27 July 2024

ਅਦੀਬ ਸਮੁੰਦਰੋਂ ਪਾਰ ਦੇ : ਸੰਵੇਦਨਾ ਦੀ ਸਹਿਜ ਤੇ ਸੁਹਜਮਈ ਪੇਸ਼ਕਾਰ ਅਮਰਜੀਤ ਕੌਰ ਪੰਨੂੰ—ਹਰਮੀਤ ਸਿੰਘ ਅਟਵਾਲ

ਹਰਮੀਤ ਸਿੰਘ ਅਟਵਾਲ
+91 98155-05287

ਉੱਘੇ ਸਾਹਿਤਕਾਰ, ਆਲੋਚਕ ਅਤੇ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ’ ਦੇ ਪ੍ਰਧਾਨ ਸ. ਹਰਮੀਤ ਸਿੰਘ ਅਟਵਾਲ ਜੀ ਦੇ ‘ਪੰਜਾਬੀ ਜਾਗਰਣ’ ਅਖਬਾਰ ਵਿੱਚ ਛਪਦੇ ਹਫਤਾਵਾਰੀ ਕਾਲਮ ‘ਅਦੀਬ ਸਮੁੰਦਰੋਂ ਪਾਰ ਦੇ’ ਦੀ (20 ਮਾਰਚ 2022 ਨੂੰ) 78ਵੀਂ ਕਿਸ਼ਤ ਛਪੀ ਹੈ ਜਿਸ ਵਿੱਚ ‘ਸੰਵੇਦਨਾ ਦੀ ਸਹਿਜ ਤੇ ਸੁਹਜਮਈ ਪੇਸ਼ਕਾਰ ਅਮਰਜੀਤ ਕੌਰ ਪੰਨੂੰ‘ ਬਾਰੇ ਲਿਖਿਆ ਗਿਆ ਹੈ। ਇਹ ਲਿਖਤ ਜਿੱਥੇ ‘ਅਮਰਜੀਤ ਕੌਰ ਪੰਨੂੰ‘ ਦੇ ਸਮੁੱਚੇ ਰਚਨਾ ਸੰਸਾਰ ਦੇ ਰੂ-ਬ-ਰੂ ਕਰਦੀ ਹੈ ਉਥੇ ਹੀ ਸਾਹਿਤਕਾਰ/ਆਲੋਚਕ ਅਟਵਾਲ ਜੀ ਦੀ ਨਿਵੇਕਲੀ ਕਲਮ-ਪ੍ਰਤਿਭਾ ਦੇ ਦਰਸ਼ਣ ਵੀ ਕਰਾਉਂਦੀ ਹੈ। ਨਿਰਪੱਖ ਆਲੋਚਕ ਸ. ਹਰਮੀਤ ਸਿੰਘ ਅਟਵਾਲ ਜੀ ਅਤੇ ‘ਅਮਰਜੀਤ ਕੌਰ ਪੰਨੂੰ’ ਨੂੰ ਹਾਰਦਿਕ ਵਧਾਈ ਹੋਵੇ।  ਇਹ ਰਚਨਾ ‘ਲਿਖਾਰੀ’ ਦੇ ਪਾਠਕਾਂ ਦੀ ਨਜ਼ਰ-ਭੇਂਟ ਕਰਦਿਆਂ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।—ਲਿਖਾਰੀ

ਅਮਰੀਕਾ ਦੀ ਕੈਲੇਫੋਰਨੀਆ ਸਟੇਟ ਵਿਚ ਵਸਦੀ ਪੰਜਾਬੀ-ਅੰਗਰੇਜ਼ੀ ਦੀ ਗਲਪਕਾਰ ਅਮਰਜੀਤ ਕੌਰ ਪੰਨੂੰ ਨੂੰ ਸਾਡੇ ਨਾਮੀ ਅਦੀਬ ਪ੍ਰੋ. ਸੁਹਿੰਦਰਬੀਰ ਨੇ ਮਾਨਵੀ ਸੰਵੇਦਨਾ ਦੀ ਸਹਿਜ ਤੇ ਸੁਹਜਮਈ ਪੇਸ਼ਕਾਰ ਆਖਿਆ ਹੈ। ਦਰ ਹਕੀਕਤ ਹਰ ਬੰਦਾ ਸਹਿਜ ਤੇ ਸੁਹਜ ਸੰਪੰਨ ਨਹੀਂ ਹੋ ਸਕਦਾ। ਇਹ ਤਾਂ ਇਕ ਪ੍ਰਕਿਰਤਕ ਪ੍ਰਾਪਤੀ ਹੁੰਦੀ ਹੈ ਜਿਹੜੀ ਅੱਗੋਂ ਨਿਰੰਤਰ ਅਭਿਆਸ ਸਦਕਾ ਆਪਣਾ ਅਸਲੀ ਅਸਰ ਵਿਖਾਉਦੀ ਹੈ। ਦੂਜੇ ਪਾਸੇ ਸਹਿਜ ਤੇ ਸੁਹਜ ਦੀ ਆਂਤਿ੍ਰਕ ਅੰਤਰ ਸਬੰਧਤਾ ਬਹੁਤ ਡੂੰਘੀ ਹੁੰਦੀ ਹੈ। ਅਕਸਰ ਚੰਗੀ ਸੋਚ ਵਾਲੀ ਸਹਿਜ ਬਿਰਤੀ ਸੁਹਜ ਨੂੰ ਸਹਿਜੇ ਹੀ ਸਮਝ ਲੈਂਦੀ ਹੈ ਤੇ ਆਪਣੀ ਸਲਾਹੀਅਤ ਨਾਲ ਕੁਝ ਨਾ ਕੁਝ ਸੌਂਦਰਯ ਭਰਪੂਰ ਸਹਿਜੇ ਹੀ ਕਰ ਵਿਖਾਉਦੀ ਹੈ। ਅਦਬੀ ਆਲਮ ਵਿਚ ਤਾਂ ਦੋਹਾਂ ਦੀ ਸਾਰਥਕਤਾ ਪਹਿਲਾਂ ਹੀ ਪ੍ਰਵਾਨਤ ਹੈ ਕਿਉਕਿ ਇਸ ਆਲਮ ਵਿਚ ਤਾਂ ਜ਼ਿੱਦਾਂ, ਜ਼ੁਲਮਾਂ, ਜੁਰਅੱਤਾਂ, ਜਜ਼ਬਿਆਂ, ਜੋਖ਼ਮਾਂ, ਜ਼ੋਰਾਵਰੀਆਂ ਤੇ ਜੰਨਤੀ ਜਲੌਆਂ ਨੂੰ ਇਕ ਸੂਤਰਬੱਧ ਨੁਹਾਰ ਦੇਣੀ ਪੈਂਦੀ ਹੈ ਤੇ ਰਚਨਾ ਪ੍ਰਯੋਜਨ ਦੇ ਮੱਦੇਨਜ਼ਰ ਰਚਨਾ ਸੰਗਠਨ ਨੂੰ ਵੱਧ ਤੋਂ ਵੱਧ ਮਜ਼ਬੂਤ ਬਣਾਉਣਾ ਪੈਂਦਾ ਹੈ। ਜਦੋਂ ਕਿਤੇ ਅਮਰਜੀਤ ਕੌਰ ਪੰਨੂੰ ਜਿਹਾ ਨੇਕਬਖ਼ਤ ਗਲਪਕਾਰ ਮਾਨਵੀ ਸੰਵੇਦਨਾ ਦੀ ਉਪਰੋਕਤ ਵਰਣਿਤ ਦੋਵੇਂ ਗੁਣ ਸੰਪੰਨ ਪੇਸ਼ਕਾਰੀ ਪੂਰੀ ਕਲਾ-ਕੌਸ਼ਲਤਾ ਨਾਲ ਕਰਦਾ ਹੈ ਤਾਂ ਸਬੰਧਤ ਭਾਸ਼ਾ ਦੇ ਸਾਹਿਤ ਦੀ ਅਮੀਰੀ ਵਿਚ, ਗੁਣਾਤਮਕਤਾ ਵਿਚ ਜਾਂ ਕਹਿ ਲਓ ਮਿਆਰ ਵਿਚ ਵਾਧਾ ਹੋਣਾ ਹੀ ਹੁੰਦਾ ਹੈ।

ਅਮਰਜੀਤ ਕੌਰ ਪੰਨੂੰ ਦਾ ਜਨਮ ਪਿਤਾ ਇੰਦਰ ਸਿੰਘ ਪੰਨੂੰ ਅਤੇ ਮਾਤਾ ਗੋਪਾਲ ਕੌਰ ਦੇ ਘਰ ਨੌਸ਼ਹਿਰਾ ਪੰਨੂੰਆਂ ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ। ਪੰਨੂੰ ਨੇ ਖ਼ਾਸੀ ਉੱਚ ਵਿਗਿਆਨਕ ਵਿੱਦਿਆ ਹਾਸਲ ਕੀਤੀ ਹੋਈ ਹੈ। ਐੱਮ.ਐੱਸਸੀ. ਯੂਲੌਜੀ ਤੋਂ ਇਲਾਵਾ ਉਸ ਨੇ ਸਾਇੰਸ ਦੇ ਕਈ ਹੋਰ ਕੋਰਸ ਵੀ ਕੀਤੇ ਹੋਏ ਹਨ। 1981 ਵਿਚ ਪਰਵਾਸ ਧਾਰਨ ਕਰਨ ਵਾਲੀ ਅਮਰਜੀਤ ਕੌਰ ਪੰਨੂੰ ਨੇ ਲੰਬੀ ਸੇਵਾ ਉਪਰੰਤ ਕੈਲੇਫੋਰਨੀਆ ਦੇ ਇਕ ਕਾਲਜ ’ਚੋਂ ਬਾਇਓਟੈਕਨਾਲੋਜੀ ਦੀ ਲੈਕਚਰਾਰ ਵਜੋਂ ਸੇਵਾ ਮੁਕਤੀ ਪ੍ਰਾਪਤ ਕੀਤੀ।

ਅਮਰਜੀਤ ਕੌਰ ਪੰਨੂੰ ਦੀ ਸਾਹਿਤ ਸਿਰਜਣਾ ਪ੍ਰਤੀ ਰੁਝਾਨ ਦੀ ਦਿਲਚਸਪ ਵਿੱਥਿਆ ਉਸ ਦੀ ਆਪਣੀ ਜ਼ੁਬਾਨੀ ਇਉ ਹੈ :-

* ਸਾਹਿਤ ਲਿਖਣ ਬਾਰੇ ਕਦੇ ਸੋਚਿਆ ਹੀ ਨਹੀਂ ਸੀ। ਆਪਣੀਆਂ ਦੋ ਧੀਆਂ ਦਾ ਪਾਲਣ-ਪੋਸ਼ਣ ਕਰਦਿਆਂ ਅਤੇ ਰੀਸਰਚ ਸਾਇੰਟੈਸਟ ਦੇ ਤੌਰ ’ਤੇ ਨੌਕਰੀ ਕਰਦਿਆਂ ਉਮਰ ਦੇ ਕਈ ਵਰੵੇ ਲੰਘ ਚੱੁਕੇ ਸਨ ਜਦ ਇਕ ਦਿਨ ਤੜਕੇ ਸੱੁਤ-ਉਨੀਂਦੇ ਜਹੇ ਵਿਚ ਬੀਤ ਚੱੁਕੀ ਜ਼ਿੰਦਗੀ ਦਾ ਲੇਖਾ-ਜੋਖਾ ਇਕ ਸੁਪਨੇ ਵਾਂਗ ਮਨ ਦੀ ਅੱਖ ਦੇ ਅੱਗਿਓਂ ਦੀ ਲੰਘਣ ਲੱਗ ਪਿਆ ਤਾਂ ਇਕ ਆਵਾਜ਼ ਕੰਨੀਂ ਪਈ-

‘‘ਨਹੀਂ… ਅਜੇ ਤਾਂ ਮੈਂ ਅੱਖਰ ਉਲੀਕਣੇ ਨੇ…’’ ਆਵਾਜ਼ ਏਨੀ ਉੱਚੀ ਤੇ ਸਾਫ਼ ਸੁਣਾਈ ਦਿੱਤੀ ਕਿ ਮੈਂ ਤ੍ਰਭਕ ਕੇ ਉੱਠ ਬੈਠੀ। ਇਹ ਆਵਾਜ਼ ਕਿੱਥੋਂ ਆਈ ਸੀ…? …ਕੁਝ ਸਮਝ ਨਾ ਆਈ ਕਿ ਇਸ ਦਾ ਕੀ ਮਤਲਬ ਸੀ। ਸੋਚਦੀ ਰਹੀ ਕਿ ਉਲੀਕਿਆ ਤਾਂ ਕੋਈ ਪ੍ਰੋਗਰਾਮ ਜਾਂਦਾ ਏ… ਅੱਖਰਾਂ ਨੂੰ ਵੀ ਭਲਾ ਕੋਈ ਉਲੀਕਦਾ ਏ…? ਅੱਖਰਾਂ ਨੂੰ ਤਾਂ ਲੋਕ ਲਿਖਦੇ ਨੇ। ਸੋਚ ਕੇ ਹੱਸ ਜਿਹੀ ਪਈ। ਆਫ਼ਿਸ ਜਾਣ ਲਈ ਤਿਆਰ ਹੋ ਕੇ ਕਾਰ ਸਟਾਰਟ ਕੀਤੀ ਤਾਂ ਇੰਝ ਜਾਪਿਆ ਜਿਵੇਂ ਕਾਰ ਵਿੱਚੋਂ ਵੀ ‘ਅਜੇ ਤਾਂ ਮੈਂ ਅੱਖਰ ਉਲੀਕਣੇ ਨੇ’ ਦੀ ਆਵਾਜ਼ ਆਉਦੀ ਹੋਵੇ। ਆਪਣੀ ਲੈਬ ਵਿਚ ਕੰਮ ਕਰਦਿਆਂ ਵੀ ਉਹ ਆਵਾਜ਼ ਸਾਰਾ ਦਿਨ ਮੇਰੇ ਕੰਨਾਂ ਵਿਚ ਗੂੰਜਦੀ ਰਹੀ ਤੇ ਸ਼ਾਮ ਨੂੰ ਮੇਰੇ ਨਾਲ ਹੀ ਘਰ ਨੂੰ ਪਰਤ ਆਈ। ਉਸ ਦਿਨ ਤੋਂ ਬਾਦ ਤਕਰੀਬਨ ਰੋਜ਼ ਹੀ ਤੜਕੇ ਦੇ ਪਹਿਰ ਸੁੱਤ-ਉਨੀਂਦੇ ਜਿਹੇ ਵਿਚ ਕਿੰਨੀਆਂ ਹੀ ਘਟਨਾਵਾਂ ਪਲਾਂ-ਛਿਣਾਂ ਵਿਚ ਘਟ ਜਾਂਦੀਆਂ…। ਹੁਣ ਤਕ ਤਾਂ ਸਿਰਫ਼ ਸਾਇੰਟੀਫਿਕ ਪਰਚੇ ਹੀ ਲਿਖੇ ਸਨ ਪਰ ਕਹਾਣੀ ਜਾਂ ਨਾਵਲ ਲਿਖਣ ਬਾਰੇ ਤਾਂ ਮਨ ਵਿਚ ਕਦੇ ਸੋਚ ਹੀ ਨਹੀਂ ਸੀ ਆਈ। ਪਰ ਇਸ ਅਜੀਬ ਘਟਨਾ ਤੋਂ ਬਾਅਦ ਜੋ ਵੀ ਜਾਗਦਿਆਂ ਜਾਂ ਸੁਪਨਿਆਂ ਵਿਚ ਮਨ ਵਿਚ ਆਉਦਾ ਪੇਪਰ ’ਤੇ ਉਤਾਰ ਲੈਂਦੀ ਜੋ ਇਕ-ਇਕ ਕਰ ਕੇ ਕਹਾਣੀਆਂ ਤੇ ਕਵਿਤਾਵਾਂ ਵਿਚ ਤਬਦੀਲ ਹੋਣ ਲੱਗਾ।

ਅਮਰਜੀਤ ਕੌਰ ਪੰਨੂੰ ਦੀਆਂ ਹੁਣ ਤਕ ਜਿਹੜੀਆਂ ਪੁਸਤਕਾਂ ਪਾਠਕਾਂ ਦੇ ਹੱਥਾਂ ਵਿਚ ਪੱੁਜੀਆਂ, ਉਹ ਇਹ ਹਨ :- ‘ਅਧੂਰੀਆਂ ਕਹਾਣੀਆਂ ਦੇ ਪਾਤਰ’ (ਕਹਾਣੀ ਸੰਗ੍ਰਹਿ), ‘ਧਰਤ ਪਰਾਈ ਆਪਣੇ ਲੋਕ’ (ਸਾਂਝਾ ਸੰਪਾਦਿਤ ਕਹਾਣੀ ਸੰਗ੍ਰਹਿ), ‘ਸੱੁਚਾ ਗੁਲਾਬ’ (ਕਹਾਣੀ ਸੰਗ੍ਰਹਿ) ਤੇ ‘ਸਪਿਟਰਡ ਵਾਟਰਜ਼ : ਟਰਾਈਸਟ ਵਿਦ ਡੈਸਵਿਨੀ’ (ਅੰਗਰੇਜ਼ੀ ਨਾਵਲ)। ਪੰਨੂੰ ਦਾ ਇਕ ਹੋਰ ਅੰਗਰੇਜ਼ੀ ਨਾਵਲ ‘ਆਈ ਟੈਲ ਦਿਸ ਟੇਲ ਟੂ ਦਾ ਰਿਵਰ’ ਵੀ ਛਪਾਈ ਅਧੀਨ ਹੈ।

ਇਨ੍ਹਾਂ ਪੁਸਤਕਾਂ ਦੇ ਵਿਸ਼ਾ ਵਸਤੂ ਦੀ ਨਚੋੜਨੁਮਾ ਗੱਲ ਵੀ ਕਰੀਏ ਤਾਂ ਕਹਿ ਸਕਦੇ ਹਾਂ ਕਿ ਪੰਨੂੰ ਦੀ ਪਹਿਲੀ ਕਹਾਣੀਆਂ ਦੀ ਪੁਸਤਕ ਵਿਚਲੀਆਂ ਨਂੌ ਦੀਆਂ ਨੌਂ ਕਹਾਣੀਆਂ ਉਸ ਦੀ ਉਪਰੋਕਤ ਵਰਣਿਤ ਅੱਖਰ ਉਲੀਕਣ ਦੀ ਵਿੱਥਿਆ ਵਿਚ ਬਿਆਨੇ ਬਿਰਤਾਂਤ ਦੇ ਸੁਭਾਅ ਵਾਲੀਆਂ ਹਨ। ਇਨ੍ਹਾਂ ’ਚੋਂ ਕੁਝ ‘ਸੱੁਚਾ ਗੁਲਾਬ’ ਵਿਚ ਵੀ ਹਨ। ‘ਸੁੱਚਾ ਗੁਲਾਬ’ ਕਹਾਣੀ ਸੰਗ੍ਰਹਿ (ਪੰਨੇ 128) ਤਾਂ ਏਸੇ ਸਾਲ ਹੀ ਪਾਠਕਾਂ ਨੇ ਪੜ੍ਹਿਆ ਹੈ। ਇਸ ਵਿਚਲੀਆਂ 11 ਕਹਾਣੀਆਂ ਬਾਰੇ ਡਾ. ਰਜਿੰਦਰ ਸਿੰਘ ਦੀ ਇਹ ਟਿੱਪਣੀ ਬੜੀ ਵਿਚਾਰਨ ਵਾਲੀ ਹੈ ਕਿ ਪੰਨੂੰ ਦੀਆਂ ਕਹਾਣੀਆਂ ਤੇ ਪਾਤਰ ਜ਼ਿੰਦਗੀ ਤੋਂ ਵਿਚਲਿਤ ਹੋ ਕੇ ਕਈ ਕਿਸਮ ਦੇ ਸਦਮੇ ਸਹਾਰਦਿਆਂ ਹਾਰ ਨਹੀਂ ਮੰਨਦੇ, ਸਗੋਂ ਇਕ ਸੰਘਰਸ਼ਸ਼ੀਲ ਮਨੁੱਖ ਵਾਂਗ ਜ਼ਿੰਦਗੀ ਦੀ ਲੜਾਈ ਲੜਦੇ ਹਨ। ਇਹ ਪਾਤਰ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨਾਲ ਦਸਤਪੰਜਾ ਲੈਂਦੇ ਹਨ ਅਤੇ ਆਪਣੀਆਂ ਸਮੱਸਿਆਵਾਂ ਦਾ ਸਮਾਧਾਨ ਲੱਭਦੇ ਹਨ। …ਇਨ੍ਹਾਂ ਕਹਾਣੀਆਂ ਵਿਚ ਨਾਰੀ ਪਾਤਰਾਂ ਨੂੰ ਮਰਦ ਪਾਤਰਾਂ ਦੇ ਮੁਕਾਬਲੇ ਵਿਚ ਜ਼ਿਆਦਾ ਸਾਕਾਰ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਨਿਰਸੰਦੇਹ ਸਹਿਜ ਤੇ ਸੁਹਜ ਦਾ ਪੱਲਾ ਨਾ ਛੱਡਣ ਵਾਲੀ ਅਮਰਜੀਤ ਕੌਰ ਪੰਨੂੰ ਦੀ ਕਹਾਣੀ ਕਲਾ ਸਾਰੀ ਦੀ ਸਾਰੀ ਆਸ਼ਾਵਾਦੀ ਨਜ਼ਰੀਏ ਵਾਲੀ ਹੈ। ਉਸ ਨੇ ਵਿਗਿਆਨਕ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਹੈ ਤੇ ਬਹੁਤੀਆਂ ਕਹਾਣੀਆਂ ਵਿਚ ਪਿੱਛਲਝਾਤ ਦੀ ਜੁਗਤ ਵੀ ਵਰਤੀ ਹੈ। ਉਸ ਦੀ ਕਾਵਿਕ ਤੇ ਪ੍ਰਤੀਕਾਤਮਕ ਗਲਪ ਸ਼ੈਲੀ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ। ਮਸਲਨ ‘ਸੱੁਚਾ ਗੁਲਾਬ’ ਵਿਚਲੀ ਕਹਾਣੀ ‘ਲੰਗੜੇ ਕਤੂਰੇ’ ਵਿਚਲੇ ਫਾਦਰ ਵਿਲੀਅਮ, ਡੈਨੀ, ਪੀਟਰ ਤੇ ਪ੍ਰੀਤੀ ਦਾ ਕਥਾਨਕ ਜਦੋਂ ਇਕ ਵਾਰ ਕਿਸੇ ਪਾਠਕ ਨੇ ਪੜ੍ਹ ਲਿਆ ਤਾਂ ਉਹ ਅਮਰਜੀਤ ਕੌਰ ਪੰਨੂੰ ਦੀ ਕਹਾਣੀਆਂ ਦੀ ਪੂਰੀ ਕਿਤਾਬ ਪੜ੍ਹੇ ਬਿਨਾਂ ਨਹੀਂ ਰਹਿ ਸਕਦਾ। ‘ਸੱੁਚਾ ਗੁਲਾਬ’, ‘ਮੜ੍ਹੀਆਂ ਦੀ ਮਿੱਟੀ’, ‘ਕੀੜੀ ਦਾ ਆਟਾ’, ‘ਨਵਾਂ ਸੂਰਜ’ ਭਾਵ ਕੋਈ ਵੀ ਕਹਾਣੀ ਪੜ੍ਹ ਲਓ ਸਾਹਿਤਕ ਸਹਿਜ ਤੇ ਸੁਹਜ ਦੇ ਅਜਬ ਨਜ਼ਾਰੇ ਪਾਠਕ ਨੂੰ ਪ੍ਰਾਪਤ ਹੋ ਜਾਂਦੇ ਹਨ। ਪੰਜਾਬੀ ਦੀ ਉੱਚ ਪਾਏ ਦੀ ਕਹਾਣੀਕਾਰ ਡਾ. ਸਰਘੀ ਨੇ ਅਮਰਜੀਤ ਕੌਰ ਪੰਨੂੰ ਨੂੰ ਸੂਖ਼ਮ ਤੋਂ ਸੂਖ਼ਮ ਅਹਿਸਾਸਾਂ ਦਾ ਗਲਪੀਕਰਣ ਕਰਨ ਵਾਲੀ ਆਖਿਆ ਹੈ। ਪੰਨੂੰ ਦੇ 400 ਪੰਨਿਆਂ ਦੇ ਅੰਗਰੇਜ਼ੀ ਨਾਵਲ ‘ਸਪਿਟਰਡ ਵਾਟਰਜ਼ : ਟਾਈਸਟ ਵਿਦ ਡੈਸਟਿਨੀ’ ਬਾਰੇ ਉਸ ਦਾ ਆਖਣਾ ਹੈ ਕਿ :-

ਇਹ 400 ਸਫ਼ਿਆਂ ਦੇ ਹਿਸਟੌਰੀਕਲ ਨਾਵਲ ਵਿਚ ਉਸ ਸਮੇਂ ਦਾ (ਆਜ਼ਾਦੀ ਸੰਗਰਾਮ ਵੇਲੇ ਦਾ) ਸੱਭਿਆਚਾਰ, ਭਰਾਵਾਂ ਵਰਗੀ ਦੋਸਤੀ, ਰੂਹ ਨੂੰ ਛੂਹ ਜਾਣ ਵਾਲੀ ਪ੍ਰੇਮ ਕਹਾਣੀ, ਪਿਆਰ-ਸ਼ਕਤੀ ਅਤੇ ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਖੇਡਾਂ ਵੀ ਹਨ। …ਇਸ ਨਾਵਲ ਵਿਚ ਪੰਜਾਬੀਆਂ ਦੀਆਂ ਆਜ਼ਾਦੀ ਦੀ ਲੜਾਈ ਲਈ ਕੀਤੀਆਂ ਕੁਰਬਾਨੀਆਂ, ਫਿਰ ਦੂਜੀ ਵਿਸ਼ਵ ਜੰਗ ਵਿਚ ਕੁਰਬਾਨੀਆਂ ਤੇ ਉਸ ਤੋਂ ਬਾਅਦ ਪੰਜਾਬ ਦੀ ਵੰਡ ਵਿਚ ਭੋਗੇ ਸੰਤਾਪ ਦਾ ਸੰਜੀਦਾ ਚਿਤਰਣ ਹੈ। ਮਨੁੱਖਤਾ ਦੇ ਦਰਦ ਵਿਹੂਣੇ ਉਸ ਸਮੇਂ ਦੇ ਲੀਡਰਾਂ ਦੀਆਂ ਆਪਸੀ ਲੜਾਈਆਂ ਦਾ ਜ਼ਿਕਰ ਵੀ ਹੈ।

ਅਮਰਜੀਤ ਕੌਰ ਪੰਨੂੰ ਨਾਲ ਹੋਏ ਅਦਬੀ ਵਿਚਾਰਾਂ ਦੇ ਆਦਾਨ-ਪ੍ਰਦਾਨ ’ਚੋਂ ਉਸ ਵੱਲੋਂ ਕੁਝ ਅੰਸ਼ ਇਥੇ ਸਾਂਝੇ ਕੀਤੇ ਜਾਂਦੇ ਹਨ।-
– ਮੇਰੀ ਪਹਿਲੀ ਕਹਾਣੀ ‘ਮਿੱਟੀ ਦੀ ਬਗ਼ਾਵਤ’ 1998 ਵਿਚ ਨਾਗਮਣੀ ਵਿਚ ਛਪੀ ਅਤੇ ਮੈਗਜ਼ੀਨ ਬੰਦ ਹੋਣ ਤੋਂ ਪਹਿਲਾਂ ਮੇਰੀਆਂ ਤਿੰਨ ਕਹਾਣੀਆਂ ਅੰਮਿ੍ਰਤਾ ਪ੍ਰੀਤਮ ਨੇ ‘ਨਾਗਮਣੀ’ ਵਿਚ ਛਾਪੀਆਂ।

ਮੈਂ ਅੰਗਰੇਜ਼ੀ ਅਤੇ ਪੰਜਾਬੀ ਦੋਵਾਂ ਭਾਸ਼ਾਵਾਂ ਵਿਚ ਇਕੋ ਤਰ੍ਹਾਂ ਹੀ ਸੋਚ, ਬੋਲ ਅਤੇ ਲਿਖ ਸਕਦੀ ਹਾਂ।

– ‘ਧਰਤ ਪਰਾਈ ਆਪਣੇ ਲੋਕ’ ਅਸੀਂ ਆਪਣੀ ਸਾਹਿਤ ਸਭਾ ‘ਵਿਸ਼ਵ ਪੰਜਾਬੀ ਸਾਹਿਤ ਅਕੈਡਮੀ’ ਵਲੋਂ ਸੰਪਾਦਿਤ ਕੀਤੀ ਹੈ। ਇਸ ਵਿਚ ਅਮਰੀਕਾ ਅਤੇ ਕੈਨੇਡਾ ਦੇ ਲੇਖਕਾਂ ਦੀਆਂ ਕਹਾਣੀਆਂ ਹਨ।

– ਮੈਂ ਸੋਚਦੀ ਹਾਂ ਕਿ ਅਮਰੀਕਾ ਦੇ ਸੱਭਿਆਚਾਰ ਵਿਚ ਤੁਹਾਡੀ ਮਿਹਨਤ ਜ਼ਰੂਰ ਸਫ਼ਲ ਹੁੰਦੀ ਹੈ ਜਦੋਂ ਕਿ ਪੰਜਾਬ ਵਿਚ ਬਹੁਤ ਵਾਰੀ ਤੁਹਾਡੀ ਕਾਬਲੀਅਤ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ।

– ਪੰਜਾਬੀ ਸਾਹਿਤ ਸੰਸਥਾਵਾਂ ਵਿਦੇਸ਼ਾਂ ਵਿਚ ਰਹਿ ਕੇ, ਆਪਣੀਆਂ ਨੌਕਰੀਆਂ ਤੇ ਕਰੜੀ ਮਿਹਨਤ ਕਰਦਿਆਂ ਹੋਇਆਂ ਵੀ ਪੰਜਾਬੀਅਤ ਅਤੇ ਪੰਜਾਬੀ ਸਾਹਿਤ ਨੂੰ ਪਸਾਰਨ ਲਈ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।

– ਮੇਰਾ ਖ਼ਿਆਲ ਹੈ ਕਿ ਚੰਗੀ ਲਿਖਤ ਨੂੰ ਪੜ੍ਹਨ ਵਾਲਿਆਂ ਦੀ ਕਮੀ ਨਹੀਂ ਹੈ। ਦੂਜੇ ਪਾਸੇ ਦਰਮਿਆਨੇ ਪੱਧਰ ਦਾ ਲਿਖਣ ਵਾਲੇ ਲੇਖਕਾਂ ਦੀ ਵੀ ਕੋਈ ਕਮੀ ਨਹੀਂ ਹੈ। ਪਰ ਮਾੜੀ ਲਿਖਤ ਜਲਦੀ ਹੀ ਲੋਪ ਹੋ ਜਾਂਦੀ ਹੈ ਤੇ ਚੰਗੀ ਲਿਖਤ ਪੁਸ਼ਤਾਂ ਤੀਕ ਕਾਇਮ ਰਹਿੰਦੀ ਹੈ।

– ਨਵੀਂ ਪੀੜ੍ਹੀ ਦੇ ਪੰਜਾਬੀ ਲੇਖਕਾਂ ਦੀ ਸੱਚਮੱੁਚ ਹੀ ਕਮੀ ਮਹਿਸੂਸ ਹੁੰਦੀ ਹੈ। ਸਾਨੂੰ ਉਨ੍ਹਾਂ ਨੂੰ ਸਭਾਵਾਂ ਵਿਚ ਆਉਣ ਅਤੇ ਜੋ ਵੀ ਉਨ੍ਹਾਂ ਦੇ ਮਨ ਵਿਚ ਆਇਆ ਹੋਵੇ, ਸੁਣਾਉਣ ਲਈ ਉਤਸ਼ਾਹਤ ਕਰਨ ਦੀ ਲੋੜ ਹੈ।

– ਨੌਜਵਾਨ ਲੇਖਕਾਂ ਨੂੰ ਇਹੀ ਕਹਾਂਗੀ ਕਿ ਜਿੰਨੀਆਂ ਮਰਜ਼ੀ ਹੋਰ ਭਾਸ਼ਾਵਾਂ ਸਿੱਖ ਲਓ ਤੇ ਲਿਖੋ ਪਰ ਮਾਂ ਬੋਲੀ ਪੰਜਾਬੀ ਨੂੰ ਕਦੇ ਨਾ ਭੁੱਲਣਾ।

– ਮੈਨੂੰ ਕੁਦਰਤ ਵਿਚ ਵਿਚਰਨਾ, ਰੋਜ਼ਾਨਾ ਆਪਣੇ ਘਰ ਦੇ ਨੇੜੇ ਪਹਾੜੀਆਂ ਦੀ ਸੈਰ ਕਰਨੀ ਜਾਂ ਸਮੁੰਦਰ ਦੇ ਕੰਢੇ ਬੈਠ ਕੇ ਛੱਲਾਂ ਨੂੰ ਨਿਹਾਰਨਾ ਚੰਗਾ ਲਗਦਾ ਹੈ। ਜ਼ਿੰਦਗੀ ਵਿਚ ਕੁਝ ਪਲ ਐਸੇ ਆਉਦੇ ਹਨ ਜਦੋਂ ਤੁਸੀਂ ਕੁਦਰਤ ਨਾਲ ਇਕਮਿਕ ਹੋ ਜਾਂਦੇ ਹੋ।

ਨਿਰਸੰਦੇਹ ਅਮਰਜੀਤ ਕੌਰ ਪੰਨੂੰ ਦੀਆਂ ਸਾਹਿਤਕ ਗੱਲਾਂ ਵੀ ਸੰਵੇਦਨਾ ਦੀ ਸਹਿਜਤਾ ਵਾਲੀਆਂ ਹਨ ਤੇ ਸੰਵਾਦੀ ਸੁਹਜ ਨੂੰ ਆਪਣੇ ਅੰਗ-ਸੰਗ ਰੱਖਦੀਆਂ ਹਨ। ਉਸ ਦੀ ਹੁਣ ਤਕ ਦੀ ਪੰਜਾਬੀ ਰਚਨਾਕਾਰੀ ਪੰਜਾਬੀ ਗਲਪੀ ਦੁਨੀਆ ਲਈ ਫ਼ਖਰ ਵਾਲੀ ਹੈ। ਅੰਗਰੇਜ਼ੀ ਸਾਹਿਤ ਵਿਚ ਵੀ ਉਸ ਦਾ ਮਹੱਤਵਪੂਰਨ ਮੁਕਾਮ ਹੈ।

(20 ਮਾਰਚ 2022)
***
694
ਹਰਮੀਤ ਸਿੰਘ ਅਟਵਾਲ