28 March 2024

ਹਰੀ ਸਿੰਘ ਨਲੂਆ – ਦੂਰ ਅੰਦੇਸ਼ੀ ਸਿੱਖ ਜਰਨੈਲ

ਹਰੀ ਸਿੰਘ ਨਲੂਆ – ਦੂਰ ਅੰਦੇਸ਼ੀ ਸਿੱਖ ਜਰਨੈਲ

-ਕੰਵਰ ਬਰਾੜ-

ਸਰਦਾਰ ਹਰੀ ਸਿੰਘ ਨਲੂਆ ਦੇ ਸ਼ਹੀਦੀ ਹਫ਼ਤੇ ਤੇ ਵਿਸ਼ੇਸ਼

ਗਿਆਰੵਵੀ ਤੇ ਬਾਰੵਵੀਂ ਜਮਾਤ ਵਿਚ ਸਾਨੂੰ ਮਾਸਟਰ ਸੁਰਜੀਤ ਸਿੰਘ ਜੀ ਨੇ ਇਤਿਹਾਸ ਪੜਾਇਆ, ਪੜ੍ਹਾਇਆ ਹੀ ਕੀ ਬੱਸ ਇਤਿਹਾਸ ਨਾਲ ਇਕ ਗੂੜ੍ਹੀ ਸਾਂਝ ਪਵਾਈ।

ਉਨ੍ਹਾਂ ਨੂੰ ਅਸੀਂ ਸਾਰੇ ‘ਸਰ’ ਦੀ ਥਾਂ ‘ਬਾਬਾ ਜੀ’ ਕਹਿ ਕੇ ਸੱਦਦੇ, ਹੁਣ ਸਮਝ ਆਉਂਦੀ ਹੈ ਕੇ ਬਾਬਾ ਜੀ ਇਕ ਧਰਤੀ ਨਾਲ ਜੁੜਿਆ ਇਨਸਾਨ ਸੀ, ਜਿਸ ਦੀ ਸਾਈਕਲ ਉੱਤੇ ਕੁੜਤੇ ਪਜਾਮੇ ਵਿਚ ਸਕੂਲ ਆਉਣ ਦੀ ਦਿੱਖ ਭਾਵੇਂ ਬੜੀ ਆਮ ਜਿਹੀ ਲਗਦੀ ਹੋਵੇ ਪਰ ਸੋਝੀ ਤੇ ਸਮਝ ਉੱਤਮ ਦਰਜੇ ਦੀ ਸੀ, ਜਿੰਨਾ ਸਮਾਂ ਬਾਬਾ ਜੀ ਤੋ ਅਸੀਂ ਪੜ੍ਹੇ ਮੈਂ ਉਹਨਾਂ ਨੂੰ ਕਦੇ ਕਿਸੇ ਜਵਾਕ ਨੂੰ ਝਿੜਕਦੇ ਨਹੀਂ ਸੀ ਦੇਖਿਆ।

ਬਾਬਾ ਜੀ ਦਾ ਇਤਿਹਾਸ ਪੜਾਉਣ ਦਾ ਤਰੀਕਾ ਬੜਾ ਵਿਲੱਖਣ ਸੀ। ਕਿਸੇ ਇਤਿਹਾਸਕ ਘਟਨਾ ਦਾ ਵਰਨਨ ਕਰਦਿਆਂ ਉਹ ਖ਼ੁਦ ਇਤਿਹਾਸਿਕ ਘਟਨਾ ਦਾ ਹਿੱਸਾ ਬਣ ਜਾਂਦੇ, ਤੇ ਅਸੀਂ ਸਾਰੀ ਜਮਾਤ ਦਰਸ਼ਕ।

ਉਹਨਾਂ ਕਦੇ ਪੀਰੀਅਡ ਦੇ ਸ਼ੁਰੂ ਤੇ ਹਾਜ਼ਰੀ ਨਹੀਂ ਸੀ ਲਾਈ ਪਰ ਫਿਰ ਵੀ ਕੋਈ ਵਿਦਿਆਰਥੀ ਉਹਨਾਂ ਦੀ ਜਮਾਤ ਛੱਡ ਨਾ ਭੱਜਦਾ। ਸ਼ਾਇਦ ਸਕੂਲ ਵਾਲਿਆਂ ਦੇ ਬਹੁਤਾ ਕਹਿਣ ਤੇ ਉਹਨਾਂ ਰਜਿਸਟਰ ਜਮਾਤ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਪਰ ਪਹਿਲੀ ਕਤਾਰ ਵਿਚ ਬੈਠੇ ਕਿਸੇ ਵਿਦਿਆਰਥੀ ਨੂੰ ਦੇ ਦਿੰਦੇ ਤੇ ਉਹ ਇਕ ਸਿਰਿਓਂ ਸਾਰਿਆਂ ਰੋਲ-ਨੰਬਰਾਂ ਅੱਗੇ ਡੰਡੀਆਂ ਮਾਰ ਦਿੰਦਾ।

ਬਾਬਾ ਜੀ ਜਮਾਤ ਵਿਚ ਨਜ਼ਾਰਾ ਉਦੋਂ ਬੱਝਦਾ ਜਦੋਂ ਉਹ ਕਿਸੇ ਇਤਿਹਾਸਕ ਜੰਗ ਬਾਰੇ ਪੜ੍ਹਾ ਰਹੇ ਹੁੰਦੇ। ਫਿਰ ਕੀ ਦੇਖਦਿਆਂ ਦੇਖਦਿਆਂ ਕਾਲਾ ਬੋਰਡ ਜੰਗ ਦਾ ਮਦਾਨ ਬਣ ਜਾਂਦਾ, ਬਾਬਾ ਜੀ ਘੋੜੇ ਤੇ ਚੜ੍ਹਿਆ ਸਿਪਾਹੀ ਲਗਦਾ ਤੇ ਚਿੱਟਾ ਚਾਕ ਲਿਸ਼ਕਦੀ ਤਲਵਾਰ ਵਾਂਗ ਵਹਿੰਦਾ।

ਇਨ੍ਹਾਂ ਦਿਨਾਂ ਦੀ ਗੱਲ ਜਦੋਂ ਬਾਬਾ ਜੀ ਨੇ ਹਰੀ ਸਿੰਘ ਨਲੂਆ ਦੀ 1837 ਦੀ ਜਮਰੌਦ ਦੀ ਆਖ਼ਰੀ ਜੰਗ ਬਾਰੇ ਬੜੇ ਜੋਸ਼ ਨਾਲ ਪੜ੍ਹਾਇਆ ਜਿਸ ਵਿਚ ਖ਼ਾਲਸਾ ਰਾਜ ਜੰਗ ਜਿੱਤ ਕੇ ਕੌਮ ਦੇ ਇਕ ਮਹਾਨ ਜਰਨੈਲ ਨੂੰ ਸਦਾ ਲਈ ਹਾਰ ਗਿਆ।

ਅਸੀਂ ਛੋਟੇ ਹੁੰਦਿਆਂ ਤੋ ਹੀ ਢਾਡੀਆਂ ਤੋ ਹਰੀ ਸਿੰਘ ਨਲੂਆ ਦੀ ਬਹਾਦਰੀ ਦੇ ਕਿਸੇ ਸੁਣਦੇ ਹੁੰਦੇ ਸੀ ਪਰ ਉਸ ਦਿਨ ਬਾਬਾ ਜੀ ਦਾ ਪਾਠ ਦੇ ਅੰਤ ਤੇ ਕਿਹਾ ਇਕ ਵਾਕ ਮੇਰੀ ਯਾਦ ਦਾ ਹਿੱਸਾ ਬਣ ਗਿਆ। ਉਹ ਕਹਿੰਦੇ ਕੇ ਹਰੀ ਸਿੰਘ ਨਲੂਆ ਇਕ ਦੂਰ ਅੰਦੇਸ਼ ਸਿੱਖ ਜਰਨੈਲ ਸੀ ਤੇ ਜੇ ਉਹ ਚਾਰ ਕੁ ਸਾਲ ਹੋਰ ਜਿਊਂਦਾ ਰਹਿੰਦਾ ਤਾਂ ਸ਼ਾਇਦ ਖ਼ਾਲਸਾ ਰਾਜ ਦਾ ਭਵਿੱਖ ਕੁਝ ਹੋਰ ਹੁੰਦਾ।

ਬਾਅਦ ਵਿਚ ਜਦੋਂ ਹਰੀ ਸਿੰਘ ਦੀ ਸ਼ਖ਼ਸੀਅਤ ਬਾਰੇ ਹੋਰ ਪੜ੍ਹਨ ਦਾ ਮੌਕਾ ਮਿਲਿਆ ਤਾਂ ਸਮਝ ਆਈ ਕੇ ਬਾਬਾ ਜੀ ਦਾ ਇਹ ਵਿਚਾਰ ਕਿੰਨੀ ਡੂੰਘਾਈ ਵਾਲਾ ਸੀ।

ਹਰੀ ਸਿੰਘ ਨਲੂਆ ਇਕ ਸਮਝਦਾਰ ਤੇ ਅਨੁਭਵੀ ਫ਼ੌਜਦਾਰ ਹੋਣ ਦੇ ਨਾਲ ਨਾਲ ਇਕ ਨਰਮ-ਦਿਲ ਤੇ ਸੁਲਝਿਆ ਪ੍ਰਸ਼ਾਸਕ ਸੀ, ਜਿਸ ਨੂੰ ਅੜਬ ਨਾਲ ਅੜਬਾਈ ਕਰਨੀ ਤੇ ਨਰਮ ਨਾਲ ਨਰਮੀ ਕਰਨ ਦਾ ਸੁਭਾਵਿਕ ਗੁਣ ਪ੍ਰਾਪਤ ਸੀ। ਪਰ ਸਾਡੇ ਢਾਡੀਆਂ ਤੇ ਇਤਿਹਾਸਕਾਰਾਂ ਨੇ ਉਸ ਨੂੰ ਹਮੇਸ਼ਾ ਇਕ ਖ਼ੂੰਖ਼ਾਰ ਜਰਨੈਲ ਦੇ ਤੌਰ ਤੇ ਵਧਾ ਚੜ੍ਹਾ ਕੇ ਪੇਸ਼ ਕੀਤਾ।

ਅਸਲ ਵਿਚ ਜਰਨੈਲ ਨਲੂਆ ਬਹਾਦਰ ਤੇ ਨਿਧੜਕ ਸੈਨਾਪਤੀ ਸੀ, ਜਿਸ ਨੇ ਅੱਗਿਓਂ ਬਹਾਦਰ ਅਫ਼ਗ਼ਾਨ ਕੌਮ ਨਾਲ ਟਕਰਾਉਂਦਿਆਂ ਸਾਹਸ ਨਾਲ ਦਰ-ਏ-ਖ਼ੈਬਰ ਵਰਗੇ ਇਲਾਕਿਆਂ ਉੱਤੇ ਆਪਣੀ ਧਾਕ ਜਮਾਈ ਜੋ ਖ਼ੂਨ ਡੋਲਣ ਤੋ ਬਿਨਾਂ ਹੋਣੀ ਅਸੰਭਵ ਸੀ।

ਜੇ ਹਰੀ ਸਿੰਘ ਨਲੂਆ ਦੀ ਅਗਵਾਈ ਵਿਚ ਖ਼ਾਲਸਾ ਰਾਜ ਦੇ ਕੁੱਲ ਵਿਸਥਾਰ ਤੇ ਝਾਤ ਮਾਰੀਏ ਤਾਂ ਪਤਾ ਲਗਦਾ ਹਾਂ ਕੇ ਕਿਵੇਂ ਤਲਵਾਰ ਦੀ ਥਾਂ ਗੱਲਬਾਤ ਦੀ ਨੀਤੀ ਉਹਨਾਂ ਦੀ ਪਹਿਲ ਸੀ ਤਾਂ ਜੋ ਵਿਅਰਥ ਜਾਨਾਂ ਜਾਣੋ ਬਚਾਇਆ ਜਾ ਸਕੇ। ਏਥੋਂ ਤੱਕ ਕੇ ਜੰਗ ਤੋ ਬਾਅਦ ਆਪਣੇ ਤੇ ਦੁਸ਼ਮਣ ਦੀਆਂ ਫ਼ੌਜਾਂ ਦੀ ਮਲ੍ਹਮ ਪੱਟੀ ਹੀ ਉਹਨਾਂ ਦੀ ਪਹਿਲ ਹੁੰਦੀ।

ਸੱਤ ਕੁ ਸਾਲ ਦੀ ਉਮਰ ਵਿਚ ਆਪਣੇ ਬਾਪ ਦੇ ਲੜਾਈ ਸ਼ਹੀਦ ਹੋਣ ਦੀ ਖ਼ਬਰ ਸੁਣਨ ਵਾਲੇ ਇਸ ਜਰਨੈਲ ਨੂੰ “ਜ਼ਿੰਦਗੀ ਦਾ ਮੁੱਲ ਕੀ ਹੁੰਦਾ” ਉਸ ਦਾ ਸਿੱਧਾ ਤਜਰਬਾ ਸੀ।

Baron Charles Hugel ਆਪਣੀ ਕਿਤਾਬ ਵਿਚ ਲਿਖਦਾ ਕੇ “ਉਹ ਹਰੀ ਸਿੰਘ ਕੋਲ ਕੁਝ ਸਮਾਂ ਠਹਿਰਿਆ ਤੇ ਉਸ ਦੀ ਖ਼ੂਬ ਟਹਿਲ ਸੇਵਾ ਹੋਈ । ਜਾਣ ਲੱਗਿਆਂ ਉਹ ਹਰੀ ਸਿੰਘ ਦਾ ਧੰਨਵਾਦ ਕਰਨ ਲਈ ਜਦੋਂ ਛੱਤ ਤੇ ਗਿਆ ਤਾਂ ਹਰੀ ਸਿੰਘ ਜ਼ੁਕਾਮ ਤੇ ਬੁਖ਼ਾਰ ਹੋਣ ਦੇ ਬਾਵਜੂਦ ਵੀ ਬੜੇ ਚਾਅ ਨਾਲ ਮਿਲਿਆ ਤੇ ਗੱਲਬਾਤ ਕੀਤੀ। ਹਰੀ ਸਿੰਘ ਨੇ ਉਸ ਦੇ ਸਾਰੇ ਜਵਾਬਾਂ ਨੂੰ ਪੇਪਰ ਤੇ ਲਿਖਿਆ ਤੇ ਲਿਖਵਾਇਆ”

ਇਹ ਗਲ ਭਾਵੇਂ ਛੋਟੀ ਜਿਹੀ ਹੈ ਪਰ ਆਪਣੇ ਆਪ ਵਿਚ ਇਕ ਵੱਡਾ ਸੱਚ ਛੁਪਾਈ ਬੈਠੀ ਹੈ, ਇਸ ਸਿੱਖ ਜਰਨੈਲ ਨੂੰ ਮਹਾਰਾਜਾ ਰਣਜੀਤ ਸਿੰਘ ਵਾਂਗ ਲਿਖਣ ਲਿਖਾਉਣ ਦੀ ਮਹੱਤਤਾ ਦਾ ਪਤਾ ਸੀ।

ਪਰ ਕਿਉਂ ਨਹੀਂ ਸਾਂਭ ਸਕੇ ਅਸੀਂ ਇਹ ਅਣਮੁੱਲੀਆਂ ਲਿਖਤਾਂ? ਤੇ ਕਿਉਂ ਨਹੀਂ ਅਸੀਂ ਸਾਂਭ ਸਕੇ ਇਹ ਲਿਖਣ ਲਿਖਾਉਣ ਦਾ ਸਭਿਆਚਾਰ? ਸਿੱਖ ਕੌਮ ਦੇ ਚੰਗੇ ਭਵਿੱਖ ਦੀ ਕਾਮਨਾ ਕਰਨ ਵਾਲੇ ਸਾਰੇ ਚਿੰਤਕਾਂ ਨੂੰ ਇਸ ਵਿਸ਼ੇ ਤੇ ਵਿਚਾਰ ਕਰਨ ਦੀ ਲੋੜ ਹੈ ਕੇ ਕਿਵੇਂ ਲਿਖਣ ਲਿਖਾਉਣ ਤੇ ਪੜ੍ਹਨ ਪੜਾਉਣ ਅਤੇ ਜਾਣਨ ਦੇ ਸਭਿਆਚਾਰ ਨੂੰ ਮੁੜ ਸੁਰਜੀਤ ਕੀਤਾ ਜਾਵੇ।

1831 ਵਿਚ ਬ੍ਰਿਟਿਸ਼ ਭਾਰਤ ਦੇ ਗਵਰਨਰ ਜਨਰਲ ਨਾਲ ਗੱਲਬਾਤ ਤੋਰਨ ਲਈ ਇਕ ਵਫ਼ਦ ਦੀ ਅਗਵਾਈ ਕੀਤੀ ਤਾਂ ਇਸ ਬਾਰੇ Hugel ਲਿਖਦਾ:
Lord William Bentink ਦੀ ਮਹਾਰਾਜਾ ਰਣਜੀਤ ਸਿੰਘ ਨਾਲ ਸ਼ਿਮਲੇ ਵਿਚ ਮੁਲਾਕਾਤ ਕਰਵਾਉਣ ਸਬੰਧੀ ਹਰੀ ਸਿੰਘ ਨਲੂਆ ਨੂੰ ਭੇਜਿਆ ਗਿਆ। ਉੱਥੇ ਮੌਜੂਦ ਵਿਅਕਤੀਆਂ ਅਨੁਸਾਰ ਇਹ ਗੱਲਬਾਤ ਕੁਝ ਵੱਖਰੀ ਸੀ ਜਿਸ ਵਿਚ ਵਿਚਾਰਾਂ ਦੇ ਅਦਾਨ ਪ੍ਰਦਾਨ ਦੇ ਨਾਲ ਨਾਲ ਬੀਤੇ ਵਿਚ ਵਾਪਰੀਆਂ ਘਟਨਾਵਾਂ ਤੇ ਵੀ ਵਿਚਾਰ ਹੋਈ। ਹਰੀ ਸਿੰਘ ਦੇ ਸਵਾਲਾਂ ਤੋ ਪਤਾ ਲਗਦਾ ਹੈ ਕੇ ਉਸ ਕੋਲ ਸਮਝ ਤੇ ਤਰਕ ਦੋਵੇਂ ਸਨ। ਉਸ ਨੂੰ ਯੂਰਪੀਅਨ ਰਾਜਾਂ ਦੇ ਅੰਕੜਿਆਂ, ਖ਼ਾਸ ਤੌਰ ਤੇ ਈਸਟ ਇੰਡੀਆ ਕੰਪਨੀ ਦੀਆਂ ਨੀਤੀਆਂ ਬਾਰੇ ਚੰਗੀ ਜਾਣਕਾਰੀ ਸੀ ਜੋ ਸਿੱਖਾਂ ਵਿਚ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਸੀ। ਉਸ ਨੂੰ ਫ਼ਾਰਸੀ ਪੜ੍ਹਨੀ ਤੇ ਲਿਖਣੀ ਆਉਂਦੀ ਸੀ।

ਕਸ਼ਮੀਰ ਦਾ ਗਵਰਨਰ ਹੁੰਦਿਆਂ ਜਿਸ ਤਰ੍ਹਾਂ ਹਰੀ ਸਿੰਘ ਨੇ ਹੜ੍ਹਾਂ ਤੋ ਬਾਅਦ ਲੋਕਾਂ ਨੂੰ ਚੰਗਾ ਰਾਜ ਪ੍ਰਬੰਧ ਦਿੱਤਾ ਉਹ ਵੀ ਕਾਬਲੇ ਗ਼ੌਰ ਹੈ। ਕਹਿੰਦੇ ਹੜ੍ਹਾਂ ਦੌਰਾਨ ਆਉਂਦੇ ਸਮੇਂ ਵਿਚ ਫ਼ਸਲ ਉਗਾਉਣ ਲਈ ਸਾਰਾ ਬੀਜ ਤਬਾਹ ਹੋ ਗਿਆ। ਹਰੀ ਸਿੰਘ ਨੇ ਦੂਜੇ ਸਿੱਖ ਖੇਤਰਾਂ ਤੋ ਸਮੇਂ ਸਿਰ ਬੀਜ ਮੰਗਵਾ ਕੇ ਇਹ ਜ਼ਰੂਰੀ ਕਰਵਾਇਆ ਕੇ ਬੀਜ ਸਹੀ ਹੱਥਾਂ ਵਿਚ ਪਹੁੰਚੇ। ਹਰੀ ਸਿੰਘ ਨਲੂਏ ਦੀ ਸੋਚ ਅੱਜ ਦੀ ਸਦੀ ਦੇ ਰਾਜਨੀਤਿਕ ਲੀਡਰਾਂ ਤੋ ਕਿਤੇ ਅਗਾਂਹ ਸੀ, ਉਸ ਨੇ ਆਮ ਜਨਤਾ ਨੂੰ ਮੁਫ਼ਤ ਸਹੂਲਤਾਂ ਦੇਣ ਦੀ ਬਜਾਏ ਇਹ ਯਕੀਨੀ ਬਣਾਇਆ ਕੇ ਲੋਕਾਂ ਨੂੰ ਸਸਤੀਆਂ ਤੇ ਟਿਕਾਊ ਤਰੀਕੇ ਨਾਲ ਲੋੜ ਦੀਆਂ ਚੀਜ਼ਾਂ ਕਿਵੇਂ ਪ੍ਰਦਾਨ ਕਰਵਾਈਆਂ ਜਾਣ।

ਉਸ ਨੇ ਮਰ ਰਹੀ ਦਸਤਕਾਰੀ ਨੂੰ ਪੁਨਰ ਸੁਰਜੀਤ ਕੀਤਾ। ਉਸ ਦੇ ਰਾਜ ਦੇ ਪਹਿਲੇ ਮਹੀਨੇ ਵਿਚ ਕਹਿੰਦੇ 40 ਹਜ਼ਾਰ ਹਿੰਦੂਆਂ ਨੇ ਆਪਣੇ ਧਰਮ ਵਿਚ ਵਾਪਸੀ ਕੀਤੀ। ਆਪਣੀ ਜਾਗੀਰ ਤੋ ਆਉਂਦੀ 9 ਲੱਖ ਦੀ ਆਮਦਨ ਦਾ ਵੱਡਾ ਹਿੱਸਾ ਉਹ ਗੁਰਧਾਮਾਂ ਦੀ ਸੇਵਾ ਤੇ ਆਪਣੀ ਫ਼ੌਜ ਉਪਰ ਖ਼ਰਚ ਦਿੰਦਾ।
ਉਸ ਨੇ ਟੈਕਸ ਲਾਉਣ ਦਾ ਚੰਗਾ ਹੱਲ ਕੱਢਿਆ ਜਿਸ ਨਾਲ ਆਮਦਨ ਦੇ ਚਾਰ ਭਾਗ ਪਰਜਾ ਕੋਲ ਰਹਿੰਦੇ ਤੇ ਪੰਜਵਾਂ ਸਰਕਾਰ ਕੋਲ ਚੰਗਾ ਰਾਜ ਭਾਗ ਪ੍ਰਦਾਨ ਕਰਨ ਲਈ।

ਇਹੋ ਜਿਹੇ ਰਾਜ ਪ੍ਰਬੰਧ ਦੇ ਕੰਮ ਕੋਈ ਸੂਝ ਵਾਲਾ ਪ੍ਰਸ਼ਾਸਕ ਹੀ ਕਰ ਸਕਦਾ।

ਹਰੀ ਸਿੰਘ ਨਲੂਆ ਦੀ ਰਾਇ ਸੀ ਕੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਖ਼ਾਲਸਾ ਰਾਜ ਦੇ ਵਾਰਿਸ ਨੂੰ ਨਿਯੁਕਤ ਕਰਨ ਸੰਬੰਧੀ ਫ਼ੈਸਲਾ ਲੈਣ ਤੋਂ ਪਹਿਲਾਂ ਹੋਰ ਵਿਚਾਰ ਚਰਚਾ ਤੇ ਸੋਚਣ ਦੀ ਲੋੜ ਹੈ। ਉਹਨਾਂ ਦਾ ਸ਼ਹਿਜ਼ਾਦਾ ਖੜਕ ਸਿੰਘ ਨਾਲ ਗੂੜ੍ਹਾ ਪਿਆਰ ਸੀ ਪਰ ਸ਼ਾਇਦ ਉਹਨਾਂ ਦਾ ਵਿਚਾਰ ਅਜਿਹੇ ਫ਼ੈਸਲਿਆਂ ਵਿਚ ਪੰਚ ਪ੍ਰਧਾਨੀ ਦੀ ਵਰਤੋਂ ਕਰ ਸਭ ਤੋਂ ਨਿਪੁੰਨ ਵਾਰਿਸ ਨੂੰ ਸਿੱਖਾਂ ਦਾ ਮੋਹਰੀ ਬਣਾਉਣ ਦਾ ਸੀ।

ਹਰੀ ਸਿੰਘ ਨਲੂਆ ਤੇ ਖ਼ਾਲਸਾ ਰਾਜ ਦਾ ਇਤਿਹਾਸ ਬਹੁਤ ਪੁਰਾਣਾ ਨਾ ਹੋਣ ਕਰਕੇ ਅਜੇ ਵੀ ਖੋਜ ਵਿਸਥਾਰ ਨਾਲ ਸਾਂਭਿਆ ਜਾ ਸਕਦਾ, ਸਿੱਖੀ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਵਿਦਵਾਨਾਂ ਨੂੰ ਇਸ ਖੇਤਰ ਵਿਚ ਨਿੱਤਰ ਕੇ ਕੰਮ ਕਰਨੇ ਚਾਹੀਦੇ ਹਨ।

ਜਦੋਂ ਕੋਈ ਇਤਿਹਾਸ ਦੀ ਗ਼ਲਤ ਪੇਸ਼ਕਾਰੀ ਕਰਦਾ ਤਾਂ ਉਹਨੂੰ ਦਰੁਸਤ ਕਰਵਾਉਣ ਦੇ ਨਾਲ ਨਾਲ ਸਾਨੂੰ ਖ਼ੁਦ ਵੀ ਆਪਣੇ ਸਮੁੱਚੇ ਇਤਿਹਾਸ ਨੂੰ ਤੇ ਹਰੀ ਸਿੰਘ ਨਲੂਆ ਵਰਗੇ ਹੋਣਹਾਰ ਯੋਧਿਆਂ ਤੇ ਦੂਰ ਅੰਦੇਸ਼ ਜਰਨੈਲਾਂ ਦੇ ਇਤਿਹਾਸ ਦਾ ਤੁਲਨਾਤਮਿਕ ਅਧਿਐਨ ਕਰਕੇ ਕਿਤਾਬਾਂ ਦੇ ਪੰਨਿਆਂ ਤੇ ਕੰਪਿਊਟਰ ਦੀਆਂ ਸਕਰੀਨ ਤੇ ਉੱਕਰਨਾ ਪੈਣਾ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਸਾਡੇ ਪਿਛੋਕੜ ਦੀ ਸੱਚੀ ਝਲਕ ਦਿਖਾਈ ਜਾ ਸਕੇ।

ਹਾਂ ਸੱਚ, ਸ਼ਹੀਦੀ ਸਮੇਂ ਸਰਦਾਰ ਨਲੂਆ ਸਿਰਫ਼ 46 ਵਰ੍ਹਿਆਂ ਦਾ ਸੀ, ਅਸੀਂ ਅਕਸਰ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਕਿਸੇ ਬਜ਼ੁਰਗ ਬੰਦੇ ਨੂੰ ਦਰਸਾਉਂਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਘੁੰਮਦੀਆਂ ਦੇਖਦੇ ਹਾਂ, ਨਲੂਆ ਚੜ੍ਹਦੀ ਕਲ੍ਹਾ ਵਾਲਾ ਇਨਸਾਨ ਸੀ ਤੇ ਚੜ੍ਹਦੀ ਕਲ੍ਹਾ ਵਿਚ ਹੀ ਜ਼ਿੰਦਗੀ ਖ਼ਾਲਸਾ ਰਾਜ ਦੇ ਨਾਮ ਲਾ ਗੁਰੂ ਦੇ ਨਾਮ ਵਿਚ ਸਮੋ ਮਰਜੀਵੜਿਆਂ ਵਿਚ ਆਪਣਾ ਨਾਮ ਲਿਖਵਾ ਗਏ।

– ਕੰਵਰ

References:
* Hugel, Baron Charles. Travels in Kashmir and the Punjab. 2002.
*Jeewan Itihaas Hari Singh Nalwa By Baba Prem Singh Hoti Mardanby Baba Prem Singh Hoti Mardaan (Author)
* “File:Hari Singh Nalwa.Jpg – Wikimedia Commons.” File:Hari Singh Nalwa.Jpg – Wikimedia Commons, commons.wikimedia.org, https://commons.wikimedia.org/wiki/File:Hari_singh_nalwa.jpg. Accessed 30 Apr. 2022.

***
762

About the author

ਕੰਵਰ ਬਰਾੜ (ਇੰਗਲੈਂਡ)
+44 7930886448 | kenwar.brar@gmail.com | Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਕੰਵਰ ਬਰਾੜ (ਇੰਗਲੈਂਡ)

View all posts by ਕੰਵਰ ਬਰਾੜ (ਇੰਗਲੈਂਡ) →