ਇਸ ਨਾਵਲੇੱਟ ਦੀ ਮਲਵਈ ਠੇਠ, ਸਰਲ ਅਤੇ ਬੋਲਚਾਲ ਵਾਲੀ ਸ਼ਬਦਾਵਲੀ ਹੈ। ਨਾਵਲੱੇਟ ਦੇ 15 ਚੈਪਟਰ ਹਨ ਪ੍ਰੰਤੂ ਹਰ ਚੈਪਟਰ ਇਕ ਮੁਕੰਮਲ ਕਹਾਣੀ/ਮਿੰਨੀ ਕਹਾਣੀ ਮਹਿਸੂਸ ਹੁੰਦਾ ਹੈ। ਲੇਖਕ ਦੀ ਕਮਾਲ ਇਸ ਵਿੱਚ ਹੈ ਕਿ ਹਰ ਚੈਪਟਰ ਰੌਚਕ ਹੈ ਅਤੇ ਅਗਲਾ ਚੈਪਟਰ ਪੜ੍ਹਨ ਲਈ ਰੌਚਕਤਾ ਅਤੇ ਜਗਿਆਸਾ ਬਰਕਰਾਰ ਰਹਿੰਦੀ ਹੈ। ਸਾਹਿਤਕਾਰਾਂ ਵਿੱਚ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਸਮਝਣ ਦੀ ਸਮਰੱਥਾ ਵਧੇਰੇ ਹੁੰਦੀ ਹੈ। ਬਿਲਕੁਲ ਉਸੇ ਤਰ੍ਹਾਂ ਕਰਮਜੀਤ ਸਿੰਘ ਸੂਰੀ ਵਿੱਚ ਇਹ ਸਮਰੱਥਾ ਵੀ ਜ਼ਿਆਦਾ ਹੈ, ਉਨ੍ਹਾਂ ਦਾ ਜੀਵਨ ਦਾ ਤਜ਼ਰਬਾ ਵੀ ਵਿਸ਼ਾਲ ਹੈ। ਉਨ੍ਹਾਂ ਆਪਣੇ ਇਸ ਤਜ਼ਰਬੇ ਦੇ ਆਧਾਰ ‘ਤੇ ਸਮਾਜਿਕ ਕੁਰੀਤੀਆਂ ਨੂੰ ਇਸ ਨਾਵਲੇੱਟ ਰਾਹੀਂ ਲੋਕਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਤੋਂ ਸਬਕ ਸਿੱਖਣ ਲਈ ਪ੍ਰੇਰਿਤ ਕੀਤਾ ਹੈ। ਮੁਹਾਵਰਿਆਂ ਦੀ ਵਰਤੋਂ ਕਰਕੇ ਵੀ ਰੌਚਕਤਾ ਵਿੱਚ ਵਾਧਾ ਹੁੰਦਾ ਹੈ, ਉਦਾਹਰਣ ਲਈ ਜਿਵੇਂ ‘ਅੰਨ੍ਹਿਆਂ ਵਿੱਚ ਕਾਣਾ ਰਾਜਾ’, ‘ਮਰਦਾ ਕੀ ਨਹੀਂ ਕਰਦਾ’, ‘ਮਤਲਬੀ ਯਾਰ ਜਿਸਕੇ, ਕੰਮ ਕੱਢਿਆ ਤੇ ਖਿਸਕੇ’, ‘ਰੰਡੀ ਤਾਂ ਰੰਡੇਪਾ ਕੱਟ ਲਵੇ, ਪਰ ਮੁਸ਼ਟੰਡੇ ਨਹੀਂ ਜੀਣ ਦਿੰਦੇ’ ‘ਦੇਰ ਆਏ ਦਰੁੱਸਤ ਆਏ’, ‘ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ, ਭੁੱਲਿਆ ਨਹੀਂ ਗਿਣਿਆ ਜਾਂਦਾ’ ਆਦਿ ਵਰਤੇ ਗਏ ਹਨ। ਨਾਵਲੇੱਟ ਦੇ ਸਿਰਲੇਖ ਤੋਂ ਇਸਦੇ ਵਿਸ਼ੇ ਦੀ ਜਾਣਕਾਰੀ ਮਿਲ ਜਾਂਦੀ ਹੈ ਪ੍ਰੰਤੂ ਸਾਰਾ ਨਾਵਲੇੱਟ ਪੜ੍ਹਨ ਤੋਂ ਬਾਅਦ ਪਤਾ ਲਗਦਾ ਹੈ ਕਿ ਲੇਖਕ ਨੇ ਉਦਾਹਰਣਾ ਦੇ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਨਸਾਨੀ ਫਿਤਰਤ ਹੈ ਕਿ ਇਨਸਾਨ ਜਿਸ ਨੂੰ ਪਿਆਰ ਕਰਦਾ ਹੈ, ਉਸਤੇ ਆਪਣਾ ਕਬਜ਼ਾ ਸਮਝਦਾ ਹੈ। ਹੋਰ ਕਿਸੇ ਨੂੰ ਉਸਦੇ ਨੇੜੇ ਢੁਕਣ ਨਹੀਂ ਦੇਣਾ ਚਾਹੁੰਦਾ। ਵਿਪਨ ਅਤੇ ਗੁਰਦਿਆਲ ਦੋਹਾਂ ਦੋਸਤਾਂ ਦਾ ਆਪਸ ਵਿੱਚ ਪਿਆਰ ਹੈ। ਇਸ ਕਰਕੇ ਵਿਪਨ ਆਪਣੇ ਦੋਸਤ ਗੁਰਦਿਆਲ ਤੇ ਆਪਣਾ ਕਬਜ਼ਾ ਸਮਝਦਾ ਹੈ, ਉਸਦੀ ਕੋਸ਼ਿਸ਼ ਰਹਿੰਦੀ ਹੈ ਕਿ ਉਸ ਤੋਂ ਬਿਨਾ ਹੋਰ ਕੋਈ ਦੋਸਤ ਉਸਦੇ ਨੇੜੇ ਨਾ ਜਾ ਸਕੇ। ਨਰੇਸ਼ ਨੂੰ ਉਸ ਨੇ ਗੁਰਦਿਆਲ ਤੋਂ ਦੂਰ ਰੱਖਣ ਲਈ ਹਰ ਹੀਲਾ ਵਰਤਿਆ ਹੈ। ਏਸੇ ਤਰ੍ਹਾਂ ਵਿਪਨ ਦੀ ਮਾਤਾ ਦੀ ਮੌਤ ਤੋਂ ਬਾਅਦ ਉਸਦਾ ਮਾਮਾ, ਆਪਣੀ ਭੈਣ ਦੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਲੈ ਕੇ ਉਹ ਉਨ੍ਹਾਂ ਤੇ ਆਪਣਾ ਕਬਜ਼ਾ ਸਮਝਦਾ ਹੈ। ਉਹ ਪਰਿਵਾਰ ਦੇ ਹਰ ਮੈਂਬਰ ਨੂੰ ਆਪਣੇ ਕਹਿਣੇ ਵਿੱਚ ਰਖਣਾ ਚਾਹੁੰਦਾ ਹੈ ਪ੍ਰੰਤੂ ਜਦੋਂ ਪਰਿਵਾਰ ਉਸ ਦੀ ਗੱਲ ਮੰਨਣੋ ਹਟ ਜਾਂਦਾ ਹੈ ਤਾਂ ਉਹ ਵਿਆਹ ਕਰਵਾਕੇ ਵੱਖਰਾ ਹੋ ਜਾਂਦਾ ਹੈ। ਗੁਰਦਿਆਲ ਦੀਆਂ ਭੈਣਾਂ ਆਪਣੇ ਭਰਾ ਤੇ ਕਬਜ਼ਾ ਸਮਝਦੀਆਂ ਹਨ, ਜਦੋਂ ਉਨ੍ਹਾਂ ਦੇ ਚਾਚੇ ਦੀ ਲੜਕੀ ਉਨ੍ਹਾਂ ਕੋਲ ਪੜ੍ਹਨ ਲਈ ਆਉਂਦੀ ਹੈ ਤਾਂ ਗੁਰਦਿਆਲ ਦਾ ਉਸ ਨਾਲ ਮਿਲਣਾ ਜੁਲਣਾ ਉਨ੍ਹਾਂ ਨੂੰ ਚੰਗਾ ਨਹੀਂ ਲਗਦਾ, ਉਹ ਭਰਾ ਦਾ ਪਿਆਰ ਵੰਡਿਆ ਨਹੀਂ ਚਾਹੁੰਦੀਆਂ। ਇਸ ਲਈ ਉਹ ਆਪਣੀ ਚਚੇਰੀ ਭੈਣ ਦੇ ਵਿਰੁਧ ਬੋਲਦੀਆਂ ਹਨ। ਭਾਵ ਉਹ ਆਪਣੇ ਭਰਾ ‘ਤੇ ਆਪਣਾ ਕਬਜ਼ਾ ਗੁਆਉਣਾ ਨਹੀਂ ਚਾਹੁੰਦੀਆਂ। ਗੁਰਦਿਆਲ ਦਾ ਪਿਤਾ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੇ ਵਿਭਾਗ ਦੀ ਸਟੈਨੋ ਤੇ ਆਪਣਾ ਕਬਜ਼ਾ ਸਮਝਦਾ ਹੈ। ਉਸ ਨੂੰ, ਪਰਿਵਾਰ ਨੂੰ ਬਗ਼ੈਰ ਦੱਸੇ, ਪਹਾੜਾਂ ਵਿੱਚ ਸੈਰ ਕਰਵਾਉਣ ਲਈ ਲੈ ਜਾਂਦਾ ਹੈ। ਵੰਦਨਾ ਆਪਣੇ ਪਤੀ ਵਿਪਨ ਅਤੇ ਬੱਚਿਆਂ ‘ਤੇ ਆਪਣਾ ਕਬਜ਼ਾ ਚਾਹੁੰਦੀ ਹੈ। ਉਹ ਵਿਪਨ ਅਤੇ ਗੁਰਦਿਆਲ ਦੀ ਦੋਸਤੀ ਵਿੱਚ ਕੜਵਾਹਟ ਪੈਦਾ ਕਰਨ ਦੀ ਹਰ ਕੋਸ਼ਿਸ਼ ਕਰਦੀ ਹੈ। ਫਿਰ ਵਿਪਨ ਦੀ ਪਤਨੀ ਬੱਚਿਆਂ ਤੇ ਕਬਜ਼ਾ ਕਰਦੀ ਹੈ। ਰਾਹੀ ਪਰਿਵਾਰ ਵਿਪਨ ‘ਤੇ ਕਬਜ਼ਾ ਚਾਹੁੰਦੇ ਹਨ, ਜਿਸ ਨੂੰ ਵੰਦਨਾ ਚੰਗਾ ਨਹੀਂ ਸਮਝਦੀ, ਕਬਜ਼ਾ ਨਾਵਲੱੇਟ ਦਾ ਮੁੱਖ ਵਿਸ਼ਾ ਹੈ ਪ੍ਰੰਤੂ ਲੇਖਕ ਨੇ ਹੋਰ ਵੀ ਬਹੁਤ ਸਾਰੇ ਮਹੱਤਵਪੂਰਨ ਵਿਸ਼ਿਆਂ ਨੂੰ ਨਾਵਲੇੱਟ ਵਿੱਚ ਲਿਆ ਹੈ, ਜਿਹੜੇ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ। ਮਰਦ-ਔਰਤ ਦੀ ਕਮਜ਼ੋਰੀ ਅਤੇ ਆਪਸੀ ਪਿਆਰ, ਬਜ਼ੁਰਗਾਂ ਦਾ ਇਸ਼ਕ, ਘਰਾਂ ਵਿੱਚ ਲੜਕੀਆਂ ਨਾਲ ਸਰੀਰਕ ਹਿੰਸਾ, ਅਨਾਥ ਬੱਚਿਆਂ ਦੀ ਦੁਰਦਸ਼ਾ, ਦੁੱਖ ਮੌਕੇ ਨਜ਼ਦੀਕੀ ਰਿਸ਼ਤੇਦਾਰਾਂ ਦਾ ਸਾਥ ਛੱਡਣਾ, ਸ਼ੱਕ ਦੀ ਸਮਾਜਿਕ ਬੁਰਾਈ, ਔਰਤਾਂ ਵਿੱਚ ਡਿਪਰੈਸ਼ਨ, ਆਰਥਿਕ ਮੰਦਹਾਲੀ, ਦੋਸਤਾਂ ਦੀ ਦੋਸਤੀ, ਵਿਓਪਾਰ ਵਿੱਚ ਧੋਖੇ, ਇਸਤਰੀਆਂ ਵਿੱਚ ਸ਼ੱਕ ਦੀ ਪ੍ਰਵਿਰਤੀ ਜਿਹੜੀ ਘਰ ਬਰਬਾਦ ਕਰ ਦਿੰਦੀ ਹੈ, ਪੁਲਿਸ-ਤੰਤਰ ਵਿੱਚ ਭਰਿਸ਼ਟਾਚਾਰ, ਸਿਆਸੀ ਦਖ਼ਲਅੰਦਾਜ਼ੀ, ਜ਼ਮੀਨਾਂ ਦੇ ਝਗੜੇ, ਜਾਇਦਾਦਾਂ ਦੇ ਲਾਲਚ, ਮਾਵਾਂ ਦਾ ਬੱਚਿਆਂ ਨੂੰ ਲਾਡ ਨਾਲ ਵਿਗਾੜਨਾ ਆਦਿ ਵਰਨਣਯੋਗ ਹਨ।
180 ਰੁਪਏ ਕੀਮਤ, 112 ਪੰਨਿਆਂ ਵਾਲਾ ‘ਕਬਜ਼ਾ’ ਨਾਵਲੇੱਟ ਨਵਰੰਗ ਪਬਲੀਕੇਸ਼ਨਜ਼ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ। ਭਵਿਖ ਵਿੱਚ ਕਰਮਵੀਰ ਸਿੰਘ ਸੂਰੀ ਤੋਂ ਹੋਰ ਬਿਹਤਰੀਨ ਰਚਨਾਵਾਂ ਲਿਖਣ ਦੀ ਉਮੀਦ ਹੈ ਕਿਉਂਕਿ ਉਨ੍ਹਾਂ ਦੀ ਪਰਿਵਾਰਿਕ ਵਿਰਾਸਤ ਸਾਹਿਤ ਨੂੰ ਪ੍ਰਣਾਈ ਹੋਈ ਹੈ। ਇਸ ਨਾਵਲੇੱਟ ਲਈ ਉਹ ਵਧਾਈ ਦੇ ਪਾਤਰ ਹਨ। |