25 April 2024
ਹਰਮੀਤ ਸਿੰਘ ਅਟਵਾਲ

ਅੰਤਰੀਵੀ ਸੰਵਾਦ ਦਾ ਸਿਰਜਣਹਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ—ਹਰਮੀਤ ਸਿੰਘ ਅਟਵਾਲ

 ‘ਪਾਠਕ ਨੂੰ ਅੰਤਰੀਵਤਾ ਨਾਲ ਇਕਮਿਕ ਹੋਣ ਦੀ ਸੋਝੀ’ ਦੇਣ ਵਾਲਾ ਲੇਖਕ
ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਸਾਹਿਤ ਸਭਾ ਜਲੰਧਰ’ ਦੇ ਪ੍ਰਧਾਨ ਸ: ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ “ਅਦੀਬ ਸਮੁੰਦਰੋਂ ਪਾਰ ਦੇ” ਦੀ (19 ਸਤੰਬਰ 2021 ਨੂੰ) 54ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਡਾ. ਗੁਰਬਖ਼ਸ਼ ਸਿੰਘ ਭੰਡਾਲ’ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਅੰਤਰੀਵੀ ਸੰਵਾਦ ਦਾ ਸਿਰਜਣਹਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ’ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਅਾਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਅੰਤਰੀਵੀ ਸੰਵਾਦ ਦਾ ਸਿਰਜਣਹਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ—ਹਰਮੀਤ ਸਿੰਘ ਅਟਵਾਲ

001-216-556-2080

ਇੱਕ ਸੰਸਾਰ ਮਨੁੱਖ ਦੇ ਅੰਦਰ ਵੱਸਦਾ ਹੈ ਤੇ ਇੱਕ ਸੰਸਾਰ ਦੇ ਵਿਚ ਮਨੁੱਖ ਵੱਸਦਾ ਹੈ। ਬਹੁਤਾ ਕਰਕੇ ਅੰਦਰਲੇ ਤੇ ਬਾਹਰਲੇ ਸੰਸਾਰ ਦੀ ਸਮਾਨਤਾ ਤੇ ਅਸਮਾਨਤਾ ਹੀ ਪਸੰਦ ਜਾਂ ਨਾ-ਪਸੰਦ ਦਾ ਕਾਰਣ ਬਣਦੀ ਹੈ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਪਸੰਦ ਆਪੋ ਆਪਣੀ ਹੁੰਦੀ ਹੈ। ਇਹੀ ਦ੍ਰਿਸ਼ਟੀਆਂ/ਨੁਕਤੇ ਨਿਗਾਹਾਂ ਨੂੰ ਆਮ ਤੌਰ ’ਤੇ ਨਿਰਧਾਰਤ ਕਰਦੀ ਹੈ। ਇਹੀ ਨਜ਼ਰੀਆ ਪ੍ਰੇਰਿਤ ਸੰਵਾਦਾਂ ਦੇ ਵੰਨ ਸੁਵੰਨੇ ਸਰੂਪ ਸਿਰਜਦੀ ਹੈ। ਆਂਤ੍ਰਿਕ ਤੇ ਬਾਹਰੀ ਸੰਵਾਦਾਂ ਵਿਚਲੀਆਂ ਸਾਂਝਾਂ ਤੇ ਵਖਰੇਵਿਆਂ ਦਾ ਵੱਡਾ ਸਬੱਬ ਵੀ ਇਹੀ ਹੈ। ਪੰਜਾਬੀ ਦਾ ਨਾਮਵਰ ਕਲਮਕਾਰ ਡਾ. ਗੁਰਬਖ਼ਸ਼ ਸਿੰਘ ਭੰਡਾਲ ਆਪਣੇ ਰਚਨਾ ਸੰਸਾਰ ਅੰਦਰ ਆਪਣੇ ਅੰਤਰੀਵੀ ਸੰਵਾਦ ਨੂੰ ਹਰਫ਼ਾਂ ਦੇ ਹਵਾਲੇ ਕਰਦਾ ਹੈ। ਵਕਤ ਦੇ ਵਰਕੇ ਨੂੰ ਆਪਣੇ ਵਿਲੱਖਣ ਕਾਵਿਕ ਤੇ ਵਾਰਤਕੀ ਅੰਦਾਜ਼ ’ਚ ਪੂਰੀ ਪਰਬੀਨਤਾ ਨਾਲ ਜ਼ਿੰਦਗੀ ਦੀ ਫ਼ਿਲਾਸਫ਼ੀ ਨਾਲ ਸ਼ਿੰਗਾਰਦਾ ਹੈ।

ਡਾ. ਗੁਰਬਖ਼ਸ਼ ਸਿੰਘ ਭੰਡਾਲ ਦਾ ਜਨਮ 2 ਅਪ੍ਰੈਲ 1953 ਨੂੰ ਪਿਤਾ ਚੰਨਣ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਪਿੰਡ ਭੰਡਾਲ ਬੇਟ (ਕਪੂਰਥਲਾ) ਵਿਖੇ ਹੋਇਆ। ਉਸ ਦੀ ਵਿੱਦਿਅਕ ਯੋਗਤਾ ਐੱਮਐੱਸਸੀ (ਫ਼ਿਜਿਕਸ) ਤੇ ਪੀਐੱਚਡੀ (ਨਿਊਕਲੀਅਰ ਸਾਇੰਸ) ਹੈ। ਡਾ. ਭੰਡਾਲ ਨੇ 33 ਸਾਲ ਕਾਲਜਾਂ ਵਿਚ ਭੌਤਿਕ ਵਿਗਿਆਨ ਦੇ ਅਧਿਆਪਨ ਦੀ ਸੇਵਾ ਨਿਭਾਈ ਹੈ। ਡਾ. ਭੰਡਾਲ ਮੁਤਾਬਕ :-

* ਵੱਖ-ਵੱਖ ਸਰਕਾਰੀ ਕਾਲਜਾਂ ਵਿਚ ਪੜ੍ਹਾਉਣ ਤੋਂ ਬਾਅਦ 2010 ਵਿਚ ਸਰਕਾਰੀ ਕਾਲਜ ਕਪੂਰਥਲਾ ਤੋਂ ਅਗਾਊਂ ਸੇਵਾ ਮੁਕਤੀ ਲੈ ਲਈ ਤੇ ਕੈਨੇਡਾ ਆ ਗਿਆ। ਕੈਨੇਡਾ ਵਿਚ ਪੰਜਾਬੀ ਮੀਡੀਆ ਵਿਚ ਕੰਮ ਕੀਤਾ। 2014 ਵਿਚ ਆਪਣੀਆਂ ਬੇਟੀਆਂ ਕੋਲ ਅਮਰੀਕਾ ਆ ਗਿਆ ਅਤੇ ਜਨਵਰੀ 2016 ਤੋਂ ਕਲੀਵਲੈਂਡ ਸਟੇਟ ਯੂਨੀਵਰਸਿਟੀ, ਕਲੀਵਲੈਂਡ, ਓਹਾਇਓ ਅਮਰੀਕਾ ਵਿਚ ਫਿਜ਼ਿਕਸ ਪੜ੍ਹਾ ਰਿਹਾ ਹਾਂ।

ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਪੜ੍ਹਾਈ ਸੰਬੰਧੀ ਇੱਕ ਬਹੁਤ ਹੀ ਅਹਿਮ ਤੇ ਟੁੰਬਵੀਂ ਗੱਲ ਵੀ ਇਥੇ ਉਸ ਦੀ ਜ਼ੁਬਾਨੀ ਧਿਆਨ ਯੋਗ:-

* ਅੱਠਵੀਂ ਪਿੰਡ ਦੇ ਸਕੂਲ ਤੋਂ ਕੀਤੀ। ਇਸ ਦੌਰਾਨ ਅੰਗਰੇਜ਼ੀ ਦੇ ਅਧਿਆਪਕ ਅਤੇ ਉੱਘੇ ਕਵੀ ਸ. ਹਰਭਜਨ ਸਿੰਘ ਹੁੰਦਲ ਦਾ ਅਦਿੱਖ ਤੇ ਅਮਿੱਟ ਪ੍ਰਭਾਵ ਪਿਆ। 1970 ਵਿਚ ਦਸਵੀਂ ਪਹਿਲੇ ਦਰਜੇ ਵਿਚ ਪਾਸ ਕੀਤੀ ਤਾਂ ਵੱਡੇ ਵੀਰ ਜਰਨੈਲ ਸਿੰਘ ਭੰਡਾਲ ਨੇ ਪਿੰਡ ਦੇ ਤਿੰਨ ਜੁਆਕਾਂ ਨੂੰ ਰਣਧੀਰ ਕਾਲਜ ਕਪੂਰਥਲਾ ਵਿਚ ਨਾਨ ਮੈਡੀਕਲ ਵਿਚ ਦਾਖ਼ਲਾ ਕਰਵਾ ਦਿੱਤਾ। ਅੰਗਰੇਜ਼ੀ ਮੀਡੀਅਮ ਵਿਚ ਸਾਇੰਸ ਪੜ੍ਹਨਾ ਸਾਡੇ ਪੇਂਡੂਆਂ ਲਈ ਮੁਸ਼ਕਲ ਲੱਗਾ ਤੇ ਸਾਇੰਸ ਛੱਡ ਕੇ ਆਰਟਸ ਦੇ ਮਜਬੂਨ ਲੈ ਲਏ। ਪਰ ਹਫ਼ਤੇ ਕੁ ਬਾਅਦ ਹੀ ਮੇਰੇ ਮਾਮਾ ਜੀ ਹੈਡਮਾਸਟਰ ਪਿਆਰਾ ਸਿੰਘ ਖੈੜਾ ਦੇ ਦਬਕੇ ਭਰੀ ਪ੍ਰੇਰਨਾ ਨਾਲ ਮੁੜ ਨਾਨ-ਮੈਡੀਕਲ ਪੜ੍ਹਨਾ ਸ਼ੁਰੂ ਕੀਤਾ। ਸਾਇੰਸ ਦੀ ਔਖੀ ਪੜ੍ਹਾਈ ਕਾਰਨ ਮੈਂ ਪ੍ਰੈਪ ਵਿੱਚੋਂ ਫੇਲ ਹੋ ਗਿਆ। ਇਸ ਨਤੀਜੇ ਬਾਰੇ ਮੇਰੇ ਜਮਾਤੀ ਨੇ ਉਸ ਸਮੇਂ ਦੱਸਿਆ ਜਦ ਮੈਂ ਬਾਪ ਨਾਲ ਖੇਤਾਂ ਵਿਚ ਰੂੜੀ ਪਵਾ ਰਿਹਾ ਸੀ। ਬਾਪ ਦੀਆਂ ਅੱਖਾਂ ਵਿਚ ਡੂੰਘੀ ਉਦਾਸੀ ਉੱਤਰ ਆਈ ਪਰ ਉਸਨੇ ਹੌਂਸਲੇ ਭਰਿਆ ਧਰਵਾਸ ਦਿੱਤਾ ਅਤੇ ਦੁਬਾਰਾ ਦਾਖ਼ਲ ਹੋਣ ਤੇ ਹੋਰ ਮਿਹਨਤ ਨਾਲ ਪੜ੍ਹਨ ਲਈ ਉਤਸ਼ਾਹਿਤ ਕੀਤਾ। ਉਸ ਪਲ ਮੈਂ ਬਾਪ ਦੀ ਅੱਖ ਵਿਚ ਲਟਕੇ ਹੰਝੂ ਦੀ ਕਸਮ ਖਾਧੀ ਕਿ ਭਵਿੱਖ ਵਿਚ ਇਨ੍ਹਾਂ ਅੱਖਾਂ ਵਿਚ ਨਿਰਾਸ਼ਤਾ ਦੇ ਨਹੀਂ ਸਗੋਂ ਹੁਲਾਸ ਦੇ ਹੰਝੂ ਉਗਣਗੇ ਤੇ ਆਖਰ ਨੂੰ 1995 ਵਿਚ ਨਿਊਕਲਰ ਫਿਜ਼ਿਕਸ ਵਿਚ ਮੈਂ ਪੀਐੱਚਡੀ ਕਰ ਲਈ। ਪੀਐੱਚਡੀ ਦੇ ਐਗਜਾਮੀਨਰ ਨੇ ਪੁੱਛਿਆ ਕਿ ਤੇਰੀ ਸਰਕਾਰੀ ਨੌਕਰੀ ਹੈ, ਟਿਊਸ਼ਨ ਪੜ੍ਹਾ ਕੇ ਬਹੁਤ ਪੈਸੇ ਕਮਾ ਸਕਦਾ ਏ। ਫਿਰ ਪੀਐੱਚਡੀ ਕਰਨ ਬਾਰੇ ਕਿਉਂ ਸੋਚਿਆ? ਤਾਂ ਮੈਂ ਉਸ ਨੂੰ ਪ੍ਰੈਪ ਵਿਚ ਫੇਲ ਹੋਣ ਦੀ ਕਹਾਣੀ ਸੁਣਾ ਕੇ ਕਿਹਾ ਕਿ ਇਹ ਮੇਰੀ ਖ਼ੁਦ ਨਾਲ ਪਾਈ ਕਸਮ ਹੈ ਕਿ ਸਾਇੰਸ ਦੀ ਸਭ ਤੋਂ ਉੱਚੀ ਡਿਗਰੀ ਜ਼ਰੂਰ ਹਾਸਲ ਕਰਾਂਗਾ। ਇਹ ਉੱਦਮ ਬਾਪ ਦੇ ਹੰਝੂਆਂ ਨੂੰ ਅਰਪਿਤ ਹੈ।

ਡਾ. ਗੁਰਬਖ਼ਸ਼ ਸਿੰਘ ਭੰਡਾਲ ਦਾ ਖੇਤਰ ਭਾਵੇਂ ਵਿਗਿਆਨ ਦਾ ਹੈ ਪਰ ਸਾਹਿਤ ਪੜ੍ਹਨ ਦਾ ਸ਼ੌਕ ਵੀ ਉਸ ਨੂੰ ਮੁੱਢ ਤੋਂ ਹੈ। ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀਆਂ ਹੁਣ ਤਕ ਆਈਆਂ ਪੁਸਤਕਾਂ ਦੇ ਸੰਖਿਪਤ ਵਿਸਤਾਰ ’ਚ ਜਾਈਏ ਤਾਂ ਪਤਾ ਲਗਦਾ ਹੈ ਕਿ ਡਾ. ਭੰਡਾਲ ਦੀ ਪਹਿਲੀ ਕਾਵਿ-ਪੁਸਤਕ ‘ਹਾਉਕੇ ਦੀ ਜੂਨ’ 1991 ’ਚ ਪਾਠਕਾਂ ਦੇ ਹੱਥਾਂ ਵਿਚ ਪੁਜੀ। ਇਹ ਪੁਸਤਕ ਭੰਡਾਲ ਦੀਆਂ ਮੁੱਢਲੀਆਂ ਕਾਵਿ-ਰਚਨਾਵਾਂ ਦਾ ਸੰਗ੍ਰਹਿ ਹੈ ਜਿਨ੍ਹਾਂ ਵਿਚ ਜੀਵਨ ਦੀਆਂ ਤੰਗੀਆਂ ਤੁਰਸ਼ੀਆਂ ਦੀ ਕਾਵਿ-ਗਾਥਾ ਵੀ ਹੈ ਤੇ ਜਵਾਨੀ ਵੇਲੇ ਦੇ ਰੰਗ ਢੰਗ ਵੀ ਹਨ। 1993 ਵਿਚ ‘ਸੁਪਨਿਆਂ ਦੀ ਜੂਹ-ਕੈਨੇਡਾ’ ਸਫ਼ਰਨਾਮਾ ਛਪਿਆ ਹੈ। 2001 ਵਿਚ ਵਾਰਤਕ ਦੀ ਪੁਸਤਕ ‘ਰੰਗਾਂ ਦਾ ਦਰਿਆ’ ਪਾਠਕਾਂ ਨੇ ਪੜ੍ਹੀ ਹੈ ਜਿਸ ਵਿਚ ਜ਼ਿੰਦਗੀ ਦੀਆਂ ਹਕੀਕਤਾਂ, ਕਦਰਾਂ ਕੀਮਤਾਂ ਤੇ ਸਲਾਹਾਂ ਬਾਰੇ ਨਿੱਕੀਆਂ-ਨਿੱਕੀਆਂ ਚਿੱਠੀਆਂ ਹਨ। ‘ਅਸੀਸ ਤੇ ਆਸਥਾ’ ਭੰਡਾਲ ਦੀ ਨਿਬੰਧ ਪੁਸਤਕ ਹੈ ਜਿਹੜੀ ਸਿਆਣਪ ਸੰਗ ਬਾਖ਼ੂਬੀ ਸੰਵਾਦ ਰਚਾਉਂਦੀ ਹੈ। ਅਗਲੀ ਪੁਸਤਕ ‘ਧੁੱਪ ਦੀ ਤਲਾਸ਼’ ਕਾਵਿ-ਸੰਗ੍ਰਹਿ ਹੈ ਜਿਸ ਵਿਚ ਧੁੱਪ ਦੀ ਲੋਚਾ ਪਾਲਦੇ ਮਨ ਦੀ ਹੂਕ ਹੈ। ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਪ੍ਰੋ. ਕੁਲਵੰਤ ਸਿੰਘ ਥਿੰਦ ਨਾਲ ਮਿਲਕੇ 2003 ਵਿਚ ਵਿਗਿਆਨ ਦੀਆਂ ਦੋ ਪੁਸਤਕਾਂ ‘ਵਿਗਿਆਨ ਦੇ ਪਸਾਰ’ ਤੇ ‘ਵਿਗਿਆਨ ਦੇ ਪਾਂਧੀ’ ਵੀ ਲਿਖੀਆਂ। ਬਾਅਦ ਵਿਚ ਵਿਗਿਆਨ ਦੀਆਂ ਤਿੰਨ ਹੋਰ ਪੁਸਤਕਾਂ ‘ਗਾਡ ਪਾਰਟੀਕਲ’, ‘ਹਵਾ ਹੱਥ ਜੋੜਦੀ ਹੈ’ ਤੇ ‘ਵਿਗਿਆਨ ਚੇਤਨਾ’ ਵੀ ਛਪੀਆਂ। ਘਰ ਦੇ ਸੁੱਚੇ ਸਰੋਕਾਰਾਂ ਬਾਰੇ 2003 ਵਿਚ ‘ਘਰ ਅਰਦਾਸ ਕਰੇ’ ਪੁਸਤਕ ਛਪੀ ਜਿਸ ਬਾਰੇ ਦਲੀਪ ਕੌਰ ਟਿਵਾਣਾ ਨੇ ਬਹੁਤ ਭਾਵਪੂਰਤ ਸ਼ਬਦ ਲਿਖੇ ਹਨ।  ‘ਪ੍ਰਵਾਸੀ ਪੈੜਾਂ’ ਕੈਨੇਡਾ ਰਹਿੰਦਿਆਂ ਪ੍ਰਵਾਸ ਦੇ ਪ੍ਰਭਾਵਾਂ ਨੂੰ ਉਜਾਗਰ ਕਰਦੀ ਹੈ। ਉਸ ਦੀ ਕਾਵਿ-ਪੁਸਤਕ ‘ਇਹ ਘਰ ਮੇਰਾ ਨਹੀਂ ਹੈ’ ਬਾਹਰੀ ਘਰ ਤੋਂ ਬੰਦੇ ਦੇ ਅੰਦਰਲੇ ਘਰ ਨੂੰ ਜਾਂਦੀਆਂ ਪੈੜਾਂ ਦੀ ਨਿਸ਼ਾਨਦੇਹੀ ਕਰਦੀ ਹੈ ਤੇ ਬੰਦੇ ਦੀ ਅੰਤਰੀਵਤਾ ਨੂੰ ਅੰਤਰਦ੍ਰਿਸ਼ਟੀ ਨਾਲ ਵੇਖਣ ਦੀ ਜਾਚ ਸਿਖਾਉਂਦੀ ਹੈ। ‘ਸੂਰਜ ਦੀ ਦਸਤਕ’ ਭੰਡਾਲ ਦਾ ਲੇਖ ਸੰਗ੍ਰਹਿ ਹੈ ਜਿਸ ਵਿੱਚੋਂ ਖ਼ੁਦ ਵਿੱਚੋਂ ਖ਼ੁਦ ਦੀ ਖੋਜ ਦਾ ਸਬੱਬ ਸਿਰਜਣ ਦਾ ਢੰਗ ਸਮਝਿਆ ਜਾ ਸਕਦਾ ਹੈ। ਭੰਡਾਲ ਦੀ ‘ਜ਼ਿੰਦਗੀ’ ਨਾਂ ਦੀ 111 ਪੰਨਿਆਂ ਦੀ ਅਗਲੀ ਪੁਸਤਕ ਇੱਕ ਲੰਬੀ ਨਜਮ ਹੈ। ‘ਲੋਏ ਲੋਏ’ ਨਾ ਦੀ ਪੁਸਤਕ ਅਸਲ ਵਿਚ ਹਰਫ਼ਾਂ ਦੇ ਜਗਦੇ ਚਿਰਾਗ਼ ਹੀ ਹਨ। ‘ਕਾਇਆ ਦੀ ਕੈਨਵਸ’ ਭੰਡਾਲ ਦੀ ਆਪਣੀ ਹੀ ਕਿਸਮ ਦੀ ਅਹਿਮ ਪੁਸਤਕ ਹੈ ਜਿਹੜੀ ਮਨੁੱਖੀ ਸਰੀਰ ਦੇ ਸਾਰੇ ਅੰਗਾਂ ਦੇ ਮਨੁੱਖੀ ਵਿਸਥਾਰ ਤੇ ਵਿਕਾਸ ਵਿਚ ਯੋਗਦਾਨ ਦੀ ਗੱਲ ਕਰਦੀ ਹੈ। 207 ਪੰਨਿਆਂ ਦੀ ਪੁਸਤਕ ‘ਧੁੱਪ ਦੀਆਂ ਕਣੀਆਂ’ ਵਿਚ ਕੁਦਰਤੀ ਨਿਆਮਤਾਂ ਦੇ ਬਹੁ-ਪਾਸਾਰਾਂ, ਬਖ਼ਸ਼ਿਸ਼ਾਂ ਅਤੇ ਇਸ ਦੇ ਪਲੀਤਪੁਣੇ ਲਈ ਮਨੁੱਖੀ ਮਾਨਸਿਕਤਾ ਦੇ ਵਿਗਾੜ ਨੂੰ ਪੇਸ਼ ਕੀਤਾ ਗਿਆ ਹੈ। 2019 ’ਚ 112 ਪੰਨਿਆਂ ਦਾ ਇੱਕ ‘ਰੂਹ-ਰੇਜਾ’ ਨਾਂ ਦਾ ਕਾਵਿ ਸੰਗ੍ਰਹਿ ਵੀ ਭੰਡਾਲ ਦਾ ਪਾਠਕਾਂ ਕੋਲ ਪੁਜਿਆ ਹੈ ਜਿਸ ਵਿਚ ਮਨ ਨਾਲ ਸੰਵਾਦ ਵੀ ਹੈ, ਖ਼ੁਦ ਦਾ ਖ਼ੁਲਾਸਾ ਵੀ ਹੈ ਤੇ ਘਰ-ਪਰਵਾਸ ਦੇ ਦਵੰਧ ਨੂੰ ਵੀ ਕਾਵਿ-ਰਚਨਾ ਵਿਚ ਰਚਿਆ ਗਿਆ ਹੈ। ਦਰਅਸਲ ਡਾ. ਗੁਰਬਖ਼ਸ਼ ਸਿੰਘ ਭੰਡਾਲ ਕੋਲ ਸ਼ਬਦਾਵਲੀ ਦਾ ਅਮੀਰ ਭੰਡਾਰ ਹੈ। ਉਸ ਦੀ ਵਾਰਤਕ ਵਿਚ ਵੀ ਇੱਕ ਆਪਣੀ ਹੀ ਕਿਸਮ ਦੀ ਲੈਅ ਹੈ, ਸੁਹਜ ਹੈ, ਵਿਸਮਾਦ ਹੈ ਤੇ ਭਾਸ਼ਾ ਦਾ ਇੱਕ ਦਿਲਚਸਪ ਤੇ ਮਹੱਤਵਪੂਰਨ ਮੁਹਾਵਰਾ ਹੈ।

ਡਾ. ਗੁਰਬਖ਼ਸ਼ ਸਿੰਘ ਭੰਡਾਲ ਨਾਲ ਹੋਏ ਵਿਚਾਰ ਵਿਮਰਸ਼ ’ਚੋਂ ਉਸ ਵੱਲੋਂ ਕੁਝ ਅੰਸ਼ ਵੀ ਇਥੇ ਲਿਖੇ ਜਾਂਦੇ ਹਨ :-

* ਉਤਰੀ ਅਮਰੀਕਾ ਵਿਚ ਬਹੁਤ ਸਾਰੇ ਪੰਜਾਬੀ ਅਖ਼ਬਾਰ ਹਨ ਜਿਨ੍ਹਾਂ ਨਾਲ ਸਾਡੀ ਪਹਿਲੀ ਪੀੜ੍ਹੀ ਜੁੜੀ ਹੈ। ਪਰ ਬਹੁਤ ਘੱਟ ਇੱਥੋਂ ਦੇ ਜੰਮਪਲ ਪੰਜਾਬੀ ਨੇ ਜੋ ਪੰਜਾਬੀ ਅਦਬ ਦੀ ਭਵਿੱਖੀ ਪਛਾਣ ਬਣਨਗੇ।

* ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬੀਆਂ ਵਿਚ ਪੜ੍ਹਨ ਦਾ ਰੁਝਾਨ ਘੱਟ ਹੈ ਤੇ ਜ਼ਿਆਦਾਤਰ ਸਾਹਿਤਕਾਰ ਵੀ ਹੋਰ ਸਾਹਿਤਕਾਰਾਂ ਨੂੰ ਪੜ੍ਹਨ ਤੋਂ ਗੁਰੇਜ ਕਰਦੇ ਨੇ।

* ਨਵੇਂ ਲੇਖਕਾਂ ਲਈ ਸਭ ਤੋਂ ਜ਼ਰੂਰੀ ਹੈ ਖ਼ੁਦ ਨੂੰ ਪੜ੍ਹਨਾ, ਖ਼ੁਦ ਦੀ ਜਾਮਾਤਲਾਸ਼ੀ ਕਰਨੀ।

* ਮੇਰੀਆਂ ਦੋ ਨਵੀਆਂ ਪੁਸਤਕਾਂ ਜਲਦ ਛਪ ਰਹੀਆਂ ਹਨ ਜਿਨ੍ਹਾਂ ਦੇ ਨਾਂ ਹਨ ‘ਕਿਰਨ-ਮ-ਕਿਰਨੀ’ ਤੇ ‘ਗੁਣ-ਗਾਣ’।

* ਪੰਜਾਬੀ ਦੀ ਆਲੋਚਨਾ, ਹੁਣ ਆਲੋਚਨਾ ਤੋਂ ਹੀ ਉਕਤਾ ਚੁੱਕੀ ਹੈ। ਇਹ ਨਿੱਕੇ ਦਾਇਰਿਆਂ ਜਾਂ ਸੰਬੰਧਾਂ ਤੀਕ ਹੀ ਸੀਮਤ ਹੋ ਕੇ ਵੇਲਾ ਵਿਹਾ ਚੁੱਕੇ ਮਾਪਦੰਡਾਂ ਵਿੱਚੋਂ ਹੀ ਕਿਰਤ-ਪਰਖਣ ਨੂੰ ਪਹਿਲ ਦਿੰਦੀ ਹੈ।

ਬਿਨਾਂ ਸ਼ੱਕ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਹਰ ਗੱਲ ਵਿਚਾਰ ਦੀ ਮੰਗ ਕਰਦੀ ਹੈ। ਉਸ ਦੀ ਵਿਗਿਆਨਕ ਤੇ ਸਮਾਜਕ ਸਮਝ ਜਦੋਂ ਸਾਹਿਤਕ ਰੂਪ ’ਚ ਪਾਠਕਾਂ ਕੋਲ ਪੁਜਦੀ ਹੈ ਤਾਂ ਗੱਲ ਸੋਨੇ ’ਤੇ ਸੁਹਾਗੇ ਵਾਲੀ ਹੋ ਜਾਂਦੀ ਹੈ। ਉਸ ਦੀਆਂ ਸਾਹਿਤਕ ਤੇ ਵਿਗਿਆਨਕ ਰਚਨਾਵਾਂ ਪੜ੍ਹਦਿਆਂ ਪਾਠਕ ਅੰਦਰ ਅੰਤਰਝਾਤ ਮਾਰਨ ਦੀ ਸਮਝ ਤੇ ਸਮਰੱਥਾ ਜਾਗਦੀ ਹੈ ਤੇ ਪਾਠਕ ਨੂੰ ਅੰਤਰੀਵਤਾ ਨਾਲ ਇਕਮਿਕ ਹੋਣ ਦੀ ਸੋਝੀ ਹੋਣ ਲਗਦੀ ਹੈ।

***
ਹਰਮੀਤ ਸਿੰਘ ਅਟਵਾਲ
98155-05287

***
(ਪਹਿਲੀ ਵਾਰ ਛਪਿਆ 19 ਸਤੰਬਰ 2021)
***
376
***

About the author

ਹਰਮੀਤ ਸਿੰਘ ਅਟਵਾਲ
ਹਰਮੀਤ ਸਿੰਘ ਅਟਵਾਲ
+9815505287 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ