਪੁਲੀਸ ਸਟੇਸ਼ਨ ਹੋ ਕੇ ਆਉਂਦਾ ਹਾਂ। ਜਦੋਂ ਦਾ ਇਥੇ ਆਸਟਰੇਲੀਆ ਵਿਚ ਆ ਕੇ ਵੱਸੇ ਹਾਂ ਕੋਈ ਨ ਕੋਈ ਮੁਸੀਬਤ ਆਈ ਖੜੀ ਰਹਿੰਦੀ ਹੈ। ਹੁਣ ਇਸ ਆਸਟਰੇਲੀਆ ਦੀ ਪੁਲੀਸ ਦਾ ਵੀ ਸਵਾਦ ਲੈ ਲਉ।” ਤੇ ਸਵਿੰਦਰ ਬਾਹਰ ਵੱਲ ਨੂੰ ਦੌੜ ਪਿਆ।
‘‘ਬਰੇਕਫ਼ਾਸਟ ਤਾਂ ਖਾਂਦੇ ਜਾਉ। ਮੈਂ ਵੀ ਤੁਹਾਡੇ ਨਾਲ ਚਲਦੀ ਹਾਂ।” ਅਮਨਪ੍ਰੀਤ ਨੇ ਸਤਿੰਦਰ ਨੂੰ ਰੁੱਕਣ ਲਈ ਕਿਹਾ।

‘‘ਬਰੇਕਫ਼ਾਸਟ ਮੈਂ ਆ ਕੇ ਹੀ ਖਾਵਾਂਗਾ। ਤੂੰ ਇਥੇ ਘਰੇ ਰਹਿ!” ਸਤਿੰਦਰ ਘਰੋਂ ਬਾਹਰ ਨਿਕਲ ਗਿਆ।

ਥੋੜ੍ਹੀ ਦੇਰ ਬਾਅਦ ਸਤਿੰਦਰ ਨੇ ਆਪਣੀ ਕਾਰ ਪੁਲੀਸ ਸਟੇਸ਼ਨ ਦੇ ਕਾਰ ਪਾਰਕ ਵਿਚ ਖੜੀ ਕੀਤੀ ਤੇ ਰਿਸੈਪਸ਼ਨ ਤੇ ਪਹੁੰਚ ਗਿਆ। ਰਿਸੈਪਸ਼ਨ ਤੇ ਬੈਠੀ ਪੁਲੀਸ ਅਫ਼ਸਰ ਨੂੰ ਆਪਣੇ ਉੇਥੇ ਆਉਣ ਦਾ ਮਕਸਦ ਦੱਸਿਆ ਤੇ ਪੁਲੀਸ ਅਫ਼ਸਰ ਨੇ ਉਸ ਨੂੰ ਵੇਟਿੰਗ ਰੂਮ ਵਿਚ ਬੈਠਣ ਲਈ ਕਿਹਾ। ਸਤਿੰਦਰ ਇਕ ਕੁਰਸੀ ‘ਤੇ ਬੈਠਾ ਸੋਚਣ ਲੱਗਾ ਕਿ ਇਹੋ ਜਿਹੀ ਕਿਹੜੀ ਇਨਫਰਮੇਸ਼ਨ ਹੋ ਸਕਦੀ ਹੈ ਜਿਹੜੀ ਮੇਰੇ ਕੋਲੋਂ ਪੁਲੀਸ ਨੂੰ ਚਾਹੀਦੀ ਹੈ। ਉਸ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ।

ਕੁਝ ਦੇਰ ਬਾਅਦ ਲੰਬੇ ਉੱਚੇ ਕੱਦ ਵਾਲੇ ਚਾਰ ਪੁਲੀਸ ਅਫ਼ਸਰ ਉਸ ਕੋਲ ਆਏ ਤੇ ਸਤਿੰਦਰ ਨੂੰ ਉਨ੍ਹਾਂ ਦੇ ਨਾਲ ਅੰਦਰ ਚੱਲਣ ਲਈ ਕਿਹਾ। ਜਿਉਂ ਹੀ ਸਤਿੰਦਰ ਕੁਰਸੀ ਤੋਂ ਖੜਾ ਹੋਇਆ ਦੋ ਪੁਲੀਸ ਅਫ਼ਸਰ ਉਸ ਦੇ ਸੱਜੇ ਪਾਸੇ ਹੋ ਗਏ ਤੇ ਦੋ ਖੱਬੇ ਪਾਸੇ। ਇਸ ਤਰ੍ਹਾਂ ਸਮਝੋ ਕਿ ਉਨ੍ਹਾਂ ਚਾਰ ਪੁਲੀਸ ਅਫ਼ਸਰਾਂ ਨੇ ਸਤਿੰਦਰ ਨੂੰ ਘੇਰੇ ਵਿਚ ਲੈ ਲਿਆ। ਘੇਰੇ ਵਿਚ ਲੈ ਕੇ ਹੀ ਉਹ ਸਤਿੰਦਰ ਨੂੰ ਇਕ ਕਮਰੇ ਵਿਚ ਲੈ ਗਏ ਜਿੱਥੇ ਇਕ ਗੋਲ ਮੇਜ਼ ਪਿਆ ਸੀ ਅਤੇ ਇਸ ਗੋਲ ਮੇਜ਼ ਦੇ ਦੁਆਲੇ ਤੇ ਕੁਰਸੀਆਂ ਪਈਆਂ ਸਨ। ਪੁਲੀਸ ਅਫ਼ਸਰਾਂ ਨੇ ਸਤਿੰਦਰ ਨੂੰ ਇਕ ਕੁਰਸੀ ‘ਤੇ ਬੈਠ ਜਾਣ ਲਈ ਕਿਹਾ ਤੇ ਉਹ ਬੈਠ ਗਿਆ। ਉਸ ਦੇ ਸੱਜੇ ਪਾਸੇ ਵਾਲੀਆਂ ਦੋ ਕੁਰਸੀਆਂ ‘ਤੇ ਦੋ ਅਫ਼ਸਰ ਬੈਠ ਗਏ ਤੇ ਖੱਬੇ ਪਾਸੇ ਵਾਲੀਆਂ ਦੋ ਕੁਰਸੀਆਂ ਤੇ ਦੋ ਅਫ਼ਸਰ। ਸਤਿੰਦਰ ਦੇ ਬਿਲਕੁਲ ਸਾਹਮਣੇ ਵਾਲੀ ਕੁਰਸੀ ਖ਼ਾਲੀ ਪਈ ਰਹੀ। ਸਤਿੰਦਰ ਦੀ ਸਮਝ ਵਿਚ ਕੁਝ ਨਹੀਂ ਸੀ ਪੈ ਰਿਹਾ ਕਿ ਇਹ ਸਭ ਕੀ ਹੋ ਰਿਹਾ ਹੈ ਤੇ ਕਿਉਂ ਹੋ ਰਿਹਾ ਹੈ?

ਚਾਰੇ ਪੁਲੀਸ ਅਫ਼ਸਰਾਂ ਨੇ ਆਪਣੀ ਆਪਣੀ ਪਿਸਤੌਲ ਆਪਣੇ ਅੱਗੇ ਮੇਜ਼ ‘ਤੇ ਰੱਖ ਲਈ। ਇਕ ਅਫ਼ਸਰ ਸਤਿੰਦਰ ਨੂੰ ਕਹਿਣ ਲੱਗਾ, ‘‘ਤੁਸੀਂ ਵੀ ਆਪਣੀ ਪਿਸਤੌਲ ਮੇਜ਼ ‘ਤੇ ਰੱਖ ਦਿਉ।” ਸਤਿੰਦਰ ਇਕਦਮ ਹੋਰ ਵੀ ਹੈਰਾਨ ਹੋ ਗਿਆ। ਉਸ ਦੇ ਅੰਦਰ ਇਕ ਡਰ ਜਿਹਾ ਪੈਦਾ ਹੋ ਗਿਆ। ਉਸ ਨੇ ਹੌਲੀ ਜਿਹੀ ਕਿਹਾ, ‘‘ਮੇਰੇ ਕੋਲ ਤਾਂ ਕੋਈ ਪਿਸਤੌਲ ਨਹੀਂ।”

‘‘ਚਲੋ, ਪਿਸਤੌਲ ਐਸ ਵੇਲੇ ਤੁਹਾਡੇ ਕੋਲ ਨਾ ਸਹੀ, ਪਰ ਪਿਸਤੌਲ ਦਾ ਲਾਇਸੈਂਸ ਤਾਂ ਹੋਵੇਗਾ। ਉਸੇ ਨੂੰ ਇਥੇ ਮੇਜ਼ ‘ਤੇ ਰੱਖ ਦਿਉ।” ਪੁਲੀਸ ਅਫ਼ਸਰ ਨੇ ਮੰਗ ਕੀਤੀ।

‘‘ਜੀ ਨਹੀਂ! ਮੇਰੇ ਕੋਲ ਨਾ ਤਾਂ ਪਿਸਤੌਲ ਹੈ ਤੇ ਨ ਹੀ ਪਿਸਤੌਲ ਦਾ ਲਾਇਸੈਂਸ।” ਸਤਿੰਦਰ ਨੇ ਫਿਰ ਹੌਲੀ ਜਿਹੀ ਕਿਹਾ।

‘‘ਵੇਖੋ! ਤੁਸੀਂ ਇਸ ਵੇਲੇ ਸਾਡੇ ਕਬਜ਼ੇ ਵਿਚ ਹੋ। ਝੂਠ ਬਿਲਕੁਲ ਨਾ ਬੋਲੋ। ਸਾਨੂੰ ਪਤਾ ਹੈ ਕਿ ਤੁਹਾਡੇ ਕੋਲ ਪਿਸਤੌਲ ਹੈ। ਚੁੱਪ ਕਰਕੇ ਸਾਡੇ ਹਵਾਲੇ ਕਰ ਦਿਉ।” ਦੂਜੇ ਪੁਲੀਸ ਅਫ਼ਸਰ ਨੇ ਕਿਹਾ।

‘‘ਮੈਂ ਤਾਂ ਸਾਰੀ ਜ਼ਿੰਦਗੀ ਕਦੀ ਕਿਸੇ ਪਿਸਤੌਲ ਨੂੰ ਹੱਥ ਲਾ ਕੇ ਵੀ ਨਹੀਂ ਵੇਖਿਆ। ਤੁਹਾਨੂੰ ਕਿਸੇ ਨੇ ਗ਼ਲਤ ਇਨਫਰਮੇਸ਼ਨ ਦਿੱਤੀ ਹੈ।” ਸਤਿੰਦਰ ਨੇ ਆਪਣੀ ਸਫ਼ਾਈ ਪੇਸ਼ ਕੀਤੀ।

‘‘ਦੇਖੋ ਸਤਿੰਦਰ! ਸਾਡੇ ਕੋਲ ਹੋਰ ਵੀ ਬਹੁਤ ਸਾਰੇ ਤਰੀਕੇ ਹਨ ਸੱਚਾਈ ਨੂੰ ਬਾਹਰ ਕੱਢਣ ਦੇ। ਤੁਸੀਂ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਤੁਹਾਡੇ ਨਾਲ ਸਖ਼ਤੀ ਵਰਤੀਏ।”

ਇਕ ਪੁਲੀਸ ਅਫ਼ਸਰ ਨੇ ਸਤਿੰਦਰ ਨੂੰ ਡਰਾਇਆ। ਉਸ ਨੇ ਗੱਲ ਅੱਗੇ ਤੋਰਦਿਆਂ ਸਤਿੰਦਰ ਨੂੰ ਪੁੱਛਿਆ,
‘‘ਕਲ੍ਹ ਸ਼ਾਮ ਤਕਰੀਬਨ ਸੱਤ ਕੁ ਵਜੇ ਤੁਹਾਡੀ ਕਾਰ ਜੌਰਜ ਸਟਰੀਟ ਲਿਵਰਪੂਲ ਵਿਚ ਵੁੱਡਲੈਂਡ ਇੰਡੀਅਨ ਰੈਸਟੋਰੈਂਟ ਦੇ ਬਾਹਰ ਖੜੀ ਸੀ ਜਿਸ ਵਿਚ ਤੁਸੀਂ ਪਿਛਲੀ ਸੀਟ ਤੇ ਬੈਠੇ ਸੀ ਅਤੇ ਤੁਹਾਡੇ ਨਾਲ ਇਕ ਔਰਤ ਬੈਠੀ ਸੀ। ਤੁਹਾਡੇ ਹੱਥ ਵਿਚ ਇਕ ਪਿਸਤੌਲ ਸੀ ਜਿਸ ਨਾਲ ਤੁਸੀਂ ਉਸ ਔਰਤ ਨੂੰ ਡਰਾ ਰਹੇ ਸੀ। ਤੁਸੀਂ ਉੇਸ ਔਰਤ ਨੂੰ ਕਿਡਨੈਪ ਕਰ ਕੇ ਲਿਆਏ ਸੀ।”

ਇਕ ਪੁਲੀਸ ਅਫ਼ਸਰ ਕਿੰਨਾ ਕੁਝ ਹੀ ਬੋਲ ਗਿਆ ਅਤੇ ਸਤਿੰਦਰ ਉਪਰ ਔਰਤ ਨੂੰ ਕਿਡਨੈਪ ਕਰਨ ਦੇ ਝੂਠੇ ਇਲਜ਼ਾਮ ਲਾਉਣ ਲੱਗਾ। ਸਤਿੰਦਰ ਇਸ ਝੂਠੇ ਇਲਜ਼ਾਮ ਨਾਲ ਡਰਿਆ ਨਹੀਂ ਬਲਕਿ ਗ਼ੁੱਸੇ ਵਿਚ ਆ ਗਿਆ। ਥੋੜ੍ਹੇ ਜਿਹੇ ਗ਼ੁੱਸੇ ਨਾਲ ਹੀ ਬੋਲਿਆ: ‘‘ਦੇਖੋ! ਤੁਸੀਂ ਮੈਨੂੰ ਬਿਲਕੁਲ ਪਰੇਸ਼ਾਨ ਕਰ ਰਹੇ ਹੋ। ਇਹ ਸੱਚ ਹੈ ਕਿ ਮੇਰੀ ਕਾਰ ਜੌਰਜ ਸਟਰੀਟ ਵਿਚ ਵੁੱਡਲੈਂਡ ਇੰਡੀਅਨ ਰੈਸਟੋਰੈਂਟ ਦੇ ਬਾਹਰ ਖੜੀ ਸੀ ਪਰ ਪਿਛਲੀ ਸੀਟ ਤੇ ਮੈਂ ਨਹੀਂ ਮੇਰਾ ਬੇਟਾ ਆਪਣੀ ਮੱਮੀਂ ਨਾਲ ਬੈਠਾ ਸੀ। ਮੈਂ ਤਾਂ ਇੰਡੀਅਨ ਰੈਸਟੋਰੈਂਟ ਵਿਚੋਂ ਰਾਤ ਦਾ ਖਾਣਾ ਲੈਣ ਗਿਆ ਹੋਇਆ ਸਾਂ।”

ਤੀਜਾ ਪੁਲੀਸ ਅਫ਼ਸਰ ਜੋ ਹੁਣ ਤੱਕ ਇਕ ਡਾਇਰੀ ਵਿਚ ਕੁਝ ਲਿਖੀ ਜਾ ਰਿਹਾ ਸੀ ਕਹਿਣ ਲੱਗਾ, ‘‘ਦੇਖੋ ਸਤਿੰਦਰ! ਤੁਹਾਡਾ ਸਭ ਕੁਝ ਕਿਹਾ ਹੋਇਆ ਰੀਕਾਰਡ ਹੋ ਰਿਹਾ ਹੈ ਤੇ ਵੀਡੀਉ ਬਣ ਰਿਹਾ ਹੈ। ਮੈਂ ਵੀ ਆਪਣੀ ਡਾਇਰੀ ਵਿਚ ਸਭ ਕੁਝ ਲਿਖ ਰਿਹਾ ਹਾਂ। ਤੁਹਾਡਾ ਝੂਠ ਕਿਹਾ ਹੋਇਆ ਤੁਹਾਨੂੰ ਬਹੁਤ ਵੱਡੀ ਮੁਸੀਬਤ ਵਿਚ ਸੁੱਟ ਸਕਦਾ ਹੈ।”

ਸਤਿੰਦਰ ਦਾ ਗ਼ੁੱਸਾ ਥੋੜਾ ਹੋਰ ਵੀ ਵਧ ਗਿਆ ਤੇ ਕਹਿਣ ਲੱਗਾ, ‘‘ਤੁਸੀਂ ਮੇਰੇ ‘ਤੇ ਫਜ਼ੂਲ ਦਾ ਬਹੁਤ ਦਬਾਅ ਪਾ ਰਹੇ ਹੋ। ਮੈਨੂੰ ਲੀਗਲ ਐਡਵਾਈਜ਼ਰ ਚਾਹੀਦਾ ਹੈ। ਉਸ ਦੇ ਬਗ਼ੈਰ ਮੈਂ ਤੁਹਾਡੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਦਾ।”

‘‘ਅਸੀਂ ਐਸ ਵੇਲੇ ਲੀਗਲ ਐਡਵਾਈਜ਼ਰ ਦੀ ਆਗਿਆ ਨਹੀਂ ਦੇ ਸਕਦੇ। ਤੁਹਾਨੂੰ ਸਾਡੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ।” ਦੋ ਪੁਲੀਸ ਵਾਲੇ ਇਕੱਠੇ ਹੀ ਬੋਲ ਪਏ।

ਸਤਿੰਦਰ ਹੋਰ ਵੀ ਖਿਝ ਗਿਆ। ਕਹਿਣ ਲੱਗਾ, ‘‘ਮੈਨੂੰ ਆਪਣੇ ਬੌਸ ਨਾਲ ਮਿਲਾਉ! ਮੈਂ ਉਸ ਨਾਲ ਗੱਲ ਕਰਨੀ ਚਾਹਾਂਗਾ।”

ਪੁਲੀਸ ਅਫ਼ਸਰਾਂ ਨੂੰ ਸ਼ਾਇਦ ਮਹਿਸੂਸ ਹੋ ਗਿਆ ਸੀ ਕਿ ਸਤਿੰਦਰ ਕੋਈ ਛੋਟਾ ਮੋਟਾ ਅਨਪੜ੍ਹ ਬੰਦਾ ਨਹੀਂ। ਉਨ੍ਹਾਂ ਨੇ ਆਪਣੇ ਸਵਾਲ ਕਰਨੇ ਬੰਦ ਕਰ ਦਿੱਤੇ। ਇਕ ਪੁਲੀਸ ਅਫ਼ਸਰ ਆਪਣੀ ਕੁਰਸੀ ਤੋਂ ਉਠਿਆ ਤੇ ਕਮਰੇ ਵਿਚੋਂ ਬਾਹਰ ਚਲਾ ਗਿਆ। ਕਮਰੇ ਵਿਚ ਚੁੱਪ ਛਾ ਗਈ। ਕੁਝ ਮਿੰਟਾਂ ਬਾਅਦ ਹੀ ਉਹ ਇਕ ਹੋਰ ਅਫ਼ਸਰ ਨੂੰ ਲੈ ਕੇ ਕਮਰੇ ਵਿਚ ਦਾਖ਼ਲ ਹੋਇਆ। ਇਹ ਅਫ਼ਸਰ ਸ਼ਾਇਦ ਉਨ੍ਹਾਂ ਚਾਰਾਂ ਦਾ ਬੌਸ ਸੀ। ਉਹ ਉਸ ਕੁਰਸੀ ਤੇ ਬੈਠ ਗਿਆ ਜਿਹੜੀ ਸਤਿੰਦਰ ਦੇ ਬਿਲਕੁਲ ਸਾਹਮਣੇ ਵਾਲੇ ਪਾਸੇ ਖਾਲੀ ਪਈ ਸੀ। ਉਸ ਨੇ ਆਪਣਾ ਹੱਥ ਸਤਿੰਦਰ ਵੱਲ ਵਧਾਇਆ ਤੇ ਆਪਣਾ ਨਾਮ ਮਾਈਕਲ ਦੱਸਿਆ। ਸਤਿੰਦਰ ਨੇ ਆਪਣਾ ਨਾਮ ਦਸਦਿਆਂ ਬੌਸ ਦੀਆਂ ਅੱਖਾਂ ਨਾਲ ਅੱਖਾਂ ਮਿਲਾਉਂਦਿਆਂ ਹੱਥ ਮਿਲਾਇਆ। ਉਸ ਪੁਲੀਸ ਅਫ਼ਸਰ ਨੇ, ਜੋ ਡਾਇਰੀ ਵਿਚ ਕੁਝ ਲਿਖੀ ਜਾ ਰਿਹਾ ਸੀ, ਆਪਣੀ ਡਾਇਰੀ ਬੌਸ ਨੂੰ ਦੇ ਦਿੱਤੀ। ਬੌਸ ਨੇ ਉਹ ਡਾਇਰੀ ਪੜ੍ਹੀ ਤੇ ਸਤਿੰਦਰ ਨੂੰ ਪੁੱਛਣ ਲੱਗਾ, ‘‘ਤੁਹਾਡੀ ਕਾਰ ਕਿਥੇ ਹੈ?”

‘‘ਬਾਹਰ ਕਾਰ ਪਾਰਕ ਵਿਚ ਖੜੀ ਹੈ।” ਸਤਿੰਦਰ ਨੇ ਜਵਾਬ ਦਿੱਤਾ।

‘‘ਕੀ ਇਹ ਉਹੀ ਕਾਰ ਹੈ ਜਿਹੜੀ ਕਲ ਸ਼ਾਮ ਜੌਰਜ ਸਟਰੀਟ ਲਿਰਪੂਲ ਵਿਚ ਵੁੱਡਲੈਂਡ ਇੰਡੀਅਨ ਰੈਸਟੋਰੈਂਟ ਦੇ ਬਾਹਰ ਖੜੀ ਸੀ?” ਇਹ ਬੌਸ ਦਾ ਦੂਜਾ ਸਵਾਲ ਸੀ।

‘‘ਜੀ ਹਾਂ।” ਸਤਿੰਦਰ ਦਾ ਜਵਾਬ ਸੀ।

‘‘ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ ਜੇ ਅਸੀਂ ਕਾਰ ਦੀ ਤਲਾਸ਼ੀ ਲਈਏ?” ਬੌਸ ਨੇ ਬੜੀ ਹਲੀਮੀ ਨਾਲ ਸਤਿੰਦਰ ਨੂੰ ਪੁੱਛਿਆ।

‘‘ਜੀ ਬਿਲਕੁਲ ਨਹੀਂ। ਐਹ ਲਉ ਕਾਰ ਦੀ ਚਾਬੀ।” ਸਤਿੰਦਰ ਨੇ ਕਾਰ ਦੀ ਚਾਬੀ ਬੌਸ ਵੱਲ ਵਧਾਈ।

‘‘ਨਹੀਂ ਨਹੀਂ! ਚਾਬੀ ਤੁਸੀਂ ਆਪਣੇ ਕੋਲ ਰੱਖੋ। ਸਾਡੇ ਨਾਲ ਚਲੋ। ਅਸੀਂ ਤੁਹਾਡੀ ਕਾਰ ਦੀ ਤਲਾਸ਼ੀ ਲਵਾਂਗੇ।”

ਬੌਸ ਆਪਣੀ ਕੁਰਸੀ ਤੋਂ ਖੜਾ ਹੋ ਗਿਆ। ਉਸ ਦੇ ਨਾਲ ਹੀ ਚਾਰੇ ਪੁਲੀਸ ਅਫ਼ਸਰ ਵੀ ਖੜੇ ਹੋ ਗਏ। ਸਤਿੰਦਰ ਵੀ ਖੜਾ ਹੋ ਗਿਆ। ਬੌਸ ਨੇ ਚਾਰਾਂ ਪੁਲੀਸ ਅਫ਼ਸਰਾਂ ਨੂੰ ਕੁਝ ਕਿਹਾ ਤੇ ਕਮਰੇ ਵਿਚੋਂ ਬਾਹਰ ਚਲਾ ਗਿਆ। ਚਾਰੇ ਪੁਲੀਸ ਅਫ਼ਸਰਾਂ ਨੇ ਮੇਜ਼ ਉਪਰੋਂ ਆਪਣੀਆਂ ਪਿਸਤੌਲਾਂ ਸੰਭਾਲੀਆਂ ਤੇ ਸਤਿੰਦਰ ਨੂੰ ਫਿਰ ਘੇਰੇ ਵਿਚ ਲੈ ਲਿਆ। ਦੋ ਪੁਲੀਸ ਅਫ਼ਸਰ ਸਤਿੰਦਰ ਦੇ ਸੱਜੇ ਪਾਸੇ ਤੇ ਦੋ ਸਤਿੰਦਰ ਦੇ ਖੱਬੇ ਪਾਸੇ।
ਸਾਰੇ ਜਣੇ ਸਤਿੰਦਰ ਦੀ ਕਾਰ ਕੋਲ ਪਹੁੰਚੇ। ਸਤਿੰਦਰ ਨੇ ਕਾਰ ਦੇ ਰਿਮੋਟ ਨਾਲ ਕਾਰ ਦੇ ਚਾਰੇ ਦਰਵਾਜ਼ੇ ਤੇ ਕਾਰ ਦਾ ਬੂਟ ਵੀ ਖੋਲ ਦਿੱਤਾ। ਚਾਰੇ ਪੁਲੀਸ ਅਫ਼ਸਰਾਂ ਨੇ ਪਹਿਲਾਂ ਕਾਰ ਦੇ ਬੂਟ ਦੀ ਤਲਾਸ਼ੀ ਲਈ। ਫਿਰ ਹਰ ਇਕ ਪੁਲੀਸ ਅਫ਼ਸਰ ਕਾਰ ਦੇ ਹਰ ਇਕ ਦਰਵਾਜ਼ੇ ਵਿਚੋਂ ਆਪਣਾ ਸਿਰ ਅੰਦਰ ਕਰਕੇ ਕਾਰ ਦੀ ਤਲਾਸ਼ੀ ਲੈਣ ਲੱਗ ਪਿਆ।

ਅਚਾਨਕ ਇਕ ਪੁਲੀਸ ਅਫ਼ਸਰ ਦੀ ਆਵਾਜ਼ ਆਈ, ‘‘ਪਿਸਤੌਲ ਲੱਭ ਗਈ। ਮੈਨੂੰ ਪਿਸਤੌਲ ਲੱਭ ਗਈ।” ਉਸ ਪੁਲੀਸ ਅਫ਼ਸਰ ਨੇ ਹੱਸਦਿਆਂ ਹੱਸਦਿਆਂ ਆਪਣਾ ਸਿਰ ਕਾਰ ਦੇ ਪਿਛਲੇ ਦਰਵਾਜ਼ੇ ਵਿਚੋਂ ਬਾਹਰ ਕੱਢਿਆ। ਬਾਕੀ ਦੇ ਤਿੰਨ ਪੁਲੀਸ ਅਫ਼ਸਰਾਂ ਨੇ ਉਸ ਦੀ ਆਵਾਜ਼ ਸੁਣੀ ਤੇ ਆਪਣੇ ਸਿਰ ਬਾਹਰ ਕੱਢੇ। ਉਹ ਉਸ ਪੁਲੀਸ ਅਫ਼ਸਰ ਵੱਲ ਵੇਖਣ ਲੱਗੇ ਜਿਸ ਦੇ ਹੱਥ ਵਿਚ ਪਿਸਤੌਲ ਸੀ ਜੋ ਉਸ ਨੂੰ ਕਾਰ ਦੀ ਪਿਛਲੀ ਸੀਟ ਤੋਂ ਲੱਭੀ ਸੀ। ਸਤਿੰਦਰ ਥੋੜੀ ਦੂਰੀ ਤੇ ਖੜਾ ਇਹ ਸਭ ਦੇਖ ਰਿਹਾ ਸੀ। ਉਹ ਪੁਲੀਸ ਅਫ਼ਸਰ ਅਜੇ ਵੀ ਹੱਸ ਰਿਹਾ ਸੀ ਤੇ ਉਸ ਲੱਭੀ ਹੋਈ ਪਿਸਤੌਲ ਨਾਲ ਹਵਾਈ ਫ਼ਾਇਰ ਕਰੀ ਜਾ ਰਿਹਾ ਸੀ। ਉਸ ਨੂੰ ਵੇਖਦੇ ਹੋਏ ਬਾਕੀ ਪੁਲੀਸ ਅਫ਼ਸਰ ਵੀ ਹੱਸਣ ਲੱਗੇ। ਸਤਿੰਦਰ ਦਾ ਵੀ ਥੋੜਾ ਜਿਹਾ ਹਾਸਾ ਨਿਕਲਿਆ। ਸਾਰੇ ਪੁਲੀਸ ਅਫ਼ਸਰ ਸਤਿੰਦਰ ਕੋਲ ਆਏ ਤੇ ਉਸ ਨੂੰ ਪਿਸਤੌਲ ਦਿੰਦੇ ਹੋਏ ਕਹਿਣ ਲੱਗੇ, ‘‘ਸਾਨੂੰ ਮੁਆਫ਼ ਕਰਨਾ। ਸਾਨੂੰ ਨਹੀਂ ਸੀ ਪਤਾ ਕਿ ਇਹ ਇਕ ਖਿਲੌਣਾ ਪਿਸਤੌਲ ਹੈ।”

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
1007
***

About the author

ਜਸਬੀਰ ਸਿੰਘ ਆਹਲੂਵਾਲੀਅਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Jasbir Singh Ahluwalia
Sydney- Australia
Mobile: +614 03 125 209

ਜਸਬੀਰ ਸਿੰਘ ਆਹਲੂਵਾਲੀਅਾ

Jasbir Singh Ahluwalia Sydney- Australia Mobile: +614 03 125 209

View all posts by ਜਸਬੀਰ ਸਿੰਘ ਆਹਲੂਵਾਲੀਅਾ →