27 November 2022

ਸੁਤੰਤਰਤਾ ਸੰਗਰਾਮ ਦੇ ਸ਼ਹੀਦਾਂ ਦੇ ਨਾਮ: “ਬੋਲ ਐ ਲਹੂ ਕੀ ਧਾਰ—” ਭਾਬੀ ਦੁਰਗਾ, ਭਗਤ ਸਿੰਘ ਤੇ ਸੁਖਦੇਵ —ਗੁਰਦਿਆਲ ਸਿੰਘ ਰਾਏ

 

*ਸੁਤੰਤਰਤਾ ਸੰਗਰਾਮ ਦੇ ਸ਼ਹੀਦਾਂ ਦੇ ਨਾਮ*
“ਬੋਲ ਐ ਲਹੂ ਕੀ ਧਾਰ”

-ਗੁਰਦਿਆਲ ਸਿੰਘ ਰਾਏ-

 

 

 

‘ਭਾਬੀ ਰੁਪੈ ਹਨ?’ ਸੁਖਦੇਵ ਨੇ ਪੁੱਛਿਆ।
‘ਕਿਉਂ? — ਹੋ ਜਾਣਗੇ — ਕਿੰਨੇ ਕੁ?’ ਦੁਰਗਾ ਭਾਬੀ ਨੇ ਸੰਕੋਚ ਨਾਲ ਪੁੱਛ ਦੇ ਜਵਾਬ ਵਿੱਚ ਹੀ ਪੁੱਛਿਆ।
‘ਇਸ ਵੇਲੇ ਕਿੰਨੇ ਕੁ ਨੇ?’
‘ਕੀ ਕਰੋਗੇ? ਕਿੰਨੇ ਕੁ ਚਾਹੀਦੇ ਹਨ?’
‘ਪੰਜ ਸੌ।’
ਅਤੇ ਭਾਬੀ ਨੇ ਪੰਜ ਸੌ ਰੁਪੈ ਲਿਆਕੇ ਦੇ ਦਿੱਤੇ।
***
ਠੱਕ!ਠੱਕ!!ਠੱਕ।!!
ਬੂਹਾ ਖੂਲ੍ਹ ਗਿਆ।
ਸੁਖਦੇਵ ਅੰਦਰ ਆਇਆ।
ਦੁਰਗਾ ਭਾਬੀ ਉਸਦੇ ਚਿਹਰੇ ਤੋਂ ਝੱਟ ਹੀ ਸਮਝ ਗਈ ਕਿ ਕੋਈ ਖ਼ਾਸ ਗੱਲ ਹੈ।
ਦੂਜੇ ਕਮਰੇ ਵਿੱਚ ਜਾ ਕੇ ਪੁੱਛਿਆ: ‘ਕਿਉਂ?’
‘ਕਿਤੇ ਬਾਹਰ ਜਾ ਸਕਦੀ ਹੈਂ?’
‘ਕਿੱਥੇ—? ਕੀ ਕੰਮ ਹੈ?’
‘
ਇਸ਼ ਘਟਨਾ ਦੇ ਇੱਕ ਬੰਦੇ ਨੂੰ ਬਚਾ ਕੇ ਲਾਹੌਰ ਤੋਂ ਬਾਹਰ ਕੱਢਣਾ ਹੈ। ਉਸਦੀ ਮੇਮ ਬਣਕੇ ਨਾਲ ਜਾਣਾ ਪਵੇਗਾ। ਖ਼ਤਰਾ ਹੈ। ਗੋਲੀ ਚਲ ਸਕਦੀ ਹੈ।’ ਸੁਖਦੇਵ ਭਾਬੀ ਨੂੰ ਘੂਰਦਾ ਹੋਇਆ ਇੱਕੋ ਸਾਹ ਹੀ ਕਹਿ ਗਿਆ।
‘ਕੌਣ ਆਦਮੀ ਹੈ?’ ਭਾਬੀ ਜਾਨਣਾ ਚਾਹੁੰਦੀ ਸੀ।
‘ਕੋਈ ਵੀ ਹੋਵੇ।’ ਸੁਖਦੇਵ ਨੇ ਸੁਭਾ ਮੁਤਾਬਕ ਭੇਤ ਰੱਖਦਿਆਂ ਕਿਹਾ।
ਇਸ ਤੋਂ ਪਹਿਲਾਂ ਕਿ ਭਾਬੀ ਕੋਈ ਉਤੱਰ ਦਿੰਦੀ ਸੁਖਦੇਵ ਅਗ੍ਹਾਂ ਬੋਲਿਆ: ‘ਉਹ ਰਾਤ ਇੱਥੇ ਹੀ ਰਹੇਗਾ।’
‘ਠੀਕ ਹੈ?’
***
ਤੜਕੇ ਹੀ ਸਭ ਤਿਆਰ ਹੋ ਪਏ। ਭਾਬੀ ਨੇ ਲੋੜ ਅਨੁਸਾਰ ਮੂੰਹ ਤੇ ਪਾਊਡਰ ਮੱਲਿਆ ਅਤੇ ਉਚੱੀ ਅੱਡੀ ਦੀ ਜੁੱਤੀ ਪਾ ਕੇ, ਭਗਤ ਸਿੰਘ ਦੀ ਬਾਂਹ ਵਿੱਚ ਬਾਂਹ ਪਾ ਕੇ ਲਾਹੌਰ ਸਟੇਸ਼ਨ ਤੇ ਪਹੁੰਚੀ। ਨਾਲ ਹੀ ਭਾਬੀ ਭਾਵ ਦੁਰਗਾ ਭਾਬੀ ਅਤੇ ਉਸਦੇ ਪਤੀ ਭਗਵਤੀ ਚਰਨ ਦਾ ਨਿੱਕਾ ਬੱਚਾ ਸ਼ਚੀ (ਇਹ ਨਿੱਕਾ ਬੱਚਾ ਸ਼ਚੀ ਚੰਦਰ ਵੋਹਰਾ 1962 ਤੱਕ ਲਖਨਊ ਵਿੱਚ ਐਂਜੀਨੀਅਰ ਸੀ) ਸੀ। ਨਾਲ ਹੀ ਰਾਜਗੁਰੂ ਨੌਕਰ ਦੇ ਭੇਸ ਵਿੱਚ ਸੀ। ਸਭ ਦੇ ਪਾਸ ਭਰੇ ਹੋਏ ਪਸਤੌਲ ਸਨ।


ਚੰਗੇ ਭਾਗੀਂ ਕੋਈ ਅਨਹੋਣੀ ਨਾ ਵਾਪਰੀ ਅਤੇ ਸਾਰੇ ਜਣੇ ਲਖਨਊ ਪੁੱਜ ਗਏ। ਲਖਨਊ ਪੁੱਜਣ ਤੇ ਰਾਜਗੁਰੂ ਖਿਸਕ ਗਏ। ਦੁਰਗਾ ਭਾਬੀ ਦੇ ਪਤੀ ਭਗਵਤੀ ਚਰਨ, ਇਹਨੀਂ ਦਿਨੀਂ ਭਗੌੜੇ ਸਨ ਅਤੇ ਕਲਕੱਤੇ ਵਿੱਚ ਸੁਸ਼ੀਲਾ ਦੀਦੀ ਪਾਸ ਠਹਿਰੇ ਹੋਏ ਸਨ। ਭਗਵਤੀ ਚਰਨ ਨੂੰ ਇੱਕ ਤਾਰ ਮਿਲੀ। ਲਿਖਿਆ ਸੀ: ‘ਵੀਰ ਨਾਲ ਆ ਰਹੀ ਹਾਂ।’ –ਦਸਖ਼ਤ ਸਨ: ਦੁਰਗਾਵਤੀ।

ਭਗਵਤੀ ਚਰਨ ਅਤੇ ਸੁਸ਼ੀਲਾ ਦੀਦੀ ਕੁਝ ਨਾ ਸਮਝ ਸਕੇ ਪਰ ਫਿਰ ਵੀ ਕਲਕਤਾ ਦੇ ਸਟੇਸ਼ਨ ਉਤੇ ਪੁੱਜੇ। ਜਦੋਂ ਉਹਨਾਂ ਨੇ ਭਗਤ ਸਿੰਘ ਨੂੰ ਵੇਖਿਆ ਸਭ ਕੁਝ ਸਮਝ ਗਏ। ਭਗਵਤੀ ਚਰਨ ਨੇ ਆਪਣੀ ਪਤਨੀ ਦੁਰਗਾ ਦੇ ਮੋਢੇ ਉਤੇ ਹੱਥ ਰੱਖਦਿਆਂ ਗੱਦ ਗੱਦ ਹੋ ਕੇ ਕਿਹਾ: ‘ਦੁਰਗਾ! ਮੈਂ ਤੈਂਨੂੰ ਅੱਜ ਸਮਝਿਆ।’
***

ਮਗਰੋਂ ਮੁਕਦਮਾ ਚੱਲਣ ਤੇ ਮੁਖਬਰ ਜੈ ਗੁਪਾਲ ਦੇ ਬਿਆਨ ਨਾਲ ਇਹ ਭਰਮ ਪਿਆ ਹੋਇਆ ਹੈ ਕਿ ‘ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ’ ਨੇ ਸਕਾਟ ਨੂੰ ਗੋਲੀ ਮਾਰਨ ਦਾ ਫੈਸਲਾ ਕੀਤਾ ਸੀ ਅਤੇ ਭੁੱਲ ਨਾਲ ਹੀ ਸਾਂਡਰਸ ਨੂੰ ਗੋਲੀ ਮਾਰ ਦਿੱਤੀ ਗਈ। ਦਰਅਸਲ ਗੱਲ ਇਹ ਨਹੀਂ ਸੀ। ‘ਸਿੰਹਾਵਲੋਕਨ’ ਕਿਰਤ ਯਸ਼ਪਾਲ (ਜਿਹੜਾ ਕਿ ਬਾਅਦ ਵਿਚ ਵਾਅਦਾ ਮੁਆਫ਼ ਗਵਾਹ ਬਣ ਗਿਆ ਸੀ) ਦੇ ਹਵਾਲੇ ਨਾਲ ਇਹ ਗੱਲ ਦਸਣੀ ਬਣਦੀ ਹੈ ਕਿ ਲਾਲਾ ਲਾਜਪਤ ਰਾਏ ਜੀ ਤੇ ਲਾਠੀ ਚਲਾਉਣ ਦਾ ਹੁਕਮ ਸਕਾਟ ਨੇ ਦਿੱਤਾ ਸੀ ਅਤੇ ਲਾਠੀ ਵੀ ਸਕਾਟ ਨੇ ਹੀ ਚਲਾਈ ਸੀ। ‘ਐਸੋਸੀਏਸ਼ਨ’ ਨੂੰ ਵਿਅਕਤੀਗਤ ਕਿਸੇ ਨਾਲ ਦੁਸ਼ਮਣੀ ਨਹੀਂ ਸੀ। ਦੋਨੋਂ ਹੀ ਗੋਲੀ ਖਾਣ ਦੇ ਅਧਿਕਾਰੀ ਸਨ। ਇਹੋ ਜਿਹੇ ਭੁਲੇਖੇ ਦਾ ਕੋਈ ਅਰਥ ਨਹੀਂ ਸੀ। ਸਕਾਟ ਆਪਣੀ ਨੀਲੀ ਮੋਟਰ ਵਿੱਚ ਕੰਮ ਉੱਤੇ ਆਇਆ ਕਰਦਾ ਸੀ ਅਤੇ ਸਾਂਡਰਸ ਆਪਣੀ ਲਾਲ ਮੋਟਰ ਸਾਈਕਲ ਉਤੇ। ਸਕਾਟ ਨਿਯਮ ਪੂਰਵਕ ਦਫ਼ਤਰ ਵਿੱਚ ਨਹੀਂ ਆਇਆ ਕਰਦਾ ਸੀ। ਉਸਨੂੰ ਉਸਦੇ ਬੰਗਲੇ ਤੇ ਹੀ ਮਾਰਨ ਦੀ ਤਜਵੀਜ਼ ਸੀ ਅਤੇ ਸਾਂਡਰਸ ਨੂੰ ਡੀ.ਈ.ਵੀ. ਕਾਲਜ ਦੇ ਸਾਹਮਣੇ ਪੁਲਸ ਦਫ਼ਤਰ ਵਿੱਚ ਗੋਲੀ ਮਾਰਨ ਦਾ ਫੈਸਲਾ ਕੀਤਾ ਗਿਆ ਸੀ। ਬਾਕੀ ਇੱਕ ਗੱਲ ਹੋਰ ਵੀ ਸਪਸ਼ਟ ਕਰ ਦੇਣੀ ਬਣਦੀ ਹੈ ਕਿ ‘ਵਾਰਦਾਤ’ ਹੋਣ ਦੇ ਉਹਨਾਂ ਦੋ ਤਿੰਨਾਂ ਦਿਨਾਂ ਵਿੱਚ ਸਕਾਟ ਲਾਹੌਰ ਸੀ ਹੀ ਨਹੀਂ। ਇਸ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਕਿ ਭੁੱਲ ਨਾਲ ਸਾਂਡਰਸ ਨੂੰ ਗੋਲੀ ਲੱਗਣ ਦੀ ਗੁੰਜਾਇਸ਼ ਹੀ ਨਹੀਂ ਸੀ।

ਇਹ ਫੈਸਲਾ ਕੀਤਾ ਜਾ ਚੁੱਕਿਆ ਸੀ ਕਿ ਭਗਤ ਸਿੰਘ ਅਤੇ ਰਾਜਗੁਰੂ ਇਕੱਠੇ ਰਹਿਣਗੇ। ਭਗਤ ਸਿੰਘ ਅਤੇ ਰਾਜਗੁਰੂ ਸਾਂਡਰਸ ਉਤੇ ਉਸ ਵੇਲੇ ਗੋਲੀ ਚਲਾਉਣਗੇ ਜਦ ਜੈ ਗੁਪਾਲ ਇਸ਼ਾਰਾ ਕਰੇਗਾ। ਜੈ ਗੁਪਾਲ, ਸਾਈਕਲ ਠੀਕ ਕਰਨ ਦੇ ਬਹਾਨੇ, ਗੇਟ ਦੇ ਲਾਗੇ ਖੜਾ ਸੀ। ਸਾਈਕਲ ਇਸ ਕਰਕੇ ਸੀ ਕਿ ਜੇਕਰ ਕਿਸੇ ਕਾਰਨ ਸਾਂਡਰਸ, ਭਗਤ ਸਿੰਘ ਅਤੇ ਰਾਜਗੁਰੂ ਦੇ ਹਮਲੇ ਤੋਂ ਬਚ ਜਾਏ ਤਾਂ ਭਗਤ ਸਿੰਘ ਸਾਈਕਲ ਉਤੇ ਉਸਦਾ ਪਿੱਛਾ ਕਰੇਗਾ। ‘ਆਜ਼ਾਦ’ ਵੀ ਪਸਤੌਲ ਲੈ ਕੇ ਖੜੇ ਸਨ ਕਿ ਜੇ ਭਗਤ ਸਿੰਘ ਅਤੇ ਰਾਜਗੁਰੂ ਦਾ ਪਿੱਛਾ ਕੀਤਾ ਗਿਆ ਤਾਂ ਉਹ ਮੁਕਾਬਲਾ ਕਰਕੇ ਪੁਲਸ ਨੂੰ ਰੋਕਣਗੇ।

ਜੈ ਗੁਪਾਲ ਨੇ ਨਿਸਚਤ ਸਮੇਂ ਉਤੇ ਇਸ਼ਾਰਾ ਕੀਤਾ। ਭਗਤ ਸਿੰਘ ਤੇ ਰਾਜਗੁਰੂ ਨੇ ਗੋਲੀਆਂ ਚਲਾਈਆਂ। ਸਾਂਡਰਸ ਡਿੱਗ ਪਿਆ ਅਤੇ ਉਸਦੇ ਡਿੱਗਦੇ ਹੀ ਬਰਾਮਦੇ ਵਿੱਚ ਖੜਾ ਇੱਕ ਸਿਪਾਹੀ ਚੀਕ ਪਿਆ। ਭਗਤ ਸਿੰਘ ਤੇ ਰਾਜਗੁਰੂ ਆਪਣਾ ਕੰਮ ਨਿਪਟਾ ਕੇ ਕਾਲਜ ਦੇ ਹਾਤੇ ਵੱਲ ਵੱਧ ਤੁਰੇ। ਟਰੈਫਿਕ ਇੰਨਸਪੈਕਟਰ ਫਰਲ ਅਤੇ ਦੋ ਸਿਪਾਹੀਆਂ ਨੇ ਗੋਲੀ ਚਲਾਈ। ਵਾਪਸੀ ਗੋਲੀਆਂ ਕਾਰਨ ਸਿਪਾਹੀ ਡਰ ਗਏ।

ਭਗਤ ਸਿੰਘ ਅਤੇ ਰਾਜਗੁਰੂ ਅਗ੍ਹਾਂ ਨਿਕਲ ਤੁਰੇ। ਆਜ਼ਾਦ ਉਹਨਾਂ ਦੇ ਬਚਾ ਲਈ ਉਹਨਾਂ ਦੇ ਪਿੱਛੇ ਰਾਹ ਰੋਕ ਕੇ ਖੜੇ ਹੋ ਗਏ। ਕਾਨਸਟੇਬਲ ਚੰਦਨ ਸਿੰਘ ਅੱਗੇ ਵੱਧਿਆ। ਆਜ਼ਾਦ ਨੇ ਲਲਕਾਰਿਆ ਪਰ ਚੰਦਨ ਸਿੰਘ ਨਾ ਰੁਕਿਆ। ਆਜ਼ਾਦ ਦੀ ਗੋਲੀ ਨਾਲ ਚੰਦਨ ਸਿੰਘ ਸਦਾ ਦੀ ਨੀਂਦੇ ਸੌਂ ਗਿਆ। ਆਜ਼ਾਦ ਵੀ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਹੀ ਕਾਲਜ ਦੇ ਬੋਰਡਿੰਗ ਵਿੱਚ ਆ ਗਏ।

ਇਸ ਪਿੱਛੋਂ (ਹਿ.ਸੋ.ਰੀ.ਅੈ.) ਦਾ ਕੇਂਦਰ ਵੀ ਦਿੱਲੀ ਹੀ ਬਣਾ ਦਿੱਤਾ ਗਿਆ। ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਅਰਥ ਕੋਈ ਬੇਹੋਸ਼ੀ ਵਾਲਾ ਕਾਰਜ ਜਾਂ ਪਾਗਲਪਨ ਨਹੀਂ ਸੀ। ਇਹ ਯੋਜਨਾ ‘ਐਸੋਸੀਏਸ਼ਨ’ ਦੀ ਮੂੰਹ ਬੋਲਦੀ ਨੀਤੀ ਸੀ। ਕੇਂਦਰੀ ਸਮਿਤੀ ਨੇ ਇਹ ਫੈਸਲਾ ਕੀਤਾ ਸੀ ਕਿ ਜਦ ‘ਪਬਲਿਕ ਸੇਫਟੀ ਬਿੱਲ’ ਅਤੇ ‘ਟਰੇਡਜ਼ ਡਿਸਪੀਊਟ ਬਿੱਲ’ ਨੂੰ ਬਹੁਮੱਤ ਰਾਹੀਂ ਨਾ ਮੰਨਣ ਦੇ ਬਾਵਜ਼ੂਦ ਵੀ ਵਾਇਸਰਾਏ ਦੀ ਆਗਿਆ ਨਾਲ ਕਾਨੂੰਨ ਬਣਾਏ ਜਾਣ ਦਾ ਐਲਾਨ ਕੀਤਾ ਜਾਵੇ ਤਾਂ ਅਸੈਂਬਲੀ ਵਿੱਚ ਬੰਬ ਸੁੱਟ ਕੇ ਸਰਕਾਰ ਪ੍ਰਤੀ ਵਿਰੋਧ ਪ੍ਰਗਟ ਕੀਤਾ ਜਾਵੇ।

ਭਗਤ ਸਿੰਘ ਅਤੇ ਵਿਜੈ ਕੁਮਾਰ ਸਿੰਨਹਾ ਦਾ ਵਿਚਾਰ ਸੀ ਕਿ ਬੰਬ ਸੁੱਟ ਦੇਣਾ ਅਤੇ ਪਰਚੇ ਵੰਡ ਦੇਣੇ ਹੀ ਕਾਫ਼ੀ ਨਹੀਂ ਸਗੋਂ ਗ੍ਰਿਫ਼ਤਾਰੀਆਂ ਵੀ ਦੇਣੀਆਂ ਚਾਹੀਦੀਆਂ ਹਨ। ਗ੍ਰਿਫ਼ਤਾਰੀਆਂ ਦੇਣ ਦਾ ਅਰਥ ਸੀ ਕਿ ਜਦੋਂ ਮੁਕੱਦਮੇ ਚਲਣ ਤਾਂ ਆਜ਼ਾਦੀ ਦੇ ਘੁਲਾਟੀਆਂ ਦੇ ਬਿਆਨ ਅਖ਼ਬਾਰਾਂ ਵਿੱਚ ਛੱਪਣ, ਆਮ ਲੋਕੀਂ ਪੜ੍ਹਨ ਅਤੇ ਲੋਕਾਂ ਵਿੱਚ ਆਜ਼ਾਦੀ ਦੀ ਤੜਪ ਲਈ ਜਜ਼ਬਾ ਪੈਦਾ ਹੋਵੇ। ਇਹੋ ਹੀ ਕਾਰਨ ਸੀ ਕਿ ਬੰਬ ਸੁੱਟੇ ਜਾਣ ਪਿੱਛੋਂ ਸਾਥੀਆਂ ਪਾਸ ਨੱਸ ਜਾਣ ਦਾ ਮੌਕਾ ਹੋਣ ਦੇ ਬਾਵਜ਼ੂਦ ਵੀ ਇਹ ਪਰਵਾਨੇ ਜਾਣ-ਬੁੱਝ੍ਹ ਕੇ ਗ੍ਰਿਫ਼ਤਾਰੀਆਂ ਦੇ ਗਏ ਅਤੇ ਫਾਂਸੀ ਲਟਕ ਗਏ।

ਸੁਖਦੇਵ, ਭਗਤ ਸਿੰਘ ਦਾ ਬੜਾ ਗੂੜ੍ਹਾ ਦੋਸਤ ਸੀ। ਉਹ ਭਗਤ ਸਿੰਘ ਨੂੰ ਇੱਕ ਪਾਸੇ ਲੈ ਜਾ ਕੇ ਪੁੱਛਣ ਲੱਗਾ: ‘ਅਸੈਂਬਲੀ ਵਿੱਚ ਬੰਬ ਸੁੱਟਣ ਤਾਂ ਤੈਂ ਇਕੱਲਿਆਂ ਜਾਣਾ ਸੀ, ਫਿਰ ਇਹ ਦੂਜੇ ਬੰਦੇ ਨੂੰ ਭੇਜਣ ਦਾ ਫ਼ੈਸਲਾ ਕਿਉਂ ਹੋਇਆ?’

ਭਗਤ ਸਿੰਘ ਬੋਲਿਆ: ‘ਇਹ ਤਾਂ ਕੇਂਦਰੀ ਸਮਿਤੀ ਦੀ ਆਗਿਆ ਹੈ।’

ਸੁਖਦੇਵ ਆਪਣੀ ਆਦਤ ਅਨੁਸਾਰ ਬਹੁਤ ਗੁੱਸੇ ਵਿੱਚ ਆ ਗਿਆ ਅਤੇ ਅੱਗ ਉਗਲਦਾ ਬੋਲਿਆ: ‘ਇਹ ਸਭ ਬਕਵਾਸ ਹੈ। ਤੂੰ ਆਪਣੇ ਪੈਰਾਂ ਉਤੇ ਆਪ ਕੁਹਾੜਾ ਮਾਰ ਰਿਹਾ ਹੈਂ। ਤੂੰ ਆਪਣੇ ਆਪ ਨੂੰ ਦੱਲ ਦਾ ਇਕ ਮਾਤਰ ਸਹਾਰਾ ਸਮਝਦਾ ਹੈਂ। ਤੂੰ ‘ਸੰਨਿਆਲ ਦਾਦਾ’ ਅਤੇ ‘ਜੈ ਚੰਦ’ ਬਣਦਾ ਜਾ ਰਿਹਾ ਹੈਂ। ਮੈਂਨੂੰ ਤਾਂ ਇੰਝ ਲੱਗਦਾ ਹੈ ਕਿ ਤੂੰ ਇੱਕ ਦਿਨ ਭਾਈ ਪਰਮਾਨੰਦ ਬਣ ਜਾਵੇਂਗਾ।’

ਇੱਥੇ ਇਹ ਚੇਤੇ ਕਰਾਉਣਾ ਉਚਿਤ ਰਹੇਗਾ ਕਿ 1914-15 ਵਿਚ ਲਾਹੌਰ ਕੇਸ ਦੇ ਮੁਕਦਮੇ ਵਿੱਚ ਭਾਈ ਪਰਮਾਨੰਦ ਬਾਰੇ ਹਾਈ ਕੋਰਟ ਦਾ ਫੈਸਲਾ ਸੀ: ‘ਭਾਈ ਪਰਮਾ ਨੰਦ ਇਸ ਕ੍ਰਾਂਤੀਕਾਰੀ ਅੰਦੋਲਨ ਦਾ ਦਿਮਾਗ ਅਤੇ ਸੂਤਰਧਾਰ ਹੈ ਪਰ ਵਿਅਕਤੀਗਤ ਰੂਪ ਵਿੱਚ ਕਿਸੇ ਵੀ ਸੰਕਟ ਸਮੇਂ ਇਹ ਦੂਜੇ ਬੰਦਿਆਂ ਨੂੰ ਅੱਗੇ ਕਰਕੇ ਆਪਣੇ ਪ੍ਰਾਣ ਬਚਾਉਣ ਦੀ ਕਰਦਾ ਹੈ।’

ਸੁਖਦੇਵ, ਇਸ ਹੀ ਪਰਮਾ ਨੰਦ ਵੱਲ ਇਸ਼ਰਾ ਕਰਦਿਆਂ ਭਗਤ ਸਿੰਘ ਨੂੰ ਤਾਹਨੇ ਦਿੰਦਿਆਂ ਗੁੱਸਾ ਦਿਲਵਾਉਣ ਦੀ ਕੋਸਿ਼ਸ਼ ਕਰ ਰਿਹਾ ਸੀ। ਉਸਨੇ ਵਾਰ ਜਾਰੀ ਰੱਖਦਿਆਂ ਕਿਹਾ: ‘ਭਗਤ ਸਿੰਘ! ਤੂੰ ਸਦਾ ਤਾਂ ਇੰਝ ਬੱਚ ਨਹੀਂ ਸਕਦਾ। ਇੱਕ ਦਿਨ ਤੈਂਨੂੰ ਵੀ ਅਦਾਲਤ ਸਾਹਮਣੇ ਪੇਸ਼ ਹੋਣਾ ਪਵੇਗਾ ਅਤੇ ਉਸ ਸਮੇਂ ਅਦਾਲਤ ਤੇਰੇ ਸੰਬੰਧ ਵਿੱਚ ਵੀ ਇਹੋ ਜਿਹਾ ਹੀ ਕੁਝ ਕਹੇਗੀ।’

ਭਗਤ ਸਿੰਘ ਗੁੱਸੇ ਵਿੱਚ ਕੰਬ ਉਠਿੱਆ। ਉਸਨੇ ਸਿਰਫ਼ ਇੰਨਾ ਹੀ ਕਿਹਾ: ‘ਅਸੈਂਬਲੀ ਵਿੱਚ ਬੰਬ ਸੁੱਟਣ ਮੈਂ ਹੀ ਜਾਵਾਂਗਾ। ਕੇਂਦਰੀ ਸਮਿਤੀ ਨੂੰ ਮੇਰੀ ਗੱਲ ਮੰਨਣੀ ਹੀ ਪਵੇਗੀ। ਤੂੰ ਅੱਜ ਜੋ ਮੇਰਾ ਅਪਮਾਨ ਕੀਤਾ ਹੈ ਉਸਦਾ ਜਵਾਬ ਮੈਂ ਕੁਝ ਨਹੀਂ ਦੇਵਾਂਗਾ। ਤੂੰ ਅੱਜ ਪਿੱਛੋਂ ਕਦੇ ਫਿਰ ਮੇਰੇ ਨਾਲ ਗੱਲ ਨਾ ਕਰੀਂ।’

ਸੁਖਦੇਵ ਨੇ ਰੁੱਖੇ ਲਹਿਜੇ ਵਿੱਚ ਕਿਹਾ: ‘ਮੈਂ ਆਪਣੇ ਦੋਸਤ ਸਬੰਧੀ ਆਪਣਾ ਫਰਜ਼ ਪੂਰਾ ਕੀਤਾ ਹੈ।’ ਸੁਖਦੇਵ ਜੱਦ ਦਿੱਲੀ ਤੋਂ ਲਾਹੌਰ ਪਹੁੰਚਿਆ ਤਾਂ ਉਸਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਇੰਝ ਲੱਗਦਾ ਸੀ ਜਿਵੇਂ ਉਹ ਬਹੁਤ ਰੋਇਆ ਹੋਇਆ ਸੀ।
***
ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦਾ ਹੁਕਮ ਹੋਇਆ। 23 ਮਾਰਚ 1931 ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ। ਸੈਂਟਰਲ ਜੇਲ੍ਹ ਅੰਦਰ ਇਨਕਲਾਬ ਜਿ਼ੰਦਾਬਾਦ ਦੇ ਨਾਅਰੇ ਲੱਗਣੇ ਆਰੰਭ ਹੋ ਗਏ। ਉਸ ਦਿਨ ਸ਼ਹਿਰ ਭਰ ਵਿੱਚ ਪੁਲਸ , ਫੌਜ ਤੇ ਹਵਾਈ ਜਹਾਜ਼ਾਂ ਦਾ ਪ੍ਰਬੰਧ ਸੀ। ਉਸ ਦਿਨ ਹਜ਼ਾਰਾਂ ਇਸਤਰੀ-ਪੁਰਖ ਤੇ ਬੱਚੇ ਸਿਸਕ ਕੇ ਰੋ ਰਹੇ ਸਨ।

ਫਾਂਸੀ ਦਿੱਤੇ ਜਾਣ ਦੇ ਤਿੰਨ ਦਿਨ ਪਹਿਲਾਂ: 20 ਮਾਰਚ 1931 ਨੂੰ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਨੇ ਪੰਜਾਬ ਦੇ ਗਵਰਨਰ ਨੂੰ ਇੱਕ ਪੱਤਰ ਲਿਖਿਆ ਸੀ। ਅਗ੍ਹਾਂ ਉਸ ਪੱਤਰ ਦੀਆਂ ਕੁਝ ਸਤਰਾਂ ਹਾਜ਼ਰ ਹਨ ਜਿਹਨਾਂ ਤੋਂ ਇਹਨਾਂ ਮਹਾਨ ਸ਼ਹੀਦਾਂ ਦੀ ਸੂਝ, ਦਲੇਰੀ ਅਤੇ ਨਿਰਭੈਤਾ ਦਾ ਪਤਾ ਲੱਗਦਾ ਹੈ:

‘ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਯੁੱਧ ਛਿੜਿਆ ਹੋਇਆ ਹੈ ਅਤੇ ਇਹ ਲੜਾਈ ਤਦ ਤੱਕ ਚਲਦੀ ਰਹੇਗੀ ਜਦ ਤੱਕ ਤਾਕਤਵਰ ਵਿਅਕਤੀਆਂ ਨੇ ਭਾਰਤੀ ਜਨਤਾ ਅਤੇ ਮਿਹਨਤਕਸ਼ਾਂ ਦੀ ਆਮਦਨ ਦੇ ਸਾਧਨਾਂ ਤੇ ਆਪਣਾ ਏਕਾ-ਅਧਿਕਾਰ ਰੱਖਿਆ ਹੋਇਆ ਹੈ। ਚਾਹੇ ਐਸੇ ਵਿਅਕਤੀ ਅੰਗਰੇਜ ਪੂੰਜੀਪਤੀ ਅਤੇ ਜਾਂ ਸਿਰਫ਼ ਭਾਰਤੀ ਪੂੰਜੀਪਤੀ ਹੀ ਹੋਣ, ਉਹਨਾਂ ਨੇ ਮਿਲ ਕੇ ਇੱਕ ਲੁੱਟ ਜਾਰੀ ਕੀਤੀ ਹੋੲੀ ਹੈ, ਭਾਵੇਂ ਖਾਲਸ ਭਾਰਤੀ ਪੂੰਜੀਪਤੀਆਂ ਰਾਹੀਂ ਹੀ ਗ਼ਰੀਬਾਂ ਦਾ ਖ਼ੂਨ ਚੂਸਿਆ ਜਾ ਰਿਹਾ ਹੋਵੇ ਤਾਂ ਵੀ ਇਸ ਹਾਲਤ ਵਿਚ ਕੋਈ ਫ਼ਰਕ ਨਹੀਂ ਪੈਂਦਾ। — ਇਹ ਯੁੱਧ ਉਸ ਸਮੇਂ ਤੱਕ ਖ਼ਤਮ ਨਹੀਂ ਹੋਵੇਗਾ ਜਦ ਤੱਕ ਕਿ ਸਮਾਜ ਦਾ ਵਰਤਮਾਨ ਢਾਂਚਾ ਖ਼ਤਮ ਨਹੀਂ ਹੋ ਜਾਂਦਾ, ਹਰ ਵਸਤੂ ਵਿਚ ਪ੍ਰੀਵਰਤਨ ਜਾਂ ਕ੍ਰਾਂਤੀ ਨਹੀਂ ਹੋ ਜਾਂਦੀ, ਮਨੁੱਖੀ ਸਰਿਸ਼ਟੀ ਵਿਚ ਨਵੇਂ ਯੁੱਗ ਦਾ ਜਨਮ ਨਹੀਂ ਹੋ ਜਾਂਦਾ। ਨਿਕਟ ਭਵਿੱਖ ਵਿਚ ਆਖਰੀ ਯੁੱਧ ਲੜਿਆ ਜਾਵੇਗਾ ਅਤੇ ਇਹ ਯੁੱਧ ਫੈਸਲਾਕੁਨ ਹੋਵੇਗਾ। ਸਾਮਰਾਜਵਾਦ ਅਤੇ ਪੂੰਜੀਵਾਦ ਕੁਝ ਸਮੇਂ ਦੇ ਮਹਿਮਾਨ ਹਨ। ਇਹ ਉਹ ਲੜਾਈ ਹੈ ਜਿਸ ਵਿਚ ਅਸਾਂ ਪ੍ਰਤੱਖ ਰੂਪ ਵਿਚ ਹਿੱਸਾ ਲਿਆ ਹੈ ਅਤੇ ਅਸੀਂ ਆਪਣੇ ਆਪ ਤੇ ਫਖ਼ਰ ਕਰਦੇ ਹਾਂ ਕਿ ਇਸ ਯੁੱਧ ਨੂੰ ਨਾ ਤੇ ਅਸਾਂ ਸ਼ੁਰੂ ਹੀ ਕੀਤਾ ਹੈ ਨਾ ਹੀ ਇਹ ਸਾਡੇ ਜੀਵਨ ਦੇ ਨਾਲ ਖ਼ਤਮ ਹੀ ਹੋਵੇਗਾ। ਸਾਡੀਆਂ ਸੇਵਾਵਾਂ ਇਤਿਹਾਸ ਦੇ ਉਸ ਅਧਿਆਇ ਵਿਚ ਲਾਈਆਂ ਜਾਣਗੀਆਂ ਜਿਸ ਨੂੰ ਯਤੀਂਦਰ ਨਾਥ, ਜੇਤਿਨ ਦਾਸ ਅਤੇ ਭਗਵਤੀ ਚਰਣ ਦੇ ਬਲੀਦਾਨਾਂ ਨੇ ਵਿਸ਼ੇਸ਼ ਰੂਪ ਵਿਚ ਰੌਸ਼ਨ ਕਰ ਦਿੱਤਾ ਹੈ। ਇਹਨਾਂ ਦੀਆਂ ਕੁਰਬਾਨੀਆਂ ਮਹਾਨ ਹਨ। —

—ਅਸਾਂ ਕਦੇ ਕੋਈ ਅਪੀਲ ਨਹੀਂ ਕੀਤੀ ਅਤੇ ਹੁਣ ਵੀ ਅਸੀਂ ਤੁਹਾਨੂੰ ਕਿਸੇ ਪ੍ਰਕਾਰ ਦੀ ਰਹਿਮ ਦੀ ਅਪੀਲ ਨਹੀਂ ਕਰਦੇ। ਅਦਾਲਤ ਦੇ ਫੈਸਲੇ ਅਨੁਸਾਰ ਸਾਡੇ ਉਤੇ ਯੁੱਧ ਜਾਰੀ ਰੱਖਣ ਦਾ ਦੋਸ਼ ਹੈ, ਇਸ ਲਈ ਅਸੀਂ ਤੁਹਾਡੇ ਕੋਲੋਂ ਇਹ ਮੰਗ ਕਰਦੇ ਹਾਂ ਕਿ ਸਾਡੇ ਨਾਲ ਜੰਗੀ ਕੈਦੀਆਂ ਵਾਲਾ ਸਲੂਕ ਕੀਤਾ ਜਾਵੇ।—- ਤੁਸੀਂ ਆਪਣੇ ਫੌਜੀ ਵਿਭਾਗ ਨੂੰ ਹੁਕਮ ਦਿਓ ਕਿ ਸਾਨੂੰ ਗੋਲੀ ਨਾਲ ਉਡਾਉਣ ਲਈ ਫ਼ੋਜੀ ਟੋਲੀ ਭੇਜ ਦਿੱਤੀ ਜਾਵੇ।
’
(ਸਹੀ) ਭਗਤ ਸਿੰਘ, ਰਾਜਗੁਰੂ, ਸੁਖਦੇਵ।

ਸ਼ਹੀਦ ਭਗਤ ਸਿੰਘ ਨੇ ਆਪਣੇ ਛੋਟੇ ਵੀਰ ਕੁਲਤਾਰ ਸਿੰਘ ਨੂੰ ਜਿਹੜਾ ਖਤ ਲਿਖਿਆ ਉਹ ਇਸ ਪਰਕਾਰ ਸੀ:

‘ਅੱਜ ਤੇਰੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਬਹੁਤ ਦੁੱਖ ਹੋਇਆ। ਅੱਜ ਤੇਰੀਆਂ ਗੱਲਾਂ ਬਹੁਤ ਹੀ ਦਰਦ ਭਰੀਆਂ ਸਨ। ਤੇਰੇ ਹੰਝੂ ਮੈਥੋਂ ਬਰਦਾਸ਼ਤ ਨਹੀਂ ਹੋ ਰਹੇ। ਪਿਆਰੇ ਵੀਰ! ਪੂਰੀ ਹਿੰਮਤ ਨਾਲ ਵਿੱਦਿਆ ਹਾਸਲ ਕਰੀਂ ਤੇ ਆਪਣੀ ਸਿਹਤ ਦਾ ਖਿਆਲ ਰੱਖੀਂ। ਹੋਰ ਕੀ ਲਿਖਾਂ? ਹੌਸਲਾ ਰੱਖੀਂ’—-ਸੁੱਣ:

ਉਸੇ ਯਹਿ ਫਿ਼ਕਰ ਹੈ ਹਰਦਮ
ਨਈ ਤਰਜ਼ੇ ਜ਼ਫ਼ਾ ਕਿਆ ਹੈ।
ਹਮੇਂ ਯਹਿ ਸ਼ੌਕ ਹੈ ਦੇਖੇਂ,
ਸਿਤਮ ਕੀ ਇੰਤਹਾ ਕਿਆ ਹੈ।
ਦਹਿਰ ਸੇ ਕਿਉਂ ਖ਼ਫ਼ਾ ਰਹੇਂ,
ਚਰਖ ਕਾ ਕਿਉਂ ਗਿਲਾ ਕਰੇਂ।

ਸਾਰਾ ਜਹਾਂ ਅਦੂ ਸਹੀ,
ਆਉ ਮੁਕਾਬਲਾ ਕਰੇਂ।

ਕੋਈ ਦਮ ਕਾ ਮਹਿਮਾਂ ਹੂੰ,
ਅਹਿਲੇ ਮਹਿਫ਼ਲ-
ਚਿਰਾਗ਼ੇ ਸਹਿਰ ਹੂੰ
ਬੁਝਾ ਚਾਹਤਾ ਹੂੰ।

ਆਬੋਹਵਾ ਮੇਂ ਰਹੇਗੀ,
ਖਿਆਲ ਕੀ ਬਿਜਲੀ,
ਯੇ ਮੁਸ਼ਤੇ ਖ਼ਾਕ ਹੈ ਫ਼ਾਨੀ,
ਰਹੇ, ਰਹੇ ਨਾ ਰਹੇ।

ਅੱਛਾ—
ਖੁਸ਼ ਰਹੋ ਅਹਿਲੇ ਵਤਨ,
ਹਮ ਤੋ ਸਫ਼ਰ ਕਰਤੇ ਹੈਂ।

ਤੇਰਾ ਵੀਰ— (ਸਹੀ) ਭਗਤ ਸਿੰਘ

ਆਜ਼ਾਦੀ ਦੀ ਸ਼ਮਾਂ ਦੇ ਪਰਵਾਨੇ ਫਾਂਸੀ ਦਿਆਂ ਰੱਸਿਆਂ ਨੂੰ ਚੁੰਮ ਕੇ ਹੱਸਦਿਆਂ ਹੱਸਦਿਆਂ ਸ਼ਹੀਦੀਆਂ ਪਰਾਪਤ ਕਰ ਗਏ। ਸਵਰਗਵਾਸੀ ਸ਼ਹੀਦ ਭਗਤ ਸਿੰਘ ਦੇ ਪਿਤਾ ਸ: ਕਿਸ਼ਨ ਸਿੰਘ ਜੀ ਨੇ ਤਾਰ ਰਾਹੀਂ ਅਧਿਕਾਰੀਆਂ ਪਾਸ ਬੇਨਤੀ ਕੀਤੀ ਸੀ ਕਿ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੀਆਂ ਲਾਸ਼ਾਂ ਉਹਨਾਂ ਨੂੰ ਅੰਤਿਮ ਕਿਰਿਆ ਲਈ ਦੇ ਦਿੱਤੀਆਂ ਜਾਣ। ਪਰੰਤੂ ਸ਼ਹੀਦਾਂ ਦੀਆਂ ਲਾਸ਼ਾਂ ਉਹਨਾਂ ਨੂੰ ਨਾ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਸਾਰੀਆਂ ਲਾਸ਼ਾਂ ਨੂੰ ਟੁਕੜੇ ਟੁਕੜੇ ਕਰਕੇ ਬੋਰੀਆਂ ਵਿੱਚ ਪਾ ਕੇ ਅੱਧੀ ਰਾਤ ਦੇ ਸਮੇਂ ਸਤਲੁਜ ਦਰਿਆ ਦੇ ਕੰਢੇ ਲਿਆਂਦਾ ਅਤੇ ਮਿੱਟੀ ਦਾ ਤੇਲ ਪਾ ਕੇ ਜਲਾ ਦਿੱਤਾ।
***

ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ

(ਪਹਿਲੀ ਵਾਰ ਛਪਿਆ ਰੋਜ਼ਾਨਾ ‘ਅਜੀਤ’ ਜਲੰਧਰ ਦੇ 15 ਅਗਸਤ 1959 ਦੇ ਆਜ਼ਾਦੀ ਨੰਬਰ ਵਿੱਚ)
(ਦੂਜੀ ਵਾਰ 23 ਮਾਰਚ 2021 ਨੂੰ ‘ਸੰਵਾਦ’ ਵਿੱਚ)
(ਤੀਜੀ ਵਾਰ 23 ਮਾਰਚ 2022 ਨੂੰ)
***
703

About the author

ਗੁਰਦਿਆਲ ਸਿੰਘ ਰਾਏ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ