26 April 2024
mai bashiran

ਦਰਦੋ ਵੇ, ਜੀ ਆਇਆਂ ਨੂੰ—ਬਲਜੀਤ ਖ਼ਾਨ ਸਪੁੱਤਰ ਮਾਈ ਬਸ਼ੀਰਾਂ

“ਸ਼ਦੀਦ ਪਿਆਸ ਸੀ ਪਰ ਠੁੱਡਾ ਮਾਰ ਸੁਰਾਹੀ ਭੰਨ ਸੁੱਟੀ
ਸ਼ਾਇਦ ਇਹ ਵਹਿਸ਼ਤ ਵੀ ਤੇਰੇ ਇਸ਼ਕ ਦਾ ਕਮਾਲ ਸੀ!”
ਕਾਲਜ ਫੈਸਟੀਵਲ ‘ਚ ਉਹਦੀ ਲਿਖੀ ਕਵਿਤਾ ਪੜ੍ਹਕੇ ਹੀ ਤਾਂ ਮੈਨੂੰ ਪਹਿਲਾ ਇਨਾਮ ਮਿਲਿਆ ਸੀ। ਐੱਸ.ਡੀ.ਐਮ. ਭਰਤੀ ਹੋਣ ਲਈ ਇਸੇ ਸਰਟੀਫਿਕੇਟ ਦੇ ਪੰਜ ਨੰਬਰ ਮਿਲੇ ਸਨ।

ਪੜ੍ਹਾਈ-ਲਿਖਾਈ ਵਾਲ਼ਾ ਵੀ ਮੇਰਾ ਕਾਫ਼ੀ ਕੰਮ ਉਹ ਕਰ ਦਿੰਦਾ ਹੁੰਦਾ ਸੀ ਜਿਵੇਂ ਕਾਪੀਆਂ-ਕਿਤਾਬਾਂ ਖਰੀਦ ਕੇ ਲਿਆ ਦੇਣੀਆਂ ਜਾਂ ਲਾਇਬ੍ਰੇਰੀ ‘ਚੋਂ ਲੱਭ ਦੇਣੀਆਂ ਜਾਂ ਨੋਟਿਸ ਤਿਆਰ ਕਰ ਦੇਣੇ। ਮੈਂ ਤਕੜੇ ਘਰ ਦੀ ਸਾਂ ਸੋਚਿਆ ਕਰਦੀ ਸਾਂ ਸ਼ਾਇਦ ਉਹ ਇਸੇ ਗੱਲ ਦੀ ਮੈਥੋਂ ਝੇਫ ਮੰਨਦਾ ਏ ਪਰ ਉਹਦੇ ਵੱਲੋਂ ਗੱਲ ਕੁਝ ਹੋਰ ਸੀ। ਮੈਨੂੰ ਤਾਂ ਵਧੀਆ ਸੀ ਮੁਫ਼ਤ ਦਾ ਗ਼ੁਲਾਮ ਮਿਲਿਆ ਹੋਇਆ ਸੀ।

ਪੰਦਰਾਂ ਸਾਲ਼ ਦੀ ਸਰਵਿਸ ਬਾਅਦ ਛੇ ਮਹੀਨੇ ਪਹਿਲਾਂ ਆਪਣੇ ਹੀ ਸ਼ਹਿਰ ‘ਚ ਬਦਲੀ ਹੋਈ ਤਾਂ ਚਾਅ ਨਾ ਸਾਂਭਿਆ ਜਾਵੇ। ਸ਼ਹਿਰ ‘ਚ ਇੱਕ ਅਧਿਆਪਕ ਦੇ ਬੜੇ ਚਰਚੇ ਸੁਣੇ, ਲੋੜਵੰਦ ਬੱਚੇ ਜਿਹੜੇ ਵੱਡੀਆਂ ਫੀਸਾਂ ਨਹੀਂ ਭਰ ਸਕਦੇ ਉਹਨਾਂ ਨੂੰ ਮੁਫ਼ਤ ਪੜ੍ਹਾਉਂਦਾ ਏ, ਮੈਂ ਮਾਣ-ਸਨਮਾਨ ਕਰਨ ਚਲੀ ਗਈ। ਮੁਹੱਲਾ ਜਾਣਿਆ-ਪਛਾਣਿਆ ਜਿਹਾ ਲੱਗੇ। ਗੱਡੀ ਸੜਕ ‘ਤੇ ਠੱਲ੍ਹਕੇ ਜਦੋਂ ਮੈਂ ਦੋ ਕਮਰਿਆਂ ਦੇ ਖਸਤਾ ਹਾਲ ਮਕਾਨ ਦੇ ਵਿਹੜੇ ‘ਚ ਪੈਰ ਧਰਿਆ ਤਾਂ ਇੱਕ ਕਮਰੇ ‘ਚੋਂ ਕੋਈ ਕਵਿਤਾ ਪੜ੍ਹ ਰਿਹਾ ਸੀ:

“ਦਰਦੋ ਵੇ, ਜੀ ਆਇਆਂ ਨੂੰ
ਜ਼ਖ਼ਮ ਨਵੇਂ ਦੀ ਨੀਂਹ ਪੁੱਟ ਡੂੰਘੀ
ਧਰ ਜੋ ਵੇ, ਜੀ ਆਇਆਂ ਨੂੰ 

ਅੱਖੀਓ ਨੀ, ਤੁਸੀਂ ਅੰਨ੍ਹੀਆਂ ਹੋ ਜੋ
ਕੰਨੋਂ ਵੇ, ਤੁਸੀਂ ਹੋ ਜੋ ਬੋਲ਼ੇ
ਵੇ ਦਿਲ਼ਾ, ਤੂੰ ਧੜਕਣਾ ਛੱਡ ਦੇ
ਠਰ ਜੋ ਵੇ, ਜੀ ਆਇਆਂ ਨੂੰ
ਦਰਦੋ ਵੇ, ਜੀ ਆਇਆਂ ਨੂੰ

ਉੱਚਾ ਮਹਿਲ ਅਮੀਰਾਂ ਦਾ
ਤੇ ਕੱਚੀ ਬਸਤੀ ਕੰਮੀਆਂ ਦੀ
ਵੇ ਬੱਦਲੋ, ਕੀ ਵਿੰਹਦੇ ਓਂ
ਵਰੵ ਜੋ ਵੇ, ਜੀ ਆਇਆਂ ਨੂੰ
ਦਰਦੋ ਵੇ, ਜੀ ਆਇਆਂ ਨੂੰ

ਲੱਤਾਂ ਵੱਢੋ ਜਾਂ ਸਿਰ ਪਾੜੋ
ਦਬ ਦਿਉ ਜਾਂ ਫਿਰ ਸਾੜੋ
ਮੇਰੇ ਨਾਲ਼ ਏ ਜੋ ਵੀ ਕਰਨਾ
ਕਰ ਦੋ ਵੇ, ਜੀ ਆਇਆਂ ਨੂੰ
ਦਰਦੋ ਵੇ, ਜੀ ਆਇਆਂ ਨੂੰ

ਦੇਸ਼-ਧ੍ਰੋਹੀ, ਪਾਗਲ, ਨਕਸਲ
ਥੋਡੇ ਕੋਲ਼ੇ ਗੱਲਾਂ ਤਿੰਨ
ਦੋਸ਼ ਮੇਰੇ ‘ਤੇ ਜੋ ਵੀ ਲਾਉਣਾ
ਮੱਥਾ ਮੇਰਾ ਹਾਜ਼ਰ ਏ
ਮੜ੍ਹ ਜੋ ਵੇ, ਜੀ ਆਇਆਂ ਨੂੰ
ਦਰਦੋ ਵੇ, ਜੀ ਆਇਆਂ ਨੂੰ

ਜ਼ਖ਼ਮ ਨਵੇਂ ਦੀ ਨੀਂਹ ਪੁੱਟ ਡੂੰਘੀ
ਧਰ ਜੋ ਵੇ, ਜੀ ਆਇਆਂ ਨੂੰ!”

ਹਾਏ, ਇਹ ਤਾਂ ਉਹੀ ਇੰਦਰ ਸੀ, ਚੁਤਾਲ਼ੀ-ਪੰਤਾਲ਼ੀ ਸਾਲ਼ ਦੀ ਉਮਰ ‘ਚ ਅੱਧੇ ਤੋਂ ਵੱਧ ਸਿਰ ਦੇ ਵਾਲ ਤੇ ਦਾੜ੍ਹੀ ਚਿੱਟੀ। ਲੱਸੀ ਦੇ ਨੱਕੋ-ਨੱਕ ਭਰੇ ਪਿੱਤਲ ਦੇ ਗਲਾਸ ਵਰਗਾ ਛੈਲ ਜਵਾਨ, ਬਾਂਕਾ ਗੱਭਰੂ ਸੀ ਉਹ, ਛੇ ਫੁੱਟੇ ਬਰਛੇ ਦੀ ਮਾਰ ਨੂੰ ਪਿਛਾਂਹ ਸੁੱਟਣ ਵਾਲ਼ਾ, ਸੋਹਣਾ-ਸੁਨੱਖਾ, ਸਾਦਗੀ ਪਸੰਦ, ਲਿਆਕਤ ਨਾਲ਼ ਬੋਲਣ ਵਾਲ਼ਾ।

ਉਹਨੇ ਮੈਨੂੰ ਨਾ ਪਛਾਣਨ ਦਾ ਢੋਂਗ ਤਾਂ ਰਚਾਇਆ ਪਰ ਫੇਲ ਹੋ ਗਿਆ ਜਦੋਂ ਮੈਂ ਉਹਦਾ ਕੱਚਾ ਨਾਂ ਲੈ ਬੁਲਾਇਆ, “ਇੰਦਰ, ਜੋ ਮੈਨੂੰ ਨਾਲ਼ ਦੀਆਂ ਕੁੜੀਆਂ ਕਹਿਕੇ ਛੇੜਿਆ ਕਰਦੀਆਂ ਸਨ ਤੂੰ ਕਿਉਂ ਨੀਂ ਉੱਕਰਿਆ ਆਪ ਮੂੰਹੋਂ?”

“ਨਹੀਂ ਜੀ, ਸਾਡੀ ਏਡੀ ਔਕਾਤ ਕਿੱਥੇ? ਕਿੱਥੇ ਮਹਿਲ ਤੇ ਕਿੱਥੇ ਮੋਰੀ ਦੀ ਇੱਟ! ਪਤਾ ਨੀਂ ਲੱਗਦਾ ਪਿਆ, ਜੀ,  ਥੋਨੂੰ ਕਿੱਥੇ ਬਿਠਾਵਾਂ, ਥੋਡੀ ਕੀ ਸੇਵਾ ਕਰਾਂ, ਮੇਰੇ ਤਾਂ ਅੰਗ-ਪੈਰ ਈ ਝੂਠੇ ਪਈ ਜਾਂਦੇ ਆ!”
ਉਹ ਕੁਝ ਬੋਲਿਆ ਨਹੀਂ ਪਰ ਉਹਦੀ ਜ਼ਿੰਦਗੀ ਗਵਾਹ ਏ, ਮੁਹੱਬਤ ਕੁਰਬਾਨੀ ਮੰਗਦੀ ਏ।

ਆਉਂਦੀ ਹੋਈ ਮੈਂ ਉਹਦੀ ਡਾਇਰੀ ਮੰਗ ਲਿਆਈ। ਉਹ ਇਉਂ ਲਿਖਦਾ ਏ:

“ਗੱਲ ਦਿਲ ‘ਤੇ ਲਾਉਣ ਵਾਲ਼ੇ ਦੁਸ਼ਮਣੀ ਤੇ ਮੁਹੱਬਤ ਇੱਕੋ ਜਿੰਨੀ ਸ਼ਿੱਦਤ ਨਾਲ਼ ਨਿਭਾਉਂਦੇ ਨੇ!”

“ਦਿਲ ‘ਚ ਜੰਮਦੇ ਜਜ਼ਬਾਤਾਂ ਤੇ ਅੱਖਾਂ ‘ਚ ਲੁਕੇ ਹੰਝੂਆਂ ਦਾ, ਗਵਾਹ ਮੈਂ ਵਾਹਿਦ ਆਂ,
ਲਿਖਦਾ ਮੈਂ ਕਹਾਣੀ ਆਂ, ਉਂਝ ਬੰਦਾ ਮੈਂ ਸ਼ਾਇਰ ਆਂ!”

“ਸ਼ਦੀਦ ਪਿਆਸ ਸੀ ਪਰ ਠੁੱਡਾ ਮਾਰ ਸੁਰਾਹੀ ਭੰਨ ਸੁੱਟੀ
ਸ਼ਾਇਦ ਇਹ ਵਹਿਸ਼ਤ ਵੀ ਤੇਰੇ ਇਸ਼ਕ ਦਾ ਕਮਾਲ ਸੀ!”

“‘ਫਿਰ ਸਹੀ!’ ਕਹਿਕੇ, ਦਰਦ ਦੇ ਇਲਾਜ਼ ਨੂੰ ਮੈਂ ਕੱਲ੍ਹ ‘ਤੇ ਟਾਲ਼ ਦਿੰਦਾ ਵਾਂ,
ਆਲਸ ਨਹੀਂ ਕੋਈ ਬੱਸ, ਤੇਰੇ ਖ਼ਿਆਲ ਨਾਲ਼ ਮੁਹੱਬਤ ਏ!”

“ਦਰਦ ਵੀ ਲਕੜਬੱਗੇ ਹਨ ਜੋ ਜਿਉਂਦੇ ਬੰਦੇ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ।”

“ਜ਼ਿੰਦਗੀ ਦਾ ਦੁਰਮਟ ਰੋੜੀ ਕੁੱਟਕੇ ਪੱਧਰੀ ਨਹੀਂ ਕਰਦਾ ਸਗੋਂ ਮਲੀਆਮੇਟ ਕਰਦਾ ਏ।”

“ਜੰਗਲੀ ਘਾਹ ਨੂੰ ਕਿਹੜਾ ਕੋਈ ਪਾਣੀ ਲਾਉਂਦਾ ਏ, ਕੁਦਰਤ ਆਸਰੇ ਪਲਦਾ ਏ।”

“ਜੇ ਤੂੰ ਲੋਹਾ ਬਣਨਾ ਤਾਂ ਕਧੂਈ ਬਣ ਜੀਂ, ਤੇ ਹਿਜ਼ਰਾਂ ਦੇ ਲੋਗੜ ਨਗੰਦ ਛੱਡੀਂ,
ਜੇ ਤੂੰ ਕੱਚ ਬਣਨਾ ਤਾਂ ਸਲਾਈ ਬਣ ਜੀਂ, ਅੰਨ੍ਹੇ ਨੈਣਾਂ ‘ਚ ਸੁਰਮ ਚਾਨਣ ਪਾ ਦੇਵੀਂ!”

“ਆਪੋ-ਆਪਣੇ ਮਨ ਦੀ ਗੱਲ ਹੁੰਦੀ ਏ, ਕੋਈ ਧਾਰਮਕ ਸਥਲਾਂ ‘ਤੇ ਵੀ ਸ਼ਿਕਾਰ ਲੱਭ ਲੈਂਦਾ ਏ ਤੇ ਕਿਸੇ ਨੂੰ ਕੰਜਰੀਖ਼ਾਨੇ ‘ਚੋਂ ਵੀ ਕੁਝ ਨੀਂ ਥਿਆਂਉਦਾ।”

“ਸ਼ੌਂਕ ਦੇ ਰਾਗ ਅਤੇ ਮਜ਼ਬੂਰੀ ਦੇ ਵੈਣਾਂ ‘ਚ ਫ਼ਰਕ ਹੁੰਦਾ ਏ।”

ਤੇ ਇਸ ਸਭ ਕਾਸੇ ਨੂੰ ਉਹ ‘ਕੂੜਾ-ਕਬਾੜਾ” ਦੱਸਦਾ ਏ।

ਕੂੜਾ-ਕਬਾੜਾ

 

ਮੈਨੂੰ ਆਪਣਾ-ਆਪ ਦੋਸ਼ੀ ਪ੍ਰਤੀਤ ਹੁੰਦਾ ਏ ਜਿਵੇਂ ਸਾਰੀ ਉਮਰ ਕਿਸੇ ਨੇ ਢੱਗੇ ਨੂੰ ਜੋਤਕੇ ਅੰਤਲੜੇ ਸਮੇਂ ਘਰੋਂ ਕੱਢ ਦਿੱਤਾ ਹੋਵੇ।
***
(ਬਲਜੀਤ ਖ਼ਾਨ ਸਪੁੱਤਰ ਮਾਈ ਬਸ਼ੀਰਾਂ। ਨੌਂ ਸਤੰਬਰ, ਵੀਹ ਸੌ ਇੱਕੀ।)

***
(ਪਹਿਲੀ ਵਾਰ ਛਪਿਆ 21 ਸਤੰਬਰ 2021
***
382
***

About the author

balji_khan
ਬਲਜੀਤ ਖਾਨ, ਮੋਗਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Smalsar, Moga, Punjab, India

ਬਲਜੀਤ ਖਾਨ, ਮੋਗਾ

Smalsar, Moga, Punjab, India

View all posts by ਬਲਜੀਤ ਖਾਨ, ਮੋਗਾ →