28 April 2024

ਭਾਰਤ ਦੇ ਆਜ਼ਾਦੀ ਦਿਵਸ ‘ਤੇ ਵਿਸ਼ੇਸ਼: ਆਜ਼ਾਦੀ ਦਿਵਸ ਜਾਂ ਗ਼ੁਲਾਮੀ ਪ੍ਰਦਰਸ਼ਨ? — ਡਾ. ਸੁਖਪਾਲ ਸੰਘੇੜਾ

15 ਅਗਸਤ 1947 ਭਾਰਤ ਵਿੱਚ ਇਕ ਇਤਿਹਾਸਿਕ ਦਿਨ ਹੈ। ਉਸ ਸਾਲ ਪੰਜਾਬ ਵਿੱਚ 15 ਅਗਸਤ ਤੇ ਇਹਦੇ ਆਲੇ ਦੁਆਲੇ ਦਿਨਾਂ ਦੇ ਦ੍ਰਿਸ਼: ਪੂਰਬੀ ਤੇ ਪੱਛਮੀ ਹਿੱਸਿਆਂ ਨੂੰ ਵੱਖ ਕਰਦੀ ਲਕੀਰ ਦਾ ਚੀਰਾ, ਪੱਛਮੀ ਹਿੱਸੇ ਨੂੰ ਪਾਕਿਸਤਾਨ ਨਾਲ ਮਿਲਾਉਣ ਲਈ ਲਕੀਰ ਨੂੰ ਦੋਨਾਂ ਪਾਸਿਆਂ ਤੋਂ ਪਾਰ ਕਰਦੇ ਮਾਸੂਮ ਲੋਕਾਂ ਦੇ ਕਾਫਲੇ; ਮਿਲਵਰਤੋਂ ਤੇ ਸਦਭਾਵਨਾਂ ਦੇ ਮਾਹੌਲ ਵਿੱਚ ਜੀਅ ਰਹੇ ਵੱਖ ਵੱਖ ਧਰਮਾਂ ਲੋਕਾਂ ਉੱਪਰ ਅਚਾਨਕ ਗੁੰਡਾਗਰਦੀ ਸਣੇ ਫ਼ਿਰਕੂ ਜਨੂੰਨ ਦੀ ਝੁੱਲਣ ਲੱਗ ਪਈ ਹਨੇਰੀ; ਕਾਫ਼ਲਿਆਂ ਤੇ ਪਿੰਡਾਂ ਉੱਪਰ ਹੋ ਰਹੇ ਵਹਿਸ਼ੀਆਨਾ ਹਮਲੇ; ਬੇਪਤੀ, ਲੁੱਟ-ਖੋਹ, ਕਤਲੇਆਮ, ਤੇ ਮਨੁੱਖੀ ਲਾਸ਼ਾ ਦੇ ਵਿਛ ਰਹੇ ਢੇਰ। ਇਹੀ ਕੁੱਛ ਭਾਰਤ ਦੀ ਪੂਰਬੀ ਗੁੱਠ ਵਿੱਚ ਬੰਗਾਲ ਵੰਡ ਦੌਰਾਨ ਹੋ ਰਿਹਾ ਸੀ, ਪੂਰਬੀ ਪਾਕਿਸਤਾਨ ਦਾ ਗਠਨ ਕਰਦੇ ਹੋਏ। ਕੁੱਲ ਮਿਲਾ ਕੇ ਕਰੀਬ 5 ਲੱਖ ਇਨਸਾਨ ਮੌਤ ਦੇ ਘਾਟ ਉਤਾਰ ਦਿੱਤੇ ਗਏ, ਦਹਿ ਹਜ਼ਾਰਾਂ ਜ਼ਖਮੀ ਹੋਏ, ਤੇ ਇੱਕ ਕਰੋੜ ਤੋਂ ਵੱਧ ਘਰੋਂ ਬੇਘਰ ਹੋਏ ਸ਼ਰਨਾਰਥੀ ਬਣੇ।

ਭਾਰਤੀ ਲੋਕਾਂ ਦੀ ਸਦੀਆਂ ਲੰਬੀ ਦੇਸੀ ਤੇ ਵਿਦੇਸ਼ੀ ਗ਼ੁਲਾਮੀ ‘ਚੋਂ ਨਿੱਕਲਿਆਂ, ਏਹ ਉਹੀ 15 ਅਗਸਤ ਹੈ ਜੋ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਜਿਸ ਦੇਸ਼ ਦੀ ‘ਆਜ਼ਾਦੀ’ ਇਸ ਤਰ੍ਹਾਂ ਦੀ ਹੋਵੇ, ਉਹਦੀ ਗ਼ਲਾਮੀ ਕਿਸ ਤਰ੍ਹਾਂ ਦੀ ਹੋਵੇਗੀ? ਇਸ ਬਹੁਤ ਵਾਜਵ ਪ੍ਰਸ਼ਨ ਦੇ ਉੱਤਰ ਵੱਲ ਇਸ਼ਾਰਾ ਸ਼ਰਮ ਤੇ ਵਿਆਕੁਲਤਾ ਨਾਲ ਭਰੀ ਉਸ ਸਚਾਈ ਵਿੱਚ ਪਿਆ ਹੈ, ਜਿਹਦਾ ਅੱਖਾਂ ਵਿੱਚ ਅੱਖਾਂ ਪਾ ਕੇ ਸਾਹਮਣਾ ਕਰਨ ਦੀ ਅਸੀਂ ਅਕਸਰ ਹਿੰਮਤ ਕਰਦੇ। ਇਹ ਸਚਾਈ ਹੈ ਕਿ ਮਨੁੱਖਤਾ ਦੀ ਉੱਤਕ ਬੇਪਤੀ, ਲੁੱਟ-ਖੋਹ, ਤੇ ਕਤਲੇਆਮ ਕਰਨ ਵਾਲੇ ਕੋਈ ਬਾਬਰ, ਅਬਦਾਲੀ, ਨਾਦਰ ਸ਼ਾਹ, ਜਾਂ ਅੰਗਰੇਜ਼ ਨਹੀਂ, ਸਗੋਂ ਫ਼ਿਰਕੂ ਜਨੂੰਨ ਦੀ ਹਨੇਰੀ ਵਿੱਚ ਝੁੱਲ ਗਏ ‘ਲੋਕ’ ਹੀ ਸਨ; ਹਨੇਰੀ ਨੂੰ ਜਨਮ ਚਾਹੇ ਸੱਤਾ ਭੁੱਖੇ ਸਿਆਸੀ ਤੇ ਫ਼ਿਰਕੂ ਨੇਤਾਵਾਂ ਨੇ ਹੀ ਦਿੱਤਾ ਸੀ। ਤੇ ਉਸ ਖ਼ੂਨਖਾਰ ਪਸ਼ੂਪੁਣੇ ਦਾ ਬੂਥਾ ਭੰਨਣ ਜਾਂ ਫ਼ਿਰਕੂ ਹਨੇਰੀ ਝੁੱਲਣ ਤੋਂ ਰੋਕਣ ਵਾਲੀ ਬਰਾਬਰ ਦੀ ਸ਼ਕਤੀ ਵਾਲੀ ਕੋਈ ਲੋਕ ਲਹਿਰ ਪੈਦਾ ਨਹੀਂ ਹੋਈ। ਇੱਥੇ ਹੀ ਬੱਸ ਨਹੀਂ, ‘ਆਜ਼ਾਦ’ ਭਾਰਤ ਦੀ ਤ੍ਰਾਸਦੀ ਹੈ ਕਿ 15 ਅਗਸਤ 1947 ਤੋਂ ਕਰੀਬ ਪੌਣੀ ਸਦੀ ਬਾਅਦ, ਅੱਜ ਵੀ ਭਾਰਤੀ ਹਾਕਮ ਤੇ ਫ਼ਿਰਕੂ ਸ਼ਕਤੀਆਂ ਆਪਣੇ ਸੌੜੇ ਸਿਆਸੀ ਤੇ ਨਿੱਜੀ ਹਿੱਤ ਪੂਰਨ ਲਈ ਫ਼ਿਰਕੂਪ੍ਰਸਤੀ ਦਾ ਖੇਲ ਖੇਲਦੇ ਹਨ, ਤੇ ਲੋਕ ਅਕਸਰ ਫ਼ਿਰਕੂਪ੍ਰਸਤੀ ਦੀ ਹਨੇਰੀ ਵਿੱਚ ਝੁੱਲ ਜਾਂਦੇ ਹਨ। ਇਹ ਧਰਮ-ਨਿਰਪੱਖ ਆਜ਼ਾਦ ਦੇਸ਼ ਕੌਮ ਦੇ ਲੱਛਣ ਨਹੀਂ ਹੁੰਦੇ। ਆਖਿਰ ਮਾਜ਼ਰਾ ਕਿਆ ਹੈ?

ਗ਼ੁਲਾਮੀ ਸਿਰਫ਼ ਜਿਸਮਾਂ ਦੀ ਹੀ ਨਹੀਂ ਹੁੰਦੀ, ਸਗ਼ੋਂ ਕਈ ਰੂਪਾਂ ਵਿੱਚ ਮਿਲਦੀ ਹੈ। ਕਈ ਵਾਰੀ ਜਦੋਂ ਚਿਰਾਂ ਤੋਂ ਕੈਦ ਪੰਛੀ ਨੂੰ ਆਜ਼ਾਦ ਕਰ ਦਿੱਤਾ ਜਾਵੇ, ਤਾਂ ਉਡਾਰੀ ਭਰਨ ਬਾਅਦ ਉਹ ਮੁੜ ਪਿੰਜਰੇ ਨੂੰ ਪਰਤ ਆਉਂਦਾ ਹੈ। ਐਸੀ ਹਾਲਤ ਵਿੱਚ ਗ਼ੁਲਾਮੀ ਪੰਛੀ ਦੇ ਸੁਭਾਅ ਦਾ ਹਿੱਸਾ ਬਣ ਚੁੱਕੀ ਹੁੰਦੀ ਹੈ, ਦੂਜੇ ਸ਼ਬਦਾਂ ਵਿੱਚ, ਗ਼ੁਲਾਮੀ ਉਹਦਾ ‘ਘਰ’ ਬਣ ਚੁੱਕੀ ਹੁੰਦੀ ਹੈ। ਹੋਰਨਾਂ ਕਈ ਦੇਸ਼ਾਂ ਦੀ ਤਰ੍ਹਾਂ, ਭਾਰਤੀ ਲੋਕ ਵੀ ਆਪਣੇ ਸਮਰਾਟਾਂ ਦੇ ਗ਼ੁਲਾਮ ਰਹੇ। ਮੌਰਿਆ, ਭਾਰਤ, ਗੁਪਤ, ਹਰਸ਼ ਵਰਧਨ, ਰਾਜਪੂਤ ਆਦਿ ਸਾਮਰਾਜਾਂ ਤੋਂ ਮੁਸਲਮ/ਮੁਗ਼ਲ ਸਮਰਾਟਾਂ ਦੇ ਰਾਜ। ਪੰਜਾਬ ਦੇ ਰਸਤਿਉਂ ਭਾਰਤ ‘ਤੇ ਹੁੰਦੇ ਹਮਲਿਆ ਵਿੱਚ, ਧਾੜਵੀਆਂ ਦਾ ਪਹਿਲਾ ਸ਼ਿਕਾਰ ਪੰਜਾਬੀ ਹੀ ਬਣਦੇ ਰਹੇ। ਸਣੇ ਪੰਜਾਬ, ਭਾਰਤੀ ਲੋਕ ਉਪਰੋਤਕ ਸਮਰਾਟਾਂ ਦੇ, ਮੁਗ਼ਲ ਰਾਜ ਦੇ ਪੱਤਨ ਦੌਰਾਨ ਤੇ ਬਾਅਦ ਸਥਾਨਕ ਰਾਜਿਆਂ ਦੇ, ਤੇ ਫਿਰ ਉਨ੍ਹਾਂ ਰਾਜਿਆਂ ਨੂੰ ਹਰਾਉਣ ਵਾਲੇ ਅੰਗਰੇਜ਼ਾਂ ਦੇ ਗ਼ੁਲਾਮ ਰਹੇ। ਪੰਜਾਬ ਸਮੇਤ ਭਾਰਤ ਵਿਚ ਆਧੁਨਿਕ ਯੁੱਗ ਇੱਥੇ ਅਰਥਚਾਰੇ ਜਾਂ ਗਿਆਨ-ਵਿਗਿਆਨ ਕਾਰਨ ਹੋਈ ਤਰੱਕੀ ਕਰਕੇ ਨਹੀਂ ਸਗੋਂ ਅੰਗਰੇਜ਼ਾਂ ਦੀ ਗੁਲਾਮੀ ਦੇ ਬਸਤੀਵਾਦੀ ਰੂਪ ਵਿੱਚ ਆਇਆਂ ਹੈ। ਭਾਰਤ ਵਿੱਚ ਆਜ਼ਾਦੀ ਅੰਗਰੇਜ਼ਾਂ ਵਿਰੁੱਧ ਦੋ-ਟੁੱਕ ਸਿੱਧੀ ਲੜਾਈ ਵਿੱਚੋਂ ਨਹੀਂ ਆਈ, ਅਜਿਵੇਂ ਮਿਸਾਲ ਵਜੋਂ ਅਮਰੀਕਾ ਵਿੱਚ, ਬਲਕਿ ਜ਼ਿਆਤਰ ਦੂਸਰੇ ਮਹਾਂ-ਯੁੱਧ ਤੋਂ ਬਾਅਦ ਬਦਲੇ ਹੋਏ ਅੰਤਰਰਾਸ਼ਟਰੀ ਹਾਲਾਤਾਂ ਅਤੇ ਭਾਰਤ ਦੀ ਸਮੁੱਚੀ ਅੰਦਰੂਨੀ ਹਾਲਤ ਕਰਕੇ, ਅੰਗਰੇਜ਼ ਜ਼ਿਆਤਰ ਆਪਣੀਆਂ ਸ਼ਰਤਾਂ ਦੇ ਆਧਾਰ ‘ਤੇ ਹੀ ਭਾਰਤ ਛੱਡ ਗਏ। ਇਸ ਤਰ੍ਹਾਂ, ਬਾਕੀ ਭਾਰਤ ਵਾਂਗ ਪੰਜਾਬ ਦੀ ਰੈਜ਼ਿਮੇ (resume) ਵੀ ਗ਼ੁਲਾਮੀ ਹੰਢਾਉਣ ਦੀ ਅਨੁਭੂਤੀ ਤੇ ਤਜਰਬੇ ਨਾਲ ਭਰੀ ਹੋਈ ਹੈ, ਗ਼ੁਲਾਮੀ ਦਾ ਜਥੇਬੰਦਕ ਲੋਕ-ਵਿਰੋਧ ਕਰ ਕੇ ਇਸ ਤੋਂ ਛੁਟਕਾਰਾ ਪਾਉਣ ਦੇ ਘੱਟੋ-ਘੱਟ, ਆਟੇ ਵਿੱਚ ਲੂਣ ਬਰਾਬਰ, ਤਜਰਬੇ ਸਮੇਤ। ਅੰਗਰੇਜ਼ ਦੇ ਜਾਣ ਬਾਅਦ ਭਾਰਤ ਵਿੱਚ ਰਾਜਨੀਤਕ ਤੇ ਸਮਾਜਕ ਪ੍ਰਬੰਧ ਦੀਆਂ ਅਮਲੀ ਤੇ ਵਿਵਾਹਰਕ ਬਰੀਕੀਆਂ ਵਿੱਚ, ਜੇ ਬਿਲਕੁੱਲ ਨਹੀਂ, ਤਾਂ ਕਾਫ਼ੀ ਤਬਦੀਲੀ ਨਾ ਆਈ। ਮਿਸਾਲ ਵਜੋਂ, ਨੀਵੀਂਆਂ ਤੇ ਉੱਚੀਆਂ ਜ਼ਾਤਾਂ (ਤੇ ਜਮਾਤਾਂ) ਵਿਚਕਾਰ ਰਿਸ਼ਤਿਆ ਤੋਂ ਲੈ ਕੇ ਵਿਦਿਆਰਥੀਆਂ ਤੇ ਅਧਿਆਪਕਾਂ ਵਿਚਕਾਰ ਰਿਸ਼ਤੇ ਉਸੇ ਤਰ੍ਹਾਂ ਰਹੇ: ਵਿਦਿਆਰਥੀ ਅਧਿਆਪਕ ਨੂੰ ‘ਸਰ’ ਅਤੇ ਕਰਮਚਾਰੀ ਦਫ਼ਤਰਾਂ ਵਿੱਚ ਉੱਚ ਅਧਿਕਾਰੀਆਂ ਨੂੰ ‘ਸਰ’ (Sir) ਤੇ ‘ਸਾਹਿਬ’ ਕਹਿੰਦੇ ਰਹੇ; ‘ਸਾਹਿਬ’ ਦੇ ਖ਼ਿਤਾਬ ਦੀ ਵਰਤੋਂ ਤਾਂ ਥੋਕ ਦੇ ਭਾਅ ਹੋ ਰਹੀ ਹੈ; ਜਿੱਥੇ ‘ਜੀ’ ਨਾਲ ਸਰ ਸਕਦਾ ਆ, ਉੱਥੇ ‘ਸਾਹਿਬ’ ਲਗਾ ਦਿੱਤਾ ਜਾਂਦਾ ਹੈ। ਚੱਜਾਂ ਸਤਿਕਾਰਾਂ ਵਿੱਚ ਘੁਸੜ ਕੇ ਵੀ ਜੀਅ ਰਹੀ ਹੈ, ਗ਼ੁਲਾਮੀ।

ਗ਼ੁਲਾਮੀ ਦੇ ਦੌਰ ਵਿਚ ਮਾਲਕ ਦਾ ਜ਼ਬਰ ਤੇ ਲੁੱਟ-ਖਸੁੱਟ ਬੁਰੀ ਹੈ, ਪਰ ਸੱਭ ਤੋਂ ਬੁਰਾ ਹੁੰਦਾ ਹੈ ਗ਼ੁਲਾਮੀ ਦਾ ਹੱਡਾਂ ਵਿੱਚ ਰਚ ਜਾਣਾਂ ਤੇ ਰੂਹਾਂ ਵਸ ਜਾਣਾਂ, ਭਾਵ ਸੁਭਾਅ ਦਾ ਹਿੱਸਾ ਬਣ ਜਾਣਾ। ਉਹਤੋਂ ਵੀ ਖ਼ਤਰਨਾਕ ਹੁੰਦਾ ਹੈ ਸੁਭਾਅ, ਚੱਜ-ਆਚਾਰ, ਤੇ ਸੱਭਿਆਚਾਰ ਵਿੱਚ ਰਚ ਕੇ ਗ਼ੁਲਾਮੀ ਦਾ ਪੀੜ੍ਹੀ ਦਰ ਪੀੜ੍ਹੀ ਸਫ਼ਰ ਕਰਨ ਲੱਗ ਜਾਣਾ। ਇਸੇ ਤਰਜ਼ ‘ਤੇ ਇਕ ਹੋਰ ਨੁਕਤਾ ਹੈ, ਜਿਹਦਾ ਇਥੇ ਜ਼ਿਕਰ ਕਰਨਾ ਬਣਦਾ ਹੈ; ਉਹ ਹੈ ਕਿ ਕੁਝ ਇਤਿਹਾਸਿਕ ਕਾਰਣਾਂ ਵੱਸ ਪੰਜਾਬ ਸਣੇ ਭਾਰਤੀ ਸਮਾਜ ਭੂਤਮੁਖੀ ਸਮਾਜ ਹੈ: ਸਾਡੇ ਵਿੱਚ ਸਹਿਜ ਸੁਭਾਵਿਕ ਰੁਝਾਨ ਰਹਿੰਦਾ ਹੈ ਜ਼ਿਆਦਾਤਰ ‘ਅੱਜ’ ਤੋਂ ਬੇਖ਼ਬਰ/ਬੇਪ੍ਰਵਾਹ ਰਹਿਣ ਦਾ, ਭਵਿੱਖ ਨੂੰ ਅੱਖੋਂ ਪਰੋਖੇ ਕਰਨ ਦਾ, ਤੇ ਅਤੀਤ ਉੱਤੇ ਤੂਲ੍ਹ ਜਾਂ ਜ਼ੋਰ ਦੇਣ ਦਾ। ਅੱਜ ਦੀਆਂ ਸਮੱਸਿਆਵਾਂ ਨੂੰ ਅੱਜ ਦੇ ਸਥਾਨਿਕ ਹਾਲਾਤਾਂ ਤੇ ਵਿਸ਼ਵ ਸੰਦਰਭ ਵਿੱਚ ਰੱਖ ਕੇ, ਉਨ੍ਹਾਂ ਨੂੰ ‘ਅੱਜ’ ਦੇ ਗਿਆਨ, ਵਿਗਿਆਨਿਕ ਸੋਚਣੀ, ਢੰਗਾਂ, ਤੇ ਸੰਦਾਂ ਨਾਲ ਹੱਲ ਕਰਨ ਦੀ ਬਜਾਇ, ਉਨ੍ਹਾਂ ਦਾ ਹੱਲ ਭੂਤ ਵਿੱਚੋਂ ਲੱਭਣ ਲੱਗ ਪੈੰਦੇ ਹਾਂ। ਇੰਝ ਸਾਡਾ ਵਿਰਸਾ ਸਾਡਾ ਰਾਹ ਦਿਸੇਰਾ ਬਣ ਬਹਿੰਦਾ ਹੈ, ਅਤੇ ਵਿਰਸੇ ਕੋਲੋਂ ਸਾਨੂੰ ਮਿਲੀ ਸੱਭ ਤੋਂ ਜ਼ਿਆਦਾ ਵਿਆਪਕ ਤੇ ਅਸਰਦਾਇਕ ਸੌਗਾਤ ਹੈ: ਗੁਲਾਮੀ। ਇਸ ਤਰ੍ਹਾਂ ਦੀ ਗ਼ੁਲਾਮੀ ਦੇ ਲੱਛਣਾਂ ਦੀਆਂ ਉਦਾਹਰਣਾਂ ਭਾਰਤ ਪੱਧਰ ‘ਤੇ ਵੀ ਦਿੱਤੀਆਂ ਜਾ ਸਕਦੀਆਂ ਹਨ, ਪਰ ਇਸ ਲੇਖ ਵਿੱਚ ਮੈਂ ਪੰਜਾਬ ਤੱਕ ਸੀਮਿਤ ਰਹਿੰਦਾ ਹੋਇਆ, ਅਜੇਹੀ ਸਹਿਜ ਸੁਭਾਵਿਕ ਗ਼ੁਲਾਮੀ ਦੀਆ ਆਧੁਨਿਕ ਪੰਜਾਬੀ ਬੰਦੇ ਵਿੱਚ ਮਿਲਦੀਆਂ ਅਲਾਮਤਾਂ ‘ਚੋਂ ਤਿੰਨ ਬਾਰੇ ਚਰਚਾ ਕਰਾਂਗਾ।

‘ਸਾਹਿਬ’ ਦਾ ਖ਼ਿਤਾਬ. ਪਹਿਲੀ ਅਲਾਮਤ ਹੈ: ‘ਸਾਹਿਬ’ ਸ਼ਬਦ ਜਾਂ ਖ਼ਿਤਾਬ ਦੀ ਥੋਕ ਵਿੱਚ ਵਰਤੋਂ ਜਾਂ ਦੁਰ-ਵਰਤੋਂ। ‘ਸਾਹਿਬ’ ਮੁੱਢੋਂ ਅਰਬੀ ਦਾ ਸ਼ਬਦ ਹੈ ਜਿੱਥੇ ਇਹਦਾ ਅਰਥ ਹੈ ਸੁਆਮੀ ਜਾਂ ਮਾਲਕ। ਉਥੋਂ ਇਹ ਹਿੰਦ ਉਪਮਹਾਦੀਪ ਦੀਆਂ ਅਨੇਕਾਂ ਬੋਲੀਆਂ ਉਰਦੂ, ਹਿੰਦੀ, ਬੰਗਾਲੀ, ਤੇ ਗੁਜਰਾਤੀ ਸਮੇਤ ਪੰਜਾਬੀ ਵਿੱਚ ਵੀ ਆ ਵੜਿਆ। ਗੁਰਬਾਣੀ ਵਿੱਚ ਇਸ ਦੀ ਵਰਤੋਂ ਪਰਮਾਤਮਾ ਲਈ ਕੀਤੀ ਗਈ ਹੈ। ਲੋਕ-ਪੱਧਰ ‘ਤੇ ਇਹ ਪ੍ਰਚੱਲਤ ਹੋਇਆ ਜਦੋਂ ਅੰਗ੍ਰੇਜ਼ਾਂ ਦੀ ਗ਼ੁਲਾਮੀ ਸਮੇਂ ਗੋਰੇ ਅਫ਼ਸਰ ਰਾਜਭਾਗ ਦੇ ਮਾਲਕ ਹੋਣ ਦੇ ਕਾਰਨ, ਭਾਰਤੀ ਲੋਕਾਂ ਕੋਲੋਂ ਆਪਣੇ ਆਪ ਨੂੰ ‘ਸਾਹਿਬ` ਅਖਵਾੳੇਣ ਲੱਗੇ। ਇੱਕ ਸਦੀ ਅਸੀਂ ਅੰਗਰੇਜ਼ਾਂ ਦੀ ਗ਼ੁਲਾਮੀ ਕੱਟੀ, ਉਨ੍ਹਾਂ ਨੂੰ ‘ਸਾਹਿਬ’ ਖ਼ਿਤਾਬ ਨਾਲ ਬੁਲਾ ਬੁਲਾ ਕੇ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਉਸ ਖ਼ਿਤਾਬ ਦੀਆਂ ਕਲਗੀਆਂ ਸਾਡੇ ਆਪਣੇ ਅਹੁਦੇਦਾਰਾਂ ਤੇ ਅਧਿਕਾਰੀਆਂ ਦੇ ਸਿਰਾਂ ਸਜ ਗਈਆਂ, ਤੇ ਅਸੀਂ ਇਹ ਕਲਗੀ ਆਪਣੇ ਹੱਥੀਂ ਮਿੱਤਰਾਂ ਦੋਸਤਾਂ ਤੇ ਜਾਣ ਪਛਾਣ ਵਾਲਿਆਂ ਦੇ ਸਿਰਾਂ ‘ਤੇ ਵੀ ਲਗਾ ਦਿੱਤੀ। ਜਦ ਬੋਲਦੇ ਹਾਂ ਤਾਂ ਬੱਸ ‘ਸਾਹਿਬ’ ‘ਸਾਹਿਬ’ ਹੁੰਦੀ ਹੈ, ਜਿਵੇਂ ਸਾਨੂੰ ਕਰੀਬ ਪੌਣੀ ਸਦੀ ਪਹਿਲਾਂ ਛੱਡ ਗਏ ‘ਮਾਲਕਾਂ’ ਦਾ ਨਾਮ ਅੱਜ ਵੀ ਜਪ ਰਹੇ ਹੋਈਏ। ਆਧੁਨਿਕ ਸਮਾਜਾਂ ਵਿੱਚ ਅਜੇਹੀ ਮਾਨਿਸਕ ਗੜਬੜੀ ਤੋਂ ਛੁਟਕਾਰਾ ਪਾਉਣ ਲਈ ਤੁਰੰਤ ਮਨੋਵਿਗਿਆਨੀ ਡਾਕਟਰਾਂ ਦੀ ਮੱਦਦ ਲਈ ਜਾਂਦੀ ਹੈ, ਪਰ ਅਰਧ-ਆਧੁਨਿਕ ਸਮਾਜਾਂ ਦੀ ਵਿੱਚ ਅਜੇਹੀ ਮਾਨਿਸਕ ਗੜਬੜੀ ਅਕਸਰ ਚੱਜ ਸੱਭਿਆਚਾਰ ਦਾ ਬਣ ਹਿੱਸਾ ਬਣ ਬਹਿੰਦੀ ਹੈ। ਕੁਝ ਐਸਾ ਹੀ ਹੋਇਆ ਲੱਗਦਾ ਹੈ ਸਾਡੇ ਪੰਜਾਬੀ ਸਮਾਜ ਨਾਲ। ਨੋਟ ਕਰਨਾ ਬਣਦਾ ਕਿ ਇੱਥੇ ਮਾਮਲਾ, ਜਾਂ ਗੱਲ, ਨਿਰੇ ਸ਼ਬਦਾਂ ਦਾ ਨਹੀਂ; ਇਹ ਇਕ ਸਥਾਪਤ ਮਨੋਵਿਗਿਆਨਕ ਸੱਚ ਹੈ ਕਿ ਬੋਲ ਜਿੱਥੇ ਬੰਦੇ ਦੀ ਮਾਨਸਿਕ ਸਥਿਤੀ ਨੂੰ ਪ੍ਰਗਟ ਕਰਦੇ ਨੇ, ਉੱਥੇ ਬੋਲਾਂ ਤੋਂ ਅੰਦਰੂਨੀ ਭਾਵਨਾਵਾਂ ਪੈਦਾ ਹੁੰਦੀਆਂ ਨੇ, ਜਿਨਾਂ ਦਾ ਅਸਰ ਬੰਦੇ ਦੀਆਂ ਸਰੀਰਕ ਕਿਰਿਆਵਾਂ ਤੇ ਕਾਰਨਾਮਿਆ ’ਤੇ ਪੈਂਦਾ ਹੈ।

ਕੋਈ ਕਹਿ ਸਕਦਾ ਹੈ, “ਅਸੀਂ ਤਾਂ ‘ਸਾਹਿਬ` ਵਿਸ਼ੇਸ਼ਣ ਨੂੰ ਸਤਿਕਾਰ ਵਜੋਂ ਵਰਤ ਆਂ; ਪਰ ਇਸ ਵਰਤੋਂ ਦੇ ਸੰਦਰਭ, ਗ਼ੁਲਾਮੀ ਕਾਰਕ (factor), ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਿੱਧੀ ਗ਼ੁਲਾਮੀ ਦੇ ਸਮੇਂ ਜਿਹੜਾ ਖ਼ਿਤਾਬ ‘ਮਾਲਕਾਂ’ ਲਈ ਵਰਤਿਆ ਜਾਂਦਾ ਰਿਹਾ ਹੋਵੇ, ਉਸੇ ਖ਼ਿਤਾਬ ਨੂੰ ਸਤਿਕਾਰ ਵਜੋਂ ਵਰਤਣਾ ਸ਼ੁਰੂ ਕਰ ਦੇਣਾ ਜਾਂ ਸਤਿਕਾਰ ਦੇ ਪਾਤਰ ਵਿੱਚ ਬਦਲ ਦੇਣਾ ਵੀ ਮਾਨਸਿਕ ਗ਼ੁਲਾਮੀ ਦੇ ਪ੍ਰਗਟਾਵੇ ਦਾ ਹੀ ਇੱਕ ਰੂਪ ਹੈ। ਉੱਦਾਂ, ਸਤਿਕਾਰ ਵਜੋਂ ਵਰਤਣ ਵਾਸਤੇ ਪੰਜਾਬੀ ਕੋਲ ਇੱਕ ਬਹੁਤ ਸਜੀਵ ਸ਼ਬਦ ਹੈ: ‘ਜੀ’। ਗੁਰਬਾਣੀ ਵਿੱਚ ‘ਸਾਹਿਬ’ ਖ਼ਿਤਾਬ ਦੀ ਵਰਤੋਂ ਪਰਮਾਤਮਾ ਲਈ ਕਰਨ ਦੀ, ਜਾਂ ਬਾਅਦ ਵਿੱਚ ਮਹਾਂਪੁਰਸ਼ਾਂ ਤੇ ਕੁਝ ਕਿਤਾਬਾਂ ਦੇ ਨਾਵਾਂ ਨਾਲ ਸਤਿਕਾਰ ਵਜੋਂ ਇਹ ਖ਼ਿਤਾਬ ਵਰਤਣ, ਜਿਵੇਂ ‘ਗੁਰੂ ਸਾਹਿਬਾਨ’ ਤੇ ‘ਗਰੰਥ ਸਾਹਿਬ’, ’ ਦੀ ਗੱਲ ਵੀ ਸਮਝ ਆਉਂਦੀ ਹੈ। ਪਰ, ਖ਼ੁਦ ਧਾਰਮਿਕ ਨਿਯਮ ਜਾਂ ਚੱਜ ਵੀ ਆਗਿਆ ਨਹੀਂ ਦੇਵੇਗਾ ਕਿ ਪਰਮਾਤਮਾ ਅਤੇ ਧਾਰਮਿਕ ਮਹਾਂਪੁਰਸ਼ਾਂ ਲਈ ਵਰਤਿਆ ਜਾਣ ਵਾਲਾ ਖ਼ਿਤਾਬ ‘ਜਣੇ ਖ਼ਣੇ’ ਬੰਦਿਆ ਤੇ ਥਾਵਾਂ ਲਈ ਵੀ ਵਰਤਿਆ ਜਾਵੇ।
ਮੁੱਕਦੀ ਗੱਲ, ‘ਸਾਹਿਬ’ ਦੀ ਥੋਕ ਵਿੱਚ ਵਰਤੋਂ ਅੰਗ੍ਰੇਜ਼ਾਂ ਦੀ ਗ਼ੁਲਾਮੀ ਦੇ ਪਾਸਿਉਂ ਹੀ ਆਈ ਹੈ ਤੇ ਗ਼ੁਲਾਮ ਪ੍ਰਵਿਰਤੀ ਦੀ ਸੂਚਕ ਹੈ।

ਗੋਰੇ ਰੰਗ ਦੀ ਸਰਦਾਰੀ. ਪੰਜਾਬੀ ਬੰਦੇ ਵਿੱਚ ਮਿਲਦੀ ਸਹਿਜ ਸੁਭਾਵਿਕ ਗ਼ੁਲਾਮੀ ਦੀ ਦੂਸਰੀ ਅਲਾਮਤ ਹੈ: ਪੰਜਾਬੀ ਮਨ ਵਿੱਚ ਅੱਜ ਵੀ ਕਾਲੇ ਤੇ ਸ਼ਾਮ/ਭੂਰੇ ਰੰਗਾਂ ਉੱਪਰ ਗੋਰੇ ਰੰਗ ਦੀ ਸਰਦਾਰੀ ਦੇ ਝੰਡੇ ਝੁੱਲਦੇ ਹਨ। ਸਾਡੇ ਲੋਕ-ਪ੍ਰਚਾਲਿਤ ਗੀਤਾਂ, ਆਮ ਗੱਲਾਂ, ਤੇ ਪਸੰਦਾਂ ‘ਚੋਂ ਇਸ ਸਰਦਾਰੀ ਦੀ ਝਲਕ ਡੁੱਲ੍ਹ ਡੁੱਲ੍ਹ ਪੈਂਦੀ ਹੈ। ਜੇ ਟਾਵੀਂ ਟਾਵੀਂ ਕਾਲੇ ਰੰਗ ਦੀ ਸਿਫ਼ਤ ਮਿਲਦੀ ਵੀ ਹੈ, ਤਾਂ ਉਹ ਵੀ ਜ਼ਿਆਦਾਤਰ ਬਚਾਅ ਜਾਂ ਸਫ਼ਾਈ ਦੇਣ ਦੇ ਪੈਂਤੜੇ ਤੋਂ, ਜਿਵੇਂ ਕਾਲਾ ਹੋਣਾ ਕਿਤੇ ਗੁਨਾਹ ਹੋਵੇ। ਉਦਾਹਰਣ ਵਜੋਂ:

“ਮੇਰਾ ਕਾਲਾ ਹੀ ਸਰਦਾਰ, ਕਾਲਾ ਸ਼ਾਹ ਕਾਲਾ।
ਮੈਂ ਆਪ ਤਿੱਲੇ ਦੀ ਤਾਰ, ਗੋਰਿਆ ਨੂੰ ਦਫ਼ਾ ਕਰੋ।”
ਭਾਵ: ਤਾਂ ਕੀ ਹੋਇਆ ਜੇ ਖ਼ਾਵੰਦ ਕਾਲਾ, ਮੈਂ ਆਪ ਤਾਂ ਗੋਰੀਆਂ ਵਰਗੀ ਹੀ ਲੱਗਦੀ ਆਂ। ਇਹਦੇ ਵਿੱਚ ਖ਼ਾਵੰਦ ਦੀ ਘੋਰ ਬੇਇੱਜਤੀ ਹੈ; ਪਰ ਤ੍ਰੀਮਤ ਤੇ ਖ਼ਾਵੰਦ ਦੋਨੋਂ ਇਹ ਗੀਤ ਖ਼ੁਸ਼ੀ ਖ਼ੁਸ਼ੀ ਬੜੇ ਮਾਣ ਨਾਲ ਸੁਣੀ ਤੇ ਮਾਣੀ ਜਾਂਦੇ ਆ।

ਅਸੀਂ ਕਾਲਾ ਰੰਗ ਨੂੰ ਅਜੇ ਵੀ ਕਰੂਪਤਾ, ਬੁਰਾਈ, ਤੇ ਬਦਸ਼ਗਨੀ ਦਾ ਪ੍ਰਤੀਕ ਸਮਝਦੇ ਰਹਿੰਦੇ ਹਾਂ। ‘ਕਾਲਾ ਦਿਨ’, ‘ਕਾਲਾ ਹਫ਼ਤਾ’ , ‘ਕਾਲੀ ਜੀਭ’, ‘ਕਾਲਾ ਦਿਲ’, ‘ਬੁਰੀ ਨਜ਼ਰ ਵਾਲੇ ਤੇਰਾ ਕਾਲਾ’ ਆਦਿ ਵਰਗੇ ਵਾਕਅੰਸ਼ ਤੇ ਕਹਾਵਤਾਂ ਆਮ ਵਰਤੀਆਂ ਜਾਂਦੀਆ ਨੇ। ਹੋਰ ਤਾਂ ਹੋਰ ਅਸੀਂ ਅਗਾਂਹ-ਵਧੂ/ਪ੍ਰਗਤੀਸ਼ੀਲ ਸੋਚ ਵਾਲੇ ਲੋਕ ਵੀ ਬੁਰੀ ਚੀਜ਼ ਜਾਂ ਘਟਨਾ ਵਿਰੁੱਧ ‘ਕਾਲੇ ਦਿਨ’ ਤੇ ‘ਕਾਲੇ ਹਫ਼ਤੇ’ ਮਨਾਉਂਦੇ ਹਾਂ, ਕਿਸੇ ਲੋਕ-ਵਿਰੋਧੀ ਕਾਨੂਨ ਨੂੰ ‘ਕਾਲਾ ਕਾਨੂੰਨ’ ਕਹਿੰਦੇ ਹਾਂ, ਭਾਰਤ ਦੀ ਅਧੂਰੀ ਆਜ਼ਾਦੀ ਨੂੰ ‘ਕਾਲੀ ਆਜ਼ਾਦੀ’ ਜਾਂ ‘ਕਾਲੇ ਦਿਲ’ ਵਾਲੀ ਆਜ਼ਾਦੀ ਕਹਿੰਦੇ ਹਾਂ, ਤੇ ਭਾਰਤੀ ਹਾਕਮਾਂ ਨੂੰ ਤ੍ਰਿਸਕਾਰ ਵਜੋਂ ‘ਕਾਲੇ ਅੰਗਰੇਜ਼’ ਬੋਲਦੇ ਹਾਂ, ਇਤਿਆਦਿ। ਇਸ ਤੋਂ ਇਲਾਵਾ, ਚਿਹਰੇ ਦਾ ਰੰਗ ਗੋਰਾ ਕਰਨ ਲਈ ਵਰਤੇ ਜਾਣ ਵਾਲੇ ‘ਅਸਰਦਾਰ’ ਘਰੇਲੂ ਨੁਸਖਿਆਂ, ਫੇਅਰਨੈੱਸ ਕ੍ਰੀਮ ਦੀ ਵਰਤੋਂ, ਆਦਿ ਦਾ ਬੜ੍ਹਾ ਬੋਲਬਾਲਾ ਹੈ। ਪੰਜਾਬ ਜਾਂ ਕਿਤੇ ਵੀ ਵਸਦੇ ਪੰਜਾਬੀਆਂ ਵਿੱਚ ਗੋਰਾ ਰੰਗ ਸੁੰਦਰਤਾ ਦਾ ਇੱਕ ਪੈਮਾਨਾ ਬਣ ਸੁੰਦਰਤਾ ਉਦਯੋਗ ਨੂੰ ਚਲਾਉਣ ਵਿੱਚ ਮਹੱਤਵਪੂਰਣ ਭੂਮੀਕਾ ਨਿਭਾ ਰਿਹਾ ਹੈ।

ਪਰਵਾਸਵਾਦ. ਪੰਜਾਬੀ ਬੰਦੇ ਵਿੱਚ ਮਿਲਦੀ ਸੁਭਾਵਿਕ ਗ਼ੁਲਾਮੀ ਦੀ ਤੀਸਰੀ ਅਲਾਮਤ ਹੈ ਪਰਵਾਸਵਾਦ, ਜੋ ਪੰਜਾਬੀ ਬੰਦੇ ਦਾ ਉਹ ਵਤੀਰਾ ਹੈ ਜੋ ਉਦੋਂ ੳੇੁਜਾਗਰ ਹੁੰਦਾ ਹੈ ਜਦੋਂ ਉਹ ਪੰਜਾਬੋਂ ਆ ਕੇ ਆਪਣੀ ਮਰਜ਼ੀ ਕਿਸੇ ਦੇਸ਼ ਦਾ ਨਾਗਰਿਕ ਬਣਕੇ ਉੱਥੇ ਵਸ ਜਾਂਦਾ ਹੈ। ਜਦੋਂ ਕੋਈ ਵੀ ਬੰਦਾ ਇੱਕ ਦੇਸ਼ ਵਿੱਚ ਪੈਦਾ ਹੋ ਕੇ, ਉਮਰ ਦੇ ਕਿਸੇ ਵੀ ਪੜਾਅ ‘ਤੇ, ਕਿਸੇ ਦੂਜੇ ਦੇਸ਼ ਵਿੱਚ ਆਣ ਵਸੇ ਤੇ ਉਹਦੀ ਨਾਗਰਿਕਤਾ ਗ੍ਰਹਿਣ ਕਰ ਲਵੇ ਤਾਂ ਇਹ ਦੂਜਾ ਦੇਸ਼ ਬੰਦੇ ਦਾ ਦੇਸ਼ ਬਣ ਜਾਂਦਾ ਹੈ, ਜਿਹਨੂੰ ਆਪਣੀ ਮਰਜ਼ੀ ਜਾਂ ਆਪਣੀ ਚੋਣ ਦਾ ਦੇਸ਼, ਯਾਨਿ ਕਨਟ੍ਰੀ ਆਫ ਚੌਆਇਸ, ਵੀ ਕਿਹਾ ਜਾਂਦਾ ਹੈ। ਪਿਛਾਂਹ ਰਹਿ ਗਏ ਦੇਸ਼ ਨੂੰ ਜਨਮ ਦੇਸ਼ ਜਾਂ ਮੁੱਢਲਾ ਦੇਸ਼ ਕਿਹਾ ਜਾਂਦਾ ਹੈ। ਇਸ ਤਰ੍ਹਾਂ, ਇੱਕ ਪਿੱਛੇ ਰਹਿ ਗਿਆ ਜਨਮ-ਦੇਸ਼ ਤੇ ਇੱਕ ‘ਹੁਣ’ ਦਾ ਦੇਸ਼: ਦੋਨੋਂ ਦੇਸ਼, ਪ੍ਰਦੇਸ਼ ਦੋਨਾਂ ਵਿੱਚੋਂ ਕੋਈ ਨਹੀਂ। ਇਹ ਪ੍ਰਸਥਿਤੀ ਪ੍ਰਤੀ ਉਚਿਤ, ਵਾਜਵ, ‘ਤੇ ਸਹਿਜ ਪਹੁੰਚ ਹੈ, ਜੋ ਹਕੀਕਤ ਉੱਪਰ ਆਧਾਰਿਤ ਹੈ। ਪਰ ਸਾਡੇ ਅੰਦਰ ਵਸਦੀ ਸਹਿਜ ਸੁਭਾਵਿਕ ਗ਼ੁਲਾਮੀ ਇਸ ਸਾਦੀ ਪ੍ਰਸਥਿਤੀ ਨੂੰ ਗੂੰਝਲਦਾਰ ਤੇ ਤਰਸਯੋਗ ਬਣਾ ਛੱਡਦੀ ਹੈ।

ਉਦਾਹਰਣ ਵਜੋਂ, ਅਮਰੀਕਾ ਨੂੰ ਆਪਣੇ ਹੁਣ ਤੱਕ ਦੇ ਇਤਿਹਾਸ ਸਦਕੇ ਇੰਮੀਗਰੈਂਟਾਂ ਦਾ ਦੇਸ਼ ਕਿਹਾ ਜਾਂਦਾ ਹੈ, ਜਿੱਥੇ ਆਦਿਵਾਸੀ ਅਮਰੀਕੀਆਂ ਦੀ ਘੱਟ-ਗਿਣਤੀ ਇਲਾਵਾ, ਹਰ ਇੱਕ ਵਿਅਕਤੀ ਜਾਂ ਟੱਬਰ ਖ਼ੁਦ ਇੰਮੀਗਰੈਂਟ ਹੈ, ਜਾਂ ਉਹਦੀਆਂ ਇਸ ਦੇਸ਼ ਵਿੱਚ ਜੜਾਂ ਇੱਕ ਇੰਮੀਗਰੈਂਟ ਵਿਅਕਤੀ ਜਾਂ ਟੱਬਰ ਨਾਲ ਜਾ ਮਿਲਦੀਆਂ ਨੇ। ਇੰਝ ਦੁਨੀਆਂ ਦੇ ਵੱਖ ਵੱਖ ਦੇਸ਼ਾਂ ‘ਚੋਂ ਆ ਕੇ ਲੋਕ ਅਮਰੀਕਾ ਵਿੱਚ ਵਸੇ ਜਿਨ੍ਹਾਂ ਇਸ ਦੇਸ਼ ਦੀ ਉਸਾਰੀ ਵਿੱਚ ਹਿੱਸਾ ਵੀ ਪਾਇਆ। ਬਹੁਤੇ ਪੰਜਾਬੀ ਨਾਗਰਿਕਤਾ ਦੀ ਸੌਂਹ ਚੁੱਕਣ ਅਤੇ ਅਮਰੀਕਨ ਪ੍ਰਧਾਨ ਦਾ ਰਸਮੀ ਖ਼ਤ, ਜਿਸ ‘ਚੇ ਉਹ ਉਨ੍ਹਾਂ ਨੂੰ “ਮਾਈ ਫ਼ੈਲੋ ਅਮੇਰਿਕਨ” ਕਹਿ ਕੇ ਸੰਬੋਧਤ ਕਰਦਾ ਹੈ, ਪ੍ਰਾਪਤ ਕਰਣ ਤੋਂ ਬਾਅਦ ਵੀ ਵਿਦੇਸ਼ੀ/ਪਰਵਾਸੀ ਹੋਣ ਦਾ ਆਪੇ ਸਿਰਜਿਆਂ ਸੰਤਾਪ ਰਹਿੰਦੀ ਜ਼ਿੰਦਗੀ ਭੋਗਦੇ ਰਹਿੰਦੇ ਨੇ; ਉਹ ਅਕਸਰ ਅਮਰੀਕਾ ਨੂੰ ‘ਗੋਰਿਆਂ’ ਦਾ ਦੇਸ਼ ਸਮਝਦੇ ਰਹਿੰਦੇ ਨੇ ਅਤੇ ਕਾਲੇ ਤੇ ਹੋਰ ਰੰਗਦਾਰ ਨਸਲਾਂ ਵਾਲੇ ਅਮਰੀਕਨਾਂ ਬਾਰੇ ਉਨ੍ਹਾਂ ਵਿਚਾਰ ਅਕਸਰ ਵਿਕਤਰੇ ਭਰੇ ਹੁੰਦੇ ਨੇ। ਕੈਨੇਡਾ ਤੇ ਹੋਰ ਪੱਛਮੀ ਦੇਸ਼ਾਂ ਵਿੱਚ ਵਸੇ ਪੰਜਾਬੀਆ ਦੀ ਪਹਿਲੀ ਪੀੜ੍ਹੀ ਵਿੱਚ ਇਹ ਵਤੀਰਾ ਆਮ ਪਾਇਆ ਜਾਂਦਾ ਹੈ।

ਮੁੱਕਦੀ ਗੱਲ, ਤਰਕ ਕੀਤਾ ਜਾ ਸਕਦਾ ਹੈ ਕਿ ਅੰਗਰੇਜ਼ੀ ਰਾਜ ਸੰਗ ਪੂਰੇ ਹੋਏ ਦੇਸੀ ਤੇ ਵਿਦੇਸ਼ੀ ਗ਼ੁਲਾਮੀ ਦੇ ਲੰਬੇ ਇਤਿਹਾਸ ਦਾ ਅਸਰ, ਕਿਸੇ ਹੱਦ ਤੱਕ ਬਾਕੀ ਭਾਰਤੀਆਂ ਵਾਂਗ, ਪੰਜਾਬੀਆਂ ਦੀ ਮਾਨਸਿਕਤਾ ਤੇ ਸੱਭਿਆਚਾਰ ਉੱਪਰ ਪਿਆ। ਏਸ ਅਸਰ ਦੀ ਡੁੰਘਾਈ ਸਦਕਾ ਅਤੇ ਇਹਨੂੰ ਮਿੱਥ ਕੇ ਮਿਟਾਉਣ ਦੀਆਂ ਕਾਫ਼ੀ ਕੋਸ਼ਿਸ਼ਾਂ ਦੀ ਗ਼ੈਰ-ਹਾਜ਼ਰੀ ਕਾਰਣ, ਅੰਗਰੇਜ਼ਾਂ ਦੇ ਚਲੇ ਜਾਣ ਤੋਂ ਕਰੀਬ ਪੌਣੀ ਸਦੀ ਬਾਅਦ ਵੀ ਇਹ ਅਸਰ ਪੰਜਾਬੀ ਮਾਨਸਿਕਤਾ ਵਿੱਚ ਕਾਇਮ ਹੈ। ਇਸ ਲੇਖ ਵਿੱਚ ਵਿਚਾਰੀਆਂ ਗਈਆ ਨੇ ਪੰਜਾਬੀ ਬੰਦੇ ਦੀਆ ਕੁਛ ਅਲਾਮਤਾਂ ਜੋ ਗ਼ੁਲਾਮ ਪ੍ਰਵਿਰਤੀ ਤੇ ਵਤੀਰੇ ਦੀਆਂ ਹੀ ਪ੍ਰਤੀਕ ਨੇ: ‘ਸਾਹਿਬ` ਖ਼ਿਤਾਬ ਦੀ ਭਰਮਾਰ ਵਰਤੋਂ, ਗੋਰੇ ਰੰਗ ਦੀ ਕਾਲੇ ਰੰਗ ਉੱਪਰ ਸਰਦਾਰੀ, ਤੇ ਪੱਛਮੀ ਦੇਸ਼ਾਂ ਦੇ ਨਾਗਰਿਕ ਬਣਕੇ ਵੀ ਉਨ੍ਹਾਂ ਨੂੰ ਨਾ ਅਪਣਾੳੇੁਂਦੇ ਹੋਏ ਗ਼ਲਤ ਤੌਰ ‘ਤੇ ਸਿਰਫ਼ ‘ਗੋਰਿਆਂ’ ਦੇ ਦੇਸ਼ ਹੀ ਸਮਝੀ ਜਾਣਾ।

ਇੱਥੇ ਤਿੰਨ ਅਲਾਮਤਾਂ ਉਦਾਹਰਣ ਵਜੋਂ ਵਿਚਾਰੀਆਂ ਗਈਆਂ ਨੇ, ਉਂਝ ਸਹਿਜ ਸੁਭਾਵਿਕ, ਯਾਨਿ ਮਾਨਸਿਕ ਗ਼ੁਲਾਮੀ ਦੀਆ ਅਲਾਮਤਾਂ ਤਾਂ ਹੋਰ ਵੀ ਬਥੇਰੀਆਂ ਨੇ ਜੋ ਪੰਜਾਬੀ ਬੰਦੇ ਵਿੱਚ ਮਿਲਦੀਆਂ ਹਨ; ਪਰ ਇਹ ਤਿੰਨ ਅੱਛਾ ਸੈਂਪਲ ਨੇ, ਸ਼ੁਰੂ ਕਰਨ ਲਈ। ਜੇ ਚਾਹੀਏ ਤਾਂ, ਨਾ-ਉੱਚਿਤ ਵਰਤੋਂ ਵਿੱਚ ‘ਸਾਹਿਬ’ ਨੂੰ ‘ਜੀ’ ਵਿੱਚ ਬਦਲ ਸਕਦੇ ਹਾਂ; ਕਾਲੇ ਰੰਗ ਪ੍ਰਤੀ ਨਸਲਵਾਦੀ ਰਵੱਈਆ ਜਿਵੇਂ ‘ਕਾਲਾ ਦਿਨ’, ‘ਕਾਲੀ ਜ਼ੁਬਾਨ’ , ‘ਕਾਲਾ ਦਿਲ’, ਆਦਿ ਸੰਕਲਪਾਂ ਦੀ ਵਰਤੋਂ ਛੱਡ ਸਕਦੇ ਹਾਂ; ਤੇ ਜੇ ਪੰਜਾਬੋਂ ਬਾਹਰ ਕਿਸੇ ਦੇਸ਼ ਵਿੱਚ ਬਤੌਰ ਨਾਗਰਿਕ ਵਸ ਰਹੇ ਹੋਈਏ ਤਾਂ ਉਹਨੂੰ ਆਪਣਾ ਦੇਸ਼ ਸਮਝ ਕੇ ਉਥੋਂ ਦੀਆਂ ਭਾਈਚਾਰਿਕ, ਸਮਾਜਿਕ, ਤੇ ਰਾਜਨੀਤਕ ਗਤੀਵਿਧੀਆਂ ਵਿੱਚ ਹਿੱਸਾ ਲੈ ਸ਼ੁਰੂ ਕਰ ਸਕਦੇ ਹਾਂ, ਆਪਣੀ ਵਿੱਤ ਮੂਜਬ। ਇੰਝ ਆਪੇ ਅਪਣਾਏ ਪਰਵਾਸਵਾਦ ‘ਚੋ ਜਨਮੀ “ਨਾ ਘਰ ਦੇ, ਨਾ ਘਾਟ ਦੇ” ਦੀ ਸਥਿਤੀ ਨੂੰ “ਘਰ ਤੇ ਘਾਟ ਦੋਨਾਂ ਦੇ” ਵਿੱਚ ਬਦਲ ਸਕਦੇ ਹਾਂ, ਆਪੂ ਸਿਰਜੇ ਪਰਵਾਸਵਾਦ ਨੂੰ ਤਿਲਾਂਜਲੀ ਦੇ ਕੇ। ਇਸ ਤਰ੍ਹਾਂ, ਸ਼ੁਰਆਤ ਕਰ ਸਕਦੇ ਹਾਂ, ਗ਼ੁਲਾਮੀ ਦੀ ਰਹਿੰਦ-ਖੂੰਹਦ ਨੂੰ ਆਪੋ-ਆਪਣੇ ਮਨ ਵਿਚੋਂ ਹੂੰਝ ਸੁੱਟਣ ਦੀ, ਬਜਾਏ ਅਗਲੇ ਪੀੜ੍ਹੀ ਨੂੰ ਸੌਂਪ ਦੇਣ ਦੇ—-ਜੇ ਚਾਹੀਏ ਤਾਂ। ਇਹ ਭਾਵੇਂ ਨਿੱਜੀ ਕੋਸ਼ਿਸ਼ਾਂ ਹੀ ਜਾਪਣ, ਪਰ ਸਮੇਂ ਦੀ ਲੋੜ ‘ਤੇ ਆਧਾਰਿਤ ਅਜੇਹੀਆਂ ਕੋਸ਼ਿਸ਼ਾਂ ਆਪਣੇ ਵਿੱਚ ਅਕਸਰ ਲੋਕ (grassroot) ਲਹਿਰ ਬਣਨ ਦੀ ਸਮਰੱਥਾ ਰੱਖਦੀਆਂ ਨੇ।

ਇਸ ਸੰਦਰਭ ਵਿੱਚ, ਵਿਸ਼ਵ ਦੇ ਪੂਰਬੀ ਤੇ ਪੱਛਮੀ ਹਿੱਸੇ ਇੱਕ ਦੂਜੇ ਕੋਲੋਂ ਬਹੁਤ ਕੁਝ ਸਿੱਖ ਸਕਦੇ ਹਨ। ਭਾਰਤ ਸਣੇ ਪੂਰਬ ਇੱਕ ਸੱਭ ਤੋਂ ਮਹੱਤਵਪੂਰਨ ਗੱਲ ਜੋ ਪੱਛਮ ਤੋਂ ਸਿੱਖ ਸਕਦਾ ਹੈ, ਉਹ ਇਹ ਕਿ ਪੱਛਮ ਵਿੱਚ ਆਧੁਨਿਕ ਯੁੱਗ ਤੇ ਆਧੁਨਿਕਤਾ ਨੂੰ 18ਵੀਂ ਸਦੀ ਵਿੱਚ ਚੱਲੀ ਪ੍ਰਬੋਧਨ (enlightment) ਲਹਿਰ ਦੇ ਆਦਰਸ਼ਾਂ ਨੇ ਹੀ ਪ੍ਰਭਾਸ਼ਿਤ ਕੀਤਾ ਸੀ। ਨਤੀਜਣ, ਉਹ ਆਦਰਸ਼ ਹੀ ਆਧਾਰ ਹਨ ਪੱਛਮ ਦੀ ਜਮਹੂਰੀਅਤ ਤੇ ਆਧੁਨਿਕ ਜਮਹੂਰੀ ਅਦਾਰਿਆਂ ਦੇ, ਜਿਨ੍ਹਾਂ ਅਦਾਰਿਆਂ ਵਿੱਚ ਸ਼ਾਮਲ ਨੇ: ਰਾਜਿਆਂ ਤੇ ਡਿਕਟੇਟਰਾਂ ਦੀ ਥਾਂ ਜਮਹੂਰੀ ਸਰਕਾਰਾਂ, ਸਕੂਲ/ਯੂਨੀਵਰਸਟੀਆਂ, ਪਬਲਿਕ ਲਾਇਬ੍ਰੇਰੀਆਂ, ਨਿਊਜ਼ ਏਜੰਸੀਆਂ ਸਮੇਤ ਸੁਤੰਤਰ ਮੀਡੀਆ, ਹਸਪਤਾਲ, ਚੈਰਿਟੀ, ਮਨੁੱਖਤਾ ਦੀ ਭਲਾਈ ਹਿੱਤ ਅੰਤਰਰਾਸ਼ਟਰੀ ਸੰਸਥਾਵਾਂ, ਆਦਿ। ਪੱਛਮ ਦੀ ਇਹ ਜਮਹੂਰੀਅਤ/ਆਧੁਨਿਕਤਾ ਜਿਹਨਾਂ ਉੱਪਰ ਖੜ੍ਹੀ ਹੈ, ਪ੍ਰਬੋਧਨ ਲਹਿਰ ਦੇ ਉਹ ਤਿੰਨ ਕੇਂਦਰੀ ਆਦਰਸ਼ ਸਨ: ਤਰਕ, ਮਾਨਵਵਾਦ, ਤੇ ਵਿਗਿਆਨ। ਇਨ੍ਹਾਂ ਤਿੰਨਾਂ ਨੂੰ ਅਪਾਉਣ ਦਾ ਰਾਹ ਪ੍ਰਗਤੀ ਦਾ ਰਾਹ ਹੁੰਦਾ ਹੈ। ਦੂਜਾ ਮਹੱਤਵਪੂਰਨ ਨੁਕਤਾ ਹੈ ਕਿ ਪ੍ਰਬੋਧਨ ਲਹਿਰ ਦਾ ਜਨਮ ਰੇਨਾਸਾਂਸ ਲਹਿਰ ਵਿੱਚੋਂ ਹੋਇਆ ਜਿਸਦਾ ਆਧਾਰ ‘ਤਰਕ’ ਤੇ ਮਾਨਵਵਾਦ ਸੀ, ਤੇ ਜਿਹਦੀਆਂ ਜੜ੍ਹਾਂ ਯੂਰਪ ਦੇ ਮੱਧਯੁੱਗ ਵਿਚਲੇ ਸਮਰਾਟਾਂ, ਜਾਗੀਰਦਾਰੀ, ਤੇ ਚਰਚ ਦੇ ਢਾਂਚੇ ਦੀ ਬਜਾਏ ਮੱਧਯੁੱਗ ਤੋਂ ਪਹਿਲੇ ਗ਼ਰੀਕ ਫ਼ਿਲਾਸਫ਼ਰਾ ਦੇ ਕਲਾਸੀਕਲ ਯੁੱਗ ਤੇ ਉਹਦੀ ਸੋਚ ਵਿੱਚ ਸਨ, ਉਸੇ ਯੁੱਗ ਤੇ ਸੋਚ ਵਿੱਚ, ਜਿੱਥੇ ਵਿਗਿਆਨ ਦੀਆਂ ਜੜ੍ਹਾਂ ਵੀ ਪਹੁੰਚਦੀਆ ਹਨ।

ਇਹਦੇ ਉਲਟ ਪੰਜਾਬ ਸਣੇ ਭਾਰਤੀ ਢਾਂਚੇ ਤੇ ਮਾਨਸਿਕਤਾ ਵਿੱਚ ਅੱਜ ਵੀ ਸਮਰਾਟਾਂ, ਜਾਗੀਰਦਾਰੀ, ਤੇ ਧਰਮਾਂ ਵਾਲੇ ਮੱਧਯੁੱਗ ਦੀ ਸੋਚ ਤੇ ਆਦਰਸ਼ ਭਰੇ ਹੋਏ ਹਨ। ਭਾਰਤ ਦੀ ਰਹਿੰਦੀ-ਖ਼ੂੰਹਦੀ ਗ਼ੁਲਾਮੀ ਦਾ ਇਲਾਜ ਤਰਕਸ਼ੀਲ, ਮਾਨਵਵਾਦੀ, ਤੇ ਵਿਗਿਆਨਕ ਲਹਿਰਾਂ ਹਨ। ਅਜੇਹੀਆਂ ਲਹਿਰਾਂ ਦੀ ਸੋਚ ਸੰਗ ਮਾਨਸਿਕਤਾ ਚੰਡ ਕੇ ਭਾਰਤੀ ਲੋਕ ਸਿਆਸੀ ਤੇ ਫ਼ਿਰਕੂ ਨੇਤਾਵਾਂ ਵਲੋਂ ਸ਼ੁਰੂ ਕੀਤੀਆਂ ਫ਼ਿਰਕੂ ਹਨੇਰੀਆਂ ਨੂੰ ਨਾਕਾਮ ਕਰਨ ਦੇ ਯੋਗ ਹੋ ਸਕਣਗੇ। ਅਜੇਹੀਆਂ ਲਹਿਰਾਂ ਹੀ ਅਜੋਕੇ ਪੰਜਾਬੀ ਸਮਾਜ ਦੀ ਸਕਰੀਨ ‘ਤੇ ਪਰਗਤੀ ਦੇ ਸਿਗਨਲ ਦਾ ਰੋਲ ਨਿਭਾਅ ਸਕਦੀਆਂ ਨੇ, ਜੋ ਅੱਜਕੱਲ ਨਸ਼ਾਪ੍ਰਸਤੀ ਤੇ ਗੈਂਗਵਾਦ ਜਿਹੇ ਮਾਰੂ ਸਾਮਾਜਿਕ ਰੂਝਾਨਾਂ ਦੀ ਬੈਕਗਰਾਉਂਡ ਨੋਇਅਜ਼ (noise) ਨਾਲ ਭਰੀ ਪਈ ਹੈ।
***
email: dr.sukhpal.sanghera@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1156
***

About the author

ਡਾ. ਸੁਖਪਾਲ ਸੰਘੇੜਾ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਸੁਖਪਾਲ ਸੰਘੇੜਾ

View all posts by ਡਾ. ਸੁਖਪਾਲ ਸੰਘੇੜਾ →