20 April 2024

ਬੋਹੜ ਦੀ ਛਾਂ—ਸੁਰਜੀਤ ਕੌਰ ਕਲਪਨਾ

ਮਹਿੰਮਾ ਸਿੰਘ ਨੂੰ ਬੜਾ ਸ਼ੌਕ ਸੀ ਕਿ ਉਸਦਾ ਲਖ਼ਤੇ-ਜਿਗਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਪੜ੍ਹੇ, ਲਿਖੇ ਅਤੇ ਸਮਝੇ। ਇਸ ਲਈ ਹੀ ਉਸਨੇ ਆਪਣੇ ਇਕਲੌਤੇ ਪੁੱਤਰ ਲੱਖੀ ਨੂੰ ਪੰਜ ਸਾਲਾਂ ਦਾ ਹੋਣ ਤੇ ਹੀ ਬਿਨਾਂ-ਨਾਗਾ ਪੰਜਾਬੀ ਸਕੂਲ ਲੈ ਜਾਣਾ ਸ਼ੁਰੂ ਕਰ ਦਿੱਤਾ ਸੀ। ਉਸਦੀ ਮਿਹਨਤ ਉਦੋਂ ਵਰ ਆਈ ਜਦੋਂ ਲੱਖੀ ਨੇ ਗਿਆਰਾਂ ਸਾਲਾਂ ਦੀ ਹੀ ਉਮਰ ਵਿੱਚ ਪੰਜਾਬੀ ਦੇ ‘ਓ” ਲੈਵਲ ਦੀ ਪਰੀਖਿਆ ਪਾਸ ਕਰ ਲਈ। ਉਹ ਆਪਣੇ ਮਾਂ ਬਾਹਰੇ ਲੱਖੀ ਨੂੰ ਹਰ ਤਰ੍ਹਾਂ ਨਾਲ ਹੁਸ਼ਿਆਰ ਅਤੇ ਹੋਣਹਾਰ ਦੇਖਣਾ ਲੋਚਦਾ ਸੀ।

ਇੰਗਲੈਂਡ ਵਸਦੇ ਆਮ ਪੰਜਾਬੀ ਬੱਚਿਆਂ ਨਾਲੋਂ ਜਦੋਂ ਲੱਖੀ ਕਿਤੇ ਵੱਧ ਪੰਜਾਬੀ ਬੋਲਣ ਤੇ ਸਮਝਣ ਲੱਗ ਪਿਆ ਤਾਂ ਪਿਤਾ ਆਪਣੇ ਪੁੱਤਰ ਨੂੰ ਨਾਲ ਬਿਠਾ ਕੇ ਪੰਜਾਬੀ ਦੀਆਂ ਚੰਗੀਆਂ-ਚੰਗੀਆਂ ਫ਼ਿਲਮਾਂ ਵੀ ਵਿਖਾਲਣ ਲੱਗ ਪਿਆ। “ਨਾਨਕ ਨਾਮ ਜਹਾਜ਼ ਹੈ”, “ਧੰਨਾ ਭਗਤ”, ‘ਸਾਖੀ ਭਾਈ ਲਾਲੋ”, “ਗੁਰੂ ਮਾਨਿਉ ਗ੍ਰੰਥ”, “ਸਰਬੰਸ ਦਾਨੀ ਗੁਰੁ ਗੋਬਿੰਦ ਸਿੰਘ ਜੀ” ਆਦਿ ਫਿਲਮਾਂ ਨੂੰ ਪੁੱਤਰ ਨੇ ਬੜੇ ਹੀ ਚਾਅ ਅਤੇ ਦਿਲਚਸਪੀ ਨਾਲ ਵੇਖਿਆ-ਮਾਣਿਆ। ਪਿਤਾ ਦੀ ਕੋਸ਼ਿਸ਼ ਸਦਕਾ ਲੱਖੀ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝਦਾ ਅਤੇ ਵਿਚਾਰਦਾ । ਬਾਕੀ ਵਿਸ਼ਿਆਂ ਵਿੱਚ ਵੀ ਉਹ ਔਸਤ ਦਰਜੇ ਦੇ ਵਿਦਿਆਰਥੀਆਂ ਨਾਲੋਂ ਹੁਸ਼ਿਆਰ ਹੀ ਸੀ। ਪੇਰਿਟੰਸ ਈਵਿਨਿੰਗ ਵਾਸਤੇ ਜਦੋਂ ਮਹਿੰਮਾ ਸਿੰਘ ਆਪਣੇ ਪੁੱਤਰ ਦੀ ਪੜ੍ਹਾਈ ਸਬੰਧੀ ਸਕੂਲ ਦਾ ਰੀਕਾਰਡ ਦੇਖਣ ਜਾਂਦਾ ਤਾਂ ਟੀਚਰ ਪਾਸੋਂ ਪੁੱਤਰ ਦੀਆਂ ਸਿਫ਼ਤਾਂ ਸੁਣ ਕੇ ਕਈ ਕਈ ਦਿਨ ਖੀਵਾ ਖੀਵਾ ਹੋਇਆ ਰਹਿੰਦਾ।
 
ਲੱਖੀ ਪੜ੍ਹਨ ਅਤੇ ਖੇਡਣ ਦੇ ਨਾਲ-ਨਾਲ ਰਾਤ ਨੂੰ ਬੈੱਡ-ਟਾਈਮ ਕਹਾਣੀਆਂ ਸੁਣਨ ਦਾ ਵੀ ਆਦੀ ਸੀ। ਸੌਣ ਤੋਂ ਪਹਿਲਾਂ ਪਿਤਾ ਪਾਸੋਂ ਕੋਈ ਨਾ ਕੋਈ ਕਹਾਣੀ ਸੁਣਨ ਦਾ ਚੇਤਾ ਉਸ ਨੂੰ ਨਾ ਭੁੱਲਦਾ। ਕਹਾਣੀ ਕੇਵਲ ਸੁਣਦਾ ਹੀ ਨਾ, ਸਗੋਂ ਰਾਤੀਂ ਸੁਣੀ ਕਹਾਣੀ ਨੂੰ ਦੂਜੀ ਸਵੇਰ ਜ਼ਰੂਰ ਹੀ ਲਿਖ ਵੀ ਲੈਂਦਾ। ਰਾਤ ਪੈਂਦੀ ਤਾਂ ਉਹ ਨਿੱਕੀਆਂ-ਨਿੱਕੀਆਂ ਚੁੰਗੀਆਂ ਭਰਦਾ ਬੜੇ ਚਾਅ ਭਰੇ ਕੋਮਲ ਮਨ ਨਾਲ ਆਪਣੇ ਸੌਣ ਕਮਰੇ ਜਾਂਦਾ ਤਾਂ ਸਦਾ ਹੀ ਉਸਦੇ ਮਨ ਵਿੱਚ ਕੋਈ ਨਵੀਂ ਕਹਾਣੀ ਸੁਣਨ ਦੀ ਲਾਲਸਾ ਹੁੰਦੀ। ਜਦ ਆਪਣੇ ਡੈਡ ਦੇ ਪੈਰਾਂ ਦੀ ਪੈਛੜ ਸੁਣਦਾ ਤਾਂ ਕਮਰੇ ਦੇ ਤੇਜ਼ ਜੱਗਦੇ ਬਲਬ ਦੀ ਰੌਸ਼ਨੀ ਬੰਦ ਕਰ ਦਿੰਦਾ ਅਤੇ ਟੇਬਲ ਲੈਂਪ ਜਗਾ ਲੈਂਦਾ। ਟੇਬਲ ਲੈਂਪ ਦੀ ਲਾਲ ਲਾਲ, ਮੱਧਮ ਅਤੇ ਮਨ ਭਾਉਂਦੀ ਰੌਸ਼ਨੀ ਤੱਕਦਾ ਤਾਂ ਉਸਨੂੰ ਇਵੇਂ ਲੱਗਦਾ ਜਿਵੇਂ ‘ਸਨ-ਸੈੱਟ’ ਹੋ ਰਿਹਾ ਹੋਵੇ।
 
ਮਹਿੰਮਾ ਸਿੰਘ ਦੇ ਕਮਰੇ ਅੰਦਰ ਪੈਰ ਧਰਨ ਦੀ ਦੇਰ ਹੁੰਦੀ ਕਿ ਉਸਦਾ ਸਾਰਾ ਧਿਆਨ “ਸਟੋਰੀ” ਸੁਣਨ ਲਈ ਆਪਣੇ ਪਿਤਾ ਤੇ ਟਿੱਕ ਜਾਂਦਾ। ਰੋਜ਼ ਨਵੀਂ ਕਹਾਣੀ ਦੀ ਫਰਮਾਇਸ਼ ਹੁੰਦੀ ਅਤੇ ਰੋਜ਼ ਹੀ ਪਿਤਾ ਨੂੰ ਕੋਈ ਨਾ ਕੋਈ ਨਵੀਂ ਕਹਾਣੀ ਹੀ ਸੁਣਾਉਣੀ ਪੈਂਦੀ।
 
ਪਿਛਲੇ ਸਾਲ ਹੀ ਤਾਂ ਲੱਖੀ ‘ਈਸਟਰ’ ਦੀਆਂ ਛੁੱਟੀਆਂ ਆਪਣੇ ਡੈਡ ਨਾਲ ਭਾਰਤ ਕੱਟ-ਘੁੰਮ ਕੇ ਆਇਆ ਸੀ। ਲਗਪੱਗ ਸਭ ਕੁਝ ਹੀ ਭਾਰਤ ਦਾ ਵੇਖਿਆ ਚਾਖਿਆ ਉਸਦੇ ਜ਼ਹਿਨ ਵਿੱਚ ਸੀ। ਉਸਦੇ ਚੇਤਨ-ਅਵਚੇਤਨ ਵਿੱਚ ਪੰਜਾਬ ਘੁੰਮ ਫਿਰ ਕੇ ਵੇਖੇ ਦੀਆਂ ਯਾਦਾਂ ਦੀ ਆਪਣੀ ਇਕ ਪਿਆਰੀ ਜਿਹੀ ਛਾਪ ਸੀ। ਆਪਣੇ ਪਿੰਡ ਵੇਖਿਆ “’ਬਨੀਅਨ ਟਰੀ” ਬੋਹੜ ਉਸਨੂੰ ਬਹੁਤ ਚੰਗਾ ਲੱਗਿਆ ਸੀ। ਇਸਦੇ ਹੇਠਾਂ ਬੈਠ ਕੇ ਡਾਢੀ ਧੁੱਪ ਅਤੇ ਗਰਮੀ ਦੇ ਹੁੰਦਿਆਂ ਵੀ ਮਿੱਠੀ ਮਿੱਠੀ ਠੰਡਕ ਦਾ ਅਹਿਸਾਸ ਉਸਨੇ ਮਾਣਿਆ ਸੀ। ਉਸਦੇ ਦਿਲ ਦਿਮਾਗ਼ ਤੇ ਇੱਡੇ ਵੱਡੇ ਦਰਖ਼ਤ ਦੀ ਛਾਂ ਦਾ ਇੱਕ ਅਨੋਖਾ ਯਾਦਗਾਰੀ ਨਜ਼ਾਰਾ ਛਾਇਆ ਹੋਇਆ ਸੀ। ਦਰਅਸਲ ਪਿੰਡ ਪੁੱਜ ਕੇ ਪਿਤਾ ਨੇ ਲੱਖੀ ਨੂੰ ਪਿੰਡ ਦੇ ਗਲੀ-ਮੁਹੱਲੇ ਵਿਖਾਏ! ਕੁਝ ਲੋਕਾਂ ਨਾਲ ਦੁਆ-ਸਲਾਮ ਕਰਵਾਈ। ਪਿੰਡ ਦੇ ਦੂਜੇ ਪਾਸੇ ਬਨੀਅਨ ਟਰੀ (ਬੋਹੜ) ਦੇ ਦਰਸ਼ਣ ਵੀ ਕਰਵਾਏ। ਬਨੀਅਨ ਟਰੀ ਵੇਖ ਕੇ ਤਾਂ ਲੱਖੀ ਹੈਰਾਨ ਹੀ ਹੋਗਿਆ ਸੀ। ਐਡਾ ਵੱਡਾ ਅਤੇ ਸੰਘਣੀ ਛਾਂ ਵਾਲਾ ਦਰਖ਼ਤ ਤਾਂ ਉਸਨੇ ਇੰਗਲੈਂਡ ਵਿੱਚ ਕਦੇ ਵੇਖਿਆ ਹੀ ਨਹੀਂ ਸੀ। ਲੱਖੀ ਨੂੰ ਯਾਦ ਆਇਆ ਉਸਨੇ ਬੋਹੜ ਦੇ ਤਣੇ ਨੂੰ ਆਪਣੇ ਕਲਾਵੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਾ ਹੋ ਸਕਿਆ। ਉਸ ਦੀਆਂ ਨਿੱਕੀਆਂ ਨਿੱਕੀਆਂ ਬਾਹਾਂ ਦੇ ਕਲਾਵੇ ਵਿੱਚ ਭਲਾ ਬੋਹੜ ਕੀ ਆਉਂਦਾ? ਜਫ਼ਾ ਨਾ ਮਾਰ ਸਕਿਆ ਤਾਂ ਹੈਰਾਨ ਹੋ ਕੇ ਬੋਲਿਆ: “ਡੈਡ ਇਹ ਤਾਂ ਕਿੰਗ ਬਨੀਅਨ ਟਰੀ ਹੈ !” ਪਿਤਾ ਹੱਸ ਪਿਆ।
 
ਫਿਰ ਮਹਿੰਮਾ ਸਿੰਘ ਨੇ ਇੱਕ ਹੋਰ ਮੁਹੱਲੇ ਪੁੱਜ ਕੇ ਖੁਲ੍ਹੇ ਵਿਹੜੇ ਅਤੇ ਛੱਤ ਤੋਂ ਸੱਖਣਾ ਇੱਕ ਢੱਠਾ ਹੋਇਆ ਘਰ ਵਿਖਾਇਆ ਸੀ। ਪਿਤਾ ਦਾ ਗੱਚ ਭਰ ਆਇਆ। ਉਸਨੇ ਬੜੇ ਦੁੱਖੀ ਹਿਰਦੇ ਨਾਲ ਦੱਸਿਆ ਸੀ: “ਕਦੇ ਇਹ ਸਾਡਾ ਘਰ ਸੀ। ਇਸ ਘਰ ਵਿੱਚ ਕਦੇ ਬੜੀ ਚਹਿਲ ਪਹਿਲ ਰਹਿੰਦੀ ਸੀ। ਰੌਣਕ ਹੁੰਦੀ ਸੀ ਅਤੇ ਦਿਲ ਨੂੰ ਬੜਾ ਹੀ ਭਲਾ ਲੱਗਦਾ ਸੀ। ਪਰ ਹੁਣ ਤਾਂ …।”
 
ਪਿਤਾ ਦੀ ਗੱਲ ਸੁਣਕੇ ਅਤੇ ਉਸਦੀ ਹਾਲਤ ਵੇਖ ਕੇ ਲੱਖੀ ਦਾ ਨਿੱਕਾ ਜਿਹਾ ਦਿਲ ਵੀ ਡਰ ਗਿਆ। ਢੱਠਿਆ ਹੋਇਆ ਘਰ ਵੇਖ ਕੇ ਲੱਖੀ ਨੂੰ ਘਰ ਦੇ ਸੱਖਣੇਪਨ ਅਤੇ ਵਿਰਾਨੀ ਦਾ ਖ਼ਿਆਲ ਆਇਆ। ਡਰ ਨਾਲ ਉਹ ਕੰਬ ਉੱਠਿਆ।

ਉਸਨੂੰ ਲੱਗਿਆ ਕਿ ਘਰ ਦੀਆਂ ਬਦਕਿਸਮਤ ਕੰਧਾਂ, ਸਿਰ ਉਤੇ ਛੱਤ ਨਾ ਹੋਣ ਕਾਰਨ ‘ਕ੍ਰੇਮੇਟੋਰੀਅਮ’ ਵਿੱਚ ਪਸਰੀ ਮੌਤ ਵਰਗੀ ਚੁੱਪ ਦਾ ਇਜ਼ਹਾਰ ਕਰਦੀਆਂ ਤੜਫ ਰਹੀਆਂ ਸਨ। ਉਹ ਢੱਠੇ ਹੋਏ ਘਰ ਵਿੱਚੋਂ ਨਿਕਲ ਕੇ ਬਾਹਰ ਆ ਖੜਾ ਹੋਇਆ। ਪਿਤਾ ਵੀ ਲੱਖੀ ਨਾਲ ਆ ਮਿਲਿਆ। ਵੱਡੇ ਦਰਵਾਜ਼ੇ ਵਾਲਾ ਉੱਚਾ ਘਰ ਪਿੱਛੇ ਛੱਡ ਕੇ ਉਹ ਮੁੜ “ਬਨੀਅਨ ਟਰੀ” ਦੇ ਕੋਲ ਆ ਗਏ। ਮਹਿੰਮਾ ਸਿੰਘ ਨੇ ਅਨੁਭਵ ਕੀਤਾ ਜਿਵੇਂ ਉਹ ਆਪਣੇ ਹੀ ਘਰ ਵਿੱਚ ਇੱਕ ਓਪਰਾ ਪ੍ਰਾਹਣਾ ਹੈ। ਜਿਵੇਂ ਇਹ ਗਿਰਾਂ ਉਸਦਾ ਨਹੀਂ ਕਿਸੇ ਹੋਰ ਦਾ ਹੋਵੇ। ਉਸ ਬੋਹੜ ਤੋਂ ਬਿਨਾਂ ਦਰਅਸਲ ਉਸਨੂੰ ਕੋਈ ਹੋਰ ਬਹੁਤੀ ਗੂੜ੍ਹੀ ਜਾਣ-ਪਹਿਚਾਣ ਵਾਲਾ ਨਾ ਮਿਲਿਆ। ਦੋਵੇਂ ਪਿਉ-ਪੱਤਰ ਉਥੇ ਕੋਈ ਅੱਧਾ ਕੁ ਘੰਟਾ ਥੈਠੇ ਰਹੇ ਸਨ। ਮਹਿੰਮਾ ਸਿੰਘ ਆਪਣੇ ਆਲੇ ਦੁਆਲੇ ਬੜੀਆਂ ਹੀ ਉਦਾਸ ਨਜ਼ਰਾਂ ਨਾਲ ਤੱਕ ਰਿਹਾ ਸੀ। ਲੱਖੀ, ਬਨੀਅਨ ਟਰੀ ਸਬੰਧੀ ਕਈ ਕੁਝ ਪੱਛਣਾ ਚਾਹੁੰਦਾ ਸੀ ਪਰ ਪਿਤਾ ਦੀ ਅੰਤਾਂ ਦੀ ਖ਼ਾਮੋਸ਼ੀ ਦੇਖ ਕੇ ਉਸਦਾ ਕੁਝ ਵੀ ਪੁੱਛਣ ਦਾ ਜੇਰਾ ਨਹੀਂ ਸੀ ਪਿਆ। ਫਿਰ ਉਹ ਜਿਸ ਰਿਕਸ਼ੇ ਤੇ ਸ਼ਹਿਰੋਂ ਪਿੰਡ ਆਏ ਸਨ ਉਸ ਵਿੱਚ ਹੀ ਬੈਠ ਕੇ ਸ਼ਹਿਰ ਪਰਤ ਗਏ ਸਨ।
 
ਅੱਜ ਲੱਖੀ ਨੂੰ ਫਿਰ ਉਸੇ ਬਨੀਅਨ ਟਰੀ ਦੀ ਯਾਦ ਆ ਗਈ। ਉਸਦੇ ਚੇਤੇ ਵਿੱਚ ਕੁਝ ਸੁਆਲ ਖਲਬਲੀ ਮਚਾ ਰਹੇ ਸਨ। ਉਸ ਨੇ ਬੜੇ ਹੀ ਲਾਡ ਨਾਲ ਪਿਤਾ ਨੂੰ ਕਿਹਾ: “ਅੱਜ ਮੈਂ ਇੰਗਲਿਸ਼ ਦੀ ਕਹਾਣੀ ਨਹੀਂ ਸੁਣਨੀ।”
 
“ਕਿਉਂ?” ਮਹਿੰਮਾ ਸਿੰਘ ਨੇ ਪੁੱਛਿਆ।
 
ਲੱਖੀ ਨੇ ਪਿਤਾ ਦਾ ਤਰਲਾ ਕਰਦਿਆਂ ਆਖਿਆ: “ਅੱਜ ਉਸ ਬਨੀਅਨ ਟਰੀ ਦੀ ਕਹਾਣੀ ਸੁਣਾਉ ਜਿਸਦੀ ਸੰਘਣੀ ਛਾਂ ਸੀ।”
 
“ਅੱਛਾ ਉਹ ਜੋ ਪਿੰਡ ਵੜਦੇ ਨਿਆਈਆਂ ਵਿੱਚ ਸੀ?” ਮਹਿੰਮਾ ਸਿੰਘ ਨੇ ਪੁੱਛਿਆ।
 
“ਡੈਡ! ਇਹ ਨਿਆਈਆਂ ਕੀ ਹੁੰਦੀਆਂ ਨੇ?” ਹੈਰਾਨੀ ਨਾਲ ਲੱਖੀ ਨੇ ਪੁੱਛਿਆ।
 
“ਨਿਆਈਆਂ, ਪਿੰਡ ਦੀ ਗਲੀ (ਜੂਹ) ਦਾ ਅੰਤ ਅਤੇ ਪੈਲੀਆਂ ਯਾਨੀ ਖੇਤਾਂ ਦੀ ਸ਼ੁਰੂਆਤ ਨੂੰ ਕਹਿੰਦੇ ਹਨ।” ਮਹਿੰਮਾ ਸਿੰਘ ਨੇ ਗੱਲ ਨੂੰ ਸਰਲ ਕਰਦਿਆਂ ਜਵਾਬ ਦਿੱਤਾ।
 
“ਅੱਛਾ।” ਪਤਾ ਨਹੀਂ ਲੱਖੀ ਨੂੰ ਕੁਝ ਸਮਝ ਪਈ ਕਿ ਨਾ ਪਰ ਉਸਨੇ ਪਿਤਾ ਨੂੰ ਹੋਰ ਕੁਝ ਪੁੱਛਣ ਦੀ ਥਾਂ ਆਪਣੀ ਫੁਰਮਾਇਸ਼ ਦੁਹਰਾਈ: “ਹਾਂ, ਉਸੇ ਬਨੀਅਨ ਟਰੀ ਦੀ ਕਹਾਣੀ।”
 
“ਲੱਖੀ! ਜਿਸਨੂੰ ਤੂੰ ਬਨੀਅਨ ਟਰੀ ਕਹਿੰਦਾ ਹੈਂ ਅਸੀਂ ਪੰਜਾਬੀ ਵਿੱਚ ਉਸਨੂੰ ਬੋਹੜ ਵੀ ਕਹਿੰਦੇ ਹਾਂ। ਉਂਝ ਜਿਹੜਾ ਬੋਹੜ ਤੂੰ ਪਿੰਡ ਵੇਖਿਆ ਸੀ ਉਸਨੂੰ ਅਸੀਂ ਬਾਬਾ ਬੋਹੜ ਕਰਕੇ ਵੀ ਸੱਦਦੇ ਸਾਂ।”
 
“ਬੋਹੜ ਨੂੰ ਬਾਬਾ ਕਿਉ?” ਲੱਖੀ ਨੇ ਸਵਾਲ ਕੀਤਾ।
 
“ਇਸ ਲਈ ਕਿ ਇਹ ਬਹੁਤ ਪੁਰਾਣਾ ਅਤੇ ਵੱਡਾ ਸੀ। ਉਸਦੀ ‘ਏਜ’ ਦਾ ਕਿਸੇ ਨੂੰ ਵੀ ਪਤਾ ਨਹੀਂ ਸੀ। ਪਤਾ ਨਹੀਂ ਕਿੰਨਾ ਵੱਡਾ ਹੋਵੇ। ਮੇਰਾ ਬਾਬਾ ਯਾਨੀ ਗਰੈਂਡ ਫਾਦਰ ਦੱਸਦਾ ਹੁੰਦਾ ਸੀ ਕਿ ਉਹਨਾਂ ਦੇ ਬਾਬੇ ਦੇ ਜ਼ਮਾਨੇ ਵਿੱਚ ਵੀ ਇਹ ਬੋਹੜ ਸੀ। ਇਸ ਲਈ ਹੀ ਪਿੰਡ ਦੇ ਲੋਕੀਂ ਇਸ ਬੋਹੜ ਨੂੰ ਬੜੀ “ਰਿਸਪੈਕਟ” ਅਰਥਾਤ ਆਦਰ ਮਾਣ ਦਿੰਦੇ ਸਨ। ਮਹਿੰਮਾ ਸਿੰਘ ਨੇ ਬੜੇ ਹੀ ਧੀਰਜ ਨਾਲ ਲੱਖੀ ਦੇ ਸੁਆਲ ਦਾ ਜਵਾਬ ਦਿੱਤਾ।
 
“ਅਛਾ! ਇੰਨੀ ਏਜ ਦਾ?”
 
“ਹਾਂ।”
 
“ਹੋਰ?”
 
“ਹੋਰ ਕੀ? ਉਸਦੀ ਸੰਘਣੀ ਛਾਂ ਵਿੱਚ ਭਰ ਗਰਮੀ ਦੀ ਰੁੱਤੇ ਵੀ ਸੂਰਜ ਦੀਆਂ ਕਿਰਨਾਂ, ਛਣ-ਛਣ ਕੇ ਉਸਦੇ ਪੱਤਿਆਂ ਦੇ ਝੁਰਮਟ ਦੇ ਅੱਧ ਤੱਕ ਹੀ ਪੱਜਦੀਆਂ। ਟਾਹਣੀਆਂ ਅਤੇ ਸੰਘਣੇ ਪੱਤਿਆਂ ਦੇ ਝੁੰਡ ਵਿੱਚ ਉਲਝ ਕੇ , ਸੂਰਜ ਦੀਆਂ ਸੂਲਾਂ ਵਰਗੀਆਂ ਤਿੱਖੀਆਂ ਤੇਜ਼-ਗ਼ਰਮ ਕਿਰਨਾਂ ਦਮ ਤੋੜ ਦਿੰਦੀਆਂ। ਤਪਦੀਆਂ ਕਿਰਨਾਂ ਨੂੰ ਬਾਬਾ ਬੋਹੜ ਦੀ ਛਾਂ ਮਾਣਨ ਦੀ ਆਗਿਆ ਨਾ ਮਿਲਦੀ।”
 
ਮਹਿੰਮਾ ਸਿੰਘ ਨੇ ਵੇਖਿਆ ਲੱਖੀ ਧਿਆਨ ਨਾਲ ਸੁਣ ਰਿਹਾ ਸੀ। ਉਸਨੇ ਗੱਲ ਜਾਰੀ ਰੱਖਦਿਆਂ ਕਿਹਾ: “ਬੋਹੜ ਦੇ ਹੇਠਾਂ ਵੱਡੇ ਘੇਰੇ ਵਿੱਚ ਬਣਿਆ ਥੜਾ ਇੰਝ ਸੀ ਜਿਵੇਂ ਬੋਹੜ ਦੇ ਲੱਕ ਦੁਆਲੇ ਕਿਸੇ ਨੇ ਜਫ਼ਾ ਮਾਰਿਆ ਹੋਇਆ ਹੋਵੇ। ਬੱਚੇ ਖੇਡਦੇ, ਰੌਲਾ ਰੱਪਾ ਪਾਉਂਦੇ ਪਰ ਬੋਹੜ ਦੀ ਸ਼ਾਂਤੀ ਭੰਗ ਨਾ ਹੁੰਦੀ। ਸਗੋਂ ਬੋਹੜ ਤਾਂ ਇੱਕ ਤਰ੍ਹਾਂ ਨਾਲ ਬਾਬਾ ਬਣੀ ਆਪਣੇ ਪੋਤਿਆਂ ਨੂੰ ਗਰਮ ਲੂ ਤੋਂ ਬਚਾ ਕੇ ਸੀਤਲ ਪੌਣ ਦੇ ਝੌਂਕੇ ਦੁਆਂਦਾ। ਕਈ ਬੱਚੇ, ਜਵਾਨ, ਬੁੱਢੇ ਇਕੱਠੇ ਬੈਠ ਕੇ ਵੱਖ-ਵੱਖ ਢਾਣੀਆਂ ਵਿੱਚ ਤਾਸ਼, ਬਾਰਾਂ ਟਾਹਣੀ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ, ਗੱਪਾਂ ਮਾਰਦੇ ਅਤੇ ਭਾਂਤ-ਸੁਭਾਂਤੀਆਂ ਕਹਾਣੀਆਂ ਸੁਣਦੇ-ਸੁਣਾਉਂਦੇ। ਬੋਹੜ ਦੀ ਗੋਦ ਵਿੱਚ ਬੈਠ ਕੇ ਸਾਰੇ ਥਕੇਵੇਂ-ਅਕੇਵੇਂ ਭੁੱਲ ਜਾਂਦੇ। ਬੋਹੜ ਦੀ ਲੰਬੀ ਲੰਬੀ ਦਾਹੜੀ ਜੋ ਧਰਤੀ ਨੂੰ ਛੋਹਣ ਛੋਹਣ ਕਰਦੀ, ਅਸੀਂ ਸਾਰੇ ਨਿਆਣੇ ਉਸ ਨਾਲ ਝੂਟਦੇ, ਕਿਲਕਾਰੀਆਂ ਮਾਰਦੇ ਅਤੇ ਹੱਸ ਹੱਸ ਦੋਹਰੇ ਹੋਈ ਜਾਂਦੇ। ਛਾਂ ਹੇਠ ਬੈਠੇ ਕਈ ਸਿਆਣੇ-ਬਜ਼ੁਰਗ ਸਾਨੂੰ ਨਿਆਣਿਆਂ ਨੂੰ ਰੌਲਾ ਪਾਉਂਦੇ ਵੇਖ ਕੇ ਝਿੜਕ ਵੀ ਦਿੰਦੇ ਸਨ ਪਰ ਸਾਨੂੰ ਬਾਬਾ ਬੋਹੜ ਨੇ ਕਦੇ ਦਬਕਾ ਤੱਕ ਨਹੀਂ ਸੀ ਮਾਰਿਆ। ਬਜ਼ੁਰਗਾਂ ਦੇ ਕਹੇ ਦਾ ਸਾਡੇ ਉਤੇ ਕੋਈ ਬਹੁਤਾ ਅਸਰ ਨਾ ਹੁੰਦਾ। ਅਸੀਂ ਮੁੜ ਕੇ ਆਪਣੀ ਖੇਡ ਵਿੱਚ ਮਸਤ ਹੋ ਜਾਂਦੇ। ਕਈ ਬੁੱਢੇ ਹਾਰ-ਥੱਕ ਕੇ ਬੋਹੜ ਦੇ ਲੱਕ ਲਾਗੇ ਬੈਠੇ ਬੈਠੇ ਹੀ ਊਂਘਣ ਲੱਗ ਪੈਂਦੇ। ਕਈ ਰੁਮਕਦੀ ਪੌਣ ਦੇ ਠੁਮਕਿਆਂ ਦੀ ਸੁਰ ਨਾਲ ਸੁਰ ਮਿਲਾਉਂਦੇ ਘੁਰਾੜੇ ਮਾਰਦੇ ਗੂਹੜੀ ਨੀਂਦੇ ਸੌਂ ਜਾਂਦੇ। ਦੁਪਹਿਰੋਂ ਬਾਅਦ ਸ਼ਾਮ ਤੱਕ ਗਰਮੀ ਘਟਣ ਦੀ ਉਡੀਕ ਕਰਦੇ ਸੁਸਤਾਉਂਦੇ ਰਹਿੰਦੇ।”
 
“ਤਾਂ ਤੇ ਬੜਾ ਮਜ਼ਾ ਆਉਂਦ ਹੋਵੇਗਾ, ਬੋਹੜ ਹੇਠਾਂ ਸੌਂ ਕੇ?”
 
“ਹਾਂ, ਪਿੰਡ ਦੇ ਲੋਕੀਂ ਤਾਂ ਬੋਹੜ ਹੇਠਾਂ ਬੈਠ ਕੇ ਆਰਾਮ ਕਰਦੇ ਹੀ ਸਨ ਪਰ ਰਾਹ ਜਾਂਦੇ ਮੁਸਾਫ਼ਰ ਵੀ ਘੜੀ ਭਰ ਆਰਾਮ ਕਰਨ ਲਈ ਬੋਹੜ ਦੀ ਛਾਂ ਹੇਠ ਬੈਠ ਜਾਇਆ ਕਰਦੇ ਸਨ।”
 
“ਰਾਹ ਜਾਂਦੇ ਮੁਸਾਫ਼ਰ ਵੀ?”
 
“ਹਾਂ, ਲੋਕੀਂ ਬਹੁਤਾ ਕਰਕੇ ਪਹਿਲਾਂ ਪੈਰੀਂ ਤੁਰਕੇ ਹੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਇਆ ਕਰਦੇ ਸਨ। ਬੱਸਾਂ, ਗੱਡੀਆਂ ਜਾਂ ਰਿਕਸ਼ੇ ਆਦਿ ਬਹੁਤ ਹੀ ਟਾਵੇਂ ਟਾਵੇਂ ਹੀ ਹੁੰਦੇ ਸਨ ਖ਼ਾਸ ਕਰਕੇ ਪਿੰਡਾਂ ਥਾਵਾਂ ਤੇ।”
 
“ਅਛਾ।”
 
“ਮਸਾਫ਼ਰ ਬੋਹੜ ਹੇਠਾਂ ਆਰਾਮ ਨਾਲ ਬੈਠ ਕੇ ਘੜੀ ਭਰ ਸਾਹ ਵੀ ਲੈ ਲੈਂਦੇ ਅਤੇ ਲੜ ਬੰਨ੍ਹੀਆਂ ਰੋਟੀਆਂ, ਪਰੌਂਠੇ ਕੱਪੜਿਆਂ-ਪੋਣਿਆਂ ਵਿਚੋਂ ਕੱਢਦੇ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਆਚਾਰ ਜਾਂ ਅਚਾਰ ਦੇ ਮਸਾਲੇ ਨਾਲ ਲਿਬੜੀਆਂ ਰੋਟੀਆਂ-ਪਰੌਂਠੇ ਖਾਂਦੇ ਤਾਂ ਅਸਾਂ ਵੇਖਣ ਵਾਲਿਆਂ ਦੇ ਮੂੰਹ ਵਿੱਚ ਵੀ ਪਾਣੀ ਆ ਜਾਂਦਾ! ਲਾਗੇ ਹੀ ਲੱਗੀ ਹਲਟੀ ਗੇੜ ਕੇ ਠੰਢੇ ਪਾਣੀ ਦੇ ਬੁੱਕ ਭਰ ਭਰ ਪੀਂਦੇ। ਫਿਰ ਕੁਝ ਦੇਰ ਆਰਾਮ ਕਰਕੇ ਨਾ ਚਾਹੁੰਦੇ ਹੋਏ ਵੀ ਆਪਣੇ ਸਫ਼ਰ ਤੇ ਨਿਕਲ ਤੁਰਦੇ!”
 
“ਅਛਾ, ਤਾਂ ਫਿਰ ਇਹ ਤਾਂ ਇੱਕ ਤਰ੍ਹਾ ਦੀ ਵੇਟਿੰਗ ਪਲੇਸ ਸੀ।”
 
“ਬਿਲਕੁਲ ਠੀਕ! ਘੜੀ ਪੱਲ ਤਾਜ਼ੀ ਸਾਫ਼-ਸੁਥਰੀ ਹਵਾ ਵਿੱਚ ਬੈਠਣ ਨਾਲ ਹੀ ਬੰਦੇ ਦੀ ਸਾਰੀ ਥਕਾਨ ਦੂਰ ਹੋ ਜਾਂਦੀ ਅਤੇ ਉਹ ਆਪਣਾ ਅਗਲਾ ਕੰਮ ਕਰਨ ਲਈ ਤਿਆਰ-ਬਰ-ਤਿਆਰ ਹੋ ਜਾਂਦੇ।”
 
“ਅਛਾ, ਹੋਰ?”
 
“ਪਿੰਡ ਦੀਆਂ ਕਈ ਤੀਵੀਆਂ ਰਾਤ ਪੈਣ ਤੇ ਬੋਹੜ ਦੇ ਥੜੇ ਤੇ ਦੀਵੇ ਬਾਲਦੀਆਂ, ਫੁੱਲ ਚਾੜ੍ਹਦੀਆਂ। ਕਈ ਸਵੇਰੇ ਸਵੇਰੇ ਉੱਠ ਕੇ ਪਾਣੀ ਡੋਹਲਦੀਆਂ ਤੇ ਥੜੇ ਨੂੰ ਧੋਂਦੀਆਂ, ਪੂਜਾ ਕਰਦੀਆਂ ਅਤੇ ਮੱਥਾ ਟੇਕਦੀਆਂ। ਲੋਕੀਂ ਬੋਹੜ ਨੂੰ ਬੜਾ ਹੀ ‘ਸੇਕਰਿਡ’ ਭਾਵ ਪਵਿੱਤਰ ਮੰਨਦੇ।”
 
“ਹੋਰ?”
 
“ਹੋਰ? ਹੋਰ ਇਹ ਕਿ ਕਈ ਲੋਕੀਂ ਸਵੇਰ ਦੀ ਸੈਰ ਕਰਨ ਉਪਰੰਤ ਬੋਹੜ ਦੇ ਹੇਠਾਂ ਆਕੇ ਕਸਰਤ ਕਰਦੇ, ਲੰਬੇ ਲੰਬੇ ਸਾਹ ਲੈਂਦੇ, ਯੋਗਾ ਦੇ ਆਸਣ ਕਰਦੇ ਅਤੇ ਪਹਿਲਾਂ ਨਾਲੋਂ ਵੱਧ ਰਿਸ਼ਟ-ਪੁਸ਼ਟ, ਹੈਲਦੀ ਅਤੇ ਸ਼ਕਤੀਸ਼ਾਲੀ ਹੋ ਜਾਂਦੇ।”
 
“’ਅਛਾ।”
 
“ਲੱਖੀ ਪੁੱਤਰ, ਮੈਂ ਉਸ ਬੋਹੜ ਦੀਆਂ ਰੌਣਕਾਂ ਨੂੰ ਬੜੀ ਚੰਗੀ ਤਰ੍ਹਾਂ ਮਾਣਿਆ ਹੈ ਇਸ ਲਈ ਅੱਜ ਵੀ ਮੈਂ ਇਹ ਨਜ਼ਾਰੇ ਭੁੱਲਾ ਨਹੀਂ ਪਾਉਂਦਾ।”
 
ਲੱਖੀ ਨੇ ਵੇਖਿਆ ਕਿ ਇਹ ਕਹਿੰਦਿਆਂ ਕਹਿੰਦਿਆਂ ਉਸਦੇ ਪਿਤਾ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਉਸ ਦੀਆਂ ਅੱਖੀਆਂ ਦੇ ਕਟੋਰਿਆਂ ਅੰਦਰ ਹਿੱਲਦਾ ਪਾਣੀ ਇੰਝ ਲੱਗਦਾ ਸੀ ਕਿ ਸ਼ਾਂਤ ਝੀਲ ਵਿੱਚੋਂ ਪਾਣੀ ਹੁਣੇ ਹੀ ਕੰਢੇ ਤੇ ਵੱਗਿਆ ਕਿ ਵੱਗਿਆ। ਲੱਖੀ ਨੇ ਬੋਹੜ ਬਾਰੇ ਕੁਝ ਜਾਣਕਾਰੀ ਪਰਾਪਤ ਕਰ ਲਈ ਸੀ! ਪਰ ਫਿਰ ਵੀ ਉਸਨੇ ਆਪਣੇ ਪਿਤਾ ਦੀ ਚੁੱਪ ਨੂੰ ਤੋੜਨ ਦੇ ਯਤਨ ਵਿੱਚ ਇੱਕ ਹੋਰ ਸੁਆਲ ਦਾਗਦਿਆਂ ਉਸਦਾ ਮੋਢਾ ਹਿਲੋਣਿਆ: “ਕੀ ਬੋਹੜ ਤੋਂ ਬਿਨਾਂ ਹੋਰ ਕਿਸੇ ਦਰਖ਼ਤ ਦੀ ਛਾਂ ਇੰਨੀ ਸੰਘਣੀ ਅਤੇ ਠੰਢੀ ਨਹੀਂ ਹੁੰਦੀ?”
 
ਮਹਿੰਮਾ ਸਿੰਘ ਨੇ ਪੁੱਤਰ ਦਾ ਕਲਾਵਾ ਭਰਦਿਆਂ ਕਿਹਾ: “ਹਾਂ ਹੁੰਦੀ ਤਾਂ ਹੈ ਪਰ ਉਸ ਦਰਖ਼ਤ ਦੀ ਛਾਂ ਸਭ ਦੇ ਨਸੀਬ ਵਿੱਚ ਸਦਾ ਲਈ ਨਹੀਂ ਹੁੰਦੀ।”
 
“ਸਭ ਦੇ ਨਸੀਬ ਵਿੱਚ ਕਿਉਂ ਨਹੀਂ ਹੁੰਦੀ? ਉਹ ਕਿਹੜੇ ਦਰਖ਼ਤ ਦੀ ਐਸੀ ਛਾਂ ਹੈ?” ਲੱਖੀ ਨੇ ਬੜੀ ਉਤਸਕਤਾ ਨਾਲ ਪੁੱਛਿਆ।
 
“ਉਹ ਦਰਖ਼ਤ ਇੱਕ ਤਰ੍ਹਾਂ ਦੀ ਦੇਵੀ ਦਾ ਰੁਪ ਹੀ ਹੁੰਦੀ ਹੈ। ਜਿਸ ਦੀ ਗੋਦੀ ਵਿੱਚ ਬੈਠਣ ਦਾ ਇੱਕ ਅਨੋਖਾ ਅਤੇ ਅਭੁੱਲ ਸਰੂਰ ਹੁੰਦਾ ਹੈ। ਫ਼ਿਕਰ ਫਾਕਿਆਂ ਤੋਂ ਦੂਰ ਉਸਦੀ ਗੋਦੀ ਵਿੱਚ ਬੇ-ਪਰਵਾਹੀ ਦੀ ਨੀਂਦ ਆ ਜਾਂਦੀ ਹੈ। ਉਥੇ ਅਸੀਸਾਂ ਦੀ ਬਾਰਸ਼ ਹੁੰਦੀ ਹੈ। ਅਣ-ਬਿਆਨਿਆ ਸੁੱਖ ਪਰਾਪਤ ਹੁੰਦਾ ਹੈ। ਉਸਦੀ ਠੰਢੀ ਮਿੱਠੀ ਛਾਂ ਵੀ ਬਾਬਾ ਬੋਹੜ ਵਰਗੀ ਹੀ ਹੈ ਅਤੇ ਸ਼ਾਇਦ ਉਸਤੋਂ ਵੀ ਕੁਝ ਵੱਧ ਹੀ ਹੁੰਦੀ ਹੈ।”
 
“ਕਿਸਦੀ?”
 
“ਬੋਹੜ ਵਰਗੀ ਛਾਂ ਹੁੰਦੀ ਹੈ ਸਿਰਫ਼ ਦੇਵੀ ਵਰਗੀ ਮਾਂ ਦੀ।”
 
“ਮਾਂ ਦੀ?”
 
“ਹਾਂ, ਇੱਕ ਮਾਂ ਦੀ ਹੀ, ਜਿਹੜੀ ਮਾਂ ਦੀ ਛਾਂ ਅੱਜ ਤੇਰੇ ਜਾਂ ਮੇਰੇ ਕਰਮਾਂ ਵਿੱਚ ਨਹੀਂ ਹੈ।”
 
ਅਤੇ ਲੱਖੀ ਤੇ ਮਹਿੰਗਾ ਸਿੰਘ ਇੱਕ ਦੂਜੇ ਦੀ ਛਾਂ ਬਣਨਾ ਲੋਚਦੇ ਇੱਕ ਦੂਜੇ ਦੇ ਗੱਲ ਲੱਗ ਭੁੱਬੀਂ ਰੋ ਪਏ।

(ਪੰਜਾਬੀ.ਕੌਮ ਦੇ ਧੰਨਵਾਦ ਨਾਲ)
***
666
***

 

About the author

ਸੁਰਜੀਤ ਕੌਰ ਕਲਪਨਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ